ਕੀ ਇਹ ਗੁਰਮਤਿ ਹੈ, ਜਾਂ ਜੋਗ ਮੱਤ?
ਗੁਰਸ਼ਰਨ ਸਿੰਘ ਕਸੇਲ, ਕਨੇਡਾ
ਗੁਰੂ ਨਾਨਕ ਪਾਤਸ਼ਾਹ ਜੀ ਨੇ ਮਨੁੱਖਾਂ ਨੂੰ ਸੁਚੱਜਾ ਜੀਵਨ ਜਾਚ ਸਮਝਾਉਣ ਲਈ
ਬਹੁਤ ਯਤਨ ਕੀਤੇ। ਉਹਨਾਂ ਦੇ ਸਰੀਰਕ ਤੌਰ ਤੇ ਦੁਨੀਆਂ ਤੋਂ ਜਾਣ ਪਿੱਛੋਂ, ਨੌ ਗੁਰੂ ਸਾਹਿਬਾਨ ਨੇ
ਵੀ ਉਸ ਵਿਚਾਰਧਾਰਾ ਨੂੰ ਚਲਦਾ ਰੱਖਣ ਲਈ ਆਪਣਾ-ਆਪਣਾ ਪੂਰਾ ਜੀਵਨ ਮਨੁੱਖਤਾ ਦੀ ਭਲਾਈ ਅਤੇ ਮਨੁੱਖਾਂ
ਵਿੱਚੋਂ ਹੀਣਭਾਵਨਾ ਖਤਮ ਕਰਨ ਲਈ ਲਾ ਦਿਤਾ। ਗੁਰੂ ਸਾਹਿਬਾਨ ਨੇ ਖ਼ਾਸ ਤੌਰ ਤੇ ਇਨਸਾਨਾ ਨੂੰ ਧਰਮ ਦੇ
ਨਾਂਅ ਤੇ ਪਾਏ ਅੰਧਵਿਸ਼ਵਾਸਾਂ, ਵਹਿਮਾਂ-ਭਰਮਾਂ ਤੇ ਕਰਮਕਾਂਡਾਂ ਤੋਂ ਨਿਜ਼ਾਤ ਦਵਉਣਾ ਲਈ ‘ਸ਼ਬਦ ਗੁਰੂ’
ਤੋਂ ਅਗਵਈ ਲੈਣ ਅਤੇ ਸਿਰਫ ਇੱਕ ਅਕਾਲ ਪੁਰਖ ਦੀ ਉਪਾਸ਼ਨਾ ਕਰਨ ਲਈ ਪ੍ਰਚਾਰ ਕੀਤਾ। ਕੀ ਅੱਜ ਆਪਣੇ ਆਪ
ਨੂੰ ਇੱਕਵੀਂ ਸਦੀ ਦਾ ਮਨੁੱਖ ਅਖਵਾਉਣ ਵਾਲਾ ਇਹਨਾਂ ਗੱਲਾਂ ਤੋਂ ਛੁਟਕਾਰਾ ਪਾ ਚੁੱਕਾ ਹੈ? ਹੋਰ
ਧਰਮਾ ਦੀ ਤਾਂ ਗੱਲ ਹੀ ਛੱਡੋਂ, ਕੀ ਅੱਜ ਦਾ ਸਿੱਖ ਵਾਕਿਆ ਹੀ ਮਾਨਸਕ ਤੌਰ ਤੇ ‘ਸ਼ਬਦ ਗੁਰੂ’ ਦੇ
ਸਿਧਾਂਤ ਨੂੰ ਸਮਝ ਸਕਿਆ ਹੈ? ਅੱਜ ਬਹੁਗਿਣਤੀ ਅਜਿਹੇ ਸਿੱਖ ਅਖਵਾਉਣ ਵਾਲਿਆਂ ਦੀ ਹੈ ਜੋ ਆਪਣੇ ਘਰਾਂ
ਜਾਂ ਗੁਰਦੁਆਰਿਆਂ ਵਿੱਚ ਕਈ ਐਸੇ ਕਰਮ ਕਰਦੇ ਹਨ, ਜਿਸਨੂੰ ਆਪਣੇ ਵਲੋਂ ਸਿੱਖ ਧਰਮ ਅਨੁਸਾਰ ਦੱਸਦੇ
ਹਨ, ਕੀ ਉਹ ਵਾਕਿਆ ਹੀ ਸਿੱਖ ਧਰਮ ਅਨੁਸਾਰ ਹਨ ਜਾਂ ਕਿ ਜੋਗ ਮੱਤ ਅਨੁਸਾਰ ਜਾਂ ਕੁੱਝ ਹੋਰ? ਅੱਗੇ
ਚੱਲ ਕੇ ਕੁੱਝ ਅਜਿਹੇ ਹੀ ਸਾਡੇ ਵਲੋਂ ਧਰਮ ਦੇ ਨਾਂਅ ਹੇਠ ਕੀਤੇ ਜਾਂਦੇ ਕਰਮਾ ਬਾਰੇ ਵਿਚਾਰ
ਕਰਾਂਗੇ।
ਗੁਰੂ ਨਾਨਕ ਪਾਤਸ਼ਾਹ 1539 ਈ: ਵਿੱਚ ਕਰਤਾਰਪੁਰ ਤੋਂ ਚਲ ਕੇ ਬਟਾਲੇ ਦੇ
ਲਾਗੇ ਤਿੰਨ ਕੁ ਮੀਲਾਂ ਦੀ ਵਿੱਥ ਤੇ ਜਿਥੇ ਇੱਕ ਜੋਗੀਆਂ ਦਾ ਮੰਦਰ ਹੈ, ਜਿਸਦਾ ਨਾਂਅ ‘ਅੱਚਲ’ ਹੈ,
ਉਥੇ ਆਏ ਸਨ। ਉਥੇ ਹਰ ਸਾਲ ਫੱਗਣ ਦੇ ਮਹੀਨੇ ਮੇਲਾ ਲੱਗਦਾ ਸੀ, ਇਸ ਕਰਕੇ ਮੇਲੇ ਵਿੱਚ ਦੂਰ-ਦੂਰ ਤੋਂ
ਜੋਗੀ ਆਉਂਦੇ ਸਨ। ਇਹ ਜੋਗੀ ਬੜੀਆਂ ਰਿਧੀਆਂ ਸਿਧੀਆਂ ਕਰਦੇ ਸਨ, ਜਿਸ ਕਰਕੇ ਇਨ੍ਹਾਂ ਦਾ ਪ੍ਰਭਾਵ
ਲੋਕਾਂ ਤੇ ਕਾਫੀ ਪੈ ਰਿਹਾ ਸੀ। ਕਿਸੇ ਨੂੰ ਵਰ ਦਾ ਲਾਲਚ ਦੇਣਾ ਅਤੇ ਕਿਸੇ ਨੂੰ ਸਰਾਪ ਦਾ ਡਰਾਵਾ
