ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਅਰਦਾਸ ਕਰਨ ਉਪਰੰਤ ਸੁਣਨ ਤੇ ਬੋਲਣ
ਦੀ ਚਮਤਕਾਰੀ ਢੰਗ ਨਾਲ ਸ਼ਕਤੀ ਪ੍ਰਾਪਤ ਹੋਣ ਦਾ ਦਾਅਵਾ ਕਰਨ ਵਾਲਾ ਬਾਬਾ ਗੁਰਬੀਰ ਸਿੰਘ ਅੱਜ ਇਥੇ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਸਿੰਘ ਸਾਹਿਬ ਜਥੇ ਗਿ: ਜੋਗਿੰਦਰ ਸਿੰਘ ਵੇਦਾਂਤੀ, ਗਿ:
ਮੱਲ ਸਿੰਘ, ਗਿ: ਜਸਵੰਤ ਸਿੰਘ ਤੇ ਧਰਮ ਪ੍ਰਚਾਰ ਕਮੇਟੀ ਦੇ ਪੜਤਾਲੀਆ ਅਧਿਕਾਰੀਆਂ ਦੇ ਸਾਹਮਣੇ ਇਹ
ਸਾਬਤ ਕਰਨ ਵਿੱਚ ਪੂਰੀ ਤਰ੍ਹਾਂ ਅਸਫਲ ਰਿਹਾ ਕਿ ਉਹ ਪਹਿਲਾਂ ਉਹ ਗੂੰਗਾ ਤੇ ਬੋਲਾ ਸੀ। ਇਥੇ ਦੱਸਣ
ਯੋਗ ਹੈ ਕਿ 17 ਦਸੰਬਰ ਨੂੰ ਇਥੇ ਕੁੱਝ ਧਾਰਮਿਕ ਸ਼ਖਸੀਅਤਾਂ ਵੱਲੋਂ ਇੱਕ ਪੱਤਰਕਾਰ ਸੰਮੇਲਨ ਵਿੱਚ
ਦਾਅਵਾ ਕੀਤਾ ਗਿਆ ਸੀ, ਕਿ ਮੱਖੂ ਦਾ ਰਹਿਣ ਵਾਲਾ ਉਕਤ ਵਿਅਕਤੀ ਗੁਰਬੀਰ ਸਿੰਘ ਜੋ ਬਚਪਨ ਤੋਂ ਗੂੰਗਾ
ਤੇ ਬੋਲਾ ਹੈ, ਉਸਨੂੰ ਦੀਵਾਲੀ ਵਾਲੇ ਦਿਨ ਸਰੋਵਰ ਵਿੱਚ ਇਸ਼ਨਾਨ ਕਰਦਿਆਂ ਇਹ ਆਵਾਜ਼ ਸੁਣਾਈ ਦਿੱਤੀ ਕਿ
ਜੇਕਰ ਉਹ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਿੰਘ ਸਾਹਿਬਾਨ ਤੋਂ ਅਰਦਾਸ ਕਰਵਾਏ ਤਾਂ ਉਸਦਾ ਇਹ ਜਮਾਂਦਰੂ
ਰੋਗ ਖਤਮ ਹੋ ਜਾਏਗਾ ਅਤੇ ਉਹ ਬੋਲਣ ਤੇ ਸੁਣਨ ਦੇ ਸਮਰੱਥ ਹੋ ਜਾਏਗਾ। ਇਸ ਸੰਬੰਧ ਵਿੱਚ ਕੀਤੀ ਗਈ
