ਅਉਖੀ ਘੜੀ
ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ
ਮਨੁੱਖ ਕਿਸੇ ਸੁਨਿਆਰੇ ਦੀ ਦੁਕਾਨ `ਤੇ ਜਾਵੇ ਜਾਂ ਕਿਸੇ ਕਪੜੇ ਵਾਲੀ ਦੁਕਾਨ
`ਤੇ ਜਾਵੇ, ਬੱਸ ਇੱਕ ਹੀ ਗੱਲ ਹੁੰਦੀ ਹੈ ਗਾਹਕ ਦੀ, ਦੁਕਾਨਦਾਰ ਨੂੰ, ਕਿ ਭਾਈ ਸਾਹਿਬ ਜੀ ਸਾਨੂੰ
ਉਹ ਗਹਿਣਾ ਜਾਂ ਕਪੜਾ ਦਿਖਾਇਆ ਜੇ ਜਿਹੜਾ ਬਿਲਕੁਲ ਹੀ ਵੱਖਰਾ ਜੇਹਾ ਹੋਏ। ਇਹੋ ਜੇਹਾ ਹੁਣ ਤੱਕ
ਕਿਸੇ ਨੇ ਵੀ ਖਰੀਦਿਆ ਨਾ ਹੋਵੇ। ਅਸੀਂ ਮਕਾਨ ਬਣਾਉਂਦੇ ਹਾਂ ਤਾਂ ਵੀ ਏਹੀ ਖ਼ਿਆਲ ਹੁੰਦਾ ਹੈ ਸਾਡੇ
ਮਕਾਨ ਦੀ ਦਿੱਖ ਕੁੱਝ ਵੱਖਰੀ ਹੀ ਹੋਵੇ। ਘਰ ਵਿਚਲੇ ਫ਼ਰਨੀਚਰ ਦੀ ਚੋਣ ਵੀ ਏਸੇ ਅਧਾਰ `ਤੇ ਕੀਤੀ
ਜਾਂਦੀ ਹੈ ਕਿ ਜਿਹੜਾ ਵੀ ਸਾਡੇ ਘਰ ਇੱਕ ਵਾਰੀ ਆ ਜਾਏ ਉਸ ਦੇ ਮੂੰਹ ਤੋਂ ਇਹ ਜ਼ਰੂਰ ਸੁਣਿਆ ਜਾਏ ਕਿ
ਭਈ ਤੁਹਾਡੇ ਵਰਗਾ ਫ਼ਰਨੀਚਰ ਤਾਂ ਅਸੀਂ ਇਸ ਤੋਂ ਪਹਿਲਾਂ ਕਿਸੇ ਦੇ ਵੀ ਘਰ ਨਹੀਂ ਦੇਖਿਆ। ਹਾਂ ਇੱਕ
ਗੱਲ ਤਾਂ ਜ਼ਰੂਰ ਸਪਸ਼ਟ ਹੋ ਜਾਂਦੀ ਹੈ ਕਿ ਇਸ ਵੱਖਰੇਪਨ ਦੇ ਰੁਝਾਨ ਨੇ ਸਮਾਜ ਨੂੰ ਤਰੱਕੀ ਦੀਆਂ
ਲੀਹਾਂ `ਤੇ ਤੋਰ ਦਿੱਤਾ ਹੈ ਤੇ ਨਿਤ ਨਵੀਆਂ ਖੋਜਾਂ ਹੋਣ ਲੱਗੀਆਂ। ਜਦ ਪਹਿਲੀ ਵਾਰ ਵਿਗਿਆਨੀਆਂ ਨੇ
ਸਮੇਂ ਨਾਲੋਂ ਹੱਟ ਕੇ ਇਹ ਸੋਚਿਆ, ਕਿ, ਅਸੀਂ ਚੰਦਰਮਾਂ `ਤੇ ਜਾਣਾ ਹੈ, ਤਾਂ ਹਰ ਆਮ ਆਦਮੀਆਂ ਦੀ
ਰਾਇ ਲੈਣ ਲਈ ਉਹਨਾਂ ਸਰਵੇ ਕੀਤਾ। ਹਰ ਆਦਮੀ ਨੇ ਆਪਣੇ ਆਪਣੇ ਖ਼ਿਆਲ ਅਨੁਸਾਰ ਉੱਤਰ ਦਿੱਤਾ, ਕਿਸੇ ਨੇ
ਕਿਹਾ ਕਿ ਏਡੀ ਦੂਰ ਜਾਣ ਲਈ ਇਤਨਾ ਸਾਰਾ ਤੇਲ ਕਿਵੇਂ ਲਿਜਾਇਆ ਜਾ ਸਕਦਾ ਹੈ? ਕਿਸੇ ਨੇ ਕਿਹਾ ਕਿ
ਜਹਾਜ਼ ਇਤਨਾ ਉੱਚਾ ਕਿਵੇਂ ਜਾਏਗਾ? ਕਿਸੇ ਕਿਹਾ ਆਦਮੀ ਓਥੇ ਕਿਵੇਂ ਜ਼ਿਉਂਦਾ ਰਹਿ ਸਕੇਗਾ? ਗੱਲ ਕੀ
ਵਿਗਿਆਨੀਆਂ ਨੇ ਹਰ ਆਦਮੀ ਦੇ ਸੁਝਾਵਾਂ ਨੂੰ ਇਕੱਠਾ ਕਰਕੇ, ਹੌਲੀ ਹੌਲੀ ਸਾਰੀਆਂ ਅੜਚਣਾ ਦੂਰ ਕਰ
ਦਿੱਤੀਆਂ ਤੇ ਅੱਜ ਹਾਲਤ ਇਹੋ ਜੇਹੇ ਹੋ ਗਏ ਹਨ ਕਿ ਹੁਣ ਆਦਮੀ ਓਥੇ ਘਰ ਬਣਾਉਣ ਦੀ ਤਿਆਰੀ ਕਰਨ ਵਿੱਚ
ਲੱਗਾ ਹੋਇਆ ਹੈ ਜੋ ਕਿ ਇੱਕ ਵੱਖਰੇਪਨ ਦੀ ਖੁਬਸੂਰਤ ਮਿਸਾਲ ਹੈ।
