ਇਕੀ ਅਕਤੂਬਰ ੨੦੦੭ ਨੂੰ, ਸਿਡਨੀ ਵਿੱਚ ਇੱਕ ਵਾਕਿਆ ਵੇਖ ਕੇ ਮੈਨੂੰ ੩੯ ਸਾਲ
ਪਹਿਲਾਂ ਦਾ ਇੱਕ ਵਾਕਿਆ ਯਾਦ ਆ ਗਿਆ। ਉਹ ਬਾਅਦ ਵਿੱਚ ਦੱਸੂੰਗਾ ਪਹਿਲਾਂ ਇਹ ਸਿਡਨੀ ਵਾਲਾ ਸੁਣ
ਲਵੋ।
ਆਸਟ੍ਰੇਲੀਆ ਦੀ ਸਭ ਤੋਂ ਵੱਡੀ ਸਿਖ ਸੰਸਥਾ ‘ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ’
ਦੀਆਂ ਸਾਲਾਨਾ ਚੋਣਾਂ ਸਨ। ਦੋਵੇਂ ਧਿਰਾਂ ਤਨ, ਮਨ, ਧਨ ਨਾਲ਼ ਆਹਮੋ ਸਾਹਮਣੇ ਡਟੀਆਂ ਹੋਈਆਂ ਸਨ।
ਤਿੰਨਾਂ ਵਿਚੋਂ ਦੋ ਗਰੁੱਪ ਰਲ਼ ਕੇ ਇੱਕ ਪਾਸੇ ਹੋ ਗਏ ਤੇ ਇੱਕ ਗਰੁਪ ਇੱਕ ਪਾਸੇ। ਇਉਂ ਮੇਰੇ ਵਰਗੇ
ਆਮ ਬੰਦੇ ਦੀ ਸੋਚ ਸੀ ਕਿ ਜਿਸ ਪਾਸੇ ਦੋ ਗਰੁਪ ਹੋ ਗਏ ਹਨ ਉਹ ਪਾਸਾ ਭਾਰਾ ਹੋ ਜਾਵੇਗਾ। ਦੋਹਾਂ
ਧਿਰਾਂ ਵੱਲੋਂ ਸਭ ਕੁੱਝ ਦਾ ਤੇ ਲਾ ਦਿਤਾ ਗਿਆ। ਗੁਰਦੁਆਰੇ ਦੀ ਸੇਵਾ ਸੰਭਾਲ ਉਪਰ ਕਬਜ਼ਾ ਕਰਨ ਲਈ
ਲੜਾਈ ਸ਼ੁਰੂ ਹੋ ਗਈ। ਲੜਾਈ ਚਾਹੇ ਸ਼ਸਤਰਾਂ ਨਾਲ਼ ਲੜੀ ਜਾਵੇ ਤੇ ਚਾਹੇ ਪਰਚੀਆਂ ਨਾਲ਼, ਹੈ ਤਾਂ ਲੜਾਈ
ਹੀ। ਸਿਆਣੇ ਆਖਦੇ ਨੇ ਕਿ ਜਾਰੀ (ਯਾਰੀ ਨਹੀ) ਤੇ ਲੜਾਈ ਵਿੱਚ ਹਰ ਹਥਿਆਰ ਵਰਤ ਲੈਣਾ ਜਾਇਜ ਹੀ
ਸਮਝਿਆ ਜਾਂਦਾ ਹੈ। ਲੜਾਈ ਵਿੱਚ ਸਭ ਤੋਂ ਪਹਿਲੀ ਮੌਤ ਸੱਚ ਦੀ ਹੀ ਹੁੰਦੀ ਹੈ। ਇਹ ਲੜਾਈ ਕਾਹਦੇ ਲਈ
ਸੀ? ਇੱਕ ਗਰੁਪ ਵੱਲੋਂ ਦੂਜੇ ਗਰੁਪ ਪਾਸੋਂ ਗੁਰਦੁਆਰੇ ਦੀ ਸੇਵਾ ਖੋਹਣ ਲਈ। ਵੈਸੇ ਹਰੇਕ ਲੜਾਈ ਵਿੱਚ
ਹਰੇਕ ਗਰੁਪ ਖ਼ੁਦ ਨੂੰ ਸਹੀ ਤੇ ਦੂਜੇ ਨੂੰ ਗ਼ਲਤ ਆਖਦਾ ਹੀ ਹੈ; ਇਹ ਕੋਈ ਨਵੀ ਗੱਲ ਨਹੀ। ਲੜਾਈ ਹੁੰਦੀ
ਹੀ ਓਦੋਂ ਹੈ ਜਦੋਂ ਦੋਵੇਂ ਧਿਰਾਂ ਖ਼ੁਦ ਨੂੰ ਸਹੀ ਤੇ ਦੂਸਰੇ ਨੂੰ ਗ਼ਲਤ ਸਮਝਦੀਆਂ ਹੋਣ; ਤੇ ਨਾਲ਼ ਇਹ
ਵੀ ਸਮਝਦੀਆਂ ਹੋਣ ਕਿ ਉਹਨਾਂ ਦੀ ਜਿੱਤ ਯਕੀਨੀ ਹੈ। ਹਾਰਨ ਵਾਲੀ ਲੜਾਈ ਲੜ ਕੇ ਖ਼ੁਸ਼ੀ ਨਾਲ਼ ‘ਸ਼ਹੀਦ’
ਕੋਈ ਵਿਰਲਾ ਹੀ ਬਣਨਾ ਚਾਹੁੰਦਾ ਹੈ। ਭਾਵੇਂ ਹਾਰ ਜਾਣ ਤੋਂ ਪਿਛੋਂ ਹਰ ਹਾਰਨ ਵਾਲਾ ਖ਼ੁਦ ਨੂੰ ਸੱਚਾ