ਅਰਦਾਸ ਉਪਰੰਤ ਉਸ ਵੱਲੋਂ ਦਾਅਵਾ ਕੀਤਾ ਗਿਆ ਕਿ ਉਹ ਹੁਣ ਗੁਰੂ ਕ੍ਰਿਪਾ ਸਦਕਾ ਬੋਲ ਵੀ ਸਕਦਾ ਹੈ।
ਇਸ ਸੰਬੰਧ ਵਿੱਚ ਕੁੱਝ ਅਖ਼ਬਾਰਾਂ ਵਿੱਚ ਸਮਾਚਾਰ ਪ੍ਰਕਾਸ਼ਤ ਹੋਣ ਤੋਂ ਬਾਅਦ ਇਥੇ ਪ੍ਰਬੰਧਕਾਂ ਲਈ
ਭੰਬਲਭੂਸੇ ਵਾਲੀ ਸਥਿਤੀ ਪੈਦਾ ਹੋ ਗਈ। ਜਦ ਇਸ ਬਾਰੇ ਕਈ ਰੋਗੀਆਂ ਦੇ ਪੱਤਰ ਪੁੱਜੇ ਕਿ ਉਨ੍ਹਾਂ ਦੀ
ਵੀ ਰੋਗ ਮੁਕਤੀ ਲਈ ਅਰਦਾਸ ਕੀਤੀ ਜਾਵੇ। ਇਸੇ ਖ਼ਬਰ ਤੋਂ ਬਾਅਦ ਹੀ ਸੰਬੰਧਤ ਪਿੰਡਾਂ ਦੇ ਕੁੱਝ ਲੋਕਾਂ
ਨੇ ਇਥੇ ਜਾਣਕਾਰੀ ਦਿੱਤੀ ਕਿ ਧਾਰਮਿਕ ਸ਼ਖਸ਼ੀਅਤਾਂ ਨੂੰ ਗੁੰਮਰਾਹ ਕਰਨ ਦਾ ਯਤਨ ਕੀਤਾ ਹੈ। ਇਸ ਸੰਬੰਧ
ਵਿੱਚ ਪੁੱਜੀਆਂ ਸ਼ਿਕਾਇਤਾਂ ਦੇ ਆਧਾਰ `ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਇਸ ਮਾਮਲੇ
ਦੀ ਪੜਤਾਲ ਧਰਮ ਪ੍ਰਚਾਰ ਕਮੇਟੀ ਨੂੰ ਸੌਂਪੀ ਸੀ।
ਧਰਮ ਪ੍ਰਚਾਰ ਕਮੇਟੀ ਦੇ ਪੜਤਾਲੀਆ ਮਾਮਲਿਆਂ ਦੇ ਇੰਚਾਰਜ ਮਾਸਟਰ ਬਲਦੇਵ
ਸਿੰਘ ਨੇ ਇਸ ਬਾਰੇ ਸੰਬੰਧਤ ਪਿੰਡ ਵਿੱਚ ਜਾ ਕੇ ਪੁੱਛ-ਪੜਤਾਲ ਕੀਤੀ, ਸੰਬੰਧਤ ਥਾਣੇ ਦੇ ਅਧਿਕਾਰੀਆਂ
ਤੋਂ ਵੀ ਜਾਣਕਾਰੀ ਇਕੱਤਰ ਕੀਤੀ। ਮੁੱਢਲੀ ਜਾਣਕਾਰੀ ਤੋਂ ਇਹ ਪ੍ਰਤੀਤ ਹੋਇਆ ਕਿ ਇਸ ਮਾਮਲੇ ਵਿੱਚ
ਦਾਲ ਵਿੱਚ ਕੁੱਝ ਕਾਲਾ ਹੈ। ਇਸ ਮਾਮਲੇ ਵਿੱਚ ਅੱਜ ਇਥੇ ਉਕਤ ਵਿਅਕਤੀ ਨੂੰ ਪੁੱਛ ਪੜਤਾਲ ਲਈ ਸੱਦਿਆ
