ਰੱਬ ਦਾ ਘਰ ਕਿੱਥੇ ਹੈ
ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ
ਗੁਰਮਤਿ ਦਾ ਦਾ ਇੱਕ ਪੱਕਾ ਨਿਯਮ ਹੈ ਕਿ ਪਰਮਾਤਮਾ ਜ਼ਰੇ ਜ਼ਰੇ ਵਿੱਚ ਵਿਆਪਕ
ਹੈ। ਭਾਈ ਕਾਹਨ ਸਿੰਘ ਜੀ ਨਾਭਾ ਗੁਰਮਤਿ ਨਿਰਣੈ ਪੁਸਤਕ ਅੰਦਰ ਲਿਖਦੇ ਹਨ; ਜੋ ਦਿਸਦੇ ਤੇ ਅਣਦਿੱਸਦੇ
ਸੰਸਾਰ ਨੂੰ ਹੋਂਦ ਵਿੱਚ ਲਿਆਉਣ ਵਾਲੀ ਸ਼ਕਤੀ ਹੈ; ਉਸ ਦਾ ਨਾਂ ਅਕਾਲ ਪੁਰਖ ਹੈ। ਪਰਮਾਤਮਾ ਨੇ ਜੇ ਕਰ
ਦੁਨੀਆਂ ਨੂੰ ਸਾਜਿਆ ਹੈ ਤਾਂ ਉਹ ਦੁਨੀਆਂ ਤੋਂ ਵੱਖਰਾ ਨਹੀਂ ਹੈ। ਦੁਨੀਆਂ ਵਿੱਚ ਪਰਮਾਤਮਾ ਆਪ ਬੈਠਾ
ਹੈ। ਕੁਦਰਤ ਦੀ ਨਿਯਮਾਲੀ ਅਨੁਸਾਰ ਹੀ ਸਾਰਾ ਸੰਸਾਰ ਚੱਲ ਰਿਹਾ ਹੈ। ਗੁਰੂ ਅੰਗਦ ਪਾਤਸ਼ਾਹ ਜੀ ਦਾ ਇਹ
ਵਾਕ ਸਾਨੂੰ ਧਿਆਨ ਵਿੱਚ ਲਿਆਉਣ ਦੀ ਜ਼ਰੂਰਤ ਹੈ:---
ਇਹੁ ਜਗੁ ਸਚੈ ਕੀ ਹੈ ਕੋਠੜੀ ਸਚੈ ਕਾ ਵਿਚਿ ਵਾਸੁ॥
ਇਕਨਾ ਹੁਕਮਿ ਸਮਾਇ ਲਏ ਇਕਨਾ ਹੁਕਮੇ ਕਰੇ ਵਿਣਾਸ॥
ਇਕਨਾ ਭਾਣੈ ਕਢਿ ਲਏ ਇਕਨਾ ਮਾਇਆ ਵਿਚਿ ਨਿਵਾਸੁ॥
ਏਵ ਭੀ ਆਖਿ ਨ ਜਾਪਈ ਜਿ ਕਿਸੈ ਆਣੈ ਰਾਸਿ॥
ਨਾਨਕ ਗੁਰਮੁਖਿ ਜਾਣੀਐ ਜਾ ਕਉ ਆਪਿ ਕਰੇ ਪਰਗਾਸੁ॥
ਪੰਨਾ ੪੬੩
ਆਮ ਇੱਕ ਧਾਰਨਾ ਪਾਈ ਜਾਂਦੀ ਹੈ ਕਿ ਪਰਮਾਤਮਾ ਇੱਕ ਵੱਖਰੇ ਅਸਥਾਨ ਤੇ ਬੈਠ
ਕੇ ਸਾਰੇ ਸੰਸਾਰ ਦੀ ਕਾਰ ਚਲਾ ਰਿਹਾ ਹੈ। ਗੁਰੂ ਅੰਗਦ ਪਾਤਸ਼ਾਹ ਆਖ ਰਹੇ ਹਨ ਕਿ ਸੰਸਾਰ ਇੱਕ ਕੋਠੜੀ
ਦੀ ਨਿਆਈਂ ਹੈ। ਕੋਠੜੀ ੳੇਸ ਨੂੰ ਕਿਹਾ ਗਿਆ ਹੈ ਜਿੱਥੇ ਆਦਮੀ ਗਰਮੀ ਸਰਦੀ ਤੇ ਵਰਖਾ ਦੇ ਪ੍ਰਭਾਵ
ਤੋਂ ਬਚ ਕੇ ਅਰਾਮ ਕਰ ਸਕੇ। ਜਿਸ ਤਰ੍ਹਾਂ ਕੋਠੜੀ ਅੰਦਰ ਆਦਮੀ ਆਪਣਾ ਰੈਣ ਬਸੇਰਾ ਕਰਦਾ ਹੈ ਤੇ
ਕੋਠੜੀ ਵਿੱਚ ਹੀ ਪਰਵਾਰ ਵੱਸਦਾ ਹੈ; ਪਰਵਾਰ ਵਿੱਚ ਕੋਈ ਜੀਵ ਜਨਮ ਲੈ ਰਿਹਾ ਹੈ ਤੇ ਜੀਵ ਮਰ ਰਿਹਾ
ਹੈ। ਪਰਵਾਰ ਦਾ ਕੋਈ ਜੀਵ ਨੌਕਰੀ ਕਰ ਰਿਹਾ ਹੈ ਤੇ ਕੋਈ ਵਿਹਲਾ ਬੈਠ ਕੇ ਰੋਟੀ ਖਾ ਰਿਹਾ ਹੈ। ਇੰਜ
ਹੀ ਸਮੁੱਚਾ ਪਰਵਾਰ ਹੀ ਇੱਕ ਘਰ ਦੀ ਤਰ੍ਹਾਂ ਹੈ। ਇਸ ਘਰ ਵਿੱਚ ਪਰਮਾਤਮਾ ਆਪ ਵੱਸ ਰਿਹਾ ਹੈ। ਸਾਡਾ
ਹਿਰਦਾ ਵੀ ਇੱਕ ਕੋਠੜੀ ਦੀ ਨਿਆਈਂ ਹੈ; ਇਸ ਸੰਸਾਰ ਕੋਠੜੀ ਵਿੱਚ ਸਾਰਾ ਸੰਸਾਰ ਇੱਕ ਸਮੁੱਚੇ ਪਰਵਾਰ
ਵਾਂਗ ਰਹਿ ਰਿਹਾ ਹੈ। ਇਹ ਜੱਗਤ ਸੱਚੇ ਪਰਮਾਤਮਾ ਦੇ ਰਹਿਣ ਵਾਲੀ ਥਾਂ ਹੈ ਤੇ ਉਹ ਪਰਮਾਤਮਾ ਹਰ ਥਾਂ
ਤੇ ਵਿਆਪਕ ਹੈ।
“ਇਹ ਜਗੁ ਸਚੈ
ਕੀ ਹੈ ਕੋਠੜੀ ਸਚੈ ਕਾ ਵਿਚਿ ਵਾਸੁ”॥ ਸੰਸਾਰ
ਕੋਠੜੀ ਤਾਂ ਦਿਸੱਦੀ ਹੈ ਪਰ ਵਾਸ ਵਾਲੀ ਵਸਤੂ ਦਿਸਦੀ ਨਹੀਂ ਹੈ। ਵਾਸ ਵਾਲੀ ਸ਼ੈਅ ਫਿਰ ਜੰਮਦੀ ਨਹੀਂ
ਹੈ ਤੇ ਨਾ ਹੀ ਮਰਦੀ ਹੈ। ਇੰਜ ਹੀ ਰੱਬੀ ਹੁਕਮ ਨਾ ਤਾਂ ਜੰਮਦਾ ਹੈ ਤੇ ਨਾ ਹੀ ਮਰਦਾ ਹੈ। ਸਾਰੇ
ਸੰਸਾਰ ਵਿੱਚ ਰੱਬੀ ਹੁਕਮ ਵਿਚਰ ਰਿਹਾ ਹੈ। ਕੁਰਦਤੀ ਹੁਕਮ ਨਾਲ ਜਦੋਂ ਵੀ ਮਨੁੱਖ ਛੇੜ ਛਾੜ ਕਰਦਾ
ਹੈ, ਉਸ ਦੇ ਨਤੀਜੇ ਹਮੇਸ਼ਾਂ ਹੀ ਵਿਨਾਸ਼ ਕਾਰੀ ਹੁੰਦੇ ਹਨ। ਪਰਮਾਤਮਾ ਦੀ ਦਰਗਾਹ ਇਸ ਧਰਤੀ ਉੱਪਰ ਹੀ
ਹੈ, ਸਾਡੇ ਅੰਤਰ ਆਤਮੇ ਵਿੱਚ ਹੀ ਹੈ। ਪਰਮਾਤਮਾ ਦੀ ਸੱਤਿਆ ਸਾਰੇ ਵਿਚਰ ਰਹੀ ਹੈ। ਸੰਸਾਰ ਦੇ
ਕੁਦਰਤੀ ਤੌਰ ਤਰੀਕੇ ਰੱਬੀ ਹੁਕਮ ਹੈ। ਪਰਮਾਤਮਾ ਜੀਵਾਂ ਤੋਂ ਵੱਖਰਾ ਕਿਤੇ ਸਤਵੇਂ ਅਸਮਾਨ ਤੇ ਬੈਠ
ਕੇ ਸੰਸਾਰ ਦੀ ਕਾਰ ਨਹੀਂ ਚਲਾ ਰਿਹਾ ਇਹ ਤਾਂ ਰੱਬੀ ਨਿਯਮਾਵਲੀ ਦੇ ਅਧੀਨ ਚੱਲ ਰਿਹਾ ਹੈ।
ਗੁਰੂ ਅੰਗਦ ਪਾਤਸ਼ਾਹ ਆਖ ਰਹੇ ਹਨ ਜੇ ਕਰ ਰੱਬੀ ਹੁਕਮ ਨੂੰ ਸਮਝਣਾ ਹੈ ਤਾਂ
ਗੁਰੂ ਦੇ ਸਨਮੁੱਖ ਬੈਠਣਾ ਪਏਗਾ। ਗੁਰੂ ਜੀ ਦੇ ਸਨਮੁਖ ਬੈਠਣ ਦਾ ਅਰਥ ਹੈ, ਗੁਰੂ ਜੀ ਦੇ ਗਿਆਨ ਨੂੰ
ਅਪਣੀ ਸਮਝ ਦਾ ਅੰਗ ਬਣਾਉਣਾ ਤੇ ਗੁਰੂ ਦਾ ਗਿਆਨ ਮਨੁੱਖ ਨੂੰ ਕੁਦਰਤੀ ਨਿਯਮ ਸਮਝਾਉਂਦਾ ਹੈ। ਸੱਜਣ
