‘ਸ਼ਹੀਦ’ ਅਰਬੀ ਭਾਸ਼ਾ ਦੇ ਸ਼ਬਦ ‘ਸ਼ਹਾਦਤ’ ਤੋਂ ਬਣਿਆਂ ਹੈ। ਇਸ ਦੇ ਅਰਥ ਹਨ
----ਗਵਾਹੀ ਦੇਣਾ, ਸਾਖੀ ਭਰਨਾ। ਸ਼ਹੀਦ ਆਪਣੇ ਪ੍ਰਾਣਾਂ ਦੀ ਸ਼ਹਾਦਤ ਦੇ ਕੇ ਅਜੇਹੀ ਨਿਵੇਕਲੀ ਗਵਾਹੀ
ਦੇਂਦਾ ਹੈ, ਜਿਸ ਨਾਲ ਕੌਮਾਂ ਦੀ ਰੂਪ-ਰੇਖਾ ਬਣਦੀ ਹੈ। ਸ਼ਹੀਦਾਂ ਦੀ ਦੁਨੀਆਂ ਨੂੰ ਵਿਦਵਾਨ ਦੋ
ਸ਼੍ਰੇਣੀਆਂ ਵਿੱਚ ਵੰਡਦੇ ਹਨ। ਇੱਕ ਉਹ ਸ਼ਹੀਦ ਹਨ ਜੋ ਤਪ, ਤਿਆਗ, ਸਬਰ, ਸੰਤੋਖ, ਧੀਰਜ, ਨਿੰਮ੍ਰਤਾ,
ਸੱਚ, ਹਲੇਮੀ ਤੇ ਮਿਠਾਸ ਦੇ ਮੁਜੱਸਮੇ ਹੋਣ, ਇਹਨਾਂ ਸਚਾਈਆਂ ਨੂੰ ਧਾਰਨ ਵਾਲੇ ਨੂੰ ‘ਜਿਉਂਦਾ ਸ਼ਹੀਦ’
ਆਖਿਆ ਗਿਆ ਹੈ। ਦੂਸਰੇ ਉਹ ਸ਼ਹੀਦ ਹਨ ਜੋ ਉਪਰੋਕਤ ਸੱਚਾਈਆਂ ਨੂੰ ਬਰਕਰਾਰ ਰੱਖਣ ਦੀ ਖ਼ਾਤਰ ਆਪਣੀ ਜਾਨ
ਦੀ ਬਾਜ਼ੀ ਲਗਾ ਦੇਣ, ਇਹਨਾਂ ਨੂੰ ਅਮਰ ਸ਼ਹੀਦ ਦਾ ਰੁਤਬਾ ਦਿੱਤਾ ਜਾਂਦਾ ਹੈ। ਧਰਮ, ਸਚਾਈ ਤੇ ਰੱਬੀ
ਨਿਯਮਾਵਲੀ ਨੂੰ ਕਾਇਮ ਰੱਖਦਿਆਂ ਸਮੇਂ ਸਮੇਂ ਕਈ ਅਜੇਹੇ ਮਹਾਂ ਪੁਰਸ਼ ਪੈਦਾ ਹੋਏ ਹਨ, ਜਿਹਨਾਂ ਨੇ
ਸ਼ਹਾਦਤ ਦਾ ਜਾਮ ਪੀਤਾ। ਯੂਨਾਨ ਦੀ ਧਰਤੀ `ਤੇ ਸੁਕਰਾਤ ਇੱਕ ਅਜੇਹਾ ਮਹਾਂ ਪੁਰਸ਼ ਪੈਦਾ ਹੋਇਆ ਹੈ,
ਜਿਸ ਨੂੰ ਸਮੇਂ ਦੀ ਸਰਕਾਰ ਤੇ ਪੁਜਾਰੀਆਂ ਦੀ ਮਿਲ਼ੀ ਭੁਗਤ ਨਾਲ ਜ਼ਹਿਰ ਦਾ ਪਿਆਲਾ ਦੇ ਕੇ ਸਦਾ ਲਈ
ਖ਼ਤਮ ਕਰ ਦਿੱਤਾ ਪਰ ਉਹ ਸੱਚ ਦੀ ਅਵਾਜ਼ ਨੂੰ ਬੰਦ ਨਾ ਕਰ ਸਕੇ। ਸੁਕਰਾਤ ਨੂੰ ਜਦ ਜ਼ਹਿਰ ਦਾ ਪਿਆਲਾ
ਦਿੱਤਾ ਜਾਣ ਲੱਗਾ ਤਾਂ ਸੁਕਰਾਤ ਦੇ ਚੇਲੇ ਜ਼ਾਰੋ ਜ਼ਾਰ ਰੋਣ ਲੱਗ ਪਏ। ਸੁਕਰਾਤ ਨੇ ਕਿਹਾ, “ਐ ਮੈਨੂੰ
ਪਿਆਰ ਕਰਨ ਵਾਲਿਓ! ਤੁਸੀਂ ਕਿਉਂ ਰੋ ਰਹੇ ਹੋ”, ਤਾਂ ਉਸ ਦੇ ਚੇਲਿਆਂ ਨੇ ਉੱਤਰ ਦਿੱਤਾ, “ਐ
ਸੁਕਰਾਤ! ਤੂੰ ਬੇ ਗੁਨਾਹ ਮਰ ਰਿਹਾਂ ਏਂ, ਇਸ ਲਈ ਸਾਨੂੰ ਰੋਣਾ ਆ ਗਿਆ”। ਤਾਂ ਸੁਕਰਾਤ ਨੇ ਉਹਨਾਂ
ਸਾਰਿਆਂ ਨੂੰ ਬੜੇ ਹੀ ਪਿਆਰ ਨਾਲ ਸਮਝਾਇਆ ਤੇ ਕਿਹਾ, “ਤੁਹਾਨੂੰ ਖ਼ੁਸ਼ੀ ਹੋਣੀ ਚਾਹੀਦੀ ਹੈ ਕੇ ਮੈਂ
