੧੯੬੯ ਵਿਚ, ਜਦੋਂ ਦੂਜੀ ਵਾਰ ਅਕਾਲੀ ਅਗਵਾਈ ਵਾਲ਼ੀ ਸਰਕਾਰ ਪੰਜਾਬ ਵਿੱਚ ਬਣੀ
ਤਾਂ ਇੰਦਰਾ ਵਰਗੀ ਇੱਲ ਦੇ ਜ਼ਾਲਮ ਪੰਜਿਆਂ ਵਿਚੋਂ ਬਚਾਉਣ ਦੇ ਕਮਜ਼ੋਰ ਜਿਹੇ ਯਤਨਾਂ ਵਿਚੋਂ ਇੱਕ ਯਤਨ
ਸੰਤ ਚੰਨਣ ਸਿੰਘ ਜੀ ਦਾ ਇਹ ਵੀ ਹੁੰਦਾ ਸੀ ਕਿ ਹਰੇਕ ਰਾਤ ਨੂੰ ਕਿਸੇ ਨਾ ਕਿਸੇ ਵਜ਼ੀਰ ਦੇ ਘਰ ਰਾਤਰੀ
ਭੋਜਨ (ਡਿਨਰ) ਰੱਖ ਲੈਣਾ ਤਾਂ ਕਿ ਪ੍ਰਸ਼ਾਦਾ ਛਕਣ ਦੇ ਲਾਲਚ ਵਿੱਚ ਐਮ. ਐਲ. ਏਜ਼ ਨੂੰ ਇਕੱਠੇ ਰੱਖਿਆ
ਜਾ ਸਕੇ। ਹੁਣ ਐਮ. ਐਲ. ਏ. ਸਾਹਿਬਾਨ ਕੋਈ ਮਾਮੂਲੀ ਡੇਰਿਆਂ ਦੇ ਕਮਜ਼ੋਰ ਤੇ ਮੰਗ ਖਾਣੇ ਸਾਧ ਤਾਂ
ਨਹੀ ਸਨ ਕਿ ਪੰਗਤ ਵਿੱਚ ਬੈਠ ਕੇ ਸ਼ਾਕਾਹਾਰੀ ਭੋਜਨ ਗੁਰਬਾਣੀ ਦੇ ਸ਼ਬਦ ਪੜ੍ਹਨ ਉਪ੍ਰੰਤ ਛਕਣ ਅਤੇ
ਸਮਾਪਤੀ ਤੇ ਚੁਲ਼ਾ ਪੜ੍ਹਨ, ਅਰਥਾਤ ਅਰਦਾਸਾ ਸੋਧਣ।
ਇਸ ਤੋਂ ੧੯੭੭ ਦੀਆਂ ਸਰਦੀਆਂ ਦੀ ਗੱਲ ਯਾਦ ਆ ਗਈ। ਵਲੈਤੀ ਅਕਾਲੀਆਂ ਨੇ
ਅੰਮ੍ਰਿਤਸਰ ਸ਼ਹਿਰ ਦਾ ਚਾਰ ਸੌ ਸਾਲਾ ਸਥਾਪਨਾ ਦਿਵਸ ਲੰਡਨ ਦੇ ਐਲਬਰਟ ਹਾਲ ਵਿੱਚ ਧੁੰ ਧਾਮ ਨਾਲ਼
ਮਨਾਉਣ ਦਾ ਉਦਮ ਕੀਤਾ। ਇਸ ਪ੍ਰੋਗਰਾਮ ਵਿੱਚ ਸ਼ਮੂਲੀਅਤ ਲਈ ਪੰਜਾਬੋਂ ਕੁੱਝ ਲੀਡਰ ਵੀ ਬੁਲਾ ਲਏ।
ਉਹਨਾਂ ਲੀਡਰਾਂ ਦੇ ਆਗੂ ਸ. ਜਗਦੇਵ ਸਿੰਘ ਤਲਵੰਡੀ ਐਮ. ਪੀ. ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸਨ।
ਉਹਨਾਂ ਦੇ ਨਾਲ਼ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸ. ਗੁਰਚਰਨ ਦਿੰਘ ਟੋਹੜਾ, ਦਲ ਦੇ ਸਕੱਤਰ ਗਿ. ਅਜਮੇਰ
ਸਿੰਘ, ਸ. ਅਬਿਨਾਸ਼ੀ ਸਿੰਘ, ਡਾ. ਗੁਰਨਾਮ ਸਿੰਘ ਤੀਰ, ਸਹਿਕਾਰਤਾ ਮੰਤਰੀ ਸ. ਜਸਵਿੰਦਰ ਸਿੰਘ ਬਰਾੜ
