.

ਤੁਪਕਾ ਤੁਪਕਾ ਪਾਣੀ ਅਤੇ ਨੰਗੇ ਪੈਰ

ਅਵਤਾਰ ਸਿੰਘ ਮਿਸ਼ਨਰੀ ਜਨਰਲ ਸਕੱਤਰ ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ USA

510-432-5827

ਤੁਪਕਾ-ਤੁਪਕਾ ਪਾਣੀ-ਸਿੱਖ ਨੇ ਹਰ ਉਹ ਕੰਮ ਕਰਨਾ ਹੈ ਜੋ ਸਾਰਥਕ ਹੋਵੇ ਨਾ ਕਿ ਨਰਾਰਥਕ ਜਿਸ ਨਾਲ ਆਪ ਨੂੰ ਅਤੇ ਸਭ ਨੂੰ ਲਾਭ ਹੋਵੇ। ਅੱਜ ਦੇ ਸਮੇਂ ਤੁਪਕਾ-ਤੁਪਕਾ ਪਾਣੀ ਛਿੜਕਣ ਦਾ ਕੋਈ ਲਾਭ ਨਹੀਂ ਸਗੋਂ ਦੇਖਾ-ਦੇਖੀ ਹੀ ਕੀਤਾ ਜਾ ਰਿਹਾ ਹੈ। ਜਦ ਸ਼ਬਦ ਗੁਰੂ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੇ ਲੈ ਜਾਇਆ ਜਾਂਦਾ ਹੈ ਤਾਂ ਅੱਗੇ-ਅੱਗੇ ਤੁਪਕਾ-2 ਪਾਣੀ ਛਿੜਕਿਆ ਜਾਂਦਾ ਹੈ। ਕਈ ਵਾਰ ਕੜਾਹ-ਪ੍ਰਸ਼ਾਦ ਦੀ ਦੇਗ ਦੇ ਅੱਗੇ ਅੱਗੇ ਵੀ ਅਜਿਹਾ ਕੀਤਾ ਜਾਂਦਾ ਹੈ ਜੋ ਕੇਵਲ ਕਰਮਕਾਂਡ ਤੇ ਭਰਮ ਹੈ। ਪਹਿਲੇ ਸਮੇਂ ਰਸਤੇ ਕੱਚੇ ਹੁੰਦੇ ਸਨ, ਧੂੜ੍ਹ ਮਿੱਟੀ ਉੱਡ ਕੇ ਉੱਪਰ ਪੈਂਦੀ ਸੀ, ਇਸ ਕਰਕੇ ਪਾਣੀ ਦਾ ਭਰਵਾਂ ਛਿੜਕਾਅ ਕੀਤਾ ਜਾਂਦਾ ਸੀ ਪਰ ਅੱਜ ਤਾਂ ਸੜਕਾਂ, ਰਸਤੇ ਪੱਕੇ ਹਨ ਫਿਰ ਵੀ ਤੁਪਕਾ-2 ਪਾਣੀ ਛਿੜਕਣਾ ਕੀ ਅਰਥ ਰੱਖਦਾ ਹੈ? ਭੇਡ-ਚਾਲ ਨਹੀਂ ਤਾਂ ਹੋਰ ਕੀ ਹੈ? ਹਾਂ ਜਿੱਥੇ ਪੈਦਲ ਤੁਰ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਲੈ ਜਾਣੀ ਹੋਵੇ ਸਾਰਾ ਰਸਤਾ ਧੋਤਾ ਤੇ ਸਾਫ ਕੀਤਾ ਜਾਵੇ ਨਾਲੀਆਂ ਦੇ ਆਸੀਂ ਪਾਸੀ ਕਲੀ ਪਾਈ ਜਾਵੇ ਇਹ ਤਾਂ ਹੈ ਸ਼ਰਧਾ ਤੇ ਸਤਿਕਾਰ। ਤੁਪਕਾ-2 ਪਾਣੀ ਤਾਂ ਫਾਰਮੈਲਿਟੀ ਪੂਰੀ ਕਰਨਾਂ ਅਤੇ ਲਕੀਰ ਦੇ ਫਕੀਰ ਬਣਨ ਵਾਲੀ ਗੱਲ ਹੈ। ਵਿਦੇਸ਼ਾਂ ਵਿਖੇ ਤਾਂ ਇਹ ਰੀਤ ਚੱਲ ਹੀ ਨਹੀਂ ਸਕਦੀ ਕਿਉਂਕਿ ਇਥੇ ਜਦ ਗੁਰੂ ਜੀ ਦੀ ਸਵਾਰੀ ਕਿਸੇ ਸੇਵਕ ਸਿੱਖ ਦੇ ਘਰ ਲੈ ਕੇ ਜਾਈਦੀ ਹੈ ਤਾਂ ਘਰ ਦੂਰ ਹੋਣ ਕਰਕੇ ਕਾਰ ਦੀ ਵਰਤੋਂ ਕਰਨੀ ਪੈਂਦੀ ਹੈ। ਤੁਪਕਾ ਤੁਪਕਾ ਪਾਣੀ ਛਿੜਕਣ ਵਾਲੇ ਰਸਤੇ ਨੂੰ ਪਵਿੱਤਰ ਕਰਨ ਲਈ ਕਾਰ ਦੇ ਅੱਗੇ-ਅੱਗੇ ਪਾਣੀ ਕਿਉਂ ਨਹੀਂ ਛਿੜਕਦੇ? ਸਿਰਫ ਗੁਰੂ ਸਾਹਿਬ ਦੇ ਸੁਖਆਸਣ ਤੋਂ ਕਾਰ ਤੱਕ ਅਤੇ ਫਿਰ ਕਾਰ ਤੋਂ ਘਰ ਤੱਕ ਜਿੱਥੇ ਜਾ ਕੇ ਪ੍ਰਕਾਸ਼ ਕਰਨਾ ਹੈ ਓਥੇ ਹੀ ਕਿਉਂ ਛਿੜਕਿਆ ਜਾਂਦਾ ਹੈ? ਕੀ ਓਨਾ ਰਸਤਾ ਹੀ ਅਪਵਿੱਤ੍ਰ ਜਾਂ ਗੰਦਾ ਹੁੰਦਾ ਹੈ ਅਤੇ ਬਾਕੀ ਨਹੀਂ? ਕੀ ਗੁਰੂ ਸਾਹਿਬ ਨੇ ਗੁਰਬਾਣੀ ਵਿਖੇ ਸਿੱਖ ਨੂੰ ਕੋਈ ਐਸਾ ਹੁਕਮ ਕੀਤਾ ਹੈ? ਜੇ ਨਹੀਂ ਤਾਂ ਇਹ ਰੀਤ ਕਿੱਥੋਂ ਆਈ ਤੇ ਕਿਵੇਂ ਪ੍ਰਚੱਲਤ ਹੋਈ? ਕੀ ਪਾਣੀ ਦੇ ਥਾਂ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੇ ਜਾਣਾ ਗੁਰੂ ਦਾ ਸਤਿਕਾਰ ਨਹੀਂ? ਹੁਣ ਤਾਂ ਪਿੰਡਾਂ ਵਿੱਚ ਵੀ ਕੋਈ ਰਸਤਾ ਕੱਚਾ ਨਹੀਂ ਰਿਹਾ ਫਿਰ ਅਜਿਹਾ ਤੁਪਕਾ ਤੁਪਕਾ ਪਾਣੀ ਛਿੜਕਣ ਦਾ ਰਿਵਾਜ ਕਿਉਂ? ਸਿੱਖ ਨੇ ਤਾਂ ਗੁਰਬਾਣੀ ਦਾ ਗਿਆਨ ਰੂਪੀ ਜਲ ਆਪਣੇ ਅਤੇ ਸਾਥੀਆਂ ਦੀ ਹਿਰਦੇ ਰੂਪੀ ਧਰਤੀ ਤੇ ਛਿੜਕਣਾ ਹੈ ਜਿੱਥੇ ਵਿਸ਼ੇ ਵਿਕਾਰਾਂ ਦੀ ਧੂੜ ਉੱਡ ਰਹੀ ਹੈ ਅਤੇ ਹਉਂਮੈ ਹੰਕਾਰ ਦੀ ਅੱਗ ਨਾਲ ਹਿਰਦਾ-ਧਰਤੀ ਤਪ ਰਹੀ ਹੈ। ਗੁਰ ਫੁਰਮਾਨ ਵੀ ਹੈ-ਬਲਤੋ ਜਲਤੋ ਤੌਂਕਿਆ ਗੁਰਿ ਚੰਦਨ ਸੀਤਲਾਇਓ॥ (241) ਗੱਲ ਤਾਂ ਰਸਤਾ ਸਾਫ ਕਰਨ ਦੀ ਸੀ ਜੋ ਹੁਣ ਬਿਨਾ ਕਿਸੇ ਮਤਲਬ ਦੇ ਇੱਕ ਰੀਤ ਬਣਾ ਲਈ ਗਈ ਹੈ। ਕੀ ਤੁਪਕਾ ਤੁਪਕਾ ਪਾਣੀ ਤਰੌਂਕਣ ਨਾਲ ਰਸਤਾ ਸਾਫ ਹੋ ਸਕਦਾ ਹੈ ਜੇ ਨਹੀਂ ਤਾਂ ਇਹ ਪਾਖੰਡ ਕਿਉਂ? ਓਦੋਂ ਤਾਂ ਘੱਟਾ ਮਿੱਟੀ ਉੱਡ ਕੇ ਪੈਣ ਤੋਂ ਬਚਾਅ ਲਈ ਖੁਲ੍ਹਾ ਪਾਣੀ ਤਰੌਂਕਿਆ ਜਾਂਦਾ ਸੀ ਅੱਜ ਕਿਸ ਵਾਸਤੇ? ਸਿੱਖ ਵਲੱਖਣ ਕੌਮ ਹੋਕੇ ਕੰਮ ਬ੍ਰਾਹਮਣ ਵਾਲੇ ਕਰ ਰਹੀ ਹੈ। ਇਸ ਵਿੱਚ ਕੀ ਰਾਜ ਹੈ?

ਨੰਗੇ ਪੈਰ-ਗੁਰਦੁਅਰੇ ਦੇ ਹਾਲ ਅੰਦਰ ਤਾਂ ਨੰਗੇ ਪੈਰੀਂ ਜਾ ਸਕਦੇ ਹਾਂ ਪਰ ਬਾਹਰ ਜਿੱਥੇ ਸਫਾਈ ਨਹੀਂ ਜਾਂ ਦੂਰ ਜਾਂਣਾ ਹੈ ਉੱਥੇ ਨੰਗੇ ਪੈਰੀਂ ਜਾਣਾ ਸਿਆਣਪ ਨਹੀ ਸਗੋਂ ਪੈਰ ਗੰਦੇ ਹੋ ਜਾਂਦੇ ਹਨ, ਰੋੜੀਆਂ ਚੁੱਭਦੀਆਂ ਹਨ ਅਤੇ ਕਿਲ-ਕੰਡੇ ਵੀ ਲੱਗ ਸਕਦੇ ਹਨ। ਕੀ ਗੁਰੂ ਸਾਹਿਬਾਂਨ ਜਦ ਸਰੀਰਕ ਰੂਪ ਵਿੱਚ ਵਿਚਰਦੇ ਸਨ ਓਦੋਂ ਆਪ ਤੇ ਸਿੱਖ ਸੰਗਤਾਂ ਨੰਗੇ ਪੈਰੀਂ ਤੁਰਿਆ ਫਿਰਿਆ ਕਰਦੇ ਸਨ? ਓਦੋਂ ਤਾਂ ਰਸਤੇ ਵੀ ਅੱਜ ਵਰਗੇ ਸਾਫ-ਸੁਥਰੇ ਨਹੀਂ ਸਨ। ਜਰਾ ਸੋਚੋ! ਨੰਗੇ ਪੈਰੀਂ ਚੱਲਣਾ ਹੀ ਜੇ ਭਗਤੀ ਹੈ ਤਾਂ ਫਿਰ ਪਸ਼ੂ-ਪੰਛੀ ਤਾਂ ਹਰ ਵੇਲੇ ਨੰਗੇ ਫਿਰਦੇ ਹਨ-ਬਾਂਦਰਾ ਸਦੀਵ ਪਾਂਇ ਨਾਗੇ ਹੀ ਫਿਰਤ ਹੈ॥ (ਅਕਾਲ ਉਸਤਤਿ) ਗੁਰ ਫੁਰਮਾਂਨ ਹੈ-ਨਗਨ ਫਿਰਤੁ ਜਉ ਪਾਈਐ ਜੋਗੁ॥ ਬਨ ਕਾ ਮਿਰਗ ਮੁਕਤਿ ਸਭ ਹੋਗੁ॥ ਕਿਆ ਨਾਂਗੇ ਕਿਆ ਬਾਂਧੇ ਚਾਮ॥ ਜਬ ਨਹੀਂ ਚੀਨਤ ਆਤਮ ਰਾਮੁ (324) ਆਸਾ ਕੀ ਵਾਰ ਵਿੱਚ ਤਾਂ ਗੁਰੂ ਜੀ ਉੱਪਦੇਸ਼ ਕਰਦੇ ਹਨ ਕਿ-ਪਗ ਉਪੇਤਾਣਾ ਅਪਣਾ ਕੀਆ ਕਮਾਂਣਾ …॥ ਸਹੁ ਵੇ ਜੀਆ ਆਪਣਾ ਕੀਆ॥ (467) ਨੰਗੇ ਪੈਂਰੀ ਫਿਰਨ ਨੂੰ ਆਪ ਕਸ਼ਟ ਸਹਿਣਾ ਦੱਸਿਆ ਹੈ। ਕਈ ਕਹਿੰਦੇ ਹਨ ਕਿ ਜੁੱਤੀਆਂ ਅਤੇ ਬੈਲਟਾਂ ਲਾਹ ਦਿਉ ਚੰਮ ਦੀਆਂ ਹਨ ਫਿਰ ਤਾਂ ਭਾਈ ਸਾਡਾ ਸਰੀਰ ਵੀ ਚੰਮ ਦਾ ਹੈ, ਸੋਨੇ ਚਾਂਦੀ ਦਾ ਨਹੀਂ ਸਰੀਰ ਰੂਪੀ ਚੰਮ ਕਿਵੇਂ ਲਾਹਿਆ ਜਾ ਸਕਦਾ ਹੈ? ਜੋ ਚੌਰ ਗੁਰੂ ਸਾਹਿਬ ਉੱਪਰ ਕੀਤੀ ਜਾਂਦੀ ਹੈ ਉਹ ਵੀ ਇੱਕ ਪਸ਼ੂ ਦੀ ਵਾਲਾਂ ਵਾਲੀ ਪੂਛ ਹੈ ਅਤੇ ਸਾਡੇ ਪਰਸ ਆਦਿ ਵੀ ਚੰਮੜੇ ਦੇ ਹੁੰਦੇ ਹਨ। ਘੜੀਆਂ ਦੇ ਪਟੇ ਵੀ ਕਈ ਵਾਰ ਲੈਦਰ ਦੇ ਹੁੰਦੇ ਹਨ। ਕਿਹੜੇ ਕਰਮਕਾਂਡਾਂ ਵਿੱਚ ਪੈ ਗਏ ਹਾਂ?

ਨੰਗੇ ਪੈਰੀਂ ਗੱਡੀ ਚਲਾਉਂਣਾ, ਨੰਗੇ ਪੈਰ ਮੋਟਰ ਗੱਡੀ ਜਾਂ ਬੱਸ ਉੱਤੇ ਸਫਰ ਕਰਨਾਂ ਕਾਨੂੰਨੀ ਮਨ੍ਹਾਂ ਹੈ। ਬੱਸ ਡ੍ਰਾਈਵਰ ਨੰਗੇ ਪੈਰੀਂ ਬੱਸ ਤੇ ਚੜ੍ਹਨ ਤੋਂ ਮਨ੍ਹਾਂ ਕਰਦਾ ਹੈ। ਕਿਹੜੇ-2 ਵਹਿਮ ਦੀ ਗੱਲ ਕਰੀਏ ਵਹਿਮਾਂ ਦੇ ਤਾਂ ਪੈਰ-2 ਤੇ ਜਾਲ ਵਿਛੇ ਪਏ ਹਨ ਜਿਵੇਂ ਕਈ ਵਾਰ ਮਿਲਣੀ ਦੀ ਅਰਦਾਸਿ ਵੇਲੇ ਜੋ ਆਮ ਤੌਰ ਤੇ ਗੁਰਦੁਆਰੇ ਦੇ ਹਾਲ ਤੋਂ ਬਾਹਰ ਕੀਤੀ ਜਾਂਦੀ ਹੈ ਬਾਹਰ ਕਈ ਵਾਰ ਥਾਂ ਸਾਫ ਵੀ ਨਹੀਂ ਹੁੰਦੀ ਅਤੇ ਸਾਰੇ ਬਰਾਤੀ ਲੜਕੇ-ਲੜਕੀ ਵਾਲੇ ਧੇਤੇ-ਪੁਤੇਤੇ ਪ੍ਰਵਾਰਾਂ ਨੇ ਜੁੱਤੀਆਂ ਪਾਈਆਂ ਹੁੰਦੀਆਂ ਹਨ ਕਈ ਤਾਂ ਸਿਰੋਂ ਵੀ ਨੰਗੇ ਹੁੰਦੇ ਹਨ। ਉੱਥੇ ਕੇਵਲ ਭਾਈ ਜੀ ਨੂੰ ਹੀ ਜੁੱਤੀ ਉਤਾਰਨ ਵਾਸਤੇ ਕਿਹਾ ਜਾਂਦਾ ਹੈ, ਬਾਕੀ ਸਾਰੇ ਜੁੱਤੀਆਂ ਕਿਉਂ ਨਹੀਂ ਉਤਾਰਦੇ, ਕੀ ਉਹ ਉਸ ਵੇਲੇ ਅਰਦਾਸਿ ਵਿੱਚ ਸ਼ਾਮਲ ਨਹੀਂ? ਕੈਸੀਆਂ ਹਾਸੋ-ਹੀਣਆਂ ਗੱਲਾਂ ਹਨ ਜਿਨ੍ਹਾਂ ਦਾ ਗੁਰਮਤਿ ਨਾਲ ਜਾਂ ਧਰਮ ਨਾਲ ਕੋਈ ਵੀ ਸਬੰਧ ਨਹੀਂ ਪਰ ਅਸੀਂ ਦੇਖਾ-ਦੇਖੀ ਕਰੀ ਜਾ ਰਹੇ ਹਾਂ। ਸਾਨੂੰ ਕਹਿਣਾ ਤਾਂ ਇਹ ਚਾਹੀਦਾ ਹੈ ਕਿ ਮਹਾਂਰਾਜ ਦੀ ਸਵਾਰੀ ਨਾਲ ਕੋਈ ਨਸ਼ਈ, ਸ਼ਰਾਬੀ ਅਤੇ ਤੰਬਾਕੂ ਆਦਿਕ ਦਾ ਕੋਈ ਨਸ਼ਾ ਨਾ ਕੀਤਾ ਹੋਵੇ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੇ ਜਾਣਾ ਹੀ ਠੀਕ ਹੈ ਨਾਂ ਕਿ ਨੰਗੇ ਪੈਰੀਂ ਜਾਂਣਾ। ਜਿਉਂ-2 ਸਾਂਇੰਸ ਤਰੱਕੀ ਕਰ ਰਹੀ ਹੈ ਨਵੀਂ ਟੈਕਨਾਉਲਜੀ-ਤਕਨੀਕ ਆ ਰਹੀ ਹੈ ਅਤੇ ਨਵੀਆਂ-ਨਵੀਆਂ ਕਾਢਾਂ ਕੱਢੀਆਂ ਜਾ ਰਹੀਆਂ ਹਨ, ਓਨ੍ਹਾਂ ਤੋਂ ਲਾਹਾ ਲੈਣਾ ਚਹੀਦਾ ਹੈ।