ਠੱਗ ਕੁਦਰਤੀ ਨਿਯਮਾਵਲੀ ਤੋੜ ਰਿਹਾ ਹੈ। ਰਾਮ ਰਾਏ ਖੁਸ਼ਾਮਦ ਵਿੱਚ ਆ ਕੇ ਕੁਦਰਤੀ ਨਿਯਮ ਤੋੜ ਰਿਹਾ
ਹੈ। ਜੋ ਹੁਕਮ ਨੂੰ ਤੋੜਦਾ ਹੈ, ਉਹ ਆਪਣੇ ਆਪ ਦਾ ਵਿਨਾਸ ਕਰ ਲੈਂਦਾ ਹੈ। ਗੁਰੂ ਦੇ ਗਿਆਨ ਦੁਆਰਾ
ਹੁਕਮ ਨੂੰ ਸਮਝਣਾ ਹੀ ਹੁਕਮ ਵਿੱਚ ਸਮਾਅ ਜਾਣਾ ਹੈ। ਭਾਈ ਲਹਿਣਾ ਜੀ ਨੂੰ ਹੁਕਮ ਵਿੱਚ ਸਮਾਉਣ ਲਈ
ਸੱਤ ਸਾਲ ਲੱਗ ਗਏ, ਜਦ ਕਿ ਸ੍ਰੀ ਚੰਦ ਸਾਰੀ ਜ਼ਿੰਦਗੀ ਹੁਕਮ ਵਿੱਚ ਨਹੀਂ ਆ ਸਕਿਆ। ਸਾਰੀ ਜ਼ਿੰਦਗੀ
ਪ੍ਰਿਥੀਚੰਦ ਗੁਰੂ ਰਾਮਦਾਸ ਜੀ ਦੇ ਹੁਕਮ ਨੂੰ ਸਮਝ ਹੀ ਨਹੀਂ ਸਕਿਆ।
ਆਮ ਧਾਰਨਾ ਵਿੱਚ ਕਿਹਾ ਜਾਂਦਾ ਹੈ ਕਿ ਫਲਾਣਾ ਆਦਮੀ ਉਸ ਦੇ ਹੁਕਮ ਵਿੱਚ
ਚੜ੍ਹਾਈ ਕਰ ਗਿਆ ਹੈ। ਇਸ ਦਾ ਭਾਵ ਇਹ ਨਹੀਂ ਲਿਆ ਜਾ ਸਕਦਾ ਕਿ ਮੌਤ ਕੇਵਲ ਇਸ ਆਦਮੀ ਦੇ ਹਿੱਸੇ ਹੀ
ਆਈ ਹੈ। ਅਸਲ ਵਿੱਚ ਕੁਦਰਤੀ ਕਾਨੂੰਨ ਅਨੁਸਾਰ ਆਦਮੀ ਜਨਮ ਲੈ ਰਿਹਾ ਹੈ ਤੇ ਕੁਦਰਤੀ ਕਨੂੰਨ ਅਨੁਸਾਰ
ਹੀ ਸੰਸਾਰ ਵਿਚੋਂ ਜਾ ਰਿਹਾ ਹੈ। ਇਹ ਕੁਦਰਤੀ ਕਨੂੰਨ ਕਿਸੇ ਇੱਕ ਵਾਸਤੇ ਨਹੀਂ ਆਇਆ, ਇਹ ਤਾਂ ਸੰਸਾਰ
ਲਈ ਸਾਂਝਾ ਕਾਨੂੰਨ ਹੈ, ਗੁਰ ਵਾਕ ਹੈ:-------
ਇਕਨਾ ਹੁਕਮਿ ਸਮਾਇ ਲਏ ਇਕਨਾ ਹੁਕਮੇ ਕਰੇ ਵਿਣਾਸੁ॥
ਇਸ ਰੱਬੀ ਹੁਕਮ ਨੂੰ ਸਮਝਣ ਵਾਲਾ ਜੀਵਨ ਵਿੱਚ ਸਿਖਰਤਾ ਨੂੰ ਛੁਹ ਲੈਂਦਾ ਹੈ।
‘ਸਮਾਇ’ ਦਾ ਅਰਥ ਜੀਵਨ ਦੀ ਸਿਖਰਤਾ ਹੈ ਤੇ ਜੀਵਨ ਵਿੱਚ ਹੁਕਮ ਨੂੰ ਤੋੜ ਵਾਲਾ ਵਿਨਾਸ਼ਕਾਰੀ ਹੋ
ਜਾਂਦਾ ਹੈ।
ਪਰਮਾਤਮਾ ਨੇ ਮਨੁੱਖ ਨੂੰ ਦੋ ਅੱਖਾਂ ਦਿੱਤੀਆਂ ਹਨ, ਜੇ ਕਰ ਇਹ ਅੱਖਾਂ ਮੀਟ
ਕੇ ਚੱਲਦਾ ਹੈ ਤਾਂ ਜ਼ਰੂਰ ਇਸ ਨੂੰ ਠੇਡਾ ਲੱਗੇਗਾ ਤੇ ਜ਼ਰੂਰ ਟੋਏ ਜਾਂ ਖੂਹ ਖਾਤੇ ਵਿੱਚ ਡਿੱਗੇਗਾ।
ਅੱਖਾਂ ਖੋਹਲ ਕੇ ਚੱਲਦਾ ਹੈ ਤਾਂ ਏਹੀ ਮਨੁੱਖ ਆਪਣੇ ਨਿਸ਼ਾਨੇ ਤੇ ਪਾਹੁੰਚ ਜਾਂਦਾ ਹੈ। ਗੁਰੂ ਅੰਗਦ
ਪਾਤਸ਼ਾਹ ਜੀ ਸੁਨੇਹਾਂ ਦੇਣਾ ਚਾਹੁੰਦੇ ਹਨ ਕਿ “ਭਾਣੈ ਕਢਿ ਲਏ” ਅੱਖਾਂ ਖੋਹਲ ਕੇ ਚੱਲਣਾ ਆਤਮਿਕ
ਗੁਣਾਂ ਵਿੱਚ ਨਿਵਾਸ ਹੈ। ਅੱਖਾਂ ਬੰਦ ਕਰ ਲੈਣੀਆਂ ਗ਼ਲਤ ਤਰੀਕਿਆਂ ਨੂੰ ਅਪਨਾ ਕਿ ਪਦਾਰਥ ਇਕੱਠੇ ਕਰ
ਲੈਣੇ, ਰੱਬੀ ਦਰਗਾਹ ਅੰਦਰ ਭਾਵ ਇਸ ਧਰਤੀ ਤੇ ਇਸ ਸਮਾਜ ਅੰਦਰ, ਭਾਈਚਾਰੇ ਅੰਦਰ ਪਰਮਾਤਮਾ ਦਾ
ਕਾਨੂੰਨ ਇਕੋ ਜੇਹਾ ਵਿਚਰ ਰਿਹਾ ਹੈ। ਹੁਣ ਪਰਮਾਤਮਾ ਇਹ ਨਹੀਂ ਆਖ ਰਿਹਾ ਕਿ ਤੂੰ ਕਤਲ ਕਰ ਦੇ ਪਰ
ਮਨੁੱਖ ਦੀ ਤਾਂ ਏਹੀ ਫਿਦਰਤ ਹੈ ਕਤਲ ਕਰ ਕੇ ਕਹਿੰਦਾ ਹੈ ਕਿ ਜੀ ਮੇਰੇ ਪਾਸੋਂ ਤਾਂ ਰਬ ਨੇ ਕਤਲ
ਕਰਾਇਆ ਹੈ, ਉਸ ਦੇ ਹੁਕਮ ਵਿੱਚ ਹੋ ਗਿਆ ਹੈ ਮੇਰੇ ਵੱਸ ਵਿੱਚ ਕੋਈ ਗੱਲ ਨਹੀਂ ਰਹੀ। ਇਸ ਦਾ ਉੱਤਰ
ਬੜਾ ਸਿੱਧਾ ਸਾਦਾ ਹੈ ਕਿ ਹੇ ਭਲੇ ਲੋਕ ਜੇ ਕਰ ਤੇਰੇ ਪਾਸੋਂ ਕਤਲ ਰੱਬ ਜੀ ਦੇ ਹੁਕਮ ਵਿੱਚ ਹੋਇਆ ਹੈ
ਤਾਂ ਹੁਣ ਤੈਨੂੰ ਸਜਾ ਵੀ ਰੱਬ ਜੀ ਦੇ ਹੁਕਮ ਵਿੱਚ ਹੀ ਮਿਲੇਗੀ। ਇਹੋ ਜੇਹੇ ਮਨੁੱਖ ਨੂੰ ਇੱਕ ਉੱਤਰ
ਵੀ ਪੁੱਛਿਆ ਜਾ ਸਕਦਾ ਹੈ ਕਿ ਹੇ ਭਲੇ ਲੋਕ ਤੁੰ ਉਸ ਦੇ ਹੁਕਮ ਵਿੱਚ ਅੰਮ੍ਰਿਤ ਕਿਉਂ ਨਹੀਂ ਛੱਕਦਾ।
ਸਤਿ ਸੰਗ ਵਿੱਚ ਵੀ ਤਾਂ ਉਸ ਦੇ ਹੁਕਮ ਵਿੱਚ ਹੀ ਆਇਆ ਜਾਇਆ ਜਾ ਸਕਦਾ ਸੀ। ਦਰ ਅਸਲ ਹੁਕਮ ਦੀ
ਵਿਆਖਿਆ ਵੀ ਅਸੀਂ ਆਪਣੀ ਮਤ ਦੇ ਅਨੁਸਾਰ ਹੀ ਕਰਦੇ ਹਾਂ, ਸਾਡੀ ਅਕਲ ਦੇ ਅਨੁਸਾਰ ਸਾਨੂੰ ਲਾਭ ਨਹੀਂ
ਪਾਹੁੰਚਦਾ ਜਾਂ ਸਾਡੇ ਲਈ ਕੁੱਝ ਮਾੜਾ ਹੋ ਗਿਆ ਤਾਂ ਅਸੀਂ ਸਮਝਦੇ ਹਾਂ ਕਿ ਪਰਮਾਤਮਾ ਦੇ ਹੁਕਮ ਵਿੱਚ
ਮਾੜਾ ਹੋਇਆ ਹੈ। ਸਾਡੇ ਲਈ, ਪਰਵਾਰ ਲਈ ਕੋਈ ਘਟਨਾ ਵਾਪਰਦੀ ਹੈ ਤਾਂ ਅਸੀਂ ਫਿੱਰ ਕਹਿ ਦੇਂਦੇ ਹਾ ਕਿ
ਜੀ ਇਹ ਤੇ ਪਰਮਾਤਮਾ ਨੇ ਹੀ ਕੀਤਾ ਹੈ।
