ਕਉਣ ਮਾਸ ਕਉਣ ਸਾਗ ਕਹਾਵੈ?
(ਕਿਸ਼ਤ ਨੰ: 20)
ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ
ਮਿਸ਼ਨਰੀ, ਦਿੱਲੀ
ਸਿੱਖ ਇਤਿਹਾਸ ਅਤੇ ਮਾਸ ਦਾ ਵਿਸ਼ਾ-
ਕਵੀ ਸੰਤੋਖ ਸਿੰਘ ਰਾਹੀ ਲਿਖਤ ਸੂਰਜ ਪ੍ਰਕਾਸ਼
ਅੰਸੂ ੧੫ `ਚ ਸਾਖੀ ਆਉਂਦੀ ਹੈ, ਜਦੋਂ (ਗੁਰੂ) ਅਮਰਦਾਸ ਜੀ ਪਹਿਲੀ ਵੇਰ ਗੁਰੂ ਅੰਗਦ ਪਾਤਸ਼ਾਹ ਦੇ
ਦਰਸ਼ਨਾ ਨੂੰ ਆਏ ਤਾਂ ਲੰਗਰ `ਚ ਮਾਸ ਵਰਤਾਇਆ ਜਾ ਰਿਹਾ ਸੀ। ਪੰਕਤ `ਚ ਬੈਠੇ (ਗੁਰੂ) ਅਮਰਦਾਸ ਜੀ ਇਹ
ਦੇਖ ਝੇਂਪ ਗਏ ਕਿਉਂਕਿ ਉਹ ਕਤਾਰ ਚੋਂ ਉਠਕੇ ਵਾਪਿਸ ਵੀ ਨਹੀਂ ਸਨ ਜਾ ਸਕਦੇ। ਗੁਰੂ ਅੰਗਦ ਪਾਤਸ਼ਾਹ
ਨੇ ਭਾਂਪ ਲਿਆ ਤਾਂ ਵਰਤਾਵੇ ਨੂੰ ਇਸ਼ਾਰਾ ਕੀਤਾ ਕਿ ਅਗੇ ਨਿਕਲ ਜਾਵੇ। ਇਥੋਂ ਇਹ ਵੀ ਸਾਬਤ ਹੁੰਦਾ ਹੈ
ਉਸ ਸਮੇਂ ਗੁਰੂ ਕੇ ਲੰਗਰਾਂ `ਚ ਵੀ ਮਾਸ ਵਰਤਾਇਆ ਜਾਂਦਾ ਸੀ।
ਇਸੇ ਤਰ੍ਹਾਂ ਕੁਰੂਖੇਤਰ ਦੀ ਸਾਖੀ, ਗੁਰੂ ਨਾਨਕ ਪਾਤਸ਼ਾਹ ਨੂੰ ਤਾਜ਼ੇ ਸ਼ਿਕਾਰ
ਕੀਤੇ ਹਿਰਣ ਦਾ ਮਾਸ ਭੇਂਟ ਕਰਨਾ ਹੀ ਇਸ ਗਲ ਦਾ ਸਬੂਤ ਹੈ ਕਿ ਪਾਤਸ਼ਾਹ ਅਜੇਹੀ ਭੇਟਾ ਪ੍ਰਵਾਣ ਕਰਦੇ
ਸਨ। ਇਸਤੋਂ ਉਸ ਹਿਰਣ ਨੂੰ ਰਿਣਨਾ, ਉਪਰੰਤ ਗੁਰਬਾਣੀ ਚ ਉਸ ਘਟਣਾ ਨਾਲ ਸੰਬੰਧਤ ਦੋ ਸਲੋਕਾਂ ਦੀ
ਮੌਜੂਦਗੀ। ਕੁਰਖੇਤ ਵਾਲੀ ਇਹ ਸਾਖੀ ਤਾਂ ਸਰਵ-ਵਿਦਤ ਹੈ ਹੀ, ਉਂਜ ਵੀ ਸਾਖੀ ਅਤੇ ਸਲੋਕਾਂ ਦਾ ਵੇਰਵਾ
ਦੇ ਚੁਕੇ ਹਾਂ, ਉਸ ਨੂੰ ਇਥੇ ਦੋਹਰਾਨ ਦੀ ਲੋੜ ਨਹੀਂ। ਇਹ ਵੀ ਸੱਚ ਹੈ ਕਿ ਇਸ ਸਾਖੀ ਨੂੰ ਕੋਈ
ਇਤਿਹਾਸਕਾਰ ਵੀ ਕਦੇ ਨਹੀਂ ਝੁੱਠਲਾ ਸਕਿਆ। ਇਥੋ ਵੀ ਹਿਸਾਬ ਲਾਇਆ ਜਾ ਸਕਦਾ ਹੈ, ਅਖਿਰ ਕਿਸੇ
ਸਤਿਕਾਰ ਜੋਗ ਹਸਤੀ ਅਗੇ ਮਾਸ ਤਾਂ ਹੀ ਅਰਪਣ ਕੀਤਾ ਜਾਵੇਗਾ ਜੇਕਰ ਉਹ ਉਸ ਨੂੰ ਸਵੀਕਾਰ ਕਰਦੇ ਤੇ
ਛਕਦੇ ਹੋਵਣ।
ਹੋਰ ਲਵੋ! ਪੁਰਾਤਨ ਜਨਮ ਸਾਖੀ, ਸਾਖੀ ਨੰ: ੪੨ ਚ ਗੁਰੂ ਨਾਨਕ ਪਾਤਸ਼ਾਹ ਦੀ
ਦੂਜੀ ਉਦਾਸੀ (ਦੂਜਾ ਪ੍ਰਚਾਰ ਦੌਰੇ) ਦਾ ਹਾਲ ਲਿਖਿਆ ਹੈ। ਉਸ ਵੇਲੇ ਸੈਦਾ ਤੇ ਸੀਂਹਾਂ ਨਾਮ ਦੇ ਦੋ
ਜੱਟ ਸਿੱਖ ਗੁਰੂ ਜੀ ਦੇ ਨਾਲ ਸਨ। ਉਨ੍ਹਾਂ ਦੀ ਬਾਬਤ ਇਸ ਤਰ੍ਹਾਂ ਲਿਖਿਆ ਹੈ। “ਏਕ ਦਿਨ ਇਕਿ ਰਾਤ
ਕਉ ਦੇਖਨ ਤਾਂ ਇੱਕ ਮਰਦ ਚਲਿਆ ਆਂਵਦਾ ਹੈ। ਹਥਿ ਮੱਛੀ ਹੈਸੁ। ਤਬ ਸੈਦੇ ਪੁਛਿਆ ਜੀ ਤੁਸੀਂ ਕਉਣ ਹਉ?
ਕਿਥੇ ਜਾਵਹੁਗੇ ਤਾਂ ਓਹ ਮਰਦ ਬੋਲਿਆ ਜੀ ਮੈ ਖੁਆਜਾ ਹਾਂ। ਗੁਰੂ ਪਾਸ ਜਾਂਦਾ ਹਾਂ। ਨਿਤਾਪ੍ਰਤੀ ਇਸ
ਵੇਲੇ ਸੇਵਾ ਕਰਣਿ, ਅਜ ਮਛਲੀ ਭੇਟ ਲੈ ਚਲਿਆ ਹਾਂ”
।
ਇਸੇ ਪੁਰਾਤਨ ਜਨਮ ਸਾਖੀ ਚ
ਜਦੋਂ ਉਜੈਣ ਵਿੱਚ ਗੁਰੂ ਨਾਨਕ ਪਾਤਸ਼ਾਹ ਨਾਲ ਅਨਭੀ
ਸਰੇਵੜੇ ਦੇ ਮਿਲਾਪ ਦਾ ਜ਼ਿਕਰ ਆਉਂਦਾ ਹੈ ਤਾਂ ਉਥੇ ਇਸਤਰ੍ਹਾਂ ਵੇਰਵਾ ਹੈ। ਅਨਭੀ ਸਰਵੜੇ ਨੇ ਗੁਰਦੇਵ
ਤੋਂ ਪੁਛਿਆ “ਜੋ ਤੂੰ ਅੰਨ ਨਵਾਂ ਪੁਰਾਣਾ ਖਾਵਤਾ ਹੈਂ ਅਤੇ ਚੁਣ ਭੁੰਨਿ ਖਾਵਤਾ ਹੈ ਅਤੇ
ਪਾਣੀ ਠੰਡਾ ਪੀਵਤਾ ਹੈ, ਬਿਨੁ ਛਣਿਆਂ, ਸਨਿ ਝੂਣਿ ਝੂਣਿ ਖਾਂਦਾ ਹੈ, ਅਤੇ ਗੁਰੂ ਕਹਾਵਦਾ ਹੈ। ਸੋ
ਤੂੰ ਕਿਆ ਗੁਣ ਪਾਇਆ ਹੈ ਜੋ ਨਿਤਾ ਪ੍ਰਤੀ ਜੀਆਂ ਮਾਰਦਾ ਹੈ।
ਗੁਰੂ ਜੀ ਨੇ ਉਹਨਾ ਦੀ ਇਸ ਵਹਿਮ ਭਰੀ ਜੀਅ ਦਇਆ ਦੇ ਸੰਬੰਧ ਵਿੱਚ ਮਾਝ ਕੀ
ਵਾਰ ਦੀ ਪਉੜੀ ੩੯ ਫ਼ਿਰ ਉਤਰ ਦਿਤਾ ਕਿ “ਜੀਆ ਮਾਰਿ ਜੀਵਾਲੇ ਸੋਈ ਅਵਰੁ ਨ ਕੋਈ ਰਖੈ
॥
ਦਾਨਹੁ ਤੈ ਇਸਨਾਨਹੁ ਵੰਜੇ ਭਸੁ ਪਈ ਸਿਰਿ ਖੁਥੈ”।
ਖੈਰ ਇਸ ਸਲੋਕ ਦਾ ਵੇਰਵਾ ਪਿਛੇ ਦੇ ਚੁਕੇ ਹਾਂ, ਦੇਖ ਲਿਆ ਜਾਵੇ ਜੀ।
ਇਸਤੋਂ ਇਲਾਵਾ ਛੇਵੇਂ, ਸੱਤਵੇਂ, ਦੱਸਵੇਂ ਪਾਤਸ਼ਾਹ ਰਾਹੀ ਸ਼ਿਕਾਰ ਖੇਡਣ ਦੀਆਂ
ਸਾਖੀਆਂ ਨੂੰ ਵੀ ਕਟਿਆ ਨਹੀਂ ਜਾ ਸਕਦਾ। ਆਖਿਰ ਇਹ ਸ਼ਿਕਾਰ ਕਿਉਂ ਖੇਡਿਆ ਜਾਂਦਾ ਸੀ ਜੇਕਰ ਉਨ੍ਹਾਂ
ਜਾਨਵਰਾਂ ਦਾ ਭੋਜਨ ਨਹੀਂ ਸੀ ਕਰਨਾ ਹੁੰਦਾ ਤਾਂ। ਹੋਰ ਲਵੋ! ਛੇਵੇਂ ਸਤਿਗੁਰਾਂ ਦੇ ਸਮੇਂ ਤੋਂ ਹੱਥ
ਵਿੱਚ ਬਾਜ਼ ਰਖਣ ਦਾ ਨੀਯਮ ਸੀ ਜੋ ਦਸਮੇਸ਼ ਪਿਤਾ ਤੀਕ ਬਰਾਬਰ ਚਾਲੂ ਰਿਹਾ। ਅਖਿਰ ਬਾਜ਼ ਦਾ ਤਾਂ ਭੋਜਨ
ਹੀ ਕੇਵਲ ਸ਼ਿਕਾਰ ਨਹੀਂ, ਬਲਕਿ ਉਸਦਾ ਤਾਂ ਜੀਵਨ ਹੀ ਅਪਣੇ ਸ਼ਿਕਾਰ ਨੂੰ ਤੱੜਫਾ ਕੇ ਮਾਰਣਾ ਹੈ।
ਸਪੱਸ਼ਟ ਹੈ ਕਿ ਅਪਣੇ ਹੱਥ ਵਿੱਚ ਬਾਜ਼ ਵੀ ਉਹੀ ਰਖ ਸਕਦਾ ਹੈ ਜਿਸਨੂੰ ਆਪ ਵੀ ਮਾਸ ਛੱਕਣ ਤੋਂ ਪਰਹੇਜ਼
ਨਾ ਹੋਵੇ। ਇਸਤੋਂ ਇਲਾਵਾ ਇਤਿਹਾਸ ਦੇ ਜਾਣਕਾਰ ਜਾਣਦੇ ਹਨ ਕਿ ਗੁਰੂ ਹਰਿਗੋਬਿੰਦ ਸਾਹਿਬ ਨਾਲ ਹਕੂਮਤ
ਦੀਆਂ ਚਾਰ ਜੰਗਾਂ ਹੋਈਆਂ ਅਤੇ ਪਹਿਲੀ ਜੰਗ ਦਾ ਕਾਰਣ ਹੀ ਉਦੋਂ ਬਣਿਆ ਜਦੋਂ ਗੁਰੂ ਕੇ ਸਿੱਖ ਸ਼ਿਕਾਰ
ਖੇਡਣ ਗਏ ਹੋਏ ਸਨ, ਅਤੇ ਉਸ ਦਾ ਵਿਸ਼ਾ ਵੀ ਬਾਜ਼ ਹੀ ਸੀ।
ਇਹ ਤਾਂ ਕੇਵਲ ਉਹ ਮਿਸਾਲਾਂ ਹਨ ਜਿਨ੍ਹਾਂ ਨੂੰ ਕੋਈ ਕੱਟ ਨਹੀਂ ਸਕਦਾ-ਇਸ
ਤੋਂ ਇਲਾਵਾ ਜੇਕਰ ਇਤਿਹਾਸ ਵਿਚੋਂ ਸਾਖੀਆਂ ਹੀ ਢੂੰਡਣੀਆਂ ਹੋਵਣ ਤਾ ਗੁਰੂ ਸਾਹਿਬਾਨ ਦੇ ਸਮੇਂ ਦਾ
ਅਤੇ ਬਾਦ ਦਾ ਇਤਿਹਾਸ ਅਜੇਹੇ ਸਬੂਤਾਂ ਨਾਲ ਭਰਿਆ ਪਿਆ ਹੈ ਜੋ ਸਾਬਤ ਕਰ ਰਿਹਾ ਹੈ ਕਿ ਸਿੱਖ ਸ਼ਿਕਾਰ
ਵੀ ਖੈਡਦੇ ਸਨ ਅਤੇ ਮਾਸ ਦੇ ਭੋਜਨ ਵਲੋਂ ਵੀ ਸਿੱਖਾਂ ਨੂੰ ਕਦੇ ਪਰਹੇਜ਼ ਨਹੀਂ ਸੀ। ਉਸਤੋਂ ਬਾਦ ਵੀ
ਜੇਕਰ ਮਾਸ ਵਿਰੋਧੀ ਸੱਜਣ ਹੱਠ ਕਰਣ ਕਿ ਗੁਰੂ ਸਾਹਿਬ ਤਾਂ ਜੀਵਾਂ ਦਾ ਸ਼ਿਕਾਰ ਉਨ੍ਹਾਂ ਦੇ ਉਧਾਰ ਲਈ
ਕਰਦੇ ਸਨ ਤਾਂ ਸ਼ਾਇਦ ਇਸਤੋਂ ਵੱਧ ਹਾਸੋਹੀਣੀ ਕੋਈ ਦੂਜੀ ਗਲ ਨਹੀਂ ਰਹਿ ਜਾਂਦੀ। ਜਿਸ ਗੁਰੂ ਦਰ ਤੇ
ਬਿਨਾਂ ਲੋੜ ਇੱਕ ਫੁਲ ਨੂੰ ਤੋੜ ਕੇ ਸੁਟਣ ਦੀ ਇਜਾਜ਼ਤ ਨਹੀਂ, ਉਥੇ ਗੁਰਦੇਵ ਬਿਨਾਂ ਲੋੜ ਜਾਨਵਰਾਂ
ਨੂੰ ਮਾਰ-ਮਾਰ ਕੇ ਕਿਉਂ ਸੁਟਦੇ ਜਾਣਗੇ? ਦਸਮੇਸ਼ ਪਿਤਾ ਰਾਹੀਂ ਤਾਂ ਸ਼ੇਰ ਦੇ ਸ਼ਿਕਾਰ ਦੀਆਂ ਸਾਖੀਆਂ
ਵੀ ਮੌਜੂਦ ਹਨ।
ਗ਼ੈਰ ਸਿੱਖ ਲਿਖਾਰੀ ਅਤੇ ਸਿੱਖਾਂ ਚ ਮਾਸ ਦਾ
ਭੋਜਨ -
ਚੂੰਕਿ ਸਾਡਾ ਇਸ ਵਿਸ਼ੇ ਨੂੰ