ਆਦਿ ਵੀ ਸਨ। ਇਹਨਾਂ ਸਾਰਿਆਂ ਨੂੰ, ਲੰਡਨ ਸਥਿਤ ਆਪਣੇ ਆਸ਼੍ਰਮ ਵਿਚ, ਭਾਈ ਸਾਹਿਬ ਹਰਿਭਜਨ ਸਿੰਘ
ਯੋਗੀ ਜੀ ਨੇ ਰਾਤ ਦੇ ਲੰਗਰ ਵਾਸਤੇ ਬੁਲਾ ਲਿਆ। ਪਹਿਲਾਂ ਤਾਂ ਅਕਾਲੀ ਲੀਡਰਾਂ ਦੀ ਅਨਇੱਛਾ ਵਿੱਚ ਹੀ
ਉਹਨਾਂ ਨੂੰ ਸਾਡੇ ਰਾਗੀ ਜਥੇ ਪਾਸੋਂ ਕੀਰਤਨ ਸੁਣਵਾਇਆ ਗਿਆ ਤੇ ਅਸੀਂ ਸ਼ਬਦ ਗਾਵਿਆ
ਸਾਡੇ ਜਥੇ ਦੇ ਆਗੂ ਭਾਈ ਸਾਹਿਬ ਭਗਵੰਤ
ਸਿੰਘ ਜੀ ਲੰਡਨ ਵਾਸੀ ਸਨ। ਫਿਰ ਸਾਰਿਆਂ ਨੂੰ ਭੁੰਜੇ ਪੰਗਤ ਲਗਾ ਕੇ ਪੱਛਮੀ ਢੰਗ ਦਾ ਸ਼ਾਕਾਹਾਰੀ
ਸਾਦਾ ਭੋਜਨ ਛਕਾਇਆ ਗਿਆ ਜੋ ਮੇਰੇ ਵਾਸਤੇ ਵੀ ਬਹੁਤ ਫਿੱਕਾ ਜਿਹਾ ਹੀ ਸੀ। ਭੋਜਨ ਦੀ ਸਮਾਪਤੀ ਤੇ ਸ.
ਜਗਦੇਵ ਸਿੰਘ ਤਲਵੰਡੀ ਨੇ ਆਪਣੇ ਖੁਲਾਸੇ ਜਿਹੇ ਸੁਭਾ ਕਰਕੇ ਅਠਾਰਵੀਂ ਸਦੀ ਦੇ ਸਿੰਘਾਂ ਦੇ ਬਹਾਦਰੀ
ਭਰੇ ਕਾਰਨਾਮੇ ਸੁਣਾਉਂਦਿਆਂ ਚੰਗਾ ਟਿਕਾ ਕੇ ਆਖਿਆ, “ਆਹ, ਜਿਸ ਤਰ੍ਹਾਂ ਦਾ ਯੋਗੀ ਜੀ ਨੇ ਸਾਨੂੰ
ਗ੍ਹਾਸ਼ ਫੂਸ ਛਕਾਇਆ ਹੈ ਇਹੋ ਜਿਹਾ ਹੀ ਉਹ ਸਿੰਘ ਛਕ ਕੇ ਜ਼ਾਲਮਾਂ ਨੂੰ ਸੋਧਿਆ ਕਰਦੇ ਸਨ।” ਗੱਲ ਤਾਂ
ਗਿੱਟੇ ਲੱਗੀ ਪਰ ਸਮੇਤ ਯੋਗੀ ਜੀ ਦੇ ਹੱਸਣ ਤੋਂ ਬਿਨਾ ਕਿਸੇ ਪਾਸ ਚਾਰਾ ਕੋਈ ਨਹੀ ਸੀ। ਪ੍ਰਧਾਨ
ਸਾਹਿਬ ਤਾਂ ‘ਸਿੰਘ ਭੋਜਨ’ ਛਕਣ ਦੇ ਸ਼ੌਕੀਨ ਸਨ। ਇੱਕ ਹੋਰ ਗੱਲ ਉਹਨਾਂ ਨੇ ਆਖੀ, “ਸਾਨੂੰ ਤੁਹਾਡਾ
ਗੁਰੂ ਰਾਮਦਾਸ ਜੀ ਨਾਲ਼ ਲੋੜੋਂ ਵਧ ਹੇਜ ਜਿਤਾਉਣਾ ਮਾੜਾ ਨਹੀ ਲੱਗਦਾ ਪਰ ਸਾਨੂੰ ਡਰ ਹੈ ਕਿ ਕਿਤੇ
ਤੁਸੀਂ ਉਹਨਾਂ ਨੂੰ ਦਸਾਂ ਵਿਚੋਂ ਕਢ ਕੇ ਲਾਂਭੇ ਨਾ ਭੱਜ ਜਾਓ। ਫਿਰ ਸਾਡੇ ਕੋਲ਼ ਨੌ ਹੀ ਨਾ ਕਿਤੇ
ਰਹਿ ਜਾਣ!” ਹਾਸੇ ਦੀਆਂ ਫੁਹਾਰਾਂ ਤਾਂ ਛੁੱਟਣੀਆਂ ਹੀ ਸਨ।
ਗੱਲ ਚੱਲੀ ਸੀ ਅਕਾਲ਼ੀਆਂ ਦੀ ‘ਡਿਨਰ ਡਿਪਲੋਮੇਸੀ’ ਦੀ। ਲੀਡਰ, ਵਜ਼ੀਰ, ਐਮ.
