ਭਾਈ ਸਾਹਿਬ ਭਾਈ ਕਾਨ੍ਹ ਸਿੰਘ ਜੀ ਨਾਭਾ ਮਹਾਨ ਕੋਸ਼ ਦੇ ਪੰਨਾ ਨੰ: ੪੧੬ `ਤੇ
ਗੁਰਦੁਆਰਾ ਦੇ ਸਿਰਲੇਖ ਹੇਠ, ਗੁਰਦੁਆਰਾ ਸਾਹਿਬ ਦੀ ਵਿਆਖਿਆ ਲਿਖਦੇ ਹਨ, “ਗੁਰਦੁਆਰਾ—ਗੁਰੂ ਦੀ
ਮਾਰਫ਼ਤ, ਗੁਰੂ ਦੇ ਜ਼ਰੀਏ। ਗੁਰਦੁਆਰਾ—ਗੁਰੂ ਘਰ, ਸਿੱਖਾਂ ਦਾ ਧਰਮ ਮੰਦਰ, ਉਹ ਅਸਥਾਨ, ਜਿਸ ਨੂੰ ਦਸ
ਸਤਿਗੁਰਾਂ ਵਿਚੋਂ ਕਿਸੇ ਨੇ ਧਰਮ ਪ੍ਰਚਾਰ ਲਈ ਬਣਾਇਆ ਅਥਵਾ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਦਾ ਪ੍ਰਕਾਸ਼ ਹੁੰਦਾ ਹੈ। ਸ੍ਰੀ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਅਰਜਨ ਪਾਤਸ਼ਾਹ ਜੀ ਤਕ
ਸਿੱਖਾਂ ਦੇ ਧਰਮ ਮੰਦਰ ਦਾ ਨਾਂ ਧਰਮਸਾਲ ਰਿਹਾ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਭ ਤੋਂ
ਪਹਿਲਾਂ, ਅੰਮ੍ਰਿਤ ਸਰੋਵਰ ਦੇ ਧਰਮ ਮੰਦਰ ਦੀ ਹਰਿਮੰਦਰ ਦੀ ਸੰਗਿਆ ਥਾਪੀ ਅਤੇ ਗੁਰੂ ਹਰਿ ਗੋਬਿੰਦ
ਸਾਹਿਬ ਜੀ ਦੇ ਸਮੇਂ ਧਰਮਸਾਲ ਦਾ ਨਾਂ ਗੁਰਦੁਆਰਾ ਪੈ ਗਿਆ”।
ਭਾਈ ਸਾਹਿਬ ਜੀ ਗੁਰਦੁਆਰਾ ਦੇ ਸਿਰਲੇਖ ਹੇਠ ਅੱਗੇ ਲਿਖਦੇ ਹਨ, “ਸਿੱਖਾਂ ਦਾ
ਗੁਰਦੁਆਰਾ, ਵਿਦਿਆਰਥੀਆਂ ਲਈ ਸਕੂਲ, ਆਤਮਿਕ ਜਗਿਆਸਾ ਵਾਲਿਆਂ ਲਈ ਗਯਾਨ ਉਪਦੇਸ਼ਕ ਤੇ ਅਚਾਰੀਆ,
ਰੋਗੀਆਂ ਲਈ ਸ਼ਫ਼ਾਖ਼ਾਨਾ, ਭੁੱਖਿਆਂ ਲਈ ਅੰਨਪੂਰਣਾ, ਇਸਤ੍ਰੀ ਜਾਤਿ ਦੀ ਪਤ ਰੱਖਣ ਦੀ ਜ਼ਿੰਮੇਵਾਰੀ ਦਾ
ਲੋਹ- ਮਈ ਕਿਲ੍ਹਾ ਅਤੇ ਮੁਸਾਫ਼ਰਾਂ ਲਈ ਵਿਸ਼ਰਾਮ ਘਰ ਦਾ ਅਸਥਾਨ ਹੈ”।
ਸਤਿਗੁਰਾਂ ਦੇ ਵੇਲੇ ਅਤੇ ਬੁੱਢਾ ਦਲ ਦੇ ਸਮੇਂ ਗੁਰਦੁਆਰਿਆਂ ਦਾ ਖ਼ਾਸ ਧਿਆਨ
ਰੱਖਿਆ ਜਾਂਦਾ ਸੀ। ਗੁਰਦੁਆਰੀਆ ਉਹ ਹੋਇਆ ਕਰਦਾ ਸੀ ਜੋ ਵਿਦਵਾਨ, ਗੁਰਮਤਿ ਵਿੱਚ ਪੱਕਾ ਅਤੇ ਉਚੇ
ਆਚਰਣ ਵਾਲਾ ਹੁੰਦਾ ਸੀ। ਜ਼ਮਾਨੇ ਦੀ ਗਰਦਿਸ਼ ਨੇ ਮਹਾਂਰਾਜਾ ਰਣਜੀਤ ਸਿੰਘ ਵੇਲੇ ਡੋਗਰਿਆਂ ਦੀ
ਪ੍ਰਧਾਨਗੀ ਵਿੱਚ ਮੁੱਖ ਗੁਦੁਆਰਿਆਂ ਦਾ ਪ੍ਰਬੰਧ ਸਾਰਾ ਉਲਟ ਪੁਲਟ ਕਰ ਦਿੱਤਾ, ਜਿਸ ਦਾ ਅਸਰ ਦੇਸ਼ ਦੇ
ਗੁਰਦੁਆਰਿਆਂ `ਤੇ ਭੀ ਹੌਲ਼ੀ ਹੌਲ਼ੀ ਹੋਇਆ। ਕੌਮ ਵਿਚੋਂ ਜਿਉਂ ਜਿਉਂ ਗੁਰਮਤਿ ਦਾ ਪ੍ਰਚਾਰ ਲੋਪ ਹੁੰਦਾ
ਗਿਆ। ਗੁਰਦੁਆਰਿਆਂ ਦੀ ਮਰਯਾਦਾ ਏਨੀ ਵਿਗੜ ਗਈ, ਏਨੀ ਦੁਰਦਸ਼ਾ ਹੋਈ, ਸਿੱਖ ਗੁਰਦੁਆਰੇ ਕੇਵਲ ਕਹਿਣ
ਨੂੰ ਗੁਰਧਾਮ ਰਹਿ ਗਏ।
ਭਾਈ ਸਾਹਿਬ ਜੀ ਅੱਗੇ ਲਿਖਦੇ ਹਨ—ਗੁਰਦੁਆਰਿਆਂ ਦੇ ਸੇਵਕਾਂ ਨੇ ਗੁਰਦੁਆਰਿਆਂ
ਦੀ ਜਾਇਦਾਦ ਨੂੰ ਆਪਣੀ ਘਰੋਗੀ ਜਾਇਦਾਦ ਬਣਾ ਲਿਆ। ਪਵਿੱਤਰ ਗੁਰ-ਅਸਥਾਨਾਂ `ਤੇ ਅਪਵਿੱਤਰ ਕੰਮ ਹੋਣ
ਲੱਗ ਪਏ, ਜਿਨ੍ਹਾਂ ਦਾ ਜ਼ਿਕਰ ਕਰਨ ਲੱਗਿਆਂ ਲੱਜਾ ਆਉਂਦੀ ਹੈ। ਸਮੇਂ ਦੇ ਗੇੜ ਨਾਲ ਜਦ ਹਿੰਦੁਸਤਾਨ
ਦੇ ਅਨੇਕ ਲੋਕਾਂ ਨੇ ਆਪਣੇ ਆਪਣੇ ਸਮਾਜ ਤੇ ਧਰਮ ਸੁਧਾਰ ਲਈ ਜੱਥੇ ਬਣਾਏ ਤਾਂ ਸਿੱਖਾਂ ਨੂੰ ਵੀ ਹੋਸ਼
ਆਈ, ਉਹਨਾਂ ਨੇ ਸਿੰਘ ਸਭਾਵਾਂ ਅਰ ਖ਼ਾਲਸਾ ਦੀਵਾਨ ਬਣਾ ਕੇ ਧਰਮ ਅਤੇ ਸਮਾਜ ਦਾ ਸੁਧਾਰ ਕਰਨਾ
ਅਰੰਭਿਆ। ਇਸ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਕੰਮ ਨਿਭਾਈ ਜਾਂਦੀ ਹੈ। ਇਹ ਭੀ ਏਸੇ
ਯਤਨ ਦਾ ਫ਼ਲ਼ ਹੈ।
ਗੁਰਦੁਆਰੇ ਬਾਹਰੋਂ ਦੇਖਿਆਂ ਬਹੁਤ ਖ਼ੂਬਸੂਰਤ ਲੱਗਦੇ ਹਨ। ਮਹਿੰਗੇ ਤੋਂ
ਮਹਿੰਗਾ ਮਾਰਬਲ ਲੱਗਿਆ ਹੋਇਆ ਦਿੱਸੇਗਾ। ਸਪੀਕਰਾਂ ਦੀ ਅਵਾਜ਼ ਵੀ ਬਹੁਤ ਉੱਚੀ ਹੋਏਗੀ ਪਰ ਇਹ ਦੁਖ
ਨਾਲ ਲਿਖਣਾ ਪੈ ਰਿਹਾ ਹੈ ਕਿ ਚੰਦ ਗੁਰਦੁਆਰਿਆਂ ਨੂੰ ਛੱਡ ਕੇ ਬਹੁਤੀ ਥਾਈ ਸਿੱਖੀ ਸਿਧਾਂਤ ਦੀ ਕੋਈ
ਗੱਲ ਨਹੀਂ ਰਹੀ, ਬਲ ਕਿ ਗੁਰਬਾਣੀ ਦਾ ਓਟ ਆਸਰਾ ਲੈ ਕੇ ਬ੍ਰਹਾਮਣੀ ਮਤ ਦੇ ਕਰਮ-ਕਾਂਡ ਨਿਭਾਏ ਜਾ
ਰਹੇ ਹਨ। ਕੇਵਲ ਨਾਂ ਦੇ ਗੁਰਦੁਆਰੇ ਹਨ। ਗੁਰੂ ਗ੍ਰੰਥ ਦੀ ਮਤ ਦੇ ਉੱਲਟ ਗੁਰਦੁਆਰਿਆ ਦੀਆਂ ਵੰਡੀਆਂ
