.

ਦੇਰ ਕਰਨੀ

ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ

ਗੁਰਬਾਣੀ ਨੇ ਹਰ ਢੰਗ ਨਾਲ ਹਰ ਇਨਸਾਨ ਨੂੰ ਇਨਸਾਨੀਅਤ ਦੇਣ ਦਾ ਯਤਨ ਕੀਤਾ ਹੈ। ਗੁਰਬਾਣੀ ਮਨੁੱਖ ਲਈ ਜੀਵਨ ਜਾਚ ਦਾ ਇੱਕ ਉਹ ਅਮੁੱਕ ਖ਼ਜ਼ਾਨਾ ਹੈ ਜਿਸ ਨੂੰ ਵਰਤਦਿਆਂ ਜਾਂ ਵਰਤਾਇਆਂ ਕਦੇ ਵੀ ਨਹੀਂ ਮੁੱਕਦਾ, ਇਹ ਤੇ ਸਗੋਂ ਵੱਧਦਾ ਦਾ ਹੀ ਜਾਂਦਾ ਹੈ। ਖੂਹ ਜਾਂ ਟਿਊਬਲ ਦੇ ਦੁਆਲੇ ਆਦਮੀ ਚੱਕਰ ਤੇ ਚੱਕਰ ਕੱਢੀ ਜਾਏ ਪਰ ਪਾਣੀ ਪੀਵੇ ਨਾ ਉਸ ਮਨੁੱਖ ਦੀ ਕਦੇ ਵੀ ਪਿਆਸ ਨਹੀਂ ਬੁਝ ਸਕਦੀ। ਸਿੱਖ ਧਰਮ ਵਿੱਚ ਵੀ ਕੁੱਝ ਐਸਾ ਹੀ ਆ ਗਿਆ ਹੈ—ਲੜੀਆਂ ਤੇ ਲੜੀਆਂ ਪਾਠਾਂ ਦੀਆਂ ਚੱਲ ਰਹੀਆਂ ਹਨ ਪਰ ਸਿੱਖੀ ਵਿੱਚ ਜੀਵਨ ਜਾਚ ਦੀ ਘਾਟ ਆ ਗਈ ਹੈ। ਗੁਰੂ ਸਾਹਿਬ ਜੀ ਨੇ ਕਈ ਪਰਕਾਰ ਦੀਆਂ ਮਿਸਾਲਾਂ ਦੇ ਕੇ ਮਨੁੱਖ ਨੂੰ ਰੱਬ ਦਾ ਰੂਪ ਬਣਾਉਂਣ ਦਾ ਯਤਨ ਕੀਤਾ ਹੈ। ਸਲੋਕ ਸਹਸਕ੍ਰਿਤੀ ਦੇ ਇੱਕ ਸਲੋਕ ਰਾਂਹੀ ਗੁਰੂ ਅਰਜਨ ਪਾਤਸ਼ਾਹ ਜੀ ਨੇ ਜ਼ਿੰਦਗੀ ਵਿੱਚ ਦੇਰ ਕਰਨ ਨੂੰ ਇੱਕ ਰਮਜ਼ ਰਾਂਹੀ ਸਮਝਾਉਣ ਦਾ ਯਤਨ ਕੀਤਾ ਹੈ।

