ਕਉਣ ਮਾਸ ਕਉਣ ਸਾਗ ਕਹਾਵੈ?
(ਕਿਸ਼ਤ ਨੰ: 13)
ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ
ਮਿਸ਼ਨਰੀ, ਦਿੱਲੀ
ਮਲ, ਮਲੇਛ, ਮਲੇਛ ਭਾਖਿਆ-
ਦਰਅਸਲ ਗੁਰਬਾਣੀ ਅੰਦਰ ਇਹ ਸ਼ਬਦਾਵਲੀ ਬਹੁਤ ਵਾਰੀ ਆਈ ਹੈ। ਫ਼ਰਕ ਇਹ ਪਿਆ ਹੈ ਕਿ ਮਾਸ ਵਿਰੋਧੀ ਸੱਜਣਾ
ਨੇ ਗੁਰਬਾਣੀ `ਚ ਇਸ ਸ਼ਬਦਾਵਲੀ ਨੂੰ ਬਾਰ-ਬਾਰ ਕੇਵਲ ਮਾਸ ਛੱਕਣ ਦੇ ਵਿਰੁਧ ਹੀ ਨਹੀਂ ਦਸਿਆ ਬਲਕਿ
ਬਹੁਤ ਵਾਰੀ ਤਾਂ ਬੜੇ ਭੱਦੇ ਤਰੀਕੇ ਨਾਲ ਇਹ ਸ਼ਬਦਾਵਲੀ ਮਾਸ ਛੱਕਣ ਵਾਲਿਆਂ ਵਿਰੁਧ ਵਰਤੀ ਹੈ। ਸੱਚਾਈ
ਤੀਕ ਪੁੱਜਣ ਲਈ, ਜਦੋਂ ਕਰਤਾਪੁਰਖ ਦੀ ਬਖਸ਼ਿਸ਼ ਨਾਲ ੴ ਤੋਂ ‘ਤਨੁ ਮਨੁ ਥੀਵੈ ਹਰਿਆ’ ਤੀਕ ਭਾਵ ਆਦਿ
ਤੋਂ ਅੰਤ ਤੀਕ ਬਾਣੀ ਨੂੰ ਘੋਖਿਆ ਤਾਂ ਗਲ ਇਥੇ ਵੀ ਉਹੀ ਸਾਬਤ ਹੋਈ। ਸੰਪੂਰਣ ਗੁਰਬਾਣੀ ਰਚਨਾ `ਚ
ਇੱਕ ਵਾਰ ਵੀ ਇਨ੍ਹਾਂ ਲਫ਼ਜ਼ਾਂ ਰਾਹੀ ਮਾਸ ਛੱਕਣ ਦੀ ਵਿਰੋਧਤਾ ਜਾਂ ਇਹ ਸ਼ਬਦਾਵਲੀ ਮਾਸ ਛੱਕਣ ਵਾਲਿਆਂ
ਵਿਰੁਧ ਨਹੀਂ ਮਿਲੀ। ਇਸ ਲਈ ਜ਼ਰੂਰੀ ਸਮਝਿਆ ਘਟੋ-ਘਟ ਚਲਦੇ ਪ੍ਰਕਰਣ `ਚ ਉਨ੍ਹਾਂ ਪ੍ਰਮਾਣਾ ਨੂੰ ਜ਼ਰੂਰ
ਲੈ ਲਿਆ ਜਾਵੇ ਜਿੱਥੇ ਕਿ ਮਾਸ ਵਿਰੋਧੀਆਂ ਨੇ ਟੱਪਲਾ ਖਾਦਾ ਹੈ। ਤਾਕਿ ਉਨ੍ਹਾਂ ਨੂੰ ਅਤੇ ਬਾਕੀ
ਸੰਗਤਾਂ ਨੂੰ ਵੀ ਸੰਬੰਧਤ ਸ਼ਬਦਾਂ ਦੇ ਪੂਰੇ ਪੂਰੇ ਅਰਥ ਸਾਫ਼ ਹੋ ਸਕਣ। ਇਸ ਲੜੀ `ਚ ਪਹਲਾਂ ਅਸੀਂ
ਇਨ੍ਹਾ ਅਖਰਾਂ ਨੂੰ ਭਾਈ ਕਾਹਨ ਸਿੰਘ ਜੀ ਨਾਭਾ ਅਨੁਸਾਰ ਲੈਣਾ ਚਾਹਾਂਗੇ। ਆਪ ਅਨੁਸਾਰ:
“ਮਲ-ਸੰ. ਸੰਗ੍ਯਾ- ਮੈਲ. ਉਹ ਵਸਤ, ਜਿਸ ਨੂਂ ਧੋ ਕੇ ਸਾਫ ਕਰੀਏ। “ਬਹੁਰ ਨ
ਕਬਿ ਲਾਗੋਹਿ ਮਲ ਲੇਸਾ.” (ਨਾਪ੍ਰ) “ਮਲ ਪਾਪ ਕਲਮਲ ਦਹਨ. (ਬਿਲਾ ਅਸ਼: ਮਃ ੫) ੨. ਵਿਸ਼ਟਾ,
ਗੰਦਗੀ.”ਮਲ ਮੂਤ ਮੂੜ ਜਿ ਮੁਘਦ ਹੋਤੇ। (ਆਸਾ ਮਃ ੫) ੩. ਪਾਪ. ਗੁਨਾਹ. ੪. ਕ੍ਰਿਪਣ. ਸੂਮ। ੫. ਸੰ.
ਮੰਜ਼ਲ, ਭੁਜਾ ਨਾਲ ਲੜਨ ਵਾਲਾ, ਪਹਿਲਵਾਨ. “ਮਲ ਲਬੇ ਲੈਦੇ ਫੇਰੀਆ” (ਸ੍ਰੀ ਮਃ੫) ੬. ਬਲਵਾਨ ਮਨੁੱਖ.
ਭਾਵ ਯਮਦੂਤ. “ਦੇਨਿ ਸੁ ਮਲ ਸਜਾਇ” (ਮਃ ੧. ਵਾਰ ਮਾਝ) ੭. ਦੇਖੋ, ਮਜ਼ਲਾਂ. ਜਿਨੀ ਪਛਾਤਾ ਖਸਮੁ, ਸੇ
ਦਰਗਾਹ ਮਲ। (ਮਃ ੫. ਵਾਰ ਰਾਮ ੨)
ਇਸਤਰ੍ਹਾਂ ਭਾਈ ਕਾਹਨ ਸਿੰਘ ਜੀ ਨਾਭਾ ਲਫ਼ਜ਼ ਮਲੇਛ ਬਾਰੇ ਫ਼ੁਰਮਾਦੇ ਹਨ:
“ਮਲੇਛ- ਸੰ. … ਅਸ਼ੁੱਧ ਬੋਲਣਾ, ਜੰਗਲੀ ਬੋਲੀ ਬੋਲਣਾ। ੨. ਸੰਗ੍ਯਾ-ਵਿਗੜਿਆ
ਹੋਇਆ ਸ਼ਬਦ, ਜਿਸ ਦਾ ਅਰਥ ਨਾ ਸਮਝਿਆ ਜਾਵੇ. ੩. ਉਹ ਆਦਮੀ, ਜਿਸ ਦੀ ਬੋਲੀ ਸਮਝ ਵਿੱਚ ਨਾ ਆਵੇ। ੪.
ਸੰਸਕ੍ਰਿਤ ਦੇ ਵਿਦਵਾਨਾ ਨੇ ਇਹ ਸ਼ਬਦ ਵਿਦੇਸ਼ੀਆਂ ਅਤੇ ਆਰਯ ਧਰਮ ਵਿਰੁੱਧ ਲੋਕਾਂ ਲਈ ਭੀ ਵਰਤਿਆ ਹੈ।
੫. ਪਾਪ ਕਰਨ ਵਾਲਾ ਪੁਰਖ ਕੁਕਰਮ ਅਤੇ ਅਨ੍ਯਾਯ ਕਰਨ ਵਾਲਾ, “ਮਲੇਛੁ ਪਾਪੀ ਪਚਿਆ ਭਇਆ ਨਿਰਾਸੁ,”
(ਭੈਰ ਮਃ ੫) “ਅਸੰਖ ਮਲੇਛ ਮਲੁ ਭਖਿ ਖਾਹਿ,” (ਜਪੁ) ੬. ਵੌਧਾਯਨ ਰਿਖਿ ਲਿਖਦਾ ਹੈ-…ਜੋ ਗਉ ਦਾ ਮਾਸ
ਖਾਂਦਾ ਹੈ, ਵੇਦ ਵਿਰੁੱਧ ਬੋਲਦਾ ਹੈ ਅਤੇ ਜਿਸ ਦਾ ਉਤਮ ਆਚਾਰ ਨਹੀਂ, ਉਹ ਮਲੇਛ ਹੈ”
ਇਸਤੋਂ ਬਾਦ ਆਪ ਅਨੁਸਾਰ ਲਫ਼ਜ਼ ਅਭਾਖਿਆ ਦੇ ਅਰਥ ਹਨ:
“ਅਭਾਖਿਆ-ਸੰਗ੍ਯਾ- ਨਾ ਬੋਲਨ ਯੋਗ੍ਯ ਭਾਸ਼ਾ (ਬੋਲੀ)। ਹਿੰਦੂਮਤ
ਵਿੱਚ ਯੂਨਾਨੀ ਅਰਬੀ ਆਦਿ ਬੋਲੀਆਂ ਨੂੰ ਮਲੇਛਭਾਸ਼ਾ ਕਹਿਕੇ ਆਰਯਾਂ ਨੂੰ ਹਦਾਇਤ ਕੀਤੀ ਹੈ ਕਿ ਓਹ ਕਦੇ
ਯਾਵਨੀ ਭਾਸ਼ਾ ਨਾ ਬੋਲਨ। ਦੇਖੋ, ਵ੍ਰਿਹਤ ਪਾਰਾਸ਼ਰ ਸੰਹਿਤਾ ਅ. ੪. ਵਿਸ਼ਿਨ ਸੰਹਿਤਾ ਅ. ੬. ਅਭਾਖਿਆ
ਕਾ ਕੁਠਾ ਬਕਰਾ ਖਾਣਾ. (ਵਾਰ ਆਸਾ) ਗੁਰੂ ਸਾਹਿਬ ਕਿਸੇ ਬੋਲੀ ਨੂੰ ਮਲੇਛ ਭਾਸ਼ਾ ਨਹੀਂ ਮੰਨਦੇ, ਕੇਵਲ
ਇੱਕ ਪਾਖੰਡੀ ਬ੍ਰਾਹਮਣ ਨੂੰ ‘ਉਸ਼ਟ ਲਸ਼ਟਕਾ ਨ੍ਯਾਯ’ ਕਰਕੇ ਸਿਖ੍ਯਾ ਦਿੰਦੇ ਹਨ ਕਿ ਆਪਣੇਂ ਧਰਮ
ਵਿਰੁੱਧ ਤੁਸੀਂ “ਬਿਸਮਿੱਲਾ” ਆਦਿ ਮੰਤ੍ਰ ਕਹਿਕੇ ਜਿਬਹਿ ਕੀਤੇ ਜੀਵ ਦਾ ਕੁੱਠਾ ਮਾਸ ਖਾਂਦੇ ਹੋ, ਪਰ
ਹੋਰਨਾਂ ਨੂੰ ਆਖਦੇ ਹੋ ਕਿ- ਸਾਡੇ ਚਉਕੇ ਉਪਰਿ ਕਿਸੈ ਨ ਜਾਣਾ,” ਇਹ ਕੇਹਾ ਅਣੋਖਾ ਮੰਤਕ ਲੋਕਾਂ ਨੂੰ
ਸਮਝਾਉਂਦੇ ਹੋ। * ਦੇਖੋ, ਪਾਰਾਸ਼ਰ ਸਿਮ੍ਰਿਤਿ ਅਃ ੩.”ਜੇ ਕਦੇ ਸਤਿਗੁਰੂ ਅਰਬੀ ਫ਼ਾਰਸੀ ਆਦਿ
ਬੋਲੀਆਂ ਨੂੰ ਮਲੇਛ ਭਾਸ਼ਾ ਮੰਨਦੇ, ਤਾਂ ਗੁਰਬਾਣੀ ਵਿੱਚ ਇਨ੍ਹਾਂ ਬੋਲੀਆਂ ਦੇ ਸ਼ਬਦ ਨਾ ਵਰਤਦੇ”।
ਹੋਰ ਲਵੋ ਭਾਈ ਸਾਹਿਬ ਜੀ ਰਚਿਤ ਮਹਾਨਕੋਸ਼ ਅਨੁਸਾਰ ਮਲੇਛ ਭਾਖਾ ਜਾਂ
ਭਾਖਿਆ: “ਸੰਗ੍ਯਾ- …. ਗੰਵਾਰੂ ਬੋਲੀ. ਅਸ਼ੁੱਧ ਭਾਸ਼ਾ। ੨. ਉਹ ਬੋਲੀ, ਜੋ ਸਮਝ ਵਿੱਚ ਨਾ ਆਵੇ.
