.

‘ਦਾਦਰ ਤੂ ਕਬਹਿ ਨ ਜਾਨਸਿ ਰੇ’

ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ

ਉਹਨਾਂ ਸਾਰੇ ਪ੍ਰਬੰਧਕਾਂ ਨੂੰ ਹਾਰਦਿਕ ਮੁਬਾਰਕਿ ਹੈ ਜੋ ਗੁਰੂ ਦੀ ਭੈ- ਭਾਵਨੀ ਵਿੱਚ ਚਲਦਿਆਂ ਤਨ ਮਨ ਕਰਕੇ ਗੁਰਦੁਆਰਿਆਂ ਦੀ ਸੇਵਾ ਨਿਭਾ ਰਹੇ ਹਨ। ਉਹ ਸਾਰੇ ਪ੍ਰਬੰਧਕ ਵਧਾਈ ਦੇ ਪਾਤਰ ਹਨ ਜੋ ਗੁਰੂ ਸਿਧਾਂਤ `ਤੇ ਪਹਿਰਾ ਦੇਂਦਿਆਂ ਆਪਣੇ ਫ਼ਰਜ਼ ਦੀ ਯੋਗ ਢੰਗ ਨਾਲ ਪੂਰਤੀ ਕਰ ਰਹੇ ਹਨ। ਹੱਥਲੇ ਲੇਖ ਵਿੱਚ ਗੱਲ ਉਹਨਾਂ ਪ੍ਰਬੰਧਕਾਂ ਦੀ ਕੀਤੀ ਗਈ ਹੈ ਜੋ ਆਪਣੀ ਚੌਧਰ ਦੀ ਖ਼ਾਤਰ ਗੁਰੂ ਦੀ ਗੋਲਕ ਨੂੰ ਕਚਿਹਿਰੀਆਂ ਵਿੱਚ ਲੈ ਕੇ ਗਏ ਹਨ। ਗੱਲ ਉਹਨਾਂ ਪ੍ਰਬੰਧਕਾਂ ਦੀ ਕੀਤੀ ਗਈ ਹੈ ਜਿਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਇੱਕ ਦੂਜੇ ਦੀਆਂ ਪੱਗਾਂ ਉਤਾਰੀਆਂ, ਘਟੀਆਂ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਗੁਰੂ ਦਾ ਸਤਿਕਾਰ ਕਾਇਮ ਨਹੀਂ ਰੱਖਿਆ ਤੇ ਬਹੁਤਾਤ ਇਹਨਾਂ ਦੀ ਹੀ ਹੈ।

ਗੁਰਬਾਣੀ ਨੇ ਜ਼ਿੰਦਗੀ ਦੇ ਹਰ ਖੇਤਰ ਵਿੱਚ ਸਾਡੀ ਅਗਵਾਈ ਕੀਤੀ ਹੈ, ਅਸੀਂ ਭਾਵੇਂ ਸਮਝੀਏ ਜਾਂ ਨਾ ਸਮਝੀਏ ਇਹ ਸਾਡੀ ਮਰਜ਼ੀ ਹੈ। ਇੱਕ ਵਿਦਵਾਨ ਕਥਾ ਕਰਦਿਆਂ ਕਹਿ ਰਿਹਾ ਸੀ ਕਿ ਸੰਗੀਤ ਦਾ ਅਸਰ ਪੁਸ਼ੂ, ਪੰਛੀ, ਜੀਵ-ਜੰਤੂ ਤੇ ਬਨਾਸਪਤੀ ਸਾਰੇ ਹੀ ਕਬੂਲਦੇ ਹਨ। ਉਹ ਵਿਦਵਾਨ ਆਪਣੀ ਕਥਾ ਨੂੰ ਜਾਰੀ ਰੱਖਦਿਆਂ ਅੱਗੇ ਕਹਿ ਰਿਹਾ ਸੀ, ਕਿ ਜੇ ਦੁੱਧਾ—ਧਾਰੀ ਪਸ਼ੂਆਂ ਦੇ ਪਾਸ ਲਗਾਤਾਰ ਸੰਗੀਤ ਦੀਆਂ ਧੁੰਨਾਂ ਚਲਦੀਆਂ ਰਹਿਣ ਤਾਂ ਉਹ ਪਸ਼ੂ ਦੁੱਧ ਜ਼ਿਆਦਾ ਦੇਣ ਦੇ ਸਮਰੱਥ ਹੋ ਜਾਂਦਾ ਹੈ। ਕਹਿੰਦੇ ਨੇ ਸੱਪ ਵੀ ਯੋਗੀ ਦੀ ਬੀਨ ਦੀਆਂ ਧੁੰਨਾਂ ਦਾ ਅਸਰ ਕਬੂਲਦਾ ਹੋਇਆ ਜੋਗੀ ਦੀ ਪਟਾਰੀ ਵਿੱਚ ਆਣ ਬੈਠਦਾ ਹੈ। ਵਿਦਵਾਨ ਸੱਜਣ ਤਾਂ ਏਥੋਂ ਤੱਕ ਕਹਿ ਰਿਹਾ ਸੀ ਅੱਜ ਕਲ--ਫ਼ਲ਼ਾਂ ਵਾਲੇ ਦਰੱਖ਼ਤਾਂ ਦੇ ਪਾਸ ਵੀ ਸੰਗੀਤ ਚਲਾਇਆ ਜਾਂਦਾ ਹੈ ਤਾਂ ਕਿ ਫ਼ਲ਼ਾਂ ਵਿੱਚ ਰੱਸ ਜ਼ਿਆਦਾ ਭਰ ਜਾਏ। ਹੁਣ ਤੇ ਛੋਟੇ ਬੱਚਿਆਂ ਨੂੰ ਸੁੱਖ ਦੀ ਨੀਦ ਦੇਣ ਲਈ ਸੰਗੀਤਿਕ ਧੁੰਨਾਂ ਵਾਲੇ ਖਿਲਾਉਣੇ ਹੋਂਦ ਵਿੱਚ ਆ ਗਏ ਹਨ। ਜਾਨੀ ਕਿ ਸੰਗੀਤ ਦਾ ਪ੍ਰਭਾਵ ਹਰ ਥਾਂ `ਤੇ ਦੇਖਿਆ ਜਾ ਸਕਦਾ ਹੈ।

ਲੱਗਦੇ ਹੱਥ ਇੱਕ ਹੋਰ ਵਿਚਾਰ ਵੀ ਸਾਂਝਾ ਕਰ ਲੈਣ ਵਿੱਚ ਕੋਈ ਹਰਜ਼ ਨਹੀਂ ਏ ਤਾਂ ਕਿ ਜਿਸ ਵਿਸ਼ੇ ਸਬੰਧੀ ਗੱਲ ਕਰਨੀ ਹੈ ਉਸ ਦੀ ਸੌਖਿਆਂ ਸਮਝ ਆ ਸਕੇ। ਬਹੁਤ ਪ੍ਰਚੱਲਤ ਸ਼ੈਖ ਸਅਦੀ ਦੀ ਇੱਕ ਹਕਾਇਤ ਸੁਣਾਈ ਜਾਂਦੀ ਹੈ ਕਿ ਇੱਕ ਉਸਤਾਦ ਬੱਚਿਆਂ ਨੂੰ ਪੜਾਉਂਦਿਆਂ ਹੋਇਆਂ ਅਕਸਰ ਇਹ ਕਿਹਾ ਕਰਦਾ ਸੀ, “ਕਿ ਖ਼ੁਦਾ ਹਰ ਥਾਂ `ਤੇ ਹੈ, ਖ਼ੁਦਾ ਦੇਖਦਾ ਹੈ”। ਉਸਤਾਦ ਜੀ ਦਾ ਇਹ ਤਕੀਆ ਕਲਾਮ ਬਣ ਗਿਆ ਸੀ ਪਰ ਬੱਚੇ ਇਸ ਤਕੀਆ ਕਲਾਮ ਤੋਂ ਅੱਕ ਚੁੱਕੇ ਸਨ। ਆਦਤ ਅਨੁਸਾਰ ਉਸਤਾਦ ਜੀ ਕਹਿਣ ਲੱਗੇ, “ਕਿ ਖ਼ੁਦਾ ਹਰ ਥਾਂ `ਤੇ ਹੈ ਉਹ ਹਰ ਵੇਲੇ ਦੇਖਦਾ ਹੈ” ਪਰ ਅੱਜ ਅੱਗੋਂ ਇੱਕ ਬੱਚਾ ਕਹਿਣ ਲੱਗਾ ਕਿ “ਉਸਤਾਦ ਜੀ ਤੁਸੀਂ ਠੀਕ ਆਖਦੇ ਹੋਵੋਗੇ ਪਰ ਸਾਨੂੰ ਇੰਜ ਮਹਿਸੂਸ ਹੋਇਆ ਹੈ ਕਿ ਖ਼ੁਦਾ ਇੱਕ ਥਾਂ `ਤੇ ਨਹੀਂ ਹੈ”। ਅਚਾਨਕ ਬੱਚੇ ਦਾ ਸੁਆਲ ਆਉਣ `ਤੇ ਉਸਤਾਦ ਜੀ ਨੂੰ ਝੱਟਕਾ ਜੇਹਾ ਲੱਗਾ ਤੇ ਉਸਤਾਦ ਜੀ ਕਹਿਣ ਲੱਗੇ “ਪਿਆਰੇ ਬੱਚੇ ਕਿਸ ਥਾਂ `ਤੇ ਖ਼ੁਦਾ ਜੀ ਨਹੀਂ ਹੈ, ਕੀ ਤੂੰ ਇਹਨਾਂ ਸਾਰੇ ਵਿਦਿਆਰਥੀਆਂ ਨੂੰ ਦੱਸ ਸਕਦਾ ਏਂ” ? ਬੱਚੇ ਨੇ ਕਿਹਾ, ਕਿ “ਉਸਤਾਦ ਜੀ ਖ਼ੁਦਾਵੰਦ-ਕਰੀਮ ਸਾਰਿਆਂ ਵਿੱਚ ਹੈ, ਖ਼ੁਦਾ ਜੀ ਦੇਖਦੇ ਵੀ ਹਨ ਪਰ ਜੇ ਖ਼ੁਦਾ ਜੀ ਕਿਤੇ ਨਹੀਂ ਹੈ ਤਾਂ ਉਹ ਮਨੁੱਖ ਦੇ ਹਿਰਦੇ ਵਿੱਚ ਨਹੀਂ ਹੈ, ਬਾਕੀ ਸਾਰਿਆਂ ਥਾਵਾਂ `ਤੇ ਨਿਰਅੰਤਰ ਸਦਾ ਭਰਪੂਰ ਹੈ।

