. |
|
ਮੂਰਤੀ ਪੂਜਾ ਦਾ ਪ੍ਰਚਾਰ ਅਤੇ ਵਿਕਰੀ
ਅਵਤਾਰ ਸਿੰਘ ਮਿਸ਼ਨਰੀ
(510-432-5827)
ਮੂਰਤਿ ਸੰਸਕ੍ਰਿਤ ਦਾ ਸ਼ਬਦ ਹੈ ਜਿਸ ਦੇ ਪ੍ਰਕਰਣ ਅਨੁਸਾਰ ਵੱਖਰੇ-ਵੱਖਰੇ ਅਰਥ
ਹਨ, ਜਿਵੇਂ ਬੁੱਤ, ਸਰੀਰ, ਅਕਾਰ, ਵਜ਼ੂਦ, ਸ਼ਕਲ, ਤਸਵੀਰ, ਨਮੂਨਾਂ ਅਤੇ ਹੋਂਦ। ਆਪਾਂ ਜਿਨ੍ਹਾਂ
ਮੂਰਤਾਂ ਫੋਟੋਆਂ ਬਾਰੇ ਵਿਚਾਰ ਕਰ ਰਹੇ ਹਾਂ ਉਹ ਹਨ ਮਿੱਟੀ, ਪੱਥਰ, ਲਕੜੀ, ਕਪੜਾ, ਕਾਗਜ਼ ਅਤੇ ਅੱਜ
ਕੱਲ੍ਹ ਪਲਾਸਟਿਕ ਆਦਿਕ ਦੀਆਂ ਬਣਾਈਆਂ ਮਨੋ ਕਲਪਿਤ ਫੋਟੋਆਂ-ਤਸਵੀਰਾਂ-ਮੂਰਤੀਆਂ ਜਿਨ੍ਹਾਂ ਦੀ ਪੂਜਾ
ਦਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਤੇ ਸਿੱਖ ਰਹਿਤ ਮਰਯਾਦਾ ਵਿੱਚ ਭਰਵਾਂ ਖੰਡਨ ਕੀਤਾ ਗਿਆ ਹੈ- ਕਬੀਰ
ਪਾਥਰ ਪੂਜਹਿ ਮੋਲ ਲੇ ਮਨਿ ਹਠੁ ਤੀਰਥ ਜਾਹਿ॥ ਦੇਖਾ ਦੇਖੀ ਸੁਵਾਂਗ ਧਰਿ ਭੂਲੇ ਭਟਕਾ ਖਾਹਿ॥ (1371)
ਕਬੀਰ ਸਾਹਿਬ ਜੀ ਫੂਰਮਾਂਦੇ ਹਨ ਕਿ
ਪੱਥਰ ਨੂੰ ਤਰਾਸ਼ ਕੇ ਮੂਰਤੀ ਬਣਾਈ ਜਾਂਦੀ ਹੈ ਅਤੇ ਮੂਰਤੀ ਘਾੜਾ ਉਸ ਦੇ ਸੀਨੇ ਤੇ ਪੈਰ ਵੀ ਰੱਖਦਾ
ਹੈ ਜੇ ਇਹ ਮੂਰਤਿ ਵਾਕਿਆ ਹੀ ਸੱਚੀ ਹੈ ਤਾਂ ਘੜਨ ਵਾਲੇ ਨੂੰ ਕਿਉਂ ਨਹੀਂ ਖਾਂਦੀ ਅਤੇ ਜੋ ਸ਼ਰਧਾਲੂ
ਮੂਰਤਿ ਨੂੰ ਕੁੱਝ ਪ੍ਰਸ਼ਾਦ ਭੋਜਨ ਅਰਪਨ ਕਰਦਾ ਹੈ ਤਾਂ ਉਹ ਵੀ ਪੁਜਾਰੀ ਹੀ ਖਾ ਜਾਂਦਾ ਹੈ ਤੇ ਮੂਰਤਿ
ਦੇ ਮੂੰਹ ਤੇ ਸਵਾਹ ਮਲ ਦਿੰਦਾ ਹੈ ਕਿ ਕਿਤੇ ਮੂਰਤੀ ਉੱਪਰ ਕੀੜੀਆਂ ਨਾਂ ਚੜ੍ਹ ਜਾਣ-ਪਾਖਾਨ
ਗਢਿ ਕੈ ਮੂਰਤਿ ਕੀਨੀ ਦੇ ਕੇ ਛਾਤੀ ਪਾਉਂ॥ ਜੇ ਇਹੁ ਮੂਰਤਿ ਸਾਚੀ ਹੈ ਤਾਂ ਗੜ੍ਹਨਹਾਰੇ ਖਾਉ ….
