ਘੜੀਐ ਸਬਦੁ ਸਚੀ ਟਕਸਾਲ
ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ
ਮਨੁੱਖ ਨੇ ਆਪਣੇ ਜੀਵਨ ਵਿੱਚ ਕਾਮਯਾਬੀ ਹਾਸਲ ਕਰਨੀ ਹੈ ਤਾਂ ਉਸ ਨੂੰ ਸਾਧਨਾ
ਦੀ ਜ਼ਰੂਰਤ ਹੈ। ਬਿਨਾਂ ਸਾਧਨਾ ਤੋਂ ਕਿਸੇ ਵੀ ਮੰਜ਼ਿਲ ਤੇ ਪਹੁੰਚਿਆ ਨਹੀਂ ਜਾ ਸਕਦਾ। ਕਿਸੇ ਬੱਚੇ ਨੇ
ਡਾਕਟਰ ਬਣਨਾ ਹੈ, ਇੰਜੀਨੀਅਰ ਬਣਨਾ ਹੈ, ਵਕੀਲ ਬਣਨਾ ਹੈ ਤਾਂ ਉਸ ਨੂੰ ਘੰਟਿਆਂ ਬੱਧੀ ਸਾਧਨਾ ਦੀ
ਜ਼ਰੂਰਤ ਹੈ। ਸਾਧਨਾ ਕਰਦਿਆਂ ਕੁੱਝ ਨਿਯਮਾਂ ਦੀ ਪਾਲਣਾ ਕਰਨੀ ਪੈਂਦੀ ਹੈ। ਗੱਲ ਕੀ ਜ਼ਿੰਦਗੀ ਦੀ ਸਫ਼ਲ
ਕਾਮਯਾਬੀ ਲਈ ਸਾਧਨਾ ਦੀ ਸਖ਼ਤ ਜ਼ਰੂਰਤ ਹੈ। ਦੁਨੀਆਂ ਤੇ ਮਨੁੱਖ ਆ ਤਾਂ ਗਿਆ ਪਰ ਇਹ ਪਸ਼ੂ ਬਿਰਤੀ ਤੋਂ
ਉੱਪਰ ਨਹੀਂ ਉੱਠ ਸਕਿਆ। ਚਾਰ ਚੁਫੇਰੇ ਲੁੱਟਾਂ ਖੋਹਾਂ, ਹੇਰਾ ਫੇਰੀ, ਮਾਰ-ਧਾੜ, ਇੱਕ ਦੂਜੇ ਨੂੰ
ਨੀਵਾਂ ਦਿਖਾਉਣ ਲਈ ਮਾਰੂ ਹਥਿਆਰਾਂ ਦੀ ਖੁਲ੍ਹ ਕੇ ਵਰਤੋਂ ਹੋ ਰਹੀ ਹੈ। ਇਸ ਦੇ ਨਾਲ ਹੀ ਪਾਠ ਪੂਜਾ,
ਕਰਮ ਕਾਂਡ ਤੇ ਧਰਮ ਦੇ ਨਾਂ ਤੇ ਕਰਮ ਕਰਨੇ ਵੀ ਅੱਗੇ ਨਾਲੋਂ ਵੀ ਜ਼ਿਆਦਾ ਹੋ ਰਹੇ ਹਨ। ਮੰਦਰ,
ਮਸਜਿਦਾਂ ਤੇ ਗੁਰਦੁਆਰਿਆਂ ਦਾ ਵੀ ਬੇ-ਓੜਕ ਵਾਧਾ ਹੋਇਆ ਹੈ। ਅਪਰਾਧ ਦੀ ਦੁਨੀਆਂ ਦਾ ਵੀ ਵਾਧਾ ਹੋਇਆ
ਹੈ। ਆਪਣੇ ਆਪ ਨੂੰ ਧਰਮੀ ਅਖਵਾਉਣ ਵਾਲਾ ਧਰਮ ਗ੍ਰੰਥ ਸਾੜਨ ਵਿੱਚ ਵੱਡਾ ਪੁੰਨ ਸਮਝੀ ਬੈਠਾ ਹੈ। ਧਰਮ
ਦਾ ਬੁਰਕਾ ਤਾਂ ਪਹਿਨ ਲਿਆ ਪਰ ਧਰਮੀ ਇਨਸਾਨ ਨਹੀਂ ਬਣ ਸਕਿਆ। ਖ਼ੁਦਗ਼ਰਜ਼ੀ ਤੋਂ ਉੱਪਰ ਨਹੀਂ ਉੱਠ
ਸਕਿਆ। ਗੁਰੂ ਨਾਨਕ ਪਾਤਸ਼ਾਹ ਜੀ ਨੇ ਇਨਸਾਨੀ ਕਦਰਾਂ ਕੀਮਤਾਂ ਸਮਝਾਉਣ ਲਈ ਆਪਣਾ ਸਾਰਾ ਜੀਵਨ ਲਗਾ
ਦਿੱਤਾ। ਅਮਲੀ ਜੀਵਨ ਜਿਉਣ ਦੀ ਜਾਚ ਸਿਖਾਈ। ਜੋਗੀਆਂ, ਬ੍ਰਹਮਣਾਂ, ਕਾਜ਼ੀਆਂ ਨੂੰ ਧਰਮ ਦੀ ਨਿਯਮਾਵਲੀ
ਸਮਝਾਈ। ਸਚਿਆਰ ਮਨੁੱਖ ਬਣਨ ਨੂੰ ਤਰਜੀਹ ਦਿੱਤੀ। ਸਚਿਆਰ ਤਾਂ ਹੀ ਬਣ ਸਕਦਾ ਹੈ, ਜੇ ਕਰ ਗੁਰੂ ਦੇ
ਗਿਆਨ ਨੂੰ ਅਮਲੀ ਜੀਵਨ ਵਿੱਚ ਲੈ ਕੇ ਆਵੇ। ਭਾਈ ਗੁਰਦਾਸ ਜੀ ਨੇ ਇੱਕ ਕਬਿੱਤ ਅੰਦਰ ਸਾਡੀ ਮਾਨਸਿਕ
ਦਸ਼ਾ ਦਾ ਵਰਣਨ ਕੀਤਾ ਹੈ। ਅਸੀਂ ਪੁੱਛਦੇ ਰਹਿੰਦੇ ਹਾਂ, ਪਰ ਧਰਮ ਦੇ ਮਾਰਗ ਤੇ ਤੁਰਨ ਲਈ ਤਿਆਰ ਨਹੀਂ
ਹਾਂ। ਪੁੱਛਣ ਨਾਲ ਮੰਜ਼ਿਲ ਤੇ ਨਹੀਂ ਪਾਹੁੰਚ ਸਕਦੇ। ਕਰਮ ਸਾਡੇ ਦੁਹਾਗਣਾਂ ਵਰਗੇ ਹਨ ਪਰ ਸੁਹਾਗਣਾਂ
ਵਰਗੀ ਜ਼ਿੰਦਗੀ ਦੀਆਂ ਵਿਚਾਰਾਂ ਕਰਦੇ ਹਾਂ। ਵੈਦ ਬਾਰੇ ਵਿੱਚ ਪੂਰਾ ਗਿਆਨ ਰੱਖਦੇ ਹਾਂ, ਦਵਾਈ ਵੀ ਲੈ
ਕੇ ਆਉਂਦੇ ਹਾਂ ਪਰ ਦੁਵਾਈ ਖਾਂਦਿਆਂ ਪੂਰਾ ਸੰਜਮ ਨਹੀਂ ਵਰਤਦੇ। ਕੀ ਇੰਜ ਦੁਵਾਈ ਖਾਣ ਨਾਲ ਰੋਗ