ਦੇਣਾ, ਇਹ ਹਥਿਆਰ, ਜੋਗੀ, ਲੋਕਾਂ ਤੇ ਵਰਤਦੇ ਸਨ। ਹੁਣ ਗੁਰੂ ਨਾਨਕ ਪਾਤਸ਼ਾਹ ਜੀ ਵਲੋਂ ਕੀਤੇ ਜਾਂਦੇ
‘ਸ਼ਬਦ ਗੁਰੂ’ ਦੇ ਪ੍ਰਚਾਰ ਕਾਰਨ ਲੋਕਾਂ ਵਿੱਚ ਇਨ੍ਹਾਂ ਜੋਗੀਆਂ ਦਾ ਪ੍ਰਭਾਵ ਘੱਟ ਰਿਹਾ ਸੀ। ਜਿਸ
ਕਰਕੇ ਜੋਗੀਆਂ ਦੀ ਨਜ਼ਰ ਵਿੱਚ ਗੁਰੂ ਜੀ ਰੜ੍ਹਕ ਰਹੇ ਸਨ। (ਜਿਵੇਂ ਅੱਜ ਅਖੌਤੀ ਸੰਤਾਂ ਸਾਧਾਂ ਤੇ
ਡੇਰੇਦਾਰਾਂ ਦੀ ਨਜ਼ਰ ਵਿੱਚ ਮਿਸ਼ਨਰੀ ਜਾਂ ਗੁਰਮਤਿ ਦੀ ਗੱਲ ਕਰਨ ਵਾਲੇ ਪ੍ਰਚਾਰਕ ਰੜ੍ਹਕਦੇ ਹਨ।) ਉਸ
ਸਮੇਂ ਜਦੋਂ ਜੋਗੀਆਂ ਨੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ‘ਅੱਚਲ’ ਦੇ ਮੇਲੇ ਤੇ ਆਇਆ ਹੋਇਆ ਵੇਖਿਆ,
ਤਾਂ ਉਹਨਾਂ ਸਾਰਿਆਂ ਨੇ ਸਲਾਹ ਕੀਤੀ, ਕਿ ਹੁਣ ਮੌਕਾ ਹੈ ਆਪਣਾ ਜਾਂਦਾ ਹੋਇਆ ਭਰਮ-ਭਾਅ ਫਿਰ ਬਣਾਨ
ਸਕਣ ਦਾ। ਆਪਾਂ ਇਥੇ ਆਈ ਜਨਤਾ ਨੂੰ ਕਰਾਮਾਤਾਂ ਵਿਖਾ ਕੇ ਆਪਣੀ ਬਜ਼ੁਰਗੀ ਦਾ ਸਿੱਕਾ ਅਜ਼ਮਾਈਏ। ਉਹਨਾਂ
ਸੋਚਿਆ ਕਿ ਜਦੋ ਗੁਰੂ ਨਾਨਕ ਪਾਤਸ਼ਾਹ ਕੋਈ ਕਰਾਮਾਤ ਨਹੀਂ ਵਿਖਾ ਸਕੇਗਾ, ਤਾਂ ਜਨਤਾ ਵਿੱਚ ਫਿਰ ਸਾਡਾ
ਬੋਲਬਾਲਾ ਹੋ ਜਾਵੇਗਾ। ਇਥੇ ਗੁਰੂ ਜੀ ਨੇ ਜੋਗੀਆਂ ਨਾਲ ਜਿਹੜਾ ਸੰਵਾਂਦ ਰਚਾਇਆ, ਉਹ ਸ੍ਰੀ ਗੁਰੂ
ਗ੍ਰੰਥ ਸਾਹਿਬ ਵਿੱਚ "ਸਿਧ ਗੋਸਿਟ" ਦੀ ਬਾਣੀ ਦੇ ਨਾਂਅ ਨਾਲ ਜਾਣਿਆਂ ਜਾਂਦਾ ਹੈ।
ਯੋਗ ਮੱਤ ਵਿੱਚ ਤੀਰਥਾਂ ਤੇ ਜਾਣ, ਕੰਨਾਂ ਵਿੱਚ ਮੁੰਦ੍ਰਾਂ ਪਾਉਣੀਆਂ,
ਗ੍ਰਹਿਸਤੀ ਨਾ ਹੋਣਾ ਅਤੇ ਸੰਸਾਰ ਦਾ ਤਿਆਗ ਕਰਕੇ ਜੰਗਲਾਂ ਵਿੱਚ ਰਹਿਣ ਆਦਿਕ ਦੀ ਮਹੱਤਤਾ ਹੈ; ਪਰ
ਗੁਰਮਤਿ ਵਿੱਚ ਇਸਨੂੰ ਕੋਈ ਥਾਂ ਨਹੀਂ। ਜੋਗੀ ਲੋਕ ਗੁਰੂ ਜੀ ਨਾਲ ਸੰਵਾਂਦ ਕਰਦੇ ਸਮੇਂ ਤੀਰਥਾਂ ਤੇ
ਨਹਾਉਣ ਨਾਲ ਸੁੱਖ ਮਿਲਣ ਤੇ ਮਨ ਦੀ ਮੈਲ ਲਹਿ ਜਾਣ ਦੀ ਗੱਲ ਕਰਦੇ ਹਨ। ਜਿਵੇਂ ਇਸ ਸਮੇਂ ਸਿੱਖਾਂ
ਵਿੱਚ ਵੀ ਇਹ ਭਰਮ ਬਹੁਤ ਪਾਇਆ ਜਾਂਦਾ ਹੈ। ਪਰ ਗੁਰੂ ਨਾਨਕ ਪਾਤਸ਼ਾਹ ਅਜਿਹੇ ਕਰਮ ਕਰਨ ਦਾ ਖੰਡਣ
ਕਰਦੇ ਹਨ। ਜੋਗੀ ਗੋਰਖਨਾਥ ਦਾ ਚੇਲਾ ਲੋਹਾਰੀਪਾ ਆਖਦਾ ਹੈ:
ਹਾਟੀ ਬਾਟੀ ਰਹਹਿ ਨਿਰਾਲੇ, ਰੂਖਿ ਬਿਰਖਿ ਉਦਿਆਨੇ॥ ਕੰਦ ਮੂਲੁ ਅਹਾਰੋ
ਖਾਈਐ, ਅਉਧੂ ਬੋਲੈ ਗਿਆਨੇ॥ ਤੀਰਥਿ ਨਾਈਐ, ਸੁਖੁ ਫਲੁ ਪਾਈਐ, ਮੈਲੁ ਨ ਲਾਗੈ ਕਾਈ॥ ਗੋਰਖ ਪੂਤੁ
ਲੋਹਾਰੀਪਾ ਬੋਲੈ, ਜੋਗ ਜੁਗਤਿ ਬਿਧਿ ਸਾਈ॥
ਅਰਥ: ਅਰਥ: —ਜੋਗੀ ਨੇ (ਜੋਗ ਦਾ) ਗਿਆਨ-ਮਾਰਗ ਇਉਂ ਦੱਸਿਆ—ਅਸੀ (ਦੁਨੀਆ