ਗਿਆ ਸੀ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਸਿੰਘ ਸਾਹਿਬਾਨ ਅਤੇ ਧਰਮ ਪ੍ਰਚਾਰ ਕਮੇਟੀ ਦੇ
ਮਾ: ਬਲਦੇਵ ਸਿੰਘ, ਜੋਗਿੰਦਰ ਸਿੰਘ ਖ਼ਾਲਸਾ, ਸ: ਪ੍ਰਿਥੀਪਾਲ ਸਿੰਘ ਸੰਧੂ, ਸ: ਜਗਬੀਰ ਸਿੰਘ ਆਦਿ ਨੇ
ਬਾਬਾ ਗੁਰਦਿੱਤ ਸਿੰਘ ਨਾਲ ਸਵਾਲ-ਜਵਾਬ ਕੀਤੇ ਤਾਂ ਉਹ ਤਸੱਲੀ ਬਖਸ਼ ਜਾਣਕਾਰੀ ਦੇਣ ਵਿੱਚ ਅਸਫਲ
ਰਿਹਾ। ਉਹ ਇਹ ਦੱਸਣ ਤੋਂ ਅਸਫਲ ਰਿਹਾ ਕਿ ਉਸਦੇ ਘਰ ਦਾ ਪਤਾ ਕੀ ਹੈ, ਅਮਰੀਕਾ ਵਿਖੇ ਰਹਿੰਦੇ ਉਸਦੇ
ਬੱਚਿਆਂ ਦਾ ਪਤਾ ਕੀ ਹੈ, ਉਸਦੀ ਪਤਨੀ ਕਿੱਥੇ ਹੈ?
ਸਿੰਘ ਸਾਹਿਬ ਗਿ: ਜੋਗਿੰਦਰ ਸਿੰਘ ਵੇਦਾਂਤੀ ਨੇ ਦੱਸਿਆ ਕਿ ਉਹ ਉਕਤ ਵੇਰਵੇ
ਪ੍ਰਾਪਤ ਕਰਕੇ ਸੰਬੰਧਤ ਲੋਕਾਂ ਨਾਲ ਸੰਪਰਕ ਕਰਨਾ ਚਾਹੁੰਦੇ ਹਨ ਤਾਂ ਜੋ ਇਹ ਜਾਣਕਾਰੀ ਮਿਲ ਸਕੇ ਕਿ
ਕੀ ਉਹ ਅਸਲ ਵਿੱਚ ਹੀ ਬਚਪਨ ਤੋਂ ਗੂੰਗਾ ਬੋਲਾ ਸੀ, ਜਾਂ ਲੋਕਾਂ ਨੂੰ ਗੁੰਮਰਾਹ ਕਰਨ ਦਾ ਯਤਨ ਕੀਤਾ
ਹੈ। ਉਨ੍ਹਾਂ ਦੱਸਿਆ ਕਿ ਇਸ ਵਿਅਕਤੀ ਵੱਲੋਂ ਹੁਣ ਮਖੂ ਵਿਖੇ ਹੀ ਇੱਕ ਡੇਰਾ ਉਸਾਰਿਆ ਜਾ ਰਿਹਾ ਹੈ।
ਇਸ ਦੌਰਾਨ ਮੱਖੂ ਤੋਂ ਹੀ ਆਏ ਕੁੱਝ ਆਗੂਆਂ ਸੁਖਚਰਨ ਸਿੰਘ, ਸ਼ਮਸ਼ੇਰ ਸਿੰਘ, ਮਹਿੰਦਰ ਸਿੰਘ, ਜੁਗਰਾਜ
ਸਿੰਘ, ਸੁਖਚੈਨ ਸਿੰਘ ਕੱਟਾ, ਪ੍ਰਗਟ ਸਿੰਘ ਤਲਵੰਡੀ, ਅਨੂਪ ਸਿੰਘ ਫੌਜੀ, ਗੁਰਨਾਮ ਸਿੰਘ ਮੈਂਬਰ