ਨਹ ਬਿਲੰਬ ਧਰਮੰ, ਬਿਲੰਬ ਪਾਪੰ॥ ਦ੍ਰਿੜੰਤ ਨਾਮੰ ਤਿਜੰਤ ਲੋਭੰ॥

ਸਰਣਿ ਸੰਤੰ ਕਿਲਬਿਖ ਨਾਸੰ ਪ੍ਰਾਪਤੰ ਧਰਮ ਲਖ੍ਹਿਣ॥

ਨਾਨਕ ਜਿਹ ਸੁਪ੍ਰਸੰਨ ਮਾਧਵਹ॥ ੧੦॥

ਸਲੋਕ ਮ: ੫ ਪੰਨਾ ੧੩੫੪—

ਬਿਲੰਬ—ਦੇਰ, ਗੁਰੂ ਸਾਹਿਬ ਜੀ ਨੇ ਕਿਹਾ ਹੈ, ਕਿ “ਐ ਮਨੁੱਖ ਤੂੰ ਆਪਣੇ ਜੀਵਨ ਦੇ ਵਿੱਚ ਦੇਰ ਕਰਨੀ ਸਿੱਖ ਲੈ”। ਸਵਾਲ ਪੈਦਾ ਹੁੰਦਾ ਹੈ ਕਿ ਜੇ ਅਸੀਂ ਆਪਣੇ ਜੀਵਨ ਦੇ ਵਿੱਚ ਦੇਰ ਕਰਨ ਲੱਗ ਪਏ ਤਾਂ ਅਸੀਂ ਕਦੀ ਵੀ ਆਪਣੇ ਕੰਮ ਤੇ ਸਮੇਂ ਨਾਲ ਨਹੀਂ ਪਾਹੁੰਚ ਸਕਦੇ ਤੇ ਸਾਨੂੰ ਨੌਕਰੀ ਤੋਂ ਜਵਾਬ ਮਿਲ ਸਕਦਾ ਹੈ, ਬੱਸ ਨਿਕਲ ਸਕਦੀ ਹੈ ਹਵਾਈ ਜ਼ਹਾਜ ਤੋਂ ਰਹਿ ਸਕਦੇ ਹਾਂ। ਗੁਰੂ ਸਾਹਿਬ ਜੀ ਕਹਿ ਰਹੇ ਹਨ ਕਿ, “ਐ ਬੰਦਿਆ ਇਹ ਤੇਰੇ ਆਪਣੇ ਖ਼ਿਆਲ ਹਨ, ਪਰ ਦੇਰ ਕਰਨ ਦੇ ਢੰਗ ਤਰੀਕੇ ਤੈਨੂੰ ਮੈਂ ਦੱਸਦਾ ਹਾਂ”। ‘ਨਹ ਬਿਲੰਬ ਧਰਮੰ’ ਧਰਮ ਦਾ ਕਰਮ ਕਰਨ ਲੱਗਿਆ ਕਦੇ ਵੀ ਦੇਰ ਨ ਕਰੀਂ ਤੇ ਧਰਮ ਦਾ ਅਰਥ ਹੈ ਆਪਣੇ ਫ਼ਰਜ਼ ਦੀ ਪਹਿਛਾਣ ਕਰਨੀ। ਇੱਕ ਵਿਦਿਆਰਥੀ ਦਾ ਧਰਮ ਹੈ ਮਨ ਲਗਾ ਕੇ ਆਪਣੀ ਪੜ੍ਹਾਈ ਕਰਨੀ, ਇੱਕ ਅਧਿਆਪਕ ਦਾ ਧਰਮ ਹੈ ਇਮਾਨਦਾਰੀ ਨਾਲ ਬੱਚਿਆਂ ਨੂੰ ਪੜ੍ਹਾਈ ਕਰਾਉਣੀ। ਸਪਸ਼ਟ ਹੈ ‘ਨਹ ਬਿਲੰਬ ਧਰਮੰ’ ਆਲਸ ਦਾ ਤਿਆਗ ਕਰਨਾ ਤੇ ਆਪਣੇ ਫ਼ਰਜ਼ ਦੀ ਪਹਿਛਾਣ ਕਰਨੀ। ਬੰਦੇ ਦੇ ਸਾਹਮਣੇ ਇੱਕ ਨਮੂਨਾ ਰੱਖਿਆ ਹੈ ਕਿ ਧਰਮ ਦਾ ਕਰਮ ਕਰਨ ਲੱਗਿਆਂ ਕਦੇ ਵੀ ਦੇਰ ਨਹੀਂ ਕਰਨੀ ਚਾਹੀਦੀ ਭਾਵ ਆਪਣੇ ਫ਼ਰਜ਼ ਦੀ ਪਹਿਛਾਣ ਕਰਨ ਲੱਗਿਆਂ ਕਦੇ ਵੀ ਦੇਰ ਨਾ ਕਰ। ਏਸੇ ਤੁਕ ਦੇ ਵਿੱਚ ਹੀ ਸਪੱਸ਼ਟ ਤੌਰ ਤੇ ਦੇਰ ਕਰਨ ਨੂੰ ਤਰਜੀਹ ਦਿੱਤੀ ਗਈ ਹੈ। ‘ਬਿਲੰਬੰ ਪਾਪੰ’ —ਪਾਪ ਕਰਨ ਲੱਗਿਆਂ ਸੋਚਣ ਲਈ ਕਿਹਾ ਹੈ। ਭਾਵ ਪਾਪ ਕਰਨ ਲੱਗਿਆਂ ਜ਼ਰੂਰ ਦੇਰ ਕਰਨੀ ਹੈ। ਦਰ-ਅਸਲ ਪਾਪ ਕੀ ਹੈ? ਮਨੁੱਖ ਦੀ ਮਲੀਨ ਸੋਚ ਦਾ ਨਾਂ ਪਾਪ ਹੈ ਜੋ ਬਾਹਰਲੇ ਤਲ ਤੇ ਦਿੱਸਦਾ ਨਹੀਂ ਹੈ। ਅੰਦਰਲੀ ਘਟੀਆ ਬਿਰਤੀ ਦਾ ਨਾਂ ਹੀ ਪਾਪ ਹੈ। ਪਹਿਲਾਂ ਆਦਮੀ ਮਲੀਨ ਸੋਚਦਾ ਹੈ ਫਿਰ ਅਪਰਾਧ ਕਰਦਾ ਹੈ। ਜ਼ਾਹਰ ਹੈ ਆਪਣੇ ਫ਼ਰਜ਼ ਨੂੰ ਨਿਬਾਹੁੰਣ ਵਿੱਚ ਕਦੇ ਵੀ ਦੇਰ ਨਹੀਂ ਕਰਨੀ ਚਾਹੀਦੀ ਤੇ ਮਲੀਨ ਸੋਚ ਸੋਚਣ ਲੱਗਿਆਂ ਜ਼ਰੂਰ ਦੇਰ ਕਰਨੀ ਚਾਹੀਦੀ ਹੈ। ਜਿਨ੍ਹਾਂ ਮਨੁੱਖਾਂ ਨੇ ਆਪਣੇ ਜੀਵਨ ਦੇ ਵਿੱਚ ਕਦੇ ਵੀ ਦੇਰ ਨਹੀਂ ਕੀਤੀ ਉਹਨਾਂ ਨੇ ਜ਼ਿੰਦਗੀ ਦੀਆਂ ਬਲੰਦੀਆਂ ਨੂੰ ਛੂਹਿਆ ਹੈ ਪਰ ਮਲੀਨ ਸੋਚ ਵਾਲੇ ਚੋਰੀ-- ਜਾਰੀ, ਭੈੜੀ ਸੰਗਤ ਤਥਾ ਆਲਸ ਵਲ ਨੂੰ ਖਿਸਕ ਗਏ। ਦੇਰੀ ਕਿਥੇ ਕਰਨੀ ਹੈ ਕਿਥੇ ਨਹੀਂ ਕਰਨੀ ਇਸ ਨੂੰ ਸਮਝਣਾ ਹੈ। ਭਲੇ ਕੰਮਾਂ ਲਈ ਤੱਤਪਰ ਰਹਿਣਾ ਤੇ ਬੁੱਰੇ ਕੰਮਾਂ ਤੋਂ ਸੰਕੋਚ ਕਰਨਾ ਹੈ।