ਇਕਨਾ ਭਾਣੈ ਕਢਿ ਲਏ ਇਕਨਾ ਮਾਇਆ ਵਿਚਿ ਨਿਵਾਸੁ॥
“ਮਾਇਆ ਵਿਚਿ ਨਿਵਾਸੁ” ਪਦਾਰਥ ਇਕੱਠੇ ਕਰਨ ਦੀ ਰੁਚੀ ਪੈਦਾ ਕਰ ਲੈਣੀ ਤੇ
ਸਾਰੇ ਜੀਵਨ ਵਿੱਚ ਏਹੀ ਮੰਜ਼ਲ ਮਿੱਥ ਲੈਣੀ। ਰੱਬੀ ਦਰਗਾਹ ਵਿੱਚ ਇਹ ਗੱਲ ਦੱਸੀ ਨਹੀਂ ਜਾ ਸਕਦੀ ਕਿ
ਅਸਾਂ ਨੇ ਕੁਦਰਤੀ ਨਿਯਮਾਵਲ਼ੀ ਨੂੰ ਕਿੰਨਾ ਕੁ ਅਪਨਾ ਲਿਆ ਹੈ। ਉਪਰੋਕਤ ਤੁਕ ਅਨੁਸਾਰ ਭਾਣਾ ਇਕਸਾਰ
ਚਲ ਰਿਹਾ ਹੈ, ਪਰ ਇਸ ਰੱਬੀ ਭਾਣੇ ਇਚ ਕਰਮ ਸਾਡਾ ਹੈ ਜੇ ਗੱਲ ਸਮਝ ਵਿੱਚ ਆ ਗਈ ਤਾਂ ਮਾਇਆ ਵਿਚੋਂ
ਬਾਹਰ ਆ ਸਕਦੇ ਹਾਂ ਜੇ ਸਮਝ ਨਹੀਂ ਆਈ ਤਾਂ ਸੰਸਾਰੀ ਗਿਣਤੀਆਂ ਮਿਣਤੀਆਂ ਵਿੱਚ ਪਏ ਹੋਏ ਹਾਂ।
“ਏਵ ਭੀ ਆਖਿ ਨ ਜਾਪਈ ਜਿ
ਕਿਸੇ ਆਣੇ ਰਾਸਿ” –ਜਦੋਂ ਵੀ ਅਸੀਂ ਗੁਰੂ ਨੂੰ
ਸਮਝਾਂਗੇ ਤਾਂ ਸਾਨੂੰ ਗਿਆਨ ਦੀ ਪ੍ਰਾਪਤੀ ਹੋਏਗੀ ਤੇ ਇਸ ਗਿਆਨ ਦੀ ਪ੍ਰਾਪਤੀ ਨਾਲ ਮਨੁੱਖ ਨੂੰ
ਸਿੱਧਾ ਰਾਹ ਦਿੱਸ ਪੈਂਦਾ ਹੈ। ਇਸ ਸੰਸਾਰ ਵਿੱਚ ਪਰਮਾਤਮਾ ਦਾ ਕੁਦਰਤੀ ਸੁਭਾਅ ਵਿਚਰ ਰਿਹਾ ਹੈ, ਇਹ
ਹੀ ਰੱਬ ਜੀ ਦੀ ਦਰਗਾਹ ਹੈ ਇਸ ਧਰਤੀ ਤੇ ਹੀ ਰੱਬ ਜੀ ਮਨੁੱਖਤਾ ਦੇ ਨਾਲ ਰਹਿੰਦੇ ਹਨ। ਗੁਰੂ ਨਾਨਕ
ਜੀ ਨੇ ਜਪੁ ਨੀਸਾਣੁ ਵਿੱਚ ਹੋਰ ਵਿਸਥਾਰ ਨਾਲ ਬਿਆਨ ਕੀਤਾ ਹੈ:------
ਰਾਤੀ ਰੁਤੀ ਥਿਤੀ ਵਾਰ॥
ਪਵਣ ਪਾਣੀ ਅਗਨੀ ਪਾਤਾਲ॥
ਤਿਸੁ ਵਿਚਿ ਧਰਤੀ ਥਾਪਿ ਰਖੀ ਧਰਮਸਾਲ॥
ਤਿਸੁ ਵਿਚਿ ਜੀਅ ਜੁਗਤਿ ਕੇ ਰੰਗ॥
ਤਿਨ ਕੇ ਨਾਮ ਅਨੇਕ ਅਨੰਤ॥
ਕਰਮੀ ਕਰਮੀ ਹੋਇ ਵੀਚਾਰੁ॥
ਸਚਾ ਆਪ ਸਚਾ ਦਰਬਾਰ॥
ਤਿਥੈ ਸੋਹਨਿ ਪੰਚ ਪਰਵਾਣੁ॥
ਨਦਰੀ ਕਰਮਿ ਪਵੈ ਨੀਸਾਣੁ
ਕਚ ਪਕਾਈ ਓਥੈ ਪਾਇ॥
ਨਾਨਕ ਗਇਆ ਜਾਪੈ ਜਾਇ॥
ਪੰਨਾ ੭
ਰੱਬੀ ਦਰਗਾਹ ਨੂੰ ਖੂਬਸੂਰਤ ਬਣਾਉਣ ਲਈ ਤੇ ਮਨੁੱਖ ਦੀ ਸੁੱਖ ਸਹੂਲਤ ਨੂੰ
ਮੁੱਖ ਰੱਖਦਿਆਂ ਅਰਾਮ ਕਰਨ ਲਈ ਰਾਤਾਂ ਬਣਾਈਆਂ, ਤਰ੍ਹਾਂ ਤਰ੍ਹਾਂ ਦੀਆਂ ਰੁੱਤਾਂ ਆਉਂਦੀਆ ਹਨ।
ਜਿਉਂਦੇ ਰਹਿਣ ਲਈ ਹਵਾ, ਪਾਣੀ, ਅੱਗ ਆਦਿ ਪੈਦਾ ਕੀਤੇ ਹਨ। ਜਿਵੇਂ ਜਿਵੇਂ ਮਨੁੱਖ ਗਿਆਨ ਨੂੰ ਸਮਝਦਾ
ਗਿਆ, ਇਹਨਾਂ ਵਸਤੂਆਂ ਦੇ ਵਰਤੋਂ ਦੀ ਜਾਚ ਆਉਂਦੀ ਗਈ। ਅੱਗ ਰੱਬੀ ਨਿਯਮਾਵਲੀ ਤੋਂ ਬਾਹਰ ਹੋ ਜਾਏ
ਤਾਂ ਇਹ ਲੱਖਾਂ ਕਰੋੜਾਂ ਰੁਪਇਆਂ ਦੀਆਂ ਇਮਾਰਤਾਂ ਸਾੜ ਕੇ ਸੁਆਹ ਕਰ ਦੇਂਦੀ ਹੈ। ਇਸ ਪਾਉੜੀ ਵਿੱਚ
ਸਾਨੂੰ ਅੱਠ ਗੁਣਾਂ ਨਾਲ ਸ਼ਿਗਾਰੀ ਹੋਈ ਰੱਬੀ ਦਰਗਾਹ ਨਜ਼ਰ ਆਉਂਦੀ ਹੈ। ਏਥੇ ਨਾਲ ਹੀ ਧਰਤੀ ਅਸਥਾਪਨ
ਕੀਤੀ ਹੋਈ ਹੈ। ਇਸ ਲਈ ਇਹ ਧਰਤੀ ਪਰਮਾਤਮਾ ਦੀ ਦਰਗਾਹ ਹੈ, ਏਸੇ ਧਰਤੀ ਤੇ ਹੀ ਅਸਾਂ ਨੇ ਧਰਮ ਦੀ
ਪਹਿਛਾਣ ਕਰਨੀ ਸੀ ਜਾਂ ਧਰਮ ਦੀ ਕਮਾਈ ਕਰਨੀ ਸੀ ਜਾਂ ਇੰਜ ਕਹਿ ਲਈਏ ਕਿ ਇਸ ਧਰਤੀ ਤੇ ਸਚਿਆਰ ਦੀ
ਘਾੜ੍ਹਤ ਘੜ੍ਹ ਕੇ ਸਚਿਆਰ ਬਣਨਾ ਸੀ।
“ਇਹੁ ਜਗੁ ਸਚੇ ਕੀ ਹੈ ਕੋਠੜੀ”
ਅੰਦਰ ਕਈ ਦੇਸ਼ ਤੇ ਉਹਨਾਂ ਵਿੱਚ ਕਈ ਪਰਕਾਰ ਦੇ ਜੀਵ-ਜੰਤ ਪੈਦਾ ਕੀਤੇ ਹੋਏ ਹਨ। ਇਹਨਾਂ ਦੇ ਰਹਿਣ ਦੇ
ਆਪੋ ਆਪਣੇ ਢੰਗ ਤਰੀਕੇ ਹਨ। ਬੇਅੰਤ ਜੀਵਾਂ ਦੇ ਬੇਅੰਤ ਹੀ ਨਾਮ ਹਨ। ਮਨੁੱਖ ਦੇ ਕੀਤੇ ਹੋਏ ਕੰਮਾਂ
ਅਨੁਸਾਰ ਹੀ ਫ਼ਲ਼ ਮਿਲਦਾ ਹੈ। ਸੰਸਾਰ ਸੱਚੇ ਕੀ ਕੋਠੜੀ ਹੈ, ਏੱਥੇ ਅਕਾਲ ਪੁਰਖ ਦੇ ਨਿਆਂ ਵਿੱਚ ਕੋਈ
ਉਕਾਈ ਨਹੀਂ ਹੈ। ਏੱਥੇ ਤਾਂ ਕੀਤੇ ਕੰਮ ਦੀ ਹੀ ਵਿਚਾਰ ਹੋਣੀ ਹੈ। ਕੁਦਰਤੀ ਨਿਯਮ ਵਿੱਚ ਕੋਈ ਵੀ
ਕਮਜ਼ੋਰੀ ਨਹੀਂ ਹੈ। ਜੇ ਕਰ ਆਦਮੀ ਕਣਕ ਬੀਜ ਕੇ ਝੋਨੇ ਦੀ ਆਸ ਰੱਖਦਾ ਹੈ ਤਾਂ ਮੂਰਖਤਾ ਮਨੁੱਖ ਦੀ ਹੈ
ਨਾ ਕਿ ਰੱਬੀ ਹੁਕਮ ਵਿੱਚ ਕੋਈ ੳਕਾਈ। ਧਰਤੀ ਸੱਚੇ ਕੀ ਕੋਠੜੀ ਤੇ ਇਹ
“ਸਚਾ ਆਪਿ ਸਚਾ ਦਰਬਾਰ”॥” ਤਿਸੁ ਵਿਚਿ
ਧਰਤੀ ਥਾਪਿ ਰਖੀ ਧਰਮਸਾਲ”॥ ਇਹ ਧਰਤੀ ਫਿਰ ਪਰਤੱਖ
