.

ੴਸਤਿਗੁਰ ਪ੍ਰਸਾਦਿ॥

ਸਮਾਧਾਨ ਗੋਚਰੇ ਕੁੱਝ ਸ਼ੰਕੇ

ਸਿੱਖੀ ਦੀ ਚੜ੍ਹਦੀ ਕਲਾ ਵੇਖਣੀ ਲੋਚਦੇ ਗੁਰਮੁਖ ਸੱਜਣ ਜੀਓ!

ਵਾਹਿਗੁਰੂ ਜੀ ਕਾ ਖ਼ਾਲਸਾ। ਵਾਹਿਗੁਰੂ ਜੀ ਕੀ ਫ਼ਤਹਿ ॥

ਸੰਸਾਰ ਤੋਂ ਚਲਾਣੇ ਦਾ ਹੁਕਮ ਆ ਜਾਣ ਤੋਂ ਪਹਿਲਾਂ, ਨੌਵੀਂ ਪੁਸਤਕ ਵੀ ਲਿਖ ਸਕਾਂ? ਇਹ ਸੱਧਰ ਪੂਰੀ ਕਰ ਲੈਣ ਲਈ ਯਤਨਸ਼ੀਲ ਬਹੁਪੱਖੀ ਖੋਜ-ਵਿਚਾਰਾਂ ਸਮੇ ਅਵੱਲ਼ੀ ਦੁਬਿਧਾ ਨੇ ਆ ਘੇਰਿਆ ਹੈ। ਕਲਮ ਰੋਕੀ ਬੇਚੈਨ ਬੈਠੇ ਨੇ ਗੁਰਦੇਵ ਜੀ ਦੇ ਇਸ ਪਾਵਨ ਫ਼ੁਰਮਾਨ ਨੂੰ- “ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ”॥ ਦੁਬਿਧਾ ਦਾ ਸਮਾਧਾਨ ਜਾਣਿਆ ਤਾਂ ਇਸ E.Mail ਦੁਆਰਾ ਤੁਹਾਡੀ ਗੁਰਮੁਖਾਂ ਦੀ ਇਕੱਤ੍ਰਤਾ ਵਿੱਚ ਹਾਜ਼ਰ ਆ ਹੋਇਆ ਹਾਂ ਜੀ। ਹੇਠ ਲਿਖੇ ਸ਼ੰਕਿਆਂ ਨੂੰ ਪੜ੍ਹ ਵਿਚਾਰ ਕੇ ਆਪ ਜੀ ਦੀ ਜੋ ਵੀ ਰਾਏ ਬਣੇ ਬਿਨਾ ਦੇਰੀ ਤੋਂ ਦਾਸਰੇ ਤੱਕ ਪੁਚਾ ਦਿਉ ਤਾਂ, ਬੜਾ ਜ਼ਰੂਰੀ ਇਤਿਹਾਸਕ ਮਸਲਾ ਹੱਲ ਕਰ ਲੈਣ ਵਿੱਚ ਆਪ ਜੀ ਦੀ ਇਹ ਅਨਮੋਲ ਸਦਾ ਸ਼ਾਦ ਰਹੇਗੀ। ਸਮਾਧਾਨ ਗੋਚਰੇ ਸ਼ੰਕੇ ਦਾ ਕਰਮਵਾਰ ਵੇਰਵਾ ਇਸ ਪ੍ਰਕਾਰ ਹੈ:-

1- ਇਤਿਹਾਸਕਾਰਾਂ ਨੇ ‘ਸਮਰਾਟ ਅਕਬਰ` ਨੂੰ ਬੜਾ ਖੁਲ੍ਹ ਦਿਲਾ ਅਤੇ ਸਾਰੇ ਧਰਮਾ ਨਾਲ ਸਾਵਾਂ ਸਲੂਕ ਕਰਨ ਵਾਲਾ ਬੜਾ ਚੰਗਾ ਸ਼ਾਸਕ ਦਰਸਾਇਆ ਹੋਇਆ ਹੈ। ਪਰ ਤੰਗ ਦਿਲ ਬ੍ਰਾਹਮਣ ਅਤੇ ਇਸਲਾਮ ਦੇ ਕੱਟੜ ਮੌਲਾਣਿਆਂ ਵਲੋਂ ਨਿੱਤ ਦੀਆਂ ਸ਼ਕਾਇਤਾਂ ਕਾਰਨ ਉਸ ਹਰਮਨ ਪਿਆਰੇ ‘ਸਮਰਾਟ ਅਕਬਰ` ਨੇ ਵੀ ਗੁਰੂਬਾਣੀ ਦੀ (ਗੁਰੂ ਅੰਗਦ ਦੇਵ ਜੀ ਦੇ ੬੩ ਸਲੋਕਾਂ ਸਮੇਤ ਸਤਿਗੁਰੁ ਨਾਨਕ ਸਾਹਿਬ ਜੀ ਅਤੇ ਗੁਰੂ ਅਮਰਦਾਸ ਜੀ ਰਚਿਤ) ਗੁਰਬਾਣੀ ਪੇਸ਼ ਕਰਨ ਲਈ ਗੂਰੂ ਅਮਰਦਾਸ ਜੀ ਵਲ ਦੋ ਵਾਰ ਸ਼ਾਹੀ ਫ਼ੁਰਮਾਨ ਭੇਜਿਆ। ਬਾਬਾ ਜੇਠਾ ਜੀ (ਗੁਰੂ ਰਾਮਦਾਸ ਜੀ) ਨੇ ਦੋਵੇਂ ਵਾਰ ਦਿੱਲੀ ਦਰਬਾਰ ਵਿੱਚ ਪੁੱਜ ਕੇ ਸਮਰਾਟਵ ਅਕਬਰ ਦੀ ਤਸੱਲੀ ਕਰਾ ਦਿੱਤੀ। ਕੱਟੜ ਮੌਲਾਣੇ ਤੇ ਤੰਗ ਦਿਲ ਬ੍ਰਾਹਮਣ ਚੌਧਰੀ ਅਕਬਰ ਕੋਲੋਂ ਆਪਣੀ ਮਰਜ਼ੀ ਦਾ ਕਾਰਾ ਨਾ ਕਰਵਾ ਸਕੇ ਤਾਂ ਉਨ੍ਹਾਂ ਨੇ ਅਕਬਰ ਦੇ ਬੇਟੇ ਸਲੀਮ ਨੂੰ ਗੁਰੂ-ਘਰ ਵਿਰੁੱਧ ਭੜਕਾਉਣਾ ਆਰੰਭ ਕਰ ਦਿੱਤਾ।

2- ਜਦ ੧੬ ਅਕਤੂਬਰ ਸਨ ੧੬੬੦ ਨੂੰ ਅਕਬਰ ਇਸ ਸੰਸਾਰ ਤੋਂ ਵਿਦਾ ਹੋ ਗਿਆ ਤਾਂ ਧਰਮ ਦੇ ਚੌਧਰੀਆਂ ਦੀ ਸਹਾਇਤਾ ਨਾਲ “ਜਹਾਂਗੀਰ-ਰੂਪ ਸਲੀਮ” ਦਿੱਲੀ ਦੇ ਤਖ਼ਤ ਦਾ ਮਾਲਕ ਬਣ ਬੈਠਾ। ਮਹਾਂਨ ਕੋਸ਼ ਦੇ ੪੯੭ ਸਫ਼ੇ ਦੀ ਟੂਕ ਵਿੱਚ ਭਾਈ ਕਾਨ੍ਹ ਸਿੰਘ ਜੀ ਨੇ ਇਸ ਦਾ ਪੂਰਾ ਨਾਮ- ‘ਨੂਰਉੱਦੀਨ ਮੁਹੰਮਦ ਜਹਾਂਗੀਰ ਗ਼ਾਜ਼ੀ` ਲਿਖਿਆ ਹੈ। ਗੁਰੂ ਅਰਜਨ ਸਾਹਿਬ ਜੀ ਵਿਰੁੱਧ, ਜਹਾਂਗੀਰ ਦੇ ਅੰਦਰ ਚਿਰਾਂ ਤੋ ਸੁਲਘ ਰਹੇ ਸਾੜੇ-ਭਾਂਬੜ ਦੇ ਦਰਸ਼ਨ। ਕਲਮ, ਭਾਈ ਕਾਨ੍ਹ ਸਿੰਘ ਜੀ ਨਾਭਾ ਦੀ - ਗੁਰੂ ਅਰਜਨ ਦੇਵ ਜੀ ਨਾਲ ਨਰਾਜ਼ਗੀ ਦਾ ਕਾਰਨ ਜਹਾਂਗੀਰ ਨੇ ਖ਼ੁੱਦ ਅਤੇ ਲੋਕਾਂ ਨੇ ਭਾਵੇ ਜਹਾਂਗੀਰ ਦੇ ਪੁੱਤਰ ਖ਼ੁਸਰੋ ਦੀ ਬਗ਼ਾਵਤ ਦਾ ਢੁੱਚਰ ਘੜਿ ਲਿਆ ਹੈ ਪਰ- ਇਤਿਹਾਸ ਦੀ ਡੂੰਘੇ ਖੋਜ ਤੋਂ ਪਤਾ ਲੱਗਦਾ ਹੈ ਕਿ ਜਹਾਂਗੀਰ ਦਾ ਵਿਰੋਧ ਕੇਵਲ ‘ਮਜ਼ਹਬੀ ਤਅੱਸਬ` ਹੀ ਸੀ। ਜਹਾਂਗੀਰ ਨੇ ਤਖ਼ਤ ਤੇ ਬੈਠਣ ਲੱਗਿਆਂ ‘ਪ੍ਰਣ`-Vow- ਧਾਰਨ ਕੀਤਾ ਸੀ ਕਿ ਮੈਂ ਮਜ਼ਹਬ ਇਸਲਾਮ ਦੀ ਹਮਾਯਤ ਅਤੇ ਰੱਖਿਆ ਕਰਾਂਗਾ”- ਸੋ ਇਸ ਨੇ ਕੱਟੜ ਮੁਲਾਣੇ ਪਾਸ ਰੱਖ ਕੇ ਇਸ ਵਿੱਚ ਸਫ਼ਲਤਾ ਪ੍ਰਾਪ ਕੀਤੀ ਅਤੇ ‘ਗ਼ਾਜ਼ੀ` ਕਹਾਇਆ ਗੁਰੂ ਅਰਜਨ ਦੇਵ ਜੀ ਦਾ ਪ੍ਰਭਾਵ ਅਤੇ ਸਿੱਖ ਧਰਮ ਦਾ ਮੁਸਲਮਾਨਾਂ ਤੇ ਅਸਰ ਵੇਖਕੇ ਜਹਾਂਗੀਰ ਤੋਂ ਜਰਿਆ ਨਾ ਗਿਆ। ਇਹ ਗੱਲ ਉਸ ਨੇ ‘ਆਪਣੇ ਸਨ ਜਲੂਸੀ ੧` ਦੇ ਹਾਲ ਦੇਂਦਿਆਂ ਖ਼ੁਸਰੋ ਦੇ ਜ਼ਿਕਰ ਵਿੱਚ ਸਾਫ਼ ਲਿਖ ਦਿੱਤੀ ਹੈ`. . ਯਥਾ-. . ਇਸ ਤੋਂ ਅਗਲੀ ਲਿਖਤ ਉਰਦੂ ਲਿੱਪੀ ਦੀ ਫ਼ਾਰਸੀ ਜ਼ਬਾਨ ਵਿਚ, ‘ਬਿਆਸ ਦਰਿਆ ਦੇ ਕੰਢੇ ਗੋਇੰਦਵਾਲ ਵਿਚਲੇ ਗੁਰੂਦਰਬਾਰ ਨੂੰ ਉਸ ਨੇ- “ਦੁਕਾਨੇ ਬਾਤਲ” ਭਾਵ, ਝੂਠ ਦੀ ਦੁਕਾਨ ਕਹਿ ਕੇ ਉਸ ਨੂੰ ਬੰਦ ਕਰ ਦੇਣ ਲਈ ਬੇਚੈਨੀ ਦਰਸਾਈ ਹੋਈ ਹੈ।