ਸ਼ਹੀਦ ਸਮਝਦਾ ਹੈ ਤੇ ਜੇਤੂ ਨੂੰ ਹੇਰਾ ਫੇਰੀ ਨਾਲ਼ ਜਿੱਤ ਜਾਣ ਵਾਲਾ।
ਮੇਰੇ ਵੇਖਦਿਆਂ ਹੀ ਇਹ ਸੰਸਥਾ ‘ਕੁਝ ਵੀ ਨਾ’ ਤੋਂ ਏਥੇ ਤੱਕ, ਗੁਰੂ ਦੀ
ਕਿਰਪਾ ਤੇ ਗੁਰੂ ਦੀਆਂ ਸੰਗਤਾਂ ਵੱਲੋਂ ਕੀਤੀ ਗਈ ਤਨ, ਮਨ, ਧਨ ਦੀ ਸੇਵਾ ਨਾਲ਼ ਪਹੁੰਚੀ ਹੈ। ਹੁਣ
ਏਥੇ ਲੜਾਈ ਏਥੋਂ ਦੇ ਵਸੀਲਿਆਂ ਨੂੰ ਆਪਣੇ ਕਬਜ਼ੇ ਵਿੱਚ ਕਰਕੇ, ਆਪਣੇ ਲਾਭ ਹਿਤ ਵਰਤਣ ਲਈ ਹੈ। ਇਹ
ਕੋਈ ਨਵੀ ਗੱਲ ਨਹੀ; ਸਾਰੇ ਥਾਂ ਏਹੋ ਹੀ ਹਾਲ ਹੈ। "ਜਿਹੋ ਜਿਹਾ ਗੰਡੀਵਿੰਡ ਓਹੋ ਜਿਹਾ ਅਗਲਾ ਪਿੰਡ।
"ਜੋ ਡਾਂਗ ਸੋਟਾ ਅੰਮ੍ਰਿਤਸਰ ਵਿੱਚ ਚੱਲਦਾ ਹੈ ਓਹੋ ਜਿਹਾ ਗਤਕਾ ਹੀ ਲੰਡਨ ਵਿੱਚ ਖੇਡਿਆ ਜਾਂਦਾ ਹੈ।
ਜੋ ਨਿਯੂ ਯਾਰਕ ਵਿੱਚ ਦੌਰੀ ਕੂੰਡਾ ਖੜਕਦਾ ਹੈ ਓਹੋ ਜਿਹਾ ਗਾਹਲੀ ਗਲੋਚ ਹੀ ਵੈਨਕੂਵਰ ਵਿੱਚ ਹੁੰਦਾ
ਹੈ। ਲਾਸ ਏਂਜਲਸ, ਔਕਲੈਂਡ, ਸਿਡਨੀ ਆਦਿ ਵਿੱਚ ਕੋਈ ਹੋਰ ਰੱਬ ਨਹੀ ਹੈ। ਇਹਨਾਂ ਥਾਵਾਂ ਤੇ ਵੀ
ਗੁਰਦੁਆਰਿਆਂ ਵਿੱਚ ਸਿੱਖ ਆਪਣੀ ‘ਬਹਾਦਰੀ’ ਦਾ ਪ੍ਰਗਟਾਵਾ ਕਰਨ ਵਿੱਚ ਕੋਈ ਕਸਰ ਨਹੀ ਛੱਡਦੇ।
ਖ਼ੈਰ, ਗੁਰੂ ਕੀ ਗੋਲਕ ਦੀ ਮਾਇਆ ਖ਼ਰਚ ਕੇ, ਬਾਹਰੋਂ ਗੋਰੇ ਕਰਾਏ ਤੇ ਲਿਆ ਕੇ,
ਉਹਨਾਂ ਦੀ ਹਾਜਰੀ ਵਿੱਚ ਵੋਟਾਂ ਦਾ ਕੰਮ ਸੁੱਖੀਂ ਸਾਂਦੀਂ ਭੁਗਤ ਗਿਆ। ਗੁਰਦੁਆਰਾ ਕਮੇਟੀਆਂ ਦੀਆਂ
ਚੋਣਾਂ ਕਰਵਾਉਣ ਲਈ ਬਾਹਰੋਂ ਮੋਟੀਆਂ ਫੀਸਾਂ ਭਰ ਕੇ ਬੰਦੇ ਇਸ ਲਈ ਮੰਗਵਾਉਣੇ ਪੈਂਦੇ ਹਨ ਕਿ ਐਸਾ
ਸਿੱਖ ਤਾਂ ਹੁਣ ਕੋਈ ਆਸਟ੍ਰੇਲੀਆ ਵਿੱਚ ਰਹਿ ਹੀ ਨਹੀ ਗਿਆ ਜਿਸ ਉਪਰ ਇਤਬਾਰ ਕੀਤਾ ਜਾ ਸਕੇ ਕਿ ਉਹ
ਸੱਚ ਨੂੰ ਸੱਚ ਆਖ ਸਕਦਾ ਹੈ। ਅੰਗ੍ਰੇਜ਼ੀ ਰਾਜ ਸਮੇ ਦੱਸਦੇ ਆ ਕਿ ਕਦੀ ਸਮਾ ਹੁੰਦਾ ਸੀ ਕਿ ਅਦਾਲਤ
ਇੱਕ ਸਿੱਖ ਦੀ ਗਵਾਹੀ ਤੋਂ ਪਿੱਛੋਂ ਕਿਸੇ ਹੋਰ ਸਬੂਤ ਦੀ ਲੋੜ ਨਹੀ ਸੀ ਸਮਝੀ ਜਾਂਦੀ। ਇਹ ਵੀ
ਇਤਿਹਾਸਕਾਰ ਦੱਸਦੇ ਨੇ ਕਿ ਅਦਾਲਤ ਵਿੱਚ ਇੱਕ ਸਾਧਾਰਨ ਸਿੱਖ ਦੇ ਦਿਤੇ ਬਿਆਨ ਤੋਂ ਜ਼ਿਲਾ