ਮਿੱਟ ਸਕਦਾ ਹੈ? ਉੱਤਰ ਕਦੇ ਵੀ ਰੋਗ ਨਹੀਂ ਮਿੱਟੇਗਾ। ਗੁਰਦੁਆਰੇ ਜਾਂਦੇ ਹਾਂ ਅੱਖਾਂ ਮੀਚ ਕੇ ਬੈਠ
ਜਾਂਦੇ ਹਾਂ ਪਰ ਜੀਵਨ ਵਿੱਚ ਬਦਲਾ ਕੋਈ ਨਹੀਂ ਹੈ। ਕਿਉਂਕਿ ਅਸੀਂ ਵਿਚਾਰ ਨੂੰ ਆਪਣੀ ਜ਼ਿੰਦਗੀ ਦਾ
ਅੰਗ ਨਹੀਂ ਬਣਾਇਆ। ਭਾਈ ਸਾਹਿਬ ਭਾਈ ਗੁਰਦਾਸ ਜੀ ਆਖਦੇ ਹਨ --- ਹੇ ਭਲੇ ਪੁਰਸ਼! ਗੁਰੂ ਦੇ ਗਿਆਨ
ਨੂੰ ਆਪਣੇ ਜੀਵਨ ਵਿੱਚ ਢਾਲਣ ਦਾ ਯਤਨ ਕਰ। ਪੂਰਾ ਕਬਿੱਤ ਇਸ ਤਰ੍ਹਾਂ ਹੈ।
ਪੂਛਤ ਪਥਿਕ ਤਿਹ ਮਾਰਗ ਨ ਧਾਰੇ ਪਗੁ, ਪ੍ਰੀਤਮ ਕੇ ਦੇਸ ਕੈਸੈ ਬਾਤਨ ਸੇ
ਜਾਈਐ॥
ਪੂਛਤ ਹੈ ਬੈਦ ਖਾਤ ਅਉਖਧਿ ਨ ਸੰਜਮ ਸੈ, ਕੈਸੇ ਮਿਟੈ ਰੋਗ ਸੁਖ ਸਹਿਜ
ਸਮਾਈਐ॥
ਪੂਛਤ ਸੁਹਾਗਣਿ ਕਰਮ ਹੈ ਦੁਹਾਗਣਿ ਕੈ, ਰਿਦੈ ਵਿਭਚਾਰ ਕਤ ਸੇਜਾ ਬੁਲਾਈਐ॥
ਗਾਏ ਸੁਨੈ ਆਂਖੇ ਮੀਚੈ ਪਾਈਐ ਨ ਪਰਮ ਪਦ, ਗੁਰ ਉਪਦੇਸ ਜਉ ਲਉ ਨ ਕਮਾਈਐ॥
ਕਬਿੱਤ ਨੰਬਰ ੪੩੯ –
ਗੁਰ ਉਪਦੇਸ਼ ਨੂੰ ਜੀਵਨ ਦਾ ਅੰਗ ਬਣਾਉਣਾ ਹੈ। ਸਵਾਲ ਪੈਦਾ ਹੁੰਦਾ ਹੈ, ਕਿ,
ਪਿੱਛਲੇ ਕਈ ਸਾਲਾਂ ਤੋਂ ਗੁਰਬਾਣੀ ਪੜ੍ਹਦੇ ਆ ਰਹੇ ਹਾ, ਪਰ ਅਜੇ ਤਕ ਜੀਵਨ ਜਾਚ ਨਹੀਂ ਆ ਸਕੀ ਤੇ ਨਾ
ਹੀ ਜੀਵਨ ਵਿੱਚ ਅੰਨਦ ਬਣ ਸਕਿਆ ਹੈ। ਜਪੁ ਨੀਸਾਣ ਦੀ ਅਠੱਤਵੀਂ ਪਉੜੀ ਵਿੱਚ ਗੁਰੂ ਨਾਨਕ ਸਾਹਿਬ ਜੀ
ਨੇ ਗੁਰਬਾਣੀ ਪੜ੍ਹਨ ਦੇ ਕੁੱਝ ਨੁਕਤੇ ਤਜਵੀਜ਼ ਕੀਤੇ ਹਨ। ਜੇ ਕਰ ਅਸੀਂ ਇਹਨਾਂ ਨੁਕਤਿਆਂ ਨੂੰ ਅਪਨਾ
ਕੇ ਗੁਰਬਾਣੀ ਪੜ੍ਹਾਂਗੇ ਤਾਂ ਸਾਡਾ ਮਨ ਗੁਰਬਾਣੀ ਵਿੱਚ ਲੱਗੇਗਾ, ਮਨ ਭਟਕੇਗਾ ਨਹੀਂ। ਇਸ ਪਉੜੀ
ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਨੇ ਸੱਤ ਨੁਕਤੇ ਤਜਵੀਜ਼ ਕੀਤੇ ਹਨ। ਸੁਨਿਆਰਾ, ਉਸ ਦੀ ਦੁਕਾਨ ਤੇ
ਦੁਕਾਨ ਅੰਦਰ ਵਰਤਿਆ ਜਾਣ ਵਾਲਾ ਸਮਾਨ ਪ੍ਰਤੀਕ ਬਣਾ ਕੇ ਸਾਨੂੰ ਸਮਝਾਇਆ ਗਿਆ ਹੈ। ਗੁਰਬਾਣੀ
ਪੜ੍ਹਨੀ, ਸੁਣਨੀ ਤੇ ਵਿਚਾਰਨੀ ਇੱਕ ਔਖੀ ਸਾਧਨਾ ਹੈ। ਇਸ ਸਾਧਨਾ ਦੀ ਆਪਣੀ ਇੱਕ ਨਿਯਮਾਵਲੀ ਹੈ। ਇਸ
ਨਿਯਮਾਵਲੀ ਨੂੰ ਅਪਨਾਇਆਂ ਸਚਿਆਰ ਮਨੁੱਖ ਦੀ ਘਾੜਤ ਘੜੀ ਜਾ ਸਕਦੀ ਹੈ। ਪੂਰੀ ਪਉੜੀ ਦਾ ਪਾਠ ਇਸ
ਤਰ੍ਹਾਂ ਹੈ:---
ਜਤੁ ਪਾਹਾਰਾ ਧਰਿਜੁ ਸਨਿਆਰੁ॥ ਅਹਰਣਿ ਮਤਿ ਵੇਦੁ ਹਥਿਆਰੁ॥
ਭਉ ਖਲਾ ਅਗਨਿ ਤਪ ਤਾਉ॥ ਭਾਂਡਾ ਭਾਉ ਅੰਮ੍ਰਿਤੁ ਤਿਤੁ ਢਾਲਿ॥
ਘੜੀਐ ਸਬਦੁ ਸਚੀ ਟਕਸਾਲ॥ ਜਿਨ ਕਉ ਨਦਰਿ ਕਰਮੁ ਤਿਨ ਕਾਰ॥
ਨਾਨਕ ਨਦਰੀ ਨਦਰਿ ਨਿਹਾਲ॥ ੩੮॥
ਇਸ ਪੳੜੀ ਅੰਦਰ ਗੁਰੂ ਸਾਹਿਬ ਜੀ ਨੇ ਜੋ ਸੁਝਾਅ ਦਿੱਤੇ ਹਨ, ਇਹਨਾਂ ਨੂੰ
