.

ਚਲਾ ਤ ਭਿਜੈ ਕੰਬਲੀ

ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ

ਗਿਆਨੀ ਹਰਭਜਨ ਸਿੰਘ ਜੀ ਯੂ. ਐਸ. ਏ. ਵਾਲੇ ਗੁਰਬਾਣੀ ਦੇ ਬਹੁਤ ਡੂੰਘੇ ਖੋਜੀ ਸਨ। ਗੁਰਬਾਣੀ ਦਾ ਉਹਨਾਂ ਨੂੰ ਇਤਨਾਂ ਅਭਿਆਸ ਸੀ ਕਿ ਆਮ ਕਰਕੇ ਕੋਈ ਵੀ ਤੁਕ ਬੋਲੀ ਜਾਏ ਉਹ ਉਸ ਪਵਿੱਤਰ ਤੁਕ ਨੂੰ ਓਸੇ ਤਰ੍ਹਾਂ ਹੀ ਲਿਖ ਦੇਂਦੇ ਸਨ ਜਿਸ ਤਰ੍ਹਾਂ ਸਿਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਿਖੀ ਹੋਈ ਹੈ। ਉਹ ਕਹਿੰਦੇ ਸਨ ਕਿ ਪਾਵਨ ਗੁਰਬਾਣੀ ਨੂੰ ਸਮਝਣ ਲਈ ਸ਼ਬਦ ਗਿਆਨ, ਵਾਕ ਗਿਆਨ ਤੇ ਫਿਰ ਉਸ ਦਾ ਭਾਵ ਅਰਥ ਕੀ ਨਿਕਲਦਾ ਹੈ, ਇਹ ਤਿੰਨ ਗੱਲਾਂ ਜ਼ਰੂਰੀ ਹਨ। ਇਹਨਾਂ ਦੀ ਸਮਝ ਆਉਣ ਨਾਲ ਹੀ ਸਾਨੂੰ ਗੁਰਬਾਣੀ ਦੀ ਸਮਝ ਆ ਸਕਦੀ ਹੈ। ਹੋਇਆ ਇਹ ਹੈ ਕਿ ਜਿਸ ਕਿਸੇ ਸ਼ਬਦ ਦੀ ਸਾਨੂੰ ਸਮਝ ਨਹੀਂ ਆਈ ਅਸੀਂ ਉਸ ਸ਼ਬਦ `ਤੇ ਸਾਖੀ ਜੋੜ ਕਿ ਸੰਗਤ ਨੂੰ ਸੁਣਾ ਦਿੱਤੀ ਤੇ ਸ਼ਬਦ ਦੇ ਭਾਵ ਅਰਥ ਤੋਂ ਕੋਹਾਂ ਦੂਰ ਚਲੇ ਗਏ। ਗੁਰਬਾਣੀ ਸਦਾ ਕਾਲੀ, ਸਰਬ ਦੇਸ਼ੀ ਤੇ ਸਰਬ ਸਾਂਝੀ ਹੈ ਇਸ ਲਈ ਗੁਰਬਾਣੀ ਨੇ ਹਰ ਸਮੇਂ ਵਿੱਚ ਸੰਸਾਰ ਨੂੰ ਉੱਚ ਪੱਧਰੀ ਜੀਵਨ ਜਾਚ ਦੇਣੀ ਹੈ। ਗੁਰਬਾਣੀ ਦੇ ਕਿਸੇ ਵੀ ਵਾਕ ਨੂੰ ਸਮਝਣ ਲਈ ਸਚਿਆਰ ਦੇ ਫ਼ਲਸਫ਼ੇ ਨੂੰ ਸਾਹਮਣੇ ਰੱਖਿਆ ਜਾਏ ਤਾਂ ਆਤਮਿਕ ਸੂਝ ਦੀਆਂ ਰਮਜ਼ਾਂ ਆਪਣੇ ਆਪ ਹੀ ਖੁਲ੍ਹਦੀਆਂ ਜਾਣਗੀਆਂ। ਫ਼ਰੀਦ ਜੀ ਦੇ ਦੋ ਸਲੋਕਾਂ ਵਿੱਚ ਗਲ਼ੀ, ਚਿੱਕੜ, ਕੰਬਲੀ, ਮੀਂਹ ਤੇ ਸੱਜਣ ਸ਼ਬਦ ਆਏ ਹਨ; ਹੁਣ ਦੇਖਣਾ ਹੈ ਕਿ ਇਹ ਵਾਕ ਸਾਡਾ ਕੀ ਮਾਰਗ ਦਰਸ਼ਨ ਕਰਦੇ ਹਨ। ਪੂਰੇ ਸਲੋਕਾਂ ਦਾ ਪਾਠ ਹੇਠਾਂ ਅੰਕਤ ਹੈ।

