ਕਉਣ ਮਾਸ ਕਉਣ ਸਾਗ ਕਹਾਵੈ?
(ਕਿਸ਼ਤ ਨੰ: 19)
ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ
ਮਿਸ਼ਨਰੀ, ਦਿੱਲੀ
ਭਾਈ ਗੁਰਦਾਸ ਜੀ ਅਤੇ ਮਾਸ ਦੇ ਭੋਜਨ-
ਭਾਈ ਸਾਹਿਬ ਭਾਈ ਗੁਰਦਾਸ ਜੀ ਪੰਥ ਦੇ ਮਹਾਨ
ਵਿਦਵਾਨ ਹੋਏ ਹਨ। ਆਪ ਰਿਸ਼ਤੇ ਵਿੱਚ ਪੰਜਵੇਂ ਪਾਤਸ਼ਾਹ ਦੇ ਮਾਮਾ ਲਗਦੇ ਸਨ ਅਤੇ ਗੁਰਮਤਿ ਦੇ ਮਹਾਨ
ਸੋਝੀਵਾਨ-ਗਿਆਤਾ ਵੀ ਸਨ। ਯੋਗ ਜਾਣਕੇ ਚੌਥੇ ਪਾਤਸ਼ਾਹ ਨੇ ਆਪ ਨੂੰ ਗੁਰਮਤਿ-ਪ੍ਰਚਾਰ ਦੀ ਸੇਵਾ ਸੌਂਪੀ
ਸੀ। ਆਪ ਨੇ ਪੰਜਵੇਂ ਅਤੇ ਛੇਵੇਂ ਪਾਤਸ਼ਾਹ ਸਮੇਂ ਬਨਾਰਸ, ਕਾਬੁਲ ਆਦਿ ਤੀਕ ਦੇ ਵੱਡੇ ਵੱਡੇ ਪ੍ਰਚਾਰ
ਦੌਰੇ ਵੀ ਕੀਤੇ। ਪੰਜਵੇਂ ਪਾਤਸ਼ਾਹ ਰਾਹੀਂ ਕਾਬੁਲ `ਚ ਅਰੰਭ ਕੀਤੇ ਗਏ ਘੋੜਿਆਂ ਦੇ ਵਪਾਰ ਦੇ ਵੀ ਆਪ
ਮੋਹਰੀ ਸਨ। ਆਪ ਨੇ ਗੁਰਬਾਣੀ ਵਿਆਖਿਆ `ਤੇ ਆਧਾਰਤ ਅਤੇ ਨਾਲ ਨਾਲ ਅਪਣੇ ਸਮੇਂ ਦੇ ਗੁਰੂ ਸਰੂਪਾਂ ਦੇ
ਜੀਵਨ ਕਾਲ ਨਾਲ ਸੰਬੰਧਤ ੪੦ ਵਾਰਾਂ ਅਤੇ ੫੫੬ ਕਬਿੱਤ ਵੀ ਲਿਖੇ ਹਨ। ਪੰਜਵੇਂ ਪਾਤਸ਼ਾਹ ਦੀ ਸਰਪ੍ਰਸਤੀ
ਹੇਠ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ’ ਦੀ ਸੰਪਾਦਨਾ ਦੀ ਸੇਵਾ ਦਾ ਮਾਣ ਵੀ ਆਪ ਨੂੰ ਹੀ ਪ੍ਰਾਪਤ
ਹੋਇਆ।
ਭਾਈ ਗੁਰਦਾਸ ਜੀ ਬਾਰੇ ਸੰਖੇਪ ਜਾਣਕਾਰੀ ਦੇਣ ਦੀ ਲੋੜ ਇਸ ਲਈ ਪਈ ਕਿਉਂਕਿ
ਮਾਸ ਵਿਰੋਧੀ ਸੱਜਣਾ ਨੇ ਭਾਈ ਸਾਹਿਬ ਦੀਆਂ ਵਾਰਾਂ ਵਿਚੋਂ ਵੀ ਕੁੱਝ ਵਾਰਾਂ ਬਿਨਾ ਘੋਖੇ, ਮਾਸ ਛੱਕਣ
ਵਿਰੁਧ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਪਰੰਤ ਜਦੋਂ ਅਸੀਂ ਉਨ੍ਹਾਂ ਵਾਰਾਂ ਦੀ ਗਹਿਰਾਈ `ਚ ਜਾਂਦੇ
ਹਾਂ ਤਾਂ ਸਮਝਦੇ ਦੇਰ ਨਹੀਂ ਲਗਦੀ ਕਿ ਉਥੇ ਵੀ ਵਾਧੂ ਦੀ ਖਿਚਾਤਾਣੀ ਹੀ ਕੀਤੀ ਗਈ ਹੈ। ਉਥੇ ਵੀ ਇਹੋ
ਜਹੀ ਕੋਈ ਗਲ ਸਾਬਤ ਨਹੀਂ ਹੋਈ। ਦਰਅਸਲ ਭਾਈ ਗੁਰਦਾਸ ਜੀ ਦੀਆਂ ਰਚਨਾਵਾਂ ਦਾ ਇਹ ਉਹ ਸਮਾਂ ਸੀ ਜਦੋਂ
ਮਾਸ ਦਾ ਛੱਕਣਾ ਜਾਂ ਨਾ ਛੱਕਣਾ ਸਿੱਖ ਧਰਮ ਵਿਚ, ਅਜ ਦੀ ਤਰ੍ਹਾਂ ਕੋਈ ਝਗੜਾ ਹੀ ਨਹੀਂ ਸੀ। ਹਰੇਕ
ਦੀ ਅਪਣੀ ਇਛਾ ਤੇ ਸੀ, ਕੋਈ ਛਕੇ ਜਾਂ ਨਾ ਛੱਕੇ। ਇਸ `ਚ ਸ਼ੱਕ ਨਹੀਂ, ਜਦੋਂ ਗੁਰਬਾਣੀ ਨੇ ਮਾਸ ਨੂੰ
ਬਾਕਾਇਦਾ ਭੋਜਨ ਦਸਿਆ ਹੋਇਆ ਹੈ। ਸਪੱਸ਼ਟ ਕੀਤਾ ਹੋਇਆ ਹੈ ਕਿ ਮਾਸ ਛੱਕਣਾ ਜਾਂ ਨਾ ਛੱਕਣਾ ਧਰਮ ਦਾ
ਵਿਸ਼ਾ ਨਹੀਂ ਤਾਂ ਭਾਈ ਸਾਹਿਬ ਨੇ ਇਸ ਨੂੰ ਬਿਨਾ ਕਾਰਣ ਛੇੜਣਾ ਵੀ ਕਿਉਂ ਸੀ।
ਸੱਚਾਈ ਇਹ ਹੈ ਸਿੱਖ ਧਰਮ `ਚ ਮਾਸ ਵਾਲਾ ਮੋਜੂਦਾ ਝਗੜਾ ਕੇਵਲ ਵੀਹਵੀ ਸਦੀ
ਦੇ ਅਰੰਭ ਦੀ ਹੀ ਉਪਕਜ ਹੈ। ਗੁਰੂ ਜਾਮਿਆ ਸਮੇ ਜੇਕਰ ਪੰਥ `ਚ ਇਹ ਵਿਸ਼ਾ ਵੀ ਝਗੜੇ ਵਾਲਾ ਹੁੰਦਾ ਤਾਂ
ਭਾਈ ਗੁਰਦਾਸ ਜੀ ਵਰਗਾ ਗੁਰਮਤਿ ਦਾ ਪ੍ਰਕਾਂਡ ਵਿਦਵਾਨ, ਇਸ ਬਾਰੇ ਜ਼ਰੂਰ ਰੋਸ਼ਨੀ ਪਾਂਦਾ। ਫ਼ਿਰ ਵੀ
ਜਦੋਂ ਵਿਰੋਧੀ ਸੱਜਣਾ ਵਲੋਂ, ਉਨ੍ਹਾਂ ਦੀਆਂ ਕੁੱਝ ਪਉੜੀਆਂ ਦਾ ਮਾਸ ਵਿਰੁਧ ਹੋਣਾ ਦਸਿਆ ਤਾਂ ਜ਼ਰੂਰੀ
ਹੋ ਜਾਂਦਾ ਹੈ ਕਿ ਸੰਗਤਾਂ ਤੀਕ ਸੰਬੰਧਤ ਪਉੜੀਆਂ ਦੇ ਅਰਥ ਸਪੱਸ਼ਟ ਹੋਣ। ਕੁਲ ਮਿਲਾਕੇ ਅਜੇਹੀਆਂ
ਪਉੜੀਆਂ ਦੀ ਗਿਣਤੀ ਪੰਜ ਹੈ ਜੋ ਇਸਤਰ੍ਹਾਂ ਹਨ:
(ੳ) ਕੁਹੈ ਕਸਾਈ ਬੱਕਰੀ—ਵਾਰ ੩੭, ਪਉੜੀ ੨੧
(ਅ) ਚੰਗਾ ਰੁਖੁ ਵਢਾਇ—ਵਾਰ ੧੪, ਪਉੜੀ ੧੫
(ੲ) ਹਸਤਿ ਅਖਾਜੁ ਗੁਮਾਨ ਕਰਿ—ਵਾਰ ੨੩, ਪਉੜੀ ੧੩
(ਸ) ਸੀਂਹੁ ਪਜੂਤੀ ਬਕਰੀ—ਵਾਰ ੨੫, ਪਉੜੀ ੧੭
(ਹ) ਜੇਕਰਿ ਉਧਰੀ ਪੂਤਨਾ—ਵਾਰ ੩੧, ਪਉੜੀ ੯ ਤਾਂਤੇ ਆਓ! ਇੱਕ ਇਕ ਕਰਕੇ
ਇਨ੍ਹਾਂ ਪਉੜੀਆਂ ਦੇ ਅਸਲ ਅਰਥਾਂ ਨੂੰ ਘੋਖੀਏ:
(ੳ) “ਕੁਹੈ ਕਸਾਈ ਬੱਕਰੀ” -
ਵਾਰ ੩੭ ਪਉੜੀ ਨੰ: ੨੦ `ਤੇ ੨੧ ਬਾਰੇ-
ਇਸ ਵਾਰ ਨੰ: ੩੭ ਵਿੱਚ ਕੁਲ ੩੧ ਪਉੜੀਆਂ ਹਨ। ਇਸ ਵਾਰ ਦਾ ਮਜ਼ਮੂਨ ‘ਮਨੁੱਖਾ ਜੀਵਨ ਨੂੰ ਜ਼ਿਦਗੀ ਦੀਆਂ
ਵੱਖ-ਵੱਖ ਹਦਾਂ `ਚ ਦਰਸਾਇਆ ਗਿਆ ਹੈ। ਪਉੜੀ ਨੰ: ਛੇ ‘ਜੰਮਦੋ ਮਾਇਆ ਮੋਹਿਆ ਨਦਰਿ ਨ ਆਵੈ
ਰਖਣਹਾਰਾ’ ਅਨੁਸਾਰ, ਇਸ ਤੋਂ ਬਾਲਪਣ ਦਾ ਵਿਸ਼ਾ ਅਰੰਭ ਹੁੰਦਾ ਹੈ ਕਿ ਕਿਵੇਂ ਮਨੁੱਖ ਅਰੰਭ ਤੋਂ
ਹੀ ਅਪਣੇ ਪੈਦਾ ਕਰਣ ਵਾਲੇ ਨੂੰ ਵਿਸਾਰ ਦੇਂਦਾ ਹੈ। ਉਪਰੰਤ ਪਉੜੀ ਨੰ: ੧੪ ਤੋਂ ੨੮ ਤੱਕ,
ਮਨੁੱਖ ਦੇ ਜੁਆਨੀ ਦੇ ਨਸ਼ੇ ਦੀ ਗਲ ਹੈ। ੧੪ ਤੋਂ ੨੮ ਵਾਲੀ ਇਸੇ ਲੜੀ ਵਿਚੋਂ ਹੀ ਹਨ ਪਉੜੀ ੨੦-੨੧।
ਇਨ੍ਹਾਂ ਦੋ ਪਉੜੀਆਂ `ਚ ਮਨੁੱਖ ਦੇ ਚਸਕਿਆਂ ਦੀ ਗਲ ਕੀਤੀ ਹੈ। ਪਉੜੀ ਨੰ: ੨੦ `ਚ ਬੱਕਰੀ ਤੇ ਸੱਪ
ਦੀ ਮਿਸਾਲ ਦੇਕੇ ਸਮਝਾਇਆ ਹੈ, ਜਿਵੇਂ ਅੱਕ ਵਾਲੇ ਜ਼ਹਰੀਲੇ ਦੁੱਧ ਨਾਲ ਸੱਪ ਦੇ ਜ਼ਹਿਰ ਦਾ ਅਸਰ ਕਟਿਆ
ਜਾਂਦਾ ਹੈ। ਉਸੇ ਜ਼ਹਰੀਲੇ ਦੁੱਧ ਵਾਲੇ ਅੱਕ ਨੂੰ ਖਾਕੇ ਬੱਕਰੀ ਤਾਂ ‘ਅੰਮ੍ਰਿਤ ਦੁੱਧ’ ਦੇਂਦੀ ਹੈ,
ਜਿਹੜਾ ਕਿ ਬਚਿਆਂ ਲਈ ‘ਅੰਮ੍ਰਿਤ’ ਹੁੰਦਾ ਹੈ। ਇਸਦੇ ਉਲਟ ਬਕਰੀ ਦੇ ਉਸੇ ‘ਦੁੱਧ’ ਨੂੰ ਪੀ ਕੇ ਸੱਪ
ਜ਼ਹਿਰ ਉਗਲਦਾ ਹੈ। ਇਸ ਤਰ੍ਹਾਂ ਇਸ ਪਉੜੀ ਚ ਗੁਰਮੁਖ ਅਤੇ ਮਨਮੁਖ ਦੇ ਜੀਵਨ ਦਾ ਫ਼ਰਕ ਦਸਿਆ ਹੈ।
ਗੁਰਮੁਖ ਤੇ ਮਨਮੁਖ ਦੇ ਜੀਵਨ ਵਾਲਾ ਇਹੀ ਮਜ਼ਮੂਨ ਅਗੇ ਪਉੜੀ ਨੰ ੨੧ `ਚ ਚਲ
ਰਿਹਾ ਹੈ, ਇਥੇ ਮਿਸਾਲ ਬਕਰੀ ਦੇ ਮਾਸ ਨਾਲ ਦਿੱਤੀ ਹੈ। ਇੱਕ ਪਾਸੇ ਬਕਰੀ ਤਾਂ ਅੱਕ ਖਾਕੇ ਵੀ ਅਪਣੇ
ਮਾਸ ਤੋਂ ਸੁਆਦਲੇ ਭੋਜਨ ਦੇਂਦੀ ਹੈ। ਭਾਈ ਗੁਰਦਾਸ ਜੀ ਦਸਦੇ ਹਨ ਕਿ ਬਕਰੀ ਦੇ ਪਰੋਪਕਾਰੀ ਜੀਵਨ ਦੇ
ਉਲਟ, ਮਨਮੁੱਖ ਉਸੇ ਮਾਸ ਦੇ ਸੁਆਦਲੇ ਭੋਜਨ ਖਾਕੇ ਵੀ ਪਰ-ਇਸਤ੍ਰੀ ਗਮਣ ਆਦਿ ਜੀਵਨ ਦੇ ਚਸਕਿਆਂ ਕਾਰਣ
ਅਪਣੇ ਜੀਵਨ ਨੂੰ ਗੰਦਾ ਕਰ ਲੈਂਦਾ ਹੈ। ਫ਼ੁਰਮਾਂਦੇ ਹਨ ਮਨਮੁਖ ਦੀ ਹਾਲਤ ਦੋ-ਮੂਹੇਂ ਸੱਪ ਤੋਂ ਵੀ
ਮਾੜੀ ਹੈ। ਦੋ-ਮੂਹੇਂ ਸੱਪ ਦਾ ਜ਼ਹਿਰ ਤਾਂ ਫ਼ਿਰ ਵੀ ਨਿਕਲ ਸਕਦਾ ਹੈ ਪਰ ਮਨਮੁਖ ‘ਵੇਖਿ ਨ ਚਲੈ
ਅਗੈ ਟੋਆ’ ਦੀ ਨਿਆਂਈਂ ਅਪਣੀ ਜ਼ਿੰਦਗੀ ਦੀਆਂ ਗਿਰਾਵਟਾਂ ਨੂੰ ਵੀ ਨਹੀਂ ਪਛਾਣਦਾ ਅਤੇ ਤਬਾਹੀ ਵਲ
ਵੱਧਦਾ ਜਾਂਦਾ ਹੈ। ਠੀਕ ਉਸੇ ਤਰ੍ਹਾਂ ਜਿਵੇਂ ਗੁਰਬਾਣੀ ਦਾ ਫ਼ੁਰਮਾਣ ਹੈ “ਮਨਮੁਖ ਪਥਰੁ ਸੈਲੁ ਹੈ
ਧ੍ਰਿਗੁ ਜੀਵਣੁ ਫੀਕਾ॥ ਜਲ ਮਹਿ ਕੇਤਾ ਰਾਖੀਐ ਅਭ ਅੰਤਰਿ ਸੂਕਾ”
(ਪੰ: ੪੧੯)।
ਸਪੱਸ਼ਟ ਹੈ ਕਿ ਇਥੇ ਮਾਸ ਦੇ ਭੋਜਣ ਦਾ ਵਿਰੋਧ ਨਹੀਂ, ਪ੍ਰੌੜਤਾ ਹੈ-
ਦੇਖਣ
ਦੀ ਗਲ ਹੈ ਕਿ ਇਥੇ ਵੀ ਮਾਸ ਵਿਰੋਧੀ ਸੱਜਣਾ ਨੇ ਸਾਰੀ ਵਾਰ ਦੇ ਮਜ਼ਮੂਨ ਬਲਕਿ ਪਉੜੀ ਦੇ ਮੂਲ ਆਸ਼ੇ
ਨੂੰ ਇੱਕ ਪਾਸੇ ਕਰ ਦਿਤਾ। ਪਉੜੀ ੨੧ ਵਿਚੋਂ ਕੇਵਲ ਇੱਕ ਪੰਕਤੀ ਜਿਸ ਹੇਠਾਂ ਲਕੀਰ ਦਿਤੀ ਹੈ, ਚੁੱਕ
ਲਈ। ਉਸਦੇ ਅਗੇ ਪਿਛੇ ਕੀ ਵਿਸ਼ਾ ਚਲ ਰਿਹਾ ਹੈ ਇਸ ਨਾਲ ਉਨ੍ਹਾਂ ਦਾ ਸਰੋਕਾਰ ਨਹੀਂ। ਤਾਂਤੇ ਪਉੜੀ
੨੦-੨੧ ਇਸਤਰ੍ਹਾਂ ਹਨ-
“ਥਲਾਂ ਅੰਦਰਿ ਅਕੁ ਉਗਵਨਿ ਵੁਠੇ ਮੀਂਹ ਪਵੈ ਮੁਹਿ ਮੋਆ॥
ਪਤਿ ਟੁਟੈ ਦੁਧੁ ਵਹਿ ਚਲੈ ਪੀਤੈ ਕਾਲਕੂਟੁ ਓਹੁ ਹੋਆ॥
ਅਕਹੁੰ ਫਲ ਹੋਇ ਖਖੜੀ ਨਿਹਫਲੁ ਸੋ ਫਲੁ ਅਕਤਿਡੁ ਭੋਆ॥ .