ਮੈਜਿਸਟ੍ਰੇਟ, ਮਿਸਟਰ ਮੈਕਾਲਫ਼, ਏਨਾ ਪ੍ਰਭਾਵਤ ਹੋਇਆ ਕਿ ਉਹ ਏਡੀ ਵੱਡੀ ਨੌਕਰੀ ਨੂੰ ਤਿਆਗ ਕੇ
ਸਿੱਖਾਂ ਬਾਰੇ ਖੋਜ ਕਰਨ ਲੱਗ ਪਿਆ ਤੇ ਅੰਗ੍ਰੇਜ਼ੀ ਭਾਸ਼ਾ ਵਿੱਚ ਇੱਕ ਵਡੇ ਗ੍ਰੰਥ ‘ਸਿੱਖ ਰਿਲੀਜਨ’ ਦੀ
ਰਚਨਾ ਕੀਤੀ। ਅੰਤ ਉਸਦੀ ਮੌਤ ਵੀ ਲੰਡਨ ਵਿੱਚ ਇੱਕ ਸਿੱਖ ਦੇ ਰੂਪ ਵਿੱਚ ਹੀ ਹੋਈ।
ਸੱਚ ਬੋਲਣਾ ਕੋਈ ਸੌਖਾ ਕਾਰਜ ਨਹੀ। ਕਿਸੇ ਸਿਆਣੇ ਵਿਚਾਰਵਾਨ ਵਿਅਕਤੀ ਦਾ
ਵਿਚਾਰ ਹੈ ਕਿ ਸੱਚ ਜਾਂ ਤੇ ਕੋਈ ਪਾਗਲ ਬੋਲ ਸਕਦਾ ਹੈ ਤੇ ਜਾਂ ਬ੍ਰਹਮ ਗਿਆਨੀ। ਪਾਗਲ ਤਾਂ ਸਿੱਖ
ਹੈਨ ਨਹੀ ਤੇ ਬ੍ਰਹਮ ਗਿਆਨੀ ਕਿਥੋਂ ਲਭ ਕੇ ਲਿਆਈਏ! ਫਿਰ ਇਹ ਫੈਸਲਾ ਕੌਣ ਕਰੂ ਕਿ ਕੌਣ ਬ੍ਰਹਮ
ਗਿਆਨੀ ਹੈ ਕੌਣ ਨਹੀ! ਸਿੱਖ ਤਾਂ ਦੂਸਰੇ ਸਿੱਖ ਨੂੰ ਆਪਣੇ ਬ੍ਰਾਬਰ ਦਾ ਸਿੱਖ ਵੀ ਸਮਝਣ ਲਈ ਤਿਆਰ
ਨਹੀ ਤੇ ਫਿਰ ਕੇਹੜਾ ਸਿੱਖ ਦੂਜੇ ਸਿੱਖ ਨੂੰ ਬ੍ਰਹਮ ਗਿਆਨੀ ਮੰਨ ਲਵੇਗਾ! ਸ੍ਰੀ ਗੁਰੂ ਨਾਨਕ
ਪਾਤਿਸ਼ਾਹ ਜੀ ਦਾ ਫੁਰਮਾਨ ਵੀ ਹੈ:
ਅਰਥਾਤ ਕੋਈ ਖ਼ੁਦ ਬ੍ਰਹਮ ਗਿਆਨੀ ਹੋਊ ਤਾਂ ਹੀ ਉਹ ਜਾਣ ਸਕੂ ਕਿ ਕੇਹੜਾ
ਉਸਤੋਂ ਬਿਨਾ ਹੋਰ ਬ੍ਰਹਮ ਗਿਆਨੀ ਹੈ!
ਮੁੱਕਦੀ ਗੱਲ ਕਿ ਦੋਹਾਂ ਧਿਰਾਂ ਦੇ ਤਕਰੀਬਨ ਅਧੋ ਅਧ ਬੰਦੇ ਜਿੱਤ ਗਏ। ਜੇਕਰ
ਇਸ ਇਲੈਕਸ਼ਨ ਨੂੰ ਮੰਨ ਲਿਆ ਜਾਵੇ ਤਾਂ ਕੁੱਝ ਤਕਨੀਕੀ ਕਾਰਨਾਂ ਕਰਕੇ ਗੁਰੂ ਘਰ ਦੇ ਦੋਹਾਂ
ਮਹੱਤਵਪੂਰਣ ਵਸੀਲਿਆਂ, ਮਾਈਕ ਤੇ ਮਾਇਆ, ਉਪਰ ਕਬਜ਼ਾ ਪਹਿਲੇ ਧੜੇ ਦਾ ਹੀ ਰਹਿ ਜਾਂਦਾ ਹੈ। ਰੌਲਾ
ਰੱਪਾ ਜਿਹਾ ਪੈ ਗਿਆ। ਇੱਕ ਗਰੁਪ ਕਹਿੰਦਾ ਹੈ ਇਲੈਕਸ਼ਨ ਹੋ ਗਈ ਹੈ ਤੇ ਇਸਨੂੰ ਮੰਨੋ। ਦੂਜਾ ਕਹਿੰਦਾ
ਹੈ ਕਿ ਗਿਣਤੀ ਸਹੀ ਨਹੀ ਹੋਈ, ਦੁਬਾਰਾ ਵੋਟਾਂ ਗਿਣੋ। ਮੇਰੀ ਅਧ-ਪੜ੍ਹ ਜਿਹੀ ਖੋਪਰੀ ਵਿੱਚ ਇਹ ਗੱਲ
ਨਹੀ ਘੁਸੜਦੀ ਕਿ ਭਈ ਵੋਟਾਂ ਪਾਉਣ ਵਾਲੇ ਵੀ ਯੂਨੀਵਰਸਿਟੀ ਦੇ ਡਿਗਰੀਧਾਰੀ ਤੇ ਗਿਣਨ ਵਾਲ਼ੇ ਵੀ।