ਦੇਖੋ, ਮਲੇਛ ਧਾਨ। ੩. ਹਿੰਦੂ ਧਰਮਸ਼ਾਸਤ੍ਰ ੳਨੁਸਾਰ ਯੂਨਾਨੀ ਅਤੇ ੳ
æਰਬੀ
ਆਦਿ ਬੋਲੀ “ਖਤ੍ਰੀਆਂ ਤ ਧਰਮੁ ਛੋਡਿਆ, ਮਲੇਛ ਭਾਖਿਆ ਗਹੀ”। (ਧਨਾ ਮਃ ੧) ਇੱਥੇ ਇਹ ਭਾਵ ਹੈ ਕਿ
ਹਿੰਦੂਆਂ ਨੇ ਸ੍ਵਾਰਥ ਦੇ ਵਸ ਹੋ ਕੇ ਗਾਯਤ੍ਰੀ ਆਦਿ ਛੱਡਕੇ ਕਲਮਾ ਅੰਗੀਕਾਰ ਕਰ ਲਿਆ ਹੈ”
ਇਥੋਂ ਤੀਕ ਇਹ ਸਾਫ਼ ਹੋ ਜਾਂਦਾ ਹੈ ਕਿ ਉਪ੍ਰੋਕਤ ਸਾਰੇ ਲਫ਼ਜ਼ ਭਾਵ “ਮਲ,
ਮਲੇਛ, ਮਲੇਛ ਭਾਖਿਆ, ਮੁਰਦਾਰ” ਗੁਰਬਾਣੀ ਰਚਨਾ `ਚ ਤਾਂ ਆਏ ਹਨ ਪਰ ‘ਮਾਸ ਖਾਣ ਵਿਰੁਧ ਕਿੱਧਰੇ
ਇੱਕ ਵਾਰੀ ਵੀ ਨਹੀਂ ਆਏ। ਇਸਦੇ ਨਾਲ ਨਾਲ ਗੁਰਬਾਣੀ ਵਿਚੋਂ ਉਹ ਪ੍ਰਮਾਣ ਵੀ ਦੇਣਾ ਚਾਹੁੰਦੇ ਹਾਂ
ਜਿਨ੍ਹਾਂ ਬਾਰੇ ਸਾਡੇ ਮਾਸ ਵਿਰੋਧੀ ਸੱਜਣਾਂ ਨੇ ਅਪਣੇ ਪੱਖ `ਚ ਟੱਪਲਾ ਤਾਂ ਖਾਧਾ ਹੈ ਪਰ ਘੋਖਣ ਤੇ
ਉਨ੍ਹਾਂ ਵਿਚੋ ਇੱਕ ਵੀ ਸਬਦ ਜਾਂ ਪ੍ਰਮਾਣ ਅਜੇਹਾ ਨਹੀਂ ਮਿਲਿਆ ਜਿਸ `ਚ ਗੁਰੂ ਸਾਹਿਬ ਨੇ ਲੇਸ਼
ਮਾਤ੍ਰ ਵੀ ਮਾਸ ਦਾ, ਮਨੁੱਖੀ ਭੋਜਨ ਵਜੋਂ ਵਿਰੋਧ ਕੀਤਾ ਹੋਵੇ।
ਸਨਿਮ੍ਰ ਬੇਨਤੀ ਹੈ ਕਿ ਵਿਰੋਧੀ ਸੱਜਣਾਂ ਰਾਹੀੰ ਹੇਠਲੇ ਪ੍ਰਮਾਣਾ ਚੋਂ ਅਪਣੇ
ਪੱਖ ਚ ਲਈ ਇਕ-ਇਕ ਪੰਕਤੀ ਲਈ ਹੈ। ਪਰ ਇਸਦੇ ਉਲਟ ਅਸਾਂ ਸੱਚਾਈ ਦੀ ਤਹਿ ਤੀਕ ਪੁੱਜਣ ਲਈ ਅਤੇ ਨਿਰੋਲ
ਗੁਰਬਾਣੀ ਸਤਿਕਾਰ `ਚ ਵਿਚਰਦੇ ਹੋਏ, ਸੰਬੰਧਤ ਰਚਨਾਵਾਂ ਦੇ ਅਸਲ ਅਰਥਾਂ ਨੂੰ ਬੜੀ ਧਿਆਨਤਦਾਰੀ ਨਾਲ
ਘੋਖਣਾ ਹੈ। ਆਓ ਇਕ-ਇਕ ਕਰਕੇ ਉਨ੍ਹਾਂ ਸ਼ਬਦਾਂ ਅਥਵਾ ਪ੍ਰਮਾਣਾ ਦੇ ਦਰਸ਼ਨ ਕਰੀਏ ਅਤੇ ਅਗੇ ਵਧੀਏ:
“ਮਲੇਛੁ ਪਾਪੀ ਪਚਿਆ ਭਇਆ ਨਿਰਾਸੁ” -
ਇਸ ਸੰਬੰਧ `ਚ ਸਭ ਤੋਂ ਪਹਿਲਾਂ ਫ਼ੁਰਮਾਨ ਲੈ ਰਹੇ ਹਾਂ “ਮਲੇਛੁ ਪਾਪੀ ਪਚਿਆ ਭਇਆ ਨਿਰਾਸੁ”
ਅਤੇ ਪੂਰਾ ਸ਼ਬਦ ਇਸਤਰ੍ਹਾਂ ਹੈ:
“ਲੇਪੁ ਨ ਲਾਗੋ ਤਿਲ ਕਾ ਮੂਲਿ॥ ਦੁਸਟੁ ਬ੍ਰਾਹਮਣੁ ਮੂਆ ਹੋਇ ਕੈ ਸੂਲ॥
੧ ॥
ਹਰਿ ਜਨ ਰਾਖੇ ਪਾਰਬ੍ਰਹਮਿ ਆਪਿ॥ ਪਾਪੀ ਮੂਆ ਗੁਰ ਪਰਤਾਪਿ॥ ੧ ॥
ਰਹਾਉ॥ ਅਪਣਾ ਖਸਮੁ ਜਨਿ ਆਪਿ ਧਿਆਇਆ॥ ਇਆਣਾ ਪਾਪੀ ਓਹੁ ਆਪਿ ਪਚਾਇਆ॥ ੨ ॥
ਪ੍ਰਭ ਮਾਤ ਪਿਤਾ ਅਪਣੇ ਦਾਸ ਕਾ ਰਖਵਾਲਾ॥ ਨਿੰਦਕ ਕਾ ਮਾਥਾ ਈਹਾਂ ਊਹਾ ਕਾਲਾ॥
੩ ॥
ਜਨ ਨਾਨਕ ਕੀ ਪਰਮੇਸਰਿ ਸੁਣੀ ਅਰਦਾਸਿ॥ ਮਲੇਛੁ ਪਾਪੀ ਪਚਿਆ ਭਇਆ ਨਿਰਾਸੁ॥
੪ ॥”
(ਪੰ: ੧੧੩੭)
ਇਸ ਸਾਰੇ ਸ਼ਬਦ ਦੇ ਅਰਥਾਂ ਸਹਿਤ ਦਰਸ਼ਨ ਕਰੋ ਇਥੇ ਪੰਜਵੇਂ ਨਾਨਕ, ਅਕਾਲਪੁਰਖੁ
ਦੇ ਰੰਗਾਂ ਨੂੰ ਬਿਆਨ ਰਹੇ ਹਨ “… ਕਿਵੇਂ ਮਨੁੱਖ ਦੀ ਸੋਚਣੀ ਭਾਵੇਂ ਕੁੱਝ ਵੀ ਕਿਉਂ ਨਾ ਹੋਵੇ
ਜਿਵੇਂ ਬ੍ਰਾਹਮਣ ਨੇ ਤਾਂ ਮਲੀਨ ਬੁੱਧੀ ਪਾਪੀਆਂ ਵਾਲਾ ਕਾਰਾ ਜਦੋਂ (ਬਾਲ ਗੁਰੂ) ਹਰਗੋਬਿੰਦ ਜੀ ਨੂੰ
ਵਿਸ਼ ਦੇਕੇ ਮਰਵਾਉਣ ਦੀ ਕੁਟਲਨੀਤੀ ਵਰਤੀ ਪਰ ਅਕਾਲਪੁਰਖੁ ਨੂੰ ਕੁੱਝ ਹੋਰ ਹੀ ਮਨਜ਼ੂਰ ਸੀ …”।
ਹੁਣ ਇਥੇ ਦੇਖੋ ਲਫ਼ਜ਼ ਮਲੀਨ ਬੁਧੀ (ਮਲੇਛ) ਦਾ ਸੰਬੰਧ ਕਿਸੇ ਮਾਸ ਖਾਣ ਵਾਲੇ
ਨਾਲ ਨਹੀਂ ਬਲਕਿ ਉਸ ਬ੍ਰਾਹਮਣ ਨਾਲ ਹੈ ਜਿਸਨੇ ਪ੍ਰੀਥੀ ਚੰਦ ਦਾ ਮੋਹਰਾ ਬਣਕੇ (ਬਾਲ ਗੁਰੂ)
ਹਰਗੋਬਿੰਦ ਜੀ ਉਪਰ ਮਾਰੂ ਵਾਰ ਕੀਤਾ ਪਰ ਉਸ ਕਰਤੇ ਦੀ ਮੌਜ `ਚ ਉਸਦੀ ਅਪਣੀ ਮੌਤ ਹੋ ਗਈ।
“ਏਹ ਕੂੜੈ ਕੀ ਮਲੁ” -
ਇਸਤੋਂ ਬਾਦ ਇਸੇ ਲੜੀ ਵਿਚੋਂ ਇੱਕ ਹੋਰ
ਪ੍ਰਮਾਣ ਲੈਂਦੇ ਹਾਂ ਫ਼ੁਰਮਾਨ ਹੈ:
“ਏਹ ਕੂੜੈ ਕੀ ਮਲੁ ਕਿਉ ਉਤਰੈ ਕੋਈ ਕਢਹੁ ਇਹੁ ਵੀਚਾਰੁ॥
ਸਤਿਗੁਰੁ ਮਿਲੈ ਤਾ ਨਾਮੁ ਦਿੜਾਏ ਸਭਿ ਕਿਲਵਿਖ ਕਟਣਹਾਰੁ”
(ਪੰ: ੯੫੦)
ਇਥੇ ਦਰਸ਼ਨ ਕਰੋ! ਇਸ ਰਚਨਾ `ਚ ਵੀ ਕਿਸੇ ਮਾਸ ਛੱਕਣ ਕਰਕੇ ਮਨ ਦੀ ਮੈਲ ਦੀ
ਗਲ ਨਹੀਂ ਬਲਕਿ ਕੂੜ ਦੀ ਮੈਲ ਭਾਵ ਸੰਸਾਰਕ ਮੋਹ-ਮਾਇਆ ਅਤੇ ਵਿਕਾਰਾਂ ਦੀ ‘ਮੈਲ’ (ਮਲ)
