ਕੀ ਬਾਬਾ ਸ੍ਰੀ ਚੰਦ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਆਗਿਆਕਾਰੀ ਸਪੁਤਰ ਸਨ?
ਜਗਤਾਰ ਸਿੰਘ ਜਾਚਕ, ਆਨਰੇਰੀ ਇੰਟਰਨੈਸ਼ਨਲ ਸਿੱਖ ਮਿਸ਼ਨਰੀ
ਨਿਊਯਾਰਕ ਤੇ ਨਿਊਜਰਸੀ ਤੋਂ ਛਪਣ ਵਾਲੀਆਂ ਅਕਤੂਬਰ ਮਹੀਨੇ ਦੇ ਪਹਿਲੇ ਵੀਕ
ਦੀਆਂ ਦੋ ਪੰਜਾਬੀ ਅਖ਼ਬਾਰਾਂ ‘ਸ਼ਾਨੇ-ਏ-ਪੰਜਾਬ’ ਅਤੇ ‘ਪੰਜਾਬ ਐਕਸਪ੍ਰੈਸ’ ਵਿੱਚ ਗੁਰਬਚਨ ਸਿੰਘ ਨਾਮੀ
ਲੇਖਕ ਨੇ ‘ਉਦਾਸੀਨ ਤੇ ਸਿੱਖ ਮੱਤ’ ਦੇ ਸਿਰਲੇਖ ਹੇਠ ਜੋ ਲੰਬਾ ਚੌੜਾ ਕੁਟਲਿਤਾ ਭਰਿਆ ਲੇਖ ਲਿਖਿਆ
ਹੈ, ਜਿਸ ਦੇ ਦੋ ਹੀ ਮਨੋਰਥ ਹਨ। ਪਹਿਲਾ ਹੈ ਕਿ ਹਰ ਹੀਲੇ ਬਾਬਾ ਸ੍ਰੀ ਚੰਦ ਨੂੰ ਗੁਰੂ ਸਾਹਿਬਾਨ
ਨਾਲੋਂ ਵਿਸ਼ੇਸ਼ ਦਰਸਾਇਆ ਜਾਵੇ ਅਤੇ ਜਿਵੇਂ ਗੁਰਦੁਆਰਿਆਂ ਵਿੱਚ ਗੁਰਪੁਰਬ ਮਨਾਏ ਜਾਂਦੇ ਹਨ, ਤਿਵੇਂ
ਹੀ ਬਾਬਾ ਸ਼੍ਰੀ ਚੰਦ ਦਾ ਜਨਮ ਦਿਹਾੜਾ ਵੀ ਮਨਾਇਆ ਜਾਵੇ। ਕਿਉਂਕਿ, ਲੇਖਕ ਨੇ ਸਾਰੇ ਗੁਰੂ ਸਾਹਿਬਾਨ
ਨੂੰ ਬਾਬਾ ਸ੍ਰੀ ਚੰਦ ਦੇ ਅਸ਼ੀਰਵਾਦ ਲਈ ਚੜ੍ਹਾਵੇ ਚੜਾਉਂਦੇ ਅਤੇ ਉਨ੍ਹਾਂ ਦੇ ਅਗਿਆਕਾਰੀ ਸੇਵਕ ਬਣ
ਕੇ ਹੀ ਸਾਰੇ ਕਾਰਜ ਕਰਦੇ ਦਰਸਾਇਆ ਹੈ। ਇਸ ਪ੍ਰਕਾਰ ਅਸਿੱਧੇ ਜਿਹੇ ਢੰਗ ਨਾਲ ਸ੍ਰੀ ਗੁਰੂ ਗ੍ਰੰਥ
ਸਾਹਿਬ ਵਿੱਚ ਬਾਬਾ ਸ਼੍ਰੀ ਚੰਦ ਦੀ ਬਾਣੀ ਹੋਣੀ ਦਸ ਕੇ ਬਾਬਾ ਜੀ ਨੂੰ ਸਿੱਖਾਂ ਦਾ ਗੁਰੂ ਸਿੱਧ ਕਰਨ
ਦਾ ਵੀ ਕੋਝਾ ਯਤਨ ਕੀਤਾ ਹੈ। ਅਤੇ ਦੂਜਾ ਹੈ ਬਾਬਾ ਸ਼੍ਰੀ ਚੰਦ ਦੇ ਉਪਾਸ਼ਕ, ਪ੍ਰਚਾਰਕ ਤੇ ਦਿੱਲੀ
ਵਿਚਲੇ ਸਰਕਾਰੀ ਸ਼ਹਿ `ਤੇ ਚਲਣ ਵਾਲੇ ਡੇਰੇ ‘ਗੋਬਿੰਦ ਸਦਨ’ ਦੇ ਬਾਨੀ ਡੇਰੇਦਾਰ ਵਿਰਸਾ ਸਿੰਘ ਨੂੰ
ਉਭਾਰਨਾ ਅਤੇ ਉਸ ਨੂੰ ਸਿੱਖੀ ਦਾ ਪਰਮ-ਹਿਤੂ, ਪੰਥ ਦਾ ਸ਼ਕਤੀਸ਼ਾਲੀ ਬਾਬਾ ਤੇ ਮੁੱਖ ਪ੍ਰਚਾਰਕ ਸਿੱਧ
ਕਰਕੇ ਦੇਸ਼-ਵਿਦੇਸ਼ ਦੀਆਂ ਸਿੱਖ ਸੰਗਤਾਂ ਨੂੰ ਗੁੰਮਰਾਹ ਕਰਦਿਆਂ ਉਸ ਦੇ ਪਿੱਛਲੱਗ ਬਨਾਉਣਾ।
ਇਹ ਸਾਰੀ ਲਿਖਤ ਪੜ੍ਹ ਕੇ ਦਾਸ ਨੂੰ ਸ਼ੱਕ ਤਾਂ ਪਹਿਲਾਂ ਹੀ ਪੈ ਰਿਹਾ ਸੀ ਕਿ
ਇਹ ਵਿਅਕਤੀ ਆਪਣੀ ਤਸਵੀਰ ਅਤੇ ਨਾਮ ਤੋਂ ਤਾਂ ਭਾਵੇਂ ਗੁਰਸਿੱਖ ਜਾਪਦਾ ਹੈ। ਪਰ, ਅਸਲ ਵਿੱਚ ਇਹ
ਗੁਰੂ ਗ੍ਰੰਥ ਸਾਹਿਬ ਜੀ ਦਾ ਸੇਵਕ ਨਹੀ। ਸਗੋਂ, ਕਿਸੇ ਉਦਾਸੀ ਸਾਧ ਦਾ ਚੇਲਾ ਹੈ, ਜਿਸ ਦਾ ਆਸ਼ਾ
ਬਿਪਰਵਾਦੀ ਸ਼ਕਤੀਆਂ ਦੀ ਸ਼ਹਿ ਤੇ ਕਾਇਮ ਹੋਈ ਸ਼੍ਰੀ ਚੰਦ ਦੀ ਉਦਾਸੀ ਸੰਪਰਦਾ ਨੂੰ ਪ੍ਰਚਾਰਨਾ ਤੇ ਸਿੱਖ
ਮੱਤ ਤੋਂ ਵੀ ਸ੍ਰੇਸ਼ਟ ਦਰਸਾਉਣਾ ਹੈ। ਪਰ, ਦਿੱਲੀ ਦੇ ਪ੍ਰਸਿੱਧ ਰਾਗੀ ਭਾਈ ਮੇਘ ਸਿੰਘ ਜੀ ਨੇ ਮੇਰੇ
