ਕਉਣ ਮਾਸ ਕਉਣ ਸਾਗ ਕਹਾਵੈ?
(ਕਿਸ਼ਤ ਨੰ: 14)
ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ
ਮਿਸ਼ਨਰੀ, ਦਿੱਲੀ
ਕੁੱਠਾ (ਹਲਾਲ) ਤੇ ਝੱਟਕਾ
ਲਫ਼ਜ਼ਾਂ ਦਾ ਅੰਤਰ ਕਿੱਥੇ? - ਸਾਡੇ ਮਾਸ
ਵਿਰੋਧੀ ਸੱਜਣਾ ਨੇ ਇਸ ਵਿਸ਼ੇ ਨੂੰ ਲੈਕੇ ਵੀ ਕਾਫ਼ੀ ਖਿੱਚਾਤਾਣੀ ਕੀਤੀ ਹੈ ਜਦਕਿ ਗਹਿਰਾਈ `ਚ
ਜਾਵਾਂਗੇ ਤਾਂ ਇਸ ਨੂੰ ਵੀ ਸਮਝਦੇ ਦੇਰ ਨਹੀਂ ਲਗੇਗੀ। ਪਹਿਲੀ ਗਲ ਤਾਂ ਇਹ ਹੈ ਕਿ ਲਫ਼ਜ਼ ‘ਹਲਾਲ’
ਅਪਣੇ ਆਪ `ਚ ਬਹੁਤ ਵਧੀਆ ਲਫ਼ਜ਼ ਹੈ ਇਸਦੇ ਅਰਥ ਹਨ ‘ਅਪਨਾ ਹੱਕ’ ਅਤੇ ਇਸਦਾ ਉਲਟਾ ਲਫ਼ਜ਼ ਹੈ ‘ਹਰਾਮ’
ਭਾਵ ‘ਦੂਜੇ ਦੇ ਹੱਕ ਦਾ’। ਮੂਲ ਰੂਪ `ਚ ਕੁੱਠਾ ਦੇ ਅਰਥ ਹਨ ‘ਕੋਹਿਆ ਹੋਇਆ’ ਅਤੇ ਹਲਾਲ ਲਫ਼ਜ਼ ਨਾਲ
ਇਸ ਦਾ ਮੌਲਿਕ ਸੰਬੰਧ ਹੈ ਹੀ ਨਹੀਂ ਜਿਹੜਾ ਕਿ ਸਮੇਂ ਨਾਲ ਬਣ ਚੁੱਕਾ ਹੈ ਅਤੇ ਇਸਨੂੰ ਨਕਾਰਿਆ ਵੀ
ਨਹੀਂ ਜਾ ਸਕਦਾ।
ਇਸ ਲਈ “ਕੁਠਾ, ਕੁਹਣ, ਕੁਹ, ਕੁਹਤ” ਇਹ ਸਾਰੇ ਲਫ਼ਜ਼ ਸਮ-ਅਰਥੀ ਹਨ
ਅਤੇ ਇਸ ਬਾਰੇ ਵੇਰਵਾ ਦੇ ਚੁਕੇ ਹਾਂ। ਧਿਆਨ ਦੇਣ ਦੀ ਗਲ ਹੈ ਕਿ ਇਥੇ ਸਾਡਾ ਵਿਰੋਧ ਲਫ਼ਜ਼ ‘ਹਲਾਲ’
ਨਾਲ ਉਕਾ ਹੀ ਨਹੀਂ, ਸਾਡਾ ਵਿਰੋਧ ਹੈ ਤਾਂ ਕੇਵਲ ਮੁਸਲਮਾਨਾਂ ਰਾਹੀ ਜਾਨਵਰ ਨੂੰ ਮਾਰਣ ਦੇ ਢੰਗ
ਨਾਲ। ਜਿਸਨੂੰ ਜ਼ਿਬਹ ਕਰਕੇ ਭਾਵ ਉਸਦੀ ਸ਼ਾਹ ਰੱਗ ਕੱਟਕੇ, ਜਾਨਵਰ ਨੂੰ ਤੜਫ਼ਦਾ ਸੁਟ ਦਿਤਾ ਜਾਂਦਾ ਹੈ।
ਉਦੋਂ ਤੀਕ, ਜਦ ਤੀਕ ਕਿ ਉਸਦਾ ਖੂਨ ਅਪਣੇ ਆਪ ਵੱਗਦਾ ਰਹਿੰਦਾ ਹੈ। ਇਸ ਤਰੀਕੇ ਜਾਨਵਰ ਨੂੰ ਮਾਰ ਕੇ
ਉਹ ਲੋਕ ਉਸ ਦੇ ਮਾਸ ਨੂੰ ਹਲਾਲ ਮਾਸ ਕਹਿੰਦੇ ਹਨ। ਉਹ ਢੰਗ ਕੀ ਹੈ ਪਹਿਲਾਂ ਤਾਂ ਉਸ ਨੂੰ ਠੀਕ
ਤਰ੍ਹਾਂ ਸਮਝਣ ਦੀ ਲੋੜ ਹੈ।
ਮੁਸਲਮਾਨ ਲੋਕ ਬਕਰੇ, ਮੁਰਗੇ, ਗਊ, ਮੱਝ ਆਦਿ ਦੀ ਸ਼ਾਹ ਰਗ ਨੂੰ ਛੁਰੀ ਨਾਲ
ਕੱਟ ਦੇਂਦੇ ਹਨ ਅਤੇ ਨਾਲ ਹੀ ਲਫ਼ਜ਼ ਵਰਤਦੇ ਹਨ ‘ਬਿਸਮਿਲਾਹ’ ਭਾਵ ਇਹ ਅਲ੍ਹਾ ਦੇ ਨਾਮ ਤੇ ਕੁਰਬਾਨ ਹੋ
ਗਿਆ ਹੈ। ਸ਼ਾਹ ਰੱਗ ਕੱਟ ਜਾਣ ਨਾਲ, ਜਾਨਵਰ ਤਾਂ ਉਸ ਸਮੇਂ ਇਕਦੱਮ ਮਰਦਾ ਨਹੀਂ, ਉਸਦਾ ਖੂਨ ਬਹਿਣਾ
ਸ਼ੁਰੂ ਹੋ ਜਾਂਦਾ ਹੈ ਅਤੇ ਉਹ ਕਾਫ਼ੀ ਸਮਾਂ ਤੜਫ਼ਦਾ ਰਹਿੰਦਾ ਹੈ। ਇਸਤਰ੍ਹਾਂ ਖੂਨ ਬਹਿੰਦਾ ਰਹਿੰਦਾ ਹੈ
ਅਤੇ ਜਾਨਵਰ ਤੜਫ਼-ਤੜੜ ਕੇ ਮਰ ਜਾਂਦਾ ਹੈ। ਦੂਜੇ ਪਾਸੇ ਚੂਂਕਿ ਜਾਨਵਰ ਦੀ ਸ਼ਾਹ ਰਗ ਕੱਟੀ ਹੁੰਦੀ ਹੈ,
ਉਹ ਬੱਚ ਵੀ ਨਹੀਂ ਸਕਦਾ, ਉਸਨੇ ਹੁਣ ਮਰਨਾ ਅਵੱਸ਼ ਹੁੰਦਾ ਹੈ। ਇਸ ਤਰ੍ਹਾਂ ਜਦੋ ਕਾਫ਼ੀ ਖੂਨ ਬਹਿ ਜਾਣ
ਤੋਂ ਬਾਦ ਜਾਨਵਰ ਦੀ ਮੌਤ ਹੋ ਜਾਂਦੀ ਹੈ ਤਾਂ ਉਹ ਲੋਕ ਵਿਸ਼ਵਾਸ ਕਰਦੇ ਹਨ ਕਿ ਅਸਾਂ ਜਾਨਵਰ ਦੀ ਹਤਿਆ
ਨਹੀਂ ਕੀਤੀ, ਅਸਾਂ ਉਸ ਨੂੰ ਨਹੀਂ ਮਾਰਿਆ। ਇਹ ਤਾਂ ‘ਬਿਸਮਿਲਾਹ’ ਹੋਇਆ ਹੈ ਭਾਵ ਖੁੱਦ ਹੀ ਅਲ੍ਹਾ
ਦੇ ਨਾਂ ਤੇ ਕੁਰਬਾਨ ਹੋ ਗਿਆ ਹੈ। ਚੂੰਕਿ ਇਹ ਅਲ੍ਹਾ ਦੇ ਨਾਂ ਤੇ ਕੁਰਬਾਨ ਹੋਇਆ ਹੈ ਇਸ ਲਈ ਇਸਦਾ