ਉਤਰਣ ਦੀ ਗਲ ਹੋ ਰਹੀ ਹੈ। ਠੀਕ ਉਸੇਤਰ੍ਹਾਂ ਜਿਵੇਂ ਵਾਰ ਆਸਾ `ਚ “ਕੂੜ ਕੀ ਮਲੁ ਉਤਰੈ ਤਨੁ ਕਰੇ
ਹਛਾ ਧੋਇ”
(ਪੰ: ੪੬੮)
ਭਾਵ-ਸਦਾ ਥਿਰ ਰਹਿਣ ਵਾਲੇ ਕਰਤੇ ਨਾਲ ਜੀਵਨ ਨੂੰ ਇਕ-ਮਿੱਕ ਕਰਨ ਨਾਲ ਜੀਵਨ
ਵਿਚੋਂ ਕੂੜ ਦੀ ਮੈਲ ਭਾਵ ‘ਬਿਨਸਨਹਾਰ ਸੰਸਾਰ ਦੇ ਮਾਇਆ ਮੋਹ ਵਾਲੀ ਜੋ ਮੈਲ ਹੈ’ ਉਹ ਅਪਣੇ ਆਪ ਉਤਰ
ਜਾਂਦੀ ਹੈ, ਜਾਂ:
“ਕੂੜਿ ਕੂੜੈ ਨੇਹੁ ਲਗਾ ਵਿਸਰਿਆ ਕਰਤਾਰੁ”
(ਪੰ: ੪੬੮)
ਇਸਤਰ੍ਹਾਂ ਕੂੜ ਦੀ ਮਲ ਕੀ ਹੈ, ਗੁਰਬਾਣੀ `ਚ ਤਾਂ ਇਸ ਪ੍ਰਥਾਏ ਕੂੜ ਲਫ਼ਜ਼
ਸੈਂਕੜੇ ਵਾਰੀ ਆਇਆ ਹੈ। ਬਾਕੀ ਰਿਹਾ ਲਫ਼ਜ਼ ‘ਮਲ’ ਜਿਸਨੂੰ ਕਿ ਵਿਰੋਧੀ ਸੱਜਣ ਬਦੋਬਦੀ ਮਾਸ ਜਾਂ ਮਾਸ
ਦੇ ਭੋਜਨ ਲਈ ਵਰਤ ਰਹੇ ਹਨ, ਉਪਰਲੇ ਦੋਨਾ ਪ੍ਰਮਾਣਾ `ਚ ਇਸ ਲਫ਼ਜ਼ ਦੇ ਅਰਥ ਹਨ “ਸੰਸਾਰਕ ਮੋਹ-ਮਾਇਆ
ਅਤੇ ਵਿਕਾਰਾਂ ਦੀ ‘ਮੈਲ’ “ ਅਤੇ ਮਾਸ ਜਾਂ ਮਾਸ ਦੇ ਭੋਜਨ ਨਾਲ ਇਸ ਲਫ਼ਜ਼ ਦਾ ਦੂਰ ਦਾ ਵੀ ਵਾਸਤਾ
ਨਹੀਂ।
“ਅਲੁ ਮਲੁ ਖਾਈ ਸਿਰਿ ਛਾਈ ਪਾਈ” -
ਇਸੇਤਰ੍ਹਾਂ ਹੋਰ ਲਵੋ:
“ਅਲੁ ਮਲੁ ਖਾਈ ਸਿਰਿ ਛਾਈ ਪਾਈ॥ ਮੂਰਖਿ ਅੰਧੈ ਪਤਿ ਗਵਾਈ॥
ਵਿਣੁ ਨਾਵੈ ਕਿਛੁ ਥਾਇ ਨ ਪਾਈ”
(ਪੰ: ੪੬੭)
ਇਹ ਪੰਕਤੀਆਂ ‘ਵਾਰ ਆਸਾ’ ਪਉ: ੯ ਦੇ ਸਲੋਕ `ਚੋਂ ਹਨ। ਇਥੇ ਗੁਰਦੇਵ ਅਘੋੜੀ
ਮੱਤ ਦਾ ਜ਼ਿਕਰ ਕਰ ਰਹੇ ਹਨ। ਦਰਅਸਲ ਅਘੋੜੀ ਮੱਤ ਵਾਲੇ ਅਪਣੇ ਧਰਮ `ਚ ਪ੍ਰਵੇਸ਼ ਕਰਵਾਉਣ ਸਮੇਂ
ਸ਼੍ਰਧਾਲੂ ਨੂੰ ਵਿਸ਼ਟਾ ਖੁਆਂਦੇ ਅਤੇ ਉਸ ਦੇ ਸਿਰ `ਚ ਸੁਆਹ (ਰਾਖ) ਪਾਂਦੇ ਹਨ। ਗੁਰਦੇਵ ਦਸ ਰਹੇ ਹਨ
ਕਿ ਪ੍ਰਭੁ ਕਰਤਾਰ ਨੂੰ ਭੁਲੇ ਇਹ ਲੋਕ ਅਪਣੀ ਅਜੇਹੀ ਕਰਨੀ ਨਾਲ “ਮੂਰਖਿ ਅੰਧੈ ਪਤਿ ਗਵਾਈ॥ ਵਿਣੁ
ਨਾਵੈ ਕਿਛੁ ਥਾਇ ਨ ਪਾਈ” ਭਾਵ ਲੋਕ-ਪ੍ਰਲੋਕ `ਚ ਅਪਣੀ ਇਜ਼ਤ ਗੁਆ ਰਹੇ ਹਨ। ਇਥੇ ਪੂਰੀ ਖਿੱਚ-ਧੂ
ਕਰਕੇ ਵੀ “ਅਲੁ ਮਲੁ ਖਾਈ” ਦੇ ਅਰਥ ਕਿਸੇ ਤਰ੍ਹਾਂ ਵੀ ਮਾਸ ਜਾਂ ਮਾਸ ਦੇ ਭੋਜਨ ਨਾਲ ਨਹੀਂ
ਮੁੜਦੇ। ਇਥੇ ਤਾਂ ਮੂਲੋਂ ਹੀ ਦੂਜਾ ਵਿਸ਼ਾ ਹੈ।
“ਸੋਈ ਮਲੀਨੁ ਦੀਨੁ ਹੀਨੁ” -
ਹੋਰ ਲਵੋ “ਸੋਈ ਮਲੀਨੁ ਦੀਨੁ ਹੀਨੁ ਜਿਸੁ ਪ੍ਰਭੁ ਬਿਸਰਾਨਾ॥ ਕਰਨੈਹਾਰੁ ਨ ਬੂਝਈ ਆਪੁ ਗਨੈ
ਬਿਗਾਨਾ” (ਪੰ: ੮੧੩)
ਸਪਸ਼ੱਟ ਹੈ ਲਫ਼ਜ਼ ਮਲੀਨ `ਤੇ ਦੀਨ ਹੀਨ ਕਿਸੇ ਮਾਸ ਖਾਣ ਵਾਲੇ ਲਈ ਨਹੀਂ ਬਲਕਿ
ਅਜੇਹੇ ਜੀਊੜੇ ਲਈ ਹੈ ਜਿਸਨੇ ਮਨੁੱਖਾ ਜਨਮ ਪਾਕੇ ਵੀ ਕਰਤਾਰ ਨੂੰ ਵਿਸਾਰਿਆ ਦਾ ਹੈ। ਠੀਕ
ਉਸੇਤਰ੍ਹਾਂ ਜਿਵੇਂ ਬਾਣੀ ਵਾਰ ਆਸਾ ਪਉੜੀ ਨੰ: ੧੩ `ਚ ਗੁਰਦੇਵ ਬਖਸ਼ਿਸ਼ ਕਰਦੇ ਹਨ “ਖਸਮੁ ਛੋਡਿ
ਦੂਜੈ ਲਗੇ ਡੁਬੇ ਸੇ ਵਣਜਾਰਿਆ”
(ਪੰ:
੪੭੦)। ਤਾਂਤੇ ਇਥੇ ਵੀ ਇਸ ਸ਼ਬਦਾਵਲਈ ਦਾ ਅਰਥ
ਕਿਸੇ ਤਰੀਕੇ ਵੀ ਮਾਸ ਜਾਂ ਮਾਸ ਦੇ ਭੋਜਨ ਵਾਲੇ ਪਾਸੇ ਨਹੀਂ ਟੁਰਦਾ।
“ਅਸੰਖ ਮਲੇਛ ਮਲੁ ਭਖਿ ਖਾਹਿ”
-ਇਸੇ ਲੜੀ `ਚ ਅਗਲਾ ਪ੍ਰਮਾਣ ਬਾਣੀ ਜਪੁ ਪਉੜੀ ਨੰਬਰ ੧੮
ਵਿਚੋਂ ਇਸਤਰ੍ਹਾਂ ਹੈ:
“ਅਸੰਖ ਮੂਰਖ ਅੰਧ ਘੋਰ॥ ਅਸੰਖ ਚੋਰ ਹਰਾਮਖੋਰ॥
ਅਸੰਖ ਅਮਰ ਕਰਿ ਜਾਹਿ ਜੋਰ॥ ਅਸੰਖ ਗਲਵਢ ਹਤਿਆ ਕਮਾਹਿ॥
ਅਸੰਖ ਪਾਪੀ ਪਾਪੁ ਕਰਿ ਜਾਹਿ॥ ਅਸੰਖ ਕੂੜਿਆਰ ਕੂੜੇ ਫਿਰਾਹਿ॥
ਅਸੰਖ ਮਲੇਛ ਮਲੁ ਭਖਿ ਖਾਹਿ॥ ਅਸੰਖ ਨਿੰਦਕ ਸਿਰਿ ਕਰਹਿ ਭਾਰੁ. .” ਇਥੇ
ਵੀ ਦਰਸ਼ਨ ਕਰੋ! ਇਹ ਪ੍ਰਮਾਣ ਬਾਣੀ ‘ਜਪੁ’ ਜਿਹੜੀ ਕਿ ਹਰੇਕ ਗੁਰੂ ਨਾਨਕ ਨਾਮ ਲੇਵਾ ਲਈ ਨਿੱਤਨੇਮ ਦੀ
ਬਾਣੀ ਹੈ ਉਸ ਵਿਚੋਂ ਹੈ। ਬਾਣੀ ਜਪੁ, ਸਾਰੀ ਬਾਣੀ ਇੱਕ ਲੜੀ `ਚ ਹੈ। ਉਸਤੋਂ ਬਾਦ ਇਥੇ ਵੀ ਲਗਾਤਾਰ
ਚਾਰ ਪਉੜੀਆਂ ੧੬, ੧੭, ੧੮, ੧੯ ਇਕੋ ਵਿਸ਼ੇ ਨਾਲ ਸੰਬੰਧਤ ਹਨ। ਇਸ ਲਈ ਵਿਚੋਂ ਕਿਸੇ ਵੀ ਇੱਕ ਪੰਕਤੀ