ਇਸ ਸ਼ੱਕ ਨੂੰ ਉਦੋਂ ਸਚਾਈ ਵਿੱਚ ਬਦਲ ਦਿੱਤਾ, ਜਦੋਂ ਉਹ ਸਿਦਕੀ ਸਿੰਘ ਲੇਖ ਪੜ੍ਹ ਕੇ ਰੋਹ ਵਿੱਚ
ਭਰਿਆ ਦਾਸ ਕੋਲ ਆਇਆ ਅਤੇ ਉਸ ਨੇ ਆਖਿਆ ਕਿ “ਇਹ ਸ਼ਖਸ ਬਾਬਾ ਵਿਰਸਾ ਸਿੰਘ ਦੇ ਡੇਰੇ ‘ਗੋਬਿੰਦ ਸਦਨ’
ਨਿਊਯਾਰਕ ਦਾ ਮੈਨੇਜਰ ਹੈ। ਇਹ ਗੁਰਦੁਆਰਿਆਂ ਦੀਆਂ ਸਟੇਜਾਂ ਤੋਂ ਵੀ ਇਹੀ ਕੂੜ ਪ੍ਰਚਾਰ ਕਰਦਾ ਹੈ।
ਇਸ ਗੁਰ-ਨਿੰਦਕ ਦਾ ਮੂੰਹ ਭੰਨਵਾਂ ਜਵਾਬ ਦੇਣਾ ਅਤਿਅੰਤ ਜ਼ਰੂਰੀ ਹੈ। ਸਿੱਖ ਜਥੇਬੰਦੀਆਂ ਨੂੰ ਵੀ ਇਸ
ਦਾ ਗੰਭੀਰਤਾ ਸਹਿਤ ਨੋਟਿਸ ਲੈਣਾ ਚਾਹੀਦਾ ਹੈ।” ਇਸ ਪ੍ਰਕਾਰ ਦੇ ਬਹੁਤ ਸਾਰੇ ਕੁੱਝ ਹੋਰ ਸੂਝਵਾਨ
ਪੰਜਾਬੀ ਪਾਠਕਾਂ ਤੇ ਸਤਿਸੰਗੀਆਂ ਨੇ ਵੀ ਅਜਿਹੀ ਜ਼ੋਰਦਾਰ ਪ੍ਰੇਰਨਾ ਕੀਤੀ ਕਿ ਇਸ ਕੂੜ-ਕੁਬਾੜ ਦਾ
ਉਤਰ ਦੇਣਾ ਅਵਸ਼ਕ ਹੈ। ਗੁਰਦੁਆਰਾ ਸਾਹਿਬ ਦੇ ਪ੍ਰੋਗਰਾਮਾਂ ਅਤੇ ਆਪਣੇ ਉਲੀਕੇ ਹੋਏ ਸਾਹਿਤਕ
ਰੁਝੇਵਿਆਂ ਕਾਰਨ ਭਾਵੇਂ ਮੇਰੇ ਪਾਸ ਸਮੇਂ ਦੀ ਬਹੁਤ ਘਾਟ ਸੀ ਅਤੇ ਵੈਸੇ ਵੀ ਮੈਂ ਇਹ ਵਿਸ਼ਾ ਛੇੜਣਾ
ਵੀ ਨਹੀ ਸੀ ਚਹੁੰਦਾ। ਕਿਉਂਕਿ, ਅਜਿਹੀਆਂ ਲਿਖਤਾਂ ਭਾਈਚਾਰਕ ਵਿਥਾਂ ਵਧਾਂਦੀਆਂ ਹਨ। ਕਿਸੇ ਸ਼ਾਇਰ ਦਾ
ਕਥਨ ਹੈ ‘ਨਫ਼ਰਤ ਸੇ ਨ ਦੇਖੋ ਦੁਸ਼ਮਨ ਕੋ, ਸ਼ਾਯਦ ਵੋਹ ਮੁਹੱਬਤ ਕਰ ਬੈਠੇ। ਪਰ, ਜਦੋਂ ਕੋਈ ਸਾਡੇ ਘਰ
`ਤੇ ਕਬਜ਼ਾ ਕਰਨ ਜਾਂ ਮਾਰਨ ਦੀ ਮਨਸ਼ਾ ਨਾਲ ਹਮਲਾਵਰ ਹੋ ਜਾਏ, ਫਿਰ ਤਾਂ ਓਹਦਾ ਮੂੰਹ ਭੰਨਣਾ ਧਰਮ ਦੀ
ਦੁਨੀਆਂ ਵਿੱਚ ਵੀ ਗਲਤ ਨਹੀ ਮੰਨਿਆ ਜਾਂਦਾ। ਇਸ ਲਈ ਖ਼ਾਲਸਾ ਪੰਥ ਦਾ ਨਿਮਾਣਾ ਜਿਹਾ ਪ੍ਰਚਾਰਕ ਹੋਣ
ਨਾਤੇ ਆਪਣਾ ਧਰਮ ਸਮਝਦਿਆਂ, ਲੇਖਕ ਨੂੰ ਕੁੱਝ ਸੁਆਲ ਕਰਨ ਦਾ ਮਨ ਬਣਾਇਆ ਹੈ। ਤਾਂ ਜੋ ਉਹ ਆਪ ਹੀ
ਬਿਨ੍ਹਾਂ ਕਿਸੇ ਰੋਸ ਤੋਂ ਗੁਰਸਿੱਖ ਸੰਗਤਾਂ ਅੰਦਰ ਪੈਦਾ ਹੋਏ ਸ਼ੰਕਿਆਂ ਤੇ ਸੁਆਲਾਂ ਦਾ ਵਿਸਥਾਰਤ
ਉਤਰ ਦੇ ਕੇ ਸਿੱਖ ਸੰਗਤਾਂ ਦੀ ਸ਼ੰਕਾ ਨਵਿਰਤੀ ਕਰੇ ਜਾਂ ਗੁਰਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕਰਨ
ਲਈ ਸਿੱਖ ਸੰਗਤਾਂ ਪਾਸੋਂ ਮੁਆਫੀ ਮੰਗੇ।
ਮੈਂ ਉਮੀਦ ਕਰਦਾਂ ਹਾਂ ਕਿ ਸਿੱਖ ਜਥੇਬੰਦੀਆਂ ਦੇ ਮੁਖੀ ਸਜਣ ਤੇ ਹੋਰ
ਵਿਦਵਾਨ ਵੀ ਪਹਿਲਾਂ ਉਹਦੀ ਲਿਖਤ ਨੂੰ ਧਿਆਨ ਪੂਰਵਕ ਪੜ੍ਹਣਗੇ। ਅਤੇ ਫਿਰ ਦਾਸਰੇ ਵਲੋਂ ਉਠਾਏ
ਸ਼ੰਕਿਆਂ ਤੇ ਸੁਆਲਾਂ ਨੂੰ ਧਿਆਨ ਵਿੱਚ ਰੱਖਦਿਆਂ ਆਪਣੀ ਆਪਣੀ ਰਾਇ ਦੇਣਗੇ, ਤਾਂ ਜੋ ਸਿੱਖੀ ਦੇ