ਮਾਸ ਸਾਡੇ ਖਾਣ ਲਈ ਹਲਾਲ ਹੋ ਗਿਆ ਹੈ (ਇਸ ਉਪਰ ਸਾਡਾ ਹੱਕ ਬਣ ਚੁਕਾ ਹੈ, ਹੁਣ ਅਸੀਂ ਇਸ ਨੂੰ ਖਾ
ਸਕਦੇ ਹਾਂ)।
ਭਾਈ ਸਾਹਿਬ ਭਾਈ ਕਾਹਨ ਸਿੰਘ ਜੀ ਨਾਭਾ ਇਸ ਨੂੰ ਇਸਤਰ੍ਹਾਂ ਬਿਆਨਦੇ ਹਨ
“ਸਿੰਧੀ. ਵਿ- ਜ਼ਿਬਹਿ ਕੀਤਾ, ਕੁਸੂਹ। ੨. ਮੁਸਲਮਾਨੀ ਤਰੀਕੇ ਨਾਲ ਕੱਟਿਆ ਜੀਵ.”ਅਭਾਖਿਆ ਕਾ ਕੁਠਾ
ਬਕਰਾ ਖਾਣਾ (ਵਾਰ ਆਸਾ) ਦੇਖੋ, ਕੁਹਣਾ ੨”
ਇਸ ਤੋਂ ਬਾਦ ਆਪ ਗੁਰਮਤਿ ਮਾਰਤੰਡ ਪੰਨਾ ੩੦੫ ਉਪਰ ਇਸ ਬਾਰੇ ਇਸਤਰ੍ਹਾਂ
ਵਰਣਨ ਕਰਦੇ ਹਨ “ਮੁਸਲਮਾਨੀ ਤਰੀਕੇ ਨਾਲ ਕੁਠਾ (ਕੁਸ਼ਤਹ) ਜੀਵ ਦਾ ਮਾਸ ਸਿੱਖ ਮਤ ਵਿੱਚ ਨਿਸ਼ੇਧ ਕੀਤਾ
ਗਿਆ ਹੈ, ਕਿਉਂਕਿ ਜੀਵ ਮਾਰਣ ਵਿੱਚ ਹਦੋਂ ਵੱਧ ਕੇ ਬੇਰਹਿਮੀ ਹੁੰਦੀ ਹੈ, ਅਰਥਾਤ ਅੱਧਾ ਜ਼ਿਬਹ ਕੀਤਾ
ਹੋਇਆ ਜੀਵ ਤੜਫ-ਤੜਫ ਕੇ ਚਿਰ ਵਿੱਚ ਪ੍ਰਾਣ ਦੇਂਦਾ ਹੈ, ਭਯ ਅਤੇ ਦੁਖ ਦਾ ਪ੍ਰਭਾਵ ਜੋ ਜੀਵ ਤੇ ਉਸ
ਦਸ਼ਾ `ਚ ਹੋਇਆ ਕਰਦਾ ਹੈ, ਉਸਦਾ ਸੂਖਮ ਅਸਰ ਮਾਸ ਖਾਣ ਵਾਲੇ ਤੇ ਅਵੱਸ਼ ਹੁੰਦਾ ਹੈ”
ਇਸ ਤੋਂ ਪਹਿਲਾਂ ਅਸੀਂ ਇਹ ਵੀ ਦੇਖ ਚੁਕੇ ਹਾਂ ਕਿ ‘ਹਲਾਲ’ ਮਾਸ ਨੂੰ ਕੁਠਾ
ਲਫ਼ਜ਼ ਗੁਰੂ ਪਾਤਸ਼ਾਹ ਨੇ ਨਹੀਂ ਬਲਕਿ ਬ੍ਰਾਹਮਣਾ ਦਾ ਹੀ ਦਿੱਤਾ ਹੋਇਆ ਸੀ। ਇਸ ਤਰ੍ਹਾਂ ਬ੍ਰਾਹਮਣਾ ਨੇ
ਮੁਸਲਮਾਨਾ ਰਾਹੀਂ ਜਾਨਵਰ ਨੂੰ ਮਾਰਣ ਦੇ ਢੰਗ ਨੂੰ ਮਨਜ਼ੂਰ ਨਹੀਂ ਕੀਤਾ ਤਾਂ ਉਨ੍ਹਾਂ ਨੇ ਅਪਣੀ ਨਫ਼ਰਤ
ਕਾਰਣ ਇਸ ਦੇ ਲਈ ਪ੍ਰਚਲਤ ਕੀਤਾ ‘ਕੁਠਾ ਮਾਸ’। ਇਥੋਂ ਤੀਕ ਕਿ ਹਿੰਦੂ ਜਿਹੜੇ ਕਿਸੇ ਰਾਜਸੀ ਦਬਾਅ
ਕਾਰਣ, ਪ੍ਰਚਲਤ ਭਾਰਤੀ ਤਰੀਕੇ ਮਾਸ ਖਾਣ ਦੀ ਬਜਾਏ ਇਸ ‘ਹਲਾਲ’ ਨੂੰ ਛੱਕਣ ਵਾਸਤੇ ਮਜਬੂਰ ਕਰ ਦਿਤੇ
ਜਾਂਦੇ ਤਾਂ ਬ੍ਰਾਹਮਣਾ ਵਲੋਂ ਉਨ੍ਹਾਂ ਹਿੰਦੁਆਂ ਨੂੰ ਪਤਿੱਤ ਕਰਾਰ ਦੇ ਦਿੱਤਾ ਜਾਂਦਾ। ਜ਼ਿਕਰ ਆ
ਚੁੱਕਾ ਹੈ ਕਿ ਬ੍ਰਾਹਮਣਾਂ ਵਲੋਂ ਇਸ ਤਰ੍ਹਾਂ ਹਿੰਦੂਆਂ ਨੂੰ ਪਤਿੱਤ ਕਰਾਰ ਦੇਣ `ਚ ਵੀ ਲਾਭ
ਬ੍ਰਾਹਮਣ ਹੀ ਲੈ ਰਿਹਾ ਸੀ ਜਦਕਿ ਉਹ ਆਪ ਇਸ ਵਿਸ਼ੇ ਤੇ ਵੀ ਪਖੰਡ ਹੀ ਕਰ ਰਹੇ ਸੀ ਜਿਵੇਂ
“ਅਭਾਖਿਆ ਕਾ ਕੁਠਾ ਬਕਰਾ ਖਾਣਾ॥ ਚਉਕੇ ਉਪਰਿ ਕਿਸੈ ਨ ਜਾਣਾ”।
ਸਿੱਖ ਧਰਮ `ਚ ਝੱਟਕਾ ਅਤੇ ਕੁੱਠਾ ਲਫ਼ਜ਼ ਦਾ ਅਰੰਭ-
ਅਗੇ
ਜਾਕੇ ਇਹ ਵੀ ਦੇਖਾਂਗੇ ਗੁਰਬਾਣੀ `ਚ ਮਾਸ ਛਕਣ ਦਾ ਨਹੀਂ ਬਲਕਿ ਹਲਾਲ ਵਾਲੇ ਇਸ ਮੁਸਲਮਾਨੀ ਢੰਗ ਦਾ
ਵਿਰੋਧ ਹੈ। ਗੁਰਬਾਣੀ `ਚ ਜਾਨਵਰ ਨੂੰ ਤੜਫ਼ਾਉਣ ਵਾਲੇ ਢੰਗ ਬਾਰੇ ਇਥੋਂ ਤੀਕ ਕਿਹਾ ਹੈ “ਪਕਰਿ
ਜੀਉ ਆਨਿਆ ਦੇਹ ਬਿਨਾਸੀ ਮਾਟੀ ਕਉ ਬਿਸਮਿਲਿ ਕੀਆ॥ ਜੋਤਿ ਸਰੂਪ ਅਨਾਹਤ ਲਾਗੀ ਕਹੁ ਹਲਾਲੁ ਕਿਆ ਕੀਆ”
(ਪੰ: ੩੫੦) ਅਤੇ “ਜੀਅ ਜੁ ਮਾਰਹਿ ਜੋਰੁ ਕਰਿ ਕਹਤੇ ਹਹਿ ਜੁ ਹਲਾਲ” ਜਾਂ ਫ਼ਿਰ “ਜੋਰੁ
ਕੀਆ ਸੋ ਜੁਲਮੁ ਹੈ ਲੇਇ ਜਬਾਬੁ ਖੁਦਾਇ”।
ਅਗੇ ਚਲਕੇ ਅਸੀਂ ਇਹ ਵੀ ਦੇਖਾਂਗੇ ਕਿ ਬ੍ਰਾਹਮਣ, ਜੋ ਜੱਗਾਂ ਸਮੇਂ ਅਤੇ
ਦੇਵੀ-ਦੇਵਤਿਆਂ ਨੂੰ ਬਲੀਆਂ ਦੇਣ ਦੇ ਬਹਾਨੇ ਜਾਨਵਰਾਂ ਨੂੰ ਤੱੜਫਾ-ਤੜਫਾ ਕੇ ਮਾਰਦਾ ਸੀ, ਗੁਰਬਾਣੀ