ਸਮਝਿਆਂ ਅਪਨਾਇਆਂ ਗੁਰਬਾਣੀ ਨਾਲ ਮਨ ਜੁੜ ਸਕਦਾ ਹੈ ਤੇ ਜੁੜਿਆ ਹੋਇਆ ਮਨੁੱਖ ਹੀ ਸਚਿਆਰ ਦੀ ਟੀਸੀ
`ਤੇ ਪਾਹੁੰਚ ਸਕਦਾ ਹੈ। ਸਚਿਆਰ ਗੁਰਬਾਣੀ ਦਾ ਮੁਖ ਨਿਸ਼ਾਨਾ ਹੈ ---ਪਹਿਲਾ ਨੁਕਤਾ ਜਤ ਨੂੰ ਧਾਰਨ
ਕਰਨ ਦਾ ਹੈ। ਸਰੀਰ ਨੂੰ ਸੁਨਿਆਰੇ ਦੀ ਦੁਕਾਨ ਬਣਾਉਂਣ ਲਈ ਕਿਹਾ ਹੈ। ਜਤ ਦਾ ਅਰਥ ਹੈ ਸਰੀਰ ਨੂੰ
ਕੁਆਰਾ ਰੱਖਣਾ ਜਦ ਕਿ ਸਿੱਖੀ ਵਿੱਚ ਗ੍ਰਹਿਸਤ ਪ੍ਰਧਾਨ ਅਤੇ ਪਰਵਾਨ ਹੈ। ਫਿਰ “ਜਤੁ” ਕਿੱਥੇ ਧਾਰਨ
ਕਰਨਾ ਹੈ? ਸਿੱਧਾ ਸਾਧਾ ਉੱਤਰ ਹੈ ਜੋ ਸਾਡੇ ਗਿਆਨ ਇੰਦ੍ਰੇ ਹੈਣ ਇਹਨਾਂ `ਤੇ ਕੰਟਰੋਲ ਕਰਨਾ ਹੈ।
ਗੁਰਬਾਣੀ ਪੜ੍ਹਨੀ, ਸੁਣਨੀ ਤੇ ਵੀਚਾਰਨੀ ਹੋਵੇ ਤਾਂ ਸਭ ਤੋਂ ਪਹਿਲਾਂ ਮਨ ਅੰਦਰ ਆ ਰਹੀਆਂ ਸੋਚਾਂ
ਨੂੰ ਸਮਝਣਾ ਹੈ। ਭੈੜੇ ਖ਼ਿਆਲਾਂ ਨੂੰ ਰੋਕਣਾ ਹੈ, ਪਹਿਲੀ ਤੁਕ ਦਾ ਪਾਠ ਇੰਜ ਹੈ ---
“ਜਤੁ ਪਾਹਾਰਾ ਧੀਰਜ ਸੁਨਿਆਰੁ”॥
“ਪਾਹਾਰਾ” ਦਾ ਅਰਥ ਸਰੀਰ ਰੂਪੀ ਦੁਕਾਨ ਹੈ ਤੇ “ਜਤੁ” ਦਾ ਭਾਵ ਲਿਆ ਹੈ –
ਆਪਣਿਆਂ ਗਿਆਨ—ਇੰਦਰਿਆਂ ਨੂੰ ਸੰਜਮ ਵਿੱਚ ਲੈ ਕੇ ਆਉਣਾ। ਸਰੀਰ ਦੁਕਾਨ ਹੈ; ਜਤੁ ਸੰਜਮ ਹੈ ਫਿਰ ਇਸ
ਦਾ ਭਾਵ ਅਰਥ ਹੋਇਆ ਕਿ ਅਸੀਂ ਆਪਣੇ ਸਰੀਰ ਰੂਪੀ ਸਨਿਆਰੇ ਦੀ ਦੁਕਾਨ ਵਿੱਚ ਸੰਜਮ ਲੈ ਕੇ ਆਉਣਾ ਹੈ।
ਸੰਜਮ ਲਈ ਜ਼ਰੂਰੀ ਹੈ ਕਿ ਅੱਖਾਂ ਦੀ ਸਹੀ ਵਰਤੋਂ ਕਰਨੀ, ਕੰਨਾਂ ਦਾ ਦੁਰਪ੍ਰਯੋਗ ਨਾ ਕਰਨਾ। ਸਪਰਸ਼ ਦੀ
ਖੁਲ੍ਹ ਖੇਡ ਤੋਂ ਬਚਣਾ ਤੇ ਗਿਆਨ ਇੰਦਰਿਆਂ ਦੇ ਚਸਕਿਆਂ ਤੋਂ ਸਾਵਧਾਨ ਹੋ ਕਿ ਚੱਲਣਾ ਹੈ। ਗੁਰਬਾਣੀ
ਪੜ੍ਹਨ ਦਾ ਪਹਿਲਾ ਨੁਕਤਾ ਜੋ ਸਚਿਆਰ ਦੀ ਮੰਜ਼ਿਲ ਵਲ ਜਾਂਦਾ ਹੈ। ਸਰੀਰਕ ਇੰਦਰਿਆਂ ਨੂੰ ਪਵਿੱਤਰ
ਰੱਖਣਾ ਹੈ। ਕੰਨ ਪਰਾਈ ਨਿੰਦਿਆ ਤੇ ਆਪਣੀ ਤਾਰੀਫ਼ ਸਣ ਕੇ ਖ਼ੁਸ਼ ਹੁੰਦੇ ਹਨ। ਅੱਖਾਂ ਪਰਾਇਆ ਰੂਪ ਤੱਕਣ
ਵਿੱਚ ਪੂਰੀ ਮੁਹਾਰਤ ਰੱਖਦੀਆਂ ਹਨ। ਜ਼ਬਾਨ ਚਸਕਿਆਂ ਵਿੱਚ ਪੂਰੀ ਤਰ੍ਹਾਂ ਜਕੜੀ ਪਈ ਹੈ। ਮਨ ਵਿੱਚ
ਇਹਨਾਂ ਦੀ ਪ੍ਰਾਪਤੀ ਲਈ ਤਰ੍ਹਾਂ ਤਰ੍ਹਾਂ ਦੀਆਂ ਖ਼ਾਹਸ਼ਾਂ ਜਨਮ ਲੈਂਦੀਆਂ ਹਨ। ਲੋੜ ਨਾਲੋਂ ਜ਼ਿਆਦਾ
ਖ਼ਾਹਸ਼ਾਂ ਆਦਮੀ ਦਾ ਸੁੱਖ ਚੈਨ ਖੋਹ ਲੈਂਦੀਆਂ ਹਨ। ਜੇ ਗੁਰਬਾਣੀ ਪੜ੍ਹਨੀ ਸੁਣਨੀ ਵੀਚਾਰਨੀ ਹੈ ਤਾਂ
ਪਹਿਲਾਂ ਹਿਰਦੇ ਵਿੱਚ ਸੰਜਮ ਨੂੰ ਲਿਆਉਣਾ ਪਏਗਾ ਤਾ ਕਿ ਮਾੜੀਆਂ ਸੋਚਾਂ ਤੋਂ ਬਚਿਆ ਜਾ ਸਕੇ। ਸਰੀਰ
ਦੁਕਾਨ ਅੰਦਰ ਧੀਰਜ ਰੂਪੀ ਸੁਨਿਆਰਾ ਬਿਠਾਉਣਾ ਹੈ। ਪਹਿਲੇ ਨੁਕਤੇ ਵਿੱਚ ਗੁਰਦੇਵ ਜੀ ਨੇ ਸਰੀਰਕ