ਵਿਹੁਂ ਨਸੈ ਅਕ ਦੁਧ ਤੇ ਸਪੁ ਖਾਧਾ ਖਾਇ ਅਕ ਨਰੋਆ॥
ਸੋ ਅਕ ਚਰਿ ਕੈ ਬਕਰੀ ਦੇਇ ਦੁਧੁ ਅੰਮ੍ਰਿਤ ਮੋਹਿ ਚੋਆ॥
ਸਪੈ ਦੁਧੁ ਪਿਆਲੀਐ ਵਿਸੁ ਉਗਾਲੈ ਪਾਸਿ ਖੜੋਆ॥
ਗੁਣ ਕੀਤੈ ਅਵਗੁਣੁ ਕਰਿ ਢੋਆ॥ ੨੦॥” (੩੭/੨੦)
“ਕੁਹੈ ਕਸਾਈ ਬਕਰੀ ਲਾਇ ਲੂਣ ਸੀਖ ਮਾਸੁ ਪਰੋਆ॥
ਹਸਿ ਹਸਿ ਬੋਲੇ ਕੁਹੀਂਦੀ ਖਾਧੇ ਅਕਿ ਹਾਲੁ ਇਹੁ ਹੋਆ॥
ਮਾਸ ਖਾਨਿ ਗਲਿ ਛੁਰੀ ਦੇ ਹਾਲੁ ਤਿਨਾੜਾ ਕਉਣੁ ਅਲੋਆ॥
ਜੀਭੈ ਹੰਦਾ ਫੇੜਿਆ ਖਉ ਦੰਦਾਂ ਮੁਹੁ ਭੰਨਿ ਵਿਗੋਆ॥
ਪਰ ਤਨ, ਪਰ ਧਨ ਨਿੰਦ ਕਰਿ ਹੋਇ ਦੁਜੀਭਾ ਬਿਸੀਅਰੁ ਭੋਆ॥
ਵਸਿ ਆਵੈ ਗੁਰੁਮੰਤ ਸਪੁ ਨਿਗੁਰਾ ਮਨਮੁਖੁ ਸੁਣੈ ਨ ਸੋਆ॥
ਵੇਖਿ ਨ ਚਲੈ ਅਗੈ ਟੋਆ॥ ੨੧॥” (੩੭/੨੧)
“ਜੀਭੈ ਹੰਦਾ ਫੇੜਿਆ …. . ਦੁਜੀਭਾ ਬਿਸੀਅਰੁ ਭੋਆ” -
ਇਸ
ਪਉੜੀ ਨੰ: ੨੧ ਵਿਚੋਂ ਉਪ੍ਰੋਕਤ ਪੰਕਤੀ ਦੇ ਅਰਥ ਵਿਸ਼ੇਸ਼ ਧਿਆਨ ਮੰਗਦੇ ਹਨ। ਬਕਰੀ ਦੇ ਮਾਸ ਤੋਂ ਬਣੇ
ਉਸੇ ਮਹਿੰਗੇ ਤੇ ਸੁਆਦਲੇ ਭੋਜਨ ਨੂੰ ਮਨਮੁਖ ਨੇ ਜੀਭ ਦੇ ਚੱਸਕਿਆਂ ਲਈ ਵਰਤ ਕੇ ਅਪਣੇ ਦੰਦ, ਮੂੰਹ
ਵੀ ਖਰਾਬ ਕੀਤੇ ਅਤੇ ਵਿੱਭਚਾਰ ਵਲ ਵੀ ਟੁਰ ਪਿਆ, ਜਿਵੇਂ ਦੁੱਧ ਪੀ ਕੇ ਵੀ ਦੋ ਮੂਹਾਂ ਸੱਪ ਦੁੱਧ
ਨੂੰ ਜ਼ਹਿਰ ਬਣਾ ਦੇਂਦਾ ਹੈ। ਧਿਆਨ ਰਹੇ ਮਨਮੁਖ ਦੀ ਮਿਸਾਲ ਦੋਮੂਹੇ ਸੱਪ ਨਾਲ ਜੋੜੀ ਜਾ ਰਹੀ ਹੈ।
ਦੋਵੇਂ ਪਾਸੇ ਮਾਸ ਦੇ ਭੋਜਨ ਅਤੇ ਦੁਧ ਵੀ ਦੋਵੇ ਹੀ ਵਧੀਆ ਪਦਾਰਥ ਦਸੇ ਹਨ ਪਰ ਵਰਤੇ ਗਏ ਹਨ ਇੱਕ
ਪਾਸੇ ਮਨਮੁਖ ਰਾਹੀ ਅਤੇ ਦੂਜੇ ਪਾਸੇ ਦੋ-ਮੂਹੇ ਸੱਪ ਰਾਹੀ। ਇਸਤਰ੍ਹਾਂ ਕਰਤਾਰ ਦੇ ਬਖਸ਼ੇ ਵਧੀਆ
ਪਦਾਰਥ ਤੇ ਦਾਤਾਂ ਵੀ ਮਨਮੁਖ ਨੂੰ ਗੁਰਮੁਖ ਨਾ ਬਣਾ ਸਕੀਆਂ ਅਤੇ ਉਸਨੇ ਦਾਤਾਂ ਦੀ ਵੀ ਕੁਵਰਤੋਂ ਹੀ
ਕੀਤੀ।
ਇਸੇਤਰ੍ਹਾਂ ਇਨ੍ਹਾਂ ੩੧ ਪਉੜੀਆਂ ਵਿੱਚ ‘ਮਨੁੱਖਾ ਜੀਵਨ ਨੂੰ ਜੀਵਨ ਦੀਆਂ
ਵੱਖ-ਵੱਖ ਹਦਾਂ `ਚ ਦਰਸਾਇਆ ਹੈ। ਧਿਆਨ ਦੇਣ ਤੇ ਇਥੇ ਬਕਰੀ ਦੇ ਪਰੋਪਕਾਰੀ ਜੀਵਨ ਅਤੇ ਉਸਦੇ ਮਾਸ
ਤੋਂ ਬਣੇ ਭੋਜਨ ਨੂੰ ਵਧੀਆ ਭੋਜਨ ਦਰਸਾਇਆ ਹੈ, ਉਨ੍ਹਾਂ ਦਾ ਵਿਰੋਧ ਨਹੀਂ ਕੀਤਾ। ਬਲਕਿ ਇਥੇ ਬਕਰੀ
ਦੇ ਮਾਸ ਅਤੇ ਦੁਧ ਨੂੰ ਦਾਤਾਂ ਦਸ ਕੇ ਦੋਨਾਂ ਨੂੰ ਉਤਮ ਪਦਾਰਥਾਂ ਦੇ ਤੌਰ ਤੇ ਕਹਿਕੇ ਬਰਾਬਰੀ ਤੇ
ਰਖਿਆ ਹੈ। ਉਂਝ ਵੀ ਇਥੇ ਅਸਲ ਵਿਸ਼ਾ ਤਾਂ ਹੈ ਹੀ ਮਨਮੁਖ ਦੇ ਜੀਵਨ ਦਾ, ਮਾਸ ਦਾ ਨਹੀਂ।
(ਅ) “ਚੰਗਾ ਰੁਖੁ ਵਢਾਇ”
- ਹੁਣ ਲੈਂਦੇ ਹਾਂ ਵਾਰ ੧੪ ਦੀ ਪਉੜੀ ਨੰ ੧੫ ਜੋ
ਇਸਤਰ੍ਹਾਂ ਹੈ:
“
ਚੰਗਾ ਰੁਕ ਵਢਾਇ
ਰਬਾਬ ਘੜਾਇਆ॥
ਛੇਲੀ ਹੋਇ ਕੁਹਾਇ ਮਾਸ ਵੰਡਾਇਆ॥
ਆਂਦ੍ਰਹੁ ਤਾਰ ਬਣਾਇ ਚੰਮ ਮੜਾਇਆ॥
ਸਾਧ ਸੰਗਤਿ ਵਿੱਚ ਆਇ ਨਾਦ ਵਜਾਇਆ॥
ਰਾਗ ਰੰਗ ਉਪਜਾਇ ਸ਼ਬਦ ਸੁਣਾਇਆ॥
ਸਤਿਗੁਰ ਪੁਰਖ ਧਿਆਇ ਸਹਜ ਸਮਾਇਆ॥ ੧੫॥
(ਭਾ: ਗੁ: ੧੪/੧੫)
ਅਰਥ ਹਨ
“ਚੰਗੀ
ਪੱਕੀ ਲਕੜ ਵਾਲਾ ਰੁਖ ਕਟਵਾ ਕੇ ਰਬਾਬ ਘੜਵਾਇਆ। ਛੋਟੇ ਜੇਹੇ ਪਠੋਰੇ (ਬਕਰੀ ਦਾ ਜੁਆਨ ਹੋ ਰਿਹਾ
ਬੱਚਾ) ਦਾ ਮਾਸ ਕੁਹਾ ਕੇ (ਮਰਵਾ ਕੇ) ਵੰਡਵਾ ਦਿਤਾ। ਉਸਦੀਆਂ ਬਾਰੀਕ ਆਂਦਰਾਂ ਦੀਆਂ ਤਾਰਾਂ (ਤੰਦੀ)
ਬਣਵਾਈ ਅਤੇ ਉਸਦੀ ਚੱਮੜੀ ਨੂੰ (ਰਬਾਬ ਤੇ) ਕੜ੍ਹਵਾ ਦਿਤਾ। ਉਪਰੰਤ (ਉਸ ਰਬਾਬ ਨੂੰ) ਸਾਧ ਸੰਗਤ `ਚ
ਲਿਆ ਕੇ ਵਜਾਇਆ ਅਤੇ ਬੜੇ ਰਾਗ ਰੰਗ ਪੈਦਾ ਕਰਕੇ (ਗੁਰੂ ਕੀਆਂ ਸੰਗਤਾਂ ਨੂੰ) ਸ਼ਬਦ ਸੁਣਾਇਆ। ਇਸ
ਤਰ੍ਹਾਂ ਉਸ ਪਰੋਪਕਾਰੀ ਬਕਰੇ ਦੀ ਤਰ੍ਹਾਂ ਸਤਿਗੁਰੂ ਜੀ ਦਾ ਸਿਮਰਨ ਭਾਵ ਗੁਰੂ ਦੀ ਸਿਖਿਆ ਨੂੰ ਸੁਆਸ
ਸੁਆਸ ਜੀਵਨ `ਚ ਵਸਾਕੇ ਸਹਿਜ ਦੀ ਉਸ ਅਵਸਥਾ ਨੂੰ ਪ੍ਰਪਤ ਕਰਾਂ ਜਿਹੜੀ:
“
… ਜੇ ਸੁਖੁ ਦੇਹਿ ਤ