ਨੇ ਉਸਦਾ ਵੀ ਉਸੇ ਤਰ੍ਹਾਂ ਹੀ ਵਿਰੋਧ ਹੈ ਜਿਸਤਰ੍ਹਾਂ ਕਿ ਹਲਾਲ ਵਾਲੇ ਮੁਸਲਮਾਨੀ ਢੰਗ ਦਾ ਜਿਵੇਂ “ਜੀਅ
ਬਧਹੁ ਸੁ ਧਰਮੁ ਕਰਿ ਥਾਪਹੁ ਅਧਰਮੁ ਕਹਹੁ ਕਤ ਭਾਈ॥ ਆਪਸ ਕਉ ਮੁਨਿਵਰ ਕਰਿ ਥਾਪਹੁ ਕਾ ਕਉ ਕਹਹੁ
ਕਸਾਈ॥
੨ ॥”
(ਪੰ: ੧੧੦੩) ਅਥਵਾ “ਗੈਂਡਾ ਮਾਰਿ ਹੋਮ
ਜਗ ਕੀਏ ਦੇਵਤਿਆ ਕੀ ਬਾਣੇ” (ਪੰ: ੧੨੮੯)।
ਇਸਤੋਂ ਬਾਦ, ਕਾਫ਼ੀ ਲੰਮੇ ਸਮੇਂ ਤੀਕ ਮਾਸ ਲਈ ਲਫ਼ਜ਼, ਕੁਠਾ ਤੇ ਝੱਟਕਾ ਇਕੋ
ਚੀਜ਼ ਲਈ ਦੋ ਵਿਰੋਧੀ ਲਫ਼ਜ਼ ਵਰਤਣ ਲਈ ਇਤਿਹਾਸ ਚੁੱਪ ਹੈ। ਇਹ ਲਫ਼ਜ਼ ਕੇਵਲ ਕੁੱਠਾ ਤੇ ਹਲਾਲ ਹੀ ਮਿਲਦੇ
ਹਨ। ‘ਹਲਾਲ’ ਲਈ ਕੁੱਠਾ ਲਫ਼ਜ਼ ਕੇਵਲ ਬ੍ਰਾਹਮਣ ਵਲੋਂ ਹੀ ਵਰਤਿਆ ਜਾਂਦਾ ਸੀ ਜਿਸਦੇ ਸਬੂਤ ਗੁਰਬਾਣੀ
ਵਿਚੋਂ ਦੇਖ ਵੀ ਚੁਕੇ ਹਾਂ। ਇਸਤੋਂ ਬਾਦ ਉਸੇ ਮਾਸ ਲਈ ਲਫ਼ਜ਼ ‘ਹਲਾਲ’ ਮੁਸਲਮਾਨ ਲੋਕ ਵਰਤਦੇ ਹਨ।
ਮਾਲੂਮ ਹੁੰਦਾ ਹੈ, ਦਸਮੇਸ਼ ਜੀ ਦੇ ਜੋਤੀਜੋਤ ਸਮਾਉਣ ਉਪਰੰਤ ਅਤੇ ਅਗੇ ਜਾਕੇ
ਬਹਾਦੁਰ ਸ਼ਾਹ ਦੇ ਰਾਜ ਤੋਂ ਵੀ ਬਾਦ, ਜਦੋਂ ਮੁਗ਼ਲ ਹਕੂਮਤ ਅਤੇ ਸਿੱਖਾਂ ਦੀ ਆਹਮਣੇ ਸਾਹਮਣੇ ਟੱਕਰ
ਸ਼ੁਰੂ ਹੋ ਗਈ। ਸਿੱਖਾਂ ਦੇ ਸਿਰਾਂ ਦੇ ਮੁੱਲ ਪੈਣ ਲਗ ਪਏ। ਸਿੱਖਾਂ ਦਾ ਸ਼ਹਿਰਾਂ `ਚ ਰਹਿਣਾ
ਨਾ-ਮੁੱਮਕਣ ਹੋਗਿਆ। ਅਜੇਹੇ ਹਾਲਾਤ `ਚ ਸਿੱਖਾਂ ਨੇ ਵੀ ਮੁਸਲਮਾਨੀ ਹਲਾਲ ਲਈ ਚਲਦਾ ਆ ਰਿਹਾ ਲਫ਼ਜ਼
ਕੁੱਠਾ ਵਰਤਣਾ ਸ਼ੁਰੂ ਕਰ ਦਿਤਾ ਅਤੇ ਅਪਣੇ ਪਹਿਲਾਂ ਤੋਂ ਵਰਤੇ ਜਾ ਰਹੇ ਜਾਨਵਰ ਨੂੰ ਝੱਟਕਾਉਣ ਵਾਲੇ
ਢੰਗ ਨੂੰ ਝੱਟਕੇ’ ਦਾ ਨਾਂ ਦੇ ਦਿੱਤਾ। ਕਿਉਂਕਿ ਇਥੇ ਆਕੇ ਸਿੱਖਾਂ ਦੇ ਰਹਿਤਨਾਮਿਆਂ `ਚ ਮੁਸਲਮਾਨੀ
ਹਲਾਲ ਮਾਸ ਲਈ ਲਫ਼ਜ਼ ਕੁੱਠਾ ਅਤੇ ਸਿੱਖਾਂ ਰਾਹੀਂ ਵਰਤੇ ਜਾ ਰਹੇ ਮਾਸ ਲਈ ਲਫ਼ਜ਼ ਝੱਟਕਾ’ ਸਪੱਸ਼ਟ ਮਿਲਦਾ
ਹੈ। ਜਿਵੇਂ ਰਹਿਤਨਾਮਾ ਭਾਈ ਦੇਸਾ ਸਿੰਘ:
“ਕੁਠਾ ਹੁਕਾ ਚਰਸ ਤਮਾਕੂ॥ ਗਾਂਜਾ ਟੋਪੀ ਤਾੜੀ ਖਾਕੂ॥
ਇਨ ਕੀ ਓਰ ਨ ਕਬਹੂੰ ਦੇਖੇ॥ ਰਹਿਵੰਤ ਸੋ ਸਿੰਘ ਵਿਸੇਖੇ”।
ਇਸੇ ਤਰ੍ਹਾਂ ਤਨਖਾਹਨਾਮਾ:
“ਲੈ ਤੁਰਕਨ ਤੇ ਮਾਸ ਜੁ ਖਾਵੈ॥ ਗੋਬਿੰਦ ਸਿੰਘ ਵਹ ਸਿਖ ਨਾ ਭਾਵੇ”
ਹੋਰ ਲਵੋ ਪ੍ਰੇਮ ਸੁਮਾਰਗ:
“. . ਜੋ ਇਨਾ ਵਸਤੂਆਂ ਮੇਂ ਆਪਨੀ ਦੇਹੀ ਮਾਫ਼ਕ ਹੋਵੈ ਸੋ ਸਭ ਖਾਏ, ਮਾਸ
ਮੱਛੀ ਖਾਣੇ ਮੈਂ ਭੀ ਵਿਚਾਰ ਹੈ ਕਿ ਅਕੇੜ ਬ੍ਰਿਤਿ (ਸ਼ਿਕਾਰ) ਕਰ ਖਾਏ, ਹਥਿਆਰ ਨਾਲ ਮਾਰੇ ਉਸੀ ਕੋ
ਪਵਿਤ ਕਰ ਜਾਣੈ, ਅਰ ਜੋ ਸ਼ਿਕਾਰ ਕਰ ਨਾ ਸਕੈ ਤਾਂ ਝਟਕੇ ਕਾ ਖਾਏ”।
ਤਾਂਤੇ ਸਿੱਖਾਂ ਚ ਇਹ ਲਫ਼ਜ਼ ‘ਝੱਟਕਾ’ ਲਗਭਗ ਸਿੱਖਾਂ ਰਾਹੀਂ ਜਾਨਵਰ ਦੇ ਮਾਰਨ
ਦੇ ਢੰਗ ਤੋਂ ਹੀ ਪ੍ਰਚਲਤ ਹੋਇਆ ਮਾਲੂਮ ਹੁੰਦਾ ਹੈ, ਭਾਵ ਬਿਨਾਂ ਤੜਫ਼ਾਇ ਇਕੋ ਝੱਟਕੇ ਚ ਜਾਨਵਰ ਨੂੰ
ਮਾਰ ਦੇਣਾ। ਇਸਤਰ੍ਹਾਂ ਸਿੱਖ ਧਰਮ `ਚ ਸ਼ਿਕਾਰ ਮਾਸ ਲਈ ਪ੍ਰਚਲਤ ਹੋ ਚੁੱਕੇ ਲਫ਼ਜ਼ ਝੱਟਕਾ ਬਾਰੇ ਭਾਈ