ਬੇ ਗੁਨਾਹ ਮਰ ਰਿਹਾ ਹਾਂ। ਕੀ ਤੁਸੀਂ ਤਾਂ ਖੁਸ਼ ਸੀ ਕਿ ਮੈਂ ਕੋਈ ਗੁਨਾਹ ਕਰਕੇ ਮਰਦਾ”। ਸੁਕਰਾਤ ਨੇ
ਫਿਰ ਬੋਲਿਆ, ਭੋਲਿਓ! “ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਗੁਨਾਹਗ਼ਾਰ ਦੁਨੀਆਂ ਅੰਦਰ ਬੇ-ਗ਼ੁਨਾਹ
ਹੋਣਾ ਵੀ ਇੱਕ ਗੁਨਾਹ ਹੈ, ਇੱਕ ਪਾਪ ਹੈ”। ਉਸ ਨੇ ਅੱਗੇ ਕਿਹਾ, “ਮੈਂ ਅੱਜ ਬਹੁਤ ਖੁਸ਼ ਹਾਂ, ਧਰਮ,
ਸਚਾਈ ਦੀ ਖ਼ਾਤਰ ਤੇ ਉਸ ਦੀਆਂ ਹਕੀਕਤਾਂ ਨੂੰ ਬਰਕਰਾਰ ਰੱਖਣ ਲਈ ਆਪਣੇ ਪਰਾਣ ਦੇ ਰਿਹਾ ਹਾਂ”।
ਸੁਕਰਾਤ ਸ਼ਹੀਦ ਹੋ ਗਿਆ, ਆਪਣੀ ਜਾਨ ਦੇ ਗਿਆ ਪਰ ਸੁਕਰਾਤ ਅਮਰ ਹੈ।
ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਦੁਨੀਆਂ ਵਿੱਚ ਨਿਵੇਕਲੀ ਹੈ। ਨਿੱਜੀ ਲਾਭ
ਦੀ ਖ਼ਾਤਰ ਨਹੀਂ, ਸਗੋਂ ਦੂਸਰਿਆਂ ਦੇ ਧਰਮ ਬਚਾਉਣ ਲਈ, ਮਨੁੱਖਤਾ ਦੇ ਭਲੇ ਲਈ ਉਹਨਾਂ ਨੇ ਆਪਣੀ
ਕੁਰਬਾਨੀ ਦਿੱਤੀ। ਉਹਨਾਂ ਦੀ ਸ਼ਹਾਦਤ ਦਾ ਮੁੱਖ ਕਰਾਨ, ਔਰੰਗਜ਼ੇਬ ਦੀ ਤੁਅੱਸਬ ਦੀ ਨੀਤੀ, ਧਰਮ ਦੇ
ਠੇਕੇਦਾਰ ਕਾਜ਼ੀ ਮੁਲਾਂ ਦੀ ਧਰਾਮਿਕ ਕੱਟੜਤਾ, ਬ੍ਰਾਹਮਣ ਪੁਜਾਰੀ ਦੀ ਅੰਦਰੋਂ ਵਿਰੋਧਤਾ ਸੀ। ਇਸ
ਨੀਤੀ ਦਾ ਸਾਰਾ ਹਿੰਦੁਸਤਾਨ ਸ਼ਿਕਾਰ ਹੋਇਆ। ਔਰੰਗਜ਼ੇਬ ਨੇ ਰਾਜ ਤੱਖਤ ਲੈਣ ਦੀ ਖ਼ਾਤਰ ਆਪਣੇ ਪਿਤਾ ਨੂੰ
ਜੇਹਲ ਵਿੱਚ ਬੰਦ ਕੀਤਾ, ਜੋ ਕੁੱਝ ਪਾਣੀ ਦੀਆਂ ਕੁੱਝ ਬੂੰਦਾਂ ਨੂੰ ਤਰਸਦਾ ਤਰਸਦਾ ਹੀ ਮਰ ਗਿਆ।
ਕੈਦੀ ਪਿਤਾ ਨੇ ਆਪਣੇ ਪਿਆਰੇ ਪੁੱਤਰ ਨੂੰ ਚਿੱਠੀ ਲਿਖੀ, “ਅੇ ਮੇਰੇ ਪਿਆਰੇ ਪੁੱਤਰ! ਤੇਰੇ ਨਾਲੋਂ
ਉਹ ਹਿੰਦੂ ਚੰਗੇ ਹਨ ਜੋ ਆਪਣੇ ਮਰ ਚੁੱਕੇ ਪਿੱਤਰਾਂ ਨੂੰ ਵੀ ਦੂਰ ਪਾਣੀ ਭੇਜਦੇ ਹਨ, ਪਰ ਤੂੰ ਆਪਣੇ
ਜ਼ਿਉਂਦੇ ਬਾਪ ਨੂੰ ਇੱਕ ਘੁੱਟ ਪਾਣੀ ਨਹੀਂ ਦੇ ਰਿਹਾ। ਕ੍ਰਿਪਾ ਮੈਨੂੰ ਜੋ ਕਲ੍ਹ ਨੂੰ ਪਾਣੀ ਪੀਣ ਲਈ
ਦੇਣਾ ਹੈ, ਉਸ ਵਿਚੋਂ ਅੱਧਾ ਪਾਣੀ ਅੱਜ ਭੇਜਦੇ, ਤਾਂ ਕੇ ਮੈਂ ਆਪਣੇ ਸੁੱਕ ਰਹੇ ਬੁੱਲਾਂ ਦੀ ਪਿਆਸ
ਬੁਝਾ ਸਕਾਂ”। ਔਰੰਗਜ਼ੇਬ ਨੇ ਕਿਹਾ, “ਐ ਅੱਬਾ ਜਾਨ! ਜਿਸ ਸਿਆਹੀ ਨਾਲ ਚਿੱਠੀ ਲਿਖੀ ਹੈ, ਉਸ ਦੇ ਸੂਪ