3- ਗੁਰਬਾਣੀ ਦੇ ਉੱਤਮ ਟੀਕਾਕਾਰ ਅਥਵਾ ਪ੍ਰਸਿੱਧ ਲੇਖਕ, ਪਰਲੋਕ ਵਾਸੀ ਪ੍ਰਿੰਸੀਪਲ ਸਾਹਿਬ ਸਿੰਘ ਜੀ ਡੀ. ਲਿਟ. ਰਚਿਤ ਪੁਸਤਕ ‘ਜੀਵਨ-ਬ੍ਰਿਤਾਂਤ ਸ੍ਰੀ ਗੁਰੂ ਅਰਜਨ ਦੇਵ ਜੀ` ਜੋ ਪਹਿਲੀ ਵਾਰ-ਸਨ ੧੯੬੭ ਵਿੱਚ ਅਤੇ ਜਿਸ ਦੀ ਦਸਵੀਂ ਛਾਪ ‘ਸਤੰਬਰ ੧੯੮੮` ਵਿੱਚ ਹੋਈ, ਦੇ ੭੫ ਤੇ “ਤੁਜ਼ਕੇ ਜਹਾਂਗੀਰੀ” ਦੇ ਹਵਾਲੇ ਨਾਲ ‘ਜਹਾਂਗੀਰ ਦੀ ਜ਼ਬਾਨੀ ਇਉਂ ਲਿਖਿਆ ਹੈ:- “ਗੋਇੰਦਵਾਲ ਵਿਚ, ਜਿਹੜਾ ਕਿ ਦਰਿਆ ਬਿਆਸ ਦੇ ਕੰਢੇ ਉੱਤੇ ਹੈ, ਪੀਰਾਂ ਬਜ਼ੁਰਗਾਂ ਦੇ ਵੇਸ ਵਿੱਚ ਅਰਜਨ ਨਾਮੀ ਇੱਕ ਹਿੰਦੂ ਰਹਿੰਦਾ ਸੀ, ਜਿਸ ਨੇ ਬਹੁਤ ਸਾਰੇ ਭੋਲੇ ਭਾਲੇ ਹਿੰਦੂਆਂ, ਸਗੋਂ ਮੂਰਖ ਤੇ ਬੇਸਮਝ ਮੁਸਲਮਾਨਾ ਨੂੰ ਭੀ ਅਪਣਾ ਸ਼ਰਧਾਲੂ ਬਣਾ ਕੇ ਆਪਣ ਵਲੀ ਅਤੇ ਪੀਰ ਹੋਣ ਦਾ ਢੋਲ ਬੜਾ ਉੱਚਾ ਵਜਾ ਰਖਿਆ ਸੀ। …. ਤਿੰਨ ਚਾਰ ਪੀੜੀਆਂ ਤੋਂ ਇਹ ਦੁਕਾਨ ਚਲਾ ਰੱਖੀ ਹੈ। ਢੇਰ ਸਮੇ ਤੋਂ ਮੇਰੇ ਦਿਲ ਵਿੱਚ ਖ਼ਿਆਲ ਉਠ ਰਿਹਾ ਸੀ ਕਿ ਇਸ ਝੂਠ ਦੀ ਦੁਕਾਨ ਨੂੰ ਬੰਦ ਕਰਨਾ ਚਾਹੀਦਾ ਹੈ. ਜਾਂ ਉਸ (ਗੁਰੂ) ਨੂੰ ਮੁਸਲਮਾਨੀ ਫ਼ਿਰਕੇ ਵਿੱਚ ਲੈ ਆਉਣਾ ਚਾਹੀਦਾ ਹੈ. . ਉਸ (ਗੁਰੂ ਅਰਜਨ ਸਾਹਿਬ ਜੀ) ਦਾ ਘਰ ਘਾਟ, ਸਾਰਾ ਮਾਲ ਅਸਬਾਬ ਜ਼ਬਤ ਕਰਕੇ ਮੁਰਤਜ਼ਾ ਖ਼ਾਂ ਦੇ ਹਵਾਲੇ ਕਰਦਿੱਤਾ ਕਿ ਯਾਸਾ ਦੇ ਕਾਨੂੰਨ ਅਨੁਸਾਰ ਦੰਡ ਦਿੱਤਾ ਜਾਵੇ “। ਇਸ ਸ਼ਾਹੀ ਹੁਕਮ ਦੀ ਤਾਮੀਲ ਵਿੱਚ ਗੁਰੂ ਅਰਜਨ ਸਾਹਿਬ ਜੀ ਨੂੰ ੩੦ ਮਈ ਸਨ ੧੬੦੬ ਨੂੰ ਭਾਵ ਤਖ਼ਤ ਤੇ ਬੈਠਣ ਦੇ ੭ ਮਹੀਨਿਆਂ ਦੇ ਵਿੱਚ ਘਰੋਂ ਗ੍ਰਿਫ਼ਤਾਰ ਕਰਵਾ ਕੇ ਅਜੇਹੇ ਜੱਲਾਦ ਹਾਕਮ ਦੇ ਸਪੁਰਦ ਕਰ ਦਿੱਤਾ ਜਿਸ ਨੇ ਕਈ ਦਿਨ ਬੜੀ ਨਿਰਦਇਆਤਾ ਭਰੇ ਤਸੀਹੇ ਦੇਂਦੇ ਰਹਿ ਕੇ “ਪਰ ਕਾ ਬੁਰਾ ਨ ਰਾਖਹੁ ਚੀਤ ॥ ਤੁਮ ਕਉ ਦੁਖੁ ਨਹੀ ਭਾਈ ਮੀਤ ॥“ {ਪੰਨਾ-੩੮੬) ਸਰਬਤ ਨੂੰ ਸੁਖੀ ਕਰਨ ਦਾ ੳਪਦੇਸ਼ ਦਿਰੜ ਕਰਾ ਰਹੇ ਸਭਨਾਂ ਦੇ ਸੱਜਣ-ਪਿਆਰੇ ਗੁਰਦੇਵ ਜੀ ਨੂੰ ਬੇਰਹਿਮੀ ਨਾਲ ਸ਼ਹੀਦ ਕਰ ਦਿੱਤਾ।

4- ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ੩੦੦ ਫ਼ੁਟ ਉੱਚੀ ਖ਼ੁਸ਼ਕ ਪਹਾੜੀ ਤੇ ਬਣੇ ਗਵਾਲੀਅਰ ਦੇ ਕਿਲੇ ਵਿੱਚ ਬੰਦ ਰਖਣਾ, ਨਵੇ ਤੋਂ ਨਵੇ ਬਹਾਨੇ ਨਾਲ ਗੁਰਦੇਵ ਜੀ ਤੇ ਮੁਗ਼ਲੀਆ ਫ਼ੌਜਾਂ ਦੇ ਹਮਲੇ ਹੁੰਦੇ ਰਹਿਣੇ। ਰੋਜ਼ ਦੀਆਂ ਨਿਤ ਨਵੀਆਂ ਛੇੜਖ਼ਾਨੀਆਂ ਤੋਂ ਆਖ਼ਰ ਸਤਿਗੁਰੁ ਜੀ ਨੂੰ ਸਦਾ ਲਈ ਪੰਜਾਬ ਤਿਆਗਣਾ ਪਿਆ। ਵੈਸਾਖ ਸੰਮਤ ੧੬੭੮ ਦੇ ਅਵਤਾਰੀ ਹੋਏ ੧੭ ਸਾਲ ਦੇ ਸਾਹਿਬਜ਼ਾਦਾ ਤੇਗ਼ ਬਹਾਦਰ ਜੀ ਨੂੰ ਛੱਡ ਕੇ ਮਾਘ ਮਹੀਨੇ ਸੰਮਤ ੧੬੮੭ ਦੇ ਜਨਮੇ ੮ ਵਰ੍ਹਿਆਂ ਦੇ ਸਾਹਿਬਜ਼ਾਦਾ ਹਰਿਰਾਏ ਜੀ ਨੂੰ ਚੇਤ ਸੰਮਤ ੧੬੯੫ ਵਿੱਚ ਗੁਰਤਾ ਦੇ ਮਾਲਕ ਬਣਿਆਂ ਨੂੰ ਔਰੰਗਜ਼ੇਬ ਨੇ ਦਿੱਲੀ ਤਲਬ ਕੀਤਾ ਤਾਂ ਉਨ੍ਹਾਂ ਨੇ ਆਪਣੇ ਅਤੇ ਫਿਰ ਸਾਵਣ ਸੰਮਤ-੧੭੧੩ ਨੂੰ ਅਵਤਾਰੀ ਹੋਏ ਸਾਹਿਬਜ਼ਾਦਾ ਹਰਿ ਕ੍ਰਿਸ਼ਨ ਜੀ ਨੂੰ ਕਤਕ ਸੰਮਤ ੧੭੧੮ ਕੇਵਲ ਪੰਜ ਸਾਲ ਦੀ ਉਮਰੇ ਸਤਿਗੁਰੂ ਨੂੰ ਗੁਰਿਆਈ ਦੀ ਜ਼ਿਮੇਵਾਰੀ ਨਿਭਾਦਿਆ ਔਰੰਗਜ਼ੇਬ ਨੇ ਦਿੱਲੀ ਬੁਲਾ ਲਿਆ ਜਿਥੇ ਉਹ ਅਜੇਹੇ ਬਿਮਾਰ ਹੋਏ ਕਿ ਚੇਤਰ ਸੰਮਤ ੧੭੨੧ ਨੂੰ ਆਪਣੇ ਦਾਦਾ ਜੀ ਤੇਗ਼ ਬਹਾਦਰ ਸਾਹਿਬ ਜੀ ਜੋ ਸੰਮਤ ੧੬੭੮ ਦੇ ਅਵਤਾਰੀ ਹੋ ਕੇ ਹੁਣ ੪੩ ਵਰਿਆਂ ਦੇ ਚੁੱਕੇ ਨੂੰ ਗੁਰਿਆਈ ਸੌਂਪ ਕੇ ਆਪ- “ਤਿਥੈ ਕਾਲੁ ਨ ਸੰਚਰੈ ਜੋਤੀ ਜੋਤਿ ਸਮਾਇ ॥“ {੫੫} -ਸਰੀਰਕ ਰੂਪ ਵਿੱਚ ਸੰਸਾਰ ਤੋਂ ਵਿਦਾ ਹੋ ਗਏ। ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੂੰ ਜਿਵੇਂ ਸ਼ਹੀਦ ਕੀਤਾ ਅਤੇ ਦਸ਼ਮੇਸ਼ ਜੀ ਦੇ ਪ੍ਰਵਾਰ ਸਮੇਤ ਸਾਰੇ ਘਰ ਘਾਟ ਨਾਲ ਜੋ ਕੁੱਝ ਮੁਗ਼ਲ ਸ਼ਾਹੀ ਨੇ ਕੀਤਾ ਉਸ ਸਾਰੇ ਦੁਖਾਂਤ ਨੂੰ ਅਥਵਾ ਉਪਰੋਕਤ ਲਿਖਤ ਤੋਂ ਯਾਦ ਵਿੱਚ ਆ ਰਹੇ ਸਾਰੇ ਮੁਗ਼ਲੀਆਂ ਕਹਿਰ ਨੂੰ ਯਾਦ ਵਿੱਚ ਰੱਖਦਿਆਂ ਹੇਠ ਲਿਖੇ ਗੰਭੀਰ ਸ਼ੰਕੇ ਬਾਰੇ ਆਪਣੇ ਵਿਚਾਰ ਲਿਖ ਭੇਜੋ ਜੀ-

‘ਝੂਠ ਦੀ ਦੁਕਾਨ` ਕਹਿ ਕੇ ਉਸ ਨੂੰ ਬੰਦ ਕਰ ਦੇਣ ਦੀ ਕਸਮ ਖਾ ਰਹੇ ਸਮਰਾਟ ਜਹਾਂਗੀਰ ਨੇ ਜਦ ਸਾਰੇ ਘਰੋਗੀ ਮਾਲ ਅਸਬਾਬ ਰੂਪ ਘਰ ਘਾਟ ਨੂੰ ਜ਼ਬਤ ਕਰ ਲਿਆ ਤਾਂ ਗੁਰੂ ਬਾਣੀ ਦਾ ਉਹ ਗ੍ਰੰਥ (ੳ) - ਨਿਰਸੰਦੇਹ ਬੜੀਆਂ ਔਕੜਾਂ ਤੇ ਮਿਹਨਤ ਨਾਲ ਇਕੱਤਰ ਕੀਤੀ ਗੁਰਬਾਣੀ ਦਾ ਅਮੁੱਕ ਭੰਡਾਰਾ - (ਅ) ‘ਆਦਿ ਗ੍ਰੰਥ ਸਾਹਿਬ` ਗੁਰੂ ਅਰਜਨ ਸਾਹਿਬ ਜੀ ਲਈ ਜੀਵਨ ਤੋਂ ਵੀ ਕਈ ਗੁਣਾ ਵੱਧ ਪਿਆਰਾ ਅਤੇ ਉਨ੍ਹਾਂ ਦਾ ਲਿਖਿਆ ਉਹ ਗ੍ਰੰਥ ਗੁਰੂਬਾਣੀ ਦਾ ਅਥਵਾ ਗੁਰਮਤਿ ਗਿਆਨ ਦਾ ਵਿਸ਼ਾਲ ਭੰਡਾਰਾ ਤੇ ਇਕੋ ਇੱਕ ਅਨਮੋਲ ਖ਼ਜ਼ਾਨਾ ਹੈ- (ੲ) -ਜਿਸ ਦੇ ਲਿਖਣ ਵਾਲੇ ਮਹਾਂਪੁਰਖ ਸਦਾ ਲਈ ਸੰਸਾਰ ਤਿਆਗ ਚੁੱਕੇ ਸਨ, ਜਿਸ ਦਾ ਬਦਲ ਕਿਤੇਂ ਵੀ ਨਹੀਂ ਸੀ ਮਿਲ ਸਕਣਾ- (ਸ) -ਜਹਾਂਗੀਰ ਦੇ ਬਚਨਾ ਵਾਲੀ “ਝੂਠ ਦੀ ਦੁਕਾਨ” ਨੂੰ ਸਦਾ ਲਈ ਬੰਦ ਕਰਦੇਣ ਲਈ ਗ੍ਰੰਥ (ਸਾਹਿਬ) ਦਾ ਖੁਰਾ ਖੋਜ ਮਿਟਾ ਦੇਣਾ ਮੁਗ਼ਲੀਆ ਸਰਕਾਰ ਨੇ ਕੀ ਜ਼ਰੂਰੀ ਹੀ ਨਾ ਸਮਝਿਆ ਕਿ ਜਾਂ ਉਨ੍ਹਾਂ ਨੂੰ ਲੱਭਾ ਹੀ ਨਾ? (ਹ) - ਇਹ ਗੱਲ ਸੋਚੀ ਵੀ ਨਹੀਂ ਜਾ ਸਕਦੀ ਕਿ ਜਿਸ ਗ੍ਰੰਥ ਦੇ ਪਹਿਲੇ ਪ੍ਰਕਾਸ਼ ਦਿਵਸ ਨੂੰ ਕਥਿਤ ਤੌਰ ਤੇ ਭਾਦੋਂ ਸੁਦੀ ਏਕਮ ਸੰਮਤ ੧੬੬੧ ਕਹਿ ਕੇ ਬੜੇ ਵਾਜਿਆਂ ਗਾਜਿਆਂ ਨਾਲ ਉਸ ਗ੍ਰੰਥ ਦਾ ਪਹਿਲਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਹੈ, ਅਤੇ ਜਦ ਗੁਰਮਤਿ ਗਿਆਨ ਦਾ ਸਭ ਤੋਂ ਵਡਾ ਵੈਰੀ ਬ੍ਰਾਹਮਣ ਵੀ ਕਿਸੇ ਨਾ ਕਿਸੇ ਸ਼ਕਲ ਵਿੱਚ ਮੁਗ਼ਲ ਸਮਰਾਟ ਦਾ ਨੇੜੂ ਬਣਿਆ ਹੀ ਰਿਹਾ ਸੀ, ਅਜੇਹੀ ਹਾਲਤ ਵਿੱਚ ਇਹ ਕਹਿਣਾ ਮੂਰਖਤਾਈ ਹੋਵੇਗੀ ਕਿ ਕਰਤਾਰ ਪੁਰ ਪਏ ਉਸ ਗ੍ਰੰਥ ਦਾ ਮੁਗ਼ਲਾਂ ਨੂੰ ਪਤਾ ਹੀ ਨਾ ਸੀ ਲੱਗਾ?