ਕਾਹਨ ਸਿੰਘ ਜੀ ਨਾਭਾ ਗੁਰਮਤਿ ਮਾਰਤੰਡ ਪੰਨਾ ੩੦੫ ਉਪਰ ਇਸਤਰ੍ਹਾਂ ਲਿਖਦੇ ਹਨ:
“ਸਤਿ ਸ੍ਰੀ ਅਕਾਲ ਕਹਿਕੇ ਸ਼ਸਤ੍ਰ ਦੇ ਇੱਕ ਪ੍ਰਹਾਰ (ਝੱਟਕੇ
Jerk) ਨਾਲ ਸਿਰ ਅਲੱਗ ਕਰਨ
ਦਾ ਨਾਮ ਝੱਟਕਾ ਹੈ। ਸਿੱਖਾਂ ਵਿੱਚ ਝੱਟਕੇ ਦਾ ਮਾਸ ਇਸ ਲਈ ਵਿਧਾਨ ਹੈ ਕਿ ਇੱਕ ਤਾਂ ਸ਼ਸਤ੍ਰ ਅਭਿਆਸ
ਹੋਂਦਾ ਰਹੇ, ਦੂਜੇ ਜੀਵ ਮਾਰਨ ਵਿੱਚ ਨਿਰਦਯਤਾ ਘੱਟ ਹੁੰਦੀ ਹੈ। ਕੇ ਇੱਕ ਵਾਰ ਨਾਲ ਸਿਰ ਧੜ ਤੋਂ
ਜੁਦਾ ਨਾ ਹੋਵੇ ਤਾਂ ਉਸ ਨੂੰ ਪਟਕਾ ਆਖੀਦਾ ਹੈ, ਜੋ ਖਾਣਾ ਨਿੰਦਤ ਹੈ। ਝੱਟਕਾ ਬੰਦੂਕ ਨਾਲ ਵੀ ਕੀਤਾ
ਜਾ ਸਕਦਾ ਹੈ।” (ਇਸਦੇ ਨਾਲ ਹੇਠਾਂ ਨੋਟ ਵੀ
ਦਿਤਾ ਹੈ ਕਿ)
“ਸੰਸਾਰ ਦੀ ਕਿਸੇ ਵੀ ਬੋਲੀ ਵਿੱਚ ਕਰਤਾਰ ਦਾ ਨਾਉਂ ਲੈ ਕੇ ਇੱਕ ਵਾਰ ਨਾਲ
ਝੱਟਕਿਆ ਜੀਵ ਸਿੱਖਾਂ ਲਈ ਖਾਣਾ ਵਿਧਾਨ ਹੈ। ਗੁਰਮਤਿ ਚ ਕੋਈ ਬੋਲੀ ਨਿੰਦਤ ਨਹੀਂ। ਮਸ਼ੀਨ ਅਥਵਾ
ਬਿਜਲੀ ਦੀ ਲਹਰ ਨਾਲ ਛਿਨ ਭਰ ਵਿੱਚ ਮਾਰੇ ਹੋਏ ਜੀਵ ਦਾ ਮਾਸ ਭੀ ਝੱਟਕਾ ਸਮਝਿਆ ਜਾਂਦਾ ਹੈ।”
ਇਸ ਤਰ੍ਹਾਂ ਇਥੇ ਇਹ ਗਲ ਵੀ ਧਿਆਨ ਮੰਗਦੀ ਹੈ ਕਿ ਸਿੱਖਾਂ ਨੇ ਆਪ ਸ਼ਿਕਾਰ
ਕੀਤੇ ਭਾਵ ਜਾਨਵਰ ਨੂੰ ਇੱਕ ਦਮ ਝੱਟਕਾ ਕੇ ਮਾਰਨ ਦੇ ਢੰਗ ਨੂੰ ਝੱਟਕੇ ਦਾ ਨਾਮ, ਮੁਸਲਮਾਨੀ ਹਲਾਲ
ਵਾਲੇ ਢੰਗ ਦੇ ਵਿਰੋਧ ਵਿੱਚ ਦਿਤਾ ਮਾਲੂਮ ਹੁੰਦਾ ਹੈ।
ਮੁਸਲਮਾਨੀ ਹਲਾਲ ਲਈ ਜੋ ਕੁੱਠੇ ਦਾ ਲਫ਼ਜ਼ ਸਿੱਖਾਂ ਨੇ ਵਰਤਿਆ ਹੈ; ਇਥੇ
ਸਿੱਖਾਂ ਵਿੱਚ ਵੀ ਕੁੱਠਾ ਲਫ਼ਜ਼ ਬ੍ਰਾਹਮਣੀ ਕੁੱਠੇ ਵਾਲੇ ਲਫ਼ਜ਼ ਦੀਆਂ ਲੀਹਾਂ ਅਤੇ ਅਰਥਾਂ `ਚ ਮਾਲੂਮ
ਨਹੀਂ ਹੁੰਦਾ। ਜਿਵੇਂ ਵੇਰਵਾ ਆ ਚੁਕਾ ਹੈ, ਬ੍ਰਾਹਮਣ ਅੰਦਰ ਜੋ ਮੁਸਲਮਾਨਾ ਲਈ ਨਫ਼ਰਤ ਭਰੀ ਪਈ ਸੀ।
ਇਸੇ ਨਫ਼ਰਤ ਵਜੋਂ ਬ੍ਰਾਹਮਣ, ਮੁਸਲਮਾਨਾ ਨੂੰ ਮਲੇਛ (ਮਲੀਨ ਬੁੱਧੀ) ਉਨ੍ਹਾਂ ਦੀਆਂ ਭਾਸ਼ਾਵਾਂ ਨੂੰ
‘ਅਭਾਖਿਆ’ ਕਹਿੰਦਾ ਅਤੇ ਇਸੇ ਕਾਰਣ ਜਿਸ ਮਾਸ ਨੂੰ ਮੁਸਲਮਾਨ ‘ਹਲਾਲ’ ਸੱਦਦੇ ਸਨ, ਬ੍ਰਾਹਮਣ ਅਪਣੀ
ਨਫ਼ਰਤ ਜ਼ਾਹਿਰ ਕਰਨ ਲਈ ਉਸੇ ਨੂੰ ‘ਕੁਠਾ’ ਸੱਦਦੇ ਸੀ। ਫ਼ਿਰ ਵੀ ਅਪਿ ਪੜ੍ਹਦੇ ਪਿਛੇ ਦੋਹਰੀ ਖੇਡ ਵੀ
ਖੇਡਦਾ ਸੀ। ਉਨ੍ਹਾ ਦੀ ਇਸੇ ਦੋਗਲੀ ਅਤੇ ਪਾਖੰਡ ਭਰਪੂਰ ਖੇਡ ਕਾਰਣ ਗੁਰਬਾਣੀ `ਚ ਉਸਨੂੰ ਬਹੁਤ ਵਾਰੀ
“ਛੋਡੀਲੇ ਪਾਖੰਡਾ॥ ਨਾਮਿ ਲਇਐ ਜਾਹਿ ਤਰੰਦਾ” ਜਾਂ “ਤਿਨ ਘਰਿ ਬ੍ਰਹਮਣ ਪੂਰਹਿ ਨਾਦ॥
ਉਨ੍ਹ੍ਹਾ ਭਿ ਆਵਹਿ ਓਈ ਸਾਦ” ਅਤੇ “ਅਭਾਖਿਆ ਕਾ ਕੁਠਾ ਬਕਰਾ ਖਾਣਾ॥ ਚਉਕੇ ਉਪਰਿ ਕਿਸੈ ਨ
ਜਾਣਾ” ਆਦਿ ਸ਼ਬਦਾਵਲੀ ਵਰਤੀ ਹੈ।
ਇਸਦੇ ਉਲਟ ਜਦੋਂ ਸਿੱਖਾਂ ਰਾਹੀ ਮੁਸਲਮਾਨੀ ਹਲਾਲ ਮਾਸ ਲਈ ਕੁਠੇ ਦਾ ਲਫ਼ਜ਼
ਵਰਤਿਆ ਗਿਆ ਤਾਂ ਉਸਦਾ ਆਧਾਰ ਗੁਰੂਨਾਨਕ ਪਾਤਸ਼ਾਹ ਰਾਹੀਂ ਸ਼ੇਖ ਨੂੰ ਸੰਬੋਧਨ ਕਰਕੇ ਉਚਾਰੇ ਗਏ ਸਲੋਕ
ਵਿਚੋਂ ਲਫ਼ਜ਼ ‘ਕੁਠਾ’ ਸੀ। ਦਰਅਸਲ ਇਹ ਉਸ ਸਮੇਂ ਦੇ ਰਾਜਸੀ ਹਾਲਾਤ ਦੀ ਦੇਣ ਸੀ। ਇਸ `ਚ ਮੁਸਲਮਾਨ
ਹਾਕਮਾ ਨਾਲ ਪੈਦਾ ਹੋ ਚੁੱਕੇ ਵਿਰੋਧ ਕਾਰਣ ਸੀ ਉਂਝ ਮੁਸਲਮਾਨਾਂ ਨਾਲ ਕਿਸੇ ਨਫ਼ਰਤ ਕਾਰਣ ਨਹੀ ਸੀ।
