ਕਉਣ ਮਾਸ ਕਉਣ ਸਾਗ ਕਹਾਵੈ?
(ਕਿਸ਼ਤ ਨੰ: 17)
ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ
ਮਿਸ਼ਨਰੀ, ਦਿੱਲੀ
“ਅਲਹ ਅਵਲਿ ਦੀਨ ਕੋ ਸਾਹਿਬੁ ਜੋਰੁ ਨਹੀ ਫੁਰਮਾਵੈ”
ਅਤੇ
“ਖਸਮੁ ਪਛਾਨਿ ਤਰਸ ਕਰਿ ਜੀਅ ਮਹਿ ਮਾਰਿ ਮਣੀ
ਕਰਿ ਫੀਕੀ” -
ਮਾਸ ਵਿਰੋਧੀ ਸੱਜਣਾ ਨੇ ਇਥੇ ਵੀ ਉਹੀ ਖੇਡ ਕੀਤੀ ਅਤੇ
ਅਰਥਾਂ ਦਾ ਅਨਰਥ ਕਰਣ ਦਾ ਕਾਰਣ ਬਣ ਗਏ। ਉਨ੍ਹਾਂ ਨੇ ਇਥੇ ਵੀ ਸੰਬੰਧਤ ਸ਼ਬਦ ਵਿਚੋਂ ਕੇਵਲ ਦੋ
ਪੰਕਤੀਆਂ ਪਹਿਲੀ “ਅਲਹ ਅਵਲਿ ਦੀਨ ਕੋ ਸਾਹਿਬੁ ਜੋਰੁ ਨਹੀ ਫੁਰਮਾਵੈ” ਅਤੇ ਦੂਜੀ” ਖਸਮੁ
ਪਛਾਨਿ ਤਰਸ ਕਰਿ ਜੀਅ ਮਹਿ ਮਾਰਿ ਮਣੀ ਕਰਿ ਫੀਕੀ” ਚੁੱਕ ਲਈਆਂ ਅਤੇ ਮਨ ਮਰਜ਼ੀ ਦਾ ਪ੍ਰਭਾਵ ਲੈ
ਲਿਆ ਕਿ ਇਥੇ ਮਾਸ ਦੇ ਭੋਜਨ ਦਾ ਵਿਰੋਧ ਹੈ। ਜਦਕਿ ਇਸ ਪੂਰੇ ਸ਼ਬਦ `ਚ ਮਾਸ ਦੇ ਭੋਜਨ ਦਾ ਇਸ਼ਾਰੇ
ਮਾਤ੍ਰ ਜ਼ਿਕਰ ਤੀਕ ਵੀ ਨਹੀਂ। ਇਸ ਲਈ ਲੋੜ ਹੈ ਪਹਿਲ਼ਾਂ ਪੂਰੇ ਸ਼ਬਦ ਦੇ ਦਰਸ਼ਨ ਕਰੀਏ ਉਪ੍ਰੰਤ ਇਸਦੇ
ਅਰਥਾਂ ਨੂੰ ਸਮਝੀਏ। ਸਪਸ਼ੱਟ ਹੋ ਜਾਵੇਗਾ ਕਿ ਇਸ ਸ਼ਬਦ `ਚ ਕਿੱਧਰੇ ਵੀ ਮੁਰਗੇ, ਬਕਰਿਆਂ, ਮਛੀਆਂ ਆਦਿ
ਦੇ ਮਾਸ ਦਾ ਵਿਸ਼ਾ ਹੈ ਹੀ ਨਹੀਂ।
ਇਥੇ ਤਾਂ ਗਲ ਹੀ ਬਿਲਕੁਲ ਦੂਜੀ ਹੈ, ਇਥੇ “ਮਾਰਿ ਮਣੀ ਕਰਿ ਫੀਕੀ”
ਵਾਲੀਆਂ ਪੰਕਤੀਆਂ `ਚ ਤਾਂ ਜੀਵਨ ਅੰਦਰੋ ਹੰਕਾਰ ਨੂੰ ਮਾਰਣ ਦੀ ਗਲ ਹੋ ਰਹੀ ਨਾ ਕਿ ਜਾਨਵਰਾਂ ਨੂੰ
ਮਾਰਣ ਦੀ ਜਾਂ ਮਾਸ ਦਾ ਵਿਰੋਧ। ਹੰਕਾਰ ਵੀ ਹੈ ਤਾਂ ਰੁੱਤਬੇ ਦਾ ਕਿ ਮੈਂ ਕਾਜ਼ੀ ਹਾਂ ਇਸ ਲਈ ਜੋ
ਚਾਹੇ ਸ਼ਰਹ ਦੇ ਨਾਮ ਤੇ ਫ਼ੈਸਲਾ ਦੇ ਦੇਵਾਂ। ਭਾਵ ਰੁੱਤਬੇ ਅਤੇ ਪੱਦਵੀ ਦਾ ਉਹ ਹੰਕਾਰ ਜਿਸ ਦਾ ਨਤੀਜਾ
ਕਾਜ਼ੀ, ਗਰੀਬਾਂ, ਮਜ਼ਲੂਮਾ, ਮਜਬੂਰਾਂ ਦਾ ਖੂਨ ਚੂਸ ਰਿਹਾ ਹੈ, ਅਸਹਾਏ ਲੋੜਵੰਦਾ ਤੇ ਜ਼ੁਲਮ-ਧੱਕਾ ਤੇ
ਬੇਇਨਸਾਫ਼ੀ ਕਰਦਾ ਹੈ, ਅਪਣੇ ਲਾਲਚਾਂ ਕਾਰਣ ਉਨ੍ਹਾਂ ਨਾਲ ਵੱਡੀ-ਖੋਰੀ ਕਰਦਾ ਹੈ। ਪੂਰਾ ਸ਼ਬਦ
ਇਸਤਰ੍ਹਾਂ ਹੈ:
“ਹਮ ਮਸਕੀਨ ਖੁਦਾਈ ਬੰਦੇ ਤੁਮ ਰਾਜਸੁ ਮਨਿ ਭਾਵੈ॥
ਅਲਹ ਅਵਲਿ ਦੀਨ ਕੋ ਸਾਹਿਬੁ ਜੋਰੁ ਨਹੀ ਫੁਰਮਾਵੈ॥
੧ ॥
ਕਾਜੀ ਬੋਲਿਆ ਬਨਿ ਨਹੀ ਆਵੈ॥ ੧ ॥ ਰਹਾਉ॥
ਰੋਜਾ ਧਰੈ ਨਿਵਾਜ ਗੁਜਾਰੈ ਕਲਮਾ ਭਿਸਤਿ ਨ ਹੋਈ॥
ਸਤਰਿ ਕਾਬਾ ਘਟ ਹੀ ਭੀਤਰਿ ਜੇ ਕਰਿ ਜਾਨੈ ਕੋਈ॥ ੨ ॥
ਨਿਵਾਜ ਸੋਈ ਜੋ ਨਿਆਉ ਬਿਚਾਰੈ ਕਲਮਾ ਅਕਲਹਿ ਜਾਨੈ॥
ਪਾਚਹੁ ਮੁਸਿ ਮੁਸਲਾ ਬਿਛਾਵੈ ਤਬ ਤਉ ਦੀਨੁ ਪਛਾਨੈ॥ ੩ ॥
ਖਸਮੁ ਪਛਾਨਿ ਤਰਸ ਕਰਿ ਜੀਅ ਮਹਿ ਮਾਰਿ ਮਣੀ ਕਰਿ ਫੀਕੀ॥
ਆਪੁ ਜਨਾਇ ਅਵਰ ਕਉ ਜਾਨੈ ਤਬ ਹੋਇ ਭਿਸਤ ਸਰੀਕੀ॥ ੪ ॥
ਮਾਟੀ ਏਕ ਭੇਖ ਧਰਿ ਨਾਨਾ ਤਾ ਮਹਿ ਬ੍ਰਹਮੁ ਪਛਾਨਾ॥
ਕਹੈ ਕਬੀਰਾ ਭਿਸਤ ਛੋਡਿ ਕਰਿ ਦੋਜਕ ਸਿਉ ਮਨੁ ਮਾਨਾ॥ ੫ ॥” (ਪੰ: ੪੮੦)
ਕਬੀਰ ਸਾਹਿਬ ਦੇ ਇਸ ਸ਼ਬਦ ਦੇ ਅਰਥ ਹਨ “ (ਹੇ ਕਾਜ਼ੀ!) ਅਸੀ ਤਾਂ ਆਜਜ਼ ਲੋਕ
ਹਾਂ, ਪਰ ਹਾਂ (ਅਸੀ ਭੀ) ਰੱਬ ਦੇ ਪੈਦਾ ਕੀਤੇ ਹੋਏ। ਤੁਹਾਨੂੰ ਆਪਣੇ ਮਨ ਵਿੱਚ ਹਕੂਮਤ ਚੰਗੀ ਲਗਦੀ
ਹੈ (ਭਾਵ, ਤੁਹਾਨੂੰ ਹਕੂਮਤ ਦਾ ਮਾਣ ਹੈ)। ਮਜ਼ਹਬ ਦਾ ਸਭ ਤੋਂ ਵੱਡਾ ਮਾਲਕ ਤਾਂ ਰੱਬ ਹੈ, ਉਹ (ਕਿਸੇ
ਉਤੇ) ਧੱਕਾ ਕਰਨ ਦੀ ਆਗਿਆ ਨਹੀਂ ਦੇਂਦਾ। ੧।
ਹੇ ਕਾਜ਼ੀ! ਤੇਰੀਆਂ (ਜ਼ਬਾਨੀ) ਗੱਲਾਂ ਫਬਦੀਆਂ ਨਹੀਂ। ੧। ਰਹਾਉ। (ਨਿਰਾ)
ਰੋਜ਼ਾ ਰੱਖਿਆਂ, ਨਿਮਾਜ਼ ਪੜ੍ਹਿਆਂ ਤੇ ਕਲਮਾ ਆਖਿਆਂ ਭਿਸ਼ਤ ਨਹੀਂ ਮਿਲ ਜਾਂਦਾ। ਰੱਬ ਦਾ ਗੁਪਤ ਘਰ ਤਾਂ
ਮਨੁੱਖ ਦੇ ਦਿਲ ਵਿੱਚ ਹੀ ਹੈ, (ਪਰ ਲੱਭਦਾ ਤਾਂ ਹੀ ਹੈ) ਜੇ ਕੋਈ ਸਮਝ ਲਏ। ੨।