ਇਹ ਦੋ ਘਟਨਾਵਾਂ ਸਾਡੇ ਗੁਰਦੁਆਰਿਆਂ ਦੇ ਪ੍ਰਬੰਧਕੀ ਢਾਂਚੇ `ਤੇ ਪੂਰੀ ਤਰ੍ਹਾਂ ਲਾਗੂ ਹੁੰਦੀਆਂ ਹਨ। ਪੁਸ਼ੂ, ਪੰਛੀ, ਜੀਵ-ਜੰਤੂ, ਬਨਾਸਪਤੀ ਸੰਗੀਤਿਕ ਧੁੰਨਾਂ ਦਾ ਅਸਰ ਕਬੂਲਦੇ ਹਨ, ਪਰ ਸਾਡੇ `ਤੇ ਗੁਰਦੁਆਰਿਆ ਵਿੱਚ ਨਿਰਾ ਸੰਗੀਤ ਹੀ ਨਹੀਂ, ਇਸ ਵਿੱਚ ਤਾਂ ਸਗੋਂ ਗੁਰਬਾਣੀ ਪਾਈ ਹੋਈ ਹੈ ਫਿਰ ਵੀ ਇਹ ਪ੍ਰਬੰਧਕੀ ਢਾਂਚਾ ਪੂਰੀ ਤਰ੍ਹਾਂ ਜਾਣਦਾ ਹੋਇਆ ਵੀ ਅਣਜਾਣ ਬਣਿਆ ਬੈਠਾ ਹੈ ਤੇ ਨਿੱਤ ਲੜਾਈ ਝਗੜੇ ਗੁਰਦੁਆਰਿਆਂ ਵਿਚੋਂ ਦੇਖੇ ਜਾ ਸਕਦੇ ਹਨ। ਅਸੀਂ ਬਾਣੀ ਪੜ੍ਹਦੇ ਸੁਣਦੇ ਹਾਂ ਪਰ ਸਾਡੇ ਪ੍ਰਬੰਧਕੀ ਢਾਂਚੇ ਦੇ ਹਿਰਦਿਆਂ ਵਿੱਚ ਪ੍ਰਵੇਸ਼ ਨਹੀਂ ਹੋਈ। ਜੇ ਹੋਈ ਹੁੰਦੀ ਤਾਂ ਆਮ ਗੁਰਦੁਆਰਿਆਂ ਦੇ ਮੁਕੱਦਮੇ ਕਿਸੇ ਵੀ ਸਰਕਾਰੀ ਅਦਾਲਤ ਵਿੱਚ ਨਾ ਚੱਲਦੇ ਹੁੰਦੇ। ਗੁਰੂ ਨਾਨਕ ਸਾਹਿਬ ਜੀ ਨੇ ਧਾਰਮਿਕ ਅਸਥਾਨਾਂ ਦਾ ਪ੍ਰਬੰਧ ਸੰਭਾਲ਼ ਰਹੇ ਪ੍ਰਬੰਧਕਾਂ ਨੂੰ ਆਪਣੇ ਕੋਲ ਬਿਠਾ ਕੇ ਕੁੱਝ ਸਮਝਾਉਣ ਦਾ ਯਤਨ ਕੀਤਾ ਹੈ। ਜ਼ਿੰਦਗੀ ਦੇ ਪਿੱਛਲੇ ਪੈਂਤੀ ਕੁ ਸਾਲ ਤੋਂ ਗੁਰਦੁਆਰਿਆਂ ਵਿੱਚ ਵਿਚਰਨ ਦਾ ਮੌਕਾ ਮਿਲਿਆ ਹੈ ਸਿਰਫ ਇੱਕ ਦੋ ਪ੍ਰਤੀਸ਼ਤ ਗੁਰਦੁਆਰੇ ਹੋਣਗੇ ਜਿੱਥੇ ਸੰਗਤ ਆਪ ਪ੍ਰਬੰਧ ਚਲਾ ਰਹੀ ਹੈ ਨਹੀਂ ਤਾਂ ਹਰੇਕ ਅਸਥਾਨ `ਤੇ ਲੜਾਈ—ਝਗੜੇ ਸਾਡੀ ਨਿੱਤ ਦੀ ਕਾਰ ਬਣ ਗਏ ਹਨ। ਆਮ ਕਿਰਤੀ ਸਿੱਖ ਗੁਰਦੁਆਰੇ ਤੇ ਗੁਰਬਾਣੀ ਪ੍ਰਤੀ ਭੈ—ਭਾਵਨੀ ਰੱਖਦਾ ਹੈ, ਗੁਰਬਾਣੀ ਦਾ ਭਾਵ ਕਬੂਲਦਾ ਹੈ ਪਰ ਜਦੋਂ ਪ੍ਰਬੰਧਕੀ ਢਾਂਚੇ ਵਲ ਨਿਗਾਹ ਚੱਲੀ ਜਾਂਦੀ ਹੈ ਤਾਂ ਮਹਿਸੂਸ ਹੁੰਦਾ ਹੈ ਕਿ ਗੁਰਬਾਣੀ ਦੇ ਪਾਸ ਰਹਿਣ ਕਰਕੇ ਵੀ ਅਸੀਂ ਲੜਾਈ--ਝਗੜੇ, ਈਰਖਾ-ਦਵੈਖ, ਗ਼ਾਲ਼ੀ—ਗਲੋਚ ਤੋਂ ਮੁਕਤ ਨਹੀਂ ਹੋ ਸਕੇ। ਗੁਰਦੁਆਰੇ ਦੇ ਪ੍ਰਬੰਧਕ ਹਕੀਕਤ ਨੂੰ ਸਮਝ ਸਕਣ ਇਸ ਲਈ ਮਾਰੂ ਰਾਗ ਵਿਚੋਂ ਇਹ ਸ਼ਬਦ ਲਿਆ ਹੈ।

