ੴ ਸਤਿਗੁਰ
ਪ੍ਰਸਾਦਿ॥
ਸਿੱਖ ਅਰਦਾਸ ਅਤੇ ਭਗਉਤੀ
ਸਾਨੂੰ ਸਾਰਿਆਂ ਨੂੰ ਪਤਾ ਹੈ ਕਿ “ਸਿੱਖ ਅਰਦਾਸ”, ਸਿੱਖ ਰਹਿਤ ਮਰਯਾਦਾ
ਵਿੱਚ ਅੰਕਤਿ ਹੈ (੧੯੪੫, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ)। ਫੁੱਟ ਨੋਟ ਦੁਆਰਾ
ਇਹ ਭੀ ਹਦਾਇਤ ਕੀਤੀ ਹੋਈ ਹੈ ਕਿ * ਇਹ ਅਰਦਾਸ ਦਾ ਨਮੂਨਾ ਹੈ। “ਪ੍ਰਿਥਮ ਭਗੌਤੀ” ਵਾਲੇ ਸ਼ਬਦ ਅਤੇ
‘ਨਾਨਕ ਨਾਮ’ ਵਾਲੀਆਂ ਅੰਤਲੀਆਂ ਦੋ ਤੁਕਾਂ ਵਿੱਚ ਕੋਈ ਤਬਦੀਲੀ ਨਹੀਂ ਹੋ ਸਕਦੀ। ਸ਼੍ਰੋਮਣੀ ਕਮੇਟੀ
ਵਲੋਂ ਛਪੇ “ਨਿਤਨੇਮ ਅਤੇ ਸੁੰਦਰ ਗੁਟਕਿਆਂ” ਵਿੱਚ ਭੀ ਇਹ ਅਰਦਾਸ ਦਰਜ਼ ਕੀਤੀ ਹੋਈ ਹੈ। ਕਈ ਲੇਖਕਾਂ
ਨੇ ਤਾਂ ਕਿਤਾਬਾਂ ਲਿਖ ਕੇ ਅਰਦਾਸ ਵਾਰੇ ਬਹੁਤ ਜਾਣਕਾਰੀ ਦਿੱਤੀ ਹੋਈ ਹੈ ਤਾਂ ਜੋ ਸਾਨੂੰ ਇਸ ਦੀ
ਮਹਤੱਤਾ ਦਾ ਪਤਾ ਰਹੇ ਕਿ ਅਸੀਂ “ਗੁਰੂ ਗ੍ਰੰਥ ਸਾਹਿਬ” ਅਗੇ ਖਲੋ ਕੇ ਕਿਵੇਂ ਅਰਦਾਸ ਕਰਨੀ ਹੈ।
ਸਾਡੀ ਸੇਧ ਲਈ, ਇਹ ਭੀ ਜਾਣਕਾਰੀ ਦਿੱਤੀ ਹੋਈ ਹੈ ਕਿ ਜੇ ਸ੍ਰੀ ਗੁਰੂ ਗ੍ਰੰਥ ਜੀ ਮੌਜੂਦ ਨਾ ਹੋਣ
ਤਾਂ ਕਿਸੇ ਪਾਸੇ ਮੂੰਹ ਕਰਕੇ ਅਰਦਾਸ ਕਰੋ, ਪ੍ਰਵਾਨ ਹੈ।
ਅਜ-ਕਲ ਇੰਟਰਨਿੱਟ ਅਤੇ ਸਿੱਖ ਮੈਗਜ਼ੀਨਾਂ ਦੁਆਰਾ “ਬਚਿਤ੍ਰ ਨਾਟਕ / ਦਸਮ
ਗ੍ਰੰਥ” ਵਾਰੇ ਕਾਫੀ ਚਰਚਾ ਹੋਣ ਕਰਕੇ, ਇਹ ਪਤਾ ਲਗਾ ਕਿ ਸਿੱਖ ਅਰਦਾਸ ਦੀ ਸ਼ੁਰੂਆਇਤ “ਵਾਰ ਦੁਰਗਾ
ਕੀ” ਤੋਂ ਹੋਈ ਜਾਪਦੀ ਹੈ। ਇਸ ਵਾਰ ਦੀਆਂ ਪਹਿਲੀਆਂ ਦੋ ਅਤੇ ਆਖ਼ੀਰਲੀਆਂ ਦੋ ਪਉੜੀਆਂ ਜਾਣਕਾਰੀ ਲਈ
ਦਿੱਤੀਆਂ ਜਾ ਰਹੀਆਂ ਹਨ ਤਾਂ ਜੋ ਸਾਨੂੰ ਪਤਾ ਰਹੇ ਕਿ ਅਸੀਂ ਅਰਦਾਸ ਕਿਸ ਭਗਉਤੀ / ਭਗੌਤੀ ਅਗੇ ਕਰ
ਰਹੇਂ ਹਾਂ?
