ਸੰਤਾਂ ਦੇ
ਕੌਤਕ .....?
(ਭਾਗ ਦੂਜਾ, ਕਿਸ਼ਤ ਨੰ: 39)
ਭਾਈ
ਸੁਖਵਿੰਦਰ ਸਿੰਘ ‘ਸਭਰਾ’
ਦੇਹਧਾਰੀ ਗੁਰੂ ਡੰਮ੍ਹ ਦੇ ਸ਼ੰਕਿਆਂ ਦਾ ਉੱਤਰ
ਸਿੱਖ ਧਰਮ ਨੇ ਸ਼ਬਦ ਨੂੰ ਹੀ ਗੁਰੂ ਸਵੀਕਾਰ ਕੀਤਾ ਹੈ, ਜਿਸ ਦਾ ਭਾਵ ਹੈ; ਉਹ
ਗਿਆਨ ਜੋ ਗੁਰੂ ਸਾਹਿਬਾਨ ਨੂੰ ਪ੍ਰਭੂ ਨਾਲ ਇਕ ਸੁਰ (ਅਭੇਦ) ਹੋਣ ਮਗਰੋਂ ਪ੍ਰਾਪਤ ਹੋਇਆ ਅਤੇ ਜਿਸ
ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿਚ ਸੰਕਲਿਤ ਕੀਤਾ ਗਿਆ। ਸੋ, ਇੰਝ ਵੀ ਆਖ ਸਕਦੇ ਹਾਂ
ਕਿ ਗੁਰਬਾਣੀ ਹੀ ਗੁਰੂ ਹੈ। ਗੁਰਬਾਣੀ ਅਮਰ ਹੈ ਅਤੇ ਇਸ ਦੇ ਉਲਟ ਦੇਹ (ਸਰੀਰ) ਨਾਸ਼ਵਾਨ ਹੈ ਅਤੇ ਨਾਸ਼
ਹੋਣ ਵਾਲੀ ਚੀਜ਼ ਨੂੰ ਗੁਰੂ ਨਹੀਂ ਮੰਨਿਆ ਜਾ ਸਕਦਾ। ਇਸ ਬਾਰੇ ਸਤਿਗੁਰਾਂ ਦੇ ਕੁਝ ਫ਼ੁਰਮਾਨ ਇਸ
ਪ੍ਰਕਾਰ ਹਨ:
ਸਬਦੁ ਗੁਰੂ ਸੁਰਿਤ ਧੁਨਿ ਚੇਲਾ।। (ਰਾਮਕਲੀ ਮ: 1, ਪੰਨਾ 943)
ਸਬਦੁ ਗੁਰੂ ਪੀਰਾ ਗਹਿਰ ਗੰਭੀਰਾ, ਬਿਨ ਸਬਦੈ ਜਗੁ ਬਉਰਾਨੰ।। (ਸੋਰਠਿ ਮ:
1, ਪੰਨਾ 935)
ਬਾਣੀ ਗੁਰ ਗੁਰੂ ਹੈ ਬਾਣੀ ਵਿਚ ਬਾਣੀ ਅੰਮ੍ਰਿਤ ਸਾਰੇ।।
ਗੁਰੂ ਬਾਣੀ ਕਹੈ ਸੇਵਕ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ।। (ਨਟ, ਮ: 4,
ਪੰਨਾ 982)
ਗੁਰ ਕਾ ਬਚਨੁ ਬਸੈ ਜੀਅ ਨਾਲੇ।।
ਜਲਿ ਨਹੀ ਡੂਬੈ ਤਸਕਰੁ ਨਹੀ ਲੇਵੈ,
ਭਾਹਿ ਨ ਸਾਕੈ ਜਾਲੇ।। ਰਹਾਉ।। (ਧਨਾਸਰੀ, ਮ: 5, ਪੰਨਾ 679)
ਗੁਰੂ ਗੋਬਿੰਦ ਸਿੰਘ ਜੀ ਨੇ ਜੋਤੀ-ਜੋਤਿ ਸਮਾਉਣ ਤੋਂ ਪਹਿਲਾਂ ਸ਼ਬਦ-ਗੁਰਬਾਣੀ
(ਗੁਰੂ ਗ੍ਰੰਥ ਸਾਹਿਬ ਜੀ) ਨੂੰ ਗੁਰਿਆਈ ਬਖਸ਼ੀ ਅਤੇ ਦੇਹਧਾਰੀ ਗੁਰੂ ਦੀ ਪਰੰਪਰਾ ਨੂੰ ਹਮੇਸ਼ਾਂ ਲਈ
ਸਮਾਪਤ ਕਰ ਦਿੱਤਾ। ਪਰ ਸ਼ਖਸੀ ਪੂਜਾ ਦੇ ਚਾਹਵਾਨ ਸਮੇਂ ਸਮੇਂ ਦੇਹਧਾਰੀ ਗੁਰੂ ਦੇ ਆਪੂੰ ਬਣਾਏ
ਸਿਧਾਂਤ ਦਾ ਪ੍ਰਚਾਰ ਕਰਦੇ ਰਹੇ ਹਨ ਅਤੇ ਆਪਣੀ ਦੁਕਾਨਦਾਰੀ ਚਲਾਉਂਦੇ ਰਹੇ ਹਨ। ਇਹ ਲੋਕ ਜਨਤਾ ਨੂੰ
ਆਪਣੇ ਮਗਰ ਲਾਉਣ ਲਈ ਸ਼ਬਦ-ਗੁਰੂ ਬਾਰੇ ਤਰ੍ਹਾਂ ਤਰ੍ਹਾਂ ਦੇ ਭੁਲੇਖੇ ਪਾਉਂਦੇ ਰਹੇ ਹਨ। ਇਨ੍ਹਾਂ ਦਾ
ਮਕਸਦ ਸਿੱਖਾਂ ਨੂੰ ਸ਼ਬਦ ਗੁਰੂ ਨਾਲੋਂ ਤੋੜ ਕੇ ਆਪਣੇ ਚਰਨਾਂ ਨਾਲ ਜੋੜਨਾ ਹੁੰਦਾ ਹੈ। ਦੇਹਧਾਰੀ
ਗੁਰੂ-ਡੰਮ੍ਹ ਦੇ ਹਾਮੀ ਇਹ ਕਹਿੰਦੇ ਹਨ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਤਾਂ ਪੋਥੀ ਹੈ ਤੇ ਪੋਥੀ ਤਾਂ
ਬੋਲਦੀ ਨਹੀਂ। ਆਪ ਪੜ੍ਹੇ ਹੋਈਏ ਤਾਂ ਪਾਠ ਕਰ ਲਈਏ ਨਹੀਂ ਤਾਂ ਕੋਈ ਪੜ੍ਹ ਕੇ ਸੁਣਾਵੇ ਤਾਂ ਕੁਝ ਸਮਝ
ਆ ਸਕਦੀ ਹੈ, ਪਰ ਦੇਹਧਾਰੀ ਗੁਰੂ ਤਾਂ ਆਪ ਉਪਦੇਸ਼ ਕਰਦਾ ਹੈ। ਇਸ ਲਈ ਪੋਥੀ ਕਿਸ ਤਰ੍ਹਾਂ ਗੁਰੂ ਹੈ?