ਇੰਦਰਿਆਂ ਨੂੰ ਸੰਜਮ ਵਿੱਚ ਲਿਆਉਣ ਲਈ ਪ੍ਰੇਰਤ ਕੀਤਾ ਹੈ। ਦੂਸਰਾ ਨੁਕਤਾ ਧੀਰਜ ਦਾ ਆਇਆ ਹੈ।
ਦੁਨੀਆਂ ਦੀ ਕੋਈ ਦੁਕਾਨ ਧੀਰਜ ਤੋਂ ਬਿਨਾਂ ਨਹੀਂ ਚਲ ਸਕਦੀ। ਇਹ ਨਹੀਂ ਕਿ ਹੁਣੇ ਦੁਕਾਨ ਪਾਈ ਤੇ
ਹੁਣੇ ਹੀ ਮਾਲਾ--ਮਾਲ ਹੋ ਗਏ। ਦੁਕਾਨਦਾਰੀ ਧੀਰਜ ਰੱਖ ਕੇ ਚਲਾਉਣੀ ਪੈਂਦੀ ਹੈ। ਗਾਹਕਾਂ ਦੀਆਂ ਕਈ
ਪਰਕਾਰ ਦੀਆਂ ਗੱਲਾਂ ਵੀ ਸੁਣਨ ਨੂੰ ਮਿਲਦੀਆਂ ਹਨ। ਇੱਕ ਗਾਹਕ ਨਾਲ ਵੀ ਬੋਲ ਬੁਲਾਰਾ ਹੋ ਜਾਏ ਤਾਂ
ਗਾਹਕੀ ਤੇ ਅਸਰ ਪੈ ਸਕਦਾ ਹੈ। ਸਿਆਣਾ ਦੁਕਾਨਦਾਰ ਕਦੇ ਵੀ ਧੀਰਜ ਦਾ ਪੱਲਾ ਨਹੀਂ ਛੱਡਦਾ। ਜਿਵੇਂ
ਜਿਵੇਂ ਮਨੁੱਖ ਤਰੱਕੀ ਦੀਆਂ ਸਿੱਖ਼ਰਾਂ ਨੂੰ ਛੋਹ ਰਿਹਾ ਹੈ, ਧੀਰਜ ਵੀ ਨਾਲ਼ ਦੀ ਨਾਲ਼ ਹੀ ਖ਼ਤਮ ਹੁੰਦਾ
ਨਜ਼ਰ ਆ ਰਿਹਾ ਹੈ। ਧੀਰਜ ਦਾ ਦੂਜਾ ਪਾਸਾ ਹੈ ਕਿਸੇ ਵਧੀਕੀ ਨੂੰ ਸਹਾਰ ਸਕਣ ਦੀ ਸ਼ਕਤੀ। ਸਿੱਖ ਸਮਾਜ
ਵਿੱਚ ਦੇਖਿਆਂ ਜਾਏ, ਗੁਰਦੁਆਰੇ, ਜਿਥੋਂ ਸ਼ਾਂਤੀ ਦੇ ਸੋਮੇ ਫੁਟਣੇ ਸਨ, ਉਹ ਲੜਾਈ ਦੇ ਮੈਦਾਨ ਬਣ ਕੇ
ਰਹਿ ਗਏ ਹਨ। ਜੇ ਕਦੀ ਆਪਣੇ ਵਿਚਾਰਾਂ ਨੂੰ ਪਵਿੱਤਰ ਕਰਕੇ , ਮਨ ਅੰਦਰ ਧੀਰਜ ਨੂੰ ਬਿਠਾ ਕੇ ਬਾਣੀ
ਪੜ੍ਹਨ ਅਤੇ ਵਿਚਾਰਨ ਦਾ ਯਤਨ ਕਰੇ ਤਾਂ ਜ਼ਰੂਰ ਇਸ ਦਾ ਮਨ ਟਿਕੇਗਾ, ਸਚਿਆਰ ਬਣਨ ਦੀ ਮੰਜ਼ਿਲ ਤਹਿ
ਕਰੇਗਾ। ਇੱਕ ਗ਼ਰੀਬ ਕਿਰਸਾਨ ਵਿੱਚ ਬਹੁਤ ਧੀਰਜ ਹੈ। ਕਣਕ ਬੀਜ ਕੇ ਚਾਰ ਮਹੀਨੇ ਤਕ ਉਡੀਕ ਕਰਦਾ ਹੈ
ਫਿਰ ਕਿਤੇ ਜਾ ਕੇ ਕਣਕ ਪੱਕਦੀ ਹੈ। ਮੀਂਹ ਗੜ੍ਹਿਆਂ ਦੀ ਮਾਰ ਤੋਂ ਬਚ ਕੇ ਕਿਸਾਨ ਦੇ ਘਰ ਆਈ ਕਣਕ ਹੀ
ਉਸ ਦਾ ਸਰਮਾਇਆ ਹੈ। ਆਮ ਜੀਵਨ ਵਿੱਚ ਧੀਰਜ ਦੀ ਬਹੁਤ ਹੀ ਘਾਟ ਹੈ। ਸੜਕ `ਤੇ ਚਲਦਿਆਂ ਕਿਸੇ ਨੇ
ਜਲਦੀ ਰਾਹ ਨਹੀਂ ਦਿੱਤਾ ਤਾਂ ਆਦਮੀ ਆਪਣੀ ਇੱਜ਼ਤ ਦਾ ਸਵਾਲ ਬਣਾ ਕੇ ਗ਼ਾਲ਼ੀ ਗਲੋਚ `ਤੇ ਉੱਤਰ ਆਉਂਦਾ
ਹੈ। ਸਰੀਰ ਅੰਦਰ ਸਨਿਆਰੇ ਦਾ ਰੋਲ ਅਦਾ ਕਰਨ ਲਈ ਧੀਰਜ ਨੂੰ ਗ੍ਰਹਿਣ ਕਰਨ ਲਈ ਆਖਿਆ ਹੈ। ਦੁਨੀਆਂ ਦੇ
ਕੰਮ ਕਰਦਿਆਂ ਧੀਰਜ ਦੀ ਜ਼ਰੂਰਤ ਹੈ। ਗੁਰਬਾਣੀ ਵੀਚਾਰਨ ਲਈ ਵੀ ਧੀਰਜ ਦੀ ਲੋੜ `ਤੇ ਹੀ ਜ਼ੋਰ ਦਿੱਤਾ
ਹੈ। ਇੱਕ ਬਾਗ ਦੇ ਮਾਲੀ ਦਾ ਵੀ ਬਹੁਤ ਧੀਰਜ ਹੈ, ਉਸ ਨੂੰ ਪਤਾ ਹੈ ਕਿ ਅੰਬਾਂ ਨੂੰ ਅੱਜ ਬੂਰ ਪਿਆ
ਹੈ ਤੇ ਇਸ ਦੇ ਚਾਰ ਮਹੀਨੇ ਉੱਪਰੰਤ ਹੀ ਪੱਕੇ ਹੋਏ ਅੰਬਾਂ ਨੂੰ ਚੂਪਿਆ ਜਾ ਸਕਦਾ ਹੈ। ਸਾਡੀ ਇੱਕ
ਕੰਮਜ਼ੋਰੀ ਹੈ ਸਾਨੂੰ ਤਿਆਰ ਧਰਮ ਮਿਲਣਾ ਚਾਹੀਦਾ ਹੈ ਪਰ ਸ਼ਬਦ ਦੀ ਵਿਚਾਰ ਲਈ ਸਮਾਂ ਚਾਹੀਦਾ ਹੈ।
ਗੁਰਬਾਣੀ ਦੀ ਵੀਚਾਰ ਤੋਂ ਬਿਨਾਂ ਸਾਡੇ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਧੀਰਜ ਨਹੀਂ ਆ ਸਕਦਾ। ਧੀਰਜ