ਵੱਧ ਤੋਂ ਵੱਧ ਇਸਦਾ ਬਹੁਤਾ ਕਰਕੇ ਉਨ੍ਹਾਂ ਰਾਹੀਂ ਜਾਨਵਰ ਨੂੰ ਮਾਰਨ ਦੇ ਢੰਗ ਦਾ ਵਿਰੋਧ ਜ਼ਰੂਰ ਹੋ
ਸਕਦਾ ਹੈ ਕਿਉਂਕਿ ਉਨ੍ਹਾਂ ਰਾਹੀਂ ਜਾਨਵਰ ਨੂੰ ਜ਼ਿਬਹ ਕਰਣ ਦੇ ਢੰਗ ਦਾ ਗੁਰਬਾਣੀ ਵਿੱਚ ਵੀ ਭਰਵਾਂ
ਵਿਰੋਧ ਸੀ ਅਤੇ ਉਹ ਵੀ ਸਿਧਾਂਤਕ ਸੀ। ਲਫ਼ਜ਼ ‘ਕੁਠਾ ‘ਵਾਲਾ ਸਲੋਕ ਜਿਸਦੇ ਅਰਥ ਪਿਛੇ ਕਰ ਚੁਕੇ ਹਾਂ
ਇੱਥੇ ਕੇਵਲ ਦੋਹਰਾਣਾ ਚਾਹੁੰਦੇ ਹਾਂ।
ਫ਼ੁਰਮਾਨ ਹੈ “ਮਃ ੧॥ ਸਚ ਕੀ ਕਾਤੀ ਸਚੁ ਸਭੁ ਸਾਰੁ॥ ਘਾੜਤ ਤਿਸ ਕੀ ਅਪਰ
ਅਪਾਰ॥ ਸਬਦੇ ਸਾਣ ਰਖਾਈ ਲਾਇ॥ ਗੁਣ ਕੀ ਥੇਕੈ ਵਿਚਿ ਸਮਾਇ॥ ਤਿਸ ਕਾ ਕੁਠਾ ਹੋਵੈ ਸੇਖੁ॥ ਲੋਹੂ ਲਬੁ
ਨਿਕਥਾ ਵੇਖੁ॥ ਹੋਇ ਹਲਾਲੁ ਲਗੈ ਹਕਿ ਜਾਇ॥ ਨਾਨਕ ਦਰਿ ਦੀਦਾਰਿ ਸਮਾਇ॥
੨ ॥”
(ਪੰ: ੯੫੬)
ਇਸਤਰ੍ਹਾਂ ਇਸ ਸਲੋਕ ਰਾਹੀ ਗੁਰਦੇਵ ਸ਼ੇਖ ਨੂੰ ਸੰਬੋਧਨ ਕਰਕੇ ਕਹਿੰਦੇ ਹਨ ਐ
ਸ਼ੇਖ! ਤੂੰ ਜੋ ਜਾਨਵਰਾਂ ਨੂੰ ਮਾਰਦਾ ਅਤੇ ਸਮਝ ਲੈਂਦਾ ਹੈ ਕਿ ਤੂੰ ਜਾਨਵਰ ਨੂੰ ਨਹੀਂ ਮਾਰਿਆ, ਇਹ
ਤਾਂ ਅਲ੍ਹਾ ਦੇ ਨਾਮ ਤੇ ਕੁਰਬਾਣ ਹੋਇਆ ਹੈ। ਤੂੰ ਜਾਨਵਰ ਦੀ ਸ਼ਾਹ ਰਗ ਕੱਟਕੇ ਉਸਦਾ ਲਹੂ ਨਿਕਲਣ ਲਈ
ਉਸ ਨੂੰ ਤੜਫ਼ਦਾ ਸੁੱਟ ਦੇਦਾ ਹੈ। ਇਸਤਰ੍ਹਾਂ ਸਮਝ ਲਿਆ ਕਿ ਜਾਨਵਰ ਖੁੱਦਾ ਦੇ ਨਾਂ ਤੇ ਅਪਣੇ ਆਪ
ਕੁਰਬਾਨ ਹੋਇਆ ਹੈ। ਇਸ ਲਈ ਉਸਦਾ ਮਾਸ ਤੇਰੇ ਲਈ ‘ਹਲਾਲ’ ਹੋ ਗਿਆ ਹੈ। ਸੱਚਾਈ ਇਹ ਹੈ ਕਿ ਤੂੰ
ਜਾਨਵਰ ਨੂੰ ਨਹੀਂ ਮਾਰਿਆ, ਬਲਕਿ ਤੂ ਤਾਂ ਉਸ ਨੂੰ ਕੁਠਾ ਕੀਤਾ ਹੈ ਭਾਵ ਜਾਨਵਰ ਨੂੰ ਤੱੜਫ਼ ਤੱੜਫ਼ ਕੇ
ਮਰਣ ਲਈ ਮਜਬੂਰ ਕੀਤਾ ਸੀ।
ਐ ਸ਼ੇਖ! ਇਹ ਤਾਂ ਤੇਰੇ ਮਨ ਦਾ ਭਰਮ ਹੈ, ਲੋੜ ਇਸ ਚੀਜ਼ ਦੀ ਸੀ ਕਿ ਪਹਿਲਾਂ
ਤੂੰ ਅਪਣੇ ਆਪ ਨੂੰ ਖੁਦਾ ਦੀ ਸਿਫ਼ਤ ਸਲਾਹ `ਚ ਕੁਠਾ ਕਰ ਤਾ ਕਿ ਤੇਰੇ ਅੰਦਰੋ ਲੋਭ ਵਾਲਾ ਲਹੂ ਮੁੱਕ
ਜਾਵੇ। ਤਾਂ ਹੀ ਤੈਨੂੰ ਜੀਵਨ ਦੀ ਸੱਚਾਈ ਸਮਝ `ਚ ਆ ਸਕੇਗੀ।
ਸਲੋਕ ਦੇ ਅਖਰੀਂ ਅਰਥ ਹਨ “ਜੇ ਪ੍ਰਭੂ ਦੇ ਨਾਮ ਦੀ ਛੁਰੀ ਹੋਵੇ, ਪ੍ਰਭੂ
ਦਾ ਨਾਮ ਹੀ (ਉਸ ਛੁਰੀ ਦਾ) ਸਾਰਾ ਲੋਹਾ ਹੋਵੇ। ਇਸਤਰ੍ਹਾਂ ਉਸ ਛੁਰੀ ਦੀ ਘਾੜਤ ਬਹੁਤ ਸੁੰਦਰ ਹੁੰਦੀ
ਹੈ; ਇਹ ਛੁਰੀ ਸਤਿਗੁਰੂ ਦੇ ਸ਼ਬਦ ਦੀ ਸਾਣ ਤੇ ਰਖ ਕੇ ਤੇਜ਼ ਕੀਤੀ ਜਾਂਦੀ ਹੈ, ਤੇ ਪ੍ਰਭੂ ਦੇ ਗੁਣਾਂ
ਦੀ ਮਿਆਨ ਵਿੱਚ ਟਿਕੀ ਰਹਿੰਦੀ ਹੈ। ਜੇਕਰ ਸ਼ੇਖ਼ (ਤੂੰ) ਇਸ ਛੁਰੀ ਦਾ ਕੁੱਠਾ ਹੋਇਆ ਹੋਵੇ (ਭਾਵ, ਜੇ
‘ਸ਼ੇਖ਼’ ਦਾ ਜੀਵਨ ਪ੍ਰਭੂ ਦੇ ਨਾਮ, ਸਤਿਗੁਰੂ ਦੇ ਸ਼ਬਦ ਤੇ ਪ੍ਰਭੂ ਦੀ ਸਿਫ਼ਤਿ-ਸਾਲਾਹ ਵਿੱਚ ਘੜਿਆ
ਹੋਇਆ ਹੋਵੇ) ਤਾਂ ਉਸ ਦੇ ਅੰਦਰੋਂ ਲਬ-ਰੂਪ ਲਹੂ ਜ਼ਰੂਰ ਨਿਕਲ ਜਾਂਦਾ ਹੈ, ਇਸਤਰ੍ਹਾਂ ਹਲਾਲ ਹੋ ਕੇ
(ਸਹੀ ਅਰਥਾਂ `ਚ ਕੁਠਾ ਜਾ ਕੇ) ਉਹ ਪ੍ਰਭੂ ਵਿੱਚ ਜੁੜਦਾ ਹੈ। ਗੁਰੂ ਨਾਨਕ ਪਾਤਸ਼ਾਹ ਫ਼ੁਰਮਾਂਦੇ ਹਨ
ਕਿ ਅਜੇਹਾ ਮਨੁੱਖ ਪ੍ਰਭੂ ਦੇ ਦਰ ਤੇ (ਅਪੜ ਕੇ) ਉਸ ਦੇ ਦਰਸ਼ਨਾਂ ਵਿੱਚ ਲੀਨ ਹੋ ਜਾਂਦਾ ਹੈ। ੨।”
