.

ਬਾਹਰ ਧਰਮੀ ਅੰਦਰ ਖੋਟ

ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ

ਤਕਰੀਬਨ ਸਾਰੇ ਮੁਲਕਾਂ ਦੇ ਵਿੱਚ ਹੀ ਨਕਲੀ ਨੋਟਾਂ ਦੀ ਭਰਮਾਰ ਰਹਿੰਦੀ ਹੈ। ਨਕਲੀ ਨੋਟਾਂ ਦਾ ਧੰਧਾ ਕਰਨ ਵਾਲਿਆਂ ਨੂੰ ਸਖਤ ਤੋਂ ਸਖਤ ਸਜਾਵਾਂ ਵੀ ਦਿੱਤੀਆਂ ਜਾਂਦੀਆਂ ਹਨ ਪਰ ਫਿਰ ਵੀ ਗਾਹੇ-ਬ-ਬਗਾਹੇ ਨਕਲੀ ਨੋਟਾਂ ਦਾ ਧੰਧਾ ਚਲਦਾ ਹੀ ਰਹਿੰਦਾ ਹੈ। ਜਦੋਂ ਵੀ ਕੋਈ ਨਵੀਂ ਵਸਤੂ ਬਜ਼ਾਰ ਵਿੱਚ ਵਿਕਣ ਆਉਂਦੀ ਹੈ ਤਾਂ ਉਸੇ ਵੇਲੇ ਹੀ ਉਸ ਦੀ ਨਕਲ ਵੀ ਨਾਲ ਹੀ ਆ ਜਾਂਦੀ ਹੈ। ਨਕਲੀ ਵਸਤੂ ਕਈ ਦਫ਼ਾ ਅਸਲੀ ਨਾਲੋਂ ਵੀ ਜ਼ਿਆਦਾ ਚਮਕਦੀ ਹੈ। ਦਵਾਈਆਂ ਦੇ ਬਾਹਰ ਲੇਬਲ ਅਸਲੀ ਦਿਖਾਈ ਦੇਂਦੇ ਹਨ ਪਰ ਅੰਦਰ ਨਕਲੀ ਦਵਾਈ ਹੁੰਦੀ ਹੈ, ਪਤਾ ਓਦੋਂ ਹੀ ਲੱਗਦਾ ਹੈ ਜਦੋਂ ਮਰੀਜ਼ ਰਾਮ-ਸਤ ਹੋ ਜਾਂਦਾ ਹੈ। ਕਬੀਰ ਜੀ ਨੇ ਸੋਨੇ ਦਾ ਪ੍ਰਤੀਕ ਲੈ ਕੇ ਮਨੁੱਖੀ ਸਮਾਜ ਨੂੰ ਨਵੀਂ ਦਿਸ਼ਾ ਪਰਦਾਨ ਕੀਤੀ ਹੈ। ਵਿਅਹ ਸ਼ਾਦੀਆਂ ਵਿੱਚ ਵੀ ਆਮ ਕਰਕੇ ਲੋਕ ਦਿਖਾਵੇ ਨੂੰ ਮੁੱਖ ਰੱਖ ਕੇ, ਕਿ, ਸੋਨੇ ਦਾ ਗਹਿਣਾ ਵੱਡਾ ਦਿਸੇ, ਉਸ ਵਿੱਚ ਲਾਖ ਆਦਿ ਭਰ ਦਿੱਤੀ ਜਾਂਦੀ ਹੈ। ਬਾਹਰੋਂ ਸੋਨਾ ਸ਼ੁੱਧ ਰੂਪ ਵਿੱਚ ਦਿਸਣਾ ਚਾਹੀਦਾ ਹੈ ਪਰ ਅੰਦਰ ਸੋਨੇ ਦੇ ਲਾਖ ਭਰੀ ਹੁੰਦੀ ਹੈ। ਇੰਜ ਹੀ ਸੰਸਾਰ ਵਿੱਚ ਆਮ ਕਰਕੇ ਮਨੁੱਖ ਦੀ ਦਿੱਲੀ ਭਾਵਨਾ ਹੁੰਦੀ ਹੈ ਕਿ ਮੈਨੂੰ ਸਾਰੇ ਹੀ ਧਰਮੀ ਆਖਣ, ਮੈਂ ਹਰ ਤਲ਼ ਤੇ ਧਰਮੀ ਦਿਸਣਾ ਚਾਹੁੰਦਾ ਹਾਂ। ਪਰ ਇਹ ਵੀ ਇੱਕ ਦੁਖਾਂਤ ਹੀ ਕਿਹਾ ਜਾ ਸਕਦਾ ਹੈ ਕਿ ਖ਼ੁਦਾਵੰਦ ਕਰੀਮ ਦਾ ਬੇਟਾ ਅੰਦਰੋਂ ਧਰਮੀ ਬਣਨਾ ਨਹੀਂ ਚਾਹੁੰਦਾ। ਗੁਰਬਾਣੀ ਨੇ ਮਨੁੱਖ ਨੂੰ ਅੰਦਰੋਂ ਬਾਹਰੋਂ ਇਕੋ ਜੇਹਾ ਹੋਣ ਨੂੰ ਕਿਹਾ ਹੈ। ਕਬੀਰ ਜੀ ਨੇ ਇੱਕ ਵਾਕ ਰਾਂਹੀਂ ਕੈਸਾ ਮਿੱਠੜਾ ਸੁਨੇਹਾਂ ਮਨੁੱਖ ਦੀ ਝੋਲ਼ੀ ਵਿੱਚ ਪਾਇਆ ਹੈ:---

