. |
|
ਗ੍ਰੰਥੀ- ਗੁਰੂ
ਗ੍ਰੰਥ ਸਾਹਿਬ ਦੇ
ਉਪਾਸ਼ਕ
ਅਤੇ
ਪ੍ਰਚਾਰਕ ਹੋਣ ਜਾਂ ਦਸਮ ਗ੍ਰੰਥ
ਦੇ?
ਅਵਤਾਰ ਸਿੰਘ ਮਿਸ਼ਨਰੀ-ਜਨਰਲ ਸਕੱਤਰ ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ
USA-510-432-5827
ਸ੍ਰ. ਲਾਂਬਾ ਜੀ! ਆਪ ਜੀ ਨੇ ਅਗੱਸਤ 2007 ਦੇ ਸੰਤ ਸਿਪਾਹੀ ਮੈਗਜ਼ੀਨ ਦੇ
ਪੰਨਾ ਨੰ: 6 ਅਤੇ 7 ਉੱਪਰ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਵਿਖੇ ਗ੍ਰੰਥੀਆਂ ਦੀ ਨਿਯੁਕਤੀ
ਬਾਰੇ ਲਿਖਦਿਆਂ ਮਿਸ਼ਨਰੀ ਵਿਦਵਾਨਾਂ ਦੀ ਵਿਰੋਧਤਾ ਕਰਦੇ ਹੋਏ ਅਖੌਤੀ ਦਸਮ ਗ੍ਰੰਥ ਦੇ ਹੱਕ ਵਿੱਚ ਖੂਬ
ਲਿਖਿਆ ਹੈ। ਕੀ ਤੁਸੀ ਸਾਰਾ ਦਸਮ ਗ੍ਰੰਥ ਪੜ੍ਹਿਆ ਹੈ? ਜੇ ਨਹੀਂ ਤਾਂ ਪਹਿਲੇ ਧਿਆਨ ਨਾਲ ਪੜ੍ਹ ਲਵੋ
ਫੇਰ ਹੀ ਅਖੌਤੀ ਦਸਮ ਗ੍ਰੰਥ ਬਾਰੇ ਕੁੱਝ ਲਿਖੋ ਜਾਂ ਬੋਲੋ ਤਾਂ ਹੀ ਠੀਕ ਹੈ। ਸਿੱਖਾਂ ਦਾ ਗੁਰੂ,
ਸਾਹਿਬ ਸ੍ਰੀ ਗੁਰੂ ਗ੍ਰੰਥ ਜੀ ਹੈ ਨਾ ਕਿ ਕੋਈ
ਅਖੌਤੀ ਦਸਮ ਗ੍ਰੰਥ। ਬਾਕੀ ਜੋ ਸ਼੍ਰੋਮਣੀ ਕਮੇਟੀ ਨੇ ਲਿਖਿਆ ਹੈ ਕਿ “ਗ੍ਰੰਥੀ ਸਿੰਘ ਸ਼੍ਰੀ ਗੁਰੂ
ਗ੍ਰੰਥ ਸਾਹਿਬ, ਦਸਮ ਗ੍ਰੰਥ, ਭਾ. ਗੁਰਦਾਸ ਜੀ ਦੀ ਬਾਣੀ, ਗੁਰ ਪ੍ਰਤਾਪ ਸੂਰਜ ਅਤੇ ਸ੍ਰੀ ਗੁਰੂ ਪੰਥ
ਪ੍ਰਕਾਸ਼ ਆਦਿ ਪ੍ਰਸਿੱਧ ਗੁਰ ਇਤਿਹਾਸਕ ਗ੍ਰੰਥਾਂ ਦੀ ਚੰਗੀ ਤਰ੍ਹਾਂ ਵਿਆਖਿਆ ਕਰ ਸਕਦਾ ਹੋਵੇ। ਕਥਾ