ਇਸਤਰ੍ਹਾਂ ‘ਹਲਾਲ’ ਨੂੰ ਕੁੱਠਾ ਅਤੇ ਅਪਣੇ ਚਲਦੇ ਆ ਰਹੇ ਢੰਗ ਲਈ ਜੋ ਲਫ਼ਜ਼
ਪ੍ਰਚਲਤ ਹੋਇਆ ਉਸਨੂੰ ਝੱਟਕਾ ਕਿਹਾ ਗਿਆ, ਇਹ ਕੇਵਲ ਪਛਾਣ ਮਾਤ੍ਰ ਸੀ।
ਝੱਟਕੇ `ਤੇ ਕੁੱਠੇ ਬਾਰੇ ਵੇਰਵੇ ਦੀ ਲੋੜ ਕਿਉਂ? -
ਦਰਅਸਲ ਮਾਸ ਵਿਰੋਧੀ ਸੱਜਣਾ ਨੇ ਇੱਕ ਨਵਾਂ ਇਸ਼ੂ ਖੜਾ ਕਰਕੇ ਗਲ ਨੂੰ ਬਿਨਾ ਕਾਰਣ ਬਹੁਤ ਲੰਮਾ ਖਿਚਿਆ
ਹੈ। ਉਜ਼ਰ ਹੈ ਕਿ ਲਫ਼ਜ਼ ‘ਝੱਟਕਾ’ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਨਹੀਂ ਆਇਆ ਇਸਲਈ ਗੁਰਬਾਣੀ `ਚ ਮਾਸ
ਖਾਣ ਲਈ ਕਿੱਧਰੇ ਵੀ ਆਦੇਸ਼ ਨਹੀਂ ਹੈ। ਇਸ ਤਰ੍ਹਾਂ ਉਨ੍ਹਾਂ ਨੇ ਇਹ ਵੀ ਹੱਠ ਕੀਤਾ, ਚੂੰਕਿ ਗੁਰਬਾਣੀ
`ਚ ਮਾਸ ਲਈ ਲਫ਼ਜ਼ ਝੱਟਕਾ ਆਇਆ ਹੀ ਨਹੀਂ, ਇਸ ਲਈ ਗੁਰਬਾਣੀ `ਚ ਮਾਸ ਖਾਣ ਤੋਂ ਮਨ੍ਹਾਂ ਕੀਤਾ ਹੈ।
ਜਾਂ ਇਹ ਕਹਿ ਦਿਤਾ, ਕਿ ਗੁਰਬਾਣੀ `ਚ ਮਾਸ ਖਾਣ ਦਾ ਵਿਰੋਧ ਕੀਤਾ ਹੈ।
ਜਦਕਿ ਉਨ੍ਹਾਂ ਸੱਜਣਾ ਤੋਂ ਗੁਰਬਾਣੀ ਦੀ ਬੇਅਦਬੀ ਇਸ ਪਖੋਂ ਵੀ ਹੋਈ, ਜਦੋਂ
ਜਾਣੇ-ਅਣਜਾਣੇ ਉਨ੍ਹਾਂ ਨੇ ਕਿਸੇ ਵੀ ਸ਼ਬਦ ਦੇ ਮੂਲ ਆਸ਼ੇ, ਪ੍ਰਕਰਣ, ਕੇਂਦਰੀ ਭਾਵ ਦੇ ਉਲਟ ਜਾਂ
ਉਸਨੂੰ ਨਜ਼ਰ-ਅੰਦਾਜ਼ ਕਰਕੇ, ਸ਼ਬਦ ਵਿਚੋਂ ਅਪਣੀ ਮਰਜ਼ੀ ਦੀ ਇੱਕ--ਅੱਧੀ ਪੰਕਤੀ ਚੁੱਕ ਕੇ ਆਪ ਵੀ ਟੱਪਲੇ
ਖਾਧੇ ਅਤੇ ਸੰਗਤਾਂ ਨੂੰ ਵੀ ਦਿੱਤੇ। ਇਸਦੇ ਉਲਟ ਹੁਣ ਤੀਕ ਦੀ ਲਮੀਂ ਵਿਚਾਰ ਦਾ ਸਿੱਟਾ ਹੈ ਕਿ
ਗੁਰਬਾਣੀ ਵਿੱਚ ਮਾਸ ਨੂੰ ਸਾਫ਼ ਲਫ਼ਜ਼ਾਂ `ਚ ਮਨੁੱਖੀ ਭੋਜਨ ਦਸਿਆ ਹੈ। ਭੋਜਨ ਵਜੋਂ ਗੁਰਬਾਣੀ `ਚ ਮਾਸ
ਦਾ ਉਕਾ ਵਿਰੋਧ ਨਹੀਂ। ਇਸਦੇ ਬਾਵਜੂਦ ਸਿਧਾਂਤਕ ਪੱਖੋਂ ਮਾਸ ਦਾ ਛੱਕਣਾ, ਜਾਂ ਨਾ ਛੱਕਣਾ ਕਿਸੇ ਦੀ
ਇਛਾ, ਲੋੜ, ਸੁਭਾਅ ਨਾਲ ਸੰਬੰਧਤ ਹੈ। ਇਸ ਤਰ੍ਹਾਂ ਭੋਜਨ ਦੇ ਸੰਬੰਧ ਚ ਜੋ ਛੋਟ ਮਾਸ ਲਈ ਹੈ, ਇਹੀ
ਛੋਟ ਵਾਲਾ ਨੀਯਮ ਹਰੇਕ ਭੋਜਨ ਲਈ ਹੈ ਇਕਲੇ ਮਾਸ ਲਈ ਨਹੀਂ। ਇਹੀ ਕਾਰਣ ਹੈ, ਸਬਜ਼ੀ ਹੋਣ ਦੇ ਬਾਵਜੂਦ
ਮਨੁੱਖ ਅੱਕ-ਧਤੂਰਾ ਨਹੀਂ ਖਾਂਦਾ ਕਿਉਂਕਿ ਇਹ ਵਸਤੂ ਉਸਦੇ ਸਰੀਰ ਨੂੰ ਰਾਸ ਨਹੀਂ ਆਂਉਂਦੀ।
ਸਿਖਾਂ ਵਿਚਾਲੇ ਮਾਸ ਲਈ ‘ਲਫ਼ਜ਼’ ਝੱਟਕਾ-
ਦਰਅਸਲ
ਸਿੱਖਾਂ ਵਿਚਾਲੇ ਚਲਦੇ ਆ ਰਹੇ ਸ਼ਿਕਾਰ ਵਾਲੇ ਢੰਗ ਕਾਰਣ ‘ਮਾਸ’ ਲਈ ਲਫ਼ਜ਼ ਝੱਟਕਾ, ਗੁਰਬਾਣੀ ਰਚਨਾ
ਤੋਂ ਕਾਫ਼ੀ ਬਾਦ ਦੇ ਕਾਲ ਦਾ ਪ੍ਰਚਲਣ ਹੈ। ਦੇਖ ਚੁਕੇ ਹਾਂ ਕਿ ਇਹ ਲਫ਼ਜ਼ ਲਗਭਗ ਉਸ ਸਮੇਂ ਸਿੱਖਾਂ
ਵਿਚਾਲੇ ਪਰਚਲਣ `ਚ ਆਇਆ ਜਦੋਂ ਸਿੱਖਾਂ ਦੀ ਮੁਗ਼ਲ ਹਕੂਮਤ ਨਾਲ ਆਹਮਣੇ ਸਾਹਮਣੇ ਦੀ ਟੱਕਰ ਸ਼ੁਰੂ ਹੋ
ਗਈ। ਲਫ਼ਜ਼ ‘ਝੱਟਕਾ ‘ਦਾ ਪਿਛੌਕੜ ਵੀ ਜਾਨਵਰ ਨੂੰ ਬਿਨਾ ਤੜਫਾਉਣ ਦੇ, ਕੇਵਲ ਇਕੋ ਝੱਟਕੇ ਨਾਲ ਤਿਆਰ
ਕੀਤਾ ਜਾਨਵਰ ਦਾ ਮਾਸ। ਸਪੱਸ਼ਟ ਹੈ ਕਿ ਜਾਨਵਰ ਨੂੰ ਸਿੱਖਾਂ ਰਾਹੀਂ ਇਸੇ ਝੱਟਕਾਉਣ ਦੇ ਢੰਗ ਕਾਰਣ
ਸਿੱਖਾਂ ਚ ਇਸ ਕਰਨੀ ਲਈ ਲਫ਼ਜ਼ ‘ਝੱਟਕਾ’ ਪ੍ਰਚਲਤ ਹੋ ਗਿਆ।