ਜੇ ਅਸੀਂ ਕਹੀਏ ਕਿ ਅਸੀਂ ਤਾਂ ਪੁਰਾਤਨ ਹੀ ਸਭ ਕੁੱਝ ਕਰਨਾ ਹੈ ਫਿਰ ਤਾਂ ਸਾਨੂੰ ਕਾਰਾਂ ਛੱਡ ਕੇ ਪੈਦਲ, ਬੈਲ ਗੱਡੀ ਜਾਂ ਹਾਥੀ-ਘੋੜੇ ਦੀ ਸਵਾਰੀ ਹੀ ਕਰਨੀ ਚਾਹੀਦੀ ਹੈ। ਪੈਂਟਾਂ ਕਮੀਜਾਂ ਦੀ ਥਾਂ ਕੇਵਲ ਚੋਲਾ, ਕਛਹਿਰਾ, ਆਦਿਕ ਪੁਰਾਤਨ ਪਹਿਰਾਵਾ ਹੀ ਪਹਿਨਣਾਂ ਚਾਹੀਦਾ ਹੈ ਅਤੇ ਹਵਾਈ ਜ਼ਹਾਜ਼ਾਂ ਤੇ ਤਾਂ ਬਿਲਕੁਲ ਨਹੀਂ ਚੜ੍ਹਨਾ ਚਾਹੀਦਾ। ਪਹਿਲੇ ਤਾਂ ਘਰ ਵੀ ਕੱਚੇ ਜਾਂ ਛੰਨਾਂ ਛੱਪਰੀਆਂ ਹੀ ਹੁੰਦੀਆਂ ਸਨ, ਹੁਣ ਵੀ ਉਹੋ ਜਿਹੇ ਹੀ ਹੋਣੇ ਚਾਹੀਦੇ ਹਨ। ਰਸੋਈਆਂ ਵਿੱਚ ਗੈਸਾਂ ਦੀ ਥਾਂ ਬਾਲਣ ਵਾਲੇ ਚੁਲ੍ਹੇ ਜਾਂ ਲੋਹਾਂ-ਤਵੀਆਂ ਹੀ ਹੋਣੀਆਂ ਚਾਹੀਦੀਆਂ ਹਨ। ਲਕੜਾਂ ਬਾਲ ਕੇ ਹੀ ਰਸੋਈ ਤਿਆਰ ਕਰਨੀ ਚਾਹੀਦੀ ਹੈ ਅਤੇ ਚੁਲ੍ਹੇ ਵੀ ਜ਼ਮੀਨ ਵਿੱਚ ਹੀ ਪੁੱਟਣੇ ਚਾਹੀਦੇ ਹਨ। ਨਵੀਨ ਬੈੱਡਾਂ ਦੀ ਥਾਂ ਮੰਜਿਆਂ ਉੱਤੇ ਜਾਂ ਭੁੰਜੇ ਹੀ ਸੌਣਾ ਚਾਹੀਦਾ ਹੈ। ਰੇਡੀਓ, ਅਖਬਾਰ, ਟੈਲੀਵਿਯਨ ਅਤੇ ਕੰਪਿਊਟਰ ਆਦਿਕ ਨਹੀਂ ਵਰਤਣੇ ਚਾਹੀਦੇ ਕਿਉਂਕਿ ਇਹ ਵਿਗਿਆਨ ਦੀਆਂ ਕਾਢਾਂ ਹਨ। ਸਤਿਗੁਰਾਂ ਨੇ ਤਾਂ ਕਿਸੇ ਸੁਖ-ਸਹੂਲਤ ਜਾਂ ਵਿਗਿਆਨ ਦੀ ਵਿਰੋਧਤਾ ਨਹੀਂ ਕੀਤੀ ਸਗੋਂ ਹਰ ਉਸ ਚੀਜ ਦੀ ਵਿਰੋਧਤਾ ਕੀਤੀ ਹੈ ਜਿਸ ਕਰਕੇ ਅਸੀਂ ਵਾਹਿਗੁਰੂ ਪ੍ਰਮਾਤਮਾਂ ਨੂੰ ਭੁੱਲ ਜਾਈਏ ਤੇ ਮੰਦੇ ਕਰਮ ਕਰੀਏ। ਹਾਂ ਕਿਸੇ ਵੀ ਚੀਜ਼ ਦੀ ਦੁਰਵਰਤੋਂ ਮਾੜੀ ਹੈ ਨਾਂ ਕਿ ਸੁਵਰਤੋਂ। ਜਿਉਂ-2 ਜ਼ਮਾਨਾਂ ਤਰੱਕੀ ਕਰਦਾ ਹੈ, ਸੁਖ-ਸਹੂਲਤਾਂ ਬਦਲਦੀਆਂ ਹਨ ਸਿੱਖ ਨੇ ਉਨ੍ਹਾਂ ਤੋ ਲਾਭ ਲੈਣਾ ਹੈ ਨਾਂ ਕਿ ਵਿਰੋਧਤਾ ਕਰਨੀ ਹੈ। ਸੋ ਗੁਰੂ ਜੀ ਦੀ ਸਵਾਰੀ ਅੱਗੇ ਤੁਪਕਾ-ਤੁਪਕਾ ਪਾਣੀ ਛਿੜਕਣਾ ਅਤੇ ਨੰਗੇ ਪੈਰੀਂ ਜਾਣਾ ਗੁਰਮਤਿ ਨਹੀਂ ਸਗੋਂ ਮਨਮਤਿ ਹੈ। ਫੁਰਮਾਨ ਹੈ-ਮਨ ਕੀ ਮਤਿ ਤਿਆਗੋ ਹਰਿ ਜਨ…॥ (800) ਹੁਕਮਿ ਮੰਨਿਆ ਹੋਵਹਿ ਪਰਵਾਣ ਤਾ ਖਸਮੇ ਕਾ ਮਹਿਲ ਪਾਇਸੀ॥ (471) ਸੋ ਦੂਰ ਜਾਣਾ ਹੋਵੇ ਜਾਂ ਰਸਤਾ ਠੀਕ ਨਾਂ ਹੋਵੇ ਤਾਂ ਜੁਰਾਬਾਂ ਜੋੜੇ ਪਾ ਕੇ ਜਾ ਸਕਦੇ ਹਾਂ। ਹਾਂ ਜਿੱਥੇ ਗੁਰੂ ਜੀ ਦਾ ਪ੍ਰਕਾਸ਼ ਹੈ ਸਾਫ ਚਾਦਰਾਂ ਅਤੇ ਗਲੀਚੇ ਵਿਛੇ ਹੋਏ ਹਨ ਓਥੇ ਜੋੜੇ ਉਤਾਰ ਕੇ ਜਾਣਾ ਚਾਹੀਦਾ ਹੈ। ਕਾਰ ਵਿੱਚ ਜਾਂ ਰਸਤੇ ਵਿੱਚ ਜਾਂਦਿਆਂ ਨੰਗੇ ਪੈਰੀਂ ਨਹੀਂ ਜਾਣਾ ਚਾਹੀਦਾ। ਅਜਿਹੇ ਵਹਿਮਾਂ ਭਰਮਾਂ ਨੂੰ ਗੁਰਮਤਿ ਕੋਈ ਮਾਨਤਾ ਨਹੀਂ ਦਿੰਦੀ। ਬ੍ਰਾਹਮਣ ਚੌਂਕਾ ਲਿੱਪ ਕੇ ਸੁੱਚਾ ਹੁੰਦਾ ਸੀ ਅਸੀਂ ਤੁਪਕਾ ਤੁਪਕਾ ਪਾਣੀ ਤਰੌਂਕਣਾ ਅਤੇ ਨੰਗੇ ਪੈਰੀਂ ਜਾਣਾ ਹੀ ਪਵਿੱਤਰਤਾ ਸਮਝੀ ਜਾ ਰਹੇ ਹਾਂ ਕਿਉਂ? ਕਿਉਂਕਿ ਗੁਰਬਾਣੀ ਨੁੰ ਕੇਵਲ ਪੜ੍ਹਦੇ ਗਾਉਂਦੇ ਹਾਂ ਜਾਂ ਪਾਠੀਆਂ ਤੋਂ ਪਾਠ ਕਰਵਾ ਛਡਦੇ ਹਾਂ ਜੋ ਬਾਣੀ ਵਿੱਚ ਲਿਖਿਆ ਹੈ ਉਸ ਨੂੰ ਮੰਨਣ ਨੂੰ ਤਿਆਰ ਨਹੀਂ ਸੰਪ੍ਰਦਾਈ ਸਾਧਾਂ ਦਾ ਕਿਹਾ ਝੱਟ ਮੰਨ ਜਾਂਦੇ ਹਾਂ। ਇਹ ਸਾਰੇ ਵਹਿਮ ਭਰਮ ਜੋ ਬ੍ਰਾਮਣ ਦੀ ਉਪਜ ਹਨ ਅਤੇ ਲੰਬੇ ਚੋਲਿਆਂ ਵਾਲੇ ਅਖੌਤੀ ਸੰਤਾਂ ਰਾਹੀਂ ਸਿੱਖ ਕੌਮ ਵਿੱਚ ਵੀ ਫੈਲਾਏ ਜਾ ਰਹੇ ਹਨ।




.