ਲਿਬਾਸ ਵਿੱਚ ਵਿਚਰਦੇ ਇਸ ਵਰਗੇ ਹੋਰ ਬਿਪਰਵਾਦੀਆਂ ਦੇ ਵੀ ਮੂੰਹ ਬੰਦ ਹੋ ਸਕਣ। ਜਿਹੜੇ, ਕਿਧਰੇ ਤਾਂ
ਆਰ. ਐਸ. ਐਸ ਦੀ ਕੁਟਿਲਨੀਤੀ ਦਾ ਸ਼ਿਕਾਰ ਹੋ ਕੇ ਗੁਰਬਾਣੀ ਦੇ ਸਹਾਰੇ ਗੁਰੂ ਨਾਨਕ ਸਾਹਿਬ ਜੀ ਦੇ
ਅਜੂਨੀ-ਸਿਧਾਂਤ ਦੇ ਵਿਪਰੀਤ ਅਵਤਾਰਵਾਦ ਨੂੰ ਬਢਾਵਾ ਦਿੰਦੇ ਹਨ ਅਤੇ ਕਿਧਰੇ ਵਿਅਕਤੀਗਤ ਪੂਜਾ ਦੇ
ਪ੍ਰਚਾਰਕ ਡੇਰੇਦਾਰਾਂ ਦੀ ਪਿੱਠ ਪੂਰਦੇ ਹਨ। ਇਸ ਪੱਖੋਂ ਇੱਕ ਪੰਥ-ਦਰਦੀ ਸ਼ਾਇਰ ਸਾਨੂੰ ਇਉਂ ਸੁਚੇਤ
ਕਰਦਾ ਹੈ: ਲਿਬਾਸਿ ਖ਼ਿਜ਼ਰ ਮੇਂ ਯਾਂ, ਸੈਂਕੜੇ ਰਾਹਜ਼ਨ ਭੀ ਫਿਰਤੇ ਹੈਂ, ਅਗਰ ਦੁਨੀਆਂ ਮੇਂ ਰਹਨਾ ਹੈ,
ਤੋ ਕੁਛ ਪਹਿਚਾਨ ਪੈਦਾ ਕਰ।
ਪ੍ਰਸ਼ਨ (੧):- ਕੀ ਬਾਬਾ ਸ੍ਰੀ ਚੰਦ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ
ਆਗਿਆਕਾਰੀ ਸਪੁਤਰ ਸਨ?
ਲੇਖਕ ਵੀਰ ਜੀ! ਆਪ ਨੇ ਗੁਰੂ ਸਾਹਿਬਾਨ ਜੀ ਦੇ ਪਵਿਤਰ ਨਾਵਾਂ ਨਾਲ ਤਾਂ
‘ਮਹਾਰਾਜ’ ਵਿਸ਼ੇਸ਼ਣ ਵਰਤਣ ਤੋਂ ਬੜਾ ਸੰਕੋਚ ਕੀਤਾ ਹੈ। ਪਰ, ਬਾਬਾ ਸ਼੍ਰੀ ਚੰਦ ਜੀ ਨੂੰ ‘ਮਹਾਰਾਜ’
‘ਬ੍ਰਹਮਗਿਆਨੀ’ ਆਦਿਕ ਵਿਸ਼ੇਸ਼ਣਾਂ ਨਾਲ ਸਤਿਕਾਰਦਿਆਂ ਗੁਰੂ ਨਾਨਕ ਸਾਹਿਬ ਜੀ ਮਹਾਰਜ ਦਾ ਆਗਿਆਕਾਰੀ
ਤੇ ਹੋਨਹਾਰ ਸਪੁਤਰ ਲਿਖਿਆ ਹੈ। ਪਰ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿਖੇ ਤਾਂ ਗੁਰੂ ਨਾਨਕ
ਸਾਹਿਬ ਜੀ ਦੇ ਦੋਹਾਂ ਪੁਤਰਾਂ (ਬਾਬਾ ਸ੍ਰੀ ਚੰਦ ਤੇ ਲਖਮੀਦਾਸ) ਨੂੰ ਪਿਤਾ-ਗੁਰੂ ਤੋਂ ਆਕੀ, ਖੋਟੇ
ਦਿਲਾਂ ਵਾਲੇ, ਗੁਰਬਚਨਾਂ ਤੋਂ ਭਗੌੜੇ ਅਤੇ ਧੰਧਿਆਂ ਦੀ ਛੱਟ ਚੁੱਕੀ ਫਿਰਦੇ ਦੁਨੀਆਂਦਾਰਾਂ ਵਿੱਚ
ਗਿਣਿਆ ਹੈ। ਇਹੀ ਕਾਰਣ ਸੀ ਕਿ ਗੁਰਿਆਈ ਦੀ ਦਾਤ ਪੁਤਰਾਂ ਦੀ ਥਾਂ ਆਗਿਆਕਾਰੀ ਸੇਵਕ ਭਾਈ ਲਹਿਣਾ ਜੀ
(ਗੁਰੂ ਅੰਗਦ ਸਾਹਿਬ) ਨੂੰ ਬਖ਼ਸ਼ਿਸ਼ ਹੋਈ। ਉਸ ਗੁਰਵਾਕ ਦਾ ਲਿਖਤੀ ਸਰੂਪ ਅਤੇ ਅਰਥ ਗੁਰਬਾਣੀ ਸਟੀਕਾਂ
ਵਿੱਚ ਇਸ ਪ੍ਰਕਾਰ ਹਨ:
ਸਚੁ ਜਿ ਗੁਰਿ ਫੁਰਮਾਇਆ, ਕਿਉ ਏਦੂ ਬੋਲਹੁ ਹਟੀਐ॥ ਪੁਤ੍ਰੀ ਕਉਲੁ ਨ ਪਾਲਿਓ,
ਕਰਿ ਪੀਰਹੁ ਕੰਨ੍ਹ੍ਹ ਮੁਰਟੀਐ॥ ਦਿਲਿ ਖੋਟੈ ਆਕੀ ਫਿਰਨਿ੍ਹ੍ਹ, ਬੰਨਿ੍ਹ੍ਹ ਭਾਰੁ ਉਚਾਇਨਿ੍ਹ੍ਹ
ਛਟੀਐ॥ {ਪੰਨਾ ੯੬੭}
ਅਰਥ
:
— ਗੁਰੂ ਨਾਨਕ ਸਾਹਿਬ ਜੀ ਨੇ ਜੋ ਵੀ ਹੁਕਮ ਕੀਤਾ, ਗੁਰੂ ਅੰਗਦ ਸਾਹਿਬ ਜੀ ਨੇ ਉਸ ਨੂੰ ਸੱਚ ਕਰਕੇ
ਮੰਨਿਆ, ਅਤੇ ਆਪ ਨੇ ਉਸ ਦੇ ਮੰਨਣ ਤੋਂ ਕਦੇ ਨਾਂਹ ਨਹੀਂ ਕੀਤੀ। ਸਤਿਗੁਰੂ ਜੀ ਦੇ ਪੁਤ੍ਰਾਂ ਨੇ ਬਚਨ
ਨਾ ਮੰਨਿਆ, ਉਹ ਗੁਰੂ ਵਲ ਪਿੱਠ ਦੇ ਕੇ ਸਦਾ ਹੁਕਮ ਹੀ ਮੋੜਦੇ ਰਹੇ। ਅਜਿਹੇ ਲੋਕ ਜੋ ਖੋਟੇ ਦਿਲਾਂ
ਵਾਲੇ ਹੋਣ ਕਾਰਨ ਗੁਰੂ ਵੱਲੋਂ ਆਕੀ ਹੋਏ ਫਿਰਦੇ ਹਨ ਅਤੇ ਦੁਨੀਆ ਦੇ ਧੰਧਿਆਂ ਦੀ ਛੱਟ ਦਾ ਭਾਰ
ਬੰਨ੍ਹ ਕੇ ਚੁੱਕੀ ਰੱਖਦੇ ਹਨ।
ਗੁਰਬਾਣੀ ਦੇ ਮੁੱਢਲੇ ਵਿਆਖਿਆਕਾਰ ਤੇ ਗੁਰਮਤਿ ਦੇ ਪ੍ਰਮੁੱਖ ਪ੍ਰਚਾਰਕ ਭਾਈ
ਸਾਹਿਬ ਭਾਈ ਗੁਰਦਾਸ ਜੀ ਉਪਰੋਕਤ ਗੁਰਵਾਕ ਦੀ ਵਿਆਖਿਆ ਇਉਂ ਕੀਤੀ ਹੈ:
ਫਿਰਿ ਬਾਬਾ ਆਇਆ ਕਰਤਾਰਪੁਰਿ, ਭੇਖੁ ਉਦਾਸੀ ਸਗਲ ਉਤਾਰਾ॥ ਪਹਿਰਿ ਸੰਸਾਰੀ
ਕਪੜੇ, ਮੰਜੀ ਬੈਠਿ ਕੀਆ ਅਵਤਾਰਾ॥ ਉਲਟੀ ਗੰਗ ਵਹਾਈਓਨਿ, ਗੁਰ ਅੰਗਦੁ ਸਿਰਿ ਉਪਰਿ ਧਾਰਾ॥ ਪੁਤਰੀ
ਕਉਲੁ ਨ ਪਾਲਿਆ, ਮਨਿ ਖੋਟੇ ਆਕੀ ਨਸਿਆਰਾ॥ ੩੮॥ ੧॥
ਭਾਈ ਸਾਹਿਬ ਭਾਈ ਵੀਰ ਸਿੰਘ ਜੀ ਇਸ ਪਉੜੀ ਦੇ ਅਰਥ ਇਉਂ ਕੀਤੇ ਹਨ:
ਫੇਰ ਬਾਬਾ ਜੀ (ਗੁਰੂ ਨਾਨਕ ਸਾਹਿਬ) ਨੇ ਕਰਤਾਰ ਪੁਰ ਚਰਣ ਪਾਏ ਤੇ ਸਾਰਾ
ਉਦਾਸੀ ਭੇਖ (ਸਰੀਰੋਂ) ਲਾਹ ਦਿੱਤਾ।
ਸੰਸਾਰੀ ਕਪੜੇ ਪਹਿਰ ਲੀਤੇ, ਮੰਜੀ (ਗੱਦੀ) ਉਪਰ ਬੈਠ ਕੇ ਅਵਤਾਰ (ਬਿਰਾਜਨਾ)
ਕੀਤਾ। ਭਾਵ, ਲੋਕਾਂ ਦਾ ਪਾਰ ਉਤਾਰਾ ਕੀਤਾ।
ਗੰਗਾ ਉਲਟੀ ਚਲਾ ਦਿੱਤੀ, ਅੰਗਦ ਨੂੰ ਸਿਰ ਪੁਰ (ਗੁਰੂ ਕਰਕੇ) ਧਾਰਿਆ (ਭਾਵ
ਥਾਪਿਆ)। (ਕਿਉਂ ਜੋ) ਪੁਤ੍ਰਾਂ ਨੇ ਬਚਨ ਨੂੰ ਨਾ ਮੰਨਿਆਂ, ਖੋਟੇ ਮਨ, ਆਕੀ ਤੇ ਨਸਣ ਵਾਲੇ ਹੋ ਗਏ।
ਲੇਖਕ ਜੀ! ਕੀ ਹੁਣ ਤੁਸੀਂ ਉਪਰੋਕਤ ਗੁਰਵਾਕ ਤੇ ਭਾਈ ਗੁਰਦਾਸ ਜੀ ਦੇ ਬਚਨਾਂ
ਦੀ ਰੌਸ਼ਨੀ ਵਿੱਚ ਸਪਸ਼ਟ ਕਰਨ ਦੀ ਖੇਚਲ ਕਰੋਗੇ ਕਿ ਗੁਰੂ ਨਾਨਕ ਸਾਹਿਬ ਜੀ ਦੇ ਪੁਤਰਾਂ ਵਿਚੋਂ ਕਿਸੇ
ਨੂੰ ਵੀ ਬ੍ਰਹਮਗਿਆਨੀ ਤੇ ਆਗਿਆਕਾਰੀ ਸਪੁਤਰ ਦੀ ਪਦਵੀ ਦਿੱਤੀ ਜਾ ਸਕਦੀ ਹੈ? ਭਾਈ ਗੁਰਦਾਸ ਜੀ ਤਾਂ
ਹਜ਼ੂਰ ਦੀ ਬਿੰਦੀ-ਸੰਤਾਨ ਬਾਬਾ ਸ਼੍ਰੀ ਚੰਦ ਤੇ ਲਖਮੀ ਦਾਸ ਲਈ ਕੇਵਲ ‘ਪੁੱਤਰ’ ਲਫ਼ਜ਼ ਦੀ ਵਰਤੋਂ ਕੀਤੀ
ਹੈ। ਪਰ, ਆਗਿਆਕਾਰੀ ਪਰਮ-ਸੇਵਕ ਭਾਈ ਲਹਿਣਾ ਜੀ ਨੂੰ ‘ਸਪੁੱਤਰ’ ਪੁੱਤਰ ਕਹਿੰਦਿਆਂ, ਬਾਬੇ ਦੇ ਘਰ
ਦਾ ਚਾਨਣ ਕਹਿ ਕੇ ਵਿਸ਼ੇਸ਼ ਸਤਿਕਾਰ ਦਿੱਤਾ ਹੈ। ਉਨ੍ਹਾਂ ਦੀਆਂ ਰਚਿਤ ੨੪ਵੀਂ ਵਾਰ ਵਿੱਚ ੬ਵੀਂ ਤੇ
੭ਵੀਂ ਪਉੜੀ ਦੇ ਅਖ਼ੀਰ ਵਿੱਚ ਤੱਤ-ਰੂਪ ਬਚਨ ਪੜ੍ਹੇ ਜਾ ਸਕਦੇ ਹਨ: “ਬਾਬਾਣੈ ਘਰਿ ਚਾਨਣੁ
ਲਹਿਣਾ” ਅਤੇ “ਪੁਤੁ ਸਪੁਤੁ ਬਾਬਾਣੇ ਲਹਣਾ”।
ਪ੍ਰਸ਼ਨ ੨:- ਕੀ ਬਾਬਾ ਸ਼੍ਰੀ ਚੰਦ ਜੀ ਨੇ ਛੇਵੇਂ ਪਾਤਸ਼ਾਹ ਦੇ ਸਹਿਬਜ਼ਾਦੇ
ਬਾਬਾ ਗੁਰਦਿੱਤਾ ਜੀ ਨੂੰ ਆਪਣਾ ਉਤਰਾਧਿਕਾਰੀ ਥਾਪਿਆ ਸੀ?