ਸੰਸਾਰ ਦੀ ਸੁੰਦਰ ਸਿਰਜਣਾ ਵਿੱਚ ਧਾਰਮਿਕ, ਰਾਜਨੀਤਿਕ ਤੇ ਸਮਾਜਿਕ ਚਿੰਤਕਾਂ
ਹਰ ਪੱਧਰ `ਤੇ ਆਪਣਾ ਅਪਣਾ ਰੋਲ ਅਦਾ ਕਰਕੇ ਇਸ ਨੂੰ ਸੰਵਾਰਿਆ ਹੈ। ਗੁਰੂ ਨਾਨਕ ਸਾਹਿਬ ਜੀ ਨੇ
ਸੰਸਾਰ ਨੂੰ ਸੰਵਾਰਨ ਲਈ ਜੋ ਦਿਸ਼ਾ ਨਿਰਦੇਸ਼ ਦਿੱਤੇ ਹਨ ਉਹ ਵਾਕਿਆ ਹੀ ਵੱਖਰੇਪਨ ਦੀ ਮੂੰਹ ਬੋਲਦੀ
ਤਸਵੀਰ ਹਨ। ਪਰ ਦੁੱਖ ਇਸ ਗੱਲ ਦਾ ਹੈ ਕਿ ਅਸੀਂ ਉਹਨਾਂ ਕੀਮਤੀ ਵਿਚਾਰਾਂ ਨੂੰ ਨਾ ਤਾਂ ਆਪ ਸਮਝਿਆ
ਹੈ ਤੇ ਨਾ ਹੀ ਸੰਸਾਰ ਨੂੰ ਦੱਸ ਸਕੇ ਹਾਂ। ਮਨੁੱਖ ਇੱਕ ਸਮਾਜਿਕ ਜੀਵ ਹੈ, ਇਸ ਦੀ ਸੁਚੱਜੀ ਬਣਤਰ ਲਈ
ਮਾਪੇ, ਅਧਿਆਪਕ ਤੇ ਮਿਤਰ ਮੰਡਲ ਦਾ ਖ਼ਾਸ ਰੋਲ ਹੈ। ਇਸ ਤ੍ਰਿਗੜੀ ਵਿਚੋਂ ਮਿੱਟੀ ਦੇ ਬਾਵੇ ਦੀ ਸੀਰਤ
ਘੜੀ ਜਾਂਦੀ ਹੈ। ਗੁਰੂ ਨਾਨਕ ਸਾਹਿਬ ਜੀ ਨੇ ਸਾਰੇ ਸੰਸਾਰ ਦੀ ਫ਼ਿਲਾਸਫ਼ੀ ਨੂੰ ਪਰਖਿਆ ਪੜਚੋਲਿਆ ਤੇ
ਉਹਨਾਂ ਦੀਆਂ ਘਾਟਾਂ ਨੂੰ ਨੇੜਿਉਂ ਹੋ ਕੇ ਦੇਖਿਆ ਫਿਰ ਮਨੁੱਖਤਾ ਲਈ ਇੱਕ ਵੱਖਰੇਪਨ ਦਾ ਰਾਹ
ਨਿਰਧਾਰਤ ਕੀਤਾ।
ਚਾਹੇ ਕੋਈ ਮੰਨੇ ਜਾਂ ਨਾ ਮੰਨੇ, ਪਰ ਹਰ ਇਨਸਾਨ ਥੋੜਾ ਬਹੁਤਾ ਦੁਖੀ ਜ਼ਰੂਰ
ਹੈ, ਤੇ ਆਪਣੇ ਦੁੱਖਾਂ ਦੀ ਨਿਵਰਤੀ ਲਈ ਇਸ ਖ਼ੁਦਾਵੰਦ ਦੇ ਬੇਟੇ ਨੇ ਵੱਖ ਵੱਖ ਦੇਵੀ ਦੇਵਤਿਆਂ ਅੱਗੇ
ਅਰਦਾਸਾਂ ਅਰਜੋਈਆਂ ਕਰਨੀਆਂ ਸ਼ੁਰੂ ਕੀਤੀਆਂ ਕਿ ਹੇ ਅਮਕੜੇ ਦੇਵਤਾ ਜੀਉ ਸਾਨੂੰ ਜ਼ਿੰਦਗੀ ਵਿੱਚ ਕਦੇ
ਵੀ ਦੁੱਖ ਨਾ ਆਉਣ ਦਿਆ ਜੇ, ਅਸੀਂ ਹਮੇਸ਼ਾਂ ਸੁੱਖੀ ਹੀ ਰਹੀਏ। ਇਹਨਾਂ ਅਰਦਾਸਾਂ ਵਿਚੋਂ ਪੁਜਾਰੀ ਵਰਗ
ਦਾ ਜਨਮ ਹੋਇਆ ਹੈ। ਪਰ ਗੁਰੂ ਨਾਨਕ ਸਾਹਿਬ ਜੀ ਦੀ ਫ਼ਿਲਾਸਫ਼ੀ ਨੇ ਵੱਖਰੇਪਨ ਦਾ ਸੰਦੇਸ਼ ਦਿੱਤਾ ਹੈ ਕਿ
ਉਹ ਰੱਬ ਜੀ ਤਾਂ ਕਿਸੇ ਨੂੰ ਦੁੱਖ ਦੇਂਦੇ ਹੀ ਨਹੀਂ ਹਨ ਪਰ ਸ਼ਰਤ ਇਹ ਹੈ ਕਿ ਅਸੀਂ ਉਸ ਨੂੰ ਆਪਣਾ
ਮਿੱਤਰ ਬਣਾ ਲਈਏ। ਇਸ ਸਮੱਸਿਆ ਨੂੰ ਸਮਝਣ ਲਈ ਗੁਰੂ ਅਰਜਨ ਸਾਹਿਬ ਜੀ ਦਾ ਇੱਕ ਸ਼ਬਦ ਚੁਣਿਆ ਹੈ, ਪਰ
ਅਰਥ ਅਸੀਂ ਵੀ ਲੋਕਾਂ ਵਾਗੂੰ ਪ੍ਰੰਪਰਾਗਤ ਹੀ ਕਰਦੇ ਹਾਂ ਕਿ ਹੇ ਰੱਬ ਜੀਉ! ਸਾਨੂੰ ਤੁਸੀਂ ਦੁੱਖ ਨਾ