ਭੋਗਨਹਾਰੇ ਭੋਗਿਆ ਇਸੁ ਮੂਰਤਿ ਕੇ ਮੁਖਿ ਛਾਰੁ (479)
ਗੁਰੂ ਨਾਨਕ ਦੇਵ ਜੀ ਤਾਂ ਕਹਿੰਦੇ ਹਨ ਕਿ
"ਅਕਾਲ ਮੂਰਤਿ"
ਉਹ ਸਰੂਪ ਸਮੇਂ ਤੋਂ ਰਹਿਤ ਹੈ, ਉਸ ਦੀ ਮੂਰਤੀ
ਜਾਂ ਫੋਟੋ ਬਣਾ ਕੇ ਕਿਸੇ ਵੀ ਧਰਮ ਅਸਥਾਂਨ ਵਿੱਚ ਸਥਾਪਤ ਹੀ ਨਹੀਂ ਕੀਤੀ ਜਾ ਸਕਦੀ-ਥਾਪਿਆ
ਨ ਜਾਇ ਕੀਤਾ ਨ ਹੋਇ॥ ਆਪੇ ਆਪਿ ਨਿਰੰਜਨੁ ਸੋਇ (ਜਪੁਜੀ)
ਗੁਰੂ ਦੀ ਮੂਰਤਿ ਭਾਵ ਸਰੂਪ ਦਾ ਤਾਂ ਮਨ ਆਤਮਾਂ ਵਿੱਚ ਹੀ
ਧਿਆਂਨ ਧਰਿਆ ਜਾ ਸਕਦਾ ਹੈ ਉਹ ਅੱਖਾਂ ਦੇ ਵੇਖਣ ਦਾ ਵਿਸ਼ਾ ਨਹੀਂ-ਗੁਰ
ਕੀ ਮੂਰਤਿ ਮਨਿ ਮਹਿ ਧਿਆਨੁ॥ ਗੁਰ ਕੈ ਸਬਦਿ ਮੰਤਰਿ ਮਨਿ ਮਾਨੁ॥ (864)
ਹੱਥ ਨਾਲ ਘੜ ਕੇ, ਕਾਗਜ਼ ਉੱਪਰ ਚਿੱਤ੍ਰਕਾਰੀ ਕਰਕੇ ਜਾਂ
ਅੱਜ ਦੇ ਅਧੁਨਿਕ ਕੈਮਰਿਆਂ ਰਾਹੀਂ ਬਣਾਈਆਂ ਗਈਆਂ ਮੂਰਤਾਂ ਨਾਂ ਕੁਛ ਖਾਂਦੀਆਂ ਪੀਂਦੀਆਂ ਜਾਂ
ਬੋਲਦੀਆਂ ਹਨ-ਨ ਕਿਛੁ
ਬੋਲੈ ਨ ਕਿਛੁ ਦੇਇ॥ ਫੋਕਟ ਕਰਮ ਨਿਹਫਲ ਹੈ ਸੇਵਿ (1160)
ਹਿੰਦੂ ਲੋਕ ਆਪੂੰ ਬਣਾਈਆਂ ਮੂਰਤਾਂ ਵਿੱਚ ਹੀ ਨਾਮ ਦਾ
ਵਾਸਾ ਸਮਝੀ ਬੈਠੇ ਹਨ। ਇਸੇ ਕਰਕੇ ਮੰਦਰਾਂ ਵਿੱਚ ਮੂਰਤਾਂ ਹੀ ਭਗਵਾਨ ਦਾ ਰੂਪ ਸਮਝ ਕੇ ਪੂਜੀਆਂ
ਜਾਂਦੀਆਂ ਹਨ-ਹਿੰਦੂ
ਮੂਰਤਿ ਨਾਮ ਨਿਵਾਸੀ (1349) ਹਿੰਦੂ
ਮੂਲੋਂ ਹੀ ਕੁਰਾਹੇ ਪਏ ਹੋਏ ਨਾਰਦ ਦੇ ਮੱਗਰ ਲੱਗ ਕੇ ਮੂਰਤੀ ਪੂਜਾ ਕਰੀ ਜਾ ਰਹੇ ਹਨ-ਹਿੰਦੂ
ਮੂਲੇ ਭੂਲੇ ਅਖੁਟੀ ਜਾਹੀ॥ ਨਾਰਦਿ ਕਹਿਆ ਸੇ ਪੂਜਿ ਕਰਾਹੀ॥ ਅੰਧੇ ਗੂੰਗੇ ਅੰਧੁ ਅੰਧਾਰੁ॥ ਪਾਥਰੁ ਲੇ
ਪੂਜਹਿ ਮੁਗਧੁ ਗਾਵਾਰੁ॥ (556)
ਮਹਾਂਰਾਜਾ ਰਣਜੀਤ ਸਿੰਘ ਤੋਂ ਪਹਿਲਾਂ ਸਿੱਖ ਧਰਮ ਵਿੱਚ ਮੂਰਤਾਂ ਦੀ ਵਿਕਰੀ
ਜਾਂ ਪੂਜਾ ਦਾ ਕੋਈ ਪ੍ਰਮਾਣ ਨਹੀਂ ਮਿਲਦਾ ਸਗੋਂ ਮਹਾਂਰਾਜੇ ਦੇ ਰਾਜ ਵੇਲੇ ਨਿਰਮਲੇ ਉਦਾਸੀ ਆਦਿਕ
ਹਿੰਦੂ ਬ੍ਰਾਹਮਣ ਟਾਈਪ ਸਾਧੂਆਂ ਨੇ ਗੁਰੂ ਘਰਾਂ ਵਿੱਚ ਵੀ ਮੰਦਿਰਾਂ ਦੀ ਤਰ੍ਹਾਂ ਮੂਰਤੀ ਪੂਜਾ ਸ਼ੁਰੂ