ਨਿਭਾਉਣ ਦਾ ਮੱਕਸਦ ਗੁਰਬਾਣੀ ਦੇ ਆਧਾਰ ਤੇ ਇਸ ਸੱਚਾਈ ਤੀਕ ਪੁੱਜਣਾ ਸੀ ਕਿ ਮਾਸ ਦੇ ਭੋਜਨ ਬਾਰੇ
ਗੁਰਬਾਣੀ ਦਾ ਕੀ ਫ਼ੈਸਲਾ ਹੈ। ਇਸ ਲਈ ਇਤਿਹਾਸਕ ਪਖੋਂ ਕੇਵਲ ਚੌਣਵੇਂ ਅਤੇ ਬਹੁਤ ਘੱਟ ਹਵਾਲੇ ਦੇਣ ਦੀ
ਕੋਸ਼ਿਸ਼ ਕੀਤੀ ਹੈ, ਫ਼ਿਰ ਵੀ ਹਵਾਲੇ ਕੇਵਲ ਉਹ ਹਨ ਜਿਨ੍ਹਾਂ ਨੂੰ ਕਟਿਆ ਨਹੀਂ ਜਾ ਸਕਦਾ। ਉਸੇਤਰ੍ਹਾਂ
ਇਸੇ ਲੜੀ ਚ ਕੇਵਲ ਦੋ ਚਾਰ ਹੀ ਅਜੇਹੇ ਹਵਾਲੇ ਵੀ ਦੇਣੇ ਚਾਹਾਂਗੇ ਜੋ ਗ਼ੈਰ ਸਿੱਖ ਇਤਿਹਾਸਕਾਰਾਂ ਅਤੇ
ਲਿਖਾਰੀਆਂ ਦੇ ਹਨ ਜਿਨ੍ਹਾਂ ਨੂੰ ਇਸ ਨਾਲ ਕੁੱਝ ਲੈਣਾ-ਦੇਣਾ ਨਹੀਂ ਕਿ ਸਿੱਖ ਮਾਸ ਦਾ ਭੋਜਨ ਛੱਕਦੇ
ਹਨ ਜਾਂ ਨਹੀਂ ਇਸਲਈ ਉਨ੍ਹਾਂ ਦੀਆਂ ਲਿਖਤਾਂ ਨੂੰ ਵੀ ਝੁੱਠਲਾਇਆ ਨਹੀਂ ਜਾ ਸਕਦਾ।
ਕੁੱਝ ਹਵਾਲੇ ਇਸਤਰ੍ਹਾਂ ਹਨ:
ਈਸਵੀ ਸੰਨ ੧੭੬੪ ਵਿੱਚ ਅਹਿਮਦ ਸ਼ਾਹ ਅਬਦਾਲੀ
ਦੇ ਨਾਲ
ਕਾਜ਼ੀ ਨੂਰ ਮੁਹੰਮਦ
ਵੀ ਆਇਆ ਸੀ।
ਉਸਨੇ ਅਪਣੀ ਕਲਮ ਰਾਹੀਂ ਸਿੱਖਾਂ ਨਾਲ ਹੋਈ ਜੰਗ ਦਾ ਵੇਰਵਾ ਦਿਤਾ ਹੈ। ਅਪਣੇ ਮੁਤੱਸਬ ਕਾਰਣ ਉਸਨੇ
ਸਿੱਖਾਂ ਲਈ ਸੱਗ ਲਫ਼ਜ਼ ਹੀ ਵਰਤਿਆ ਹੈ ਜਿਸਦਾ ਅਰਥ ਹੈ ਕੁੱਤੇ। ਉਸਦੀ ਲਿਖਤ ਜੰਗਨਾਮਾ ਫ਼ਾਰਸੀ ਭਾਸ਼ਾ
`ਚ ਹੈ। ਅਜੇਹੀ ਸ਼ਬਦਾਵਲੀ ਵਰਤਣ ਤੋਂ ਬਾਦ ਵੀ ਉਹ ਚਾਲ-ਚਲਣ ਪਖੋਂ ਸਿੱਖਾਂ ਦੀ ਰੱਜਕੇ ਤਾਰੀਫ਼ ਵੀ
ਕਰਦਾ ਤੇ ਆਪ ਹੀ ਕਹਿੰਦਾ ਹੈ ਇਨ੍ਹਾਂ ਨੂੰ ਕੁੱਤੇ ਨਾ ਆਖੋ, ਚਾਲ-ਚਲਣ ਚ ਇਨ੍ਹਾਂ ਦੀ ਬਰਾਬਰੀ
ਨਹੀਂ। ਅਪਣੇ ਇਸੇ ਜੰਗ ਨਾਮੇ ਚ ਉਸਨੇ ਕਈ ਥਾਵੇਂ ਸਿੱਖਾਂ ਦੀ ਖੁਰਾਕ ਦਾ ਜ਼ਿਕਰ ਜ਼ਿਕਰ ਕਰਦਿਆਂ
ਲਿਖਿਆ ਹੈ ‘ਖੁਕ ਖਾਰੋ ਪਲੀਦ’ ਜਿਸਦੇ ਅਰਥ ਹਨ ‘ਸੂਰ ਖਾਣੇ ਪਲੀਤ’ ਕਿਉਂਕਿ ਮੁਸਲਮਾਨ ਹੋਣ ਦੇ ਨਾਤੇ
ਸੂਰ ਖਾਣ ਕਰਕੇ ਉਹ ਸਿੱਖਾਂ ਨੂੰ ਪਲੀਤ ਵੀ ਕਹਿ ਰਿਹਾ ਹੈ।
ਇਸ ਤੋਂ ਬਾਦ
ਪ੍ਰਿੰਸੀਪਲ
ਗੰਡਾ ਸਿੰਘ ਅਪਣੀ ਪੁਸਤਕ ‘ਬੰਦਾ ਸਿੰਘ ਬਹਾਦੁਰ ‘ `ਚ ਕਾਸਦ ਇਬਰਤ
ਨਾਮਾ-ਖਾਫੀ ਖਾਂ ਪੰਨਾ ੧੬੩, ਇਰਵਿਨ ਪੰਨਾ ੩੨੫, ਮੁਫ਼ਤਰਾਉਲ ਪੰਨਾ ੩੫੮ ਅਤੇ ਕਨਿੰਘਮ ਪੰਨਾ ੯੩ ਦੇ
ਹਵਾਲੇ ਦੇਕੇ ਲਿਖਦੇ ਹਨ ਜਦੋਂ ਲਗਾਤਾਰ ਅੱਠ ਮਹੀਨੇ ਸਿੱਖ ਗੁਰਦਾਸਨੰਗਲ ਦੀ ਗੜ੍ਹੀ `ਚ ਘਿਰੇ ਰਹੇ
ਤਾਂ ਖਾਣ ਨੂੰ ਕੁੱਝ ਨਾ ਰਿਹਾ ਤਾਂ ਅਜੇਹੇ ਸਖਤ ਹਾਲਾਤ `ਚ ਘੋੜੇ, ਖੋਤੇ, ਡੰਗਰ, ਬਲਦ ਆਦਿ
ਜਾਨਵਰਾਂ ਨੂੰ ਝੱਟਕਾ ਕੇ ਕਚੇ ਖਾਣ ਲਈ ਵੀ ਮਜਬੂਰ ਹੋਣਾ ਪਿਆ, ਕਿਉਂਕਿ ਕਿਲੇ ਅੰਦਰ ਤਾਂ ਅੱਗ ਤੀਕ
ਬਾਲਣ ਦਾ ਪ੍ਰਬੰਧ ਨਹੀਂ ਸੀ ਰਿਹਾ। ਧਿਆਨ
ਕਰਨ ਦਾ ਵਿਸ਼ਾ ਹੈ ਕਿ ਅਜੇਹੇ ਸਖਤ ਹਾਲਾਤ `ਚ ਅਜੇਹੀ ਖੁਰਾਕ ਉਹੀ ਲੋਕ ਖਾ ਸਕਦੇ ਹਨ ਜੋ ਆਮ ਹਾਲਾਤ
`ਚ ਮਾਸ ਦਾ ਭੋਜਨ ਕਰਦੇ ਹੋਣ। ਦੂਜਾ,
ਜਿਵੇਂ ਕਿ ਦਸਿਆ ਹੈ ਕਿ ਪ੍ਰਿੰਸੀਪਲ ਗੰਡਾ ਸਿੰਘ
ਰਾਹੀਂ ਇਹ ਹਵਾਲਾ ਇੱਕ ਲਿਖਤ ਦਾ ਨਹੀਂ ਚਾਰ ਲਿਖਤਾਂ ਵਿਚੋਂ ਹੈ।
ਇਸਤੋਂ ਬਾਦ ਗਲ ਕਰਦੇ ਹਾਂ ਮਸ਼ਹੂਰ ਗ਼ੈਰ ਸਿੱਖ
ਇਤਿਹਾਸਕਾਰ
ਹਰੀਰਾਮ ਗੁਪਤਾ
ਦੀ, ਅਪਣੀ ਪੁਸਤਕ `ਚ ਲਿਖਦੇ ਹਨ “ਬੀਫ਼ (ਮੋਟੇ ਮਾਸ ਤੋਂ ਬਿਨਾ), ਫਲੈਸ਼ (ਜਾਨਵਰਾਂ ਦਾ ਮਾਸ),
ਕੁੱਕੜ, ਮੱਛੀ, ਚਾਰਪਾਏ ਜੋ ਝਟਕਾਏ ਜਾ ਸਕਣ, ਪਰ ਉਸ ਜਾਨਵਰ ਨੂੰ ਝਟਕਾਉਣ ਦੀ ਲੋੜ ਨਹੀਂ, ਜੋ
ਸ਼ਿਕਾਰ ਵਿੱਚ ਪੈਰ ਤੇ ਮਾਰਿਆ ਜਾਵੇ।
ਪੰਛੀਆਂ ਦੀ ਸਿਰੀ ਮਰੋੜਨ ਦੀ ਲੋੜ ਨਹੀਂ। ਜੰਗਲੀ ਸੂਰ ਦਾ ਸ਼ਿਕਾਰ ਸਿੱਖਾਂ ਲਈ ਹਰ ਮਨ ਪਿਆਰਾ ਸੀ ਤੇ
ਸਿੱਖ ਅਜ ਤਕ ਮਾਸ ਦੀ ਵਰਤੋਂ ਦੇ ਸ਼ੌਕੀਨ ਹਨ”।
ਇਸ ਲੜੀ `ਚ ਆਖਰੀ ਹਵਾਲਾ ਦੇਣਾ ਚਾਹਾਂਗੇ ਇੱਕ ਅੰਗ੍ਰੇਜ਼ ਕਰਨਲ ਪੋਲੀਅਰ ਦਾ।
ਉਸਨੇ ਦਿਲੀ ਤੋਂ ੨੨ ਮਈ ਸੰਨ ੧੭੭੬ ਨੂੰ ਅਪਣੀ ਇੱਕ ਰਿਪੋਰਟ ਕਰਨਲ ਆਇਰਨ ਸਾਈਡ ਨੂੰ ਬੈਲਗਰਾਮ `ਚ
ਭੇਜੀ ਜਿਸ `ਚ ਇਸਤਰ੍ਹਾਂ ਜ਼ਿਕਰ ਮਿਲਦਾ ਹੈ “ਅਟਕ ਤੋਂ ਹਾਂਸੀ, ਹਿਸਾਰ ਤੇ ਦਿਲੀ ਜੋ ਕੇਸ ਰਖ ਲੈਂਦਾ
ਹੈ, ਵਾਹਿਗੁਰੂ ਦਾ ਨਾਹਰਾ ਮਾਰਦਾ ਹੈ, ਸੂਰ ਦਾ ਮਾਸ ਖਾਂਦਾ ਹੈ, ਹੱਥ ਕੜਾ ਪਾਂਦਾ ਹੈ … “
ਇਸਤਰ੍ਹਾਂ ਗ਼ੈਰ ਸਿੱਖ ਇਤਿਹਾਸਕਾਰਾਂ ਦੀਆਂ ਗਵਾਹੀਆਂ ਸਾਬਤ ਕਰਦੀਆਂ ਹਨ ਕਿ ਮਾਸ ਦੇ ਭੋਜਨ ਬਾਰੇ
ਸਿੱਖਾਂ ਵਿਚਾਲੇ ਕਦੇ ਕੋਈ ਝਗੜਾ ਹੈ ਹੀ ਨਹੀਂ ਸੀ।
ਸਿੱਖ ਧਰਮ `ਚ ਮਾਸ ਦਾ ਝੱਗੜਾ ਕਦੋਂ ਤੋਂ? -
ਦਰਅਸਲ ਸਿੱਖ ਧਰਮ `ਚ ਮਾਸ ਛੱਕਣ ਦੇ ਵਿਰੁਧ ਝੱਗੜਾ ਕੇਵਲ ਵੀਹਵੀਂ ਸਦੀ ਦੀ ਹੀ ਉਪਜ ਹੈ। ਇਸਤੋਂ
ਪਹਿਲਾਂ ਸਿੱਖ ਧਰਮ `ਚ ਇਹ ਝੱਗੜਾ ਨਹੀਂ ਮਿਲਦਾ। ਇਹ ਵੱਖਰੀ ਗਲ ਹੈ ਕਿ ਮਨੁੱਖ ਜਾਂ ਕੋਈ ਡੇਰਾ
ਅਪਣੀ ਸੋਚ ਅਨੁਸਾਰ ਮਾਸ ਨਾ ਛੱਕਦਾ ਹੋਵੇ ਜਿਵੇਂ ਕਿ ਉਨੀਂਵੀ ਸਦੀ ਦੇ ਮੱਧ ਤੋਂ ਕੁੱਝ ਬਾਦ
ਨਾਮਧਾਰੀ ਲਹਿਰ ਚਲੀ। ਇਹ ਲੋਕ ਮਾਸ ਛੱਕਣ ਦੇ ਵਿਰੁਧ ਸਨ ਜਾਂ ਕੁੱਝ ਹੋਰ, ਫ਼ਿਰ ਵੀ ਉਹ ਸੀੰਮਾਂ
ਉਨ੍ਹਾਂ ਦੇ ਅਪਣੇ ਤੀਕ ਸੀ ਅਤੇ ਇਹ ਪੰਥਕ ਪੱਧਰ ਦਾ ਝਗੜਾ ਕਦੇ ਵੀ ਨਹੀਂ ਸੀ। ਪੰਥਕ ਪੱਧਰ ਤੇ ਮਾਸ
ਖਾਣਾ ਉਸੇ ਤਰ੍ਹਾਂ ਜਾਇਜ਼ ਸੀ ਜਿਸਤਰ੍ਹਾਂ ਮੁਸਲਮਾਨਾ, ਇਸਾਈਆਂ ਵਿਚਕਾਰ ਇਹ ਝਗੜਾ ਮੂਲੋਂ ਹੀ ਨਹੀਂ।
ਇਸ ਤੋਂ ਇਲਾਵਾ ਜਿਵੇਂ ਹੁਣ ਤੀਕ ਮਾਸ ਵਿਰੋਧੀ ਦਸੇ ਜਾਂਦੇ ਸ਼ਬਦਾਂ ਤੇ ਵਿਚਾਰ ਕਰਦੇ ਵੀ ਭਲੀ-ਭਾਂਤ
ਦੇਖ ਚੁਕੇ ਹਾਂ ਕਿ ਗੁਰਬਾਣੀ `ਚ ਮਾਸ ਨੂੰ ਭੋਜਨ ਹੀ ਸਾਬਤ ਕੀਤਾ ਹੈ, ਬਤੌਰ ਮਾਸ ਇਸਦਾ ਵਿਰੋਧ ਇੱਕ
ਵਾਰੀ ਵੀ ਨਹੀਂ ਆਇਆ। ਇਸ ਦੇ ਨਾਲ ਇੱਕ ਹੋਰ ਧਿਆਨ ਕਰਣ ਦੀ ਇਹ ਵੀ ਹੈ ਕਿ ਸਿੱਖ ਧਰਮ ਦੇ ਦਰਵਾਜ਼ੇ
ਹਰੇਕ ਵਰਗ ਧਰਮ, ਨਸਲ, ਦੇਸ਼, ਲਿੰਗ, ਉਮਰ ਦੇ ਲੋਕਾਂ ਲਈ ਸਦਾ ਖੁਲੇ ਹਨ ਇਸਤਰ੍ਹਾ ਕੁੱਝ ਲੋਕ ਅਜੇਹੇ
ਵਰਗਾਂ ਤੋਂ ਵੀ ਆ ਜਾਂਦੇ ਹਨ ਜੋ ਮਾਸ ਛੱਕਣਾ ਪਸੰਦ ਨਹੀਂ ਕਰਦੇ ਤਾਂ ਉਨ੍ਹਾਂ ਲਈ ਇਹ ਪਾਬੰਦੀ ਵੀ
ਨਹੀਂ ਕਿ ਕੋਈ ਛੱਕਦਾ ਕਿਉਂ ਨਹੀਂ।