ਕਬੀਰ ਬੈਸਨੋ ਹੂਆ ਤ ਕਿਆ ਭਇਆ, ਮਾਲਾ ਮੇਲੀਂ ਚਾਰਿ॥

ਬਾਹਰਿ ਕੰਚਨੁ ਬਾਹਰਾ, ਭਤਿਰਿ ਭਰੀ ਭੰਗਾਰ॥

ਸਲੋਕ ਕਬੀਰ ਜੀ ਪੰਨਾ ੧੩੭੨—

‘ਬੈਸਨੋ’ ਤਿਲਕ ਮਾਲ਼ਾ ਚੱਕ੍ਰ ਆਦਿਕ ਲਾ ਕੇ ਬਣਿਆ ਹੋਇਆ ਵਿਸ਼ਨੂ ਦਾ ਭਗਤ। ‘ਮਾਲਾ ਮੇਲੀਂ ਚਾਰ’ ਚਾਰ ਮਾਲਾ ਪਾ ਲਈਆਂ। ਭੰਗਾਰ-ਲਾਖ। ਹੇ ਕਬੀਰ! ਸੱਚ ਨੂੰ ਛੱਡ ਕੇ ਜੋ ਨਿਰਾ ਝੂਠ ਕਮਾਉਣ ਵਾਸਤੇ ਹੀ ਲੱਗੇ ਰਹਿੰਦੇ ਹਨ ਉਹ ਆਪਣਾ ਜੀਵਨ ਵਿਆਰਥ ਵਿੱਚ ਹੀ ਗਵਾ ਕੇ ਚਲੇ ਜਾਂਦੇ ਹਨ। ਨਿਰਾ ਭੇਖ਼ ਧਾਰਨ ਕਰਨ ਵਾਲੇ ਨੂੰ ਭਗਤ ਨਹੀਂ ਕਿਹਾ ਗਿਆ। ਜੇ ਕਿਸੇ ਮਨੁੱਖ ਨੇ ਆਪਣੇ ਸਰੀਰ `ਤੇ ਤਿਲਕ, ਮਾਲ਼ਾ, ਚੱਕਰ ਜਾਂ ਧਰਮ ਦੀਆਂ ਕੋਈ ਹੋਰ ਨਿਸ਼ਾਨੀਆਂ ਲਗਾ ਲਈਆਂ, ਆਪਣੇ ਆਪ ਨੂੰ ਵੈਸ਼ਨਵ ਭਗਤ ਅਖਵਾ ਲਿਆ ਉਹ ਪਰ ਕਿਰਦਾਰ ਹੋਰ ਹੈ ਉਸ ਨੂੰ ਕਦੇ ਵੀ ਧਰਮੀ ਨਹੀਂ ਕਿਹਾ ਗਿਆ। ਨਿਰਾ ਧਾਰਮਿਕ ਭੇਖ ਧਾਰਨ ਕਰਨ ਵਾਲਾ ਇੰਜ ਹੀ ਹੈ ਜਿਵੇਂ ਬਾਹਰੋਂ ਸੋਨਾ ਲਿਸ਼ਕਦਾ ਹੈ ਪਰ ਅੰਦਰ ਉਸ ਦੇ ਲਾਖ ਭਰੀ ਹੋਈ ਹੈ।