ਦਿਆ ਜੇ, ਦੇਖੋ ਅਸੀਂ ਕਿੰਨੀਆਂ ਲੰਬੀਆਂ ਤੇ ਤਰਲੇ ਲੈ ਕੇ ਅਰਦਾਸਾਂ ਕਰ ਰਹੇ ਹਾਂ, ਕਿੰਨੇ ਅਖੰਡਪਾਠ
ਕਰਾ ਰਹੇ ਹਾਂ, ਧਰਮ ਦੀਆਂ ਸਾਰੀਆਂ ਰਸਮਾਂ ਨਿਭਾਅ ਰਹੇ ਹਾਂ। ਜੇ ਕੁਦਰਤੀ ਪਰਵਾਰ ਵਿੱਚ ਕੋਈ ਸੰਕਟ
ਆ ਗਿਆ ਹੈ ਤਾਂ ਫਿਰ ਸਾਡੀਆਂ ਅਰਦਾਸਾਂ ਸੁਣਨ ਵਾਲੀਆਂ ਹੀ ਹੁੰਦੀਆਂ ਹਨ ਕਿ ਹੇ ਰੱਬ ਜੀਉ ਇਹ ਔਖਾ
ਸਮਾਂ ਸਾਡੇ `ਤੇ ਕਿਉਂ ਆ ਗਿਆ ਹੈ, ਕੀ ਤੁਹਾਨੂੰ ਅਸੀਂ ਹੀ ਦਿੱਸੇ ਸੀ ਦੁੱਖ ਭੋਗਣ ਲਈ? ਮੈਂ ਤੇ ਕਈ
ਵਾਰੀ ਉਹਨਾਂ ਲੋਕਾਂ ਨੂੰ ਵੀ ਦੇਖਿਆ ਹੈ ਜੋ ਰੱਬ ਜੀ ਨੂੰ ਵੀ ਗ਼ਾਲ਼ਾਂ ਕੱਢਦੇ ਹਨ।
ਗੁਰੂ ਅਰਜਨ ਪਾਤਸ਼ਾਹ ਜੀ ਨੇ ਤਰਲਿਆਂ ਵਾਲੀ ਜ਼ਿੰਦਗੀ ਨੂੰ ਛੱਡ ਕੇ ਇੱਕ ਨਵਾਂ
ਤਜਰਬਾ ਲੋਕਾਂ ਦੇ ਸਾਹਮਣੇ ਰੱਖਿਆ ਹੈ ਕਿ ਪਰਮਤਾਮਾ ਤਾਂ ਕਦੇ ਵੀ ਸਾਨੂੰ ਦੁੱਖ ਦੇਂਦਾ ਹੀ ਨਹੀਂ
ਹੈ। ਪੂਰਾ ਸ਼ਬਦ ਇੰਜ ਹੈ।
ਅਉਖੀ ਘੜੀ ਨ ਦੇਖਣ ਦੇਈ ਆਪਨਾ ਬਿਰਦੁ ਸਮਾਲੇ॥
ਹਾਥ ਦੇਇ ਰਾਖੈ ਆਪਨੇ ਕਉ ਸਾਸਿ ਸਾਸਿ ਪ੍ਰਤਿਪਾਲੇ॥ ੧॥
ਪ੍ਰਭ ਸਿਉ ਲਾਗਿ ਰਹਿਓ ਮੇਰਾ ਚੀਤੁ॥
ਆਦਿ ਅੰਤਿ ਪ੍ਰਭੁ ਸਦਾ ਸਹਾਈ ਧੰਨੁ ਹਮਾਰਾ ਮੀਤੁ॥ ਰਹਾਉ॥
ਮਨਿ ਬਿਲਾਸ ਭਏ, ਸਾਹਿਬ ਕੇ ਅਚਰਜ ਦੇਖਿ ਬਡਾਈ॥
ਹਰਿ ਸਿਮਰਿ ਸਿਮਰਿ ਆਨਦੁ ਕਰਿ ਨਾਨਕ ਪ੍ਰਭਿ ਪੂਰਨ ਪੈਜ ਰਖਾਈ॥ ੨॥
ਧਨਸਰੀ ਮਹਲਾ ੫ ਪੰਨਾ ੬੮੨ ---
ਰਹਾਉ ਦੀਆਂ ਤੁਕਾਂ ਵਿੱਚ ਪਰਮਾਤਮਾ ਨਾਲ ਚਿੱਤ ਲੱਗਣ ਦੀ ਗੱਲ ਕਹੀ ਹੈ, ਜੋ
ਜਨਮ ਤੋਂ ਲੈ ਕੇ ਮਰਨ ਤੀਕ ਹਰ ਸਮੇਂ ਵਿੱਚ ਸਾਡੀ ਸਹਾਇਤਾ ਕਰਨ ਵਾਲਾ ਹੈ, ਉਸ ਪ੍ਰਭੂ ਜੀ ਨੂੰ
ਮਿੱਤਰ ਬਣਾਉਣਾ ਹੈ। ਧਰਮ ਦੀ ਦੁਨੀਆਂ ਵਿੱਚ ਇਹ ਇੱਕ ਵੱਖਰਾ ਸੰਦੇਸ਼ ਹੈ। ਸੰਸਾਰ ਵਿੱਚ ਭਰਾਵਾਂ ਦੀ
ਬਹੁਤ ਵੱਡੀ ਗਿਣਤੀ ਹੈ, ਪਰ ਮਿੱਤਰ ਬਹੁਤ ਘੱਟ ਮਿਲਦੇ ਹਨ। ਭਾਗਾਂ ਵਾਲੇ ਉਹ ਲੋਕ ਹਨ ਜੋ ਚੰਗੇ
ਮਿੱਤਰ ਰੱਖਦੇ ਹਨ। ਕੀ ਸਰੀਰ ਦੇ ਤਲ਼ `ਤੇ ਮਿੱਤਰ ਨਾਲ ਚਿੱਤ ਲਗਾਉਣਾ ਹੈ? ਪਹਿਲੀ ਗੱਲ ਤਾਂ ਇਹ ਹੈ
ਕਿ ਸਿੱਖੀ ਵਿੱਚ ਪਰਮਾਤਮਾ ਨਾ ਤਾਂ ਜੰਮਦਾ ਹੈ, ਨਾ ਹੀ ਉਸ ਦਾ ਕੋਈ ਸਰੂਪ ਹੈ ਤੇ ਨਾ ਹੀ ਉਸ ਦੀ