ਦੇ) ਮੇਲਿਆਂ-ਮਸਾਧਿਆਂ (ਭਾਵ, ਸੰਸਾਰਕ ਝੰਬੇਲਿਆਂ) ਤੋਂ ਵੱਖਰੇ ਜੰਗਲ ਵਿੱਚ ਕਿਸੇ ਰੁੱਖ-ਬਿਰਖ ਹੇਠ
ਰਹਿੰਦੇ ਹਾਂ ਤੇ ਗਾਜਰ-ਮੂਲੀ ਉਤੇ ਗੁਜ਼ਾਰਾ ਕਰਦੇ ਹਾਂ; ਤੀਰਥ ਤੇ ਇਸ਼ਨਾਨ ਕਰਦੇ ਹਾਂ; ਇਸ ਦਾ ਫਲ
ਮਿਲਦਾ ਹੈ ‘ਸੁਖ’, ਤੇ (ਮਨ ਨੂੰ) ਕੋਈ ਮੈਲ (ਭੀ) ਨਹੀਂ ਲੱਗਦੀ। ਗੋਰਖਨਾਥ ਦਾ ਚੇਲਾ ਲੋਹਾਰੀਪਾ
ਬੋਲਿਆ ਕਿ ਇਹੀ ਹੈ ਜੋਗ ਦੀ ਜੁਗਤੀ, ਜੋਗ ਦੀ ਵਿਧੀ।
ਅਗੋ ਗੁਰੂ ਜੀ ‘ਸ਼ਬਦ ਗੁਰੂ’ ਦੀ ਗੱਲ ਕਰਦੇ ਹਨ:
ਹਾਟੀ ਬਾਟੀ ਨੀਦ ਨ ਆਵੈ, ਪਰ ਘਰਿ ਚਿਤੁ ਨ ਡ+ਲਾਈ॥ ਬਿਨੁ ਨਾਵੈ ਮਨੁ ਟੇਕ ਨ
ਟਿਕਈ, ਨਾਨਕ ਭੂਖ ਨ ਜਾਈ॥ ਹਾਟੁ ਪਟਣੁ ਘਰੁ ਗੁਰੂ ਦਿਖਾਇਆ, ਸਹਜੇ ਸਚੁ ਵਾਪਾਰੋ॥ ਖੰਡਿਤ ਨਿਦ੍ਰਾ
ਅਲਪ ਅਹਾਰੰ, ਨਾਨਕ ਤਤੁ ਬੀਚਾਰੋ॥ (ਪੰਨਾ ੯੩੯)
ਅਰਥ
: —ਹੇ ਨਾਨਕ
! ਅਸਲ (ਗਿਆਨ ਦੀ) ਵਿਚਾਰ ਇਹ ਹੈ ਕਿ ਦੁਨੀਆ ਦੇ ਧੰਧਿਆਂ
ਵਿੱਚ ਰਹਿੰਦਿਆਂ ਮਨੁੱਖ ਨੂੰ ਨੀਂਦ ਨਾਹ ਆਵੇ (ਭਾਵ, ਧੰਧਿਆਂ ਵਿੱਚ ਹੀ ਨਾਹ ਗ਼ਰਕ ਹੋ ਜਾਏ), ਪਰਾਏ
ਘਰ ਵਿੱਚ ਮਨ ਨੂੰ ਡੋਲਣ ਨਾਹ ਦੇਵੇ; (ਪਰ) ਹੇ ਨਾਨਕ
! ਪ੍ਰਭੂ ਦੇ ਨਾਮ ਤੋਂ ਬਿਨਾ ਮਨ ਟਿਕ ਕੇ ਨਹੀਂ ਰਹਿ ਸਕਦਾ
ਤੇ (ਮਾਇਆ ਦੀ) ਤ੍ਰਿਸ਼ਨਾ ਹਟਦੀ ਨਹੀਂ। (ਜਿਸ ਮਨੁੱਖ ਨੂੰ) ਸਤਿਗੁਰੂ ਨੇ (ਨਾਮ ਵਿਹਾਝਣ ਦਾ ਅਸਲ)
ਟਿਕਾਣਾ, ਸ਼ਹਿਰ ਤੇ ਘਰ ਵਿਖਾ ਦਿੱਤਾ ਹੈ ਉਹ (ਦੁਨੀਆ ਦੇ ਧੰਧਿਆਂ ਵਿੱਚ ਭੀ) ਅਡੋਲ ਰਹਿ ਕੇ ‘ਨਾਮ’
ਵਿਹਾਝਦਾ ਹੈ। ਟੀਕਾਕਾਰ-ਪ੍ਰੋ. ਸਾਹਿਬ ਸਿੰਘ ਜੀ
ਜਿਵੇਂ ਜੋਗ ਮੱਤ ਵਲੋਂ ਦੱਸੇ ਅਧਿਆਤਮਕ ਕਰਮ ਕਰਨੇ ਗੁਰਮਤਿ ਵਿਚਾਰਧਾਰਾ ਨਾਲ
ਮੇਲ ਨਹੀਂ ਖਾਂਦੇ; ਇਵੇਂ ਹੀ ਸਰੀਰਕ ਕਸਰਤ (
exercise)
ਕਰਦੇ ਸਮੇਂ ਲੰਮਾਂ ਸਾਹ ਅੰਦਰ ਖਿਚਦੇ ਜਾਂ ਬਾਹਰ ਕੱਢਦੇ ਸਮੇਂ ‘ਓਮ’ ਆਖਣਾ ਵੀ ਗੁਰਮਤਿ
ਅਨੁਸਾਰ ਠੀਕ ਨਹੀਂ ਹੈ; ਕਿਉਂਕਿ ਇਹ ਹਿੰਦੂ ਧਰਮ ਅਨੁਸਾਰ ਹੈ। ਇਥੇ ਇਹ ਵੀ ਸੋਚਣ ਵਾਲੀ ਗੱਲ ਹੈ
‘ਸਿਧ ਗੋਸਟਿ’ ਸਮੇਂ ਗੁਰੂ ਜੀ ਨੇ ਸਿੱਖਾਂ ਨੂੰ "ਸਬਦੁ ਗੁਰੂ, ਸੁਰਤਿ ਧੁਨਿ ਚੇਲਾ" ਦੇ ਉਪਾਸ਼ਕ
ਦੱਸਿਆ ਹੈ। ਕੀ ਅੱਜ ਅਸੀਂ ਇਸ ਸਿਧਾਂਤ ਨੂੰ ਮੰਨਦੇ ਹਾਂ; ਇਹ ਸਾਨੂੰ ਆਪਣੇ ਅੰਦਰ ਝਾਤੀ ਮਾਰਨ ਨਾਲ
ਪਤਾ ਲੱਗ ਜਾਵੇਗਾ। ਅੱਜ ਬਹੁਗਿਣਤੀ ਦੇਸ਼-ਵਿਦੇਸ਼ ਵਿੱਚ ਫਿਰਨ ਵਾਲੇ ਸਾਧ ਬਾਬੇ ਤੇ ਪ੍ਰਚਾਰਕ ਜੋ