ਦਾਸਰੇ ਦੀ ਸਦਬਸਤਾ ਜੋਦੜੀ-

ਕੀ ਕੋਈ ਸੱਜਣ ਪਿਆਰਾ ਸੰਨ ੧੭੧੮ ਤੋਂ ਪਹਿਲਾਂ ਦੀ ਕੋਈ ਭਰੋਸੇ ਜੋਗ ਲਿਖਤ ਜਾਂ ਕਿਸੇ ਅਜੇਹੀ ਅਕੱਟ ਦਲੀਲ ਦੀ ਦੱਸ ਦਾਸਰੇ ਨੂੰ ਪਾ ਸਕਦਾ ਹੈ ਜਿਸ ਤੋਂ ਯਕੀਨ ਬਣ ਜਾਵੇ ਕਿ ਸੰਸਾਰ ਦੇ ਸਭ ਤੋਂ ਵਧੀਆਂ ਜਾਸੂਸੀ ਮਹਿਕਮੇ ਦੀ ਮਾਲਕ ਮੁਗ਼ਲਸ਼ਾਹੀ ਨੇ ਸਾਡਾ ਉਹ ‘ਆਦਿ ਗੁਰੂ ਗ੍ਰੰਥ ਜੀ` ਕਿਸ ਮਜਬੂਰੀ ਕਾਰਨ ਜ਼ਬਤ ਨਾ ਕੀਤਾ? ਉਸ ਆਦਿ ਗ੍ਰੰਥ ਸਾਹਿਬ ਬਾਰੇ ਲਿਖਾਰੀਆਂ ਨੇ, ਵਿਹਲੜ ਸਾਧਾਂ ਨੇ ਅਤੇ ਪੁਜਾਰੀਆਂ ਤੇ ਕਈ ਹਾਸੋ ਹੀਣੀਆਂ (ਕਈ ਮਹੀਨੇ ਦਰਿਆ ਬਆਸ ਵਿੱਚ ਪਿਆ ਰਿਹਾ ਤੇ ਸੁਕੇ ਦਾ ਸੁੱਕਾ ਮੁੜ ਪ੍ਰਗਟ ਹੋ ਗਿਆ) ਲਿਖ ਪਰਚਾਰੀਆਂ ਹੋਇਆ ਹਨ। ਕਹਾਣੀਆਂ ਤਾਂ ਲਿਖ ਲਈਆਂ ਪਰ ਉਸ ਗ੍ਰੰਥ ਬਾਰੇ ਮੁਗ਼ਲਸ਼ਾਹੀ ਚੁੱਪ ਦੀ ਚੱਪ ਦਰਸਾਈ? ਕੋਈ ਗੁਰਮੁਖ ਇਸ ਰਹਸ ਤੋਂ ਪਰਦਾ ਚੁੱਕ ਸਕੇਗਾ?

ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ




.