ਤੇ ਲੈਕਚਰ ਕਰਨ ਵਿੱਚ ਪ੍ਰਬੀਨ ਹੋਵੇ” ਇਸ ਦਾ ਮਤਲਵ ਚੰਗਾ ਵਿਆਖਿਆਕਾਰ ਅਤੇ ਕੰਪੈਰੇਟਿਵ ਸਟੱਡੀ ਤੋਂ
ਹੈ ਭਾਵ ਹੋਰਨਾਂ ਗ੍ਰੰਥਾਂ ਦੀ ਵੀ ਜਾਣਕਾਰੀ ਰੱਖਦਾ ਹੋਵੇ ਨਾ ਕਿ ਮਨੋ ਕਲਪਿਤ ਕਥਾ ਕਹਾਣੀਆਂ ਹੀ
ਸੁਨਾਉਣ ਵਾਲਾ ਹੋਵੇ ਪਰ ਇਹ ਕਿਤੇ ਨਹੀਂ ਲਿਖਿਆ ਕਿ ਉਹ ਮਿਸ਼ਨਰੀ ਨਾ ਹੋਵੇ, ਸ਼੍ਰੋਮਣੀ ਕਮੇਟੀ ਅਧੀਨ
ਤਾਂ ਖੁਦ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਚੱਲ ਰਿਹਾ ਹੈ ਜਿੱਥੋਂ ਮਿਸ਼ਨਰੀ ਪ੍ਰਚਾਰਕ ਗ੍ਰੰਥੀ ਕੀਰਤਨੀਏਂ
ਸਿੰਘ ਸਿਖਿਆ ਲੈਂਦੇ ਹਨ। ਜੇ ਤੁਹਾਡੇ ਵਰਗੇ ਸੱਜਨ ਅਤੇ ਸੰਪ੍ਰਦਾਈ ਸਾਧਾਂ ਦਾ ਵੱਸ ਚਲਦਾ ਤਾਂ ਸ਼ਾਇਦ
ਇਹ ਮਿਸ਼ਨਰੀ ਕਾਲਜ ਵੀ ਨਾ ਖੁਲ੍ਹਣ ਦਿੰਦੇ। ਤੁਸੀਂ ਸੰਤ ਸਿਪਾਹੀ ਰਸਾਲੇ ਦਾ ਕੁਹਾੜਾ ਚੱਕ ਕੇ
ਮਿਸ਼ਨਰੀ ਸਿੰਘਾਂ ਅਤੇ ਪੰਥਕ ਵਿਦਵਾਨਾਂ ਦੇ ਮਗਰ ਪੈ ਗਏ ਹੋ। ਕੀ ਤੁਸੀਂ ਮਿਸ਼ਨਰੀ ਕਾਲਜਾਂ ਦਾ
ਸਿਲੇਬਸ ਅਤੇ ਲਿਟ੍ਰੇਚਰ ਪੜ੍ਹਿਆ ਹੈ ਅਤੇ ਮਿਸ਼ਨਰੀ ਗਤੀ ਵਿਧੀਆਂ ਤੋਂ ਜਾਣੂੰ ਹੋ? ਆਪ ਜੀ ਨੂੰ ਪਤਾ
ਹੋਣਾ ਚਾਹੀਦਾ ਹੈ ਕਿ ਜਿਵੇਂ ਮਹੰਤਾਂ ਤੋਂ ਬਾਅਦ ਸਿੰਘ ਸਭਾ ਲਹਿਰ ਚੱਲੀ ਸੀ ਉਸ ਨੂੰ ਵੀ ਮਹੰਤ
ਨਾਸਤਕਾਂ ਦੀ ਲਹਿਰ ਕਹਿਕੇ ਭੰਡਦੇ ਸਨ। ਕੀ ਆਪ ਜੀ ਦੱਸ ਸਕਦੇ ਹੋ ਕਿ ਜੋ ਸਿੰਘ ਸਭਾ ਲਹਿਰ ਨੇ ਕੰਮ
ਕੀਤਾ ਉਹ ਕੋਈ ਸੰਪ੍ਰਦਾਈ ਡੇਰੇਦਾਰ ਜਾਂ ਟਕਸਾਲੀ ਕਰ ਸਕਿਆ ਹੈ? ਸਿੰਘ ਸਭਾ ਲਹਿਰ ਨੇ ਜਿੱਥੇ