ਪੀ. , ਐਮ. ਐਲ. ਏ. ਆਦਿ ਤਾਂ ਓਹੀ ਲੋਕ ਬਣਦੇ ਹਨ ਜੋ ਘਰੋਂ ਰੱਜੇ ਪੁੱਜੇ ਤੇ ਖਾਨਦਾਨੀ ਸਰਦਾਰ
ਹੁੰਦੇ ਹਨ। ਅਜਿਹੇ ਸਰਦਾਰਾਂ ਦਾ ਭੋਜਨ ਵੀ ਸਰਦਾਰੀ ਟਾਈਪ ਦਾ ਹੀ ਹੁੰਦਾ ਹੈ। ਇਹਨਾਂ ਰਾਤਰੀ
ਭੋਜਨਾਂ ਵਿੱਚ ਹਰ ਰਾਤ, ਪਾਰਟੀ ਆਗੂ ਹੋਣ ਕਰਕੇ, ਸੰਤ ਚੰਨਣ ਸਿੰਘ ਜੀ ਵੀ ਸਾਮਲ ਹੋਇਆ ਕਰਦੇ ਸਨ
ਬਲਕਿ ਉਹਨਾਂ ਦੀ ਪੁਜ਼ੀਸ਼ਨ `ਚੀਫ਼ ਗੈਸਟ’ ਵਾਲ਼ੀ ਹੀ ਹੁੰਦੀ ਸੀ ਤੇ ਇਹ ਸਕੀਮ ਹੀ ਉਹਨਾਂ ਦੀ ਸੀ। ਕਦੇ
ਕਦੇ ਦਲ ਦੇ ਪ੍ਰਧਾਨ ਸੰਤ ਫ਼ਤਿਹ ਸਿੰਘ ਜੀ ਵੀ ਅਜਿਹੇ ਸਮੇ ਸ਼ਾਮਲ ਹੋਇਆ ਕਰਦੇ ਸਨ ਪਰ ਹਰ ਵਾਰੀਂ
ਨਹੀ। ਸੰਤ ਜੀ ਦੀ ਮੌਜੂਦਗੀ ਵਿੱਚ ਖਾਣੇ ਤੋਂ ਪਹਿਲਾਂ ‘ਦੰਦ ਤਿੱਖੇ ਕਰਨੇ’ ਮੁਸ਼ਕਲ ਸਮਝੇ ਜਾਂਦੇ
ਸਨ। ਵੈਸੇ ਤਾਂ ਹਰੇਕ ਗੁਰਸਿੱਖ ਨੂੰ ਅੰਮ੍ਰਿਤ ਛਕਣ ਸਮੇ, ਸਮੇਤ ਤਮਾਕੂ ਦੇ, ਹਰੇਕ ਪ੍ਰਕਾਰ ਦਾ ਨਸ਼ਾ
ਛਡਣ ਦਾ ਹੁਕਮ ਦਿਤਾ ਜਾਂਦਾ ਹੈ ਤੇ ਅਕਾਲੀ ਦਲ ਦਾ ਮੁਢਲਾ ਮੈਬਰ ਬਣਨ ਵਾਲੇ ਫਾਰਮ ਉਪਰ ਵੀ, ਜਿਥੋਂ
ਤੱਕ ਮੈਨੂੰ ਯਾਦ ਹੈ, ਇਹ ਲਿਖਿਆ ਹੁੰਦਾ ਸੀ ਕਿ ਹਰੇਕ ਮੈਬਰ ਬਣਨ ਵਾਲ਼ੇ ਲਈ ਅੰਮ੍ਰਿਤਧਾਰੀ ਹੋਣਾ
ਜ਼ਰੂਰੀ ਹੈ। ਹੁਣ ਤਾਂ ਅਫ਼ਵਾਹ ਫੈਲਾਈ ਜਾ ਰਹੀ ਹੈ ਕਿ ਸ਼ਾਇਦ ਦਲ ਦੇ, ਆਖਣ ਨੂੰ ਅਧੂਰੇ ਪਰ ਕਾਰਜ
ਵਿੱਚ ਪੂਰੇ ਨਾਲ਼ੋਂ ਵੀ ਵਧ, ਪ੍ਰਧਾਨ ਜੀ ਨੂੰ ਵੀ ਅਜੇ ਅੰਮ੍ਰਿਤ ਛਕ ਸੱਕਣ ਦਾ ਸੁਭਾਗ ਪ੍ਰਾਪਤ ਨਹੀ