ਕਰ ਦਿੱਤੀ, ਸ੍ਰੀ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਵਿੱਚ ਵੀ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਰੱਖ
ਦਿੱਤੀਆਂ ਗਈਆਂ। ਦੇਖਾ ਦੇਖੀ ਲੋਕ ਘਰਾਂ ਵਿੱਚ ਵੀ ਰੱਖਣ ਲੱਗ ਪਏ ਇਥੋਂ ਤੱਕ ਕਿ ਘਰਾਂ ਦੇ ਬਾਹਰਲੇ
ਵੱਡੇ ਦਰਵਾਜਿਆਂ ਉੱਪਰ ਵੀ ਗੁਰੂਆਂ ਦੀਆਂ ਵੱਡ ਅਕਾਰੀ ਪੱਥਰ ਦੀਆਂ ਮੂਰਤਾਂ ਟਿਕਾਈਆਂ ਜਾਣ ਲੱਗੀਆਂ।
ਜਦ ਸਿੰਘ ਸਭਾ ਲਹਿਰ ਚੱਲੀ ਤਾਂ ਓਦੋਂ ਸ੍ਰੀ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਵਿੱਚੋਂ ਮੂਰਤੀਆਂ
ਚੁੱਕ ਦਿੱਤੀਆਂ ਗਈਆਂ। ਇਨ੍ਹਾਂ ਮੂਰਤੀ ਪੂਜਕ ਸਾਧਾਂ ਨੂੰ ਵੱਡੇ ਵੱਡੇ ਗੁਰਦੁਆਰਿਆਂ ਵਿੱਚੋਂ ਤਾਂ
ਕੱਢ ਦਿੱਤਾ ਗਿਆ ਪਰ ਇਨ੍ਹਾਂ ਨੇ ਪਿੰਡਾਂ ਸ਼ਹਿਰਾਂ ਵਿੱਚ ਨਵੇਕਲੇ ਡੇਰੇ ਬਣਾ ਲਏ ਤੇ ਅੰਦਰੋ ਅੰਦਰੀ
ਬ੍ਰਾਹਮਣੀ ਪ੍ਰਚਾਰ ਜਾਰੀ ਰੱਖਿਆ ਅਤੇ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਵਿਚਾਰਧਾਰਾ ਨਾਲੋਂ ਤੋੜਨ
ਲਈ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਮੂਰਤੀਆਂ ਵਾਂਗ ਧੂਫਾਂ ਧੁਖਾਉਣੀਆਂ, ਰੰਗ ਬਰੰਗੇ ਰੁਮਾਲੇ
ਚੜਾਉਣੇ ਅਤੇ ਕਈ ਕਿਸਮ ਦੇ ਮੰਤ੍ਰਪਾਠ ਕਰਨੇ ਸ਼ੁਰੂ ਕਰ ਦਿੱਤੇ। ਪਾਠਾਂ ਦੇ ਫਲ ਵੀ ਵੱਖ ਵੱਖ ਦੱਸ ਕੇ
ਲੋਕਾਂ ਨੂੰ ਵੱਧ ਤੋਂ ਵੱਧ ਪਾਠ ਕਰਾਉਣ ਦੀ ਪ੍ਰੇਰਣਾ ਦਿੱਤੀ ਜਾਣ ਲੱਗੀ ਤੇ ਪ੍ਰਚਾਰ ਕੀਤਾ ਗਿਆ ਕਿ
ਡੇਰਿਆਂ ਸੰਪ੍ਰਦਾਵਾਂ ਦੇ ਪਾਠੀ ਹੀ ਸ਼ੁੱਧ ਪਾਠ ਕਰ ਸਕਦੇ ਹਨ। ਆਮ ਸਿੱਖ ਤੇ ਖਾਸ ਕਰਕੇ ਬੀਬੀਆਂ ਤਾਂ
ਪਾਠ ਕਰ ਹੀ ਨਹੀਂ ਸਕਦੀਆਂ ਕਿਉਂਕਿ ਉਹ ਮਹਾਂਵਾਰੀ ਕਰਕੇ ਪਲੀਤ ਰਹਿੰਦੀਆਂ ਹਨ। ਇਉਂ ਲੋਕਾਂ ਨੂੰ