ਵਿੱਚ ਗਿਰਾਵਟ ਇਤਨੀ ਆ ਗਈ ਹੈ, ਕਿ ਕਿਤੇ ਅਰਦਾਸ ਵਿੱਚ ਨਾਮ ਨਾ ਬੋਲਿਆ ਜਾਏ ਤਾਂ ਜਪੁ ਜੀ ਦਾ ਪਾਠ
ਕਰਨ ਵਾਲੇ ਦਾ ਵੀ ਧੀਰਜ ਉੱਡ ਜਾਂਦਾ ਹੈ। ਫਟਾ ਫਟ ਕਹਿ ਦੇਵੇਗਾ ਭਾਈ ਜੀ ਮੇਰਾ ਅਰਦਾਸ ਵਿੱਚ ਨਾਮ
ਕਿਉਂ ਨਹੀਂ ਬੋਲਿਆ ਗਿਆ।
ਅਗਲੀ ਤੁਕ ਅੰਦਰ ਦੋ ਹੋਰ ਨੁਕਤੇ ਵਿਚਾਰ ਅਧੀਨ ਲਿਆਂਦੇ ਹਨ। ਇੱਕ ਨੁਕਤਾ ਮਤ
ਦਾ ਹੈ ਤੇ ਦੂਜਾ ਗਿਆਨ ਦਾ ਹੈ। ਪਹਿਲੀਆਂ ਦੋ ਤੁਕਾਂ ਅੰਦਰ ਚਾਰ ਨੁਕਤੇ ਰੱਖੇ ਗਏ ਹਨ। ਜਤ ਸਰੀਰਕ
ਇੰਦਰਿਆਂ `ਤੇ ਕੰਟਰੋਲ, ਸਰੀਰ ਅੰਦਰ ਧੀਰਜ, ਤੀਜਾ ਨੁਕਤਾ ਮਤ ਨੂੰ ਅਹਿਰਣ ਬਣਾਉਂਣ ਦਾ ਤੇ ਚੌਥਾ
ਨੁਕਤਾ ਗਿਆਨ ਦਾ ਆਇਆ ਹੈ:----
“ਅਹਰਣਿ ਮਤਿ ਵੇਦੁ ਹਥੀਆਰੁ”
ਸੁਨਿਆਰੇ ਦੀ ਦੁਕਾਨ ਨੂੰ ਗਹੁ ਕਰਕੇ ਵੇਖਿਆਂ ਪਤਾ ਲੱਗਦਾ ਹੈ ਕਿ ਇਸ ਵਿੱਚ
ਗਹਿਣੇ ਘੜ੍ਹਨ ਲਈ ਅਹਿਰਣ, ਹਥੋੜਾ, ਭੱਠੀ, ਕੋਇਲੇ ਤੇ ਕੁਠਾਲੀ ਹੁੰਦੀ ਹੈ। ਅਹਿਰਣ ਲੋਹੇ ਦੀ ਸਿਲ
ਹੁੰਦੀ ਹੈ, ਜਿਸ ਤੇ ਸੁਨਿਆਰਾ ਸੋਨਾ ਰੱਖਦਾ ਹੈ। ਤੇ ਹਥੌੜੇ ਨਾਲ ਸੱਟਾਂ ਮਾਰਦਾ ਹੈ। ਇਸ ਤੁਕ
ਅਨੁਸਾਰ ਆਪਣੀ ਮਤ ਨੂੰ ਅਹਿਰਣ ਬਣਾਉਂਣਾ ਹੈ, ‘ਵੇਦੁ ਹਥੀਆਰੁ’ ਇਸ ਤੇ ਗਿਆਨ ਦਾ ਹਥੌੜਾ ਚਲਾਉਂਣਾ
ਹੈ। ‘ਵੇਦੁ’ ਦੇ ‘ਦ’ ਨੂੰ ਔਂਕੜ ਲੱਗੀ ਹੋਈ ਹੈ। ਇਸ ਲਈ ਇਸ ਦਾ ਅਰਥ ਗਿਆਨ ਲਿਆ ਗਿਆ ਹੈ। ਅਸਲ
ਵਿੱਚ ਅਸੀਂ ਉਲਟ ਕਿਰਿਆ ਵਿੱਚ ਸਫਰ ਕਰਨ ਵਿੱਚ ਯਕੀਨ ਰੱਖਦੇ ਹਾਂ। ਮਨ ਨੂੰ ਅੱਗੇ ਰੱਖਿਆ ਹੈ ਤੇ ਮਤ
ਨੂੰ ਪਿੱਛੇ ਰੱਖਿਆ ਹੋਇਆ ਹੈ। ਗਿਆਨ ਸਾਡਾ ਆਪਣਾ ਹੀ ਬਹੁਤ ਹੈ। ਗੁਰੂ ਦਾ ਗਿਆਨ ਲੈਣ ਦੀ ਸਾਡੀ
ਤਿਆਰੀ ਕੋਈ ਨਹੀਂ ਹੈ। ਏਹੀ ਕਾਰਨ ਹੈ, ਸਾਲਾਂ ਬੱਧੀ ਪਾਠ ਕਰੀ ਜਾ ਰਹੇ ਹਾਂ, ਸੁਭਾਅ ਵਿੱਚ ਕੋਈ
ਤਬਦੀਲੀ ਨਹੀਂ ਆਈ। ਦੋ ਗੱਲਾਂ ਨੇ ਆਮ ਜੀਵਨ ਵਿੱਚ ਬਰਾਬਰਤਾ ਨਹੀਂ ਰਹਿਣ ਦਿੱਤੀ। ਗਿਆਨ ਹੀਣ ਸ਼ਰਧਾ
ਤੇ ਸ਼ਰਧਾ ਹੀਣ ਗਿਆਨ, ਦੋਵੇਂ ਚੀਜ਼ਾਂ ਮਾੜੀਆਂ ਹਨ। ਸ਼ਰਧਾ ਵੀ ਚਾਹੀਦੀ ਹੈ ਤੇ ਗਿਆਨ ਵੀ ਚਾਹੀਦਾ ਏ।
ਮਨਮਤ ਦਾ ਗਿਆਨ ਪੂਰਾ ਹੈ ਪਰ ਗੁਰੂ ਦਾ ਗਿਆਨ ਅਧੂਰਾ ਹੈ, ਜੋ ਗੁਰਬਾਣੀ ਵਿਚਾਰਨ ਵਿੱਚ ਵੱਡੀ
ਰੁਕਾਵਟ ਹੈ। ਇੰਜ ਸਚਿਆਰ ਦੀ ਮੰਜ਼ਿਲ ਹੋਰ ਦੂਰ ਹੋ ਗਈ। ਹਥੌੜੇ ਦੀਆਂ ਦੋ ਤਰੀਫ਼ਾਂ ਨੇ, ਇੱਕ ਤਾਂ
ਸੱਟ ਮਾਰਦਾ ਹੈ ਦੂਸਰਾ ਵਿੰਗੇ ਤਿੜਿੰਗੇ ਸੋਨੇ ਨੂੰ ਗਹਿਣਾ ਬਣਾ ਦੇਂਦਾ ਹੈ। ਗੁਰੂ ਦਾ ਗਿਆਨ ਹਊਮੇ
