ਕਉਣ ਮਾਸ ਕਉਣ ਸਾਗ ਕਹਾਵੈ?
(ਕਿਸ਼ਤ ਨੰ: 16)
ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ
ਮਿਸ਼ਨਰੀ, ਦਿੱਲੀ
ਮਾਸ ਦਾ ਭੋਜਨ ਅਤੇ ਕੁੱਝ ਗੁਰਬਾਣੀ ਸ਼ਬਦ-
ਮਾਸ ਛੱਕਣ ਜਾਂ ਨਾ ਛੱਕਣ ਦੇ ਵਿਸ਼ੇ ਉਪਰ ਵਿਚਾਰ ਕਰਦੇ ਆ ਰਹੇ ਹਾਂ। ਚਲਦੇ ਪ੍ਰਕਰਣ ਅਨੁਸਾਰ ਹੁਣ
ਤੀਕ ਉਨ੍ਹਾਂ ਵਿਚੋਂ ਬਹੁਤੇ ਸ਼ਬਦ ਤੇ ਪੰਕਤੀਆਂ ਅਸੀਂ ਲੈ ਵੀ ਚੁਕੇ ਹਾਂ ਜਿਨ੍ਹਾਂ ਦੇ ਅਰਥ
ਜਾਣੇ-ਅਣਜਾਣੇ ਮਾਸ ਵਿਰੋਧੀ ਸੱਜਣਾ ਵਲੋ ਮਾਸ ਦੇ ਭੋਜਨ ਵਿਰੁਧ ਕੀਤੇ ਹਨ। ਇਸਦੇ ਬਾਵਜੂਦ ਹੁਣ ਤੀਕ
ਇਹੀ ਦੇਖਣ `ਚ ਆਇਆ ਹੈ, ਭਾਵੇਂ ਉਨ੍ਹਾਂ ਸ਼ਬਦਾਂ ਬਾਰੇ ਵਿਰੋਧੀ ਸੱਜਣਾ ਨੇ ਕੁੱਝ ਵੀ ਟੱਪਲਾ ਖਾਧਾ,
ਪਰ ਸੱਚਾਈ ਇਹੀ ਸਾਬਤ ਹੋਈ ਕਿ ਅਜੇ ਤੀਕ ਉਨ੍ਹਾਂ `ਚੋਂ ਇੱਕ ਵੀ ਸ਼ਬਦ ਜਾਂ ਪੰਕਤੀ ਸਾਬਤ ਨਹੀਂ ਹੋਈ
ਜਿੱਥੇ ਗੁਰਦੇਵ ਨੇ ਮਾਸ ਦਾ, ਭੋਜਨ ਦੇ ਤੌਰ ਤੇ ਵਿਰੋਧ ਕੀਤਾ ਹੋਵੇ। ਇਨ੍ਹਾਂ ਤੋਂ ਇਲਾਵਾ ਫ਼ਿਰ ਵੀ
ਕੁੱਝ ਗੁਰਬਾਣੀ ਸ਼ਬਦ ਹਨ ਜਿਨ੍ਹਾਂ ਦਾ ਬਹੁਤਾ ਪ੍ਰਚਲਣ ਮਾਸ ਛੱਕਣ ਦੇ ਵਿਰੁਧ ਹੋਇਆ ਹੈ। ਖੂਬੀ ਇਹ
ਕਿ ਜਦੋਂ ਅਸੀਂ ਉਨ੍ਹਾਂ ਸ਼ਬਦਾਂ ਦੀ ਗਹਿਰਾਈ `ਚ ਜਾਣ ਦੀ ਵੀ ਕੋਸ਼ਿਸ਼ ਕੀਤੀ ਤਾਂ ਗਲ ਉਥੇ ਵੀ ਉਹੀ
ਸਾਬਤ ਹੋਈ, ਭਾਵ ਉਨ੍ਹਾਂ ਸ਼ਬਦਾਂ `ਚ ਵੀ ਮਾਸ ਦਾ ਭੋਜਨ ਵਜੋਂ ਉਕਾ ਵਿਰੋਧ ਨਹੀਂ ਮਿਲਿਆ। ਇਸ ਲਈ
ਜ਼ਰੂਰੀ ਭਾਸਿਆ ਕਿ ਅਜੇਹੇ ਸ਼ਬਦਾਂ ਦੇ ਅਰਥ-ਭਾਵਾਂ ਨੂੰ ਵੀ ਸੰਗਤਾਂ ਦੇ ਸਨਮੁਖ ਲਿਆਂਦਾ ਜਾਵੇ। ਆਓ
ਦਰਸ਼ਨ ਕਰੀਏ:
“ਜੇ ਰਤੁ ਲਗੈ ਕਪੜੈ ਜਾਮਾ ਹੋਇ ਪਲੀਤੁ” -
ਗੁਰਬਾਣੀ ਦਾ ਸ਼ਬਦ ਹੈ
“ਸਲੋਕ ਮਃ ੧
॥
ਜੇ ਰਤੁ ਲਗੈ ਕਪੜੈ ਜਾਮਾ ਹੋਇ ਪਲੀਤੁ॥
ਜੋ ਰਤੁ ਪੀਵਹਿ ਮਾਣਸਾ ਤਿਨ ਕਿਉ ਨਿਰਮਲੁ ਚੀਤੁ॥
ਨਾਨਕ ਨਾਉ ਖੁਦਾਇ ਕਾ ਦਿਲਿ ਹਛੈ ਮੁਖਿ ਲੇਹੁ॥
ਅਵਰਿ ਦਿਵਾਜੇ ਦੁਨੀ ਕੇ ਝੂਠੇ ਅਮਲ ਕਰੇਹੁ॥ ੧ ॥
… “
(ਪੰ: ੧੪੦)
ਅਰਥ ਹਨ “ਜੇ ਜਾਮੇ ਨੂੰ ਲਹੂ ਲੱਗ ਜਾਵੇ, ਤਾਂ ਜਾਮਾ ਪਲੀਤ ਹੋ ਜਾਂਦਾ ਹੈ
(ਤੇ ਨਮਾਜ਼ ਨਹੀਂ ਹੋ ਸਕਦੀ), (ਪਰ) ਜੋ ਬੰਦੇ ਮਨੁੱਖਾਂ ਦਾ ਲਹੂ ਪੀਂਦੇ ਹਨ (ਭਾਵ, ਧੱਕਾ ਕਰਕੇ
ਹਰਾਮ ਦੀ ਕਮਾਈ ਖਾਂਦੇ ਹਨ) ਉਹਨਾਂ ਦਾ ਮਨ ਕਿਵੇਂ ਪਾਕ (ਸਾਫ਼) ਰਹਿ ਸਕਦਾ ਹੈ? (ਤੇ ਪਲੀਤ ਮਨ ਨਾਲ
ਨਮਾਜ਼ ਪੜ੍ਹੀ ਕਿਵੇਂ ਕਬੂਲ ਹੈ)? ਹੇ ਨਾਨਕ! ਰੱਬ ਦਾ ਨਾਮ ਮੂੰਹੋਂ ਸਾਫ਼ ਦਿਲ ਨਾਲ ਲੈ, (ਇਸ ਤੋਂ
ਬਿਨਾ) ਹੋਰ ਕੰਮ ਦੁਨੀਆ ਵਾਲੇ ਵਿਖਾਵੇ ਹਨ। ਇਹ ਤਾਂ ਤੁਸੀ ਕੂੜੇ ਕੰਮ ਹੀ ਕਰਦੇ ਹੋ। ੧।
(ਅਰਥ-ਧੰਨਵਾਦਿ ਸਹਿਤ ਗੁ: ਗ੍ਰ: ਸਾਹਿਬ ਦਰਪਣ ਪ੍ਰੋ:
ਸਾਹਿਬ ਸਿੰਘ ਜੀ)
ਦੇਖਣ ਦੀ ਵਡੀ ਗਲ ਹੈ ਜੇਕਰ ਇਸ ਸ਼ਬਦ ਦੇ ਅਰਥਾਂ ਨੂੰ ਬਦੋਬਦੀ ਮਾਸ ਛੱਕਣ
ਵਿਰੁਧ ਲੈ ਜਾਂਦੇ ਹਾਂ ਤਾਂਤੇ ਵੱਖਰੀ ਗਲ ਹੈ। ਕਿਉਂਕਿ ਇਥੇ ਤਾਂ ਗਲ ਹੋ ਰਹੀ ਹੈ ‘ਖੂਨ ਦੇ ਪੀਣ
ਦੀ’ ਅਤੇ ਸ਼ਬਦਾਵਲੀ ਹੈ ‘ਜੋ ਰਤੁ ਪੀਵਹਿ ਮਾਣਸਾ’। ਤਾਂਤੇ ਸੰਸਾਰ ਪੱਧਰ ਤੇ ਇੱਕ ਵੀ ਮਨੁੱਖ
ਅਜੇਹਾ ਨਹੀਂ ਮਿਲੇਗਾ ਜੋ ਜਾਨਵਰਾਂ ਦੇ ਖੂਨ ਨੂੰ ਗਿਲਾਸਾਂ `ਚ ਭਰ-ਭਰ ਕੇ ਪੀਂਦਾ ਹੋਵੇ। ਇਸਦੇ ਉਲਟ
‘ਗਰੀਬਾਂ ਮਜ਼ਲੂਮਾ ਦਾ ਖੂਨ ਪੀਣਾ ਜਾਂ ਖੂਨ ਚੂਸਨਾ’ ਵਾਲਾ ਮੁਹਾਵਰਾ ਤਾਂ ਆਮ ਹੈ ਹੀ।
ਗਹਿਰਾਈ ਤੋਂ ਦੇਖੋ ਤਾਂ ਇਥੇ ਮਾਸ ਖਾਣ ਜਾਂ ਮਾਸ ਦੇ ਭੋਜਨ ਦਾ ਵਿਸ਼ਾ ਹੀ
ਨਹੀਂ ਹੈ। ਇਥੇ ਵਿਸ਼ਾ ਹੈ, ਕਿ ਮੁਸਲਮਾਨੀ ਸ਼ਰਹ ਦੇ ਮੁਤਾਬਿਕ ਜੇਕਰ ਕਪੜਿਆਂ ਨੂੰ ਖੂਨ ਲਗਾ ਹੋਵੇ
ਤਾਂ ਨਮਾਜ਼ੀ ਨੂੰ ਨਮਾਜ਼ ਅਦਾ ਕਰਣ ਤੋਂ ਪਹਿਲਾਂ ਕਪੜੇ ਤੱਬਦੀਲ਼ ਕਰਨੇ ਹੁੰਦੇ ਹਨ।
ਗੁਰੂ ਸਾਹਿਬ ਉਸੇ ਮਿਸਾਲ ਨੂੰ ਵਰਤ ਕੇ ਸਮਝਾ ਰਹੇ
ਹਨ, ਜਿਹੜੇ ਲੋਕ ਗਰੀਬਾਂ-ਮਜ਼ਲੂਮਾ ਤੇ ਜ਼ੁਲਮ ਕਰਦੇ ਹਨ, ਕੇਵਲ ਬਾਹਰ ਦੀਆਂ ਨਮਾਜ਼ਾਂ ਅਦਾ ਕਰ ਲੈਣ
ਨਾਲ ਉਨ੍ਹਾਂ ਦੇ ਹਿਰਦੇ ਕਿਵੇਂ ਪਵਿਤ੍ਰ ਰਹਿ ਸਕਦੇ ਹਨ?