ਕੋਈ ਮੂਰਤ ਹੈ। ਪਰਮਾਤਮਾ ਦੀ ਵਿਆਖਿਆ ਗੁਰੂ ਸਾਹਿਬ ਜੀ ਨੇ ਸਦੀਵ ਕਾਲ ਨਿਯਮਾਵਲੀ ਦੇ ਰੂਪ ਵਿੱਚ
ਕੀਤੀ ਹੈ, ਇਹ ਨਿਯਮਾਵਲੀ ਉਸ ਦੇ ਸਦਾ ਰਹਿਣ ਵਾਲੇ ਗੁਣਾਂ ਰਾਂਹੀਂ ਪ੍ਰਗਟ ਹੁੰਦੀ ਹੈ। ਇਸ ਲਈ ਰੱਬੀ
ਗੁਣਾਂ ਨੂੰ ਆਪਣੇ ਮਿੱਤਰ ਬਣਾੳਣਾ ਹੈ, ਕਿਉਂਕਿ ਚਿੱਤ ਤੇ ਮਿੱਤਰ ਦੀ ਗੱਲ ਆਈ ਹੈ। ਜਿਹੜੀ ਮਨ ਦੀ
ਗੱਲ ਅਸੀਂ ਆਪਣੇ ਕਿਸੇ ਭੈਣ ਭਰਾ ਜਾਂ ਮਾਤਾ ਪਿਤਾ ਨੂੰ ਵੀ ਨਹੀਂ ਦੱਸ ਸਕਦੇ ਉਹ ਗੱਲ ਆਪਣੇ ਜਾਨੀ
ਮਿੱਤਰ ਨੂੰ ਦੱਸ ਸਕਦੇ ਹਾਂ। ਕੀ ਫਿਰ ਮਿੱਤਰ ਸਾਨੂੰ ਕੋਈ ਮਾੜਾ ਸਮਾਂ ਦੇਖਣ ਦੇਵੇਗਾ? ਨਹੀਂ
ਨਹੀਂ---ਮਿੱਤਰ ਸਾਨੂੰ ਕਦੇ ਵੀ ਮਾੜਾ ਸਮਾਂ ਦੇਖਣ ਨਹੀਂ ਦਏਗਾ। ਰਾਹੳ ਦੀਆਂ ਤੁਕਾਂ ਵਿੱਚ ਆਪਣੇ
ਚਿੱਤ ਨੂੰ ਮਿੱਤਰ ਨਾਲ ਜੋੜਣ ਦੀ ਗੱਲ ਕਹੀ ਗਈ ਹੈ। ਜਦ ਪਰਮਾਤਮਾ ਨੂੰ ਅਸੀਂ ਆਪਣਾ ਮਿੱਤਰ ਬਣਾ ਲਿਆ
ਤਾਂ ਉਹ ਸਾਨੂੰ ਕਦੇ ਵੀ ਔਖਾ ਸਮਾਂ ਦੇਖਣ ਨਹੀਂ ਦੇਂਦਾ। ਸ਼ੁਭ ਗੁਣ ਐਸੇ ਮਿੱਤਰ ਹਨ ਜੋ ਹਰ ਸਮੇਂ
ਸਾਡੀ ਸਹਾਇਤਾ ਕਰਦੇ ਹਨ। ਪਰਮਾਤਮਾ ਦੀ ਨਿਯਮਾਵਲੀ ਨੂੰ ਆਪਣੀ ਜ਼ਿੰਦਗੀ ਦਾ ਅੰਗ ਬਣਾਇਆਂ ਸ਼ੁਭ ਗੁਣ
ਨਾਲ ਦੋਸਤੀ ਹੈ।
ਛੋਟੀਆਂ ਜਮਾਤਾਂ ਵਿੱਚ ਕਈ ਵਾਰੀ ਬੱਚਿਆਂ ਨੂੰ ਉਪਦੇਸ਼ ਦੇਣ ਲਈ ਜਨਵਰਾਂ,
ਪੰਛੀਆਂ ਦੀਆਂ ਕਹਾਣੀਆਂ ਬਣਾ ਬਣਾ ਕਿ ਦੱਸਣੀਆਂ ਪੈਂਦੀਆਂ ਤਾਂ ਕਿ ਬੱਚੇ ਕੁੱਝ ਚੰਗੀ ਸੇਧ ਲੈ ਸਕਣ।
ਦੋ ਮਿੱਤਰ ਤੇ ਇੱਕ ਰਿੱਛ ਦੀ ਕਹਾਣੀ ਵੀ ਏਸੇ ਪ੍ਰਥਾਏ ਹੀ ਆਉਂਦੀ ਹੈ। “ਕਹਿੰਦੇ ਨੇ ਦੋ ਮਿੱਤਰਾਂ
ਦੀ ਆਪਸ ਵਿੱਚ ਬਹੁਤ ਸਾਂਝ ਸੀ ਇੱਕ ਦਿਨ ਜੰਗਲ ਵਿੱਚ ਵਿਚਰਦਿਆਂ ਸਾਹਮਣੇ ਰਿੱਛ ਆ ਗਿਆ, ਇੱਕ ਦੋਸਤ
ਭੱਜ ਕਿ ਦਰੱਖਤ `ਤੇ ਚੜ੍ਹ ਗਿਆ ਤੇ ਦੂਸਰਾ ਵਿਚਾਰਾ ਡਰਦਾ ਮਾਰਾ ਜ਼ਮੀਨ `ਤੇ ਲੰਬਾ ਪੈ ਗਿਆ। ਰਿੱਛ
ਆਇਆ ਲੰਬੇ ਪਏ ਆਦਮੀ ਨੂੰ ਸੁੰਘ ਕੇ ਚਲਾ ਗਿਆ ਕਿ ਮਰੇ ਆਦਮੀ ਨੂੰ ਹੋਰ ਕੀ ਮਾਰਨਾ ਹੈ। ਦਰੱਖਤ ਦੇ
ਉੱਪਰ ਬੈਠਾ ਮਿੱਤਰ ਵੀ ਥੱਲੇ ਆ ਗਿਆ ਤੇ ਲੰਬੇ ਪਏ ਮਿੱਤਰ ਨੂੰ ਪੁੱਛਣ ਲੱਗਾ, ਕਿ, “ਭਰਾਵਾ ਤੈਨੂੰ