ਉਂਝ ਵੀ ਗੁਰਬਾਣੀ `ਚ ਮਨੁੱਖਾ ਭੋਜਨ ਨੂੰ ਸਰੀਰ ਦੀ ਲੋੜ ਅਤੇ ਉਸਦੇ
ਸਿਧਾਂਤਕ ਪੱਖ ਤੋਂ ਲਿਆ ਹੈ। ਇਸ ਲਈ ਇਹ ਵੀ ਕਾਰਣ ਹੈ ਜਿਵੇਂ ਕਿਸੇ ਵੀ ਭੋਜਨ ਲਈ ਕਿਸੇ ਨੂੰ ਮਜਬੂਰ
ਨਹੀਂ ਕੀਤਾ ਜਾਂਦਾ ਅਤੇ ਨਾ ਹੀ ਸੇਧ ਦਿਤੀ ਜਾਦੀ ਹੈ ਕਿ ਅਮੁਕਾ ਭੋਜਨ ਹਰੇਕ ਲਈ ਛੱਕਣਾ ਜ਼ਰੂਰੀ ਹੈ;
ਠੀਕ ਉਨ੍ਹਾਂ ਹੀ ਲੀਹਾਂ ਤੇ ਮਾਸ ਦੇ ਭੋਜਨ ਲਈ ਵੀ ਕਿਸੇ ਦੀ ਅਪਣੀ ਇਛਾ ਤੇ ਨਿਰਭਰ ਹੈ।
ਹਾਂ ਗੁਰਬਾਣੀ `ਚ ਮਾਸ ਨੂੰ ਵਿਸ਼ਾ ਬਣਾਕੇ ਝਗੜੇ
ਪੈਦਾ ਕਰਨੇ ਅਤੇ ਇਸ ਵਿਸ਼ੇ ਉਪਰ ਖਿਚਾਤਾਣੀਆਂ ਪੈਦਾ ਕਰਣ ਵਾਲਿਆਂ ਨੂੰ ਮੂਰਖ ਕਿਹਾ ਹੈ ਜਿਵੇਂ:
“ਮਾਸੁ ਮਾਸੁ ਕਰਿ ਮੂਰਖੁ ਝਗੜੇ ਗਿਆਨੁ ਧਿਆਨੁ
ਨਹੀ ਜਾਣੈ
॥
ਕਉਣੁ ਮਾਸੁ ਕਉਣੁ ਸਾਗੁ ਕਹਾਵੈ ਕਿਸੁ ਮਹਿ
ਪਾਪ ਸਮਾਣੇ”
(ਪੰ: ੧੨੮੯)।
ਇਨ੍ਹਾਂ ਦੋਨਾਂ ਸਲੋਕਾਂ ਉਪਰ ਵੀ ਵਿਚਾਰ ਕੀਤੀ ਜਾ
ਚੁਕੀ ਹੈ, ਪਾਠਕ ਦੇਖ ਸਕਦੇ ਹਨ।
ਇਸ ਵਿਸ਼ੇ ਤੇ ਸਭ ਤੋਂ ਵੱਡਾ ਦੁਖਾਂਤ ਹੈ ਕਿ ਵਿਰੋਧੀ ਸੱਜਣਾ ਵਲੋਂ ਮਾਸ
ਛੱਕਣ ਵਿਰੁਧ ਜਿਤਨੀਆਂ ਵੀ ਰਚਨਾਵਾਂ ਮਾਰਕੀਟ `ਚ ਪੁਜੀਆਂ, ਸਾਰੀਆਂ ਦੇ ਅੰਦਰ ਸਤਿਕਾਰਜੋਗ
ਲਿਖਾਰੀਆਂ ਨੇ ਅਪਣੇ ਕਥਨ ਨੂੰ ਸਾਬਤ ਕਰਣ ਲਈ ਜਿੰਨੇ ਵੀ ਗੁਰਬਾਣੀ ਪ੍ਰਮਾਣ ਲਏ, ਉਹ ਸਾਰੇ
ਵਿਸ਼ੇ-ਪ੍ਰਕਰਣ ਤੋਂ ਹਟ ਕੇ ਲਏ ਹਨ। ਨੀਯਮ ਅਨੁਸਾਰ ਤਾਂ ਕਿਸੇ ਪ੍ਰਮਾਣ ਲਈ ਇਕ-ਅਧੀ ਪੰਕਤੀ ਜਾਂ ਬੰਦ
ਲੈ ਲੈਣਾ, ਮਾੜੀ ਗਲ ਨਹੀਂ, ਸ਼ਰਤ ਹੈ ਕਿ ਪ੍ਰਮਾਣ, ਵਿਸ਼ੇ ਜਾਂ ਪ੍ਰਕਰਣ ਦੀ ਉਸ ਸੀਮਾਂ `ਚ ਰਹਿਕੇ
ਲਿਆ ਹੋਵੇ, ਜਿਥੋਂ ਕਿ ਉਸਨੂੰ ਚੁਕਿਆ ਹੈ। ਇਸਤੋਂ ਬਿਨਾ ਅਜੇਹਾ ਕਰਨਾ ਗੁਰਬਾਣੀ ਦੀ ਘੋਰ ਬੇਅਦਬੀ
ਹੈ ਜਿਸਤੋਂ ਪੂਰੀ ਤਰ੍ਹਾਂ ਸੁਚੇਤ ਰਹਿਣ ਦੀ ਲੋੜ ਹੈ।
ਇਹੀ ਦੁਖਾਂਤ ਇਥੇ ਹੋਇਆ ਕਿ ਜਦੋਂ ਮਾਸ ਦੇ ਭੋਜਨ ਵਿਰਧੁ ਵਰਤੇ ਗਏ ਉਨ੍ਹਾਂ
ਹੀ ਪ੍ਰਮਾਣਾ ਨੂੰ ਇੱਕ ਇਕ ਕਰਕੇ, ਪ੍ਰਮਾਣ ਦੇ ਮੂਲ਼ ਸੰਦਰਭ `ਚ ਲਿਆ ਤਾਂ ਇੱਕ ਵੀ ਪ੍ਰਮਾਣ ਅਜੇਹਾ
ਸਾਬਤ ਨਹੀਂ ਹੋ ਸਕਿਆ ਜੋ ਮਾਸ ਵਾਲੇ ਭੋਜਨ ਦੇ ਵਿਰੁਧ ਆਇਆ ਹੋਵੇ। ਬਹੁਤੇ ਪ੍ਰਮਾਣ ਤਾਂ ਉਹ ਸਾਬਤ
ਹੋਏ, ਜਿਨ੍ਹਾਂ ਸ਼ਬਦਾਂ ਜਾਂ ਰਚਨਾਵਾਂ ਦਾ ਮਾਸ ਦੇ ਭੋਜਨ ਨਾਲ ਦੂਰ ਦਾ ਵੀ ਸੰਬੰਧ ਹੀ ਨਹੀਂ ਸੀ ਅਤੇ
ਪ੍ਰਕਰਣ ਹੀ ਦੂਜੇ ਸਨ। ਫ਼ਿਰ ਉਨ੍ਹਾਂ ਵਿਚੋਂ ਉਹ ਪ੍ਰਮਾਣ ਵੀ ਸਾਬਤ ਹੋਏ ਜਿਨ੍ਹਾਂ ਰਾਹੀੰ ਉਲਟਾ ਮਾਸ
ਨੂੰ ਬਾਕਾਇਦਾ ਭੋਜਨ ਦਸਿਆ ਹੋਇਆ ਸੀ, ਮਾਸ ਦਾ ਵਿਰੋਧ ਨਹੀਂ ਸੀ ਕੀਤਾ ਹੋਇਆ।
ਗੁਰਬਾਣੀ ਪਖੋਂ ਅਗਿਆਨਤਾ ਅਤੇ ਸੰਬੰਧਤ
ਲਿਖਤਾਂ-
ਇਸਤੋਂ ਬਾਦ ਸੁਆਲ ਪੈਦਾ ਹੁੰਦਾ ਹੈ, ਜਦੋਂ ਵੀਹਵੀਂ ਸਦੀ
ਦੇ ਅਰੰਭ `ਚ ਅਚਾਨਕ ਮਾਸ ਵਿਰੋਧੀ ਰਚਨਾਵਾਂ ਮਾਰਕੀਟ `ਚ ਆਈਆਂ ਤਾਂ ਗੁਰਬਾਣੀ ਸਿਧਾਂਤ ਦੇ ਵਿਰੁਧ
ਉਹ ਰਚਨਾਵਾਂ ਮਾਰਕੀਟ ਅਤੇ ਸੰਗਤਾਂ ਵਿਚਕਾਰ ਅਪਣੀ ਜਗ੍ਹਾ ਬਣਾਉਣ `ਚ ਕਿਵੇਂ ਸਫਲ ਹੋ ਗਈਆਂ? ਉਸਦਾ
ਵੀ ਕਾਰਣ ਹੈ ਅਤੇ ਉਹ ਕਾਰਣ ਹੈ, ਸੰਨ ੧੭੧੬ ਬਾਬਾ ਬੰਦਾ ਸਿੰਘ ਜੀ ਦੀ ਸ਼ਹਾਦਤ ਤੋਂ ਬਾਦ ਪੰਥ ਅੰਦਰ
ਅਨੇਕਾਂ ਵਿਰੋਧੀ ਸਾਜ਼ਿਸ਼ਾਂ ਦਾ ਦੌਰ ਚਲਿਆ। ਸੰਗਤਾਂ ਵਿਚੋਂ ਗੁਰਬਾਣੀ ਜੀਵਨ-ਸੋਝੀ ਨੂੰ ਲਗਾਤਾਰ
ਦਿਨੋਦਿਨ ਕੇਵਲ ਘਟਾਇਆ ਹੀ ਨਹੀਂ ਗਿਆ ਬਲਕਿ ਗੁਰੂਡੰਮ ਆਦਿ ਦੇ ਅਤੇ ਹੋਰ ਕਾਫੀ ਬਖੇੜੇ ਖੜੇ ਕੀਤੇ
ਗਏ ਅਤੇ ਇਹ ਖੇਡ ਅਜ ਤੀਕ ਜਾਰੀ ਹੈ। ਉਸੇ ਸਾਰੇ ਦਾ ਨਤੀਜਾ ਸੀ ਕਿ ਜਦੋਂ ਵੀਹਵੀਂ ਸਦੀ ਦੇ ਅਰੰਭ `ਚ
ਅਜੇਹੀਆਂ ਲਿਖਤਾਂ ਮਾਰਕੀਟ `ਚ ਆਉਣੀਆ ਅਰੰਭ ਹੋਈਆਂ ਤਾਂ ਸੰਗਤਾਂ ਵਿਚੋਂ ਗੁਰਬਾਣੀ ਜੀਵਨ ਅਤੇ ਸੋਝੀ
ਬਹੁਤ ਘੱਟ ਚੁਕੀ ਸੀ। ਅਜੇਹੇ ਅਗਿਆਨਤਾ ਦੇ ਹਾਲਾਤਾਂ `ਚ ਜੋ ਕੁੱਝ ਮਿਲਦਾ ਗਿਆ, ਸੱਤ-ਬਚਨ ਹੁੰਦਾ
ਗਿਆ।
ਦੂਜੇ ਪਾਸੇ ਮੂਲ ਰੂਪ ਚੂੰਕਿ ਇਹ ਪੰਥਕ ਝਗੜਾ ਅਤੇ ਵਿਸ਼ਾ ਹੈ ਹੀ ਨਹੀਂ ਸੀ;
ਇਸਲਈ ਉਨ੍ਹਾਂ ਲਿਖਤਾਂ ਵਲ ਜਾਂ ਤਾਂ ਬਹੁਤਿਆਂ ਦਾ ਧਿਆਨ ਹੀ ਨਹੀਂ ਗਿਆ ਅਤੇ ਜੇ ਕੁੱਝ ਦਾ ਗਿਆ ਵੀ
ਤਾਂ ਉਨ੍ਹਾਂ ਨੇ ਉਤਰ ਦੇਣ ਦੀ ਬਹੁਤੀ ਜ਼ਰੂਰਤ ਹੀ ਮਹਿਸੂਸ ਨਾ ਕੀਤੀ। ਇਸਦੇ ਨਾਲ ਹੀ ਇਸਤਰ੍ਹਾਂ ਦੇ
ਵਿਰੋਧੀ ਪ੍ਰਭਾਵਾਂ ਦੀ ਪੱਕੜ `ਚ ਆ ਚੁਕੀਆਂ ਸੰਗਤਾਂ ਵਿਚਾਲੇ, ਵਿਰੋਧੀ ਸੋਚਣੀ ਵੀ ਅਪਣੀ ਜਗ੍ਹਾ
ਬਣਾਂਦੀ ਅਤੇ ਅਪਣੀਆਂ ਜੜ੍ਹਾ ਜੰਮਾਂਦੀ ਗਈ। ਇਹੀ ਕਾਰਣ ਹੈ ਕਿ ਹੱਥਲੀ ਲਿਖਿਤ “ਕਉਣੁ ਮਾਸੁ
ਕਉਣੁ ਸਾਗੁ ਕਹਾਵੈ”
(ਪੰ:
1289)
`ਚ ਹਰੇਕ ਉਸ ਪ੍ਰਮਾਣ ਨੂੰ ਘੋਖਣ
ਅਤੇ ਸੰਗਤਾਂ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਜਿਹੜੇ ਮਾਸ ਵਿਰੋਧੀ ਸੱਜਣਾਂ ਨੇ ਮਾਸ ਛੱਕਣ
ਵਿਰੁਧ ਵਰਤੇ ਹਨ। ਪਰ ਹਰੇਕ ਪ੍ਰਮਾਣ ਸਮੇਂ ਗਲ ਉਹੀ ਸਾਬਤ ਹੋਈ ਜਿਸਦਾ ਵਰਣਨ ਕਰ ਚੁਕੇ ਹਾਂ।
ਅੰਤਕਾ-
੧. ਮਾਸ- ਧਰਮ ਦਾ ਵਿਸ਼ਾ ਨਹੀਂ ਨਿਰੋਲ ਭੋਜਨ ਦਾ ਵਿਸ਼ਾ ਹੈ। ਜੈਨ, ਜਾਂ ਸ਼ੈਵ ਮੱਤ ਕੁੱਝ ਹਿੰਦੂ
ਫ਼ਿਰਕਿਆਂ ਨੂੰ ਛੱਡਕੇ ਇਸਨੂੰ ਬਦੋਬਦੀ ਧਰਮ ਦਾ ਵਿਸ਼ਾ ਬਨਾਉਣਾ ਗਲਤੀ ਹੈ। ਸੰਪੂਰਣ ‘ਗੁਰੂ ਗ੍ਰੰਥ
ਸਾਹਿਬ ਜੀ’ ਅੰਦਰ ਭੋਜਨ ਵਜੋਂ ਮਾਸ ਦਾ ਕਿੱਧਰੇ ਵੀ ਵਿਰੋਧ ਨਹੀਂ ਬਲਕਿ ਪ੍ਰੋੜਤਾ ਹੀ ਮਿਲਦੀ ਹੈ।
੨. ਗੁਰੂਦਰ ਤੇ ਸ਼ਰਾਬ, ਭੰਗ, ਅਫ਼ੀਮ ਆਦਿ ਨਸ਼ਿਆਂ ਦੀ ਜਿਹੜੇ ਕਿ ਸਾਡੇ ਖੂਨ
ਦੇ ਦੌਰੇ ਨੂੰ ਵਿਗਾੜਦੇ ਹਨ, ਪੂਰਣ ਮਨਾਹੀ ਹੈ ਅਤੇ ਇਸ ਸੰਬੰਧੀ ਗੁਰਬਾਣੀ `ਚ ਬਹੁਤੇਰੇ ਪ੍ਰਮਾਣ
ਮੌਜੂਦ ਹਨ। ਵਿਭਚਾਰ, ਸ਼ਰਾਬ ਦੇ ਚਸਕਿਆਂ ਲਈ ਸ਼ਰਾਬ ਦੇ ਨਾਲ ਮਾਸ, ਨਮਕੀਨ, ਸੋਡਾ, ਰੋਟੀਆਂ ਜਾਂ
ਕੁੱਝ ਵੀ ਹੋਵੇ। ਮੂਲ ਰੂਪ `ਚ ਉਸ ਸਮੇਂ ਵੀ ਵਿਰੋਧ ਮਾਸ ਜਾਂ ਵਸਤਾਂ ਦਾ ਨਹੀਂ, ਵਿਰੋਧ ਫ਼ਿਰ ਵੀ
ਸ਼ਰਾਬ, ਨਸ਼ੇ, ਵਿਭਚਾਰ ਦਾ ਹੀ ਹੈ।
੩. ਮਾਸ ਖਾਣ ਲਈ ‘ਸਿੱਖ ਰਹਿਤ ਮਰਿਆਦਾ’ ਅਨੁਸਾਰ ਕੇਵਲ ਕੁੱਠਾ ਹੀ ਵਰਜਿਤ