ਕੁਰਬਾਨੀਆਂ ਕਰਕੇ ਹੰਕਾਰੀ, ਵਿਕਾਰੀ ਅਤੇ ਵਿਭਚਾਰੀ ਮਹੰਤਾਂ ਨੂੰ ਗੁਰਦੁਆਰਿਆਂ ਦੇ ਪ੍ਰਬੰਧ ਚੋਂ
ਕੱਢਿਆ ਓਥੇ ਵਿਦਿਅਕ ਅਦਾਰੇ ਪ੍ਰਫੁਲਿਤ ਕਰਕੇ ਸਿੱਖੀ ਦਾ ਪ੍ਰਚਾਰ ਕੀਤਾ। ਇਵੇਂ ਹੀ ਜਦ ਸੰਪ੍ਰਦਾਵਾਂ
ਅਤੇ ਡੇਰਿਆਂ ਚੋਂ ਪੜ੍ਹੇ ਗ੍ਰੰਥੀ ਪ੍ਰਚਾਰਕਾਂ ਨੇ ਫਿਰ ਗੁਰਦੁਆਰਿਆਂ ਵਿੱਚ ਬ੍ਰਾਹਣਵਾਦ ਵਾਲੇ
ਕਰਮਕਾਂਡ, ਵਹਿਮ ਭਰਮ, ਵਰ ਸਰਾਪ, ਪੁੰਨ ਪਾਪ, ਅਨੇਕਾਂ ਵਿਧੀਆਂ ਵਾਲੇ ਤੋਤਾ ਰਟਨੀ ਪਾਠ ਚਲਾ ਕੇ
ਸਿੱਖੀ ਦੇ ਸੋਮੇ ਗੁਰਦੁਆਰਿਆਂ ਨੂੰ ਕਮਰਸ਼ੀਅਲ ਅੱਡੇ ਬਣਾ ਦਿੱਤਾ ਤਾਂ ਪੰਥ ਦਰਦੀ ਵੀਰਾਂ ਨੇ ਇਸ ਨੂੰ
ਰੋਕਣ ਵਾਸਤੇ ਚੰਗੇ ਟ੍ਰੇਂਡ ਗ੍ਰੰਥੀ ਰਾਗੀ ਅਤੇ ਪ੍ਰਚਾਰਕ ਪੈਦਾ ਕਰਨ ਵਾਸਤੇ ਮਿਸ਼ਨਰੀ ਭਾਵਨਾਂ
ਵਾਲੀਆਂ ਸੰਸਥਾਵਾਂ ਅਤੇ ਮਿਸ਼ਨਰੀ ਕਾਲਜ ਖੋਲ੍ਹੇ ਤਾਂ ਕਿ ਚੰਗੇ ਪੜ੍ਹੇ ਲਿਖੇ ਗ੍ਰੰਥੀ ਪ੍ਰਚਾਰਕ ਹੀ
ਧਰਮ ਅਸਥਾਨਾਂ ਵਿਖੇ ਗੁਰਬਾਣੀ ਦੀ ਨਿਰੋਲ ਵਿਆਖਿਆ, ਸੇਵਾ ਪ੍ਰਚਾਰ ਆਦਿ ਕਰਕੇ ਸੰਪ੍ਰਦਾਈ
ਡੇਰਾਦਾਰਾਂ ਵਲੋਂ ਕੀਤੇ ਜਾ ਰਹੇ ਕਰਮਕਾਂਡੀ ਪ੍ਰਚਾਰ ਨੂੰ ਰੋਕ ਕਰ ਸਕਣ ਪਰ ਬਦਕਿਸਮਤੀ ਅਜੇ ਵੀ ਧਰਮ
ਅਸਥਾਨਾਂ ਤੇ ਬਹੁਤੇ ਪ੍ਰਬੰਧਕ ਅਤੇ ਗ੍ਰੰਥੀ ਪ੍ਰਚਾਰਕ ਪੁਲੀਟਕਲੀ ਦਬਾਅ, ਪਾਰਟੀਬਾਜੀ ਅਤੇ ਵੋਟਾਂ
ਦੀ ਘਟੀਆ ਰਾਜਨੀਤੀ ਕਰਕੇ ਕਾਬਜ਼ ਹਨ। ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਵਿੱਚ ਵੀ ਡੇਰੇਦਾਰ