ਸੰਸਾਰ ਵਿੱਚ ਅੱਜ ਮਨੁੱਖ ਦੋਹਰੇ ਰੂਪ ਵਿੱਚ ਜੀਉ ਰਿਹਾ ਹੈ। ਲੋਕਾਂ ਦੀਆਂ ਨਜ਼ਰਾਂ ਵਿੱਚ ਇਹ ਧਰਮੀ ਸਾਬਤ ਹੋਣਾ ਚਾਹੁੰਦਾ ਹੈ ਪਰ ਅੰਦਰੋਂ ਧਰਮੀ ਬਣਨ ਲਈ ਤਿਆਰ ਨਹੀਂ ਹੈ। ਕਬੀਰ ਜੀ ਨੇ ਵੈਸ਼ਨੂ ਮਤ ਦੇ ਲੋਕਾਂ ਨੂੰ ਨੇੜਿਓਂ ਹੋ ਕੇ ਤਕਿਆ, ਉਹਨਾਂ ਦੇ ਸੁਭਾਅ ਨੂੰ ਵੀ ਦੇਖਿਆ ਜੋ ਉਹਨਾਂ ਨੇ ਮਹਿਸੂਸ ਕੀਤਾ ਉਸ ਦਾ ਅਨੁਭਵ ਉਹਨਾਂ ਨੇ ਆਪਣੀ ਬਾਣੀ ਵਿੱਚ ਲਿਖਿਆ ਹੈ। ਬੈਸਨੋ, ਭਾਵ ਵਿਸ਼ਨੂ ਦਾ ਭਗਤ –ਰਾਮਾਨੁਜ ਦੀ ਸੰਪਰਦਾ ਦੇ ਲੋਕ ਆਪਣੇ ਸਰੀਰ ਪਰ ਸ਼ੰਖ, ਚੱਕ੍ਰ, ਗਦਾ, ਪਦਮ ਵਿਸ਼ਨੂ ਦੇ ਚਿੰਨ੍ਹ ਧਾਰਨ ਕਰਦੇ ਹਨ। ਅਰ ਮਸਤਕ ਪਰ ਐਸਾ ਤਿਲਕ ਲਗਾਉਂਦੇ ਹਨ, ਜਿਸ ਦੀ ਵਿਚਲੀ ਰੇਖਾ ਲਾਲ ਅਤੇ ਕਿਨਾਰੇ ਦੀਆਂ ਸਫੈਦ ਹੁੰਦੀਆਂ ਹਨ। ਗਲ਼ ਵਿੱਚ ਚਾਰ ਪਰਕਾਰ ਦੀਆਂ ਮਾਲਾ ਵੀ ਪਾਈਆਂ ਹੁੰਦੀਆਂ ਹਨ। ਬਾਹਰਲੇ ਤਲ਼ `ਤੇ ਪੂਰੀ ਤਰ੍ਹਾਂ ਰਬ ਜੀ ਦਾ ਭਗਤ ਹੋਣ ਦਾ ਪ੍ਰਗਟਾਵਾ ਕਰਦਾ ਏਂ। ਲਿਬਾਸ ਧਾਰਨ ਕਰ ਲਿਆ ਫਿਰ ਕੀ ਹੋ ਗਿਆ। ਤੇਰੀ ਹਾਲਤ ਤਾਂ ਉਸ ਗਹਿਣੇ ਵਰਗੀ ਹੈ ਜਿਸ ਦੇ ਬਾਹਰੀ ਤਲ਼ `ਤੇ ਸੋਨਾ ਚਮਕਦਾ ਹੈ ਪਰ ਉਸ ਸੋਨੇ ਦੇ ਅੰਦਰ ਲਾਖ ਭਰੀ ਹੋਵੇ।