ਹੈ। ਇਸਦੇ ਲਈ ਉਥੇ ਵੇਰਵਾ ਵੀ ਦਿਤਾ ਹੋਇਆ ਹੈ ਕਿ ਮੁਸਲਮਾਨੀ ਸ਼ਰਹ ਅਨੁਸਾਰ ਜਿਸਨੂੰ ਹਲਾਲ ਕਿਹਾ
ਜਾਂਦਾ ਹੈ। ਸਪੱਸ਼ਟ ਹੈ ਕਿ ਗੁਰੂ ਕਾ ਸਿੱਖ ਕੁੱਠੇ (ਹਲਾਲ) ਤੋਂ ਇਲਾਵਾ ਬਾਕੀ ਹਰਤਰ੍ਹਾਂ ਦਾ ਮਾਸ
ਜੋ ਸਰੀਰ, ਸੁਭਾਅ, ਸੇਹਤ ਜਾਂ ਲੋੜ ਅਨੁਸਾਰ ਹੋਵੇ, ਛੱਕ ਸਕਦਾ ਹੈ।
੪. ਪਾਣੀ, ਹਵਾ, ਸੁਆਸ ਦੇ ਜੀਵਾਂ ਤੋਂ ਲੈਕੇ ਫਲ, ਫੁਲ, ਅਨਾਜ-ਹਰੇਕ ਵਸਤੂ
ਅੰਦਰ ਜੀਵਨ ਦਾ ਸਿਧਾਂਤ ਇਕੋ ਹੀ ਹੈ ਅਤੇ ਉਹੀ ਮਨੁੱਖਾ ਜੀਵਨ ਅੰਦਰ ਵੀ ਹੈ। ਸਭ ਦਾ ਮੂਲ਼ ਪੰਜ
ਤੱਤਾਂ ਤੋਂ ਬਣੇ ਸਰੀਰ ਹਨ। ਹਰੇਕ ਜੀਵ ਸ਼੍ਰੇਣੀ ਦਾ ਜੀਵਨ ਦੂਜੀਆਂ ਜੀਵ ਸ਼੍ਰੇਣੀਆਂ ਉਪਰ ਆਸ਼੍ਰਤ ਹੈ।
ਪ੍ਰਭੁ ਅੰਸ਼ ਦੇ ਪ੍ਰਵੇਸ਼ ਬਾਦ-ਨਸਲ, ਜੂਨੀ ਜਾਂ ਖਾਣੀ ਮੁਤਾਬਕ ਰੂਪ, ਗੁਣ, ਸ਼ਕਲ ਤਿਆਰ ਹੋ ਜਾਂਦੀ
ਹੈ। ਪ੍ਰਭੁ ਦਾ ਉਹੀ ਅੰਸ਼ ਅੱਡ ਹੋਣ ਤੇ ਬਾਕੀ ਤਾਂ ਉਸਦੀ ਮਿਟੀ ਹੀ ਵਰਤੀ ਜਾਂਦੀ ਹੈ, ਜੀਵ ਨਾਸ
ਨਹੀਂ ਹੁੰਦਾ।
੫. ਮਨੁੱਖਾ ਜੂਨੀ, ਕਰਤੇ ਵਲੋਂ ਸਾਰੀਆਂ ਜੂਨੀਆਂ ਚੋਂ ਸ਼੍ਰੇਸ਼ਠ ਤੇ ਸ਼੍ਰੋਮਣੀ
ਜੂਨੀ ਹੈ ਬਾਕੀ ਸਾਰੀਆਂ ਜੂਨੀਆਂ ਇਸਦੀਆਂ ਪਾਣੀਹਾਰ ਹਨ। ਤਾਕਿ ਮਨੁੱਖ ਅਨੇਕਾਂ ਜੂਨੀਆਂ ਦੇ ਰੂਪ `ਚ
ਕਰਤੇ ਦੀਆਂ ਦਾਤਾਂ ਨੂੰ ਵਰਤਦਾ ਹੋਇਆ ਪ੍ਰਭੁ ਸਿਮਰਨ ਰਾਹੀਂ, ਕਰਤੇ `ਚ ਅਭੇਦ ਹੋ ਸਕੇ ਅਤੇ ਮੁੜ
ਜਨਮਾਂ ਦੇ ਗੇੜ੍ਹ `ਚ ਨਾ ਫਸੇ।
੬. ਅਕਾਲਪੁਰਖ ਵਲੋਂ ਹੀ ਹਰੇਕ ਜੀਵ ਦਾ ਭਿੰਨ ਭਿੰਨ ਭੋਜਨ ਨੀਯਤ ਕੀਤਾ ਹੋਇਆ
ਹੈ, ਡਾਕਟਰੀ ਵਿਗਿਆਨ ਰਾਹੀ ਸਾਬਤ ਹੋ ਚੁਕਾ ਹੈ ਕਿ ਹਰੇਕ ਜੀਵ ਸ਼੍ਰੇਣੀ ਲਈ ਕਰਤੇ ਵਲੋਂ ਜੋ ਭੋਜਨ
ਕਾਇਮ ਕੀਤਾ ਗਿਆ ਹੈ ਉਸਨੂੰ ਸਮਝਣ ਲਈ ਕੁੱਝ ਨੁੱਕਤੇ ਹੁੰਦੇ ਹਨ। ਉਹ ਇਹ ਹਨ ਕਿ ਸੰਬੰਧਤ ਜੀਵ
ਸ਼੍ਰੇਣੀ ਅੰਦਰ, ਜੀਵ ਦਾ ਮੂੰਹ ਉਸ ਭੋਜਨ ਨੂੰ ਸਵੀਕਾਰੇ, ਉਸਦਾ ਮੇਦਾ ਭਾਵ ਹਾਜ਼ਮਾ ਉਸ ਭੋਜਨ ਨੂੰ
ਹਜ਼ਮ ਕਰਨ `ਚ ਸਹਾਈ ਹੋਵੇ ਅਤੇ ਅਮੁਕਾ ਭੋਜਨ ਅਮੁਕੇ ਸਰੀਰ ਦੀ ਸੇਹਤ, ਸੰਭਾਲ ਤੇ ਵਾਧੇ `ਚ ਸਹਾਈ
ਹੋਵੇ। ਇਸ ਮਾਪਦੰਡ ਅਨੁਸਾਰ ਮਾਸ ਬਿਨਾ ਸ਼ੱਕ ਮਨੁਖਾ ਸਰੀਰ ਦੀ ਖੁਰਾਕ ਹੈ ਅਤੇ ਮਨੁੱਖਾ ਲਈ ਭੋਜਨ
ਸਾਬਤ ਹੁੰਦਾ ਹੈ।
੭. ਕਰਤੇ ਦੀ ਰਚਨਾ `ਚ ਕੁੱਝ ਜੀਵ ਅਜੇਹੇ ਹਨ ਜਿਨ੍ਹਾਂ ਦਾ ਭੋਜਨ ਹੀ ਹਰੇ
ਪਤੇ ਘਾਸ, ਸਬਜ਼ੀਆਂ ਹੀ ਹੈ, ਉਹ ਮਾਸ ਦਾ ਭੋਜਨ ਨਹੀਂ ਕਰ ਸਕਦੇ। ਦੂਜੇ ਹਨ ਜੋ ਕੇਵਲ ਮਾਸ ਖਾ ਸਕਦੇ
ਹਨ-ਸਬਜ਼ੀਆਂ ਹਰੇ ਪਤੇ, ਘਾਹ ਆਦਿ ਨਹੀਂ ਖਾ ਸਕਦੇ। ਤੀਜੇ ਹਨ ਜੋ ਹਰੀ ਸਬਜ਼ੀਆਂ, ਮਾਸ ਦੋਵੇ ਤਰ੍ਹਾਂ
ਦੇ ਭੋਜਨ ਖਾ ਸਕਦੇ ਹਨ। ਫ਼ਰਕ ਹੈ ਤਾਂ ਇਨ੍ਹਾ ਤਿੰਨਾ ਸ਼੍ਰੇਣੀਆਂ `ਚ ਜੀਵਾਂ ਨੂੰ ਜਬਾੜੇ ਹੀ
ਵੱਖ-ਵੱਖ ਮਿਲੇ ਹਨ। ਇਸ ਆਧਾਰ ਤੇ ਵੀ ਮਨੁੱਖ ਤੀਜੀ ਸ਼੍ਰੇਣੀ `ਚ ਹੀ ਆਉਂਦਾ ਹੈ। ਹੋਰ ਵਰਵੇ `ਚ
ਜਾਵੀਏ ਤਾਂ ਜੀਵਾਂ ਦੀਆ ਹੋਰ ਵੀ ਕਈ ਸ਼੍ਰੇਣੀਆਂ ਹਨ ਪਰ ਮੋਟੇ ਤੌਰ ਤੇ ਇਸ ਪਖੋਂ ਤਿੰਨ ਹੀ ਹਨ।
੮. ਜੇਕਰ ਸਚਮੁੱਚ ਮਾਸ ਖਾਣਾ ਹੀ ਜੀਵ ਹੱਤਿਆ ਹੁੰਦੀ ਤਾਂ ਕਰਤੇ ਨੇ ਆਪ
ਅਜੇਹੇ ਜੀਵ ਪੈਦਾ ਕੀਤੇ ਹਨ ਜਿਨ੍ਹਾਂ ਦਾ ਭੋਜਨ ਹੀ ਦੂਜੇ ਜੀਵਾਂ ਦਾ ਸ਼ਿਕਾਰ ਜਾਂ ਕੀੜੇ, ਮਕੌੜੇ,
ਡੱਡੀਆਂ, ਮੱਛੀਆਂ ਹਨ। ਜਿਵੇਂ ਸ਼ੇਰ, ਬਘਿਆੜ, ਚੀਤੇ, ਬਾਜ਼, ਕੂਹੀਆਂ, ਚਰਗੇ, ਆੜ, ਬਗੁਲੇ. ਛਿੱਪਕਲੀ
ਆਦਿ। ਆਖਿਰ ਇਨ੍ਹਾਂ ਸਾਰਿਆ ਦਾ ਕਰਤਾ ਵੀ ਉਹੀ ਜੋ ਸਾਰਿਆਂ ਦਾ ਹੈ। ਜੇਕਰ ਇਸੇ ਦਾ ਨਾਮ ਜੀਵ ਹਤਿਆ
ਹੈ ਤਾਂ ਕਰਤਾ ਜਾਂ ਤਾਂ ਇਹ ਜੀਵ ਹੀ ਨਾ ਘੜਦਾ ਜਾਂ ਉਨ੍ਹਾਂ ਦਾ ਭੋਜਨ ਹੀ ਦੂਜਾ ਬਣਾਂਦਾ। ਇਨ੍ਹਾਂ
ਵਿਚੋਂ ਬਾਜ਼ ਤਾਂ ਅਜੇਹਾ ਜੀਵ ਹੈ ਜੋਕਿ ਜੀਵ ਨੂੰ ਮਾਰਦਾ ਹੀ ਤੱੜਫਾ-ਤੱੜਫਾ ਕੇ ਹੈ। ਜਦੋਕ ਇਹੀ ਬਾਜ਼
ਛੇਵੇਂ ਤੋ ਦਸਵੇਂ ਪਾਤਸ਼ਾਹ ਤੀਕ ਗੁਰਦੇਵ ਇਸਨੂੰ ਸਦਾ ਅਪਣੇ ਨਾਲ ਰਖਦੇ ਅਤੇ ਉਸਦੇ ਭੋਜਨ ਲਈ ਉਸਨੂੰ
ਸ਼ਿਕਾਰ ਵੀ ਕਰਵਾਉਂਦੇ ਸਨ।
੯. ਗੁਰੂ ਨਾਨਕ ਪਾਤਸ਼ਾਹ ਦੇ ਆਗਮਨ ਤੋਂ ਉਨ੍ਹੀਵੀਂ ਸਦੀ ਦੇ ਅੰਤ ਤੀਕ ਪੰਥ
`ਚ ਮਾਸ ਬਾਰੇ ਸਾਖੀਆਂ ਤਾਂ ਬਹੁਤ ਮਿਲਦੀਆਂ ਹਨ ਪਰ ਝਗੜਾ ਉਕਾ ਹੀ ਨਹੀਂ ਮਿਲਦਾ। ਕਈ ਘਟਣਾਵਾਂ ਤੇ
ਸਾਖੀਆ ਅਜੇਹੀਆਂ ਮਿਲਦੀਆਂ ਹਨ ਜਿੱਥੇ ਮਾਸ ਦੇ ਭੋਜਨ ਦਾ ਖੁੱਲਮ-ਖੁਲਾ ਵਰਣਨ ਹੈ। ਬਲਕਿ ਇਨ੍ਹਾਂ
ਵਿਚੋਂ ਕੁੱਝ ਇਤਿਹਾਸਕ ਘਟਨਾਵਾਂ ਦੀ ਤੋੜ-ਮਰੋੜ ਤੇ ਉਨ੍ਹਾਂ ਉਪਰ ਕਿਉਂ-ਕਿੰਤੂ ਉਦੋ ਸ਼ੁਰੂ ਹੋਇਆ
ਜਦੋਂ ਵੀਹਵੀ ਸਦੀ ਦੇ ਅਰੰਭ `ਚ, ਗੁਰਬਾਣੀ ਪੰਕਤੀਆਂ ਨੂੰ ਜਾਣੇ-ਅਣਜਾਣੇ ਪ੍ਰਕਰਣ ਵਿਰੁਧ ਤੋੜ-ਮਰੋੜ
ਕੇ ਸੰਗਤਾਂ ਵਿਚਾਲੇ ਪ੍ਰਚਲਤ ਕੀਤਾ ਗਿਆ। ਇਨ੍ਹਾਂ ਵਿਰੋਧੀ ਰਚਨਾਵਾਂ ਕਾਰਣ ਬਲਦੀ ਤੇ ਤੇਲ ਵਾਲੀ ਗਲ
ਇਸਲਈ ਬਣ ਗਈ ਕਿ ਤਦਤੀਕ ਸੰਗਤਾਂ ਵਿਚਾਲੇ ਗੁਰਬਾਣੀ ਜੀਵਨ ਬਾਰੇ ਅਗਿਆਨਤਾ ਅਤੇ ਗੁਰਬਾਣੀ ਸੋਝੀ ਦੀ
ਘਾਟ ਹਦੋਂ ਵੱਧ ਚੁਕੀ ਸੀ।
੧੦. ਘੋਖਿਆ ਜਾਵੇ ਤਾਂ ਇਸ ਬਾਰੇ ਭੁਲੇਖਾ ਨਹੀਂ ਰਹਿ ਜਾਂਦਾ ਜਦੋਂ ਵੀਹਵੀ
ਸਦੀ ਦੇ ਅਰੰਭ `ਚ ਮਾਰਕੀਟ `ਚ ਮਾਸ ਵਿਰੁਧ ਕੁੱਝ ਲਿਖਤਾਂ ਨੇ ਕਦਮ ਰਖੇ ਤਾਂ ਸੰਗਤਾਂ ਭਮਲ ਭੂਸੇ `ਚ
ਪੈਣ ਲਗ ਪਈਆਂ। ਦੂਜੇ ਪਾਸੇ ਕੌਮ `ਚ ਪਹਿਲਾਂ ਤੋਂ ਕੋਈ ਅਜੇਹੀ ਖਿਚਾਤਾਣੀ ਜਾਂ ਝਗੜਾ ਹੈ ਹੀ ਨਹੀਂ
ਸੀ। ਵੱਡੀ ਗਿਣਤੀ `ਚ ਕੌਮ ਨਿਸ਼ਚਿੰਤ ਮਾਸ ਨੂੰ ਭੋਜਨ ਵਜੋਂ ਛੱਕ ਰਹੀ ਸੀ। ਇਹੀ ਕਾਰਣ ਸੀ ਕਿ ਕੌਮ
ਨੇ ਮਾਸ ਦੇ ਹੱਕ `ਚ ਲਿਖਣ ਦੀ ਜਾਂ ਇਸ ਬਾਰੇ ਗੁਰਬਾਣੀ ਵਿਸ਼ਲੇਸ਼ਣ ਦੇਣ ਦੀ ਬਹੁਤੀ ਲੋੜ ਹੀ ਨਹੀਂ
ਸਮਝੀ।
੧੧. ਗਲਤੀ ਭਾਵੇਂ ਅਣਜਾਣੇ `ਚ ਹੋਈ ਹੋਵੇ, ਇਸਤੋਂ ਵਿਰੋਧੀ ਤਾਕਤਾਂ ਨੇ
ਭਾਂਪ ਲਿਆ ਕਿ ਸਿੱਖਾਂ `ਚ ਖੰਡੇ ਦੀ ਪਾਹੁਲ ਲਈ ਮਾਸ ਵਿਰੁਧ ਪ੍ਰਚਾਰ ਦਾ ਸਿੱਟਾ ਕੀ ਹੋਵੇਗਾ?