ਤੁਝਹਿ ਅਰਾਧੀ ਦੁਖਿ ਭੀ ਤੁਝੈ ਧਿਆਈ॥ ੨ ॥
ਜੇ ਭੁਖ ਦੇਹਿ ਤ ਇਤ ਹੀ ਰਾਜਾ ਦੁਖ ਵਿਚਿ ਸੂਖ ਮਨਾਈ॥
੩ ॥
ਤਨੁ ਮਨੁ ਕਾਟਿ ਕਾਟਿ ਸਭੁ ਅਰਪੀ ਵਿਚਿ ਅਗਨੀ ਆਪੁ ਜਲਾਈ ….” (ਪੰ: ੭੫੭)
ਭਾਵ ਅਜੇਹੀ ਸਹਿਜ ਅਵਸਥਾ ਕੇਵਲ ਕੱਥਾ-ਕੀਰਤਨ
ਸੁਨਣ-ਕਰਣ ਨਾਲ ਪ੍ਰਾਪਤ ਨਹੀਂ ਹੁੰਦੀ ਬਲਕਿ ਬਕਰੇ ਦੀ ਨਿਆਂਈ ਅਪਣਾ ਆਪ ਪੂਰੀ ਤਰ੍ਹਾਂ ਕੁਰਬਾਨ
ਕਰਕੇ ਹੀ ਗੁਰੂ ਦੇ ਸ਼ਬਦ ਨੂੰ ਕਮਾਇਆ ਜਾ ਸਕਦਾ ਹੈ।
ਇਸਤਰ੍ਹਾਂ ਇਥੇ ਵੀ
“ਛੇਲੀ
ਹੋਇ ਕੁਹਾਇ ਮਾਸ ਵੰਡਾਇਆ” ਤੀਕ ਕਹਿਕੇ ਮਾਸ ਦਾ ਭੋਜਨ ਹੋਣਾ ਹੀ ਦਸਿਆ ਹੈ, ਮਾਸ ਦਾ ਵਿਰੋਧ
ਨਹੀਂ ਕੀਤਾ। ਦੂਜਾ ਬਕਰੀ ਦੀ ਕੁਰਬਾਨੀ ਦੀ ਮਿਸਾਲ ਦੇ ਕੇ ਸਮਝਾਇਆ ਕਿ ਗੁਰਸਿੱਖੀ ਦੀ ਕਮਾਈ ਅੱਥਵਾ
ਸਹਿਜ ਅਵਸਥਾ, ਗੁਰੂ ਕੀ ਆਗਿਆ-ਰਜ਼ਾ `ਚ ਚਲਕੇ ਭਾਵ ਗੁਰਸ਼ਬਦ ਤੋਂ ਅਪਣਾ ਆਪ ਕੁਰਬਾਣ ਕੀਤੇ ਬਿਨਾ
ਸੰਭਵ ਨਹੀਂ।
(ੲ) “ਹਸਤਿ ਅਖਾਜੁ ਗੁਮਾਨ ਕਰਿ” -
ਇਸਤੋਂ ਬਾਦ ਲੈਂਦੇ ਹਾਂ ਭਾਈ ਗੁਰਦਾਸ ਜੀ ਦੀ ਮਾਸ ਦੀ ਮਿਸਾਲ ਵਾਲੀ ਵਾਰ ੨੩ ਦੀ ਪਉੜੀ ਨੰ: ੧੩।
ਦਰਅਸਲ ਮਾਸ ਵਿਰੋਧੀ ਸੱਜਣਾ ਨੇ ਇਸ ਪਉੜੀ ਨੂੰ ਮਾਸ ਭੋਜਨ ਦੇ ਵਿਰੁਧ ਲੈਣ ਦਾ ਟੱਪਲਾ ਤਾਂ ਜ਼ਰੂਰ
ਖਾਦਾ ਹੈ ਪਰ ਇਥੇ ਵੀ ਅਜੇਹਾ ਕੋਈ ਵਿਸ਼ਾ ਹੈ ਹੀ ਨਹੀਂ ਸੀ। ਇਹ ਪਉੜੀ ਹੈ
“
ਹਸਤਿ ਅਖਾਜੁ ਗੁਮਾਨ ਕਰਿ
ਸੀਹੁ ਸਤਾਣਾ ਕੋਇ ਨ ਖਾਈ॥
ਹੋਇ ਨਿਮਾਣੀ ਬਕਰੀ ਦੀਨ ਦੁਨੀ ਵਡਿਆਈ ਪਾਈ॥
ਮਰਣੈ ਪਰਣੈ ਮੰਨੀਐ ਜਗਿ ਭੋਗਿ ਪਰਵਾਣੁ ਕਰਾਈ॥
ਮਾਸੁ ਪਵਿਤ੍ਰੁ
ਗ੍ਰਿਹਸਤ ਨੋ ਆਂਦਹੁ ਤਾਰ ਵੀਚਾਰਿ ਵਜਾਈ॥
ਚਮੜੇ ਦੀਆਂ ਕਰਿ ਜੁਤੀਆ ਸਾਧੂ ਚਰਣ ਸਰਣਿ ਲਿਵ ਲਾਈ॥
ਤੂਰ ਪਖਾਵਜ ਮੜੀਦੇ ਕੀਰਤਨੁ ਸਾਧਸੰਗਤਿ ਸੁਖਦਾਈ॥
ਸਾਧਸੰਗਤਿ ਸਤਿਗੁਰ ਸਰਣਾਈ॥ ੧੩॥”
(ਭਾ: ਗੁ: ੨੩/੧੩)
ਅਰਥ ਹਨ
“ਹਾਥੀ
ਦਾ (ਸਰੀਰ ਬਹੁਤ ਵੱਡਾ ਹੁੰਦਾ ਹੈ) ਇਸਦਾ ਉਸ ਨੂੰ ਗੁਮਾਨ ਹੈ, ਇਸੇਤਰ੍ਹਾਂ ਸ਼ੇਰ (ਖੂੰਖਾਰ ਜਾਨਵਰ
ਹੈ) ਅਤੇ ਉਸਨੂੰ ਅਪਣੀ ਤਾਕਤ ਦਾ ਗੁਮਾਨ ਹੈ। ਇਨ੍ਹਾਂ ਕਾਰਣਾ ਕਰਕੇ ਇਨ੍ਹਾਂ ਦਾ ਮਾਸ (ਅਖਾਜ) ਕੋਈ
ਨਹੀਂ ਖਾਂਦਾ।
ਦੂਜੇ ਪਾਸੇ ਬਕਰੀ ਵਿਚਾਰੀ ਨਿਮਾਨੀ ਹੋਕੇ ਚਲਦੀ ਹੈ ਅਤੇ ਸਾਰੇ ਸੰਸਾਰ `ਚ
ਵਡਿਆਈ ਜਾਂਦੀ ਹੈ। ਮਰਣੈ ਪਰਣੈ ਤੇ ਜਗਾਂ ਆਦਿ ਸਮੇਂ ਸਾਰੇ ਸੰਸਾਰ `ਚ ਵਡਿਆਈ ਜਾਂਦੀ ਹੈ। ਗ੍ਰਿਹਸਤ
ਜੀਵਨ `ਚ ਇਸਤੋਂ ਬਣੇ ਭੋਜਨ ਨੂੰ ਪਵਿਤ੍ਰ ਮਨਿਆ ਜਾਂਦਾ ਹੈ। ਇਸਦੀਆਂ (ਆਦਰਾਂ ਤੋਂ ਬਣੀਆਂ) ਤੰਦੀਆਂ
ਤੋਂ ਰਬਾਬ ਆਦਿ ਜੰਤ੍ਰ ਵਜਾਏ ਜਾਂਦੇ ਹਨ। (ਇਸਦੇ) ਚਮੜੇ ਦੀਆਂ ਜੁਤੀਆਂ ਬਣਦੀਆਂ ਹਨ ਤੇ ਇਨ੍ਹਾਂ
ਜੁਤੀਆਂ ਨੂੰ ਪੈਰਾਂ `ਚ ਪਾਕੇ ਭਲੇ ਲੋਕ ਸਾਧਸੰਗਤ `ਚ ਪੁਜ ਕੇ ਅਪਣੀ ਸੁਰਤ ਨੂੰ ਪ੍ਰਭੁ ਨਾਲ ਜੋੜਦੇ
ਹਨ। (ਇਸਦੇ ਚਮੜੇ ਤੋਂ ਹੀ) ਮ੍ਰਿਦੰਗ-ਰਬਾਬ ਆਦਿ ਮੜ੍ਹੇ ਜਾਂਦੇ ਹਨ ਜਿਨ੍ਹਾਂ ਦੀ ਸਾਂਝ ਨਾਲ
ਸਾਧਸੰਗਤ `ਚ ਜੀਵਨ ਨੂੰ ਸੁਖ ਦੇਣ ਵਾਲਾ ਕੀਰਤਨ-ਹਰਿਜਸ ਦਾ ਗਾਇਣ ਹੁੰਦਾ ਹੈ। ਇਸਤਰ੍ਹਾਂ ਸਾਧਸੰਗਤ
`ਚ ਆਉਣਾ ਹੀ ਗੁਰੂ ਦੀ ਸ਼ਰਣ `ਚ ਆਉਣਾ ਬਣ ਆਉਂਦਾ ਹੈ।”
ਇਥੇ ਵੀ ਦੇਖ ਲਵੋ ਵਾਰ ਆਸਾ ਦੇ ਸਲੋਕ
“ਸਿੰਮਲ
ਰੁਖੁ ਸਰਾਇਰਾ ਅਤਿ ਦੀਰਘ ਅਤਿ ਮੁਚੁ॥ ਓਇ ਜਿ ਆਵਹਿ ਆਸ ਕਰਿ ਜਾਹਿ ਨਿਰਾਸੇ ਕਿਤੁ॥ ਫਲ ਫਿਕੇ ਫੁਲ
ਬਕਬਕੇ ਕੰਮਿ ਨ ਆਵਹਿ ਪਤ॥ ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ … ”
ਦੇ ਆਧਾਰ ਤੇ ਹੀ ਭਾਈ ਗੁਰਦਾਸ ਜੀ ਬਕਰੀ ਦੇ ਨਿਮਾਣੇ ਜੀਵਨ
ਨੂੰ ਉਚਿਆ ਕੇ, ਸਿੰਮਲ ਰੁਖ ਦੀ ਤਰ੍ਹਾਂ ਸ਼ੇਰ ਤੇ ਹਾਥੀ ਦੇ ਵੱਡੇ ਤੇ ਖੂੰਖਾਰ ਬਿਰਤੀ ਵਾਲੇ ਹੰਕਾਰੀ