ਪ੍ਰਚਾਰ ਕਰ ਰਹੇ ਹਨ ਜਾਂ ਕਈ ਸਿੱਖ ਵੀ ਆਪਣੇ ਘਰਾਂ ਵਿੱਚ ਕਰਦੇ ਹਨ ਕੀ ਉਹ ‘ਸ਼ਬਦ ਗੁਰੂ, ਸੁਰਤਿ
ਧੁਨਿ ਚੇਲਾ’ ਦੇ ਸਿਧਾਂਤ ਅਨੁਸਾਰ ਹੈ? ਜਿਵੇਂ ਕਿ ਕਈ ਗੁਰਦੁਆਰਿਆਂ ਤੇ ਡੇਰਿਆਂ ਵਿੱਚ ਭਾਂਵੇ ਕਿ
ਉਹ ਆਪਣੇ ਆਪ ਨੂੰ ਸਿੱਖ ਪ੍ਰਚਾਰਕ ਤਾਂ ਦੱਸਦੇ ਹਨ, ਪਰ ਉਹ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਕਈ
ਅਜਿਹੇ ਕਰਮ ਕਰਦੇ ਹਨ ਜੋ ਗੁਰਮਤਿ ਦੇ ਲਾਗੇ-ਛਾਗੇ ਵੀ ਨਹੀਂ ਹਨ। ਜਿਵੇਂ ਕਿ ਸ੍ਰੀ ਗੁਰੂ ਗ੍ਰੰਥ
ਸਾਹਿਬ ਜੀ ਦੀ ਸਵਾਰੀ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਲੈ ਕੇ ਜਾਣ ਸਮੇਂ ਗਿਲਾਸ ਵਿੱਚ ਪਾਣੀ ਪਾ ਕੇ
ਗੁਰੂ ਜੀ ਅੱਗੇ-ਅੱਗੇ ਇੱਕ ਉਂਗਲ ਨਾਲ ਤੁਪਕਾ-ਤੁਪਕਾ ਪਾਣੀ ਜਮੀਨ ਤੇ ਤਰਾਉਂਕਦੇ ਹਨ। ਕੀ ਇਸ
ਤਰ੍ਹਾਂ ਧਰਤੀ ਸੁੱਚੀ ਕਰਦੇ ਹਨ? ਕੀ ਇਸ ਤਰ੍ਹਾਂ ਧਰਤੀ ਸੁੱਚੀ ਹੋ ਜਾਂਦੀ ਹੈ? ਕੀ ਗੁਰਬਾਣੀ ਅਜਿਹੇ
ਕਰਮਕਾਂਡ ਨੂੰ ਮੰਨਦੀ? ਕੀ ਇਹ ਗੁਰਮਤਿ ਹੈ, ਜਾਂ ਜੋਗ ਮੱਤ ਜਾਂ ਕੁੱਝ ਹੋਰ? ਅਕਾਲ ਤਖਤ ਤੋਂ
ਪ੍ਰਵਾਨਿਤ ਪੰਥਕ ਰਹਿਤ ਮਰਯਾਦਾ ਵਿੱਚ ਅਜਿਹਾ ਕਰਨ ਦਾ ਕੋਈ ਹਵਾਲਾ ਨਹੀਂ ਹੈ। ਵੇਖਦੇ ਹਾਂ
ਗੁਰਦੁਆਰਾ ਸਰਲੇਖ ਹੇਠ:
(ਖ) ਇੱਕ ਤੋਂ ਦੂਜੀ ਥਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਲੈ ਜਾਣ ਵੇਲੇ ਅਰਦਾਸ
ਕਰਨੀ ਚਾਹੀਏ। ਜਿਸ ਨੇ ਸਿਰ `ਤੇ ਸ੍ਰੀ ਗੁਰੂ ਗ੍ਰ੍ਰੰ੍ਰਥ ਸਾਹਿਬ ਜੀ ਚੁੱਕਿਆ ਹੋਵੇ, ਉਹ ਨੰਗੇ
ਪੈਰੀਂ ਚਲੇ, ਪਰ ਜੇਕਰ ਕਿਸੇ ਮੌਕੇ ਜੋੜੇ ਪਾਣ ਦੀ ਅਤਿ ਲੋੜ ਪੈ ਜਾਵੇ, ਤਾਂ ਭਰਮ ਨਹੀਂ ਕਰਨਾ।
ਸੁੱਚ ਬਾਰੇ ਗੁਰਬਾਣੀ ਦਾ ਫੁਰਮਾਨ ਹੈ:
ਸੂਚੇ ਏਹਿ ਨ ਆਖੀਅਹਿ ਬਹਨਿ ਜਿ ਪਿੰਡਾ
ਧੋਇ॥ ਸੂਚੇ ਸੇਈ ਨਾਨਕਾ ਜਿਨ ਮਨਿ ਵਸਿਆ ਸੋਇ॥ (ਮ: 1, ਪੰਨਾ 472)
ਇਵੇਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਧਾਰਨ ਪਾਠ ਜਾਂ ਅਖੰਡ ਪਾਠ
ਅਰੰਭ ਕਰਨ ਸਮੇਂ ਹਿੰਦੂ ਧਰਮ ਦੇ ਮੰਨੇ ਜਾਂਦੇ ਦੇਵਤਿਆਂ ਨੂੰ ਪੂਜਣ ਦਾ ਕੋਈ ਜ਼ਿਕਰ ਨਹੀਂ ਹੈ।
ਜਿਵੇਂ ਕਿ ਕੁੰਭ, ਨਾਰੀਅਲ ਲਾਲ ਜਾਂ ਚਿੱਟੇ ਕਪੜੇ ਵਿੱਚ ਅਤੇ ਨਾਲ ਮੌਲੀ ਦਾ ਧਾਗਾ ਤੇ ਦੇਸੀ ਘਿਉ