ਉਨ੍ਹਾਂ ਸਮਝ ਲਿਆ ਕਿ ਜਦੋਂ ਪਾਹੁਲ ਲੈਣ ਦਾ ਮੱਤਲਬ ਹੀ ਮਾਸ ਭੋਜਨ ਦਾ ਤਿਆਗ ਹੋ ਜਾਵੇਗਾ ਤਾਂ
ਬਹੁਤੇ ਸਿੱਖ ਮਾਸ ਦਾ ਛੱਕਣਾ ਤਾਂ ਛੱਡਣਗੇ ਨਹੀਂ, ਇਸਤਰ੍ਹਾਂ ਪਾਹੁਲ ਤੋਂ ਦੂਰ ਹੁੰਦੇ ਜਾਣਗੇ। ਤੀਰ
ਨਿਸ਼ਾਨੇ ਤੇ ਬੈਠਾ। ਇਸ ਤਰਹਾਂ ਜਦੋਂ ਨੋਜੁਆਨ ਹੀ ਖੰਡੇ ਦੀ ਪਾਹੁਲ ਤੋਂ ਦੂਰ ਹੁੰਦੇ ਗਏ ਤਾਂ
ਉਨ੍ਹਾਂ ਲਈ ਦੂਜਾ ਰਸਤਾ ਤਾਂ ਹੈ ਹੀ ਉਲਟਾ ਸੀ। ਮਾਸ ਛੱਡਣ ਤੋਂ ਡਰਦੇ ਜਦੋਂ ਪਾਹੁਲ ਤੋਂ ਫਾਸਲਾ
ਵਧਿਆ ਤਾਂ ਪਨੀਰੀ ਡੁੱਬਦੀ ਗਈ ਸ਼ਰਾਬ, ਵਿਭਚਾਰ, ਨਸ਼ਿਆਂ `ਚ ਨਤੀਜਾ ਅਜ ਲਗਭਗ ਸਾਰਾ ਪੰਜਾਬ ਪਤਿੱਤ
ਹੋਇਆ ਪਿਆ ਹੈ ਜਿਸ `ਚ ਇਹ ਇੱਕ ਬਹੁਤ ਵੱਡਾ ਕਾਰਣ ਹੈ।
੧੨. ਉਸੇ ਦਾ ਨਤੀਜਾ, ਇਸੇ ਦੌੜ `ਚ ਅਜ ਪੰਜਾਬ ਦਾ ੯੫% ਤੋਂ ਉਪਰ ਸਿੱਖ
ਬੱਚਾ-ਬੱਚੀ ਪਤਿੱਤ ਹੋਕੇ ਇਧਰ ਉਧਰ ਭੱਟਕ ਚੁਕਾ ਹੈ। ਕਿਉਂਕਿ ਪਾਹੁਲ (ਅੰਮ੍ਰਿਤ ਛਕਾਉਣ) ਦੀ
ਪ੍ਰੀਭਾਸ਼ਾ ਗੁਰਬਾਣੀ ਆਧਾਰਤ ਘੱਟ ਅਤੇ ਹਰੇਕ ਦੀ ਅਪਣੀ ਘੜੀ ਵੱਧ ਹੈ।
੧੩. ਇਥੋਂ ਤੀਕ ਕਿ “ਵਿਸਾਖੀ ੧੯੯੯ ਸਾਰੀ ਕੌਮ ਅੰਮ੍ਰਿਤਧਾਰੀ” ਵਾਲੀ ਵਕਤੀ
ਦੌੜ `ਚ ਜਦੋਂ ਇੱਕ ਪ੍ਰਵਾਰ ਦੇ ਚਾਰ ਜੀਆਂ ਨੇ ਚਾਰ ਵੱਖ-ਵੱਖ ਡੇਰਿਆਂ ਤੋਂ ਪਾਹੁਲ ਲਈ ਤਾਂ ਇਕੋ
ਪ੍ਰਵਾਰ `ਚ ਚਾਰ ਵੱਖ-ਵੱਖ ਸਿੱਖੀਆਂ ਨੇ ਜਨਮ ਲੈ ਲਿਆ। ਇੱਕ ਦੀ ਸਿੱਖੀ ਦੂਜੇ ਨਾਲ ਨਹੀ ਸੀ ਰਲ
ਰਹੀ। ਇਸ ਤਰ੍ਹਾਂ ਜਿੱਧਰ ਨਜ਼ਰ ਮਾਰੋ ਗਲ ਤੇਜ਼ੀ ਨਾਲ ਵਿਗਾੜ ਵਲ ਹੈ। ਗੁਰਬਾਣੀ ਨੂੰ ਘੋਖੇ ਬਿਨਾਂ
ਮਾਸ ਵਿਰੁਧ ਪ੍ਰਚਾਰ ਕਾਰਣ ਕਿਨਾਂ ਨੁਕਸਾਨ ਹੋ ਰਿਹਾ ਹੈ ਤੇ ਕਦੋਂ ਤੀਕ ਹੁੰਦਾ ਜਾਵੇਗਾ, ਭਾਰੀ
ਚਿੰਤਾ ਦਾ ਵਿਸ਼ਾ ਹੈ।
੧੪.”ਮਾਸ ਨਹੀ ਖਾਣਾ, ਵਾਹਿਗੁਰੂ-ਵਾਹਿਗੁਰੂ ਜਾਪ ਕਰੋ, ਗੁਰੂ ਦੀ ਖੁਸ਼ੀ
ਮਿਲੇਗੀ” ਬਸ ਉਥੇ ਇਹੀ ਸੀਮਾ ਹੈ ਸਿੱਖੀ ਦੀ। ਅਜ ਹਾਲਤ ਇਥੋਂ ਤੀਕ ਖਰਾਬ ਹੋ ਗਈ ਹੈ ਕਿ ਪੰਥ
ਵਿਚਾਲੇ ਪੈਦਾ ਹੋ ਚੁਕੇ ਇਸ ਬੇਸਿਰ ਪੈਰ ਝਗੜੇ ਤੋਂ ਰਸਤਾ ਲੈ ਕੇ, ਕਿਸੇ ਗੁੱਝੀ ਸਾਜ਼ਿਸ਼ ਅਧੀਨ
ਸਿੱਖਾਂ ਦੀ ਜਨਮ ਭੂਮੀ ਪੰਜਾਬ `ਚ ਗੋਲ ਪੱਗਾਂ, ਲੰਮੇ ਚੋਲੇ ਵਾਲਿਆਂ ਦੀਆਂ ਲਾਈਨਾ ਲਗ ਗਈਆਂ ਹਨ
ਜਿਨ੍ਹਾਂ ਦਾ ਇੱਕ ਮਾਤਰ ਨਿਸ਼ਾਨਾ ਕੌਮ ਨੂੰ ਗੁਰਬਾਣੀ ਨਾਮ ਅੰਮ੍ਰਿਤ ਤੋਂ ਤੋੜ ਕੇ ਅਪਣੀਆਂ ਦੁਕਾਨਾਂ
ਨਾਲ ਜੋੜਣਾ ਹੈ।।
੧੫. ਹੈਰਾਨੀ ਹੈ ਕਿ ਮਾਸ ਵਿਰੁਧ ਜਿੰਨੀਆਂ ਰਚਨਾਵਾਂ ਮਾਰਕੀਟ `ਚ ਆਈਆਂ ਇੱਕ
ਤਾਂ ਇਨ੍ਹਾ ਦਾ ਜਨਮ ਵੀਹਵੀ ਸਦੀ ਦਾ ਅਰੰਭ ਹੈ ਇਸਤੋਂ ਪਹਿਲਾਂ ਨਹੀਂ। ਦੂਜੀ ਵੱਡੀ ਦੁਖਦਾਈ ਗਲ ਹੈ
ਕਿ ਇਨ੍ਹਾਂ `ਚ ਜਿਨ੍ਹੇ ਗੁਰਬਾਣੀ ਪ੍ਰਮਾਣ ਵਰਤੇ ਹਨ, ਪ੍ਰਕਰਣ ਤੇ ਰਚਨਾ ਦੇ ਵਿਸ਼ੇ ਵਿਰੁਧ ਕੇਵਲ
ਅਪਣੇ ਮੱਤਲਬ ਦੀ ਇੱਕ ਜਾਂ ਅੱਧੀ ਪੰਕਤੀ ਚੁੱਕ ਕੇ ਸੰਗਤਾਂ ਨੂੰ ਭੰਮਲ ਭੂਸੇ `ਚ ਪਾਇਆ ਗਿਆ ਹੈ।
ਸੰਬੰਧਤ ਪ੍ਰਮਾਣ ਦੇ ਵੇਰਵੇ `ਚ ਜਾਵੋ ਤਾਂ ਗਲ ਹੀ ਉਲਟ ਜਾਂਦੀ ਹੈ। ਇਸ ਤਰ੍ਹਾਂ ਜਾਣੇ-ਅਣਜਾਣੇ
ਗੁਰਬਾਣੀ ਦੀ ਇਹ ਉਹ ਘੋਰ ਬੇਅਦਬੀ ਸੀ ਜਿਸ ਸਾਹਮਣੇ ਰਾਮਰਾਏ ਵਾਲੀ ਘਟਣਾ ਵੀ ਫਿਕੀ ਪੈ ਜਾਂਦੀ ਹੈ।
੧੬. ਮਨੁੱਖ ਤੋ ਮਨੁੱਖ ਜਨਮ ਲੈਂਦਾ ਹੈ, ਪੰਛੀ ਤੋਂ ਪੰਛੀ, ਪਸ਼ੂ ਤੋਂ ਪਸ਼ੂ,
ਕੀੜੇ ਮਕੌੜੇ ਤੋਂ ਕੀੜਾ ਮਕੌੜਾ, ਸੱਪ-ਬਿਛੂ ਤੋਂ ਸੱਪ ਬਿਛੂ। ਬੀਜ ਪਾਉਣਾ ਜਾਂ ਗਰਭ `ਚ ਅਸਥਾਪਨ,
ਉਪਰੰਤ ਜਨਮ, ਬੱਚਪਣ, ਜੁਆਨੀ, ਬੁੜ੍ਹਾਪਾ ਆਖਿਰ ਇੱਕ ਜਾਂ ਦੂਜੇ ਢੰਗ ਵਾਪਿਸ ਮਿੱਟੀ `ਚ ਮਿੱਟੀ ਹੋ
ਜਾਣਾ। ਜਨਮ-ਮਰਣ ਦਾ ਇਹੀ ਨੀਯਮ ਫਲ-ਪੌਧੇ, ਪਾਣੀ-ਸੁਆਸ ਕਿਰਿਆ ਦੇ ਜੀਵਾਂ ਤੀਕ ਸਾਰੀ ਰਚਨਾ `ਚ ਹੈ।
ਕਮਾਦ `ਚ ਗੰਨੇ ਤੋਂ ਲੈਕੇ ਪਸ਼ੂ, ਪੰਛੀ, ਮਨੁੱਖ ਤੀਕ ਕਰਤੇ ਦੀ ਮਾਰਣ-ਜਿਵਾਲਣ ਵਾਲੀ ਇਕੋ ਹੀ ਖੇਡ
ਚਲ ਰਹੀ ਹੈ। ਫ਼ਿਰ ਮਾਸ ਹੋਵੇ ਜਾਂ ਸਾਗ ਸਭ ਪਾਣੀ ਦੀ ਉਪਜ ਅਤੇ ਨਸਲ ਮੁਤਾਬਕ ਮਿੱਟੀ ਤੋਂ ਪ੍ਰਗਟ
ਹੋਏ ਮਿੱਟੀ ਦੇ ਹੀ ਵੱਖ-ਵੱਖ ਰੂਪ ਹਨ। ਕੇਵਲ ਪ੍ਰਗਟ ਹੋਣਾ ਹੀ ਨਹੀਂ ਬਲਕਿ ਇੱਕ ਜਾਂ ਦੂਜੇ ਢੰਗ
ਮਿੱਟੀ ਤੋਂ ਪੈਦਾ ਹੋਕੇ ਅੰਤ ਮਿੱਟੀ `ਚ ਹੀ ਮਿਲ ਜਾਂਦੇ ਹਨ।
੧੭. ਸਾਰੇ ਸੰਸਾਰ ਦੀ ਹਰਿਆਵਲ ਦਾ ਕਾਰਣ ਹਨ ਪਾਣੀ ਵਿਚਲੇ ਅਦ੍ਰਿਸ਼ਟ ਜੀਵ।
ਇਨ੍ਹਾਂ ਪਾਣੀ ਵਿਚਲੇ ਅਦ੍ਰਿਸ਼ਟ ਜੀਵਾਂ ਤੋਂ ਲੈਕੇ, ਸੰਪੂਰਣ ਰਚਨਾ `ਚ ਉਹੀ ਪੰਜ ਤੱਤਾਂ ਦੇ ਸਰੀਰ
ਹਨ। ਸੂਤਕ ਪ੍ਰਥਾਏ ਸਲੋਕ ਇਸੇ ਸੱਚਾਈ ਨੂੰ ਪ੍ਰਕਟ ਕਰ ਰਹੇ ਹਨ, ਜਦੋਂ ਗੁਰਦੇਵ ਨੇ ਮਨੁੱਖ ਦੇ ਅਤੇ
ਪਾਣੀ ਅੰਦਰਲੇ ਅਦ੍ਰਿਸ਼ਟ ਜੀਵਾਂ ਦੇ ਜਨਮ-ਮਰਣ ਨੂੰ ਬਰਾਬਰੀ ਦਿਤੀ ਹੈ। ਤਾਂ ਫ਼ਿਰ ਅਨਮਤੀ ਸੋਚਨੀ
ਅਧੀਨ ਤੱਤਾਂ ਦੀ ਭਿੰਨਤਾ ਜਾਂ ਦ੍ਰਿਸ਼ਟ-ਅਦ੍ਰਿਸ਼ਟ ਦੇ ਭਰਮ ਪਾਕੇ ਅਪਣੇ ਸਮੇਤ ਦੂਜਿਆਂ ਨੂੰ ਭੰਮਲ
ਭੂਸੇ `ਚ ਪਾਉਣ ਵਾਲੀ ਖੇਡ ਕਿਉਂ? ਕਿਸੇ ਨੂੰ ਇੱਕ ਤੱਤ ਵਾਲੇ, ਦੂਜੇ ਨੂੰ ਦੋ ਤੱਤਾਂ ਵਾਲੇ, ਕਿਸੇ
ਨੂੰ ਤਿੰਨ, ਚਾਰ ਜਾਂ ਪੰਜ ਤੱਤਾਂ ਵਾਲੇ ਜੀਵ ਦਸ ਕੇ, ਅਕਾਰਣ ਬ੍ਰਾਹਮਣੀ ਜੂਲੇ `ਚ ਫਸਣ ਤੇ ਭਰਮਾਉਣ
ਵਾਲੀ ਖੇਡ ਹੈ ਜੋ ਗੁਰਬਾਣੀ ਮੁਤਾਬਕ ਨਹੀਂ। ਇਹ ਗੁਰਮਤਿ `ਤੇ ਗੁਰਬਾਣੀ ਦਾ ਸਿੱਧਾ ਵਿਰੋਧ ਹੈ
ਜਿਥੋਂ ਬਚਣ ਦੀ ਲੋੜ ਹੈ।
੧੮. ਅਜੋਕੇ ਸਮੇਂ ਜੀਵ ਵਿਗਿਆਨ
(Biology)
ਵੀ ਸਾਬਤ ਕਰ ਚੁੱਕਾ ਹੈ ਕਿ ਹੇਰਕ ਜੀਵ ਸ਼੍ਰੇਣੀ ਦੇ ਜੀਵਨ ਦਾ ਆਧਾਰ ਦੂਜੀਆਂ ਜੀਵ ਸ਼੍ਰੇਣੀਆਂ ਹਨ।
ਗੁਰਬਾਣੀ ਨੂੰ ਸਿਦਕ ਦਿਲੀ ਨਾਲ ਵਿਚਾਰੋ, ਗੁਰਦੇਵ ਤਾਂ ਇਸਬਾਰੇ ਬਹੁਤ ਪਹਿਲਾਂ ਫ਼ੈਸਲਾ ਦੇ ਚੁਕੇ ਹਨ
ਜਿਵੇਂ “ਮਾਸੁ ਮਾਸੁ ਕਰਿ ਮੂਰਖੁ ਝਗੜੇ ਗਿਆਨੁ ਧਿਆਨੁ ਨਹੀ ਜਾਣੈ॥
ਕਉਣੁ ਮਾਸੁ ਕਉਣੁ ਸਾਗੁ ਕਹਾਵੈ ਕਿਸੁ ਮਹਿ ਪਾਪ ਸਮਾਣ”
(ਪੰ:
1289)
ਇਸਦੇ ਬਾਵਜੂਦ ਜੇਕਰ ਅਸੀਂ ਵੀ ਅਪਣੇ ਵੇਹੜੇ
ਇਹ ਝੱਗੜਾ ਪਾਕੇ ਬੈਠੇ ਰਹੀਏ ਤਾਂ ਕਰਤਾ ਹੀ ਸੁਮੱਤ ਬਖਸ਼ੇ।
੧੯. ਡਾਕਟਰੀ ਖੋਜਾਂ ਅਨੁਸਾਰ ਸਾਬਤ ਹੋ ਚੁਕਾ ਹੈ ਕਿ ਦੁੱਧ ਚਾਹੇ ਗਊ, ਮੱਝ,
ਬੱਕਰੀ ਦਾ ਹੈ ਜਾਂ ਸਿਧੇ ਤੌਰ ਤੇ ਬੱਚੇ ਦੇ ਜਨਮ ਤੋਂ ਪਹਿਲਾਂ ਉਸਦੀ ਨਾਭੀ ਰਸਤੇ ਉਸ ਬੱਚੇ ਦੀ
ਖੁਰਾਕ ਜਾਂ ਜਨਮ ਤੋਂ ਬਾਦ ਮਾਤਾ ਦੀ ਛਾਤੀ ਤੋਂ ਬੱਚੇ ਲਈ ਦੁੱਧ-ਇਹ ਸਿਧੇ ਤੌਰ ਤੇ ਖੂਨ ਦਾ ਹੀ ਤਰਲ
(Liquid)
ਰੂਪ ਹੈ। ਫ਼ਿਰ ਇਹ ਮਾਸ ਵਾਲਾ ਝੱਗੜਾ ਤਾਂ ਕੇਵਲ ਰੱਬੀ ਨੀਯਮ ਬਾਰੇ ਨਾਸਮਝੀ ਹੀ ਕਿਹਾ ਜਾ ਸਕਦਾ ਹੈ।
੨੦. ਕਰਤੇ ਦੀ ਬੇਅੰਤ ਰਚਨਾ ਅਤੇ ਸਮੂਚੇ ਸੰਸਾਰ ਪੱਧਰ ਤੇ ਸਿਵਾਏ ਭਾਰਤੀ
ਸਮਾਜ `ਚ ਕੇਵਲ਼ ਸ਼ੇਵ ਮੱਤ ਜਾਂ ਉਸਤੋਂ ਅਗੇ ਚਲਕੇ ਜੈਨ ਮੱਤ ਤੋਂ ਬਾਹਰ ਮਾਸ ਵਾਲਾ ਇਹ ਝਗੜਾ ੯੯%
ਵਸੋਂ `ਚ ਹੈ ਹੀ ਨਹੀਂ।
ਕੀ ਸਿੱਖਾਂ
ਵਿਚਾਲੇ ਇਸ ਝੱਗੜੇ ਨੂੰ ਖੜਾ ਕਰਕੇ ਅਸੀਂ ਪੰਥ ਨੂੰ ਵੀ ਗੁਰੂ ਦੇ ਨਿਆਰੇ-ਨਿਰਮਲ ਮੱਤ ਤੋਂ ਜੈਨ ਮੱਤ
ਵਲ ਧਕੇਲਣ ਦਾ ਕਾਰਣ ਤਾਂ ਨਹੀਂ ਬਣ ਰਹੇ?