ਜੀਵਨਾ ਨੂੰ ਛੁਟਿਆਇਆ ਹੈ। ਇਥੇ ਗੁਰਸਿੱਖ ਦੇ ਜੀਵਨ ਲਈ ਉਸੇ ਇਲਾਹੀ ਗੁਣ ਦੀ ਗਲ ਕਰ ਰਹੇ ਹਨ ਜਿਹੜੀ
ਉਥੇ ਗੁਰਦੇਵ “ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤ” ਕਹਿਕੇ ਪਕੀ ਕਰ ਰਹੇ ਹਨ।
ਖੂਬੀ ਇਹ ਕਿ ਮਾਸ ਵਿਰੋਧੀ ਸੱਜਣ ਵੀ ਰਬਾਬ, ਢੋਲਕੀ, ਜੋੜੀ ਬਲਕਿ ਚਮੜੈ
ਦੀਆਂ ਜੁਤੀਆਂ ਆਦਿ ਦੀ ਵਰਤੋਂ ਉਸੇਤਰ੍ਹਾਂ ਕਰਦੇ ਹਨ ਜਿਵੇਂ ਦੂਜੇ। ਇਸ ਤਰ੍ਹਾਂ ਬਕਰੇ ਆਦਿ ਦੇ
ਚਮੜੇ ਤੋਂ ਬਣੀਆਂ ਹੋਰ ਅਨੇਕਾਂ ਵਸਤਾਂ ਮਾਸ ਵਿਰੋਧੀ ਸੱਜਣ ਵੀ ਬਰਾਬਰ ਤੇ ਵਰਤਦੇ ਹਨ। ਸੋਚਣ ਦੀ ਗਲ
ਹੈ, ਕਰਤੇ ਦੀ ਰਚਨਾ `ਚ ਜੇ ਇਹ ਢੰਗ ਹੀ ਨਾ ਹੁੰਦੇ ਤਾਂ ਉਹ ਲੋਕ ਵੀ ਇਹ ਸਭ ਦੀ ਵਰਤੋਂ ਕਿਵੇਂ
ਕਰਦੇ? ਖੈਰ! ਇਥੇ ਵੀ ਬਕਰੀ ਦੇ ਲਾਭ ਉਸਦੇ ਮਰਨੋ ਬਾਦ ਦੇ ਹੀ ਦਸੇ ਹਨ, ਪਹਿਲਾਂ ਦੇ ਨਹੀਂ।
(ਸ)
“ਸੀਂਹੁ ਪਜੂਤੀ
ਬਕਰੀ” - ਇਸੇ ਲੜੀ `ਚ ਅਗੇ ਲੈਂਦੇ ਹਾਂ ਭਾਈ
ਗੁਰਦਾਸ ਜੀ ਦੀ ਵਾਰ ੨੫ ਦੀ ਪਉੜੀ ਨੰ ੧੭ ਜੋ ਇਸਤਰ੍ਹਾਂ ਹੈ:
“ਸੀਹ ਪਜੂਤੀ ਬਕਰੀ ਮਰਦੀ ਹੋਈ ਹੜ ਹੜ ਹਸੀ॥
ਸੀਹੁ ਪੁਛੈ ਵਿਸਮਾਦੁ ਹੋਇ ਇਤੁ ਅਉਸਰਿ ਕਿਤੁ ਰਹਸਿ ਰਹਸੀ॥
ਬਿਨਉ ਕਰੇਂਦੀ ਬਕਰੀ ਪੁਤ੍ਰ ਅਸਾਡੇ ਕੀਚਨਿ ਖਸੀ॥
ਅਕ ਧਤੂਰਾ ਖਾਧਿਆਂ ਕੁਹਿ ਕੁਹਿ ਖਲ ਉਖਲਿ ਵਿਣਸੀ॥
ਮਾਸੁ ਖਾਨਿ ਗਲ ਵਢਿ ਕੈ ਹਾਲੁ ਤਿਨਾੜਾ ਕਉਣੁ ਹੋਵਸੀ॥
ਗਰਬੁ ਗਰੀਬੀ ਦੇਹ ਖੇਹ ਖਾਜੁ ਅਖਾਜੁ ਅਕਾਜੁ ਕਰਸੀ॥
ਜਗਿ ਆਇਆ ਸਭ ਕੋਇ ਮਰਸੀ॥ ੧੭॥”
(ਭਾ: ਗੁ: ੨੫/੧੭)
ਇਸ ਪਉੜੀ `ਚ ਭਾਈ ਗੁਰਦਾਸ ਜੀ, ਜ਼ਾਲਮ ਦੀ ਪੱਕੜ `ਚ ਆਏ ਹੋਏ ਇੱਕ ਗੁਰਮੁਖ
ਤੇ ਦੂਜੇ ਪਾਸੇ ਜ਼ਾਲਮ ਦਰਿੰਦੇ ਦੀ ਜੀਵਨ ਰਹਿਣੀ ਦਾ ਮੁਕਾਬਲਾ-ਇਕ ਗੁਰਮੁਖ ਦੇ ਜੀਵਨ ਨਾਲ ਕਰ ਰਹੇ
ਹਨ।
ਮਿਸਾਲ ਅਨੁਸਾਰ ਭਾਈ ਗੁਰਦਾਸ, ਇਥੇ ਜ਼ਾਲਮ ਸ਼ੇਰ ਦੇ ਪੰਜੇ `ਚ ਜੱਕੜੀ ਹੋਈ
ਬਕਰੀ ਦੀ ਮਿਸਾਲ ਦੇ ਕੇ ਜ਼ਾਲਮ ਅਤੇ ਗੁਰਮੁਖ, ਦੋਨਾਂ ਦੇ ਜੀਵਨ ਦਾ ਫ਼ਰਕ ਦਸ ਰਹੇ ਹਨ। ਅੰਤ ਫ਼ੈਸਲਾ
ਦੇਂਦੇ ਹਨ ਕਿ ਪਰੋਪਕਾਰੀ ਬਕਰੀ ਤਾਂ ਮਰ ਕੇ ਵੀ ਦੂਜਿਆਂ ਦਾ ਕੀਮਤੀ ਭੋਜਨ (ਖਾਜ) ਬਣਦੀ ਹੈ ਜਦਕਿ
ਜ਼ਾਲਮ ਭਾਵ ਸ਼ੇਰ ਦੇ ਮੁਰਦਾ ਸਰੀਰ ਦਾ ਮਾਸ ਵੀ (ਅਖਾਜ ਹੀ ਹੁੰਦਾ ਹੈ ਅਤੇ ਉਸਨੂੰ) ਕੋਈ ਨਹੀਂ
ਖਾਂਦਾ। ਇਥੇ ਖਾਸ ਧਿਆਨ ਦੇਣ ਦੀ ਗਲ ਇਹ ਵੀ ਹੈ ਕਿ ਇਥੇ ਕਿਸੇ ਆਮ ਬਕਰੀ ਤੇ ਸ਼ੇਰ ਦਾ ਸੰਵਾਦ ਨਹੀਂ
ਦਸਿਆ ਗਿਆ ਬਲਕਿ ਉਸ ਬਕਰੀ ਤੇ ਸ਼ੇਰ ਦਾ ਸੰਵਾਦ ਹੈ ਜੋ ਬਕਰੀ ਸ਼ੇਰ ਦੇ ਪੰਜੇ `ਚ ਜੱਕੜੀ ਪਈ ਹੈ ਅਤੇ
ਕੁੱਝ ਪਲਾਂ `ਚ ਉਸਦਾ ਸ਼ਿਕਾਰ ਵੀ ਬਣਨ ਵਾਲੀ ਹੈ। ਇਥੇ ਤਾਂ ਜ਼ਾਲਮ ਵਲੋਂ ਤੱਤ ਛਿਣ ਚ ਉਸ ਉਪਰ ਜ਼ੁਲਮ
ਦਾ ਵਾਰ ਹੋ ਜਾਣਾ ਯਕੀਣੀ ਹੈ। ਸੰਬੰਧਤ ਪੰਕਤੀ ਜਿਸ ਤੋਂ ਮਾਸ ਵਿਰੋਧੀ ਸੱਜਣਾ ਨੇ ਟੱਪਲਾ ਖਾਧਾ ਉਹ
ਹੈ “ਮਾਸੁ ਖਾਨਿ ਗਲ ਵਢਿ ਕੈ ਹਾਲੁ ਤਿਨਾੜਾ ਕਉਣੁ ਹੋਵਸੀ”।
ਇਹ ਸਭ ਤਾਂ ਉਸ ਤਰ੍ਹਾਂ ਹੈ ਜਿਵੇਂ ਅਨੇਕਾਂ ਸਿੱਖ ਸ਼ਹੀਦ ਤਾਂ ਪੂਜੇ ਜਾਂਦੇ
ਹਨ ਪਰ ਉਨ੍ਹਾਂ ਉਪਰ ਜ਼ੁਲਮ ਦੀ ਖੇਡ ਕਰਨ ਵਾਲੇ, ਤਾਕਤ ਦੇ ਨਸ਼ੇ `ਚ ਗੜੁੱਚ ਜਹਾਂਗੀਰ, ਔਰੰਗਜ਼ੇਬ,
ਯਾਹਯਾ ਖਾਂ, ਫ਼ਰੁਖਸੀਅਰ, ਮੀਰਮੰਨੂ, ਲਖਪਤ ਵਰਗੇ ਉਸ ਸਮੇਂ ਭੁਲੇ ਹੁੰਦੇ ਹਨ “ਜਗਿ ਆਇਆ ਸਭ ਕੋਇ
ਮਰਸੀ”। ਇਸਦੇ ਉਲਟ ਉਸ ਸਮੇਂ ਜ਼ੁਲਮ ਦੀ ਇੰਤਹਾ ਕਰਦੇ ਹੋਏ ਉਹ ਜ਼ਾਲਮ ਇਹ ਵੀ ਨਹੀ ਚਿਤਵਦੇ ਕਿ
ਕਲ ਨੂੰ ਪੂਜਾ ਕਿਨ੍ਹਾਂ ਮਰਜੀਵੜਿਆਂ ਦੀ ਹੋਣੀ ਹੈ ਅਤੇ ਸਦਾ ਲਈ ਲਾਹਣਤਾਂ ਕਿੰਨਾ ਨੂੰ
ਪੈਣੀਆਂ ਹਨ?