ਹੋਇਆ। ਸ਼ਾਇਦ ਇਹ ਇਸ ਕਰਕੇ ਹੋਵੇ ਕਿ ਸ਼੍ਰੋਮਣੀ ਅਕਾਲੀ ਦਲ ਨੂੰ ‘ਸਿੱਖ ਪਾਰਟੀ’ ਤੋਂ ‘ਪੰਜਾਬੀ
ਪਾਰਟੀ’ ਬਣਾਉਣ ਦੇ ਅਮਲ ਉਪਰ ਅਮਲ ਕੀਤਾ ਜਾ ਰਿਹਾ ਹੋਵੇ! ਫੇਰ ਏਥੇ ਤਾਂ ਮਹਿਫਲ ਹੀ ਸਰਦਾਰਾਂ ਦੀ
ਹੁੰਦੀ ਸੀ। ਸੰਤ ਜੀ ਤੇ ਉਹਨਾਂ ਨਾਲ਼ ਮੇਰੇ ਵਰਗੇ ‘ਲਾਂਗੜ ਭੀਂਗੜ’ ਤਾਂ ਅਣਚਾਹੇ ਪ੍ਰਾਹੁਣੇ ਹੀ
ਹੁੰਦੇ ਸਨ। ਇਸ ਲਈ ਖਾਣੇ ਵਾਸਤੇ ਦੰਦ ਤਿੱਖੇ ਕਰਨ ਦਾ ਅਮਲ ਇਉਂ ਕੀਤਾ ਜਾਂਦਾ ਸੀ ਕਿ ਵਾਰੀ ਵਾਰੀ
ਇੱਕ ਇਕ ਵਿਅਕਤੀ ਨੂੰ ਸੰਤ ਜੀ ਦੇ ਕੋਲ਼ ਜਾਂ ਨੇੜੇ ਬੈਠੇ ਸੱਜਣ ਨੂੰ ਆਖਿਆ ਜਾਂਦਾ ਸੀ, “ਤੇਰੀ ਟਰੰਕ
ਕਾਲ ਆਈ ਹੈ।” ਉਹ ਉਠ ਕੇ ਅੰਦਰ ਚਲਿਆ ਜਾਇਆ ਕਰਦਾ ਸੀ ਤੇ ਫਿਰ ਸੰਤ ਜੀ ਦੇ ਨੇੜੇ ਨਹੀ ਸੀ ਆਉਂਦਾ।
ਕਿਸੇ ਤਰ੍ਹਾਂ ਕਿਸੇ ਅਖ਼ਬਾਰ ਵਾਲੇ ਨੂੰ ਇਸ ਗੱਲ ਦੀ ਭਿਣਕ ਪੈ ਗਈ ਤੇ ਉਸਨੇ, “ਟਰੰਕ ਕਾਲ ਕਿ
ਪੈਗ ਕਾਲ?” ਦੇ ਸਿਰਲੇਖ ਹੇਠ ਇਹ ਖ਼ਬਰ ਅਖ਼ਬਾਰ ਵਿੱਚ ਛਾਪ ਦਿਤੀ।
ਇਸ ਤੋਂ ਕੁੱਝ ਸਮਾ ਬਾਅਦ ਦੀ ਇੱਕ ਘਟਨਾ ਵੀ ਚੇਤੇ ਆ ਗਈ। ਗੁਰੂ ਨਾਨਕ ਦੇਵ
ਯੂਨੀਵਰਸਿਟੀ ਦੇ ਮਸਲੇ ਤੇ ਜਨਸੰਘ ਦੇ ਅੱਠ ਐਮ. ਐਲ. ਏ. ਸਰਕਾਰ `ਚੋਂ ਨਿਕਲ਼ ਗਏ ਤੇ ਇਸ ਮੌਕੇ ਤੋਂ
ਲਾਭ ਉਠਾ ਕੇ, ਪਾਰਟੀ ਮੁਖੀ ਤੇ ਪ੍ਰੈਸ਼ਰ ਪਾ ਕੇ ਆਪਣੀ ਮਰਜੀ ਮੰਨਵਾਉਣ ਲਈ, ਸ. ਸੁਰਿੰਦਰ ਸਿੰਘ