ਨਾਲ ਆਪਣਾ ਮੂੰਹ ਗਿਲਾ ਕਰ ਲੈਂਦਾ, ਮੇਰਾ ਐਵੇਂ ਸਮਾਂ ਬਰਬਾਦ ਕੀਤਾ ਈ”। ਜਿਹੜੀ ਰੁਬਾਈ ਸ਼ਾਹ ਜਹਾਨ
ਨੇ ਔਰੰਗਜ਼ੇਬ ਨੂੰ ਲਿਖੀ ਉਹ ਬੜੀ ਕਮਾਲ ਦੀ ਹੈ:----
ਬਾਬਾ ਏ ਮਨ ਬਹਾਦਰ ਮਨ ਈਂ ਰੋਜ਼ ਲਖ ਸਵਾਰ ਬੂੰਦਮ,
ਅਜ ਮੁਹਤਾਜ ਯਕ ਕਾਸਾ ਏ ਆਬਮ।
ਦਰੀਂ ਦੁਨੀਆਂ ਨ ਮਗਰੂਰ ਨਾ ਬਾਇਦ ਬੂਦ,
ਆਫ਼ਰੀਂ ਹਿੰਦੂਆਂ ਸਦ ਬਾਬ,
ਮੁਰਦਾਰਾ ਮੇਂ ਦਿਹੰਦ ਦਾਇਮ ਆਬ।
ਐ ਪਿਸਰ ਤੂੰ ਅਜਬ ਮੁਸਲਮਾਨੀ,
ਜ਼ਿੰਦਾ ਜਾਂ ਰਾ ਬ-ਆਬ ਤਰਸਾਨੀ।
ਔਰੰਗਜ਼ੇਬ ਨੇ ਆਪਣੀ ਵੱਡੀ ਭੈਣ ਰੋਸ਼ਨ ਆਰਾ ਵਰਗੀ ਨੂੰ ਹਲਕਾ ਹਲਕਾ ਜ਼ਹਿਰ ਦੇ
ਕੇ ਸਦਾ ਲਈ ਮਾਰ ਦਿੱਤਾ। ਜਦ ਕੇ ਇਸ ਦੀ ਭੈਣ ਨੇ ਇਸ ਨੂੰ ਤੱਖ਼ਤ ਦਿਵਾਉਣ ਵਿੱਚ ਅਹਿਮ ਭੂਮਿਕਾ
ਨਿਭਾਈ ਸੀ। ਵੱਡੇ ਭਰਾ ਦਾਰਾ ਸ਼ਿਕੋਹ ਦਾ ਕਤਲ ਕਰ ਦਿੱਤਾ। ਆਪਣੇ ਤੋਂ ਵੱਡੇ ਨੂੰ ਜ਼ਹਿਰ ਦੇ ਕੇ ਮਾਰ
ਦਿੱਤਾ। ਜ਼ੁਲਮ ਦੀ ਇੰਤਹਾ ਓਦੋਂ ਸਿਖ਼ਰ `ਤੇ ਪੁੱਜ ਗਈ, ਜਦੋਂ ਆਪਣੀ ਜਾ-ਨਸ਼ੀਂ ਬੇਟੀ ਜ਼ੇਬਉਲ-ਨਿਸ਼ਾ
ਨੂੰ ਵੀ ਜ਼ਹਿਰ ਦੇ ਕੇ ਮਾਰ ਦਿੱਤਾ। ਆਪਣੇ ਨਿਕਟ ਵਿੱਰਤੀ ਮਿਰਜ਼ਾ ਰਾਜਾ ਜੈ ਸਿੰਘ ਨੂੰ ਵੀ ਜ਼ਹਿਰ ਦੇ
ਕੇ ਮਾਰ ਦਿੱਤਾ। ਆਪਣੇ ਪਰਵਾਰ ਨੂੰ ਨਿਬੇੜ ਕੇ ਆਪਣੇ ਸੱਚੇ ਮਨ ਨਾਲ ਹਿੰਦੁਸਤਾਨ ਦੀ ਜੰਤਾ ਨੂੰ
ਜ਼ੁਲਮ ਦੀ ਚੱਕੀ ਵਿੱਚ ਪਿਸਣ ਲਈ ਮਜ਼ਬੂਰ ਕਰ ਦਿੱਤਾ। ਸਭ ਤੋਂ ਪਹਿਲੋਂ ਉਸ ਦਾ ਸ਼ਿਕਾਰ ਹਿੰਦੂ ਜੰਤਾ
ਹੋਈ। ਔਰੰਗਜ਼ੇਬ ਚਾਹੁੰਦਾ ਸੀ ਕਿ ਸਾਰਾ ਹਿੰਦੁਸਤਾਨ ਸੁੰਨੀ ਮੁਸਲਮਾਨ ਹੋਵੇ। ਸੰਨ ੧੬੬੯ ਈਸਵੀ ਨੂੰ
ਉਸ ਨੇ ਆਪਣਾ ਮਨ ਬਣ ਲਿਆ ਕੇ ਤਬਲੀਗ਼ ਦੇ ਕੰਮ ਨੂੰ ਸੁਚੱਜੇ ਢੰਗ ਨਾਲ ਕੀਤਾ ਜਾਏ। ਇਸ ਕੰਮ ਲਈ ਇੱਕ
ਵੱਖਰਾ ਵਿਭਾਗ ਖੋਹਲ ਦਿੱਤਾ। ਸੰਨ ੧੬੬੯ ਈਸਵੀ ਨੂੰ ਸਭ ਤੋਂ ਪਹਿਲਾਂ ਸਾਰੇ ਸ਼ਹਿਰਾਂ ਵਿੱਚ
ਪਾਠਸ਼ਾਲਾਵਾਂ ਬੰਦ ਹੀ ਨਹੀਂ ਕਰਵਾ ਦਿੱਤੀਆਂ, ਸਗੋਂ ਢਾਹ ਦਿੱਤੀਆਂ। ਸੰਨ ੧੬੭੦ ਈਸਵੀ ਨੂੰ ਇੱਕ