ਬਿਮਲ ਮਝਾਰਿ ਬਸਸਿ ਨਿਰਮਲ ਜਲ ਪਦਮਨਿ ਜਾਵਲ ਰੇ॥

ਪਦਮਨਿ ਜਾਵਲ ਜਲ ਰਸ ਸੰਗਤਿ ਸੰਗਿ ਦੋਖ ਨਹੀ ਰੇ॥ ੧॥

ਦਾਦਰ ਤੂ ਕਬਹਿ ਨ ਜਾਨਸਿ ਰੇ॥

ਭਖਸਿ ਸਿਬਾਲੁ ਬਸਸਿ ਨਿਰਮਲ ਜਲ ਅੰਮ੍ਰਿਤੁ ਨ ਲਖਸਿ ਰੇ॥ ੧॥ ਰਹਾਉ॥

ਭਸੁ ਜਲ ਨਿਤ, ਨ ਵਸਤ ਅਲੀਅਲ, ਮੇਰ ਚਚਾ ਗੁਨ ਰੇ॥

ਚੰਦ ਕੁਮੁਦਨੀ ਦੂਰਹੁ ਨਿਵਸਿਸ ਅਨਭਉ ਕਾਰਨਿ ਰੇ॥ ੨॥

ਅੰਮ੍ਰਿਤ ਖੰਡੁ ਦੂਧਿ ਮਧੁ ਸੰਚਸਿ ਤੂ ਥਨ ਚਾਤੁਰ ਰੇ॥

ਅਪਨਾ ਆਪੁ ਤੂ ਕਬਹੁ ਨ ਛੋਡਸਿ ਪਿਸਨ ਪ੍ਰੀਤਿ ਜਿਉ ਰੇ॥ ੩॥

ਪੰਡਿਤ ਸੰਗਿ ਵਸਹਿ ਜਨ ਮੂਰਖ ਅਗਮ ਸਾਸ ਸੁਨੇ॥

ਅਪਨਾ ਆਪੁ ਤੂ ਕਬਹੁ ਨ ਛੋਡਸਿ ਸੂਆਨ ਪੂਛਿ ਜਿਉ ਰੇ॥ ੪॥

ਇਕਿ ਪਾਖੰਡੀ ਨਾਮ ਨ ਰਾਚਹਿ ਇੱਕ ਹਰਿ ਹਰਿ ਚਰਨੀ ਰੇ॥

ਪੂਰਬਿ ਲਿਖਿਆ ਪਾਵਸਿ ਨਾਨਕ ਰਸਨਾ ਨਾਮੁ ਜਪਿ ਰੇ॥ ੫॥

ਰਾਗ ਮਾਰੂ ਮਹਲਾ ੧॥ ਪੰਨਾ ੯੯੦ –

ਗੁਰੂ ਨਾਨਕ ਸਾਹਿਬ ਜੀ ਨੇ ਡੱਡੂ ਦਾ ਨਾਂ ਲੈ ਕੇ ਉਸ ਨਾਲ ਗੱਲ ਕੀਤੀ ਹੈ। ਪਰ ਡੱਡੂ ਨੇ ਗਿਆਨ ਤੋਂ ਕੀ ਕਰਾਉਣਾ ਹੈ, ਉਹਦਾ ਗੁਰਉਪਦੇਸ਼ ਨਾਲ ਕੀ ਵਾਸਤਾ ਹੈ, ਉਹ ਤੇ ਨਾ ਬੋਲਦਾ ਹੈ ਤੇ ਨਾ ਹੀ ਕਿਸੇ ਨਾਲ ਕਦੇ ਕੋਈ ਝਗੜਾ ਕਰਦਾ ਹੈ। ਸਮਝਾਇਆ ਤੇ ਇਨਸਾਨ ਨੂੰ ਗਿਆ ਹੈ। ਹੇ ਡੱਡੂ! ਤੂੰ ਕਦੇ ਵੀ ਸਮਝ ਨਹੀਂ ਕਰਦਾ, ਤੂੰ ਸਾਫ਼ ਸੁੱਥਰੇ ਪਾਣੀ ਵਿੱਚ ਵੱਸਦਾ ਹੈਂ, ਪਰ ਤੂੰ ਉਸ ਸਾਫ਼ ਸੁੱਥਰੇ ਪਾਣੀ ਨੂੰ ਪਛਾਣਦਾ ਨਹੀਂ ਤੇ ਨਾ ਹੀ ਉਸ ਦੀ ਤੂੰ ਕਦਰ ਜਾਣਦਾ ਏਂ। ਸਦਾ ਜਾਲ਼ਾ ਹੀ ਖਾਂਦਾ ਰਹਿੰਦਾ ਹੈਂ, ਜੋ ਉਸ ਸਾਫ਼ ਸੁੱਥਰੇ ਪਾਣੀ ਵਿੱਚ ਪੈ ਜਾਂਦਾ ਹੈ।

ਡੱਡੂ ਦਾ ਨਿਵਾਸ ਨਿਰਮਲ ਜਲ ਵਿੱਚ ਹੈ, ਪਰ ‘ਭਖਸਿ ਸਿਬਾਲੁ’ ਪਾਣੀ ਵਿੱਚ ਪਏ ਹੋਏ ਜਾਲੇ ਨੂੰ ਖਾਂਦਾ ਏਂ। ‘ਸਿਬਾਲੁ’ ਪਾਣੀ ਦੇ ਜਾਲੇ ਨੂੰ ਕਿਹਾ ਜਾਂਦਾ ਹੈ। ‘ਅੰਮ੍ਰਿਤੁ ਨ ਲਖਸਿ ਰੇ’ ਇੱਕ ਸਰੀਰਕ ਜੀਵਨ ਤੇ ਦੂਸਰਾ ਆਤਮਿਕ ਜੀਵਨ ਹੈ, ਪਾਣੀ ਵਿੱਚ ਰਹਿੰਦਿਆਂ ਸਰੀਰ ਦੀ ਲੋੜ ਲਈ ਪਾਣੀ ਤਾਂ ਪੀਂਦਾ ਹੈ, ਪਰ ਆਤਮਿਕ ਲੋੜ ਪੂਰੀ ਕਰਨ ਲਈ ਅੰਮ੍ਰਿਤ ਵਰਗੀ ਵਸਤੂ ਦੀ ਪਹਿਛਾਣ ਨਹੀਂ ਕਰਦਾ। ‘ਨ ਲਖਸਿ’ ਕਦਰ ਨਹੀਂ ਹੈ।

ਗੁਰਬਾਣੀ ਦਾ ਉਪਦੇਸ਼ ਹਰੇਕ ਮਨੁੱਖ ਲਈ ਹੈ, ਇਹ ਨਹੀਂ ਕਿ ਇਹ ਸ਼ਬਦ ਕੇਵਲ ਪ੍ਰਬੰਧਕਾਂ ਲਈ ਵਰਤਿਆ ਹੈ ਤੇ ਦੂਸਰਾ ਹੋਰ ਕੋਈ ਉਪਦੇਸ਼ ਨਹੀਂ ਲੈ ਸਕਦਾ। ਇੰਜ ਮਹਿਸੂਸ ਕੀਤਾ ਗਿਆ ਹੈ ਕਿ ਗੁਰਦੁਆਰੇ ਦਾ ਪ੍ਰਬੰਧ ਕਰਦਿਆਂ ਪ੍ਰਬੰਧਕ, ਗੁਰੂ ਦੇ ਜ਼ਿਆਦਾ ਨਜ਼ਦੀਕ ਰਹਿੰਦੇ ਹਨ, ਇਸ ਲਈ ਇਹਨਾਂ ਦੀ ਜ਼ਿੰਮੇਵਾਰੀ ਵੀ ਜ਼ਿਆਦਾ ਹੀ ਬਣਦੀ ਹੈ। ਜੇ ਇਹਨਾਂ ਨੇ ਗੁਰ-ਸਿਧਾਂਤ ਨੂੰ ਸਮਝਿਆ ਹੁੰਦਾ ਤਾਂ ਅਵੱਸ਼ ਗੁਰਦੁਆਰਿਆਂ ਵਿਚੋਂ ਲੜਾਈ ਝਗੜੇ ਜ਼ਰੂਰ ਖ਼ਤਮ ਹੋ ਜਾਂਦੇ। ਇਹਨਾਂ ਪ੍ਰਬੰਧਕਾਂ ਦੀ ਹਾਲਤ ‘ਅੰਮ੍ਰਿਤ ਨਾ ਲਖਸਿ ਰੇ’ ਵਾਲੀ ਹੈ ਭਾਵ ਗੁਰ ਗਿਆਨ ਨੂੰ ਸਮਝਿਆ ਹੀ ਨਹੀਂ ਹੈ ਤੇ ਇਸ ਆਤਮਿਕ ਸੂਝ ਦੀ ਕਦਰ ਹੀ ਨਹੀਂ ਪਾਈ। ਦਾਦਰ ਵਰਗੀ ਬਿਰਤੀ ਬਣਾਈ ਬੈਠੇ ਹੋਏ ਹਨ।

ਸ਼ਬਦ ਦੀਆਂ ਅਰਭੰਕ ਤੁਕਾਂ ਵਿੱਚ ਸਰੋਵਰ, ਪਾਣੀ, ਡੱਡੂ, ਕੰਵਲ ਦਾ ਫੁੱਲ ਤੇ ਜਾਲੇ ਦੇ ਪ੍ਰਤੀਕ ਲਏ ਹਨ, ਜਿਹਨਾਂ ਦੇ ਅਰਥ ਇਸ ਤਰ੍ਹਾਂ ਬਣਦੇ ਹਨ। ਹੇ ਡੱਡੂ! ਸਾਫ਼ ਸਰੋਵਰ ਦੇ ਸਾਫ਼ ਸੁਥਰੇ ਪਾਣੀ ਵਿੱਚ ਕੌਲ ਫੁੱਲ਼ ਤੇ ਜਾਲਾ ਵੱਸਦੇ ਹਨ। ਕੌਲ ਫੁੱਲ ਉਸ ਜਾਲੇ ਤੇ ਪਾਣੀ ਦੀ ਸੰਗਤ ਵਿੱਚ ਰਹਿੰਦਾ ਹੈ, ਪਰ ਉਹਨਾਂ ਦੀ ਸੰਗਤ ਵਿੱਚ ਉਸ ਨੂੰ ਕੋਈ ਦਾਗ਼ ਨਹੀਂ ਲੱਗਦੇ। ਕਿਉਂ ਕਿ ਕੌਲ ਦਾ ਫੁੱਲ ਸਦਾ ਨਿਰਲੇਪ ਰਹਿੰਦਾ ਹੈ।