ਪਾ ਲਈਆਂ ਹਨ। ਧਰਮ ਨਾਲੋਂ ਜਾਤ-ਬਰਾਦਰੀ ਦੇ ਧੜੇ ਨੂੰ ਪਹਿਲ ਦਿੱਤੀ ਜਾ ਰਹੀ ਹੈ। ਇਸ ਦਾ ਨਤੀਜਾ
ਬੜਾ ਘਾਤਕ ਨਿਕਲਿਆ ਹੈ। ਜਦ ਗੁਰਦੁਆਰਿਆਂ ਦੀ ਵੰਡ ਹੋ ਗਈ ਤਾਂ ਸਿੱਖੀ ਆਪਸ ਵਿੱਚ ਵੰਡੀ ਗਈ। ਅੱਜ
ਗੁਰਦੁਆਰਿਆਂ ਦੀ ਪ੍ਰੀਭਾਸ਼ਾ ਠਾਠ ਤੇ ਡੇਰਾਵਾਦ ਵਿੱਚ ਤਬਦੀਲ ਹੋ ਗਈ ਹੈ। ਰਾਮਦਾਸੀਏ, ਭਾਟ,
ਲੁਭਾਣੇ, ਰਾਮਗੜ੍ਹੀਏ ਗੁਰਦੁਆਰੇ ਪਹਿਲਾਂ ਹੀ ਹੋਂਦ ਵਿੱਚ ਆ ਚੁੱਕੇ ਹਨ। ਸਿੱਖੀ ਸਿਧਾਂਤ ਨੂੰ ਸਮਝਣ
ਵਿੱਚ ਖੜੋਤ ਆ ਗਈ ਹੈ। ਸਿੱਖ ਧਰਮ ਦਾ ਇਹ ਦੁਖਾਂਤ ਹੈ ਕਿ ਗੁਰਦੁਆਰਿਆਂ ਦੀ ਗਣਤੀ ਦਿਨ-ਬ-ਦਿਨ ਵੱਧ
ਰਹੀ ਹੈ। ਨਾਲ ਹੀ ਪਤਿਤ-ਪੁਣੇ ਤੇ ਨਸ਼ਿਆਂ ਦੀ ਲਹਿਰ ਵੀ ਦਿਨ-ਬ-ਦਿਨ ਵੱਧ ਰਹੀ ਹੈ। ਇਸ ਦਾ ਸਾਫ਼ ਇਕੋ
ਇੱਕ ਉੱਤਰ ਹੈ, ਕਿ ਗੁਰਦੁਆਰਿਆਂ ਵਿਚੋਂ ਗੁਰਮਤਿ ਦੀ ਸਹੀ ਰੋਸ਼ਨੀ ਨਹੀਂ ਮਿਲੀ, ਗੁਰਦੁਆਰਿਆਂ ਵਿੱਚ
ਸ਼ਬਦ ਦੀ ਸਿਧਾਂਤਿਕ ਵੀਚਾਰ ਨਹੀਂ ਹੋਈ, ਇਸ ਲਈ ਇਹ ਗਰਿਮਤ ਪਰਚਾਰ ਤੋਂ ਵਾਂਝੇ ਹੋ ਗਏ। ਇਸ ਦਾ
ਨਤੀਜਾ, ਨੌਜਵਾਨ ਪੀੜ੍ਹੀ ਤੰਮਾਕੂ, ਜ਼ਰਦਿਆਂ, ਪਾਨ ਬੀੜੀਆਂ ਤੇ ਸ਼ਰਾਬ ਵੱਲ ਹੋ ਨਿਕਲੀ। ਸ੍ਰੀ ਗੁਰੂ
ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਣ ਦੇ ਨਾਤੇ ਵੀ ਗੁਰਮਤਿ ਦਾ ਪਰਚਾਰ ਨਹੀਂ ਹੋ ਸਕਿਆ। ੧੮੭੩ ਈਸਵੀ
ਨੂੰ, ਅੰਮ੍ਰਿਤਸਰ ਮਿਸ਼ਨ ਸਕੂਲ ਦੇ ਚਾਰ ਵਿਆਰਥੀ, ਈਸਾਈ ਬਣਨ ਲਈ ਤਿਆਰ ਹੋਏ ਸਨ ਤਾਂ ਗੁਰਮਤਿ ਚਿੰਤਕ
ਹਿਰਦਿਆਂ ਨੇ ਉਹਨਾਂ ਨੌਜਵਾਨਾਂ ਤਕ ਪਹੁੰਚ ਕੀਤੀ। ਉਹਨਾਂ ਨੂੰ ਗੁਰੂ ਨਾਨਕ ਸਾਹਿਬ ਜੀ ਦੀ ਸਿੱਖੀ
ਸਮਝਾਈ, ਕਹਿੰਦੇ ਨੇ ਉਹਨਾਂ ਨੇ ਆਪਣਾ ਖ਼ਿਆਲ ਬਦਲ ਲਿਆ। ਅੱਜ ਜਮਾਤਾਂ ਦੀਆਂ ਜਮਾਤਾਂ ਪੱਤਿਤ ਹੋ
ਰਹੀਆਂ ਹਨ। ਕਦੇ ਵੀ ਕਿਸੇ ਗੁਰਦੁਆਰਾ ਪ੍ਰਬਬੰਧਕ ਕਮੇਟੀ ਨੇ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਨਹੀਂ
ਕੀਤਾ। ਇਹਨਾਂ ਦਿਨਾਂ ਵਿੱਚ ਹੀ ਲੁਧਿਆਣੇ ਦੇ ਇੱਕ ਕਹਿੰਦੇ ਕਹੁੰਦੇ ਸਕੂਲ ਦੇ ਬੱਤੀ ਵਿਦਿਆਰਥੀਆ ਨੇ
ਕੇਸ ਕਤਲ ਕਰਾ ਲਏ ਪਰ ਕਿਸੇ ਦੇ ਕੰਨ ਤੇ ਜੂੰ ਨਹੀਂ ਸਰਕੀ। ਨਾ ਹੀ ਸਿੱਖਾਂ ਦੀ ਨੁਮਾਇੰਦਾ ਜਮਾਤ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ, ਅਤੇ ਨਾ ਹੀ ਸਾਡੇ ਸਤਿਕਾਰ ਯੋਗ
ਜੱਥੇਦਾਰਾਂ ਨੇ ਚਿੰਤਤ ਹੋਣ ਦੀ ਲੋੜ ਸਮਝੀ। ਆਪਣਾ ਉੱਲੂ ਸਿੱਧਾ ਹੋਣਾ ਚਾਹੀਦਾ ਹੈ ਸਿੱਖੀ ਜਿੱਧਰ
ਜਾਂਦੀ ਹੈ ਜਾਏ, ਕੋਈ ਪਰਵਾਹ ਨਹੀਂ।
ਇਸ ਵਿੱਚ ਕੋਈ ਸ਼ੱਕ ਨਹੀਂ ਹੈ, ਗੁਰਦੁਆਰਿਆਂ ਨੇ ਸਿੱਖੀ ਪਰਚਾਰ ਵਿੱਚ ਅਹਿਮ
ਭੂਮਿਕਾ ਨਿਭਾਈ ਹੈ। ਪਰ ਮੌਜੂਦਾ ਗੁਰਦੁਆਰਿਆਂ ਦੀ ਸਥਿਤੀ ਇਹ ਹੈ ਕਿ, ਇਹ ਬ੍ਰਹਾਮਣੀ ਕਰਮ-ਕਾਂਡ ਵਲ
ਨੂੰ ਵੱਧ ਰਹੀ ਹੈ। ਵੱਧ ਰਹੇ ਗੁਰਦੁਆਰਿਆਂ ਦੇ ਰੁਝਾਨ ਨੇ ਸਿੱਖੀ ਨੂੰ ਆਪਣੇ ਢੰਗ ਨਾਲ ਢਾਹ ਲਗਾਈ
ਹੈ। ਅੱਜ ਇੱਕ ਇਕ ਮਹੱਲੇ ਵਿੱਚ ਤਿੰਨ ਤਿੰਨ ਗੁਰਦੁਆਰੇ ਦੇਖੇ ਜਾ ਸਕਦੇ ਹਨ। ਹਰ ਪਿੰਡ ਵਿੱਚ ਪੱਤੀਆ
ਦੇ ਹਿਸਾਬ ਨਾਲ ਗੁਰਦੁਆਰੇ ਬਣਾਏ ਜਾ ਰਹੇ ਹਨ। ਕੌਮ ਦੇ ਪਾਸ ਇਤਨੇ ਸਿਖਾਂਦਰੂ ਗ੍ਰੰਥੀ, ਪਰਚਾਰਕ
ਨਹੀਂ ਹਨ ਜੋ ਹਰ ਗੁਰਦੁਆਰੇ ਨੂੰ ਮਿਲ ਸਕਣ। ਧੱਕੇ-ਧੋੜੇ ਨਾਲ ਆਪੂੰ ਬਣੇ ਪ੍ਰਬੰਧਕ ਗੁਰਮਤਿ ਸਿਧਾਂਤ
ਤੋਂ ਕੋਰੇ ਹਨ। ਇੱਕ ਗੁਰਦੁਆਰਾ ਸਾਹਿਬ ਵਿੱਚ ਗੁਰਮਤਿ ਵਿਚਾਰ ਕਰਨ ਦਾ ਅਵਸਰ ਪ੍ਰਾਪਤ ਹੋਇਆ। ਉੱਥੋਂ
ਦੇ ਸਕੱਤਰ ਹੁਰਾਂ ਬੜੇ ਫ਼ਖ਼ਰ ਨਾਲ ਕਿਹਾ ਕਿ ਗਿਆਨੀ ਜੀ ਮੇਰੀ ਸਾਰੀ ਕਮੇਟੀ ਅੰਮ੍ਰਿਤਧਾਰੀ ਹੈ,
ਮੈਨੂੰ ਬਹੁਤ ਖ਼ੁਸ਼ੀ ਹੋਈ, ਚਲੋ ਕੋਈ ਪ੍ਰਬੰਧਕ ਤਾਂ ਮਿਲੇ ਜੋ ਅੰਮ੍ਰਿਤਧਾਰੀ ਹਨ। ਚਾਰ ਦਿਨਾਂ ਦੀ