ਫਰੀਦਾ ਗਲੀਏ ਚਿਕੜੁ, ਦੂਰਿ ਘਰੁ, ਨਾਲਿ ਪਿਆਰੇ ਨੇਹੁ॥

ਚਲਾ ਤ ਭਿਜੈ ਕੰਬਲੀ, ਰਹਾਂ ਤ ਤੂਟੈ ਨੇਹੁ॥ ੨੪।

ਭਿਜਉ ਸਿਜਉ ਕੰਬਲੀ, ਅਲਹ ਵਰਸਉ ਮੇਹੁ॥

ਜਾਇ ਮਿਲਾਂ ਤਿਨਾ ਸਜਣਾ, ਤਟਉ ਨਾਹੀ ਨੇਹੁ॥ ੨੫॥

ਸਲੋਕ ਸ਼ੇਖ਼ ਫ਼ਰੀਦ ਜੀ ਦੇ ਪੰਨਾ ੧੩੭੯ –

ਇਹਨਾਂ ਸਲੋਕਾਂ ਦੇ ਪ੍ਰੰਪਰਾ--ਗਤ ਅਰਥ ਤਾਂ ਏਹੀ ਬਣਦੇ ਹਨ, ਕਿ ਹੇ ਫਰੀਦ! ਵਰਖਾ ਦੇ ਕਾਰਨ ਗਲੀ ਵਿੱਚ ਚਿੱਕੜ ਹੈ, ਮੇਰੇ ਘਰ ਤੋਂ ਮੇਰੇ ਪਿਆਰੇ ਦਾ ਘਰ ਬਹੁਤ ਦੂਰ ਹੈ, ਪਰ ਮੇਰਾ, ਮੇਰੇ ਪਿਆਰੇ ਨਾਲ, ਪਿਆਰ ਵੀ ਬਹੁਤ ਹੈ। ਜੇ ਮੈਂ ਆਪਣੇ ਪਿਆਰੇ ਨੂੰ ਮਿਲਣ ਲਈ ਜਾਂਦਾ ਹਾਂ ਤਾਂ ਮੇਰੀ ਕੰਬਲੀ ਭਿਜਦੀ ਹੈ, ਜੇ ਮੈਂ ਵਰਖਾ ਤੇ ਚਿੱਕੜ ਤੋਂ ਡਰ ਕੇ ਨਾ ਜਾਂਵਾਂ ਤਾਂ ਮੇਰਾ ਪਿਆਰ ਟੱਟਦਾ ਹੈ।

ਦੂਜੇ ਸਲੋਕ ਵਿੱਚ ਫਰੀਦ ਜੀ ਕਹਿੰਦੇ ਹਨ ਕਿ ਮੇਰੀ ਕੰਬਲੀ ਬੇ-ਸ਼ੱਕ ਚੰਗੀ ਤਰ੍ਹਾਂ ਭਿੱਜ ਜਾਏ, ਰੱਬ ਕਰੇ ਮੀਂਹ ਵੀ ਬੇ-ਸ਼ੱਕ ਵਰ੍ਹਦਾ ਰਹੇ, ਪਰ ਮੈਂ ਉਹਨਾਂ ਸੱਜਣਾਂ ਨੂੰ ਜ਼ਰੂਰ ਮਿਲਾਂਗਾ ਤਾਂ ਕਿ ਕਿਤੇ ਮੇਰਾ ਪਿਆਰ ਹੀ ਨਾ ਟੱਟ ਜਾਏ।

ਸਾਖੀ ਕੁੱਝ ਇਸ ਤਰ੍ਹਾਂ ਜੋੜੀ ਹੋਈ ਹੈ ਕਿ ਫ਼ਰੀਦ ਜੀ ਪਾਸ ਇਕੋ ਇੱਕ ਕੰਬਲ਼ੀ ਹੈ ਤੇ ਬਾਹਰ ਬਹੁਤ ਹੀ ਜ਼ੋਰਦਾਰ ਮੀਂਹ ਪੈ ਰਿਹਾ ਹੈ। ਫ਼ਰੀਦ ਜੀ ਦੇ ਮੁਰਸ਼ਦ ਦਾ ਘਰ ਕਾਫੀ ਦੂਰੀ `ਤੇ ਸਥਿੱਤ ਹੈ। ਫ਼ਰੀਦ ਜੀ ਕੰਬਲ਼ੀ ਲੈ ਕੇ ਚੱਲਦੇ ਹਨ ਤਾਂ ਕੰਬਲ਼ੀ ਭਿੱਜਦੀ ਹੈ। ਜੇ ਕਰ ਆਪਣੇ ਕਾਮਲ ਮੁਰਸ਼ਦ ਦੇ ਘਰ ਨੂੰ ਨਹੀਂ ਚੱਲਦੇ ਤਾਂ ਫ਼ਰੀਦ ਜੀ ਦਾ ਪਿਆਰ ਟੁੱਟਦਾ ਹੈ। ਫ਼ਰੀਦ ਜੀ ਦੇ ਸਾਹਮਣੇ ਦੋ ਰਸਤੇ ਹਨ ਜਾਂ ਤਾਂ ਉਹ ਆਪਣੇ ਗੁਰੂ ਜੀ ਦੇ ਘਰ ਨਾ ਜਾਣ ਤੇ ਆਪਣੀ ਕੰਬਲ਼ੀ ਭਿੱਜਣ ਤੋਂ ਬਚਾ ਲੈਣ ਜਾਂ ਫਿਰ ਆਪਣੀ ਕੰਬਲ਼ੀ ਭਿਉਂਕਿ ਮੁਰਸ਼ਦ ਜੀ ਨੂੰ ਮਿਲ ਲੈਣ। ਫ਼ਰੀਦ ਜੀ ਨੇ ਇੱਕ ਰਸਤਾ ਚੁਣਿਆ ਕਿ ਹੇ ਮੇਰੀਏ ਕੰਬਲੀਏ ਤੂੰ ਬੇਸ਼ੱਕ ਭਿੱਜ ਜਾ ਪਰ ਮੇਰਾ ਪਿਆਰ ਮੇਰੇ ਗੁਰੂ ਨਾਲੋਂ ਨਹੀਂ ਟੁੱਟਣਾ ਚਾਹੀਦਾ ਇਹ ਮੀਂਹ ਤਾਂ ਅੱਲਾ ਜੀ ਪਾ ਰਹੇ ਹਨ। ਮੈਂ ਤਾਂ ਆਪਣੇ ਸੱਜਣਾਂ ਨੂੰ ਜ਼ਰੂਰ ਮਿਲਾਂਗਾ। ਸਾਖੀ ਅੱਖਰੀਂ ਅਰਥਾਂ ਦੇ ਅਧਾਰ `ਤੇ ਬਣੀ ਹੋਈ ਹੈ। ਅਸੀਂ ਹੁਣ ਇਹ ਦੇਖਣ ਦਾ ਯਤਨ ਕਰਾਂਗੇ ਕਿ ਸਾਨੂੰ ਤਥਾ ਸਾਰੀ ਮਨੁੱਖਤਾ ਨੂੰ ਇਹਨਾਂ ਸਲੋਕਾਂ ਤੋਂ ਕੀ ਉਪਦੇਸ਼ ਮਿਲਦਾ ਹੈ।