ਇਸੇ ਸ਼ਬਦ ਦਾ ਇੱਕ ਪੱਖ ਹੋਰ ਵੀ ਹੈ ਉਹ ਇਹ ਕਿ
ਸਲੋਕ `ਚ ਜੋ ਉਚੇਚੇ ਮਿਸਾਲ ਆਈ ਹੈ ਉਹ ਕੇਵਲ ਉਸ ਨਿਮਾਜ਼ੀ ਮੁਸਲਮਾਨ ਲਈ ਹੈ ਜੋ ਕੰਮ ਹੀ ਕਸਾਈ ਦਾ
ਕਰ ਰਿਹਾ ਹੈ
। ਜਦੋਂ ਦੁਕਾਨ ਤੇ ਕੰਮ
ਕਰਦੇ ਉਸਦੇ ਕਪੜਿਆਂ ਤੇ ਕਿੱਧਰੇ ਖੂਨ ਦੇ ਛਿੱਟੇ ਪੈ ਜਾਣ ਤਾਂ ਉਹ ਪਹਿਲਾਂ ਕਪੜੇ ਤੱਬਦੀਲ਼ ਕਰਦਾ ਹੈ
`ਤੇ ਬਾਦ `ਚ ਨਮਾਜ਼ ਅਦਾ ਕਰਨ ਜਾਂਦਾ ਹੈ। ਇਥੇ ਮਾਸ ਤਾਂ ਦੂਰ ਉਸ ਮਨੁੱਖ ਦੇ ਕਸਾਈ ਵਾਲੇ ਪੇਸ਼ੇ ਦਾ
ਵੀ ਵਿਰੋਧ ਨਹੀਂ; ਇਥੇ ਵਿਰੋਧ ਹੈ ਤਾਂ ਕਿਸੇ ਮਨੁੱਖ ਦੇ ਨਿਮਾਜ਼ੀ ਹੋਣ ਦੇ ਨਾਲ ਨਾਲ,
ਗਰੀਬਾਂ-ਮਜ਼ਲੂਮਾਂ ਦਾ ਖੂਨ ਪੀਣ `ਤੇ ਉਨ੍ਹਾਂ ਦ ਖੂਨ ਚੂਸਣ ਦਾ।
“ਕੁਬੁਧਿ ਡੂਮਣੀ ਕੁਦਇਆ ਕਸਾਇਣਿ” -
ਇਸ
ਤੋਂ ਅਗੇ ਸਲੋਕ ਲੈ ਰਹੇ ਹਾਂ ਇਹ ਸਲੋਕ।
ਸਲੋਕ ਹੈ:
“ਸਲੋਕ ਮਃ ੧
॥
ਕੁਬੁਧਿ ਡੂਮਣੀ ਕੁਦਇਆ ਕਸਾਇਣਿ ਪਰ ਨਿੰਦਾ ਘਟ ਚੂਹੜੀ ਮੁਠੀ ਕ੍ਰੋਧਿ ਚੰਡਾਲਿ॥ ਕਾਰੀ ਕਢੀ ਕਿਆ ਥੀਐ
ਜਾਂ ਚਾਰੇ ਬੈਠੀਆ ਨਾਲਿ॥ ਸਚੁ ਸੰਜਮੁ ਕਰਣੀ ਕਾਰਾਂ ਨਾਵਣੁ ਨਾਉ ਜਪੇਹੀ॥ ਨਾਨਕ ਅਗੈ ਊਤਮ ਸੇਈ ਜਿ
ਪਾਪਾਂ ਪੰਦ ਨ ਦੇਹੀ॥ ੧ ॥”
(ਪੰ: ੯੧)
ਖੂਬੀ ਇਹ ਹੈ ਕਿ ਇਥੇ ਵੀ ਮਾਸ ਵਿਰੋਧੀ ਸੱਜਣਾ ਨੇ ਸ਼ਾਇਦ ਜਲਦਬਾਜ਼ੀ `ਚ ਇਸ
ਸਲੋਕ `ਚ ਆਏ ਲਫ਼ਜ਼ ‘ਕੁਦਇਆ, ਕਸਾਇਣਿ’ ਕਾਰਣ ਸਲੋਕ ਨੂੰ ਮਾਸ ਵਿਰੋਧੀ ਮੰਨ ਲਿਆ, ਜਦਕਿ ਇਥੇ
ਵੀ ਇਹੋ ਜਹੀ ਕੋਈ ਗਲ ਨਹੀਂ। ਇਸ ਸ਼ਬਦ `ਚ ਤਾਂ ਬ੍ਰਾਹਮਣ ਵਲੋਂ ਪੈਦਾ ਕੀਤੀ ਸੁੱਚ-ਭਿੱਟ, ਜਾਤ-ਵਰਣ
ਅਤੇ ਉਸਦੇ ਕਰਮਕਾਂਡਾ ਦਾ ਹੀ ਵਿਰੋਧ ਹੈ। ਮਾਸ ਦੇ ਭੋਜਨ ਦਾ ਤਾਂ ਇਸ ਸਲੋਕ `ਚ ਜ਼ਿਕਰ ਤੀਕ ਵੀ ਅਤੇ
ਨਾ ਹੀ ਮਾਸ ਦਾ ਵਿਸ਼ਾ ਹੀ ਹੈ।
ਆਓ!
ਪਹਿਲਾਂ ਜ਼ਰਾ ਸਲੋਕ ਦੇ ਅਰਥਾਂ ਦੇ ਝਾਤ ਮਾਰੀਏ:
“ਭੈੜੀ ਮਤ (ਮਨੁੱਖ ਦੇ ਅੰਦਰ ਦੀ) ਮਿਰਾਸਣ
ਹੈ, ਬੇ-ਤਰਸੀ ਕਸਾਇਣ ਹੈ, ਪਰਾਈ ਨਿੰਦਿਆ ਅੰਦਰ ਦੀ ਚੂਹੜੀ ਹੈ, ਤੇ ਕ੍ਰੋਧ ਚੰਡਾਲਣੀ (ਹੈ ਜਿਸ) ਨੇ
(ਜੀਵ ਦੇ ਸ਼ਾਂਤ ਸੁਭਾਉ ਨੂੰ) ਠੱਗ ਰੱਖਿਆ ਹੈ
।
ਜੇ ਇਹ ਚਾਰੇ ਅੰਦਰ ਹੀ ਬੈਠੀਆਂ ਹੋਣ, ਤਾਂ
(ਬਾਹਰ ਚੌਂਕਾ ਸੁੱਚਾ ਰੱਖਣ ਲਈ) ਲਕੀਰਾਂ ਕੱਢਣ ਦਾ ਕੀਹ ਲਾਭ?
ਹੇ ਨਾਨਕ! ਜੋ ਮਨੁੱਖ ‘ਸੱਚ’ ਨੂੰ (ਚੌਂਕਾ
ਸੁੱਚਾ ਕਰਨ ਦੀ) ਜੁਗਤਿ ਬਣਾਂਦੇ ਹਨ, ਉੱਚੇ ਆਚਰਨ ਨੂੰ (ਚੌਂਕੇ ਦੀਆਂ) ਲਕੀਰਾਂ ਬਣਾਂਦੇ ਹਨ, ਜੋ
ਨਾਮ ਜਪਦੇ ਤੇ ਇਸ ਨੂੰ (ਤੀਰਥ) ਇਸ਼ਨਾਨ ਸਮਝਦੇ ਹਨ, ਜੋ ਹੋਰਨਾਂ ਨੂੰ ਭੀ ਪਾਪਾਂ ਵਾਲੀ ਸਿੱਖਿਆ
ਨਹੀਂ ਦੇਂਦੇ, ਉਹ ਮਨੁੱਖ ਪ੍ਰਭੂ ਦੀ ਹਜ਼ੂਰੀ ਵਿੱਚ ਚੰਗੇ ਗਿਣੇ ਜਾਂਦੇ ਹਨ
।
੧। (ਧੰਨਵਾਦਿ ਸਹਿਤ ਗੁ: ਗ੍ਰ: ਸਾਹਿਬ ਦਰਪਣ
ਪ੍ਰੋ: ਸਾਹਿਬ ਸਿੰਘ ਜੀ)।
“ਮਃ ੧॥
ਲਾਹੌਰ ਸਹਰੁ
ਜਹਰੁ ਕਹਰੁ ਸਵਾ ਪਹਰ” - ਇਹ ਦੋ ਜੁੜਵੇਂ
ਸਲੋਕ ਅਤੇ ਦੋਵੇਂ ਸਲੋਕ ਹੀ ਜੁੜਵੇਂ ਅਰਥਾਂ `ਚ ਹਨ।
ਸਲੋਕ ਹਨ:
“ਮਃ ੧
॥
ਲਾਹੌਰ ਸਹਰੁ ਜਹਰੁ ਕਹਰੁ ਸਵਾ ਪਹਰੁ॥ ੨੭ ॥ ਮਹਲਾ ੩॥ ਲਾਹੌਰ ਸਹਰੁ ਅੰਮ੍ਰਿਤ ਸਰੁ ਸਿਫਤੀ ਦਾ ਘਰੁ॥
੨੮ ॥”
(ਪੰ: ੧੪੧੨)
ਦਰਅਸਲ ਇਥੇ ਵੀ ਮਾਸ ਵਿਰੋਧੀ ਸੱਜਣਾ ਨੇ ਪਹਿਲੇ ਪਾਤਸ਼ਾਹ ਦੇ ਸਲੋਕ ਨੰ: ੨੭
ਤੋਂ ਅਰਥ ਲੈਣ ਸਮੇਂ ਅਪਣੀ ਬਣ ਚੁੱਕੀ ਮਾਸ ਵਿਰੁਧ ਸੋਚਣੀ ਦੇ ਆਧਾਰ ਤੇ ਹੀ ਅਰਥ ਲੈਣ `ਚ ਕੁੱਝ ਜਲਦ
ਬਾਜ਼ੀ ਕੀਤੀ, ਜਿਸਤੋਂ ਧੋਖਾ ਖਾ ਗਏ। ਇਸ ਲਈ ਜ਼ਰੂਰੀ ਹੋ ਜਾਂਦਾ ਹੈ ਕਿ ਪਹਿਲਾਂ ਸਲੋਕ ਦੇ ਅਸਲ
ਅਰਥਾਂ ਨੂੰ ਸਮਝਣ ਦਾ ਜਤਨ ਕੀਤਾ ਜਾਵੇ ਜਿਸਤੋਂ ਭੁਲੇਖਾ ਮੁੱਕਦੇ ਦੇਰ ਨਹੀਂ ਲਗੇਗੀ।
ਚੇਤੇ ਰਹੇ! ਸਲੋਕ ਨੰ: ੨੭ ਗੁਰੂ ਨਾਨਕ ਪਾਤਸ਼ਾਹ ਦੀ ਉਸੇਤਰ੍ਹਾਂ ਦੀ ਰਚਨਾ
ਹੈ ਜਿਸਤਰ੍ਹਾਂ ਬਾਬਰ ਦੇ ਹਮਲੇ ਨਾਲ ਸੰਬੰਧਤ ਚਾਰ ਸ਼ਬਦ ਹੋਰ ਵੀ ਆਏ ਹਨ।
ਇਨ੍ਹਾਂ ਚਾਰਾਂ ਸ਼ਬਦਾਂ ਵਿਚੋਂ ਗੁਰਦੇਵ ਦਾ ਰਾਗ
ਤਿਲੰਗ ਪੰਨਾ ੭੨੨ ਉਪਰ ਬਾਬਰ ਦੇ ਹਮਲੇ ਤੋਂ ਪਹਿਲਾਂ ਅਤੇ ਭਵਿਖ ਵਾਚ (ਬਾਣੀ) ਵਜੋਂ ਹੈ ਅਤੇ ਸ਼ਬਦ
ਹੈ:
“ਜੈਸੀ
ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ … “
ਗੁਰਦੇਵ ਨੇ ਇਸ ਸ਼ਬਦ ਰਾਹੀਂ ਚੇਤਾਵਣੀ ਦਿਤੀ
ਹੈ ਕਿ ‘ਇਹ ਲਾਹੋਰ ਵਾਸੀਉ! ਬਾਬਰ ਦਾ ਜ਼ਬਰਦਸਤ ਹਮਲਾ ਹੋਣ ਵਾਲਾ ਹੈ. .”