ਆਓ, ਅਸੀਂ ਪਹਿਲਾਂ ਇਹ ਵੇਖੀਏ ਕਿ ਅਸੀਂ ਆਪਣੇ ਆਲੇ ਦੁਆਲੇ ਦੀ ਵਾਸਤਵਿਕ
ਦੁਨੀਆਂ ਦਾ ਗਿਆਨ ਕਿਸ ਤਰ੍ਹਾਂ ਕਰਦੇ ਹਾਂ? ਇਸ ਨੂੰ ਜਾਣਨ ਲਈ ਅਸੀਂ ਕੁਦਰਤ ਵੱਲੋਂ ਦਿੱਤੀਆਂ ਪੰਜ
ਇੰਦਰੀਆਂ ਦੀ ਸਹਾਇਤਾ ਲੈਂਦੇ ਹਾਂ। ਚੀਜ਼ਾਂ ਵੇਖ ਕੇ, ਸੁੰਘ ਕੇ, ਚੱਖ ਕੇ, ਸੁਣ ਕੇ ਤੇ ਛੂਹ ਕੇ
ਉਨ੍ਹਾਂ ਦੀ ਪੂਰੀ ਤਸਵੀਰ ਸਾਡੇ ਦਿਮਾਗ ਵਿਚ ਉਤਰ ਆਉਂਦੀ ਹੈ। ਇਨ੍ਹਾਂ ਇੰਦਰੀਆਂ ਦੁਆਰਾ ਹੀ ਹਰ
ਵਸਤੂ ਦੀ ਹੋਂਦ ਦੀ ਪਛਾਣ ਕੀਤੀ ਜਾਂਦੀ ਹੈ। ਸ਼ਬਦ ਦਾ ਅਸਲ ਭਾਵ ਆਵਾਜ਼ ਜਾਂ ਸਵਰ ਹੈ। ਆਵਾਜ਼ ਚੀਜ਼ਾਂ
ਦੇ ਟਕਰਾਓ ਤੋਂ ਪੈਦਾ ਹੁੰਦੀ ਹੈ। ਆਵਾਜ਼ ਜਾਂ ਸ਼ਬਦ ਤੋਂ ਹੀ ਸਾਨੂੰ ਸਮਝ ਪੈਂਦੀ ਹੈ ਜਾਂ ਗਿਆਨ
ਪ੍ਰਾਪਤ ਹੁੰਦਾ ਹੈ, ਜਿਵੇਂ ਕੋਈ ਬੰਦਾ ਇਕ ਕਮਰੇ ਵਿਚ ਬੈਠਾ ਹੋਵੇ, ਬਾਹਰ ਜ਼ੋਰ ਦੀ ਮੀਂਹ ਪੈ ਰਿਹਾ
ਹੋਵੇ, ਮੀਂਹ ਪੈਂਦਾ ਉਸ ਵੇਖਿਆ ਨਹੀਂ ਹੁੰਦਾ। ਕੇਵਲ ਮੀਂਹ ਪੈਣ ਦੀ ਆਵਾਜ਼ (ਸ਼ਬਦ) ਤੋਂ ਉਹ ਸਮਝ
ਜਾਂਦਾ ਹੈ ਤੇ ਹੁੰਦਾ ਵੀ ਠੀਕ ਹੈ।
ਤੁਸੀਂ ਪਹਾੜ `ਤੇ ਜਾ ਰਹੇ ਹੋ। ਦੂਰ ਹੇਠਾਂ ਕਿਸੇ ਵਾਦੀ ਵਿਚ ਪਾਣੀ ਵਗ ਰਿਹਾ ਹੈ। ਦਰਿਆ ਵਗਦਾ
ਤੁਸਾਂ ਵੇਖਿਆ ਨਹੀਂ, ਕੇਵਲ ਚਲਦੇ ਪਾਣੀ ਦੀ ਆਵਾਜ਼ ਤੋਂ ਹੀ ਤੁਹਾਨੂੰ ਗਿਆਨ ਹੁੰਦਾ ਹੈ ਕਿ ਦਰਿਆ
ਜਾਂ ਨਦੀ ਹੇਠਾਂ ਚੱਲ ਰਹੀ ਹੈ। ਆਵਾਜ਼ ਦੇ ਲਿਖਤ ਰੂਪ ਨੂੰ ਹੀ ਸ਼ਬਦ ਕਿਹਾ ਜਾਂਦਾ ਹੈ। ਜਿਵੇਂ ਮੀਂਹ
ਪੈਣ ਦੀ ਆਵਾਜ਼ ਸੁਣ ਕੇ ਹੀ ਮੀਂਹ ਪੈਣ ਤੇ ਪਾਣੀ ਦੇ ਵਗ੍ਹਣ ਦੀ ਆਵਾਜ਼ ਤੋਂ ਦਰਿਆ ਦਾ ਪਤਾ ਲੱਗਦਾ
ਹੈ, ਤਿਵੇਂ ਹੀ ਸੰਸਾਰ ਦੀਆਂ ਹੋਰ ਬਹੁਤ ਸਾਰੀਆਂ ਵਸਤਾਂ ਦਾ ਗਿਆਨ ਵੀ ਸਾਨੂੰ ਆਵਾਜ਼ (ਸ਼ਬਦ) ਤੋਂ
ਹੁੰਦਾ ਹੈ। ਮਨੁੱਖ ਜੋ ਕੰਮ ਕਰਦਾ ਹੈ ਉਹ ਬਹੁਤਾ ਵੇਖ ਕੇ ਜਾਂ ਸੁਣ ਕੇ ਹੀ ਕਰਦਾ ਹੈ। ਨਿਰੀ ਆਵਾਜ਼
ਤਾਂ ਭਾਵੇਂ ਅਸੀਂ ਕੇਵਲ ਕੰਨਾਂ ਨਾਲ ਹੀ ਸੁਣ ਸਕਦੇ ਹਾਂ ਪਰ ‘ਸ਼ਬਦ’ ਨੂੰ ਅੱਖਾਂ ਨਾਲ ਵੇਖਿਆ ਜਾ
ਸਕਦਾ ਹੈ ਤੇ ਕੰਨਾਂ ਨਾਲ ਸੁਣਿਆ ਵੀ ਜਾ ਸਕਦਾ ਹੈ। ਇਸ ਦਾ ਮਤਲਬ ਇਹ ਹੋਇਆ ਕਿ ‘ਸ਼ਬਦ’ ਹੀ ਇਕ ਐਸੀ
ਵਸਤੂ ਹੈ ਜਿਸ ਦੇ ਸੁਣਨ, ਪੜ੍ਹਨ ਤੇ ਵੇਖਣ ਨਾਲ ਸਾਨੂੰ ਕਿਸੇ ਵਸਤੂ ਦੀ ਸਮਝ ਜਾਂ ਗਿਆਨ ਹੁੰਦਾ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਹਨ? ਸ਼ਬਦਾਂ ਦਾ ਸੰਗ੍ਰਹਿ। ਜਿਸ ਤਰ੍ਹਾਂ
ਸੰਸਾਰਕ ਵਸਤਾਂ ਦਾ ਗਿਆਨ ਸ਼ਬਦ ਤੋਂ ਹੁੰਦਾ ਹੈ, ਉਸੇ ਤਰ੍ਹਾਂ ਪ੍ਰਭੂ ਬਾਰੇ ਗਿਆਨ ਗੁਰੂ ਦੇ ਸ਼ਬਦ
ਦੁਆਰਾ ਹੁੰਦਾ ਹੈ। ਇਸ ਨੂੰ ਅਸੀਂ ਗੁਰੂ ਕਹਿੰਦੇ ਹਾਂ, ਗੁਰੂ ਮੰਨਦੇ ਹਾਂ। ਕਿਸੇ ਦਾ ਸਰੀਰ ਤਾਂ
ਗੁਰੂ ਨਹੀਂ ਹੁੰਦਾ। ਉਸ ਵਿਚ ਵਸਦੀ ਜੋਤਿ ਤੇ ਉਸ ਜੋਤਿ ਦਾ ਸ਼ਬਦਾਂ ਦੁਆਰਾ ਪ੍ਰਗਟਾਵਾ ਹੀ ਗੁਰੂ
ਅਖਵਾ ਸਕਦਾ ਹੈ।
ਕੌਣ ਕਹਿੰਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਬੋਲਦੇ ਨਹੀਂ। ਗੁਰੂ ਗ੍ਰੰਥ
ਸਾਹਿਬ ਦੀ ਆਵਾਜ਼ ਅੱਖਾਂ ਰਾਹੀਂ ਅੰਦਰ ਪੁੱਜਦੀ ਹੈ, ਜਿਸ ਤਰ੍ਹਾਂ ਜੀਊਂਦੇ ਮਨੁੱਖ ਦੀ ਕੰਨਾਂ ਰਾਹੀਂ
ਪੁੱਜਦੀ ਹੈ। ਜਿਹੋ ਜਿਹੀ ਅੱਖ ਗਿਆਨ ਇੰਦਰੀ ਹੈ, ਉਸੇ ਤਰ੍ਹਾਂ ਹੀ ਕੰਨ ਹਨ, ਫ਼ਰਕ ਕੀ ਹੋਇਆ? ਇਹ
ਕੋਈ ਜ਼ਰੂਰੀ ਨਹੀਂ ਕਿ ਗਿਆਨ ਕੇਵਲ ਮੂੰਹ ਤੋਂ ਬੋਲਣ ਰਾਹੀਂ ਹੋ ਸਕਦਾ ਹੈ। ਇਹ ਕੋਈ ਜ਼ਰੂਰੀ ਨਹੀਂ ਕਿ
ਕੋਈ ਵਿਅਕਤੀ ਜਾਂ ਵਸਤੂ ਬੋਲ ਕੇ ਹੀ ਗਿਆਨ ਦੇਵੇ। ਮਿਸਾਲ ਦੇ ਤੌਰ `ਤੇ ਇਕ ਆਦਮੀ ਨੇ ਸ਼ਿਮਲੇ ਜਾਣਾ
ਹੈ। ਉਹ ਕਿਸੇ ਚੁਰਸਤੇ ਵਿਚ ਪਹੁੰਚਦਾ ਹੈ। ਚੌਰਾਹੇ ਵਿਚ ਇਕ ਸੀਮਿੰਟ ਦਾ ਥੰਮ੍ਹ ਖੜ੍ਹਾ ਹੈ। ਉਸ
ਥੰਮ੍ਹ ਉੱਪਰ ਚਾਰ ਹੱਥ ਲੋਹੇ ਦੇ ਬਣੇ ਹੋਏ ਹਨ। ਇਹ ਚੌਹਾਂ ਪਾਸਿਆਂ ਦੀਆਂ ਸੜਕਾਂ ਦੀਆਂ ਦਿਸ਼ਾਵਾਂ
ਵੱਲ ਫਿੱਟ ਕੀਤੇ ਹੋਏ ਹਨ। ਉਹਨਾਂ ਲੋਹੇ ਦੇ ਹੱਥਾਂ ਵਿਚੋਂ ਇਕ ਉੱਪਰ ਚੰਡੀਗੜ੍ਹ, ਦੂਜੇ ਉੱਪਰ
ਅੰਬਾਲਾ, ਤੀਜੇ ਉੱਪਰ ਪਟਿਆਲਾ ਅਤੇ ਚੌਥੇ ਉੱਪਰ ਸ਼ਿਮਲਾ ਲਿਖਿਆ ਹੋਇਆ ਹੈ। ਇਨ੍ਹਾਂ ਰਸਿਤਆਂ ਤੋਂ
ਅਨਜਾਣ ਆਦਮੀ ਸ਼ਿਮਲੇ ਵੱਲ ਇਸ਼ਾਰਾ ਕਰਨ ਵਾਲੇ ਹੱਥ ਉਪਰੋਂ ਪੜ੍ਹ ਕੇ ਇਹ ਜਾਣ ਲੈਂਦਾ ਹੈ ਕਿ ਸ਼ਿਮਲਾ
ਇਸ ਪਾਸੇ ਹੈ?