ਪੰਚਾਇਤ, ਸੁਖਮੰਦਰ ਸਿੰਘ ਲਹਿਰਾਂ, ਬਾਜ਼ ਸਿੰਘ ਵਰਿਆ ਆਦਿ ਨੇ ਸਿੰਘ ਸਾਹਿਬਾਨ ਦੇ ਸਾਹਮਣੇ ਦਾਅਵਾ
ਕੀਤਾ ਕਿ ਪਿੰਡ ਦੇ ਇੱਕ ਗ੍ਰੰਥੀ ਨੇ ਦੱਸਿਆ ਕਿ ਇਹ ਵਿਅਕਤੀ ਇਸ ਤੋਂ ਪਹਿਲਾਂ ਵੀ ਸੁਣ ਤੇ ਬੋਲ
ਸਕਦਾ ਸੀ। ਜਥੇ: ਗਿਆਨੀ ਵੇਦਾਂਤੀ ਨੇ ਦੱਸਿਆ ਕਿ ਇਸ ਵਿਅਕਤੀ ਨੂੰ 27 ਜਨਵਰੀ ਤਕ ਉਕਤ ਸਵਾਲਾਂ
ਸੰਬੰਧੀ ਦਸਤਾਵੇਜ਼ੀ ਸਬੂਤ ਦੇਣ ਲਈ ਕਿਹਾ ਗਿਆ ਹੈ। ਲੇਕਿਨ ਇਸ ਦੌਰਾਨ ਮਿਲੀ ਹੋਰ ਜਾਣਕਾਰੀ ਮੁਤਾਬਕ
ਇਸ ਵਿਅਕਤੀ ਨੇ ਆਪਣੀ ਗਲਤੀ ਕਬੂਲ ਕਰ ਲਈ ਹੈ ਅਤੇ ਲਿਖਤੀ ਰੂਪ ਵਿੱਚ ਮੁਆਫ਼ੀ ਮੰਗੀ ਹੈ। (ਧੰਨਵਾਦ
ਸਹਿਤ ਅਜੀਤ `ਚੋਂ)
ਸੰਤ ਬਾਬੇ ਲੋਕਾਂ ਨੂੰ ਬੁੱਧੂ ਬਣਾ ਕੇ ਲੁੱਟ ਰਹੇ ਨੇ:::
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਖ-ਵੱਖ ਡੇਰਿਆਂ ਨੂੰ
ਸਰਪ੍ਰਸਤੀ ਦੇਣ ਪਿੱਛੋਂ ਇਨ੍ਹਾਂ ਡੇਰਿਆਂ ਦੇ ਮੁਖੀਆਂ ਨੇ ਲੋਕਾਂ ਦਾ ਸ਼ੋਸ਼ਣ ਕਰਨਾ ਸ਼ੁਰੂ ਕਰ ਦਿੱਤਾ
ਹੈ। ਇਹ ਲੋਕ ਸਿੱਖੀ ਦੇ ਲਿਬਾਸ ਵਿੱਚ ਹੀ ਲੋਕਾਂ ਨੂੰ ਸਿੱਖੀ ਤੋਂ ਦੂਰ ਲਿਜਾ ਰਹੇ ਹਨ।
ਸਿੱਖਾਂ ਦੇ ਧਾਰਮਕ ਮਾਮਲਿਆਂ ਵਿੱਚ ਰਾਸ਼ਟਰੀ ਸੋਇਮਸੇਵਕ ਸੰਘ (ਆਰ: ਐਸ: ਐਸ:
) ਦੀ ਦਖ਼ਲਅੰਦਾਜੀ ਅਤੇ ਬਾਬਾ ਪਿਆਰਾ ਸਿੰਘ ਭਨਿਆਰਾ ਨੂੰ ਦਿੱਤੀ ਸਰਪ੍ਰਸਤੀ ਜੱਗ-ਜ਼ਾਹਿਰ ਹੈ। ਹੁਣ