ਗੁਰਬਾਣੀ ਵਿੱਚ ਚਿੱਕੜ ਮੋਹ ਦੇ ਰੂਪ ਵਿੱਚ ਵੀ ਆਇਆ ਹੈ, ਜੇਹਾ ਕਿ ਆਸਾ ਰਾਗ ਅੰਦਰ ਗੁਰੂ ਨਾਨਕ ਸਾਹਿਬ ਜੀ ਨੇ ਪਾਣੀ ਨੂੰ ਅੱਗ ਤੇ ਮੋਹ ਨੂੰ ਚਿੱਕੜ ਆਖਿਆ ਹੈ। ਗੁਰ ਵਾਕ ਹੈ:---

ਤਿਤੁ ਸਰਵਰੜੇ ਭਈ ਲੇ ਨਿਵਾਸਾ, ਪਾਣੀ ਪਾਵਕ ਤਿਨਹਿ ਕੀਆ॥

ਪੰਕ ਜੁ ਮੋਹ ਪਗੁ ਨਹੀ ਚਾਲੈ ਹਮ ਦੇਖਾ ਤਹ ਡੂਬੀਅਲੇ॥

ਮਨ, ਏਕੁ ਨ ਚੇਤਸਿ ਮੂੜ ਮਨਾ॥

ਹਰਿ ਬਿਸਰਤ ਤੇਰੇ ਗੁਣ ਗਲਿਆ॥

ਆਸਾ ਮਹਲਾ ੧ ਪੰਨਾ ੧੨---

ਬੰਦਿਆ ਦੇਖ! ਸਾਡੀ ਜੀਵਾਂ ਦੀ ਉਸ ਭਿਆਨਕ ਸੰਸਾਰ ਸਰੋਵਰ ਵਿੱਚ ਵਸੋਂ ਹੈ, ਜਿਸ ਵਿੱਚ ਉਸ ਪ੍ਰਭੂ ਨੇ ਆਪ ਹੀ ਪਾਣੀ ਦੀ ਥਾਂ ਤੇ ਤ੍ਰਿਸ਼ਨਾ ਦੀ ਅੱਗ ਪੈਦਾ ਕੀਤੀ ਹੋਈ ਹੈ। ਇਸ ਭਿਆਨਕ ਸੰਸਾਰ ਵਿੱਚ ਜੋ ਮੋਹ ਦਾ ਚਿੱਕੜ ਹੈ ਇਸ ਵਿੱਚ ਜੀਵਾਂ ਦਾ ਪੈਰ ਚੱਲ ਨਹੀਂ ਸਕਦਾ। ਭਾਵ ਜੀਵ ਮੋਹ ਦੇ ਚਿੱਕੜ ਵਿੱਚ ਫਸੇ ਪਏ ਹਨ। ਸਾਡੇ ਸਭ ਦੇ ਸਾਹਮਣੇ ਅਨੇਕਾਂ ਹੀ ਜੀਵ ਮੋਹ ਦੇ ਚਿੱਕੜ ਵਿੱਚ ਫਸ ਕੇ, ਤ੍ਰਿਸ਼ਨਾ ਦੀ ਅੱਗ ਵਿੱਚ ਸੜ ਰਹੇ ਹਨ।

ਹੇ ਮੇਰੇ ਮੂਰਖ ਮਨ! ਤੂੰ ਇੱਕ ਪਰਮਾਤਮਾ ਨੂੰ ਯਾਦ ਨਹੀਂ ਕਰਦਾ। ਤੂੰ ਜਿਉਂ ਜਿਉਂ ਪਰਮਾਤਮਾ ਨੂੰ ਵਿਸਾਰਦਾ ਜਾ ਰਿਹਾਂ ਏਂ, ਓਸੇ ਤਰ੍ਹਾਂ ਹੀ ਤੇਰੇ ਅੰਦਰੋਂ ਗੁਣ ਘੱਟਦੇ ਜਾਂਦੇ ਹਨ। ਗੁਰਬਾਣੀ ਦੀ ਖ਼ਾਸ ਵਿਸ਼ੇਸ਼ਤਾ ਹੈ ਕਿ, ਬਾਹਰਲੇ ਪ੍ਰਤੀਕ ਲੈ ਕੇ ਮਨੁੱਖ ਦੇ ਅੰਦਰਲੇ ਗੁਣਾਂ ਜਾਂ ਔਗੁਣਾਂ ਦੀ ਗੱਲ ਕੀਤੀ ਹੈ। ਗੁਰਬਾਣੀ ਵਿੱਚ ਵਿਕਾਰਾਂ ਨੂੰ ਭਿਆਨਕ ਪਾਣੀ ਦੀਆਂ ਨਦੀਆਂ ਵੀ ਕਿਹਾ ਹੈ। ਨਦੀਆਂ ਵਿੱਚ ਤਾਂ ਸਿਰਫ ਪਾਣੀ ਹੀ ਹੁੰਦਾ ਹੈ ਪਰ ਏੱਥੇ ਵਿਕਾਰਾਂ ਦੀ ਅੱਗ ਨੂੰ ਨਦੀ ਕਿਹਾ ਗਿਆ ਹੈ। ਵਾਕ ਹੈ:---