ਕੰਨ ਦੇ ਵਿੱਚ ਰਿੱਛ ਕੀ ਕਹਿ ਕੇ ਗਿਆ ਹੈ” ਤਾਂ ਅੱਗੋਂ ਲੰਬੇ ਪਏ ਆਦਮੀ ਨੇ ਉੱਤਰ ਦਿੱਤਾ ਕਿ ਰਿੱਛ
ਬੜੇ ਪਤੇ ਦੀ ਗੱਲ ਦੱਸ ਕਿ ਗਿਆ ਹੈ, ਕਹਿੰਦਾ ਸੀ, “ਉਸ ਮਿੱਤਰ `ਤੇ ਕਦੇ ਵੀ ਭਰੋਸਾ ਨਾ ਕਰੋ ਜੋ
ਲੋੜ ਪੈਣ `ਤੇ ਤੁਹਾਡੇ ਕੰਮ ਨਾ ਆ ਸਕੇ”। ਗੱਲਾਂ ਨਾਲ ਤੇ ਸਾਡੇ ਮਿੱਤਰ ਬਹੁਤ ਹਨ ਪਰ ਅਸਲੀ ਮਿੱਤਰ
ਉਹ ਹੀ ਹੈ ਜੋ ਲੋੜ ਪੈਣ `ਤੇ ਸਾਡੇ ਕੰਮ ਆ ਸਕੇ। ਫ਼ਰੀਦ ਜੀ ਨੇ ਕੈਸਾ ਸੁੰਦਰ ਲਿਖਿਆ ਹੈ:----
ਫ਼ਰੀਦਾ ਗਲੀ ਸੁ ਸਜਣ ਵੀਹ ਇੱਕ ਢੂੰਢੇਦੀ ਨ ਲਹਾਂ॥ ਪੰਨਾ ੧੩੮੨॥
ਲੋੜ ਪੈਣ `ਤੇ ਸਾਡੇ ਸਿਰਫ ਰੱਬੀ ਗੁਣ ਹੀ ਕੰਮ ਆਉਂਦੇ ਹਨ। ਇਹਨਾਂ ਨਾਲ
ਆਪਣਾ ਚਿੱਤ ਲਗਾਉਣ ਦੀ ਗੁਰੂ ਸਾਹਿਬ ਜੀ ਸਾਨੂੰ ਸਲਾਹ ਦੇ ਰਹੇ ਹਨ। ਰੱਬ ਜੀ ਦੇ ਦੋ ਗੁਣਾਂ ਪਿਆਰ
ਤੇ ਮਿਠਾਸ ਨਾਲ ਹੀ ਅਸੀਂ ਆਪਣੀ ਜ਼ਿੰਦਗੀ ਵਿੱਚ ਅਭਿਆਸ ਕਰਨ ਲੱਗ ਪਈਏ ਤਾਂ ਇਹ ਅਜੇਹੇ ਪਿਆਰੇ ਗੁਣ
ਹਨ ਜੋ ਹਰ ਵੇਲੇ ਸਾਡੀ ਸਹਾਇਤਾ ਕਰਦੇ ਰਹਿੰਦੇ ਹਨ। ਬੰਦਾ ਦੋਹਰੇ ਤਲ਼ `ਤੇ ਜ਼ਿੰਦਗੀ ਜੀਉ ਰਿਹਾ ਹੈ
ਇਸ ਦੇ ਅੰਦਰ ਆਤਮੇ ਕੁੱਝ ਹੋਰ ਹੈ ਤੇ ਬਾਹਰਲੇ ਤਲ਼ `ਤੇ ਕੁੱਝ ਹੋਰ ਹੈ। ਏਸੇ ਲਈ ਇਸ ਸ਼ਬਦ ਵਿੱਚ ਇੱਕ
ਸ਼ਰਤ ਰੱਖੀ ਗਈ ਹੈ ਹੇ ਬੰਦੇ! ਤੇਰਾ ਚਿੱਤ ਰੱਬੀ ਗੁਣਾਂ (ਮਿੱਤਰਾਂ) ਨਾਲ ਜੁੜਿਆ ਰਹੇ ਫਿਰ ਕਦੇ ਵੀ
ਤੇਰੇ ਜੀਵਨ ਵਿੱਚ ਦੁਖਾਂ ਰੂਪੀ ਰਾਤ ਨਹੀਂ ਆ ਸਕਦੀ।
“ਪ੍ਰਭ ਸਿਉ ਲਾਗਿ ਰਹਿਓ ਮੇਰਾ ਚੀਤੁ”॥
ਆਦਿ ਅੰਤਿ ਪ੍ਰਭੁ ਸਦਾ ਸਹਾਈ ਧੰਨੁ ਹਮਾਰਾ ਮੀਤੁ”॥
ਪੁਜਾਰੀ ਨੇ ਮਨੁੱਖ ਦੇ ਦਿਮਾਗ ਵਿੱਚ ਇੱਕ ਗੱਲ ਬੈਠਾ ਦਿੱਤੀ ਹੈ ਕਿ ਰੱਬ ਜੀ
ਨੂੰ ਖ਼ੁਸ਼ ਰੱਖ ਨਹੀਂ ਤਾਂ ਤੇਰੇ `ਤੇ ਹਮੇਸ਼ਾਂ ਸਾੜ੍ਹ ਸਤੀ ਬਣੀ ਹੀ ਰਹੇਗੀ। ਐ ਬੰਦੇ! “ਤੇਰੇ
ਦੁੱਖਾਂ ਦਾ ਮੂਲ ਕਾਰਨ ਰੱਬ ਜੀ ਦੀ ਨਿਰਾਜ਼ਗੀ ਹੈ” ਪਰ ਪਰਮਾਤਮਾ ਦਾ ਮੁੱਢ ਕਦੀਮ ਦਾ ਸਿਧਾਂਤ ਹੈ ਕਿ
ਉਹ ਕਿਸੇ ਨੂੰ ਵੀ ਦੁਖ ਦੇਂਦੇ ਹੀ ਨਹੀਂ ਹਨ। ਦੁਖ ਆਉਂਦੇ ਹੀ ਤਾਂ ਹਨ ਜਦੋਂ ਅਸੀਂ ਉਸ ਦੀ
ਨਿਯਮਾਵਲੀ ਨੂੰ ਤੋੜਦੇ ਹਾਂ। ਸ਼ਬਦ ਦੇ ਪਹਿਲੇ ਬੰਦ ਵਿੱਚ ਵਿਸਥਾਰ ਹੈ –