ਕੈਰੋਂ ਵੀ ਆਪਣੇ ਸਮੇਤ ਛੇ ਐਮ. ਐਲ. ਏ. ਲੈ ਕੇ ਫਰਾਰ ਹੋ ਗਿਆ ਤੇ ਲਭਾ ਹੀ ਨਾ। ਇਸ ਤਰ੍ਹਾਂ ਅਕਾਲੀ
ਸਰਕਾਰ ਘੱਟ ਗਿਣਤੀ ਵਿੱਚ ਰਹਿ ਗਈ। ਖੈਰ, ਇਹ ਵੱਖਰੀ ਗੱਲ ਹੈ ਕਿ ਸੰਤ ਚੰਨਣ ਸਿੰਘ ਜੀ ਨੇ ਸ. ਸਵਰਨ
ਸਿੰਘ ਰਾਹੀਂ ਤੇ ਅੱਗੋਂ ਸ੍ਰੀ ਚਵਾਨ ਗ੍ਰਹਿ ਮੰਤਰੀ ਰਾਹੀਂ ਪ੍ਰਧਾਨ ਮੰਤਰੀ ਨਾਲ਼ ਗਾਂਢਾ ਸਾਂਢਾ
ਕਰਕੇ ਵਕਤੀ ਤੌਰ ਤੇ ਸਰਕਾਰ ਬਚਾ ਲਈ। ਇਸ ਤੋਂ ਪਹਿਲਾਂ ਸੰਤ ਜੀ ਨੇ ਤੇ ਮੁਖ ਮੰਤਰੀ ਸਰਦਾਰ ਬਾਦਲ
ਜੀ ਨੇ ਜਿਉਂ ਸਵੇਰ ਤੋਂ ਤੁਰਨਾ ਮੈਬਰਾਂ ਨੂੰ ਲਭਣ ਤੇ ਹਨੇਰੇ ਹੋਏ ਖਾਲੀ ਹੱਥ ਹੀ ਵਾਪਸ ਮੁੜਨਾ।
ਅਜਿਹੀ ਇੱਕ ਸ਼ਾਮ ਨੂੰ ਇੱਕ ਮੁਖੀ ਅਕਾਲੀ ਆਗੂ ਦੇ ਘਰ ਅੰਦਰ ਕੁੱਝ ਆਗੂ ਨਿਰਾਸਤਾ ਜਿਹੀ ਵਿੱਚ ਬੈਠੇ
ਹੋਏ ਸਨ ਕਿ ਨੌਕਰ ਟਰੇ ਵਿੱਚ ਰੱਖੇ ਹੋਏ ਗਲਾਸ ਪੀਣ ਵਾਸਤੇ ਲੈ ਆਇਆ। ਉਹਨਾਂ ਗਲਾਸਾਂ ਵਿੱਚ ਕੋਕਾ
ਕੋਲਾ ਦਿਖਾਈ ਦੇ ਰਿਹਾ ਸੀ ਪਰ ਮੈ ਸਮਝ ਗਿਆ ਕਿ ਇਹ ਸੰਤ ਜੀ ਤੋਂ ਪਰਦਾ ਰੱਖਣ ਵਾਸਤੇ ਕੋਕਾ ਕੋਲਾ
ਦਿਸ ਰਿਹਾ ਸੀ ਪਰ ਇਸ ਵਿੱਚ ‘ਸੋਮਰਸ’ ਵੀ ਰਲ਼ਿਆ ਹੋਇਆ ਸੀ। ਘਰ ਦੇ ਮੁਖੀ ਨੇ ਸੁਭਾਵਕ ਹੀ ਸੰਤ ਜੀ
ਨੂੰ ਸੁਲਾਹ ਮਾਰ ਦਿਤੀ। ਸੰਤ ਜੀ ਨੇ ਗਲਾਸ ਚੁੱਕਣ ਲਈ ਹੱਥ ਅੱਗੇ ਵਧਾ ਦਿਤਾ। ਉਸ ਆਗੂ ਦੇ ਚੇਹਰੇ
ਦਾ ਇੱਕ ਦਮ ਰੰਗ ਬਦਲ਼ ਗਿਆ ਤੇ ਉਸਨੇ ਮੇਰੇ ਵੱਲ ਵੇਖਿਆ। ਮੈਨੂੰ “ਅੰਧੇ ਕੋ ਅੰਧੇਰੇ ਮੇ ਦੂਰ ਕੀ