ਦਰਅਸਲ ਜਿਵੇਂ ਕੰਨ ਆਵਾਜ਼ ਨੂੰ ਸੁਣਕੇ ਸਾਡੇ ਦਿਮਾਗ ਨੂੰ ਜਾਣਕਾਰੀ ਦਿੰਦੇ
ਹਨ ਓਵੇਂ ਹੀ ਅੱਖਾਂ ਵੇਖ ਕੇ ਵਾਕਫ਼ੀ ਦਿੰਦੀਆਂ ਹਨ। ਅੱਗੋਂ ਉਹ ਕੰਮ ਕਰਨ ਜਾਂ ਨਾ ਕਰਨ ਬਾਰੇ ਬੁੱਧੀ
ਸੋਚਦੀ ਹੈ। ਅਤੇ ਸਰੀਰ ਨੂੰ ਕੰਮ ਕਰਨ ਲਈ ਪ੍ਰੇਰਨਾ ਦਿੰਦੀ ਹੈ। ਜਿਸ ਤਰ੍ਹਾਂ ਮੁਸਾਫ਼ਰ ਸ਼ਿਮਲੇ ਦਾ
ਬੋਰਡ ਵੇਖ ਕੇ ਉਧਰ ਤੁਰ ਕੇ ਸ਼ਿਮਲੇ ਪੁੱਜ ਜਾਂਦਾ ਹੈ। ਤਿਵੇਂ ਹੀ ਗੁਰਬਾਣੀ ਪੜ੍ਹ ਕੇ ਮਨੁੱਖ ਆਪਣਾ
ਜੀਵਨ ‘ਗੁਰ ਫੁਰਮਾਏ ਗੁਰਸਿਖ ਕਰਣਾ’ ਦੇ ਅਨੁਸਾਰ ਬਣਾ ਲੈਂਦਾ ਹੈ ਤਾਂ ਉਹ ਨਿਸ਼ਚਿਤ ਹੀ ਪਰਮਾਤਮਾ ਦਾ
ਮਿਲਾਪ ਕਰਕੇ ਟਿਕਾਣੇ ਪੁੱਜ ਜਾਂਦਾ ਹੈ। ਦੇਹਧਾਰੀ ਗੁਰੂ ਡੰਮ੍ਹ ਦੇ ਹਾਮੀ ਕਹਿੰਦੇ ਹਨ ਕਿ ਜੇ ਕੋਈ
ਅਨਪੜ੍ਹ ਹੋਵੇ ਤਾਂ ਫਿਰ ਕਿਵੇਂ ਪੜ੍ਹੇ?
ਇਸਦਾ ਉੱਤਰ ਇਹ ਹੈ ਕਿ ਗੁਰਬਾਣੀ ਨੂੰ ਪੜ੍ਹ ਕੇ ਸੁਣਾਉਣ ਵਾਲਾ ਸਾਡਾ ਗੁਰੂ
ਨਹੀਂ ਹੋ ਸਕਦਾ। ਉਹ ਗੁਰਸਿੱਖ, ਸਿੱਖ ਜਾਂ ਗਿਆਨੀ ਹੋ ਸਕਦਾ ਹੈ। ਇਕ ਉਦਾਹਰਣ ਦਿੰਦੇ ਹਾਂ ਕਿ ਇਕ
ਅਨਪੜ੍ਹ ਔਰਤ ਹੈ ਉਸਦਾ ਪਤੀ ਪ੍ਰਦੇਸ ਗਿਆ ਹੈ। ਉਹ ਆਪਣੀ ਪਤਨੀ ਨੂੰ ਚਿੱਠੀ ਘਲਦਾ ਹੈ। ਉਸ ਦੀ
ਚਿੱਠੀ ਮਿਲਣ `ਤੇ ਪਤਨੀ ਖੁਸ਼ ਹੁੰਦੀ ਹੈ। ਪਰ ਆਪ ਪੜ੍ਹ ਨਹੀਂ ਸਕਦੀ। ਉਹ ਚਿੱਠੀ ਕਿਸੇ ਹੋਰ ਪੜ੍ਹੇ
ਲਿਖੇ ਬੰਦੇ ਤੋਂ ਪੜ੍ਹਾਉਂਦੀ ਹੈ। ਉਹ ਪੜ੍ਹਦਾ ਹੈ ‘ਮੇਰੀ ਪਿਆਰੀ ਪਤਨੀ। ਕੀ ਉਹ ਚਿੱਠੀ ਪੜ੍ਹ ਕੇ
ਸੁਣਾਉਣ ਨਾਲ ਹੀ ਉਸਦਾ ਪਤੀ ਬਣ ਗਿਆ? ਸੋ ਚਿੱਠੀ ਪੜ੍ਹ ਕੇ ਸੁਣਾਉਣ ਵਾਲਾ ਭਰਾ ਹੋ ਸਕਦਾ ਹੈ, ਪਤੀ
ਨਹੀਂ ਹੋ ਸਕਦਾ, ਪਤੀ ਤਾਂ ਉਹ ਹੈ ਜਿਸਨੇ ਚਿੱਠੀ ਲਿਖੀ ਹੈ। ਇਸ ਤਰ੍ਹਾਂ ਗੁਰਬਾਣੀ ਅਤੇ ਗੁਰਬਾਣੀ
ਉਚਾਰਣ ਵਾਲੇ ਹੀ ਗੁਰੂ ਹਨ। ਪੜ੍ਹਕੇ ਸੁਣਾਉਣ ਵਾਲੇ, ਵਿਆਖਿਆ ਸੁਣਾਉਣ ਵਾਲੇ ਕਦੇ ਵੀ ਗੁਰੂ ਨਹੀਂ
ਹੋ ਸਕਦੇ।
ਕਈ ਕਹਿੰਦੇ ਗੁਰਬਾਣੀ ਦਾ ਅਰਥ ਦੱਸਣ ਲਈ ਦੇਹਧਾਰੀ ਦੀ ਲੋੜ ਹੈ?