ਸੰਪ੍ਰਦਾਈ ਵੋਟਾਂ ਦੀ ਰਾਜਨੀਤੀ ਅਤੇ ਧੰਨ ਦੌਲਤ ਦੀਆਂ ਕਲਾਬਾਜ਼ੀਆਂ ਰਾਹੀਂ ਵੜ ਚੁੱਕੇ ਹਨ ਜਿਸ ਸਦਕਾ
ਚੰਗੇ ਸ਼੍ਰੋਮਣੀ ਕਮੇਟੀ ਮੈਂਬਰ ਅਤੇ ਅਕਾਲੀ ਜਥੇਦਾਰ ਖਾਮੋਸ਼ ਹਨ।
ਹੁਣ ਮਿਸ਼ਨਰੀ ਕਾਲਜਾਂ ਦੇ ਪ੍ਰਚਾਰ, ਪੰਥਕ ਵਿਦਵਾਨਾਂ, ਲਿਖਾਰੀਆਂ,
ਅਖ਼ਬਾਰਾਂ, ਰਸਾਲਿਆਂ, ਰੇਡੀਓ ਟੀ. ਵੀ. ਅਤੇ ਇੰਟ੍ਰਨੈੱਟ ਵੈਬਸਾਈਟਾਂ ਰਾਹੀਂ ਗੁਰਮਤਿ ਗਿਆਨ-ਵਿਗਿਆਨ
ਦਾ ਪ੍ਰਚਾਰ ਹੋਣ ਕਰਕੇ ਸ਼ਹਿਰਾਂ ਦੇ ਸਿੰਘ ਸਭਾ ਗੁਰਦੁਆਰੇ ਮਿਸ਼ਨਰੀ ਕਾਲਜ ਤੋਂ ਸਿਖਿਆ ਪ੍ਰਾਪਤ
ਰਾਗੀਆਂ ਗ੍ਰੰਥੀਆਂ ਅਤੇ ਕਥਾਵਾਚਕ ਪ੍ਰਚਾਰਕਾਂ ਦੀ ਮੰਗ ਕਰ ਰਹੇ ਹਨ। ਸਿੱਖ ਮਿਸ਼ਨਰੀ ਆਪਣਾ ਕੰਮ ਕਾਜ
ਕਰਦਿਆਂ ਹੋਇਆਂ ਵੀ ਪਾਰਟ ਟਾਈਮ ਗੁਰਮਤਿ ਕਲਾਸਾਂ ਲਾ ਕੇ ਗੁਰਬਾਣੀ, ਗੁਰਇਤਿਹਾਸ ਅਤੇ ਗੁਰਮਤਿ
ਫਿਲੌਸਫੀ ਪੜ੍ਹਾ ਅਤੇ ਵਿਤ ਅਨੁਸਾਰ ਸਸਤੇ ਭਾਅ ਤੇ ਲਿਟ੍ਰੇਚਰ ਵੰਡ ਕੇ ਗੁਰਮਤਿ ਪ੍ਰਚਾਰ ਦੀ ਸੇਵਾ
ਕਰ ਰਹੇ ਹਨ। ਹੁਣ ਬਹੁਤ ਸਾਰੇ ਸ਼ਹਿਰਾਂ ਅਤੇ ਕਸਬਿਆਂ ਵਿੱਚ ਮਿਸ਼ਨਰੀ ਕਾਲਜ ਖੁੱਲ੍ਹ ਚੁੱਕੇ ਹਨ ਅਤੇ
ਗੁਰਮਤਿ ਕਲਾਸਾਂ ਅਤੇ ਕੈਂਪ ਚੱਲ ਰਹੇ ਹਨ।
ਹੁਣ ਤਾਂ ਜਥੇਦਾਰ ਅਕਾਲ ਤਖ਼ਤ ਨੇ ਵੀ ਸਿੱਖ ਮਿਸ਼ਨਰੀ ਕਾਲਜਾਂ ਦੀ
ਗੁਰਮਤਿ ਪ੍ਰਚਾਰ ਭਾਵਨਾਂ ਦੀ ਤਾਰੀਫ ਕੀਤੀ ਹੈ ਅਤੇ ਤੁਸੀਂ ਕੌਣ ਹੁੰਦੇ ਹੋ ਮਿਸ਼ਨਰੀ ਗ੍ਰੰਥੀਆਂ
ਵਿਦਵਾਨਾਂ ਦੀ ਬੇ ਲੋੜੀ ਵਿਰੋਧਤਾ ਕਰਨ ਵਾਲੇ?