ਪਰਮਾਤਮਾ ਦਾ ਘਰ ਹੈ, ਇਸ ਲਈ ਭੂਗੋਲਿਕ ਤੌਰ ਤੇ ਰੱਬ ਜੀ ਫਿਰ ਕਿਤੇ ਵੱਖਰੇ ਮੁਲਕ ਵਿੱਚ ਨਹੀਂ
ਰਹਿੰਦੇ, ਭੂਗੋਲਿਕ ਤਲ਼ ਤੇ ਆਦਮੀ ਰੱਬ ਜੀ ਦਾ ਕੋਈ ਵੱਖਰਾ ਘਰ ਲੱਭਦਾ ਫਿਰੇ ਤਾਂ ਇਸ ਤੋਂ ਵੱਧ ਕੋਈ
ਹੋਰ ਮੂਰਖਤਾ ਭਰਿਆ ਕਰਮ ਨਹੀਂ ਹੋ ਸਕਦਾ। ਰੱਬ ਜੀ ਦਾ ਇਹ ਬੇਟਾ ਅਪਣੇ ਮਨ ਅਨੁਸਾਰ ਗਲ਼ਤ ਅੰਦਾਜ਼ੇ
ਲਗਾ ਰਿਹਾ ਹੈ। ਰੱਬੀ ਦਰਗਾਹ, ਇਹ ਧਰਤੀ ਜਿਸ ਤੇ ਇਹ ਸਚਿਆਰ ਦਾ ਧਰਮ ਕਮਾਇਆ, ਰੱਬੀ ਹੁਕਮ ਜਾਂ ਇਹ
ਦੀ ਰੱਬੀ ਨਿਯਮਾਵਲ਼ੀ ਨੂੰ ਸਮਝਿਆ ਉਹ ਹੀ ਸਿਆਣਾ ਸਮਝਦਾਰ ਮਨੁੱਖ ਆਮ ਤੌਰ ਤੇ ਸੋਭਦਾ ਹੈ। ਆਪਣੀ
ਰੋਜ਼ਮਰਾ ਦੀ ਜ਼ਿੰਦਗੀ ਅੰਦਰ ਝਾਤੀ ਮਾਰੀਏ ਤਾਂ ਪਰਤੱਖ ਤੌਰਤੇ ਕੁਦਰਤੀ ਨਤੀਜੇ ਸਾਡੇ ਸਾਹਮਣੇ ਆਉਣਗੇ।
ਇਸ ਸੱਚੇ ਦਰਬਾਰ ਵਿੱਚ ਗੁਰਮੁਖਾਂ ਦੀ ਵਡਿਆਈ ਹੁੰਦੀ ਹੈ।
“ਤਿਥੈ ਸੋਹਨਿ ਪੰਚ ਪਰਵਾਣੁ”
– ਤਿਥੈ –ਭਾਵ ਸੱਚੇ ਦਰਬਾਰ ਅੰਦਰ ‘ਸੋਹਨਿ’ – ਸੋਭਦੇ ਹਨ। ਸਚਾ ਆਪਿ ਭਾਵ ਉਸ ਦੇ ਨਿਯਮ ਵਿੱਚ ਕੋਈ
ਵੀ ਕੁਤਾਹੀ ਨਹੀਂ ਹੈ। ਧਰਤੀ ਤੇ ਧਰਮ ਕਮਾਇਆ, ਆਪਣੇ ਇਖ਼ਲਾਕੀ ਫ਼ਰਜ਼ ਨੂੰ ਖੂਬਸੂਰਤੀ ਨਾਲ ਨਿਭਾਇਆ।
ਸੱਚੇ ਮਾਰਗ ਤੇ ਚਲਦਿਆਂ ਇਹ ਬਖ਼ਸ਼ਿਸ਼ ਆਪਣੇ ਆਪ ਹੀ ਹੋ ਜਾਂਦੀ ਹੈ ਤੇ ਸਾਡੇ ਜੀਵਨ ਵਿਚੋਂ ਉੱਚ ਪਾਏ
ਦੀ ਸਚਿਆਈ ਪ੍ਰਗਟ ਹੁੰਦੀ ਹੈ।
ਦਰਖੱਤ ਦੀ ਟਹਿਣੀ ਨਾਲ ਲੱਗੇ ਹੋਏ ਫ਼ਲ਼ਾਂ ਨੂੰ ਮਾਲੀ ਦੇਖਦਾ ਹੈ ਕਿ ਇਹਨਾਂ
ਵਿੱਚ ਕੱਚਾ ਕਿਹੜਾ ਹੈ ਤੇ ਪੱਕਾ ਕਿਹੜਾ ਹੈ, ਮਾਲੀ ਪੱਕਾ ਫ਼ਲ਼ ਤੋੜ ਕੇ ਪੈਸੇ ਵੱਟ ਲੈਂਦਾ ਹੈ ਤੇ
ਕੱਚਾ ਫ਼ਲ਼ ਓਥੇ ਹੀ ਪਿਆ ਰਹਿੰਦਾ ਹੈ। ਹੁਣ ਇਸ ਨੂੰ ਇਸ ਤਰ੍ਹਾਂ ਸਮਝਦੇ ਹਾਂ “ਕਚ ਪਕਾਈ” ਗੁਰੂ ਜੀ
ਦੇ ਗਿਆਨ ਨੂੰ ਮਨ ਵਿੱਚ ਨਾ ਵਸਾਉਣਾ ਤੇ ਦੂਸਰਾ ਗੁਰੂ ਜੀ ਦੇ ਉਪਦੇਸ਼ ਭਾਵ ਗਿਆਨ ਨੂੰ ਮਨ ਵਿੱਚ ਵਸਾ
ਲੈਣਾ। ਜਾਂ ਇੰਜ ਵੀ ਸਮਝ ਸਕਦੇ ਹਾਂ ਵਿਦਿਆਰਥੀ ਦਾ ਜਮਾਤ ਵਿੱਚ ਪਾਸ ਹੋ ਜਾਣਾ, ਫੇਹਲ ਹੋ ਜਾਣਾ
“ਕਚ ਪਕਾਈ” ਇੱਕ ਸਿੱਕੇ ਦੇ ਦੋ ਪਹਿਲੂ ਹਨ। ਇੱਕ ਜ਼ਮੀਨ ਦੇ ਤਲ ਵਲ ਨੂੰ ਹੈ ਦੂਸਰਾ ਉੱਪਰ ਵਲ ਨੂੰ
ਹੈ। ਸਿੱਕੇ ਦਾ ਉੱਪਰਲਾ ਹਿੱਸਾ ਚਮਕ ਰਿਹਾ ਹੈ ਜਦ ਕਿ ਹੇਠਲਾ ਹਿੱਸਾ ਹਨੇਰੇ ਵਿੱਚ ਹੈ।
ਨਾਨਕ ਗਇਆ ਜਾਪੈ ਜਾਇ॥
ਇਸ ਪਉੜੀ ਦੇ ਪ੍ਰਯੋਗ ਦਾ ਇਹ ਆਖਰੀ ਸੂਤਰ ਹੈ – ਅਕਾਲ ਪੁਰਖ ਦੇ ਦਰ ਤੇ
ਗਇਆਂ ਹੀ (ਭਾਵ ਆਪਣੇ ਹਿਰਦੇ ਤੇ ਝਾਤੀ ਮਾਰਿਆਂ ਹੀ) ਸਮਝ ਆਉਂਦੀ ਹੈ, ਮਾਲੂਮ ਹੁੰਦਾ ਹੈ ਕਿ
ਪ੍ਰਤੱਖ ਤੌਰ ਤੇ ਕਿਸ ਨੇ ਕਿਸ ਜ਼ਿਮੇਵਾਰੀ ਨਾਲ ਆਪਣਾ ਫ਼ਰਜ਼ ਨਿਭਾਇਆ ਹੈ। ਮਨੁੱਖ ਦੀ ਕੰਮਜ਼ੋਰੀ ਹੈ;
ਕਰਮ ਇਸ ਦਾ ਠੀਕ ਨਹੀਂ ਹੈ ਤੇ ਗੱਲਾਂ ਬਾਤਾਂ ਨਾਲ ਆਪਣੇ ਆਪ ਨੂੰ ਵੱਡਾ ਅਖਵਾਉਣਾ ਚਾਹੁੰਦਾ ਹੈ।
ਜਿਵੇਂ ਜਿਵੇਂ ਜੀਵਨ ਬਸਰ ਕਰਦਾ ਹੈ ਤਿਵੇਂ ਤਿਵੇਂ ਨਾਲ਼ ਦੀ ਨਾਲ਼ ਹੀ ਪਤਾ ਲੱਗਦਾ ਹੈ ਕਿ ਆਦਮੀ ਦਾ
ਸੁਭਾਅ ਕੈਸਾ ਹੈ, ਇਸ ਦਾ ਕਰਮ ਕੈਸਾ ਹੈ। ਇਹ ਧਰਤੀ ਹੀ ਸੱਚੀ ਦਰਗਾਹ ਹੈ ਤੇ ਇਸ ਧਰਤੀ ਤੇ ਹੀ ਇਸ
ਦੇ ਕੀਤੇ ਹੋਏ ਕੰਮਾਂ ਅਨੁਸਾਰ ਨਿਬੇੜਾ ਹੋ ਜਾਣਾ ਹੈ।
ਦਲਿੱਦਰ ਨਾਲ ਭਰਿਆ ਹੋਇਆ ਮਨੁੱਖ ਆਪਣੇ ਘਰ ਨੂੰ ਸਾਫ਼ ਨਹੀਂ ਰੱਖਦਾ, ਦਰ ਅਸਲ
ਮਨੁੱਖ ਆਪਣੇ ਜੀਵਨ ਨਾਲ ਇਨਸਾਫ਼ ਨਹੀਂ ਕਰ ਰਿਹਾ ਪਰ ਅਜੇਹੇ ਦਲਿੱਦਰੀਆਂ ਨਾਲ ਤਾਂ ਸੰਸਾਰ ਭਰਿਆ ਪਿਆ
ਹੈ। ਕਈ ਇਤਨਾ ਉੱਪਰ ਉੱਠ ਗਏ ਕਿ ਉਹ ਦਰਿੰਦਗੀ ਦਾ ਰੂਪ ਧਾਰਨ ਕਰ ਗਏ ਤੇ ਕਈ ਜੀਵ ਪਦਾਰਥਾਂ ਦੇ
ਸਾਹਮਣੇ ਨੱਚਣ ਲੱਗ ਪਏ।
ਧਰਮ ਦੀ ਦੁਨੀਆਂ ਵਿੱਚ ਵੀ ਇਸ ਦਾ ਅਸਰ ਦੇਖਣ ਨੂੰ ਮਿਲਿਆ, ਗੁਰੂ ਚੇਲੇ ਦਾ
ਰਿਸ਼ਤਾ ਕੇਵਲ ਲੈਣ ਦੇਣ ਤਕ ਹੀ ਸੀਮਤ ਰਹਿ ਗਿਆ। ਸੱਚੀ ਕੋਠੜੀ ਅੰਦਰ ਤੇ ਭਾਵ ਇਸ ਧਰਤੀ ਤੇ ਧਰਮ ਦੀ