ਹੰਸੁ ਹੇਤੁ ਲੋਭੁ ਕੋਪੁ ਚਾਰੇ ਨਦੀਆ ਅਗਿ॥

ਪਵਹਿ ਦਝਹਿ ਨਾਨਕਾ ਤਰੀਐ ਕਰਮੀ ਲਗਿ॥

ਸਲੋਕ ਮ: ੧ਪੰਨਾ ੧੪੭---

ਨਿਰਦਾਇਤਾ, ਮੋਹ, ਲੋਭ ਤੇ ਕ੍ਰੋਧ ਦੀਆਂ ਇਹ ਚਾਰੇ ਭਿਆਨਕ ਅੱਗ ਦੀਆਂ ਨਦੀਆਂ ਚੱਲ ਰਹੀਆਂ ਹਨ। ਜੋ ਜੋ ਮਨੁੱਖ ਇਸ ਵਿੱਚ ਵੜਦੇ ਹਨ ਉਹ ਸੜ ਜਾਂਦੇ ਹਨ, ਪਰ ਹੇ ਨਾਨਕ! ਗੁਰੂ ਜੀ ਦੇ ਉਪਦੇਸ਼ ਨੂੰ ਸਮਝਿਆਂ ਸੰਸਾਰ ਦੀਆਂ ਇਹਨਾਂ ਅਗਨੀ ਰੂਪੀ ਨਦੀਆਂ ਵਿਚੋਂ ਪਾਰ ਹੋ ਸਕੀਦਾ ਹੈ।

ਫ਼ਰੀਦ ਜੀ ਦੇ ਇਹਨਾਂ ਸਲੋਕਾਂ ਦੇ ਅਖਰੀਂ ਅਰਥ ਤਾਂ ਏਹੀ ਬਣਦੇ ਹਨ ਜੋ ਉੱਪਰ ਵਿਚਾਰੇ ਹਨ ਪਰ ਗੁਰਬਾਣੀ ਸਦੀਵ ਕਾਲ ਸੱਚ ਹੈ ਇਸ ਲਈ ਇਹਨਾਂ ਸਲੋਕਾਂ ਦੀ ਹੋਰ ਡੂੰਘਾਈ ਵਿੱਚ ਗਿਆਂ ਇੱਕ ਮੌਲਿਕ ਉਪਦੇਸ਼ ਵੀ ਸਾਡੇ ਸਾਹਮਣੇ ਆਉਂਦਾ ਹੈ। ਗਲ਼ੀ ਦੇ ਅਰਥ ਮਹਾਨ ਕੋਸ਼ ਵਿੱਚ ਇਸ ਪ੍ਰਕਾਰ ਆਉਂਦੇ ਹਨ:--ਬੀਹੀ, ਕੋਠਿਆਂ ਦੇ ਵਿਚਕਾਰ ਰਸਤਾ, ਪਹਾੜ ਵਿੱਚ ਲੰਘਣ ਦਾ ਦਰਾ ਅਤੇ ਘਾਟੀ ਦੀ ਵਸੋਂ ਜਿਵੇਂ ਘੋੜਾਗਲ਼ੀ, ਛਾਂਗਲਾਗਲ਼ੀ, ਨਥੀਆਗਲ਼ੀ ਆਦਿ। ਗਲ਼ੀ ਦਾ ਇੱਕ ਅਰਥ ਹੋਰ ਵੀ ਹੈ:-- ਸੜੀ, ਤ੍ਰੱਕੀ, ਗਲਿਤ। ‘ਫ਼ਰੀਦਾ ਗਲੀਏ ਚਿੱਕੜ’ ਜਿਸ ਰਸਤੇ ਤੇ ਅਸੀਂ ਚੱਲ ਰਹੇ ਹਾਂ ਉਸ ਰਸਤੇ `ਤੇ ਮੋਹ ਦਾ ਚਿੱਕੜ ਹੈ, ਸਾਡੇ ਮਨ ਵਿੱਚ ਮੋਹ ਦਾ ਚਿੱਕੜ ਭਰਿਆ ਪਿਆ ਹੈ। ‘ਦੂਰਿ ਘਰੁ’ ਸਾਡੇ ਮਨ ਦੇ ਵਿੱਚ ਹੀ ਭਲੇ ਗੁਣ ਪਏ ਹੋਏ ਹਨ ਜਿਸ ਨੂੰ ਰੱਬ ਦਾ ਘਰ ਕਿਹਾ ਗਿਆ ਹੈ ਪਰ ਮੋਹ ਦਾ ਚਿੱਕੜ ਹੋਣ ਕਰਕੇ ਰੱਬ ਦਾ ਇਹ ਘਰ ਨੇੜੇ ਹੁੰਦਾ ਹੋਇਆ ਵੀ ਦੂਰ ਲੱਗਦਾ ਹੈ।