ਵੀਚਾਰ ਸੁਣਨ ਉੱਪਰੰਤ ਉਹਨਾਂ ਪ੍ਰਬੰਧਕਾਂ ਨੇ ਮੈਨੂੰ ਕਿਹਾ ਕਿ ਗਿਆਨੀ ਜੀ ਆ ਸ਼ਨਿਚਰ, ਮੰਗਲ ਦੀ ਗੱਲ
ਨਾ ਕਰਿਆ ਜੇ, ਕਿਉਂਕਿ ਸੰਗਤ ਫਿਰ ਦੂਸਰੇ ਗੁਰਦੁਆਰੇ ਜਾਣ ਲੱਗ ਪਏਗੀ। ਤੁਹਾਨੂੰ ਤੇ ਸਾਰਾ ਪਤਾ ਈ
ਆ, ਤੁਸੀਂ ਸਿਆਣੇ ਈ ਓ ਕਿ ਅਸੀਂ ਕਿਸੇ ਨੂੰ ਨਿਰਾਜ਼ ਨਹੀਂ ਕਰਨਾ ਚਾਹੁੰਦੇ ਕਿਉਂਕਿ ਇਹ ਗੁਰੂ ਘਰ ਸਭ
ਦਾ ਸਾਂਝਾ ਹੈ ਦੂਸਰਾ ਗੋਲਕ ਨੂੰ ਬਹੁਤ ਘਾਟਾ ਪੈਂਦਾ ਹੈ। ਉਹ ਆਪ ਹੀ ਸੇਵਾਦਾਰਾਂ ਨੂੰ ਹੁਕਮ ਕਰ
ਰਹੇ ਸੀ ਕਿ ਸਵੇਰੇ ਸ਼ਨੀਚਰਵਾਰ ਹੈ, ਇਸ ਲਈ ਲੰਗਰ ਵਿੱਚ ਕਾਲ਼ੇ ਛੋਲੇ ਤੇ ਮਾਂਹ ਦੀ ਦਾਲ਼ ਬਣਾਈ ਜਾਏ।
ਹਾਲਾਂ ਕਿ ਅੰਮ੍ਰਿਤ ਸਭ ਨੇ ਛੱਕਿਆ ਹੋਇਆ ਹੈ। ਇਸ ਦਾ ਸਾਫ਼ ਇੱਕ ਹੀ ਉੱਤਰ ਹੈ ਇਹਨਾਂ ਭਲੇ
ਪ੍ਰਬੰਧਕਾਂ ਨੂੰ ਗੁਰਮਤਿ ਸਿਧਾਂਤ ਦੀ ਸੋਝੀ ਨਹੀਂ ਹੈ। ਇਹ ਗੁਰਦੁਆਰੇ ਸਿਰਫ ਪ੍ਰਭਾਤ ਫੇਰੀਆਂ ਤਕ
ਹੀ ਸੀਮਤ ਹੋ ਕੇ ਰਹਿ ਗਏ ਹਨ। ਅੰਮ੍ਰਿਤ ਅਸਾਂ ਜ਼ਰੂਰ ਛੱਕਿਆ ਹੋਇਆ ਹੈ ਪਰ ਬ੍ਰਹਾਮਣੀ ਕਰਮ-ਕਾਂਡ
ਨੂੰ ਛੱਡਿਆ ਵੀ ਕੋਈ ਨਹੀਂ ਹੈ। ਅਜੇ ਤਕ ਗੁਰੂ ਨਾਨਕ ਸਾਹਿਬ ਜੀ ਦੇ ਨਿਰਮਲ ਪੰਥ ਦੀ ਸੋਝੀ ਨਹੀਂ ਆ
ਸਕੀ। ਗੁਰਦੁਆਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੋਚ ਦੇ ਪ੍ਰਤੀਕ ਸਨ ਪਰ ਅਜੇਹਾ ਹੋ ਨਹੀਂ ਸਕਿਆ।
ਸਿਰਫ ਗੁਰਦੁਆਰੇ ਹੀ ਨਹੀਂ ਸਨਾਤਨੀ ਰੀਤੀ ਰਿਵਾਜ ਤਾਂ ਸਾਡੇ ਘਰਾਂ ਵਿੱਚ ਵੀ ਆ ਗਏ ਹਨ।
ਗੁਰਦੁਆਰਿਆਂ ਵਿੱਚ ਸਿੱਖੀ ਪਰਚਾਰ ਵਲ ਘੱਟ ਖ਼ਿਆਲ ਗਿਆ ਹੈ ਪਰ ਬੇ-ਲੋੜੀਆਂ
ਰਸਮਾਂ-ਰਿਵਾਜਾਂ ਵਲ ਸਾਡੀ ਤਵੱਜੋ ਜ਼ਿਆਦਾ ਹੋ ਗਈ ਹੈ। ਇੱਕ ਨਵੀਂ ਸੋਚ ਉੱਭਰ ਕੇ ਸਾਡੇ ਸਾਹਮਣੇ ਆਈ
ਹੈ। ਉਹ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਪੂਜਾ –ਸਿੱਖੀ ਵਿਧਾਨ ਵਿੱਚ ਪੂਜਾ ਕੇਵਲ ਇੱਕ ਅਕਾਲ ਦੀ
ਹੈ, ਪਰਚਾ ਸ਼ਬਦ ਦਾ ਹੈ ਤੇ ਦੀਦਾਰ ਖਾਲਸੇ ਦਾ ਹੈ। ਅਕਾਲ ਦੀ ਪੂਜਾ ਦਾ ਅਰਥ ਹੈ ਰੱਬੀ ਗੁਣਾਂ ਨੂੰ
ਆਪਣੇ ਜੀਵਨ ਵਿੱਚ ਢਾਲ਼ਣਾ। ਪਰਚਾ ਸ਼ਬਦ ਦਾ ਅਰਥ ਹੈ ਗੁਰਬਾਣੀ ਪਾਠ-ਬੋਧ ਨੂੰ ਸਮਝਣ ਦੀ ਸੂਝ ਪੈਦਾ
ਕਰਨੀ। ਦੀਦਾਰ ਖਾਲਸੇ ਦਾ ਅਰਥ ਹੈ ਸੰਗਤ ਵਿੱਚ ਨਿਤਾ ਪ੍ਰਤੀ ਆਉਣਾ ਤੇ ਅੰਮ੍ਰਿਤ ਛੱਕਣਾ। ਜਿਸ
ਤਰ੍ਹਾਂ ਮੰਦਰਾਂ ਵਿੱਚ ਮੂਰਤੀਆਂ ਰੱਖੀਆਂ ਹਨ, ਏਸੇ ਹੀ ਤਰਜ਼ `ਤੇ ਅੱਜ ਗੁਰਦੁਆਰਿਆਂ ਵਿੱਚ ਗੁਰੂ
ਗ੍ਰੰਥ ਸਾਹਿਬ ਜੀ ਅੱਗੇ, ਤਰ੍ਹਾਂ ਤਰ੍ਹਾਂ ਦੀਆਂ ਮੂਰਤੀਆਂ, ਪਲਾਸਟਿਕ ਫ਼ੁੱਲਾਂ ਦੇ ਗੁਲਦਸਤੇ ਰੱਖੇ
ਹੋਏ ਹਨ। ਰੰਗ-ਬਰੰਗੀਆਂ ਲਾਈਟਾਂ ਫਿਟ ਕੀਤੀਆਂ ਹੋਈਆਂ ਮਿਲਣਗੀਆਂ। ਜੁਲਾਈ ੨੦੦੧ ਈਸਵੀ ਨੂੰ
ਲੁਧਿਆਣੇ ਸ਼ਹਿਰ ਦੇ ਨੇੜੇ ਇੱਕ ਇਤਿਹਾਸਕ ਗੁਰਦੁਆਰੇ ਜਾਣ ਦਾ ਅਵਸਰ ਮਿਲਿਆ ਜੋ ਕਿ ਸ਼੍ਰੋਮਣੀ
ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਹੈ। ਗੁਰੂ ਗ੍ਰੰਥ ਸਾਹਿਬ ਜੀ ਅੱਗੇ ੨੨, ਵੱਡੇ ਛੋਟੇ ਘੋੜੇ
ਸਜਾਏ ਹੋਏ ਸਨ, ੨੪ ਪਲਾਸਟਿਕ ਫੁੱਲਾਂ ਦੇ ਗੁਲਦੱਸਤੇ, ਇੱਕ ਝਾੜੀਆਂ ਦਾ ਝਲਕਾਰਾ ਪਾ ਰਹੇ ਸਨ।
ਗੁਰਦੁਆਰਾ ਸਾਹਿਬ ਜੀ ਦੇ ਮੈਨਜਰ ਜੀ ਨਾਲ ਗੱਲ ਕੀਤੀ ਤਾਂ ਉਹਨਾਂ ਦਾ ਸਿੱਧ ਪੱਧਰਾ ਉੱਤਰ ਸੀ ਜੀ ਕੀ
ਫਰਕ ਪੈਂਦਾ ਹੈ? ਤੇ ਉਂਝ ਵੀ ਇਹ ਘੋੜੇ ਸਿੱਖੀ ਦਾ ਪ੍ਰਤੀਕ ਹੀ ਹਨ ਤੇ ਹੀਂ ਹੀਂ ਕਰਕੇ ਹੱਸ ਪਏ।
ਦੂਸਰੀ ਗੱਲ ਤੁਸੀਂ ਸ਼੍ਰੋਮਣੀ ਕਮੇਟੀ ਨੂੰ ਲਿਖੋ, ਇਹ ਸੁਧਾਰ ਤਾਂ ਉਹਨਾਂ ਨੇ ਹੀ ਕਰਨਾ ਹੈ, ਅਸੀਂ
ਕੁੱਝ ਨਹੀਂ ਕਰ ਸਕਦੇ। ਇਹ ਹਾਲ ਹੈ ਇਤਿਹਾਸਕ ਗੁਰਦੁਆਰਿਆਂ ਦਾ। ਅਸਲ ਵਿੱਚ ਘੋੜਿਆਂ ਦੀ ਕਾਢ
ਦੁਕਾਨਦਾਰਾਂ ਦੀ ਹੈ ਜੇ ਦੁਕਾਨਾਂ `ਤੇ ਘੋੜੇ ਵਿਕਣ ਹੀ ਨਾ ਤੇ ਕੋਈ ਵੀ ਘੋੜਾ ਨਹੀਂ ਲਿਆਏਗਾ ਤੇ ਨਾ