ਚੂੰਕਿ ਵੀਹਵੀਂ ਸਦੀ ਦੇ ਅਰੰਭ ਤੀਕ ਸਿੱਖ ਧਰਮ `ਚ ਮਾਸ ਬਾਰੇ ਕੋਈ ਝੱਗੜਾ
ਵਿਰੋਧ ਜਾਂ ਦੋ ਰਾਵਾਂ ਹੈ ਹੀ ਨਹੀਂ ਸਨ; ਜਿਸਦੀ ਇਛਾ ਹੁੰਦੀ ਛੱਕ ਲੈਂਦਾ, ਜਿਸਦੀ ਇੱਛਾ ਨਾ ਹੁੰਦੀ
ਉਹ ਨਾ ਛੱਕਦਾ। ਇਸਦੇ ਬਾਵਜੂਦ ਨਾ ਛੱਕਣ ਵਾਲਾ ਵੀ, ਛੱਕਣ ਵਾਲੇ ਦਾ ਵਿਰੋਧ ਨਹੀਂ ਸੀ ਕਰਦਾ। ਪੰਥ
`ਚ ਇਹ ਖਿਚਾਤਾਣੀ ਪੈਦਾ ਹੋਈ ਹੈ ਤਾਂ ਵੀਹਵੀ ਸਦੀ ਦੇ ਅਰੰਭ `ਚ। ਉਹ ਵੀ ਉਦੋਂ, ਜਦੋਂ ਇੱਕ ਪਾਸੇ
ਵੀਹਵੀਂ ਸਦੀ ਦੇ ਅਰੰਭ `ਚ ਸੰਗਤਾਂ ਵਿਚਕਾਰ ਗੁਰਬਾਣੀ ਸੋਝੀ-ਜੀਵਨ ਬਾਰੇ ਘਾਟ ਹਦੋਂ ਟੱਪ ਚੁਕੀ ਸੀ।
ਦੂਜੇ ਪਾਸੇ, ਨਾਲ ਹੀ ਮਾਸ ਛੱਕਣ ਵਿਰੁਧ ਅਚਾਨਕ ਹੀ ਦੋ-ਇਕ ਲਿਖਤਾਂ ਮਾਰਕੀਟ `ਚ ਆ ਗਈਆਂ। ਗੁਰਬਾਣੀ
ਸੋਝੀ ਪਖੋਂ ਅਗਿਆਨਤਾ ਦੇ ਇਸ ਜੁੱਗ `ਚ ਅਚਾਨਕ ਹੀ ਇਸ ਇਕ-ਪਾਸੜ ਵਾਰ ਦਾ ਨਤੀਜਾ, ਸੰਗਤਾਂ ਵਿਚਾਲੇ
ਵਾਧੂ ਦੇ ਭੁਲੇਖੇ ਖਿੱਚ ਧੂ ਸ਼ੁਰੂ ਹੋ ਗਈ, ਇਹੀ ਖਿੱਚ ਧੂ ਦਿਨੋ ਦਿਨ ਪੰਥਕ ਝੱਗੜੇ ਦਾ ਰੂਪ ਲੈਂਦੀ
ਗਈ।
ਫ਼ਿਰ ਤਾਂ ਮਾਸ ਵਿਰੋਧੀ ਸੱਜਣਾ ਨੇ, ਸਿੱਖ ਰਹਿਤ ਮਰਿਆਦਾ `ਚ ਆਈਆ ਚਾਰ
ਕੁਰਿਹਤਾਂ `ਚ ‘ਕੁਠਾ’ ਲਫ਼ਜ਼ ਲਈ ਦਿੱਤੇ ਪੰਥ ਪ੍ਰਵਾਣਤ ਸਪਸ਼ਟੀਕਰਣ ਨੂੰ ਵੀ ਪਿਛੇ ਛੱਡ ਦਿਤਾ। ਇਹ
ਪ੍ਰਚਾਰ ਸ਼ੁਰੂ ਕਰ ਦਿਤਾ ਕਿ ‘ਕੁਠਾ’ ਦੇ ਅਰਥ ਕੇਵਲ ਮੁਸਲਮਾਨੀ ਸ਼ਰਹ ਮੁਤਾਬਕ ਬਣਿਆ ਹਲਾਲ ਮਾਸ ਨਹੀ
ਬਲਕਿ ਹਰੇਕ ਤਰ੍ਹਾਂ ਮਾਸ ਹੀ ਹਨ। ਕਮਾਲ ਦੀ ਮੰਤਕ ਕੱਢੀ ਗਈ, ਪੁਛੋ- ਜੇਕਰ ਸਚਮੁਚ ਕੁਠਾ ਦਾ ਅਰਥ
ਵੀ ਹਰੇਕ ਕਿਸਮ ਦਾ ਮਾਸ ਹੈ ਤਾਂ ਪੰਥਕ ਆਗੂਆਂ ਨੂੰ ਉਸ ਦੇ ਲਈ ਵੱਖਰੇ ਸਪਸ਼ਟੀਕਰਣ ਦੀ ਲੋੜ ਹੀ ਕਿਉਂ
ਪਈ। ਇਸ ਤੋਂ ਵੱਡੀ ਸੱਚਾਈ ਇਹ ਵੀ ਹੈ ਕਿ ਉਸੇ ਹੀ ਰਹਿਤ ਮਰਿਆਦਾ ਦੇ ਤਿਆਰ ਕਰਨ ਲਈ ਬਾਰ੍ਹਾਂ ਸਾਲ
ਹੋਈ ਪੰਥ ਦੀ ਮੇਹਨਤ `ਚ ਲਗਭਗ ਹਰੇਕ ਪੱਖ ਦੇ ਵਿਦਵਾਨਾ ਨੇ ਹਿੱਸਾ ਲਿਆ ਸੀ, ਇਥੋਂ ਤੀਕ ਕਿ ਮਾਸ
ਵਿਰੋਧੀਆਂ ਨੇ ਵੀ। ਉਸਤੋਂ ਬਾਦ ਵੀ ਪੰਥਕ ਪੱਧਰ ਤੇ ਇਸ ਵਿਸ਼ੇ ਉਪਰ ਖਿਚਾਤਾਣੀ ਵੱਧ ਜਾਣੀ ਜਾਂ ਉਸਦਾ
ਪੈਦਾ ਕਰ ਦੇਣਾ, ਇਸ ਨੂੰ ਪੰਥਕ ਦੁਖਾਂਤ ਹੀ ਕਹਿਣਾ ਪਵੇਗਾ।
ਲਫ਼ਜ਼ ਝੱਟਕਾ ਬਾਰੇ ਭੁਲੇਖਿਆਂ `ਚ ਪੈਣ ਤੋਂ ਪਹਿਲਾਂ, ਇਹ ਵੀ ਘੋਖਣ ਦੀ ਲੋੜ
ਸੀ ਕਿ ਇਹ ਲਫ਼ਜ਼ ਪੰਥ `ਚ ਆਇਆ ਕਦੋ? ਦੇਖ ਚੁਕੇ ਹਾਂ, ਪੰਥ ਵਿਚਾਲੇ ਇਸ ਲਫ਼ਜ਼ ਦਾ ਪ੍ਰਚਲਣ ਹੀ ਮੁਗਲ
ਹਕੂਮਤ ਦੇ ਉਸ ਕਾਲ `ਚ ਹੋਇਆ ਮਿਲਦਾ ਹੈ ਜਦੋਂ ਸਿੱਖਾਂ ਦੇ ਸਿਰਾਂ ਦੇ ਮੁਲ ਪੈ ਰਹੇ ਸਨ। ਤਾਂਤੇ
ਗੁਰਬਾਣੀ ਦੇ ਰਚਨਾ ਕਾਲ ਸਮੇਂ ਇਹ ਲਫ਼ਜ਼ ਗੁਰਬਾਣੀ `ਚ ਕਿਵੇਂ ਦਰਜ ਹੋ ਜਾਂਦਾ? ਇਥੋਂ ਤੀਕ ਕਿ ਮਾਸ
ਛੱਕਣ ਦੀ ਸੂਚਨਾ ਦੇਣ ਸਮੇਂ ਸਿੱਖ ਰਹਿਤ-ਮਰਿਆਦਾ `ਚ ਵੀ ਲਫ਼ਜ਼ ਝੱਟਕਾ ਦਰਜ ਕਰਨ ਦੀ ਲੋੜ ਨਹੀਂ ਪਈ।
ਉਥੇ ਵੀ ਕੁਠਾ ਲਫ਼ਜ਼ ਦਿਤਾ ਅਤੇ ਉਸਦਾ ਵੇਰਵਾ ਵੀ ਦਿਤਾ। ਇਥੋਂ ਇਹ ਵੀ ਸਪੱਸ਼ਟ ਹੋ ਜਾਂਦਾ ਹੈ ਕਿ ਮਾਸ