ਗੁਰੂ ਗਿਆਂਨ ਨਾਲੋਂ ਤੋੜ ਦਿੱਤਾ ਗਿਆ ਤੇ ਲੋਕ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਇੱਕ ਮੂਰਤਿ ਦੀ
ਤਰ੍ਹਾਂ ਪੂਜਣ ਅਤੇ ਆਪ ਬਾਣੀ ਪੜਨ ਦੀ ਥਾਂ ਸਾਧਾਂ ਕੋਲੋਂ ਪਾਠ ਕਰਾਉਣ ਲੱਗ ਪਏ ਜਦ ਕਿ ਹਰੇਕ ਸਿੱਖ
ਨੂੰ ਆਪ ਬਾਣੀ ਦਾ ਪਾਠ ਵਿਚਾਰ ਨਾਲ ਕਰਕੇ ਅਮਲ ਕਰਨਾ ਚਾਹੀਦਾ ਹੈ।
ਇਨ੍ਹਾਂ ਸਾਧਾਂ ਵਿੱਚੋਂ ਨਾਨਕਸਰੀਏ ਜਿਥੇ ਆਪਣੇ ਡੇਰਿਆਂ
(ਮਹਲਨੁਮਾ ਠਾਠਾਂ)
ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਨੀਂ
ਪਾਸੀਂ ਗੁਰੂਆਂ ਦੀਆਂ ਤੇ ਹੌਲੀ ਹੌਲੀ ਆਪਣੇ ਸਾਧਾਂ ਸੰਤਾਂ ਦੀਆਂ ਫੋਟੋਆਂ ਰੱਖ ਕੇ ਗੁਗਲ ਆਦਿਕ
ਦੀਆਂ ਧੂਫਾਂ ਦੇਣ ਲੱਗ ਪਏ ਓਥੇ ਇਹ ਨਾਨਕਸਰੀਏ ਜਦ ਸ਼ਰਧਾਲੂਆਂ ਦੇ ਘਰਾਂ ਵਿੱਚ ਵੀ ਮੂੰਹ ਬੰਨ੍ਹ ਕੇ
ਪਾਠ ਕਰਦੇ ਹਨ ਤਾਂ ਗੁਰੂ ਗ੍ਰੰਥ ਜੀ ਦੇ ਦੋਵੇ ਪਾਸੇ ਬਾਬਾ ਨੰਦ ਸਿੰਘ ਜਾਂ ਈਸ਼ਰ ਸਿੰਘ ਦੀਆਂ
ਫੋਟੋਆਂ ਜਾਂ ਇੱਕ ਪਾਸੇ ਗੁਰੂ ਨਾਨਕ ਤੇ ਦੂਜੇ ਪਾਸੇ ਬਾਬਾ ਨੰਦ ਸਿੰਘ ਦੀ ਫੋਟੋ ਰੱਖਦੇ ਹਨ ਅਤੇ ਇਹ
ਵੀ ਪ੍ਰਚਾਰ ਕਰਦੇ ਹਨ ਕਿ ਇਹ ਫੋਟੋ ਗੁਰੂ ਨਾਨਕ ਜੀ ਆਪ ਨਾਨਕਸਰ ਆ ਕੇ ਬਣਵਾ ਕੇ ਗਏ ਸਨ ਇਸ ਲਈ ਇਹ
ਸਾਡੇ ਡੇਰੇ ਵਾਲੀ ਫੋਟੋ ਹੀ ਅਸਲੀ ਹੈ। ਇਉਂ ਫੋਟੋ ਦੀ ਵਿਲੱਖਣਤਾ ਦੱਸ ਕੇ ਇਸ ਦੀ ਵਿਕਰੀ ਨਾਲ ਖੂਬ
ਕਮਾਈ ਕੀਤੀ ਤੇ ਕਰ ਰਹੇ ਹਨ। ਨਵੇਂ ਆਰਟਿਸਟਾਂ ਨੇ ਵੀ ਵੱਖਰੇ ਵੱਖਰੇ ਪੋਜਾਂ ਚ’ ਗੁਰੂਆਂ-ਭਗਤਾਂ
ਦੀਆਂ ਤਸਵੀਰਾਂ ਬਣਾ ਕੇ ਜਿਥੇ ਖੂਬ ਕਮਾਈ ਕੀਤੀ ਓਥੇ ਆਮ ਸਿੱਖਾਂ ਨੂੰ ਵੀ ਮੂਰਤੀ ਪੂਜਾ ਵੱਲ ਲਾ
ਦਿੱਤਾ। ਅੱਜ ਸਿੱਖ ਏਨਾਂ ਨਿਘਰ ਗਿਆ ਹੈ ਕਿ ਉਸ ਨੇ ਗੁਰਦੁਆਰਿਆਂ ਵਿੱਚ ਗੁਰੂਆਂ-ਭਗਤਾਂ ਦੀਆਂ
ਮੂਰਤਾਂ-ਫੋਟੋਆਂ ਜਿਥੇ ਵੇਚਣੀਆਂ ਸ਼ੁਰੂ ਕਰ ਦਿੱਤੀਆਂ ਹਨ ਓਥੇ ਕਈ ਗੁਰੂ ਘਰਾਂ ਵਿਖੇ ਇਹ ਫੋਟੋਆਂ