ਦੀ ਜੋਤ ਜਗਾਉਣੀ ਆਦਿਕ। ਕਈ ਸਾਧ ਬਾਬੇ ਤਾਂ ਨਾਲ-ਨਾਲ ਜਪੁ ਜੀ ਸਾਹਿਬ ਦੀ ਬਾਣੀ ਦਾ ਪਾਠ ਵੀ ਕਰਦੇ
ਹਨ। ਜਦਕਿ ਪੰਥਕ ਰਹਿਤ ਮਰਯਾਦਾ ਵਿੱਚ ਅਜਿਹੇ ਕਰਮ ਕਰਨ ਦੀ ਮਨਾਹੀ ਹੈ। ਉਂਝ ਵੀ ਇੱਕ ਸਮੇਂ ਇਨਸਾਨ
ਸਿਰਫ ਇੱਕ ਪਾਸੇ ਦੀ ਗੱਲ ਹੀ ਸੁਣ ਸਕਦਾ ਹੈ। ਪੰਥਕ ਰਹਿਤ ਮਰਯਾਦਾ ਵਿੱਚ ਸਾਫ ਤੌਰ ਤੇ ਲਿਖਿਆ ਹੈ
ਕਿ:
(ੲ) ਅਖੰਡ ਪਾਠ ਜਾਂ ਹੋਰ ਕਿਸੇ ਤਰ੍ਹਾਂ ਦੇ ਪਾਠ ਵੇਲੇ ਕੁੰਭ, ਜੋਤ,
ਨਾਰੀਅਲ ਆਦਿ ਰੱਖਣਾ ਜਾਂ ਨਾਲ ਨਾਲ ਜਾਂ ਵਿੱਚ ਵਿਚ ਕਿਸੇ ਹੋਰ ਬਾਣੀ ਦਾ ਪਾਠ ਜਾਰੀ ਰੱਖਣਾ ਮਨਮੱਤ
ਹੈ।
ਕੀ ਗੁਰੂ ਸਾਹਿਬ ਦੀ ਹਜੂਰੀ ਵਿੱਚ ਅਜਿਹੇ ਕਰਮਕਾਂਡ ਕਰਨੇ ਗੁਰਮਤਿ ਹੈ, ਜਾਂ
ਜੋਗ ਮੱਤ?
ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਤੀਰਥ ਯਾਤਰਾ ਦਾ ਖੰਡਣ ਕਰਨ ਵਾਲੇ ਬਹੁਤ
ਸਾਰੇ ਸ਼ਬਦ ‘ਸਿੱਧ ਗੋਸਟਿ’ ਬਾਣੀ ਤੋਂ ਬਾਹਰ ਵੀ ਹਨ। (ਨੋਟ- ਗੁਰੂ ਸਾਹਿਬਾਨ ਦੇ ਨਾਂਅ ਨਾਲ ਸੰਬੰਧਤ
ਇਤਿਹਾਸਕ ਜਗ੍ਹਾ ਜਾ ਕੇ ਆਪਣੇ ਆਪ ਨੂੰ ਪਵਿੱਤਰ, ਸੁੱਚਾ, ਹੋਰਨਾ ਸਿੱਖਾਂ ਨਾਲੋਂ ਧਰਮੀ ਸਮਝਣਾ ਜਾਂ
ਪਾਪ, ਪੁੰਨ ਦੇ ਚੱਕਰਾਂ ਵਿੱਚ ਪੈਣਾ, ਅਤੇ ਇਤਿਹਾਸ ਦੀ ਜਾਣਕਾਰੀ ਵਾਸਤੇ ਜਾਣਾ ਦੋਵੇ ਵੱਖ-ਵੱਖ
ਸੋਚਣੀਆ ਹਨ।) ਵੇਖਦੇ ਹਾਂ ਗੁਰਬਾਣੀ ਦੇ ਤੀਰਥ ਯਾਤਰਾ ਦਾ ਖੰਡਣ ਕਰਨ ਵਾਲੇ ਕੁੱਝ ਸ਼ਬਦ:
ਸਤਿਗੁਰ ਪ੍ਰਸਾਦਿ॥ ਤੀਰਥਿ ਨਾਵਣ ਜਾਉ ਤੀਰਥੁ ਨਾਮੁ ਹੈ॥ ਤੀਰਥੁ ਸਬਦ
ਬੀਚਾਰੁ ਅੰਤਰਿ ਗਿਆਨੁ ਹੈ॥ ਗੁਰ ਗਿਆਨੁ ਸਾਚਾ ਥਾਨੁ ਤੀਰਥੁ ਦਸ ਪੁਰਬ ਸਦਾ ਦਸਾਹਰਾ॥ (ਮ: ੧, ਪੰਨਾ
੬੮੭)
ਅੰਦਰਹੁ ਝੂਠੇ ਪੈਜ ਬਾਹਰਿ ਦੁਨੀਆ ਅੰਦਰਿ ਫੈਲੁ॥ ਅਠਸਠਿ ਤੀਰਥ ਜੇ ਨਾਵਹਿ
ਉਤਰੈ ਨਾਹੀ ਮੈਲੁ॥ ਜਿਨ੍ਹ੍ਹ ਪਟੁ ਅੰਦਰਿ ਬਾਹਰਿ ਗੁਦੜੁ ਤੇ ਭਲੇ ਸੰਸਾਰਿ॥ (ਮ: 1, ਪੰਨਾ ੪੭੩)
ਪਉੜੀ॥ ਨਾ ਤੂ ਆਵਹਿ ਵਸਿ ਬਹੁਤੁ ਘਿਣਾਵਣੇ॥ ਨਾ ਤੂ ਆਵਹਿ ਵਸਿ ਬੇਦ
ਪੜਾਵਣੇ॥ ਨਾ ਤੂ ਆਵਹਿ ਵਸਿ ਤੀਰਥਿ ਨਾਈਐ॥ ਨਾ ਤੂ ਆਵਹਿ ਵਸਿ ਧਰਤੀ ਧਾਈਐ॥ ਨਾ ਤੂ ਆਵਹਿ ਵਸਿ ਕਿਤੈ
ਸਿਆਣਪੈ॥ ਨਾ ਤੂ ਆਵਹਿ ਵਸਿ ਬਹੁਤਾ ਦਾਨੁ ਦੇ॥ ਸਭੁ ਕੋ ਤੇਰੈ ਵਸਿ ਅਗਮ ਅਗੋਚਰਾ॥ ਤੂ ਭਗਤਾ ਕੈ ਵਸਿ
ਭਗਤਾ ਤਾਣੁ ਤੇਰਾ॥ (ਮ: 5, ਪੰਨਾ ੯੬੨)
ਅੱਜ ਜਿਵੇਂ ਕਈ ਪ੍ਰਚਾਰਕ ਅਤੇ ਡੇਰੇਦਾਰ ਆਖਦੇ ਹਨ ਕਿ ‘ਫਲਾਣੇ’ ਸ਼ਬਦ ਦਾ