ਜੋ ਮਨੁੱਖ ਨਿਆਂ ਕਰਦਾ ਹੈ ਉਹ (ਮਾਨੋ) ਨਿਮਾਜ਼ ਪੜ੍ਹ ਰਿਹਾ ਹੈ, ਤੇ ਜੇ ਰੱਬ
ਨੂੰ ਅਕਲ ਨਾਲ ਪਛਾਣਦਾ ਹੈ ਤਾਂ ਕਲਮਾ ਆਖ ਰਿਹਾ ਹੈ; ਕਾਮਾਦਿਕ ਪੰਜ (ਬਲੀ ਵਿਕਾਰਾਂ) ਨੂੰ ਜੇ ਆਪਣੇ
ਵੱਸ ਵਿੱਚ ਕਰਦਾ ਹੈ ਤਾਂ (ਮਾਨੋ) ਮੁਸੱਲਾ ਵਿਛਾਂਦਾ ਹੈ, ਤੇ ਮਜ਼ਹਬ ਨੂੰ ਪਛਾਣਦਾ ਹੈ। ੩।
ਹੇ ਕਾਜ਼ੀ! ਮਾਲਕ ਪ੍ਰਭੂ ਨੂੰ ਪਛਾਣ, ਆਪਣੇ ਹਿਰਦੇ ਵਿੱਚ ਪਿਆਰ ਵਸਾ, ਮਣੀ
ਨੂੰ ਫਿੱਕੀ ਜਾਣ ਕੇ ਮਾਰ ਦੇਹ (ਭਾਵ, ਹੰਕਾਰ ਨੂੰ ਮਾੜਾ ਜਾਣ ਕੇ ਦੂਰ ਕਰ)। ਜਦੋਂ ਮਨੁੱਖ ਆਪਣੇ ਆਪ
ਨੂੰ ਸਮਝਾ ਕੇ ਦੂਜਿਆਂ ਨੂੰ (ਆਪਣੇ ਵਰਗਾ) ਸਮਝਦਾ ਹੈ, ਤਦ ਭਿਸ਼ਤ ਦਾ ਭਾਈਵਾਲ ਬਣਦਾ ਹੈ। ੪।
ਮਿੱਟੀ ਇਕੋ ਹੀ ਹੈ, (ਪ੍ਰਭੂ ਨੇ ਇਸ ਦੇ) ਅਨੇਕਾਂ ਵੇਸ ਧਾਰੇ ਹੋਏ ਹਨ।
(ਅਸਲ ਮੋਮਨ ਨੇ) ਇਹਨਾਂ (ਵੇਸਾਂ) ਵਿੱਚ ਰੱਬ ਨੂੰ ਪਛਾਣਿਆ ਹੈ (ਤੇ ਇਹੀ ਹੈ ਭਿਸ਼ਤ ਦਾ ਰਾਹ); ਪਰ,
ਕਬੀਰ ਆਖਦਾ ਹੈ, (ਹੇ ਕਾਜ਼ੀ!) ਤੁਸੀ ਤਾਂ (ਦੂਜਿਆਂ ਉੱਤੇ ਜੋਰ-ਧੱਕਾ ਕਰ ਕੇ) ਭਿਸ਼ਤ (ਦਾ ਰਸਤਾ)
ਛੱਡ ਕੇ ਦੋਜ਼ਕ ਨਾਲ ਮਨ ਜੋੜੀ ਬੈਠੇ ਹੋ। ੫।”
(ਗੁ: ਗ੍ਰ: ਦਰਪਣ ਪ੍ਰੋ: ਸਾਹਿਬ ਸਿੰਘ ਜੀ)
ਇਸ ਸ਼ਬਦ `ਚ ਖਾਸ ਸਮਝਣ ਵਾਲੀ ਗਲ ਇਹ ਹੈ ਕਿ ਕਾਜ਼ੀ ਦਾ
ਮੱਤਲਬ ਹੁੰਦਾ ਹੈ ਇਨਸਾਫ਼ ਕਰਣ ਵਾਲਾ। ਜੇਕਰ ਸੱਚਮੁਚ ਹੀ ਕਾਜ਼ੀ ਅਪਣੀ ਪੱਦਵੀ ਨਾਲ ਇਨਸਾਫ਼ ਕਰ ਰਿਹਾ
ਹੈ ਤਾਂ ਬਦਲੇ `ਚ ਗਰੀਬਾਂ, ਮਜ਼ਲੂਮਾ, ਲੋੜਵੰਦਾ, ਅਸਹਾਇ, ਲਾਚਾਰ ਲੋਕਾਂ ਦੀ ਮਦਦ ਅਪਣੇ ਆਪ ਹੋ
ਜਾਂਦੀ ਹੈ।
ਜੇਕਰ ਨਹੀਂ ਤਾਂ ਇਸੇ ਪੱਦਵੀ ਕਾਰਣ ਉਹ ਅਨੇਕਾਂ ਮਜ਼ਲੂਮਾ ਤੇ ਜ਼ੁਲਮ-ਧੱਕਾ
ਕਰਨ ਦਾ ਅਤੇ ਉਨ੍ਹਾਂ ਦਾ ਖੂਨ ਚੂਸਨ ਦਾ ਕਾਰਣ ਵੀ ਬਣ ਜਾਂਦਾ ਹੈ। ਠੀਕ ਉਸੇਤਰ੍ਹਾਂ, ਜਿਸਤਰ੍ਹਾਂ
ਗੁਰਬਾਣੀ `ਚ ਹੋਰ ਵੀ ਕਈ ਸ਼ਬਦ ਇਸੇ ਸੰਬੰਧ `ਚ ਆਏ ਹਨ। ਇਥੋਂ ਤੀਕ ਕਿ ਚਲਦੇ ਪ੍ਰਕਰਣ `ਚ ਵੀ ਕੁੱਝ
ਸ਼ਬਦਾਂ ਬਾਰੇ ਵਿਚਾਰ ਕਰਕੇ ਦੇਖ ਚੁਕੇ ਹਾਂ ਜਿਵੇਂ “ਮਾਣਸ ਖਾਣੇ ਕਰਹਿ ਨਿਵਾਜ॥ ਛੁਰੀ ਵਗਾਇਨਿ
ਤਿਨ ਗਲਿ ਤਾਗ” ਅਤੇ ਹੋਰ ਕਈ ਹੋਰ। ਮੁਕਦੀ ਗਲ ਕਿ ਇਥੇ “ਮਾਰਿ ਮਣੀ ਕਰਿ ਫੀਕੀ”
ਵਾਲੀਆਂ ਪੰਕਤੀਆਂ ਅਨੁਸਾਰ ਜੀਵਨ ਅੰਦਰੋ ਹੰਕਾਰ ਨੂੰ ਮਾਰਣ ਦੀ ਅਤੇ ਮਜ਼ਲੂਮਾ ਨਿਆਂ ਕਰਦ ਦੀ ਗਲ ਹੋ
ਰਹੀ। ਓਹਦੇ ਦੇ ਨਸ਼ੇ `ਚ ਮਜ਼ਲੂਮਾ ਦਾ ਖੂਨ ਚੂਸਨ, ਜ਼ਿਆਦਤੀ ਅਤੇ ਵੱਡੀ ਖੋਰੀ ਤੋਂ ਚੇਤਾਇਆ ਜਾ ਰਿਹਾ
ਹੈ ਨਾ ਕਿ ਜਾਨਵਰਾਂ ਨੂੰ ਮਾਰਣ ਜਾਂ ਮਾਸ ਦੇ ਵਿਰੋਧ ਵਾਲੀ ਕੋਈ ਗਲ, ਲੋੜ ਹੈ ਤਾ ਗੁਰਬਾਣੀ ਨੂੰ
ਉਸਦੇ ਠੀਕ ਪਰੀਪੇਖ `ਚ ਸਮਝਣਾ।
ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰਗਾਹਿ-
ਇਥੇ ਵੀ ਮਾਸ ਵਿਰੋਧੀ ਸੱਜਣਾ ਨੇ ਇਸ ਸਲੋਕ ਦੀ ਉਪ੍ਰੋਕਤ ਪੰਕਤੀ ਤੋਂ ਜਾਣੇ-ਅਣਜਾਣੇ ਉਹੀ ਧੋਖਾ
ਖਾਧਾ ਤੇ ਦਿੱਤਾ ਜਿਹੜਾ ਕਿ ਬਾਕੀ ਪ੍ਰਮਾਣਾ ਬਾਰੇ ਖਾਧਾ ਹੈ। ਉਂਝ ਇਸ ਸਲੋਕ ਦਾ ਵੀ ਮਾਸ ਜਾਂ ਮਾਸ
ਦੇ ਭੋਜਨ ਨਾਲ ਉੱਕਾ ਸੰਬੰਧ ਨਹੀਂ। ਇਹ ਪੰਕਤੀ ‘ਵਾਰ ਆਸਾ’ ਪਉੜੀ ੧੪ ਦੇ ਸਲੋਕ ਚੋਂ ਲਈ ਗਈ ਹੈ।
ਤਾਂਤੇ ਆਓ! ਪਹਿਲਾਂ ਅਸੀਂ ਇਸ ਪੂਰੇ ਸਲੋਕ ਦੇ ਦਰਸ਼ਨ ਕਰਾਂਗੇ ਉਪ੍ਰੰਤ ਉਸਦੇ ਅਰਥਾਂ ਨੂੰ ਦੇਖਣ ਤੋਂ
ਬਾਦ ਸੰਬੰਧਤ ਪੰਕਤੀ ਵਲ ਵਿਸ਼ੇਸ਼ ਧਿਆਨ ਦੇਕੇ ਗਹਿਰਾਈ ਚ ਜਾਣ ਦਾ ਜਤਣ ਵੀ ਕਰਾਂਗੇ-ਪੂਰਾ ਸਲੋਕ
ਇਸਤਰ੍ਹਾਂ ਹੈ:
“ਸਲੋਕੁ ਮਃ ੧॥ ਸਿੰਮਲ ਰੁਖੁ ਸਰਾਇਰਾ ਅਤਿ ਦੀਰਘ ਅਤਿ ਮੁਚੁ॥
ਓਇ ਜਿ ਆਵਹਿ ਆਸ ਕਰਿ ਜਾਹਿ ਨਿਰਾਸੇ ਕਿਤੁ॥