ਦੇ ਅਪਣੇ ਮਨ ਮਰਜ਼ੀ ਦੇ ਅਰਥ ਲੈ ਲੈਣੇ, ਗੁਰਬਾਣੀ ਦੀ ਘੋਰ ਹੈ। ਇਥੇ ਖਾਸਕਰ ਤਿੰਨ ਪਉੜੀਆਂ, ਪਉੜੀ
ਨੰ: ੧੭, ੧੮, ੧੯ `ਚ ਗੁਰਦੇਵ ਕਰਤੇ ਦੀ ਬੇਅੰਤ ਰਚਨਾ `ਚ ਉਸ ਪ੍ਰਭੁ ਦੀ ਭਿੰਣਤਾ ਅਤੇ ਬੇਅੰਤਤਾ ਦਾ
ਜ਼ਿਕਰ ਕਰ ਰਹੇ ਹਨ।
ਠੀਕ ਉਸੇਤਰ੍ਹਾਂ ਜਿਵੇਂ ਪੰਜਵੇਂ ਪਾਤਸ਼ਾਹ ਬਾਣੀ ਸੁਖਮਨੀ ਦੀ ਦੱਸਵੀਂ
ਅਸ਼ਟਪਦੀ `ਚ ਕੋਟਿ (ਕਰੋੜਾਂ ਹੀ) ਲਫ਼ਜ਼ ਨਾਲ ਕਰਦੇ ਹਨ। ਤਾਂਤੇ ਸੰਬੰਧਤ ਪਉੜੀ ਨੰ ੧੮ `ਚ ਗੁਰਦੇਵ
ਕਰਤੇ ਦੀ ਬੇਅੰਤਤਾਂ ਚੋਂ ਘਟੀਆ ਜੀਵਨ ਰਹਿਣੀ ਵਾਲੇ ਬੰਦਿਆਂ ਦਾ ਜ਼ਿਕਰ ਕਰ ਰਹੇ ਹਨ। ਇਸਤਰ੍ਹਾਂ
ਅਜੇਹੇ ਘਟੀਆ ਜੀਵਨ ਰਹਿਨੀਆਂ ਦਾ ਵਰਨਣ ਕਰਦੇ ਹੋਏ ਗੁਰਦੇਵ ਫ਼ੁਰਮਾਂਦੇ ਹਨ: “ਐ ਕਰਤਾਰ! ਤੇਰੀ ਇਸ
ਬੇਅੰਤ ਰਚਨਾ `ਚ ਉਹ ਲੋਕ ਵੀ ਹਨ ਜੋ ਕਾਤਿਲ ਬਿਰਤੀ ਦੇ ਹਨ। ਭਾਵ ਜੋ ਮਜ਼ਲੂਮਾ ਕਮਜ਼ੋਰਾਂ ਲੋੜਵੰਦਾਂ
ਤੇ ਜ਼ੁਲਮ ਕਰਕੇ ਅਪਣੇ ਜੀਵਨ ਨੂੰ ਚਲਾਂਦੇ ਹਨ। ਇਸਤਰ੍ਹਾਂ ਅਜੇਹੇ ਘਟੀਆ ਰਹਿਣੀ ਵਾਲੇ ਲੋਕ, ਮਨੁੱਖਾ
ਜੀਵਨ ਪਾ ਕੇ ਅਜ਼ਾਂਈ ਗੁਆ ਕੇ ਚਲੇ ਜਾਂਦੇ ਹਨ”
ਇਥੇ ਵੀ ਵਿਚਾਰ ਕੇ ਦੇਖ ਲਵੋ, ਇਥੇ ਤਾਂ ਦੂਜੇ ਮਨੁੱਖਾਂ ਭਾਵ ਜਾਤ ਭਾਈਆਂ
ਨਾਲ ਜ਼ੁਲਮ-ਧੱਕਾ ਕਰਨ ਦੀ ਗਲ ਚਲ ਰਹੀ ਹੈ ਨਾ ਕਿ ਬਕਰਿਆਂ, ਮੁਰਗਿਆਂ, ਗਊਆਂ ਦੇ ਗਲੇ ਕੱਟਣ ਦੀ।
ਇਥੇ ਵੀ ਮਾਸ ਜਾਂ ਮਾਸ ਦੇ ਭੋਜਨ ਦੀ ਉਕਾ ਗਲ ਨਹੀਂ। ਵਿਸ਼ੇ ਨੂੰ ਪ੍ਰਕਰਣ ਮਾਤਾਬਕ ਵਿਚਾਰਣ ਦੀ ਲੋੜ
ਹੈ, ਭੁਲੇਖਾ ਰਵੇਗਾ ਹੀ ਨਹੀਂ।
“ਧਾਨੁ ਮਲੇਛਾਂ ਖਾਈ” `ਤੇ “ਮਲੇਛ ਭਾਖਿਆ ਗਹੀ” -
ਇਥੇ ਦੋ ਪ੍ਰਮਾਣ ਹਨ: “ਧੋਤੀ ਟਿਕਾ ਤੈ
ਜਪਮਾਲੀ ਧਾਨੁ ਮਲੇਛਾਂ ਖਾਈ॥
ਅੰਤਰਿ ਪੂਜਾ ਪੜਹਿ ਕਤੇਬਾ ਸੰਜਮੁ ਤੁਰਕਾ ਭਾਈ॥ ਛੋਡੀਲੇ ਪਾਖੰਡਾ॥
ਨਾਮਿ ਲਇਐ ਜਾਹਿ ਤਰੰਦਾ”
(ਪੰ: ੪੭੧)
ਇਹ ਪ੍ਰਮਾਣ ਵੀ ‘ਵਾਰ ਆਸਾ’ ਚੋਂ ਲਿਆ ਗਿਆ ਹੈ। ਇਥੇ ਵੀ
ਨਾ ਹੀ ਤਾਂ ਮਾਸ ਛੱਕਣ ਲਈ ਕਿਸੇ ਉਪਰ ਦੋਸ਼ ਹੈ ਅਤੇ ਨਾ ਹੀ ਮਾਸ ਦਾ ਵਿਸ਼ਾ ਹੀ ਹੈ। ਇਥੇ ਲਫ਼ਜ਼;
ਮਲੇਛ’ ਜ਼ਰੂਰ ਹੈ। ਜਿਸਤਰ੍ਹਾਂ ਪਹਿਲਾਂ ਵੀ ਦੇਖ ਚੁਕੇ ਹਾਂ ਠੀਕ ਉਸੇਤਰ੍ਹਾਂ ਅਤੇ ਉਸੇ ਢੰਗ ਨਾਲ
ਲਫ਼ਜ਼ ਮਲੇਛ (ਮਲੀਨ ਬੁੱਧੀ) ਇਥੇ ਵੀ ਬ੍ਰਾਹਮਣਾ ਵਲੋਂ ਮੁਸਲਮਾਨਾ ਲਈ ਹੈ, ਗੁਰੂ ਸਾਹਿਬ ਵਲੋਂ ਨਹੀਂ।
ਇਥੇ ਤਾਂ ਬ੍ਰਾਹਮਣ ਦੇ ਪਾਖੰਡੀ ਅਤੇ ਦੋਗਲੇ ਜੀਵਨ ਤੇ ਚੋਟ ਹੈ, ਉਹ ਬ੍ਰਾਹਮਣ ਜਿਹੜਾ ਇੱਕ ਪਾਸੇ
ਤਾਂ ਮੁਸਲਮਾਨਾ ਨੂੰ ਮਲੇਛ ਕਹਿਕੇ ਉਨ੍ਹਾਂ ਨਾਲ ਨਫ਼ਰਤ ਕਰਦਾ ਹੈ। ਦੂਜੇ ਪਾਸੇ ਉਨ੍ਹਾਂ ਤੋਂ ਹੀ
ਅਪਣੀ ਰੋਟੀ ਰੋਜ਼ੀ ਦਾ ਆਹਰ ਵੀ ਢੂਂਡਦਾ ਸੀ। ਬਦਲੇ `ਚ ਜਿਸ ਕਰਤੇ ਵਲੋਂ ਇਹ ਸਾਰੀ ਖੇਡ ਵਰਤ ਰਹੀ ਹੈ
ਉਸਨੂੰ ਭੁਲਿਆ ਬੈਠਾ ਸੀ।
ਬ੍ਰਾਹਮਣ, ਮੁਸਲਮਾਨਾ ਨੂੰ ਮਲੇਛ ਕਹਿਕੇ ਕਿਉਂ ਸਦਦਾ ਸੀ। ਇਸਬਾਰੇ ਮਹਾਨ
ਕੋਸ਼ ਵਾਲਾ ਵੇਰਵਾ ਅਤੇ ਉਸਦੇ ਨਾਲ ਬਾਕੀ ਜ਼ਿਕਰ ਵੀ ਆ ਚੁਕਾ ਹੈ, ਪਾਠਕ ਦੇਖ ਸਕਦੇ ਹਨ। ਇਸੇਤਰ੍ਹਾਂ
ਦੂਸਰੀ ਪੰਕਤੀ ਹੈ:
“ਖਤ੍ਰੀਆ ਤ ਧਰਮੁ ਛੋਡਿਆ ਮਲੇਛ ਭਾਖਿਆ ਗਹੀ”
(ਪੰ: ੬੬੩)
ਇਥੇ ਵੀ ਗਲ ਉਪਰਲੇ ਪ੍ਰਮਾਣ ਵਾਲੀ ਹੀ ਹੈ ਅਤੇ ਬ੍ਰਾਹਮਣ, ਖਤ੍ਰੀਆਂ ਆਦਿ ਦੇ
ਦੋਗਲੇ ਅਣਖ ਹੀਣੇ ਜੀਵਨ ਨੂੰ ਵੰਗਾਰ ਹੈ। ਮੁੱਕਦੀ ਗਲ ਕਿ ਸੰਬੰਧਤ ਦੋਵੇ ਪ੍ਰਮਾਣ ਜਿਹੜੇ ਮਾਸ
ਵਿਰੋਧੀ ਸੱਜਣਾ ਨੇ ਅਪਣੇ ਹੀ ਚਲਦੇ ਆ ਰਹੇ ਢੰਗ ਨਾਲ ਮਾਸ ਵਿਰੋਧੀ ਪ੍ਰਗਟ ਕਰ ਦਿਤੇ। ਵੇਰਵਾ
ਸਾਹਮਣੇ ਹੈ ਅਤੇ ਇਥੇ ਦੋਨਾਂ ਹੀ ਪ੍ਰਮਾਣਾ `ਚ ਕਿੱਧਰੇ ਵੀ ਮਾਸ ਖਾਣ ਕਰਕੇ ਕਿਸੇ ਨੂੰ ਮਲੇਛ ਕਹਿਕੇ