ਡੇਰਿਆਂ ਦੇ ਬਾਬੇ ਸ਼ਰਧਾਲੂਆਂ ਕੋਲੋਂ ਰਕਮਾਂ ਵੀ ਇਕੱਠੀਆਂ ਕਰਨ ਲੱਗ ਪਏ ਹਨ। ਪਿੰਡ ਹੰਬੜਾ ਦੀ ਇੱਕ
ਪਰਵਾਸੀ ਔਰਤ ਦੀ ਰਿਸ਼ਤੇਦਾਰ ਨੇ ਦੱਸਿਆ ਕਿ ਅਜਿਹੇ ਹੀ ਇੱਕ ਬਾਬੇ ਨੇ ਔਲਾਦ ਦੇਣ ਦੇ ਬਹਾਨੇ ਇੱਕ
ਲੱਖ 65 ਹਜ਼ਾਰ ਰੁਪਏ ਲੈ ਲਏ। ਪਿੰਡ ਭੈਣੀ ਦ੍ਰੇੜਾਂ ਦੀ ਇੱਕ ਔਰਤ ਨੇ ਦੱਸਿਆ ਕਿ ਉਸ ਕੋਲੋਂ ਦੇਗ
ਕਰਵਾਉਣ ਦੇ ਬਹਾਨੇ 1100 ਰੁਪਏ ਅਤੇ 51 ਹਜ਼ਾਰ ਰੁਪਏ ਦੀ ਭੇਟਾ ਲਈ ਗਈ ਪਰ ਉਨ੍ਹਾਂ ਦੇ ਘਰ ‘ਜੀਅ’
ਫਿਰ ਵੀ ਨਾ ਹੋਇਆ। ਲੁਧਿਆਣਾ-ਧੂਰੀ ਲਾਈਨ `ਤੇ ਤਾਇਨਾਤ ਬੀ: ਐਸ: ਐਫ਼: ਦੇ ਇੱਕ ਮੁਲਾਜ਼ਮ ਨੇ ਦੱਸਿਆ
ਕਿ ਉਸ ਕੋਲੋਂ ਵੀ ਬਾਬੇ ਨੇ 20 ਹਜ਼ਾਰ ਰੁਪਏ ਲਏ। ਉਂਜ ਇਹ ਪੈਸੇ ਬਾਅਦ ਵਿੱਚ ਵਾਪਸ ਮੋੜ ਲਏ ਗਏ।
ਇਸੇ ਤਰ੍ਹਾਂ ਲਾਗਲੇ ਪਿੰਡ ਰਾਜੋਆਣਾ ਵਿਖੇ ਬੈਠਾ ਬਾਬਾ ਲੋਕਾਂ ਨੂੰ ਮਿਸਰੀ
ਅਤੇ ਇਲਾਇਚੀ ਦਾ ਪ੍ਰਸਾਦ ਦੇ ਕੇ ਆਪਣੇ ਜਾਲ ਵਿੱਚ ਫਸਾ ਰਿਹਾ ਹੈ। ਇਹ ਬਾਬਾ ਬਾਅਦ ਵਿੱਚ ਸ਼ਰਧਾਲੂਆਂ
ਕੋਲੋਂ ਸ੍ਰੀ ਅਖੰਡ ਪਾਠ ਦੀ ਫੀਸ ਵਜੋਂ ਰਕਮਾਂ ਬਟੋਰਦਾ ਹੈ। ਪਹਿਲਾਂ ਹੀ ਕੀਤੇ-ਕਰਾਏ ਪਾਠ
ਸ਼ਰਧਾਲੂਆਂ ਦੇ ਨਾਂ ਕੀਤੇ ਜਾ ਰਹੇ ਹਨ। ਪਿੰਡ ਨੂਰਪੁਰਾ ਵਿਖੇ ਵੀ ਇੱਕ ਬਾਬਾ ਬਿਰਧ ਆਸ਼ਰਮ ਦੇ ਨਾਂ