ਤੇ ਸੱਟ ਮਾਰਦਾ ਹੈ, ਭਰਮਾਂ ਨੂੰ ਤੋੜਦਾ ਹੈ, ਅਗਿਆਨਤਾ ਦਾ ਨਾਸ਼ ਕਰਦਾ ਹੈ। ਗਿਆਨ ਦਾ ਹਥੌੜਾ ਜੀਵਨ
ਨੂੰ ਖ਼ੂਬਸੂਰਤ ਗਹਿਣਾ ਬਣਾ ਦੇਂਦਾ ਹੈ। ਗੁਰਬਾਣੀ ਵੀਚਾਰਨ ਤੇ ਪੜ੍ਹਨ ਲਈ ਆਪਣੀ ਮਤ `ਤੇ ਗਿਆਨ ਦਾ
ਹਥੌੜਾ ਚਲਾਉਣਾ ਹੈ। ਜਿਸ ਸ਼ਬਦ ਦਾ ਪਾਠ ਕਰ ਰਹੇ ਹਾਂ ਉਸ ਦਾ ਗਿਆਨ ਵੀ ਹਾਸਲ ਕਰਨਾ ਹੈ। ਗੁਰੂ ਦੇ
ਗਿਆਨ ਨੂੰ ਨਜ਼ਰ ਅੰਦਾਜ਼ ਕਰਕੇ ਜਦ ਵਿਚਰਨ ਦਾ ਯਤਨ ਕਰਦੇ ਹਾਂ ਤਾਂ ਹਉਮੇ ਕਰਕੇ ਦੁਖੀ ਹੁੰਦੇ ਹਾਂ।
ਸਚਿਆਰ ਦੀ ਘਾੜਤ ਲਈ ਆਪਣੀ ਮਤ ਦਾ ਤਿਆਗ ਕਰਕੇ ਗੁਰਬਾਣੀ ਗਿਆਨ ਹਾਸਲ ਕਰਨਾ ਹੈ।
ਸਨਿਆਰੇ ਦੀ ਦੁਕਾਨ ਵਿੱਚ ਇੱਕ ਭੱਠੀ ਹੁੰਦੀ ਹੈ। ਉਸ ਵਿੱਚ ਕੋਇਲੇ ਪਾਉਂਦਾ
ਹੈ ਫਿਰ ਧੌਖਣੀ ਨਾਲ ਹਵਾ ਦੇਂਦਾ ਹੈ, ਅੱਗ ਬਲ਼ਦੀ ਹੈ ਇਹ ਦੋ ਪ੍ਰਤੀਕ ਲਏ ਹਨ, ਧੌਖਣੀ ਤੇ ਅਗਨ
ਤਪਤਾਉ:---
“ਭਉ ਖਲਾ ਅਗਨਿ ਤਪ ਤਾਉ”॥
ਫੂਕ ਮਾਰਨ ਲਈ ਧੌਖਣੀ ਦੀ ਵਰਤੋਂ ਕਰਦਾ ਹੈ। ਇਹ ਸਾਰੇ ਭਾਵ ਵਾਚਕ ਨਾਉਂ ਆਏ
ਹਨ। ਰੱਬੀ ਡਰ ਦੀ ਧੌਖਣੀ ਹੈ, ਭਾਵ ਇੱਕ ਦੂਜੇ ਦਾ ਅਦਬ ਸਤਕਾਰ ਕਰਨ ਦੀ ਭਾਵਨਾ ਪ੍ਰਗਟ ਕਰਨੀ, ਰੱਬੀ
ਨਿਯਮਾਵਲ਼ੀ ਨੂੰ ਆਪ ਸਮਝ ਕੇ ਅਪਨਾਉਂਣਾ। ਰੱਬੀ ਡਰ ਦੀ ਧੌਖਣੀ, ਫੂਕਨੀ ਭਾਵ ਡਰ, ਅਦਬ ਸਤਿਕਾਰ ਨੂੰ
ਸਦਾ ਕਾਇਮ ਰੱਖਣਾ। ਗੁਰਬਾਣੀ ਪੜ੍ਹਨ ਲੱਗਿਆਂ ਵੀ ਏਸ ਅਦਬ ਨੂੰ ਹਮੇਸ਼ਾਂ ਆਪਣੇ ਨਾਲ ਰੱਖਣਾ ਹੈ। ਹਾਂ
ਜੇ ਕਰ ਆਪਣੇ ਜੀਵਨ ਦੀ ਘਾੜਤ ਘੜ੍ਹਨੀ ਹੈ ਤਾਂ ਰੱਬੀ ਡਰ ਨੂੰ ਸੁਭਾਅ ਦਾ ਅੰਗ ਬਣਾਉਂਣਾ ਪਏਗਾ।
“ਅਗਨਿ ਤਪ ਤਾਉ” ਘਾਲ ਕਮਾਈ ਲਈ ਆਇਆ ਹੈ। ਦਸਾਂ ਨਹੂੰਆਂ ਦੀ ਕਮਾਈ ਤੇ ਜ਼ੋਰ ਦੇਂਦਾ ਹੈ। ਗ਼ਲਤ ਢੰਗ
ਨਾਲ ਕਮਾਈ ਕਰਕੇ ਪਾਠ ਪੜ੍ਹਨ ਦਾ ਯਤਨ ਕਰੇ, ਅਜੇਹਾ ਰੱਬੀ ਹੁਕਮ ਵਿੱਚ ਪਰਵਾਨ ਨਹੀਂ ਹੈ। “ਅਗਨਿ ਤਪ
ਤਾਉ” ਸਰੀਰ ਰਾਂਹੀਂ ਮਿਹਨਤ ਕਰਨ ਦਾ ਉਪਦੇਸ਼ ਹੈ। ਅੱਗ ਬਲ਼ਦੀ ਹੈ, ਸੋਨਾ ਗਹਿਣਾ ਬਣਦਾ ਹੈ। ਘਾਲ
ਕਮਾਈ ਕਰੇਗਾ ਤਾਂ ਹੀ ਇਸ ਦਾ ਜੀਵਨ ਚੱਲੇਗਾ। ‘ਅਗਨਿ ਤਪ ਤਾਉ’ ਦਾ ਹੋਰ ਬਰੀਕ ਭਾਵ ਲਿਆ ਜਾਏ ਤਾਂ
ਇਸ ਦਾ ਅਰਥ ਆਲਸ ਦਾ ਤਿਆਗ ਤੇ ਉਦਮੀ ਬਣਨ ਦਾ ਸੁਨੇਹਾਂ ਵੀ ਦੇਂਦਾ ਹੈ। ਆਪਣੇ ਜੀਵਨ ਵਿੱਚ ਰੱਬੀ ਡਰ
ਤੇ ਸਖ਼ਤ ਮਿਹਨਤ ਕਰਨ ਲਈ ਆਖਿਆ ਹੈ। ਵਿਹਲੜ ਮਨੁੱਖ ਨੂੰ ਮਾਨਤਾ ਨਹੀਂ ਦਿੱਤੀ। ਘਾਲ ਕਮਾਈ, “ਅਗਨਿ
ਤਪ ਤਾਉ” ਖ਼ਲਕਤ ਦੀ ਸੇਵਾ ਵਿੱਚ ਤਤਪਰ ਰਹਿਣ ਦਾ ਪ੍ਰੇਰਨਾ ਸਰੋਤ ਹੈ ਜੋ ਕੇ ਇੱਕ ਬਿਖ਼ਮ ਘਾਟੀ ਹੈ।
ਸੇਵਾ ਕਰਦਿਆਂ ਜਾਂ ਆਪਣੀ ਘਾਲ ਕਮਾਈ ਕਰਦਿਆਂ ਉਦਮੀ ਹੋਣਾ ਪਏਗਾ, ਉਦਮੀ ਹੋਣ ਨਾਲ ਸਰੀਰ ਨੂੰ ਕੁੱਝ