ਕਮਾਈ ਕਰਨ ਆਇਆ ਸੀ ਪਰ ਜੀਵਨ ਜਾਚ ਦੀ ਸਹੀ ਮਰਯਾਦਾ ਤੋਂ ਉੱਖੜ ਗਿਆ। ਰਬੀ ਦਰਗਾਹ ਅੰਦਰ ਇਸ ਧਰਤੀ
ਤੇ ਸੱਚ ਨੂੰ ਭੁਲਾ ਕੇ ਜ਼ਾਲਮ ਜ਼ੁਲਮ ਦੀ ਦੁਨੀਆਂ ਵਿੱਚ ਉੱਤਰ ਗਿਆ। ਆਸਾ ਰਾਗ ਵਿੱਚ ਗੁਰੂ ਨਾਨਕ
ਸਾਹਿਬ ਜੀ ਦੁਨੀਆਂ ਦੇ ਸੁਭਾਅ ਵਿੱਚ ਆਈ ਗਿਰਾਵਟ ਵੱਲ ਧਿਆਨ ਦਿਵਾਉਂਦਿਆਂ ਹੋਇਆਂ ਬੜਾ ਪਿਆਰਾ
ਫਰਮਾਉਂਦੇ ਹਨ ਕਿ ਅਵਸਥਾ ਅਜੇਹੀ ਬਣ ਗਈ ਹੈ ਕਿ ਇਸ ਭਲੇ ਇਨਸਾਨ ਨੇ ਇਸ ਧਰਤੀ ਨੂੰ ਰੱਬੀ ਦਰਗਾਹ
ਰਹਿਣ ਹੀ ਨਹੀਂ ਦਿੱਤਾ। ਫਰਮਾਣ ਹੈ:-----
ਤਾਲ ਮਦੀਰੇ ਘਟ ਕੇ ਘਾਟ॥ ਦੋਲਕ ਦੁਨੀਆ ਵਾਜਹਿ ਵਾਜ॥
ਨਾਰਦੁ ਨਾਚੈ ਕਲਿ ਕਾ ਭਾਉ॥ ਜਤੀ ਸਤੀ ਕਹ ਰਾਖਹਿ ਪਾਉ॥ ੧॥
ਨਾਨਕ ਨਾਮ ਵਿਟਹੁ ਕੁਰਬਾਣੁ॥ ਅੰਧੀ ਦੁਨੀਆਂ ਸਾਹਿਬੁ ਜਾਣੁ॥ ਰਹਾਉ॥ ੧॥
ਗੁਰੂ ਪਾਸਹੁ ਫਿਰ ਚੇਲਾ ਖਾਇ॥ ਤਾਮਿ ਪ੍ਰੀਤਿ ਵਸੈ ਘਰਿ ਆਇ॥
ਜੇ ਸਉ ਵਰਿਆ ਜੀਵਣ ਖਾਣੁ॥ ਖਸਮ ਪਛਾਣੈ ਸੋ ਦਿਨੁ ਪਰਵਾਣੁ॥ ੨॥
ਦਰਸਨਿ ਦੇਖੀਐ ਦਇਆ ਨ ਹੋਇ॥ ਲਏ ਦਿਤੇ ਵਿਣੁ ਰਹੇ ਨ ਕੋਇ॥
ਰਾਜਾ ਨਿਆਉ ਕਰੇ ਹਥਿ ਹੋਇ॥ ਕਹੈ ਖ਼ੁਦਾਇ ਨ ਮਾਨੈ ਕੋਇ॥ ੩॥
ਮਾਣਸੁ ਮੂਰਤਿ ਨਾਨਕੁ ਨਾਮੁ॥ ਕਰਣੀ ਕੁਤਾ ਦਰਿ ਫਰਮਾਣੁ॥
ਗੁਰ ਪਰਸਾਦਿ ਜਾਣੈ ਮਿਹਮਾਨੁ॥ ਤਾ ਕਿਛੁ ਦਰਗਾਹ ਪਾਵੈ ਮਾਨੁ॥
ਆਸਾ ਮਹਲਾ ੧ ਪੰਨਾ ੩੪੯ ੫੦ ---
ਚਾਹੀਦਾ ਤਾਂ ਇਹ ਸੀ ਕਿ ਮਨੁੱਖ ਆਪ ਸਚਿਆਰ ਬਣ ਕੇ ਇਸ ਧਰਤੀ ਦਾ ਸਰਦਾਰ
ਬਣਦਾ ਪਰ ਹੋਇਆ ਇਸ ਦੇ ਉੱਲਟ ਹੈ। ਮਨੁੱਖੀ ਫਿਦਰਤ ਨੇ ਰੱਬੀ ਸੁੰਦਰ ਬਾਗ ਨੂੰ ਵਿਕਾਰਾਂ ਦਾ ਤੇਲ ਦੇ
ਕੇ ਇਸ ਦੀ ਸੁੰਦਰਤਾ ਨੂੰ ਸਾੜਨ ਦਾ ਕੋਝਾ ਯਤਨ ਕੀਤਾ ਹੈ। ਰੱਬੀ ਦਰਗਾਹ ਨੂੰ ਖ਼ੁਦਗਰਜ਼ੀ, ਲੁੱਟ
ਖਸੁੱਟ, ਹੇਰਾ ਫੇਰੀ, ਝੂਠ ਫਰੇਬ ਤੇ ਦੂਸਰੇ ਦਾ ਹੱਕ ਖੋਹ ਲੈਣ ਲਈ ਕੰਡਿਆਲੇ ਦਰਖਤਾਂ ਦੀ ਬਿਜਾਈ ਕਰ
ਰਿਹਾ ਹੈ ਪਰ ਗੁਰੂ ਨਾਨਕ ਸਾਹਿਬ ਜੀ ਨੇ ਰੱਬ ਜੀ ਦੀ ਸਦੀਵ ਕਾਲ ਮਰਯਾਦਾ ਨੂੰ ਸਮਝਿਆ ਤੇ ਇਸ ਦਾ
ਨਾਂ ਰੱਖਿਆਂ ਏ ‘ਨਾਮ’ ਭਾਵ ਰੱਬੀ ਗੁਣ ਤੋਂ ਕੁਰਬਾਨ ਹੋਣਾ:---
ਨਾਨਕ ਨਾਮੁ ਵਿਟਹੁ ਕੁਰਬਾਣੁ॥
ਨਾਮ ਪਰਮਾਤਮਾ ਦੀ ਹੋਂਦ ਸਬੰਧੀ ਆਇਆ ਏ, ਹੋਂਦ ਦਾ ਭਾਵ ਹੈ ਰੱਬੀ ਮਰਯਾਦਾ,
ਕੁਦਰਤੀ ਹੁਕਮ ਤੋਂ ਹੈ। ਮੈਂ ਕੁਦਰਤੀ ਨੇਮਾਂ ਤੋਂ ਸਦਕੇ ਜਾਂਦਾ ਹਾਂ, ਪਰ ਦੁਨੀਆਂ ਦੀ ਆਗਿਆਨਤਾ ਦਾ
ਵੀ ਜ਼ਿਕਰ ਆਇਆ ਹੈ ਜੋ ਰੱਬੀ ਹੁਕਮ ਨੂੰ ਸਮਝ ਨਹੀਂ ਪਾ ਰਹੀ:----
ਅੰਧੀ ਦੁਨੀਆਂ ਸਾਹਿਬੁ ਜਾਣੁ॥
ਪਰਮਾਤਮਾ ਸੁਜਾਖ਼ਾ ਹੈ ਪਰ ਉਸ ਦਾ ਨਿਯਮ ਅਟੱਲ ਹੈ, ਅਸੀਂ ਅੰਧੇ ਹਾਂ ਕਿਉਂਕਿ
ਅਸੀਂ ਰੱਬੀ ਨਿਯਮਾਵਲੀ ਨੂੰ ਸਮਝ ਹੀ ਨਹੀਂ ਰਹੇ। ਇਸ ਧਰਤੀ ਤੇ ਭਾਵ ਰੱਬ ਦੀ ਦਰਗਾਹ ਵਿੱਚ ਅਸਾਂ
ਦੁਨੀਆਂ ਦਾਰਾਂ ਨੇ ਅਗਿਆਨਤਾ ਦਾ ਬੀਜ ਬੀਜਿਆ ਹੋਇਆ ਹੈ। ਇਸ ਲਈ ਰੱਬੀ ਦਰਗਾਹ ਨੂੰ ਅਸਾਂ ਨਹੀਂ
ਸਮਝਿਆ।
“ਨਾਮ ਵਿਟਹੁ
ਕੁਰਬਾਣੁ” ਭਾਵ ਉਸ ਦੀ ਸ਼ਰਨ ਵਿੱਚ ਪਿਆਂ ਜ਼ਿੰਦਗੀ
ਦਾ ਸਹੀ ਰਸਤਾ ਦਿੱਸ ਪੈਂਦਾ ਹੈ। ਏਸੇ ਸ਼ਬਦ ਵਿੱਚ ਹੀ ਬਾਕੀ ਦੁਨੀਆਂ ਦਾ ਸੁਭਾਅ ਖੋਹਲਿਆ ਗਿਆ ਹੈ।
ਤਾਲ ਮਦੀਰੇ ਘਟ ਕੇ ਘਾਟ॥
“ਤਾਲ” ਮਨੁੱਖੀ ਸੁਭਾਅ ਵਿੱਚ ਹਰ ਵੇਲੇ ਸੋਚਾਂ ਦੇ ਘੋੜੇ ਦੌੜ ਰਹੇ ਹਨ।
ਸਾਰਾ ਸੰਸਾਰ ਤਾਲੋਂ ਬੇਤਾਲ ਹੋਇਆ ਪਿਆ ਹੈ। ਮਨ ਵਿੱਚ ਸੰਕਲਪ ਤੇ ਵਿਕਲਪ ਚਲ ਰਹੇ ਹਨ ਤੇ ਪੈਰਾਂ
ਨੂੰ ਏਹੀ ਸੋਚਾਂ ਦੇ ਘੰਗਰੂ ਬੰਨ੍ਹੇ ਹੋਏ ਹਨ। ਇਸ ਖੜਕੇ ਅੰਦਰ ਰੱਬ ਜੀ ਦੀ ਕੋਈ ਗੱਲ ਸੁਣਨ ਨੂੰ
ਤਿਆਰ ਨਹੀਂ ਹੈ। ਦੁਨੀਆਂ ਦੇ ਮੋਹ ਦੀ ਢੋਲਕੀ ਵੱਜ ਰਹੀ ਹੈ। ਮਨ ਮਾਇਆ ਦੇ ਹੱਥਾਂ ਵਿੱਚ ਨੱਚ ਰਿਹਾ