ਹੇਠ ਕੈਂਸਰ, ਪੋਲੀਓ ਅਤੇ ਬਿਮਾਰੀਆਂ ਦੇ ਇਲਾਜ ਦੇ ਬਹਾਨੇ ਲੋਕਾਂ ਤੋਂ ਵੱਡੀਆਂ ਰਕਮਾਂ ਬਟੋਰ ਰਿਹਾ
ਹੈ। ਪਿੰਡ ਘੁਮਾਦ ਵਿੱਚ ਇੱਕ ਵਿਅਕਤੀ ਜੋ ਹੋਮ ਗਾਰਡ ਵਿੱਚ ਵੀ ਹੈ, ਸਿੱਖ ਸੰਗਤਾਂ ਨੂੰ ਧਾਗੇ-ਤਵੀਤ
ਦੇ ਕੇ ਲੁੱਟ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਇਸ ਲੁੱਟ ਦਾ ਹਿੱਸਾ ਕਿਸੇ ਨਾਲ ਕਿਸੇ ਰੂਪ ਵਿੱਚ
ਸਿਆਸੀ ਆਗੂਆਂ ਦੀਆਂ ਜੇਬਾਂ ਵਿੱਚ ਵੀ ਜਾਂਦਾ ਹੈ।
ਉਂਜ ਵੀ ਸਿਆਸੀ ਆਗੂ ਇਨ੍ਹਾਂ ਡੇਰਿਆਂ ਉੱਤੇ ਨਿਰਭਰ ਕਰਦੇ ਹਨ ਕਿਉਂਕਿ ਬਾਬੇ
ਦੇ ਇਕੋ ਹੁਕਮ ਨਾਲ ਸ਼ਰਧਾਲੂ ਸਿਆਸੀ ਆਗੂ ਦਾ ਘਰ ਪੂਰਾ ਕਰ ਦਿੰਦੇ ਹਨ। ਇਸ ਦੇ ਨਾਲ ਹੀ ਟੂਸੇ,
ਬੋਪਾਰਾਵਾਂ, ਪੰਡੋਰੀ, ਕੋਠੇ ਪੋਨਾਂ ਆਦਿ ਵਿਖੇ ਚੌਂਕੀਆਂ ਵਾਲੇ ਬਾਬੇ ਆਪਣਾ ਕਾਰੋਬਾਰ ਚਲਾ ਰਹੇ
ਹਨ। ਪਿੰਡ ਟੂਸੇ ਦੀ ਇੱਕ ਔਰਤ ਵੀਰਵਾਰ ਨੂੰ ਚੌਂਕੀਆਂ ਲਗਾ ਕੇ ਲੋਕਾਂ ਦਆਂ ਸਮੱਸਿਆਵਾਂ ‘ਹੱਲ’
ਕਰਦੀ ਹੈ ਪਰ ਉਸ ਦੀ ਆਪਣੀ ਨੂੰਹ ਰੁੱਸ ਕੇ ਪੇਕੇ ਬੈਠੀ ਹੈ।
ਵਰਨਣ ਯੋਗ ਹੈ ਕਿ ਇਸ ਇਲਾਕੇ ਦੇ ਬਹੁਤੇ ਬਾਬਿਆਂ ਨੂੰ ਸ੍ਰੀ ਅਕਾਲ ਤਖ਼ਤ
ਸਾਹਿਬ ਦੇ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ, ਅਕਾਲ ਫੈਡਰੇਸ਼ਨ ਆਗੂ ਸਨਮਾਨਿਤ ਕਰ ਚੁੱਕੇ ਹਨ।