ਏਨੀ ਵਾਰੀ ਪਾਠ ਕਰੋ ਜਾਂ ਪਾਠ ਕਰ-ਕਰ ਕੇ ਲਿਖੀ ਜਾਂਦੇ ਹਨ; ਫਿਰ ਉਸ ਡੇਰੇਦਾਰ ਸਾਧ ਬਾਬੇ ਨੂੰ
ਸਾਰੇ ਜਾਣੇ ਆਪਣੇ ਕੀਤੇ ਹੋਏ ਪਾਠ ਪਾਰਸਲ ਕਰਕੇ ਭੇਜਦੇ ਹਨ। ਫਿਰ ਉਹ ਸਾਧ ਬਾਬਾ ਅਰਦਾਸ
ਕਰਦਾ ਹੈ, ਕਿ ਏਨੇ ਕਰੌੜ, ਏਨੇ ਲੱਖ ਪਾਠਾਂ ਦੀ ਅਰਦਾਸ ਹੈ। ਕੀ ਗੁਰਮਤਿ ਵਿੱਚ ਇਸਨੂੰ ਪ੍ਰਵਾਨ
ਕੀਤਾ ਜਾਂਦਾ ਹੈ? ਕੀ ਇਹ ਗੁਰਮਤਿ ਹੈ ਜਾਂ ਯੋਗ ਮੱਤ? ਜੇ ਇਹ ਗੁਰਮਤਿ ਨਹੀਂ ਹੈ ਤਾਂ ਫਿਰ ਸਾਡੇ
ਆਪੇ ਬਣੇ ਧਰਮ ਦੇ ਠੇਕੇਦਾਰ ਜਾਂ ਸਿੱਖਾਂ ਦੇ ਲੀਡਰ ਹੋਣ ਦਾ ਮਾਣ ਕਰਨ ਵਾਲੇ, ਇਸ ਤਰ੍ਹਾਂ ਦੀਆਂ
ਹੁੰਦੀਆਂ ਗੁਰਮਤਿ ਵਿਰੋਧੀ ਕਾਰਵਾਈ ਵੇਖਦੇ-ਸੁਣਦੇ ਹੋਏ ਵੀ ਮੂੰਹ ਵਿੱਚ ਘੁੰਗਣੀਆਂ ਕਿਉਂ ਪਾ ਲੈਂਦੇ
ਹਨ? ਆਓ ਵੇਖਦੇ ਹਾਂ, ਗੁਰਬਾਣੀ ਗਿਣਤੀ-ਮਿਣਤੀ ਦੇ ਪਾਠਾਂ ਬਾਰੇ ਕੀ ਸਮਝਾਉਂਦੀ ਹੈ:
ਗਣਤੀ ਗਣੀ ਨ ਛੂਟੈ ਕਤਹੂ ਕਾਚੀ ਦੇਹ ਇਆਣੀ॥ ਕ੍ਰਿਪਾ ਕਰਹੁ ਪ੍ਰਭ ਕਰਣੈਹਾਰੇ
ਤੇਰੀ ਬਖਸ ਨਿਰਾਲੀ॥ (ਮ: ੫, ਪੰਨਾ ੭੪੮)
ਇਕ ਦੂ ਜੀਭੌ ਲਖ ਹੋਹਿ ਲਖ ਹੋਵਹਿ ਲਖ ਵੀਸ॥ ਲਖੁ ਲਖੁ ਗੇੜਾ ਆਖੀਅਹਿ ਏਕੁ
ਨਾਮੁ ਜਗਦੀਸ॥ ਏਤੁ ਰਾਹਿ ਪਤਿ ਪਵੜੀਆ ਚੜੀਐ ਹੋਇ ਇਕੀਸ॥ ਸੁਣਿ ਗਲਾ ਆਕਾਸ ਕੀ ਕੀਟਾ ਆਈ ਰੀਸ॥
ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ॥ ੩੨॥ (ਜਪੁ ਜੀ)
ਸਾਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ, ਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ
ਉਹਨਾ ਵਹਿਲੜ, ਪਾਖੰਡੀ ਜੋਗੀਆ ਦਾ ਪਾਜ੍ਹ ਲੋਕਾਂ ਸਾਹਮਣੇ ਖੋਹਲਿਆ ਸੀ, ਜਿਹੜੇ ਆਪ ਕੋਈ ਕੰਮ-ਕਾਰ
ਨਹੀਂ ਕਰਦੇ ਸਨ। ਸਗੋਂ ਧਰਮੀ ਹੋਣ ਦਾ ਢੌਗ ਰਚਕੇ ਲੋਕਾਂ ਨੂੰ ਅੰਧਵਿਸ਼ਵਾਸ, ਕਰਮਕਾਂਡਾਂ ਤੇ ਵਹਿਮਾ
ਭਰਮਾ ਵਿੱਚ ਪਾ ਕਿ ਉਨ੍ਹਾਂ ਦੀ ਕਮਾਈ `ਤੇ ਆਪ ਗਰਮੀਆਂ ਵਿੱਚ ਪਹਾੜੀ ਇਲਾਕੇ ਵਿੱਚ ਜਾ ਕੇ ਐਸ਼ ਕਰਦੇ
ਸਨ। ਗੁਰੂ ਸਾਹਿਬ ਨੇ ਵਹਿਲੜ ਜੋਗੀਆਂ ਤੋਂ ਸਾਡਾ ਖਹਿੜਾ ਛਡਾਉਣ ਲਈ ਜੋ ਅਨਮੋਲ ਗਿਆਨ ਸਾਨੂੰ ਦਿਤਾ
ਹੈ, ਉਸਨੂੰ ਅਸੀਂ ਸਿਰਫ ਪੜ੍ਹਨ ਸੁਣਨ ਤੀਕਰ ਹੀ ਸੀਮਤ ਕਰ ਲਿਆ ਜਾਪਦਾ ਹੈ। ਇਸੇ ਕਰਕੇ ਹੀ ਤਾਂ
ਅਸੀਂ ਅੱਜ ਵੀ ਉਨ੍ਹਾਂ ਜੋਗੀਆਂ ਦੇ ਬਦਲੇ ਹੋਏ ਰੂਪ ਅਖੌਤੀ ਸੰਤਾਂ ਸਾਧਾਂ ਬਾਬਿਆਂ ਨੂੰ ਚੁੱਕੀ