ਫਲ ਫਿਕੇ ਫੁਲ ਬਕਬਕੇ ਕੰਮਿ ਨ ਆਵਹਿ ਪਤ॥
ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ॥
ਸਭੁ ਕੋ ਨਿਵੈ ਆਪ ਕਉ ਪਰ ਕਉ ਨਿਵੈ ਨ ਕੋਇ॥
ਧਰਿ ਤਾਰਾਜੂ ਤੋਲੀਐ ਨਿਵੈ ਸੁ ਗਉਰਾ ਹੋਇ॥
ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰਗਾਹਿ॥
ਸੀਸਿ ਨਿਵਾਇਐ ਕਿਆ ਥੀਐ ਜਾ ਰਿਦੈ ਕੁਸੁਧੇ ਜਾਹਿ॥
੧ ॥”
ਅਰਥ ਹਨ: ਸਿੰਮਲ ਦਾ ਰੁੱਖ ਬੜਾ ਉੱਚਾ, ਲੰਮਾ, ਮੋਟਾ ਹੁੰਦਾ ਹੈ। ਫਿਰ ਵੀ
(ਪੰਛੀ-ਮੁਸਾਫ਼ਿਰ ਆਦਿ) ਜੋ ਉਸ ਕੋਲ ਉਮੀਦ ਲੈ ਕੇ ਆਉਂਦੇ ਹਨ (ਸੁਆਲ ਪੈਦਾ ਹੁੰਦਾ ਹੈ ਤਾਂ ਫ਼ਿਰ ਉਹ)
ਨਿਰਾਸ਼ ਹੋ ਕੇ (ਵਾਪਿਸ ਕਿਉਂ ਮੁੜ) ਜਾਂਦੇ ਹਨ।
(ਕਾਰਨ ਹੁੰਦਾ ਹੈ) ਇਸ (ਸਿੰਮਲ ਦੇ ਪੇੜ) ਦੇ ਫਲ ਵੀ ਫਿੱਕੇ ਹੁੰਦੇ ਹਨ,
ਫੁਲ ਵੀ ਬੱਕ-ਬਕੇ ਹੁੰਦੇ ਹਨ ਅਤੇ ਪੱਤੇ ਵੀ ਕਿਸੇ ਕੰਮ ਨਹੀ ਆਉਂਦੇ। ਤਾਂਤੇ, ਗੁਰੂ ਨਾਨਕ ਪਾਤਸ਼ਾਹ
ਫ਼ੁਰਮਾਂਦੇ ਹਨ (ਐ ਭਾਈ!) ਨਿਮ੍ਰਤਾ ਅਜਿਹਾ ਗੁਣ ਹੈ ਜੋ (ਸਾਰੇ) ਗੁਣਾਂ ਦਾ ਤੱਤ ਹੈ (ਨਿਚੋੜ ਹੈ,
ਦੂਜੇ ਗੁਣਾਂ ਨੂੰ ਜਨਮ ਦੇਣ ਵਾਲਾ ਹੈ)।
(ਤਾਂਤੇ ਚੇਤੇ ਰਖਣਾ ਹੈ) ਨਿਮ੍ਰਤਾ ਵਾਲੇ ਗੁਣ ਦਾ ਲਾਭ ਪਹਿਲਾਂ ਆਪਣੇ ਲਈ
ਹੁੰਦਾ ਹੈ, ਕਿਉਂਕਿ (ਆਮ ਤੌਰ ਤੇ ਸੰਸਾਰ ਵਿਚ) ਹਰੇਕ ਜੀਵ ਆਪਣੇ ਲਈ ਹੀ ਲਿਫਦਾ ਹੈ, ਕਿਸੇ ਦੂਜੇ
ਦੀ ਖਾਤਰ ਨਹੀਂ ਭਾਵ ਨਿਮ੍ਰਤਾ ਵਾਲੇ ਸੁਭਾਅ ਦਾ ਲਾਭ ਪਹਿਲਾਂ ਅਜੇਹੇ ਸੁਭਾਅ ਵਾਲੇ ਮਨੁੱਖ ਨੂੰ ਹੀ
ਹੁੰਦਾ ਹੈ।
ਤਾਂਤੇ (ਇਹ ਭੀ ਵੇਖ ਲਵੋ ਕਿ) ਜੇ ਤੱਕੜੀ ਉਤੇ ਧਰ ਕੇ (ਕਿਸੇ ਵਸਤ ਨੂੰ)
ਤੋਲਿਆ ਜਾਏ ਤਾਂ ਸਦਾ ਨੀਵਾਂ ਪੱਲੜਾ ਹੀ ਭਾਰਾ ਹੁੰਦਾ ਹੈ, (ਇਸੇਤਰ੍ਹਾਂ ਸੱਚਾਈ ਨੂੰ ਚੰਗੀ ਤਰ੍ਹਾਂ
ਘੋਖਣ ਦਾ ਜੱਤਣ ਕੀਤਾ ਜਾਏ ਤਾਂ ਪਤਾ ਲਗੇਗਾ ਕਿ ਜੋ (ਮਨੁੱਖ) ਸੰਸਾਰ `ਚ ਨੀਉਂ ਕੇ ਚਲਦਾ ਹੈ ਉਹੀ
ਵੱਡਾ ਗਿਣੀਦਾ ਅਤੇ ਸਲਾਹਿਆ ਜਾਂਦਾ ਹੈ)।
(ਪਰ ਨਿਊਣ ਦਾ ਭਾਵ, ਸੁਭਾਅ ਕਰਕੇ ਨਿਊਣਾ ਹੁੰਦਾ ਹੈ, ਨਿਰਾ ਸਰੀਰ ਜਾਂ
ਕਿਸੇ ਕੱਪਟ ਕਰਕੇ ਨਿਊਣਾ, ਨਿਊਣਾ ਨਹੀਂ ਹੁੰਦਾ; ਜੇ ਸਰੀਰ ਦੇ ਨਿਊਣ ਨੂੰ ਨੀਵਾਂ ਹੋਣਾ ਆਖੀਏ ਤਾਂ)
ਸ਼ਿਕਾਰੀ, ਜੋ ਮਿਰਗ ਮਾਰਦਾ ਫਿਰਦਾ ਹੈ, ਲਿੱਫ ਕੇ ਦੋਹਰਾ ਹੋ ਜਾਂਦਾ ਹੈ, ਇਸਤਰ੍ਹਾਂ ਜੇ ਨਿਰਾ ਸਿਰ
ਹੀ ਨਿਵਾ ਦਿੱਤਾ ਜਾਏ (ਜਾਂ ਨਿਰਾ ਮੂੰਹ ਦੀ ਗਲਬਾਤ ਵਿੱਚ ਹੀ ਮਿਠਾਸ ਹੋਵੇ) ਤੇ ਮਨ `ਚ ਖੋਟ ਹੋਵੇ
ਤਾਂ ਇਸ ਨਿਊਣ ਦਾ ਕੋਈ ਲਾਭ ਨਹੀਂ।
(ਸੁਭਾਅ ਕਰਕੇ ਨਿਊਣ ਵਾਲਾ ਮਨੁੱਖ ਮਨ ਵਿੱਚ ਹੋਰ ਭਾਵਨਾ ਜਾਂ ਕਿਸੇ ਖੋਟ
ਕਰਕੇ ਕਦੇ ਨਹੀਂ ਨਿਊਂਦਾ)। ੧।
ਸਲੋਕ ਦੀ ਕੁੱਝ ਵੇਰਵੇ ਸਹਿਤ ਵਿਚਾਰ-
ਵਿਚਾਰਣ
ਦਾ ਵਿਸ਼ਾ ਹੈ ਕਿ ਸਿੰਮਲ ਦਾ ਰੁੱਖ ਸਿੱਧਾ ਲੰਮਾ ਤੇ ਮੋਟਾ ਹੁੰਦਾ ਹੈ। ਫ਼ਿਰ ਵੀ ਪੰਛੀ ਆਦਿ ਜੋ ਫਲ
ਖਾਣ, ਘੋਂਸਲੇ ਬਣਾਉਣ ਜਾਂ ਮੁਸਾਫ਼ਰ ਜੋ ਆਰਾਮ ਕਰਨ ਦੀ ਉਮੀਦ ਨਾਲ ਇਸ ਕੋਲ ਆਉਂਦੇ ਹਨ, ਉਹ ਇਸਤੋਂ
ਨਿਰਾਸ਼ ਹੋ ਕੇ ਚਲੇ ਜਾਂਦੇ ਹਨ। ਕਾਰਣ ਹੁੰਦਾ ਹੈ ਕਿ ਇਹ ਰੁੱਖ ਭਾਵੇਂ ਏਡਾ ਉੱਚਾ, ਲੰਮਾ, ਮੋਟਾ
ਹੁੰਦਾ ਹੈ ਪਰ ਪੰਛੀਆਂ ਨੂੰ ਇਸ `ਚ ਅਪਣੇ ਆਰਾਮ, ਘੋਂਸਲੇ ਆਦਿ ਬਨਾਉਣ ਆਦਿ ਦਾ ਲਾਭ ਨਹੀਂ ਮਿਲਦਾ।
ਇਸੇਤਰ੍ਹਾਂ ਜੇ ਕੋਈ ਰਾਹੀਗੀਰ ਇਸ ਹੇਠਾਂ ਆਰਾਮ ਕਰਨਾ ਚਾਹੁੰਦਾ ਹੈ ਤਾਂ ਉਸਨੂੰ ਇਸਦੀ ਛਾਂ ਤਕ ਵੀ
ਨਹੀਂ ਮਿਲਦੀ। ਇੰਨਾਂ ਹੀ ਨਹੀਂ ਇਸ ਦੇ ਫਲ ਵੀ ਫਿੱਕੇ ਹੁੰਦੇ ਹਨ, ਫੁਲ ਬੇ-ਸੁਆਦੇ `ਤੇ ਪੱਤੇ ਵੀ