ਵੋਟਾਂ ਵੀ ਕੁਲ਼ ਹਜਾਰ ਕੁ ਦੇ ਕਰੀਬ। ਫਿਰ ਗਿਣਨ ਵਿੱਚ ਭੁਲੇਖਾ ਕਿਵੇਂ ਲੱਗਦਾ ਹੈ। ਹਾਂ ਜੇਕਰ ਜਾਣ
ਬੁਝ ਕੇ ਕੋਈ ਗ਼ਲਤੀ ਨਹੀ ਹੋਈ ਤਾਂ ਐਸਾ ਭੁਲੇਖਾ ਪੈ ਸਕਣ ਦੀ ਗੁੰਜਾਇਸ਼ ਨਹੀ ਹੋਣੀ ਚਾਹੀਦੀ। ਦੋਬਾਰਾ
ਵੋਟਾਂ ਗਿਣਨ ਨਾਲ਼ ਜੇਕਰ ਝਗੜਾ ਮੁੱਕਦਾ ਹੋਵੇ ਤਾਂ ਮੇਰੀ ਸੀਮਤ ਜਹੀ ਸਮਝ ਅਨੁਸਾਰ ਇਹ ਸੌਦਾ ਕੋਈ
ਬਹੁਤਾ ਮਹਿੰਗਾ ਨਹੀ ਸਮਝਣਾ ਚਾਹੀਦਾ।
ਦੋ ਕੁ ਹਫਤੇ ਠਹਿਰ ਕੇ ਇਸ ਚੋਣ ਦੇ ਨਤੀਜੇ ਦਾ ਐਲਾਨ ਕਰਨ ਲਈ ਆਮ ਮੈਬਰਾਂ
ਦੀ ਸਭਾ ਗੁਰਦੁਆਰੇ ਵਿੱਚ ਬੁਲਾਈ ਗਈ। ਬਿਨਾ ਲੋੜ ਦੇ ਸਾਰਾ ਤਮਾਸ਼ਾ ਆਪਣੀ ਅੱਖੀਂ ਵੇਖਣ ਦੀ ਉਤਸੁਕਤਾ
ਵੱਸ ਮੈ ਵੀ ਮੀਟਿੰਗ ਵਿੱਚ ਜਾ ਬੈਠਾ। ਮਹਾਰਾਜ ਦਾ ਗੁਰੂ ਘਰ ਵਿੱਚ ਪ੍ਰਕਾਸ਼ ਸੀ। ਪੁਰਾਣੇ ਤੇ ਨਵੇ
ਬਹੁਤ ਸਾਰੇ ਆਗੂ ਸੱਜਣ ਸਜੇ ਹੋਏ ਸਨ। ਸੁਰੱਖਿਆ ਵਾਸਤੇ ਗੁਰੂ ਕੀ ਗੋਲਕ ਵਿਚੋਂ ਸੱਬਰਕੱਤੀ ਮਾਇਆ
ਖ਼ਰਚ ਕੇ ਨਾਨ ਸਿੱਖ ਸੈਕਿਉਰਟੀ ਵਾਲ਼ੇ ਵੀ ਵਾਹਵਾ ਗਿਣਤੀ ਵਿੱਚ ਸੱਦੇ ਹੋਏ ਸਨ। ਸ਼ਾਇਦ ਗੁਰਦੁਆਰੇ ਦੇ
ਪ੍ਰਬੰਧਕ ਸਿੱਖਾਂ ਵਿੱਚ ਹੁਣ ਇਹ ਸ਼ਕਤੀ ਨਾ ਰਹੀ ਹੋਵੇ ਕਿ ਉਹ ਦੂਸਰੇ ਧੜੇ ਦੇ ਸਿੱਖਾਂ ਕੋਲ਼ੋਂ
ਗੁਰਦੁਆਰੇ ਦੇ ਦਰਬਾਰ ਹਾਲ ਅੰਦਰ ਕਿਸੇ ਸੰਭਾਵੀ ਗੜਬੜ ਨੂੰ ਰੋਕ ਸਕਦੇ ਹੋਣ! ਇਹ ਵੀ ਸਿੱਖਾਂ ਵਾਸਤੇ
ਇੱਕ ਸ਼ੁਭ ਸੰਕੇਤ ਹੀ ਸਮਝਿਆ ਜਾਣਾ ਚਾਹੀਦਾ ਹੈ ਕਿ ਉਹ ਹੁਣ ਗੁਰਦੁਆਰਿਆਂ ਅੰਦਰ ‘ਤਲਵਾਰਬਾਜ਼ੀ’ ਕਰਨ
ਦੀ ਬਜਾਇ ਸਗੋਂ ਇਸਨੂੰ ਰੋਕਣ ਲਈ, ਗੋਰਿਆਂ ਨੂੰ ਹਾਇਰ ਕਰਕੇ ਲਿਆਉਂਦੇ ਹਨ। ਚਲੋ, ਇਸ ਬਹਾਨੇ
ਸਿੱਖਾਂ ਅੰਦਰ ਲੜਨ ਭਿੜਨ ਦੀ ਆਦਤ ਤਾਂ ਕੁੱਝ ਠੰਡੀ ਪਈ! ਇਹ ਹਾਲਤ ਵੀ ਸਾਡੇ ਵਾਸਤੇ ਕੁੱਝ ਫ਼ਖ਼ਰ ਕਰਨ
ਵਾਲ਼ੀ ਹੋ ਗਈ ਸਮਝੀ ਜਾਣੀ ਚਾਹੀਦੀ ਹੈ; ਨਹੀ ਤਾਂ ਗਿਆਨੀ ਗਿਆਨ ਸਿੰਘ ਜੀ ਨੇ ਤਾਂ ਲ਼ਿਖ ਦਿਤਾ ਸੀ:
ਜਾਤ ਗੋਤ ਸਿੰਘਨ ਕੀ ਦੰਗਾ॥