ਫਿਰਦੇ ਹਾਂ। ਅਜਿਹੇ ਬਾਬੇ ਸਿੱਖਾਂ ਦੀ ਕਮਾਈ ਤੇ ਡੇਰੇ ਜਾਂ ਠਾਠ ਬਣਾਕੇ ਆਪ ਠਾਠਾਂ ਮਾਰ ਰਹੇ ਹਨ।
ਫਰਕ ਸਿਰਫ ਇਹ ਹੈ, ਕਿ ਜੋਗੀ ਸਿਰਫ ਪਹਾੜਾ ਤੇ ਹੀ ਐਸ਼ ਕਰਦੇ ਸਨ, ਪਰ ਹੁਣ ਦੇ ਬਣੇ ਸੰਤ ਸਾਧ
ਡੇਰਿਆਂ ਤੇ ਠਾਠਾਂ ਦੇ ਨਾਲ ਵਿਦੇਸ਼ਾਂ ਵਿੱਚ ਵੀ ਮਨਘੜ੍ਹਤ ਕਰਾਮਾਤੀ ਸਾਖੀਆਂ ਅਤੇ ਚਿੱਮਟੇ ਛੈਣੇ
ਵਜਾ ਕੇ ਡਾਲਰਾਂ ਪੌਂਡਾ ਦੀਆਂ ਪੰਡਾਂ ਬੰਨ੍ਹ ਕੇ ਠਾਠਾਂ ਮਾਰਦੇ ਹਨ। ਇਸਦੇ ਨਾਲ ਜਾਂਦੇ-ਜਾਂਦੇ
ਸਿੱਖਾਂ ਵਿੱਚ ਧੱੜੇ ਬੰਦੀ ਹੋਰ ਵਧਾ ਜਾਂਦੇ ਹਨ।
ਕੁਝ ਸਮਾਂ ਪਹਿਲਾਂ ਇੱਕ ਰੇਡੀਓ ਸ਼ਟੇਸ਼ਨ ਤੋਂ ਇੱਕ ਆਪਣੇ ਆਪ ਨੂੰ ਸਿੱਖਾਂ ਦਾ
ਲੀਡਰ ਸਮਝਣ ਵਾਲਾ ਸੱਜਣ ਬੋਲ ਰਿਹਾ ਸੀ ਕਿ, "ਜੇਕਰ ‘ਜੋਗ ਮੱਤ’ ਦੇ ਦੱਸੇ ਕਿਸੇ ਸਰੀਰਕ ਕਸਰਤ ਕਰਨ
ਦੇ ਤਰੀਕੇ ਨਾਲ ਕੁੱਝ ਲਾਭ ਹੁੰਦਾ ਤਾਂ ਗੁਰੂ ਗੋਬਿੰਦ ਸਿੰਘ ਜੀ ਇਸਨੂੰ ਲਾਗੂ ਨਾ ਕਰਦੇ। ਗੁਰੂ ਜੀ
ਨੇ ਤਾਂ ਸਾਨੂੰ ਸਿਰਫ ਕੁਸ਼ਤੀਆਂ, ਘੋੜ ਸਵਾਰੀ ਤੇ ਗੱਤਕਾ ਹੀ ਸਖਾਇਆ ਹੈ ਆਦਿਕ"। ਉਸ ਲੀਡਰ ਵੀਰ ਦੀ
ਗੱਲ ਸੁਣਕੇ ਹੈਰਾਨੀ ਹੋਈ, ਕਿ ਕੀ ਸਿੱਖ ਬੀਬੀਆਂ, ਮਰਦ ਸਿਰਫ ਕੁਸ਼ਤੀਆਂ, ਕਬਡੀ ਤੇ ਗੱਤਕਾ ਹੀ
ਖੇਡਿਆ ਕਰਨ? ਕੀ ਸਿੱਖਾਂ ਨੂੰ ਕਰਾਟੇ, ਜੂਡੋ, ਮਾਰਸ਼ਲ਼ਆਰਟ, ਕ੍ਰਿਕਟ, ਹਾਕੀ ਜਾਂ ਹੋਰ ਜਿਹੜੀਆਂ ਵੀ
ਇਸ ਸਮੇਂ ਪ੍ਰਚਲਤ ਖੇਡਾ ਹਨ, ਉਹ ਨਹੀਂ ਖੇਡਣੀਆਂ ਚਾਹੀਦੀਆਂ? ਕੀ ਉਹ ਦਵਾਈਆਂ ਜਾਂ ਸੇਹਤ ਸਹੂਲਤਾਂ
ਵੀ ਨਹੀਂ ਲੈਣੀਆਂ ਚਾਹੀਦੀਆਂ ਜੋ ਗੁਰੂ ਸਾਹਿਬਾਨ ਵੇਲੇ ਨਹੀਂ ਸਨ? ਕੀ ਅਜਿਹਾ ਪ੍ਰਚਾਰ ਕਰਨ ਵਾਲੇ
ਆਪ ਦੇਸ਼ ਵਿਦੇਸ਼ ਵਿੱਚ ਘੋੜਿਆਂ ਤੇ ਜਾਂ ਪੈਦਲ ਸਫਰ ਕਰਦੇ ਹਨ? ਕੀ ਅਜਿਹੇ ਲੋਕ ਕਾਰਾਂ ਦੀ ਵਰਤੋਂ
ਤਾਂ ਛੱਡੋ, ਹਵਾਈ ਜਹਾਜ ਜਾਂ ਸਮੁੰਦਰੀ ਜਹਾਜ ਵਿੱਚ ਸਫਰ ਨਹੀਂ ਕਰਦੇ? ਕੀ ਆਪਣੇ ਘਰਾਂ ਤੇ ਕਾਰਾਂ
ਵਿੱਚ ਏਰਕੰਡੀਸ਼ਨ ਨਹੀਂ ਵਰਤਦੇ? ਕੀ ਇਸ ਤਰ੍ਹਾਂ ਦੀ ਸੋਚ ਵਾਲੇ ਲੋਕ ਸਿਰਫ ਤੇ ਸਿਰਫ ਗੁਰੂ ਸਾਹਿਬਾਨ
ਦੇ ਸਮੇਂ ਦੀਆਂ ਹੀ ਦਵਾਈਆਂ, ਖਾਣ ਪੀਣ ਵਾਲੀਆਂ ਚੀਜ਼ਾ ਅਤੇ ਹੋਰ ਜੀਵਨ ਸਹੁਲਤਾ ਵਰਦੇ ਹਨ? ਜਾ ਕਿ
ਸਿਰਫ ਲੋਕਾਂ ਨੂੰ ਹੀ ਭੰਬਲਭੂਸਿਆਂ ਵਿੱਚ ਪਾਉਣ ਦੀ ਕੋਸਿਸ ਕਰਦੇ ਹਨ? ਸਾਨੂੰ ਅਜਿਹਾ ਪਿਛਾਂਹ