ਹੀ ਚੜ੍ਹਾਏਗਾ। ਇੱਕ ਗੁਰਦੁਆਰਾ ਸਾਹਿਬ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਸੰਤ ਬਾਬਿਆਂ ਦੀਆਂ
ਤਸਵੀਰਾਂ, ਨਸੀਹਤ-ਨਾਮਾ, ਮੋਰ ਪੰਖ਼ ਤੇ ਹੋਰ ਪਤਾ ਨਹੀਂ ਕੀ ਕੁੱਝ ਪਿਆ ਹੋਇਆ ਸੀ। ਵੀਚਾਰ ਕੀਤੀ ਤਾਂ
ਪ੍ਰਬੰਧਕ ਕਹਿਣ ਲੱਗੇ ਕੀ ਫ਼ਰਕ ਪੈਂਦਾ ਹੈ ਚੱਲੀ ਜਾਂਦਾ ਹੈ ਹਰ ਬੰਦੇ ਦੀ ਸ਼ਰਧਾ ਹੁੰਦੀ ਹੈ, ਅਸੀਂ
ਕਿਸੇ ਦੀ ਸ਼ਰਧਾ ਥੋੜੀ ਤੋੜਨੀ ਹੈ। ਜੇ ਅੱਜ ਇਤਨਾ ਕੁੱਝ ਹੋ ਰਿਹਾ ਹੈ ਤਾਂ ਆਉਣ ਵਾਲੇ ਸਮੇਂ ਵਿੱਚ
ਅਸੀਂ ਮੂਰਤੀਆਂ ਰੱਖਣ ਤੋਂ ਵੀ ਗ਼ੁਰੇਜ਼ ਨਹੀਂ ਕਰਾਂਗੇ ਤੇ ਮੂਰਤੀਆਂ ਵੀ ਉਹ ਹੋਣਗੀਆਂ ਜਿੰਨਾਂ ਨੂੰ
ਚਕਾਉਣ ਲਈ ਸਿੱਖ ਪੰਥ ਦਾ ਸਾਰਾ ਜ਼ੋਰ ਲੱਗ ਗਿਆ ਸੀ। ਪੁਜਾਰੀਆਂ ਨੇ ਮੂਰਤੀਆਂ ਚਕਾਉਣ ਵਾਲਿਆਂ ਵੀਰਾਂ
ਦੇ ਵਿਰੋਧ ਵਿੱਚ ਫਤਵੇ ਵੀ ਜਾਰੀ ਕੀਤੇ ਸਨ।
ਜਿਸ ਤਰ੍ਹਾਂ ਸਟੇਜ `ਤੇ ਨਾਟਕ ਖੇਡਣਾ ਹੋਵੇ ਤਾਂ ਕਈ ਪਰਕਾਰ ਦੀ ਚਮਕ ਦਮਕ
ਵਾਲੀ ਸਜਾਵਟ ਕੀਤੀ ਜਾਂਦੀ ਹੈ। ਏਸੇ ਤਰ੍ਹਾਂ ਹੀ ਹਲਕੀ ਕਿਸਮ ਦੀ ਗੁਰਦੁਆਰਿਆਂ ਵਿੱਚ ਸਜਾਵਟ ਕੀਤੀ
ਜਾ ਰਹੀ ਹੈ। ਗੁਰਦੁਆਰੇ ਸਾਡੇ ਡਰਾਂਇੰਗ ਰੂਮ ਨਹੀਂ ਹਨ, ਇਹ ਤਾਂ ਰੂਹ ਦੀ ਖ਼ੁਰਾਕ ਦੇ ਸੋਮੇ ਹਨ।
ਸਿੱਖ ਸਿਧਾਂਤ ਦੇ ਸਕੂਲ ਹਨ। ਪਰ ਅਸੀਂ ਹਲਕੀ ਕਿਸਮ ਦੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਸਜਾਵਟ ਕਰਕੇ
ਰੰਗ-ਤਮਾਸ਼ਿਆਂ ਦਾ ਰੂਪ ਪੇਸ਼ ਕਰ ਰਹੇ ਹਾਂ। ਸਿੱਖ ਰਹਿਤ ਮਰਯਾਦਾ ਵਿੱਚ ਲਿਖਿਆ ਹੈ – ਗੁਰਦੁਆਰੇ ਦਾ
ਅਸਥਾਨ ਸਾਫ਼ ਸੁਥਰਾ ਹੋਵੇ। ਹਾਂ, ਸਥਾਨ ਨੂੰ ਸਗੰਧਿਤ ਕਰਨ ਲਈ ਫੁੱਲ, ਧੁਪ ਆਦਿ ਸੁਗੰਧੀਆਂ ਵਰਤਣੀਆਂ
ਵਿਵਰਜਿਤ ਨਹੀਂ। ਕਮਰੇ ਵਿੱਚ ਰੋਸ਼ਨੀ ਲਈ ਤੇਲ, ਘੀ, ਮੋਮਬੱਤੀ ਤੇ ਬਿਜਲੀ ਲੈਂਪ ਆਦਿ ਜਗਾ ਲੈਣੇ
ਚਾਹੀਦੇ ਹਨ। ਗੁਰੂ ਗ੍ਰੰਥ ਸਾਹਿਬ ਜੀ ਅੱਗੇ ਤਰ੍ਹਾਂ ਤਰ੍ਹਾਂ ਦਾ ਸਾਜੋ-ਸਮਾਨ, ਆਪੋ-ਆਪਣੀ ਮੱਤ
ਅਨੁਸਾਰ ਇਕੱਠਾ ਕਰੀ ਜਾ ਰਹੇ ਹਾਂ, ਪਰ ਸ਼ਬਦ ਦੀ ਵੀਚਾਰ ਛੱਡੀ ਜਾ ਰਹੇ ਹਾਂ। ਗੁਰਦੁਆਰਾ ਹਾਲ ਵਿੱਚ
ਲਾਈਟ ਦਾ ਯੋਗ ਤੇ ਢੁੱਕਵਾਂ ਪ੍ਰਬੰਧ ਹੋਵੇ ਪਰ ਰੰਗ-ਬਰੰਗੇ ਬਲਬ ਤੇ ਜਗਦੀਆਂ ਬੁਝਦੀਆਂ ਲੜੀਆਂ ਆਦਿ
ਨਹੀਂ ਹੋਣੀਆਂ ਚਾਹੀਦੀਆਂ। ਗੁਰਦੁਆਰਾ ਦੇਖਣ ਦਾ ਅਸਥਾਨ ਨਹੀਂ ਹੈ ਇਹ ਤੇ ਸੁਣਨ ਵੀਚਾਰਨ ਦਾ ਅਸਥਾਨ
ਹੈ। ਸੰਗਤ ਦੇ ਬੈਠਣ ਲਈ ਸੋਹਣੀਆਂ ਦਰੀਆਂ ਜਾਂ ਮੈਟ ਆਦਿ ਵਿਛੇ ਹੋਣੇ ਚਾਹੀਦੇ ਹਨ। ਸਾਉਂਡ ਸਿਸਟਿਮ
ਵਧੀਆ ਹੋਵੇ। ਗੁਰਦੁਆਰਿਆਂ ਅੰਦਰ ਗੁਰਪੁਰਬਾਂ ਦੇ ਪ੍ਰੋਗਰਾਮ ਸੁਚੱਜੇ ਢੰਗ ਨਾਲ ਉਲੀਕੇ ਜਾਣੇ
ਚਾਹੀਦੇ ਹਨ। ਬੋਲਣ ਵਾਲਿਆਂ ਨੂੰ ਗੁਰਮਤ ਦੇ ਵਿਸ਼ੇ ਦਿੱਤੇ ਜਾਣੇ ਚਾਹੀਦੇ ਹਨ। ਮੂੰਹ ਮੁਲਾਜੇ ਲਈ
ਹਰੇਕ ਨੂੰ ਗੁਰਦੁਆਰਾ ਸਾਹਿਬ ਦੀ ਸਟੇਜ ਨਹੀਂ ਦੇਣੀ ਚਾਹੀਦੀ। ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਿਆਈ
ਦਿਵਸ ਵੱਡੀ ਤੇ ਕੌਮਾਂਤਰੀ ਪੱਧਰ `ਤੇ ਮਨਾਇਆ ਜਾਣਾ ਚਾਹੀਦਾ ਹੈ। ਗੁਰੂ ਨਾਨਕ ਸਾਹਿਬ ਜੀ ਦੇ
ਗੁਰਪੁਰਬ `ਤੇ ਮੁੜ ਮੁੜ ਕੇ ਦੋ ਚਾਰ ਗੱਲਾਂ ਹੀ ਦੁਹਾਰੀਆਂ ਜਾਂਦੀਆਂ ਹਨ। ਆਸਾ ਦੀ ਵਾਰ ਦੇ ਕੀਰਤਨ
ਵਿੱਚ “ਸਤਿਗੁਰ ਨਾਨਕ ਪਰਗਟਿਆ ਮਿਟੀ ਧੁੰਧ ਜਗਿ ਚਾਨਣੁ ਹੋਆ” ਭਾਈ ਗੁਰਦਾਸ ਜੀ ਦੀ ਉਚਾਰਨ ਕੀਤੀ
ਪਉੜੀ ਪੜ੍ਹੀ ਗਈ। ਫਿਰ ਇਸਤ੍ਰੀ ਸਤਿਸੰਗ ਦੇ ਜੱਥੇ ਨੂੰ ਸਮਾਂ ਮਿਲਿਆ ਉਹਨਾਂ ਨੇ ਵੀ ਏਸੇ ਪਉੜੀ ਦਾ
ਹੀ ਕੀਰਤਨ ਕੀਤਾ। ਉਚੇਚੇ ਤੌਰ ਤੇ ਰਾਗੀ ਜੱਥੇ ਬੁਲਾਏ ਤੇ ਸੋਹਣੀ ਭੇਟਾ ਦਿੱਤੀ, ਉਹਨਾਂ ਨੂੰ ਸ਼ਬਦ
ਕੀਰਤਨ ਦਾ ਸਮਾਂ ਮਿਲਿਆ ਤੇ ਸ਼ਬਦ ਉਹਨਾਂ ਨੇ ਵੀ ਏਹੀ “ਜਗਿ ਚਾਨਣ ਹੋਆ”। ਸਕੂਲ ਦੇ ਬੱਚਿਆਂ ਨੂੰ