ਦੰਗਾ ਹੀ ਇਨ ਗੁਰ ਤੇ ਮੰਗਾ॥
ਅੰਨ ਨਾ ਪਚੈ ਕੀਏ ਬਿਨ ਦੰਗਾ॥
ਬੋਰਡ ਦੇ ਚੇਅਰਮੈਨ ਸਾਹਿਬ ਮੀਟਿੰਗ ਨੂੰ ‘ਚੇਅਰ’ ਕਰ ਰਹੇ ਸਨ। ਵਾਹਵਾ ਚਿਰ
ਜਾਭਾਂ ਦਾ ਭੇੜ ਦੋਵੱਲੀ ਹੋਣ ਉਪ੍ਰੰਤ ਅਖੀਰ ਵਿੱਚ ਚੇਅਰਮੈਨ ਸਾਹਿਬ ਨੇ ਇਲੈਕਸ਼ਨ ਦਾ ਨਤੀਜਾ ਪੜ੍ਹ
ਕੇ ਸੁਣਾ ਦਿਤਾ ਤੇ ਮੀਟਿੰਗ ਬੰਦ ਕਰਕੇ ਸਾਥੀਆਂ ਸਣੇ ਹਾਲੋਂ ਬਾਹਰ ਨੂੰ ਤੁਰ ਗਏ। ਉਹਨਾਂ ਦੇ ਨਾਲ਼
ਹੀ ਕਮੇਟੀ ਵੱਲੋਂ ਸੱਦੇ ਹੋਏ ਸੈਕਿਉਰਟੀ ਵਾਲ਼ੇ ਵੀ ਪੱਤਰਾ ਵਾਚ ਗਏ। ਪਿਛੋਂ ਸਟੇਜ ਸਕੱਤਰ ਜੀ ਨੇ
ਸਟੇਜ ਸੰਭਾਲ ਕੇ ਚੇਅਰਮੈਨ ਜੀ ਵੱਲੋਂ ਸੁਣਾਏ ਗਏ ਨਤੀਜੇ ਨੂੰ ਗ਼ਲਤ ਗ਼ਰਦਾਨਦੇ ਹੋਏ, ਡਿਪਟੀ ਚੇਅਮੈਨ
ਦੀ ‘ਚੇਅਰ’ ਹੇਠ ਮੀਟਿੰਗ ਜਾਰੀ ਰੱਖੀ। ਇਸ ਦੌਰਾਨ ਕੁੱਝ ਮਤੇ ਵੀ ਪਾਸ ਕੀਤੇ ਗਏ।
ਇਹ ਸਾਰਾ ਨਜਾਰਾ ਵੇਖ ਕੇ ਮੈਨੂੰ ੧੯੬੮ ਦੇ ਮਾਰਚ ਮਹੀਨੇ ਦੀ ਅਠਾਰਾਂ ਤਰੀਕ
ਦਾ ਸੀਨ ਯਾਦ ਆ ਗਿਆ। ਗੱਲ ਇਹ ਇਉਂ ਹੋਈ: ੧੯੬੭ ਦੀਆਂ ਪੰਜਾਬ ਅਸੈਂਬਲੀ ਦੀਆਂ ਚੋਣਾਂ ਵਿਚ, ਕਾਂਗਰਸ
ਪੰਜਾਬ ਵਿੱਚ ਪਹਿਲੀ ਵਾਰ ਪੂਰਨ ਬਹੁਸੰਮਤੀ ਨਾ ਲੈ ਸਕੀ ਤੇ ੧੦੪ ਵਿਚੋਂ ਉਸਦੇ ਅਠਤਾਲ਼ੀ ਹੀ ਜਿਤੇ।
ਖਿਚ ਧੂਹ ਕੇ ਉਹ ਦੋ ਦੂਜਿਆਂ ਦੇ ਆਪਣੇ ਵਿੱਚ ਸ਼ਾਮਲ ਕਰਨ ਵਿੱਚ ਕਾਮਯਾਬ ਹੋ ਕੇ ਵੀ ਮਸਾਂ ਪੰਜਾਹ
ਤੱਕ ਪਹੁੰਚ ਸਕੀ। ਤਿੰਨ ਫਿਰ ਵੀ ਘੱਟ ਰਹਿ ਗਏ। ਪੰਜਾਹ ਵਾਲ਼ੇ ਵੇਂਹਦੇ ਰਹਿ ਗਏ ਤੇ ੨੩ ਵਾਲੇ
ਅਕਾਲੀ, ਸੰਤ ਫ਼ਤਿਹ ਸਿੰਘ ਜੀ, ਦੀ ਸਿਆਣਪ ਨਾਲ਼, ਸਰਕਾਰ ਬਣਾ ਗਏ ਤੇ ਜਸਟਿਸ ਗੁਰਨਾਮ ਸਿੰਘ ਨੇ ੯
ਮਾਰਚ ਨੂੰ ਮੁਖ ਮੰਤਰੀ ਪਦ ਦੀ ਸਹੁੰ ਚੁੱਕ ਲਈ।
ਹੁਣ ਚੁਣਨਾ ਸੀ ਸਪੀਕਰ। ਮਹਾਂਰਾਜਾ ਪਟਿਆਲਾ ਜੀ ਰੋਮ ਤੋਂ ਐਂਬੈਸਡਰੀ ਛੱਡ
ਕੇ ਆਏ ਸਨ ਪੰਜਾਬ ਦੇ ਮੁਖ ਮੰਤਰੀ ਬਣਨ ਲਈ, ਪਰ ਬਣ ਨਾ ਸਕੇ। ਫਿਰ ਉਹਨਾਂ ਨੇ ਯਤਨ ਕੀਤਾ ਕਿ ਉਹਨਾਂ
ਨੂੰ ਸਰਬ ਸੰਮਤੀ ਨਾਲ਼ ਸਪੀਕਰ ਚੁਣ ਲਿਆ ਜਾਵੇ। ਉਹ ਵੀ ਗੱਲ ਨਾ ਬਣੀ। ਡਾ. ਭਗਤ ਸਿੰਘ ਵੀ ਇਸ ਗੱਦੀ