ਸੂਝੀ।” ਵਾਂਗ ਇੱਕ ਦਮ ਮੌਕਾ ਸੰਭਾਲਣ ਦਾ ਖਿਆਲ ਆ ਗਿਆ ਤੇ ਮੈ ਆਖ ਦਿਤਾ, “ਬਾਬਾ ਜੀ, ਇਹਨਾਂ ਨੂੰ
ਜੂਠੇ ਹੱਥ ਲਗੇ ਹੋਏ ਨੇ। ਤੁਹਾਡੇ ਲਈ ਥੱਲਿਓਂ ਹੋਰ ਗਲਾਸ ਆਉਂਦਾ ਏ।” ਸੰਤ ਜੀ ਨੇ ਆਪਣਾ ਹੱਥ ਓਥੋਂ
ਹੀ ਪਿੱਛੇ ਖਿੱਚ ਲਿਆ ਤੇ ਉਸ ਆਗੂ ਨੇ ਮੇਰੇ ਵੱਲ ਪ੍ਰਸੰਸਕ ਨਜ਼ਰ ਨਾਲ਼ ਤੱਕਿਆ।
ਵੈਸੇ ਜੇ ਪਤਾ ਲੱਗ ਵੀ ਜਾਂਦਾ ਤਾਂ ਸੰਤ ਜੀ ਨੇ ਕੇਹੜੀ ਉਹਨਾਂ ਨੂੰ ਗੋਲ਼ੀ
ਮਾਰ ਦੇਣੀ ਸੀ ਜਾਂ ਉਹਨਾਂ ਦੀ ਲੀਡਰੀ ਖੋਹ ਲੈਣੀ ਸੀ! ਇਹ ਤਾਂ ਇੱਕ ਅੱਖ ਦੀ ਸ਼ਰਮ ਹੀ ਹੁੰਦੀ ਹੈ।
ਅਜਿਹਾ ਭਉ, ਜਿਸਨੂੰ ਗੁਰਬਾਣੀ ਵਿੱਚ ‘ਨਿਰਮਲ ਭਉ’ ਆਖ ਕੇ ਵਡਿਆਇਆ ਗਿਆ ਹੈ, ਹੀ ਪਰਵਾਰ, ਸਮਾਜ,
ਜਥੇਬੰਦੀ, ਦੇਸ਼ ਨੂੰ ਕਾਇਮ ਰੱਖਦਾ ਹੈ। ਇਹ ਅੱਖ ਦੀ ਸ਼ਰਮ ਆਖ ਲਵੋ ਜਾਂ ਵਡਿਆਂ ਦਾ ਆਦਰ ਕਾਇਮ ਰੱਖਣ
ਦਾ ਇੱਕ ਚੰਗਾ ਤਰੀਕਾ ਹੈ। ਕੋਈ ਧੀ ਮਾਪਿਆਂ ਦੀ ਸ਼ਰਮ ਨਾ ਰੱਖੇ, ਕੋਈ ਨੂੰਹ ਸਹੁਰੇ ਘਰ ਦਾ ਨਿਰਮਲ
ਭਉ ਤਿਆਗ ਦੇਵੇ। ਨੌਜਵਾਨ ਬਜ਼ੁਰਗਾਂ ਦਾ ਸਤਿਕਾਰ ਕਾਇਮ ਨਾ ਰੱਖਣ, ਇਸ ਨਾਲ਼ ਵਡੇਰੇ ਉਹਨਾਂ ਦੇ ਟਾਂਡੇ
ਤਾਂ ਨਹੀ ਮਿਧ ਦੇਣ ਲੱਗੇ ਤੇ ਨਾ ਹੀ ਲੱਗਦੀ ਵਾਹ, ਸਹੀ ਸੋਚ ਵਾਲ਼ੇ ਬਜ਼ੁਰਗ, ਉਹਨਾਂ ਦੀ ਕਿਸੇ
ਤਰ੍ਹਾਂ ਦੀ ਹਾਨੀ ਬਾਰੇ ਵਿਚਾਰ ਆਪਣੀ ਸੋਚ ਵਿੱਚ ਲਿਆ ਸਕਦੇ ਹਨ। ਇਹ ਤਾਂ ਇੱਕ ਮਾਣ ਰੱਖਣ ਵਾਲ਼ੀ