ਸਮਾਂ ਮਿਲਿਆ ਤੇ ਉਹਨਾਂ ਨੇ ਵੀ ਏਹੀ ਪਉੜੀ ਪੜ੍ਹੀ ਆਪਣੀ ਹਾਜ਼ਰੀ ਲਗਾਈ, ਘਰੋ-ਘਰੀ ਆ ਗਏ। ਉਪਰੰਤ
ਆਟੇ ਦਾਲ਼ ਦੀ ਗਿਣਤੀ ਹੋਈ, ਆਪਣਾ ਆਪ ਜਿਤਾਇਆ ਸਿਰੋਪਿਆਂ ਦੀ ਵੰਡ ਹੋਈ, ਅਖ਼ਬਾਰਾਂ ਵਿੱਚ ਫੋਟੋਆਂ ਆ
ਗਈਆਂ ਤੇ ਇੰਜ ਅਸਾਂ ਵਲੋਂ ਗੁਰਪੁਰਬ ਮਨਾਇਆ ਗਿਆ। ਵਾਹ ਖਾਲਸਾ ਜੀ, ਵਾਹ! ਤੇਰੇ ਗੁਰੂ ਦਾ ਪੁਰਬ
ਮਨਾਉਣ ਦਾ ਢੰਗ ਹੀ ਵੱਖਰਾ ਹੈ।
ਪੰਥ ਪਰਵਾਨਤ ਰਹਿਤ ਮਰਯਾਦਾ ਵਿੱਚ ਲਿਖਿਆ ਹੋਇਆ ਹੈ –ਕੀਰਤਨ ਕੇਵਲ ਗੁਰੂ
ਗ੍ਰੰਥ ਸਾਹਿਬ ਜੀ ਦੀ ਬਾਣੀ, ਭਾਈ ਗੁਰਦਾਸ ਜੀ ਤੇ ਭਾਈ ਨੰਦ ਲਾਲ ਜੀ ਦੀ ਵਿਆਖਿਆ ਸਰੂਪ ਬਾਣੀ ਦਾ
ਹੀ ਹੋ ਸਕਦਾ ਹੈ। ਪਰ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ `ਤੇ ਸਾਡੇ ਗੁਰਦੁਆਰੇ “ਤਹੀਂ
ਪ੍ਰਕਾਸ਼ ਹਮਾਰਾ ਭਇਓ” ਤੋਂ ਅੱਗੇ ਜਾਣ ਲਈ ਤਿਆਰ ਨਹੀਂ ਹੁੰਦੇ। ਵਿਸਾਖੀ `ਤੇ ਗੁਰ ਸਿਮਰ ਮਨਾਈ
ਕਾਲਕਾ’ ਪੜ੍ਹਿਆ ਤੇ ਖਾਲਸੇ ਦਾ ਪ੍ਰਗਟ ਦਿਵਸ ਮਨਾਇਆ ਗਿਆ। ਕੀ ਇਹ ਸਾਡੇ ਗੁਰਦੁਆਰਿਆਂ ਵਿੱਚ ਪੁਰਬ
ਮਨਾਉਣ ਦੇ ਢੰਗ ਤਰੀਕੇ ਠੀਕ ਹਨ? ਕਦੇ ਅਸੀਂ ਗੰਭੀਰਤਾ ਨਾਲ ਸੋਚਿਆ ਹੈ ਕਿ ਅਸੀਂ ਗੁਰਦੁਆਰਿਆਂ ਵਿੱਚ
ਕੀ ਕਰ ਰਹੇ ਹਾਂ? ਅਸੀਂ ਹੁਣ ਗੁਰਪੁਰਬਾਂ ਨੂੰ ਵੀ ਪਿੱਛੇ ਛੱਡ ਗਏ ਹਾਂ। ਹਰ ਛੋਟੇ ਵੱਡੇ
ਗੁਰਦੁਅਰਿਆਂ ਵਿੱਚ ਆਪਣੇ ਆਪਣੇ ਬੂਬਨੇ ਬਾਬਿਆਂ, ਸੰਤਾਂ ਤੇ ਵੱਡੇ ਵੱਡੇ ਮਹਾਂਰਾਜ ਜੀ ਦੀਆਂ
ਬਰਸੀਆਂ ਮਨਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਜਿਸ ਤਰ੍ਹਾਂ ਗੁਰੂਆਂ ਦੇ ਆਗਮਨ ਪੁਰਬ ਮਨਾਉਂਦੇ ਹਾਂ,
ਓਸੇ ਹੀ ਤਰਜ਼ `ਤੇ ਸਾਧੜਿਆਂ ਦੇ ਜਨਮ ਦਿਹਾੜੇ ਮਨਾਉਣ ਲੱਗ ਪਏ ਹਾਂ। ਗੁਰਦੁਆਰੇ ਤਾਂ ਅਸਾਂ ਜ਼ਰੂਰ
ਬਣਾ ਲਏ ਪਰ ਗੁਰਮਤ ਦੀ ਸੋਝੀ ਨਹੀਂ ਆਈ। ਏਹੀ ਕਾਰਨ ਹੈ ਕਿ ਆਮ ਜਨ ਸਧਾਰਨ ਜੰਤਾ ਨੂੰ ਅਸੀਂ ਗੁਰੂ
ਸਾਹਿਬ ਜੀ ਦੇ ਮਿੱਥੇ ਅਦਰਸ਼ ਨੂੰ ਦੱਸ ਨਹੀਂ ਪਾ ਸਕੇ, ਕਸੂਰ ਕਿਸਦਾ ਹੈ? ਸਾਡਾ ਸਭ ਦਾ ਹੈ ਪਰ ਸਿੱਖ
ਪਾਸ ਤਾਂ ਸੋਚਣ ਦਾ ਸਮਾਂ ਹੀ ਨਹੀਂ ਹੈ। ਇੰਜ ਲੱਗਦਾ ਹੈ ਕਿ ਹੁਣ ਗੁਰਦੁਆਰੇ ਤਿੰਨ ਗੱਲਾਂ ਲਈ ਹੀ
ਰਹਿ ਗਏ ਹੋਣ, ਸਿਰੋਪਾਓ, ਜੈਕਾਰਾ ਤੇ ਧੰਨਵਾਦ ਦੇ ਦੋ ਲਫ਼ਜ਼। ਕਹਿੰਦੇ ਹਾਂ ਜੀ ਅਸੀਂ ਤਾਂ ਨਿਆਰੇ
ਖਾਲਸੇ ਹਾਂ।
ਜੇ ਕਰ ਸਾਡੇ ਇਤਿਹਾਸਕ ਗੁਰਦੁਆਰਿਆਂ ਵਿੱਚ ਜੋਤਾਂ ਜਗਣਗੀਆਂ ਤਾਂ ਗਲ਼ੀ
ਮਹੱਲੇ ਵਾਲੇ ਗੁਰਦੁਆਰੇ ਵੀ ਜੋਤਾਂ ਜਗਾਉੱਣਗੇ ਹੀ ਜਗਾਉਣਗੇ। ਕੀ ਅਸਲੀ ਜੋਤ ਜੋ ਗੁਰੂ ਗ੍ਰੰਥ
ਸਾਿਹਬ ਜੀ ਦੇ ਰੂਪ ਵਿੱਚ ਜੱਗ ਰਹੀ ਹੈ ਸਾਨੂੰ ਇਸ ਤੋਂ ਚਾਨਣ ਨਹੀਂ ਸੀ ਲੈਣਾ ਚਾਹੀਦਾ?
ਗੁਰਦੁਆਰਿਆਂ ਅੰਦਰ ਪੂਰਨਮਾਸ਼ੀ, ਮੱਸਿਆ, ਸੰਗਰਾਂਦ ਆਦਿ ਦੇ ਬੋਰਡ ਤਾਂ ਮਿਲ ਜਾਣਗੇ, ਪਰ ਸਿੱਖੀ
ਸਿਧਾਂਤ ਦੇ ਨੁਕਤਿਆਂ ਵਾਲੇ ਸਾਨੂੰ ਕਿਤੋਂ ਵੀ ਬੋਰਡ ਨਹੀਂ ਮਿਲਣਗੇ। ਜਿਸ ਸ਼ਨਿਚਰ ਦੇਵਤੇ ਦੀ
ਸਾੜ੍ਹਸਤੀ ਅਨੰਦਪੁਰ ਹੀ ਸਾੜ ਦਿੱਤੀ ਸੀ, ਉਹ ਹੀ ਦੇਵਤਾ ਅੱਜ ਆਮ ਸਿੱਖ ਨੂੰ ਜਕੜੀ ਬੈਠਾ ਹੈ। ਸਾਡੇ
ਕਹਿੰਦੇ ਕਹਾਉਂਦੇ ਪੰਥਕ ਗੁਰਦੁਆਰੇ ਵੀ ਸ਼ਨੀ ਦੇਵਤੇ ਦੀ ਲਪੇਟ ਵਿੱਚ ਆ ਗਏ ਹਨ। ਦੂਸਰਿਆਂ ਦੀ ਦੇਖਾ
ਦੇਖੀ ਵੀ ਅੱਜ ਅਸੀਂ ਮੰਗਲ਼ਵਾਰ ਨੂੰ ਬੂੰਦੀ ਦਾ ਪ੍ਰਸਾਦ ਚੜ੍ਹਾਉਂਣ ਲੱਗ ਪਏ ਹਾਂ। ਕਈਆਂ
ਗੁਰਦੁਆਰਿਆਂ ਵਿੱਚ ਵੀਰਵਾਰ ਨੂੰ ਉਚੇਚੇ ਤੌਰ ਤੇ ਕਬਰਾਂ ਦੀ ਤਰਜ਼ `ਤੇ ਮਿੱਠੇ ਚੌਲ਼ਾਂ ਦੀਆਂ ਦੇਗਾਂ
ਵੀ ਤਿਆਰ ਕਰਕੇ ਕੜਾਹ ਪ੍ਰਸ਼ਾਦ ਵਾਂਗ ਵਰਤਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਕੀ ਸੱਚ ਮੁੱਚ ਅਸੀਂ ਸੌ
ਤਾਂ ਨਹੀਂ ਰਹੇ?
ਆ ਰਹੀਆਂ ਕੁਰਤੀਆਂ ਵਲ ਸਾਡਾ ਧਿਆਨ ਨਹੀਂ ਕਿਉਂਕਿ ਸਿੱਖ ਭਾਈਚਾਰਾ ਆਪਣੀ
ਆਪਣੀ ਰਹਿਤ ਮਰਯਾਦਾ ਬਣਾ ਕੇ ਉਸ ਚੱਕਰਵਿਊ ਵਿੱਚ ਫਸ ਗਿਆ ਹੈ ਜਿਥੋਂ ਇਹ ਵਾਪਸ ਆਉਣਾ ਇਹ ਆਪਣੀ
ਹੇਠੀ ਸਮਝ ਰਿਹਾ ਹੈ। ਸਾਡਾ ਕਲਿਆਣ ਸ਼ਬਦ ਦੀ ਵੀਚਾਰ ਨਾਲ ਹੋਣਾ ਸੀ, ਉਹ ਆਮ ਕਰਕੇ ਗੁਰਦੁਆਰਿਆਂ
ਵਿੱਚ ਹੈ ਨਹੀਂ, ਜੇ ਹੈ ਵੀ ਹੈ, ਤਾਂ ਸਿਰਫ ਗਰੜ ਪੁਰਾਣ ਦੇ ਗਪੌੜਿਆਂ ਤੇ ਕਰਾਮਾਤੀ ਕਹਾਣੀਆਂ ਤਕ
ਸੀਮਤ ਹੈ। ਪਹਿਲਾਂ ਤਾਂ ਗੁਰਦੁਆਰਿਆਂ ਦੀਆਂ ਵੰਡੀਆਂ ਪਾਈਆਂ ਹੋਈਆਂ ਸਨ, ਹੁਣ ਸੰਗਤਾਂ ਵਿੱਚ ਵੀ
ਵੰਡੀਆਂ ਪੈ ਗਈਆਂ ਹਨ। ਅੰਮ੍ਰਿਤ ਵੇਲੇ ਛੋਟੀ ਦਸਤਾਰ ਬੰਨ੍ਹ ਕੇ ਗੁਰਦੁਆਰੇ ਆਉਣ ਤੇ ਬੱਤੀਆਂ ਬੰਦ
ਕਰ ਕੇ ਸਿਮਰਨ ਦੀ ਕਮਾਈ ਕਰਨ, ਉਹ ਭਜਨੀਕ ਸਿੱਖ ਤਥਾ ਕਮਾਈ ਵਾਲੇ ਸਿੱਖ ਗਿਣੇ ਜਾਂਦੇ ਹਨ। ਇਹਨਾਂ
ਵੀਰਾਂ ਦੇ ਜਾਣ ਉਪਰੰਤ ਗੁਰਦੁਆਰਾ ਸਾਹਿਬ ਵਿੱਚ ਫਿਰ ਸੰਗਤ ਜੁੜਦੀ ਹੈ, ਜਿਸ ਨੂੰ ਨਿਤ ਨੇਮ ਵਾਲੀ
ਸੰਗਤ ਕਿਹਾ ਜਾਂਦਾ ਹੈ। ਨਿਤ ਨੇਮ ਕਰਕੇ ਇਹ ਵੀਰ ਵੀ ਜਲਦੀ ਤੋਂ ਪਹਿਲਾਂ ਕਹਲ਼ੀ ਕਾਹਲੀ ਗੁਰਦੁਆਰਿਉਂ
ਚਲੇ ਜਾਂਦੇ ਹਨ। ਫਿਰ ਸੁਖਮਨੀ ਸੇਵਾ ਸੁਸਾਇਟੀ ਵਾਲੇ ਵੀਰ ਸੁਖਮਨੀ ਦਾ ਪਾਠ ਕਰਨ ਆਉਂਦੇ ਹਨ ਜੋ
ਅਰਦਾਸ ਕਰਦੇ ਹਨ ਜੀ ਸੁਖ ਦੇਣ ਵਾਲੀ ਬਾਣੀ ਦਾ ਪਾਠ ਕੀਤਾ ਹੈ ਸਾਨੂੰ ਸੁੱਖ ਬਖਸ਼ਿਸ਼ ਕਰੋ। ਕੀ ਸਾਰੀ
ਬਾਣੀ ਸੁੱਖ ਦੇਣ ਵਾਲੀ ਨਹੀਂ ਹੈ? ਇਹ ਤੇ ਏਹੀ ਬੇਹਤਰ ਉੱਤਰ ਦੇ ਸਕਦੇ ਹਨ। ਇੱਕ ਦੂਜੇ ਨਾਲੋਂ ਆਪਣੇ
ਆਪ ਨੂੰ ਸਿਆਣੇ ਗਿਣਦੇ ਹਨ। ਇਹਨਾਂ ਦੇ ਚਲੇ ਜਾਣ ਉਪਰੰਤ ਕੁੱਝ ਸੰਗਤ ਫਿਰ ਜੁੜਦੀ ਹੈ ਜੋ ਕਿ ਕੇਵਲ
ਕੀਰਤਨ ਹੀ ਸੁਣਨਾ ਪਸੰਦ ਕਰਦੀ ਹੈ। ਕਥਾ ਸ਼ੁਰੂ ਹੁੰਦਿਆਂ ਸਾਰ ਹੀ ਇਹ ਵੀਰ ਬਹੁਤ ਹੀ ਕਾਹਲੀ ਨਾਲ
ਗੁਰਦੁਆਰਾ ਸਾਹਿਬ ਵਿਚੋਂ ਉੱਠ ਕੇ ਜਾਂਦੇ ਹਨ ਕਿ ਮਤਾ ਕਿਤੇ ਸ਼ਬਦ ਦੀ ਵੀਚਾਰ ਕੰਨ ਵਿੱਚ ਨਾ ਪੈ
ਜਾਏ। ਇਹ ਵੀਰ ਵੀ ਅਰਦਾਸ ਕਰਦੇ ਹਨ ਕਿ ਆਸਾ ਪੂਰਨ ਕਰਨ ਵਾਲੀ ਬਾਣੀ ਸੁਣੀ ਹੈ ਇਸ ਲਈ ਸਾਡੀਆਂ ਵੀ
ਆਸਾ ਪੂਰੀਆਂ ਹੋਣ। ਅਖ਼ੀਰ `ਤੇ ਸਮਾਪਤੀ ਹੋਣ ਲੱਗਦੀ ਹੈ ਥੋੜੀ ਬਹੁਤ ਕਥਾ ਸੁਣ ਲਈ ਕੁੱਝ ਸੰਗਤ ਫਿਰ
ਦਰਬਾਰ ਵਿੱਚ ਹਾਜ਼ਰ ਹੁੰਦੀ ਹੈ। ਕੁੱਝ ਸੰਗਤ ਕਦੇ ਕਦਾਈ ਸੁਖਿਆ ਹੋਇਆ ਲੰਗਰ ਕਰਾਉਣ ਲਈ ਗੁਰਦੁਆਰਾ
ਸਾਹਿਬ ਆ ਜਾਂਦੀ ਹੈ। ਕੁੱਝ ਸੰਗਤ ਮਹੀਨੇ ਉਪਰੰਤ ਸੰਗਰਾਂਦ ਨੂੰ ਗੁਰਦੁਆਰੇ ਆਉਂਦੀ ਹੈ। ਕੁੱਝ
ਪੂਰਮਾਸ਼ੀ ਜਾਂ ਮੱਸਿਆ ਨੂੰ ਹੀ ਗੁਰਦੁਆਰੇ ਆਉਂਦੇ ਹਨ। ਕੁੱਝ ਸਿਰਫ ਗੁਰਪੁਰਬਾਂ `ਤੇ ਹੀ ਆਉਂਦੇ ਹਨ।
ਚੰਦ ਕੁ ਬੰਦਿਆਂ ਨੇ ਅਵੱਲੜੇ ਅਵੱਲੜੇ ਨਾਂ ਰੱਖ ਕੇ ਧਰਮ ਦੇ ਨਾਂ ਉੱਤੇ ਸਭਾ ਸੁਸਾਇਟੀਆਂ ਬਣਾ ਲਈਆਂ
ਹਨ ਜੋ ਗੁਰਦੁਆਰੇ ਨਾਲੋਂ ਸੰਗਤ ਨੂੰ ਤੋੜ ਕੇ ਆਪਣੇ ਨਾਲ ਜੋੜਨ ਦਾ ਚਾਰਾ ਕਰ ਰਹੇ ਹਨ। ਗੁਰਦੁਆਰਿਆਂ
ਵਿਚੋਂ ਹੇਮਕੁੰਟ, ਮਨੀਕਰਨ ਦੀ ਪਵਿੱਤਰ ਯਾਤਰਾ ਦੀਆਂ ਅਪੀਲਾਂ ਹੋ ਰਹੀਆਂ ਹਨ। ਜਦ ਕਿ ਸ੍ਰੀ
ਅੰਮ੍ਰਿਤਸਰ, ਅਨੰਦਪੁਰ, ਨਨਕਾਣਾ ਸਾਹਿਬ ਆਦਿਕ ਸਾਡੇ ਧਾਰਮਿਕ ਅਸਥਾਨ ਹਨ। ਇੰਜ ਜਾਪ ਰਿਹਾ ਹੈ ਕਿ
ਸਿੱਖ ਕਰਮ-ਕਾਂਡ ਨੂੰ ਵੀ ਮਾਤ ਪਾ ਦੇਣਗੇ। ਜਿਸ ਹਿਸਾਬ ਨਾਲ ਅਸੀਂ ਚੱਲ ਰਹੇ ਹਾਂ, ਆਉਣ ਵਾਲੇ ਸਮੇਂ
ਵਿੱਚ ਕਰਮ-ਕਾਂਡ ਬਹੁਤ ਪਿੱਛੇ ਰਹਿ ਜਾਏਗਾ। ਗੁਰੂ ਨਾਨਕ ਪਾਤਸ਼ਾਹ ਜੀ ਨੇ ਜੋ ਸੁਨੇਹਾਂ ਦਿੱਤਾ ਸੀ,
ਉਸ ਸੁਨੇਹੇ ਨੂੰ ਅਸੀਂ ਆਪ ਸਮਝਣਾ ਸੀ ਤੇ ਵਿਸ਼ਵ ਪੱਧਰ `ਤੇ ਪਹੁੰਚਾਣਾ ਸੀ। ਖ਼ਾਲਸਾ ਜੀ ਸਾਨੂੰ ਜਾਗਣ