‘ਅਉਖੀ ਘੜੀ ਨ ਦੇਖਣ ਦੇਈ ਆਪਨਾ ਬਿਰਦੁ
ਸਮਾਲੇ॥ ਹਾਥ ਦੇਇ ਰਾਖੈ ਅਪਨੇ ਕਉ ਸਾਸਿ ਸਾਸਿ ਪ੍ਰਤਿਪਾਲੇ’॥
ਵਿਚਾਰ ਦੀ ਘਾਟ ਕਰਕੇ ਆਮ ਇਹ ਹੀ ਸੁਣਿਆ ਜਾਂਦਾ ਹੈ ਕਿ ਹੇ
ਰੱਬ ਜੀਉ! ਦੁਖ ਹੰਢਾਉਣਾ ਤਾਂ ਇੱਕ ਪਾਸੇ ਰਿਆ ਕਿਰਪਾ ਕਰਕੇ ਸਾਨੂੰ ਕਿਸੇ ਹੋਰ ਦਾ ਵੀ ਔਖਾ ਸਮਾਂ
ਦੇਖਣ ਨਾ ਦਿਆ ਜੇ। ਅਸੀਂ ਹਰ ਵੇਲੇ ਸੁਖਾਂ ਵਿੱਚ ਹੀ ਰਹਿਣਾ ਚਾਹੁੰਦੇ ਹਾਂ। ਪਰਮਾਤਮਾ ਤਾਂ ਕਿਸੇ
ਨੂੰ ਵੀ ਔਖਾ ਸਮਾਂ ਨਹੀਂ ਦੇਖਣ ਦੇਂਦਾ ਕਿਉਂਕਿ ਉਸ ਦਾ ਮੁੱਢ ਕਦੀਮ ਦਾ ਸੁਭਾਅ ਹੈ।
‘ਹਾਥਿ ਦੇਇ ਰਾਖੈ ਅਪਨੇ ਕਉ’
–ਜਦੋਂ ਪਰਮਾਤਮਾ ਦਾ ਕੋਈ ਸਰੂਪ ਹੀ ਨਹੀਂ ਹੈ ਤਾਂ ਫਿਰ ਉਸ
ਦਾ ਹੱਥ ਕਿਵੇਂ ਹੋ ਸਕਦਾ ਹੈ, ਤਾਂ ਫਿਰ ਇਸ ਦਾ ਭਾਵ ਅਰਥ ਲਵਾਂਗੇ ਪਰਮਾਤਮਾ ਦਾ ਇਸ਼ਾਰਾ ਜਾਂ ਉਸ ਦੀ
ਬਣਾਈ ਹੋਈ ਸਦੀਵ ਕਾਲ ਨਿਯਮਾਵਲੀ, ਜਿਸ ਵਿੱਚ ਚਲਿਆਂ ਰੱਬ ਜੀ ਦੀ ਰਜ਼ਾ ਮਿੱਠੀ ਲੱਗਣ ਲੱਗ ਪੈਂਦੀ
ਹੈ। ਰੱਬ ਜੀ ਦੇ ਕਨੂਨ ਅਨੁਸਾਰ ਸਾਡੀ ਹਰਿ ਸਵਾਸ ਨਾਲ ਸੰਭਾਲ਼ ਹੋ ਰਹੀ ਹੈ। ਅਸੀਂ ਰੱਬੀ ਨਿਯਮਾਵਲੀ
ਜਾਂ ਉਸਦੇ ਬਣਾਏ ਹੋਏ ਕਨੂਨਾਂ ਨੂੰ ਸਮਝ ਲਿਆ ਹੈ ਤਾਂ ਫਿਰ ਦੁਖਾਂ ਦੀ ਗੁੰਜਾਇਸ ਹੀ ਨਹੀਂ ਰਹਿ
ਜਾਂਦੀ।
ਰੱਬੀ ਗੁਣਾਂ ਜਾਂ ਉਸ ਦੇ ਨਿਯਮਾਂ ਵਿੱਚ ਚੱਲਣ ਵਾਲੇ ਇਨਸਾਨ ਦੇ ਜੀਵਨ
ਵਿਚੋਂ ਦੁਖ ਦੂਰ ਹੋ ਜਾਂਦੇ ਹਨ ਕਿਉਂਕਿ ਉਸ ਨੇ ਰੱਬ ਜੀ ਨੂੰ ਆਪਣਾ ਮਿੱਤਰ ਬਣ ਲਿਆ ਹੁੰਦਾ ਹੈ।
ਮਨੁੱਖ ਨੁੰ ਇਹ ਅਹਿਸਾਸ ਹੋ ਜਾਂਦਾ ਹੈ ਕਿ ਹਰ ਖੁਸ਼ੀ-ਗ਼ਮੀ, ਝੱਖੜ—ਹਨੇਰੀ, ਹੜ੍ਹ—ਤੂਫਾਨ,
ਵਾਧਾ—ਘਾਟਾ ਜਾਂ ਜਨਮ ਮੌਤ ਸਭ ਰੱਬ ਜੀ ਦੀ ਸਦੀਵ ਕਾਲ ਬਣਾਈ ਹੋਈ ਨਿਯਮਾਵਲੀ ਵਿੱਚ ਹੀ ਚੱਲਦੇ ਹਨ।
ਫਿਰ ਅਜੇਹੇ ਰੱਬੀ ਕਰਤਬ ਮਨੁੱਖ ਨੂੰ ਚੰਗੇ ਲੱਗਣ ਲੱਗ ਪੈਂਦੇ ਹਨ। ਸ਼ਬਦ ਦੇ ਤੀਸਰੇ ਬੰਦ ਵਿੱਚ ਸਦਾ
ਬਹਾਰ ਖੁਸ਼ੀ ਦਾ ਜ਼ਿਕਰ ਕੀਤਾ ਹੈ।
“ਮਨਿ ਬਿਲਾਸ ਭਏ ਸਾਹਿਬ ਕੇ ਅਚਰਜ
ਦੇਖਿ ਬਡਾਈ”॥ ਰੱਬ ਜੀ ਨੂੰ ਮਿੱਤਰ ਬਣਾਇਆਂ ਜਾਂ
ਉਸ ਦੀ ਨਿਯਮਾਵਲੀ ਵਿੱਚ ਤੁਰਿਆਂ ਜਾਂ ਰੱਬੀ ਗੁਣਾਂ ਨੂੰ ਧਾਰਨ ਕੀਤਿਆਂ ਮਨ ਵਿੱਚ ਅਜੀਬ ਜੇਹੀ ਖੁਸ਼ੀ
ਆਉਂਦੀ ਹੈ। ਇਹ ਪਰਪੱਕ ਹੋ ਜਾਂਦਾ ਹੈ ਜਨਮ ਜਾਂ ਮੌਤ ਹਨੇਰੀ ਜਾਂ ਮੀਂਹ ਇਹ ਸਭ ਕੁੱਝ ਉਸ ਰੱਬੀ
ਨਿਯਮਾਵਲੀ ਅਧੀਨ ਹੀ ਚੱਲ ਰਹੇ ਹਨ ਤੇ ਹੁਕਮ ਵਿੱਚ ਚੱਲਣ ਵਾਲੇ ਮਨੁੱਖ ਨੂੰ ਇਹ ਸਾਰਾ ਕੁੱਝ ਦੇਖ ਕੇ
ਖੁਸ਼ੀ ਹੁੰਦੀ ਹੈ। ਤੱਤੀ ਤਵੀ, ਉਬਲ਼ਦੀ ਹੋਈ ਦੇਗ, ਸਾਹਮਣੇ ਚੱਲ ਰਿਹਾ ਆਰਾ ਦੁਖ ਨਹੀਂ ਸਗੋਂ ਰੱਬੀ
ਕੌਤਕਾਂ ਵਿੱਚ ਭਿੱਜਿਆ ਹੋਇਆ ਹੀ ਦਿੱਸਦਾ ਹੈ। ਸੱਚ ਦੇ ਮਾਰਗ ਤੇ ਚੱਲਿਆਂ ਇਹ ਰੁਕਾਵਟਾਂ ਆਉਂਦੀਆਂ
ਹੀ ਹਨ। ਸਧਾਰਨ ਮਨੁੱਖ ਇਸ ਨੂੰ ਦੁੱਖ ਸਮਝਦਾ ਹੈ ਪਰ ਰੱਬ ਜੀ ਨੂੰ ਮਿੱਤਰ ਬਣਾਉਣ ਵਾਲਾ ਉਸ ਦੇ
ਰੱਬੀ ਕੌਤਕ ਸਮਝਦਾ ਹੈ। ਪਰਮਾਤਮਾ ਨੂੰ ਜੋ ਭਾਅ ਜਾਂਦੇ ਹਨ ਉਹਨਾ ਦੇ ਮਨ ਵਿੱਚ ਹਰ ਵੇਲੇ ਹੁਲਾਸ
ਬਣਿਆ ਰਹਿੰਦਾ ਹੈ।
ਸ਼ਬਦ ਦੀ ਅਖ਼ਰੀਲੀ ਤੁਕ ਵਿੱਚ
“ਹਰਿ ਸਿਮਰਿ ਸਿਮਰਿ ਆਨਦ ਕਰਿ ਨਾਨਕ
ਪ੍ਰਭਿ ਪੂਰਨ ਪੈਜ ਰਖਾਈ” ਹਰਿ ਨੂੰ ਸਿਮਰਨ ਲਈ
ਕਿਹਾ ਗਿਆ ਹੈ, ਸਿਮਰਨ ਦਾ ਅਰਥ ਇਹ ਨਹੀਂ ਹੈ ਕਿ ਦੋ-ਚਾਰ ਅੱਖ਼ਰਾਂ ਨੂੰ ਮਿਲਾ ਕੇ ਬਾਰ ਬਾਰ ਬੋਲਿਆ
ਜਾਏ ਤੇ ਸਿਮਰਨ ਹੋ ਗਿਆ। ਸਿਮਰਨ ਦਾ ਅਰਥ ਹੈ ਜੀਵਨ ਕਾਲ ਵਿੱਚ ਸ਼ੁਭ ਗੁਣਾਂ ਵਾਲੇ ਮਿੱਤਰ ਨਾਲ ਇੱਕ
ਲੰਬਾ ਅਭਿਆਸ। ਸਿੱਖੀ ਵਿੱਚ ਅੱਜ ਜ਼ਬਾਨ ਨਾਲ ਸਿਮਰਨ ਬਹੁਤ ਜ਼ਿਆਦਾ ਹੋ ਰਿਹਾ ਹੈ ਪਰ ਚਿੱਤ ਵਿੱਚ
ਨਹੀਂ ਹੈ ਜਿਸ ਦਿਨ ਸਿੱਖ ਦੇ ਚਿੱਤ ਵਿੱਚ ਵਾਹਿਗੁਰੂ ਜੀ ਦਾ ਨਾਂ ਆ ਗਿਆ ਉਸ ਦਿਨ ਇਸ ਦੀਆਂ
ਚਿੰਤਾਵਾਂ, ਵੈਰ ਭਾਵਨਾ ਦੀਆਂ ਦੂਰੀਆਂ ਝਗੜੇ ਕਲੇਸ਼ ਖ਼ਤਮ ਹੋ ਜਾਣਗੇ। ‘ਆਨਦ ਕਰਿ ਨਾਨਕ’ ਦੇ ਅਦਰਸ਼
ਦਾ ਪ੍ਰਗਟਾਵਾ ਹੁੰਦਾ ਹੈ। ‘ਹਰਿ ਸਿਮਰਿ ਸਿਮਰਿ’ ਮਿੱਤਰ ਨਾਲ ਚਿੱਤ ਲਾ ਕੇ ਰੱਖਣਾ, ਭਾਵ ਸ਼ੁਭ
ਗੁਣਾਂ ਵਿੱਚ ਹਰ ਵੇਲੇ ਵਿਚਰਨ ਦੇ ਯਤਨ ਵਿੱਚ ਰਹਿਣਾ। ‘ਪ੍ਰਭਿ ਪੂਰਨ ਪੈਜ ਰਖਾਈ’ ਜ਼ਿੰਦਗੀ
ਜਿਉਣ ਦੀ ਜਾਚ ਆ ਗਈ, ਭਾਈ ਚਾਰੇ ਦੀਆਂ ਕਦਰਾਂ ਕੀਮਤਾਂ ਉਜਾਗਰ ਹੁੰਦੀਆਂ ਹਨ। ਚੰਗੇ ਸਮਾਜ ਦੀਆਂ