ਜੇ ਕਰ ਅੱਖਰੀਂ ਅਰਥ ਲਏ ਜਾਣ ਤਾਂ ਵਿਕਸਤ ਮੁਲਕਾਂ ਵਿੱਚ ਗਲ਼ੀਆਂ ਕੱਚੀਆਂ ਨਹੀਂ ਮਿਲਣਗੀਆਂ। ਸਾਰੇ ਮੁਲਕਾਂ ਵਿੱਚ ਮੀਂਹ ਵੀ ਇਕਸਾਰ ਨਹੀਂ ਪੈਂਦਾ, ਕਿਤੇ ਜ਼ਿਆਦਾ ਹੈ ਤੇ ਕਿਤੇ ਬਹੁਤ ਹੀ ਥੋੜ੍ਹਾ। ਜਿਵੇਂ ਅਰਬ ਦੇਸ਼ਾਂ ਵਿੱਚ ਮੀਂਹ ਨਾ ਮਾਤਰ ਹੀ ਪੈਂਦਾ ਹੈ। ਸਾਰੇ ਯੂਰਪ ਵਿੱਚ ਠੰਡ ਦੇ ਨਾਲ ਬਰਸਾਤ ਵੀ ਪੈਂਦੀ ਹੈ। ਮੀਂਹ ਵਰ੍ਹਦੇ ਤੇ ਠੰਡ ਵਿੱਚ ਕੰਬਲੀ ਲੈ ਕੇ ਆਉਣਾ ਬਿਮਾਰੀ ਨੂੰ ਸੱਦਾ ਪੱਤਰ ਦੇਣ ਦੇ ਬਰਾਬਰ ਹੈ। ਇਸ ਲਈ ਇਹਨਾਂ ਤੁਕਾਂ ਦੇ ਭਾਵ ਅਰਥ ਕੀਤਿਆਂ ਹਰ ਮਨੁੱਖ ਨੂੰ ਇੱਕ ਜੀਵਨ ਸੇਧ ਮਿਲਦੀ ਹੈ।

ਚੰਗਿਆਂਈਆਂ ਤੇ ਬੁਰਾਈਆਂ ਸਾਡੇ ਮਨ ਦੇ ਵਿੱਚ ਹੀ ਹਰ ਸਮੇਂ ਘੁੰਮਦੀਆਂ ਰਹਿੰਦੀਆਂ ਹਨ। ਪਰਮਾਤਮਾ ਸਾਡੇ ਹਿਰਦੇ ਵਿੱਚ ਹੀ ਹੈ ਬਾਹਰ ਭਾਲਣ ਦੀ ਜ਼ਰੂਰਤ ਨਹੀਂ ਹੈ। ਹਿਰਦੇ ਵਿਚਲੇ ਪਰਮਾਤਮਾ ਨੂੰ ਦੇਖਣ ਲਈ ਗੁਰਬਾਣੀ ਦੇ ਕੀਮਤੀ ਵਿਚਾਰ ਇੰਝ ਹਨ।

ਮਨ ਰੇ, ਥਿਰੁ ਰਹੁ, ਮਤੁ ਕਤ ਜਾਹੀ ਜੀਉ॥

ਬਾਹਰਿ ਢੂਢਤ ਬਹੁਤੁ ਦੁਖੁ ਪਾਵਹਿ,

ਘਰਿ ਅੰਮ੍ਰਿਤ ਘਟ ਮਾਹੀ ਜੀਉ॥

ਸੋਰਠਿ ਮਹਲਾ ੧ ਪੰਨਾ ੫੯੫—

ਬਾਹਰੁ ਭਾਲੇ ਸੁ ਕਿਆ ਲਹੈ, ਵਥੁ ਘਰੈ ਅੰਦਰਿ ਭਾਈ॥

ਭਰਮੇ ਭੂਲਾ ਸਭੁ ਜਗੁ ਫਿਰੈ, ਮਨਮੁਖਿ ਪਤ ਗਵਾਈ॥

ਆਸਾ ਮਹਲਾ ੩ ਪੰਨਾ ੪੨੫ –

‘ਫ਼ਰੀਦਾ ਗਲ਼ੀਏ ਚਿਕੜੁ’ ਮੇਰੇ ਹਿਰਦੇ ਵਿੱਚ ਮੋਹ ਦਾ ਚਿੱਕੜ, ਨਿਜ ਸੁਆਰਥ ਦਾ ਚਿੱਕੜ, ਭਾਵ ਵਿਕਾਰਾਂ ਦਾ ਚਿੱਕੜ ਭਰਿਆ ਪਿਆ ਹੈ। ‘ਦੂਰਿ ਘਰੁ’ ਇਸ ਲਈ ਸ਼ੁਭ ਗੁਣ ਭਾਵ ਰੱਬ ਜੀ ਦਾ ਘਰ ਬਹੁਤ ਦੂਰ ਲੱਗਦਾ ਹੈ; ਜਦੋਂ ਮੈਂ ਸ਼ੁਭ ਗੁਣਾਂ ਦਾ ਅਭਿਆਸ ਹੀ ਨਹੀਂ ਕਰਨਾ ਤਾਂ ਰੱਬ ਜੀ ਦੂਰ ਹੀ ਦਿਸਣੇ ਹਨ।