ਸੱਦਣ ਵਾਲੀ ਗਲ ਦਾ ਕੋਈ ਮਤਲਬ ਹੀ ਨਹੀਂ। ਇਸੇ ਲੜੀ `ਚ ਦੋ ਹੋਰ ਪ੍ਰਮਾਣ ਜੋ ਸਾਡੇ ਮਾਸ ਵਿਰੋਧੀ
ਸੱਜਣਾਂ ਨੇ ਮਾਸ ਦੇ ਭੋਜਨ ਵਿਰੁਧ ਲਏ ਹਨ ਉਹ ਹਨ
“ਮਲੇਛ ਧਾਨੁ ਲੇ ਪੂਜਹਿ ਪੁਰਾਣੁ”
ਅਤੇ
“ਅਭਾਖਿਆ ਕਾ ਕੁਠਾ ਬਕਰਾ ਖਾਣਾ” ਸੰਬੰਧਤ ਸਲੋਕ ਨੂੰ ਅਰਥਾਂ ਅਤੇ
ਵੇਰਵੇ ਸਹਿਤ ਦਿੱਤਾ ਜਾ ਚੁਕਾ ਹੈ ਅਤੇ ਭਲੀ ਪ੍ਰਕਾਰ ਦੇਖ ਚੁਕੇ ਹਾਂ ਕਿ ਉਥੇ ਵੀ ‘ਮਲੇਛ ਧਾਨ’,
‘ਕੁਠਾ’, ‘ਅਭਾਖਿਆ’ ਆਦਿ ਮੁਸਲਮਾਨਾ ਲਈ ਬ੍ਰਾਹਮਣੀ ਸ਼ਬਦਾਵਲੀ ਹੈ ਅਤੇ ਉਥੇ ਵੀ ਮਾਸ ਦੇ ਭੋਜਨ ਨੂ
ਛੱਕਣ ਵਿਰੋਧੀ ਕੋਈ ਵਿਸ਼ਾ ਹੈ ਹੀ ਨਹੀਂ, ਬਲਕਿ ਉਥੇ ਤਾਂ ਬਲਕਿ ਮਾਸ ਨੂੰ ਬਾਕਾਇਦਾ ਪੱਕਵਾਨ ਦਸ ਕੇ
ਹੀ ਗਲ ਹੋ ਰਹੀ ਹੈ।
ਮੁਰਦਾਰ-
ਇਸਤੋਂ ਬਾਦ
ਵਿਸ਼ਾ ਆਉਂਦਾ ਹੈ ਮੁਰਦਾਰ ਦਾ। ਮਾਸ ਵਿਰੋਧੀ ਸੱਜਣਾ ਨੇ ਮਾਸ ਛੱਕਣ ਨੂੰ ‘ਮੁਰਦਾਰ ਖਾਣਾ’ ਕਹਿਕੇ
ਬਹੁਤ ਪ੍ਰਚਾਰਿਆ, ਨਿੰਦਿਆ ਤੇ ਗੁਰੂ ਕੀਆਂ ਸੰਗਤਾਂ ਨੂੰ ਭਰਮਾਉਣ ਦਾ ਜਤਨ ਕੀਤਾ ਹੈ। ਇਸਤੋਂ ਵੱਡੀ
ਇਤਰਾਜ਼ ਜੋਗ ਗਲ ਇਹ ਹੈ ਕਿ ਵਿਰੋਧੀ ਸੱਜਣਾ ਨੇ ‘ਮੁਰਦਾਰ’ ਦੇ ਅਰਥ ਵੀ, ਮਾਸ ਅਤੇ ਮਾਸ ਛੱਕਣ ਵਿਰੁਧ
ਅਪਣੀ ਮਨ ਮਰਜ਼ੀ ਦੇ ਉਸੇ ਤਰ੍ਹਾਂ ਘੜੇ ਤੇ ਦੂਜਿਆਂ `ਤੇ ਥੋਪਣ ਦੀ ਕੋਸ਼ਿਸ਼ ਕੀਤੀ ਹੈ ਜਿਵੇਂ ਮਲ,
ਮਲੇਛ, ਮਲੇਛ ਭਾਖਿਆ ਆਦਿ ਦੇ ਵਿਸ਼ੇ ਤੇ। ਉਨ੍ਹਾਂ ਨੇ ਇੱਕ ਵਾਰੀ ਵੀ ਇਸਦੇ ਅਰਥ ਗੁਰਬਾਣੀ `ਚੋਂ
ਵਿਸ਼ੇ ਤੇ ਪ੍ਰਕਰਣ ਅਨੁਸਾਰ ਲੈ ਕੇ ਕਰਣ ਦੀ ਲੋੜ ਹੀ ਨਹੀ ਸਮਝੀ। ਇਸ ਲਈ ਵਿਰੋਧੀ ਸੱਜਣਾ ਵਲੋਂ ਹੀ
ਵਰਤੇ ਗਏ ਪ੍ਰਮਾਣਾ ਨੂੰ ਇਕ-ਇਕ ਕਰਕੇ ਘੋਖਣ ਤੋਂ ਪਹਿਲਾਂ ਅਸੀਂ ਲਫ਼ਜ਼ ‘ਮੁਰਦਾਰ’ ਦੇ ਮਤਲਬ ਮਹਾਨ
ਕੋਸ਼ ਚੋਂ ਦੇਣੇ ਚਾਹਾਂਗੇ ਜੋ ਇਸਤਰ੍ਹਾਂ ਹਨ:
“ਮੁਰਦਾਰ-ਫ਼ਾ. . ਲੋਥ, ਸ਼ਵ. ਪ੍ਰਾਣ ਰਹਿਤ ਦੇਹ। ੨. ਸ੍ਵਸਤਕਾਰ ਅਤੇ
ਸ਼ੂਰਵੀਰਤਾ ਰਹਿਤ। “ਅੰਧੀ ਰਯਤਿ ਗਿਆਨ ਵਿਹੂਣੀ ਭਾਹਿ ਭਰੇ ਮੁਰਦਾਰੁ”। (ਵਾਰ ਆਸਾ) ਭੋਹ (ਭੂਸੇ)
ਨਾਲ ਭਰੀਆਂ ਲੋਥਾਂ। ੩. ਭਾਵ ਮੁਰਦਾਰ ਨਾਲ ਅਪਵਿਤ੍ਰ ਚੀਜ਼” ਧਰਮ ਅਨੁਸਾਰ ਨਾ ਖਾਣ ਯੋਗ੍ਯ, ਹਰਾਮ,
“ਕੂੜੁ ਬੋਲਿ ਮੁਰਦਾਰੁ ਖਾਇ” (ਮਃ ੧. ਵਾਰ ਮਾਝ) “ਦੁਨੀਆ ਮੁਰਦਾਰਖੁਰਦਨੀ” (ਤਿਲੰ ਮਃ੫) “ਠਗਿ
ਖਾਧਾ ਮੁਰਦਾਰੁ”। (ਸ੍ਰੀ ਮਃ ੧)”।
ਹੁਣ ਇਸਤੋਂ ਬਾਦ ਅਸੀਂ ਇੱਕ ਇੱਕ ਕਰਕੇ ਉਨ੍ਹਾਂ ਪ੍ਰਮਾਣਾਂ ਨੂੰ ਲੈ ਰਹੇ
ਹਾਂ ਜਿਹੜੇ ਕਿ ਵਿਰੋਧੀ ਸੱਜਣਾ ਨੇ ਮਾਸ ਦੇ ਭੋਜਨ ਨੂੰ ਛੱਕਣ ਵਿਰੁਧ ਵਰਤੇ ਹਨ:
“ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ” -
ਚਲਦੇ ਪ੍ਰਕਰਣ `ਚ ਜਦੋਂ ਲਫ਼ਜ਼ ਮੁਰਦਾਰ ਦੀ ਗਲ ਆਈ ਤਾਂ ਇਸ ਬਾਰੇ ਗੁਰਬਾਣੀ ਵਿਚਾਰ ਦੇਣ ਸਮੇਂ ਯੋਗ
ਸਮਝਿਆ ਕਿ ਇਸਦਾ ਅਰੰਭ ਉਪ੍ਰੋਕਤ ਪੰਕਤੀਆਂ ਤੋਂ ਕੀਤਾ ਜਾਵੇ। ਕਾਰਣ ਇਹ ਕਿ ਇਸ ਸ਼ਬਦ ਬਾਰੇ ਵਿਰੋਧੀ
ਸੱਜਣਾ ਨੇ ਜਾਣੇ-ਅਣਜਾਣੇ ਭਰਵਾਂ ਟੱਪਲਾ ਖਾਦਾ ਹੈ। ਇਸਲਈ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ ਕਿ
ਸੰਗਤਾਂ ਲਈ ਇਸਦੇ ਠੀਕ ਅਰਥਾਂ ਬਾਰੇ ਸਪੱਸ਼ਟੀ ਕਰਣ ਹੋਵੇ। ਪੂਰੇ ਸ਼ਬਦ ਵਿਚੋਂ ਸੰਬੰਧਤ ਪੰਕਤੀਆਂ ਹਨ
“ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ॥
ਗੁਰੁ ਪੀਰੁ ਹਾਮਾ ਤਾ ਭਰੇ ਜਾ ਮੁਰਦਾਰੁ ਨ ਖਾਇ॥
ਗਲੀ ਭਿਸਤਿ ਨ ਜਾਈਐ ਛੁਟੈ ਸਚੁ ਕਮਾਇ॥
ਮਾਰਣ ਪਾਹਿ ਹਰਾਮ ਮਹਿ ਹੋਇ ਹਲਾਲੁ ਨ ਜਾਇ॥
ਨਾਨਕ ਗਲੀ ਕੂੜੀਈ ਕੂੜੋ ਪਲੈ ਪਾਇ…”
(ਪੰ: ੧੪੧)
ਇਨ੍ਹਾਂ ਪੰਕਤੀਆਂ ਦੇ ਅਰਥ ਸਮਝਣ ਤੋਂ ਪਹਿਲਾਂ ਸਾਨੂੰ
‘ਹਲਾਲ’ ਤੇ ‘ਹਰਾਮ’ ਦੋ ਵਿਰੋਧੀ ਲਫ਼ਜ਼ਾਂ ਦੇ ਅਰਥਾਂ ਵਲ ਖਾਸ ਧਿਆਨ ਦੇਣ ਦੀ ਲੋੜ ਹੈ। ਹਲਾਲ ਦੇ ਅਰਥ