ਪੰਛੀਆਂ ਪਸ਼ੂਆਂ ਜਾਂ ਲੋਕਾਂ ਦੇ ਕਿਸੇ ਕੰਮ ਨਹੀਂ ਆਉਂਦੇ।
ਦਰਅਸਲ ਸਿੰਮਲ ਰੁਖ ਦੀ ਮਿਸਾਲ ਦੇ ਕੇ ਪਾਤਸ਼ਾਹ ਦਸਦੇ ਹਨ ਕਿ ਬਿਰਖਾਂ ਵਿਚੋਂ
ਬਿਰਖ ਉਹੀ ਗੁਣਕਾਰੀ ਹੈ ਜੋ ਨੀਵਾਂ ਹੈ ਭਾਵ ਜਿਸ ਅੰਦਰ ਨਿਮ੍ਰਤਾ ਦਾ ਗੁਣ ਹੈ। ਜਿਸ ਦੀਆਂ ਸ਼ਾਖਾਵਾਂ
ਝੁਕੀਆਂ ਹਨ, ਜਿਸ ਦੇ ਫਲ ਤੇ ਫੁਲ ਦੂਜਿਆ ਲਈ ਗੁਣਕਾਰੀ ਹਨ। ਜਿਸਤੇ ਪੰਛੀਆਂ ਨੂੰ ਘੋਸਲਾ-ਛਾਂ,
ਰਾਹੀਗੀਰਾਂ ਨੂੰ ਆਰਾਮ ਮਿਲਦਾ ਹੈ। ਹੋਰ ਤਾਂ ਹੋਰ ਨੀਵੇ, ਝੁਕੇ ਤੇ ਭਰੇ ਹੋਏ ਬਿਰਖ ਦੇ ਫਲ, ਫੁਲ,
ਪਤੇ ਪੰਛੀਆਂ, ਪਸ਼ੂਆਂ, ਮੁਸਾਫ਼ਰਾ ਤੇ ਲੋਕਾ ਦੇ ਕੰਮ ਵੀ ਆਉਂਦੇ ਹਨ।
ਇਸੇ ਤਰ੍ਹਾਂ ਸਿੰਮਲ ਦੀ ਮਿਸਾਲ ਦੇ ਕੇ ਗੁਰਦੇਵ ਕਿਸੇ ਤਰ੍ਹਾਂ ਵੀ ਮਾਸ ਦੇ
ਭੋਜਨ ਦਾ ਜ਼ਿਕਰ ਨਹੀਂ ਕਰ ਰਹੇ ਬਲਕਿ ਮਨੁੱਖਾ ਜੀਵਨ ਦੀ ਸੱਚਾਈ ਨੂੰ ਬਿਆਨ ਰਹੇ ਹਨ। ਫ਼ੁਰਮਾਂਦੇ ਹਨ,
ਸਿੰਮਲ ਰੁਖ ਦੀ ਨਿਆਈ ਜਿਹੜੇ ਮਨੁੱਖ ਬਾਹਰੋ ਤਾਂ ਬੜੇ ਉੱਚੇ ਲੰਮੇ, ਰਿਸ਼ਟ-ਪੁਸ਼ਟ, ਸੋਹਣੇ ਸੁਨੱਖੇ
ਵੀ ਹੁੰਦੇ ਹਨ। ਮਨੁੱਖਾ ਸਰੀਰ ਦੀਆਂ ਲੋੜਾਂ ਮੁਤਾਬਕ ਉਨ੍ਹਾਂ ਅੰਦਰ ਕਿਸੇ ਤਰ੍ਹਾਂ ਦੀ ਕਮੀ ਨਹੀਂ
ਹੁੰਦੀ। ਉਨ੍ਹਾਂ ਦੇ ਸਰੀਰ ਦੇ ਸਾਰੇ ਅੰਗ, ਦਿਮਾਗ਼, ਯਾਦਾਸ਼ਤ, ਗਲਬਾਤ, ਬੋਲਚਾਲ ਸਭਕੁਝ ਅਕਾਲਪੁਰਖੁ
ਵਲੋਂ ਹਾਸਲ ਹੁੰਦਾ ਹੈ।
ਫ਼ਿਰ ਵੀ ਜੇਕਰ ਮਨੁੱਖ ਅੰਦਰ ਮਨੁੱਖਾ ਜੀਵਨ ਦੇ ਮੂਲ ਗੁਣ ਹੀ ਨਹੀਂ ਹਨ। ਮਨ
`ਚ ਹਉਮੈ, ਕਪਟ, ਠੱਗੀਆਂ, ਧੋਖਾ, ਫਰੇਬ ਅਉਗਣ ਭਰੇ ਪਏ ਹਨ। ਜੇ ਇੰਨਾ ਨਹੀਂ ਤਾਂ ਘੱਟ ਤੋਂ ਘੱਟ
ਪਰੋਪਕਾਰ ਦਇਆ ਵਾਲਾ ਸੁਭਾਅ ਹੀ ਨਹੀਂ ਅਤੇ ਦੂਜਿਆਂ ਦੇ ਕੰਮ ਹੀ ਨਹੀਂ ਆਉਂਦੇ। ਅਜੇਹੇ ਲੋਕਾਂ ਦੇ
ਮਨੁੱਖ ਹੋਣ ਦਾ ਕੀਹ ਲਾਭ? ਅਜੇਹੇ ਲੋਕਾਂ ਦਾ ਮਨੁੱਖਾ ਜਨਮ ਇਸੇ ਤਰ੍ਹਾਂ ਹੈ ਜਿਵੇਂ ਰੁਖਾਂ ਵਿਚੋਂ
ਸਿੰਮਲ ਦਾ ਰੁਖ।
ਇਸਦੇ ਉਲਟ ਜਿਵੇਂ ਝੁਕਿਆ ਦਾ ਰੁਖ ਆਪਣੇ ਅੰਦਰ ਕਈ ਇਲਾਹੀ ਗੁਣ ਸਾਂਭੀ ਰਖਦਾ
ਹੈ ਉਸੇਤਰ੍ਹਾਂ ਸੁਭਾਅ ਕਰਕੇ ਨਿਮ੍ਰਤਾ ਵਾਲੇ ਲੋਕਾਂ ਅੰਦਰ ਅਨੇਕਾਂ ਗੁਣ ਆਪਣੇ ਆਪ ਜਨਮ ਲੈਂਦੇ ਹਨ।
ਅਜੇਹੇ ਮਨੁੱਖਾਂ ਦਾ ਜੀਵਨ ਅਪਣੇ ਆਪ `ਚ ਹੀ ਸਤਿਕਾਰ ਜੋਗ ਹੁੰਦਾ ਹੈ। ਪਾਤਸ਼ਾਹ ਦਸਦੇ ਹਨ, ਮਨੁੱਖਾ
ਜੀਵਨ ਦੇ ਅਨੇਕਾਂ ਗੁਣ ਹਨ ਪਰ ਇਨ੍ਹਾਂ ਸਾਰੇ ਗੁਣਾਂ ਦਾ ਧੁਰਾ (ਚੰਗਿਆਈਆਂ ਤਤੁ) ਮਨੁੱਖ
ਅੰਦਰ ਨਿਮ੍ਰਤਾ ਦਾ ਗੁਣ ਹੀ ਹੁੰਦਾ ਹੈ। ਜੇਕਰ ਮਨੁੱਖ ਕੋਲ ਕੇਵਲ ਇੱਕ ਨਿਮ੍ਰਤਾ ਵਾਲਾ ਗੁਣ ਹੀ
ਹੋਵੇ ਤਾਂ ਇਸਦੇ ਨਾਲ ਉਸ ਅੰਦਰ ਦੂਜੇ ਗੁਣ ਅਪਣੇ ਆਪ ਉਗਮ ਆਉਂਦੇ ਹਨ, ਜਿਵੇਂ ਝੁਕੇ ਹੋਏ ਬਿਰਖ
ਅੰਦਰ।
ਹੁਣ ਇਥੇ ਪੁਜ ਕੇ ਗੁਰਦੇਵ ਚੇਤਾਵਨੀ ਦੇਂਦੇ ਹਨ-ਮਨੁੱਖ ਅੰਦਰ ਨਮ੍ਰਤਾ
ਵਾਲਾ ਗੁਣ ਨਿਸ਼ਕਪਟ ਭਾਵਨਾ ਤੇ ਸੁਭਾਅ ਕਰਕੇ ਹੋਣਾ ਹੈ। ਨਹੀਂ ਤਾਂ, ਨਿਰੀ ਬਾਹਰ ਦੀ ਨਿਮ੍ਰਤਾ ਲੋਕ
ਦਿਖਾਵੇ ਲਈ ਹੀ ਹੁੰਦੀ ਹੈ। ਇਸਤਰ੍ਹਾਂ ਲੋਕ ਦਿਖਾਵੇ ਦੀ ਨਮ੍ਰਤਾ, ਅਜੇਹੇ ਮਨੁੱਖ ਦੇ ਅਪਣੇ ਜੀਵਨ
ਨੂੰ ਵੀ ਗੰਦਾ ਕਰਦੀ ਹੈ ਅਤੇ ਦੂਜਆਂ ਦਾ ਵੀ ਨੁਕਸਾਨ ਕਰਦੀ ਹੈ। ਸ਼ੁਭਾਅ ਕਰਕੇ ਨਮ੍ਰਤਾ ਦੇ ਗੁਣ ਨੂੰ
ਸਮਝਾਉਣ ਲਈ ਪਾਤਸ਼ਾਹ ਨੇ ਤਰਾਜੂ ਦੀ ਮਿਸਾਲ ਦਿਤੀ ਹੈ। ਸਮਝਾਉਂਦੇ ਹਨ ਜਿਵੇਂ ਤਰਾਜੂ ਦਾ ਉਹੀ ਪਲੜਾ
ਝੁੱਕਦਾ ਹੈ ਜਿਸ `ਚ ਵਜ਼ਨ ਵੱਧ ਹੁੰਦਾ ਹੈ। ਇਸੇਤਰ੍ਹਾਂ ਜਿਸ ਮਨੁੱਖ ਦੇ ਸੁਭਾਅ ਅੰਦਰ ਨਮ੍ਰਤਾ ਦਾ
ਗੁਣ ਹੁੰਦਾ ਹੈ, ਉਸ ਅੰਦਰੋਂ ਨਮ੍ਰਤਾ ਦਾ ਪ੍ਰਗਟਾਵਾ ਆਪਣੇ ਆਪ ਤੇ ਨਿਸ਼ਕਪਟ ਭਾਵ ਨਾਲ ਹੁੰਦਾ ਹੈ।
ਅਜੇਹੇ ਸੁਭਾਵਕ ਨਮ੍ਰਤਾ ਦੇ ਸੁਭਾਅ ਵਾਲੇ ਮਨੁੱਖ ਨੂੰ ਉਸਦੇ ਇਸ ਗੁਣ ਕਾਰਣ ਅਚਣਚੇਤ ਹੀ ਅਨੇਕਾਂ