ਵਾਰ ਦੁਰਗਾ ਕੀ
ੴ ਸਤਿਗੁਰ ਪ੍ਰਸਾਦਿ
ਸ੍ਰੀ ਭਗਉਤੀ ਜੀ ਸਹਾਇ
ਅਥ ਵਾਰ ਦੁਰਗਾ ਕੀ ਲਿਖ੍ਹਯਤੇ
ਪਾਤਿਸਾਹੀ ੧੦
ਪਉੜੀ
ਪ੍ਰਥਮਿ ਭਗਉਤੀ ਸਿਮਰਕੈ ਗੁਰੂ ਨਾਨਕ ਲਈ ਧਿਆਇ। ਅੰਗਦ ਗੁਰ ਤੇ ਅਮਰਦਾਸ
ਰਾਮਦਾਸੈ ਹੋਈ ਸਹਾਇ। ਅਰਜੁਨ ਹਰਿਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸਨਿ ਧਿਆਇਐ
ਜਿਸੁ ਡਿਠੇ ਸਭੁ ਦੁਖੁ ਜਾਇ। ਤੇਗ ਬਹਾਦੁਰ ਸਿਮਰੀਐ ਘਰਿ ਨੌਨਿਧ ਆਵੈ ਧਾਇ। ਸਭ ਥਾਈ ਹੋਇ ਸਹਾਇ। ੧।
{ਡਾ: ਰਤਨ ਸਿੰਘ ਜੱਗੀ ਅਤੇ ਡਾ: ਗੁਰਸ਼ਰਨ ਕੌਰ ਜੱਗੀ ਅਨੁਸਾਰ, ਇਸ ਦੇ ਅਰਥ
ਹਨ} :
(ਸਭ ਤੋਂ) ਪਹਿਲਾਂ ਭਗੌਤੀ ਨੂੰ ਸਿਮਰਦਾ ਹਾਂ ਅਤੇ (ਫਿਰ) ਗੁਰੂ ਨਾਨਕ ਦੇਵ
ਨੂੰ ਯਾਦ ਕਰਦਾ ਹਾਂ। (ਫਿਰ) ਗੁਰੂ ਅੰਗਦ, (ਗੁਰੂ) ਅਮਰਦਾਸ ਅਤੇ (ਗੁਰੂ) ਰਾਮਦਾਸ (ਨੂੰ ਸਿਮਰਦਾ
ਹਾਂ ਕਿ ਮੇਰੇ) ਸਹਾਈ ਹੋਣ। (ਗੁਰੂ) ਅਰਜਨ ਦੇਵ, (ਗੁਰੂ) ਹਰਿਗੋਬਿੰਦ ਅਤੇ (ਗੁਰੂ) ਸ੍ਰੀ ਹਰਿ ਰਾਇ
ਨੂੰ ਸਿਮਰਦਾ ਹਾਂ। (ਫਿਰ ਗੁਰੂ) ਸ੍ਰੀ ਹਰਿਕ੍ਰਿਸ਼ਨ ਨੂੰ ਆਰਾਧਦਾ ਹਾਂ ਜਿਨ੍ਹਾਂ ਦੇ ਦਰਸ਼ਨ ਕਰਨ ਨਾਲ
ਸਾਰੇ ਦੁਖ ਦੂਰ ਹੋ ਜਾਂਦੇ ਹਨ। (ਗੁਰੂ) ਤੇਗ ਬਹਾਦਰ ਦੇ ਸਿਮਰਨ ਨਾਲ ਨੌ ਨਿੱਧਾਂ (ਖ਼ਜ਼ਾਨੇ) (ਘਰ