ਹਨ ਜਿਸ ਉਪਰ ਸਾਡਾ ਹੱਕ ਹੈ ਜਦਕਿ ਹਰਾਮ ਦੇ ਅਰਥ ਹਨ ਜਿਸ ਉਪਰ ਸਾਡਾ ਹੱਕ ਨਹੀਂ। ਜਿਸ ਉਪਰ ਦੂਜਿਆਂ
ਦਾ ਹੱਕ ਹੈ ਜਾਂ ਬਦੋਬਦੀ ਉਸ ਉਪਰ ਅਸੀਂ ਅਪਣਾ ਹੱਕ ਜਮਾ ਰਹੇ ਹਾਂ।
ਕਈ ਲੋਕ ਬਦਨੀਯਤੀ ਕਾਰਣ ਦੂਜਿਆਂ ਦੇ ਹੱਕ ਤੇ ਅਪਣਾ ਹੱਥ ਸਾਫ਼ ਕਰਨ ਲਈ
ਬੜੀਆਂ ਮਸਾਲੇਦਾਰ, ਚਿੱਕਣੀਆਂ ਚੁੱਪੜੀਆਂ, ਚਾਲਬਾਜ਼ੀ ਤੇ ਕੁਟਲਨੀਤੀ ਵਾਲੀਆਂ ਗਲਾਂ ਕਰਕੇ ਦੂਜੇ ਦਾ
ਹੱਕ ਖਾਣ `ਚ ਮਾਹਿਰ ਹੁੰਦੇ ਹਨ। ਇਸ ਤੋਂ ਬਾਦ ਫ਼ਿਰ ਵੀ ਮਨ ਕਰਕੇ ਇਹ ਵੀ ਸਮਝ ਲੈਂਦੇ ਹਨ ਕਿ
ਉਨ੍ਹਾਂ ਨੇ ਕੋਈ ਗੁਣਾਹ ਨਹੀਂ ਕੀਤਾ। ਇਸ ਸ਼ਬਦ ਰਾਹੀਂ ਗੁਰਦੇਵ ਮਨੁੱਖ ਦੀ ਇਸੇ ਕਮਜ਼ੋਰੀ ਨੂੰ ਨੰਗਾ
ਕਰਕੇ, ਜੀਵਨ ਦੀ ਅਸਲੀਅਤ ਸਮਝਾ ਰਹੇ ਹਨ। ਇਸਤਰ੍ਹਾਂ ਇਸ ਸ਼ਬਦ `ਚ ਵਿਸ਼ਾ ਹੀ ਦੂਜੇ ਦਾ ਹੱਕ ਖਾਣ
ਵਾਲੀ ਰਹਿਣੀ ਤੋਂ ਸੁਚੇਤ ਕਰਨਾ ਹੈ।
ਧਿਆਨ ਨਾਲ ਦੇਖਿਆਂ ਜਾਵੇ, ਇੱਥੇ ਤਾਂ ਉਲਟਾ ਸੂਰ ਤੇ ਗਊ ਦੇ ਮਾਸ ਵਾਲੇ
ਭੋਜਨ ਨੂੰ ਵਿਸ਼ਾ ਬਣਾਕੇ ਅਤੇ ਹਰਾਮ-ਹਲਾਲ ਦੀ ਸ਼ਬਦਾਵਲੀ ਨੂੰ ਵਰਤਕੇ ਗੁਰਦੇਵ ਨੇ ਜੀਵਨ ਦੀ ਸੱਚਾਈ
ਨੂੰ ਸਮਝਾਇਆ ਹੈ, ਮਾਸ ਦੇ ਭੋਜਨ ਦਾ ਵਿਰੋਧ ਕਰਕੇ ਨਹੀਂ।
“ਗੁਰਦੇਵ ਫ਼ੁਰਮਾ ਰਹੇ ਹਨ: “ਪਰਾਇਆ ਹੱਕ ਮੁਸਲਮਾਨ ਲਈ ਸੂਰ (ਖਾਣ ਦੇ ਤੁਲ)
ਹੈ ਤੇ ਹਿੰਦੂ ਲਈ ਗਾਂ (ਖਾਣ ਬਰਾਬਰ) ਹੈ। ਗੁਰੂ, ਪੈਗ਼ੰਬਰ ਤਾਂ ਹੀ ਸਿਫ਼ਾਰਿਸ਼ ਕਰਦਾ ਹੈ ਜੇ ਮਨੁੱਖ
ਪਰਾਇਆ ਹੱਕ ਨਾ ਵਰਤੇ। ਨਿਰੀਆਂ ਗੱਲਾਂ ਕਰਨ ਨਾਲ ਬਹਿਸ਼ਤ ਵਿੱਚ ਨਹੀਂ ਅੱਪੜ ਸਕੀਦਾ। ਸੱਚ ਨੂੰ
(ਭਾਵ, ਜਿਸ ਨੂੰ ਸੱਚਾ ਰਸਤਾ ਆਖਦੇ ਹੋ, ਉਸਨੂੰ) ਅਮਲੀ ਜੀਵਨ ਵਿੱਚ ਵਰਤਿਆਂ ਹੀ ਨਜਾਤ ਮਿਲਦੀ ਹੈ।
(ਬਹਿਸ-ਮੁਬਾਹਿਸੇ ਜਾਂ ਚਿੱਕਣੀਆਂ-ਚੁਪੜੀਆਂ ਗੱਲਾਂ ਮਾਰਣ ਨਾਲ, ਹਰਾਮ ਦਾ ਖਾਦਾ-ਲੁਟਿਆ ਦੂਜੇ ਦਾ
ਮਾਲ, ਹੱਕ (ਹਲਾਲ) ਦਾ ਮਾਲ ਨਹੀਂ ਬਣ ਜਾਂਦਾ। ਗੁਰੂ ਨਾਨਕ ਪਾਤਸ਼ਾਹ ਫ਼ੁਰਮਾਂਦੇ ਹਨ ਕਿ ਕੂੜੀਆਂ
ਗੱਲਾਂ ਕੀਤਿਆਂ ਕੂੜ ਹੀ ਮਿਲਦਾ ਹੈ ….” ਤਾਂਤੇ ਇਥੇ ਵੀ ਦੇਖ ਲਵੋ! ਇਥੇ ਤਾਂ ਵਿਸ਼ਾ ਹੀ ਹਰਾਮ-ਹਲਾਲ
ਜਾਂ ਪਰਾਏ ਤੇ ਅਪਣੇ ਹੱਕ ਦਾ ਹੈ। ਇਥੇ ਮਾਸ ਦੇ ਭੋਜਨ ਦਾ ਵਿਰੋਧ ਨਹੀਂ ਬਲਕਿ ਗਊ ਤੇ ਸੂਰ ਦੇ ਮਾਸ
ਨੂੰ ਛੱਕਣ ਦੀ ਵਸਤ ਮੰਨਕੇ ਗਲ ਸਮਝਾਈ ਹੈ, ਮਾਸ ਦੇ ਭੋਜਨ ਦਾ ਵਿਰੋਧ ਕਰਕੇ ਨਹੀਂ।
“ਕੂੜੁ ਬੋਲਿ ਮੁਰਦਾਰੁ ਖਾਇ” -
ਇਸੇ ਤਰ੍ਹਾਂ ਹੋਰ ਪ੍ਰਮਾਣ ਲੈਂਦੇ ਹਾਂ,
ਫ਼ੁਰਮਾਨ ਹੈ:
“ਕੂੜੁ ਬੋਲਿ ਮੁਰਦਾਰੁ ਖਾਇ॥ ਅਵਰੀ ਨੋ ਸਮਝਾਵਣਿ ਜਾਇ॥
ਮੁਠਾ ਆਪਿ ਮੁਹਾਏ ਸਾਥੈ॥ ਨਾਨਕ ਐਸਾ ਆਗੂ ਜਾਪੈ”
(ਪੰ: ੧੩੯)
ਇਥੇ ਗੁਰਦੇਵ ਫ਼ੈਸਲਾ ਦੇਂਦੇ ਹਨ ਜੋ ਮਨੁੱਖ ਝੂਠ ਬੋਲ ਕੇ
ਆਪ ਤਾਂ ਦੂਜਿਆਂ ਦਾ ਹੱਕ (ਮੁਰਦਾਰ) ਖਾਂਦਾ ਹੈ ਤੇ ਹੋਰਨਾਂ ਨੂੰ ਸਿੱਖਿਆ ਦੇਣ ਜਾਂਦਾ ਹੈ (ਕਿ ਝੂਠ
ਨਾਹ ਬੋਲੋ)। ਗੁਰੂ ਨਾਨਕ ਪਾਤਸ਼ਾਹ
ਫ਼ੁਰਮਾਂਦੇ ਹਨ ਕਿ ਅਜੇਹੇ ਆਗੂ ਦੀ ਅੰਤ ਜਦੋਂ ਇਹ ਸੱਚਾਈ ਉੱਘੜ ਆਉਂਦੀ ਹੈ ਤਾਂ ਸਾਬਤ ਹੋ ਜਾਂਦਾ ਹੈ
ਕਿ ਉਹ ਆਪ ਤਾਂ ਠੱਗਿਆ ਸੋ ਠਗਿਆ ਗਿਆ ਉਲਟਾ ਉਹ ਅਪਣੇ ਨਾਲ ਆਪਣੇ ਸਾਥ ਨੂੰ ਵੀ ਡੁਬੋ ਦੇਂਦਾ ਹੈ
ਭਾਵ ਅਪਣੇ ਨਾਲ-ਨਾਲ ਜਿਹੜੇ ਲੋਕ ਉਸਦੇ ਰਸਤੇ ਚਲਦੇ ਹਨ, ਉਨ੍ਹਾਂ ਦੀ ਤਬਾਹੀ ਦਾ ਕਾਰਣ ਵੀ ਬਣਦਾ
ਹੈ।” ਹੁਣ ਇਥੇ ਵੀ ਦੇਖ ਲਿਆ ਜਾਵੇ ਜੇਕਰ ਲਫ਼ਜ਼ ਮੁਰਦਾਰ ਜਿਸਦੇ ਕਿ ਇਥੇ ਵੀ ਅਰਥ ‘ਪਰਾਇਆ ਹੱਕ’ ਹੀ
ਹਨ, ਜੇਕਰ ਬਦੋਬਦੀ ਅਰਥ ਨਾ ਕਰੀਏ ਤਾਂ ਇਸ ਸਲੋਕ `ਚ ਤਾਂ ਮਾਸ ਦਾ ਜ਼ਿਕਰ ਤੀਕ ਵੀ ਨਹੀਂ ਆਇਆ।
“ਦੁਨਂੀਆ