ਦਰਅਸਲ ਭਾਈ ਗੁਰਦਾਸ ਜੀ ਦੀ ਇਸ ਪਉੜੀ `ਚ ਇਹੀ ਵਿਸ਼ਾ ਹੈ ਜਿਸਨੂੰ ਸਮਝਣ ਦੀ
ਲੋੜ ਹੈ। ਇਥੇ ਵੀ ਗਲ ਉਹੀ ਹੈ ਕਿ ਨਿਮਾਣੀ ਬੱਕਰੀ ਦੀ ਨਿਆਈ ਪਰੋਪਕਾਰੀ ਜੀਊੜੇ ਜੀਉਂਦਿਆਂ ਵੀ
ਅਨੇਕਾਂ ਪਰੋਪਕਾਰ ਕਰਦੇ ਤੇ ਦੂਜਿਆਂ ਦੇ ਕਾਰਜ ਸੁਆਰਦੇ ਹਨ। ਉਪਰੰਤ ਜੇਕਰ ਕਿਸੇ ਹਾਲਾਤ `ਚ ਜ਼ਾਲਮ
ਦੇ ਜ਼ੁਲਮ ਦਾ ਸ਼ਿਕਾਰ ਵੀ ਹੋ ਜਾਂਦੇ ਹਨ ਤਾਂ ਉਹ ਸ਼ਹੀਦ ਬਾਦ ਚ ਵੀ ਪੂਜੇ ਜਾਂਦੇ ਹਨ। ਇਸਦੇ ਉਲਟ
ਜ਼ਾਲਮ ਬਿਰਤੀ ਦੇ ਲੋਕ ਹੰਕਾਰੀ ਸ਼ੇਰ ਦੀ ਨਿਆਈ ਨਾ ਹੀ ਜੀਦੇ ਕਿਸੇ ਦੇ ਕੰਮ ਆਉਂਦੇ ਹਨ ਅਤੇ ਨਾ ਹੀ
ਉਨ੍ਹਾਂ ਦੀ ਮੌਤ ਤੋਂ ਬਾਦ ਉਨ੍ਹਾਂ ਨੂੰ ਕੋਈ ਚਿਤਵਦਾ ਅਤੇ ਸਲਾਹੁੰਦਾ ਹੈ।
(ਹ)
“ਜੇਕਰਿ ਉਧਰੀ
ਪੂਤਨਾ—” - ਇਸ ਚਲ ਰਹੇ ਮਾਸ ਵਾਲੇ ਪ੍ਰਕਰਣ
ਅਨੁਸਾਰ ਭਾਈ ਗੁਰਦਾਸ ਜੀ ਨਾਲ ਸੰਬੰਧਤ ਵਾਰਾਂ ਵਿਚੋਂ ਪਉੜੀਆਂ ਦੀ ਲੜੀ `ਚ ਵਾਰ ੩੧ ਪਉੜੀ ੯ ਇਹ
ਅੰਤਮ ਪਉੜੀ ਹੈ ਜੋ ਇਸਤਰ੍ਹਾਂ ਹੈ:
“ਜੇ ਕਰਿ ਉਧਰੀ ਪੂਤਨਾ ਵਿਹੁ ਪੀਆਲਣੁ ਕੰਮ ਨ ਚੰਗਾ॥
ਗਨਿਕਾ ਉਧਰੀ ਆਖੀਐ ਪਰ ਘਰਿ ਜਾਇ ਨ ਲਈਐ ਪੰਗਾ॥
ਬਾਲਮੀਕੁ ਨਿਸਤਾਰਿਆ ਮਾਰੈ ਵਾਟ ਨ ਹੋਇ ਨਿਸੰਗਾ॥
ਫੰਧਕਿ ਉਧਰੈ ਆਖੀਅਨਿ ਫਾਹੀ ਪਾਇ ਨ ਫੜੀਐ ਟੰਗਾ॥
ਜੇ ਕਾਸਾਈ ਉਧਰਿਆ ਜੀਆ ਘਾਇ ਨ ਖਾਈਐ ਭੰਗਾ॥
ਪਾਰਿ ਉਤਾਰੈ ਬੋਹਿਥਾ ਸੁਇਨਾ ਲੋਹੁ ਨਾਹੀ ਇੱਕ ਰੰਗਾ॥
ਇਤੁ ਭਰਵਾਸੈ ਰਹਣੁ ਕੁਢੰਗਾ॥ ੯॥”
(ਭਾ: ਗੁ: ੩੧/੯)।
ਇਸ ਪਉੜੀ ਚ ਵਿਸ਼ਾ ਹੈ ਕਿ ਕਈ ਵਾਰੀ ਮਨੁੱਖ, ਇਸ ਭਰਵਾਸੇ ਗੁਨਾਹ ਕਰਦਾ ਜਾਂ
ਗੁਨਾਹਾਂ ਵਲ ਪਰਵ੍ਰਤ ਹੋ ਜਾਂਦਾ ਹੈ ਕਿ ਪ੍ਰਭੁ ਬਖਸ਼ਿੰਦ ਹੈ ਇਸ ਲਈ ਪ੍ਰਭੁ ਆਪ ਹੀ ਉਨ੍ਹਾਂ ਦੇ
ਗੁਨਾਹ ਮੁਆਫ਼ ਕਰ ਦੇਵੇਗਾ। ਅਜੇਹਾ ਮਨੁੱਖ ਇਤਿਹਾਸ-ਮਿਥਿਹਾਸ ਚੋ ਅਜੇਹੀਆਂ ਮਿਸਾਲਾਂ ਢੂੰਡਦਾ ਹੈ ਜੋ
ਸਾਬਤ ਕਰ ਦੇਣ ਕਿ ਚਾਹੇ ਕੋਈ ਕਿੰਨਾ ਵੱਡਾ ਪਾਪੀ `ਤੇ ਕੁਰਾਹੇ ਪਿਆ ਹੋਵੇ ਪਰ ਅੰਤ ਸਮੇਂ ਉਸਦਾ ਵੀ
ਉਧਾਰ ਹੋ ਜਾਂਦਾ ਹੈ। ਵਿਚਾਰ ਅਧੀਨ ਪਉੜੀ `ਚ ਭਾਈ ਗੁਰਦਾਸ ਜੀ ਨੇ ਅਜੇਹੀਆਂ ਕੁੱਝ ਮਿਥਿਹਾਸਕ
ਮਿਸਾਲਾਂ ਦੇਕੇ ਮਨੁੱਖ ਨੂੰ ਸੁਚੇਤ ਕੀਤਾ ਹੈ ਕਿ ਅਜੇਹੀ ਸੋਚਣੀ ਜੀਵਨ ਨੂੰ ਗੰਦਾ ਕਰਦੀ ਹੈ ਅਤੇ ਇਸ
ਤੋਂ ਬਚ ਕੇ ਰਹਿਣ ਦੀ ਲੋੜ ਹੁੰਦੀ ਹੈ।
ਦਰਅਸਲ ਅਜੇਹੀਆਂ ਮਿਥਿਹਾਸਕ ਘਟਣਾਵਾਂ ਅਤੇ ਪ੍ਰਚਲਣਾ ਵਿਚੋਂ ਇੱਕ ਪ੍ਰਚਲਣ
ਇੱਕ ਕਿਸੇ ਕਸਾਈ ਬਾਰੇ ਵੀ ਆਉਂਦਾ ਹੈ ਜਿਸਨੂੰ ਮਾਸ ਵਿਰੋਧੀ ਸੱਜਣ ਬਦੋਬਦੀ ਸਦਨਾ ਜੀ ਨਾਲ ਜੋੜ ਰਹੇ
ਹਨ ਜਦਕਿ ਪਉੜੀ `ਚ ਸਦਨਾ ਜੀ ਦਾ ਨਾਂ ਤੀਕ ਨਹੀਂ ਅਤੇ ਨਾ ਹੀ ਇਸ ਪਉੜੀ `ਚ ਮਾਸ ਛੱਕਣ ਵਿਰੁਧ ਕੋਈ
ਵਿਸ਼ਾ ਹੀ ਹੈ।
ਇਸਤੋਂ ਬਾਦ ਧਿਆਨ ਦੇਣ ਦੀ ਗਲ ਇਹ ਵੀ ਹੈ ਕਿ ਗੁਰਬਾਣੀ `ਚ ਜਿਹੜੇ ੧੫ ਭਗਤ
ਆਏ ਹਨ ਉਨ੍ਹਾਂ ਨੂੰ ਅਤੇ ਉਨ੍ਹਾਂ ਦੀਆਂ ਰਚਨਾਵਾਂ ਨੂੰ ਗੁਰੂ ਪਾਤਸ਼ਾਹ ਨੇ ਉਦੋਂ ਪ੍ਰਵਾਣ ਕੀਤਾ ਜਦੋ
ਉਹ ਸਫ਼ਲਤਾ ਦੀ ਟੀਸੀ ਤੇ ਪੁਜ ਚੁਕੇ ਸਨ। ਉਸ ਤੋਂ ਪਹਿਲਾਂ ਉਨ੍ਹਾਂ ਦੀਆਂ ਰਚਨਾਵਾਂ ਜਾਂ ਜੀਵਨ ਕੀ
ਸਨ, ਜਾਂ ਉਨ੍ਹਾਂ ਦੇ ਜੀਵਨ ਬਾਰੇ ਕਿਹੜੀਆਂ ਕਹਾਣੀਆਂ ਪ੍ਰਚਲਤ ਸਨ, ਉਸ ਨਾਲ ਗੁਰਮਤਿ ਦਾ ਕੁੱਝ
ਲੈਣਾ ਦੇਣਾ ਨਹੀਂ। ਭਗਤਾਂ ਦੀ ਗਲ ਛਡੋ! ਇਹੀ ਕਾਰਣ ਹੈ ਗੁਰਦਰ ਤੇ ਆਉਣ ਤੋਂ ਪਹਿਲਾਂ ਜੇਕਰ ਕੁੱਝ
ਗੁਰੂ ਵਿਅੱਕਤੀ ਵੀ ਦੇਵੀ ਦਰਸ਼ਨ ਜਾਂ ਗੰਗਾ ਇਸ਼ਨਾਨ ਨਾਲ ਜੁੜੇ ਸਨ ਜਿਵੇਂ ਦੂਜੇ, ਤੀਜੇ ਪਾਤਸ਼ਾਹ,
ਤਾਂ ਵੀ ਗੁਰਮਤਿ ਦਾ ਉਨ੍ਹਾਂ ਬ੍ਰਾਹਮਣੀ ਅਤੇ ਅਨਮਤੀ ਕਰਮਾ ਨਾਲ ਕੋਈ ਸਰੋਕਾਰ ਨਹੀਂ।
ਤਾਂਤੇ ਮੰਨ ਲਵੋ ਭਗਤ ਸਦਨਾ ਜੀ ਦੇ ਜੀਵਨ ਦੀ ਸਫ਼ਲਤਾ ਤੋਂ ਪਹਿਲਾਂ ਦੀ ਜੇਕਰ
ਕੋਈ ਕਹਾਣੀ ਉਨ੍ਹਾਂ ਨਾਲ ਜੋੜੀ ਵੀ ਹੋਈ ਹੈ ਜਿਵੇਂ ਕਿ ਮਾਸ ਵਿਰੋਧੀ ਸੱਜਣ ਅਕਾਰਣ ਹੀ ਕਸਾਈ ਦੇ
ਲਫ਼ਜ਼ ਤੋਂ ਉਨ੍ਹਾਂ ਦਾ ਨਾਂ ਲੈ ਰਹੇ ਹਨ ਅਤੇ ਜੇਕਰ ਉਸ ਕਾਰਜ ਦਾ ਗੁਰਮਤਿ ਨਾਲ ਮੇਲ ਨਹੀਂ, ਤਾਂ ਉਸ
ਨਾਲ ਵੀ ਗੁਰਮਤਿ ਦਾ ਕੀ ਸਰੋਕਾਰ?