।
ਇਸ ਬਾਰੇ ਇਸ ਸ਼ਬਦ `ਚ ਹੀ ਗੁਰਦੇਵ ਦਾ
ਭਵਿਖ ਵਾਕ ਹੈ:
“ਖੂਨ
ਕੇ ਸੋਹਿਲੇ ਗਾਵੀਅਹਿ ਨਾਨਕ ਰਤੁ ਕਾ ਕੁੰਗੂ ਪਾਇ ਵੇ ਲਾਲੋ …
ਕਾਇਆ ਕਪੜੁ ਟੁਕੁ ਟੁਕੁ ਹੋਸੀ ਹਿਦੁਸਤਾਨੁ
ਸਮਾਲਸੀ ਬੋਲਾ”
।
ਦਰਅਸਲ ਜਿਸ ਸਮੇਂ ਭਾਰਤ ਉਪਰ ਬਾਬਰ ਦਾ ਇਹ ਹਮਲਾ ਹੋਣਾ ਸੀ ਉਸ ਸਮੇਂ ਭਾਰਤ
`ਚ ਲੋਧੀ ਵੰਸ਼ (ਅਫ਼ਗਾਨੀਆ) ਦਾ ਰਾਜ ਸੀ। ਗੁਰਦੇਵ ਦਾ ਫ਼ੁਰਮਾਨ ਸੀ ਇਸ ਸਮੇਂ ਸਮਾਜ ਦੇ ਤਿੰਨੇ ਪੱਖ
ਅਪਣੇ-ਅਪਣੇ ਫ਼ਰਜ਼ਾਂ ਤੋਂ ਅਵੇਸਲੇ ਹੋਏ ਪਏ ਹਨ, ਕੋਈ ਵੀ ਅਪਣਾ ਫ਼ਰਜ਼ ਨਹੀਂ ਪਛਾਣ ਰਿਹਾ।
ਸਮਾਜ ਦੇ ਇਹ ਤਿੰਨੇ ਪੱਖ ਜੋ ਇਸ ਸ਼ਬਦ ਰਾਹੀਂ ਗੁਰਦੇਵ ਨੇ ਸਪੱਸ਼ਟ ਕੀਤੇ ਇਹ
ਸਨ: ਪਹਿਲਾ, ਰਾਜਸ਼ਾਹੀ, ਜਿਸਦਾ ਫ਼ਰਜ਼ ਹੈ ਨੇੜੇ ਭਵਿਖ `ਚ ਹੋਣ ਵਾਲੇ ਹਮਲੇ ਵਿਰੁਧ ਤਿਆਰੀ ਕਰਕੇ
ਜੰਤਾਂ ਦੀ ਰਾਖੀ ਕਰਨਾ। ਇਸਦੇ ਉਲਟ ਰਾਜਸੀ ਲੋਕ ਕੇਵਲ ਬੇਗਮਾ-ਹਰਮਾਂ `ਚ ਮੱਸਤ, ਗਰੀਬਾਂ-ਮਜ਼ਲੂਮਾਂ
ਤੇ ਜੰਤਾ ਦਾ ਖੂਨ ਹੀ ਚੂਸ ਰਹੇ ਸਨ।
ਇਸਤੋਂ ਬਾਦ ਵਾਰੀ ਆਉਂਦੀ ਹੈ ਧਾਰਮਕ ਆਗੂਆਂ ਦੀ-ਧਾਰਮਿਕ ਆਗੂਆਂ ਦਾ ਫ਼ਰਜ਼ ਹੈ
ਲੋਕਾਂ ਦਾ ਜੀਵਨ ਉਚਾ ਚੁੱਕਣਾ। ਉਨ੍ਹਾਂ ਨੂੰ ਕਰਤੇ ਨਾਲ ਜੋੜਕੇ ਸਦਾਚਾਰਕ ਪਖੋਂ ਉਨ੍ਹਾਂ ਦੀ ਰਾਖੀ
ਕਰਨੀ। ਪਰ ਇਥੇ ਵੀ ਬ੍ਰਾਹਮਣ ਹਨ ਭਾਵੇਂ ਕਾਜ਼ੀ-ਮੋਲਵੀ। ਇਹ ਦੋਵੇਂ ਅਪਣੇ ਫ਼ਰਜ਼ਾਂ ਨੂੰ ਭੁਲਾ ਕੇ
ਲੋਕਾਈ ਦੇ ਜੀਵਨ ਨਾਲ ਖਿਲਵਾੜ ਕਰ ਰਹੇ ਹਨ, ਧਰਮ ਦੇ ਨਾਮ ਤੇ ਵਹਿਮ-ਸਹਿਮ, ਡਰ-ਭਰਮ, ਵਰ-ਸਰਾਪ,
ਯਗਾਂ-ਤੱਸਬੀਆਂ-ਮੰਤਰ ਰੱਟਣ, ਉਪਾਅ ਆਦਿ ਦੇ ਢੋਂਗ ਰਚਕੇ ਅਣਜਾਣ ਲੋਕਾਈ ਦੀ ਲੁੱਟ-ਖੋਹ `ਚ ਲਗੇ ਹੋਏ
ਹਨ।
ਇਸੇਤਰ੍ਹਾਂ ਤੀਜੇ ਨੰਬਰ ਤੇ ਆਉਂਦੀ ਹੈ, ਆਮ ਲੋਕਾਈ। ਪਰ ਉਹ ਵੀ ਮਨੁੱਖਾ
ਜੀਵਨ ਦੀ ਅਮੁਲਤਾ ਨੂੰ ਭੁੱਲੀ, ਪੂਰੀ ਤਰ੍ਹਾਂ ਧੰਨ-ਦੌਲਤ, ਜੁਆਨੀ ਦੇ ਨਸ਼ੇ ਦਾ ਸ਼ਿਕਾਰ ਹੋਕੇ
ੲੈਸ਼ੋ-ਇਸ਼ਰਤ `ਚ ਅੰਨੀ ਹੋਈ ਪਈ ਹੈ।
ਗੁਰਦੇਵ ਦੀ ਵਕਤੋਂ ਪਹਿਲਾਂ ਚੇਤਾਵਣੀ ਸੀ, ਅਜੇ ਸਮਾਂ ਹੈ, ਸੰਭਲ ਸਕਦੇ ਹੋ,
ਬਾਦ `ਚ ਪਛਤਾਉਣ ਦਾ ਲਾਭ ਨਹੀਂ ਹੋਵੇਗਾ। ਉਪ੍ਰੋਕਤ ਸ਼ਬਦ ਰਾਹੀਂ ਗੁਰਦੇਵ ਨੇ ਸਮਾਜ ਦੇ ਇਨ੍ਹਾਂ
ਤਿੰਨਾ ਵਰਗਾਂ ਨੂੰ ਸਮੇਂ ਸਿਰ ਝੰਜੋੜਿਆ ਤੇ ਸੁਚੇਤ ਕੀਤਾ ਸੀ।
ਇਸਤੋਂ ਬਾਦ ਬਾਕੀ ਤਿੰਨ ਸ਼ਬਦ ਆਸਾ ਰਾਗ `ਚ ਹਮਲੇ ਤੋਂ ਬਾਦ ਦੇ ਹਾਲਾਤ ਦਾ
ਵਰਣਨ ਹਨ, ਜਿਨ੍ਹਾਂ `ਚ ਉਸ ਤਬਾਹੀ ਦਾ ਵੇਰਵਾ ਹੈ ਜੋ ਹਮਲੇ ਕਾਰਣ ਹੋਈ। ਇਸਤਰ੍ਹਾਂ ਇਸ ਹਮਲੇ ਦੇ
ਸੰਬੰਧ `ਚ ਕੁਲ ਚਾਰ ਸ਼ਬਦ ਉਚਾਰਣ ਹੋਏ ਹਨ।
ਹਮਲੇ ਤੋਂ ਪਹਿਲਾਂ ਇੱਕ ਅਤੇ ਹਮਲੇ ਤੋਂ ਬਾਦ ਆਸਾ ਰਾਗ `ਚ ਤਿੰਨ ਜੋ
ਇਸਤਰ੍ਹਾਂ ਹਨ:
੧) “ਆਸਾ ਮਹਲਾ ੧
॥
ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ॥ ਆਪੈ
ਦੋਸੁ ਨ ਦੇਈ ਕਰਤਾ ਜਮੁ ਕਰਿ ਮੁਗਲੁ ਚੜਾਇਆ …
(ਪੰ: ੩੬੦)
੨) ਰਾਗੁ ਆਸਾ ਮਹਲਾ ੧ ਅਸਟਪਦੀਆ ਘਰੁ ੩ ੴ ਸਤਿਗੁਰ ਪ੍ਰਸਾਦਿ॥ ਜਿਨ ਸਿਰਿ
ਸੋਹਨਿ ਪਟੀਆ ਮਾਂਗੀ ਪਾਇ ਸੰਧੂਰੁ॥
ਸੇ ਸਿਰ ਕਾਤੀ
ਮੁੰਨੀਅਨਿ੍ਹ੍ਹ ਗਲ ਵਿਚਿ ਆਵੈ ਧੂੜਿ…
(ਪੰ: ੪੧੭)
੩) ਆਸਾ ਮਹਲਾ ੧॥ ਕਹਾ ਸੁ ਖੇਲ ਤਬੇਲਾ ਘੋੜੇ ਕਹਾ ਭੇਰੀ ਸਹਨਾਈ॥
ਕਹਾ ਸੁ ਤੇਗਬੰਦ ਗਾਡੇਰੜਿ ਕਹਾ ਸੁ ਲਾਲ ਕਵਾਈ…
(ਪੰ: ੪੧੭)
ਸੰਮਤ ੧੫੭੮ `ਚ ਬਾਬਰ ਦੇ ਹਮਲੇ ਸਮੇਂ ਲਾਹੌਰ `ਚ ਲਗਾਤਾਰ ਸਵਾ ਪਹਿਰ ਤੀਕ
ਕਹਿਰ ਦਾ ਵਰਤਾਰਾ ਤੇ ਤਾਂਡਵ ਹੋਇਆ। ਉਸ ਤੱਬਾਹੀ ਦਾ ਜੋ ਵੇਰਵਾ ਉਪ੍ਰੋਕਤ ਤਿੰਨ ਸ਼ਬਦਾਂ `ਚ ਆਇਆ ਹੈ
ਉਸੇ ਨੂੰ ਹੀ ਗੁਰਦੇਵ ਨੇ ਸਲੋਕ ਨੰ: ੨੭ “ਲਾਹੌਰ ਸਹਰੁ ਜਹਰੁ ਕਹਰੁ ਸਵਾ ਪਹਰੁ” `ਚ ਵੀ
ਅਤੀ ਸੰਖੇਪ ਕਰਕੇ ਬਿਆਨਿਆ ਹੈ। ਫ਼ੁਰਮਾਇਆ ਹੈ ਕਿ ਬਾਬਰ ਦੇ ਹਮਲੇ ਸਮੇਂ ਲਾਹੌਰ `ਚ ਲਗਾਤਾਰ ‘ਸਵਾ
ਪਹਿਰ ਤੀਕ’ ਬਹੁਤ ਵੱਡੀ ਤੱਬਾਹੀ ਅਤੇ ਕਤਲੋਗ਼ਾਰਤ ਹੋਈ। ਦਰਅਸਲ ਉਪ੍ਰੋਕਤ ਤਿਨਾਂ ਸ਼ਬਦਾਂ `ਚ ਅਤੇ
ਹੱਥਲੇ ਸਲੋਕ ਨੰ: ੨੭ `ਚ ਵੀ ਬਾਬਰ ਦੇ ਉਸੇ ਤਾਂਡਵ ਦਾ ਵੇਰਵਾ ਹੈ ਜਿਸਨੂੰ ਗੁਰਦੇਵ ਨੇ “ਜੈਸੀ
ਮੈ ਆਵੈ ਖਸਮ ਕੀ ਬਾਣੀ. .” ਵਾਲੇ ਸ਼ਬਦ `ਚ ਹਮਲੇ ਤੋਂ ਪਹਿਲਾਂ ਭਵਿਖ ਬਾਣੀ ਦੇ ਤੌਰ ਤੇ ਜ਼ਿਕਰ
ਕੀਤਾ ਸੀ।
ਇਥੇ ਖਾਸ ਧਿਆਨ ਕਰਨ ਵਾਲੀ ਗਲ ਇਹ ਵੀ ਹੈ ਕਿ ਇਹ ਹੱਥਲਾ ਸਲੋਕ, “ਸਲੋਕ
ਵਾਰਾਂ ਦੇ ਵਧੀਕ” `ਚ ਦਰਜ ਹੋਇਆ ਹੈ।
ਉਥੇ
ਸਲੋਕ ਤਾਂ ਚਲ ਰਹੇ ਹਨ ਪਹਿਲੇ ਪਾਤਸ਼ਾਹ ਦੇ ਪਰ ਪੰਚਮ ਪਾਤਸ਼ਾਹ ਨੇ ਸੰਪਾਦਨਾ ਸਮੇਂ ਅਚਾਨਕ ਹੀ ਪਹਿਲੇ
ਪਾਤਸ਼ਾਹ ਦੇ ਸਲੋਕਾਂ `ਚ ਸਲੋਕ ਨੰ: ੨੭ ਤੋਂ ਬਾਦ ਸਲੋਕ ਨੰ: ੨੮
“ਲਾਹੌਰ ਸਹਰੁ ਅੰਮ੍ਰਿਤ ਸਰੁ ਸਿਫਤੀ ਦਾ ਘਰੁ”
(ਪੰ: ੧੪੧੨) ਜੋਕਿ