ਪਰਤਾਂ ਬਣਦੀਆਂ ਹਨ।
ਇਸ ਸ਼ਬਦ ਵਿੱਚ ਪਰਮਾਤਮਾ ਨੂੰ ਹੁਕਮ ਨਹੀਂ ਕੀਤਾ ਗਿਆ, ਕਿ, ਹੇ ਪਰਮਾਤਮਾ
ਜੀਉ! ਸਾਨੂੰ ਕਦੇ ਵੀ ਦੁੱਖ ਦੇਖਣ ਨਾ ਦਿਆ ਜੇ, ਇਸ ਵਿੱਚ ਤਾਂ ਸਗੋਂ ਇਹ ਕਿਹਾ ਗਿਆ ਹੈ ਕਿ ਜੇ
ਅਸੀਂ ਰੱਬ ਜੀ ਨੂੰ ਪੱਕੇ ਤੌਰ ਤੇ ਆਪਣੇ ਮਿੱਤਰ ਬਣ ਲਈਏ ਤਾਂ ਉਹ ਸਾਨੂੰ ਕਦੇ ਵੀ ਦੁੱਖ ਦੇਖਣ ਨਹੀਂ
ਦੇਂਦੇ। ਰੱਬ ਜੀ ਨੂੰ ਮਿੱਤਰ ਬਣਾਉਣ ਦਾ ਅਰਥ ਹੈ ਸ਼ੁਭ ਗੁਣਾਂ ਦਾ ਆਭਿਆਸ ਕਰਨਾ, ਰੱਬੀ ਨਿਯਮਾਵਲੀ
ਨੂੰ ਆਪਣੀ ਜ਼ਿੰਦਗੀ ਦਾ ਅੰਗ ਬਣਾਉਣਾ।
ਜੇ ਭਰਜਾਈ ਨਨਾਣ ਨੂੰ ਤੇ ਨਾਨਣ ਭਰਜਾਈ ਨੂੰ, ਜੇ ਸੱਸ ਨੂੰਹ ਨੂੰ ਤੇ ਨੂੰਹ
ਸੱਸ ਨੂੰ, ਜੇ ਪਿਤਾ ਪੁੱਤਰ ਨੂੰ ਪੁੱਤਰ ਪਿਤਾ ਨੂੰ, ਜੇ ਭਰਾ, ਭਰਾ ਨੂੰ, ਇੱਕ ਗੁਰਸਿੱਖ ਦੂਜੇ
ਗੁਰਸਿੱਖ ਨੂੰ, ਜੇ ਇੱਕ ਅਧਿਆਪਕ ਸ਼ਗਿਰਦ ਨੂੰ ਤੇ ਸ਼ਗਿਰਦ ਆਪਣੇ ਮਪਿਆ ਵਰਗੇ ਅਧਿਆਪਕ ਨੂੰ, ਜੇ
ਡਾਕਟਰ ਮਰੀਜ਼ ਨੂੰ ਤੇ ਮਰੀਜ਼ ਡਾਕਟਰ ਨੂੰ, ਜੇ ਹਰ ਸਰਕਾਰੀ ਮੁਲਾਜ਼ਮ ਆਮ ਜੰਤਾਂ ਨੂੰ ਤੇ ਆਮ ਜੰਤਾ
ਸਰਕਾਰੀ ਕਰੰਦੇ ਨੂੰ ਮਨ ਜਾਂ ਚਿੱਤ ਕਰਕੇ ਮਿੱਤਰ ਬਣਾ ਲਇਆ ਜਾਏ ਤਾਂ ਫਿਰ ਦੁੱਖ ਸਾਡੇ ਜੀਵਨ ਵਿਚੋਂ
ਨਿਕਲ ਜਾਣਗੇ ਤੇ ‘ਆਨਦ ਕਰਿ’ ਬਸੰਤ ਰੱਤ ਵਾਂਗ ਖਿੜਿਆ ਹੋਇਆ ਹੀ ਦਿਸੇਗਾ। ਮਿੱਤਰਤਾ ਦੇ ਗੁਣਾਂ ਦਾ
ਅਭਿਆਸ ਕੀਤਿਆ ਜੋ ਸਿਮਰਨ ਦੇ ਵਜੂਦ ਵਿੱਚ ਆਇਆ ਹੈ, ਔਖਾ ਸਮਾਂ ਆਉਂਦਾ ਨਹੀਂ ਹੈ।
ਕਿਸੇ ਕਵੀ ਨੇ ਖਿੜੀ ਹੋਈ ਕਲੀ ਨੂੰ ਪੁੱਛਿਆ ਕਿ ਐ ਕਲੀਏ! ਤੇਰੇ ਵਿੱਚ ਰੂਪ,
ਰੰਗ ਤੇ ਸੁਗੰਧੀ ਹੈ ਪਰ ਫਿਰ ਵੀ ਭੋਰਾ ਤੇਰੇ ਪਾਸ ਨਹੀਂ ਬੈਠਦਾ।
ਕਲੀਏ! ਤੁਝ ਮੈਂ ਤੀਨ ਗੁਣ ਰੂਪ ਰੰਗ ਅਰ ਬਾਸ।
ਜਿਹ ਔਗੁਣ ਤੁਝ ਵਿਖੇ ਜੋ ਭੌਰ ਨਾ ਬੈਠੇ ਪਾਸ।
ਕਲੀ ਉੱਤਰ ਦੇਂਦੀ ਹੈ ਕਿ ਐ ਸਾਜਨ!
ਮੁਝ ਮੈਂ ਤੀਨ ਗੁਣ ਰੂਪ ਰੰਗ ਅਰ ਬਾਸ।
ਠੌਰ ਠੌਰ ਕੇ ਮੀਤ ਕੋ ਕੌਣ ਬਿਠਾਵੇ ਪਾਸ।
ਭੌਰੇ ਦਾ ਇੱਕ ਚਿੱਤ ਨਹੀਂ ਹੈ ਕਦੇ ਕਿਸੇ ਪਾਸ ਜਾ ਕੇ ਬੈਠਦਾ ਹੈ ਕਦੇ ਕਿਸੇ
ਪਾਸ ਜਾ ਕੇ ਬੈਠਦਾ ਇਸ ਲਈ ਕਲੀ ਨੇ ਭੋਰੇ ਨੂੰ ਆਪਣਾ ਮਿੱਤਰ ਨਹੀਂ ਬਣਾਇਆ।