ਸ੍ਰ. ਗੁਰਚਰਨਜੀਤ ਸਿੰਘ ਜੀ! ਅੱਜ ਡੇਰਾਵਾਦ
ਅਤੇ ਸੰਪ੍ਰਦਾਵਾਂ ਦਾ ਅਜਗਰ ਪੂਰੇ ਜੋਬਨ ਤੇ ਹੈ ਜੋ ਨਿਤਾ ਪ੍ਰਤੀ ਸਿੱਖੀ ਨੂੰ ਗ੍ਰੱਸ ਰਿਹਾ ਹੈ ਜੇ
ਕੋਈ ਗੁਰੂ ਪਿਆਰਾ ਮਿਸ਼ਨਰੀ ਜਾਂ ਵਿਦਵਾਨ ਲਿਖਾਰੀ ਇਨ੍ਹਾਂ ਡੇਰੇਦਾਰਾਂ ਪ੍ਰਤੀ ਜਾਗਰੂਕ ਕਰਦਾ ਹੈ
ਤਾਂ ਤੁਹਾਡੇ ਵਰਗੇ ਉੱਠ ਕੇ ਉਲਟਾ ਉਨ੍ਹਾਂ ਦਾ ਹੀ ਵਿਰੋਧ ਕਰਨ ਲੱਗ ਜਾਂਦੇ ਹਨ ।
ਆਪ ਜੀ ਨੂੰ ਚੰਗੀ ਸਲਾਹ ਦਿੰਦੇ ਹਾਂ ਕਿ ਆਪ ਪਹਿਲੇ ਮਿਸ਼ਨਰੀ ਕਾਲਜ ਦਾ ਲਿਟ੍ਰੇਚਰ ਅਤੇ ਹੋਰ ਚੰਗੇ
ਵਿਦਵਾਨਾਂ ਦੀਆਂ ਕਿਤਾਬਾਂ ਪੜ੍ਹੋ ਤਾਂ ਕਿ ਆਪ ਜੀ ਨੂੰ ਸਿੱਖ ਮਿਸ਼ਨਰੀਆਂ ਅਤੇ ਸੰਪ੍ਰਦਾਈ
ਡੇਰੇਦਾਰਾਂ ਦੀ ਵਿਚਾਰਧਾਰਾ ਵਿਚਲਾ ਫਰਕ ਪਤਾ ਲੱਗ ਸੱਕੇ। ਆਪ ਜੀ ਨੂੰ ਪਤਾ ਹੈ ਕਿ ਪ੍ਰੋ. ਗੁਰਮੁਖ
ਸਿੰਘ, ਪ੍ਰੋ. ਸਾਹਿਬ ਸਿੰਘ, ਗਿ. ਭਾਗ ਸਿੰਘ, ਭਾ ਵੀਰ ਸਿੰਘ, ਭਾ. ਕਾਨ੍ਹ ਸਿੰਘ ਨ੍ਹਾਭਾ ਅਤੇ
ਸ੍ਰ. ਗੰਡਾ ਸਿੰਘ ਜੋ ਮੰਨੇ ਪ੍ਰਮੰਨੇ ਵਿਦਵਾਨ ਹੋਏ ਹਨ ਜੋ ਮਿਸ਼ਨਰੀ ਕਾਲਜਾਂ ਦਾ ਬੇਸ ਹਨ ਅਤੇ ਅੱਜ
ਦੇ ਦੌਰ ਵਿੱਚ, ਭਾਈ ਜਸਬੀਰ ਸਿੰਘ ਖੰਨੇਵਾਲੇ, ਗਿ. ਜਗਮੋਹਨ ਸਿੰਘ ਮਿਸ਼ਨਰੀ, ਅਤੇ ਸ੍ਰ. ਮਹਿੰਦਰ
ਸਿੰਘ ਜੋਸ਼ ਜੋ ਅਕਾਲ ਚਲਾਣਾ ਕਰ ਗਏ ਹਨ। ਪੁਰਾਨੇ ਬਜੁਰਗਾਂ ਵਿੱਚੋਂ ਸ੍ਰ. ਗੁਰਬਖਸ਼ ਸਿੰਘ ਕਾਲਾ
ਅਫਗਾਨਾ ਜਿਨ੍ਹਾਂ ਨੇ “ਬਿਪ੍ਰਨ ਕੀ ਰੀਤ ਪੁਸਤਕ” ਦਸਾਂ
ਭਾਗਾਂ ਵਿੱਚ ਲਿਖ ਕੇ ਗੁਰਮਤਿ ਵਿੱਚ ਸੰਪ੍ਰਦਾਈਆਂ ਅਤੇ ਡੇਰੇਦਾਰਾਂ ਵਲੋਂ ਪਾਏ ਤੇ ਰਲਾਏ ਗਏ
ਕਰਮਕਾਂਡ ਅਤੇ ਬਿਪ੍ਰ ਰੀਤਾਂ ਬਾਰੇ ਸਾਨੂੰ ਜਾਗਰੂਕ ਕੀਤਾ ਹੈ ਅਤੇ ਅਜੇ ਵੀ ਬਿਰਦ ਅਵਸਥਾ ਵਿੱਚ
ਕੰਬਦੇ ਹੱਥਾਂ ਨਾਲ ਲਿਖੀ ਜਾ ਰਹੇ ਹਨ। ਜਰੂਰੀ ਨਹੀਂ ਕਿ ਅਸੀ ਉਨ੍ਹਾਂ ਦੀ ਹਰੇਕ ਗੱਲ ਨਾਲ ਸਹਿਮਤ
ਹੋਈਏ ਪਰ ਉਨ੍ਹਾਂ ਦੀਆਂ ਪੁਸਤਕਾਂ ਨੂੰ ਪੜ੍ਹੇ ਤੇ ਸਮਝੇ ਬਗੈਰ ਹੀ ਵਿਰੋਧ ਕਰੀ ਜਾਣਾਂ ਠੀਕ ਨਹੀਂ।
ਪਾਖੰਡੀ ਸਾਧਾਂ ਸੰਤਾਂ, ਸੰਪ੍ਰਦਾਈ ਡੇਰੇਦਾਰਾਂ, ਨਕਲੀ ਨਿਰੰਕਾਰੀਆਂ, ਰਾਧਾ ਸੁਆਮੀਆਂ,
ਨਾਨਕਸਰੀਆਂ, ਅਜੋਕੇ ਨਾਮਧਾਰੀਆਂ, ਭਨਿਆਰੀਆਂ, ਆਸ਼ੂਤੋਸ਼ੀਆਂ ਅਤੇ ਬੁਹਰੂਪੀ ਸਰਸੇ ਵਾਲਿਆਂ ਨਾਲੋਂ ਉਹ
ਸੌ ਗੁਣਾ ਚੰਗੇ ਹਨ ਜੋ ਨਿਰੋਲ ਗੁਰੂ ਗ੍ਰੰਥ ਸਾਹਿਬ ਜੀ ਦੀ ਦੀ ਬਾਣੀ ਦੇ ਪ੍ਰਮਾਣਾ ਰਾਹੀਂ ਹੀ ਦਲੀਲ
ਦਿੰਦੇ ਹਨ।
ਅੱਜ ਲੋੜ ਹੈ ਅਜਿਹੇ ਗ੍ਰੰਥੀਆਂ ਦੀ ਜੋ ਬਾ-ਦਲੀਲ ਗੱਲ ਕਰਨ ਵਾਲੇ ਪ੍ਰੋ.
ਦਰਸ਼ਨ ਸਿੰਘ ਵੀਰ ਭੂਪਿੰਦਰ ਸਿੰਘ ਅਤੇ ਭਾਈ ਪੰਥਪ੍ਰੀਤ ਸਿੰਘ ਵਰਗੇ ਉੱਘੇ ਕੀਰਤਨੀਏ ਤੇ ਪ੍ਰਚਾਰਕ ਜੋ
ਗੁਰਬਾਣੀ ਦੀ ਨਿਰੋਲ ਵਿਆਖਿਆ ਵੀ ਕਰਦੇ ਹਨ ਅਤੇ ਭਾਈ ਗੁਰਬਖਸ਼ ਸਿੰਘ ਜੀ ਗੁਲਸ਼ਨ, ਸ੍ਰ ਇੰਦਰ ਸਿੰਘ
ਘੱਗਾ ਅਤੇ ਪ੍ਰੋ. ਗੁਰਬਚਨ ਸਿੰਘ ਥਾਈਲੈਂਡ ਵਰਗੇ ਕਥਾਵਾਚਕ, ਪ੍ਰਚਾਰਕ ਅਤੇ ਲਿਖਾਰੀ ਮਜੂਦਾ ਦੌਰ
ਵਿੱਚ ਵਧੀਆ ਪ੍ਰਚਾਰ ਕਰ ਰਹੇ ਹਨ ਵਰਗੇ ਹੋਣ। ਅੱਜ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਬੜੀ
ਗੰਭੀਰਤਾ ਅਤੇ ਖੁਲਦਿਲੀ ਨਾਲ ਵਾਚਣ-ਵਿਚਾਰਨ-ਧਾਰਨ ਅਤੇ ਪ੍ਰਚਾਰਨ ਵਾਲੇ ਪੜ੍ਹੇ ਲਿਖੇ ਸੁਹਿਰਦ
ਗ੍ਰੰਥੀਆਂ ਪ੍ਰਚਾਰਕਾਂ-ਕਥਾਵਾਚਕਾਂ ਦੀ ਗੁਰਦੁਆਰਿਆਂ ਵਿੱਚ ਅਤਿਅੰਤ ਲੋੜ ਹੈ ਨਾ ਕਿ ਡੇਰੇਦਾਰ
ਸੰਪ੍ਰਦਾਈਆਂ ਦੀ ਜੋ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਗਿਆਨਮਈ ਜਗਦੀ ਜੋਤਿ ਨਾਲ ਹੀ ਘਿਉ ਦੀਆਂ
ਜੋਤਾਂ ਹੱਥੀਂ ਬਾਲ ਕੇ ਉਨ੍ਹਾਂ ਨੂੰ ਅਖੰਡ ਜੋਤਾਂ ਕਹੀ ਜਾਣ, ਗੁਰਦੁਆਰੇ ਵਿਖੇ ਹੀ ਤ੍ਰੀਯਾ
ਚਰਿਤ੍ਰ, ਰਾਮ ਕਥਾ ਜੁਗ ਜੁਗ ਅਟੱਲ ਅਤੇ ਹੋਰ ਕੱਚੀਆਂ ਬਾਣੀਆਂ ਪੜ੍ਹੀ ਜਾਣ ਅਤੇ “ਸਿੱਖ
ਰਹਿਤ ਮਰਯਾਦਾ” ਦੀ ਬਜਾਏ ਸੰਪ੍ਰਦਾਈ ਡੇਰੇਦਾਰਾਂ ਦੀ ਮਰਯਾਦਾ ਹੀ ਚਲਾਈ ਜਾਣ।
ਸੋ ਅੰਤ ਵਿੱਚ ਅਸੀਂ ਆਪ ਜੀ ਨੂੰ ਸੁਹਿਰਦਤਾ ਨਾਲ ਅਪੀਲ ਕਰਦੇ ਹਾਂ ਕਿ ਆਪ
ਆਪਣੇ ਮੰਥਲੀ ਪਰਚੇ ਸੰਤ ਸਿਪਾਹੀ ਰਾਹੀਂ ਸੰਪ੍ਰਦਾਈ ਡੇਰੇਦਾਰਾਂ ਅਤੇ ਖੁੰਬਾਂ ਵਾਂਗ ਉੱਘੇ ਅਤੇ ਉੱਘ
ਰਹੇ ਪਾਖੰਡੀ ਸਾਧਾਂ ਦੇ ਕਾਲੇ ਕਾਰਨਾਮੇ ਬਿਆਨ ਕਰਕੇ ਸਿੱਖ ਸਮੂੰਹ ਨੂੰ ਜਾਗਰੂਕ ਕਰੋ ਤਾਂ ਕਿ ਕਿਸੇ
ਚੋਰ ਮੋਰੀ ਰਾਹੀਂ ਸਾਧਾਂ ਦੇ ਚੇਲੇ ਹੀ ਨਾਂ ਸਾਡੇ ਧਰਮ ਅਸਥਾਂਨਾਂ ਤੇ ਗ੍ਰੰਥੀਆਂ-ਪ੍ਰਚਾਰਕਾਂ
ਰਾਹੀਂ ਸ਼ਾਮਲ ਹੋ ਕੇ “ਬਿਪਰਨ ਕੀਆਂ ਰੀਤਾਂ” ਦਾ ਪ੍ਰਚਾਰ ਕਰਕੇ
ਸਿੱਖ ਸੰਗਤਾਂ ਨੂੰ ਕਰਮਕਾਂਡੀ ਬਣਾਈ ਜਾਣ। ਦਸਮ ਗ੍ਰੰਥ ਵਰਗੇ ਅਖੌਤੀ ਗ੍ਰੰਥ ਜਿਸ ਦਾ ਬਹੁਤਾ ਹਿੱਸਾ
ਅਸ਼ਲੀਲਤਾ, ਨਸ਼ਾਖੋਰੀ, ਪਰਾਈਆਂ ਔਰਤਾਂ ਨਾਲ ਸੈਕਸ ਅਤੇ ਚੋਰੀ ਯਾਰੀ ਕਰਨ ਦੀਆਂ ਗੰਦੀਆਂ ਕਥਾਵਾਂ ਨਾਲ