ਕਸ਼ਟ ਵੀ ਮਿਲੇਗਾ, ਪਸੀਨਾ ਵੀ ਆਏਗਾ ਜੋ ਕੋਇਲੇ ਬਲ਼ਣ ਦਾ ਸੰਕੇਤ ਹਨ। ਜਾਨੀ ਕਿ ਸਰੀਰ ਵਿਚੋਂ ਆਲਸ
ਵਰਗੀ ਬਿਮਾਰੀ ਨੂੰ ਖ਼ਤਮ ਕਰਕੇ ਹਰ ਵੇਲੇ ਉਦਮੀ ਅਵਸਥਾ ਵਿੱਚ ਰਹਿਣ ਨੂੰ ‘ਅਗਨਿ ਤਪ ਤਾਉ’ ਦੇ ਰੂਪ
ਵਿੱਚ ਸਮਝਿਆ ਜਾ ਸਕਦਾ ਹੈ।
ਕੁਠਾਲੀ ਵਿੱਚ ਸੋਨੇ ਨੂੰ ਪਾ ਕੇ ਪਿਘਲਾ ਲਿਆ ਜਾਂਦਾ ਹੈ। ਜੇ ਸਰੀਰ ਦੁਕਾਨ
ਹੈ, ਧੀਰਜ ਸੁਨਿਆਰਾ ਹੈ –ਮਤ ਤੇ ਗਿਆਨ ਦਾ ਹਥੌੜਾ ਚਲਾਉਣਾ ਹੈ, ਪਰਮਾਤਮਾ ਦੇ ਡਰ ਨੂੰ ਭਾਵ ਇੱਕ
ਦੂਜੇ ਦੇ ਅਦਬ ਸਤਿਕਾਰ ਕਰਨ ਦੀ ਭਾਵਨਾ ਨੂੰ ਬਰਕਰਾਰ ਰੱਖਣਾ ਇਸ ਨੂੰ ਆਪਣੇ ਹਿਰਦੇ ਵਿੱਚ ਵਸਾਉਣਾ
ਹੈ। ਆਲਸ ਦਾ ਤਿਆਗ ਕਰਕੇ ਸੇਵਾ ਭਾਵਨਾ ਤੇ ਸਖ਼ਤ ਮਿਹਨਤ ਕਰਨ ਦਾ ਨਿਸ਼ਾਨਾ ਤੇ ਪ੍ਰੇਮ ਦੀ ਕੁਠਾਲ਼ੀ
ਹੋਵੇ। ਇਹ ਸਾਰਾ ਕੁੱਝ ਸਫਲ ਜੀਵਨ ਦੀ ਪ੍ਰਾਪਤੀ; ਤੇ ਗੁਰਬਾਣੀ ਪੜ੍ਹਨ ਦੇ ਅਦਬ ਸਤਕਾਰ ਦੀ ਭਾਵਨਾ
ਪ੍ਰਗਟ ਕਰਦੀ ਹੋਈ ਰੱਬੀ ਨਿਯਮਾਵਲੀ ਨੂੰ ਸਮਝਾਉਂਦੀ ਹੋਈ ਪਉੜੀ ਹੈ। “ਅਗਨਿ ਤਪ ਤਾਉ” ਕਿਰਤ ਕਮਾਈ
ਤੇ ਸੇਵਾ ਭਾਵਨਾ ਨੂੰ ਸਮਰਪਤ ਹੈ।
“ਭਾਂਡਾ ਭਾਉ ਅੰਮ੍ਰਿਤੁ ਤਿਤੁ ਢਾਲਿ”॥
ਮਨ ਅੰਦਰ ਪ੍ਰੇਮ ਭਾਵਨਾ ਹੋਵੇ, ਕੁਠਾਲੀ ਪ੍ਰੇਮ ਦੀ ਹੋਵੇ, ਗੁਰਬਾਣੀ ਪੜ੍ਹਨ
ਲੱਗਿਆਂ ਮਨ ਪ੍ਰੇਮ ਵਿੱਚ ਭਿੱਜਿਆ ਹੋਣਾ ਚਾਹੀਦਾ ਹੈ। ‘ਅੰਮ੍ਰਿਤ’ ਨਾਮ ਸੋਨਾ ਹੈ ਭਾਵ ਆਤਮਿਕ ਜੀਵਨ
ਦੇਣਾ ਵਾਲਾ ਹੈ। ਗੁਰਬਾਣੀ ਆਤਮਿਕ ਜੀਵਨ ਦੇਂਦੀ ਹੈ। ਪਿਆਰ ਦੀ ਕੁਠਾਲ਼ੀ ਵਿੱਚ ਗੁਰਬਾਣੀ ਪੜ੍ਹਨੀ
ਹੈ। ਸੋਨਾ ਕੀਮਤ ਰੱਖਦਾ ਹੈ ਇਸ ਲਈ ਪ੍ਰਤੀਕ ਵੀ ਕੀਮਤੀ ਵਰਤਿਆ ਗਿਆ ਹੈ। “ਤਿਤੁ ਢਾਲਿ” ਤਿਆਰੀ
ਕਰਕੇ ਗੁਰਬਾਣੀ ਵਿਚਾਰਨ ਦਾ ਯਤਨ ਕਰਨਾ ਹੈ। ਪਹਿਲਾਂ ਸੁਨਿਆਰੇ ਦੀ ਦੁਕਾਨ ਦੀ ਤਿਆਰੀ ਦੱਸੀ ਹੈ।
ਅਖ਼ੀਰ ਤੇ ਜਾ ਕੇ ਗਹਿਣਾ ਬਣਦਾ ਹੈ। ਇਹਨਾਂ ਸਤ ਨੁਕਤਿਆਂ ਨੂੰ ਲੈ ਕੇ ਗੁਰਬਾਣੀ ਪੜ੍ਹਨੀ ਤੇ
ਵਿਚਾਰਨੀ ਹੈ ਤਾਂ ਹੀ ਸਾਡਾ ਮਨ ਗੁਰਬਾਣੀ ਨਾਲ ਜੁੜੇਗਾ। ਜੁੜੇ ਹੋਏ ਜੀਵਨ ਦੀ ਹੀ ਘਾੜਤ ਘੜੀ ਜਾਣੀ
ਹੈ ਤੇ ਇਸ ਘਾੜਤ ਵਾਲੇ ਨੂੰ ਹੀ ਸਚਿਆਰ ਆਖਿਆ ਗਿਆ ਹੈ। ‘ਢਾਲਿ’ —ਜਿੱਥੇ ਸਿੱਕਾ ਢੱਲ਼ਦਾ ਹੈ ਤੇ ਇਸ
ਟਕਸਾਲ ਵਿੱਚ ਜੀਵਨ ਢਲ਼ਣਾ ਹੈ। ਇਹਨਾਂ ਅਵਸਥਾਵਾਂ ਨੂੰ ਸਮਝ ਕੇ ਪਿਆਰ ਦੇ ਭਾਂਡੇ ਵਿੱਚ ਪਾ ਕੇ
ਗੁਰਬਾਣੀ ਪੜ੍ਹਨੀ ਹੈ।
“ਘੜੀਐ ਸਬਦੁ ਸਚੀ ਟਕਸਾਲ”॥
ਟਕਸਾਲ ਵਿੱਚ ਸਿੱਕੇ ਘੜੇ ਜਾਂਦੇ ਹਨ ਤੇ ਸੱਚੀ ਟਕਸਾਲ ਵਿੱਚ ਸ਼ਬਦ ਘੜਿਆ
ਜਾਂਦਾ ਹੈ। ਭਾਵ ਸੁਚੱਜੇ ਜੀਵਨ ਦੀ ਘਾੜਤ ਘੜੀ ਜਾਣੀ ਹੈ। ਉਪਰੋਕਤ ਦੱਸੀ ਹੋਈ ਨਿਯਮਾਵਲ਼ੀ ਨੂੰ ਅਪਨਾ