ਇਸ ਕਾਰਨ ਆਮ ਲੋਕਾਂ ਵਿੱਚ ਭੰਬਲਭੂਸਾ ਵੀ ਹੈ। ਇਸੇ ਦੌਰਾਨ ਲੋਕ ਭਲਾਈ ਪਾਰਟੀ ਦੇ ਮੀਤ ਪ੍ਰਧਾਨ
ਅਵਤਾਰ ਸਿੰਘ ਮੁੱਲਾਂਪੁਰੀ, ਮਾਲਵਾ ਗ੍ਰੰਥੀ ਸਭਾ ਦੇ ਪ੍ਰਧਾਨ ਪਿਆਰਾ ਸਿੰਘ ਨੇ ਪੰਜਾਬ ਸਰਕਾਰ,
ਸ਼੍ਰੋਮਣੀ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੋਂ ਮੰਗ ਕੀਤੀ ਹੈ ਕਿ ਅਖੌਤੀ ਬਾਬਿਆਂ
ਤੋਂ ਲੋਕਾਂ ਨੂੰ ਨਿਜਾਤ ਦਿਵਾਉਣ ਲਈ ਤੁਰੰਤ ਅਤੇ ਕਾਰਗਰ ਕਦਮ ਚੁੱਕੇ ਜਾਣ। (ਧੰਨਵਾਦ ਸਹਿਤ ਅਜੀਤ
`ਚੋ)
ਡੇਰੇਵਾਦ, ਪਾਖੰਡਵਾਦ ਵਿਰੁੱਧ ਲਹਿਰ ਸ਼ੁਰੂ ਹੋਵੇ
2 ਨਵੰਬਰ ਤੋਂ 15 ਨਵੰਬਰ ਤਕ ਮੰਜੀ ਸਾਹਿਬ ਦੀਵਾਨ ਹਾਲ ਅੰਮ੍ਰਿਤਸਰ ਵਿਖੇ
ਮਸਕੀਨ ਸਾਹਿਬ ਨੇ ਸਿੱਖ-ਪੰਥ `ਚ ਅਮਰਵੇਲ ਵਾਂਗ ਫੈਲ ਰਹੇ ਬਾਬਾਵਾਦ ਸੰਬੰਧੀ ਪ੍ਰਭਾਵਸ਼ਾਲੀ ਸ਼ਬਦਾਂ
`ਚ ਝੰਜੋੜਾ ਦਿੱਤਾ ਕਿ ਅੱਜ ਪੰਜਾਬ ਵਿੱਚ ਪਿੰਡ ਪਿੰਡ ਗੁਰੂ ਤਾਂ ਮਿਲ ਜਾਣਗੇ ਪਰ ਸਿੱਖ ਟਾਵਾਂ
ਟਾਵਾਂ ਮਿਲੇਗਾ। ਉਨ੍ਹਾਂ ਦਾ ਮਨਸ਼ਾ ਦੇਹਧਾਰੀ ਗੁਰੂ-ਡੰਮ੍ਹ, ਨਾਮਦਾਨੀਏ ਤੇ ਵੱਖ ਵੱਖ ਮਰਯਾਦਾ ਚਲਾਈ
ਬੈਠੇ ਡੇਰੇਵਾਦੀਆਂ ਤੋਂ ਸੀ ਜੋ ਸ਼ਬਦ-ਗੁਰੂ ਦੀ ਮਹਾਨਤਾ ਨੂੰ ਅੱਖੋਂ ਪਰੋਖੇ ਕਰਕੇ ਗੋਡੀਂ ਹੱਥ ਆਪਣੇ
ਲਵਾਉਂਦੇ ਹਨ। ਇਸੇ ਤਰ੍ਹਾਂ ਵਪਾਰਕ ਕਿਸਮ ਦੇ ਕੀਰਤਨੀਏਂ ਤੇ ਪ੍ਰਚਾਰਕਾਂ-ਕਥਾਵਾਚਕਾਂ `ਤੇ ਵੀ