ਵਿਚ) ਭਜਦੀਆਂ ਚਲੀਆਂ ਆਉਂਦੀਆ ਹਨ। (ਸਾਰੇ ਗੁਰੂ ਮੈਨੂੰ) ਸਭ ਥਾਈਂ ਸਹਾਇਕ ਹੋਣ। ੧।
(ਇਥੇ ਗੁਰੂ ਗੋਬਿੰਦ ਸਿੰਘ ਸਾਹਿਬ ਅਤੇ ਗੁਰੂ ਗ੍ਰੰਥ ਸਾਹਿਬ ਦਾ ਜ਼ਿਕਰ
ਨਹੀਂ। ਪਰ, ਅੱਠਵੇਂ ਅਤੇ ਨੌਵੇਂ ਗੁਰੂ ਸਾਹਿਬਾਨ ਨੂੰ ਦੂਸਰੇ ਗੁਰੂ ਸਾਹਿਬਾਨ ਨਾਲੋਂ ਅਲਗ ਦਰਸਾ
ਦਿੱਤਾ, ਸ਼ਾਇਦ ਇਸ ਲਈ ਕਿ ਉਨ੍ਹਾਂ ਦੇ ਦਿੱਲੀ ਵਿਖੇ ਸੁਆਸ ਖ਼ੱਤਮ ਹੋਏ? ਪਰ, ਸਿੱਖ ਧਰਮ ਅਨੁਸਾਰ
ਸਾਰੇ ਗੁਰੂ ਸਾਹਿਬਾਨ ਇੱਕ ਹੀ ਗਿਆਨ-ਜੋਤਿ ਦੇ ਮਾਲਕ ਸਨ)
ਖੰਡਾ ਪ੍ਰਥਮੈ ਸਾਜਿਕੈ ਜਿਨ ਸਭ ਸੈਸਾਰ ਉਪਾਇਆ। ਬ੍ਰਹਮਾ ਬਿਸਨੁ ਮਹੇਸ ਸਾਜਿ
ਕੁਦਰਤਿ ਦਾ ਖੇਲੁ ਬਣਾਇਆ। ਸਿੰਧੁ ਪਰਬਤ ਮੇਦਨੀ ਬਿਨੁ ਥੰਮਾ ਗਗਨ ਰਹਾਇਆ। ਸਿਰਜੇ ਦਾਨੋ ਦੇਵਤੇ ਤਿਨ
ਅੰਦਰਿ ਬਾਦੁ ਰਚਾਇਆ। ਤੈ ਹੀ ਦੁਰਗਾ ਸਾਜਿਕੈ ਦੈਤਾ ਦਾ ਨਾਸ ਕਰਾਇਆ। ਤੈਥੌ ਹੀ ਬਲੁ ਰਾਮ ਲੈ ਨਾਲ
ਬਾਣਾ ਰਾਵਣੁ ਘਾਇਆ। ਤੈਥੋ ਹੀ ਬਲੁ ਕ੍ਰਿਸਨ ਲੈ ਕੰਸ ਕੇਸੀ ਪਕੜਿ ਗਿਰਾਇਆ। ਬਡੇ ਬਡੇ ਮੁਨਿ ਦੇਵਤੇ
ਕਈ ਜੁਗ ਤਿਨੀ ਤਨ ਤਾਇਆ। ਕਿਨੈ ਤੇਰਾ ਅੰਤ ਨ ਪਾਇਆ। ੨।
(ਫਿਰ ੩ ਤੋਂ ੫੩)