ਲੇਖਕ ਵੀਰ ਜੀ! ਇਸ ਪੱਖੋਂ ਤੁਸੀ ਵੀ ਦਾਸ ਨਾਲ ਸਹਿਮਤ ਹੋਵੋਗੇ ਕਿ ਇਤਿਹਾਸਕ
ਤੇ ਸਿਧਾਂਤਕ ਦ੍ਰਿਸ਼ਟੀਕੋਨ ਤੋਂ ਪਿਛਲੀ ਸਦੀ ਦਾ ਸਭ ਤੋਂ ਵਧੇਰੇ ਪ੍ਰਮਾਣੀਕ ਗ੍ਰੰਥ ਭਾਈ ਕਾਨ੍ਹ
ਸਿੰਘ ਨਾਭਾ ਦੀ ਲਿਖਤ ਮਹਾਨਕੋਸ਼ ਹੈ। ਉਸ ਅਨੁਸਾਰ ਬਾਬਾ ਸ੍ਰੀ ਚੰਦ ਦਾ ਦੇਹਾਂਤ ੧੫ ਅਸੂ ਸੰਮਤ ੧੬੬੯
(ਸੰਨ ੧੬੧੨) ਨੂੰ ਚੰਬੇ ਦੀਆਂ ਪਹਾੜੀਆਂ ਵਿੱਚ ਰਾਵੀ ਦਰਿਆ ਦੇ ਕਿਨਾਰੇ ਹੋਇਆ ਅਤੇ ਬਾਬਾ ਗੁਰਦਿੱਤਾ
ਜੀ ਦਾ ਜਨਮ ਕੱਤਕ ਸੁਦੀ ੧੫ ਸੰਮਤ ੧੬੭੦ (ਸੰਨ ੧੬੧੩) ਨੂੰ ਪਿੰਡ ਡਰੌਲੀ ਜ਼ਿਲਾ ਫ਼ੀਰੋਜ਼ਪੁਰ ਵਿਖੇ
ਹੋਇਆ। ਸਪਸ਼ਟ ਹੈ ਕਿ ਬਾਬਾ ਗੁਰਦਿੱਤਾ ਜੀ ਦਾ ਜਨਮ, ਬਾਬਾ ਸ੍ਰੀ ਚੰਦ ਦੇ ਅਕਾਲ ਚਲਾਣੇ ਤੋਂ ਠੀਕ ੧੩
ਮਹੀਨੇ ਪਿਛੋਂ ਹੋਇਆ।
ਇਸ ਲਈ ਹੁਣ ਸੁਆਲ ਪੈਦਾ ਹੁੰਦਾ ਹੈ ਕਿ ਜਦੋਂ ਬਾਬਾ ਸ੍ਰੀ ਚੰਦ ਜੀ ਦੇ ਅਕਾਲ
ਚਲਾਣੇ ਵੇਲੇ ਬਾਬਾ ਗੁਰਦਿੱਤਾ ਜੀ ਦੀ ਕੋਈ ਸਰੀਰਕ ਹੋਂਦ ਹੀ ਨਹੀ ਸੀ, ਤਾਂ ਫਿਰ ਉਨ੍ਹਾਂ ਨੂੰ ਬਾਬਾ
ਸ੍ਰੀ ਚੰਦ ਵਲੋਂ ਉਤਰਾਧਿਕਾਰੀ ਥਾਪਣ ਦੀ ਗੱਲ ਕਿਵੇਂ ਸੱਚ ਮੰਨੀ ਜਾ ਸਕਦੀ ਹੈ? ਗੁਰਮਤਿ ਵਿਚਾਰਧਾਰਾ
ਦੀਆਂ ਵਿਰੋਧੀ ਸ਼ਕਤੀਆਂ ਵਲੋਂ ਇੱਕ ਗਿਣੀ-ਮਿਥੀ ਸਾਜਿਸ਼ ਤਹਿਤ ਬਿਪਰਵਾਦੀ ਰੰਗ ਵਿੱਚ ਰੰਗੇ ਜਾ ਚੁੱਕੇ
ਗੁਰਪ੍ਰਤਾਪ ਸੂਰ੍ਯ (ਸੂਰਜ ਪ੍ਰਕਾਸ਼) ਗ੍ਰੰਥ `ਤੇ ਅਧਾਰਤ ਉਦਾਸੀਆਂ ਦੇ ਪ੍ਰਚਾਰ ਦੁਆਰਾ ਇਹ
ਮਨੋਕਲਪਿਤ ਕਹਾਣੀ ਤਾਂ ਬਹੁਤ ਚਿਰ ਪਹਿਲਾਂ ਤੋਂ ਹੀ ਪ੍ਰਚਲਿਤ ਕੀਤੀ ਜਾ ਚੁੱਕੀ ਸੀ ਕਿ ਛੇਵੇਂ
ਪਾਤਸ਼ਾਹ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਬਾਬਾ ਸ੍ਰੀ ਚੰਦ ਦੀ ਬੇਨਤੀ ਸੁਣ ਕੇ ਆਪਣਾ ਵੱਡਾ
ਸਾਹਿਬਜ਼ਾਦਾ ਬਾਬਾ ਗੁਰਦਿੱਤਾ ਜੀ, ਉਨ੍ਹਾਂ ਨੂੰ ਸੌਂਪ ਦਿੱਤਾ, ਜਿਸ ਨੂੰ ਬਾਬਾ ਜੀ ਨੇ ਆਪਣੀ ਥਾਂ
ਉਦਾਸੀ ਸੰਪਰਦਾ ਦਾ ਮੁਖੀ ਨੀਯਤ ਕੀਤਾ। ਗੁਰੂ ਘਰ ਵਲੋਂ ਹਰ ਸਾਲ ਇੱਕ ਘੋੜਾ ਤੇ ਪੰਜ ਸੌ ਰੁਪੈ ਸ੍ਰੀ
ਚੰਦ ਨੂੰ ਭੇਟ ਕਰਨ ਦੀ ਗੱਲ ਵੀ ਉਦਾਸੀਆਂ ਨੇ ਹੀ ਮਸ਼ਹੂਰ ਕੀਤੀ, ਤਾਂ ਜੋ ਬਾਬਾ ਜੀ ਨੂੰ ਗੁਰੂ
ਸਾਹਿਬਾਂ ਤੋਂ ਵੀ ਵੱਡਾ ਸਿੱਧ ਕਰਦਿਆਂ ਉਦਾਸੀ ਸੰਪਰਦਾ ਨੂੰ ਗੁਰੂ ਨਾਨਕ ਦ੍ਰਿਸ਼ਟੀ ਵਿੱਚ ਪ੍ਰਵਾਨ
ਚਾੜ੍ਹਿਆ ਜਾਵੇ। ਕਿਉਂਕਿ, ਭੇਟਾ ਜਾਂ ਚੜ੍ਹਾਵਾ ਤਾਂ ਆਪਣੇ ਕਿਸੇ ਪੂਜਨੀਕ ਵੱਡੇ ਨੂੰ ਹੀ ਅਰਪਣ