ਚੰਗੀ ਗੱਲ ਹੀ ਹੈ ਜਿਸ ਕਰਕੇ ਆਰੰਭ ਤੋਂ ਹੀ ਸਮਾਜ ਚੱਲਦਾ ਆ ਰਿਹਾ ਹੈ। ਸਿਆਣੇ ਆਖਦੇ ਨੇ ਕਿ ਜਦੋਂ
ਅੱਖ ਦੀ ਸ਼ਰਮ ਨਾ ਰਹੇ ਤਾਂ ਫਿਰ ਪਰਵਾਰ ਦੇ ਖੇਰੂੰ ਖੇਰੂੰ ਹੋ ਜਾਣ ਦਾ ਵਧੇਰੇ ਭੈ ਹੋ ਜਾਂਦਾ ਹੈ।
ਏਥੇ ਇੱਕ ਗੱਲ ਹੋਰ ਚੇਤੇ ਆ ਗਈ। ਇਹ ਤਾਂ ਆਪਾਂ ਸਾਰੇ ਜਾਣਦੇ ਹੀ ਹਾਂ ਕਿ
ਸੰਸਾਰ ਵਿੱਚ ਛਾਏ ਜਾ ਰਹੇ ਸਿਰ ਨੰਗੇ ਵਾਲੇ ਕਲਚਰ ਕਰਕੇ ਸਿੱਖ ਭੈਣਾਂ, ਨੂਹਾਂ, ਧੀਆਂ, ਏਥੋਂ ਤੱਕ
ਕਿ ਸਿਆਣੀ ਉਮਰ ਦੀਆਂ ਬੀਬੀਆਂ ਵੀ ਸਿਰ ਉਪਰ ਲੀੜਾ ਰੱਖਣਾ ਆਪਣੀ ਸ਼ਾਨ ਦੇ ਖ਼ਿਲਾਫ਼ ਸਮਝਦੀਆਂ ਹਨ।
ਮੇਰੇ ਖਿਆਲ ਵਿੱਚ ਤਾਂ ਸ਼ਾਇਦ ਇਸ ਨਵੀਨਤਾ ਦਾ ਅਸਰ ਸਿੱਖ ਬੀਬੀਆਂ ਉਪਰ ਬਾਕੀਆਂ ਨਾਲ਼ੋਂ ਵਧ ਹੀ ਹੋਇਆ
ਹੋਵੇ! ਆਸਟ੍ਰੇਲੀਆ ਦੇ ਇੱਕ ਸ਼ਹਿਰ ਵਿਖੇ, ਓਥੋਂ ਦੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਦੇ ਸੱਦੇ
ਉਪਰ ਮੈ ਗਿਆ। ਇੱਕ ਦੁਪਹਿਰ ਨੂੰ ਇੱਕ ਨੌਜਵਾਨ ਸਿੱਖ ਡਾਕਟਰ ਜੀ ਪਹਿਲਾਂ ਬਣਾਏ ਪ੍ਰੋਗਰਾਮ ਅਨੁਸਾਰ
ਪ੍ਰਸ਼ਾਦਾ ਛਕਾਉਣ ਲਈ, ਮੈਨੂੰ ਕਾਰ ਵਿੱਚ ਆਪਣੇ ਘਰ ਲੈ ਗਏ। ਨਾਲ਼ ਹੀ ਉਹਨਾਂ ਦੇ ਪਿਤਾ ਜੀ ਵੀ ਸਨ ਜੋ
ਕਿ ਮੇਰੀ ਪੀਹੜੀ ਦੇ ਸਨ। ਡਾਕਟਰ ਸਾਹਿਬ ਦੀ ਪਤਨੀ ਜੀ ਤਾਂ ਆਪਣੀ ਡਿਊਟੀ ਉਪਰ ਗਏ ਹੋਏ ਸਨ ਤੇ ਘਰ