ਲਏਂਗਾ ਤਾਂ ਤੇਰੀ ਅਵਸਥਾ ਵੀ ਉਹ ਹੀ ਬਣ ਜਾਏਗੀ ਜਿਸ ਅਵਸਥਾ ਵਿੱਚ ਗੁਰੂ ਸਾਹਿਬ ਜੀ ਨੇ ਸ਼ਬਦ ਉਚਾਰਨ
ਕੀਤਾ ਹੋਇਆ ਹੈ। “ਘੜੀਐ ਸਬਦੁ” ਲਈ ਜਤ, ਧੀਰਜ, ਮਤ, ਗਿਆਨ, ਰੱਬੀ ਭੈ, ਸਖ਼ਤ ਮਿਹਨਤ ੳਤੇ ਪਿਆਰ ਦਾ
ਪੂਰਾ ਕਾਰਖਾਨਾ ਹੋਣਾ ਚਾਹੀਦਾ ਹੈ। ਫਿਰ ਮਨੁੱਖ ਦੀ ਘਾੜਤ ਘੜੀ ਜਾਏਗੀ ਸਫਲ ਜੀਵਨ ਨਿਰਬਾਹ ਲਈ ਆਪਣੇ
ਆਚਰਣ ਨੂੰ ਘੜਨਾ ਹੈ। ਪੱਥਰ ਨੂੰ ਘੜਿਆਂ ਸੁੰਦਰ ਮੂਰਤੀ ਬਣਦੀ ਹੈ, ਲਕੜੀ ਨੂੰ ਘੜਿਆਂ ਕਈ ਪਰਕਾਰ
ਫ਼ਰਨੀਚਰ ਤਿਆਰ ਹੁੰਦਾ ਹੈ ਤੇ ਸ਼ਬਦ ਦੁਅਰਾ ਆਤਮਿਕ ਜੀਵਨ ਘੜਨਾ ਹੈ। ਪਰਮਾਤਮਾ ਦੀ ਮਿਹਰ ਦੇ ਪਾਤਰ ਬਣ
ਸਕਦੇ ਹਾਂ। ਅਖੀਰਲੀਆਂ ਤੁਕਾਂ ਇਸ ਪਰਕਾਰ ਹਨ:--
ਜਿਨ ਕਉ ਨਦਰਿ ਕਰਮੁ ਤਿਨ ਕਾਰ॥
ਨਾਨਕ ਨਦਰੀ ਨਦਰਿ ਨਿਹਾਲ॥
ਆਤਮਿਕ ਅਵਸਥਾ ਉੱਚੀ ਉਦੋਂ ਹੀ ਬਣ ਸਕਦੀ ਹੈ ਜੇ ਆਚਰਣ ਪਵਿੱਤਰ ਹੋਵੇ,
ਦੂਜਿਆਂ ਦੀ ਵਧੀਕੀ ਸਹਾਰ ਸਕਦਾ ਹੋਵੇ। ਮਤ ਉੱਚੀ ਤੇ ਵਿਸ਼ਾਲ ਸੋਚਣੀ ਦਾ ਮਾਲਕ ਹੋਵੇ, ਗੁਰੂ ਦੇ
ਗਿਆਨ ਨੂੰ ਅਧਾਰ ਸ਼ਿਲਾ ਬਣਾ ਲਏ। ਸੇਵਾ ਦੀ ਘਾਲ਼ ਘਾਲਣੀ ਤੇ ਆਪਣੀ ਕਿਰਤ ਤੇ ਭਰੋਸਾ ਹੋਵੇ। ਪਰਮਾਤਮਾ
ਤੇ ਉਸ ਦੀ ਬਣਾਈ ਹੋਈ ਖ਼ਲਕਤ ਨਾਲ ਪਿਆਰ ਦੀ ਭਾਵਨਾ ਹੋਵੇ। ਇਹ ਗੁਣ ਸੱਚੀ ਟਕਸਾਲ ਦੀ ਮਸ਼ੀਨਰੀ ਹੈ
ਫਿਰ ਪਰਮਾਤਮਾ ਦੀ ਮਿਹਰ ਦੀ ਨਜ਼ਰ ਹੁੰਦੀ ਹੈ। “ਜਿਨ ਕਉ” ਭਾਵ ਜੋ ਇਹਨਾਂ ਗੁਣਾਂ ਦਾ ਧਾਰਨੀ ਹੋ
ਜਾਂਦਾ ਹੈ, “ਨਿਹਾਲ” ਜੀਵਨ ਪਦ ਸਚਿਆਰ ਦੀ ਮੰਜ਼ਿਲ ਨੂੰ ਸਰ ਕਰ ਲੈਂਦਾ ਹੈ।
ਆਮ ਕਰਕੇ ਇਹ ਸਮਝਿਆ ਗਿਆ ਹੈ ਕਿ ਜੇ ਕਰ ਪ੍ਰਭੂ ਦੀ ਕਿਰਪਾ ਹੋਏਗੀ ਤਾਂ ਫਿਰ
ਹੀ ਅਸੀਂ ਗੁਰਬਾਣੀ ਪੜ੍ਹਨ ਵਿਚਾਰਨ ਦਾ ਇਹ ਕੰਮ ਕਰਾਂਗੇ, ਅਜੇ ਸਾਡੇ `ਤੇ ਪਰਮਾਤਮਾ ਦੀ ਬਖ਼ਸ਼ਿਸ਼
ਨਹੀਂ ਹੋਈ। ਅਸਲ ਸਾਨੂੰ ਮਨੁੱਖਾ ਜੀਵਨ ਮਿਲ ਗਿਆ ਹੈ, ਪਰਮਾਤਮਾ ਦੀ ਮਿਹਰ ਹੋ ਗਈ ਹੈ। ਹੁਣ ਤਾਂ
ਅਸਾਂ ਸਤ ਗੁਣਾਂ ਨੂੰ ਧਾਰਨ ਹੀ ਕਰਨਾ ਹੈ ਤਾਂ ਕਿ ਨਿਹਾਲ ਦੀ ਅਵਸਥਾ ਬਣ ਸਕੇ। “ਤਿਨ ਕਾਰ” —ਉਹਨਾਂ
ਪਿਆਰਿਆਂ ਦੇ ਜੀਵਨ ਵਿੱਚ ਪਰਮਾਤਮਾ ਦੀ ਮਿਹਰ ਦੀ ਨਜ਼ਰ ਆ ਜਾਂਦੀ ਹੈ। ਇਸ ਪਉੜੀ ਅੰਦਰ ਗੁਰੂ ਨਾਨਕ
ਸਾਹਿਬ ਜੀ ਨੇ ਸਤ ਨੁਕਤਿਆਂ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਨ ਲਈ ਆਖਿਆ ਹੈ। ਫਿਰ ਸਾਡਾ ਮਨ
ਟਿਕੇਗਾ। ਆਤਮਿਕ ਅਵਸਥਾ ਉੱਚੀ ਹੋਏਗੀ। ਜੀਵਨ ਜਾਚ ਆ ਜਾਣੀ ਹੀ ਪਰਮਾਤਮਾ ਦੇ ਮਿਲਾਪ ਦੀ ਅਵਸਥਾ ਹੈ।
“ਨਿਹਾਲ” ਸਚਿਆਰ ਦੀ ਮੰਜ਼ਿਲ ਹੈ।