ਬਿਮਲ ਮਝਾਰਿ ਬਸਸਿ ਨਿਰਮਲ ਜਲ ਪਦਮਨਿ ਜਾਵਲ ਰੇ॥

ਪਦਮਨਿ ਜਾਵਲ ਜਲ ਰਸ ਸੰਗਤਿ ਸੰਗਿ ਦੋਖ ਨਹੀ ਰੇ॥

ਗੁਰਬਾਣੀ ਦਾ ਉਪਦੇਸ਼ ਸਭ ਲਈ ਸਾਂਝਾ ਹੈ ਪਰ ਜਦੋਂ ਇਹ ਸ਼ਬਦ ਪੜ੍ਹਿਆ ਤੇ ਇਸ ਦੀ ਵਿਚਾਰ ਕੀਤੀ ਤਾਂ ਇੰਜ ਮਹਿਸੂਸ ਹੋਇਆ ਕਿ ਇਹ ਸ਼ਬਦ ਉਹਨਾਂ ਪ੍ਰਬੰਧਕ ਕਮੇਟੀਆਂ `ਤੇ ਜ਼ਿਆਦਾ ਢੁੱਕਦਾ ਹੈ ਜੋ ਗੁਰੂ ਦੀ ਹਜ਼ੂਰੀ ਵਿੱਚ ਜੀਵਨ ਜਾਚ ਸਿੱਖਣ ਦੀ ਥਾਂ `ਤੇ ਇੱਕ ਦੂਜੇ ਦੀਆਂ ਪੱਗਾਂ ਉਤਾਰਦਿਆਂ ਗ਼ਾਲ਼ੀ ਗ਼ਲੋਚ ਕਰਦੇ ਹਨ। ‘ਬਿਮਲ’ ਨਿਰਮਲ ਜਲ ਦਾ ਸਰੋਵਰ ਤੋਂ ਭਾਵ ਗੁਰਦੁਆਰਾ ਤੇ ਜਲ ਗੁਰਬਾਣੀ ਹੈ। ‘ਪਦਮਨਿ’ ਕਮਲ ਜਾਂ ਕੌਲ਼ ਦਾ ਫੁੱਲ ਸੰਗਤ ਦਾ ਪ੍ਰਤੀਕ ਹੈ। ‘ਜਾਲਾ’ ਮਾਇਆ ਦਾ ਖਿਲਾਰਾ, ਪ੍ਰਬੰਧਕੀ ਚੌਧਰ, ਬਾਹਰਲੇ ਮੁਲਕਾਂ ਵਿੱਚ ਰਾਹਦਾਰੀਆਂ ਦੀ ਪ੍ਰਾਪਤੀ, ਸਿੱਧਾ ਸਮਝਣ ਲਈ ਗੋਲਕ ਦੀ ਪਕੜ ਹੈ। ‘ਰੇ’ ਡੱਡੂ, ਜੋ ਕੇਵਲ ਜਾਲੇ ਨਾਲ ਸਾਂਝ ਰੱਖਦਾ ਹੈ, ਪ੍ਰਬੰਧਕੀ ਹਾਕਮ ਜੋ ਸੇਵਾ ਦੇ ਬਹਾਨੇ, ਕੇਵਲ ਕਬਜ਼ਾ ਜਮਾਈ ਰੱਖਣ ਲਈ ਹਮੇਸ਼ਾਂ ਤਤਪਰ ਰਹਿੰਦੇ ਹਨ। ਆਮ ਕਿਰਤੀ ਸਿੱਖ ਸੰਗਤ ਵਿੱਚ ਆ ਕਿ ਗੁਰਬਾਣੀ ਕੀਰਤਨ ਜਾਂ ਕਥਾ ਵਿਖਿਆਨ ਰਾਂਹੀਂ ਆਤਮਿਕ ਉਪਦੇਸ਼ ਲੈ ਕੇ ਜਾਂਦਾ ਹੈ, ਚੱਲ ਰਹੀਆਂ ਸੇਵਾਵਾਂ ਵਿੱਚ ਯਥਾ-ਸ਼ਕਤ ਸੇਵਾ ਕਰਕੇ ਆਪਣਾ ਯੋਗ-ਦਾਨ ਵੀ ਪਾ ਜਾਂਦਾ ਹੈ ਤੇ ਪ੍ਰਬੰਧ ਜਾਂ ਗੁਰੂ ਦੀ ਗੋਲਕ ਨਾਲ ਕੋਈ ਲੈਣ ਦੇਣ ਨਹੀਂ ਹੁੰਦਾ। ਕੌਲ ਦਾ ਫੁੱਲ ਕੇਵਲ ਪਾਣੀ ਲੈਂਦਾ ਹੈ ਜਾਲੇ ਨਾਲ ਉਸ ਦਾ ਕੋਈ ਵਾਸਤਾ ਨਹੀਂ ਹੈ। ਡੁੱਡੂ ਰਹਿੰਦਾ ਪਾਣੀ ਵਿੱਚ ਹੈ ਪਰ ਸਾਂਝ ਉਸ ਦੀ ਕੇਵਲ ਜਾਲੇ ਨਾਲ ਹੀ ਹੈ। ਪ੍ਰਬੰਧਕਾਂ ਦਾ ਗੁਰਬਾਣੀ ਨਾਲ ਕੋਈ ਵਾਸਤਾ ਨਹੀਂ ਜੇ ਵਾਸਤਾ ਹੈ ਤਾਂ ਉਹ ਕੇਵਲ ਗੋਲਕ ਨਾਲ ਹੈ। ਕਿੰਨੇ ਕੁ ਪ੍ਰਬੰਧਕ ਹਨ ਜਿੰਨਾਂ ਨੇ ਹੁਣ ਤੀਕ ਗੁਰਦੁਆਰੇ ਦੀ ਇਮਾਰਤ ਤੇ ਮਾਰਬਲ ਤੋਂ ਬਿਨਾਂ ਕੁੱਝ ਹੋਰ ਕਾਰਜ ਵੀ ਕੀਤੇ ਹਨ। ਸੁ ਇਹਨਾਂ ਤੁਕਾਂ ਨੂੰ ਆਪਣੇ ਰੋਜ਼-ਮਰਾ ਦੀ ਜ਼ਿੰਦਗੀ ਵਿੱਚ ਢੁਕਾਅ ਦੇ ਦੇਖਣ ਦੀ ਲੋੜ ਹੈ। ਪ੍ਰਬੰਧਕੀ ਢਾਂਚਾ ਡੱਡੂਆਂ ਵਾਂਗ ਜਾਲਾ ਹੀ ਖਾ ਰਹੇ ਹਨ ਭਾਵ ਚੌਧਰ ਦੀ ਭੁੱਖ, ਕਬਜ਼ਾ ਜਮਾਈ ਰੱਖਣ ਦੀ ਭਾਵਨਾ, ਇੱਕ ਦੂਜੇ ਨੂੰ ਨੀਵਾਂ ਦਿਖਾਉਣ ਦੀ ਬ੍ਰਿਤੀ ਤੇ ਨਿਤ ਅਦਾਲਤਾਂ ਵਿੱਚ ਕੇਸਾਂ ਦਾ ਚੱਲਣਾ ਏਸੇ ਜਾਲੇ ਦੀ ਸ਼ਕਲ ਵਿੱਚ ਦੇਖੇ ਜਾ ਸਕਦੇ ਹਨ। ਗੁਰਦੁਆਰਾ ਤੇ ਬਾਣੀ ‘ਸਰੋਵਰ ਤੇ ਇਸ ਵਿਚਲੇ ਜਲ ਦੀ ਸਾਰ ਨੂੰ ਨਾ ਸਮਝਣਾ, ਕੇਵਲ ਗੋਲਕ ਦੁਆਲੇ ਹੀ ਘੁੰਮ੍ਹੀ ਜਾਣਾ, ਗੁਰਬਾਣੀ ਸੰਗਤ ਦੇ ਪ੍ਰਭਾਵ ਨੂੰ ਨਾ ਕਬੂਲਣਾ ਡੁੱਡੂ ਵਾਲਾ ਸੁਭਾਅ ਹੈ। ਕੌਲ ਦਾ ਫੁੱਲ ਜਾਲੇ ਵਿੱਚ ਰਹਿੰਦਾ ਹੋਇਆ ਵੀ ਪਾਣੀ ਰਾਂਹੀ ਜਿਊ ਰਿਹਾ ਹੈ ਪਰ ਜਾਲੇ ਨੂੰ ਵਲੋਂ ਨਿਰਲੇਪ ਹੈ। ਕਿਰਤੀ ਸਿੱਖ ਸੰਗਤ ਵਿੱਚ ਆ ਕੇ, ਗੁਰਬਾਣੀ ਜਲ ਨੂੰ ਪੀਂਦਾ ਹੈ ਪਰ ਚੌਧਰ ਦੀ ਭੁੱਖ ਨਹੀਂ ਰੱਖਦਾ।

ਸ਼ਬਦ ਦੇ ਦੂਸਰੇ ਬੰਦ ਵਿੱਚ ਹੇ ਡੱਡੂ! ਤੇਰਾ ਸਦਾ ਪਾਣੀ ਵਿੱਚ ਵਾਸਾ ਹੈ, ਭੌਰਾ ਪਾਣੀ ਵਿੱਚ ਨਹੀਂ ਵੱਸਦਾ, ਫਿਰ ਵੀ ਉਹ ਫੁੱਲ ਦੀ ਚੋਟੀ ਦਾ ਰਸ ਮਾਣਦਾ ਹੈ। ਕੰਮੀ ਚੰਦ੍ਰਮਾ ਨੂੰ ਦੂਰੋਂ ਹੀ ਦੇਖ ਕੇ ਸਿਰ ਨਿਵਾਂਦੀ ਹੈ, ਕਿਉਂਕਿ ਉਸ ਵਿੱਚ ਚੰਦ ਵਾਸਤੇ ਦਿਲੀ ਖਿੱਚ ਹੈ। ਭੌਰਾ ਪਾਣੀ ਵਿੱਚ ਨਹੀਂ ਵੱਸਦਾ ਪਰ ਫੁੱਲ ਦਾ ਅਨੰਦ ਜ਼ਰੂਰ ਮਾਣਦਾ ਹੈ।