ਵਿੱਚ ਉਹਨਾਂ ਦੇ ਮਾਤਾ ਜੀ ਸਨ ਜਿਨ੍ਹਾਂ ਨੇ ਸਾਡੇ ਘਰ ਵਿੱਚ ਗਿਆਂ ਤੇ ਬੜੇ ਪ੍ਰੇਮ ਅਤੇ ਸ਼ਰਧਾ ਸਹਿਤ
ਪ੍ਰਸ਼ਾਦਾ ਤਿਆਰ ਕੀਤਾ। ਇਹ ਸਾਰਾ ਕੁੱਝ ਕਰਦੇ ਸਮੇ ਉਹਨਾਂ ਨੇ ਆਪਣੇ ਸਿਰ ਤੋਂ ਲੀੜਾ ਨਹੀ ਉਤਰਨ
ਦਿਤਾ ਤੇ ਸਾਰਾ ਸਮਾ ਆਪਣਾ ਸਿਰ ਢੱਕੀ ਹੀ ਰੱਖਿਆ। ਉਂਜ ਪਤਾ ਲੱਗਦਾ ਸੀ ਸਮੇ ਦੇ ਰਿਵਾਜ਼ ਅਨੁਸਾਰ ਉਹ
ਹਰ ਸਮੇ ਸਿਰ ਨਾ ਢੱਕ ਕੇ ਰੱਖਦੇ ਹੋਣ ਪਰ ਮੇਰੀ ਹਾਜਰੀ ਵਿੱਚ ਉਹਨਾਂ ਨੇ ਉਚੇਚਾ ਇਸ ਕਾਰਜ ਦਾ ਧਿਆਨ
ਰੱਖਿਆ। ਜੇਕਰ ਉਹ ਸੁਚੱਜੇ ਬੀਬੀ ਜੀ ਅਜਿਹਾ ਨਾ ਵੀ ਕਰਦੇ ਤਾਂ ਮੈ ਕੇਹੜਾ ਪ੍ਰਸ਼ਾਦਾ ਬਿਨਾ ਛਕਿਆਂ
ਮੁੜ ਆਉਣਾ ਸੀ! ਇਹ ਕੁੱਝ ਵੇਖ ਕੇ ਮੇਰੇ ਦਿਲ ਵਿੱਚ ਉਸ ਸੁਲਝੀ ਹੋਈ ਭੈਣ ਪ੍ਰਤੀ ਉਚੇਚਾ ਸਤਿਕਾਰ
ਪ੍ਰਗਟਿਆ। ਉਸਨੇ ਇੱਕ ਬਾਹਰੋਂ ਆਏ ਧਾਰਮਿਕ ਜਿਹੀ ਦਿੱਖ ਵਾਲ਼ੇ ਵਿਅਕਤੀ ਦੇ ਸਤਿਕਾਰ ਵਜੋਂ ਆਪਣਾ ਸਿਰ
ਕੱਜ ਕੇ ਰੱਖਿਆ। ਹੋਰ ਕੁੱਝ ਨਹੀ, ਇਹ ਇੱਕ ਸਤਿਕਾਰ ਦਾ ਪ੍ਰਗਟਾਵਾ ਹੀ ਸੀ। ਜਿਸ ਤਰ੍ਹਾਂ ਅਸੀਂ
ਗੁਰੂ ਘਰ ਵਿੱਚ ਸਤਿਕਾਰ ਵਜੋਂ ਸਿਰ ਕੱਜ ਕੇ ਜਾਂਦੇ ਹਾਂ। ਨੰਗੇ ਸਿਰ ਵਾਲ਼ਿਆਂ ਨੂੰ ਮਹਾਰਾਜ ਕਿਤੇ
ਬਾਂਹੋਂ ਫੜ ਕੇ ਬਾਹਰ ਤਾਂ ਨਹੀ ਕਢ ਦਿੰਦੇ! ਅਸੀਂ ਆਪਣੇ ਇਸ਼ਟ ਪ੍ਰਤੀ ਆਪਣੀ ਸ਼ਰਧਾ ਵੱਸ ਸਤਿਕਾਰ
ਪ੍ਰਗਟਾਉਣ ਲਈ ਹੀ ਅਜਿਹਾ ਕਰਦੇ ਹਾਂ।
ਗਿਆਨੀ ਸੰਤੋਖ ਸਿੰਘ