ਖੈਰ ਇਹ ਤਾਂ ਵਿਰੋਧੀ ਸੱਜਣਾ ਰਾਹੀ ਬਦੋਬਦੀ ਸਦਨਾ ਜੀ ਦਾ ਨਾਂ ਲੈਣ ਦੀ ਗਲ
ਹੈ ਜਿਹੜਾ ਨਾਂ ਕਿ ਪਉੜੀ `ਚ ਹੈ ਹੀ ਨਹੀਂ। ਵਿਚਾਰਨ ਦਾ ਵਿਸ਼ਾ ਹੈ, ਜੇਕਰ ਸਦਨਾ ਜੀ ਦੇ ਕਸਾਈ ਵਾਲੇ
ਕਿੱਤੇ ਨਾਲ ਗੁਰੂ ਸਾਹਿਬ ਦਾ ਵਿਰੋਧ ਹੁੰਦਾ ਤਾਂ ਪਾਤਸ਼ਾਹ ਉਨ੍ਹਾਂ ਨੂੰ ਭਗਤਾਂ ਦੀ ਗਿਣਤੀ `ਚ ਹੀ
ਕਿਉਂ ਲੈਂਦੇ। ਬਲਕਿ ਉਥੇ ਤਾਂ ਉਨ੍ਹਾਂ ਨੇ ਰਵਿਦਾਸ ਜੀ ਨੂੰ ਵੀ ਲਿਆ ਹੈ ਜਿਨ੍ਹਾਂ ਦੇ ਪੇਸ਼ੇ ਬਾਰੇ
ਗੁਰਦੇਵ ਆਪ ਜ਼ਿਕਰ ਕਰ ਰਹੇ ਹਨ “ਰਵਿਦਾਸੁ ਢੁਵੰਤਾ ਢੋਰ ਨੀਤਿ ਤਿਨਿ ਤਿਆਗੀ ਮਾਇਆ”
(ਪੰ: ੪੮੭)।
ਗੁਰੂ ਪਾਤਸ਼ਾਹ ਤਾਂ ਇਨ੍ਹਾਂ ਭਗਤਾਂ ਨੂੰ ਵੀ ਅਪਣੀ ਬਰਾਬਰੀ
ਦੇ ਰਹੇ ਹਨ।
ਫ਼ਿਰ ਮਿਥਿਹਾਸ `ਚ ਕਿੱਧਰੇ ਇੱਕ ਕਸਾਈ ਬਾਰੇ ਕਹਾਣੀ ਇਸਤਰ੍ਹਾਂ ਦਸੀ ਜਾਂਦੀ
ਹੈ ਕਿ ਜਦੋਂ ਕਸਾਈ ਗਾਹਕ ਦੇ ਮਜਬੂਰ ਕਰਨ ਤੇ ਜੀਂਦੇ ਬਕਰੇ ਦੀ ਟੰਗ ਕੱਟ ਕੇ ਦੇਣ ਲਗਾ ਤਾਂ ਉਸ
ਬਕਰੇ ਨਾਲ ਉਸਦਾ ਕੁੱਝ ਸੰਵਾਦ ਹੋਇਆ, ਇਹ ਹੈ ਉਹ ਕਹਾਣੀ ਜਿਸਦਾ ਕਿ ਪਉੜੀ `ਚ ਇਸ਼ਾਰਾ ਕਿਹਾ ਜਾ
ਸਕਦਾ ਹੈ।
ਇਸਤੋਂ ਬਾਦ ਜੇਕਰ ਉਸ ਕਹਾਣੀ ਨੂੰ ਵੀ ਲੈ ਲਿਆ ਜਾਵੇ ਤਾਂ ਵੀ ਇਸਤੋਂ
ਪਹਿਲਾਂ ਹਲਾਲ ਮਾਸ ਜਾਂ ਯਗਾਂ ਆਦਿ ਸਮੇਂ ਬ੍ਰਾਹਮਣਾ ਰਾਹੀ ਬਲੀਆਂ ਦੇ ਵਿਸ਼ੇ ਤੇ ਗਲ ਕਰਦੇ ਅਸੀਂ
ਦੇਖ ਚੁਕੇ ਹਾਂ ਕਿ ਜਾਨਵਰ ਨੂੰ ਤੱੜਫਾ ਕੇ ਮਾਰਨ ਲਈ ਗੁਰਮਤਿ ਕਦੇ ਇਜਾਜ਼ਤ ਨਹੀਂ ਦੇਂਦੀ, ਆਖਿਰ
ਮੁਸਲਮਾਨਾ ਦੇ ਹਲਾਲ ਮਾਸ ਦਾ ਜੋ ਵਿਰੋਧ ਆਇਆ ਹੈ ਉਹ ਵੀ ਇਸੇ ਲਈ ਹੈ ਅਤੇ ਗੁਰਬਾਣੀ ਚ ਅਜੇਹੇ
ਕਾਰਿਆਂ ਦਾ ਭਰਵਾਂ ਵਿਰੋਧ ਹੈ। ਉਸੇ ਤਰ੍ਹਾਂ ਸ਼ਿਕਾਰੀ ਰਾਹੀਂ ਚਿੜੀਆਂ ਦੀਆਂ ਟੰਗਾਂ ਤੋੜ ਕੇ
ਉਨ੍ਹਾਂ ਨੂੰ ਜੀਦੇ ਜੀਅ ਤੱੜਫਾਉਣ ਵਾਲੀ ਗਲ ਵੀ ਹੈ। ਇਸਤੋਂ ਬਾਦ ਇਸ ਪਉੜੀ ਚ ਵਰਤੀਆਂ ਬਾਕੀ
ਮਿਸਾਲਾਂ ਵੀ ਦੇਖ ਲਵੋ! ਭਾਈ ਗੁਰਦਾਸ ਜੀ ਨੇ ਜੋ ਕਿਸੇ ਕਸਾਈ ਜਾਂ ਕਿਸੇ ਚਿੜੀਮਾਰ ਦੀਆਂ ਵਰਤੀਆਂ
ਹਨ ਤਾਂ ਇਥੇ ਵੀ ਜਾਨਵਰ-ਪੰਛੀਆਂ ਨੂੰ ਤੜਫ਼ਾ ਕੇ ਮਾਰਣ ਵਾਲੇ ਢੰਗ ਦਾ ਵਿਰੋਧ ਹੈ, ਜਿਸਦਾ ਗੁਰਮਤਿ
ਵਿਰੋਧ ਕਰਦੀ ਹੈ। ਉਂਝ ਇਥੇ ਵੀ ਮਾਸ ਜਾਂ ਕਸਾਈ ਦੇ ਪੇਸ਼ੇ ਦਾ ਵਿਰੋਧ ਉੱਕਾ ਨਹੀਂ। ਹੋਰ ਲਵੋ
ਮਹਾਨ ਕੋਸ਼ ਅਨੁਸਾਰ
“ਭੰਗਾ-ਸੰ. ਸੰਗ੍ਯਾ- ਭੰਗ ਵਿਜੀਆ (ਵਿਜ੍ਯਾ) … ਇਸ ਦੀ ਤਾਸੀਰ ਗਰਮ ਖੁਸ਼ਕ
ਹੈ. ਦਿਮਾਗ ਅਤੇ ਪੱਠਿਆਂ ਤੇ ਇਹ ਬੁਰਾ ਅਸਰ ਕਰਦੀ ਹੈ। ਝੂਠੀ ਭੁੱਖ ਲਾਉਂਦੀ ਅਤੇ ਮੇਦੇ ਦੀ ਪਾਚਨ
ਸ਼ਕਤੀ ਨੂੰ ਹੌਲੀ ਹੌਲੀ ਘਟਾਉਂਦੀ ਹੈ। ੨. ਗਲਤੀ. ਭੁੱਲ. “ਜੀਆਂ ਘਾਇ ਨ ਖਾਈਐ ਭੰਗਾ. (ਭਾਗੁ)” ੩.