ਦੇ ਚਾਹਵਾਨ ਸਨ ਤੇ ਉਹਨਾਂ ਨੇ ਮੈਨੂੰ ਆਖਿਆ ਵੀ ਕਿ ਮੈ ਸੰਤ ਜੀ ਨੂੰ ਇਸ ਬਾਰੇ ਆਖਾਂ। ਡਾ. ਜਗਜੀਤ
ਸਿੰਘ ਵੀ ਕੇਵਲ ਚਾਹਵਾਨ ਹੀ ਨਹੀ ਸਨ ਬਲਕਿ ਉਹਨਾਂ ਨੇ ਕਾਂਗਰਸ ਦੀ ਸਹਾਇਤਾ ਨਾਲ਼ ਸਪੀਕਰ ਦੀ ਚੋਣ
ਲੜੀ ਵੀ ਤੇ ਹਾਰੇ ਵੀ। ਫਿਰ ਦੂਜੇ ਪਾਸਿਉਂ ਡਿਪਟੀ ਸਪੀਕਰੀ ਤੇ ਹੀ ਮੰਨ ਗਏ ਜੋ ਕਿ ਉਹਨਾਂ ਨੂੰ
ਪਹਿਲਾਂ ਹੀ ਮਿਲ਼ ਰਹੀ ਸੀ।। ਸਪੀਕਰ ਦੀ ਕੁਰਸੀ ਤੇ, ਚੋਣ ਜਿੱਤ ਕੇ ਸ. ਜੋਗਿੰਦਰ ਸਿੰਘ ਮਾਨ ਜੀ
ਬਿਰਾਜਮਾਨ ਹੋ ਗਏ। ਕੁੱਝ ਕੁ ਮਹੀਨੇ ਇਹ ਗੰਢ ਤੁੱਪ ਕਰਕੇ ਸਰਕਾਰ ਚੱਲਦੀ ਰਹੀ। ਅਖੀਰ ਕਾਂਗਰਸ ਦੀ
ਸਕੀਮ ਕਾਮਯਾਬ ਹੋ ਗਈ ਤੇ ਉਸਨੇ ਸ. ਲਛਮਣ ਸਿੰਘ ਗਿੱਲ ਨੂੰ ਅੱਗੇ ਲਾ ਕੇ ਗੁਰਨਾਮ ਸਿੰਘ ਸਰਕਾਰ
ਤੁੜਵਾ ਦਿਤੀ। ੨੨ ਨਵੰਬਰ ੧੯੬੭ ਨੂੰ ਗਿੱਲ ਸਰਕਰ ਨੇ ਸਹੁੰ ਚੁੱਕ ਲਈ। ਓਸੇ ਦਿਨ ਹੀ ਸਿੱਖਾਂ ਦੇ ਸਭ
ਤੋਂ ਲੰਮਾ ਸਮਾ ਲੀਡਰ ਰਹਿਣ ਵਾਲ਼ੇ, ਮਾਸਟਰ ਤਾਰਾ ਸਿੰਘ ਜੀ, ਦਾ ਦੇਹਾਂਤ ਹੋ ਗਿਆ। ਜੱਜ ਦੀ ਸਰਕਾਰ
ਤੁੜਵਾਉਣ ਤੇ ਗਿੱਲ ਦੀ ਸਰਕਾਰ ਬਣਾਉਣ ਵਿੱਚ ਡਾ. ਜਗਜੀਤ ਸਿੰਘ ਦਾ ਵੀ ਮੋਹਰੀ ਹਿੱਸਾ ਸੀ ਤੇ ਸਪੀਕਰ
ਸ. ਜੋਗਿੰਦਰ ਸਿੰਘ ਮਾਨ ਜੀ ਵੀ ਇਸ ਸਾਰੀ ਕਾਰਵਾਈ ਨਾਲ਼ ਸਹਿਮਤ ਸਨ; ਕਿਉਂਕਿ ਕੁੱਝ ਕਿਆਸ ਅਰਾਈਆਂ
ਅਨੁਸਾਰ ਉਹਨਾਂ ਨੂੰ ਗਿੱਲ ਨੇ ਵਜ਼ੀਰੀ ਦੇਣ ਦਾ ਲਾਰਾ ਲਾਇਆ ਸੀ ਜੋ ਕਿ ਬਾਅਦ ਵਿੱਚ ਪੂਰਾ ਨਾ ਕੀਤਾ
ਗਿਆ। ਸਪੀਕਰੀ ਦੀ ਸ਼ਾਨ ਤਾਂ ਬਥੇਰੀ ਹੁੰਦੀ ਹੈ। ਮੁਖ ਮੰਤਰੀ ਵੀ ਸਿਰ ਝੁਕਾ ਕੇ ਤੇ ਆਗਿਆ ਲੈ ਕੇ ਹੀ
ਹਾਲ ਅੰਦਰ ਬੋਲ ਸਕਦਾ ਹੈ ਪਰ ਖਾਣ ਪੀਣ ਨੂੰ ਇਸ ਪਦਵੀ ਵਿੱਚ ਵਜ਼ੀਰਾਂ ਜਿੰਨਾ ਨਹੀ ਹੁੰਦਾ। ਇਸ ਲਈ
ਮਾਨ ਸਾਹਿਬ ਗਿੱਲ ਨਾਲ਼ ਨਾਰਾਜ਼ ਹੋ ਗਏ। ੧੮ ਮਾਰਚ ੧੯੬੮ ਨੂੰ ਪੰਜਾਬ ਅਸੈਂਬਲੀ ਦਾ ਬਜਟ ਸੈਸ਼ਨ ਸੀ।