‘ਚਲਾ ਤ ਭਿਜੈ ਕੰਬਲੀ’ ਜੇ ਮੈਂ ਚੰਗਿਆਂਈਆਂ, ਸ਼ੁਭ ਗੁਣ ਜਾਂ ਭਲੇ ਪਾਸੇ ਵਲ ਨੂੰ ਚੱਲਦਾ ਹਾਂ ਤਾਂ ਮੇਰੀ ਆਤਮਿਕ ਰੂਪੀ ਕੰਬਲੀ ਭਿਜਦੀ ਹੈ। ‘ਰਹਾਂ ਤ ਤੁਟੇ ਨੇਹੁ’ ਜੇ ਕਰ ਮੈਂ ਇਹਨਾਂ ਗੱਲਾਂ ਦਾ ਅਭਿਆਸ ਨਹੀਂ ਕਰਦਾ ਤਾਂ ਮੇਰਾ ਪਿਆਰ ਜਾਂ ਗੁਰੂ ਜੀ ਵਲੋਂ ਦੱਸੀ ਹੋਈ ਨਿਯਮਾਵਲੀ ਟੁਟਦੀ ਹੈ ਤੇ ਜ਼ਿੰਦਗੀ ਵਿਕਾਰਾਂ ਵਾਲੇ ਪਾਸੇ ਜਾਂਦੀ ਹੈ। ਪੂਰਾ ਸਲੋਕ ਇੱਕ ਮਾਰਗ ਦਰਸ਼ਨ ਹੈ। ਮੇਰੇ ਮਨ ਦੀ ਗਲ਼ੀ ਵਿੱਚ ਮੋਹ ਦਾ ਚਿੱਕੜ ਪਿਆ ਹੋਇਆ ਹੈ ਇਸ ਲਈ ਪਰਮਾਤਮਾ ਦਾ ਘਰ ਨੇੜੇ ਹੁੰਦਾ ਹੋਇਆ ਵੀ ਬਹੁਤ ਦੂਰ ਹੈ। ਜੇ ਮੈਂ ਰੱਬੀ ਰਸਤੇ ਊਪਰ ਚੱਲਦਾ ਹਾਂ ਤਾਂ ਮੇਰੀ ਆਤਮਿਕ ਰੂਪੀ ਕੰਬਲ਼ੀ ਭਾਵ ਜੀਵਨ ਰੂਪੀ ਕੰਬਲੀ ਸਦ ਗੁਣਾਂ ਨਾਲ ਭਰ ਜਾਂਦੀ ਹੈ। ਮੇਰੇ ਜੀਵਨ ਵਿੱਚ ਸਦਾ ਰਹਿਣ ਵਾਲਾ ਖੇੜਾ ਅਨੰਦ ਭਰ ਜਾਂਦਾ ਹੈ। ‘ਰਹਾ ਤ ਤੁਟੈ ਨੇਹੁ’ ਪਿਆਰ ਟੁਟਦਾ ਹੈ ਭਾਵ ਮਨ ਵਿਕਾਰਾਂ ਵਾਲੇ ਪਾਸੇ ਤੁਰ ਪੈਂਦਾ ਹੈ।

ਦੂਸਰੇ ਸਲੋਕ ਵਿੱਚ ‘ਜਾਇ ਮਿਲਾਂ ਤਿਨ੍ਹਾਂ ਸੱਜਣਾਂ’ ਦੀ ਗੱਲ ਕੀਤੀ ਗਈ ਹੈ। ਗੁਰਬਾਣੀ ਵਿੱਚ ਸੱਜਣ ਪਰਮਾਤਮਾ ਨੂੰ ਕਿਹਾ ਗਿਆ ਹੈ, ਪਰਮਾਤਮਾ ਤੋਂ ਭਾਵ ਉਸ ਦੀ ਨਿਯਮਾਵਲੀ ਸਦਾਚਾਰਕ ਕੀਮਤਾਂ ਜਾਂ ਸ਼ੁਭ ਗੁਣਾਂ ਨਾਲ ਭਰਪੂਰ ਜ਼ਿੰਦਗੀ। ਇੱਕ ਵਾਕ ਨੂੰ ਧਿਆਨ ਵਿੱਚ ਲਿਆਉਣ ਦੀ ਜ਼ਰੂਰਤ ਹੈ।