ਤੀਜੇ ਪਾਤਸ਼ਾਹ ਦਾ ਹੈ ਦਰਜ ਕਰ ਦਿੱਤਾ।
ਕਾਰਣ ਸੀ ਕਿ ਸਲੋਕ ਨੰ: ੨੮ ਉਸੇ ਸਲੋਕ ਨੰ: ੨੭ ਦੇ ਵਿਸ਼ੇ ਨਾਲ ਸੰਬੰਧਤ ਸੀ ਅਤੇ ਉਸੇ ਦੀ ਲੜੀ `ਚ
ਸੀ।
ਸਲੋਕ ਨੰ: ੨੮ `ਚ ਤੀਜੇ ਪਾਤਸ਼ਾਹ ਫ਼ੁਰਮਾਂਦੇ ਹਨ ਕਿ ਉਹੀ ਲਾਹੌਰ ਜਿੱਥੇ
ਬਾਬਰ ਦੇ ਹਮਲੇ ਸਮੇਂ ਲਗਾਤਾਰ ਸਵਾ ਪਹਿਰ ਕਹਿਰ ਵਰਤਿਆ, ਕਤਲੋ ਗਾਰਤ ਤੇ ਬਰਬਾਦੀ ਦਾ ਨੰਗਾ ਨਾਚ
ਹੋਇਆ, ਉਸੇ ਲਾਹੌਰ `ਚ ਜਦੋਂ ਗੁਰੂਨਾਨਕ ਪਾਤਸ਼ਾਹ ਰਾਹੀਂ ਗੁਰਬਾਣੀ ਅੰਮ੍ਰਿਤ ਦੀ ਵਰਖਾ ਆਰੰਭ ਹੋਈ
ਤਾਂ ਲਾਹੌਰ ਸ਼ਹਿਰ, ਅੰਮ੍ਰਿਤਸਰ `ਚ ਤਬਦੀਲ ਹੋ ਗਿਆ।
ਖਾਸ ਗਲ ਤਾਂ ਇਹ ਹੈ ਕਿ ਸਲੋਕ ਨੰ: ੨੭ ਅਤੇ ਇਸਤੋਂ ਬਾਦ ਸਲੋਕ ਨੰ: ੨੮
ਦੋਵੇਂ ਸੰਬੰਧਤ ਹਨ। ਇੱਕ ਦਾ ਸੰਬੰਧ ਹਮਲੇ ਸਮੇਂ ਹੋਈ ਕਤਲੋਗ਼ਾਰਤ ਤੇ ਤੱਬਾਹੀ ਨਾਲ ਹੈ ਅਤੇ ਸਲੋਕ
ਨੰ: ੨੮ ਰਾਹੀਂ ਦਸਿਆ ਹੈ ਕਿ ਸਥਾਨ ਭਾਵੇਂ ਕੋਈ ਵੀ ਕਿਉਂ ਨਾ ਹੋਵੇ ਪਰ ਜਿਸ ਸਥਾਨ ਤੇ ਗੁਰਬਾਣੀ ਦੀ
ਵਰਖਾ ਹੋਵੇ ਉਥੇ ‘ਜ਼ਹਿਰ ਕਹਿਰ’ ਵਾਲੀ ਗਲ ਨਹੀਂ ਰਹਿ ਜਾਂਦੀ ਬਲਕਿ ਉਹੀ ਸਥਾਨ ‘ਅੰਮ੍ਰਿਤਸਰ’ `ਚ
ਤੱਬਦੀਲ ਹੋ ਜਾਂਦਾ ਹੈ।
ਮਹਾਨ ਕੋਸ਼ ਅਨੁਸਾਰ-
ਇਥੇ ਹੀ ਬਸ ਨਹੀਂ ਇਸ ਬਾਰੇ ਪੰਥ ਦੇ ਮਹਾਨ ਵਿਦਵਾਨ ਭਾਈ ਕਾਨ੍ਹ ਸਿੰਘ ਜੀ ਨਾਭਾ ਇਸ ਸਲੋਕ “ਲਾਹੋਰ
ਸਹਰੁ ਜਹਰੁ ਕਹਰੁ ਸਵਾ ਪਹਰੁ” ਬਾਰੇ ਲਿਖਦੇ ਹਨ।
“ਲਵਪੁਰ, ਲਾਹੌਰ. ਦੇਖੋ, ਲਹੌਰ.”ਲਾਹੋਰ ਸਹਰੁ ਜਹਰੁ ਕਹਰੁ ਸਵਾ ਪਹਰੁ”
(ਸਲੋਕ ਮਃ ੧) “ਲਾਹੋਰ ਸਹਰੁ ਅਮ੍ਰਿਤਸਰ ਸਿਫਤੀ ਦਾ ਘਰ,” (ਸਲੋਕ ਮਃ ੩) ਸ਼੍ਰੀ ਗੁਰੂ ਨਾਨਕਦੇਵ ਜੀ
ਜਿਸ ਸਮੇਂ ਲਹੌਰ ਪਧਾਰੇ, ਤਾਂ ਉਥੋਂ ਦੇ ਹਾਕਮਾਂ ਅਤੇ ਲੋਕਾਂ ਨੂੰ ਕੁਕਰਮਾਂ ਵਿੱਚ ਲੀਨ ਅਰ ਕਰਤਾਰ
ਤੋਂ ਵਿਮੁਖ ਦੇਖਕੇ ਇਹ ਵਾਕ ਉਚਾਰਿਆ, ਜਿਸ ਦਾ ਫਲ ਇਹ ਹੋਇਆ ਕਿ ਬਾਬਰ ਨੇ ਹਿੰਦੁਸਤਾਨ ਪੁਰ ਚੌਥਾ
ਹੱਲਾ ਸਨ ੧੫੨੪ (ਹਿਜਰੀ ੯੩੦) ਵਿੱਚ ਕਰਕੇ ਲਹੌਰ ਨੂੰ ਅੱਗ ਲਾਈ ਅਤੇ ਸਵਾ ਪਹਰ ਕਹਰ ਵਰਤਾਇਆ। ਇਸ
ਘਟਨਾ ਦਾ ਜਿਕਰ ਤੁਜਕਬਾਬਰੀ ਅਤੇ ਸੇਯਦ ਮੁਹੰਮਦ ਲਤੀਫ ਦੀ ਤਵਾਰੀਖ ਲਹੌਰ ਵਿੱਚ ਸਾਫ ਦਰਜ ਹੈ।
ਸਤਿਗੁਰੂ ਦੀ ਇਹ ਪੇਸ਼ੀਨਗੋਈ ਸੈਦਪੁਰ (ਏਮਨਾਬਾਦ) ਕਹੇ ਸ਼ਬਦ- “ਖੂਨ ਕੇ
ਸੋਹਿਲੇ ਗਾਵੀਅਹਿ ਨਾਨਕ, ਰਤੁ ਕਾ ਕੁੰਗੂ ਪਾਇ ਵੇ ਲਾਲੋ!” ਤੁੱਲ ਹੀ ਸੀ।
ਜਦ ਗੁਰੂ ਅਮਰਦੇਵ ਜੀ ਨੇ ਸੰਗਤਿ ਦੀ ਬੇਨਤੀ ਅਨੁਸਾਰ ਲਹੌਰ ਚਰਣ ਪਾਏ, ਤਾਂ
ਗੁਰੂ ਨਾਨਕ ਸ੍ਵਾਮੀ ਦੀ ਕ੍ਰਿਪਾ ਕਰਕੇ ਸਤਿਸੰਗ ਅਤੇ ਨਾਮ ਕੀਰਤਨ ਦਾ ਪ੍ਰਚਾਰ ਦੇਖਕੇ ਫਰਮਾਇਆ ਕਿ
ਜੋ ਲਹੌਰ ਸ਼ਹਿਰ ਜਹਿਰ ਕਹਿਰ ਦਾ ਅਧਿਕਾਰੀ ਸੀ, ਹੁਣ ਸਿਫਤੀ ਦਾ ਘਰ ਹੋਣ ਕਰਕੇ ਅਮ੍ਰਿਤਸਰੋਵਰ ਹੋ
ਗਿਆ ਹੈ”।
ਇਸ ਸਾਰੀ ਵਿਚਾਰ ਤੋਂ ਬਾਦ ਸਪੱਸ਼ਟ ਹੋ ਜਾਂਦਾ ਹੈ ਇਨ੍ਹਾਂ ਸਲੋਕਾਂ ਜਾਂ
ਸਲੋਕ ਨੰ: ੨੭ “ਲਾਹੌਰ ਸਹਰੁ ਜਹਰੁ ਕਹਰੁ ਸਵਾ ਪਹਰੁ” `ਚ, ਜਿਵੇਂ ਕਿ ਮਾਸ ਵਿਰੋਧੀ ਸੱਜਣਾ
ਨੇ ਟੱਪਲਾ ਖਾਧਾ ਹੈ ਪਰ ਇਥੇ ਕਿੱਧਰੇ ਵੀ ਬੱਕਰਿਆਂ, ਮੁਰਗਿਆਂ, ਮੱਛੀਆਂ ਦੇ ਮਾਸ ਦੀ ਗਲ ਹੀ ਨਹੀਂ।
ਗੁਰਬਾਣੀ ਦੇ ਸਿੱਖ ਹੋਣ ਦੇ ਨਾਤੇ ਸਾਨੂੰ ਇਹ ਗਲ ਧਿਆਨ `ਚ ਰਖਣੀ ਚਾਹੀਦੀ ਕਿ ਗੁਰਬਾਣੀ ਚੋਂ ਕਿਸੇ
ਇਕ-ਅੱਧੀ ਪੰਕਤੀ ਨੂੰ ਚੁੱਕ ਕੇ ਉਸਦੇ ਪ੍ਰਕਰਣ ਤੋਂ ਅੱਡ ਹੋਕੇ ਅਪਣੇ ਮਨ-ਮਰਜ਼ੀ ਦੇ ਅਰਥ ਦਾ ਸਾਨੂੰ
ਹੱਕ ਨਹੀਂ ਬਲਕਿ ਇਹ ਤਾਂ ਗੁਰਬਾਣੀ ਦੀ ਬਹੁਤ ਵੱਡੀ ਬੇਅਦਬੀ ਹੈ। ਇਥੋਂ ਤੀਕ, ਜੇਕਰ ਸਲੋਕ ਨੰ: ੨੭
ਤਾਂ ਲੈ ਲਵਾਂਗੇ ਅਤੇ ਉਸ ਨਾਲ ਸਲੋਕ ਨੰ: ੨੮ ਜਿਸਨੂੰ ਪੰਜਵੇਂ ਪਾਤਸ਼ਾਹ ਨੇ ਆਪ ਸਲੋਕ ਨੰ: ੨੭ ਨਾਲ
ਸੰਬੰਧਤ ਦਸਿਆ ਹੈ, ਨਹੀਂ ਲਵਾਂਗੇ ਤਾਂ ਕੁਰਾਹੇ ਪੈਣ ਦਾ ਚਾਂਸ ਕੁੱਦਰਤੀ ਹੈ। ਇਸਤੋਂ ਵੀ ਹੋਰ ਅਗੇ
ਟੱਪਕੇ ਜੇਕਰ ਅਸਾਂ ਪੂਰਾ ਸਲੋਕ ਹੀ ਛੱਡ ਦਿਤਾ ਅਤੇ ਵਿਚੋਂ ਕੇਵਲ ਇੰਨੇ ਲਫ਼ਜ਼ ਹੀ ਚੁਕ ਲਏ “ਜਹਰੁ
ਕਹਰੁ ਸਵਾ ਪਹਰੁ” ਤਾਂ ਗਲਤ ਅਰਥ-ਪ੍ਰਭਾਵ ਦੇਣ ਲਈ ਸਾਡੇ ਤੋਂ ਵੱਧ ਦੋਸ਼ੀ ਕੌਣ ਹੋਵੇਗਾ?
ਮੁਰਗੇ, ਮੱਛੀਆਂ ਬਕਰਿਆਂ ਦਾ ਵਿਸ਼ਾ ਨਹੀਂ,
ਸਲੋਕ ਨੰ: ੨੭-
ਇਥੇ ਵਿਚਾਰ ਮੰਗਦੀ
ਗਲ ਇਹ ਹੈ ਜੇਕਰ ਸਲੋਕ ਨੰ: ੨੭ ਨਾਲ ਅਸੀਂ ਉਸ ਸਮੇਂ ਦੇ ਰਾਜਸੀ ਕੁੱਕਰਮਾ-ਜ਼ੁਲਮਾ ਦੀ ਗਲ ਨੂੰ ਪਿਛੇ
ਛੱਡਕੇ ਬਦੋਬਦੀ ਮੁਰਗੇ, ਮੱਛੀਆਂ, ਬਕਰਿਆਂ ਦੇ ਮਾਸ ਦੀ ਗਲ ਹੀ ਜੋੜਣੀ ਚਾਹਾਂਗੇ ਤਾਂ ਸਲੋਕ ਨੂੰ ੨੮
ਦੇ ਕਿਹੜੇ ਅਰਥ ਕਰਾਂਗੇ? ਜਦਕਿ “ਗੁਰੂ ਗ੍ਰੰਥ ਸਾਹਿਬ” ਜੀ ਦੀ ਸੰਪਾਦਨਾ ਅਨੁਸਾਰ ਇਹ ਦੋਵੇਂ ਸਲੋਕ
ਜੁੜਵੇਂ ਅਤੇ ਸੰਬੰਧਤ ਹਨ। ਇਨ੍ਹਾਂ ਨੂੰ ਨਿਖੇੜ ਕੇ ਅਰਥ ਕਰਣ ਦਾ ਹੱਕ, ਸਾਨੂੰ ਕਿਸਨੇ ਦਿੱਤਾ।