ਕੁਸੂਰ. ਅਪਰਾਧ. ਦੇਖੋ, ਭੰਗ ੭.”ਗੁਰ ਖੋਏ ਭ੍ਰਮ ਭੰਗਾ” (ਆਸਾ ਮਃ ੫) ੪. ਸੰਪ੍ਰਦਾਈ ਗ੍ਯਾਨੀ ਭੰਗਾ
ਦਾ ਅਰਥ ਮਾਸ ਕਰਦੇ ਹਨ” ਭਾਵ ਇਥੇ ਜੋ ਲਫ਼ਜ਼ ‘ਭੰਗਾ’ ਆਇਆ ਹੈ ਭਾਈ ਕਾਹਨ ਸਿੰਘ ਜੀ ਨਾਭਾ ਨੇ ਵੀ
ਇਸਦੇ ਅਰਥ ਭੁੱਲ਼ ਦਸੀ ਹੈ ਪਰ ਸੰਪ੍ਰਦਾਈਆਂ ਨੇ ਇਸ ਦੇ ਅਰਥ ‘ਮਾਸ’ ਕਰਕੇ ਉਲਝਾਇਆ ਹੈ ਜੋ ਕਿਸੇ ਵੀ
ਸ਼ਬਦਕੋਸ਼ ਮੁਤਾਬਕ ਨਹੀਂ ਮਿਲਦੇ।
ਪ੍ਰੋਫੈਸਰ ਸਾਹਿਬ ਸਿੰਘ ਜੀ ਅਤੇ ਇਹ ਪਉੜੀਆਂ-
ਇਥੋਂ ਤੀਕ ਕਿ ਪ੍ਰੋਫੈਸਰ ਸਾਹਿਬ ਸਿੰਘ ਜੀ
ਨੇ “ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ `ਚ ਮਾਸ ਬਾਰੇ ਪਾਏ ਗਏ ਕੁੱਝ ਭੁਲੇਖੇ ਕੱਢੇ ਹਨ। ਉਥੇ ਆਪ ਨੇ
ਵੀ ਭਾਈ ਗੁਰਦਾਸ ਜੀ ਦੀਆਂ ਸੰਬੰਧਤ ਵਾਰਾਂ ਦਾ ਸੰਖੇਪ ਜ਼ਿਕਰ ਕਰਕੇ ਸਾਬਤ ਕੀਤਾ ਹੈ ਕਿ ਇਨ੍ਹਾਂ
ਵਾਰਾਂ ਦਾ ਵਿਸ਼ਾ ਮਾਸ ਦੇ ਭੋਜਨ ਦਾ ਹੈ ਹੀ ਨਹੀਂ ਬਲਕਿ ਉਥੇ ਤਾਂ ਹਰੇਕ ਵਾਰ ਦਾ ਵਿਸ਼ਾ ਹੀ ਹੋਰ ਹੋਰ
ਹੈ। ਪ੍ਰੋਫ਼ੈਸਰ ਸਾਹਿਬ ਦੇ ਲਫ਼ਜ਼ਾਂ `ਚ ਭਾਈ ਗੁਰਦਾਸ ਜੀ ਦੀਆਂ ਹੇਠ-ਲਿਖੀਆਂ ਪੰਜ ਪਉੜੀਆਂ ਜਿਨ੍ਹਾਂ
ਵਿੱਚ ਮਾਸ ਦਾ ਜ਼ਿਕਰ ਆਇਆ ਹੈ:
(ੳ) ਚੰਗਾ ਰੁਖੁ ਵਢਾਇ—ਵਾਰ ੧੪, ਪਉੜੀ ੧੫
(ਅ) ਹਸਤਿ ਅਖਾਜੁ ਗੁਮਾਨ ਕਰਿ—ਵਾਰ ੨੩, ਪਉੜੀ ੧੩
(ੲ) ਸੀਂਹੁ ਪਜੂਤੀ ਬਕਰੀ—ਵਾਰ ੨੫, ਪਉੜੀ ੧੭
(ਸ) ਜੇਕਰਿ ਉਧਰੀ ਪੂਤਨਾ—ਵਾਰ ੩੧, ਪਉੜੀ ੯
(ਹ) ਕੁਹੈ ਕਸਾਈ ਬੱਕਰੀ—ਵਾਰ ੩੭, ਪਉੜੀ ੨੧ ਅਤੇ ਭਾਈ ਸਾਹਿਬ ਅਨੁਸਾਰ
ਵੀ ਨੰਬਰਵਾਰ ਇਹਨਾਂ ‘ਵਾਰਾਂ’ ਦਾ ਮੁੱਖ-ਮਜ਼ਮੂਨ ਇਸਤਰ੍ਹਾਂ ਹੈ:
(ੳ) ਵਾਰ ਨੰ: ੧੪ ਵਿੱਚ ਗੁਰਮੁਖਾਂ ਦੇ ਲੱਛਣ ਦਿੱਤੇ ਗਏ ਹਨ ਕਿ ਗੁਰਮੁਖ
ਨਿੱਤ ਸਵੇਰੇ ਸਾਧ ਸੰਗਤਿ ਵਿੱਚ ਜਾ ਕੇ ਕੀਰਤਨ ਕਰਦੇ ਸੁਣਦੇ ਹਨ ਲੋੜੀਂਦੇ ਸਾਜ ਭੀ ਵਜਾਂਦੇ ਹਨ।
ਉਹਨਾਂ ਸਾਜਾਂ ਵਿੱਚ ਇੱਕ ਹੈ ‘ਰਬਾਬ’। ਕਿਵੇਂ ਬਣਾਇਆ ਜਾਂਦਾ ਹੈ? ਚੰਗੀ ਲੱਕੜ ਤੋਂ ‘ਰਬਾਬ’ ਬਣੀ,
ਬੱਕਰੀ ਨੂੰ ਮਾਰ ਕੇ ਉਸ ਦਾ ‘ਮਾਸ’ ਤਾਂ ਵੰਡ ਕੇ ਖਾਧਾ ਪੀਤਾ ਗਿਆ, ਉਸ ਦੀ ਖੱਲ ਨਾਲ ‘ਰਬਾਬ’
ਮੜ੍ਹੀ ਗਈ, ਬੱਕਰੀ ਦੀਆਂ ਆਂਦਰਾਂ ਤੋਂ ‘ਰਬਾਬ’ ਵਾਸਤੇ ਤੰਦੀ (ਤਾਰ) ਬਣਾਈ ਗਈ।
(ਅ) ਵਾਰ ਨੰ: ੨੩ ਵਿੱਚ ਸਾਧ ਸੰਗਤਿ ਦੀ ਚਰਨ-ਧੂੜ ਦੀ ਵਡਿਆਈ ਦਾ ਜ਼ਿਕਰ ਹੈ,
ਸਤਸੰਗ ਵਿੱਚ ਮਨੁੱਖ ‘ਗਰੀਬੀ’ ਸਿੱਖਦਾ ਹੈ। ਅਹੰਕਾਰੀ ਹਾਥੀ ਦੇ ਸਰੀਰ ਦੀ ਕੋਈ ਚੀਜ਼ ਸਾਧ ਸੰਗਤਿ
ਵਿੱਚ ਕੰਮ ਨਹੀਂ ਆਉਂਦੀ; ਪਰ ਗਰੀਬੀ ਸੁਭਾਵ ਵਾਲੀ ਬੱਕਰੀ ਨੂੰ ਉਥੇ ਆਦਰ ਮਿਲਿਆ।
(ੲ) ‘ਵਾਰ’ ਨੰ: ੨੫ ਵਿੱਚ ਗੁਰਮੁਖਾਂ ਦੇ ‘ਗਰੀਬੀ-ਮਾਰਗ’ ਦਾ ਜ਼ਿਕਰ ਹੈ।
ਉੱਚਿਆਂ ਵਿੱਚ ਮੰਦੇ ਤੇ ਨੀਵਿਆਂ ਵਿੱਚ ਚੰਗੇ ਜੰਮ ਪੈਂਦੇ ਹਨ। ਮਰਨਾ ਤਾਂ ਸਭਨਾਂ ਨੇ ਹੈ, ਪਰ
ਅਹੰਕਾਰੀਆਂ ਨਾਲੋਂ ਗਰੀਬੜੇ ਚੰਗੇ ਹਨ ਜੋ ਜੀਵੰਦਿਆਂ ਮੁਇਆਂ ਦਸ ਕੰਮ ਸਵਾਰਦੇ ਹਨ।
(ਸ) ‘ਵਾਰ’ ਨੰ: ੩੧ ਵਿੱਚ ਭਲੇ ਮਨੁੱਖ ਤੇ ਬੁਰੇ ਮਨੁੱਖ ਦੇ ਜੀਵਨ ਦਾ
ਟਾਕਰਾ ਕੀਤਾ ਹੈ। ਇਸ ਵਾਰ ਦੀਆਂ ੨੦ ਪਉੜੀਆਂ ਹਨ, ਪ੍ਰਸੰਗ ਅਨੁਸਾਰ ‘ਵਾਰ’ ਦੇ ਤਿੰਨ ਹਿੱਸੇ ਹਨ।
(ਹ) ‘ਵਾਰ’ ਨੰ: ੩੭ ਵਿੱਚ ਮਨੁੱਖ ਦੀਆਂ ਜਨਮ ਤੋਂ ਅਖ਼ੀਰ ਤਕ ਵੱਖ-ਵੱਖ
ਹਾਲਤਾਂ ਦਾ ਜ਼ਿਕਰ ਹੈ:. . ੧ ਤੋਂ ੫; ੬ ਤੋਂ ੭; ੮ ਤੋਂ ੧੦; ੧੧ ਤੋਂ ੧੩; ੧੪ ਤੋਂ ੨੮।
ਪਉੜੀ ਨੰ: ੨੦, ੨੧ ਵਿੱਚ ਜ਼ਿਕਰ ਹੈ ਕਿ ਮਨਮੁਖ ਉਸ ਦੁ-ਜੀਭੇ ਸੱਪ ਨਾਲੋਂ ਭੀ
ਭੈੜਾ ਹੈ ਜੋ ਦੁੱਧ ਪੀ ਕੇ ਵਿਹੁ (ਜ਼ਿਹਰ) ਸੁੱਟਦਾ ਹੈ। ਮਨਮੁਖ ਚੰਗੇ ਪਦਾਰਥ ਵਰਤ ਕੇ ਪਰ-ਤਨ ਪਰ-ਧਨ
ਪਰ-ਨਿੰਦਾ ਦੇ ਪਾਪ ਕਰਦਾ ਹੈ। ਦੋਹਾਂ ਪਉੜੀਆਂ ਵਿੱਚ ਨਿਗੁਰੇ ਮਨਮੁਖ ਦਾ ਹੀ ਜ਼ਿਕਰ ਚੱਲ ਰਿਹਾ ਹੈ।
ਮਾਸ ਖਾਣ ਜਾਂ ਨਾਹ ਖਾਣ ਤੇ ਵਿਚਾਰ ਨਹੀਂ ਹੈ। ਸਿਰਫ਼ ਮਨੁੱਖ ਦੀਆਂ ਵੱਖ-ਵੱਖ ਆਤਮਕ ਹਾਲਤਾਂ ਦਾ ਹੀ
ਜ਼ਿਕਰ ਹੈ”।
ਇਸ ਤੋਂ ਬਾਦ ਤਾਂ ਇਸ ਬਾਰੇ ਉਕਾ ਭੁਲੇਖਾ ਨਹੀਂ ਰਹਿ ਜਾਣਾ ਚਾਹੀਦਾ ਕਿ ਇਨ੍ਹਾਂ ਵਿਚੋਂ ਕਿਸੇ
ਵੀ ਵਾਰ `ਚ “ਮਾਸ ਛੱਕਣ ਦਾ ਵਿਰੋਧ ਉਕਾ ਹੈ ਹੀ ਨਹੀਂ”।