ਵਿਰੋਧੀਆਂ ਵੱਲੋਂ ਬਣਾਈ ਗਈ ਸਕੀਮ ਸੀ ਕਿ ਬਜਟ ਪਾਸ ਨਹੀ ਹੋਣ ਦੇਣਾ। ਸਪੀਕਰ ਦੀ ਸਹਿਮਤੀ ਵੀ ਇਸ
ਸਕੀਮ ਨਾਲ਼ ਸੀ। ਸੋ ਅਸੈਂਬਲੀ ਸੈਸ਼ਨ ਬੈਠਦਿਆਂ ਹੀ ਸਪੀਕਰ ਸੈਸ਼ਨ ਨੂੰ ਅਨਿਸਚਤ ਸਮੇ ਲਈ ਉਠਾ ਕੇ ਆਪ
ਵੀ ਉਠ ਗਿਆ। ਰੌਲ਼ਾ ਪੈ ਗਿਆ। ਡਿਪਟੀ ਸਪੀਕਰ ਸ. ਬਦਲੇਵ ਸਿੰਘ, ਜੋ ਕਿ ਅਕਾਲੀ ਟਿਕਟ ਤੇ ਜਿੱਤਿਆ ਸੀ
ਪਰ ਕਾਂਗਰਸ ਵਿੱਚ ਸ਼ਾਮਲ ਹੋ ਗਿਆ ਸੀ ਤੇ ਇਸ ਸਰਕਾਰ ਵਿੱਚ ਉਸਨੂੰ ਡਿਪਟੀ ਸਪੀਕਰ ਬਣਾ ਕੇ ਇਨਾਮ
ਦਿਤਾ ਗਿਆ ਸੀ। ਵਜ਼ੀਰ ਉਸਨੂੰ ਬਣਾਇਆ ਨਹੀ ਸੀ ਜਾ ਸਕਦਾ ਕਿਉਂਕਿ ਦਿੱਲੀ ਬੈਠੀ ਕਾਂਗਰਸ ਹਾਈ ਕਮਾਨ
ਦਾ ਫੈਸਲਾ ਸੀ ਕਿ ਉਹਨਾਂ ਨੇ ਵਜ਼ਾਰਤ ਵਿੱਚ ਖ਼ੁਦ ਸ਼ਾਮਲ ਨਹੀ ਹੋਣਾ ਤੇ ਸਾਰੇ ਗਿੱਲ਼ ਨਾਲ਼ ਆਉਣ ਵਾਲ਼ਿਆਂ
ਦੀ ਹੀ ਸਰਕਾਰ ਬਣਾਉਣੀ ਹੈ। ਗਿੱਲ ਸਮੇਤ ੧੭ ਐਮ. ਐਲ. ਏ. ਫਰੰਟ ਨਾਲ਼ੋਂ ਟੁੱਟ ਕੇ ਗਏ ਸਨ। ਉਹਨਾਂ
ਵਿਚੋਂ ਤਿੰਨਾਂ ਨੂੰ ਛੱਡ ਕੇ ਬਾਕੀ ਸਾਰੇ ਵਜ਼ੀਰ ਬਣਾ ਦਿਤੇ ਗਏ। ਤਿੰਨ ਜੇਹੜੇ ਬਾਹਰ ਰੱਖੇ ਗਏ
ਉਹਨਾਂ ਦੇ ਨਾਂ ਸਨ: ਟਿੱਕਾ ਜਗਤਾਰ ਸਿੰਘ, ਸ. ਸ਼ਿੰਗਾਰਾ ਸਿੰਘ ਤੇ ਚੌਧਰੀ ਸ਼ਿਵ ਚੰਦ। ਕਾਰਨ ਬਾਹਰ
ਰੱਖਣ ਦਾ ਇਹ ਸੀ ਕਿ ਇਹ ਤਿੰਨੇ ਕਾਂਗਰਸ ਟਿਕਟ ਤੇ ਜਿੱਤ ਕੇ, ਜਦੋਂ ਉਸਦੀ ਸਰਕਾਰ ਨਾ ਬਣੀ, ਤਾਂ
ਫਰੰਟ ਵਿੱਚ ਸ਼ਾਮਲ ਹੋ ਗਏ ਸਨ।
ਗਿੱਲ ਨੂੰ ਅਪੋਜ਼ੀਸ਼ਨ ਦੀ ਇਸ ਸਕੀਮ ਦਾ ਪਤਾ ਸੀ ਤੇ ਉਹ ਇਸ ਸਾਰੇ ਕੁੱਝ ਲਈ
ਪਹਿਲਾਂ ਹੀ ਤਿਆਰ ਸੀ। ਉਸਨੇ ਪੂਰੀ ਪੂਰੀ ਤਿਆਰੀ ਕਰ ਰੱਖੀ ਸੀ ਹਾਲਾਤ ਨਾਲ਼ ਨਿਪਟਣ ਦੀ। ਸਪੀਕਰ ਦੇ
ਬਾਹਰ ਜਾਂਦਿਆ ਹੀ ਡਿਪਟੀ ਸਪੀਕਰ, ਸਪੀਕਰ ਦੀ ਕੁਰਸੀ ਵੱਲ਼ ਵਧਿਆ ਤਾਂ ਦੂਜੇ ਬੰਨਿਉਂ ਸਪੀਕਰ ਦੀ
ਕੁਰਸੀ ਵੱਲ ਜਾਣ ਵਾਲ਼ੀਆਂ ਪਉੜੀਆਂ ਵਿੱਚ ਸ. ਅਮਰ ਸਿੰਘ ਦੁਸਾਂਝ ਤੇ ਕੁੱਝ ਹੋਰ ਸਾਥੀ ਖਲੋ ਗਏ।
ਜੇਹੜਾ ਵੀ ਅੱਗੇ ਨੂੰ ਵਧੇ ਓਸੇ ਨੂੰ ‘ਘਸੁੰਨ ਪ੍ਰਸ਼ਾਦ’ ਛਕਾ ਕੇ ਪਉੜੀਆਂ ਤੋਂ ਥੱਲੇ ਸੁੱਟ ਦੇਣ। ਸ.