ਬਸੁ ਜਲ ਨਿਤ, ਨ ਵਸਤ ਅਲੀਅਲ, ਮੇਰ ਚਚਾ ਗੁਨ ਰੇ॥

ਚੰਦ ਕੁਮੁਦਨੀ ਦੂਰਹੁ ਨਿਵਸਸਿ ਅਨਭੁੳ ਕਾਰਨਿ ਰੇ॥

ਆਮ ਸੰਗਤ ਦਾ ਪ੍ਰਬੰਧਕੀ ਲੜਾਈ ਨਾਲ ਕੋਈ ਸਬੰਧ ਨਹੀਂ ਹੈ ਉਹ ਤੇ ਸੰਗਤ ਵਿੱਚ ਆ ਕੇ ਗੁਰਬਾਣੀ ਦੇ ਉਪਦੇਸ਼ ਨੂੰ ਸੁਣਦੇ ਹਨ ਤੇ ਆਤਮਿਕ ਅਨੰਦ ਨੂੰ ਮਨ ਵਿੱਚ ਵਸਾ ਕੇ ਆਪਣੇ ਘਰ ਨੂੰ ਚਲੇ ਜਾਂਦੇ ਹਨ। ਪਾਣੀ ਦੀ ਕੰਮੀ ਰਾਤ ਨੂੰ ਚੰਦਰਮਾ ਦੇਖ ਕੇ ਖਿੜ ਉੱਠਦੀ ਹੈ ਤੇ ਗੁਰੂ ਦਾ ਸਿੱਖ ਗੁਰਦੁਆਰੇ ਆ ਕੇ ਆਪਣੇ ਗੁਰੂ ਤੋਂ ਵਾਰਨੇ ਜਾਂਦਾ ਹੈ ਪਰ ਪ੍ਰਬੰਧਕ ਗੁਰਦੁਆਰੇ ਆ ਕੇ ਵੀ ਗੁਰੂ ਜੀ ਦੇ ਪਾਸ ਨਹੀਂ ਬੈਠਦੇ। ਮੈਂ ਤੇ ਆਮ ਗੁਰਦੁਆਰਿਆਂ ਵਿੱਚ ਦੇਖਦਾ ਹਾਂ ਜਦੋਂ ਦੀਵਾਨ ਲੱਗਿਆ ਹੁੰਦਾ ਹੈ ਪ੍ਰਬੰਧਕੀ ਢਾਂਚੇ ਦੀ ਜ਼ਰੂਰੀ ਵਿਸ਼ਿਆਂ ਤੇ ਮੀਟਿੰਗ ਹੋ ਰਹੀ ਹੁੰਦੀ ਹੈ। ਜ਼ਰੂਰੀ ਵਿਸ਼ੇ ਕੀ ਹਨ, ਕਿਸੇ ਸੰਤ ਬਾਬੇ ਨੂੰ ਸੱਦ ਕੇ ਉਗਰਾਈ ਕਰਾਉਣ ਦੀਆਂ ਵਿਧੀਆਂ ਸੋਚੀਆਂ ਜਾ ਰਹੀਆਂ ਹੁੰਦੀਆਂ ਹਨ ਜਾਂ ਪੰਜਾਬ ਤੋਂ ਲੋਕ ਗਾਇਕ ਬੁਲਾ ਕੇ ਸਭਿਆਚਾਰ ਦੀਆਂ ਤਿਆਰੀਆਂ ਕੀਤੇ ਜਾਣ ਦੀਆਂ ਭਰਪੂਰ ਵਿਚਾਰਾਂ ਕੀਤੀਆਂ ਜਾਂਦੀਆਂ ਹਨ। ਜਾਨੀ ਕੇ ਕੋਈ ਨਾ ਕੋਈ ਬਹਾਨਾ ਚਾਹੀਦਾ ਹੈ ਗੁਰੂ ਤੋਂ ਦੂਰੀ ਬਣਾਈ ਰੱਖਣ ਦਾ ਕਿਉਂਕਿ ਅਸੀਂ ਪ੍ਰਬੰਧਕ ਜੂ ਹੋਏ ਇਸ ਲਈ ਸਾਨੂੰ ਬਹੁਤੀ ਜ਼ਰੂਰਤ ਨਹੀਂ ਕਿ ਅਸੀਂ ਗੁਰੂ ਜੀ ਦੇ ਪਾਸ ਬੈਠੀਏ, ਇਹ ਤੇ ਸੰਗਤਾਂ ਕੰਮ ਹੈ ਉਹ ਹੀ ਗੁਰੂ ਜੀ ਦੇ ਪਾਸ ਬੈਠਣ। ਪਰ ਜਿਹਨਾਂ ਦੇ ਮਨਾ ਵਿੱਚ ਪਿਆਰ ਹੈ ਉਹ ਦੁਰੋਂ ਚੱਲ ਕੇ ਵੀ ਗੁਰੂ ਨਾਲ ਸਾਂਝ ਪਾਉਣ ਦਾ ਯਤਨ ਕਰਦੇ ਹਨ। ਰਾਤ ਦੀ ਚਾਨਣੀ ਦੇ ਚੰਦਰਮਾ ਨੂੰ ਦੇਖ ਕੇ ਕੰਮੀ ਖਿੜ ਉੱਠਦੀ ਹੈ ਤੇ ਗੁਰੂ ਦਾ ਸਿੱਖ ਗੁਰ ਨੂੰ ਦੇਖ ਕੇ ਖਿੜ ਉੱਠਦਾ ਹੈ। ਪਰ ਪ੍ਰਬੰਧਕ ਤ੍ਰੋੜ ਮ੍ਰੋੜ ਦੀ ਰਾਜਨੀਤੀ ਕਰ ਰਹੇ ਹੁੰਦੇ ਹਨ ਜਿਸ ਨੂੰ ਇਹ ਕਹਿੰਦੇ ਹਨ ਕਿ ਜੀ ਧਰਮ ਤੇ ਰਾਜਨੀਤੀ ਇਕੱਠੀ ਹੋਣੀ ਚਾਹੀਦੀ ਹੈ। ਇਹਨਾਂ ਲਈ ਧਰਮ ਦਾ ਅਰਥ ਗੁਰੂ ਕੀ ਗੋਲਕ ਹੈ ਤੇ ਗੁਰੂ ਕੀ ਗੋਲਕ `ਤੇ ਪੱਕਾ ਕਬਜ਼ਾ ਜਮਾਈ ਰੱਖਣ ਨੂੰ ਇਹ ਸ਼ੁੱਧ ਰਾਜਨੀਤੀ ਆਖਦੇ ਹਨ।

ਸ਼ਬਦ ਦੇ ਤੀਸਰੇ ਬੰਦ ਵਿੱਚ ਚਿੱਚੜ ਦੀ ਆਦਤ ਦਾ ਜ਼ਿਕਰ ਕਰਕੇ ਪ੍ਰਬੰਧਕੀ ਢਾਂਚੇ ਦੀ ਅੰਦਰੂਨੀ ਤਸਵੀਰ ਸੰਸਾਰ ਦੇ ਸਾਹਮਣੇ ਰੱਖੀ ਹੈ। ਮੱਝ ਜਾਂ ਗਊ ਆਪਣੇ ਥਣ ਵਿੱਚ ਅੰਮ੍ਰਿਤ ਵਰਗਾ ਦੁੱਧ ਇਕੱਠਾ ਕਰਦੀ ਹੈ ਪਰ ਥਣ ਦੇ ਨਾਲ ਚਿੱਚੜ ਲੱਗਾ ਹੁੰਦਾ ਹੈ ਜੋ ਦੁੱਧ ਨਹੀਂ ਪੀਂਦਾ ਸਗੋਂ ਮੱਝ ਜਾਂ ਗਊ ਦਾ ਖ਼ੂਨ ਹੀ ਚੂਸਦਾ ਹੈ। ਤਿਵੇਂ ਹੀ ਹੇ ਪਾਣੀ ਦੇ ਚੱਤਰ ਡੁੱਡੂ! ਤੂੰ ਆਪਣਾ ਸੁਭਾਅ ਕਦੇ ਵੀ ਨਹੀਂ ਛੱਡਦਾ। ਤੈਨੂੰ ਪਾਣੀ ਵਿੱਚ ਵੱਸਦੇ ਕੌਲ ਫੁੱਲ ਦੀ ਸਾਰ ਨਹੀਂ ਹੈ ਸਗੋਂ ਪਾਣੀ ਵਿੱਚ ਰਹਿ ਕੇ ਜਾਲਾ ਹੀ ਖਾਂਦਾ ਏਂ।