ਸ਼ਾਹੀ ਫੁਰਮਾਣ ਜਾਰੀ ਕਰਕੇ ਹਿੰਦੁਸਤਾਨ ਦੇ ਧਾਰਮਿਕ ਮੰਦਰਾਂ ਨੂੰ ਗਿਰਾਉਣ ਦਾ ਹੁਕਮ ਜਾਰੀ ਕਰ
ਦਿੱਤਾ। ਸੰਨ ੧੬੭੪ ਈਸਵੀ ਨੂੰ ਔਰੰਗਜ਼ੇਬ ਨੇ ਇਹ ਫ਼ੈਸਲਾ ਕਰ ਲਿਆ ਕਿ ਸਾਰੇ ਹਿੰਦੁਸਤਾਨ ਨੂੰ ਇਸਲਾਮ
ਦੇ ਦਾਇਰੇ ਵਿੱਚ ਲਿਆਉਣ ਲਈ ਇੱਕ ਪਾਸੇ ਤੋਂ ਕੰਮ ਸ਼ੁਰੂ ਕੀਤਾ ਜਾਏ। ਇਹ ਕੰਮ ਕਰਨ ਲਈ ਉਸ ਨੇ ਕਸ਼ਮੀਰ
ਨੂੰ ਚੁਣਿਆ। ਕਸ਼ਮੀਰ ਨੂੰ ਕਿਉਂ ਚੁਣਿਆ ਗਿਆ, ਇਸ ਦੇ ਕਈ ਕਾਰਨ ਹਨ। ਇੱਕ ਤਾਂ ਇਹ ਪੇਸ਼ਾਵਰ ਤੇ ਕਾਬਲ
ਦੇ ਨੇੜੇ ਹੈ, ਧਰਮ ਦੇ ਨਾਂ `ਤੇ ਜਹਾਦ ਖੜਾ ਕੀਤਾ ਜਾ ਸਕਦਾ ਹੈ। ਦੂਸਰਾ ਜੇ ਵਿਦਵਾਨ ਪੰਡਿਤ ਇਸਲਾਮ
ਧਾਰਨ ਕਰ ਲੈਣ ਤਾਂ ਜਨ-ਸਧਾਰਨ ਜੰਤਾ ਸਹਿਜੇ ਹੀ ਆਪਣਾ ਧਰਮ ਤਬਦੀਲ ਕਰ ਲਵੇਗੀ। ਤੀਸਰਾ ਪੂਜਾ ਦਾ
ਧਾਨ ਲੈਣ ਵਾਲਾ ਆਦਮੀ ਹਮੇਸ਼ਾਂ ਲਾਲਚੀ ਹੋ ਜਾਂਦਾ ਹੈ, ਜ਼ਮੀਰ ਮਰ ਜਾਂਦੀ ਹੈ, ਥੋੜਾ ਲਾਲਚ ਦਿੱਤਿਆਂ
ਹੀ ਆਪਣਾ ਈਮਾਨ ਵੇਚ ਲੈਂਦਾ ਹੈ। ਇਸ ਤਰ੍ਹਾਂ ਆਪਣੇ ਪਰਵਾਰ `ਤੇ ਜ਼ੁਲਮ ਢਾਹ ਕੇ ਹਿੰਦੂਆਂ ਨੂੰ ਆਪਣੇ
ਜ਼ੁਲਮ ਦਾ ਸ਼ਿਕਾਰ ਬਣਾਇਆ ਤੇ ਸਭ ਤੋਂ ਪਹਿਲਾਂ ਕਸ਼ਮੀਰ ਨੂੰ ਚੁਣਿਆ।
ਕਸ਼ਮੀਰੀ ਪੰਡਿਤ ਅਨੰਦਪੁਰ ਆਏ, ਆਪਣੇ ਦੁਖੜੇ ਗੁਰੂ ਜੀ ਅੱਗੇ ਰੱਖੇ:--
ਦੁਖੀਏ ਬਿਪਰ ਜੁ ਚਲ ਆਏ ਪੁਰੀ ਅਨੰਦ।
ਬਾਂਹ ਸਾਡੀ ਪਕੜੀਏ ਗੁਰੂ ਹਰਿ ਗੋਬਿੰਦ ਕੇ ਚੰਦ।
ਸਮੁੱਚੇ ਹਿੰਦੁਸਤਾਨ ਦੀ ਪਰਜਾ `ਤੇ ਹੋ ਰਹੇ ਜ਼ੁਲਮ ਤੇ ਹਿੰਦੂ ਵੀਰਾਂ ਦਾ
ਤਰਲਾ ਸੁਣ ਕੇ ਪਿਤਾ ਗੁਰੂ ਤੇਗ ਬਹਾਦਰ ਜੀ ਨੇ ਮਨ ਵਿੱਚ ਨਿਸਚਾ ਕਰ ਲਿਆ ਕਿ ਹੁਣ ਆਪਣਾ ਸੀਸ
ਲੱਗੇਗਾ। ਹੈਰਾਨਗੀ ਦੀ ਕਥਾ ਹੈ—ਗੁਰੂ ਨਾਨਕ ਸਾਹਿਬ ਜੀ ਕਹਿ ਰਹੇ ਹਨ ਕੇ ਮੈਂ ਜਨੇਊ ਨਹੀਂ ਪਾਉਣਾ,
ਪਰ ਗੁਰੂ ਤੇਗ ਬਹਾਦਰ ਜੀ ਕਹਿ ਰਹੇ ਹਨ ਕਿ ਮੈਂ ਜਨੇਊ ਲੱਥਣ ਨਹੀਂ ਦੇਣਾ ਇਸ ਦਾ ਕੀ ਕਾਰਨ ਹੈ।
ਦਰ-ਅਸਲ ਗੁਰੂ ਨਾਨਕ ਦੇ ਘਰ ਦਾ ਸਦੀਵ ਕਾਲ ਅਦਰਸ਼ ਹੈ ਕਿ ਕਿਸੇ `ਤੇ ਧੱਕਾ ਨਹੀਂ ਹੋਣ ਦੇਣਾ, ਭਾਵ