੨੧. ਸੰਪੂਰਣ ਗੁਰਬਾਣੀ ਰਚਨਾ `ਚ ਜੀਅ-ਦਇਆ,
ਜੀਅ ਹਤਿਆ ਜਾਂ ਜੀਅ ਦਾ ਉਹ ਮਤਲਬ ਨਹੀਂ ਜਿਹੜਾ ਇਸ ਵਿਸ਼ੇ ਤੇ ਮਾਸ-ਵਿਰੋਧੀ ਸੱਜਣਾ ਨੇ ਵਰਤਿਆ ਹੈ
।
ਇਹ ਵੱਖਰੀ ਗਲ ਹੈ ਕਿ ਬਿਨਾ ਲੋੜ ਫੁਲ ਨੂੰ ਤੋੜ ਕੇ ਸੁੱਟ ਦੇਣ ਦੀ ਵੀ ਗੁਰੂਦਰ ਤੇ ਆਗਿਆ ਨਹੀਂ।
ਧਾਰਮਕ ਜਾਂ ਰਾਜਸੀ ਆਗੂਆਂ ਰਾਹੀ ਗਰੀਬਾਂ, ਮਜ਼ਲੂਮਾ, ਨਿਤਾਣਿਆਂ, ਨਿਮਾਣਿਆਂ ਉਪਰ ਜ਼ੁਲਮ, ਧੱਕਾ,
ਜ਼ਿਅਦਤੀ ਹੀ ਗੁਰਮਤਿ ਅਨੁਸਾਰ, ਮਜ਼ਲੂਮਾ-ਮਜਬੂਰਾਂ ਦਾ ਖੂਨ ਚੂਸਣਾ, ਕਸਾਈ ਪੁਣਾ, ਮੁਰਦਾਰ ਖਾਣਾ ਅਤੇ
ਜੀਅ ਦਇਆ ਵਿਰੁਧ ਕਰਮ ਹਨ।
੨੨. ਯਗਾਂ ਆਦਿ ਦੇ ਬਹਾਨੇ ਅਗਨ ਕੁੰਡ ਤੇ ਖੜਾ ਕਰਕੇ ਜਾਨਵਰ ਨੂੰ
ਤੜਫਾ-ਤੜਫਾ ਕੇ ਮਾਰਨਾ ਜਾਂ ਮੁਸਲਮਾਨੀ ਸ਼ਰਹ ਅਨੁਸਾਰ ਜਿਸਨੂੰ ਕਿ ਉਹ ‘ਹਲਾਲ’ ਮਾਸ ਕਹਿੰਦੇ ਹਨ,
ਜੀਵਾਂ ਨੂੰ ਅਲਾ ਤਾਲਾ ਦੇ ਨਾਮ ਤੇ ਜਾਨਵਰ ਦੀ ਸ਼ਾਹ ਰਗ ਕੱਟਕੇ ਉਸਨੂੰ ਤੜਫਾ-ਤੜਫਾ ਕੇ ਮਾਰਨਾ,
ਦੋਵੇਂ ਕਰਮ ਗੁਰੂਦਰ ਤੇ ਪ੍ਰਵਾਣ ਨਹੀਂ ਹਨ।
੨੩. ਕਿਸੇ ਕਾਰਣ ਆਪ ਹੀ ਮਿੱਥ ਲੈਣਾ ਕਿ ਮਾਸ ਦਾ ਭੋਜਨ ਗੰਦਾ ਭੋਜਨ ਹੈ ਅਤੇ
ਇਸ ਆਧਾਰ ਤੇ ਗੁਰਬਾਣੀ `ਚ ਜਿੱਥੇ-ਕਿੱਥੇ ਵੀ ਮਲ, ਮਲੇਛ, ਜੂਠ, ਅਭੱਖ, ਵਿਸ਼ਟਾ ਆਦਿ ਸ਼ਬਦਾਵਲੀ ਆਵੇ,
ਉਸਨੂੰ ਇਸੇ ਆਧਾਰ ਤੇ ਮਾਸ ਦੇ ਭੋਜਨ ਨਾਲ ਜੋੜਣਾ ਜਾਂ ਮਾਸ ਛੱਕਣ ਵਾਲਿਆਂ ਵਿਰੁਧ ਅਜੇਹੀ ਸ਼ਬਦਾਵਲੀ;
ਗੁਰਬਾਣੀ ਸੋਝੀ ਬਾਰੇ ਅਗਿਆਨਤਾ ਤਾਂ ਹੈ ਹੀ ਇਸਦੇ ਨਾਲ ਗੁਰਬਾਣੀ ਦੀ ਵੀ ਘੋਰ ਬੇਅਦਬੀ ਵੀ ਹੈ।
੨੪. ਮੁਰਦਾਰ ਦੇ ਅਰਥ ਹਨ ਪਰਾਇਆ ਹੱਕ ਜਿਸ ਦੇ ਲਈ ਗੁਰਬਾਣੀ ਨੇ ਭਰਵਾਂ
ਵਿਰੋਧ ਕੀਤਾ ਹੈ। ਇਸੇ ਆਧਾਰ ਤੇ ਮਜ਼ਲੂਮਾ, ਕਮਜ਼ੋਰਾਂ, ਨਿਤਾਣਿਆਂ ਦਾ ਖੂਨ ਚੂਸਣਾ, ਹਰਾਮ ਦੀ ਕਮਾਈ
ਭਾਵ ਪਰਾਇਆ ਹੱਕ ਖਾਣ ਵਾਲੇ ਲਈ ਗੁਰਬਾਣੀ `ਚ ਇਹ ਸ਼ਬਦਾਵਲੀ ਕਈ ਵਾਰ ਆਈ ਹੈ। ਮੁਰਦਾਰ ਦਾ ਦੂਜਾ ਅਰਥ
ਹੈ, ਪਹਿਲਾਂ ਤੋਂ ਮਰਿਆ ਜੀਵ ਜਿਸਨੂੰ ਚੰਡਾਲ ਆਦਿ ਬਹੁਤ ਨੀਵੀ ਰਹਿਣੀ ਦੇ ਲੋਕ, ਉਹ ਵੀ ਉਦੋਂ ਤੀਕ
ਜਦ ਤੀਕ ਕਿ ਜਾਨਵਰ ਅੰਦਰ ਬਦਬੂ ਹੀ ਪੈਦਾ ਨਾ ਹੋ ਜਾਵੇ ਖਾਂਦੇ ਹਨ। ਜਾਂ ਉਸ ਮੁਰਦਾਰ ਨੂੰ ਕੁਤੇ
ਗਿੱਝਾ ਖਾਂਦੀਆਂ ਹਨ। ਇਸ ਤੋਂ ਬਾਦ ਸੰਸਾਰ ਪੱਧਰ ਤੇ ਇੱਕ ਵੀ ਮਾਸਾਹਾਰੀ ਅਜੇਹੇ ਮੁਰਦਾਰ ਨੂੰ ਨਹੀਂ
ਖਾਂਦਾ। ਇਸਤਰ੍ਹਾਂ ਅਪਣੇ ਆਪ ਹੀ ਮੁਰਦਾਰ ਦੇ ਅਰਥ ‘ਮਾਸ ਖਾਣਾ’ ਘੜ ਲੈਣੇ ਕਿਸੇ ਤਰ੍ਹਾਂ ਵੀ
ਸੂਝਵਾਨਾਂ ਦੇ ਹਿੱਸੇ ਨਹੀਂ ਆਉਂਦਾ ਬਲਕਿ ਇਹ ਤਾਂ ਨਿਪਟ ਅਗਿਆਨਤਾ ਹੀ ਹੈ।
੨੫. ਜੈਨੀਆਂ ਦੇ ਗੁਰੂ ‘ਸਰੇਵੜੇ’ ਅਹਿੰਸਾ ਦੇ ਪੁਜਾਰੀ ਹੁੰਦੇ ਹਨ। ਤਾਜ਼ਾ
ਸਾਫ਼ ਪਾਣੀ ਨਹੀਂ ਪੀਂਦੇ ਕਿ ਜੀਵ-ਹਿੰਸਾ ਨਾਹ ਹੋ ਜਾਏ। ਇਸੇ ਕਾਰਨ, ਸੱਜਰੀ ਰੋਟੀ ਭੀ ਨਹੀਂ ਖਾਂਦੇ।
ਪਾਖ਼ਾਨੇ ਨੂੰ ਫੋਲਦੇ ਹਨ ਕਿ ਉਸ `ਚ ਜੀਵ ਨ ਪੈਦਾ ਹੋ ਜਾਣ। ਜੀਵ-ਹਿੰਸਾ ਤੋਂ ਡਰਦੇ ਇਸ਼ਨਾਨ ਨਹੀਂ
ਕਰਦੇ। ਜੀਵ-ਹਿੰਸਾ ਦੇ ਜਨੂੰਨ ਨੇ ਉਨ੍ਹਾਂ ਨੂੰ ਇੰਨਾ ਵਹਿਮੀ ਬਣਾ ਦਿਤਾ ਹੈ ਕਿ ਬੇਹਿਸਾਬ ਗੰਦੇ
ਰਹਿੰਦੇ ਹਨ। ਹਰੇਕ ਦੇ ਹੱਥ `ਚ ਇੱਕ ਚੌਰੀ ਹੁੰਦੀ ਹੈ, ਨੰਗੀਂ ਪੈਰੀਂ ਕੱਤਾਰ `ਚ ਟੁਰਦੇ ਹਨ, ਕਿਤੇ
ਕੋਈ ਕੀੜੀ ਪੈਰ ਹੇਠ ਆ ਕੇ ਮਰ ਨਾ ਜਾਏ। ਸਭ ਤੋਂ ਅਗਲਾ ਆਦਮੀ ਉਸ ਚੌਰੀ ਨਾਲ ਰਾਹ `ਚ ਆਏ ਕੀੜੇ ਨੂੰ
ਪਰੇ ਹਟਾਂਦਾ ਹੈ। ਆਪਣੀ ਹੱਥੀਂ ਕੋਈ ਕੰਮ ਕਾਰ ਨਹੀਂ ਕਰਦੇ, ਮੰਗ ਕੇ ਖਾ ਲੈਂਦੇ ਹਨ। ਜਿੱਥੇ ਬੈਠਦੇ
ਹਨ ਸਿਰ ਸੁੱਟ ਕੇ ਬੈਠਦੇ ਹਨ, ਨਿੱਤ ਉਦਾਸ, ਅੰਦਰ ਨਾ ਕੋਈ ਚਾਉ ਹੈ ਨਾ ਖ਼ੁਸ਼ੀ, ਜਿਵੇਂ ਫੂਹੜੀ ਪਾਈ
ਬੈਠੇ ਹੋਣ। ਦੁਨੀਆ ਗਵਾਈ ਤਾਂ ਗਵਾਈ, ਇਸਤਰ੍ਹਾਂ ਦੀਨ ਵੀ ਗੁਆ ਲੈਂਦੇ ਹਨ। ਇਕੋ ਜੀਵ-ਹਿੰਸਾ ਦਾ
ਵਹਿਮ ਲਾਈ ਰੱਖਦੇ, ਰੱਬ ਵਲੋਂ ਭੀ ਗਏ ਗਵਾਤੇ। ਇਹ ਵਿਚਾਰੇ ਇਹ ਨਹੀਂ ਸਮਝਦੇ ਕਿ ਜੀਵਾਂ ਨੂੰ ਮਾਰਨ
ਜੀਵਾਲਣ ਵਾਲਾ ਪਰਮਾਤਮਾ ਤੋਂ ਛੁਟ ਹੋਰ ਦੂਜਾ ਕੋਈ ਨਹੀਂ।
੨੬. ਵਿਚਾਰਨ ਦਾ ਵਿਸ਼ਾ ਹੈ, ਜੀਵ ਹਤਿਆ ਦੇ ਨਾਮ ਤੇ ਮਾਸ ਦੇ ਭੋਜਨ ਵਿਰੁਧ
ਜਿਹੜਾ ਰੇੜਕਾ ਅਜ ਅਸੀਂ ਅਪਣੇ ਵੇਹੜੇ ਪਾਲ ਬੈਠੇ ਹਾਂ।
ਗੁਰਬਾਣੀ ਜੀਵਨ ਤੇ ਸੇਧ ਬਾਰੇ ਅਜੋਕੇ ਵੱਧ ਚੁੱਕੇ ਅਗਿਆਨਤਾ ਦੇ ਦੌਰ
`ਚ ਜੇਕਰ ਕਲ ਸਾਡੇ ਵਿਚੋਂ ਹੀ ਕੁੱਝ ਸੱਜਣ ਜਾਂ ਕੋਈ ਅਜੇਹੀ ਸੰਸਥਾ ਉਠ ਪਈ ਅਤੇ ਇਸ ਤੋਂ ਵੀ ਦੋ
ਕੱਦਮ ਅਗੇ ਚਲ ਪਈ, ਤਾਂ ਕੀ ਗੁਰਬਾਣੀ ਜੀਵਨ ਤੋਂ ਦੂਰ, ਉਸੇ ਜੈਨੀ ਵਿਚਾਰਧਾਰਾ ਦੇ ਖੂਹ `ਚ ਤਾਂ
ਨਹੀਂ ਡੁੱਬ ਜਾਵਾਂਗੇ, ਜਿੱਥੋ ਗੁਰੂ ਸਾਹਿਬ ਦੂਜਿਆ ਨੂੰ ਕੱਢ ਰਹੇ ਹਨ?
੨੭. ਪੰਥ ਦੀ ਚਲਦੀ ਫ਼ਿਰਦੀ ਯੁਨੀਵਰਸਿਟੀ
ਪ੍ਰੋ: ਸਾਹਿਬ ਸਿੰਘ ਜੀ ਡੀ: ਲਿਟ: ਵਲੋਂ ਮਾਸ ਦੇ ਭੋਜਨ ਬਾਰੇ ਗੁਰੂ ਗ੍ਰੰਥ ਸਾਹਿਬ ਦਰਪਣ ਭਾਗ
ਨੌਵਾਂ `ਚ ਅਪਣੇ ਵਿਚਾਰ ਦਿਤੇ ਹਨ, ਜੋ ਇਸ ਲੜੀ ਚ ‘ਹਨ:
੧. ਸਿਰੀ ਰਾਗ ਮ: ੧-ਲਬੁ ਕੁਤਾ, ਕੂੜੁ ਚੂਹੜਾ-ਪੰਨਾ ੧੭੪ ੧੫
੨. ਸਿਰੀ ਰਾਗ ਮ: ੧-ਬਾਬਾ ਹੋਰੁ ਖਾਣਾ ਖੁਸੀ ਖੁਆਰੁ-ਪੰਨਾ ੧੬
੩. ਸਲੋਕ ਮ: ੧ (ਵਾਰ ਮਾਝ) -ਸਿਰੁ ਖੋਹਾਇ ਪੀਅਹਿ ਮਲਵਾਣੀ-ਪੰਨਾ
੧੪੯
੪. ਸਲੋਕ ਮ: ੧ (ਮਲਾਰ ਕੀ ਵਾਰ) -ਪਹਿਲਾਂ ਮਾਸਹੁ ਨਿੰਮਿਆ-ਪੰਨਾ
੧੨੮੯
੫. ਸਲੋਕ ਮ: ੧ (ਵਾਰ ਮਲਾਰ) -ਮਾਸੁ ਮਾਸੁ ਕਰਿ ਮੂਰਖੁ
ਝਗੜੇ-ਪੰਨਾ ੧੨੮੯
੬. ਪ੍ਰਭਾਤੀ ਕਬੀਰ ਜੀ-ਬੇਦ ਕਤੇਬ ਕਹਹੁ ਮਤ ਝੂਠੇ-ਪੰਨਾ ੧੩੫੦
੭. ਸਲੋਕ ਕਬੀਰ ਜੀ-ਕਬੀਰ ਖੂਬੁ ਖਾਨਾ ਖੀਚਰੀ-ਪੰਨਾ ੧੩੭੪
੮. ਸਲੋਕ ਕਬੀਰ ਜੀ-ਕਬੀਰ ਜੀਅ ਜੁ ਮਾਰਹਿ ਜੋਰੁ ਕਰਿ-ਪੰਨਾ ੧੩੭੫
੯. ਸਲੋਕ ਕਬੀਰ ਜੀ-ਕਬੀਰ ਭਾਂਗ ਮਾਛੁਲੀ ਸੁਰਾ ਪਾਨਿ-ਪੰਨੇ
੧੩੭੬-੭੭
ਉਪਰਲੇ ਕ੍ਰਮ ਅਨੁਸਾਰ ਸੰਖੇਪ ਵੇਰਵਾ
ਇਸਤਰ੍ਹਾਂ ਹੈ:
(੧) ਸਿਰੀ ਰਾਗ ਮ: ੧-ਲਬੁ ਕੁਤਾ, ਕੂੜੁ ਚੂਹੜਾ-ਪੰਨਾ ੧੭੪ ੧੫
ਜਿਸ ਮਨੁੱਖ ਦੇ ਮਨ ਵਿੱਚ ਦੁਨੀਆ ਦੇ ਚਸਕਿਆਂ ਤੇ ਵਿਕਾਰਾਂ ਦਾ
ਜ਼ੋਰ ਹੋਵੇ, ਉਹ ਪਰਮਾਤਮਾ ਦੇ ਨਾਮ ਵਿੱਚ ਨਹੀਂ ਜੁੜ ਸਕਦਾ
।
ਚਸਕੇ-ਵਿਕਾਰ ਤੇ ਭਗਤੀ ਇਕੋ ਹਿਰਦੇ ਵਿੱਚ ਇਕਠੇ ਨਹੀਂ ਹੋ ਸਕਦੇ। ਅਜਿਹਾ ਮਨੁੱਖ ਭਾਵੇਂ ਕਿਤਨਾ ਹੀ
ਅਕਲਈਆ ਮੰਨਿਆ-ਪ੍ਰਮੰਨਿਆ ਤੇ ਧਨੀ ਹੋਵੇ, ਉਸ ਦਾ ਜੀਵਨ ਖੇਹ-ਖ਼ੁਆਰੀ ਵਿੱਚ ਹੀ ਗੁਜ਼ਰਦਾ ਹੈ।
ਸੋਨਾ ਚਾਂਦੀ ਇਕੱਠਾ ਕਰਨ ਦਾ ਚਸਕਾ, ਕਾਮ ਦਾ ਚਸਕਾ, ਸੁਗੰਧੀਆਂ ਦੀ ਲਗਨ, ਘੋੜਿਆਂ ਦੀ ਸਵਾਰੀ
ਦਾ ਸ਼ੌਕ, ਨਰਮ ਸੇਜਾਂ ਤੇ ਸੋਹਣੇ ਮਹਲ-ਮਾੜੀਆਂ ਦੀ ਲਾਲਸਾ, ਸੁਆਦਲੇ ਮਿੱਠੇ ਪਦਾਰਥ ਤੇ ਮਾਸ ਖਾਣ ਦਾ
ਚਸਕਾ-ਜੇ ਮਨੁੱਖਾ ਸਰੀਰ ਨੂੰ ਇਤਨੇ ਚਸਕੇ ਲੱਗੇ ਹੋਏ ਹੋਣ, ਤਾਂ ਪਰਮਾਤਮਾ ਦੇ ਨਾਮ ਦਾ ਟਿਕਾਣਾ ਉਸ
ਵਿੱਚ ਨਹੀਂ ਹੋ ਸਕਦਾ।
ਚਸਕਾ ਕੋਈ ਭੀ ਹੋਵੇ ਉਹ ਮਾੜਾ। ਜੇ ਮਾਸ ਭੀ ਜੀਵ ਦਾ ਚਸਕਾ ਬਣ ਗਿਆ ਹੈ ਤਾਂ ਇਹ ਚਸਕਾ ਭੀ
ਮਾੜਾ।
(੨) ਸਿਰੀ ਰਾਗ ਮ:
੧-ਬਾਬਾ ਹੋਰੁ ਖਾਣਾ ਖੁਸੀ ਖੁਆਰੁ-ਪੰਨਾ ੧੬
ਖ਼ੁਰਾਕ ਇਨਸਾਨੀ ਸਰੀਰ ਦੀ ਸਿਹਤ ਵਾਸਤੇ ਜ਼ਰੂਰੀ ਹੈ
।
ਅੰਨ ਤਿਆਗਣਾ ਨਹੀਂ, ਪਰ ਇਹ ਸਦਾ ਚੇਤਾ
ਰਹਿਣਾ ਚਾਹੀਦਾ ਹੈ ਕਿ ਜਿਨ੍ਹਾਂ ਪਦਾਰਥਾਂ ਦੇ ਖਾਣ ਨਾਲ ਸਰੀਰ ਰੋਗੀ ਹੋ ਜਾਂਦਾ ਹੈ, ਅਤੇ ਮਨ ਵਿੱਚ
ਭੀ ਕਈ ਮੰਦੇ ਖ਼ਿਆਲ ਤੁਰ ਪੈਂਦੇ ਹਨ ਉਹਨਾਂ ਪਦਾਰਥਾਂ ਨੂੰ ਖਾਣ ਨਾਲ ਖ਼ੁਆਰ ਹੋਈਦਾ ਹੈ.