ਅੰਮ੍ਰਿਤ ਖੰਡੁ ਦੂਧਿ ਮਧੁ ਸੰਚਸਿ ਤੂ ਥਨ ਚਾਤੁਰ ਰੇ।

ਆਪਨਾ ਆਪ ਤੂ ਕਬਹੁ ਨ ਛੋਡਸਿ ਪਿਸਨ ਪ੍ਰੀਤਿ ਜਿਉ ਰੇ॥

ਯੂ. ਕੇ. ਦੇ ਇੱਕ ਗੁਰਦੁਆਰਾ ਵਿੱਚ ਕੀਰਤਨ ਚਲ ਰਿਹਾ ਸੀ ਤੇ ਸੰਗਤਾਂ ਦਾ ਭਰਪੂਰ ਇਕੱਠ ਕਥਾ ਕੀਰਤਨ ਦਾ ਅਨੰਦ ਲੈਣ ਲਈ ਆ ਰਿਹਾ ਸੀ। ਸੰਗਤਾਂ ਦਾ ਵੱਡਾ ਇਕੱਠ ਦੇਖ ਕੇ ਪ੍ਰਬੰਧਕਾਂ ਦੀਆਂ ਵੜਾਸ਼ਾਂ ਖਿੜ ਉੱਠੀਆਂ ਤੇ ਪਰਧਾਨ ਸੈਕਟਰੀ ਦੇ ਪਾਸ ਜਾ ਕੇ ਕਹਿਣ ਲੱਗਾ ‘ਮਖਾ ਸਕੱਤਰਾ’ ਸੰਗਤਾਂ ਵਾਹਵਾ ਇਕੱਠੀਆਂ ਹੋ ਗਈਆਂ ਹਨ ਜਲਦੀ ਜਲਦੀ ਅਪੀਲ ਕਰ ਪੈਸੇ ਚੰਗੇ ਇਕੱਠੇ ਹੋ ਜਾਣਗੇ, ਏਦਾਂ ਦੇ ਸਮੇਂ ਘਟ ਹੀ ਮਿਲਦੇ ਹਨ। ਸਕੱਤਰ ਨੇ ਪ੍ਰਧਾਨ ਦਾ ਹੁਕਮ, ਰੱਬੀ ਹੁਕਮ ਮੰਨਦਿਆਂ ਚੱਲ ਰਹੇ ਕੀਰਤਨ ਨੂੰ ਰੋਕ ਕੇ ਦਿੱਲ ਖਿਚਵੀਂ ਅਪੀਲ ਕਰਨੀ ਸ਼ੁਰੂ ਕਰ ਦਿੱਤੀ। ਵੱਡਾ ਬਾਟਾ ਦੇਖਦਿਆਂ ਦੇਖਦਿਆ ਭਰ ਗਿਆ, ਉਸ ਬਾਟੇ ਨੂੰ ਖਾਲੀ ਕਰਕੇ ਫਿਰ ਬਾਟਾ ਪਹਿਲੀ ਵਾਲੀ ਥਾਂ `ਤੇ ਰੱਖ ਦਿੱਤਾ। ਓਸੇ ਵੇਲੇ ਨਾਲ਼ ਦੀ ਨਾਲ਼ ਗਿਣਤੀ ਵੀ ਕਰਕੇ ਸੰਗਤਾਂ ਨੂੰ ਦੱਸੀ ਜਾਣ ਕੇ ਸੰਗਤ ਜੀ ਤੁਹਾਡੇ ਵਲੋਂ ਭੇਟ ਕੀਤੀ ਮਾਇਆ ਇੰਨੀ ਹੋ ਗਈ ਹੈ। ਜਦੋਂ ਦੇਖ ਲਿਆ ਕਿ ਹੁਣ ਮਾਇਆ ਨਹੀਂ ਆ ਰਹੀ ਤਾਂ ਗੁਰੂ ਕੇ ਕੀਰਤਨੀਆਂ ਨੂੰ ਦੁਬਾਰਾ ਕੀਰਤਨ ਸ਼ੁਰੂ ਕਰਨ ਲਈ ਕਿਹਾ ਗਿਆ। ਕੀ ਅਜੇਹੇ ਪ੍ਰਬੰਧਕ ਚਿੱਚੜ ਨਾਲੋਂ ਘੱਟ ਹਨ? ਜਿਹਨਾਂ ਨੂੰ ਗੁਰਬਾਣੀ ਨਾਲ ਤੇ ਕੋਈ ਲਗਾਓ ਨਹੀਂ ਸਿਰਫ ਉਗਰਾਹੀ ਨਾਲ ਹੀ ਵਾਸਤਾ ਹੈ। ਅਜੇਹੀਆਂ ਅਪੀਲਾਂ ਆਮ ਗੁਰਦੁਆਰਿਆਂ ਵਿਚੋਂ ਹੁੰਦੀਆਂ ਦੇਖੀਆਂ ਜਾ ਸਕਦੀਆਂ ਹਨ। ਪ੍ਰਬੰਧਕਾਂ ਵਲੋਂ ਚਲਾਏ ਜਾ ਰਹੇ ਧਾਰਮਿਕ ਕੰਮਾਂ ਲਈ ਕਈ ਵਾਰੀ ਰਾਗੀ ਸਿੰਘਾਂ ਤੇ ਕਥਾ ਵਾਚਕਾਂ ਨੂੰ ਸੰਗਤ ਵਲੋਂ ਦਿੱਤੀ ਹੋਈ ਮਾਇਆ ਵੀ ਚੁੱਕ ਕੇ ਲੇਖੇ ਲਾਈ ਜਾਂਦੀ ਹੈ। ਵੀਕ ਦੁਬਾਰਾ ਨਾ ਮਿਲਣ ਦੇ ਦੁੱਖੋਂ ਵਿਚਾਰੇ ਰਾਗੀ ਕਥਾ ਵਾਚਕ ਸਬਰ ਦਾ ਘੁੱਟ ਭਰ ਚੁੱਪ ਕਰਕੇ ਬੈਠੇ ਰਹਿੰਦੇ ਹਨ।

ਸ਼ਬਦ ਦੇ ਚੌਥੇ ਬੰਦ ਵਿੱਚ ਵਿਦਵਾਨਾਂ ਦੀ ਸੰਗਤ ਵਿੱਚ ਵੱਸ ਰਹੇ ਮੂਰਖਾਂ ਦਾ ਜ਼ਿਕਰ ਕਰਕੇ ਗੁਰੂ ਸਾਹਿਬ ਜੀ ਨੇ ਸਾਡੇ `ਤੇ ਬਹੁਤ ਵੱਡਾ ਪਰਉਪਕਾਰ ਕੀਤਾ ਹੈ। ਮੂਰਖ ਬਿਰਤੀ ਵਾਲੇ, ਵਿਦਵਾਨਾਂ ਪਾਸੋਂ ਧਰਮ ਸ਼ਾਸਤਰ ਦੀਆਂ ਗੱਲਾਂ ਵੀ ਪੁੱਛਦੇ ਰਹਿੰਦੇ ਹਨ ਪਰ ਆਪਣਾ ਮੂਰਖਾਂ ਵਾਲਾ ਸੁਭਾਉ ਵੀ ਨਹੀਂ ਛੱਡਦੇ। ਜਿਵੇਂ ਕੁੱਤੇ ਦੀ ਪੂਛਲ ਟੇਡੀ ਹੀ ਰਹਿੰਦੀ ਹੈ ਕਦੇ ਵੀ ਸਿੱਧੀ ਨਹੀਂ ਹੁੰਦੀ, ਤਿਵੇਂ ਹੀ ਹੇ ਡੱਡੂ ਜੀ! ਤੂੰ ਵੀ ਆਪਣਾ ਟੇਡਾ ਸੁਭਾਅ ਬਦਲਣ ਲਈ ਤਿਆਰ ਨਹੀਂ ਏਂ।