ਏਸੇ ਸਲੋਕ ਦੀ ਦੂਸਰੀ ਤੁਕ ਵਿੱਚ ਨਾਮ ਨੂੰ ਪੱਕਾ ਕਰਨ ਲਈ ਤੇ ਲੋਭ ਨੂੰ ਛੱਡਣ ਲਈ ਕਿਹਾ ਹੈ। ਨਾਮ—ਰੱਬੀ ਗੁਣਾਂ ਨੂੰ ਹਿਰਦੇ ਵਿੱਚ ਵਸਾਉਣ ਨੂੰ ਆਖਿਆ ਹੈ। ਨਾਮ ਦਾ ਅਸਲੀ ਰੂਪ ਸੱਚ ਵਿੱਚ ਪ੍ਰਗਟ ਹੁੰਦਾ ਹੈ। ‘ਦ੍ਰਿੜੰਤ ਨਾਮੰ’ ਫਿਰ ਸੱਚ ਨੂੰ ਦ੍ਰਿੜ ਕਰਨਾ ਹੈ। ਸੱਚ ਦਾ ਵਿਰੋਧੀ ਝੂਠ ਹੈ ਤੇ ਇਸ ਨੂੰ ਛੱਡਣ ਦਾ ਅਭਿਆਸ ਕਰਨਾ ਹੈ। ਥੋੜੇ ਸ਼ਬਦਾਂ ਵਿੱਚ ਗੱਲ ਕਰਨੀ ਹੋਵੇ ਤਾਂ ਪਾਪ ਕਰਨ ਵਿੱਚ ਦੇਰ ਕਰਨੀ, ਧਰਮ ਦੀ ਪਛਾਣ ਕਰਨ ਵਿੱਚ ਨਾ ਦੇਰ ਕਰਨੀ, ਤੇ ਹਰ ਵੇਲੇ ਏਸੇ ਦੇ ਅਭਿਆਸ ਵਿੱਚ ਲੱਗੇ ਰਹਿਣਾ ਹੀ ਨਾਮ ਹੈ। ‘ਤਜੰਤ ਲੋਭੰ’ —ਲਾਲਚੀ ਬਿਰਤੀ ਤੋਂ ਕਿਨਾਰਾ ਕਰਨਾ ਹੈ, ਲਾਲਚ ਨੂੰ ਹਮੇਸ਼ਾਂ ਵਾਸਤੇ ਤਿਆਗਣਾ ਹੈ। ਹੁਣ ਜੇ ਨਾਮ ਦੀ ਸਮਝ ਆ ਗਈ ਤਾਂ ਲਾਲਚ ਆਪਣੇ ਆਪ ਹੀ ਖ਼ਤਮ ਹੋ ਜਾਏਗਾ। ਨਾਮੀ ਆਦਮੀ, ਉੱਚੇ ਇਖ਼ਲਾਕ ਵਿੱਚ ਵਿਚਰਨ ਵਾਲਾ, ਆਪਣੀ ਤਨਖਾਹ ਵਿੱਚ ਗੁਜ਼ਾਰਾ ਕਰਦਾ ਹੈ ਪਰ ਲਾਲਚੀ ਬਿਰਤੀ ਰਿਸ਼ਵਤ ਖ਼ੋਰੀ ਵਲ ਨੂੰ ਵੱਡੇ ਵੱਡੇ ਕਦਮਾਂ ਨਾਲ ਬੁਰੇ ਪਾਸੇ ਚਲਾ ਜਾਂਦਾ ਹੈ। ਰਾਜਨੀਤਿਕ ਆਗੂ ਨੂੰ ਜੇ ਨਾਮ ਦੀ ਸਮਝ ਆ ਗਈ ਤਾਂ ਉਹ ਨਿਸ਼ਕਾਮ ਹੋ ਕੇ ਲੋਕਾਂ ਦੀ ਸੇਵਾ ਵਿੱਚ ਜੁੜ ਜਾਏਗਾ। ਧਾਰਮਿਕ ਆਗੂ ਨੂੰ ਨਾਮ ਦੀ ਸਮਝ ਆ ਗਈ ਤਾਂ ਉਹ ਥੋੜੇ ਜੇਹੇ ਲਾਲਚ ਕਰਕੇ ਕਦੇ ਵੀ ਆਪਣੀ ਕੌਮ ਨੂੰ ਕਰਮ—ਕਾਂਡ ਦੀ ਦੁਨੀਆਂ ਵਿੱਚ ਨਹੀਂ ਧੱਕੇਗਾ। ਦੁਕਾਨਦਾਰ ਨੂੰ ਨਾਮ ਦੀ ਸਮਝ ਆ ਗਈ ਤਾਂ ਉਹ ਆਏ ਗਾਹਕ ਦੀ ਲਾਲਚ ਵੱਸ ਹੋ ਕੇ ਕਦੇ ਵੀ ਛਿੱਲ ਨਹੀਂ ਲਾਹੇਗਾ।