ਦੁਰਗਾ ਅਤੇ ਦਾਨਵੀ ਭੇੜ ਪਇਆ ਸਬਾਹੀ। ਸਸਤ੍ਰ ਪਜੂਤੇ ਦੁਰਗਸਾਹ ਗਹਿ ਸਭਨੀ
ਬਾਹੀ।
ਸੁੰਭ ਨਿਸੁੰਭ ਸੰਘਾਰਿਆ ਵਥ ਜੇ ਹੈ ਸਾਹੀ। ਫਉਜਾ ਰਾਕਸ ਆਰੀਆ ਵੇਖ ਰੋਵਨਿ
ਧਾਹੀ।
ਮੁਹਿ ਕੜੂਚੇ ਘਾਹੁ ਦੇ ਛਡਿ ਘੋੜੇ ਰਾਹੀ। ਭਜਦੇ ਹੋਇ ਮਾਰੀਅਨ ਮੁੜਿ ਝਾਕਨਿ
ਨਾਹੀ। ੫੪।
ਆਖੀਰਲਾ ਛੰਦ
ਸੁੰਭ ਨਿਸੁੰਭ ਪਠਾਇਆ ਜਮ ਦੇ ਧਾਮ ਨੋ। ਇੰਦ੍ਰ ਸਦਿ ਬੁਲਾਇਆ ਰਾਜ ਅਭਿਖੇਖ
ਨੋ।
ਸਿਰ ਪਰ ਛਤ੍ਰ ਫਿਰਾਇਆ ਰਾਜੇ ਇੰਦ੍ਰ ਦੇ। ਚਉਦੀ ਲੋਕੀ ਛਾਇਆ ਜਸੁ ਜਗਮਾਤ
ਦਾ।
ਦੁਰਗਾ ਪਾਠ ਬਣਾਇਆ ਸਭੇ ਪਉੜੀਆ। ਫੇਰਿ ਨ ਜੂਨੀ ਆਇਆ ਜਿਨਿ ਇਹ ਗਾਇਆ। ੫੫।
{ਇਤਿ ਸ੍ਰੀ ਦੁਰਗਾ ਕੀ ਵਾਰ ਸਮਾਪਤੰ ਸਤੁ ਸੁਭਮ ਸਤੁ}
ਅਰਥ: (ਦੇਵੀ ਨੇ) ਸ਼ੁੰਭ ਅਤੇ ਨਿਸ਼ੁੰਭ ਨੂੰ ਯਮ-ਲੋਕ ਨੂੰ ਤੋਰ ਦਿੱਤਾ ਅਤੇ
ਇੰਦਰ ਨੂੰ ਰਾਜ-ਤਿਲਕ ( ‘ਅਭਿਖੇਖ’ ) ਦੇਣ ਲਈ ਸਦ ਲਿਆ। ਰਾਜੇ ਇੰਦਰ ਦੇ ਸਿਰ ਉਤੇ ਛਤ੍ਰ ਫਿਰਾ
ਦਿੱਤਾ। (ਇਸ ਤਰ੍ਹਾਂ) ਚੌਦਾਂ ਲੋਕਾਂ ਵਿੱਚ ਜਗਤ-ਮਾਤਾ (ਦੁਰਗਾ) ਦਾ ਯਸ਼ ਛਾ ਗਿਆ। ਦੁਰਗਾ
(ਸਪਤਸ਼ਤੀ) ਦਾ ਪਾਠ (ਇਸ ਵਾਰ ਦੀਆਂ) ਸਾਰੀਆਂ ਪਉੜੀਆਂ ਵਿੱਚ ਰਚਿਆ ਹੈ। ਜੋ ਇਸ (ਪਾਠ) ਨੂੰ ਗਾਏਗਾ
(ਉਹ) ਫਿਰ ਆਵਾਗਵਣ ਦੇ ਚਕਰਾਂ ਵਿੱਚ ਨਹੀਂ ਪਏਗਾ। ੫੫।