ਲਾਭ ਹੋ ਜਾਂਦੇ ਹਨ।
ਇਥੇ ਪੁਜਕੇ ਪਾਤਸ਼ਾਹ ਚੇਤਾਵਣੀ ਦੇਂਦੇ ਹਨ, ਜਿਹੜੇ ਮਨੁੱਖਾਂ ਦੇ ਮਨ ਚ ਤਾਂ
ਕੁੱਝ ਹੋਰ ਹੋਵੇ, ਕੇਵਲ ਅਪਣੀ ਮੱਤਲਬ ਪ੍ਰਸਤੀ, ਜਾਂ ਦੂਜਿਆਂ ਨਾਲ ਠੱਗੀਆਂ-ਹੇਰਾ ਫੇਰੀਆਂ ਆਦਿ ਦੀ
ਭਾਵਨਾ ਰਖਕੇ ਬਾਹਰੋਂ ਤਾਂ ਨਿਮ੍ਰਤਾ ਜਾਂ ਝੁਕਣ ਨੂੰ ਕੇਵਲ ਹੱਥਿਆਰ ਦੀ ਨਿਆਈ ਹੀ ਵਰਤ ਰਹੇ ਹੋਵਣ,
ਜਾਂ ਹੋਰ ਕਈ ਤਰ੍ਹਾਂ ਦੇ ਖੇਖਣ ਕਰਦੇ ਹੋਣ। ਦਰਅਸਲ ਅਜੇਹੇ ਲੋਕਾਂ ਦਾ ਇਹ ਨਿਮ੍ਰਤਾ ਦਾ ਗੁਣ ਨਹੀ
ਬਲਕਿ ਉਨ੍ਹਾਂ ਦੇ ਮਨ ਦੀ ਖੋਟ ਹੁੰਦੀ ਹੈ ਜੋ ਉਸਦੇ ਜੀਵਨ ਨੂੰ ਹੋਰ ਵੀ ਗੰਦਾ ਕਰਦੀ ਹੈ। ਅਜਿਹੀ
ਖੋਟੀ ਨਿਮ੍ਰਤਾ ਤੋਂ ਵੀ ਮਨੁੱਖ ਨੂੰ ਹਰ ਸਮੇਂ ਬਚਣ ਦੀ ਲੋੜ ਹੈ। ਗਲ ਨੂੰ ਹੋਰ ਸਪੱਸ਼ਟ ਕਰਨ ਲਈ
ਗੁਰਦੇਵ ਇਥੇ ਹਿਰਣ ਦੇ ਸ਼ਿਕਾਰੀ ਦੀ ਮਿਸਾਲ ਦੇਂਦੇ ਹਨ, ਜਿਸਦੀ ਕਰਨੀ ਅਤੇ ਸੁਭਾਅ ਮੇਲ ਨਹੀਂ ਖਾਂਦੇ
ਅਤੇ ਇੱਕ ਦੂਜੇ ਦੇ ਉਲਟ ਹਨ।
ਸਮਝਣ ਦਾ ਵਿਸ਼ਾ ਹੈ ਕਿ ਪਾਤਸ਼ਾਹ ਨੇ ਇਥੇ ਅਜੇਹੇ ਸ਼ਿਕਾਰ ਦੀ ਮਿਸਾਲ ਦਿਤੀ ਹੈ
ਜਿਹੜੀ ਹਰੇਕ ਕਰਨੀ-ਕੱਥਨੀ ਦੇ ਫਰਕ ਵਾਲੇ ਬੰਦੇ ਵਿਚੋਂ ਲਭੀ ਜਾ ਸਕਦੀ ਹੈ ਅਤੇ ਅਜੇਹੇ ਕਪਟੀ ਸੁਭਾਅ
ਵਾਲੇ ਸਾਰੇ ਲੋਕਾਂ ਉਪਰ ਇਕੋ ਜੇਹੀ ਲਾਗੂ ਹੁੰਦੀ ਹੈ।
ਇਥੇ ਵਿਸ਼ਾ, ਨਾ ਸ਼ਿਕਾਰ ਦਾ ਹੈ, ਨਾ ਹੀ ਮਾਸ ਦਾ-
ਅਰਥ ਦੇਣ ਤੋਂ ਬਾਦ ਵੀ ਕੁੱਝ ਵੇਰਵੇ ਸਹਿਤ
ਵਿਚਾਰ ਦੇਣੇ ਪਏ। ਕਾਰਣ ਸੀ ਕਿ ਚਲਦੇ ਪ੍ਰਕਰਣ ਅਨੁਸਾਰ ਜੇਕਰ ਅਸੀਂ ਬਿਰਥਾ ਹੱਠ ਨਾ ਕਰਕੇ
ਗਹਿਰੀ ਨਜ਼ਰ ਅਤੇ ਗੁਰਬਾਣੀ ਸੇਧ `ਚ ਖੁੱਲੇ ਦਿਮਾਗ਼ ਨਾਲ ਵਿਚਾਰ ਕਰੀਏ ਤਾਂ ਸਮਝ ਆਉਂਦੇ ਦੇਰ ਨਹੀਂ
ਲਗੇਗੀ ਕਿ ਇਸ ਸਲੋਕ `ਚ ਨਾ ਸ਼ਿਕਾਰ ਦਾ ਵਿਸ਼ਾ ਹੈ ਅਤੇ ਨਾ ਹੀ ਮਾਸ ਦੇ ਭੋਜਨ ਦਾ। ਇਥੇ ਹਿਰਨ ਦੇ
ਸ਼ਿਕਾਰ ਦੀ ਮਿਸਾਲ, ਬੇਅੰਤ ਤਰ੍ਹਾਂ ਦੇ ਸ਼ਿਕਾਰਾਂ ਵਿਚੋਂ ਨਿਵੇਕਲੀ ਅਤੇ ਦੂਰਅੰਦੇਸ਼ੀ ਦੀ ਹੈ। ਇਹ
ਮਿਸਾਲ ਉਸੇਤਰ੍ਹਾਂ ਹੈ ਜਿਵੇਂ ਅਨੇਕ ਤਰ੍ਹਾ ਦੇ ਬਿਰਖਾਂ ਵਿਚੋਂ ਕੇਵਲ ਸਿੰਮਲ ਰੁਖ ਹੀ ਚੁਣਿਆ ਹੈ।
ਠੀਕ ਉਸੇਤਰ੍ਹਾਂ ਜਿਵੇਂ ਬਾਣੀ ਆਸਾ ਕੀ ਵਾਰ ਵਿਚਲੇ ਸਲੋਕ “ਕੁੰਭੇ ਬਧਾ ਜਲੁ ਰਹੈ ਜਲ ਬਿਨੁ
ਕੁੰਭੁ ਨ ਹੋਇ” ਚ ਪਾਣੀ ਨੂੰ ਇਕੱਠਾ ਕਰਨ ਦੇ ਬੇਅੰਤ ਸਾਧਨ ਹੁੰਦੇ ਹੋਏ ਵੀ ਗਲ ਨੂੰ ਸਮਝਾਉਣ
ਲਈ ਮਿਸਾਲ ਲਈ ਹੈ ਤਾਂ ਕੇਵਲ ਮਿੱਟੀ ਦੇ ਘੜੇ ਦੀ।
ਜੇਕਰ ਸ਼ਿਕਾਰ ਦਾ ਵਿਰੋਧ ਹੁੰਦਾ ਜਾਂ ਮਾਸ ਦੇ ਭੋਜਨ ਦੀ ਗਲ ਹੁੰਦੀ ਤਾਂ
ਵਿਚਾਰ ਦਾ ਰੁਖ ਇਹ ਨਾ ਹੁੰਦਾ। ਕਿਉਂਕਿ ਹਰੇਕ ਜਾਨਵਰ ਜਾਂ ਪੰਛੀ, ਸੱਪ, ਮੱਛੀ ਤੇ ਹੋਰ ਪਾਣੀ ਦੇ
ਜੀਵਾਂ ਦਾ ਸ਼ਿਕਾਰ; ਝੁੱਕ ਕੇ ਨਹੀਂ ਕੀਤਾ ਜਾਂਦਾ। ਸਭ ਦੇ ਸ਼ਿਕਾਰ ਲਈ ਵੱਖ-ਵੱਖ ਢੰਗ-ਤਰੀਕੇ ਤੇ
ਨੀਯਮ ਹੁੰਦੇ ਹਨ। ਤਾਂਤੇ ਇਹ ਗਲ ਆਪਣੇ ਆਪ ਸਾਫ਼ ਹੋ ਜਾਂਦੀ ਹੈ ਕਿ ਇਥੇ ਕੇਵਲ ਨਿਮ੍ਰਤਾ ਦੇ ਵਿਸ਼ੇ
ਨੂੰ ਸਮਝਾਉਣ ਲਈ ਢੁੱਕਵੀਂ ਮਿਸਾਲ ਲਈ ਗਈ ਹੈ। ਝੁਕ ਕੇ ਸ਼ਿਕਾਰ ਵਾਲਾ ਇਹ ਢੰਗ ਹਰੇਕ ਸ਼ਿਕਾਰ ਉਪਰ
ਕਦੇ ਲਾਗੂ ਨਹੀਂ ਹੁੰਦਾ। ਝੁਕ ਕੇ ਸ਼ਿਕਾਰ ਕਰਣ ਵਾਲਾ ਇਹ ਢੰਗ ਕੇਵਲ ਹਿਰਨ ਦੇ ਸ਼ਿਕਾਰ ਉਪਰ ਹੀ ਲਾਗੂ
ਹੁੰਦਾ ਹੈ।
ਇਸਤੋਂ ਵੱਡੀ ਗਲ ਕਿ ਪ੍ਰਕਰਣ ਅਨੁਸਾਰ ਜਿੱਥੋਂ ਤੀਕ ਸ਼ਿਕਾਰ ਦਾ ਸੰਬੰਧ ਹੈ,
ਇਥੇ ਵਿਸ਼ਾ ਵੀ ਸ਼ਿਕਾਰ ਦਾ ਨਹੀਂ, ਜੀਵਨ ਸੇਧ ਦਾ ਹੈ। ਜਿਥੋਂ ਤੀਕ ਸ਼ਿਕਾਰ ਦੀ ਗਲ ਹੈ ਇਤਿਹਾਸ ਗੁਆਹ
ਹੈ ਕਿ ਸ਼ਿਕਾਰ ਤਾਂ ਗੁਰੂ ਸਾਹਿਬਾਨ ਵੀ ਖੇਡਦੇ ਸਨ। ਸਪੱਸ਼ਟ ਹੈ ਜਦੋਂ ਸ਼ਿਕਾਰ ਜਾਂ ਸ਼ਿਕਾਰ ਦੇ ਕਿੱਤੇ