ਪ੍ਰਸ਼ਨ ਉਠਿਆ ਕਿ ਬਹੁਤੇ ਰੋਟੀ ਦੇ ਮਸਲੇ ਤਕ ਸੀਮਤ ਹੋ ਕੇ ਰਹਿ ਗਏ ਹਨ। ਦੇਹਧਾਰੀ ਗੁਰੂ-ਡੰਮ੍ਹ ਤੋਂ
ਕੌਮ ਨੂੰ ਸੁਚੇਤ ਕੀਤਾ। ਸਾਡੇ ਪ੍ਰਚਾਰਕ ਵਰਗ ਦੀਆਂ ਦੱਬਵੀਆਂ ਸੁਰਾਂ ਵੀ ਪਾਖੰਡਵਾਦ ਨੂੰ ਨੰਗਾ ਕਰਨ
ਤੋਂ ਅਸਮਰੱਥ ਰਹੀਆਂ ਹਨ। ਬੀਤੇ ਦਿਨੀਂ ਦਲ-ਖ਼ਾਲਸਾ ਨੇ ਵੀ ਅਕਾਲ ਤਖ਼ਤ ਸਾਹਿਬ ਨੂੰ ਅਪੀਲ ਕੀਤੀ ਹੈ
ਕਿ ਅਖੌਤੀ ਡੇਰੇਵਾਦ, ਬਾਬਾਵਾਦ ਤੇ ਸੰਤਵਾਦ ਵਿਰੁੱਧ ਸੰਘਰਸ਼ ਦਾ ਐਲਾਨ ਹੋਣਾ ਚਾਹੀਦਾ ਹੈ। ਗੱਲਾਂ
ਦੀ ਗੱਲ ਤਾਂ ਇਹ ਹੈ ਕਿ ਇਸ ਸੰਬੰਧੀ ਰਾਗੀਆਂ, ਢਾਡੀਆਂ, ਪ੍ਰਚਾਰਕਾਂ, ਕਥਾਵਾਚਕਾਂ, ਲੇਖਕਾਂ,
ਕਵੀਆਂ, ਕਵੀਸ਼ਰਾਂ, ਖੋਜੀਆਂ ਨੂੰ ਇਸ ਪਾਖੰਡਵਾਦ ਵਿਰੁੱਧ ਖੁੱਲ੍ਹ ਕੇ ਲਹਿਰ ਚਲਾਉਣੀ ਚਾਹੀਦੀ ਹੈ।
ਪਰ ਕਰੀਏ ਕੀ? ਬੀਤੇ ਦਿਨੀਂ 3 ਨਵੰਬਰ ਦੀ ਉਦਾਹਰਣ ਲਈਏ ਤਾਂ ਮੰਜੀ ਸਾਹਿਬ ਰਾਤ ਦੇ ਕਵੀ ਦਰਬਾਰ
ਵਿੱਚ ਬਹੁਤੇ ਕਵੀਆਂ ਨੇ ਸਿਹਰੇ-ਸਿਖਿਆ ਵਰਗੀਆਂ ਕਵਿਤਾਵਾਂ ਗਾ ਕੇ ਸਮਾਂ ਹੀ ਪੂਰਾ ਕੀਤਾ। ਹਾਂ:
ਇਕ-ਦੋ ਕਵੀਆਂ ਨੇ ਵਰਤਮਾਨ ਵਿਸ਼ਿਆਂ ਨੂੰ ਚੰਗੀ ਤਰ੍ਹਾਂ ਝੰਜੋੜਿਆ ਤੇ ਸੰਗਤ ਨੇ ਵੀ ਚੇਤੰਨ ਹੋ ਕੇ
ਸੁਣਿਆ। ਐਨੀ ਜੁੜੀ ਸੰਗਤ ਨੂੰ ਜੇ ਵਰਤਮਾਨ ਪ੍ਰਤੀ ਸੁਚੇਤ ਈ ਨਹੀਂ ਕਰਨਾ ਜਾਂ ਧਰਮ ਪ੍ਰਤੀ ਜਾਗਰਤੀ
ਨਾ ਆਈ ਤਾਂ ਅਡੰਬਰ ਕਿਉਂ ਕੀਤਾ ਜਾਂਦਾ? ਪੰਥ ਨੂੰ ਇਸ ਸਮੇਂ ਜਾਗਰਤੀ ਦੀ ਲੋੜ ਹੈ।