ਸਿੱਖੀ ਦਾ ਸਿਧਾਂਤ ਹੈ ਕਿ ਕਿਸੇ ਨਾਲ ਜ਼ਿਆਦਤੀ ਨਹੀਂ ਹੋਣ ਦੇਣੀ। ਪੰਡਿਤ ਧੱਕੇ ਨਾਲ ਜਨੇਊ ਪਾਉਣਾ
ਚਾਹੁੰਦਾ ਹੈ ਪਰ ਗੁਰਦੇਵ ਜੀ ਧੱਕੇ ਨਾਲ ਜਨੇਊ ਨਹੀਂ ਪਾਉਣਾ ਚਹੁੰਦੇ ਏੱਥੇ ਪ੍ਰਤੱਖ ਬ੍ਰਹਾਮਣ ਦੇ
ਕਰਮ-ਕਾਂਡ ਦਾ ਧੱਕਾ ਦਿਖਾਈ ਦੇਂਦਾ ਹੈ ਜੋ ਗੁਰੂ ਨਾਨਕ ਸਾਹਿਬ ਜੀ ਨੂੰ ਕਿਸੇ ਵੀ ਕੀਮਤ `ਤੇ ਪਰਵਾਨ
ਨਹੀਂ ਹੈ। ਔਰੰਗਜ਼ੇਬ ਧੱਕੇ ਨਾਲ ਜਨੇਊ ਉਤਾਰਨਾ ਚਾਹੁੰਦਾ ਹੈ – ਪਰ ਗੁਰਦੇਵ ਜੀ ਅਖਦੇ ਹਨ ਧਾਰਮਿਕ
ਅਜ਼ਾਦੀ ਹੋਣੀ ਚਾਹੀਦੀ ਹੈ, ਇਸ ਲਈ ਗੁਰਦੇਵ ਪਿਤਾ ਇਸ ਜ਼ਬਰਦੱਸਤੀ ਦੀ ਵਿਰੋਧਤਾ ਕਰਦੇ ਹਨ। ਸਿੱਖ ਦੀ
ਧੱਕੇ, ਬੇ-ਇਨਸਾਫ਼ੀ ਨਾਲ ਵਿਰੋਧਤਾ ਹੈ। ਗੁਰੂ ਜੀ ਦੀ ਸ਼ਹਾਦਤ ਜਿੱਥੇ ਪਰਾਏ ਧਰਮ ਨੂੰ ਬਚਾਉਣ ਦੀ
ਖ਼ਾਤਰ ਹੈ, ਉੱਥੇ ਸਾਰੇ ਭਾਰਤੀਆਂ `ਤੇ ਹੋ ਰਹੇ ਜ਼ੁਲਮ ਨੂੰ ਠੱਲ੍ਹ ਪਾਉਣ ਲਈ ਹੈ। ਕੇਵਲ ਇੱਕ
ਹਿੰਦੂਆਂ ਲਈ ਸ਼ਹੀਦੀ ਨਹੀਂ, ਸਗੋਂ ਔਰੰਗਜ਼ੇਬ ਦੀ ਕੱਟੜਤਾ, ਸਰਈ, ਬੇ-ਇਨਸਾਫ਼ੀ, ਉਸ ਦੀ ਤੰਗ ਦਿੱਲੀ,
ਜ਼ੁਲਮ ਕਰਨ ਦੀ ਨੀਤੀ ਦੇ ਵਿਰੋਧ ਵਿੱਚ ਹੈ। ਗੁਰੂ ਜੀ ਦਾ ਸਿਧਾਂਤ ਹੈ---ਨਾ ਡਰੋ ਤੇ ਨਾ ਕਿਸੇ ਨੂੰ
ਡਰਾਓ। ਅਣਖ਼ ਨਾਲ ਜ਼ਿੰਦਗੀ ਜਿਉਣ ਦੀ ਜਾਚ ਸਿੱਖੋ।
ਗੁਰੂ ਤੇਗ ਬਹਾਦਰ ਜੀ ੮ ਜੁਲਾਈ ੧੬੭੫ ਈਸਵੀ ਨੂੰ ਗੁਰਿਆਈ ਦੀਆਂ
ਜ਼ਿੰਮੇਵਾਰੀਆਂ ਗੁਰੂ ਗੋਬਿੰਦ ਸਿੰਘ ਜੀ ਨੂੰ ਸੌਂਪ ਕੇ, ਆਪ ਪੰਜਾਂ ਸਿਖਾਂ ਨੂੰ ਨਾਲ ਲੈ ਕੇ ਦਿੱਲੀ
ਵਲ ਨੂੰ ਚੱਲ ਪਏ। ਸੰਗਤ ਨਾਲ ਚੱਲਣਾ ਚਾਹੁੰਦੀ ਸੀ। ਆਪ ਜੀ ਨੇ ਹੁਕਮ ਦਿੱਤਾ, ਸਾਰੀ ਸੰਗਤ ਅਨੰਦਪੁਰ
ਹੀ ਰਹੇਗੀ। ਆਪ ਜੀ ਨੇ ਨਗਰ ਨਗਰ ਉਪਦੇਸ਼ ਕਰਦਿਆਂ ਨਵੰਬਰ ਵਿੱਚ ਆਗਰੇ ਤੋਂ ਗ੍ਰਿਫ਼ਤਾਰੀ ਦਿੱਤੀ
ਗੁਰਦੇਵ ਪਿਤਾ ਜੀ ਨੂੰ ਸਰੀਰਕ ਕਸ਼ਟ ਦੇਣ ਲਈ ਇੱਕ ਲੋਹੇ ਦੇ ਪਿੰਜਰੇ ਵਿੱਚ ਬੰਦ ਕੀਤਾ ਗਿਆ। ਭਾਈ
ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਤੇ ਭਾਈ ਦਇਆਲਾ ਜੀ ਨੂੰ ਵੱਖਰਿਆਂ ਬੰਦ ਕੀਤਾ ਗਿਆ। ਭਾਈ ਓਦੈ ਜੀ,