ਦੇ ਇਸਤੇਮਾਲ ਲਈ ਗੁਰਬਾਣੀ ਚ ਬਾਰ ਬਾਰ ਆਇਆ ਲਫ਼ਜ਼ ਮਾਸ ਹੀ ਪ੍ਰਚਲਤ ਸੀ, ਦੂਜਾ ਨਹੀਂ। ਖਾਸ ਤੌਰ ਤੇ
ਇਸ ਗਲ ਵਲ ਫ਼ਿਰ ਤੋਂ ਧਿਆਨ ਦੇਣ ਦੀ ਲੋੜ ਹੈ, ਜੇਕਰ ਪੰਥ ਨੇ ਸੰਗਤਾਂ ਨੂੰ ਮਾਸ ਛੱਕਣ ਤੋਂ ਹੀ
ਮਨ੍ਹਾ ਕਰਨਾ ਸੀ ਤਾਂ ਕੁਰਹਿਤਾ `ਚ ਸਿਧੇ ਦੋ ਲਫ਼ਜ਼ ਵੀ ਪਾਏ ਜਾ ਸਕਦੇ ਸਨ। ਉਥੇ ਝੱਟਕਾ ਵੀ ਲਿਖਿਆ
ਜਾ ਸਕਦਾ ਸੀ। ਉਚੇਚਾ ਕੁਠਾ ਕਿਉਂ ਲਿਖਿਆ ਅਤੇ ਉਸਦਾ ਸਪਸ਼ਟੀਕਰਣ ਕਿਉਂ ਦਿਤਾ? ਸਪੱਸ਼ਟ ਹੈ ਰਹਿਤ
ਮਰਿਆਦਾ ਚ ਸਮੁਚੇ ਪੰਥ ਨੂੰ ਮਾਸ ਤੋਂ ਨਹੀਂ ਬਲਕਿ ਵੇਰਵਾ ਦੇਕੇ ਕੁੱਠੇ ਤੋਂ ਮਨ੍ਹਾਂ ਕੀਤਾ ਹੈ, ਇਸ
ਲਈ ਹੋਰ ਖਿਚਾਤਾਣੀ ਦੀ ਲੌੜ ਨਹੀਂ
ਸ਼ਬਦਾਵਲੀ ਸਦਾ ਬਦਲਵੀ ਹੁੰਦੀ ਹੈ-
ਇੰਨਾ
ਹੀ ਨਹੀਂ ਸਾਨੂੰ ਇਹ ਵੀ ਧਿਆਨ `ਚ ਰਖਣ ਦੀ ਲੋੜ ਹੈ ਕਿ ਬੋਲੀ ਜਾਂ ਸ਼ਬਦਾਵਲੀ `ਚ ਸਦਾ ਹੀ ਤੱਬਦੀਲੀ
ਅਤੇ ਸਮੇਂ ਸਥਾਨ ਨਾਲ ਵਾਧੇ-ਘਾਟੇ ਆਉਂਦੇ ਰਹਿੰਦੇ ਹਨ। ਇਥੋਂ ਤੀਕ ਕਿ ਲਫ਼ਜ਼ਾਂ ਵਿਚਾਲੇ ਅਰਥਭੇਦ ਵੀ
ਹੁੰਦੇ ਰਹਿੰਦੇ ਹਨ। ਜੇਕਰ ਲਫ਼ਜ਼ ਝੱਟਕਾ ਦੀ ਗਲ ਕਰੀਏ ਤਾਂ ਕਕਾਰਾਂ ਵਿਚੋਂ ਕਛਿਹਰਾ, ਕੜਾ ਲਫ਼ਜ਼,
ਸਮੁਚੀ ਗੁਰਬਾਣੀ `ਚ ਨਹੀਂ ਹਨ ਪਰ ਸਾਡੇ ਪਹਿਰਾਵੇ ਦਾ ਜ਼ਰੂਰੀ ਹਿੱਸਾ ਹਨ। ਇਸਤੋਂ ਇਲਾਵਾ ਉਦੋਂ
ਚੀਨੀ, ਪਲਾਸਟੀਕ, ਸਟੀਲ਼ ਦੇ ਬਰਤਨ ਨਹੀਂ ਸਨ ਹੁੰਦੇ ਪਰ ਅਜ ਘਰ ਘਰ ਦੀ ਲੋੜ ਹਨ। ਸਾਡੇ ਪਹਿਰਾਵੇ
ਅਤੇ ਇਸਤੇਮਾਲ `ਚ ਨੈਲਨ, ਟੈਰੀਕਾਟ ਦੇ ਕਪੜੇ ਨਹੀ ਸਨ ਹੁੰਦੇ। ਗੰਡੇ ਲਈ ਪਿਆਜ਼ ਜਾਂ ਖੰਡ ਲਈ ਚੀਨੀ
ਲਫ਼ਜ਼ ਪ੍ਰਚਲਤ ਨਹੀਂ ਸਨ। ਇੰਟਰਨੈਟ-ਈਮੇਲ-ਟੇਲੀਕਾਸਟ-ਟੈਲੀਫ਼ੋਨ-ਟੈਲੀਸਕੋਪੀ ਆਦਿ ਦੀਆਂ ਕਾਢਾਂ ਤੇ
ਸ਼ਬਦਾਵਲੀ ਕੋਈ ਜਾਣਦਾ ਵੀ ਨਹੀਂ ਸੀ। ਇਸਤਰਾਂ ਅਜੌਕੀ ਬੋਲੀ ਦੇ ਬੇਅੰਤ ਲਫ਼ਜ਼ ‘ਗੁਰੂ ਗ੍ਰੰਥ ਸਾਹਿਬ’
`ਚ ਦਰਜ ਨਹੀ ਤਾਂ ਫ਼ਿਰ ਇਸ ਬਾਰੇ ਸਾਡੀ ਸੋਚ ਕੀ ਹੋਣੀ ਚਾਹੀਦੀ ਹੈ?
ਧਿਆਨ ਰਹੇ ‘ਗੁਰੂ ਗ੍ਰੰਥ ਸਾਹਿਬ ਜੀ’ ਜੀਵਨ ਜਾਚ ਦਾ ਖਜ਼ਾਨਾ ਅਤੇ ਜੀਵਨ ਸੇਧ
ਹਨ, ਸ਼ਬਦ ਕੋਸ਼ ਨਹੀਂ ਹਨ। ਇਸਤੋਂ ਇਲਾਵਾ ਅਸੀਂ ਇਹ ਵੀ ਭਲੀ ਭਾਂਤ ਦੇਖ ਚੁਕੇ ਹਾਂ ਜਿਵੇਂ ਮਾਸ
ਵਿਰੋਧੀ ਸੱਜਣ ਜ਼ੋਰ ਦੇ ਰਹੇ ਹਨ, “ਕੁਠਾ, ਕੁਹਣ, ਕੁਹ, ਕੁਹਤ” ਗੁਰਬਾਣੀ ਅੰਦਰ, ਇਹ ਸਾਰੇ
ਲਫ਼ਜ਼ ਸਮਅਰਥੀ ਹਨ, ਇਹ ਗਲ ਬਿਲਕੁਲ ਠੀਕ ਹੈ ਅਤੇ ਅਸੀਂ ਵੀ ਸਾਬਤ ਕਰ ਚੁਕੇ ਹਾਂ। ਪਰ ਇਸ ਦੇ ਨਾਲ ਇਹ
ਵੀ ਸੱਚਾਈ ਹੈ ਕਿ ਇਹ ਸਾਰੇ ਲਫ਼ਜ਼ ਗੁਰਬਾਣੀ `ਚ ਕਿੱਧਰੇ ਵੀ ਮਾਸ ਛੱਕਣ ਜਾਂ ਮਾਸ ਭੋਜਨ ਦੇ ਵਿਰੋਧ
`ਚ ਨਹੀਂ ਆਏ। ਫ਼ਰਕ ਹੈ ਤਾਂ ਕੇਵਲ ਇੰਨਾ ਕਿ ਗੁਰਦੇਵ ਨੇ ਜਦੋਂ ਹਿੰਦੂ ਜਾਂ ਬ੍ਰਾਹਮਣ ਨੂੰ ਸੰਬੋਧਨ
ਕਰਕੇ ਗਲ ਕੀਤੀ ਤਾਂ ਬਹੁਤਾ ਕਰਕੇ ਲਫ਼ਜ਼ “ਕੁਹਣ, ਕੁਹ, ਕੁਹਤ” ਅਤੇ ਜਦੋ ਮੁਸਲਮਾਨਾਂ ਦਾ
ਵਿਸ਼ਾ ਆਇਆ ਤਾਂ ਲਫ਼ਜ਼ ਕੁਠਾ ਵਰਤਿਆ ਹੈ। ਫ਼ਿਰ ਵੀ ਹਰੇਕ ਲਫ਼ਜ਼ ਅਰਥ ਪ੍ਰਕਰਣ ਅਨੁਸਾਰ ਅਤੇ ਭਿੰਨ ਭਿੰਨ
ਅਰਥਾਂ `ਚ ਆਏ ਹਨ।