ਲਗਾ ਵੀ ਦਿੱਤੀਆਂ ਗਈਆਂ ਹਨ। ਜਿਸ ਦਾ ਅਸਰ ਅੱਜ ਗੁਰਦੁਆਰਿਆਂ ਵਿੱਚ ਮਨੋ ਕਲਪਿਤ ਫੋਟੋਆਂ ਵੱਧ ਅਤੇ
ਗੁਰਬਾਣੀ ਇਤਿਹਾਸ ਤੇ ਫਿਲਾਸਫੀ ਦੀਆਂ ਬੁੱਕਾਂ ਜਾਂ ਗ੍ਰੰਥ ਬਹੁਤ ਘੱਟ ਵਿਕ ਰਹੇ ਹਨ। ਅੱਜ ਦਾ ਸਿੱਖ
ਗੁਰਬਾਣੀ ਵਿਚਾਰ ਨਾਲੋਂ ਫੋਟੋ ਨੂੰ ਹੀ ਧੂਫ ਧੁਖਾ ਅਤੇ ਮੱਥਾ ਟੇਕ ਕੇ ਆਪਣੇ ਆਪ ਨੂੰ ਖੁਸ਼ਕਿਸਮਤ
ਸਮਝ ਰਿਹਾ ਹੈ। ਸਾਧ ਸੰਗਤ ਜੀ ਦਰਬਾਰ ਸਾਹਿਬ ਚੋਂ ਫੋਟਆਂ ਤਾਂ ਸਿੰਘ ਸਭਾ ਲਹਿਰ ਨੇ ਚੁਕਾਈਆਂ ਸਨ
ਜਰਾ ਸੋਚੋ ਅੱਜ ਕਿਹੜੀ ਲਹਿਰ ਇਨ੍ਹਾਂ ਮਹਿੰਗੀਆਂ-ਮਹਿੰਗੀਆਂ ਫੋਟੋਆਂ-ਤਸਵੀਰਾਂ ਨੂੰ ਗੁਰੂ ਘਰਾਂ
ਵਿੱਚੋਂ ਚੁਕਾਏਗੀ? ਗੁਰਦੁਆਂਰਿਆਂ ਦੇ ਪ੍ਰਬੰਧਕ ਇਧਰ ਧਿਆਨ ਕਿਉਂ ਨਹੀਂ ਦੇ ਰਹੇ? ਕੌਮ ਦਾ ਬਹੁਤਾ
ਸਰਮਾਇਆ ਬਜਾਏ ਸਿੱਖੀ ਪ੍ਰਚਾਰ ਦੇ ਅਜਿਹੇ ਕਰਮਕਾਂਡਾਂ ਵਿੱਚ ਹੀ ਖਤਮ ਕਿਉਂ ਕੀਤਾ ਜਾ ਰਿਹਾ ਹੈ?
ਗੁਰੂਆਂ-ਭਗਤਾਂ ਨੇ ਤਾਂ ਮੂਰਤੀ ਪੂਜਾ ਤੋਂ ਜਨਤਾ ਦਾ ਖਹਿੜਾ ਛੁਡਾਇਆ ਸੀ।
ਇਸ ਕਰਕੇ ਆਪਣੀ ਵੀ ਕੋਈ ਫੋਟੋ ਨਹੀਂ ਬਣਵਾਈ ਸਗੋਂ ਇਹ ਉੱਪਦੇਸ਼ ਦਿੱਤਾ ਕਿ- ਗੁਰਿ
ਮੂਰਤਿ ਗੁਰਿ ਸਬਦੁ ਹੈ ਸਾਧ ਸੰਗਤਿ ਵਿਚਿ ਪ੍ਰਗਟੀ ਆਇਆ (ਭਾ. ਗੁ.)
ਇਸਲਾਮ ਦੁਨੀਆਂ ਦਾ ਦੂਜਾ ਵੱਡਾ ਧਰਮ ਹੈ ਜਿੱਥੇ ਮੂਰਤੀ
ਪੁਜਾ ਨੂੰ ਕੋਈ ਥਾਂ ਨਹੀਂ ਕਿਸੇ ਵੀ ਮੁਸਲਿਮ ਵੀਰ ਦੇ ਘਰ ਜਾਂ ਮਸਜਿਦ ਵਿੱਚ ਮੁਹੰਮਦ ਸਾਹਿਬ ਦੀ
ਫੋਟੋ ਨਹੀਂ ਪਰ ਆਪਣੇ ਪਿਆਰੇ ਪੈਗੰਬਰ ਲਈ ਸਤਿਕਾਰ ਏਨਾਂ ਹੈ ਕਿ ਕਿਸੇ ਵਿਅਕਤੀ ਜਾਂ ਆਰਟੈਸਿਟ ਵਿੱਚ
ਹਿੰਮਤ ਨਹੀਂ ਕਿ ਉਹ ਮੁਹੰਮਦ ਸਾਹਿਬ ਦੀ ਤਸਵੀਰ ਬਣਾ ਸਕੇ। ਇਸ ਲਈ ਇਸਲਾਮ ਬੁੱਤ ਸ਼ਿਕੰਨ ਹੈ ਬੁੱਤ
ਪ੍ਰਸਤ ਨਹੀਂ। ਬੁੱਤ ਪੂਜਾ ਤਾਂ ਹਿੰਦੂ ਧਰਮ ਦਾ ਵਿਧਾਨ ਹੈ ਸਿੱਖ ਧਰਮ ਦਾ ਨਹੀਂ। ਸਿੱਖ ਕਿਸੇ ਦੇ
ਵੀ ਧਰਮ ਵਿੱਚ ਦਖਲ ਨਹੀਂ ਦਿੰਦਾ ਅਤੇ ਕਿਸੇ ਦੇ ਬੁੱਤ ਨਹੀਂ ਤੋੜਦਾ ਫਿਰਦਾ ਸਗੋਂ ਗੁਰੂ ਗਿਆਨ ਦੀ