ਭਾਈ ਗੁਰਦਿੱਤਾ ਜੀ, ਨੂੰ ਗ਼੍ਰਿਫ਼ਤਾਰੀ ਦੇਣ ਤੋਂ ਮਨ੍ਹੇ ਕਰ ਦਿੱਤਾ।
ਗੁਰੂ ਜੀ ਦੇ ਸਾਹਮਣੇ ਤਿੰਨ ਸ਼ਰਤਾਂ ਰੱਖੀਆਂ ਗਈਆਂ –ਕਰਾਮਾਤ ਦਿਖਾਓ, ਦੂਜਾ
ਮੁਸਲਮਾਨ ਹੋ ਜਾਓ ਤੇ ਜਾਂ ਸਹੀਦੀ ਦੇਣ ਲਈ ਤਿਆਰ ਹੋ ਜਾਓ। ਗੁਰਦੇਵ ਪਿਤਾ ਜੀ ਨੇ ਅਖ਼ੀਰਲਾ ਰਸਤਾ
ਚੁਣਿਆ। ਸਭ ਤੋਂ ਪਹਿਲਾਂ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ। ਦਹਿਸ਼ਤ ਫਲਾਉਣ ਲਈ ਵੱਖ ਵੱਖ ਕਿਸਮ ਦੀਆਂ
ਸਜ਼ਾਵਾਂ ਦਿੱਤੀਆਂ ਗਈਆਂ। ਭਾਈ ਦਇਆਲਾ ਜੀ ਨੂੰ ਦੇਗ਼ ਵਿੱਚ ਉਬਾਲਣ ਦਾ ਹੁਕਮ ਦਿੱਤਾ ਗਿਆ। ਭਾਈ ਸਤੀ
ਦਾਸ ਜੀ ਨੂੰ ਰੂੰਅ ਵਿੱਚ ਬੰਨ੍ਹ ਕੇ ਸਾੜਨ ਦਾ ਫਤਵਾ ਲਗਾਇਆ ਗਿਆ ਅਤੇ ਭਾਈ ਮਤੀ ਦਾਸ ਜੀ ਨੂੰ ਆਰੇ
ਨਾਲ ਚੀਰ ਕੇ ਦੋ ਫਾੜ ਕਰਨ ਦਾ ਹੁਕਮ ਸੁਣਾਇਆ ਗਿਆ। ਭਾਈ ਮਤੀ ਦਾਸ ਜੀ ਨੂੰ ਕਾਜ਼ੀ ਮਨ ਦੀ ਇੱਛਾ
ਪੁੱਛਦਾ ਹੈ, ਕਿਸੇ ਕਵੀ ਨੇ ਬਹੁਤ ਹੀ ਸੁੰਦਰ ਸ਼ਬਦਾਂ ਵਿੱਚ ਲਿਖਿਆ ਹੈ:---
ਕਾਜ਼ੀ ਆਖਦਾ ਦੱਸ ਖ਼ਾਂ ਮਤੀ ਦਾਸਾ ਤੇਰੀ ਆਖ਼ਰੀ ਇੱਛਿਆ ਹੱਲ ਹੋਵੇ।
ਜੋ ਚਾਹੇਂ ਉਹ ਤੂੰ ਪਾ ਸਕਦੈਂ ਉਹ ਹਾਜ਼ਰ ਹੀ ਓਸੇ ਪਲ ਹੋਵੇ।
ਅੱਗੋਂ ਮਤੀ ਦਾਸ ਜੀ ਜੋ ਉੱਤਰ ਦਿੱਤਾ ਉਹ ਬਹੁਤ ਹੀ ਕਮਾਲ ਦਾ ਹੈ:--
ਕਿਹਾ ਮਤੀ ਦਾਸ ਜੀ ਨੇ ਹੱਸ ਕੇ ਤੇ ਮੇਰੀ ਆਖ਼ਰੀ ਇੱਛਿਆ ਹੱਲ ਹੋਵੇ।
ਸੀਸ ਮੇਰੇ `ਤੇ ਜਦੋਂ ਚੱਲੇ ਆਰਾ ਮੇਰਾ ਮੂੰਹ ਗੁਰੂ ਪਿੰਜਰੇ ਵਲ ਹੋਵੇ।
ਤਿੰਨ ਸੂਰਬੀਰ ਯੋਧਿਆਂ ਨੂੰ ਅਸਹਿ ਤੇ ਅਕਹਿ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ
ਗਿਆ। ਫਿਰ ਗੁਰੂ ਤੇਗ ਬਹਾਦਰ ਜੀ ਦੀ ਵਾਰੀ ਆਈ, ਕਾਜ਼ੀ ਕਹਿੰਦਾ, ਅਜੇ ਵੀ ਸਮਾਂ ਹੈ, “ਹਕੂਮਤ ਨਾਲ
ਸਾਂਝ ਪਾ ਲਓ ਤੇ ਆਪਣਾ ਖ਼ਿਆਲ ਛੱਡ ਦਿਓ, ਬੱਸ ਸਾਡੀ ਹਾਂ ਵਿੱਚ ਹਾਂ ਮਿਲਾਓ ਤੇ ਜਾਨ ਬੱਚ ਸਕਦੀ
ਹੈ”। ਕਾਜ਼ੀ ਨੇ ਆਪਣੀ ਗੱਲ ਜਾਰੀ ਰੱਖਦਿਆਂ ਆਖਿਆ— “ਦੇਖੋ ਅਸਾਂ ਤੁਹਾਡੇ ਸਿੱਖਾਂ ਦਾ ਕੀ ਹਾਲ ਕੀਤਾ