ਹੈ ਤੇ ਫਿਰ ਉੱਚਾ ਆਚਰਣ ਰਿਹਾ ਕਿੱਥੇ -----
ਦੋਲਕ ਦੁਨੀਆਂ ਵਾਜਹਿ ਵਾਜ॥
ਨਾਰਦ ਨਾਚੈ ਕਲਿ ਕਾ ਭਾਉ॥
“ਨਾਰਦੁ” ਸ਼ੈਤਾਨ ਦਾ ਪ੍ਰਤੀਕ ਲਿਆ ਗਿਆ ਹੈ; “ਕਲਿ ਕਾ ਭਾਉ’ ----ਉੱਪਰ
ਲਿਖੇ ਗਏ ਪ੍ਰਭਾਵਾਂ ਦਾ ਨਾਮ, ਜਨੀ ਕਿ ਕਲਯੁਗ ਹੈ। ਮਨ ਸੋਚਾਂ ਦੇ ਘੋੜੇ ਤੇ ਅਸਵਾਰ ਹੋਵੇ, ਮਾਇਆ
ਦੇ ਮੋਹ ਦੀ ਢੋਲਕੀ ਵੱਜ ਰਹੀ ਹੋਵੇ, ਸ਼ੈਤਾਨ ਮਨ ਅਜੇਹੇ ਢੋਲ ਢਮੱਕੇ ਦੀ ਥਾਪ ਤੇ ਨੱਚ ਰਿਹਾ ਹੋਵੇ
ਤਾਂ ਅਜੇਹੀ ਅਵਸਥਾ ਵਿੱਚ ਜਤ ਸਤ ਦਾ ਟਿਕਾਣਾ ਕਿਵੇਂ ਹੋ ਸਕਦਾ ਹੈ। ਸੱਚੀ ਗੱਲ ਤਾਂ ਇਹ ਵੇ ਕਿ
ਸੱਚੀ ਕੋਠੜੀ ਭਾਵ ਰੱਬ ਜੀ ਦੀ ਦਰਗਾਹ ਸਾਨੂੰ ਦਿਸ ਹੀ ਨਹੀਂ ਰਹੀ। ਹਰ ਪਾਸੇ ਵਿਕਾਰਾਂ ਦਾ ਸ਼ੋਰ
ਸਰਾਬਾ ਹੈ। ਇਹ ਧਰਤੀ ਤਾਂ ਰੱਬ ਦੀ ਦਰਗਾਹ ਸੀ ਪਰ ਸਮਾਜ ਨੇ ਆਪਣੇ ਆਲੇ ਦੁਆਲੇ ਅਜੇਹੇ ਹਲਾਤ ਪੈਦਾ
ਕਰ ਲਏ ਹਨ, ਜਿਸ ਕਰਕੇ ਭੂਗੋਲਿਕ ਤਲ ਤੇ ਰੱਬ ਜੀ ਦੀ ਦਰਗਾਹ ਕਿਸੇ ਹੋਰ ਥਾਂ ਤੇ ਮੰਨੀ ਗਈ ਬੈਠੇ
ਹਾਂ। ਇਸ ਬੰਦ ਵਿੱਚ ਆਏ ਸ਼ੋਰ ਸ਼ਰਾਬੇ ਦਾ ਜ਼ਿਕਰ ਕੀਤਾ ਗਿਆ ਹੈ:----
“ਸਚੈ ਕੀ ਹੈ ਕੋਠੜੀ”
ਧਰਮ
ਦੀ ਦੁਨੀਆਂ ਅੰਦਰ ਆਏ ਪਾਖੰਡ ਦੀ ਦੁਖਦੀ ਰਗ ਤੇ ਹੱਥ ਰਖਿਆ ਗਿਆ ਹੈ। ਸਿੱਖੀ ਸਮਾਜ ਵਿੱਚ ਖੁੰਬਾਂ
ਵਾਂਗੂੰ ਆਪੇ ਉੱਗੇ ਸੰਤਾਂ ਦੇ ਪਾਖੰਡ ਦੀ ਝਲਕ ਵੀ ਇਹਨਾਂ ਤੁਕਾਂ ਤੋਂ ਹੀ ਪੈਂਦੀ ਹੈ।
“ਗੁਰੂ ਪਾਸੋਂ ਫਿਰ ਚੇਲਾ ਖਾਇ”॥
ਗਰੁਬਾਣੀ ਵਿਚੋਂ ਤੁਕਾਂ ਸੁਣਾ ਕੇ ਇਹਨਾਂ ਪਾਖੰਡੀ ਸੰਤਾਂ ਨੇ ਦੁਨੀਆਂ ਨੂੰ
ਗੁਮਰਾਹ ਕਰਕੇ ਮਾਇਆ ਇਕੱਠੀ ਕਰਨ ਦੀ ਹੋੜ ਵਿੱਚ ਲੱਗੇ ਹੋਏ ਹਨ। ਚੇਲੇ ਨੇ ਗੁਰੂ ਦੀ ਸੇਵਾ ਕਰਨੀ ਸੀ
ਪਰ ਹੁਣ ਸੇਵਕ ਉਦਰ ਪੂਰਤੀ ਲਈ ਗੁਰੂ ਕੋਲੋਂ ਖਾ ਰਿਹਾ ਹੈ। ਪ੍ਰਬੰਧਕ ਕਮੇਟੀਆਂ ਗੁਰਦੁਆਰੇ ਦੀ ਗੋਲਕ
ਤੇ ਹੱਥ ਫੇਰੀ ਜਾ ਰਹੀਆਂ ਹਨ ਤੇ ਕਹੀ ਜਾ ਰਹੀਆਂ ਹਨ ਜੀ ਅਸੀਂ ਤੇ ਧਰਮ ਦਾ ਪਰਚਾਰ ਕਰ ਰਹੇ ਹਾਂ,
ਧਾਰਮਿਕ ਅਸਥਾਨਾਂ ਤੇ ਕਬਜ਼ੇ ਕਰਨ ਲਈ ਇਹਨਾਂ ਭੱਦਰ ਪੁਰਸ਼ਾਂ ਨੇ ਸ਼ਾਇਦ ਡਾਂਗ ਸੋਟਾ ਖੜਕਾਉਣ ਦੀ ਆਗਿਆ
ਲੈ ਲਈ ਹੈ ਗੁਰੁ ਪਾਸੋਂ। “ਫਿਰਿ ਚੇਲਾ ਖਾਇ” ---ਗੁਰਦੁਆਰੇ ਤੇ ਪੱਕੇ ਤੌਰ ਤੇ ਕਬਜ਼ਾ ਕਰਨ ਦੀ ਝਲਕ
ਦਿਸਦੀ ਹੈ। ਰੱਬ ਦੀ ਦਰਗਾਹ ਵਿੱਚ ਤਾਂ ਅਸੀਂ ਹਰ ਇਨਸਾਨ ਨੂੰ ਧਰਮੀ ਬਣਨ ਦਾ ਸੱਦਾ ਦੇਣਾ ਸੀ ਪਰ
ਉੱਥੋਂ ਤਾਂ ਲਾਲਚ ਵੱਸ ਜੀਵਨ ਭਰ ਦੇ ਗੁਜ਼ਾਰੇ ਦੀਆਂ ਗੋਂਦਾਂ ਗੁੰਦੀਆਂ ਜਾ ਰਹੀਆਂ ਹਨ। ਏਸੇ ਲਈ ਆਮ
ਧਾਰਨਾ ਪਾਈ ਜਾਂਦੀ ਹੈ ਕਿ ਰੱਬ ਜੀ ਇਸ ਧਰਤੀ ਉੱਤੇ ਨਹੀਂ ਸਗੋਂ ਦੂਰ ਕਿਸੇ ਹੋਰ ਧਰਤੀ ਤੇ ਬੈਠ ਕਿ
ਸੰਸਾਰ ਦੀ ਕਾਰ ਚਲਾ ਰਿਹਾ ਹੈ।
ਤਾਮਿ ਪਰੀਤ ਵਸੈ ਘਰਿ ਆਇ॥
ਜੇ ਸਉ ਵਰਿਆ ਜੀਵਣ ਖਾਣੁ॥
ਖਸਮ ਪਛਾਣੈ ਸੋ ਦਿਨੁ ਪਰਵਾਨ॥
ਰਬ ਜੀ ਦੇ ਘਰ ਅੰਦਰ ਮਾਲਕ ਨਾਲ ਸਾਂਝ ਪਾਉਣੀ ਸੀ। “ਦਿਨ ਪਰਵਾਣੁ” ---
ਜੀਵਨ ਸਫਲ ਹੋ ਸਕੇ ਜਾਂ ਜੀਵਨ ਵਿੱਚ ਸਾਫ਼ ਗੋਈ ਆ ਸਕੇ।
ਵਿਕਾਰਾਂ ਦੇ ਵਾਜੇ ਵੱਜਦੇ ਹੋਣ, ਚੁੱਗਲ਼ੀ ਨਿੰਦਿਆ ਦਾ ਦੌਰ ਚੱਲਦਾ ਰਿਹਾ
ਹੋਵੇ, ਚੇਲੇ ਗੁਰੂ ਘਰਾਂ ਤੇ ਕਬਜ਼ੇ ਜਮਾਈ ਬੈਠੇ ਹੋਣ, ਲਾਲਚ ਦੇ ਅਧੀਨ ਸਾਰੀ ਜ਼ਿੰਦਗੀ ਦਾ ਹੱਕ
ਪ੍ਰਾਪਤ ਕਰ ਲਿਆ ਹੋਵੇ ਤਾਂ ਫਿਰ ਇਨਸਾਫ਼ ਵਰਗੀਆਂ ਕੀਮਤਾਂ ਇਹਨਾਂ ਦੇ ਅਧੀਨ ਆ ਜਾਂਦੀਆਂ ਹਨ ਤੇ
ਨਿਆਂ ਵਕਾਊ ਮਾਲ ਬਣ ਜਾਂਦਾ ਹੈ। ਚਾਹੀਦਾ ਤਾਂ ਇਹ ਸੀ ਕਿ ਭਰਾ ਨੂੰ ਭਰਾ ਦੇਖ ਕੇ ਮਨ ਵਿੱਚ ਦਇਆ
ਆਉਂਦੀ ਪਿਆਰ ਦਾ ਬੂਟਾ ਜਨਮ ਲੈਂਦਾ ਪਰ ਅਜੇਹਾ ਹੋਇਆ ਨਹੀਂ ਏਂ।
‘ਦਰਸਨਿ ਦੇਖੀਐ ਦਇਆ ਨ ਹੋਇ’ ------
-- - - ਦਾ ਸਾਰਥਿਕ ਨਤੀਜਾ ਸਾਹਮਣੇ ਨਹੀਂ ਅਇਆ ਕਿਉਂਕਿ ਪਰਵਾਰਾਂ ਵਿੱਚ