ਦੂਜੀ ਗਲ ਜੇਕਰ ਅਸੀਂ ਕਹਿੰਦੇ ਹਾਂ ਪਹਿਲੇ ਪਾਤਸ਼ਾਹ ਸਮੇਂ ਲਾਹੌਰ `ਚ
ਮੁਰਗੇ, ਬਕਰਿਆਂ, ਮੱਛੀਆਂ ਆਦਿ ਮਾਸ ਦੇ ਭੋਜਨ ਲਈ ਬਹੁਤ ਵਡੀ ਗਿਣਤੀ `ਚ ਇਹ ਜੀਵ ਵੱਢੇ-ਕੱਟੇ
ਜਾਂਦੇ ਸਨ ਤਾਂ ਸਾਨੂੰ ਇਹ ਵੀ ਨਹੀਂ ਭੁਲਣਾ ਚਾਹੀਦਾ ਕਿ ਅਫ਼ਗਾਨਾ ਤੋਂ ਇਕਦਮ ਬਾਦ ਮੁਗ਼ਲਾਂ ਦਾ ਰਾਜ
ਵੀ ਔਰੰਗਜ਼ੇਬ ਬਲਕਿ ਬਹਾਦੁਰਸ਼ਾਹ ਤੀਕ ਚਲਿਆ ਹੈ। ਪਹਿਲੇ ਪਾਤਸ਼ਾਹ ਵੇਲੇ ਵੀ ਉਨ੍ਹਾਂ ਦੀ ਰਾਜਧਾਨੀ
ਲਾਹੌਰ ਸੀ ਅਤੇ ਤੀਜੇ ਪਾਤਸ਼ਾਹ ਸਮੇਂ, ਜਦੋਂ ਕਿ ਸਲੋਕ ਨੂੰ ੨੮ “ਲਾਹੌਰ ਸਹਰੁ ਅੰਮ੍ਰਿਤ ਸਰੁ
ਸਿਫਤੀ ਦਾ ਘਰੁ” ਰਚਿਆ ਗਿਆ।
ਬ੍ਰਹਾਮਣੀ ਵਾਤਾਵਰਣ `ਚ ਜਨਮ ਲੈਣ ਕਰਕੇ, ਗੁਰਬਾਣੀ ਨੂੰ ਉਸਦੇ ਠੀਕ ਪਰੀਪੇਖ
`ਚ ਸਮਝੇ ਬਿਨਾ ਮਾਸ ਵਗੈਰਾ ਦੇ ਵਾਧੂ ਦੇ ਝੱਗੜੇ ਤਾਂ ਅਸਾਂ ਬਦੋਬਦੀ ਅਪਣੇ ਘਰ `ਚ ਆਪ ਪਾਲੇ ਹੋਏ
ਹਨ। ਜਦਕਿ ਮੁਸਲਮਾਨਾਂ `ਚ ਚਾਹੇ ਉਹ ਅਫ਼ਗਾਨ ਦੇ ਸਨ ਜਾਂ ਮੁਗ਼ਲ, ਉਨ੍ਹਾਂ ਵਿੱਚਕਾਰ ਤਾਂ ਇਹੋ ਜਿਹਾ
ਮਾਸ ਖਾਣ ਜਾਂ ਨਾ ਖਾਣ ਬਾਰੇ ਕੋਈ ਝਗੜਾ ਹੈ ਹੀ ਨਹੀਂ। ਮੁਸਲਮਾਨਾਂ ਲਈ ਤਾਂ ਇਥੋਂ ਤੀਕ ਮਸ਼ਹੂਰ ਹੈ
ਕਿ ਉਹ ਦਾਲ ਬਣਾਉਣ ਤਾਂ ਉਸ `ਚ ਵੀ ਗੰਢੀ ਮੀਟ ਦੀ ਜ਼ਰੂਰ ਪਾਂਦੇ ਹਨ ਤਾਕਿ ਜਨਮ ਤੋਂ ਹੀ ਉਨ੍ਹਾਂ ਦੇ
ਵੇਹੜੇ ਇਹੋ ਜਿਹਾ ਕੋਈ ਝੱਗੜਾ ਪੈਦਾ ਹੀ ਨਾ ਹੋਵੇ।
ਇਸਤਰ੍ਹਾਂ ਸੱਚਾਈ ਨੂੰ ਮੁੱਖ ਰਖਦੇ ਇਹ ਗਲ ਰਹਿ ਹੀ ਨਹੀਂ ਜਾਂਦੀ ਕਿ ਗੁਰੂ
ਨਾਨਕ ਸਮੇਂ ਲਾਹੌਰ `ਚ ਬਕਰੇ, ਮੁਰਗੇ, ਗਊਆਂ, ਮਝਾਂ ਆਦਿ ਵੱਧ ਵੱਢੇ ਜਾਂਦੇ ਸਨ ਅਤੇ ਉਸੇ ਇਸਲਾਮੀ
ਰਾਜ ਦੇ ਚਲਦੇ, ਤੀਜੇ ਪਾਤਸ਼ਾਹ ਸਮੇਂ ਲਾਹੌਰ’ ਚ ਇਹ ਕਟੌਣੇ ਬੰਦ ਹੋ ਗਏ ਜਿਸਤੋਂ ਕਿ ਤੀਜੇ ਪਾਤਸ਼ਾਹ
ਨੇ ਸਲੋਕ ਨੰ: ੨੮ `ਚ ਉਸਦੇ ਉਲਟ ਫ਼ੁਰਮਾਅ ਦਿੱਤਾ। ਇਸਤੋਂ ਇਲਾਵਾ ਜੇਕਰ ਸੱਚਮੁਚ ਹੀ ਪਹਿਲੇ ਪਾਤਸ਼ਾਹ
ਨੇ ਸਲੋਕ ਨੰ: ੨੭ “ਲਾਹੌਰ ਸਹਰੁ ਜਹਰੁ ਕਹਰੁ ਸਵਾ ਪਹਰੁ” ਮੁਰਗਿਆਂ, ਮੱਛੀਆਂ, ਬਕਰਿਆ ਦੀ
ਕੱਟ-ਵੱਢ ਵਿਰੁਧ ਹੀ ਉਚਾਰਣ ਕੀਤਾ ਹੁੰਦਾ ਤਾਂ ਤੀਜੇ ਪਾਤਸ਼ਾਹ ਸਮੇ ਇਸਲਾਮੀ ਰਾਜ ਤਾਂ ਸਾਰੇ ਭਾਰਤ
ਉਪਰ ਫੈਲ ਚੁਕਾ ਸੀ। ਇਹ ਮੁਰਗੇ, ਮੱਛੀਆਂ, ਬਕਰੇ ਹੀ ਨਹੀ ਬਲਕਿ ਕੇਵਲ ਲਾਹੌਰ `ਚ ਹੀ ਨਹੀ, ਉਥੇ
ਗਉਆਂ-ਮੱਝਾਂ ਤਾਂ ਸਾਰੇ ਭਾਰਤ `ਚ ਭਾਰੀ ਗਿਣਤੀ `ਚ ਕੱਟੀਆਂ ਜਾ ਰਹੀਆਂ ਸਨ। ਇੰਨਾ ਹੀ ਨਹੀਂ ਉਦੋ
ਦੀ ਗਲ ਤਾਂ ਦੂਰ, ਅਜ ਵੀ ਹਰੇਕ ਸ਼ਹਿਰ, ਇਲਾਕੇ ਅਤੇ ਸਟੇਟ `ਚ ਸਲਾਟਰ ਹਾਉਸ ਮੌਜੂਦ ਹਨ; ਤਾਂ ਫ਼ਿਰ
ਗੁਰਦੇਵ ਨੇ ਖਾਲੀ ਲਾਹੌਰ ਦਾ ਨਾਂ ਲੈ ਕੇ ਹੀ ਗਲ ਕਿਉਂ ਕਰਨੀ ਸੀ? ਫ਼ਿਰ ਗੁਰਬਾਣੀ ਤਾਂ ਹੈ ਹੀ
ਸਦੀਵੀ ਸੱਚ। ਬਾਣੀ ਦਾ ਕੋਈ ਵੀ ਅੰਗ ਕਦੇ ਵੀ ਕਿਸੇ ਵੱਕਤੀ ਲੋੜ ਦਾ ਵਿਸ਼ਾ ਨਹੀਂ। ਇਸਲਈ ਸਾਡਾ ਫ਼ਰਜ਼
ਬਣਦਾ ਹੈ ਕਿ ਜਦੋਂ ਵੀ ਗੁਰਬਾਣੀ ਦੇ ਕਿਸੇ ਵੀ ਅੰਗ ਨੂੰ ਲੈਣਾ ਹੈ ਤਾਂ ਗੁਰਬਾਣੀ ਪ੍ਰਮਾਣ ਨੂੰ
ਪੂਰੀ ਤਰ੍ਹਾਂ, ਗੁਰੂ ਦੇ ਨਿਰਮਲ ਭਉ `ਚ ਰਹਿ ਕੇ ਗੁਰਬਾਣੀ ਦੇ ਪੂਰੇ ਸਤਿਕਾਰ `ਚ ਸਮਝਿਆ, ਵਿਚਾਰਿਆ
`ਤੇ ਘੋਖਿਆ ਜਾਵੇ। ਗੁਰਬਾਣੀ ਕੇਵਲ ਕਵਿਤਾ ਨਹੀਂ ਸਾਡੀ ਜੀਵਨ ਜਾਚ ਵੀ ਹੈ।
ਇਕ ਹੋਰ ਅਨਰਥ ਸਲੋਕ ਨੰ: ੨੮ ਸੰਬੰਧੀ-
ਬੜੇ ਦੁਖ ਨਾਲ ਦੋਹਰਾਨਾ ਚਾਹੁੰਦੇ ਹਾਂ ਕਿ
ਮਾਸ ਦੇ ਵਿਸ਼ੇ ਤੇ ਤਾਂ ਇਸ ਸੰਬੰਧ `ਚ ਜੋ ਗੁੱਸਤਾਖੀ ਮਾਸ ਦੇ ਵਿਰੋਧੀ ਸੱਜਣਾ ਨੈ ਕੀਤੀ ਜਾਂ
ਉਨ੍ਹਾਂ ਤੋਂ ਹੋ ਗਈ ਉਹ ਵੱਖਰੀ। ਇਧਰ ਸਾਡੇ ਪੰਥਕ ਆਗੂਆਂ ਨੇ ਵੀ ਸਲੋਕ ਨੰ: ੨੮ ਵਿਚੋਂ ਅਧੀ ਪੰਕਤੀ
“ਅੰਮ੍ਰਿਤ ਸਰੁ ਸਿਫਤੀ ਦਾ ਘਰੁ” ਚੁੱਕ ਲਈ ਅਤੇ ਉਸਨੂੰ ਉਚੇਚੇ ਅੰਮ੍ਰਿਤਸਰ ਦੀ ਨਗਰੀ ਲਈ
ਇਸ ਪ੍ਰਭਾਵ `ਚ ਵਰਤਣਾ ਸ਼ੁਰੂ ਕਰ ਦਿੱਤਾ ਜਿਵੇਂ ਕਿ ਗੁਰਦੇਵ ਨੇ ਇਸਦਾ ਉਚਾਰਣ ਹੀ ਜੀਵਨ ਦੇ ਕਿਸੇ
ਸਦੀਵੀ ਸਿਧਾਂਤ ਜਾਂ ਸੇਧ ਲਈ ਨਹੀਂ ਬਲਕਿ ਅੰਮ੍ਰਿਤਸਰ ਦੀ ਨਗਰੀ, ਦਰਬਾਰ ਸਾਹਿਬ ਜਾਂ ਅੰਮ੍ਰਿਤਸਰ
ਦੇ ਸਰੋਵਰ ਲਈ ਹੀ ਕੀਤਾ ਹੋਵੇ। ਸ਼ੱਕ ਨਹੀਂ ਜੋ ਅੰਮ੍ਰਿਤਸਰ ਦੀ ਨਗਰੀ ਅਤੇ ਦਰਬਾਰ ਸਾਹਿਬ ਸਰੋਵਰ ਦੀ
ਸਿੱਖ ਧਰਮ `ਚ ਅਪਣੀ ਵਿਸ਼ੇਸ਼ਤਾ ਹੈ ਅਤੇ ਸਾਰੇ ਸੰਸਾਰ ਦੇ ਸਿੱਖਾਂ ਦਾ ਕੇਂਦਰੀ ਸਥਾਨ ਵੀ ਹੈ। ਫ਼ਿਰ
ਵੀ ਇਹ ਕਿਸਤਰ੍ਹਾਂ ਸੰਭਵ ਹੋ ਗਿਆ ਕਿ ਗੁਰਬਾਣੀ ਦੇ ਜਿਸ ਅੰਗ ਨੂੰ ਗੁਰੂ ਸਾਹਿਬ ਨੇ ਨਿਵੇਕਲੇ
ਅਰਥਾਂ `ਚ, ਆਤਮਿਕ ਜੀਵਨ ਲਈ ਵਰਤਿਆ ਹੈ, ਉਸਦੇ ਅਸੀਂ ਅਪਣੀ ਮਨ-ਮਰਜ਼ੀ ਦੇ ਅਰਥ ਪ੍ਰਚਲਤ ਕਰ ਦੇਵੀਏ।
“ਸੀਲੁ ਸੰਜਮੁ ਸੁਚ ਭੰਨੀ ਖਾਣਾ ਖਾਜੁ ਅਹਾਜੁ”
-ਇਹ
ਵੀ ਉਹ ਪੰਕਤੀ ਹੈ ਜਿਸ ਵਿਚੋਂ ਲਫ਼ਜ਼ ਕੇਵਲ “ਖਾਣਾ ਖਾਜੁ ਅਹਾਜੁ” ਨੂੰ ਆਧਾਰ ਬਣਾਕੇ, ਮਾਸ