ਹੈ”। ਸ਼ਾਂਤ ਚਿੱਤ ਗੁਰਦੇਵ ਪਿਤਾ ਜੀ ਨੇ ਕੇਵਲ ਇਤਨਾਂ ਹੀ ਕਿਹਾ ਕਿ, “ਐ ਕਾਜ਼ੀ ਮੈਨੂੰ ਖ਼ੁਸ਼ੀ ਹੋਈ
ਹੈ ਕਿ ਗੁਰੂ ਨਾਨਕ ਸਾਹਿਬ ਜੀ ਦੇ ਸਕੂਲ ਦੇ ਪੜ੍ਹੇ ਹੋਏ ਵਿਦਿਆਰਥੀ ਅੱਜ ਪੂਰੇ ਦੇ ਪੂਰੇ ਨੰਬਰ ਲੈ
ਕੇ ਇਮਤਿਹਾਨ ਵਿਚੋਂ ਪਾਸ ਹੋਏ ਹਨ”। ਫਿਰ ਜਲਾਦ ਬੋਲਿਆ ਤੇ ਕਹਿੰਦਾ, ਮੈਂ, “ਖ਼ਾਨਦਾਨੀ ਜਲਾਦ ਹਾਂ”।
ਗੁਰੂ ਜੀ ਨੇ ਕਿਹਾ – “ਜਲਾਦ ਤੂੰ ਭੁੱਲਦਾ ਏਂ, ਤੈਨੂੰ ਨਹੀਂ ਪਤਾ ਅਸੀਂ ਸ਼ਹੀਦੀਆਂ ਪਾਉਣ ਵਾਲੇ
ਖ਼ਾਨਦਾਨੀ ਸ਼ਹੀਦ ਹਾਂ”। ਅਖ਼ੀਰ ਵਿੱਚ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕੀਤਾ ਗਿਆ। ਉਸਤਾਦ ਕਵੀ
‘ਦੀਪਕ ਜੈਤੋਈ’ ਦੀਆਂ ਇਸ ਸਮੇਂ ਦੀਆਂ ਬੜੀਆਂ ਸੁੰਦਰ ਸਤਰਾਂ ਹਨ:---
ਅੰਤ ਵਿੱਚ ਨੂਰ ਦੇ ਪੁੰਜ ਸਤਿਗੁਰ, ਕੀਤੇ ਗਏ ਸ਼ਹੀਦ ਤਲਵਾਰ ਦੇ ਨਾਲ਼।
ਹਾਹਾ ਕਾਰ ਮੱਚੀ ਸਾਰੇ ਜੱਗ ਅੰਦਰ, ਜੈ ਜੈ ਦੇਵਤੇ ਕਰਨ ਸਤਿਕਾਰ ਦੇ ਨਾਲ।
ਮਿਲੀ ਜ਼ਿੰਦਗੀ ਧਰਮ ਨੂੰ ਨਵੀਂ ‘ਦੀਪਕ’, ਉਹ ਅਸੀਸਾਂ ਦਾਤਾਰ ਨੂੰ ਦੇ ਰਿਹਾ
ਏ।
ਅਜੇ ਤੀਕ ਵੀ ਚਾਦਨੀ ਚੋਂਕ ਅੰਦਰ, ਚਾਨਣ ਸਾਰੇ ਸੰਸਾਰ ਨੂੰ ਦੇ ਰਿਹਾ ਹੈ।
ਭਾਈ ਜੈਤਾ ਜੀ, ਭਾਈ ਓਦੈ ਜੀ, ਭਾਈ ਗੁਰਦਿੱਤਾ ਜੀ ਅਤੇ ਭਾਈ ਲੱਖੀ ਸ਼ਾਹ
ਵਣਜਾਰ ਜੀ ਨੇ ਸਕੀਮ ਬਣਾ ਕੇ, ਗੁਰਦੇਵ ਪਿਤਾ ਜੀ ਦੇ ਪਵਿੱਤਰ ਸੀਸ ਅਤੇ ਪਵਿੱਤਰ ਧੜ੍ਹ ਨੂੰ
ਸੰਭਾਲਿਆ। ਸੀਸ ਭਾਈ ਜੈਤਾ ਜੀ ਨੇ ਉਠਾਇਆ ਤੇ ਧੜ੍ਹ ਭਾਈ ਲੱਖੀ ਸ਼ਾਹ ਨੇ ਉਠਾਇਆ। ਭਾਈ ਜੈਤਾ ਜੀ ਨੇ
ਸੀਸ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਲਿਆਂਦਾ। ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ “ਰੰਘਰੇਟਾ
ਗੁਰੂ ਕਾ ਬੇਟਾ”। ਧੜ ਲੱਖੀ ਸ਼ਾਹ ਵਣਜਾਰੇ ਨੇ ਆਪਣੇ ਘਰ ਲਿਜਾ ਕੇ ਸਾਰੇ ਹੀ ਘਰ ਨੂੰ ਅੱਗ ਲਗਾ
ਦਿੱਤੀ। ਤੇ ਉੱਚੀ ਦੇਣੇ ਕਹਿੰਦਾ--- “ਲੋਕੋ ਭੱਜੋ ਆਓ ਮੇਰਾ ਘਰ ਸੜ੍ਹ ਗਿਆ ਹੈ, ਮੈਂ ਬਰਬਾਦ ਹੋ