ਹਰ ਅਦਮੀ ਦਾ ਸਮਾਜ ਵਿੱਚ ਵਿਚਰਦਿਆਂ ਕਦੀ ਨਾ ਕਦੀ ਕਿਸੇ ਅਜੇਹੇ ਆਦਮੀ ਨਾਲ ਵਾਹ ਵਾਸਤਾ ਪੈ ਜਾਂਦਾ ਹੈ, ਜਿਸ ਤੋਂ ਮਨੁੱਖ ਨੂੰ ਇਹ ਅਹਿਸਾਸ ਹੋ ਜਾਂਦਾ ਹੈ ਕਿ ਇਸ ਨੇ ਨਿਰਾ ਠੱਗੀਆਂ ਮਾਰਨ ਲਈ ਹੀ ਧਰਮ ਦਾ ਭੇਖ ਧਰਾਨ ਕੀਤਾ ਹੋਇਆ ਹੈ। ਬਜ਼ਾਰਾਂ ਵਿੱਚ ਹਰ ਧਰਮ ਨਾਲ ਸਬੰਧ ਰੱਖਣ ਵਾਲਿਆਂ ਦੀਆਂ ਦੁਕਾਨਾਂ ਮਿਲ ਜਾਂਦੀਆਂ ਹਨ ਤੇ ਉਹਨਾਂ ਦੇ ਬਾਹਰਲੇ ਤਲ ਨੂੰ ਦੇਖਦਿਆਂ ਹੋਇਆਂ ਇੰਜ ਹੀ ਲੱਗਦਾ ਹੈ ਕਿ ਇਹਨਾਂ ਲੋਕਾਂ ਦੀ ਆਪਣੇ ਧਰਮ ਵਿੱਚ ਬਹੁਤ ਹੀ ਨਿਸ਼ਠਾ ਹੈ। ਇਸ ਦਾ ਅਰਥ ਇਹ ਵੀ ਨਹੀਂ ਹੈ ਕਿ ਸਾਰੇ ਲੋਕ ਹੀ ਮਾੜੇ ਹੁੰਦੇ ਹਨ, ਨਹੀਂ ਕਈ ਬਹੁਤ ਚੰਗੇ ਜੀਵਨ ਵਾਲੇ ਵੀ ਹਨ। ਏੱਥੇ ਤਾਂ ਉਸ ਟੱਬਰ--ਟੀਰ ਦੀ ਗੱਲ ਕੀਤੀ ਗਈ ਹੈ ਜਿਸ ਨੇ ਧਰਮ ਨੂੰ ਧੰਧਾ ਬਣ ਲਿਆ ਹੋਇਆ ਹੈ। ਮੇਰੇ ਮਿੱਤਰ ਗਿਆਨੀ ਸੁਰਿੰਦਰ ਸਿੰਘ ਨਿਊਜ਼ੀ ਲੈਂਡ ਵਾਲੇ ਸਿਰੀ ਅੰਮ੍ਰਿਤਸਰ ਪੁਸਤਕਾਂ ਲੈਣ ਲਈ ਆਏ। ਉਹਨਾਂ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਲਈ ਦਰਬਾਰ ਸਾਹਿਬ ਦੀ ਤਸਵੀਰ ਵੀ ਲੈ ਕੇ ਜਾਣੀ ਹੈ। ਦਰਬਾਰ ਸਾਹਿਬ ਦੇ ਨੇੜੇ ਦੀ ਦੁਕਾਨ ਤੋਂ ਪੁੱਛਿਆ ਤਾਂ ਉਹਨਾਂ ਬਹੁਤ ਘੱਟ ਵੱਧ ਕਰਕੇ ਸਤਾਈ ਸੌ ਰੁਪਏ ਤਸਵੀਰ ਦਾ ਮੁੱਲ ਦੱਸਿਆ, ਦੁਕਾਨਦਾਰ ਦੇ ਹੱਥ ਵਿੱਚ ਸੁਖਮਨੀ ਸਾਹਿਬ ਜੀ ਦਾ ਗੁਟਕਾ ਸੀ ਤੇ ਸੁਖਮਨੀ ਸਾਹਿਬ ਦੀ ਟੇਪ ਵੀ ਲੱਗੀ ਹੋਈ ਸੀ ਤੇ ਦਰਬਾਰ ਸਾਹਿਬ ਤੋਂ ਲਿਆਂਦਾ ਹੋਇਆ ਫੁੱਲ ਉਹਨਾਂ ਦੀ ਪੱਗ ਵਿੱਚ ਵੀ ਟੁੰਗਿਆ ਹੋਇਆਂ ਸੀ। ਕੁਦਰਤੀ ਇੱਕ ਪਛਾਣ ਵਾਲਾ ਮਿੱਤਰ ਮਿਲ ਗਿਆ ਤੇ ਉਸ ਨੇ ਇੱਕ ਹੋਰ ਦੁਕਾਨ ਦੱਸੀ ਜਿਸ ਤੋਂ ਸਾਨੂੰ ਉਹ ਹੀ ਤਸਵੀਰ ਸੱਤ ਸੌ ਰੁਪਏ ਦੀ ਮਿਲ ਗਈ। ਹੁਣ ਇਹ ਦੁਕਾਨਦਾਰ ਤਾਂ ਹੁਣ ‘ਬਾਹਰਿ ਕੰਚਨ ਬਾਰਹਾ’ ਦੇ ਕਥਨ ਵੀ ਮਾਤ ਪਾ ਰਿਹਾ ਹੈ ਪਰ ‘ਭੀਤਰਿ ਭਰੀ ਭੰਗਾਰ’ `ਤੇ ਖਰਾ ਉੱਤਰ ਰਿਹਾ ਹੈ।