ਮੁਰਦਾਰ ਖੁਰਦਨੀ ਗਾਫਲ ਹਵਾਇ ਮੁਰਦਾਰ ਖੁਰਦਨੀ ਗਾਫਲ ਹਵਾਇ”
-
ਹੋਰ ਲਵੋ! ਪਹਿਲੇ ਪਾਤਸ਼ਾਹ ਦਾ ਸ਼ਬਦ ਹੈ “ਖਾਕ ਨੂਰ ਕਰਦੰ ਆਲਮ ਦੁਨੀਆਇ॥ ਅਸਮਾਨ ਜਿਮੀ ਦਰਖਤ ਆਬ
ਪੈਦਾਇਸਿ ਖੁਦਾਇ॥ ੧ ॥
ਬੰਦੇ ਚਸਮ ਦੀਦੰ ਫਨਾਇ॥ ਦੁਨਂੀਆ
ਮੁਰਦਾਰ ਖੁਰਦਨੀ ਗਾਫਲ ਹਵਾਇ ਮੁਰਦਾਰ ਖੁਰਦਨੀ ਗਾਫਲ ਹਵਾਇ॥ ਰਹਾਉ॥ ਗੈਬਾਨ ਹੈਵਾਨ ਹਰਾਮ
ਕੁਸਤਨੀ ਮੁਰਦਾਰ ਬਖੋਰਾਇ॥ ਦਿਲ ਕਬਜ ਕਬਜਾ ਕਾਦਰੋ ਦੋਜਕ ਸਜਾਇ॥ ੨ ॥
ਵਲੀ ਨਿਆਮਤਿ ਬਿਰਾਦਰਾ ਦਰਬਾਰ ਮਿਲਕ ਖਾਨਾਇ॥ ਜਬ ਅਜਰਾਈਲੁ ਬਸਤਨੀ ਤਬ ਚਿ ਕਾਰੇ ਬਿਦਾਇ॥
੩ ॥
ਹਵਾਲ ਮਾਲੂਮੁ ਕਰਦੰ ਪਾਕ ਅਲਾਹ॥ ਬੁਗੋ ਨਾਨਕ ਅਰਦਾਸਿ ਪੇਸਿ ਦਰਵੇਸ ਬੰਦਾਹ॥
੪ ॥”
(ਪੰ: ੭੨੩)
ਹੁਣ ਇਥੇ ਇਸ ਸ਼ਬਦ ਵਿੱਚ ਵੀ ਸ਼ਬਦ ਦੇ ਅਸਲ ਅਰਥਾਂ ਨੂੰ ਦੇਖੋ! ਇਥੇ ਵੀ
ਮੁਰਦਾਰ ਦੇ ਅਰਥ ਹਰਾਮ ਜਾਂ ਪਰਾਇਆ ਹੱਕ ਹੀ ਹਨ। ਇੰਨਾ ਹੀ ਨਹੀਂ ਇਸ ਸਮੂਚੇ ਸ਼ਬਦ ਦਾ ਵੀ ਮਾਸ ਜਾਂ
ਮਾਸ ਦੇ ਭੋਜਨ ਨਾਲ ਦੂਰ ਦਾ ਵੀ ਵਾਸਤਾ ਨਹੀਂ। ਸ਼ਬਦ ਦੇ ਅਰਥ ਇਸ ਤਰ੍ਹਾਂ ਹਨ:
“ਹੇ ਮਨੁੱਖ! ਜੋ ਕੁੱਝ ਤੂੰ ਅੱਖੀਂ ਵੇਖਦਾ ਹੈਂ ਨਾਸਵੰਤ ਹੈ। ਪਰ ਦੁਨੀਆ
(ਮਾਇਆ ਦੇ) ਲਾਲਚ ਵਿੱਚ (ਪਰਮਾਤਮਾ ਵਲੋਂ) ਭੁੱਲੀ ਹੋਈ ਹੈ, ਤੇ, ਹਰਾਮ (ਮੁਰਦਾਰ) ਖਾਂਦੀ
ਰਹਿੰਦੀ ਹੈ (ਪਰਾਇਆ ਹੱਕ ਖੋਹਂਦੀ ਰਹਿੰਦੀ ਹੈ)। ਰਹਾਉ।
ਹੇ ਭਾਈ! ਚੇਤਨ ਜੋਤਿ ਅਤੇ ਅਚੇਤਨ ਮਿੱਟੀ ਮਿਲਾ ਕੇ ਪਰਮਾਤਮਾ ਨੇ ਇਹ ਜਗਤ
ਇਹ ਜਹਾਨ ਬਣਾ ਦਿੱਤਾ ਹੈ। ਆਸਮਾਨ, ਧਰਤੀ, ਰੁੱਖ, ਪਾਣੀ (ਆਦਿਕ ਇਹ ਸਭਕੁਝ) ਪਰਮਾਤਮਾ ਦੀ ਰਚਨਾ
ਹੈ। ੧। ਹੇ ਭਾਈ! ਗ਼ਾਫ਼ਲ (ਪ੍ਰਭੁ ਨੂੰ ਭੁਲਿਆ ਹੋਇਆ ਇਹ) ਮਨੁੱਖ ਭੂਤਾਂ ਪ੍ਰੇਤਾਂ ਪਸ਼ੂਆਂ ਵਾਂਗ
ਹਰਾਮ (ਦੂਜਿਆਂ ਦਾ ਹੱਕ) ਮਾਰ ਕੇ ਹਰਾਮ (ਪਰਾਏ ਧੰਨ ਨੂੰ ਖਾਂਦਾ) ਹੈ। ਇਸ ਦੇ ਦਿਲ ਉਤੇ (ਮਾਇਆ
ਦਾ) ਮੁਕੰਮਲ ਕਬਜ਼ਾ ਹੋਇਆ ਰਹਿੰਦਾ ਹੈ, ਪਰਮਾਤਮਾ ਇਸ ਨੂੰ ਦੋਜ਼ਕ ਦੀ ਸਜ਼ਾ ਦੇਂਦਾ ਹੈ। ੨। ਹੇ ਭਾਈ!
ਜਦੋਂ ਮੌਤ ਦਾ ਫ਼ਰਿਸ਼ਤਾ (ਆ ਕੇ) ਬੰਨ੍ਹ ਲੈਂਦਾ ਹੈ, ਤਦੋਂ ਪਾਲਣ ਵਾਲਾ ਪਿਉ, ਭਰਾ, ਦਰਬਾਰ,
ਜਾਇਦਾਦ, ਘਰ (ਉਹ ਕੱਠਾ ਕੀਤਾ ਹੋਇਆ ਪਰਾਇਆ ਹੱਕ ਤੇ ਦੂਜਿਆਂ ਦਾ ਮਾਲ) —ਇਹ ਸਾਰੇ (ਜਗਤ ਤੋਂ)
ਵਿਦਾ ਹੋਣ ਵੇਲੇ ਕਿਸ ਕੰਮ ਆਉਣਗੇ? । ੩। ਹੇ ਭਾਈ! ਪਵਿਤ੍ਰ ਪਰਮਾਤਮਾ (ਤੇਰੇ ਦਿਲ ਦਾ) ਸਾਰਾ ਹਾਲ
ਜਾਣਦਾ ਹੈ। ਹੇ ਨਾਨਕ! ਸੰਤ ਜਨਾਂ ਦੀ ਸੰਗਤਿ ਵਿੱਚ ਰਹਿ ਕੇ (ਪਰਮਾਤਮਾ ਦੇ ਦਰ ਤੇ) ਅਰਦਾਸ ਕਰਿਆ
ਕਰ (ਕਿ ਤੈਨੂੰ ਮਾਇਆ ਦੀ ਹੱਵਸ ਵਿੱਚ ਨਾਹ ਫਸਣ ਦੇਵੇ)”। ੪। ੧।
ਹੁਣ ਇਸ ਸ਼ਬਦ `ਚ ਵੀ ਅਸਲ ਮੱਸਲਾ ਉਹੀ ਹੈ ਕਿ ਇਸ ਸ਼ਬਦ `ਚ ਵੀ ਦੋ ਵਾਰੀ ਲਫ਼ਜ਼
‘ਮੁਰਦਾਰ’ ਆ ਗਿਆ ਹੈ। ਆਇਆ ਕਿਸ ਅਰਥ `ਚ, ਉਸ ਨਾਲ ਕੋਈ ਲੈਣਾ-ਦੇਣਾ ਨਹੀਂ ਬਸ ਇਹ ਲਫ਼ਜ਼ ‘ਮੁਰਦਾਰ’
ਆਇਆ ਨਹੀਂ ਤਾਂ ਵਿਰੋਧੀ ਸੱਜਣਾਂ ਨੇ ਉਸਨੂੰ ਅਪਣੇ ਮਿੱਥੇ ਹੋਏ ਅਰਥਾਂ `ਚ ਭਾਵ ਮਾਸ ਵਿਰੁਧ ਵਰਤ
ਲਿਆ। ਬਸ ਇਹੀ ਗਲਤੀ ਅਤੇ ਗੁਰਬਾਣੀ ਦੀ ਬੇਅਦਬੀ ਦਾ ਕਾਰਣ ਹੈ ਜੋ ਮਾਸ ਵਿਰੋਧੀ ਸੱਜਣਾਂ ਵਲੋਂ ਇਸ
ਵਿਸ਼ੇ ਤੇ ਬਾਰ-ਬਾਰ ਹੋ ਰਿਹਾ ਹੈ ਜਦਕਿ ਇਥੇ ਵੀ ਸਪੱਸ਼ਟ ਦੇਖ ਚੁੱਕੇ ਕਿ ਇਥੇ ਪਹਿਲੇ ਪਾਤਸ਼ਾਹ ਦੇ ਇਸ
ਸ਼ਬਦ `ਚ ਵਿਸ਼ਾ ਹੀ ਹੋਰ ਹੈ। ਬਲਕਿ ਇਸ ਸ਼ਬਦ `ਚ ਵੀ ਮਾਸ ਜਾਂ ਮਾਸ ਦੇ ਭੋਜਨ ਦਾ ਦੂਰ ਦਾ ਵੀ ਸੰਬੰਧ
ਨਹੀਂ।
“ਅੰਧੀ ਰਯਤਿ ਗਿਆਨ ਵਿਹੂਣੀ ਭਾਹਿ ਭਰੇ ਮੁਰਦਾਰੁ” -
ਇਸੇਤਰ੍ਹਾਂ ਬਾਣੀ ਵਾਰ ਆਸਾ ਪਉ: ੧੧ ਦੇ ਪੂਰੇ ਸਲੋਕ ਦੇ ਦਰਸ਼ਨ ਕਰੋ ਇਸ ਦੀਆਂ ਅਰੰਭਕ ਪੰਕਤੀਆਂ ਹਨ