ਭਰਿਆ ਪਿਆ ਹੈ ਦਾ ਸ਼ਰੇਆਮ ਪ੍ਰਚਾਰ ਕਰੀ ਜਾਣ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੱਚੀ ਬਾਣੀ ਨੂੰ
ਕੇਵਲ ਧੂਪਾਂ ਧੁਖਾਉਣ ਅਤੇ ਸੋਹਣੇ ਰੰਗਦਾਰ ਰੁਮਾਲਿਆਂ ਵਿੱਚ ਵਲੇਟ ਕੇ ਏਅਰ ਕੰਡੀਸ਼ਨਾਂ ਵਿੱਚ ਰੱਖਣ
ਦਾ ਪ੍ਰਚਾਰ ਕਰਕੇ ਅਤੇ ਇਸ ਨੂੰ ਗੁਰੂ ਦਾ ਸਤਿਕਾਰ ਤੇ ਮਰਯਾਦਾ
ਕਹਿ ਕੇ ਆਮ ਸਿੱਖ ਨੂੰ ਗੁਰੂ ਗ੍ਰੰਥ ਸਾਹਿਬ ਦੀ ਪਵਿਤਰ ਵਿਚਾਰਧਾਰਾ ਦੇ ਨੇੜੇ ਨਾ ਅਉਣ
ਦੇਣ ਕਿ ਗੁਰਬਾਣੀ ਪਾਠ, ਕੀਰਤਨ ਕਥਾ ਪ੍ਰਚਾਰ ਅਰਦਾਸਿ ਕਰਨਾ ਤਾਂ ਸਾਡਾ ਕੰਮ ਹੈ ਆਮ ਸਿੱਖ ਦਾ
ਨਹੀਂ। ਇਸੇ ਕਰਕੇ ਅੱਜ ਧਰਮ ਅਸਥਾਨਾਂ ਤੇ ਪੁਜਾਰੀਵਾਦ ਦਾ ਬੋਲਬਾਲਾ ਹੈ। ਸੰਤ ਸਿਪਾਹੀ ਰਸਾਲਾ ਜੋ
ਨਿਰੋਲ ਗੁਰਮਤਿ ਦਾ ਪ੍ਰਚਾਰ ਕਰਦਾ ਸੀ ਅੱਜ ਇਸ ਪਰ ਵੀ ਡੇਰੇਦਾਰਾਂ ਸੰਪ੍ਰਦਾਈਆਂ ਦੀ ਅਮਰਵੇਲ ਛਾਂਦੀ
ਜਾ ਰਹੀ ਲਗਦੀ ਹੈ ਕਿਉਂ? ਗੁਰੂ ਭਲੀ ਕਰੇ ਸਮੱਤ ਬਖਸ਼ੇ ਤਾਂ ਕਿ ਸੰਤ ਸਿਪਾਹੀ ਰਸਾਲਾ ਗੁਰਮਤਿ ਦਾ
ਨਿਰੋਲ ਪ੍ਰਚਾਰ ਕਰਕੇ ਡੇਰੇਦਾਰ ਸੰਪ੍ਰਦਾਈਆਂ ਤੋਂ ਸਿੱਖ ਕੌਮ ਨੂੰ ਜਾਗਰੂਕ ਕਰਦਾ ਰਹੇ। ਅਕਾਲ ਪੁਰਖ
ਪਾਸ ਅਰਦਾਸਿ ਹੈ ਕਿ ਚੰਗੇ ਪੜ੍ਹੇ ਲਿਖੇ ਗੁਰੂ ਦੇ ਭੈ ਵਿੱਚ ਵਿਚਰਨ ਵਾਲੇ ਗ੍ਰੰਥੀ ਸਿੰਘ ਹੀ ਸ੍ਰੀ
ਹਰਿਮੰਦਰ ਸਾਹਿਬ ਵਰਗੇ ਮਹਾਂਨ ਧਰਮ ਅਸਥਾਨ ਵਿਖੇ ਸੇਵਾ ਲਈ ਨਿਯੁਕਤ ਕੀਤੇ ਜਾਣ ਨਾ ਕਿ ਸੰਪ੍ਰਦਾਈ
ਡੇਰੇਦਾਰ।
|
. |