ਪੰਡਿਤ ਸੰਗਿ ਵਸਹਿ ਜਨ ਮੁਰਖ ਆਗਮ ਸਾਸ ਸੁਨੇ॥

ਆਪਨਾ ਆਪ ਤੂ ਕਬਹੁ ਨ ਛੋਡਸਿ ਸੁਆਨ ਪੂਛਿ ਜਿਉ ਰੇ॥

ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੇ ਪ੍ਰਬੰਧਕ ਬਣ ਜਾਂਦੇ ਹਨ, ਉਹ ਗੁਰੂ ਦਰਬਾਰ ਦੀ ਹਾਜ਼ਰੀ ਘੱਟ ਹੀ ਭਰਦੇ ਹਨ, ਕੇਵਲ ਦਫ਼ਤਰ ਦੀਆਂ ਕੁਰਸੀਆਂ ਨੂੰ ਹੀ ਭਾਗ ਲਗਾਉਂਦੇ ਰਹਿੰਦੇ ਹਨ। ਜੇ ਕੋਈ ਪ੍ਰਬੰਧਕੀ ਢਾਂਚੇ ਵਿਚੋਂ ਬਾਹਰ ਆ ਗਿਆ ਹੈ ਤਾਂ ਉਹ ਭੱਦਰ ਪੁਰਸ਼ ਮੁੜਕੇ ਗੁਰਦੁਆਰੇ ਜਾਂਦਾ ਹੀ ਨਹੀਂ ਹੈ। ਕੋਈ ਕਥਾ ਵਾਚਕ ਮਿਹਨਤ ਕਰਕੇ ਇਤਿਹਾਸ ਦੀ ਗੱਲ ਸਣਾਉਂਦਾ ਹੈ ਤਾਂ ਪ੍ਰਬੰਧਕਾਂ ਦੇ ਫਿੱਟ ਨਹੀਂ ਬੈਠਦੀ। ਇੱਕ ਥਾਂ `ਤੇ ਕਥਾ ਵਾਚਕ ਨੇ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੇ ਕਥਾ ਕਰਦਿਆਂ ਕਿਹਾ, ਲਾਲ ਹਨੇਰੀ ਵਿੱਚ ਗੁਰੂ ਤੇਗ ਬਹਾਦਰ ਜੀ ਦਾ ਸੀਸ ਨਹੀਂ ਉਠਾਇਆ, ਬਲ ਕੇ ਸਿੱਖਾਂ ਦੀ ਦ੍ਰਿੜਤਾ ਤੇ ਜੁਅੱਰਤ ਦੀ ਲਾਲ ਹਨੇਰੀ ਆਈ ਤੇ ਉਹਨਾਂ ਨੇ ਆਪਣੀ ਬਣਾਈ ਹੋਈ ਨੀਤੀ ਅਨੁਸਾਰ ਗੁਰੂ ਸਾਹਿਬ ਜੀ ਦੇ ਸੀਸ ਤੇ ਧੜ ਨੂੰ ਉਠਾਇਆ। ਕੁਦਰਤ ਦਾ ਨਿਯਮ ਨਹੀਂ ਤੋੜਿਆ ਜਾ ਸਕਦਾ। ਵੱਡੇ ਸਾਹਿਬਜ਼ਾਦੇ ਤੇ ਛੋਟੇ ਸਾਹਿਬਜ਼ਾਦੇ ਸ਼ਹੀਦ ਹੋਏ ਹਨ ਜਾਂ ਵੱਡਾ ਛੋਟਾ ਘੱਲੂਘਾਰਾ ਹੋਇਆ ਹੈ ਓਦੋਂ ਕੋਈ ਲਾਲ ਹਨੇਰੀ ਨਹੀਂ ਆਈ। ਪ੍ਰਬੰਧਕਾਂ ਪਰਚਾਰਕ ਨੂੰ ਬੁਲਾ ਲਿਆ ਤੇ ਕਹਿਣ ਲੱਗੇ ਤੂੰ ਗਲਤ ਬਿਆਨ ਕੀਤਾ ਹੈ ਲਾਲ ਹਨੇਰੀ ਆਈ ਸੀ ਤਾਂ ਹੀ ਤਾਂ ਗੁਰੂ ਸਾਹਿਬ ਜੀ ਦਾ ਸੀਸ ਉਠਾਇਆ ਗਿਆ ਸੀ। ਇੱਕ ਪ੍ਰਬੰਧਕ ਕਹਿਣ ਲੱਗਾ ਕੇ ਮੈਂ ਤਾਂ ਆਪਣੇ ਘਰ ਦਸਮ ਗ੍ਰੰਥ ਦਾ ਪ੍ਰਕਾਸ਼ ਵੀ ਕਰਦਾ ਹਾਂ। ਇਤਿਹਾਸ ਵਲੋਂ ਕੋਰੇ ਗੁਰਬਾਣੀ ਸੂਝ ਤੋਂ ਸੱਖਣੇ ਪ੍ਰਬੰਧਕਾਂ ਲਈ ਗੁਰੂ ਬਾਬੇ ਦਾ ਨਜ਼ਰੀਆ ਸਪੱਸ਼ਟ ਹੈ, “ਪੰਡਿਤ ਸੰਗਿ ਵਸਹਿ ਜਨ ਮੂਰਖ” ਸਾਲਾਂ ਬੱਧੀ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਵਿੱਚ ਰਹਿਣ ਨਾਲ ਵੀ ਗੁਰਬਾਣੀ-ਗਿਆਨ ਦੀ ਪ੍ਰਾਪਤੀ ਨਹੀਂ ਹੋ ਸਕੀ ਤੇ ਨਾ ਹੀ ਸੁਭਾਅ ਵਿੱਚ ਕੋਈ ਤਬਦੀਲੀ ਆਈ ਹੈ। ‘ਆਪਨਾ ਆਪੁ ਤੂ ਕਬਹੁ ਨ ਛੋਡਸਿ ਸੁਆਨ ਪੂਛਿ ਜਿਉ ਰੇ’ ਇਹ ਜ਼ਰੂਰੀ ਨਹੀਂ ਕਿ ਸਟੇਜ ਦੇ ਕੋਲ ਬੈਠ ਕੇ ਪਰਚੀਆਂ ਕੱਟਣ ਨਾਲ ਕੋਈ ਗੁਰਬਾਣੀ ਦੀ ਸੋਝੀ ਜ਼ਿਆਦਾ ਆ ਜਾਏਗੀ।

ਕਈਆਂ ਨੇ ਪ੍ਰਬੰਧਕੀ ਢਾਂਚੇ ਵਿੱਚ ਆਉਣ ਲਈ ਹੀ ਰਾਤੋ ਰਾਤ ਖੰਡੇ ਦੀ ਪਾਹੁਲ ਪ੍ਰਾਪਤ ਕੀਤੀ, ਪਰ ਜਦੋਂ ਕਮੇਟੀ ਵਿਚੋਂ ਨਿਕਲ ਗਏ ਤਾਂ ਨਾਲ ਹੀ ਖੰਡੇ ਦੀ ਪਾਹੁਲ ਦਾ ਵੀ ਤਿਆਗ ਕਰ ਦਿੱਤਾ। ਐਸੇ ਪਾਖੰਡੀ ਪਰਮਾਤਮਾ ਨਾਲ ਪਿਆਰ ਨਹੀਂ ਪਾਉਂਦੇ ਸਗੋਂ ਉਹਨਾਂ ਦੀ ਪਾਖੰਡ ਨਾਲ ਹੀ ਸਾਂਝ ਹੁੰਦੀ ਹੈ। ਕਈ ਐਸੇ ਵੀ ਹਨ ਜੋ ਗੁਰੂ ਨਾਲ ਸੁਰਤ ਜੋੜ ਕਿ ਰੱਖਦੇ ਹਨ। ਗੁਰੂ ਨਾਨਕ ਸਾਹਿਬ ਜੀ ਕਹਿ ਰਹੇ ਹਨ ਕਿ ਐ ਮਨੁੱਖ ਤੂੰ ਆਪਣੀ ਜ਼ਬਾਨ ਨਾਲ ਪ੍ਰਭੂ ਦਾ ਨਾਮ ਜੱਪਿਆ ਕਰ ਭਾਵ ਪਰਮਾਤਮਾ ਦੇ ਗੁਣਾਂ ਨੂੰ ਸਮਝ ਕੇ ਆਪਣੇ ਜੀਵਨ ਵਿੱਚ ਢਾਲਣ ਦਾ ਯਤਨ ਕਰ।

ਇਕਿ ਪਾਖੰਡੀ ਨਾਮਿ ਨ ਰਾਚਹਿ ਇੱਕ ਹਰਿ ਹਰਿ ਚਰਣੀ ਰੇ॥

ਪੂਰਬਿ ਲਿਖਿਆ ਪਾਵਸਿ ਨਾਨਕ ਰਸਨਾ ਨਾਮੁ ਜਪਿ ਰੇ॥

ਪ੍ਰਦੇਸ ਦੇ ਇੱਕ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਚਲਾ ਰਹੇ ਪ੍ਰਬੰਧਕਾਂ ਦੇ ਵਿਰੋਧੀਆਂ ਨੇ ਜ਼ਬਰਦਸਤੀ ਉਹਨਾਂ ਪਾਸੋਂ ਕਬਜ਼ਾ ਖੋਹ ਲਿਆ ਤੇ ਕਾਬਜ਼--ਧਿਰ ਬਣ ਕੇ ਬੈਠ ਗਈ। ਕਬਜ਼ਾ ਖੁਆਹ ਚੁੱਕੇ ਨਿਮੰਝੂਣੇ ਹੋਏ ਪ੍ਰਬੰਧਕ ਬਾਹਰ ਖਲੋ ਕੇ ਚੌਪਈ ਸਾਹਿਬ ਦਾ ਪਾਠ ਕਰ ਰਹੇ ਹਨ ਤੇ ਨਾਲ ਹੀ ਹੱਥਾਂ ਵਿੱਚ ਡਾਂਗਾ ਫੜੀਆਂ ਹੋਈਆਂ ਹਨ ਕਿ ਅੱਜ ਇਹਨਾਂ ਨੂੰ ਬਾਹਰ ਆ ਲੈਣ ਦਿਓ ਲੜਾਈ ਇੱਕ ਪਾਸੇ ਹੀ ਕਰ ਕੇ ਰਹਾਂਗੇ। ਪਾਠ ਵੀ ਕਰ ਰਹੇ ਸਨ ਤੇ ਫੱਕੜ ਵੀ ਤੋਲ ਰਹੇ ਸਨ।