ਇਸਦਾ ਉੱਤਰ ਕਿ ਕਲਾਸ ਦੇ ਵਿਚ ਮਾਸਟਰ ਮੁੰਡਿਆਂ ਨੂੰ ਕਈ ਸਾਇੰਸਦਾਨਾਂ
(ਖੋਜੀਆਂ) ਦੀਆਂ ਖੋਜਾਂ ਸਿਧਾਂਤ ਪੜ੍ਹਾਉਂਦੇ ਹਨ ਪਰ ਕਦੇ ਵੀ ਉਹਨਾਂ ਮਾਸਟਰਾਂ ਨੂੰ ਸਾਇੰਸਦਾਨਾਂ
ਖੋਜੀਆਂ ਦੀ ਪਦਵੀ ਨਹੀਂ ਮਿਲੀ। ਇਸ ਕਰਕੇ ਗੁਰਬਾਣੀ ਦੇ ਅਰਥ ਦੱਸਣ ਵਾਲੇ ਵੀ ਕਦੇ ਵੀ ਗੁਰੂ ਨਹੀਂ
ਕਹਾ ਸਕਦੇ।
ਕਈ ਇਹ ਵੀ ਸਵਾਲ ਕਰਦੇ ਹਨ ਕਿ ਗੁਰਬਾਣੀ ਹੋਰ ਹੈ, ਨਾਮ ਹੋਰ ਹੈ।
ਉੱਤਰ—ਨਹੀਂ ਜੀ, ਸਤਿਗੁਰੂ ਕਹਿੰਦੇ ਹਨ:
ਗੁਰਬਾਣੀ ਵਰਤੀ ਜਗ ਅੰਤਰਿ।
ਇਸ ਬਾਣੀ ਤੇ ਹਰਿ ਨਾਮੁ ਪਾਇਦਾ॥
ਗੁਰਬਾਣੀ ਨਾਮ ਇਕ ਹੀ ਹੈ।
ਵੱਖ ਵੱਖ ਕਹਿਣ ਵਾਲੇ ਥੋੜ੍ਹੀ ਅਕਲ ਵਾਲੇ ਹਨ।
ਕਈ ਦੇਹਧਾਰੀ ਗੁਰੂ ਡੰਮ੍ਹ ਦੇ ਹਾਮੀ ਗੁਰੂ ਦੇ ਚਰਨਾਂ ਦੀ ਗੱਲ ਕਰਦੇ ਹਨ ਕਿ
ਚਰਨ ਤਾਂ ਦੇਹਧਾਰੀ ਦੇ ਹੀ ਹੋ ਸਕਦੇ ਹਨ।
ਉੱਤਰ—ਗੁਰੂ ਦੇ ਸ਼ਬਦ ਹੀ ਗੁਰੂ ਦੇ ਚਰਨ ਹਨ। ਗੁਰੂ ਦੇ ਸ਼ਬਦ (ਬਚਨ) ਦਾ ਧਿਆਨ
ਹੀ ਗੁਰੂ ਦੇ ਚਰਨਾਂ ਨੂੰ ਹਿਰਦੇ ਵਿਚ ਟਿਕਾਉਣਾ ਹੈ। ਦੇਹਧਾਰੀ ਗੁਰੂ ਦੇ ਹੱਡ ਮਾਸ ਦੇ ਪੈਰ ਕੋਈ
ਸੇਵਕ ਆਪਣੀ ਛਾਤੀ ਵਿਚ ਕਿਵੇਂ ਟਿਕਾਏਗਾ?