ਈਰਖਾ, ਸਮਾਜ ਵਿੱਚ ਈਰਖਾ, ਧਰਮ ਵਿੱਚ ਈਰਖਾ, ਦੇਸ਼ਾਂ ਦੀ ਆਪਸ ਵਿੱਚ ਈਰਖਾ ਤੇ ਹਰ ਥਾਂ ਤੇ ਈਰਖਾ
ਸਿਖਰਾਂ ਤੇ ਪਾਹੁੰਚੀ ਹੋਈ ਹੈ। ਅਸੀ ਜੋ ਦੇਖਦੇ ਹਾਂ ਸਭ ਤੋਂ ਵੱਧ ਸਿੱਖ ਦੀ ਸਿੱਖ ਨਾਲ ਈਰਖਾ ਹੈ,
ਕਿਉਂ ਕਿ ਇਹ ਸਾਡੇ ਜੱਥੇ ਦਾ ਨਹੀਂ ਹੈ ਤੇ ਨਾ ਹੀ ਸਾਡੇ ਜੱਥੇ ਦਾ ਇਸ ਨੇ ਅੰਮ੍ਰਿਤ ਛੱਕਿਆ ਹੋਇਆ
ਹੈ। ਰਿਸ਼ਵਤ ਤੋਂ ਬਿਨਾਂ ਕਿਸੇ ਦਾ ਵੀ ਕੰਮ ਹੋਣਾ ਮੁਸ਼ਕਲ ਹੋਇਆ ਪਿਆ ਹੈ। ਕੀ ਧਾਰਮਿਕ, ਕੀ ਸਮਾਜਿਕ,
ਕੀ ਰਾਜਨੀਤਿਕ ਆਗੂ, ਹੱਕ ਇਨਸਾਫ ਦੀ ਗੱਲ ਕਰਨ ਵਾਲੇ ਜੱਜ ਆਪਣੇ ਫ਼ਰਜ਼ਾਂ ਦੀ ਪਹਿਛਾਣ ਭੁੱਲ ਕੇ
ਕੋਹਾਂ ਦੂਰ ਚਲੇ ਗਏ ਹਨ ਗੱਲ ਕੀ ਇਸ ਧਰਤੀ ਨੂੰ ਅਸੀਂ ਰੱਬੀ ਦਰਗਾਹ ਰਹਿਣ ਦਿੱਤਾ ਈ ਨਹੀਂ
ਹੈ:------
ਲਏ ਦਿਤੇ ਵਿਣੁ ਰਹੈ ਨ ਕੋਇ।
ਰਾਜਾ ਨਿਆਉ ਕਰੇ ਹਥਿ ਹੋਇ॥
ਉਪਰੋਕਤ ਬਿਰਤੀ ਵਾਲੇ ਲੋਕ ਆਮ ਗਰੀਬ ਜਨਤਾ ਨਾਲੋਂ ਇਸ ਧਰਤੀ ਤੇ ਵੱਧ ਤੋਂ
ਵੱਧ ਧਰਮ ਕਰਮ ਦੇ ਕੰਮ ਕਰਦੇ ਹਨ। ਦਿਖਾਵੇ ਦੇ ਲੰਗਰ ਆਦਿ ਲਗਾਉਣੇ, ਕੀਰਤਨ ਦਰਬਾਰ ਵੀ ਕਰਾਉਣੇ, ਪਰ
ਇਹ ਲੋਕ ਗੁਰੂ ਜੀ ਦੀ ਗੱਲ ਨੂੰ ਕਦੇ ਮੰਨਣਗੇ ਨਹੀਂ।
ਕਹੈ ਖੁਦਾਇ ਨ ਮਾਨੈ ਕੋਇ॥
ਤੇ ਦਾਅਵਾ ਅਸੀਂ ਇਹ ਕਰਦੇ ਹਾਂ ਕਿ ਜੀ ਸਾਡੇ ਵਰਗਾ ਹੋਰ ਧਰਮੀ ਹੀ ਕੋਈ
ਨਹੀਂ ਹੈ ਪਰ ਸਾਨੂੰ ਧਰਮ ਦੀ ਗੱਲ ਮੰਨਣ ਲਈ ਨਾ ਕਿਹਾ ਜੇ। ਅਸਲ ਵਿੱਚ ਇਹ ਧਰਤੀ ਹੀ ਰੱਬ ਦਾ ਘਰ ਹੈ
ਪਰ ਮਲੀਨ ਬਿਰਤੀਆਂ ਵਾਲਿਆਂ ਨੇ ਇਸ ਨੂੰ ਸ਼ੈਤਾਨ ਦਾ ਘਰ ਬਣਾ ਦਿੱਤਾ ਹੈ।
ਗੁਰੂ ਜੀ ਕਹਿੰਦੇ ਨੇ ਮੈਂ ਜਗਤ ਨੂੰ ਗਹੁ ਨਾਲ ਤੱਕਿਆ ਹੈ, ਵੇਖਣ ਨੂੰ ਇਹ
ਸਾਰੇ ਇਨਸਾਨ ਲੱਗਦੇ ਹਨ ਪਰ ਇਹਨਾਂ ਦੀ ਅੰਦਰੂਨੀ ਬਿਰਤੀ ਕੁਤਿਆਂ ਮਾਲ ਮੇਲ ਖਾਦੀ ਹੈ। ਕੁੱਤਾ ਆਪਣੇ
ਹੀ ਭਰਾਵਾਂ ਨੂੰ ਭੌਂਕਦਾ ਹੈ ਕੁੱਤਾ ਲਾਲਚੀ ਹੈ ਕਈ ਕੁੱਤੇ ਸਾਰਾ ਸਾਰਾ ਦਿਨ ਇੱਕ ਟੁੱਕੜੇ ਦੀ ਖਾਤਰ
ਦਰਵਾਜ਼ਾ ਮੱਲ ਕੇ ਬੈਠੇ ਰਹਿੰਦੇ ਹਨ। ਕਈ ਦਫ਼ਾ ਆਪਣੇ ਮਾਲਕ ਦਾ ਗਲਤ ਹੁਕਮ ਵੀ ਮੰਨਣ ਨੂੰ ਤਿਆਰ
ਰਹਿੰਦੇ ਹਨ। ਗੁਰੂ ਜੀ ਨੇ ਅਜੇਹੇ ਕਿਰਦਾਰ ਵਾਲਿਆਂ ਨੂੰ ਸੇਧਿਤ ਹੁੰਦਿਆਂ ਖੁਲ੍ਹੇ ਸ਼ਬਦਾਂ ਵਿੱਚ ਸਭ
ਕੁੱਝ ਕਹਿ ਦਿੱਤਾ ਹੈ:-------
ਮਾਣਸ ਮੂਰਤਿ ਨਾਨਕੁ ਨਾਮੁ॥
ਕਰਣੀ ਕੁਤਾ ਦਰਿ ਫਰਮਾਨੁ॥
‘ਇਹ ਜਗੁ ਸਚੈ ਕੀ ਹੈ ਕੋਠੜੀ’ ਨੂੰ ਸਮਝਣ ਲਈ ਗੁਰੂ ਨਾਨਕ ਸਾਹਿਬ ਜੀ ਨੇ
ਇੱਕ ਨੁਕਤਾ ਸਮਝਾਇਆ ਹੈ ਕਿ ਗੁਰੂ ਦੇ ਗਿਆਨ ਨੂੰ ਸਮਝ ਲਏਂ ਤਾਂ ਤੈਨੂੰ ਇਹ ਪਤਾ ਲੱਗ ਜਾਏਗਾ, ਕਿ
ਇਸ ਸੰਸਾਰ ਵਿੱਚ ਮੈਂ ਚਾਰ ਦਿਨ ਦਾ ਮਹਿਮਾਨ ਹਾਂ ਤਾਂ ਫਿਰ ਕਿਤੇ ਜਾ ਕੇ ਇਹ ਸਮਝ ਆ ਸਕਦੀ ਹੈ ਕਿ
ਇਸ ਰੱਬ ਜੀ ਦੀ ਦਰਗਾਹ ਵਿੱਚ ਕਿੰਜ ਮਾਣ ਹਾਸਲ ਕਰਨਾ ਹੈ। ਹਰ ਆਦਮੀ ਨੂੰ ਆਪਣੇ ਰਿਸ਼ਤੇਦਾਰਾਂ ਦੇ ਘਰ
ਜਾਣ ਦਾ ਅਵਸਰ ਮਿਲਿਆ ਹੋਏਗਾ ਤੇ ਰਿਸ਼ਤੇਦਾਰੀ ਵਿੱਚ ਆਦਮੀ ਸਲੀਕੇ ਨਾਲ ਰਹਿੰਦਾ ਹੈ। ਘਰ ਵਿੱਚ ਸਫਾਈ
ਦਾ ਖਿਆਲ ਰੱਖਦਾ ਹੈ, ਪਰਵਾਰ ਦੇ ਹਰ ਮੈਂਬਰ ਦਾ ਸਤਿਕਾਰ ਕਰਦਾ ਹੈ। ਇੰਜ ਹੀ ਇਸ ਸੰਸਾਰ ਵਿੱਚ
ਰਹਿੰਦਿਆਂ ਹੋਇਆਂ ਹਰ ਆਦਮੀ ਆਪਣੇ ਆਪ ਨੂੰ ਮਹਿਮਾਨ ਸਮਝੇ ਆਪਣੇ ਜੀਵਨ ਨੂੰ ਮਹਿਮਾਨ ਬਣਾਏ ਤਾਂ ਇਹ
ਮਨੁੱਖ ਏੱਥੋਂ ਇੱਜ਼ਤ ਹਾਸਲ ਕਰ ਸਕਦਾ ਹੈ।
ਗੁਰ ਪਰਸਾਦਿ ਜਾਣੈ ਮਿਹਮਾਨੁ॥ ਤਾ ਕਿਛੁ ਦਰਗਹ ਪਾਵੈ ਮਾਨੁ॥
ਭਾਰਤ ਅੰਦਰ ਇੱਕ ਐਸਾ ਭਰਮ ਪਾਇਆ ਗਿਆ ਹੈ ਕਿ ਮਰਨ ਉਪਰੰਤ ਆਦਮੀ ਰੱਬ ਜੀ ਦੀ
ਦਰਗਾਹ ਵਿੱਚ ਪਾਹੁੰਚ ਜਾਂਦਾ ਹੈ ਤੇ ਫਿਰ ਰੱਬ ਜੀ ਇਸ ਦਾ ਵਹੀ ਖਾਤਾ ਖੋਹਲਦਾ ਹੈ। ਇਸ ਦੇ ਕੀਤੇ
ਕੰਮਾਂ ਦੀ ਪੜਚੋਲ ਹੋ ਕੇ ਇਸ ਨੂੰ ਨਰਕ ਜਾਂ ਸਵਰਗ ਵਿੱਚ ਭੇਜਿਆ ਜਾਂਦਾ ਹੈ। ਹੋਰ ਕਿਸੇ ਕੌਮ ਤੇ ਇਸ