ਭਾਈ ਕਾਨ੍ਹ ਸਿੰਘ ਜੀ ਨਾਭਾ ਮਹਾਨ ਕੋਸ਼ ਵਿੱਚ ਗੁਰਦੁਆਰਿਆਂ ਦੇ ਪ੍ਰਬੰਧ ਸਬੰਧੀ ਬੜਾ ਭਾਵ ਪੂਰਤ ਲਿਖਦੇ ਹਨ, ਸ਼੍ਰਿਮੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਥ ਦੇ ਵਿਚਾਰਵਾਨ ਸਾਰੇ ਜੱਥੇ ਅਤੇ ਸਮਾਜ ਦਿੱਲੋਂ ਚਾਹੁੰਦੇ ਹਨ ਕਿ ਗੁਰਦੁਆਰਿਆਂ ਦਾ ਪ੍ਰਬੰਧ ਹੋਰਨਾਂ ਲਈ ਉਦਾਹਰਣ ਰੂਪ ਹੋਵੇ, ਪਰ ਜਦ ਤੀਕ:----

੧ ਗੁਰਦੁਆਰਿਆਂ ਦੇ ਸੇਵਕ, ਗੁਰਮਤਿ ਦੇ ਪੂਰੇ ਗਿਆਤਾ, ਵਿਦਵਾਨ ਅਤੇ ਸਦਾਚਾਰੀ ਨਹੀਂ ਹੁੰਦੇ।

੨ ਜਦ ਤੀਕ ਉਦਾਸੀ. ਨਿਰਮਲੇ, ਨਿਹੰਗ, ਨਾਮਧਾਰੀ ਫਿਰਕੇ ਆਦਿਕ ਤੁਅੱਸਬ ਛੱਡ ਕੇ ਆਪਣੇ ਤਾਂਈ ਇੱਕ ਪਿਤਾ ਦੇ ਪੁੱਤਰ ਜਾਣਕੇ ਭਰਾਤਰੀਭਾਉ ਦਾ ਵਰਤਾਉ ਨਹੀਂ ਕਰਦੇ।

੩ ਜਦ ਤੀਕ ਮਾਇਆ ਦੇ ਜਾਲ ਤੋਂ ਮੁਕਤ ਹੋ ਕਿ ਨਿਸ਼ਕਾਮ ਸੇਵਾ ਨੂੰ ਆਪਣਾ ਅਦਰਸ਼ ਨਹੀਂ ਬਣਾਉਂਦੇ, ਤਦ ਤੀਕ ‘ਸੁਧਾਰ’ ਅਤੇ ‘ਪ੍ਰਬੰਧ’ ਸ਼ਬਦ ਕੇਵਲ ਲਿਖਣ ਤੇ ਬੋਲਣ ਤੀਕ ਹੀ ਰਹਿਣਗੇ।

ਗੁਰਦੁਆਰਿਆਂ ਦੇ ਪ੍ਰਬੰਧਕਾਂ ਨੂੰ ਸਵੇਰੇ ਉੱਠ ਕੇ ਅੰਮ੍ਰਿਤ ਵੇਲੇ ਨਿਤਨੇਮ ਦੇ ਨਾਲ ਭਾਈ ਗੁਰਦਾਸ ਜੀ ਦੇ ਇਸ ਕਬਿੱਤ ਦਾ ਪਾਠ ਵੀ ਜ਼ਰੂਰ ਕਰਨਾ ਚਾਹੀਦਾ ਹੈ।

ਬਾਹਰ ਕੀ ਅਗਨਿ ਬੂਝਤ ਜਲ ਸਰਿਤਾ ਕੈ, ਨਾਉ ਮੈ ਜੋ ਆਗ ਲਾਗੈ ਕੈਸੇ ਕੈ ਬੁਝਾਈਐ?

ਬਾਹਰ ਸੇ ਭਾਗ ਓਟ ਲੀਜੀਅਤ ਕੋਟਗੜ੍ਹ, ਗੜ੍ਹ ਮੇਂ ਜੋ ਲੂਟ ਲੀਜੈ ਕਹੁ ਕਤ ਜਾਈਐ?

ਚੋਰਨ ਕੇ ਤਰਾਸ ਜਾਇ ਸ਼ਰਨ ਗਹੇ ਨਰਿੰਦ, ਮਾਰੇ ਮਹੀਪਤ ਜੀਊ ਕੈਸੇ ਕੈ ਬਚਾਈਐ?

ਮਾਯਾ ਡਰ ਡਰਪਤ ਹਾਰ ਗੁਰਦੁਆਰੇ ਜਾਏ, ਤਹਾਂ ਜੋ ਮਾਯਾ ਬਿਆਪੈ ਕਹਾਂ ਠਹਿਰਾਈਐ?

ਭਾਈ ਗੁਰਦਾਸ ਜੀ ਕਬਿੱਤ ੫੪੪—

ਗੁਰਦੁਆਰਾ ਸਾਹਿਬ ਪ੍ਰਬੰਧ ਕਰ ਰਹੇ ਵੀਰਾਂ ਨੂੰ ਕੁੱਝ ਗੁਰੂ ਅਰਜਨ ਪਾਤਸ਼ਾਹ ਜੀ ਨੇ ਬੜਾ ਪਿਅਰਾ ਸੁਝਾਉ ਦਿੱਤਾ ਹੈ:--

ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰ ਕਰਹੁ ਲਿਵਲਾਇ॥

ਹਰਿ ਨਾਮੈ ਕੇ ਹੋਵਹੁ ਜੋੜੀ ਗੁਰਮੁਖਿ ਬੈਸਹੁ ਸਫਾ ਵਿਛਾਇ॥

ਬਸੰਤ ਮਹਲਾ ੫ ਪੰਨਾ ੧੧੮੫ –

ਅਤੇ

ਗੁਰੁਦਆਰੈ ਹਰਿ ਕੀਰਤਨੁ ਸੁਣੀਐ॥

ਸਤਿਗੁਰੁ ਭੇਟਿ ਹਰਿ ਜਸੁ ਮੁਖਿ ਭਣੀਐ॥

ਕਲਿ ਕਲੇਸ ਮਿਟਾਏ ਸਤਿਗੁਰੁ ਹਰਿ ਦਰਗਾਹ ਦੇਵੈ ਮਾਨਾ ਹੇ॥

ਮਾਰੂ ਮਹਲਾ ੫ ਪੰਨਾ ੧੦੭੫ –

ਡੱਡੂ ਰਹਿੰਦਾ ਪਾਣੀ ਵਿੱਚ ਹੈ ਪਰ ਖਾਂਦਾ ਜਾਲਾ ਹੈ। ਚਿੱਚੜ ਦੁੱਧ ਵਾਲੇ ਥਣ ਨਾਲ ਲੱਗਾ ਹੋਇਆ ਵੀ ਦੁੱਧ ਨਹੀਂ ਪੀਂਦਾ ਸਗੋਂ ਮੱਝ ਗਾਂ ਦਾ ਖੂਨ ਹੀ ਚੂਸਦਾ ਹੈ। ਕੁੱਤੇ ਦੀ ਪੂਛਲ ਕਦੇ ਵੀ ਸਿੱਧੀ ਨਹੀਂ ਹੁੰਦੀ ਭਾਵੇਂ ਉਸ ਨੂੰ ਵੰਝਲ਼ੀ ਵਿੱਚ ਹੀ ਕਿਉਂ ਨਾ ਰੱਖ ਛੱਡੀਏ। ਕੌਲ ਦਾ ਫੁੱਲ ਪਾਣੀ ਪੀਂਦਾ ਹੈ ਪਰ ਜਾਲ਼ਾ ਨਹੀਂ ਖਾਂਦਾ, ਭੌਰ ਦੂਰੋਂ ਆਕੇ ਵੀ ਫੁੱਲ ਦਾ ਅਨੰਦ ਲੈਂਦਾ ਹੈ, ਕੰਮੀ ਚੰਦ੍ਰਮਾ ਨੂੰ ਦੇਖ ਕੇ ਖੁਸ਼ ਹੁੰਦੀ ਹੈ। ਇਹ ਦੋ ਸੁਭਾਅ ਨੇ ਇੱਕ ਗੁਰਬਾਣੀ ਦੇ ਪਾਸ ਬੈਠ ਕੇ ਵੀ ਜੀਵਨ ਵਿੱਚ ਤਬਦੀਲੀ ਨਹੀਂ ਕਰ ਸਕੇ ਪ੍ਰਬੰਧ ਜ਼ਰੂਰ ਕਰ ਰਹੇ ਹਨ। ਇੱਕ ਉਹ ਸੰਗਤਾਂ ਹਨ, ਦੂਰੋਂ ਆ ਕੇ ਵੀ ਆਤਮਿਕ ਅਨੰਦ ਲੈ ਲੈਂਦੀਆਂ ਹਨ।

ਗ਼ਰ ਇਸ਼ਕ ਕਰਤਾ ਹੈ ਤੋ ਇਸ਼ਕ ਕੀ ਤੌਹੀਨ ਨਾ ਕਰ।

ਜਾ ਤੋ ਬੇਹੋਸ਼ ਨਾ ਹੋ, ਹੋ ਤੋ ਫਿਰ ਹੋਸ਼ ਮੇਂ ਨਾ ਆ।




.