ਵਿਰੋਧੀ ਸੱਜਣਾ ਨੇ ਇਸਨੂੰ ਮਾਸ ਵਿਰੋਧੀ ਪ੍ਰਚਾਰਿਆ ਹੈ। ਆਓ! ਇਸ ਸਲੋਕ `ਚ ਵੀ ਦਰਸ਼ਨ ਕਰੀਏ ਕਿ
ਇਥੇ ਵਿਸ਼ਾ ਕੀ ਹੈ ਅਤੇ ਵਿਰੋਧੀ ਸੱਜਣ ਕਿਸ ਪਾਸੇ ਜਾ ਰਹੇ ਹਨ।
ਇਹ ਪੂਰਾ ਸਲੋਕ ਇਸਤਰ੍ਹਾਂ ਹੈ
“ਮਃ ੧
॥
ਰੰਨਾ ਹੋਈਆ ਬੋਧੀਆ ਪੁਰਸ ਹੋਏ ਸਈਆਦ॥
ਸੀਲੁ ਸੰਜਮੁ ਸੁਚ ਭੰਨੀ ਖਾਣਾ ਖਾਜੁ ਅਹਾਜੁ॥
ਸਰਮੁ ਗਇਆ ਘਰਿ ਆਪਣੈ ਪਤਿ ਉਠਿ ਚਲੀ ਨਾਲਿ॥
ਨਾਨਕ ਸਚਾ ਏਕੁ ਹੈ ਅਉਰੁ ਨ ਸਚਾ ਭਾਲਿ॥ ੨ ॥
”
(ਪੰ: ੧੨੪੩)
ਇਸਦੇ ਅਰਥ ਹਨ- “(ਰੱਬ ਤੋਂ ਵਿੱਛੁੜ ਕੇ) ਮਨੁੱਖ
ਜ਼ਾਲਮ ਹੋ ਗਏ ਹਨ ਤੇ ਤੀਵੀਆਂ ਇਸ ਜ਼ੁਲਮ ਲਈ ਸਲਾਹਕਾਰ ਬਣ ਗਈਆਂ ਹਨ; ਮਿੱਠਾ ਸੁਭਾਉ, ਜੁਗਤਿ ਵਿੱਚ
ਰਹਿਣਾ, ਦਿਲ ਦੀ ਸਫ਼ਾਈ-ਇਹ ਸਭ ਗੱਲਾਂ ਦੂਰ ਹੋ ਗਈਆਂ ਹਨ ਤੇ ਵੱਢੀ ਆਦਿਕ ਹਰਾਮ ਮਾਲ ਇਹਨਾਂ ਲੋਕਾਂ
ਦਾ ਮਨ-ਭਾਉਂਦਾ ਖਾਣਾ ਹੋ ਗਿਆ ਹੈ; ਸ਼ਰਮ-ਹਯਾ ਕਿਤੇ ਆਪਣੇ ਵਤਨ ਚਲੀ ਗਈ ਹੈ (ਭਾਵ, ਇਹਨਾਂ ਮਨੁੱਖਾਂ
ਤੋਂ ਕਿਤੇ ਦੂਰ ਦੁਰੇਡੇ ਹੋ ਗਈ ਹੈ) ਅਣਖ ਗ਼ੈਰਤ ਭੀ ਸ਼ਰਮ-ਹਯਾ ਦੇ ਨਾਲ ਹੀ ਚਲੀ ਗਈ ਹੈ।
ਇਸਤੇ ਗੁਰੂ ਨਾਨਕ ਪਾਤਸ਼ਾਹ ਨਿਰਣਾ ਦੇਂਦੇ ਹਨ ਐ ਭਾਈ! (ਜੇ ‘ਸੀਲ ਸੰਜਮ’
ਆਦਿਕ ਗੁਣ ਲੱਭਣੇ ਹਨ, ਤਾਂ ਉਹਨਾਂ ਦਾ ਸੋਮਾ) ਸਿਰਫ਼ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਹੀ ਹੈ,
(ਇਹਨਾਂ ਗੁਣਾਂ ਲਈ) ਕੋਈ ਹੋਰ ਥਾਂ ਨਾ ਲੱਭੋ (ਭਾਵ, ਪ੍ਰਭੂ ਤੋਂ ਬਿਨਾ ਕਿਸੇ ਹੋਰ ਥਾਂ ਇਹ ਗੁਣ
ਨਹੀਂ ਮਿਲ ਸਕਦੇ)। ੨।”।
ਇਸ ਪੂਰੇ ਸਲੋਕ `ਚ ਦੇਖੋ! ਕਿੱਧਰੇ ਮਾਸ ਦੇ ਭੋਜਨ ਦਾ ਜ਼ਿਕਰ ਤੀਕ ਨਹੀਂ।
ਮਾਸ ਵਿਰੋਧੀ ਸੱਜਣਾ ਦੇ ਮੰਨ `ਚ ਚੂੰਕਿ ਨੁੱਕਤਾ ਹੀ ਇਕੋ ਕੇਂਦ੍ਰਤ ਹੋਇਆ ਪਿਆ ਹੈ ਕਿ ਸੰਸਾਰ ਭਰ
`ਚ ਇੱਕ ਮਾਸ ਹੀ ਅਜੇਹੀ ਚੀਜ਼ ਹੈ, ਜਿਹੜੀ ਕਿ ਉਨ੍ਹਾਂ ਦੀ ਸੋਚਣੀ ਮੁਤਾਬਕ ਜਿਸਦੇ ਲਈ ਅੱਭਖ, ਅਹਾਜ
(ਪਰਇਆ ਹੱਕ), ਅਭੱਖ, ਅਖਾਜ ਆਦਿ ਲਫ਼ਜ਼ ਆ ਸਕਦੇ ਹਨ। ਬਸ ਜਿੱਥੇ ਕੋਈ ਅਜੇਹਾ ਲਫ਼ਜ਼ ਜਿਵੇਂ ਇਥੇ
‘ਖਾਣਾ ਖਾਜੁ ਅਹਾਜੁ” ਆਇਆ ਨਹੀਂ ਕਿ ਉਸਨੂੰ ਪੱਕੜ ਕੇ ਇੱਕ ਦੱਮ ਮਾਸ ਦੇ ਭੋਜਨ ਵਾਲੇ ਵਿਸ਼ੇ ਵਲ
ਮੁੜ ਪਏ। ਬਸ ਇਹੀ ਸਮਸਿਆ ਹੈ ਇਸ ਸਲੋਕ ਨਾਲ ਵੀ। ਸਾਰੰਗ ਕੀ ਵਾਰ ਵਿਚਲੇ ਇਸ ਸਲੋਕ `ਚ ਜੋ ਵਿਸ਼ਾ
ਕੰਮ ਕਰ ਰਿਹਾ ਹੈ ਅਤੇ ਜੋ ਇਸ ਸਾਰੇ ਸਲੋਕ ਦਾ ਕੇਂਦ੍ਰ ਬਿੰਦੂ ਹੈ, ਉਹ ਹੈ “ਨਾਨਕ ਸਚਾ ਏਕੁ ਹੈ
ਅਉਰੁ ਨ ਸਚਾ ਭਾਲਿ” ਭਾਵ ਮਨੁੱਖ ਦੀ ਸਭ ਤੋਂ ਵਡੀ ਜੋ ਸਮਸਿਆ ਹੈ ਉਹ ਹੈ ਕਰਤਾਰ ਨੂੰ ਵਿਸਾਰ
ਕੇ ਮੋਹ ਮਾਇਆ `ਚ ਖੱਚਤ ਹੋਣ ਕਾਰਣ ਅਜੇਹੇ ਲੋਕਾਂ ਦੇ ਜੀਵਨ ਅੰਦਰ ਅਉਗਣਾ ਦਾ ਵਾਸਾ ਹੋ ਜਾਂਦਾ ਹੈ
ਅਤੇ ਜੀਵਨ ਕੁਰਾਹੇ ਪੈ ਜਾਂਦਾ ਹੈ।
ਠੀਕ ਉਸੇਤਰ੍ਹਾਂ ਜਿਵੇਂ ਕਿ ਬਾਣੀ `ਚ ਹੋਰ ਵੀ ਕਈ ਥਾਵੇਂ ਫ਼ੁਰਮਾਇਆ ਹੈ,
ਮਿਸਾਲ ਵਜੋਂ “ਪਰਮੇਸਰ ਤੇ ਭੁਲਿਆਂ ਵਿਆਪਨਿ ਸਭੇ ਰੋਗ
॥
ਵੇਮੁਖ ਹੋਏ ਰਾਮ ਤੇ ਲਗਨਿ ਜਨਮ ਵਿਜੋਗ॥ ਖਿਨ ਮਹਿ ਕਉੜੇ ਹੋਇ ਗਏ ਜਿਤੜੇ ਮਾਇਆ ਭੋਗ॥
ਵਿੱਚ ਨ ਕੋਈ ਕਰਿ ਸਕੈ ਕਿਸ ਥੈ ਰੋਵਹਿ ਰੋਜ”
(ਪੰ: ੧੩੫) ਅਤੇ
ਇਸਦਾ ਹੱਲ ਕੀ ਹੈ? ਇਸਦਾ ਹਲ ਹੈ “ਵਡਭਾਗੀ ਮੇਰਾ ਪ੍ਰਭ ਮਿਲੈ ਤਾਂ ਉਤਰਹਿ ਸਭਿ ਬਿਓਗ”
(ਪੰ: ੧੩੫)।
ਠੀਕ ਉਸੇਤਰ੍ਹਾਂ ਇਥੇ ਵੀ ਉਹੀ ਗਲ ਹੈ ਕਿ ਪ੍ਰਮਾਤਮਾ ਨੂੰ ਵਿਸਾਰਣ ਕਰਕੇ
ਭਾਵੇਂ ਮਨੁੱਖ ਹਨ ਜਾਂ ਤੀਵੀਆਂ, ਸਾਰਿਆਂ ਦੇ ਜੀਵਨ ਉਲਟੇ ਪਾਸੇ ਜਾ ਰਹੇ ਹਨ। ਇਸੇ ਦਾ ਨਤੀਜਾ ਹੈ
ਕਿ ਹਰ ਕਿਸੇ ਕੋਲ ਅਪਣੇ-ਪਰਾਏ ਹੱਕ (ਖਾਜੁ ਅਹਾਜੁ) ਦੀ ਤਮੀਜ਼ ਖਤਮ ਹੋਈ ਪਈ ਹੈ। ਇਸੇਦਾ
ਨਤੀਜਾ ਹੈ ਕਿ ਧਰਮ ਦੇ ਜੋ ਮੁਖ ਗੁਣ ਸ਼ਰਮ-ਹਿਯਾ ਜਾਂ ਸੀਲ-ਸੰਜਮ ਹਨ, ਇਨ੍ਹਾਂ ਲੋਕਾਂ ਦੇ ਜੀਵਨ
ਵਿਚੋਂ ਮਾਨੋ ਪਰ ਲਾਕੇ ਉਡ ਗਏ ਹਨ।
“ਏਕ ਜੀਅ ਕੈ ਜੀਆ ਖਾਹੀ॥
ਜਲਿ ਤਰਤੀ ਬੂਡੀ ਜਲ ਮਾਹੀ” - ਇਹ ਵੀ ਉਹ
ਸ਼ਬਦ ਹੈ ਜਿਸ ਵਿਚੋਂ ਕੇਵਲ ਉਪਰਲੀ ਪੰਕਤੀ ਲੈਕੇ ਮਾਸ ਵਿਰੋਧੀ ਸੱਜਣ ਕੁਰਾਹੇ ਪੈ ਗਏ। ਜਦਕਿ ਇਥੇ ਇਸ
ਸ਼ਬਦ `ਚ ਵੀ ਮਨੁੱਖ ਲਈ ਮਾਸ ਦੇ ਭੋਜਨ ਦਾ ਨਾ ਕੋਈ ਵਿਸ਼ਾ ਹੈ ਨਾ ਸਿਰਪੈਰ। ਇਥੇ ਤਾਂ ਵਿਸ਼ਾ ਹੈ
ਪ੍ਰਭੁ ਨੂੰ ਵਿਸਾਰ ਕੇ ਸੰਸਾਰ `ਚ ਖੱਚਤ ਹੋਣ ਦਾ ਅਤੇ ਗੁਰਦੇਵ ਨੇ ਮਨੁੱਖ ਨੂੰ ਉਸ ਪਖੋਂ ਸੁਚਤ
ਕੀਤਾ ਹੈ।
ਖੂਬੀ ਇਹ ਕਿ ਸ਼ਬਦ ਦੇ ਅੱਠ ਪਦੇ ਹਨ। ਇਥੇ ਵੀ ਸਾਡੇ ਮਾਸ ਵਿਰੋਧੀ ਸੱਜਣਾ ਦੇ
ਚਲਦੇ ਆ ਰਹੇ ਸਿੱਸਟਮ ਮੁਤਾਬਕ ਨਾ ਸ਼ਬਦ ਦਾ ਵਿਸ਼ਾ ਘੋਖਿਆ ਅਤੇ ਨਾ ‘ਰਹਾਉ’ ਦਾ ਬੰਦ। ਕੇਵਲ ਤੀਜੀ ਤੇ
ਚੌਥੀ ਪੰਕਤੀ ਚੁੱਕ ਲਈ ਅਤੇ ਸ਼ਬਦ ਨੂੰ ਮਾਸ ਵਿਰੋਧੀ ਕਰਾਰ ਦੇ ਦਿਤਾ। ਇਸ ਲਈ ਵੱਡੀ ਲੋੜ ਹੈ!