“ਹਿਰਦੈ ਸਬਦੁ ਚਰਨੁ ਸਤਿਗੁਰ ਕੈ ਨਾਨਕ ਬਾਧਿਉ ਪਾਲਿ”।।
ਗੁਰੂ ਦੇ ਸ਼ਬਦ ਹੀ ਗੁਰੂ ਦੇ ਚਰਨ ਹਨ।
ਕਈ ਦੇਹਧਾਰੀ ਗੁਰੂ ਡੰਮ੍ਹ ਦੇ ਹਾਮੀ ਇਹ ਸ਼ੰਕਾ ਕਰਦੇ ਹਨ ਕਿ ਖ਼ਾਸ-ਖ਼ਾਸ
ਸ਼ਖਸ਼ੀਅਤਾਂ ਵਿਚ ਚੁੰਬਕੀ ਖਿੱਚ ਹੁੰਦੀ ਹੈ।
ਉੱਤਰ—ਉਹ ਖਿੱਚ ਦੇਹ ਵਿਚ ਨਹੀਂ। ਚਾਲ ਚਲਣ ਵਿਚ ਹੈ। ਸਰੀਰ ਦੇ ਨਾਸ਼ ਹੋ ਜਾਣ
ਨਾਲ ਵੀ ਇਹ ਅਸਰ ਨਾਸ਼ ਨਹੀਂ ਹੁੰਦਾ। ਸ਼ਹੀਦਾਂ ਦੇ ਕਾਰਨਾਮੇ ਰਹਿੰਦੀ ਦੁਨੀਆਂ ਤਕ ਆਪਣਾ ਅਸਰ ਪਾਈ
ਜਾਣਗੇ। ਗੁਰੂ ਦੇ ਸਿੱਖਾਂ ਨੇ ਕਈ ਥਾਂਈਂ ਜਾ ਕੇ ਸਿੱਖੀ ਦਾ ਪ੍ਰਚਾਰ ਕੀਤਾ, ਕਈ ਪ੍ਰਭਾਵਤ ਹੋਏ ਪਰ
ਗੁਰੂ ਦੇ ਸਿੱਖਾਂ ਨੇ ਕਦੇ ਨਾ ਆਖਿਆ ਕਿ ਸਾਡੀ ਦੇਹੀ ਗੁਰੂ ਹੈ। ਪਹਿਲੇ ਪਾਤਸ਼ਾਹ ਨੇ ਵੀ ਦੇਹੀ ਨੂੰ
ਪਿੱਛੇ ਕਰਕੇ ਸ਼ਬਦ ਨੂੰ ਅੱਗੇ ਕੀਤਾ।
ਦੇਹਧਾਰੀ ਗੁਰੂ ਡੰਮ੍ਹ ਦੇ ਹਾਮੀ ਰੂਹਾਨੀ ਸ਼ਕਤੀ ਦੀ ਗੱਲ ਵੀ ਕਰਦੇ ਹਨ।
ਉੱਤਰ—ਗੁਰਬਾਣੀ ਗੁਰੂ ਨੇ ਪਰਮਾਤਮਾ ਨਾਲ ਅਭੇਦ ਹੋਣ ਦਾ ਢੰਗ ਸ਼ਬਦ-ਸੁਰਤਿ ਦਾ
ਮੇਲ ਦੱਸਿਆ ਹੈ ਜੋ ਸ਼ਬਦ ਦੇ ਨਾਲ ਪ੍ਰੀਤ ਪਾਉਂਦੇ ਹਨ। ਸ਼ਬਦ ਨੂੰ ਆਪਣੇ ਜੀਵਨ ਦਾ ਆਧਾਰ ਬਣਾਉਂਦੇ ਹਨ
ਉਹਨਾਂ ਨੂੰ ਕਿਸੇ ਦੇਹਧਾਰੀ ਦੀ ਰੂਹਾਨੀ ਸ਼ਕਤੀ ਦੀ ਲੋੜ ਨਹੀਂ ਹੈ।
ਕਈ ਦੇਹਧਾਰੀ ਗੁਰੂ ਡੰਮ੍ਹ ਦੇ ਹਾਮੀ ਸ਼ੰਕਾ ਕਰਦੇ ਹਨ ਕਿ ਗੁਰੂ ਗ੍ਰੰਥ
ਸਾਹਿਬ ਕਾਗਜ਼ਾਂ ਦੀ ਪੋਥੀ ਹੈ, ਸਿਆਹੀ ਨਾਲ ਅੱਖਰ ਲਿਖੇ ਹੋਏ ਹਨ, ਕਾਗਜ਼ ਅਤੇ ਸਿਆਹੀ ਗੁਰੂ ਕਿਵੇਂ
ਹੋ ਸਕਦੀ ਹੈ?
ਉੱਤਰ—ਐਸੇ ਗੁਰੂ ਨਿੰਦਕਾਂ ਨੂੰ ਕੁਬੋਲ ਬੋਲਣ ਦਾ ਹੀਆ ਤਾਂ ਹੀ ਹੋ ਰਿਹਾ ਹੈ
ਕਿਉਂਕਿ ਸਾਡੇ ਧਾਰਮਿਕ ਆਗੂ ਡੇਰੇਦਾਰ, ਸਾਧ, ਸੰਸਥਾਵਾਂ ਢਿੱਲੇ ਹੋ ਗਏ। ਸਾਡੇ ਗੁਰਮਤਿ ਪ੍ਰਚਾਰ
ਅਤੇ ਪੰਜ ਕਕਾਰੀ ਰਹਿਤ ਬਹਿਤ ਵਾਲੇ ਜੀਵਨ ਵਿਚ ਢਿੱਲ ਆ ਗਈ ਹੈ। ਜੇ ਅਸੀਂ ਗੁਰੂ ਆਸ਼ੇ ਮੁਤਾਬਕ
ਗੁਰਮਤਿ ਨੂੰ ਅਪਣਾ ਲੈਂਦੇ ਨੇਕ ਨੀਅਤੀ ਨਾਲ ਗੁਰੂ ਦਾ ਸੁਨੇਹਾ ਘਰ ਘਰ ਪਹੁੰਚਾਉਂਦੇ ਤਾਂ ਕਦੇ ਵੀ
ਦੋਖੀ ਐਸਾ ਨਾ ਕਹਿੰਦੇ। ਐਸੇ ਮੂਰਖਾਂ ਨੂੰ ਇਹ ਨਹੀਂ ਪਤਾ ਕਿ ਸਿੱਖ ਕਾਗਜ਼ ਅਤੇ ਸਿਆਹੀ ਦੀ ਪੂਜਾ
ਨਹੀਂ ਕਰਦੇ ਸਗੋਂ ਗੁਰੂ ਸ਼ਬਦ ਨੂੰ ਮੰਨਦੇ ਹਨ। ਜੇਕਰ ਕੋਈ ਪੋਥੀ ਜਿਸ ਉੱਪਰ ਗੁਰਬਾਣੀ ਨਾ ਲਿਖੀ
ਹੋਵੇ ਤਾਂ ਰੁਮਾਲਿਆਂ ਵਿਚ ਲਪੇਟ ਕੇ ਰੱਖ ਦਿੱਤੀ ਜਾਵੇ ਸਿੱਖ ਕਦੇ ਵੀ ਮੱਥਾ ਨਹੀਂ ਟੇਕਣਗੇ। ਗੁਰ
ਬਚਨ ਹੈ—
“ਨਾਉ ਪੂਜੀਐ ਨਾਉ
ਮੰਨੀਐ, ਕਿਲਵਿਖ ਸਭ ਹਿਰਿਆ” (ਪੰਨਾ 87) ਕਈ
ਦੇਹਧਾਰੀ ਗੁਰੂ ਡੰਮ੍ਹ ਦੇ ਹਾਮੀ ਇਹ ਕਹਿੰਦੇ ਹਨ ਕਿ ਜੇ ਕਿਸੇ ਪੁਰਸ਼ ਨੂੰ ਗਿਆਰ੍ਹਵਾਂ, ਬਾਰ੍ਹਵਾਂ,
ਤੇਰ੍ਹਵਾਂ ਗੁਰੂ ਮੰਨ ਲਿਆ ਜਾਵੇ ਤਾਂ ਕੀ ਹਰਜ ਹੈ?