ਖਿੱਚੂ ਪ੍ਰਚਾਰ ਕਰਨ ਵਾਲਿਆਂ ਤੋਂ ਵੀ ਸੁਚੇਤ ਰਹਿਣ ਦੀ ਲੋੜ ਹੈ।
ਜੇਕਰ ਕਿਸੇ ਸਿੱਖ ਦਾ ਦੂਸਰੇ ਧਰਮ ਦੇ ਵਿਅਕਤੀ ਵੱਲੋਂ ਦੱਸੀ ਸਰੀਰਕ ਕਸਰਤ
ਕਰਨ ਦੀ ਵਿਧੀ ਨਾਲ ਕੋਈ ਰੋਗ ਦੂਰ ਹੁੰਦਾ ਹੈ ਤਾਂ ਉਸ ਵਿੱਚ ਧਰਮ ਦੀ ਉਲਘੰਣਾ ਕਿਵੇਂ ਹੋ ਗਈ? ਕੋਈ
ਮੰਤਰ ਤਾਂ ਪੜ੍ਹਨਾ ਨਹੀਂ, ਸਿਰਫ ਸਰੀਰਕ ਕਸਰਤ ਹੀ ਕਰਨੀ ਹੈ। ਸਿੱਖ ਨੇ ਧਰਮ ਛੱਡਕੇ ਜੋਗ ਮੱਤ ਜਾਂ
ਕੋਈ ਹੋਰ ਧਰਮ ਤਾਂ ਧਾਰਨ ਨਹੀਂ ਕਰ ਲੈਣਾ? ਇਸ ਬਾਰੇ ਸਿੱਖ ਨੇ ਸੁਚੇਤ ਰਹਿਣਾ ਹੈ, ਕਿ ਉਸਨੇ ਇਸ
ਵਿੱਚੋਂ ਸਿਰਫ ਆਪਣੇ ਕੰਮ ਦੀ ਜੁਗਤ ਲੈਣੀ ਹੈ। ਦੂਸਰੇ ਧਰਮਾਂ ਦੇ ਪੈਰੋਕਾਰਾਂ ਵੱਲੋਂ ਸਰੀਰ ਨੂੰ
ਤਦਰੁਸਤ ਰੱਖਣ ਦਾ ਜੇ ਕੋਈ ਚੰਗਾ ਢੰਗ ਜਾਪਦਾ ਹੈ, ਤਾਂ ਉਸਨੂੰ ਸਿੱਖ ਧਰਮ ਦੀ ਮਾਣ ਮਰਯਾਦਾ ਵਿੱਚ
ਰਹਿੰਦੇ ਹੋਏ ਇਵੇਂ ਹੀ ਸਿੱਖਣਾ ਹੈ, ਜਿਵੇਂ ਦੁਨੀਆਂ ਵਿੱਚ ਕਾਰ-ਵਿਹਾਰ ਕਰਦੇ ਹੋਏ ‘ਸ਼ਬਦ ਗੁਰੂ’
ਤੋਂ ਸਿਖਿਆ ਲੈ ਕੇ ਅਕਾਲ ਪੁਰਖ ਦੀ ਆਪਣੇ ਅੰਦਰੋਂ ਹੀ ਪ੍ਰਾਪਤੀ ਕਰਨੀ ਹੈ। ਜਿਵੇਂ ਗੁਰਬਾਣੀ ਦਾ ਇਹ
ਸ਼ਬਦ ਸਾਨੂੰ ਸੁਚੇਤ ਕਰਦਾ ਹੈ:
ਜੈਸੇ ਜਲ ਮਹਿ ਕਮਲੁ ਨਿਰਾਲਮੁ, ਮੁਰਗਾਈ ਨੈ ਸਾਣੇ॥ ਸੁਰਤਿ ਸਬਦਿ ਭਵ ਸਾਗਰੁ
ਤਰੀਐ, ਨਾਨਕ ਨਾਮੁ ਵਖਾਣੇ॥ (ਮ: 1, ਪੰਨਾ 939)
ਅੱਜ ਜਿਹੜੇ ਧਾਰਮਿਕ ਅਦਾਰਿਆਂ ਜਾਂ ਪਰਾਈਵੇਟ ਅਦਾਰਿਆਂ ਨੇ ਭਾਰਤ ਵਿੱਚ
ਟਰੱਕਾਂ, ਬਸਾਂ ਦੇ ਅੱਗੇ ਤੀਰਥ ਯਾਤਰਾ ਲਿਖੀ ਹੁੰਦੀ ਹੈ, ਜਾਂ ਵਿਦੇਸ਼ਾਂ ਵਿੱਚ ਹਵਾਈ ਜਹਾਜ ਰਾਹੀਂ
ਤੀਰਥ ਯਾਤਰਾ ਕਰਨ ਦਾ ਪ੍ਰਚਾਰ ਕਰਦੇ ਹਨ, ਕੀ ਇਹ ਗੁਰਮਤਿ ਹੈ, ਜਾਂ ਜੋਗ ਮੱਤ?
ਇਵੇਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਕੁੱਝ ਚੁਣੇ ਸ਼ਬਦਾਂ ਦਾ
ਕਿਸੇ ਖਾਸ ਦਿਸ਼ਾ ਵੱਲ ਮੂੰਹ ਕਰਕੇ ਪਾਠ ਕਰਨਾ ਕੀ ਗੁਰਮਤਿ ਹੈ, ਜਾਂ ਜੋਗ ਮੱਤ? ਕੀ ਅਸੀਂ ਇਸ
ਤਰ੍ਹਾਂ ਦੇ ਕਰਮ ਬਿਨਾਂ ਵਿਚਾਰੇ ਕਰੀ ਹੀ ਜਾਂਵੇਗੇ? ਹੈਰਾਨੀ ਦੀ ਗੱਲ ਇਹ ਹੈ, ਕਿ ਜੇਕਰ ਅਸੀਂ ਖ਼ੁਦ
ਗੁਰਮਤਿ ਤੇ ਪੰਥਕ ਰਹਿਤ ਮਰਯਾਦਾ ਦੇ ਉਲਟ ਕੋਈ ਕਰਮਕਾਂਡ ਕਰੀਏ, ਉਹ ਤਾਂ ਸਾਡੀ ਸ਼ਰਧਾ ਹੋ ਗਈ; ਪਰ
ਜੇਕਰ ਕੋਈ ਹੋਰ ਸਿੱਖ ਸਰੀਰਕ ਦੁੱਖ ਤਕਲੀਫ ਤੋਂ ਛੁਟਕਾਰਾ ਪਾਉਣ ਲਈ ਕਿਸੇ ਦੇ ਦੱਸੇ ਤਰੀਕੇ ਅਨੁਸਾਰ
ਸਰੀਰਕ ਕਸਰਤ ਕਰੇ ਤਾਂ ਉਹ ਜੋਗ ਮੱਤ ਹੋ ਗਿਆ!