ਦੀ ਲੋੜ ਹੈ। ਪ੍ਰਿੰਸੀਪਲ ਹਰਭਜਨ ਸਿੰਘ ਜੀ ਅਕਸਰ ਇਹ ਸੁਨੇਹਾਂ ਦੇਂਦੇ ਹੁੰਦੇ ਸਨ:---
ਉੱਠੋ ਵਗਰਨਾ ਮਹਸ਼ਰ ਨਾ ਹੋਗਾ ਫਿਰ ਕਭੀ ;
ਦੌੜੋ, ਜ਼ਮਾਨਾ ਚਾਲ ਕਿਆਮਤ ਕੀ ਚਲਾ ਗਿਆ।
ਗੁਰੂ ਨਾਨਕ ਪਾਤਸ਼ਾਹ ਜੀ ਨੇ ਗੁਰਦੁਆਰੇ ਦੀ ਮਹੱਤਤਾ ਦਾ ਰਾਜ਼ ਸਮਝਾਉਂਦਿਆਂ
ਕਿਹਾ ਸੀ ਕਿ ਗੁਰਦੁਆਰੇ ਸੋਝੀ ਦਾ ਘਰ ਹੋਣਗੇ, ਜਿੱਥੇ ਸ਼ਬਦ ਦੀ ਵੀਚਾਰ ਦੁਆਰਾ ਆਪੇ ਨੂੰ ਚੀਨਣਾ ਹੈ।
ਮਨੁੱਖੀ ਭਾਈਚਾਰੇ ਨੂੰ ਪਿਆਰ ਗੱਲਵੱਕੜੀ ਵਿੱਚ ਲੈਣਾ ਸੀ ਤੇ ਪੁਜਾਰੀ ਦੀ ਲੁੱਟ ਤੋਂ ਲੁਕਾਈ ਨੂੰ
ਬਚਾਉਣਾ ਸੀ। ਇਸ ਪ੍ਰਥਾਏ ਗੁਰੂ ਨਾਨਕ ਸਾਹਿਬ ਜੀ ਦਾ ਪਿਆਰਾ ਵਾਕ ਹੈ:---
ਅੱਜ ਦੇ ਨੌਜਵਾਨ ਨਾਲ ਗੱਲ ਕਰੀਏ ਕੇ ਵੀਰੇ ਗੁਰਦੁਆਰੇ ਜਾਇਆ ਕਰ, ਉਸ ਦਾ
ਉੱਤਰ ਹੈ –ਗੁਰਦੁਆਰਾ ਸਾਹਿਬ ਵਿੱਚ ਜੋ ਪੂਜਾ ਪਾਠ ਹੋ ਰਿਹਾ ਹੈ ਉਸ ਦੀ ਸਾਨੂੰ ਸਮਝ ਨਹੀਂ ਆਉਂਦੀ।
ਉਹਨਾਂ ਦਾ ਤਰਕ ਠੀਕ ਹੈ। ਅਸੀਂ ਕਦੇ ਵੀ ਗੁਰੁਦਆਰਿਆਂ ਵਿੱਚ ਕਦੇ ਸ਼ਬਦ ਦੀ ਵੀਚਾਰ ਤੇ ਜ਼ੋਰ ਨਹੀਂ
ਦਿੱਤਾ, ਸਗੋਂ ਕਰਮ-ਕਾਂਡ ਵਾਲੀਆਂ ਕੁਰੀਤੀਆਂ ਪੈਦਾ ਕਰ ਦਿੱਤੀਆਂ ਹਨ। ਗੁਰਦੁਆਰਾ ਸਾਹਿਬ ਦੇ ਬਾਹਰ
ਜੋ ਮਰਜ਼ੀ ਹੈ ਕੋਈ ਵੇਚੀ ਜਾਏ, ਕਦੇ ਵੀ ਕਿਸੇ ਪ੍ਰਬੰਧਕ ਨੇ ਧਿਆਨ ਨਹੀਂ ਦਿੱਤਾ। ਸੰਕਟ ਮੋਚਨ,
ਪੂਰਨਮਾਸ਼ੀ ਦੀ ਕਥਾ, ਤਰ੍ਹਾਂ ਤਰ੍ਹਾਂ ਦੀਆਂ ਭਾਂਤ ਸੁਭਾਂਤ ਦੀਆਂ ਵਿੰਗੀਆਂ ਟੇਡੀਆਂ ਗੁਰੂਆ ਦੀਆਂ
ਫੋਟੋਆਂ ਵਿਕ ਰਹੀਆਂ ਹਨ। ਅਵਾ ਤਵਾ, ਕਰਾਮਾਤੀ ਸ਼ਕਤੀ ਵਾਲੀਆਂ ਕੱਚ ਘਰੜ ਤੇ ਬਾਹਰਲੀਆਂ ਧਾਰਨਾ
ਵਾਲੀਆਂ ਕੈਸਟਾਂ ਤੇ ਹੱਥ ਦੇਖਣ ਵਾਲੀਆਂ ਪੁਸਤਕਾਂ ਥੋਕ ਰੂਪ ਵਿੱਚ ਮਿਲ ਰਹੀਆਂ ਹਨ। ਰੇੜੀਆਂ `ਤੇ
ਫੁੱਲੀਆਂ ਦਾ ਪ੍ਰਸ਼ਾਦ ਸ਼ਰੇ-ਆਮ ਇਤਿਹਾਸਕ ਗੁਰਦੁਆਰਿਆਂ ਦੇ ਬਾਹਰ ਵੇਚਿਆ ਜਾ ਰਿਹਾ ਹੈ। ਸੂਤ, ਲੱਕੜ,
ਲੋਹੇ ਤੇ ਕੱਚ ਦੀਆਂ ਮਾਲਾ ਆਮ ਵਿਕ ਦੀਆਂ ਨਜ਼ਰ ਆਉਣਗੀਆਂ। ਇਹਨਾਂ ਸਾਰੀਆਂ ਗੱਲਾਂ ਦਾ ਨਿਚੋੜ ਇੱਕ
ਹੀ ਹੈ। ਕਿ ਸਾਡੇ ਗੁਰਦੁਆਰੇ ਜੋ ਮਨੁੱਖੀ ਜ਼ਿੰਦਗੀ ਦੀ ਆਤਮਿਕ ਖ਼ੁਰਾਕ ਦੇ ਸੋਮੇ ਸਨ, ਓਥੇ ਬ੍ਰਹਾਮਣੀ
ਮਤ ਵਾਲਾ ਕਰਮ-ਕਾਂਡ ਆ ਗਿਆ ਹੈ।
ਪੰਥ ਪ੍ਰਵਾਨਤ ਰਹਿਤ ਮਰਯਾਦਾ ਵਿੱਚ ਸਾਫ਼ ਲਿਖਿਆ ਹੈ ਕਿ ਗੁਰਦੁਆਰਾ ਸਾਹਿਬ
ਵਿੱਚ ਇੱਕ ਸਮੇਂ ਇੱਕ ਹੀ ਕੰਮ ਹੋਣਾ ਚਾਹੀਦਾ ਹੈ—ਪਾਠ, ਕੀਰਤਨ ਜਾਂ ਕਥਾ ਵਿਖਿਆਨ। ਆਮ ਗੁਰਦੁਆਰਿਆਂ
ਵਿੱਚ ਕੀਰਤਨ ਵੀ ਹੋ ਰਿਹਾ ਹੈ ਤੇ ਸ੍ਰੀ ਅਖੰਡ-ਪਾਠ ਵੀ ਚੱਲ ਰਿਹਾ ਹੈ। ਸੰਗਤਾਂ ਆਪਣੇ ਹੱਥ ਵਿੱਚ
ਗੁਟਕੇ ਲੈ ਕੇ ਆਪਣੀ ਬਣਾਈ ਹੋਈ ਮਰਯਾਦਾ ਅਨੁਸਾਰ ਸੁਖਮਨੀ ਦਾ ਪਾਠ ਵੀ ਕਰ ਰਹੀਆਂ ਹਨ।
ਮੁੱਕਦੀ ਗੱਲ ਕਿ ਗੁਰਦੁਆਰਾ ਪ੍ਰਬੰਧ ਲਈ ਘੱਟੋ ਘੱਟ ਸਿੱਖ ਰਹਿਤ ਮਰਯਾਦਾ ਦਾ
ਜਾਨਣਾ ਜ਼ਰੂਰੀ ਹੋਵੇ। ਗੁਰਦੁਆਰਾ ਸਾਹਿਬ ਵਿੱਚ ਨਿਸ਼ਾਨ ਸਾਹਿਬ ਹੋਣਾ ਜ਼ਰੂਰੀ ਹੈ ਜੋ ਜ਼ਿਉਂਦੀ ਕੌਮ ਦੀ
ਨਿਸ਼ਾਨੀ ਹੈ। ਨਿਸ਼ਾਨ ਸਾਹਿਬ ਦੱਸ ਰਿਹਾ ਹੈ ਕਿ ਅੰਦਰ ਦਰਬਾਰ ਹਾਲ ਜਾ ਕੇ ਗੁਰਬਾਣੀ ਪਾਠ, ਕੀਰਤਨ,
ਸ਼ਬਦ-ਵੀਚਾਰ ਨਾਲ ਜੁੜ ਪਰ ਅਸਾਂ ਤੇ ਨਿਸ਼ਾਨ ਸਾਹਿਬ ਨੂੰ ਹੀ ਮੱਥਾ ਟੇਕਣਾ ਸ਼ੁਰੂ ਕਰ ਦਿੱਤਾ ਹੈ। ਥੜੇ
ਦੀਆਂ ਮੁੱਠੀਆਂ ਭਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਗੁਰਦੁਆਰੇ ਦੇ ਪ੍ਰਬੰਧ ਲਈ ਲੰਮਾ ਵਿਸਥਾਰ ਹੈ ਪਰ
ਘੱਟੋ ਘੱਟ ਇਹਨਾਂ ਗੱਲਾਂ ਵਲ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ
ਪਲਾਸਟਿਕ ਦੇ ਫੁੱਲ ਤਰ੍ਹਾਂ ਤਰ੍ਹਾਂ ਦੀਆਂ ਮੂਰਤੀਆਂ ਜਾਂ ਮਾਟੋ ਆਦਿ ਨਹੀਂ ਹੋਣੇ ਚਾਹੀਦੇ
ਗੁਰਦੁਆਰਾ ਸਾਹਿਬ ਅੰਦਰ ਹਲਕੇ ਕਿਸਮ ਦੀ ਚਮਕ ਦਮਕ ਬਲ ਕੇ ਕਿਸੇ ਕਿਸਮ ਦੀ ਵੀ ਚਮਕ ਦਮਕ ਨਹੀਂ ਹੋਣੀ
ਚਾਹੀਦੀ ਸ਼ਨੀਚਰ ਨੂੰ ਕਾਲ਼ੇ ਛੋਲੇ ਮੰਗਲ ਨੂੰ ਬੂੰਦੀ ਪ੍ਰਸ਼ਾਦ ਤੇ ਵਰਿਵਾਰ ਨੂੰ ਮਿੱਠੇ ਚੌਲਾਂ ਦੀਆਂ
ਦੇਗਾਂ ਕੜਾਹ ਪਰਸ਼ਾਦ ਦੇ ਤੁਲ ਨਹੀਂ ਵਰਤਣੀਆਂ ਚਾਹੀਦੀਆਂ। ਗੁਰੂਆਂ ਦੀ ਤਰਜ਼ `ਤੇ ਸਾਧਾਂ ਸੰਤਾਂ
ਦੀਆਂ ਬਰਸੀਆਂ ਜਾਂ ਉਹਨਾਂ ਦੇ ਜਨਮ ਦਿਹਾੜੇ ਨਹੀਂ ਮਨਾਉਣੇ ਚਾਹੀਦੇ।
ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਕਈ ੨ ਤੀਰ, ਚੱਕਰ, ਢਾਲਾਂ ਕਈ ਕਈ ਸ੍ਰੀ
ਸਾਹਿਬਾਂ ਅੰਮ੍ਰਿਤ ਛਕਾਉਣ ਵਾਲਾ ਬਾਟਾ ਕਈ ਪਰਕਾਰ ਦੇ ਮਾਟੋ ਆਦਿਕ ਨਹੀਂ ਹੋਣੇ ਚਾਹੀਦੇ। ਮੱਥਾ
ਕੇਵਲ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਟੇਕਣਾ ਹੈ। ਗੁਰਦੁਆਰਾ ਦੇਖਣ ਵਾਲੀ ਚੀਜ਼ ਨਹੀਂ ਇਹ ਤੇ
ਵੀਚਾਰ ਦਾ ਘਰ ਹੈ। ਗੁਰਦੁਆਰਾ ਸਾਹਿਬ ਅੰਦਰ ਨਿਰੋਲ ਗੁਰਬਾਣੀ ਕੀਰਤਨ ਤੇ ਸ਼ਬਦ ਦੀ ਵੀਚਾਰ ਵੱਲ
ਉਚੇਚਾ ਧਿਆਨ ਦੇਣਾ ਚਾਹੀਦਾ ਹੈ। ਗੁਰੂਆਂ ਦੀਆਂ ਮੂਰਤੀਆਂ ਜਾਂ ਬੁੱਤ ਆਦਿ ਨਹੀਂ ਲੱਗਣੇ ਚਾਹੀਦੇ।
ਗੁਰਦੁਆਰਾ ਅੰਦਰ ਸੰਗਤ ਤੇ ਪ੍ਰੇਮੀਆਂ ਨੂੰ ਸਮਝਾਇਆ ਜਾਏ, ਕੀਰਤਨ-ਕਥਾ-ਪਾਠ ਦੀ ਮਰਯਾਦਾ ਕੇਵਲ ਇੱਕ
ਸਮੇਂ ਇਕੋ ਹੀ ਨਿਭਾਈ ਜਾਏ।
ਭਾਈ ਕਾਹਨ ਸਿੰਘ ਜੀ ਨਾਭਾ ਮਹਾਨ ਕੋਸ਼ ਵਿੱਚ ਬੜਾ ਪਿਅਰਾ ਲਿਖਦੇ ਹਨ--
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪੰਥ ਦੇ ਵਿਚਾਰਵਾਨ ਸਾਰੇ ਜੱਥੇ ਅਤੇ ਸਮਾਜ, ਦਿਲੋਂ
ਚਾਹੁੰਦੇ ਹਨ ਕਿ ਗੁਰਦੁਆਰਿਆਂ ਦਾ ਪ੍ਰਬੰਧ ਹੋਰਨਾਂ ਲਈ ਉਦਾਰਹਣ ਰੂਪ ਹੋਵੇ, ਪਰ ਜਦ ਤੀਕ----
(ੳ) ਗੁਰਦੁਆਰਿਆਂ ਦੇ ਸੇਵਕ ਗੁਰਮਤਿ ਦੇ ਗਿਆਤਾ, ਵਿਦਵਾਨ ਅਤੇ ਸਦਾ ਚਾਰੀ ਨਹੀਂ
ਹੁੰਦੇ;
(ਅ) ਜਦ ਤੀਕ ਉਦਾਸੀ, ਨਿਹੰਗ, ਨਿਰਮਲੇ, ਨਾਮਧਾਰੀ ਆਦਿਕ ਫਿਰਕੇ ਤੁਅਸਬ ਛੱਡ
ਕੇ ਆਪਣੇ ਤਾਈਂ ਇੱਕ ਪਿਤਾ ਦੇ ਪੁੱਤਰ ਜਾਣ ਕੇ ਭਰਾਤ੍ਰੀ-ਭਾਉ ਦਾ ਵਰਤਾਉ ਨਹੀਂ ਕਰਦੇ;
(ੲ) ਜਦ ਤੀਕ ਮਾਇਆ ਦੇ ਜਾਲ ਤੋਂ ਮੁਕਤ ਹੋ ਕੇ ਨਿਸ਼ਕਾਮ ਸੇਵਾ ਨੂੰ ਅਦਰਸ਼
ਨਹੀਂ ਬਣਾਉਂਦੇ
ਤਦ ਤੀਕ ਸੁਧਾਰ ਅਤੇ ਪ੍ਰਬੰਧ ਸ਼ਬਦ ਕੇਵਲ ਲਿਖਣ ਅਤੇ ਬੋਲਣ ਵਿੱਚ ਹੀ
ਰਹਿਣਗੇ;
ਭਾਈ ਕਾਹਨ ਸਿੰਘ ਜੀ ਨਾਭਾ ਬਹੁਤ ਪਿਆਰਾ ਅੱਗੇ ਲਿਖਦੇ ਹਨ ਕਿ ਗੁਰਦੁਆਰਿਆਂ
ਦੇ ਸੇਵਕਾਂ ਨੂੰ ਅੰਮ੍ਰਿਤ ਵੇਲੇ ਨਿਤ ਨੇਮ ਨਾਲ ਭਾਈ ਗੁਰਦਾਸ ਦੇ ਇਸ ਕਬਿੱਤ ਦਾ ਪਾਠ ਕਰਨਾ ਚਾਹੀਏ
–
ਬਾਹਰ ਕੀ ਅਗਨਿ ਬੁਝਤ ਜਲ ਸਰਿਤਾ ਕੈ, ਨਾਉ ਮੈ ਜੋ ਆਗਿ ਲਾਗੈ ਕੈਸੇ ਕੈ
ਬੁਝਾਈਏ॥
ਬਾਹਰ ਸੇ ਭਾਗ ਓਟ ਲੀਜੀਅਤ ਕੋਟਗੜ੍ਹ, ਗੜਹ ਮੇਂ ਜੋ ਲੂਟ ਲੀਜੈ ਕਹੋ ਕਤ
ਜਾਈਐ॥
ਚੋਰਨ ਕੈ ਤਰਾਸ ਜਾਇ ਸ਼ਰਨ ਗਹੇ ਨਰਿੰਦ, ਮਾਰੈ ਮਹੀਪਤ ਕੈਸੇ ਕੈ ਬਚਾਈਐ॥
ਮਾਯਾ ਡਰ ਡਰਪਤ ਹਰ ਗੁਰਦੁਆਰੇ ਜਾਏ, ਤਹਾਂ ਜੋ ਮਾਯਾ ਬਿਆਪੈ, ਕਹਾਂ
ਠਹਿਰੀਐ॥ ੫੪੪
ਗੁਰਦੁਆਰਿਆਂ ਅੰਦਰ ਗੁਰਬਾਣੀ ਪਾਠ ਇਤਿਹਾਸ ਤੇ ਮਰਯਾਦਾ ਨੂੰ ਸਮਝਣ-ਸਮਝਾਉਣ
ਦੀਆਂ ਕਲਾਸਾਂ ਦਾ ਜ਼ਰੂਰ ਪ੍ਰਬੰਧ ਹੋਵੇ। ਗੁਰਸਿੱਖ ਵੀਰ! ਜ਼ਰਾ ਸਮਝ ਤਾਂ ਸਹੀ ਕੈਸੀ ਲਲਕਾਰ ਈ----
ਗਰਇਸ਼ਕ ਕਰਤਾ ਹੈ ਤੋ ਇਸ਼ਕ ਕੀ ਤੌਹੀਨ ਨਾ ਕਰ।
ਜਾ ਤੋ ਬੇਹੋਸ਼ ਨਾ ਹੋ ਜੋ ਹੋ ਤਾਂ ਹੋਸ਼ ਮੇਂ ਨਾ ਆ।