ਦਾ ਅਸਰ ਹੋਇਆ ਹੋਵੇ ਜਾਂ ਨਾ ਪਰ ਸਿੱਖ ਕੌਮ ਨੇ ਇਸ ਦਾ ਸਭ ਤੋਂ ਵੱਧ ਪ੍ਰਭਾਵ ਕਬੂਲਿਆ ਹੈ ਜਾਂ ਇਸ
ਤਰ੍ਹਾਂ ਕਿਹਾ ਜਾਏ ਕਿ ਇਸ ਗੱਲ ਦਾ ਪ੍ਰਭਾਵ ਸਭ ਤੋਂ ਵੱਧ ਸਿੱਖਾਂ ਨੇ ਕਬੂਲਿਆ ਹੈ ਤੇ ਕਈ ਤਰ੍ਹਾਂ
ਦੇ ਸਵਰਗ ਜਾਂ ਨਰਕ ਆਪੇ ਹੀ ਕਲ਼ਪ ਲਏ ਹਨ। ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਸਚਿਆਰ ਬਣਨ ਲਈ ਆਖਿਆ
ਹੈ ਤੇ ਸਚਿਆਰ ਇਸ ਧਰਤੀ ਤੇ ਹੀ ਬਣਨਾ ਹੈ। ਪਰਮਾਤਮਾ ਜ਼ਰੇ ਜ਼ਰੇ ਅੰਦਰ ਵਿਆਪਕ ਹੈ। ਇਸ ਲਈ ਰੱਬ ਜੀ
ਦਾ ਘਰ ਵੀ ਇਸ ਧਰਤੀ ਉੱਤੇ ਹੀ ਹੈ। ਸਾਡੇ ਕਰਮ ਇਤਨੇ ਮਲੀਨ ਹੋ ਗਏ ਹਨ ਕਿ ਜਿਸ ਕਰਕੇ ਸਾਨੂੰ ਇਸ
ਜੱਗ ਵਿੱਚ ਪਰਮਾਤਮਾ ਦਾ ਨਿਆਂ ਦਿੱਸਦਾ ਈ ਨਹੀਂ ਏ। ਜ਼ਮੀਨੀ ਤਲ਼ ਤੇ ਰੱਬ ਜੀ ਦਾ ਕੋਈ ਵੱਖਰਾ ਘਰ
ਨਹੀਂ ਹੈ। ਜਦ ਪਰਮਾਤਮਾ ਦਾ ਖਿਲਾਰਾ ਹੀ ਸਾਰੇ ਖਿਲਰਿਆ ਹੋਇਆ ਹੈ ਤਾਂ ਫਿਰ ਉਸ ਦਾ ਕੋਈ ਵੱਖਰਾ ਘਰ
ਕਿਵੇਂ ਹੋਇਆ? ਦਰ ਅਸਲ ਮਨੁੱਖ ਨੂੰ ਸਮਝਾਉਣ ਦੀ ਇੱਕ ਸ਼ੈਲੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਇਸ
ਨੂੰ ਜ਼ਿੰਦਗੀ ਜਿਉਣ ਦੀ ਜਾਚ ਆ ਹੀ ਜਾਏ। ‘ਰੱਬ ਕਿੱਥੇ ਹੈ’, ਦੀ ਵਿਚਾਰ ਨੂੰ ਸਮਝਣ ਲਈ ਗੁਰੂ ਜੀ ਦੇ
ਤਿੰਨ ਸ਼ਬਦਾਂ ਨੂੰ ਸਮਝਣ ਦਾ ਯਤਨ ਕੀਤਾ ਗਿਆ ਹੈ। ਇਸ ਧਰਤੀ ਤੇ ਹੀ ਧਰਮੀ ਬਣਨਾ ਸੀ, ਤੇ ਇਸ ਜੱਗ
ਨੂੰ ਸੱਚੇ ਕੀ ਕੋਠੜੀ ਬਣਾਉਂਣਾ ਸੀ, ਤਾਂ ਹੀ ਇਸ ਰੱਬੀ ਦਰਗਾਹ ਵਿੱਚ ਮਾਣ ਪ੍ਰਾਪਤ ਕਰ ਸਕਦੇ ਸੀ।
ਆਪੋ ਆਪਣੇ ਮਨ ਦੇ ਖਿਆਲਾਂ ਅਨੁਸਾਰ ਸਚ ਖੰਡ ਮਿੱਥ ਕੇ ਅੱਡਰੋ ਅੱਡਰੀ ਰੱਬ ਜੀ ਦੇ ਘਰ ਮੰਨ ਬੈਠੇ
ਹਾਂ। ਹੁਣ ਤੇ ਸਾਡੀ ਹਾਲਤ ਇਹੋ ਜੇਹੀ ਹੋ ਗਈ ਹੈ ਕਿ ਜਿੱਥੇ ਗਰੂ ਗ੍ਰੰਥ ਸਾਹਿਬ ਜੀ ਦਾ ਸੁੱਖ ਆਸਨ
ਅਸੀਂ ਕਰਦੇ ਹਾਂ ਉਸ ਨੂੰ ਵੀ ਸੱਚ ਖੰਡ ਆਖੀ ਜਾਂਦੇ ਹਾਂ, ਕੀ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ
ਪ੍ਰਕਾਸ਼ ਹੋਇਆ ਹੈ ਉਹ ਸੱਚ ਖੰਡ ਨਹੀਂ ਹੈ। ਪਰਕਾਸ਼ ਵਾਲੇ ਅਸਥਾਨ ਨੂੰ ਅਸੀਂ ਸੱਚ ਖੰਡ ਮੰਨਣ ਲਈ
ਤਿਆਰ ਹੀ ਨਹੀਂ ਹਾਂ। ਧਰਤੀ ਨੂੰ ਅਸੀਂ ਦਰਗਾਹ ਮੰਨਿਆ ਹੀ ਨਹੀਂ ਹੈ ਅਸੀਂ ਤੇ ਇਹ ਮੰਨ ਲਿਆ ਹੈ ਰੱਬ
ਜੀ ਦੀ ਕੋਈ ਹੋਰ ਦਰਗਾਹ ਹੈ ਜਿੱਥੇ ਬੈਠ ਕੇ ਰੱਬ ਜੀ ਸੰਸਾਰ ਦੀ ਕਾਰ ਵਿਹਾਰ ਚਲਾ ਰਹੇ ਹਨ। ਇੱਕ
ਪਾਸੇ ਅਸੀਂ ਆਖਦੇ ਹਾਂ ਕਿ ਜੀ ਗੁਰਦੁਆਰੇ ਸਾਡੇ ਸੱਚ ਖੰਡ ਹਨ ਪਰ ਗੁਰੂ ਦੀ ਹਜ਼ੂਰੀ ਵਿੱਚ ਹੀ ਸਿੱਖ,
ਸਿੱਖ ਦੀ ਪੱਗ ਉਤਾਰਨ ਤੋਂ ਗੁਰੇਜ਼ ਨਹੀਂ ਕਰ ਰਿਹਾ ਹੈ। ਪਰਕਾਸ਼ ਅਸਥਾਨ ਤੇ ਹੀ ਝਗੜੇ ਕਲੇਸ਼ ਖੜੇ
ਕਰਕੇ ਗੁਰੂ ਜੀ ਦਾ ਪੂਰਾ ਪੂਰਾ ਨਿਰਾਦਰ ਕਰ ਰਹੇ ਹੁੰਦੇ ਹਾਂ। ਅਸਲ ਵਿੱਚ ਗੁਰੂ ਜੀ ਦੇ ਉਪਦੇਸ਼ ਨੂੰ
ਹੀ ਹਿਰਦੇ ਵਿੱਚ ਵਸਾਇਆਂ ਹੀ ਇਹ ਰੱਬੀ ਦਰਗਾਹ ਬਣ ਸਕਦਾ ਹੈ। ਦਰ - ਅਸਲ ਵਿੱਚ ਤਾਂ ਸਾਡਾ ਹਿਰਦਾ
ਹੀ ਸੱਚ ਖੰਡ ਹੈ। ਇਹ ਧਰਤੀ ਹੀ ਰੱਬ ਜੀ ਦਾ ਘਰ ਹੈ। ਅਸਾਂ ਆਪਣੇ ਮਨ ਨੂੰ ਆਪਣੇ ਖਿਆਲਾਂ ਨੂੰ ਰਬ
ਦਾ ਘਰ ਬਣਾਉਂਣਾ ਹੈ। ਪਰਮਾਤਮਾ ਤੋਂ ਸਾਰਾ ਪਾਸਰਾ ਹੋਇਆ ਹੈ ਤੇ ਪਰਮਾਤਮਾ ਇਸ ਪਸਾਰੇ ਵਿੱਚ ਆਪ
ਬੈਠਾ ਹੈ। ਸਾਰੀ ਵਿਚਾਰ ਦਾ ਨਿਚੋੜ ਇਹ ਹੀ ਹੈ ਕਿ ਰੱਬ ਜੀ ਦੀ ਕਿਸੇ ਵੱਖਰੀ ਧਰਤੀ ਦੇ ਤਲ ਤੇ ਨਹੀਂ
ਰਹਿੰਦਾ ਉਹ ਤੇ ਇਸ ਧਰਤੀ ਉੱਤੇ ਹੀ ਜ਼ਰੇ ਜ਼ਰੇ ਵਿੱਚ ਸਮਾਇਆ ਹੋਇਆਂ ਹੈ। ਉਹ ਤੇ ਸਾਡੇ ਹਿਰਦੇ ਵਿੱਚ
ਬੈਠਾ ਹੋਇਆ ਹੈ। ਇਸ ਲਈ ਰੱਬੀ ਦਰਗਾਹ ਸਾਡਾ ਹਿਰਦਾ ਤੇ ਇਹ ਧਰਤੀ ਹੀ ਹੈ।
ਆਪੀਨੈ ਆਪੁ ਸਾਜਿਓ ਆਪੀਨੈ ਰਚਿੲ ਨਾਉ॥
ਦੁਯੀ ਕੁਦਰਤਿ ਸਾਜੀਐ ਕਰਿ ਆਸਣ ਡਿਠੋ ਚਾਉ॥
ਪੰਨਾ ੪੬੨