ਅਮਰ ਸਿੰਘ ਦੁਸਾਂਝ ਸਰੀਰੋਂ ਵਾਹਵਾ ਤਕੜੇ ਸਨ। ਇਹ ਤਮਾਸ਼ਾ ਐਵੇਂ ਕੁੱਝ ਕੁ ਪਲ ਹੀ ਚੱਲਿਆ। ਗਿੱਲ ਨੇ
ਹਾਲਾਤ ਨੂੰ ਭਾਂਪ ਕੇ ਪਹਿਲਾਂ ਹੀ ਤਕੜੇ ਸਰੀਰਾਂ ਵਾਲ਼ੇ ਪੁਲਸੀਏ, ਸਾਦੇ ਕੱਪੜਿਆਂ ਵਿਚ, ਵਾਹਵਾ
ਗਿਣਤੀ ਵਿੱਚ ਅਸੈਂਬਲੀ ਹਾਲ ਵਿੱਚ ਲਿਆਂਦੇ ਹੋਏ ਸਨ। ਉਹਨਾਂ ਨੇ ਇਸ ਘਸੁੰਨ ਮੁੱਕੀ ਦੀ ਖੇਡ ਵਿੱਚ
ਵਾਹਵਾ ਯੋਗਦਾਨ ਪਾਇਆ। ਕੁੱਝ ਮਿੰਟ ਇਹ ਲੋਕਾਂ ਦੇ ਚੁਣੇ ਹੋਏ ਨੁਮਾਇਦਿਆਂ ਦੀ ਖੇਡ ਚੱਲਦੀ ਰਹੀ।
ਫਿਰ ਛੇਤੀ ਹੀ ਪੁਲਸ ਵਾਲ਼ਿਆ ਨੇ ਸਰੀਰਕ ਬਲ ਨਾਲ਼ ਹਾਲਾਤ ਤੇ ਕਾਬੂ ਪਾ ਲਿਆ।
ਅਗਲੇ ਦਿਨ ਪ੍ਰੈਸ ਵਿੱਚ ਛਪ ਗਿਆ ਕਿ ਡਿਪਟੀ ਸਪੀਕਰ ਦੀ ਪ੍ਰਧਾਨਗੀ ਹੇਠ
ਚੱਲੇ ਸੈਸ਼ਨ ਵਿੱਚ ਬਜਟ ਪਾਸ ਹੋ ਗਿਆ ਹੈ। ਵਿਰੋਧੀ ਅਖ਼ਬਾਰਾਂ ਨੇ ਇਸ ਨੂੰ ਪੰਜਾਬ ਦੇ ਇਤਿਹਾਸ ਵਿੱਚ
ਇੱਕ ‘ਕਾਲ਼ਾ ਦਿਨ’ ਕਰਾਰ ਦਿਤਾ।
ਸ਼ੁਕਰ ਹੈ ਕਿ ਏਥੇ ੨੧ ਅਕਤੂਬਰ ਨੂੰ ਉਸ ਇਤਿਹਾਸ ਦਾ ਹਿੰਸਕ ਹਿੱਸਾ ਨਹੀ
ਦੁਹਰਾਇਆ ਗਿਆ। ਇਸਦਾ ਕੋਈ ਵੀ ਕਾਰਨ ਹੋ ਸਕਦਾ ਹੈ। ਜਾਂ ਇੱਕ ਤੋਂ ਵਧ ਕਾਰਨ ਵੀ ਹੋ ਸਕਦੇ ਹਨ। ਹੋ
ਸਕਦਾ ਹੈ ਕਿ ਪੰਜਾਬ ਨਾਲੋਂ ਸਿਡਨੀ ਦੇ ਸਿੱਖ ਵਧ ਸਿਆਣੇ ਹੋਣ; ਜਾਂ ਫਿਰ ਇਹ ਵੀ ਹੋ ਸਕਦਾ ਹੈ ਗੁਰੂ
ਕੀ ਗੋਲਕ ਵਿਚੋਂ ਪੈਸੇ ਖ਼ਰਚ ਕੇ ਲਿਆਂਦੇ ਨਾਨ ਸਿੱਖ ਸੈਕਿਉਰਟੀ ਵਾਲ਼ਿਆਂ ਦੀ ਵਰਦੀ ਪਹਿਨੀ ਹਾਲ ਵਿੱਚ
ਮੌਜੂਦਗੀ ਕਰਕੇ ਇਹ ਟਾਲ਼ਾ ਹੋ ਗਿਆ ਹੋਵੇ। ਜਾਂ ਇਹਨਾਂ ਸਾਰਿਆਂ ਕਾਰਨਾਂ ਸਮੇਤ ਹੋਰ ਵੀ ਕੋਈ ਕਾਰਨ
ਹੋ ਸਕਦੇ ਹਨ।
ਹਰ ਹਾਲਤ ਵਿੱਚ ਇਸ ਗੱਲ ਦੀ ਸ਼ਲਾਘਾ ਕਰਨੀ ਹੀ ਬਣਦੀ ਹੈ ਕਿ ਹਾਜਰ ਸੱਜਣਾਂ
ਨੇ ਸਿਆਣਪ ਵਰਤੀ। ਹਾਂ, ਕੁੱਝ ਸਿਆਣੇ ਬੰਦੇ ਵਕੀਲਾਂ, ਕਚਹਿਰੀਆਂ ਦਾ ਰਾਹ ਜ਼ਰੂਰ ਵਿਖਾਲ਼ ਰਹੇ ਹਨ;
ਉਹ ਇਸ ਲਈ ਕਿ ਵਕੀਲਾਂ ਦੇ ਖ਼ਰਚੇ ਗੁਰੂ ਕੀ ਗੋਲਕ ਵਿਚੋਂ ਕੀਤੇ ਜਾ ਸਕਣ ਦੀ ਸੰਭਾਵਨਾ ਹੈ।