ਪ੍ਰੇਰਨਾਂ ਕਰਦਾ ਹੈ ਕਿ ਭਾਈ ਕਿਸੇ ਦੀ ਬਣਾਈ ਮੂਰਤਿ ਨਾਲੋਂ ਪ੍ਰਭੂ ਪ੍ਰਮਾਤਮਾਂ ਅੱਲਾ ਤਾਲਾ
ਵਾਹਿਗੁਰੂ ਦਾ ਹੀ ਨਾਮ ਜਪੋ ਇਹ ਹੀ ਸੱਚੀ ਪੂਜਾ ਹੈ-ਪੂਜਾ
ਕੀਚੈ ਨਾਮ ਧਿਆਈਐ ਵਿਣੁ ਨਾਵੈ ਪੂਜ ਨ ਹੋਈ (489)
ਸਿੱਖ ਵਾਸਤੇ ਤਾਂ ਇਹ ਵਿਧਾਨ ਹੈ:-
ਪੂਜਾ ਅਕਾਲ ਕੀ
ਪਰਚਾ ਸ਼ਬਦ ਕਾ
ਦਿਦਾਰ ਖ਼ਾਲਸੇ ਕਾ
ਹਾਂ ਇਹ ਵੱਖਰੀ ਗੱਲ ਹੈ ਕਿ ਇੱਕ ਯਾਦਗਾਰ ਦੇ ਤੌਰ ਤੇ ਸਿੰਘ ਸਿੰਘਣੀਆਂ
ਜੋਧਿਆਂ ਦੀਆਂ ਅਸਲੀ ਤਸਵੀਰਾਂ ਗੁਰਦੁਆਰੇ ਤੋਂ ਵੱਖਰੇ ਕਮਰੇ ਗੈਲਰੀ ਜਾਂ ਅਜਾਇਬ ਘਰ ਵਿੱਚ ਇਤਿਹਾਸਕ
ਤੌਰ ਤੇ ਰੱਖੀਆਂ ਜਾ ਸਕਦੀਆਂ ਹਨ ਪਰ ਪੂਜੀਆਂ ਨਹੀਂ ਜਾ ਸਕਦੀਆਂ। ਅੱਜ ਸਾਨੂੰ ਫੋਟੋਆਂ ਦੀ ਨਮਾਇਸ਼
ਦੇ ਥਾਂ, ਗੁਰੂ ਗਿਆਨ, ਫਿਲਾਸਫੀ ਅਤੇ ਇਤਿਹਾਸ ਨਾਲ ਸਬੰਧਤ ਬੁੱਕਾਂ ਕੈਸਟਾਂ, ਵੀਡੀਓ ਅਤੇ ਸੀਡੀਆਂ
ਦੀ ਲਾਉਣੀ ਚਾਹੀਦੀ ਹੈ। ਸਟਾਲਾਂ ਲਾਉਣ ਵਾਲੇ ਸਿੰਘਾਂ ਨੂੰ ਵੀ ਇਧਰ ਖਾਸ ਧਿਆਨ ਦੇਣ ਦੀ ਲੋੜ ਹੈ ਜੇ
ਉਨ੍ਹਾਂ ਨੇ ਫੋਟੋਆਂ ਵੇਚਣੀਆਂ ਹੀ ਹਨ ਤਾਂ ਵਧੀਆ ਵਧੀਆ ਸੀਨਰੀਆਂ ਅਤੇ ਇਤਿਹਾਸਕ ਥਾਵਾਂ ਅਤੇ ਸ਼ਹੀਦ
ਸਿੰਘਾਂ ਸਿੰਘਣੀਆਂ ਦੀਆਂ ਦਿਲਕਸ਼ ਤਸਵੀਰਾਂ ਵੇਚਣ ਨਾ ਕਿ ਗੁਰੂਆਂ-ਭਗਤਾਂ ਦੀਆਂ ਮਨੋ ਕਲਪਿਤ ਫੋਟੋਆਂ
ਹੀ ਵੇਚੀ ਜਾਣ ਜਿਨ੍ਹਾਂ ਨੂੰ ਪ੍ਰੇਮੀ ਧੂਫਾਂ ਧੁਖਾ ਕੇ ਪੂਜਣ ਲੱਗ ਜਾਂਦੇ ਹਨ, ਜਿਨ੍ਹਾਂ ਫੋਟੋਆਂ
ਵਿੱਚ ਕਿਤੇ ਮੁੱਛਾਂ ਤੇ ਦਾੜੀ ਟਰਿਮ ਕੀਤੀ ਹੋਈ ਹੈ ਅਤੇ ਕਿਤੇ ਬੁਲ੍ਹਾਂ ਤੇ ਸੁਰਖੀ ਬਿੰਦੀ ਲਾਈ
ਹੋਈ ਹੈ। ਇੱਕੋ ਹੀ ਗੁਰੂ ਦੀਆਂ ਵੱਖ ਵੱਖ ਫੋਟੋਆਂ ਆਪਸ ਵਿੱਚ ਨਹੀਂ ਮਿਲਦੀਆਂ ਕਿਉਂਕਿ ਅਸਲੀ ਨਹੀਂ
ਹਨ ਜੇ ਗੁਰੂ ਸਾਹਿਬ ਨੇ ਮੂਰਤੀ ਪੂਜਾ ਕਰਾਉਣੀ ਹੁੰਦੀ ਤਾਂ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ
ਦੇ ਲੜ ਕਿਉਂ ਲਾਉਂਦੇ? ਜਾਂ ਆਪਣੀਆਂ ਫੋਟੋਆਂ ਖੁਦ ਆਪ ਬਣਾ ਕੇ ਦੇ ਜਾਂਦੇ ਅਤੇ ਇਹ ਨਾਂ ਲਿਖਦੇ- ਬੁਤ
ਪੂਜਿ ਪੂਜਿ ਹਿੰਦੂ ਮੂਏ ਤੁਰਕ ਮੂਏ ਸਿਰ ਨਾਈ॥ ਓਇ ਲੇ ਜਾਰਹਿ ਓਇ ਲੇ ਗਾਡਹਿ ਤੇਰੀ ਗਤਿ ਦੁਹੂੰ ਨ
ਪਾਈ (654) ਹੁਣ ਤਾਂ ਆਵਾ ਹੀ ਊਤਿਆ
ਹੋਇਆ ਹੈ ਨਾਨਕਸਰੀਏ, ਰਾੜੇਵਾਲੇ, ਪਹੇਵੇ ਵਾਲੇ, ਸਰਸੇ ਵਾਲੇ, ਭੰਨਿਆਰੇ ਵਾਲੇ, ਰਾਧਾ ਸੁਆਮੀ,
ਨਾਮਧਾਰੀ, ਨੀਲਧਾਰੀ ਅਤੇ ਸੰਪ੍ਰਦਾਈ ਡੇਰੇਦਾਰਾਂ ਆਦਿਕ ਸਾਧਾਂ ਦੀਆਂ ਫੋਟੋਆਂ ਘਰਾਂ ਵਿੱਚ ਰੱਖ ਕੇ
ਪੂਜੀਆਂ ਜਾ ਰਹੀਆਂ ਹਨ। ਐਸਾ ਕਿਉਂ ਹੋ ਰਿਹਾ ਹੈ? ਇਧਰ ਸਾਨੂੰ ਫੌਰੀ ਧਿਆਨ ਦੇਣ ਦੀ ਲੋੜ ਹੈ
ਕਿੳਂਿਕ ਅਸੀਂ "ਅਕਾਲ
ਮੂਰਤਿ" ਦੇ ਪੁਜਾਰੀ ਹਾਂ ਜੋ ਸਮੇਂ ਕਾਲ
ਤੋਂ ਰਹਿਤ ਅਤੇ ਸਰਬ ਨਿਵਾਸੀ ਹੈ।
ਅੱਜ ਜੇ ਚੀਨ ਵਿੱਚ ਗੁਰੂ ਨਾਨਕ ਸਾਹਿਬ ਜੀ ਦੀਆਂ ਫੋਟੋਆਂ ਬਣਾ ਕੇ
ਇੰਡੀਆ ਨੂੰ ਸਪਲਾਈ ਹੋ ਰਹੀਆਂ ਹਨ ਤਾਂ ਸਾਡੇ ਸਿੰਘ ਸਹਿਬਾਨ ਤੇ ਹੋਰ ਲੀਡਰ ਤੇ ਸੰਪ੍ਰਾਦਈ ਲੋਕਾਂ
ਨੇ ਉਨ੍ਹਾਂ ਵਿਰੁੱਧ ਜਹਾਦ ਖੜਾ ਕਰ ਦਿੱਤਾ ਹੈ ਅਤੇ ਉਨ੍ਹਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ
ਪਰ ਸਿੱਖਾਂ ਦੇ ਗੁਰਦੁਆਰਿਆਂ ਅਤੇ ਬਜਾਰਾਂ ਵਿੱਚ ਵੰਨ ਸੁਵੰਨੇ ਪੋਜਾਂ ਵਾਲੀਆਂ ਫੋਟੋਆਂ ਜਿਵੇਂ ਕਈ
ਥਾਂਈ ਗੁਰੂਆਂ ਭਗਤਾਂ ਦੀ ਦਾੜੀ ਵੀ ਟਰਿਮ ਕੀਤੀ ਹੂੰਦੀ ਹੈ ਕਾਫੀ ਸਮੇਂ ਤੋਂ ਸ਼ਰੇਆਂਮ ਵਿਕ ਰਹੀਆਂ
ਹਨ ਅਤੇ ਰਮਾਲਿਆਂ ਤੇ ਵੀ ਛਾਪੀਆਂ ਜਾ ਰਹੀਆਂ ਹਨ। ਨਾਨਕਸਰੀਏ ਆਦਿਕ ਸਾਧਾਂ ਦੇ ਡੇਰਿਆਂ ਵਿੱਚ ਗੁਰੂ
ਗ੍ਰੰਥ ਜੀ ਦੇ ਬਰਾਬਰ ਰੱਖੀਆਂ ਜਾਂਦੀਆਂ ਹਨ ਅਤੇ ਗੁਰਦੁਆਰਿਆਂ ਵਿਖੇ ਧਾਰਮਿਕ ਸਟਾਲਾਂ ਤੇ ਕਦੀਮਾਂ
ਤੋਂ ਵੇਚੀਆਂ ਜਾ ਰਹੀਆਂ ਹਨ। ਪਹਿਲਾਂ ਤੋਂ ਹੀ ਸਿੰਘ ਸਹਿਬਾਨਾਂ ਦਾ ਧਿਆਂਨ ਇਧੱਰ ਕਿਉਂ ਨਾ ਗਿਆ?