੩. ਸਲੋਕ ਮ: ੧ (ਵਾਰ ਮਾਝ) -ਸਿਰੁ ਖੋਹਾਇ
ਪੀਅਹਿ ਮਲਵਾਣੀ-ਪੰਨਾ ੧੪੯ ਇਹ ਵੇਰਵਾ ਇਨ ਬਿਨ ਦਿਤਾ ਜਾ ਚੁੱਕਾ ਹੈ ਉਥੇ ਦੇਖ ਲਿਆ ਜਾਵੇ ਜੀ।
(੪, ੫) ਸਲੋਕ ਮ: ੧ (ਮਲਾਰ ਕੀ ਵਾਰ)
-ਪਹਿਲਾਂ ਮਾਸਹੁ ਨਿੰਮਿਆ-ਪੰਨਾ ੧੨੮੯
ਅਤੇ ਸਲੋਕ ਮ: ੧ (ਵਾਰ ਮਲਾਰ)
-ਮਾਸੁ ਮਾਸੁ ਕਰਿ ਮੂਰਖੁ ਝਗੜੇ-ਪੰਨਾ ੧੨੮੯
ਮਾਸ ਦੀ ਵਰਤੋਂ ਪੁਰਾਣੇ ਸਮਿਆਂ ਤੋਂ ਹੀ ਹੁੰਦੀ ਚਲੀ ਆ ਰਹੀ ਹੈ। ਰਾਜੇ
ਮਹਾਰਾਜੇ ਜੱਗ ਕਰਦੇ ਸਨ, ਹਵਨ ਕਰਦੇ ਸਨ। ਉਹਨਾਂ ਜੱਗਾਂ ਹਵਨਾਂ ਦੇ ਸਮੇ ਗੈਂਡਾ, ਘੋੜਾ ਆਦਿਕ
ਪਸ਼ੂਆਂ ਦੀ ਕੁਰਬਾਨੀ ਦਿੱਤੀ ਜਾਂਦੀ ਸੀ। ਕਈ ਪੱਛੜੇ ਦੇਸਾਂ ਵਿੱਚ ਅਜੇ ਤਕ ਬੱਕਰੇ ਆਦਿਕਾਂ ਦੀ ਭੇਟਾ
ਦੇਵੀਆਂ ਦੇਵਤਿਆਂ ਦੇ ਮੰਦਰਾਂ ਵਿੱਚ ਕੀਤੀ ਜਾ ਰਹੀ ਹੈ, ਖ਼ਾਸ ਤੌਰ ਤੇ ਦੁਸਹਿਰੇ ਵਾਲੇ ਦਿਨ। ਇਹਨਾਂ
ਜੱਗਾਂ ਹਵਨਾਂ ਸਮੇਂ ਪੰਡਿਤ ਬ੍ਰਾਹਮਣ ਹੀ ਅਗਵਾਈ ਕਰਦੇ ਆਏ ਹਨ।
ਸਾਰੇ ਹੀ ਪਦਾਰਥ ਜੋ ਮਨੁੱਖ ਖਾਂਦਾ ਵਰਤਦਾ ਹੈ ਪਾਣੀ ਤੋਂ ਹੀ ਪੈਦਾ ਹੁੰਦੇ
ਹਨ, ਪਾਣੀ ਤੋਂ ਹੀ ਵਧਦੇ ਫੁਲਦੇ ਹਨ। ਪਸ਼ੂ ਪੰਛੀ ਜਿਨ੍ਹਾਂ ਦਾ ਮਾਸ ਮਨੁੱਖ ਵਰਤਦਾ ਹੈ ਪਾਣੀ ਦੇ
ਆਸਰੇ ਹੀ ਪਲਦੇ ਹਨ, ਪਾਣੀ ਹੀ ਸਭ ਦਾ ਮੁੱਢ ਹੈ। ਪਰ ਮਨੁੱਖ ਪਾਸੋਂ ਪਾਣੀ ਛੱਡਿਆ ਨਹੀਂ ਜਾ ਸਕਦਾ,
ਤੇ, ਮਾਸ ਛੱਡਣ ਦਾ ਕੱਚਾ ਪੱਖ ਲੈ ਬੈਠਦਾ ਹੈ।
ਆਤਮਕ ਜੀਵਨ ਨੂੰ ਨੀਵਾਂ ਕਰਨ ਵਾਲੇ ਤਾਂ ਹਨ ਕੁਕਰਮ। ਕੁਕਰਮ ਛੱਡੋ, ਤਾਕਿ
ਉੱਚਾ ਆਤਮਕ ਜੀਵਨ ਬਣੇ, ਤੇ ਲੋਕ ਪਰਲੋਕ ਵਿੱਚ ਜੀਵਨ ਸੁਖੀ ਹੋ ਸਕੇ। ਚੱਸਕੇ ਛੱਡੋ, ਚੱਸਕਿਆਂ ਵਿੱਚ
ਫਸ ਕੇ ਮਨੁੱਖਾ ਜੀਵਨ ਨਿਰਾ ਪਸ਼ੂ-ਜੀਵਨ ਹੀ ਬਣਿਆ ਰਹਿੰਦਾ ਹੈ। ਅਸਲ ਸੰਨਿਆਸੀ, ਅਸਲ ਤਿਆਗੀ, ਅਸਲ
ਵੈਸ਼ਨਵ ਉਹੀ ਹੈ ਜੋ ਚੱਸਕੇ ਛੱਡਦਾ ਹੈ। ਚੱਸਕਾ ਕਿਸੇ ਭੀ ਚੀਜ਼ ਦਾ ਹੋਵੇ ਉਹ ਮਾੜਾ ਹੈ।
ਭਾਗਾਂ ਵਾਲਾ ਹੈ ਉਹ ਮਨੁੱਖ, ਜਿਹੜਾ ਗੁਰੂ ਦੀ ਸਰਨ ਪੈ ਕੇ ਸਹੀ ਜੀਵਨ ਦੀ
ਜਾਚ ਸਿੱਖਦਾ ਹੈ। ਮਾਸ ਖਾਣ ਜਾਂ ਨਾਹ ਖਾਣ ਵਿੱਚ ਪਾਪ ਜਾਂ ਪੁੰਨ ਨਹੀਂ ਹੈ। ਹਾਂ, ਮਾਸ ਚੱਸਕਾ ਨਾਹ
ਬਣੇ, ਮਾਸ ਵਿਕਾਰਾਂ ਦੀ ਖ਼ਾਤਰ ਨਾਹ ਵਰਤਿਆ ਜਾਏ।
(੬)
ਪ੍ਰਭਾਤੀ ਕਬੀਰ ਜੀ-ਬੇਦ ਕਤੇਬ ਕਹਹੁ ਮਤ ਝੂਠੇ-ਪੰਨਾ ੧੩੫੦
ਮੁਸਲਮਾਨ ਕਿਸੇ ਪਸ਼ੂ ਆਦਿਕ ਦਾ ਮਾਸ ਖਾਣ
ਵਾਸਤੇ ਜਦੋਂ ਉਸ ਨੂੰ ਜ਼ਬਹ ਕਰਦਾ ਹੈ (ਮਾਰਦਾ ਹੈ) ਤਾਂ ਮੂੰਹੋਂ ਆਖਦਾ ਹੈ ‘ਬਿਸਮਿਲਾਹ’
(ਬਇਸਮਿ-ਅਲਾਹ, ਅਲ੍ਹਾ ਦੇ ਨਾਮ ਤੇ)
। ਇਹ
ਆਖ ਕੇ ਮੁਸਲਮਾਨ ਮਿਥ ਲੈਂਦਾ ਹੈ ਕਿ ਮੈਂ ਇਹ ਮਾਸ ਅੱਲ੍ਹਾ ਦੇ ਅੱਗੇ ਭੇਟ ਕੀਤਾ ਹੈ, ਤੇ, ਇਸ
ਤਰ੍ਹਾਂ ਉਸ ਅੱਲਾ ਨੂੰ ਖ਼ੁਸ਼ ਕੀਤਾ ਹੈ।
ਪਰ ਜੇ ਅੱਲਾ ਖ਼ੁਦਾ ਸਾਰੀ ਖ਼ਲਕਤ ਵਿੱਚ ਵੱਸਦਾ ਹੈ ਸਾਰੇ ਜੀਵਾਂ ਵਿੱਚ ਵੱਸਦਾ
ਹੈ, ਤਾਂ ਜ਼ਬਹ ਕੀਤੇ ਜਾ ਰਹੇ ਪਸ਼ੂ ਵਿੱਚ ਵੱਸਦੇ ਖ਼ੁਦਾ ਨੂੰ ਮਾਰ ਕੇ ਖ਼ੁਦਾ ਅੱਗੇ ਹੀ ਭੇਟਾ ਧਰ ਕੇ
ਖ਼ੁਦਾ ਖ਼ੁਸ਼ ਨਹੀਂ ਹੋ ਸਕਦਾ। ਹਾਂ, ਖ਼ੁਦਾ ਖ਼ੁਸ਼ ਹੁੰਦਾ ਹੈ ਮਨੁੱਖ ਉਤੇ, ਜਿਹੜਾ ਆਪਣਾ ਆਪਾ ਭੇਟ ਕਰਦਾ
ਹੈ, ਜਿਹੜਾ ਆਪਣੇ ਆਪ ਨੂੰ ਵਿਕਾਰਾਂ ਦਾ ਸ਼ਿਕਾਰ ਨਹੀਂ ਬਣਨ ਦੇਂਦਾ।
ਜਿਸ ਮਨੁੱਖ ਦਾ ਆਪਾ ਵਿਕਾਰਾਂ ਨਾਲ ਨਾਪਾਕ ਹੋਇਆ ਰਹੇ ਗੰਦਾ ਟਿਕਿਆ ਰਹੇ ਉਹ
ਇਹ ਆਸ ਨਾਹ ਰੱਖੇ ਕਿ ਮੁਰਗ਼ੀ ਬੱਕਰੇ ਜਾਂ ਗਾਂ ਆਦਿਕ ਦੇ ਮਾਸ ਦੀ ਕੁਰਬਾਨੀ ਨਾਲ ਉਹ ਪਾਕ-ਪਵਿੱਤਰ
ਹੋ ਗਿਆ ਹੈ। ਪਾਕ ਤੇ ਨਾਪਾਕ ਦਾ ਮੇਲ ਨਹੀਂ ਹੋ ਸਕਦਾ।
(੭). ਸਲੋਕ ਕਬੀਰ ਜੀ-ਕਬੀਰ ਖੂਬੁ ਖਾਨਾ
ਖੀਚਰੀ-ਪੰਨਾ ੧੩੭੪
ਕੋਈ ਭੀ ਮਜ਼ਹਬ ਜਾਂ ਧਰਮ ਹੋਵੇ, ਇਨਸਾਨ ਵਾਸਤੇ
ਉਹ ਤਦ ਤਕ ਹੀ ਲਾਭਦਾਇਕ ਹੈ ਜਦ ਤਕ ਉਸ ਦੇ ਦੱਸੇ ਪੂਰਨਿਆਂ ਉਤੇ ਤੁਰ ਕੇ ਮਨੁੱਖ ਆਪਣੇ ਦਿਲ ਵਿੱਚ
ਭਲਾਈ ਪੈਦਾ ਕਰਨ ਦੀ ਕੋਸ਼ਸ਼ ਕਰਦਾ ਹੈ, ਖਾਲਕ ਅਤੇ ਖ਼ਲਕਤਿ ਵਾਸਤੇ ਆਪਣੇ ਦਿਲ ਵਿੱਚ ਮੁਹੱਬਤਿ ਬਣਾਂਦਾ
ਹੈ
।
ਪਠਾਣਾਂ ਮੁਗ਼ਲਾਂ ਦੇ ਰਾਜ ਵੇਲੇ ਸਾਡੇ ਦੇਸ ਵਿੱਚ ਇਸਲਾਮੀ ਸ਼ਰਹ ਦਾ ਕਾਨੂੰਨ
ਚੱਲਦਾ ਸੀ। ਇਸ ਤਰ੍ਹਾਂ ਰਾਜਸੀ ਤਾਕਤ ਕਾਜ਼ੀਆਂ ਮੌਲਵੀਆਂ ਦੇ ਹੱਥ ਵਿੱਚ ਆ ਗਈ, ਕਿਉਂਕਿ ਇਹੀ ਲੋਕ
ਕੁਰਾਨ ਸ਼ਰੀਫ਼ ਦੇ ਅਰਥ ਕਰਨ ਵਿੱਚ ਇਤਬਾਰ-ਜੋਗ ਮੰਨੇ ਜਾਂਦੇ ਸਨ। ਇੱਕ ਪਾਸੇ ਇਹ ਲੋਕ ਰਾਜਸੀ ਤਾਕਤ
ਦੇ ਮਾਲਕ; ਦੂਜੇ ਪਾਸੇ ਇਹੀ ਲੋਕ ਧਾਰਮਿਕ ਆਗੂ, ਆਮ ਲੋਕਾਂ ਨੂੰ ਜੀਵਨ ਦਾ ਸਹੀ ਰਸਤਾ ਦੱਸਣ ਵਾਲੇ।
ਦੋ ਵਿਰੋਧੀ ਗੱਲਾਂ ਇਕੱਠੀਆਂ ਹੋ ਗਈਆਂ। ਰਾਜ ਪ੍ਰਬੰਧ ਚਲਾਣ ਵੇਲੇ ਗ਼ੁਲਾਮ ਹਿੰਦੂ ਕੌਮ ਉਤੇ ਕਠੋਰਤਾ
ਵਰਤਣੀ ਇਹਨਾਂ ਵਾਸਤੇ ਕੁਦਰਤੀ ਗੱਲ ਸੀ। ਪਰ ਇਸ ਕਠੋਰਤਾ ਨੂੰ ਆਪਣੇ ਵਲੋਂ ਉਹ ਇਸਲਾਮੀ ਸ਼ਰਹ ਸਮਝਦੇ
ਸਨ। ਸੋ, ਮਜ਼ਹਬ ਵਿਚੋਂ ਉਹਨਾਂ ਨੂੰ ਸੁਭਾਵਿਕ ਹੀ ਦਿਲ ਦੀ ਕਠੋਰਤਾ ਹੀ ਮਿਲਦੀ ਗਈ।
ਕਬੀਰ ਜੀ ਆਪਣੇ ਵਕਤ ਦੇ ਕਾਜ਼ੀਆਂ ਦੀ ਇਹ ਹਾਲਤ ਵੇਖ ਕੇ ਕਹਿ ਰਹੇ ਹਨ ਕਿ
ਮਜ਼ਹਬ ਨੇ, ਮਜ਼ਹਬ ਦੀ ਰਹੁ-ਰੀਤੀ ਨੇ, ਬਾਂਗ ਨਿਮਾਜ਼ ਹੱਜ ਆਦਿਕ ਨੇ ਦਿਲ ਦੀ ਸਫ਼ਾਈ ਸਿਖਾਣੀ ਸੀ। ਪਰ
ਜੇ ਰਿਸ਼ਵਤ, ਕਠੋਰਤਾ ਤਅੱਸਬ ਦੇ ਕਾਰਨ ਦਿਲ ਨਿਰਦਈ ਹੋ ਚੁਕਾ ਹੈ ਤਾਂ ਸਗੋਂ ਇਹੀ ਹੱਜ ਆਦਿਕ ਕਰਮ
ਦਿਲ ਨੂੰ ਹੋਰ ਕਠੋਰ ਬਣਾਈ ਜਾ ਰਹੇ ਹਨ।
ਕਬੀਰ ਜੀ ਆਖਦੇ ਹਨ ਕਿ ਜੋ ਮੁੱਲਾਂ ਬਾਂਗ ਦੇ ਕੇ ਸਿਰਫ਼ ਲੋਕਾਂ ਨੂੰ ਹੀ ਸੱਦ
ਰਿਹਾ ਹੈ ਪਰ ਉਸ ਦੇ ਆਪਣੇ ਦਿਲ ਵਿੱਚ ਸ਼ਾਂਤੀ ਨਹੀਂ, ਤਾਂ ਉਹ ਇਸ ਬਾਂਗ ਆਦਿਕ ਨਾਲ ਰੱਬ ਨੂੰ ਧੋਖਾ
ਨਹੀਂ ਦੇ ਸਕਦਾ। ਅਜਿਹਾ ਮਨੁੱਖ ਜੇ ਹੱਜ ਭੀ ਕਰ ਆਵੇ ਤਾਂ ਉਸ ਨੂੰ ਉਸ ਦਾ ਕੋਈ ਲਾਭ ਨਹੀਂ ਹੁੰਦਾ।
ਫਿਰ, ਕਿਸੇ ਜਾਨਵਰ ਨੂੰ ‘ਬਿਸਮਿੱਲਾ’ ਆਖ ਕੇ ਇਹ ਲੋਕ ਜ਼ਬਹ ਕਰਦੇ ਹਨ ਤੇ
ਸਮਝਦੇ ਹਨ ਕਿ ਇਹ ਜ਼ਬਹ ਕੀਤਾ ਜਾਨਵਰ ਰੱਬ ਦੇ ਨਾਮ ਤੇ ਕੁਰਬਾਨੀ ਦੇਣ ਦੇ ਲਾਇਕ ਹੋ ਗਿਆ ਹੈ ਅਤੇ
ਖ਼ੁਦਾ ਨੇ ਖ਼ੁਸ਼ ਹੋ ਕੇ ਕੁਰਬਾਨੀ ਦੇਣ ਵਾਲੇ ਬੰਦੇ ਦੇ ਗੁਨਾਹ ਬਖ਼ਸ਼ ਦਿੱਤੇ ਹਨ-ਇਹ ਗੱਲ ਮੰਨੀ ਨਹੀਂ
ਜਾ ਸਕਦੀ। ਜਾਨਵਰ ਦਾ ਮਾਸ ਤਾਂ ਇਹ ਲੋਕ ਰਲ ਮਿਲ ਕੇ ਆਪ ਹੀ ਖਾ ਲੈਂਦੇ ਹਨ। ਕਬੀਰ ਜੀ ਆਖਦੇ ਹਨ ਕਿ
ਕੁਰਬਾਨੀ ਦੇ ਬਹਾਨੇ ਮਾਸ ਖਾਣ ਨਾਲੋਂ ਤਾਂ ਖਿਚੜੀ ਖਾ ਲੈਣੀ ਹੀ ਚੰਗੀ ਹੈ।