ਆਓ, ਹੁਣ ਅਸੀਂ “ਭਗਉਤੀ” ਵਾਰੇ, ਗੁਰੂ ਗ੍ਰੰਥ ਸਾਹਿਬ ਵਿੱਚ ਅੰਕਤਿ ਬਾਣੀ
ਤੋਂ ਸੇਧ ਲੈਣ ਦਾ ਓਪਰਾਲਾ ਕਰੀਏ:
ਸਿਰੀਰਾਗ ਕੀ ਵਾਰ ਮਹਲਾ ੩॥ ਪੰਨਾ ੮੮॥ ਸੋ ਭਗਉਤੀ ਜ+ ਭਗਵੰਤੈ ਜਾਣੈ॥ ਗੁਰ
ਪਰਸਾਦੀ ਆਪੁ ਪਛਾਣੈ॥ ਧਾਵਤੁ ਰਾਖੈ ਇਕਤੁ ਘਰਿ ਆਣੈ॥ ਜੀਵਤੁ ਮਰੈ ਹਰਿ ਨਾਮੁ ਵਖਾਣੈ॥ ਐਸਾ ਭਗਉਤੀ
ਉਤਮੁ ਹੋਇ॥ ਨਾਨਕ ਸਚਿ ਸਮਾਵੈ ਸੋਇ॥ ੨॥
ਅਰਥ: ਗੁਰੂ ਅਮਰਦਾਸ ਸਾਹਿਬ ਬਿਆਨ ਕਰਦੇ ਹਨ ਕਿ ਅਸਲ ਭਗਉਤੀ ਉਸ ਪ੍ਰਾਣੀ
ਨੂੰ ਕਿਹਾ ਜਾ ਸਕਦਾ ਹੈ, ਜਿਸ ਨੇ ਅਕਾਲ ਪੁਰਖ ਦੇ ਹੁਕਮ ਨੂੰ ਸਮਝ ਲਿਆ ਹੋਵੇ। ਪਰ, ਇਸ ਵਾਰੇ ਸੋਝੀ
ਤਾਂ ਹੀ ਪ੍ਰਾਪਤ ਹੋ ਸਕਦੀ ਹੈ ਜੇ ਅਕਾਲ ਪੁਰਖ ਆਪ ਬਖ਼ਸ਼ਿਸ਼ ਕਰ ਦੇਵੇ। ਇੰਜ, ਐਸਾ ਪ੍ਰਾਣੀ ਦੁਨਿਆਵੀਂ
ਪਦਾਰਥਾਂ ਦੀ ਪ੍ਰਵਾਹ ਨਹੀਂ ਕਰਦਾ ਅਤੇ ਨਾਹ ਹੀ ਇਧਰ-ਓਧਰ ਭਟਕਦਾ ਹੈ। ਅਕਾਲ ਪੁਰਖ ਦੇ ਨਾਮ ਦਾ
ਸਿਮਰਨ ਕਰਕੇ, ਆਪਣੀ ਹਉਮੈ ਤੋਂ ਛੁਟਕਾਰਾ ਪਾ ਲੈਂਦਾ ਹੈ। ਅਜਿਹਾ ਭਗਉਤੀ ਸ੍ਰੇਸ਼ਟ ਹੁੰਦਾ ਹੈ
ਕਿਉਂਕਿ ਉਹ ਅਕਾਲ ਪੁਰਖ ਵਿੱਚ ਲੀਨ ਹੋ ਗਿਆ ਹੁੰਦਾ। (੨)
ਮ: ੩॥ ਅੰਤਰਿ ਕਪਟੁ ਭਗਉਤੀ ਕਹਾਏ॥ ਪਾਖੰਡਿ ਪਾਰਬ੍ਰਹਮੁ ਕਦੇ ਨ ਪਾਏ॥