ਗੁਰਬਾਣੀ ਦੇ ਇਸ ਸ਼ਬਦ `ਚ ਬਖਸ਼ੀ ਜੀਵਨ ਦੀ ਸੱਚਾਈ ਨੂੰ ਸਮਝਣ ਦੀ।
ਪੂਰਾ ਸ਼ਬਦ ਇਸਤਰ੍ਹਾਂ ਹੈ:
“ਮਰਣ ਮੁਕਤਿ ਗਤਿ ਸਾਰ ਨ ਜਾਨੈ
॥
ਕੰਠੇ ਬੈਠੀ ਗੁਰ ਸਬਦਿ ਪਛਾਨੈ॥ ੧ ॥
ਤੂ ਕੈਸੇ ਆੜਿ ਫਾਥੀ ਜਾਲਿ॥
ਅਲਖੁ ਨ ਜਾਚਹਿ ਰਿਦੈ ਸਮ੍ਹ੍ਹਾਲਿ॥ ੧ ॥ ਰਹਾਉ॥
ਏਕ ਜੀਅ ਕੈ ਜੀਆ ਖਾਹੀ॥ ਜਲਿ ਤਰਤੀ ਬੂਡੀ ਜਲ ਮਾਹੀ॥ ੨ ॥
ਸਰਬ ਜੀਅ ਕੀਏ ਪ੍ਰਤਪਾਨੀ॥ ਜਬ ਪਕੜੀ ਤਬ ਹੀ ਪਛੁਤਾਨੀ॥ ੩ ॥
ਜਬ ਗਲਿ ਫਾਸ ਪੜੀ ਅਤਿ ਭਾਰੀ॥ ਊਡਿ ਨ ਸਾਕੈ ਪੰਖ ਪਸਾਰੀ॥ ੪ ॥
ਰਸਿ ਚੂਗਹਿ ਮਨਮੁਖਿ ਗਾਵਾਰਿ॥
ਫਾਥੀ ਛੂਟਹਿ ਗੁਣ ਗਿਆਨ ਬੀਚਾਰਿ॥ ੫ ॥
ਸਤਿਗੁਰੁ ਸੇਵਿ ਤੂਟੈ ਜਮਕਾਲੁ॥ ਹਿਰਦੈ ਸਾਚਾ ਸਬਦੁ ਸਮ੍ਹ੍ਹਾਲੁ॥ ੬ ॥
ਗੁਰਮਤਿ ਸਾਚੀ ਸਬਦੁ ਹੈ ਸਾਰੁ॥ ਹਰਿ ਕਾ ਨਾਮੁ ਰਖੈ ਉਰਿ ਧਾਰਿ॥ ੭ ॥
ਸੇ ਦੁਖ ਆਗੈ ਜਿ ਭੋਗ ਬਿਲਾਸੇ॥
ਨਾਨਕ ਮੁਕਤਿ ਨਹੀ ਬਿਨੁ ਨਾਵੈ ਸਾਚੇ॥ ੮ ॥
”
(੧੨੭੫)
ਅਰਥ-ਹੇ ਆੜਿ! (ਪੰਛੀ ਆੜਿ ਵਾਂਗ ਦੂਜਿਆਂ ਉਤੇ ਵਧੀਕੀ ਕਰਨ ਵਾਲੀ ਹੇ
ਜਿੰਦੇ!) ਤੂੰ (ਮਾਇਆ ਦੇ ਮੋਹ ਦੇ) ਜਾਲ ਵਿੱਚ ਕਿਵੇਂ ਫਸ ਗਈ? ਤੂੰ ਆਪਣੇ ਹਿਰਦੇ ਵਿੱਚ ਅਦਿ੍ਰਸ਼ਟ
ਪ੍ਰਭੂ ਦਾ ਨਾਮ ਸੰਭਾਲ ਕੇ ਉਸ ਪਾਸੋਂ (ਆਤਮਕ ਜੀਵਨ ਦੀ ਦਾਤਿ) ਕਿਉਂ ਨਹੀਂ ਮੰਗਦੀ? । ੧। ਰਹਾਉ।
ਅੰਞਾਣ ਜਿੰਦ ਉੱਚੀ ਆਤਮਕ ਅਵਸਥਾ ਦੀ ਕਦਰ ਨਹੀਂ ਸਮਝਦੀ, ਆਤਮਕ ਮੌਤ ਤੋਂ
ਬਚਣ (ਦਾ ਉਪਾਉ) ਨਹੀਂ ਜਾਣਦੀ। ਗੁਰੂ ਦੇ ਸ਼ਬਦ ਦੀ ਰਾਹੀਂ ਸਮਝਣ ਦਾ ਜਤਨ ਤਾਂ ਕਰਦੀ ਹੈ ਪਰ
(ਗੁਰ-ਸ਼ਬਦ ਤੋਂ) ਲਾਂਭੇ ਹੀ ਬੈਠੀ ਹੋਈ (ਗੁਰੂ ਦੇ ਸ਼ਬਦ ਵਿੱਚ ਜੁੜਦੀ ਨਹੀਂ, ਲੀਨ ਨਹੀਂ ਹੁੰਦੀ)।
੧।
ਹੇ ਆੜਿ! ਤੂੰ ਆਪਣੀ ਇੱਕ ਜਿੰਦ ਦੀ ਖ਼ਾਤਰ (ਪਾਣੀ ਵਿਚੋਂ ਚੁਗ ਚੁਗ ਕੇ)
ਅਨੇਕਾਂ ਜੀਵ ਖਾਂਦੀ ਹੈਂ (ਹੇ ਜਿੰਦੇ! ਤੂੰ ਆਪਣੇ ਸਰੀਰ ਦੀ ਪਾਲਣਾ ਵਾਸਤੇ ਅਨੇਕਾਂ ਨਾਲ
ਠੱਗੀ-ਠੋਰੀ ਕਰਦੀ ਹੈਂ)। ਤੂੰ (ਜਲ-ਜੰਤ ਫੜਨ ਵਾਸਤੇ) ਪਾਣੀ ਵਿੱਚ ਤਰਦੀ ਤਰਦੀ ਪਾਣੀ ਵਿੱਚ ਹੀ
ਡੁੱਬ ਜਾਂਦੀ ਹੈਂ (ਹੇ ਜਿੰਦੇ! ਮਾਇਆ-ਜਾਲ ਵਿੱਚ ਦੌੜ-ਭੱਜ ਕਰਦੀ ਆਖ਼ਰ ਇਸੇ ਮਾਇਆ-ਜਾਲ ਵਿੱਚ ਹੀ
ਆਤਮਕ ਮੌਤੇ ਮਰ ਜਾਂਦੀ ਹੈਂ)। ੨।
(ਆਪਣੇ ਸੁਆਰਥ ਦੀ ਖ਼ਾਤਰ) ਤੂੰ ਸਾਰੇ ਜੀਵਾਂ ਨੂੰ ਬਹੁਤ ਦੁਖੀ ਕੀਤਾ ਹੋਇਆ
ਹੈ, ਜਦੋਂ ਤੂੰ (ਮੌਤ ਦੇ ਜਾਲ ਵਿਚ) ਫੜੀ ਜਾਂਦੀ ਹੈਂ ਤਦੋਂ ਪਛੁਤਾਂਦੀ ਹੈਂ। ੩।
ਜਦੋਂ ਆੜਿ ਦੇ ਗਲ ਵਿੱਚ (ਕਿਸੇ ਸ਼ਿਕਾਰੀ ਦੀ) ਬਹੁਤ ਭਾਰੀ ਫਾਹੀ ਪੈਂਦੀ ਹੈ,
ਤਾਂ ਉਹ ਖੰਭ ਖਿਲਾਰ ਕੇ ਉੱਡ ਨਹੀਂ ਸਕਦੀ (ਜਦੋਂ ਜਿੰਦ ਮਾਇਆ ਦੇ ਮੋਹ ਦੇ ਜਾਲ ਵਿੱਚ ਫਸ ਜਾਂਦੀ ਹੈ
ਤਾਂ ਇਹ ਆਤਮਕ ਉਡਾਰੀ ਲਾਣ ਜੋਗੀ ਨਹੀਂ ਰਹਿੰਦੀ, ਇਸ ਦੀ ਸੁਰਤੀ ਉੱਚੀ ਹੋ ਕੇ ਪ੍ਰਭੂ-ਚਰਨਾਂ ਵਿੱਚ
ਪਹੁੰਚ ਨਹੀਂ ਸਕਦੀ)। ੪।
ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਹੇ ਅਮੋੜ ਜਿੰਦੇ! ਤੂੰ ਬੜੀ ਮੌਜ ਨਾਲ
(ਮਾਇਆ ਦਾ ਚੋਗਾ) ਚੁਗਦੀ ਹੈਂ (ਤੇ ਮਾਇਆ ਦੇ ਜਾਲ ਵਿੱਚ ਫਸਦੀ ਜਾਂਦੀ ਹੈਂ)। ਪਰਮਾਤਮਾ ਦੀ
ਸਿਫ਼ਤਿ-ਸਾਲਾਹ ਨੂੰ ਆਪਣੇ ਸੋਚ-ਮੰਡਲ ਵਿੱਚ ਟਿਕਾ, ਪ੍ਰਭੂ ਨਾਲ ਡੂੰਘੀ ਸਾਂਝ ਪਾ, ਤਦੋਂ ਹੀ ਤੂੰ
(ਮਾਇਆ ਦੇ ਮੋਹ ਦੇ ਜਾਲ ਤੇ ਆਤਮਕ ਮੌਤ ਤੋਂ) ਬਚ ਸਕੇਂਗੀ। ੫।
(ਹੇ ਜਿੰਦੇ!) ਸਤਿਗੁਰ ਦੀ ਸਰਨ ਪਉ, ਆਪਣੇ ਹਿਰਦੇ ਵਿੱਚ ਪ੍ਰਭੂ ਦੀ
ਸਿਫ਼ਤਿ-ਸਾਲਾਹ ਵਾਲਾ ਗੁਰ-ਸ਼ਬਦ ਸੰਭਾਲ, ਤਦੋਂ ਹੀ ਆਤਮਕ ਮੌਤ ਵਾਲਾ ਜਾਲ ਟੁੱਟ ਸਕੇਗਾ। ੬।
(ਹੇ ਜਿੰਦੇ!) ਗੁਰੂ ਦੀ ਮਤਿ ਹੀ ਸਦਾ ਕਾਇਮ ਰਹਿਣ ਵਾਲੀ ਮਤਿ ਹੈ, ਗੁਰੂ ਦਾ
ਸ਼ਬਦ ਹੀ ਸ੍ਰੇਸ਼ਟ ਪਦਾਰਥ ਹੈ (ਇਸ ਸ਼ਬਦ ਦਾ ਆਸਰਾ ਲੈ ਕੇ ਹੀ ਜੀਵ) ਪਰਮਾਤਮਾ ਦਾ ਨਾਮ ਆਪਣੇ ਹਿਰਦੇ
ਵਿੱਚ ਸਾਂਭ ਕੇ ਰੱਖ ਸਕਦਾ ਹੈ। ੭।
ਦੁਨੀਆ ਦੇ ਪਦਾਰਥਾਂ ਦੇ ਜੇਹੜੇ ਭੋਗ-ਬਿਲਾਸ ਕਰੀਦੇ ਹਨ (ਬੜੇ ਚਾਉ ਨਾਲ
ਮਾਣੀਦੇ ਹਨ) ਉਹ ਜੀਵਨ-ਸਫ਼ਰ ਵਿੱਚ ਦੁੱਖ ਬਣ ਬਣ ਕੇ ਆ ਵਾਪਰਦੇ ਹਨ। ਹੇ ਨਾਨਕ! (ਇਹਨਾਂ ਦੁੱਖਾਂ
ਤੋਂ) ਪਰਮਾਤਮਾ ਦੇ ਨਾਮ ਤੋਂ ਬਿਨਾ ਖ਼ਲਾਸੀ ਨਹੀਂ ਹੋ ਸਕਦੀ। ੮। ੨। ੫।
ਆਓ ਹੁਣ ਇਸ ਵਿਸ਼ੇ ਨੂੰ ਹੋਰ ਸਮਝੀਏ-
ਦਰਅਸਲ ਆੜ ਕੀ ਹੈ, ਆੜ ਬਗੁਲੇ ਦੀ
ਨਿਆਈ ਜੀਵ ਹੈ, ਗੁਰਬਾਣੀ ਦੇ ਫ਼ੁਰਮਾਣ ਅਨੁਸਾਰ “ਜੀਆ ਕਾ ਆਹਾਰੁ ਜੀਅ ਖਾਣਾ ਏਹੁ ਕਰੇਇ”
(ਪੰ: ੯੫੫) ਆੜ ਦਾ ਵੀ ਪਾਣੀ ਦੇ ਹੋਰ
ਲਖਾਂ-ਕਰੋੜਾਂ ਜੀਵਾਂ ਦੀ ਤਰ੍ਹਾਂ ਭੋਜਨ ਅਤੇ ਸਮੁਚੀ ਸਰੀਰਕ ਕਿਰਿਆ ਪਾਣੀ `ਚ ਹੀ ਹੁੰਦੀ ਹੈ।
ਇੰਨਾ ਹੀ ਨਹੀਂ। ਇਸੇਤਰ੍ਹਾਂ ਦਿਵਾਰਾਂ ਤੇ ਛਿੱਪਕਲੀ ਆਦਿ ਅਨੇਕਾਂ ਜੀਵ ਹਨ ਜਿਨ੍ਹਾਂ ਦਾ ਭੋਜਨ ਹੀ
ਕੀੜੇ-ਮਕੌੜੇ ਹਨ। ਤਾਂਤੇ ਕਰਤੇ ਨੇ ਜੋ ਕਿਸੇ ਦੇ ਜੀਵਨ ਦੀ ਖੇਡ ਘੜੀ ਹੈ, ੳਨ੍ਹਿਾਂ ਵਿਚੋਂ ਵੀ ਆੜ
ਸਦਾ ਪਾਣੀ `ਚ ਰਹਿੰਦੀ ਹੈ। ਅੰਤ ਇੱਕ ਦਿਨ ਜਦੋਂ ਅੰਤ ਸਮਾਂ ਆਉਂਦਾ ਹੈ ਤਾਂ ਪਾਣੀ `ਚ ਵਿਚਰਦੇ
ਅਚਾਨਕ ਜਾਂ ਤਾਂ ਉਸਦੇ ਪੰਖ ਭਾਰੀ ਹੋ ਜਾਂਦੇ ਹਨ `ਤੇ ਉਸੇ ਪਾਣੀ `ਚ ਡੁੱਬ ਜਾਂਦੀ ਹੈ, ਜਿਸ ਉਪਰ