ਕੀਤਾ ਜਾਂਦਾ ਹੈ, ਜਿਹੜਾ ਸਾਨੂੰ ਧਾਰਮਿਕ ਦ੍ਰਿਸ਼ਟੀਕੋਨ ਤੋਂ ਪ੍ਰਵਾਨ ਹੋਵੇ। ਦੁੱਖ ਦੀ ਗੱਲ ਹੈ ਕਿ
ਕਿ ਇਤਿਹਾਸਕ ਤੱਥਾਂ ਨੂੰ ਵਿਚਾਰੇ ਬਗੈਰ ਕਈ ਵੱਡੇ ਵੱਡੇ ਗੁਰਸਿੱਖ ਵਿਦਵਾਨ ਵੀ ਇਸ ਸਾਜਿਸ਼ ਦਾ
ਸ਼ਿਕਾਰ ਹੋਏ ਦਿਸਦੇ ਹਨ। ਤੁਸੀਂ ਵੀ ਲਿਖਿਆ ਹੈ ਕਿ “ਬਾਬਾ ਸ੍ਰੀ ਚੰਦ ਨੇ ਉਦਾਸੀ ਮੱਤ ਨੂੰ ਅਗੇ
ਤੋਰਨ ਲਈ ਬਾਬਾ ਗੁਰਦਿੱਤਾ ਜੀ ਨੂੰ ਆਪਣਾ ਉਤਰਅਧਿਕਾਰੀ ਨਿਯੁਕਤ ਕੀਤਾ ਸੀ”। ਭਾਵੇਂ ਕਿ ਇਤਿਹਾਸਿਕ
ਦ੍ਰਿਸਟੀਕੋਨ ਤੋਂ ਇਹ ਘਟਨਾ ਹਿਮਾਲੀਆ ਪਹਾੜ ਜਿੱਡਾ ਝੂਠ ਸਾਬਿਤ ਹੋ ਚੁੱਕੀ ਹੈ। ਪਰ, ਕਮਾਲ ਹੈ ਕਿ
ਤੁਸੀਂ ਤਾਂ ਗੱਪ ਮਾਰਨ ਵਿੱਚ ਝੂਠ ਦੇ ਇਤਨੇ ਵੱਡੇ ਪਹਾੜ ਨੂੰ ਵੀ ਟੱਪ ਗਏ ਹੋ। ਕਿਉਂਕਿ, ਤਸੀਂ
ਕਿਸੇ ਆਪਣੇ ਵਰਗੇ ਸਾਥੀ ਲਿਖਾਰੀ ਦੀ ਪੁਸਤਕ ਦਾ ਹਵਾਲਾ ਦੇ ਕੇ ਇਤਿਹਾਸਕ ਤੱਥਾਂ ਤੋਂ ਕੋਰਾ ਇਹ ਕੂੜ
ਵੀ ਲਿਖ ਮਾਰਿਆ ਹੈ ਕਿ ਗੁਰੂ ਅੰਗਦ, ਗੁਰੂ ਅਮਰਦਾਸ ਤੇ ਗੁਰੂ ਰਾਮਦਾਸ ਸਾਹਿਬ ਜੀ ਨੇ ਵੀ ਆਪਣਾ ਇੱਕ
ਇੱਕ ਸਾਹਿਜ਼ਾਦਾ ਬਾਬਾ ਸ੍ਰੀ ਚੰਦ ਨੂੰ ਚੜ੍ਹਾਇਆ ਸੀ। ਵੀਰ ਜੀ! ਸ਼ਾਇਦ ਤੁਸੀਂ ਸੋਚਦੇ ਹੋਵੋ ਕਿ ਇਤਨਾ
ਝੂਠ ਲਿਖਣ ਦੇ ਬਦਲੇ ਤੁਹਾਡੇ ਗੁਰੂ-ਬਾਬੇ ਵਿਰਸਾ ਸਿੰਘ ਦਿੱਲੀ ਦੇ ‘ਗੋਬਿੰਦ ਸਦਨ’ ਦੀ ਗੱਦੀ ਵੀ
ਤਹਾਨੂੰ ਪ੍ਰਾਪਤ ਹੋ ਜਾਵੇਗੀ। ਬਿਅੰਤ ਸਾਰਾ ਪੂਜਾ ਦਾ ਧਨ ਅਤੇ ਧੱਕੇ ਨਾਲ ਕਬਜ਼ੇ ਕੀਤੀ ਕਰੋੜਾਂ
ਰੁਪੈ ਦੀ ਜ਼ਮੀਨ ਤੇ ਹੋਰ ਮਾਲ ਵੀ ਇਸ ਡੇਰੇਦਾਰ ਦੇ ਮਗਰੋਂ ਤੁਹਾਡੀ ਝੋਲੀ ਪੈ ਜਾਵੇਗਾ। ਪਰ ਮੇਰਾ
ਖਿਆਲ ਹੈ ਕਿ ਅਜਿਹਾ ਸੁਆਰਥੀ ਕੂੜ ਲਿਖ ਕੇ ਤੁਸਾਂ ਉਦਾਸੀ ਸੰਪਰਦਾ ਦੇ ਢੋਲ ਦਾ ਪੋਲ ਖੁਲਵ੍ਹਾ ਕੇ
ਬਹੁਤ ਨੁਕਸਾਨ ਕਰਵਾ ਲਿਆ ਹੈ। ਕਿਉਂਕਿ, ਪਹਿਲਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੱਬੀ-ਬਾਣ
(ਪੁਤ੍ਰੀਂ ਕਉਲੁ ਨ ਪਾਲਿਓ) ਨੇ ਤੁਹਾਡੇ ਸੰਪਰਦਾਈ ਮਹਲ ਦੀਆਂ ਨੀਹਾਂ ਹਿਲਾ ਦਿੱਤੀਆਂ ਹਨ। ਉਸ
ਗੁਰਵਾਕ ਦੀ ਰੌਸ਼ਨੀ ਵਿੱਚ ਕੋਈ ਨਹੀ ਮੰਨ ਸਕਦਾ ਕਿ ਬਾਬਾ ਸ੍ਰੀ ਚੰਦ ਵਰਗੇ ਵਿਅਕਤੀ ਨੂੰ ਗੁਰੂ-ਨਾਨਕ
ਸਾਹਿਬ ਜੀ ਮਹਾਰਾਜ ਦੇ ਆਗਿਆਕਾਰੀ ਸਪੁਤਰ ਸਨ। ਇਹ ਵੀ ਕਦਾਚਿਤ ਨਹੀਂ ਮੰਨਿਆਂ ਜਾ ਸਕਦਾ ਕਿ ਜਿਹੜਾ
ਵਿਅਕਤੀ ਗੁਰੂ ਨਾਨਕ ਸਾਹਿਬ ਜੀ ਦੀ ਦ੍ਰਿਸ਼ਟੀ ਵਿੱਚ ਗੁਰੂ ਹੁਕਮਾਂ ਤੋਂ ਆਕੀ, ਖੋਟੇ ਦਿਲ ਵਾਲਾ ਅਤੇ