ਦੀ ਕੋਈ ਗਲ ਹੀ ਨਹੀਂ ਤਾਂ ਮਾਸ ਖਾਣ ਜਾਂ ਨਾ ਖਾਣ ਵਾਲੀ ਗਲ, ਇਥੇ ਕਿਥੇ ਆ ਟੱਪਕੀ। ਇਥੇ ਤਾਂ ਅਸਲ
ਵਿਸ਼ਾ ਕੱਪਟ ਦੇ ਪੜ੍ਹਦੇ `ਚ ਦਿਖਾਵੇ ਦੀ ਨਮ੍ਰਤਾ ਦਾ ਹੈ। ਅਜੇਹਾ ਮਨੁੱਖੀ ਅਉਗੁਣ ਜੋ ਚੰਗੇ ਭਲੇ
ਗੁਣਵਾਣ ਜੀਵਨ ਨੂੰ ਵੀ ਤੱਬਾਹ ਕਰ ਦੇਂਦਾ ਹੈ। ਜਾਂ ਫ਼ਿਰ ਸੁਭਾਅ ਕਰਕੇ ਨਿਮ੍ਰਤਾ ਜਿਹੜੀ ਮਨੁੱਖਾ
ਜੀਵਨ ਲਈ ਅਨੇਕਾਂ ਗੁਣਾਂ ਦੀ ਖਾਣ ਹੈ। ਇਥੇ ਇਸ ਸਲੋਕ ਅੰਦਰ ਸੁਭਾਅ ਕਰਕੇ ਨਿਮ੍ਰਤਾ ਅਤੇ ਬਨਾਵਟੀ
ਨਿਮ੍ਰਤਾ, ਦੋਨਾਂ ਦਾ ਫ਼ਰਕ ਸਮਝਾਇਆ ਅਤੇ ਮਨੁੱਖਾ ਜੀਵਨ ਲਈ ਨਿਸ਼ਕਪਟ-ਬੇਲਾਗ ਨਿਮ੍ਰਤਾ ਦੀ ਸੇਧ
ਦਿੱਤੀ ਹੈ।
ਇਸ ਸਲੋਕ ਰਾਹੀ ਪਾਤਸ਼ਾਹ ਨੇ ਸਿੰਮਲ ਰੁੱਖ ਦੀ ਮਿਸਾਲ ਦੇ ਕੇ ਸਮਝਾਇਆ ਹੈ,
ਜੇ ਕੋਈ ਮਨੁੱਖ ਭਾਵੇਂ ਕਿੰਨਾ ਉੱਚਾ, ਲੰਮਾ, ਸੋਹਣੇ ਕੱਦ ਕਾਠ ਵਾਲਾ, ਚਤੁਰ ਬੁੱਧੀ, ਸਿਆਣਾ, ਧਨ
ਤੇ ਤਾਕਤਾਂ ਦਾ ਮਾਲਿਕ ਹੀ ਕਿਉਂ ਨਾ ਹੋਵੇ; ਜੇਕਰ ਉਸ ਅੰਦਰ ਮਨੁੱਖੀ ਕੱਦਰਾਂ ਕੀਮਤਾਂ ਨਹੀ। ਮਨ
ਅੰਦਰ ਹਉਮੈ, ਕਪਟ ਤੇ ਸੁਆਰਥ ਹੈ ਤਾਂ ਉਸ ਦੀ ਹਾਲਤ ਉਸ ਸਿੰਮਲ ਰੁੱਖ ਵਾਲੀ ਹੈ, ਜਿਸ ਅੰਦਰ ਉੱਚਾਈ,
ਲੰਮਾਈ, ਸੁੰਦਰਤਾ, ਫਲ-ਫੁੱਲ ਭਾਵ ਰੁਖ ਦੇ ਸਾਰੇ ਜ਼ਾਹਿਰਾ ਗੁਣ ਹੋਣ ਦੇ ਬਾਵਜੂਦ ਦੂਜਿਆ ਲਈ ਬਿਰਖ
ਵਾਲੇ ਮੂਲ ਗੁਣਾਂ ਤੋਂ ਖਾਲੀ ਹੁੰਦਾ ਹੈ। ਤਾਂਤੇ ਮਨੁੱਖ ਦੇ ਪਰੋਪਕਾਰੀ ਜੀਵਨ ਲਈ ਉਸਦੇ ਸੁਭਾਅ `ਚ
ਨਿਸ਼ਕਪਟ ਨਿਮ੍ਰਤਾ ਦਾ ਗੁਣ ਹੋਣਾ ਹੀ ਉਸਦੇ ਜੀਵਨ ਦਾ ਮੂਲ ਗੁਣ ਹੈ। ਇਥੇ ਨਾ ਸ਼ਿਕਾਰ ਦੇ ਕਿੱਤੇ ਉਪਰ
ਕਿੰਤੂ ਹੈ ਅਤੇ ਨਾ ਮਾਸ ਛੱਕਣ ਦਾ ਵਿਸ਼ਾ। ਇਥੇ ਵੀ ਮਾਸ ਵਿਰੋਧੀ ਸਜਣਾ ਤੋਂ ਭੁੱਲ਼ ਹੋਈ ਹੈ ਤਾਂ
ਕੇਵਲ ਅਪਣੇ ਮਨਮਤੀ ਅਰਥਾਂ ਕਾਰਣ।
“ਮੀਨੁ ਪਕਰਿ ਫਾਂਕਿਓ … ਖੰਡ ਖੰਡ ਕਰਿ ਭੋਜਨੁ ਕੀਨੋ” -
ਭਗਤ ਰਵਿਦਾਸ ਜੀ ਦੇ ਜਿਸ ਸ਼ਬਦ ਚੋਂ ਇਹ
ਪੰਕਤੀ ਲਈ ਗਈ ਹੈ ਇਹ ਸ਼ਬਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ੫੬੮ ਉਪਰ ਦਰਜ ਹੈ, ਜੋ
ਇਸਤਰ੍ਹਾ ਹੈ:
“ਜਉ ਹਮ ਬਾਂਧੇ ਮੋਹ ਫਾਸ, ਪ੍ਰੇਮ ਬਧਨਿ ਤੁਮ ਬਾਧੇ॥
ਅਪਨੇ ਛੂਟਨ ਕੋ ਜਤਨੁ ਕਰਹੁ ਹਮ ਛੂਟੇ ਤੁਮ ਆਰਾਧੇ॥
੧ ॥
ਮਾਧਵੇ ਜਾਨਤ ਹਹੁ ਜੈਸੀ ਤੈਸੀ॥ ਅਬ ਕਹਾ ਕਰਹੁਗੇ ਐਸੀ॥
੧ ॥
ਰਹਾਉ॥
ਮੀਨੁ ਪਕਰਿ ਫਾਂਕਿਓ ਅਰੁ ਕਾਟਿਓ ਰਾਂਧਿ ਕੀਓ ਬਹੁ ਬਾਨੀ॥
ਖੰਡ ਖੰਡ ਕਰਿ ਭੋਜਨੁ ਕੀਨੋ ਤਊ ਨ ਬਿਸਰਿਓ ਪਾਨੀ॥
੨ ॥
ਆਪਨ ਬਾਪੈ ਨਾਹੀ ਕਿਸੀ ਕੋ ਭਾਵਨ ਕੋ ਹਰਿ ਰਾਜਾ॥
ਮੋਹ ਪਟਲ ਸਭੁ ਜਗਤੁ ਬਿਆਪਿਓ ਭਗਤ ਨਹੀ ਸੰਤਾਪਾ॥
੩ ॥
ਕਹਿ ਰਵਿਦਾਸ ਭਗਤਿ ਇੱਕ ਬਾਢੀ ਅਬ ਇਹ ਕਾ ਸਿਉ ਕਹੀਐ॥
ਜਾ ਕਾਰਨਿ ਹਮ ਤੁਮ ਆਰਾਧੇ ਸੋ ਦੁਖੁ ਅਜਹੂ ਸਹੀਐ॥
੪ ॥”
(ਪੰ: ੬੫੮)
ਭਗਤ ਜੀ ਦੇ ਇਸ ਸ਼ਬਦ `ਚ ਦਰਸ਼ਨ ਕਰੀਏ, ਸੰਬੰਧਤ ਪੰਕਤੀਆਂ
ਇਸ ਸ਼ਬਦ ਦਾ ਦੂਜਾ ਬੰਦ ਹੈ ਅਤੇ ਇਥੇ ਵਿਸ਼ਾ ਹੀ ਪ੍ਰਭੁ ਪਿਆਰ ਦਾ ਹੈ ਨਾਕਿ ਕਿਸੇ ਤਰ੍ਹਾਂ ਵੀ ਇਥੇ
ਕੋਈ ਮਾਸ ਦਾ ਵਿਸ਼ਾ ਹੈ। ਇਥੇ ਵੀ ਵਿਸ਼ੇ ਨੂੰ ਇੱਕ ਪਾਸੇ ਛੱਡਕੇ ਮਾਸ ਵਿਰੋਧੀ ਸੱਜਣਾ ਨੇ ਵਿਚੋਂ
ਕੇਵਲ ਇੱਕ ਪੰਕਤੀ ਚੁਕ ਲਈ ਅਤੇ ਕੁਰਾਹੇ ਪੈ ਗਏ। ਬਲਕਿ ਇਥੇ ਤਾਂ ਰਹਾਉ ਦਾ ਬੰਦ ਹੈ “ਮਾਧਵੇ
ਜਾਨਤ ਹਹੁ ਜੈਸੀ ਤੈਸੀ॥ ਅਬ ਕਹਾ ਕਰਹੁਗੇ ਐਸੀ”
ਸੰਬੰਧਤ ਪੰਕਤੀਆਂ ਜਿਥੋਂ ਮਾਸ ਵਿਰੋਧੀ ਸੱਜਣ ਟੱਪਲਾ ਖਾ ਗਏ ਇਨ੍ਹਾਂ
ਪੰਕਤੀਆਂ `ਚ ਤਾਂ ਮੱਛੀ ਦੀ ਪਾਣੀ ਨਾਲ ਸਾਂਝ ਦੀ ਮਿਸਾਲ ਦੇਕੇ ਗਲ ਕੀਤੀ ਹੈ ਹੇ ਪ੍ਰਭੁ! ਜਿਵੇਂ