ਕਿ ਉਹ ਹਰ ਸਮੇਂ ਤੈਰਦੀ ਹੈ।
ਜੇ ਇਸਤਰ੍ਹਾਂ ਨਹੀਂ ਤਾਂ ਸ਼ਿਕਾਰੀ ਉਸਦਾ ਸ਼ਿਕਾਰ ਕਰ ਲਿਜਾਂਦਾ ਹੈ। ਕਮਾਲ ਇਹ
ਹੈ ਕਿ ਕਰਤੇ ਨੇ ਉਸਨੂੰ ਉਡਣ ਲਈ ਪੰਖ ਵੀ ਦਿੱਤੇ ਹਨ, ਫ਼ਿਰ ਵੀ ਜਦੋਂ ਅੰਤ ਹੁੰਦਾ ਹੈ ਤਾਂ ਭਾਵੇਂ
ਪਾਣੀ `ਚ ਤੈਰਦੇ ਪੰਖ ਭਾਰੀ ਹੋ ਜਾਣ, ਜਾਂ ਇਸਦੇ ਉਲਟ ਜੇਕਰ ਉਸਦਾ ਅੰਤ ਸ਼ਿਕਾਰੀ ਹਥੋਂ ਹੋਣਾ ਹੋਵੇ
ਤਾਂ ਉਸ ਸਮੇਂ ਅਪਣੇ ਪੰਖਾਂ ਦੀ ਮਦਦ ਨਾਲ ਉਡਾਰੀ ਮਾਰ ਕੇ, ਸ਼ਿਕਾਰੀ ਤੋਂ ਅਪਣੇ ਬਚਾਅ ਲਈ ਵੀ
ਅਸਮ੍ਰਥ ਰਹਿ ਜਾਂਦੀ ਹੈ।
ਗੁਰੂ ਸਾਹਿਬ ਆੜ ਦੇ ਜੀਵਨ ਦੀ ਮਿਸਾਲ ਦੇਕੇ ਮਨੁੱਖ ਨੂੰ ਸੁਚੇਤ ਕਰਦੇ ਹਨ
ਕਿ ਪ੍ਰਭੁ ਨੂੰ ਭੁਲਾਕੇ ਮਨੁੱਖ ਸੰਸਾਰਕ ਰਸਾਂ `ਚ ਉਸੇਤਰ੍ਹਾਂ ਡੁਬਿਆ ਰਹਿੰਦਾ ਹੈ ਜਿਵੇਂ ਆੜ।
ਮਨੁੱਖ ਇਹ ਵੀ ਭੁਲਿਆ ਰਹਿੰਦਾ ਹੈ ਕਿ ਇੱਕ ਦਿਨ ਅਚਾਨਕ ਉਸ ਨੇ ਆੜ ਦੀ ਨਿਆਈਂ ਰਸਾਂ ਕਸਾਂ `ਚ ਮਸਤ
ਰਹਿੰਦੇ ਮੌਤ ਦਾ ਸ਼ਿਕਾਰ ਹੋ ਜਾਣਾ ਹੈ। ਅਜੇਹੇ ਸਮੇਂ ਜਿਵੇਂ ਆੜ, ਪੰਖਾਂ ਦੇ ਹੁੰਦਿਆਂ ਵੀ ਪੰਖਾਂ
ਦੀ ਮਦਦ ਲੈਕੇ ਅਪਣੀ ਮੌਤ ਤੋਂ ਨਹੀਂ ਬਚ ਸਕਦੀ। ਉਸੇਤਰ੍ਹਾਂ ਸੰਸਾਰਕ ਰਸਾਂ ਅਤੇ ਧੋਖੇ-ਠੱਗੀਆਂ `ਚ
ਫਸਿਆ ਮਨੁੱਖ ਵੀ, ਸਮਾਂ ਭੁਗਤਣ ਤੇ, ਅਕਾਲਪੁਰਖ ਵਲੋਂ ਬਖਸ਼ੀ ਅਪਣੀ ਉਚੀ ਸੁਰਤ ਵਾਲੀ ਦਾਤ ਦੀ ਮਦਦ
ਲੈਣ ਤੋਂ ਅਸਮ੍ਰਥ ਰਹਿ ਜਾਵੇਗਾ।
ਸੰਸਾਰਕ ਰਸਾਂ-ਕਸਾਂ `ਚ ਫਸੇ ਮਨੁੱਖ ਨੇ ਜੀਵਨ ਨੂੰ ਇੰਨਾ ਭਾਰਾ ਕਰ ਲਿਆ
ਹੁੰਦਾ ਹੈ ਕਿ ਇਸ ਵਿਚੋਂ ਪ੍ਰਭੁ ਬਖਸ਼ੀ ਉਚੀ ਸੁਰਤ ਨਾਲ ਉਡਾਰੀ ਮਾਰ ਕੇ ਬਚਣ ਦੀ ਬਜਾਏ ਉਸ ਸਮੇਂ
ਮੁੜ ਉਸੇ ਜਨਮ-ਮਰਣ ਦੇ ਗੇੜ੍ਹ `ਚ ਡੁੱਬ ਜਾਂਦਾ ਅਤੇ ਜੀਵਨ ਨੂੰ ਜ਼ਾਇਆ ਕਰਕੇ ਚਲਾ ਜਾਂਦਾ ਹੈ। ਦੂਜੇ
ਲਫ਼ਜ਼ਾਂ `ਚ ਉਸ ਸਮੇਂ ਪ੍ਰਭੁ ਬਖਸ਼ੀ ਪ੍ਰਭੁ ਮਿਲਾਪ ਲਈ, ਉਚੀ ਸੁਰਤ ਰੂਪੀ ਪੰਖਾਂ ਵਾਲੀ ਦਾਤ ਨਾਲ ਵੀ
ਅਪਣੀ ਸੰਭਾਲ ਨਹੀਂ ਕਰ ਸਕਦਾ। ਕਿਉਂਕਿ ਜੀਦੇ ਜੀਅ ਤਾਂ ਸੁਰਤ ਰੂਪੀ ਪੰਖਾਂ ਨੂੰ ਪ੍ਰਭੁ ਮਿਲਾਪ ਲਈ
ਵਰਤਣ ਦੀ ਬਜਾਏ, ਹਰ ਸਮੇਂ ਦੂਜਿਆਂ ਨਾਲ ਧੋਖੇ-ਠੱਗੀਆਂ, ਸੰਸਾਰਕ ਰਸਾਂ-ਕਸਾਂ `ਤੇ ਕੂੜੇ ਲਾਲਚ `ਚ
ਹੀ ਡੁੱਬਾ ਰਹਿਕੇ ਜੀਵਨ ਨੂੰ ਮੁੱਕਾ ਦੇਂਦਾ ਹੈ। ਇਹੀ ਸੰਸਾਰਕ ਰਸ, ਠੱਗੀਆ ਹੇਰਾ ਫ਼ੇਰੀਆਂ ਵਾਲਾ
ਉਸਦਾ ਸੁਭਾਅ ਉਸਨੂੰ ਚੇਤਾ ਨਹੀਂ ਆਉਣ ਦੇਂਦਾ ਕਿ ਉਸਨੂੰ ਕਰਤੇ ਨੇ ਜੀਵਨ ਸਫ਼ਲਤਾ ਲਈ ਉਚੀ ਸੁਰਤ ਵੀ
ਬਖਸ਼ੀ ਹੋਈ ਹੈ ਅਤੇ ਉਹ ਉਸਨੂੰ ਵਰਤ ਲਵੇ। ਮਨੁੱਖ ਉਚੀ ਸੁਰਤ ਦਾ ਲਾਭ ਨਾ ਲੈ ਕੇ, ਆੜ ਦੀ ਨਿਆਈਂ
ਅੰਤ ਸੰਸਾਰ ਸਮੁੰਦਰ `ਚ ਹੀ ਡੁੱਬਿਆ ਰਹਿਕੇ ਅਪਣੇ ਜੀਵਨ ਦੀ ਬਾਜ਼ੀ ਹਾਰ ਜਾਂਦਾ ਹੈ।
ਮਿਸਾਲ ਕੇਵਲ ਇੱਕ ਪੱਖੀ ਹੁੰਦੀ ਹੈ-
ਖੂਬੀ ਇਹ ਕਿ ਗੁਰਦੇਵ ਨੇ ਆੜ ਦੇ ਜੀਵਨ ਦੀ
ਮਿਸਾਲ ਦੇਕੇ ਸੰਸਾਰਕ ਰਸਾਂ-ਕਸਾਂ `ਚ ਡੁੱਬੇ. ਦੂਜਿਆਂ ਨਾਲ ਹਰ ਸਮੇਂ ਧੋਖੇ-ਠੱਗੀਆਂ ਅਤੇ ਜ਼ੁਲਮ
ਤੀਕ ਦੀ ਸੀਮਾ ਤੀਕ ਪੁਜਦੇ ਮਨੁੱਖ ਨੂੰ ਉਸਦੇ ਜੀਵਨ ਦੀ ਸੱਚਾਈ ਸਮਝਾਈ ਹੈ। ਧਿਆਨ ਦੇਣਾ ਹੈ ਕਿ
ਮਿਸਾਲ ਕੇਵਲ ਇੱਕ ਪੱਖੀ ਹੁੰਦੀ ਹੈ ਜਿਵੇਂ ਗੁਰਬਾਣੀ `ਚ ਹੀ ਇੱਕ ਜਗ੍ਹਾ ਕੁਤੇ ਦੇ ਵਫ਼ਾਦਾਰੀ ਵਾਲੇ
ਗੁਣ ਦੀ ਮਿਸਾਲ ਦੇਕੇ ਗੁਰਦੇਵ ਸਮਝਾਂਦੇ ਹਨ, ਐ ਮਨੁੱਖ! ਪ੍ਰਭੁ ਦਾ ਇਸਤਰ੍ਹਾਂ ਵਫ਼ਾਦਾਰ ਬਣ ਜਿਵੇਂ
ਕੁੱਤਾ। ਫ਼ਿਰ ਦੂਜੀ ਜਗ੍ਹਾ ਤੇ ਵੀ ਮਿਸਾਲ ਕੁੱਤੇ ਦੀ ਹੀ ਹੈ ਪਰ ਗੁਰਦੇਵ ਮਨੁੱਖ ਨੂੰ ਸਮਝਾ ਰਹੇ ਹਨ
ਕਿ ਐ ਮਨੁੱਖ! ਜੇ ਤੂੰ ਟੇਕ ਲੈਣੀ ਹੈ ਤਾਂ ਕੇਵਲ ਇੱਕ ਕਰਤਾਰ ਦੀ ਲੈ ਅਤੇ ਦਰ-ਦਰ ਦਾ ਕੁੱਤਾ ਨਾ
ਬਣ।
ਦੇਖਣ ਦੀ ਗਲ ਹੈ ਦੋਨਾਂ ਮਿਸਾਲਾਂ ਸਮੇਂ ਮਿਸਾਲ ਤਾਂ ਕੁੱਤੇ ਦੀ ਹੀ ਹੈ ਪਰ
ਦੋਵੇਂ ਜਗ੍ਹਾ ਕੁਤੇ ਦੇ ਜੀਵਨ ਦੇ ਦੋ ਵਿਰੋਧੀ ਪੱਖ ਹਨ। ਇਸਤਰ੍ਹਾਂ ਇੱਕ ਮਿਸਾਲ ਦੇਣ ਸਮੇਂ ਕੁਤੇ
ਦੇ ਜੀਵਨ ਦੇ ਵੀ ਕੇਵਲ ਇਕੋ ਪੱਖ ਨੂੰ ਲਿਆ, ਕੁਤੇ ਦੇ ਜੀਵਨ ਦੇ ਹਰੇਕ ਪੱਖ ਨੂੰ ਨਹੀਂ। ਤਾਂਤੇ ਇਹ
ਨਹੀ ਭੁਲਣਾ ਚਾਹੀਦਾ ਕਿ ਸਰਬਪੱਖੀ ਕੇਵਲ ਉਹ ਵਸਤ ਆਪ ਹੁੰਦੀ ਜਿਸਦੀ ਕਿ ਉਪਮਾ ਜਾਂ ਮਿਸਾਲ ਦਿਤੀ
ਜਾਂਦੀ ਹੈ। ਉਪਮਾ, ਸੰਬੰਧਤ ਉਪਮਾਏ ਦਾ ਕੇਵਲ ਇਕੋ ਪੱਖ ਹੁੰਦਾ ਹੈ। ਇਸੇਤਰ੍ਹਾਂ ਇਥੇ ਵੀ ਆੜ ਦਾ
ਜੀਵਨ ਕੀ ਹੈ? ਆੜ ਦਾ ਭੋਜਨ ਕੀ ਹੈ? ਅਤੇ ਆੜ ਦੀ ਮੌਤ ਦਾ ਢੰਗ ਵੀ ਆੜ ਨੇ ਖੁੱਦ ਨਹੀਂ ਘੜਿਆ। ਉਹ
ਸਭ ਉਸੇ ਕਰਤਾਰ ਨੇ ਘੜਿਆ ਹੈ ਜਿਸਨੇ ਸਾਡਾ ਅਤੇ ਹੋਰ ਕਰੋੜਾਂ ਜੀਵਾਂ ਦਾ।
ਪਾਣੀ, ਧਰਾ ਤੱਲ ਜਾਂ ਹਵਾ ਦੇ ਅਰਬਾਂ ਜੀਵ ਹਨ ਜਿਨ੍ਹਾਂ ਦਾ ਭੋਜਨ ਹੀ ਦੂਜੇ
ਜੀਵ ਹਨ, ਪਰ ਇਹ ਦੋਸ਼ ਉਨ੍ਹਾਂ ਜੀਵਾਂ ਦਾ ਨਹੀਂ ਕਿ ਉਹ ਦੂਜੇ ਜੀਵਾਂ ਤੇ ਕਿਉਂ ਆਸ਼੍ਰਤ ਹਨ। ਜਿਵੇਂ
ਕਿ ਸਾਡੇ ਮਾਸ ਵਿਰੋਧੀ ਸੱਜਣ ਬਦੋਬਦੀ ਆੜ ਦੇ ਜੀਵਾਂ ਦੇ ਖਾਣ ਵਾਲੇ ਢੰਗ ਉਪਰ ਉਸਦਾ ਇਹ ਦੋਸ਼ ਮੜ੍ਹ
ਕੇ, ਇਹੀ ਉਸਦੀ ਮੌਤ ਦਾ ਕਾਰਣ ਦਸ ਰਹੇ ਹਨ ਅਤੇ ਉਸਨੂੰ ਹਿਰਨਾ, ਕਬੂਤਰਾਂ, ਬਕਰਿਆਂ, ਮੁਰਗਿਆਂ,
ਮੱਛੀਆਂ ਆਦਿ ਦੇ ਮਾਸ ਨਾਲ ਜੋੜ ਰਹੇ ਹਨ। ਲੋੜ ਹੈ ਗੁਰਬਾਣੀ `ਤੇ ਉਸ `ਚ ਬਖਸ਼ੀ ਜੀਵਨ ਸੇਧ ਨੂੰ
ਪਛਾਣੀਏ।