ਉੱਤਰ—ਜਦੋਂ ਦਸਾਂ ਸਤਿਗੁਰਾਂ ਨੇ ਸਿੱਖੀ ਦੇ ਆਦਰਸ਼ ਨੂੰ ਸੰਪੂਰਨ ਕਰ ਲਿਆ
ਤਾਂ ਗੁਰਗੱਦੀ ਦਸਮ ਪਾਤਸ਼ਾਹ ਨੇ “ਸ੍ਰੀ ਗੁਰੂ ਗ੍ਰੰਥ ਸਾਹਿਬ” ਜੀ ਨੂੰ ਦੇ ਕੇ ‘ਪੰਥ’ ਨੂੰ ਗੁਰੂ
ਗ੍ਰੰਥ ਦੀ ਤਾਬਿਆ ਗੁਰੂ ਬਣਾ ਦਿੱਤਾ। ਸ਼ਖਸ਼ੀ ਗੁਰਤਾ ਦਾ ਸਿਲਸਿਲਾ ਹਮੇਸ਼ਾਂ ਲਈ ਖਤਮ ਕਰ ਦਿੱਤਾ। ਇਸ
ਲਈ ਹੁਣ ਕੋਈ ਵੀ ਇਕੱਲਾ ਪੁਰਸ਼ ਖ਼ਾਲਸਾ ਪੰਥ ਦਾ ਗੁਰੂ ਨਹੀਂ ਹੋ ਸਕਦਾ। ਦਸਮ ਗੁਰੂ ਜੀ ਨੇ ਆਤਮਾ
ਗ੍ਰੰਥ ਵਿਚ ਸਰੀਰ ਪੰਥ ਵਿਚ, ਜੋਤਿ ਗੁਰੂ ਕੀ ਬਾਣੀ ਵਿਚ ਜੇ ਜੁਗਤਿ ਖ਼ਾਲਸਾ ਪੰਥ ਵਿਚ ਸਦਾ ਵਾਸਤੇ
ਜੁਗੋ ਜੁਗ ਅਟੱਲ “ਗੁਰੂ ਗ੍ਰੰਥ ਸਾਹਿਬ” ਨੂੰ ਸਦਾ ਵਾਸਤੇ ਗੁਰ ਗੱਦੀ ਸੌਂਪ ਦਿੱਤੀ। ਇਸ ਲਈ ਹੁਣ
ਕਿਸੇ ਮਨੁੱਖ ਦਾ ਗਿਆਰ੍ਹਵਾਂ, ਬਾਰ੍ਹਵਾਂ, ਤੇਰ੍ਹਵਾਂ ਗੁਰੂ ਬਣਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।
ਕਈ ਦੇਹਧਾਰੀ ਗੁਰੂ ਡੰਮ੍ਹ ਦੇ ਹਾਮੀ ਇਹ ਵੀ ਕਹਿੰਦੇ ਹਨ ਕਿ ਸ਼ਰਧਾ, ਨਿਸ਼ਚਾ
ਹੋਣਾ ਚਾਹੀਦਾ ਹੈ। ਭਾਵੇਂ ਗੁਰੂ ਕੁਝ ਵੀ ਹੋਵੇ।
ਉੱਤਰ—ਸਿੱਖ ਧਰਮ ਵਿਚ ਗੁਰ ਗੁੰਗੈ ਗੁਰ ਬਾਵਰੇ ਵਾਲਾ ਅੰਧ ਵਿਸ਼ਵਾਸ ਨਹੀਂ
ਦਿੱਤਾ ਗਿਆ। ਬਲਕਿ ਇਹ ਦੱਸਿਆ ਗਿਆ ਹੈ ਕਿ ਪੂਰੇ ਗੁਰ ਤੋਂ ਬਿਨ੍ਹਾਂ ਨਿਸਤਾਰਾ ਹੋ ਸਕਦਾ। ਅਗਿਆਨੀ
ਦੰਭੀ, ਪਾਖੰਡੀ ਗੁਰੂਆਂ ਤੋਂ ਮੁਕਤੀ ਨਹੀਂ ਮਿਲ ਸਕਦੀ। ਐਸੇ ਦੰਭੀ ਪਾਖੰਡੀ ਗੁਰੂ ਤੋਂ ਬਚਣ ਲਈ ਇਸ
ਤਰ੍ਹਾਂ ਹੁਕਮ ਕੀਤੇ ਹਨ:
ਗੁਰੂ ਜਿਨ੍ਹਾ ਕਾ ਅੰਧੁਲਾ। ਚੇਲੇ ਨਾਹੀ ਠਾਉ। (ਪੰਨਾ 58)
ਨਾਨਕ, ਅੰਧਾ ਹੋਇ ਕੈ, ਦਸੈ ਰਾਹੈ, ਸਬਸ ਮੁਹਾਏ ਸਾਥੈ।।
ਅਗੈ ਗਇਆ ਮੁਹੈ ਮੁਹਿ ਪਾਹਿ ਸੁ ਐਸਾ ਆਗੂ ਜਾਪੈ।। (ਪੰਨਾ 140)
ਗੁਰੂ ਜਿਨ੍ਹਾ ਕਾ ਅੰਧੁਲਾ, ਸਿਖ ਭੀ ਅੰਧੇ ਕਰਮ ਕਰੇਨਿ।। (ਪੰਨਾ 951)
ਗੁਰੂ ਸਦਾਏ ਅਗਿਆਨੀ ਅੰਧਾ, ਕਿਸੁ ਉਹ ਮਾਰਗਿ ਪਾਏ।। (ਪੰਨਾ 49)
ਅੰਧਾ ਆਗੂ ਜੇ ਥੀਐ, ਕਿਉ ਪਾਧਰ ਜਾਣੈ।।
ਆਪਿ ਮੁਸੈ ਮਤਿ ਹੋਛੀਐ, ਕਿਉ ਰਾਹ ਪਛਾਣੇ।। (ਪੰਨਾ 767)
ਕਾਚੇ ਗੁਰ ਤੇ ਮੁਕਤਿ ਨ ਹੂਆ।। (ਪੰਨਾ 932)
ਅੰਧੇ ਕੈ ਰਾਹਿ ਦਸੀਐ, ਅੰਧਾ ਹੋਇ ਸ ਜਾਇ।।
ਹੋਇ ਸੁਜਾਖਾ ਨਾਨਕਾ, ਸੋ ਕਿਉ ਉਝੜਿ ਪਾਇ।। (ਪੰਨਾ 954)
ਕਈ ਗੁਰੂ-ਡੰਮ੍ਹ ਦੇ ਹਾਮੀ ਆਪਣੇ ਦੇਹਧਾਰੀ ਗੁਰੂ ਦਾ ਪ੍ਰਚਾਰ ਕਰਨ ਲਈ
ਰਿਧੀਆਂ-ਸਿਧੀਆਂ ਤੇ ਕਰਾਮਾਤਾਂ ਨੂੰ ਆਪਣੇ ਗੁਰੂ ਨਾਨਕ ਜੋੜ ਕੇ ਦੱਸਦੇ ਹਨ ਕਿ ਸਾਡੇ ਗੁਰੂ ਵਿਚ ਇਹ
ਕਰਾਮਾਤ ਹੈ। ਇਹ ਤਾਕਤ ਹੈ ਆਦਿ। ਇਸ ਤਰ੍ਹਾਂ ਕਈ ਭੋਲੇ ਭਾਲੇ ਇਹਨਾਂ ਦੇ ਚੁੰਗਲ ਵਿਚ ਫਸ ਜਾਂਦੇ
ਹਨ।
ਗੁਰ ਸ਼ਬਦ ਹੈ—
“ਰਿਧਿ ਸਿਧਿ ਸਭੁ ਮੋਹ ਹੈ, ਨਾਮੁ ਨ
ਵਸੈ ਮਨਿ ਆਇ।” (ਪੰਨਾ 593)
ਬਿਨੁ ਨਾਵੈ ਪੈਨਣੁ ਖਾਣੁ ਸਭ ਬਾਦਿ ਹੈ, ਧਿਗੁ ਸਿਧੀ ਧਿਗੁ ਕਰਮਾਤਿ।।
(ਪੰਨਾ 650)
ਇਹਨਾਂ ਦੰਭੀਆਂ ਪਾਖੰਡੀਆਂ ਕੋਲ ਕੋਈ ਰਿਧੀ ਸਿਧੀ ਨਹੀਂ ਹੈ। ਗੁਰੂ ਦੇ ਸਿੱਖ
ਜਾਣਦੇ ਹਨ ਕਿ ਮਨੁੱਖਾ ਜੀਵਨ ਮਨੋਰਥ ਇਹਨਾ ਰਿਧੀਆਂ ਸਿਧੀਆਂ ਦੇ ਚੱਕਰਾਂ ਵਿਚ ਪੈਣਾ ਨਹੀਂ ਹੈ।
ਗੁਰੂ ਕਾ ਬਚਨ ਗੁਰਬਾਣੀ ਗੁਰਮਤਿ ਨੂੰ ਹਿਰਦੇ ਵਿਚ ਵਸਾ ਲੈਣਾ ਹੀ ਵੱਡੀ ਕਰਾਮਾਤ ਹੈ। ਇਹ ਰਿਧੀ
ਸਿਧੀ ਹੈ।
ਆਉ! ਅਸੀਂ ਗੁਰੂ ਸ਼ਬਦ ਦੇ ਲੜ ਲੱਗੀਏ। ਕੰਨਾਂ ਵਿਚ ਮੰਤਰ ਦੇਣ ਵਾਲਿਆਂ,
ਗੱਦੀਆਂ ਲਾਉਣ ਵਾਲਿਆਂ ਤੋਂ ਬਚੀਏ। ਇਹਨਾਂ ਗੁਰੂ ਨਿੰਦਕਾਂ ਨੂੰ ਕਦੇ ਮੂੰਹ ਨਾ ਲਾਈਏ।
ਸਦਾ ਯਾਦ ਰੱਖੋ—ਗੁਰੂ ਦੀ ਆਤਮਾ ਗ੍ਰੰਥ ਵਿਚ, ਸਰੀਰ ਪੰਥ ਵਿਚ। ਪੂਜਾ ਅਕਾਲ
ਕੀ, ਪਰਚਾ ਸ਼ਬਦ ਦਾ, ਦੀਦਾਰ ਖ਼ਾਲਸੇ ਦਾ ਉੱਪਰ ਪੂਰੇ ਨਿਸ਼ਚੇ ਨਾਲ ਅਮਲ ਕਰਦੇ ਹੋਏ “ਗੁਰੂ ਗ੍ਰੰਥ
ਸਾਹਿਬ” ਨੂੰ ਗੁਰੂ ਮੰਨਦੇ ਹੋਏ, ਗੁਰਮਤਿ ਅਨੁਸਾਰ ਜੀਵਨ ਬਤੀਤ ਕਰਦੇ ਹੋਏ ਆਪਣੇ ਆਪ ਨੂੰ ਪੰਥ ਦਾ
ਅੰਗ ਸਮਝਦੇ ਹੋਏ ਆਪਣੇ ਫਰਜਾਂ ਨੂੰ ਨਿਭਾਉਂਦੇ ਹੋਏ ਹੋਰਨਾਂ ਨੂੰ ਇਸ ਸੱਚਾਈ ਬਾਰੇ ਦੱਸ ਕੇ
ਭੁਲੇਖਿਆਂ ਤੋਂ ਬਚਾਈਏ।