ਸ਼ਬਦ ਦੇ ਅਗ਼ਲ਼ੇ ਚਰਨ ਵਿੱਚ ‘ਸਰਣਿ ਸੰਤੰ’ ਲਈ ਪ੍ਰੇਰਿਆ ਗਿਆ ਹੈ। ਸਰਣਿ ਸੰਤੰ—ਪਰਮਾਤਮਾ ਦੀ ਸ਼ਰਣ ਵਿੱਚ ਆਉਣ ਨੂੰ ਭਾਵ ਰੱਬੀ ਨਿਯਮਾਵਲੀ, ਸਦੀਵ ਕਾਲ ਪਰਮਾਤਮਾ ਦੇ ਗੁਣ ਤੇ ਉਹਨਾਂ ਨੂੰ ਸਮਝ ਕੇ ਆਪਣੇ ਸੁਭਾਅ ਵਿੱਚ ਲਿਆਉਣ ਨੂੰ ਕਿਹਾ ਗਿਆ ਹੈ। ਸੰਤ ਦਾ ਅਰਥ ਕੋਈ ਦੇਹਧਾਰੀ ਬਾਬਾ ਨਹੀਂ ਹੈ। ਸੰਤ ਰੱਬੀ ਗੁਣਾਂ ਨੂੰ ਕਿਹਾ ਹੈ ਕਿਉਂਕਿ ਜਿੱਥੇ ਰੱਬੀ ਗੁਣ ਹੋਣਗੇ ਉੱਥੇ ਭੈੜੇ ਵਿਚਾਰ ਕਦੇ ਵੀ ਜਨਮ ਨਹੀਂ ਲੈਣਗੇ। ‘ਕਿਲਬਿਖ ਨਾਸੰ’ —ਪਾਪਾਂ ਦਾ ਖ਼ਾਤਮਾ ਹੈ। ਜਿਵੇਂ ਕਿ ਪਾਪਾਂ ਬਾਰੇ ਆਪਾਂ ਪਹਿਲਾਂ ਹੀ ਵਿਚਾਰਿਆ ਹੈ ਕਿ ਮਨ ਦੀ ਮਲੀਨ ਸੋਚ ਦਾ ਨਾਂ ਪਾਪ ਹੈ। ਜੇ ਕਰ ਰੱਬੀ ਗੁਣਾਂ ਨਾਲ ਹਿਰਦਾ ਭਰ ਜਾਏਗਾ ਤਾਂ ਮਲੀਨ ਸੋਚ ਵਾਲੇ ਖ਼ਿਆਲ ਆਪਣੇ ਆਪ ਹੀ ਉੱਡ ਜਾਣਗੇ ਜਿਹਨਾਂ ਨੂੰ ਪਾਪਾਂ ਦੀ ਬਿਰਤੀ ਕਿਹਾ ਹੈ। ‘ਪ੍ਰਾਪਤੰ ਧਰਮ ਲਖ੍ਹਿਣ’ ਫਿਰ ਧਰਮ ਦੀ ਪ੍ਰਾਪਤੀ ਹੈ। ਆਪਣੇ ਫ਼ਰਜ਼ ਦੀ ਪਹਿਛਾਣ ਕਰਨੀ, ਮਲੀਨ ਸੋਚਾਂ ਤੋਂ ਹਰ ਵੇਲੇ ਬੱਚਣਾ, ਰੱਬੀ ਗੁਣਾਂ ਨੂੰ ਪੱਕਾ ਕਰਨਾ, ਲਾਲਚੀ ਬਿਰਤੀ ਨੂੰ ਹਮੇਸ਼ਾਂ ਲਈ ਤਿਆਗਣਾ, ਪਰਮਾਤਮਾ ਦੀ ਸਦੀਵ ਕਾਲ ਨਿਯਮਾਵਲੀ ਦੀ ਸ਼ਰਣ ਵਿੱਚ ਆਉਣਾ, ਜਿਸ ਨਾਲ ਭੈੜੇ ਵਿਚਾਰ ਖ਼ਤਮ ਹੋ ਜਾਣ। ਇਸ ਫਾਰਮੂਲੇ `ਤੇ ਚੱਲਿਆਂ ਅਸੀਂ ਧਰਮੀਆਂ ਦੀ ਸੂਚੀ ਵਿੱਚ ਆ ਸਕਦੇ ਹਾਂ। ਉੱਪਰਲੀ ਸਾਰੀ ਵਿਚਾਰ ਅਨੁਸਾਰ ਇਹ ਧਰਮੀ ਮਨੁੱਖ ਦੀਆਂ ਨਿਸ਼ਾਨੀਆਂ ਹਨ। ਇੰਜ ਕੀਤਿਆਂ ਹੀ ਪਰਮਾਤਮਾ ਦੀ ਪ੍ਰਸੰਨਤਾ ਹੈ ਜੋ ਆਤਮਿਕ ਅਨੰਦ ਦੀ ਲਖਾਇਕ ਹੈ। ‘ਨਾਨਕ ਜਿਹ ਸੁਪ੍ਰਸੰਨ ਮਾਧਵਹ’ —ਪ੍ਰਸੰਨਤਾ ਸੁਭਾਅ ਵਿੱਚ ਖੇੜਾ ਆਤਮਿਕ ਖੁਸ਼ੀ ਦੀ ਸਾਫ਼ ਝਲਕ ਦਿਖਾਈ ਦੇਂਦੀ ਹੈ।

ਵਿਕਾਰਾਂ ਵਲੋਂ ਸਦਾ ਸੰਕੋਚ ਕਰਨਾ, ਪਰ ਨੇਕੀ ਭਲਾਈ ਕਰਨ ਵਿੱਚ ਰਤਾ ਭਰ ਵੀ ਢਿੱਲ ਨਹੀਂ ਕਰਨੀ।




.