ਮੱਛੀ ਦਾ ਪਾਣੀ ਨਾਲ ਅੰਤਾਂ ਦਾ ਪਿਆਰ ਹੈ, ਉਸੇ ਤਰ੍ਹਾਂ ਮੈ ਤੇਰੇ ਤੋਂ ਬਿਨਾਂ ਜ਼ਿੰਦਾ ਨਹੀਂ ਰਹਿ
ਸਕਦਾ।
ਠੀਕ ਉਸੇਤਰ੍ਹਾਂ ਜਿਵੇਂ ਮੱਛੀ ਦਾ ਪਾਣੀ ਬਿਨਾ ਜ਼ਿੰਦਾ ਰਹਿਣਾ ਤਾਂ ਦੂਰ, ਮਰ
ਕੇ ਵੀ ਪਾਣੀ ਨੂੰ ਨਹੀਂ ਵਿਸਾਰਦੀ। ਮੱਛੀ ਨੂੰ ਜੇਕਰ ਪਾਣੀ ਤੋਂ ਵੱਖ ਕਰ ਦਿਤਾ ਜਾਵੇ ਤਾਂ ਤੱੜਫ਼
ਤੱੜਫ਼ ਕੇ ਪ੍ਰਾਣ ਤਿਆਗ ਦੇਂਦੀ ਹੈ। ਫ਼ਿਰ ਇੰਨਾ ਵੀ ਨਹੀਂ ਬਲਕਿ ਜਦੋਂ ਉਸਨੂੰ ਛੱਕਣ ਵਾਲਾ, ਉਸਦੇ
ਸਰੀਰ ਦੇ ਟੁੱਕੜੇ ਟੁੱਕੜੇ ਕਰਕੇ ਉਸਦਾ ਭੋਜਨ ਕਰਦਾ ਹੈ ਤਾਂ ਵੀ ਮੱਛੀ ਪਾਣੀ ਹੀ ਮੰਗਦੀ ਹੈ ਭਾਵ
ਮੱਛੀ ਖਾਣ ਵਾਲੇ ਨੂੰ, ਮੱਛੀ ਖਾਣ ਤੋਂ ਬਾਦ ਵੀ ਪਿਆਸ ਹੀ ਪਿਆਸ ਲਗਦੀ ਹੈ।
ਇਸਤਰ੍ਹਾਂ ਇਸ ਮਿਸਾਲ ਨੂੰ ਵਰਤਕੇ ਭਗਤ ਜੀ ਪ੍ਰਭੂ ਦੇ ਚਰਣਾਂ ਚ ਅਰਜ਼ੋਈ
ਕਰਦੇ ਹਨ, “ਹੇ ਪ੍ਰਭੁ! ਤੇਰੇ ਤੋਂ ਬਿਨਾ ਮੇਰੀ ਹਾਲਤ ਵੀ ਮੱਛੀ ਵਾਲੀ ਹੀ ਹੈ”। ਦੇਖਣਾ ਹੈ
ਕਿ ਸ਼ਬਦ ਵਿਚਲੀ ਜਿਸ ਮਿਸਾਲ ਨੂੰ ਲੈਕੇ ਸਾਡੇ ਵਿਰੋਧੀ ਸੱਜਣ ਮਾਸ ਛੱਕਣ ਵਿਰੁੱਧ ਧੋਖਾ ਖਾ ਰਹੇ ਹਨ।
ਇਥੇ ਤਾਂ ਉਲਟਾ ਇਸ ਸੱਚਾਈ ਦੀ ਪ੍ਰੌੜਤਾ ਮਿਲ ਰਹੀ ਹੈ ਕਿ ਮੱਛੀ ਭੋਜਨ ਦਾ ਹੀ ਵਿਸ਼ਾ ਹੈ। ਦੂਜਾ- ਇਸ
ਸਾਰੇ ਸ਼ਬਦ ਵਿੱਚ ਮਾਸ ਛੱਕਣ ਵਿਰੁਧ ਇੱਕ ਲਫ਼ਜ਼ ਵੀ ਨਹੀਂ ਆਇਆ।
“ਇਕਿ ਮਾਸਹਾਰੀ ਇਕਿ ਤ੍ਰਿਣੁ ਖਾਹਿ … ਨਿਰੰਕਾਰੀ ਨਾਮ ਆਧਾਰਿ” -
ਗਲ ਨੂੰ ਸਮਝਣ ਲਈ ਇਥੇ ਵੀ ਸਾਨੂੰ ਪੂਰੇ
ਸਲੋਕ ਦੇ ਦਰਸ਼ਨ ਕਰਨ ਦੀ ਲੋੜ ਹੈ ਤਾ ਕਿ ਅਸਲ ਵਿਸ਼ਾ ਸਮਝ `ਚ ਆ ਸਕੇ। ਪੰ: ੧੪੪ ਤੇ ਇਹ
ਪੂਰਾ ਸਲੋਕ ਇਸਤਰ੍ਹਾਂ ਹੈ:
“ਮਃ ੧॥ ਇਕਿ ਮਾਸਹਾਰੀ ਇਕਿ ਤ੍ਰਿਣੁ ਖਾਹਿ॥
ਇਕਨਾ ਛਤੀਹ ਅੰਮ੍ਰਿਤ ਪਾਹਿ॥ ਇਕਿ ਮਿਟੀਆ ਮਹਿ ਮਿਟੀਆ ਖਾਹਿ॥
ਇਕਿ ਪਉਣ ਸੁਮਾਰੀ ਪਉਣ ਸੁਮਾਰਿ॥ ਇਕਿ ਨਿਰੰਕਾਰੀ ਨਾਮ ਆਧਾਰਿ॥
ਜੀਵੈ ਦਾਤਾ ਮਰੈ ਨ ਕੋਇ॥ ਨਾਨਕ ਮੁਠੇ ਜਾਹਿ ਨਾਹੀ ਮਨਿ ਸੋਇ”॥
੨॥
ਅਰਥ-
ਕਈ ਜੀਵ ਨਿਰੋਲ
ਮਾਸਾਹਾਰੀ ਹਨ (ਜਿਵੇਂ ਸ਼ੇਰ, ਚੀਤੇ, ਬਘਿਆੜ ਆਦਿ), ਕਈ ਨਿਰੇ ਘਾਹ-ਫੂਸ-ਸਬਜ਼ੀਆਂ ਖਾਂਦੇ ਹਨ (ਜਿਵੇਂ
ਗਊ, ਮੱਝ, ਬਕਰੀ, ਘੋੜਾ, ਹਾਥੀ, ਦਰਿਆਈ-ਘੋੜਾ ਆਦਿ)। ਕਈ ਪ੍ਰਣੀਆਂ ਨੂੰ ਛਤੀਹ ਪ੍ਰਕਾਰ ਦੇ ਸੁਆਦਲੇ
ਭੋਜਨ ਪ੍ਰਾਪਤ ਹਨ (ਮਨੁੱਖਾ ਜੂਨੀ), ਕਈ ਮਿੱਟੀ ਵਿੱਚ (ਰਹਿ ਕੇ) ਮਿੱਟੀ ਹੀ ਖਾਂਦੇ ਹਨ। ਕਈ
ਪ੍ਰਾਣਾਯਾਮ ਦੇ ਅਭਿਆਸੀ ਪ੍ਰਾਣਾਯਾਮ `ਚ ਲੱਗੇ ਰਹਿੰਦੇ ਹਨ। ਕਈ ਨਿਰੰਕਾਰ ਦੇ ਉਪਾਸ਼ਕ (ਉਸ ਦੇ) ਨਾਮ
ਦੇ ਆਸਰੇ ਜੀਉਂਦੇ ਹਨ।
ਇਥੇ ਖਾਸ ਧਿਆਨ ਇਸ ਗਲ ਦਾ ਕਰਨਾ ਹੈ ਜਿਥੌਂ ਕਿ ਮਾਸ ਵਿਰੋਧੀ ਸੱਜਣ ਉਖੜ ਗਏ
ਹਨ। ਹੈਰਾਨੀ ਦੀ ਗਲ ਹੈ ਕਿ ਉਨ੍ਹਾਂ ਨੇ ਇਹ ਮੰਤਕ ਕਿਥੋਂ ਪੈਦਾ ਕਰ ਲਈ ਕਿ ਜਿਹੜੇ ਨਾਮ ਅਭਿਆਸੀ ਹਨ
ਉਹ ਭੌਜਨ ਹੀ ਨਹੀਂ ਕਰਦੇ। ਜਾਂ ਬਾਕੀ ਸਭ ਭੋਜਨ ਤਾਂ ਕਰਦੇ ਹਨ, ਕੇਵਲ ਮਾਸ ਦਾ ਭੋਜਨ ਨਹੀਂ ਕਰਦੇ।
ਧਿਆਨ ਰਹੇ! ਸਰੀਰ ਦਾ ਭੋਜਨ ਵੱਖ ਵਿਸ਼ਾ ਹੈ ਜੋਕਿ ਨਾਮ ਅਭਿਆਸੀ ਨੇ ਵੀ ਕਰਨਾ
ਹੈ ਅਤੇ ਪ੍ਰਣਾਯਾਮੀ ਨੇ ਵੀ। ਨਾਮ ਅਭਿਆਸ ਤੇ ਪ੍ਰਾਣਾਯਾਮ ਜੀਵਨ ਜੀਉਣ ਦੇ ਵੱਖ ਵੱਖ ਢੰਗ ਹਨ, ਇਥੋਂ
ਤੀਕ ਕਿ ਪ੍ਰਾਣਾਯਾਮੀ ਨਾਲ-ਨਾਲ ਨਾਮ ਅਭਿਆਸੀ ਵੀ ਹੋ ਸਕਦਾ ਹੈ। ਇਸਦੇ ਨਾਲ ਹੀ ਪ੍ਰਾਣਯਾਮ ਵਾਲਿਆਂ
ਦੇ ਜੀਵਨ ਦਾ ਢੰਗ ਪ੍ਰਾਣਾਯਾਮ ਜ਼ਰੂਰ ਹੈ ਪਰ ਇਸਦਾ ਇਹ ਮਤਲਬ ਨਹੀ ਕਿ ਉਹ ਭੋਜਨ ਹੀ ਨਹੀਂ ਕਰਦੇ।
ਠੀਕ ਇਸੇਤਰ੍ਹਾਂ ਨਿਰੰਕਾਰ ਦੇ ਰੰਗ ਚ ਰੰਗੇ ਹੋਏ ਜੀਊੜੇ, ਪ੍ਰਭੁ ਦੇ ਨਾਮ ਆਸਰੇ ਜੀਉਂਦੇ ਹਨ, ਪਰ