“ਲਬੁ ਪਾਪੁ ਦੁਇ ਰਾਜਾ ਮਹਤਾ ਕੂੜੁ ਹੋਆ ਸਿਕਦਾਰੁ॥ ਕਾਮੁ ਨੇਬੁ ਸਦਿ ਪੁਛੀਐ
ਬਹਿ ਬਹਿ ਕਰੇ ਬੀਚਾਰੁ॥ ਅੰਧੀ ਰਯਤਿ ਗਿਆਨ ਵਿਹੂਣੀ ਭਾਹਿ ਭਰੇ ਮੁਰਦਾਰੁ” (ਪੰ: ੪੬੮) ਇਸ
ਵਿਚੋਂ “ਭਾਹਿ ਭਰੇ ਮੁਰਦਾਰੁ” ਦੇ ਅਰਥ ਹਨ “ਚੱਟੀ ਬੱਧਾ ਗੁਜ਼ਰ ਰਿਹਾ ਅਸਫ਼ਲ ਜੀਵਨ”।
ਪੂਰੇ ਸਲੋਕ ਦਾ ਭਾਵ ਹੈ ਕਿ ਮਨੁੱਖ ਇਸ ਸੰਸਾਰ `ਚ ਆਉਂਦਾ ਹੈ ਅਤੇ ਬਹੁਤਾ
ਕਰਕੇ ਜਨਮ ਬਰਬਾਦ ਕਰਕੇ ਹੀ ਜਾਂਦਾ ਹੈ। ਕਾਰਣ ਹੁੰਦਾ ਹੈ, ਜਿੰਨ੍ਹਾਂ ਜੀਭ ਦੇ ਚੱਸਕਿਆਂ, ਸੰਸਾਰਕ
ਖਿਚਾਂ, ਮੋਹ ਮਾਇਆ ਦੀ ਪੱਕੜ ਤੋਂ ਉਸ ਨੇ ਆਜ਼ਾਦ ਹੋ ਕੇ ਜੀਣਾ ਸੀ “ਲਬੁ ਪਾਪੁ ਦੁਇ ਰਾਜਾ
ਮਹਤਾ…”, ਅਨੁਸਾਰ ਉਨ੍ਹਾਂ ਵਿਕਾਰਾਂ-ਅਉਗਣਾਂ ਦੇ ਤਾਂ ਅਧੀਨ ਹੋ ਕੇ ਜੀਅ ਰਿਹਾ ਹੁੰਦਾ ਹੈ।
ਇਸਤਰ੍ਹਾਂ ਮਨੁੱਖ ਅਪਣੇ ਮਨੁੱਖਾ ਜਨਮ ਨੂੰ ਕੇਵਲ ਚੱਟੀ ਬੱਧਾ (ਮੁਰਦਾਰ),
ਤ੍ਰਿਸ਼ਨਾ-ਭੱਟਕਣਾਂ ਅਤੇ ਕੂੜ ਦੀ ਅੱਗ `ਚ (ਭਾਹਿ ਭਰੇ, ਚੱਟੀ ਬੱਧਾ) ਹੀ ਮੁੱਕਾ ਰਿਹਾ
ਹੁੰਦਾ ਹੈ। ਇਸ ਗੁਮਰਾਹਕੁਨ ਜੀਵਨ `ਚ ਜੀਅ ਰਿਹਾ ਮਨੁੱਖ, ਜ਼ਾਹਿਰਾ ਤੌਰ ਤੇ ਜੋਧਾ ਹੈ, ਗਿਆਨੀ ਹੈ,
ਪੰਡਤ ਜਾਂ ਜਤੀ ਬਣਕੇ ਜੰਗਲਾਂ `ਚ ਭੱਟਕਦਾ ਹੈ; ਪਰ ਅਸਲ `ਚ ਅਪਣੇ ਮਨੁੱਖਾ ਜਨਮ ਨੂੰ ਹੀ ਜ਼ਾਇਆ ਕਰ
ਰਿਹਾ ਹੁੰਦਾ ਹੈ। ਅਜੇਹਾ ਮਨੁੱਖ ਪ੍ਰਭੂ ਦੀ ਦਰਗਾਹ `ਚ ਕਬੂਲ ਨਹੀਂ ਹੁੰਦਾ। ਇਸਤਰ੍ਹਾਂ ਕਰਤੇ ਦੀ
ਰਜ਼ਾ `ਚ ਅਪਣੇ ਜੀਵਨ ਨੂੰ ਇੱਕ-ਮਿੱਕ ਕੀਤੇ ਬਿਨਾ, ਕਰਤੇ ਦੇ ਰੰਗ `ਚ ਜੀਵਨ ਨੂੰ ਰੰਗੇ ਬਿਨਾ-ਜੋਧਾ,
ਪੰਡਤ, ਗਿਆਨੀ, ਜੋਗੀ ਆਦਿ ਸਾਰੇ ਲੇਬਲ ਕੇਵਲ ਦਿਖਾਵਾ ਹੁੰਦੇ ਹਨ ਅਤੇ ਅੰਦਰੋਂ ਖਾਲੀ ਹੀ ਹੁੰਦਾ
ਹੈ। ਇਸਦੇ ਉਲਟ ਜੀਵਨ ਦੀ ਸਫਲਤਾ ਵਾਸਤੇ ਇਨ੍ਹਾਂ ਲੇਬਲਾਂ ਦੀ ਨਹੀਂ ਬਲਕਿ ਕਾਮ, ਕ੍ਰੋਧ, ਲੋਭ,
ਪਾਪ, ਵਿਕਾਰ, ਸੰਸਾਰਕ ਚੱਸਕੇ ਤੇ ਮਾਇਕ ਰਸਾਂ ਵਾਲੀਆਂ ਕਮਜ਼ੋਰੀਆਂ ਵਲੋਂ ਸਰੀਰ ਨੂੰ ਬਚਾ ਕੇ, ਗੁਰੂ
ਦੀ ਆਗਿਆ-ਸਿਖਿਆ `ਚ ਸੁਚੇਤ ਹੋਕੇ ਵਿਚਰਣ ਦੀ ਲੋੜ ਹੁੰਦੀ ਹੈ …।
ਹੁਣ ਇਥੇ ਵੀ ਦੇਖ ਲਵੋ! ਪੂਰੇ ਸਲੋਕ ਦਾ ਮਾਸ ਦੇ ਭੋਜਨ ਜਾਂ ਸਲੋਕ ਦੀ
ਵਿਚਾਰਧਾਰਾ ਦਾ ਮਾਸ ਨਾਲ ਸੰਬੰਧ ਹੈ ਹੀ ਨਹੀਂ ਜਿਵੇਂ ਕਿ ਮਾਸ ਵਿਰੋਧੀ ਸੱਜਣ ਟੱਪਲਾ ਖਾ ਰਹੇ ਹਨ।
ਇਸਤੋਂ ਇਲਾਵਾ ਜਿਵੇਂ ਅਸੀਂ ਦੇਖ ਚੁਕੇ ਹਾਂ ਮਹਾਨ ਕੋਸ਼ ਅਨੁਸਾਰ ‘ਮੁਰਦਾਰ’ ਦੇ ਅਰਥ ਲੋਥ, ਲਾਸ਼ ਜਾਂ
ਭੂਸੇ ਨਾਲ ਭਰੀ ਹੋਈ ਲਾਸ਼ ਵੀ ਦਸੇ ਹਨ। ਜੇ ਉਸ ਪਖੋਂ ਵੀ ਦੇਖਿਆ ਜਾਵੇ ਤਾਂ ਇਨ੍ਹਾਂ ਸਾਰੇ
ਪ੍ਰਮਾਣਾਂ `ਚ ਉਹੋ ਜਹੀ ਵੀ ਕੋਈ ਗਲ ਨਹੀ। ਇਸਦੇ ਨਾਲ ਇਸ ਵਿਸ਼ੇ ਤੇ ਵੀ ਰੋਸ਼ਨੀ ਪਾ ਦੇਣਾ ਜ਼ਰੂਰੀ
ਸਮਝਦੇ ਹਾਂ ਕਿ ਸੰਸਾਰ ਭਰ `ਚ ਮਾਸ ਨੂੰ ਭੋਜਨ ਵਜੋਂ ਛੱਕਣ ਵਾਲੇ ਲੋਕ ਵੀ-ਕੁਦਰਤੀ ਮਰ ਚੁਕੇ ਜਾਨਵਰ
ਦਾ ਮਾਸ ਨਹੀਂ ਖਾਂਦੇ।
ਹਾਂ! ਬਹੁਤ ਨੀਵੀਆਂ ਸ਼੍ਰੇਣੀਆਂ `ਚ ਰਬੋਂ ਹੀ ਤਾਜ਼ੇ ਮਰ ਚੁਕੇ ਜੀਵ ਦੇ ਮਾਸ
ਨੂੰ ਖਾਣ ਦੀ ਗਲ ਕਿਸੇ ਹੱਦ ਤੀਕ ਮਨੀ ਜਾਂਦੀ ਹੈ ਪਰ ਉਥੇ ਵੀ ਉਸ ਹਦ ਤੀਕ, ਜਦ ਤੀਕ ਮਰ ਚੁਕੇ ਜੀਵ
ਵਿਚੋਂ ਬਦਬੂ ਹੀ ਨਾ ਉਠ ਚੁਕੀ ਹੋਵੇ। ਇਸ ਤਰੀਕੇ ਜਿੰਨਾ ਵੀ ਜ਼ੋਰ ਲਾ ਲਵੋ, ਸਿੱਖਾਂ ਦੀ ਤਾਂ ਗਲ ਹੀ
ਕੀ ਹੈ, ਸੰਸਾਰ ਪੱਧਰ ਤੇ ਮਾਸ ਖਾਣ ਵਾਲਿਆਂ ਦੀ ਸ਼੍ਰੇਣੀ ਉਪਰ ਵੀ ਮੁਰਦਾਰ ਖਾਣ ਵਾਲਾ ਵਿਸ਼ਾ ਲਾਗੂ
ਨਹੀਂ ਹੁੰਦਾ। ਸਪੱਸ਼ਟ ਹੈ, ਗੁਰਬਾਣੀ `ਚ ਮੁਰਦਾਰ ਦੇ ਅਰਥ ਬਹੁਤਾ ਕਰਕੇ ਪਰਾਇਆ ਹੱਕ ਜਾਂ ਚੱਟੀ
ਬੱਧਾ ਜੀਵਨ ਹੀ ਆਏ ਹਨ, ਇਸ ਤੋਂ ਵੱਧ ਨਹੀਂ। ਮਾਸ ਛੱਕਣ ਜਾਂ ਮਾਸ ਦੇ ਭੋਜਨ ਨਾਲ ਇਸ ਲਫ਼ਜ਼ ਦਾ
ਸਮੂਚੀ ਗੁਰਬਾਣੀ ਰਚਨਾ ਦਾ ਉਕਾ ਸੰਬੰਧ ਨਹੀਂ।