ਸੱਸ ਮਾਂ ਦੇ ਹੱਥ ਵਿੱਚ ਸੁਖਮਨੀ ਸਾਹਿਬ ਦਾ ਗੁਟਕਾ ਵੀ ਹੈ ਤੇ ਨੂੰਹ ਰਾਣੀ ਨੂੰ ਕੋਸੀ ਵੀ ਜਾ ਰਹੀ ਹੈ। ਰਾਜਨੀਤਿਕ ਆਗੂ ਨੇ ਆਪਣੀ ਪਾਰਟੀ ਦੀ ਵਰਦੀ ਭਾਵ ਲੀਡਰੀ ਚੋਲ਼ਾ ਵੀ ਪਾਇਆ ਹਇਆ ਹੈ ਜਿਸ ਨਾਲ ਇਹ ਹਰ ਵੇਲੇ ਇਹ ਪ੍ਰਗਟ ਹੋਵੇ ਕਿ ਮੈਂ ਜੰਤਾ ਦਾ ਮਹਾਨ ਸੇਵਾਦਾਰ ਹਾਂ ਪਰ ਕਮਿਸ਼ਨ ਦੀ ਭਾਵਨਾ ਵੀ ਹਰ ਵੇਲੇ ਬਰਕਰਾਰ ਹੈ।

ਕਬੀਰ ਸਾਹਿਬ ਜੀ ਨੇ ਬਾਹਰੀ ਭੇਖ ਨੂੰ ਨਿਕਾਰਦਿਆਂ ਹੋਇਆਂ ਅੰਦਰਲੀਆਂ ਗਤੀ ਵਿਧੀਆਂ ਨੂੰ ਇੱਕ ਸੁਰ ਕਰਨ ਦਾ ਅਦਰਸ਼ ਮਿੱਥਿਆ ਹੈ।




.