ਸਰੀਰਕ ਭੋਜਨ ਉਹ ਵੀ ਕਰਦੇ ਹਨ। ਨਿਰੰਕਾਰ ਦੇ ਰੰਗ ਚ ਰੰਗੇ ਹੋਏ, ਪ੍ਰਭੁ ਨਾਮ ਆਸਰੇ ਜੀਉਣ ਵਾਲੇ
ਜੀਉੜਿਆਂ ਬਾਰੇ ਗੁਰਬਾਣੀ ਚ ਕੇਵਲ ਇਥੇ ਹੀ ਨਹੀ, ਹੋਰ ਵੀ ਕਈ ਥਾਵੇਂ ਬਿਆਨਿਆ ਹੈ ਜਿਵੇਂ “ਆਖਾ
ਜੀਵਾ ਵਿਸਰੈ ਮਰਿ ਜਾਉ” (ਪੰ: ੯) ਆਦਿ। ਬਲਕਿ ਇਸ ਸਲੋਕ ਦਾ ਵਿਸ਼ਾ ਤਾਂ ਭੋਜਨ ਹੈ ਹੀ
ਨਹੀ ਇਸ ਸਲੋਕ ਦਾ ਮੂਲ ਵਿਸ਼ਾ ਤਾਂ ਪਾਤਸ਼ਾਹ ਸਪੱਸ਼ਟ ਕਰ ਰਹੇ ਹਨ ਕਿ ਉਹ ਜੀਵ ਠੱਗੇ ਜਾਂਦੇ ਹਨ,
ਜਿਨ੍ਹਾਂ ਦੇ ਮਨ `ਚ ਪ੍ਰਭੂ ਦਾ ਵਾਸਾ ਨਹੀਂ।
ਬਾਕੀ ਰਹੀ ਛੱਤੀਹ ਪ੍ਰਕਾਰ ਦੇ ਭੋਜਨਾ ਦੀ ਗਲ ਜਿਥੇ ਆਕੇ ਮਾਸ ਵਿਰੋਧੀ ਸੱਜਣ
ਉਖੜੇ ਹਨ। ਇਹ ਵਿਸ਼ਾ ਠੀਕ ਉਸੇਤਰ੍ਹਾਂ ਹੈ ਜਿਵੇਂ ਗੁਰਦੇਵ ਬਾਣੀ ਸੁਖਮਨੀ `ਚ ਫ਼ੁਰਮਾਂਦੇ ਹਨ, “ਜਿਹ
ਪ੍ਰਸਾਦਿ ਛਤੀਹ ਅੰਮ੍ਰਿਤ ਖਾਹਿ॥ ਤਿਸੁ ਠਾਕੁਰ ਕਉ ਰਖੁ ਮਨ ਮਾਹਿ” (ਪੰ: ੨੬੯)। ਕਿਉਂੁਕਿ
ਛਤੀਹ ਪ੍ਰਕਾਰ ਦੇ ਭੋਜਨਾ ਦਾ ਸੰਬੰਧ ਅਤੇ ਸਹੂਲਿਅਤ ਕੇਵਲ ਮਨੁੱਖਾ ਜੂਨੀ `ਚ ਹੀ ਹੈ। ਇਹ ਸਹੂਲਿਅਤ
ਕਿਸੇ ਹੋਰ ਜੂਨੀ ਨਾਲ ਸੰਬੰਧਤ ਹੈ ਹੀ ਨਹੀਂ। ਇਸਦੇ ਨਾਲ ਬਾਣੀ ਸੁਖਮਨੀ `ਚ ਇਹ ਵੀ ਫ਼ੈਸਲਾ ਹੈ ਕਿ
ਮਨੁੱਖ ਨੂੰ ਛਤੀਹ ਪ੍ਰਕਾਰ ਦੇ ਭੋਜਨਾ ਵਾਲੀ ਕੁੱਦਰਤ ਨੇ ਸਹੂਲਿਅਤ ਬਖਸ਼ੀ ਕਿਉਂ ਹੈ? ਉਤਰ ਦਿਤਾ ਹੈ
ਕਿ ਮਨੁੱਖ ਤਰ੍ਹਾਂ-ਤਰ੍ਹਾਂ ਦੇ ਪੱਕਵਾਨ ਤੇ ਵਿਅੰਜਣ ਤਿਆਰ ਕਰਕੇ ਭੁੰਚਣ ਦੇ ਸਮ੍ਰਥ ਹੈ ਤਾਕਿ “ਤਿਸੁ
ਠਾਕੁਰ ਕਉ ਰਖੁ ਮਨ ਮਾਹਿ” ਵਾਲੀ ਗਲ ਨੂੰ ਨਾ ਭੁੱਲੇ। ਠੀਕ ਉਹੀ ਵਿਸ਼ਾ ਹੱਥਲੇ ਸਲੋਕ `ਚ ਵੀ
ਹੈ। ਸੰਬੰਧਤ ਸਲੋਕ `ਚ ਵੀ “ਇਕਨਾ ਛਤੀਹ ਅੰਮ੍ਰਿਤ ਪਾਹਿ” ਕੇਵਲ ਮਨੁੱਖਾ ਜਨਮ ਉਪਰ ਹੀ
ਲਾਗੂ ਹੁੰਦਾ ਹੈ ਅਤੇ ਉਹ ਇਸ ਲਈ ਕਿ “ਇਕਿ ਨਿਰੰਕਾਰੀ ਨਾਮ ਆਧਾਰਿ” ਨਹੀਂ ਤਾਂ “ਨਾਨਕ
ਮੁਠੇ ਜਾਹਿ ਨਾਹੀ ਮਨਿ ਸੋਇ”। ਇਸਤਰ੍ਹਾਂ ਜੇਕਰ ਮਨੁੱਖ, ਮਨੁੱਖਾ ਜੂਨੀ ਪਾਕੇ ਅਤੇ
ਛਤੀਹ ਪ੍ਰਕਾਰ ਦੇ ਭੋਜਨ ਵਰਤਦਿਆਂ ਵੀ ਕਰਤੇ ਨੂੰ ਚੇਤੇ ਨਹੀਂ ਰਖਦਾ ਤਾਂ ਗਲ ਉਹੀ ਹੈ “ਨਾਨਕ
ਮੁਠੇ ਜਾਹਿ ਨਾਹੀ ਮਨਿ ਸੋਇ” ਵਾਲੀ ਹੀ ਗਲ ਬਣ ਜਾਂਦੀ ਹੈ।
ਇਥੇ ਇਹ ਵੀ ਨਹੀਂ ਭੁਲਣਾ ਕਿ ਛਤੀਹ ਪ੍ਰਕਾਰ ਦੇ ਭੋਜਨਾ ਵਿਚੋਂ ਗੁਰਦੇਵ ਮਾਸ
ਦੇ ਭੋਜਨ ਨੂੰ ਵੱਖ ਨਹੀਂ ਕਰ ਰਹੇ। ਬਲਕਿ ਦੇਖ ਚੁਕੇ ਹਾਂ ਕਿ ਗੁਰਬਾਣੀ `ਚ ਕਈ ਵਾਰੀ ਜਦੋਂ ਮਹਿੰਗੇ
ਤੇ ਵਧੀਆ ਭੋਜਨਾ ਦਾ ਜ਼ਿਕਰ ਆਇਆ ਹੈ ਤਾਂ ਗੁਰਦੇਵ ਨੇ ਮਾਸ ਦੇ ਭੋਜਨ ਦੀ ਗਲ ਹੀ ਕੀਤੀ ਹੈ। ਦੂਜਾ
ਛਤੀਹ ਪ੍ਰਕਾਰ ਦੇ ਭੋਜਨਾ ਦਾ ਮੱਤਲਬ ਹੁੰਦਾ ਹੈ ਪ੍ਰਭੁ ਦੀਆਂ ਬਖਸ਼ੀਆਂ ਦਾਤਾਂ ਵਿਚੋ ਲੋੜ ਅਤੇ ਸੁਆਦ
ਅਨੁਸਾਰ ਚੀਜ਼ਾਂ ਦੀ ਵਰਤੋਂ ਕਰਕੇ ਤਰ੍ਹਾਂ-ਤਰ੍ਹਾਂ ਦੇ ਪੱਕਵਾਨ ਤਿਆਰ ਕਰਨੇ।
ਵਿਚਾਰਨ ਦਾ ਵਿਸ਼ਾ ਹੈ ਕਿ ਜਿਨ੍ਹਾਂ ਵਸਤਾਂ ਦੀ ਵਰਤੋਂ ਕਰਕੇ ਮਨੁੱਖ ਭਾਂਤ
ਭਾਂਤ ਦੇ ਸੁਆਦਿਸ਼ਟ ਅਤੇ ਲੋੜ ਅਨੁਸਾਰ ਮਨ-ਭਾਉਂਦੇ ਬੇਅੰਤ ਭੋਜਨ ਤੇ ਪੱਕਵਾਨ ਤਿਆਰ ਕਰ ਲੈਂਦਾ ਹੈ,
ਉਹ ਸਾਰੀਆਂ ਵਸਤਾਂ ਕੁੱਦਰਤ `ਚ ਤਾਂ ਹਰ ਸਮੇਂ ਮੌਜੂਦ ਹੁੰਦੀਆਂ ਹਨ ਪਰ ਸਿਵਾਏ ਮਨੁੱਖ ਦੇ, ਉਨ੍ਹਾ
ਵਸਤਾਂ ਤੋਂ ਅਜੇਹੇ ਭਿੰਨ-ਭਿੰਨ ਛਤੀਹ ਤਰ੍ਹਾਂ ਦੇ ਸੁਆਦਲੇ ਭੋਜਨ ਤਿਆਰ ਕਰਨੇ ਕਿਸੇ ਹੋਰ ਜੂਨੀ `ਚ
ਸੰਭਵ ਹੀ ਨਹੀਂ ਹਨ ਇਸ ਤਰ੍ਹਾਂ ਮਾਸ ਦਾ ਭੋਜਨ ਵੀ ਉਨ੍ਹਾਂ ਭੋਜਨਾਂ ਵਿਚੋਂ ਹੀ ਭੋਜਨ ਹੈ ਬਲਕਿ
ਉਸਦੀ ਹੋਰ ਅਗੇ ਵੈਰਾਇਟੀ ਵੀ ਹੈ। ਜਦਕਿ ਦੂਜੀਆਂ ਜੂਨਾ ਚ ਤਾਂ ਜੋ ਕੱਚਾ-ਪੱਕਾ ਜਾਂ ਗੰਦ-ਮਿਲੇ ਪੇਟ
ਦੀ ਅੱਗ ਤਾਂ ਸਭ ਨੂੰ ਬੁਝਾਣੀ ਹੀ ਪੈਂਦੀ ਹੈ।