ਪਰ ਨਿੰਦਾ ਕਰੇ ਅੰਤਰਿ ਮਲੁ ਲਾਏ॥ ਬਾਹਰਿ ਮਲੁ ਧੋਵੈ ਮਨ ਕੀ ਜੂਠਿ ਨ ਜਾਇ॥
ਸਤਸੰਗਤਿ ਸਿਉ ਬਾਦੁ ਰਚਾਏ॥ ਅਨਦਿਨੁ ਦੁਖੀਆ ਦੂਜੈ ਭਾਇ ਰਚਾਏ॥
ਹਰਿ ਨਾਮੁ ਨ ਚੇਤੈ ਬਹੁ ਕਰਮ ਕਮਾਏ॥ ਪੂਰਬ ਲਿਖਿਆ ਸੁ ਮੇਟਣਾ ਨਾ ਜਾਏ॥
ਨਾਨਕ ਬਿਨੁ ਸਤਿਗੁਰ ਸੇਵੇ ਮੋਖੁ ਨ ਪਾਏ॥ ੩॥
ਅਰਥ: ਜਿਸ ਪ੍ਰਾਣੀ ਦੇ ਮਨ ਅੰਦਰ ਕਪਟ ਹੋਵੇ, ਪਰ ਆਪਣੇ ਆਪ ਨੂੰ ਭਗਤ
ਕਹਾਵੇ, ਐਸਾ ਪਾਖੰਡੀ ਅਕਾਲ ਪੁਰਖ ਦੀ ਬਖ਼ਸ਼ਿਸ਼ ਦਾ ਪਾਤਰ ਨਹੀਂ ਬਣ ਸਕਦਾ। ਦੂਸਰਿਆਂ ਦੀ ਨਿੰਦਾ
ਕਰਕੇ, ਆਪਣੇ ਅੰਦਰ ਬੁਰਾਈਆਂ ਹੀ ਇਕੱਠੀਆਂ ਕਰਦਾ ਰਹਿੰਦਾ ਹੈ ਅਤੇ ਸਰੀਰਕ ਇਸ਼ਨਾਨ ਕਰਕੇ, ਉਸ ਦੇ
ਅੰਦਰ ਦੀ ਮੈਲ ਦੂਰ ਨਹੀਂ ਹੁੰਦੀ। ਜੇਹੜਾ ਪ੍ਰਾਣੀ ਗੁਰਮੁੱਖਾਂ ਨਾਲ ਵੈਰ ਪਾਈ ਰੱਖੇ, ਉਹ ਹਰ ਸਮੇਂ
ਦੁਖੀ ਹੀ ਰਹਿੰਦਾ ਹੈ ਕਿਉਂਕਿ ਉਸ ਦੀ ਵਿਰਤੀ ਕਿਸੇ ਹੋਰ ਪਾਸੇ ਲਗੀ ਹੁੰਦੀ ਹੈ। ਐਸਾ ਪ੍ਰਾਣੀ ਅਕਾਲ
ਪੁਰਖ ਨੂੰ ਤਾਂ ਯਾਦ ਨਹੀਂ ਕਰਦਾ ਅਤੇ ਕਈ ਪ੍ਰਕਾਰ ਦੇ ਫੋਕਟ ਕਰਮ ਕਰਦਾ ਰਹਿੰਦਾ ਹੈ। ਪਰ, ਉਹ ਆਪਣੇ
ਬੁਰੇ ਕੰਮਾਂ ਤੋਂ ਛੁੱਟਕਾਰਾ ਨਹੀਂ ਪਾ ਸਕਦਾ। ਗੁਰੂ ਨਾਨਕ ਸਾਹਿਬ ਦੀ ਗਿਆਨ-ਜੋਤਿ ