ਕੀ ਅਸੀਂ ਭਰੂਣ ਹਤਿਆ ਵਾਸਤੇ ਦੋਸ਼ੀ ਨਹੀ?
ਗੁਰਸ਼ਰਨ ਸਿੰਘ ਕਸੇਲ
ਅੱਜ ਭਾਂਵੇਂ ਬਹੁਤ ਸਾਰੇ ਧਾਰਮਿਕ ਤੇ ਸਿਆਸੀ ਲੀਡਰ ਇਹ ਤਾਂ ਮੰਨ ਰਹੇ ਹਨ
ਕਿ ਜਨਮ ਤੋਂ ਪਹਿਲਾਂ ਲੜਕੀ ਹੋਣ ਦਾ ਪਤਾ ਲੱਗਣ ਕਰਕੇ ਕੀਤੀ ਜਾਂਦੀ ‘ਭਰੂਣ ਹਤਿਆ’ ਸਿੱਖ ਕੌਮ
ਵਾਸਤੇ ਸ਼ਰਮ ਦਾ ਵਿੱਸ਼ਾ ਬਣਿਆ ਹੋਇਆ ਹੈ; ਪਰ ਲੜਕੀਆਂ ਨੂੰ ਕਿਉਂ ਪਸੰਦ ਨਹੀਂ ਕੀਤਾ ਜਾ ਰਿਹਾ? ਲੜਕੀ
ਦੀ ਭਰੂਣ ਹਤਿਆ ਦੇ ਕੀ ਕਾਰਨ ਹਨ? ਕੋਣ ਲੋਕ ਇਸ ਲਾਹਨਤ ਦੇ ਸਿੱਧੇ ਜਾਂ ਅਸਿਧੇ ਤੌਰ ਤੇ ਜੁਮੇਵਾਰ
ਹਨ? ਸਾਨੂੰ ਇਹਨਾਂ ਕਾਰਨਾ ਦਾ ਪਤਾ ਲਗਾਉਣਾ ਵੀ ਬਹੁਤ ਜ਼ਰੂਰੀ ਹੈ। ਜਿਨ੍ਹਾਂ ਚਿਰ ਇਨ੍ਹਾਂ ਕਾਰਨਾ
ਦਾ ਪਤਾ ਨਹੀਂ ਲੱਗਦਾ ਤੇ ਉਨ੍ਹਾਂ ਨੂੰ ਰੋਕਣ ਦਾ ਉਪਰਾਲਾ ਨਹੀਂ ਕੀਤਾ ਜਾਂਦਾ, ਉਨ੍ਹਾਂ ਚਿਰ ਸਖਤ
ਕਾਨੂੰਨ ਵੀ ਬਹੁਤੀ ਮੱਦਦ ਨਹੀਂ ਕਰ ਸਕਦਾ। ਇਸ ਮਸਲੇ ਬਾਰੇ ਕੁੱਝ ਕੁ ਕਾਰਨ ਜੋ ਮੇਰੀ ਜਾਣਕਾਰੀ
ਵਿੱਚ ਹਨ ਉਹ ਆਪ ਨਾਲ ਸਾਂਝੇ ਕਰਦਾ ਹਾਂ। ਇਸ ਵਿੱਸ਼ੇ ਬਾਰੇ ਆਪ ਦੇ ਵੀ ਜੋ ਵਿਚਾਰ ਹਨ ਉਹ ਤੁਸੀਂ ਵੀ
ਲੋਕਾਂ ਨਾਲ ਸਾਂਝੇ ਕਰੋ।
ਦਾਜ ਲੈਣ ਦਾ ਲਾਲਚ: ਇਸ ਸਮੇਂ ਸਾਡੇ ਸਮਾਜ ਵਿੱਚ ਲੜਕੀ ਦੇ ਵਿਆਹ
ਦੀ ਤਿਆਰੀ ਵਿੱਚ ਏਨਾ ਖਰਚ ਹੁੰਦਾ ਹੈ ਕਿ ਆਮ ਆਦਮੀ ਦਾ ਸਿਰ ਚੱਕਰਾ ਜਾਂਦਾ ਹੈ। ਲੜਕੀ ਦੇ ਵਿਆਹ
ਵਿੱਚ ਕੀਤੇ ਖਰਚੇ ਦੇ ਕਾਰਨ ਕਈ ਕਰਜਾਈ ਹੋਏ ਕਿਰਸਾਨ ਆਤਮ ਹੱਤਿਆ ਕਰ ਰਹੇ ਹਨ। ਜਿਹੜੇ ਲੋਕ ਰਿਸ਼ਵਤ
ਲੈਂਦੇ, ਵੱਡੇ ਦਰਜੇ ਵਾਲੇ ਸਿਆਸੀ ਲੀਡਰ ਜਾਂ ਜਿਹੜੇ ਵੱਡੇ ਬਿਜਨਸ ਕਰਦੇ ਹਨ ਜਾਂ ਬਲੈਕੀਏ ਕਿਸਮ ਦੇ
ਪ੍ਰਵਾਰ ਹਨ ਉਨ੍ਹਾਂ ਨੂੰ ਤਾਂ ਫਾਲਤੂ ਖਰਚ ਕਰਨ ਵਿੱਚ ਕੋਈ ਫਰਕ ਨਹੀਂ ਪੈਂਦਾ; ਪਰ ਜੋ ਲੋਕ ਹੱਕ
ਹਲਾਲ ਦੀ ਕਮਾਈ ਕਰਦੇ ਹਨ ਤੇ ਜਾਂ ਸਿਰਫ ਖੇਤੀ ਬਾੜੀ ਤੇ ਹੀ ਨਰਭਰ ਹਨ ਜਾਂ ਮੱਧਮ ਸ਼੍ਰੇਣੀ ਦੇ ਹੋਰ
ਪ੍ਰਵਾਰ ਹਨ ਉਨ੍ਹਾਂ ਦਾ ਤਾਂ ਲੜਕੀ ਦੇ ਵਿਆਹ ਕਰਨ ਤੇ ਕਚੂੰਬਰ ਨਿਕਲ ਜਾਂਦਾ ਹੈ। ਅੱਜ ਲੜਕੇ
ਵਾਲਿਆਂ ਵੱਲੋਂ ਦਾਜ ਲੈਣ ਦੇ ਬਹਾਨੇ ਕਾਰਨ ਪਹਿਲਾਂ ਰੋਕਾ, ਫਿਰ ਠਾਕਾ, ਫਿਰ ਮੰਗਣੀ ਆਦਿਕ ਏਨੇ
ਵਿੱਚ ਹੀ ਲੜਕੀ ਵਾਲਿਆਂ ਦੀ ਤਾਂ ਤਸਲੀ ਹੋ ਜਾਂਦੀ ਹੈ ਜਦ ਕਿ ਵਿਆਹ ਅੱਜੇ ਹੋਣਾ ਹੁੰਦਾ ਹੈ। ਦਾਜ
ਲੈਣ ਦੇ ਇਨ੍ਹਾਂ ਬਹਾਨਿਆਂ ਨੂੰ ਜਰੂਰ ਰੋਕਣਾ ਚਾਹੀਦਾ ਹੈ। ਜੇਕਰ ਇਹ ਰਸਮਾ ਕਰਨੀਆਂ ਹੀ ਹਨ ਤਾਂ
ਬਹੁਤ ਸਾਦਾ ਬਿਨ੍ਹਾਂ ਲੈਣ ਦੇਣ ਦੇ ਵੀ ਤਾਂ ਹੋ ਸਕਦੀਆਂ ਹਨ। ਜਰੂਰੀ ਤਾਂ ਨਹੀਂ ਕਿ ਹਰ ਵਾਰੀ
ਬੀਬੀਆਂ ਦੇ ਸੂਟ ਜਾਂ ਗਹਿਣੇ ਹੋਣ ਜਾਂ ਬਹੁਤ ਸਾਰੇ ਮਹਿਮਾਨ ਹੋਣ। ਲੜਕੀ ਦੇ ਵਿਆਹ ਤੇ ਦਾਜ ਲੈਣ ਦਾ
ਲਾਲਚ ਵੀ ‘ਲੜਕੀ ਦੀ ਭਰੂਣ ਹਤਿਆ’ ਦਾ ਵੱਡਾ ਕਾਰਨ ਹੈ। ਜਿਸ ਪ੍ਰਵਾਰ ਦੀਆਂ ਪਹਿਲਾਂ ਹੀ ਦੌ ਜਾਂ
ਤਿੰਨ ਲੜਕੀਆਂ ਹੁੰਦੀਆਂ ਹਨ ਉਹ ਦਾਜ ਦੇਣ ਦੀ ਭਾਰੀ ਰਕਮ ਤੋਂ ਡਰਦਾ ਹੋਇਆ ਵੀ ਇਹ ਵੱਡਾ ਗੁਨਾਹ ਕਰ
ਬੈਠਦਾ ਹੈ। ਮੇਰੇ ਖਿਆਲ ਵਿੱਚ ਸਿੱਧੇ ਜਾਂ ਅਸਿਧੇ ਤੌਰ ਵਿੱਚ ਲੜਕੀਆਂ ਦੀ ਘੱਟ ਰਹੀ ਗਿਣਤੀ ਦਾ
ਜੁਮੇਵਾਰ ਸਾਡਾ ਸਮਾਜ ਵੀ ਹੈ।
ਔਰਤ ਹੀ ਔਰਤ ਉਤੇ ਜੁਲਮ ਕਰਦੀ ਹੈ: ਨਵੀਂ ਵਿਆਹੀ ਹੋਈ ਲੜਕੀ ਜੇਕਰ
ਦਾਜ ਨਹੀਂ ਲਿਆਈ ਤਾਂ ਉਸ ਘਰ ਦੀਆਂ ਔਰਤਾਂ ਹੀ ਸੱਭ ਤੋਂ ਵੱਧ ਉਸ ਦੀਆਂ ਦੁਸ਼ਮਣ ਬਣ ਜਾਂਦੀਆਂ ਹਨ।
ਬਹੁਤ ਹੀ ਘੱਟ ਔਰਤਾਂ ਹਨ ਜੋ ਦਾਜ ਨਾਂ ਲੈਣ ਬਾਰੇ ਸੱਬਰ ਸੰਤੋਖ ਰੱਖਦੀਆਂ ਹਨ; ਉਹ ਸਤਿਕਾਰ ਦੀਆਂ
ਪਾਤਰ ਹਨ। ਦਾਜ ਤੋਂ ਇਲਾਵਾ ਵੀ ਬਹੁਤ ਘਰਾਂ ਵਿੱਚ ਜਿੰਨਾਂ ਤੰਗ ਨਵੀਂ ਵਿਆਹੀ ਲੜਕੀ ਨੂੰ ਉਸ ਦੀ
ਸੱਸ ਵੱਲੋਂ ਕੀਤਾ ਜਾਂਦਾ ਹੈ, ਉਨ੍ਹਾਂ ਉਸ ਘਰ ਦੇ ਕਿਸੇ ਮਰਦ ਵੱਲੋਂ ਤੰਗ ਨਹੀਂ ਕੀਤਾ ਜਾਂਦਾ।
ਸ਼ਾਇਦ ਹੀ ਕੋਈ ਕਮੀਣਾ ਮਰਦ ਹੋਵੇ ਜੋ ਆਪਣੀ ਨੂੰਹ ਨੂੰ ਪ੍ਰੇਸ਼ਾਨ ਕਰਦਾ ਹੋਵੇ ਜਿਸ ਨੇ ਬੁਢੇਪੇ ਵੇਲੇ
ਉਸਨੂੰ ਰੋਟੀ ਪਾਣੀ ਦੇਣਾ ਹੈ। ਇਸ ਬਾਰੇ ਲੜਕੇ ਦੀਆਂ ਭੈਣਾਂ ਦੀ ਤਾਂ ਗੱਲ ਹੀ ਛੱਡੋ, ਬਹੁਗਿਣਤੀ
ਵੇਖਣ-ਸੁਣਨ ਵਿੱਚ ਆਉਂਦਾ ਹੈ ਕਿ ਜੇਕਰ ਲੜਕੇ ਦੇ ਪਿਉ ਦੀਆਂ ਭੈਣਾ (ਭੂਆ) ਹਨ ਤਾਂ ਉਹ ਵੀ ਨਵੀਂ ਆਈ
ਲੜਕੀ ਨਾਲ ਸਾੜ ਕੱਢਣ ਤੋਂ ਬਾਜ ਨਹੀਂ ਆਉਂਦੀਆਂ। ਭਾਂਵੇਂ ਕਿ ਉਹ ਵੀ ਆਪਣੇ ਨਾਲ ਹੁੰਦੀ ਸੋਹਰੇ ਘਰ
ਵਿੱਚ ਸੱਸ ਨਣਾਨ ਵੱਲੋਂ ਵਧੀਕੀ ਦਾ ਰੋਣਾ ਆ ਕੇ ਰੋਦੀਆਂ ਹੋਣ ਪਰ ਫਿਰ ਵੀ ਪੇਕੇ ਘਰ ਆ ਕੇ ਨਵੀਂ
ਵਿਆਹੀ ਆਈ ਕੁੜੀ ਨੂੰ ਬੇਹੂਦਾ ਲਫਜ ਬੋਲਦੀਆਂ ਹਨ। ਹਾਲਾਂਕਿ ਚਾਹੀਦਾ ਤਾਂ ਇਹ ਹੈ ਕਿ ਜੇਕਰ ਉਨ੍ਹਾਂ
ਨਾਲ ਸੱਸ, ਨਣਾਨ ਜਾਂ ਭੂਆ ਜਾਂ ਕਿਸੇ ਹੋਰ ਵੱਲੋਂ ਆਪਣੇ ਸੋਹਰੇ ਘਰ ਵਿੱਚ ਆਉਣ ਸਮੇਂ ਕਿਸੇ ਨੇ
ਵਧੀਕੀ ਕੀਤੀ ਸੀ ਜਾਂ ਹੋ ਰਹੀ ਹੈ ਤਾਂ ਉਹ ਦੁੱਖ ਜੋ ਉਹਨਾਂ ਹਢਾਏ ਹਨ ਉਸ ਤੋਂ ਸਬਕ ਸਿੱਖ ਕੇ ਹੁਣ
ਆਪਣੇ ਘਰ ਆਈ ਨਵੀਂ ਵਹੁਟੀ ਨਾਲ ਅਜਿਹਾ ਵਤੀਰਾ ਨਾਂ ਕਰਨ। ਪਰ ਲੱਗਦਾ ਹੈ ਕਿ ਉਹ ਔਰਤਾਂ ਸਗੋਂ
ਬਦਲਾਂ ਲਓ ਭਾਵਨਾ ਨਾਲ ਆਪਣੀ ਨੂੰਹ ਨੂੰ ਤੰਗ ਕਰਦੀਆਂ ਹਨ। ਤਾਂਹੀਓ ਤਾਂ ਹੁਣ ਦੀਆਂ ਅਖਬਾਰਾਂ ਜਾਂ
ਟੀ. ਵੀ. ਰਾਹੀਂ ਨੂੰਹ ਨੂੰ ਸਾੜਨ ਜਾਂ ਖੁਦਕਸ਼ੀ ਕਰਨ ਲਈ ਮਜਬੂਰ ਕਰਨ ਦੀਆਂ ਖ਼ਬਰਾਂ ਪੜ੍ਹਨ ਸੁਣਨ
ਨੂੰ ਮਿਲਦੀਆਂ ਹਨ। ਨੂੰਹ ਦੇ ਘਰ ਲੜਕੀ ਹੋਣ ਦਾ ਦੁੱਖ ਵੀ ਜਿਆਦਾ ਸੱਸ ਜਾਂ ਨਣਾਨ ਨੂੰ ਹੀ ਹੁੰਦਾ
ਹੈ, ਜਦ ਕਿ ਉਹ ਵੀ ਕਿਸੇ ਦੀ ਲੜਕੀ ਹੈ। ਸੋਹਰੇ ਘਰ ਵਿੱਚ ਲੜਕੀ ਨੂੰ ਦੁੱਖੀ ਹੁੰਦੀ ਵੇਖਣਾ ਜਾਂ
ਲੜਕੇ ਵਾਲਿਆਂ ਵੱਲੋਂ ਲੜਕੀ ਵਾਲਿਆਂ ਦੇ ਉਤੇ ਫਜੂਲ ਦਾ ਰੋਬ ਪਾਉਣਾ ਦਾ ਕਾਰਨ ਵੀ ਲੜਕੀਆਂ ਦੀ ਘੱਟ
ਰਹੀ ਗਿਣਤੀ ਦਾ ਇੱਕ ਮੁੱਖ ਕਾਰਨ ਹੈ।
ਧਾਰਮਿਕ ਪ੍ਰਚਾਰਕਾਂ ਵੱਲੋਂ ਵੀ ਲੜਕੀ ਅਤੇ ਲੜਕੇ ਵਿੱਚ ਵਿਤਕਰੇ ਵਾਲਾ
ਪ੍ਰਚਾਰ ਕਰਨਾ: ਸਾਡੇ ਕਈ ਪ੍ਰਚਾਰਕਾਂ ਨੂੰ ਗੁਰਮਤਿ ਸਿਧਾਂਤ ਦੀ ਸੋਝੀ ਨਾਂ ਹੋਣ ਕਾਰਨ ਜਾਂ
ਲਾਲਚੀ ਬਿਰਤੀ ਹੋਣ ਕਰਕੇ ਕਈਆਂ ਸਾਲਾਂ ਤੋਂ ਜਦ ਕਿਸੇ ਨਵ ਜਨਮੇ ਬੱਚੇ ਬੱਚੀ ਦੇ ਘਰ ਵਾਲੇ ਆਪਣੇ ਘਰ
ਜਾਂ ਗੁਰਦੁਆਰੇ ਵਿੱਚ ਉਸ ਬਾਰੇ ਸਮਾਗਮ ਕਰਵਾਉਂਦੇ ਹਨ ਤਾਂ ਵੇਖਣ ਵਿੱਚ ਆਉਂਦਾ ਹੈ ਕਿ ਕੀਰਤਨ ਕਰਨ
ਵਾਲੇ ਭਾਈ ਜੀ ਇਸ ਸ਼ਬਦ ਦੀਆਂ ਇਹ ਪੰਗਤੀਆਂ ਸਿਰਫ ਲੜਕੇ ਵਾਸਤੇ ਪੜ੍ਹਦੇ ਹਨ ਵੇਖੇ ਜਾਂਦੇ ਹਨ:
“ਪੁਤੀ ਗੰਢੁ ਪਵੈ ਸੰਸਾਰਿ”॥
ਜਦ ਕਿ ਗੁਰਬਾਣੀ ਦੀਆਂ ਇਹ ਪੰਗਤੀਆਂ ਲੜਕੇ ਤੇ
ਲੜਕੀ ਦੋਵਾਂ ਵਾਸਤੇ ਹਨ। ਸਾਡੇ ਭਾਈ ਜੀ ਇਹ ਪ੍ਰਚਾਰ ਕਰਦੇ ਹਨ ਕਿ ਗੁਰੂ ਜੀ ਆਖਦੇ ਹਨ ਕਿ ਪੁੱਤਰਾਂ
ਨਾਲ ਦੁਨੀਆਂ ਵਿੱਚ ਸਾਂਝ ਪੈਂਦੀ ਹੈ; ਜਦ ਕਿ ਇਹ ਗੱਲ ਨਹੀਂ ਹੈ। ਦੁਨੀਆਂ ਵਿੱਚ ਸਾਂਝ ਤਾਂ ਦੋਵਾਂ
ਨਾਲ ਹੀ ਪੈਂਦੀ ਹੈ। ਇਸੇ ਸ਼ਬਦ ਵਿੱਚ ਹੀ ਗੁਰੂ ਨਾਨਕ ਪਾਤਸ਼ਾਹ ਸਮਝਾਉਂਦੇ ਹਨ ਕਿ ਇਨਸਾਨ ਦੀ ਮਰਨ
ਤੋਂ ਪਿੱਛੋਂ ਵੀ ਕਿਵੇਂ ਸਮਾਜ ਵਿੱਚ ਯਾਦ ਰਹਿੰਦੀ ਹੈ:
ਕੈਹਾ ਕੰਚਨੁ ਤੁਟੈ ਸਾਰੁ॥ ਅਗਨੀ ਗੰਢੁ ਪਾਏ ਲੋਹਾਰੁ॥ ਗੋਰੀ ਸੇਤੀ ਤੁਟੈ
ਭਤਾਰੁ॥ ਪੁਤੀ ਗੰਢੁ ਪਵੈ ਸੰਸਾਰਿ॥ ਰਾਜਾ ਮੰਗੈ ਦਿਤੈ ਗੰਢੁ ਪਾਇ॥ ਭੁਖਿਆ ਗੰਢੁ ਪਵੈ ਜਾ ਖਾਇ॥
ਕਾਲ੍ਹ੍ਹਾ ਗੰਢੁ ਨਦੀਆ ਮੀਹ ਝੋਲ॥ ਗੰਢੁ ਪਰੀਤੀ ਮਿਠੇ ਬੋਲ॥ ਬੇਦਾ ਗੰਢੁ ਬੋਲੇ ਸਚੁ ਕੋਇ॥ ਮੁਇਆ
ਗੰਢੁ ਨੇਕੀ ਸਤੁ ਹੋਏ॥ ਏਤੁ ਗੰਢੁ ਵਰਤੈ ਸੰਸਾਰੁ॥ ਮੂਰਖ ਗੰਢੁ ਪਵੈ ਮੁਹਿ ਮਾਰ॥ ਨਾਨਕੁ ਆਖੈ ਏਹੁ
ਬੀਚਾਰੁ॥ ਸਿਫਤਿ ਗੰਢੁ ਪਵੈ ਦਰਬਾਰਿ॥ (ਮ: 1, ਪੰਨਾ ੧੪੩)
ਅਰਥ: —ਜੇ ਕੈਹਾਂ, ਸੋਨਾ ਜਾਂ ਲੋਹਾ ਟੁੱਟ ਜਾਏ, ਅੱਗ ਨਾਲ ਲੋਹਾਰ (ਆਦਿਕ)
ਗਾਂਢਾ ਲਾ ਦੇਂਦਾ ਹੈ, ਜੇ ਵਹੁਟੀ ਨਾਲ ਖਸਮ ਨਾਰਾਜ਼ ਹੋ ਜਾਏ, ਤਾਂ ਜਗਤ ਵਿੱਚ (ਇਹਨਾਂ ਦਾ) ਜੋੜ
ਪੁੱਤ੍ਰਾਂ ਦੀ ਰਾਹੀਂ ਬਣਦਾ ਹੈ। ਰਾਜਾ (ਪਰਜਾ ਪਾਸੋਂ ਮਾਮਲਾ) ਮੰਗਦਾ ਹੈ (ਨਾਹ ਦਿੱਤਾ ਜਾਏ ਤਾਂ
ਰਾਜਾ ਪਰਜਾ ਦੀ ਵਿਗੜਦੀ ਹੈ, ਮਾਮਲਾ) ਦਿੱਤਿਆਂ (ਰਾਜਾ ਪਰਜਾ ਦਾ) ਮੇਲ ਬਣਦਾ ਹੈ। ਭੁੱਖ ਨਾਲ ਆਤੁਰ
ਹੋਏ ਬੰਦੇ ਦਾ (ਆਪਣੇ ਸਰੀਰ ਨਾਲ ਤਾਂ ਹੀ) ਸੰਬੰਧ ਬਣਿਆ ਰਹਿੰਦਾ ਹੈ ਜੇ ਉਹ (ਰੋਟੀ) ਖਾਏ। ਕਾਲਾਂ
ਨੂੰ ਗੰਢ ਪੈਂਦੀ ਹੈ (ਭਾਵ, ਕਾਲ ਮੁੱਕ ਜਾਂਦੇ ਹਨ) ਜੇ ਬਹੁਤੇ ਮੀਂਹ ਪੈ ਕੇ ਨਦੀਆਂ ਚੱਲਣ। ਮਿੱਠੇ
ਬਚਨਾਂ ਨਾਲ ਪਿਆਰ ਦੀ ਗੰਢ ਪੈਂਦੀ ਹੈ (ਭਾਵ, ਪਿਆਰ ਪੱਕਾ ਹੁੰਦਾ ਹੈ। ਵੈਦ (ਆਦਿਕ ਧਰਮ ਪੁਸਤਕਾਂ)
ਨਾਲ (ਮਨੁੱਖ ਦਾ ਤਦੋਂ) ਜੋੜ ਜੋੜਦਾ ਹੈ ਜੇ ਮਨੁੱਖ ਸੱਚ ਬੋਲੇ। ਮੁਏ ਬੰਦਿਆਂ ਦਾ (ਜਗਤ ਨਾਲ)
ਸੰਬੰਧ ਬਣਿਆ ਰਹਿੰਦਾ ਹੈ (ਭਾਵ, ਪਿਛੋਂ ਲੋਕ ਯਾਦ ਕਰਦੇ ਹਨ) ਜੇ ਮਨੁੱਖ ਭਲਾਈ ਤੇ ਦਾਨ ਕਰਦਾ ਰਹੇ।
(ਸੋ) ਇਸ ਤਰ੍ਹਾਂ ਦੇ ਸੰਬੰਧ ਨਾਲ ਜਗਤ (ਦਾ ਵਿਹਾਰ) ਚੱਲਦਾ ਹੈ। ਮੂੰਹ ਤੇ ਮਾਰ ਪਿਆਂ ਮੂਰਖ (ਦੇ
ਮੂਰਖ-ਪੁਣੇ) ਨੂੰ ਰੋਕ ਪਾਂਦੀ ਹੈ। ਨਾਨਕ ਇਹ ਵਿਚਾਰ (ਦੀ ਗੱਲ) ਦੱਸਦਾ ਹੈ, ਕਿ (ਪਰਮਾਤਮਾ ਦੀ)
ਸਿਫ਼ਤਿ-ਸਾਲਾਹ ਦੀ ਰਾਹੀਂ (ਪ੍ਰਭੂ ਦੇ ਦਰਬਾਰ ਵਿੱਚ (ਆਦਰ-ਪਿਆਰ ਦਾ) ਜੋੜ ਜੁੜਦਾ ਹੈ।
ਅੱਜ ਵੀ ਕਈ ਅਖੌਤੀ ਪੇਸ਼ਾਵਰ ਪ੍ਰਚਾਰਕ (ਪੁਜਾਰੀ) ਤਾਂ ਔਰਤ ਜਾਤ ਨੂੰ
ਧਾਰਮਿਕ ਬਰਾਬਰਤਾ ਦੇਣ ਦੀ ਤਾਂ ਗੱਲ ਹੀ ਛੱਡੋ ਉਹ ਤਾਂ ਉਸਨੂੰ ਅਪਵਿੱਤਰ ਆਖਕੇ ਭੰਡਦੇ ਹੋਏ ਸ਼ਰਮ
ਮਹਿਸੂਸ ਨਹੀਂ ਕਰਦੇ। ਅਜਿਹੇ ਲੋਕ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਵੱਲੋਂ ਉਚਾਰੀਆਂ ਗਈਆਂ ਗੁਰਬਾਣੀ
ਦੀਆਂ ਇਨ੍ਹਾਂ ਪੰਗਤੀਆਂ ਦਾ ਵੀ ਗਲਤ ਮਤਲਬ ਕੱਢਦੇ ਹਨ:
ਜਿਉ ਜੋਰੂ ਸਿਰਨਾਵਣੀ ਆਵੈ ਵਾਰੋ ਵਾਰ॥ ਜੂਠੇ ਜੂਠਾ ਮੁਖਿ ਵਸੈ ਨਿਤ ਨਿਤ
ਹੋਇ ਖੁਆਰੁ॥ ਸੂਚੇ ਏਹਿ ਨ ਆਖੀਅਹਿ ਬਹਨਿ ਜਿ ਪਿੰਡਾ ਧੋਇ॥ ਸੂਚੇ ਸੇਈ ਨਾਨਕਾ ਜਿਨ ਮਨਿ ਵਸਿਆ ਸੋਇ॥
(ਪੰਨਾ ੪੭੨)
ਗੁਰਬਾਣੀ ਦੀਆਂ ਇਨ੍ਹਾਂ ਪੰਗਤੀਆਂ
ਦੀ ਪ੍ਰਿੰ: ਸੁਰਜੀਤ ਸਿੰਘ ਜੀ ਨੇ ਬਹੁਤ ਸੋਹਣੀ ਵਿਆਖਿਆ ਕੀਤੀ ਹੈ:
ਭਾਵ: ਜਿਵੇਂ ਇਸਤ੍ਰੀ ਨੂੰ ਮਾਸਕ ਧਰਮ ਸਮੇਂ ਅਨੁਸਾਰ ਅਤੇ ਬਾਰ ਬਾਰ
ਆਉਂਦਾ ਹੈ। ਫ਼ਿਰ ਵੀ ਇਸਦੇ ਕਾਰਣ "ਨਿਤ ਨਿਤ ਹੋਇ ਖੁਆਰੁ" ਨਿੱਤ ਹੀ ਸਮਾਜ ਵਿੱਚ ਉਸਨੂੰ
ਜ਼ਲੀਲ ਹੋਣਾ ਪੈਂਦਾ ਹੈ। (ਪਰ ਇਹ ਬਹਾਵ ਜਿਸ ਨੂੰ ਗੰਦਗੀ ਕਹਿਕੇ ਉਸ ਵਿਚਾਰੀ ਅੰਦਰ ਹੀਣ ਭਾਵ ਪੈਦਾ
ਕੀਤਾ ਜਾਂਦਾ ਹੈ) ਇਹ ਤਾਂ "ਜੂਠੇ ਜੂਠਾ ਮੁਖਿ ਵਸੈ" ਹਰ ਸਮੇਂ ਇਸਤ੍ਰੀ ਸਰੀਰ ਦੇ ਅੰਦਰ ਦੀ
ਕੁੱਦਰਤੀ ਕਿਰਿਆ ਹੈ। ਫਿਰ ਜਦੋਂ ਕੁੱਝ ਦਿਨਾਂ ਬਾਅਦ ਉਹ ਕੇਸੀ ਇਸ਼ਨਾਨ (ਸਿਰਨਾਵਣੀ) ਕਰ ਲੈਂਦੀ ਹੈ
ਤਾਂ, ਉਸਨੂੰ ਮੁੜ ਪਵਿੱਤ੍ਰ ਮੰਨ ਲਿਆ ਜਾਂਦਾ ਹੈ। (ਜਦਕਿ ਉਸ ਸਰੀਰ ਦੀ ਇਹ ਕਿਰਿਆ ਤਾਂ ਇਸ਼ਨਾਨ
ਸਮੇਂ `ਤੇ ਬਾਦ `ਚ ਵੀ ਅਰੁੱਕ ਹੁੰਦੀ ਹੈ। ਮੱਤਲਬ, ਜੇ ਇਸ ਕਾਰਣ ਉਹ ਅਪਵਿੱਤ੍ਰ ਸੀ, ਤਾਂ ਤੇ ਉਹ
ਕਦੇ ਪਵਿੱਤ੍ਰ ਹੋ ਹੀ ਨਹੀ ਸਕਦੀ। ਸੱਚਾਈ ਇਹ ਕਿ ਇਸ ਕਾਰਨ ਉਹ ਕਦੇ ਅਪਵਿਤ੍ਰ ਹੋਈ ਹੀ ਨਹੀਂ ਸੀ)।
ਗੁਰੂ ਨਾਨਕ ਪਾਤਸ਼ਾਹ ਫ਼ੈਸਲਾ ਦੇਂਦੇ ਹਨ ਕਿ "ਸੂਚੇ ਏਹਿ ਨ ਆਖੀਅਹਿ ਬਹਨਿ
ਜਿ ਪਿੰਡਾ ਧੋਇ" ਭਾਵ ਕੇਵਲ ਸਰੀਰ ਦੇ ਧੋਣ ਨਾਲ ਕੋਈ ਮਨੁੱਖ ਸੁੱਚਾ ਨਹੀਂ ਹੋ ਜਾਂਦਾ। ਅਸਲ
ਵਿੱਚ "ਸੂਚੇ ਸੇਈ ਨਾਨਕਾ ਜਿਨ ਮਨਿ ਵਸਿਆ ਸੋਇ" ਸੁੱਚੇ ਉਹ ਹਨ ਜਿੰਨ੍ਹਾਂ ਦੇ ਹਿਰਦੇ ਘਰ
ਅੰਦਰ ਕਰਤੇ ਦੀ ਸਿਫ਼ਿਤ ਸਾਲਾਹ ਦਾ ਵਾਸਾ ਹੈ। (ਭਾਵ ਮਾਸਕ ਚੱਕਰ ਜਿਹੜਾ ਕਿ ਇਸਤ੍ਰੀ ਸਰੀਰ ਦੀ
ਨੀਯਮਤ `ਤੇ ਜ਼ਰੂਰੀ ਕਿਰਿਆ ਹੈ ਇਸਨੂੰ ਆਧਾਰ ਬਣਾਕੇ ਪਹਿਲਾਂ ਤਾਂ ਉਸਨੂੰ ਅਪਵਿੱਤ੍ਰ ਜ਼ਾਹਿਰ ਕਰਨਾ,
ਉਸ ਵਾਸਤੇ ਨਫਰਤ ਪੈਦਾ ਕਰਨੀ `ਤੇ ਫ਼ਿਰ ਕੇਸੀ ਇਸ਼ਨਾਨ ਦਾ ਸਹਾਰਾ ਲੈਕੇ ਉਸਨੂੰ ਪਵਿੱਤ੍ਰ ਮੰਨ ਲੈਣਾ,
ਕੇਵਲ ਅਗਿਆਨਤਾ ਹੈ। ਸੱਚਾਈ ਇਹ ਹੈ ਕਿ ਇਸ ਮਾਸਕ ਚੱਕਰ ਕਾਰਣ ਉਹ ਕਦੇ ਅਪਵਿਤ੍ਰ ਹੋਈ ਹੀ ਨਹੀਂ
ਸੀ)।
ਮੁੰਡੇ ਕੁੜੀ ਵਿੱਚ ਫਰਕ ਪਾਉਣ ਵਾਲੇ ਅਜਿਹੇ ਪੁਜਾਰੀ ਅੱਜ ਵੀ ਸ੍ਰੀ
ਦਰਬਾਰ ਸਾਹਿਬ ਵਿੱਚ ਬੀਬੀਆਂ ਨੂੰ ਸੇਵਾ ਕਰਨ ਦਾ ਹੱਕ ਨਹੀਂ ਦੇਂਦੇ ਹਨ। ਇਸ ਵਿਸ਼ੇ ਤੇ ਮੈਂ
ਇੱਕ ਦਿਨ ਪੰਜਾਬ ਤੋਂ ਟੋਰਾਂਟੋ ਆਏ ਇਸ ਸਮੇਂ ਦੇ ਮਸ਼ਹੂਰ ਕੱਥਾ ਵਾਚਕ ਨਾਲ ਗੱਲ ਕੀਤੀ ਸੀ। ਉਸ
ਦੀਆਂ ਇਸ ਸਮੇਂ ਕਾਫੀ ਸੀ. ਡੀ. ਤੇ ਵੀਡੀਓ ਵਿਕ ਰਹੀਆਂ ਹਨ। ਉਸ ਪ੍ਰਚਾਰਕ ਜੀ ਦਾ ਬੀਬੀਆਂ ਨੂੰ
‘ਪੰਥਕ ਰਹਿਤ ਮਰਯਾਦਾ’ ਅਨੁਸਾਰ ਪੰਜ ਪਿਆਰਿਆਂ ਵਿੱਚ ਸ਼ਾਮਲ ਕਰਨ ਦੇ ਫੈਸਲੇ ਨੂੰ ਨਾਂ ਮੰਨਣ
ਬਾਰੇ ਉਸਦੇ ਇਹ ਵਿਚਾਰ ਸੁਣਕੇ ਹੈਰਾਨੀ ਹੋਈ। ਉਹ ਪ੍ਰਚਾਰਕ ਜੀ ਕਹਿਣ ਲੱਗੇ ਕਿ “ਜਦੋਂ
ਅੰਮ੍ਰਿਤ ਦਾ ਬਾਟਾ ਤਿਆਰ ਕਰਨਾ ਹੁੰਦਾ ਹੈ ਤਾਂ ਪੰਜ ਪਿਆਰਿਆਂ ਦੇ ਹੱਥ ਇੱਕ ਦੂਜੇ ਨੂੰ ਲੱਗਦੇ
ਹਨ। ਇਸ ਕਰਕੇ ਜੇ ਬੀਬੀਆਂ ਪੰਜ ਪਿਆਰਿਆਂ ਵਿੱਚ ਸ਼ਾਮਲ ਹੋਣਗੀਆਂ ਤਾਂ ਆਦਮੀਆਂ ਦੇ ਹੱਥ ਬੀਬੀਆਂ
ਨੂੰ ਲੱਗਣਗੇ”। ਇਹ ਸੁਣਕੇ ਹੈਰਾਨੀ ਹੋਈ ਕਿ ਸਟੇਜਾਂ ਤੇ “ਦੇਖਿ ਪਰਾਈਆਂ ਚੰਗੀਆਂ, ਮਾਵਾਂ
ਭੈਣਾ ਦੀਆਂ ਜਾਣੇ” ਆਖਣ ਵਾਲੇ ਵੀ ਇਹ ਲੋਕ ਹਨ, ਪਰ ਅਸਲ ਜੀਵਨ ਵਿੱਚ ਕਈ ਅਜਿਹੇ ਵਿਚਾਰਾਂ
ਵਾਲੇ ਸਾਡੇ ਪੰਜ ਪਿਆਰੇ ਬਣਦੇ ਹਨ। ਕੀ ਅਜਿਹੀ ਸੋਚ ਰਖਣ ਵਾਲੇ ਅਜੋਕੇ ਸਾਧ-ਸੰਤ ਅਤੇ ਪ੍ਰਚਾਰਕ
ਬੀਮਾਰ ਹੋਣ ਜਾਂ ਸੱਟ-ਪੇਟ ਲੱਗਣ ਦੀ ਹਾਲਤ ਵਿੱਚ ਕਦੀ ਕਿਸੇ ਔਰਤ ਡਾਕਟਰ ਜਾਂ ਨਰਸ ਦੇ ਹੱਥ
ਲੱਗਣ ਤੋਂ ਵੀ ਪਰਹੇਜ਼ ਕਰਦੇ ਹੋਣਗੇ? ਜੇ ਨਹੀਂ ਤਾਂ ਫਿਰ ਇਹਨਾਂ ਨਾਲ ਕੀ ਬੀਤਦੀ ਹੋਵੇਗੀ?
ਆਮ ਹੀ ਵੇਖਦੇ ਰਹੇ ਹਾਂ, ਕਿ ਪਿੰਡ ਵਿੱਚ ਜਦ ਵੀ ਕਿਸੇ ਦੇ ਘਰ ਕੋਈ
ਧਾਰਮਕ ਸਮਾਗਮ ਹੋਵੇ ਜਾਂ ਭਾਈ ਜੀ ਉਂਝ ਵੀ ਰੋਟੀ ਦੁਧ ਲੈਣ ਆਉਣ ਤਾਂ ਘਰ ਦੀਆਂ ਬੀਬੀਆਂ ਹੀ
ਉਨ੍ਹਾਂ ਨੂੰ ਰੋਟੀ-ਪਾਣੀ ਖੁਵਾਹ ਦੇਂਦੀਆਂ ਹਨ ਪਰ ਕਿਸੇ ਵਾਕਫਕਾਰ ਆਦਮੀ ਵਾਸਤੇ ਬਾਹਰ ਬੈਠਕ
ਬਣੀ ਹੁੰਦੀ ਸੀ ਉਹ ਭਾਂਵੇਂ ਇਖਲਾਕ ਦਾ ਕਿੰਨਾ ਵੀ ਚੰਗਾ ਹੋਵੇ ਉਹ ਅੱਗੇ ਨਹੀਂ ਆ ਸਕਦਾ ਪਰ
ਭਾਈ ਜੀ ਵਾਸਤੇ ਘਰ ਦੇ ਦਰਵਾਜੇ ਖੁਲ੍ਹੇ ਹੁੰਦੇ ਸਨ ਤੇ ਹੁਣ ਵੀ ਹਨ। ਬੀਬੀਆਂ ਵਾਸਤੇ ਇਹ
ਵਿਚਾਰ ਇੱਕ ਆਮ ਗ੍ਰੰਥੀ ਸਿੰਘ ਦੇ ਨਹੀਂ ਹਨ ਸਗੋਂ ਉਹ ਅੱਜ-ਕੱਲ ਉਨ੍ਹਾਂ ਸਿੱਖ ਪੁਜਾਰੀਆਂ ਦੇ
ਬਰਾਬਰਂ ਹਨ ਜਿੰਨ੍ਹਾਂ ਨੂੰ ਲੋਕ ‘ਸੰਤ’ ਸਾਧ ਬਾਬੇ ਜਾਂ ਸਿੰਘ ਸਾਹਿਬ ਆਖਦੇ ਹਨ ਅਤੇ ਆਪਣਾ ਘਰ
ਸੁੱਚਾ ਕਰਵਾਉਣ ਦੀ ਭਾਵਨਾ ਨਾਲ ਘਰ ਸਦਕੇ ਬੜੀ ਸ਼ਰਧਾ ਨਾਲ ਪ੍ਰਸ਼ਾਦਾ ਛਕਾਉਂਦੇ ਅਤੇ ਨਾਲ ਦੰਦ
ਘਸਾਈ 50 ਜਾਂ 100 ਡਾਲਰ ਦੇ ਕੇ ਧੰਨਵਾਦ ਕਰਦੇ ਹਨ। ਔਰਤ ਜਾਤ ਨੂੰ ਧਾਰਮਿਕ ਕਾਰਜਾਂ ਵਿੱਚ
ਬਰਾਬਰਤਾ ਨਾਂ ਦੇਣ ਵਾਲੇ ਸਾਡੇ ਇਹ ਹੀ ਪ੍ਰਚਾਰਕ ਤੇ ਅਸੰਤ-ਬਾਬੇ ਉਂਝ ਸਟੇਜਾਂ `ਤੇ ਬੜੇ ਜੋਰ
ਸ਼ੋਰ ਨਾਲ ਇਸ ਸ਼ਬਦ ਦਾ ਕੀਰਤਨ ਕਰਦੇ ਵੇਖੇ ਜਾ ਸਕਦੇ ਹਨ:
ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ॥ ਭੰਡਹੁ ਹੋਵੈ ਦੋਸਤੀ
ਭੰਡਹੁ ਚਲੈ ਰਾਹੁ॥ ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ॥ ਸੋ ਕਿਉ ਮੰਦਾ ਆਖੀਐ ਜਿਤੁ
ਜੰਮਹਿ ਰਾਜਾਨ॥ ਭੰਡਹੁ ਹੀ ਭੰਡੁ ਊਪਜੈ ਭੰਡੈ ਬਾਝੁ ਨ ਕੋਇ॥ ਨਾਨਕ ਭੰਡੈ ਬਾਹਰਾ ਏਕੋ ਸਚਾ
ਸੋਇ॥ ਜਿਤੁ ਮੁਖਿ ਸਦਾ ਸਾਲਾਹੀਐ ਭਾਗਾ ਰਤੀ ਚਾਰਿ॥ ਨਾਨਕ ਤੇ ਮੁਖ ਊਜਲੇ ਤਿਤੁ ਸਚੈ ਦਰਬਾਰਿ॥
(ਮ: 1, ਪੰਨਾ ੪੭੩)
ਅਰਥ
:
—ਇਸਤ੍ਰੀ ਤੋਂ ਜਨਮ ਲਈਦਾ ਹੈ, ਇਸਤ੍ਰੀ (ਦੇ ਪੇਟ) ਵਿੱਚ ਹੀ ਪ੍ਰਾਣੀ ਦਾ ਸਰੀਰ ਬਣਦਾ ਹੈ।
ਇਸਤ੍ਰੀ ਦੀ (ਹੀ) ਰਾਹੀਂ ਕੁੜਮਾਈ ਤੇ ਵਿਆਹ ਹੁੰਦਾ ਹੈ। ਇਸਤ੍ਰੀ ਦੀ ਰਾਹੀਂ (ਹੋਰ ਲੋਕਾਂ
ਨਾਲ) ਸੰਬੰਧ ਬਣਦਾ ਹੈ। ਤੇ ਇਸਤ੍ਰੀ ਤੋਂ ਹੀ (ਜਗਤ ਦੀ ਉਤਪੱਤੀ ਦਾ) ਰਸਤਾ ਚੱਲਦਾ ਹੈ। ਜੇ
ਇਸਤ੍ਰੀ ਮਰ ਜਾਏ ਤਾਂ ਹੋਰ ਇਸਤ੍ਰੀ ਦੀ ਭਾਲ ਕਰੀਦੀ ਹੈ, ਇਸਤ੍ਰੀ ਤੋਂ ਹੀ (ਹੋਰਨਾਂ ਨਾਲ)
ਰਿਸ਼ਤੇਦਾਰੀ ਬਣਦੀ ਹੈ। ਜਿਸ ਇਸਤ੍ਰੀ (ਜਾਤੀ) ਤੋਂ ਰਾਜੇ (ਭੀ) ਜੰਮਦੇ ਹਨ, ਉਸ ਨੂੰ ਮੰਦਾ
ਆਖਣਾ ਠੀਕ ਨਹੀਂ ਹੈ। ਇਸਤ੍ਰੀ ਤੋਂ ਹੀ ਇਸਤ੍ਰੀ ਪੈਦਾ ਹੁੰਦੀ ਹੈ (ਜਗਤ ਵਿਚ) ਕੋਈ ਜੀਵ
ਇਸਤ੍ਰੀ ਤੋਂ ਬਿਨਾ ਪੈਦਾ ਨਹੀਂ ਹੋ ਸਕਦਾ। ਹੇ ਨਾਨਕ !
ਕੇਵਲ ਇੱਕ ਸੱਚਾ ਪ੍ਰਭੂ ਹੀ ਹੈ, ਜੋ ਇਸਤ੍ਰੀ ਤੋਂ ਨਹੀਂ ਜੰਮਿਆ। (ਭਾਵੇਂ ਮਨੁੱਖ ਹੋਵੇ,
ਭਾਵੇਂ ਇਸਤ੍ਰੀ, ਜੋ ਭੀ) ਆਪਣੇ ਮੂੰਹ ਨਾਲ ਸਦਾ ਪ੍ਰਭੂ ਦੇ ਗੁਣ ਗਾਉਂਦਾ ਹੈ, ਉਸ ਦੇ ਮੱਥੇ
ਉੱਤੇ ਭਾਗਾਂ ਦੀ ਮਣੀ ਹੈ, ਭਾਵ ਉਹਦਾ ਮੱਥਾ ਭਾਗਾਂ ਵਾਲਾ ਹੈ। ਹੇ ਨਾਨਕ !
ਉਹੀ ਮੁਖ ਉਸੇ ਸੱਚੇ ਪ੍ਰਭੂ ਦੇ ਦਰਬਾਰ ਵਿੱਚ ਸੋਹਣੇ ਲੱਗਦੇ ਹਨ।
ਇਸੁ ਜਗ ਮਹਿ ਪੁਰਖੁ ਏਕੁ ਹੈ ਹੋਰ ਸਗਲੀ ਨਾਰਿ ਸਬਾਈ॥
ਸਭਿ ਘਟ ਭੋਗਵੈ ਅਲਿਪਤੁ ਰਹੈ ਅਲਖੁ ਨ ਲਖਣਾ ਜਾਈ॥ (ਮ: 3, ਪੰਨਾ ੫੯੨)
ਅਰਥ
:
—ਇਸ ਸੰਸਾਰ ਵਿੱਚ ਪਤੀ ਇੱਕੋ ਪਰਮਾਤਮਾ ਹੀ ਹੈ, ਹੋਰ ਸਾਰੀ ਸ੍ਰਿਸ਼ਟੀ (ਉਸ ਦੀਆਂ) ਇਸਤ੍ਰੀਆਂ
ਹਨ; ਪਰਮਾਤਮਾ ਪਤੀ ਸਾਰੇ ਘਟਾਂ ਨੂੰ ਭੋਗਦਾ ਹੈ (ਭਾਵ, ਸਾਰੇ ਸਰੀਰਾਂ ਵਿੱਚ ਵਿਆਪਕ ਹੈ) ਤੇ
ਨਿਰਲੇਪ ਭੀ ਹੈ, ਇਸ ਅਲੱਖ ਪ੍ਰਭੂ ਦੀ ਸਮਝ ਨਹੀਂ ਪੈਂਦੀ।
ਟੀਕਾਕਾਰ: ਪ੍ਰੋ. ਸਾਹਿਬ ਸਿੰਘ ਜੀ
ਅੱਜ ਸਿੱਖ ਧਰਮ ਨੂੰ ਮੰਨਣ ਵਾਲਿਆਂ ਪ੍ਰਵਾਰਾਂ ਵਿੱਚ ਲੜਕੀਆਂ ਦੀ ਹੋ
ਰਹੀ ‘ਭਰੂਣ ਹਤਿਆ’ ਦੇ ਜੁਮੇਵਾਰ ਸਾਡੇ ਕੁੱਝ ਪੇਸ਼ਾਵਰ ਪ੍ਰਚਾਰਕ ਵੀ ਹਨ। ਇਨ੍ਹਾਂ ਤੋਂ ਘੱਟ ਉਹ
ਠੱਗ ਬਾਬੇ ਵੀ ਨਹੀਂ ਹਨ ਜੋ ਮੁੰਡੇ ਹੋਣ ਦੀਆਂ ਪੁੜੀਆਂ ਜਾਂ ਤਵੀਤ ਦੇਂਦੇ ਹਨ। ਅਜਿਹੇ ਬਾਬੇ
ਜਿਥੇ ਲੋਕਾਂ ਨੂੰ ਪੈਸੇ ਦੇ ਤੌਰ ਤੇ ਠੱਗਦੇ ਹਨ ਉਥੇ ਔਰਤ ਜਾਤੀ ਪ੍ਰਤੀ ਵੀ ਘਿਰਨਾ ਪੈਦਾ ਕਰਦੇ
ਹਨ।
ਜੇਕਰ ਵਾਕਿਆ ਹੀ ਸਿੱਖ ਚਾਹੁੰਦੇ ਹਨ ਕਿ ‘ਲੜਕੀ ਭਰੂਣ ਹਤਿਆ’ ਨੂੰ
ਰੋਕਿਆ ਜਾਵੇ ਤਾਂ ਬਹੁਤ ਜਰੂਰੀ ਹੈ ਕਿ ਔਰਤਾ ਨੂੰ ਪੰਥਕ ਰਹਿਤ ਮਰਯਾਦਾ ਵਿੱਚ ਲਿਖੇ ਅਨੁਸਾਰ
ਧਾਰਮਕ ਸੇਵਾਵਾਂ ਵਿੱਚ ਹਿੱਸਾ ਲੈਣ ਦੀ ਬਰਾਬਰਤਾ ਦਿੱਤੀ ਜਾਵੇ; ਨਿਰੀ ਲਿਖਤ ਵਿੱਚ ਬਰਾਬਰਤਾ
ਦੇਣ ਜਾਂ ਸਿਰਫ ਹੋਰਨਾ ਧਰਮਾਂ ਦੇ ਲੋਕਾਂ ਸਾਹਮਣੇ ਇਹ ਆਖਣਾ ਕਿ ‘ਸਿੱਖ ਧਰਮ’ ਵਿੱਚ ਔਰਤ ਮਰਦ
ਬਰਾਬਰ ਹਨ ਕਹਿਣ ਦਾ ਉਨ੍ਹਾਂ ਚਿਰ ਕੋਈ ਲਾਭ ਨਹੀਂ ਜਿੰਨਾਂ ਚਿਰ ਇਸ `ਤੇ ਅਮਲ ਨਹੀਂ ਹੁੰਦਾ।
ਲੜਕੀ ਦੇ ਵਿਆਹ ਸਮੇਂ ਦਾਜ ਲੈਣ ਦੀ ਲਾਹਨਤ ਖਤਮ ਕੀਤੀ ਜਾਵੇ ਤਾਂ ਕਿ ਹਰੇਕ ਸਿੱਖ ਅਸਾਨੀ ਅਤੇ
ਚਾਅ ਨਾਲ ਆਪਣੀ ਧੀ ਦਾ ਵਿਆਹ ਕਰ ਸਕੇ ਨਾਂ ਕਿ ਧੀ ਦੇ ਵਿਆਹ ਨੂੰ ਬੋਝ ਸਮਝੇ। ਔਰਤ ਜਾਤ ਔਰਤ
ਦੀ ਦੁਸ਼ਮਣ ਨਾ ਬਣੇ। ਘਰ ਦੇ ਵੱਡੇ ਮੈਂਬਰਾਂ ਵੱਲੋਂ ਨੂੰਹ ਦੇ ਰਿਸ਼ਤੇਦਾਰਾਂ ਅਤੇ ਧੀ ਦੇ ਸਹੁਰੇ
ਘਰ ਵਾਲੇ ਰਿਸ਼ਤੇਦਾਰਾਂ ਨੂੰ ਬਰਾਬਰ ਦਾ ਸਤਿਕਾਰ ਦਿੱਤਾ ਜਾਵੇ।
ਸੋ, ਸਾਡੇ ਧਾਰਮਿਕ ਤੇ ਸਿਆਸੀ ਲੀਡਰਾਂ ਨੂੰ ਚਾਹੀਦਾ ਹੈ ਕਿ ਉਹ ਸਿਰਫ
ਬਿਆਨ ਦੇਣ ਤੀਕਰ ਹੀ ਸੀਮਤ ਨਾ ਰਹਿਣ ਸਗੋਂ ਆਪ ਲੋਕਾਂ ਦੇ ਮਾਰਗ ਦਰਸ਼ਕ ਬਣਨ ਤਾਂ ਹੀ ਸਮਾਜ
ਵਿੱਚ ਇਸ ਲਾਹਨਤ ਪ੍ਰਤੀ ਰੋਕ ਪੈ ਸਕਦੀ ਹੈ। ਜਿਥੇ ‘ਲੜਕੀ ਭਰੂਣ ਹਤਿਆ’ ਦੇ ਜੁਮੇਵਾਰ ਪ੍ਰਵਾਰ
ਦੇ ਮੈਂਬਰ ਹਨ ਉਥੇ ਅਸੀਂ ਸਾਰੇ ਸਿੱਖ ਸਮਾਜ ਦਾ ਅੰਗ ਅਖਵਾਉਣ ਵਾਲੇ ਵੀ ਕਿਸੇ ਨਾ ਕਿਸੇ ਰੂਪ
ਵਿੱਚ ਇਸ ਜੁਲਮ ਦੇ ਜੁਮੇਵਾਰ ਹਾਂ। ਸਾਨੂੰ ਹਰੇਕ ਨੂੰ ਵੀ ਇਸ ਬਾਰੇ ਆਪਣਾ-ਆਪਣਾ ਫਰਜ ਪਛਾਨਣ
ਦੀ ਲੌੜ ਹੈ।