ਅਧਿਆਤਮੀ ਹੋਣ ਦੀ ਥਾਂ, ਕੇਵਲ ਦੁਨਿਆਵੀ ਧੰਧਿਆਂ ਵਿੱਚ ਖਚਿਤ ਗ੍ਰਿਹਸਥੀ ਜੀਵਨ ਨੂੰ ਨਫਰਤ ਕਰਨ
ਵਾਲਾ ਹੋਵੇ, ਉਸ ਨੂੰ ਆਪਣੇ ਮਿਸ਼ਨ ਦਾ ਗੁਰਮਤਿ ਪ੍ਰਚਾਰਕ ਥਾਪ ਕੇ ਅਗਾਂਹ ਲਈ ਪ੍ਰਚਾਰਕ ਤਿਆਰ ਕਰਨ
ਦੀ ਜ਼ੁਮੇਵਾਰੀ ਵਾਰੀ ਵੀ ਉਸਨੂੰ ਹੀ ਸੌਂਪ ਦੇਣ। ਕਿਉਂਕਿ, ਤੁਸੀਂ ਤਾਂ ਲਿਖ ਮਾਰਿਆ ਹੈ ਕਿ ਗੁਰੂ ਜੀ
ਨੇ ਪ੍ਰਸੰਨ ਹੋ ਕੇ ਬਾਬਾ ਸ੍ਰੀ ਚੰਦ ਹੁਰਾਂ ਨੂੰ ਉਦਾਸੀ ਬਾਣੇ ਵਿੱਚ ਤੇ ਉਦਾਸੀ ਰੀਤ (ਜਿਹੜੀ
ਬਿਪਰਵਾਦੀ ਰੀਤ ਗੁਰਮਤਿ ਦੇ ਵਿਪਰੀਤ ਹੈ) ਦੇ ਅਨੁਸਾਰ ਗੁਰਮਤਿ ਪ੍ਰਚਾਰ ਕਰਨ ਤੇ ਆਪਣੇ ਵਰਗੇ ਹੋਰ
ਪ੍ਰਚਾਰਕ ਤਿਆਰ ਕਰਨ ਦੀ ਬਖ਼ਸ਼ਿਸ਼ ਕੀਤੀ। ਹਾਂ, ਇਹ ਗੱਲ ਤਾਂ ਮੰਨਣ ਵਿੱਚ ਆਉਂਦੀ ਹੈ ਕਿ ਗੁਰੂ ਨਾਨਕ
ਸਾਹਿਬ ਜੀ ਮਹਾਰਾਜ ਵਲੋਂ ਆਪਣੇ ਅਤਿਅੰਤ ਆਗਿਆਕਾਰੀ ਸੇਵਕ ਬਾਬਾ ਲਹਿਣਾ ਜੀ (ਗੁਰੂ ਅੰਗਦ ਸਾਹਿਬ
ਜੀ) ਨੂੰ ਗੁਰਗੱਦੀ ਸੌਂਪਣ ਦੇ ਸਮੇਂ ਤੋਂ ਪਹਿਲਾਂ ਤਾਂ ਬਾਬਾ ਸ੍ਰੀ ਚੰਦ ਜੀ ਗੁਰਿਆਈ ਮਿਲਣ ਦੀ ਆਸ
ਵਿੱਚ ਸ੍ਰੀ ਕਰਤਾਰਪੁਰ ਦੀ ਧਰਮਸ਼ਾਲ ਦੀਆਂ ਜ਼ੁਮੇਂਵਾਰੀਆਂ ਚੁੱਪ-ਚਾਪ ਨਿਭਾਂਦੇ ਰਹੇ ਹੋਣਗੇ ਕਿ ਪਿਤਾ
ਜੀ ਤੇ ਸੰਗਤਾਂ ਮੇਰੇ `ਤੇ ਖੁਸ਼ ਰਹਿਣ। ਪਰ, ਜਦੋਂ ਗੁਰਿਆਈ ਨਾ ਮਿਲੀ ਤਾਂ ਉਸ ਨੇ ਬਿਪਰਵਾਦੀਆਂ
ਸ਼ਕਤੀਆਂ ਦੀ ਸ਼ਹਿ `ਤੇ ਓਵੇਂ ਹੀ ਇੱਕ ਵਖਰਾ ਪੰਥ ਕਾਇਮ ਕਰਕੇ ਗੱਦੀ ਲਾ ਕੇ ਬਹਿ ਗਿਆ ਹੋਵੇਗਾ।
ਦੂਜੇ, ਮਹਾਨਕੋਸ਼ ਦੇ ਹਵਾਲੇ ਨੇ ਤੁਹਾਡੇ ਨੀਹਾਂ ਹਿੱਲੇ ਸੰਪਰਦਾਈ ਮਹੱਲ ਨੂੰ ਬਿਲਕੁੱਲ ਹੀ ਢਹਿ
ਢੇਰੀ ਕਰ ਦਿੱਤਾ ਹੈ। ਕਿਉਂਕਿ, ਇਸ ਪ੍ਰਮਾਣ ਨਾਲ ਉਦਾਸੀ ਸੰਪਰਦਾ ਦੇ ਗੱਦੀਦਾਰਾਂ ਦੀ ਕਹਾਣੀ ਹੀ
ਮੁਢੋਂ ਹੀ ਝੂਠੀ ਸਿੱਧ ਹੋ ਜਾਂਦੀ ਹੈ। ਬਾਬਾ ਸ੍ਰੀ ਚੰਦ ਦੇ ਅਕਾਲ ਚਲਾਣੇ ਦੇ ੧੩ ਮਹੀਨੇ ਦੇ ਫਰਕ
ਪਿਛੋਂ ਬਾਬਾ ਗੁਰਦਿੱਤਾ ਜੀ ਦਾ ਜਨਮ ਹੋਣ ਦੀ ਸਚਾਈ ਨੇ ਉਦਾਸੀ ਸੰਪਰਦਾ ਦੇ ਝੂਠ ਨੂੰ ਬਿਲਕੁਲ
ਨੰਗਿਆਂ ਕਰ ਦਿੱਤਾ ਹੈ। ਇਸ ਲਈ ਲੇਖਕ ਵੀਰ ਜੀ ਮੈਨੂੰ ਫਿਕਰ ਲਗ ਗਿਆ ਹੈ ਕਿ ਕਿਧਰੇ ਐਸਾ ਨਾ ਹੋਵੇ
ਕਿ ਤੁਹਾਡਾ ਦੇਹਧਾਰੀ ਗੁਰੂ ਬਾਬਾ ਵਿਰਸਾ ਸਿੰਘ ਕਰੋਪ ਹੋ ਕੇ ਆਖੇ ਕਿ ਗੁਰਬਚਨ ਸਿਹਾਂ! ਤੂੰ ਤਾਂ
ਇਹ ਲੇਖ ਲਿਖ ਕੇ ਸਾਡਾ ਭੱਠਾ ਹੀ ਬੈਠਾਅ ਦਿੱਤਾ ਹੈ ਤੇ ਤੁਹਾਡੀ ਇਹ ਅਮਰੀਕਾ ਵਿਚਲੀ ਨੌਕਰੀ ਵੀ