ਗਿਆ ਹਾਂ”। ਕੋਲ ਹੀ ਖੜੇ ਇੱਕ ਦਾਨਸ਼ਮੰਦ ਨੇ ਕਿਹਾ ਲੱਖੀ ਸ਼ਾਹ ਵਣਜਾਰਿਆ ਝੂਠ ਨਾ ਬੋਲ, ਤੇਰਾ ਘਰ
ਨਹੀਂ ਸੜ੍ਹ ਰਿਹਾ ਏੱਥੇ ਤਾਂ ਰਕਾਬ ਗੰਜ ਗੁਰਦੁਆਰੇ ਦੀ ਉਸਾਰੀ ਹੋ ਰਹੀ ਹੈ।
ਇਸ ਸ਼ਹਾਦਤ ਨੇ ਸਾਰਾ ਹਿੰਦੁਸਤਾਨ ਹਿਲਾ ਕੇ ਰੱਖ ਦਿੱਤਾ। ਔਰੰਗਜ਼ੇਬ `ਤੇ ਕਈ
ਪਾਸਿਓਂ ਹਮਲੇ ਹੋਏ ਪਰ ਬੱਚ ਜਾਂਦਾ ਰਿਹਾ। ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਜੈਤਾ ਜੀ ਨੂੰ ਪਿਆਰ
ਗੱਲਵੱੜੀ ਵਿੱਚ ਲੈ ਕੇ ਜਦੋਂ ਇਹ ਕਿਹਾ ਕਿ ਰੰਘਰੇਟਾ ਗੁਰੂ ਕਾ ਬੇਟਾ ਤਾਂ ਇਲਾਹੀ ਬਖਸ਼ਿਸ਼ ਕਰਦਿਆਂ
ਕਿਹਾ ਜੋ ਗੁਰੂ ਨਾਨਕ ਸਾਹਿਬ ਜੀ ਨੇ ਪੰਥ ਚਲਾਇਆ ਹੈ ਉਸ ਵਿਚੋਂ ਅੱਜ ਖਾਲਸਾ ਪ੍ਰਗਟ ਹੋਇਆ ਹੈ।
ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੇ ਚੌਵੀ ਸਾਲ ਉਪਰੰਤ ਗੁਰੂ ਗੋਬਿੰਦ ਸਿੰਘ ਜੀ ਨੇ ਖੰਡੇ ਦੀ
ਪਾਹੁਲ ਦੇ ਕੇ ਖ਼ਾਲਸਾ ਪ੍ਰਗਟ ਕਰ ਦਿੱਤਾ। ਇੰਜ ਆਖੀਏ ਗੁਰੂ ਨਾਨਕ ਸਾਹਿਬ ਜੀ ਦੇ ਨਿਰਮਲ ਪੰਥ ਵਿਚੋਂ
ਖਾਲਸਾ ਪੰਥ ਪ੍ਰਗਟ ਹੋਇਆ ਤਾਂ ਕਿ ਲੱਖਾਂ ਵਿਚੋਂ ਦਸਤਾਰ ਵਾਲਾ ਸਿੱਖ ਪਹਿਛਾਣਿਆ ਜਾਏ। ਗੁਰਦੇਵ
ਪਿਤਾ ਜੀ ਨੇ ਆਪਣੀ ਸ਼ਹਾਦਤ ਦੇ ਕੇ ਰੁੜ੍ਹਦੇ ਜਾਂਦੇ ਹਿੰਦੂ-ਧਰਮ ਨੂੰ ਬਚਾਇਆ ਹੈ, ਓਥੇ ਸਮੁੱਚੇ
ਭਾਰਤ ਦੀ ਪਰਜਾ ਨੂੰ ਸੁੱਖ ਸ਼ਾਂਤੀ ਦੇਣ ਲਈ ਆਪਣੇ ਸਰੀਰ ਦੀ ਕੁਰਬਾਨੀ ਦਿੱਤੀ ਹੈ।
ਸਾਨੂੰ ਉਹਨਾਂ ਦੀ ਸ਼ਹਾਦਤ ਤੋਂ ਪ੍ਰੇਰਨਾ ਲੈ ਕੇ ਆਪਣੇ ਵਿਰਸੇ ਨਾਲ ਅਤੇ
ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜਨਾ ਚਾਹੀਦਾ ਹੈ। ਕਿਸੇ ਸ਼ਾਇਰ ਦਾ ਬੜਾ ਪਿਆਰਾ ਹਲੂਣਾ
ਦੇਣ ਲਈ ਖ਼ਿਆਲ ਹੈ:--
ਫ਼ਲ਼ਦੇ ਫ਼ੁਲ਼ਦੇ ਨੇ ਕੌਮਾਂ ਦੇ ਬ੍ਰਿਛ ਉਹੋ, ਕੌਮਾਂ ਉਹਨਾਂ ਦੀ ਹੀ ਛਾਵੇਂ
ਬਹਿੰਦੀਆਂ ਨੇ।
ਵਿੱਚ ਔੜ ਦੇ ਵੀ ਜੜ੍ਹਾਂ ਜਿਨ੍ਹਾਂ ਦੀਆਂ, ਨਾਲ ਰੱਤ ਦੇ ਗਿਲੀਆਂ ਰਹਿੰਦੀਆਂ
ਨੇ।