(੮)
ਸਲੋਕ ਕਬੀਰ ਜੀ-ਕਬੀਰ ਜੀਅ ਜੁ ਮਾਰਹਿ ਜੋਰੁ ਕਰਿ-ਪੰਨਾ ੧੩੭੫
ਆਮ ਮੁਸਲਮਾਨ ਕਾਬੇ ਨੂੰ ਖ਼ੁਦਾ ਦਾ ਘਰ ਮੰਨਦਾ
ਹੈ
। ਕਬੀਰ ਜੀ ਭੀ ਉਹੀ ਖ਼ਿਆਲ ਦੱਸ ਕੇ
ਆਖਦੇ ਹਨ ਕਿ ਖ਼ੁਦਾ ਇਸ ਹੱਜ ਉਤੇ ਖ਼ੁਸ਼ ਨਹੀਂ ਹੁੰਦਾ। ਅਨੇਕਾਂ ਵਾਰੀ ਹੱਜ ਕਰਨ ਤੇ ਭੀ ਖ਼ੁਸ਼ ਹੋ ਕੇ
ਕਿਉਂ ਹਾਜੀ ਨੂੰ ਦੀਦਾਰ ਨਹੀਂ ਦੇਂਦਾ, ਤੇ, ਉਹ ਹਾਜੀ ਅਜੇ ਭੀ ਖ਼ੁਦਾ ਦੀਆਂ ਨਿਗਾਹਾਂ ਵਿੱਚ ਕਿਉਂ
ਗੁਨਾਹਗਾਰ ਸਮਝਿਆ ਜਾਂਦਾ ਹੈ-ਇਸ ਭੇਤ ਦਾ ਜ਼ਿਕਰ ਇਹਨਾਂ ਸ਼ਲੋਕਾਂ ਵਿੱਚ ਕੀਤਾ ਗਿਆ ਹੈ ਕਿ ਖ਼ੁਦਾ ਦੇ
ਨਾਮ ਤੇ ਗਾਂ ਆਦਿਕ ਦੀ ਕੁਰਬਾਨੀ ਦੇ ਦੇਣੀ ਰਲ-ਮਿਲ ਕੇ ਖਾ ਪੀ ਜਾਣਾ ਸਭ ਕੁੱਝ ਆਪ ਹੀ, ਤੇ ਫਿਰ ਇਹ
ਸਮਝ ਲੈਣਾ ਕਿ ਇਸ ‘ਕੁਰਬਾਨੀ’ ਦੇ ਇਵਜ਼ ਸਾਡੇ ਗੁਨਾਹ ਬਖ਼ਸ਼ ਦਿੱਤੇ ਗਏ ਹਨ-ਇਹ ਬੜਾ ਭਾਰਾ ਭੁਲੇਖਾ
ਹੈ। ਇਹ ਖ਼ੁਦਾ ਨੂੰ ਖ਼ੁਸ਼ ਕਰਨ ਦਾ ਤਰੀਕਾ ਨਹੀਂ। ਖ਼ੁਦਾ ਖ਼ੁਸ਼ ਹੁੰਦਾ ਹੈ ਦਿਲ ਦੀ ਪਾਕੀਜ਼ਗੀ ਪਵਿੱਤ੍ਰਾ
ਨਾਲ।
ਠੱਗੀ-ਫ਼ਰੇਬ ਦੀ ਕਮਾਈ ਕਰ ਕੇ, ਸੂਦ ਖ਼ੋਰੀ ਨਾਲ ਗਰੀਬ ਲੋਕਾਂ ਦਾ ਲਹੂ ਪੀ
ਕੇ, ਆਮ ਜਨਤਾ ਦੀ ਬੇ-ਬਸੀ ਤੋਂ ਫ਼ਾਇਦਾ ਉਠਾਂਦੇ ਹੋਇਆਂ ਸੌਦਾ ਇਤਨੇ ਮਹਿੰਗੇ ਭਾ ਵੇਚ ਕੇ ਕਿ ਗਰੀਬ
ਲੋਕ ਪੀਸੇ ਜਾਣ, ਰਿਸ਼ਵਤ ਆਦਿਕ ਦੀ ਰਾਹੀਂ; ਮੁੱਕਦੀ ਗੱਲ, ਹੋਰ ਅਜਿਹੇ ਤਰੀਕੇ ਵਰਤ ਕੇ ਜਿਨ੍ਹਾਂ
ਨਾਲ ਗਰੀਬ ਲੋਕ ਬਹੁਤ ਦੁਖੀ ਹੋਣ, ਜੇ ਕੋਈ ਮਨੁੱਖ (ਚਾਹੇ ਉਹ ਕਿਸੇ ਭੀ ਦੇਸ ਜਾਂ ਕੌਮ ਦਾ ਹੈ)
ਪੈਸਾ ਕਮਾਂਦਾ ਹੈ ਤੇ ਉਸ ਵਿਚੋਂ ਮੰਦਰ ਗੁਰਦੁਆਰੇ ਬਣਾਣ ਲਈ ਦਾਨ ਕਰਦਾ ਹੈ, ਤੀਰਥ-ਯਾਤ੍ਰਾ ਕਰਦਾ
ਹੈ, ਗੁਰਦੁਆਰਿਆਂ ਦੇ ਦਰਸਨ ਕਰਨ ਤੇ ਮਾਇਆ ਖ਼ਰਚਦਾ ਹੈ, ਗੁਰੂ-ਦਰ ਤੇ ਕੜਾਹ-ਪ੍ਰਸ਼ਾਦ ਭੇਟਾ ਕਰਦਾ
ਹੈ, ਅਜਿਹੇ ਭਾਵੇਂ ਅਨੇਕਾਂ ਪੁੰਨ-ਕਰਮ ਕਰੇ, ਗੁਰੂ ਪਰਮਾਤਮਾ ਉਸ ਉਤੇ ਖ਼ੁਸ਼ ਨਹੀਂ ਹੋ ਸਕਦਾ। ਇਹਨਾਂ
ਸਲੋਕਾਂ ਵਿੱਚ ਇਨਸਾਨੀ ਜੀਵਨ ਦੀ ਉਹੀ ਤਸਵੀਰ ਹੈ ਜਿਸ ਦਾ ਕੁੱਝ ਕੁ ਅੰਗ ਮਲਕ ਭਾਗੋ ਵਾਲੀ ਸਾਖੀ
ਵਿੱਚ ਮਿਲਦਾ ਹੈ।
(੯)
ਸਲੋਕ ਕਬੀਰ ਜੀ-ਕਬੀਰ ਭਾਂਗ ਮਾਛੁਲੀ ਸੁਰਾ ਪਾਨਿ-ਪੰਨੇ
੧੩੭੬-੭੭ ਇਸ ਸਲੋਕ ਦੇ ਅਸਲ ਭਾਵ ਨੂੰ ਤਦੋਂ ਹੀ ਸਮਝਿਆ ਜਾ ਸਕੇਗਾ ਜਦੋਂ ਇਸ ਨੂੰ ਇਸ ਦੇ
ਸਾਥੀ-ਸਲੋਕਾਂ ਨਾਲ ਰਲਾ ਕੇ ਪੜ੍ਹਾਂਗੇ।
ਸਲੋਕ ਨੰ: ੨੨੮ ਤੋਂ ਇੱਕ ਨਵਾਂ ਖ਼ਿਆਲ ਚੱਲਿਆ ਹੈ। ਜਗਤ ਵਿੱਚ ‘ਬਾਦ-ਬਿਬਾਦ’
ਦੀ ਤਪਸ਼ ਪੈ ਰਹੀ ਹੈ, ਜੀਵ ਤੜਫ ਰਹੇ ਹਨ। ਪਰਮਾਤਮਾ ਦਾ ਨਾਮ ਇਥੇ ਇੱਕ ਸੋਹਣਾ ਰੁੱਖ ਹੈ। ਜਿਨ੍ਹਾਂ
ਵਿਰਲੇ ਭਾਗਾਂ ਵਾਲੇ ਗੁਰਮੁਖਾਂ ਨੇ ਦੁਨੀਆ ਦਾ ਇਹ ‘ਬਾਦ-ਬਿਬਾਦ’ ਤਜਿਆ ਹੈ, ਉਹ ਇਸ ਰੁੱਖ ਦੀ ਠੰਢੀ
ਛਾਂ ਹਨ। ਇਸ ਛਾਂ ਦਾ ਆਸਰਾ ਲਿਆਂ, ਸਾਧੂ-ਗੁਰਮੁਖਾਂ ਦੀ ਸੰਗਤਿ ਕੀਤਿਆਂ, ਇਸ ‘ਬਾਦ-ਬਿਬਾਦ’ ਦੀ
ਤਪਸ਼ ਵਿੱਚ ਸੜਨ ਤੋਂ ਬਚ ਜਾਈਦਾ ਹੈ, ਇਸ ‘ਬਾਦ-ਬਿਬਾਦ’ ਤੋਂ ‘ਵੈਰਾਗ’ ਪ੍ਰਾਪਤ ਹੋ ਜਾਂਦਾ ਹੈ।
ਪਰ ਦੁਨੀਆ ਵਿੱਚ ਇੱਕ ਅਜੀਬ ਖੇਡ ਹੋ ਰਹੀ ਹੈ। ਲੋਕ ਸਵੇਰ ਵੇਲੇ ਧਰਮ-ਅਸਥਾਨ
ਭੀ ਹੋ ਆਉਂਦੇ ਹਨ, ਵਰਤ ਆਦਿਕ ਭੀ ਰੱਖਦੇ ਹਨ, ਹੋਰ ਕਈ ਕਿਸਮਾਂ ਦੇ ਨੇਮ ਭੀ ਨਿਬਾਹੁੰਦੇ ਹਨ, ਪਰ
ਇਹਨਾਂ ਦੇ ਨਾਲ ਨਾਲ ਵਿਕਾਰ ਭੀ ਕਰੀ ਜਾਂਦੇ ਹਨ। ਕਬੀਰ ਜੀ ਇਥੇ ਆਖਦੇ ਹਨ ਕਿ ‘ਸਾਧੂ’ ਦੀ ਸੰਗਤਿ
ਕਰਨ ਦਾ ਭਾਵ ਇਹ ਨਹੀਂ ਕਿ ਜਿਤਨਾ ਚਿਰ ਸਤਸੰਗ ਵਿੱਚ ਬੈਠੋ ਉਤਨਾ ਚਿਰ ‘ਰਾਮ ਰਾਮ’ ਕਰੀ ਜਾਉ, ਉਥੋਂ
ਆ ਕੇ ਵਿਕਾਰਾਂ ਵਿੱਚ ਭੀ ਹਿੱਸਾ ਲੈ ਲਿਆ ਕਰੋ। ਇਹ ਤੀਰਥ-ਯਾਤ੍ਰਾ, ਵਰਤ-ਨੇਮ ਸਾਰੇ ਹੀ ਨਿਸਫਲ
ਜਾਂਦੇ ਹਨ ਜੇ ਮਨੁੱਖ ਵਿਕਾਰੀ ਜੀਵਨ ਵਲੋਂ ਨਹੀਂ ਪਰਤਦਾ।
ਪਿਛਲੇ ਸਲੋਕ ਵਿੱਚ ਜ਼ਿਕਰ ਹੈ ਕਿ ‘ਭਗਤਨ ਸੇਤੀ ਗੋਸਟੇ, ਜੋ ਕੀਨੇ ਸੋ ਲਾਭ’।
ਅਗਲੇ ਸਲੋਕ ਵਿੱਚ ਆਖਦੇ ਹਨ ਕਿ ਜੇ ਮਨੁੱਖ ‘ਭਗਤਨ ਸੇਤੀ ਗੋਸਟੇ’ ਤੋਂ ਆ ਕੇ ਸ਼ਰਾਬ-ਮਾਸ ਆਦਿਕ
ਵਿਕਾਰਾਂ ਵਿੱਚ ਲੱਗਾ ਰਹੇ ਤਾਂ ਉਹ ਕੀਤਾ ਹੋਇਆ ਸਤਸੰਗ ਤੇ ਉਥੇ ਲਏ ਹੋਏ ਪ੍ਰਣ (ਵਰਤ) ਸਭ ਵਿਅਰਥ
ਜਾਂਦੇ ਹਨ।
ਲਫ਼ਜ਼ ‘ਭਾਂਗ ਮਾਛੁਲੀ ਅਤੇ ਸੁਰਾ’ ਤੋਂ ਇਹ ਭਾਵ ਨਹੀਂ ਲੈਣਾ ਕਿ ਕਬੀਰ ਜੀ
ਸਿਰਫ਼ ਭੰਗ ਤੇ ਸ਼ਰਾਬ ਤੋਂ ਰੋਕਦੇ ਹਨ, ਅਤੇ ਪੋਸਤ ਅਫੀਮ ਆਦਿਕ ਦੀ ਮਨਾਹੀ ਨਹੀਂ ਕਰਦੇ। ਇਸੇ ਤਰ੍ਹਾਂ
ਇਹ ਗੱਲ ਭੀ ਨਹੀਂ ਕਿ ਇਥੇ ਮੱਛੀ ਦਾ ਮਾਸ ਖਾਣ ਤੋਂ ਰੋਕ ਰਹੇ ਹਨ। ਸਾਰੇ ਪ੍ਰਸੰਗ ਨੂੰ ਰਲਾ ਕੇ
ਪੜ੍ਹੋ। ਸਤਸੰਗ ਭੀ ਕਰਨਾ ਤੇ ਵਿਕਾਰ ਭੀ ਕਰੀ ਜਾਣੇ-ਕਬੀਰ ਜੀ ਇਸ ਕੰਮ ਤੋਂ ਵਰਜਦੇ ਹਨ। ਕਾਮੀ ਲੋਕ
ਆਮ ਤੌਰ ਤੇ ਸ਼ਰਾਬ-ਮਾਸ ਵਰਤ ਕੇ ਕਾਮ-ਵਾਸਨਾ ਵਿਭਚਾਰ ਵਿੱਚ ਪ੍ਰਵਿਰਤ ਹੁੰਦੇ ਹਨ, ਤੇ, ਮੱਛੀ ਦਾ
ਮਾਸ ਚੂੰਕਿ ਕਾਮ-ਰੁਚੀ ਵਧੀਕ ਪੈਦਾ ਕਰਨ ਵਿੱਚ ਪ੍ਰਸਿੱਧ ਹੈ ਇਸ ਵਾਸਤੇ ਕਬੀਰ ਜੀ ਨੇ ਸ਼ਰਾਬ ਭੰਗ
ਮੱਛੀ ਲਫ਼ਜ਼ ਵਰਤੇ ਹਨ।
ਭਾਈ ਗੁਰਦਾਸ ਜੀ ਅਤੇ ‘ਮਾਸ’
‘ਗੁਰਮਤਿ ਅੰਗ ਸੰਗ੍ਰਹਿ’ ਵਿੱਚ ਸਿਰਫ਼ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ
ਵਿਚੋਂ ‘ਗੁਰਮਤਿ’ ਦੇ ਵਖ-ਵਖ ਅੰਗ ਲੈ ਕੇ ਵਿਚਾਰ ਕੀਤੀ ਜਾ ਰਹੀ ਹੈ। ਪਰ ‘ਮਾਸ’ ਬਾਰੇ ਭਾਈ ਗੁਰਦਾਸ
ਜੀ ਦੀਆਂ ‘ਵਾਰਾਂ’ ਵਿੱਚ ਪੰਜ ਥਾਂ ਤੇ ਜ਼ਿਕਰ ਹੈ। ਉਹਨਾਂ ਪਉੜੀਆਂ ਨੂੰ ਆਮ ਤੌਰ ਤੇ ਗ਼ਲਤ ਤਰੀਕੇ
ਨਾਲ ਵਿਚਾਰਿਆ ਤੇ ਸਮਝਿਆ ਜਾ ਰਿਹਾ ਹੈ। ਇਸ ਵਾਸਤੇ ਜ਼ਰੂਰੀ ਜਾਪਿਆ ਹੈ ਕਿ ਉਹਨਾਂ ਪਉੜੀਆਂ ਨੂੰ ਇਸੇ
ਮਜ਼ਮੂਨ ਵਿੱਚ ਪੇਸ਼ ਕੀਤਾ ਜਾਏ … … ਇਥੇ ਇਉਂ ਪਰਤੀਤ ਹੁੰਦਾ ਹੈ ਕਿ ਭਾਈ ਗੁਰਦਾਸ ਜੀ ਨੇ ਇਹ
‘ਵਾਰਾਂ’ ਤਦੋਂ ਲਿਖੀਆਂ ਜਦੋਂ ਸ੍ਰੀ ਗੁਰੂ ਅਰਜਨ ਸਾਹਿਬ ਦੀ ਆਗਿਆ ਅਨੁਸਾਰ ਉਹ ਸਾਰੀ ‘ਬੀੜ’ ਲਿਖ
ਚੁਕੇ ਸਨ। (ੲ) ਸਾਰੀਆਂ ਹੀ ‘ਵਾਰਾਂ’ ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਦੇ ਸਮੇ ਲਿਖੀਆਂ ਗਈਆਂ ਸਨ।
ਵੇਖੋ ਵਾਰ ੧ ਪਉੜੀ ੪੮; ਵਾਰ ੩ ਪਉੜੀ ੧੨; ਵਾਰ ੨੬ ਪਉੜੀ ੨੪ ਅਤੇ ੨੫।
ਮਾਸ ਦਾ ਜ਼ਿਕਰ: - ਹੇਠ-ਲਿਖੀਆਂ ਪੰਜ ਪਉੜੀਆਂ ਵਿੱਚ ਹੈ: -
(ਪ੍ਰੋਫ਼ੈਸਰ ਸਾਹਿਬ ਦੀ ਲਿਖਿਤ ਦਾ ਇਹ ਭਾਗ ਹੂ-ਬ-ਹੂ ਅੰਦਰ ਦਿੱਤਾ ਜਾ ਚੁਕਾ ਹੈ)
---ਸਮਾਪਤ