ਸਜਣ ਸੇਈ ਨਾਲਿ ਮੈ, ਚਲਦਿਆ ਨਾਲਿ ਚਲੰਨਿ॥

ਜਿਥੈ ਲੇਖਾ ਮੰਗੀਐ, ਤਿਥੈ ਖੜੇ ਦਿਸੰਨਿ॥

ਸੂਹੀ ਮਹਲਾ ੧ ਪੰਨਾ ੭੨੯ ---

ਸਰੀਰ ਵਾਲਾ ਸੱਜਣ ਹਰ ਵੇਲੇ ਸਾਡੇ ਨਾਲ ਨਹੀਂ ਚੱਲ ਸਕਦਾ, ਹਾਂ ਪਰਮਾਤਮਾ ਸਾਡੇ ਨਾਲ ਹਰ ਵੇਲੇ ਰਹਿੰਦਾ ਹੈ ਜੋ ਗੁਰੂ ਜੀ ਦੇ ਉਪਦੇਸ਼ ਵਿਚੋਂ ਸ਼ੁਭ ਗੁਣਾਂ ਜਾਂ ਸਦੀਵ ਕਾਲ ਨਿਯਮਾਵਲੀ ਦੇ ਰੂਪ ਵਿੱਚ ਪ੍ਰਗਟ ਹੁੰਦਾ ਹੈ। ‘ਜਾਇ ਮਿਲਾ ਤਿਨਾ ਸਜਣਾ’ ਹਿਰਦੇ ਵਿਚਲੀਆਂ ਚੰਗਿਆਈਆਂ ਨੂੰ ਮਿਲਾਂ ਭਾਵ ਹਿਰਦੇ ਵਿੱਚ ਜੋ ਸ਼ੁਭ ਗੁਣ ਹਨ ਉਹਨਾਂ ਨੂੰ ਆਪਣੇ ਜੀਵਨ ਵਿੱਚ ਲਿਆਉਣ ਦਾ ਯਤਨ ਕਰਾਂ। ਭਲੇ ਕਰਮ ਜਾਂ ਚੰਗਿਆਈਆਂ ਹਰ ਵੇਲੇ ਮਨੁੱਖ ਦੀਆਂ ਮਦਦਗਾਰ ਸਾਬਤ ਹੁੰਦੀਆਂ ਹਨ। ‘ਭਿਜਉ ਸਿਜਉ ਕੰਬਲੀ’ ਮੇਰੀ ਆਤਮਾ ਜਾਂ ਮੇਰਾ ਸੁਭਾਅ ਰੂਪੀ ਕੰਬਲੀਏ ਤੂੰ ਸੱਜਣਾਂ ਨੂੰ ਮਿਲ ਕੇ ਤਰੋ-ਤਾਜ਼ਾ ਹੋ ਜਾ। ‘ਅਲਹ ਵਰਸਉ ਮੇਹੁ’ ਕਿਉਂਕਿ ਚੰਗਿਆਂਈਆਂ ਦਾ ਹਰ ਵੇਲੇ ਮੀਂਹ ਪੈ ਰਿਹਾ ਹੈ। ਮੀਂਹ ਪੈਂਦਾ ਹੈ ਸਾਰੀ ਜ਼ਮੀਨ ਤਰੋ-ਤਰ ਹੋ ਜਾਂਦੀ ਹੈ। ਕਿਰਸਾਨ ਭਰਪੂਰ ਫਸਲਾਂ ਦੀ ਪ੍ਰਾਪਤੀ ਕਰਦੇ ਹਨ। ਗੁਰਬਾਣੀ ਵਿੱਚ ਮੀਂਹ ਦੇ ਬਹੁਤ ਸੁੰਦਰ ਪ੍ਰਮਾਣ ਹਨ ਜਿਹਾ ਕਿ:---

ਮੀਹੁ ਪਾਇਆ ਪਰਮੇਸਰਿ ਪਾਇਆ॥

ਜੀਅ ਜੰਤ ਸਭਿ ਸੁਖੀ ਵਸਾਇਆ॥

ਗਇਆ ਕਲੇਸੁ ਭਇਆ ਸੁਖੁ ਸਾਚਾ ਹਰਿ ਹਰਿ ਨਾਮੁ ਸਮਾਲੀ ਜੀਉ॥

ਮਾਝ ਮਹਲਾ ੫ ਪੰਨਾ ੧੦੫-੬---

ਪਰਮਾਤਮਾ ਦੇ ਗਿਆਨ ਦਾ ਮੀਂਹ ਪੈਣ ਨਾਲ ਕਲੇਸ਼ਾਂ ਦਾ ਖ਼ਾਤਮਾ ਹੋਇਆ, ਜੀਅ ਜੰਤ ਸਾਰੇ ਦੇ ਸਾਰੇ ਸੁਖੀ ਜੀਵਨ ਵਲ ਨੂੰ ਨਿਕਲ ਤੁਰੇ।

ਪਾਰਬ੍ਰਹਮਿ ਫੁਰਮਇਆ ਮੀਹੁ ਵੁੱਠਾ ਸਹਿਜ ਸੁਭਾਇ॥

ਅੰਨੁ ਧੰਨੁ ਬਹੁਤੁ ਉਪਜਿਆ ਪ੍ਰਿਥਮੀ ਰਜੀ ਤਿਪਤਿ ਅਘਾਇ॥

ਸਦਾ ਸਦਾ ਗੁਣ ਉਚਰੈ ਦੁਖੁ ਦਾਲਦੁ ਗਇਆ ਬਿਲਾਇ॥

ਸਲੋਕ ਮ: ੪ ਪੰਨਾ ੩੨੧ –

ਜਦੋਂ ਮੀਂਹ ਪੈਂਦਾ ਹੈ ਤਾਂ ਕੁਦਰਤੀ ਅੰਨ ਧੰਨ ਵਿੱਚ ਵਾਧਾ ਹਏਗਾ, ਤੇ ਜਦੋਂ ਗਿਆਨ ਦਾ ਮੀਂਹ ਪਏਗਾ ਤਾਂ ਦੁੱਖ ਦਲਿੱਦਰ ਖਤਮ ਹੋਣਗੇ, ਦੈਵੀ ਗੁਣਾਂ ਵਿੱਚ ਵਾਧਾ ਹਏਗਾ।