ਕਿਉਂਕਿ ਇਹ ਲੋਕ ਡੇਰਿਆਂ ਸੰਪ੍ਰਦਾਵਾਂ ਵਿੱਚੋਂ ਹੀ ਪੜ੍ਹੇ ਹੋਏ ਹਨ। ਤਿੱਬਤ ਦੇ ਚੀਨੇ ਤਾਂ ਸ਼ਰਧਾ
ਨਾਲ ਛਾਪ ਰਹੇ ਹਨ ਕਿਉਂਕਿ ਗੁਰੂ ਨਾਨਕ ਜੀ ਤਿੱਬਤ ਵਿਖੇ ਗਏ ਸਨ ਓਥੇ ਦੇ ਲੋਕ ਆਪਣੀ ਬੋਲੀ ਵਿੱਚ
ਗੁਰੂ ਨੂੰ “ਲਾਂਬਾ” ਕਹਿੰਦੇ ਸਨ ਤੇ ਹਨ। ਉਨ੍ਹਾਂ ਨੂੰ ਤਾਂ ਇਹ ਗਿਆਂਨ ਨਹੀ ਕਿ ਮੂਰਤੀ ਪੂਜਾ
ਮਨ੍ਹਾਂ ਹੈ ਪਰ ਸਿੱਖਾਂ ਨੂੰ ਤਾਂ ਗਰਬਾਣੀ ਹਰ ਰੋਜ ਮਨਾਂ ਕਰਦੀ ਹੈ ਕਿ ਮੂਰਤੀ ਪੂਜਾ ਨਿਰੱਥਕ ਕੰਮ
ਹੈ ਸਿੱਖ ਨਿਰੰਕਾਰ ਦਾ ਪੁਜਾਰੀ ਹੈ ਨਾ ਕਿ ਅਕਾਰ ਦਾ। ਸਾਡੀ ਖਾਲਸਾ ਪੰਥ ਨੂੰ ਬੇਨਤੀ ਹੈ ਕਿ
ਗੁਰੂਆਂ ਭਗਤਾਂ ਅਤੇ ਭਾਂਤ ਸਭਾਂਤੇ ਸਾਧਾਂ ਦੀਆਂ ਫੋਟੋਆਂ ਬਨਾਉਣੀਆਂ ਅਤੇ ਛਾਪਣੀਆਂ ਬੰਦ ਕੀਤੀਆਂ
ਜਾਣ ਖਾਸ ਕਰਕੇ ਗੁਰ ਦੁਆਰਿਆਂ ਵਿੱਚ ਤਾਂ ਨਾਂ ਵਿਕਣ ਜੋ ਗਿਆਂਨ ਦੇ ਸੋਮੇ ਹਨ। ਇਕੱਲੇ ਚੀਨਿਆਂ ਨੂੰ
ਹੀ ਕਿਉਂ ਕੋਸਿਆ ਜਾ ਰਿਹਾ ਹੈ? ਡੇਰੇਦਾਰਾਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਆਦਿਕ ਨੂੰ ਕਿਊਂ
ਨਹੀਂ ਰੋਕਿਆ ਜਾ ਰਿਹਾ?
ਅੱਜ ਸਾਨੂੰ ਸ੍ਰ. ਗੁਰਮੁਖ ਸਿੰਘ ਅਤੇ ਗਿ. ਦਿੱਤ ਸਿੰਘ ਵਰਗੇ ਪ੍ਰਚਾਰਕਾਂ
ਅਤੇ ਪ੍ਰਬੰਧਕਾਂ ਦੀ ਲੋੜ ਹੈ ਜਿਨ੍ਹਾਂ ਨੇ ਤੱਤ ਗੁਰਮਤਿ ਦਾ ਪ੍ਰਚਾਰ ਕਰਦੇ ਹੋਏ ਮਹੰਤਾਂ ਦੀਆਂ
ਰੱਖੀਆਂ ਮੂਰਤੀਆਂ ਗੁਰੂ ਘਰਾਂ ਵਿੱਚੋਂ ਬੜੀ ਦਲੇਰੀ ਨਾਲ ਗੁਰੂ ਸਿਧਾਂਤਾਂ ਤੇ ਪਹਿਰਾ ਦਿੰਦੇ ਹੋਏ
ਚੁੱਕ ਦਿੱਤੀਆਂ ਸਨ ਸਾਨੂੰ ਵੀ ਓਨ੍ਹਾਂ ਸਿੰਘ ਵਾਂਗ ਹੌਸਲੇ ਤੇ ਹਿਮਤ ਨਾਲ ਅਜਿਹਾ ਕਰਨਾ ਹੋਏਗਾ
ਵਰਨਾਂ ਇਹ ਪਖੰਡ ਪੂਜਾ ਚਲਦੀ ਹੀ ਰਹੇਗੀ। ਪਾਠਕ ਜਨ ਵਿਚਾਰ ਲਈ ਫੋਨ ਕਰ ਸਕਦੇ ਹਨ ਜੀ!
510-432-5827
|
. |