ਜਾਂਦੀ ਰਹੇ? ਲੇਖਕ ਜੀ! ਆਪਣੇ ਉਤਰ ਵਿੱਚ ਇਹ ਰਹੱਸ ਵੀ ਖੋਲਣ ਦੀ ਖੇਚਲ ਕਰਿਓ ਕਿ ਕਿਧਰੇ ਐਸਾ ਤਾਂ
ਨਹੀ ਕਿ ਤੁਸੀਂ ਚਹੁੰਦੇ ਹੋਵੋ ਕਿ ਇਸ ਢੰਗ ਦੇ ਪ੍ਰਚਾਰ ਰਾਹੀਂ ਖ਼ਾਲਸਾ ਪੰਥ ਦੇ ਗੁਰਮਤਿ ਪ੍ਰਚਾਰਕ
ਤਿਆਰ ਕਰਨ ਦੀ ਜੁਮੇਂਵਾਰੀ ਵੀ ਬਾਬਾ ਸ਼੍ਰੀ ਚੰਦ ਦੇ ਉਪਾਸ਼ਕ ਵਿਰਸਾ ਸਿੰਘ ਦੀ ਝੋਲੀ ਪੈ ਜਾਵੇ ਅਤੇ
ਫਿਰ ਸੰਘ ਦੀ ਨੀਤੀ ਅਨੁਸਾਰ ਆਪ ਜੀ ਤੇ ਬਾਵਾ ਸੰਤਰੇਣ ਭੁਦਨ ਵਾਲਿਆਂ ਵਰਗੇ ਪ੍ਰਚਾਰਕ ਤਿਆਰ ਕੀਤੇ
ਜਾਣ, ਜਿਹੜੇ ਗੁਰੂ ਨਾਨਕ ਸਾਹਿਬ ਜੀ ਦੇ ਸਿੱਖੀ ਮਾਰਗ ਨੂੰ ਵੇਦ ਪੁਰਾਣਾਂ ਤੇ ਸਿਮ੍ਰਤੀਆਂ ਦਾ ਮਾਰਗ
ਦਸਣ। ਤੇ ਇਸ ਪ੍ਰਕਾਰ ਗੁਰਦੁਆਰਿਆਂ ਵਿੱਚ ਵੀ ਗੋਬਿੰਦ ਸਦਨ ਵਾਂਗ ਆਪਣੀ ਦੁਕਾਨਦਾਰੀ ਚਲਾਉਣ ਲਈ ਸਭ
ਧਰਮਾਂ ਦੇ ਸਤਿਕਾਰ ਦੇ ਬਹਾਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ (ਕਥਿਤ) ਦਸਮ ਗ੍ਰੰਥ ਅਤੇ
ਹੋਰ ਅਨਮਤੀ ਧਾਰਮਿਕ ਪੁਸਤਕਾਂ ਰੱਖ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਇਨ੍ਹਾਂ ਸਾਰਿਆਂ ਦੇ
ਰੋਲ-ਘਚੋਲੇ ਵਿੱਚ ਰੋਲ ਦਿੱਤਾ ਜਾਵੇ ਅਤੇ ਸਭ ਥਾਈਂ ਸ਼੍ਰੀ ਚੰਦ ਦੇ ਧੂੰਣੇ ਧੁਖਣ? ਕਿਉਂਕਿ, ਸ਼੍ਰੀ
ਗੁਰੂ ਗ੍ਰੰਥ ਸਾਹਿਬ ਜੀ ਤੁਹਾਡੇ ਵਰਗੀਆਂ ਬਿਪਰਵਾਦੀ ਸੰਪਰਦਾਵਾਂ ਦੀਆਂ ਜੜ੍ਹਾਂ ਤੇ ਕੁਹਾੜਾ ਮਾਰਦਾ
ਹੈ।
ਸਿੱਖ ਸੰਗਤਾਂ ਦੀ ਹੋਰ ਤਸੱਲੀ ਲਈ ਕਿ ਉਦਾਸੀ ਬਾਵੇ (ਪ੍ਰਚਾਰਕ) ਸਿੱਖ
ਸੰਗਤਾਂ ਨੂੰ ਕਿਵੇਂ ਗੁੰਮਰਾਹ ਕਰਦੇ ਰਹੇ, ਇਸ ਸਬੰਧੀ ਬਾਵਾ ਸੰਤਰੇਣ ਦਾ ਇੱਕ ਦੋਹਾ ਲਿਖ ਕੇ ਆਪਣੇ
ਲੇਖ ਦੀ ਪਹਿਲੀ ਕਿਸ਼ਤ ਸਮਾਪਤ ਕਰਦਾ ਹਾਂ, ਜਿਸ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਉਦਾਸੀਆਂ ਨੇ ਗੁਰੂ
ਨਾਨਕ ਦੇ ਨਿਆਰੇ ਤੇ ਨਿਰਮਲ ਪੰਥ ਨੂੰ ਵੇਦਾਂ ਪੁਰਾਣਥ ਤੇ ਸਿਮਰਤੀਆਂ ਦਾ ਮਾਰਗ ਦਰਸਾਣ ਲਈ ਕਿਵੇਂ
ਚਾਲਾਂ ਚਲੀਆਂ: ਆਦਿ ਅਚਾਰਜ ਨਾਨਕ ਦੇਵ, ਨਿਰੰਜਨ ਅੰਜਨ ਮਾਹਿ ਨਿਵਾਸੀ। ਸਿੰਮ੍ਰਿਤਿ ਵੇਦ ਪੁਰਾਣ ਕੇ
ਮਾਰਗ, ਜੀਵ ਲਗਾਇ ਕਟੀ ਭਵ ਫਾਸੀ।
ਭੁੱਲ-ਚੱਕ ਮੁਆਫ਼। ਉੱਤਰ ਉਡੀਕ ਵਿੱਚ,
ਗੁਰੂ ਨਾਨਕ ਧਰਮਸ਼ਾਲ ਦਾ ਇੱਕ ਅਧਨਾ ਸੇਵਾਦਾਰ ਜਗਤਾਰ ਸਿੰਘ ਜਾਚਕ, ਗਲੈਨਕੋਵ
(ਨਿਊਯਾਰਕ) ਫੋਨ: ੫੧੬-੬੭੪-੬੭੯੩ ਮਿਤੀ ੧੦/੨੦/੨੦੦੭