ਦੁਖੁ ਭੁਖੁ ਕਾੜਾ ਸਭੁ ਚੁਕਾਇਸੀ ਮੀਹੁ ਵੁਠਾ ਛਹਿਬਰ ਲਾਇ॥

ਸਭ ਧਰਤਿ ਪਈ ਹਰਿਆਵਲੀ, ਅੰਨੁ ਜੰਮਿਆ ਬੋਹਲ ਲਾਇ॥

ਸਲੋਕ ਮ: ੪ ਪੰਨਾ ੧੨੫੦—

ਸਰੀਰ ਰੂਪੀ ਧਰਤੀ ਦੇ ਗਿਆਨ ਇੰਦਰੇ ਆਪਣੇ ਆਪ ਹੀ ਹਰੇ ਹੋ ਜਾਣਗੇ ਜਦੋਂ ਰੱਬੀ ਗੁਣਾਂ ਦੀ ਛਹਿਬਰ ਹੋਈ। ‘ਅੰਨ ਜੰਮਿਆਂ ਬੋਹਲ ਲਾਇ’ ਗੁਣਾਂ ਰੂਪੀ ਰੱਬ ਦਾ ਪ੍ਰਗਟ ਹੋਣਾ ਹੈ ਅਲਾਹ ਤਾਂ ਹਰ ਵੇਲੇ ਮੀਂਹ ਪਾ ਰਿਹਾ ਹੈ ਭਾਵ ਦੈਵੀ ਗੁਣਾਂ ਦੀ ਬਰਸਾਤ ਸਦਾ ਹੀ ਪੈ ਰਹੀ ਹੈ ਤਾਂ ਫਿਰ ਇਸ ਮੀਂਹ ਵਿੱਚ ਮੇਰੀ ਕੰਬਲੀ ਬੇਸ਼ੱਕ ਭਿੱਜ ਜਾਏ ਮੈਨੂੰ ਕੋਈ ਪਰਵਾਹ ਨਹੀਂ ਕਿਉਂਕਿ ਮੇਰਾ ਆਤਮਿਕ ਮਿਲਾਪ ਗੁਣਾਂ ਰੂਪੀ ਸੱਜਣਾਂ ਨਾਲ ਹੋ ਗਿਆ ਹੈ। ‘ਤੁਟਉ ਨਾਹੀ ਨੇਹੁ’ ਮੇਰੀ ਇਹ ਸਾਂਝ ਚੰਗੇ ਸੱਜਣਾਂ ਨਾਲ ਸਦਾ ਬਣੀ ਰਹੇ ਤੇ ਮਨ ਵਿਕਾਰਾਂ ਵਲ ਨੂੰ ਨਾ ਜਾਏ। ਸੁ ਇਹਨਾਂ ਤੁਕਾਂ ਵਿਚੋਂ ਕੇਵਲ ਬਾਹਰਲੇ ਮੀਂਹ ਦੀ ਗੱਲ ਹੀ ਨਹੀਂ ਕੀਤੀ ਗਈ ਇਹ `ਤੇ ਸਗੋਂ ਪ੍ਰਤੀਕ ਲੇ ਕੇ ਅੰਦਰਲੀ ਅਵਸਥਾ ਦੀ ਗੱਲ ਕੀਤੀ ਗਈ ਹੈ।

ਹੇ ਮੇਰੀ ਕੰਬਲੀ ਰੂਪੀ ਆਤਮਾ! ਤੂੰ ਅਲਾਹ ਦੇ ਪੈ ਰਹੇ ਮੀਂਹ ਵਿੱਚ ਚੰਗੀ ਤਰ੍ਹਾਂ ਭਿੱਜ ਜਾ ਤਾਂ ਕਿ ਪਰਮਾਤਮਾ ਸੱਜਣ ਨਾਲ ਤੇਰਾ ਮਿਲਾਪ ਹੋ ਜਾਏ। ਸੁਭਾਅ ਵਿੱਚ ਸਥਿਰਤਾ ਆ ਜਾਏਗੀ, ਮੰਦਾ ਚਿਤਵਨਾ ਹਮੇਸ਼ਾਂ ਲਈ ਛੁੱਟ ਜਾਏਗਾ।

ਸਾਰੀ ਵਿਚਾਰ ਇਸ ਤਰ੍ਹਾਂ ਸਮਝ ਵਿੱਚ ਆਉਂਦੀ ਹੈ ਕਿ ਮੇਰੇ ਮਨ ਦੀ ਗਲੀ ਵਿੱਚ ਨਿਜ ਸੁਆਰਥ ਦਾ ਚਿੱਕੜ ਹੈ ਜਿਸ ਕਰਕੇ ਮਨ ਵਿੱਚ ਰੱਬੀ ਗੁਣ ਹੁੰਦੇ ਹੋਏ ਵੀ ਬਹੁਤ ਦੂਰ ਹਨ। ਜੇ ਕਰ ਅਸੀਂ ਸ਼ੁਭ ਗੁਣਾਂ ਵਿੱਚ ਚੱਲਦੇ ਹਾਂ ਤਾਂ ਸਾਡੀ ਆਤਮਿਕ ਕੰਬਲੀ ਭਾਵ ਸਾਡੀ ਰੋਜ਼ਮਰਾ ਦੀ ਜ਼ਿੰਦਗੀ ਭਿੱਜਦੀ ਹੈ। ਦੈਵੀ ਗੁਣਾਂ ਦਾ ਅਭਿਆਸ ਨਹੀਂ ਕਰਦੇ ਤਾਂ ਸਾਡਾ ਆਤਮਿਕ ਬਲ ਟੱਟਦਾ ਹੈ।

ਹੇ ਮੇਰੀਏ ਆਤਮਾ! ਤੂੰ ਪਰਮਾਤਮਾ ਦੇ ਗੁਣਾਂ ਵਿੱਚ ਭਿੱਜ ਜਾ ਕਿਉਂਕਿ ਨਾ ਮੁੱਕਣ ਵਾਲੇ ਰੱਬੀ ਗੁਣਾਂ ਦਾ ਮੀਂਹ ਪੈ ਰਿਹਾ ਹੈ। ਜ਼ਿੰਦਗੀ ਦੀਆਂ ਬੁਲੰਦੀਆਂ ਨੂੰ ਸਰ ਕਰ ਤੇ ਇਹਨਾਂ ਨੂੰ ਹਮੇਸ਼ਾਂ ਕਇਮ ਰੱਖ ਭਾਵ ਫਿਰ ਤੇਰਾ ਪ੍ਰੇਮ ਟੱਟੇਗਾ ਨਹੀਂ। ਸੰਸਾਰ ਦੀਆਂ ਤਿਲਕਣ ਬਾਜ਼ੀਆਂ ਤੋਂ ਬਚ ਜਾਏਂਗਾ।




.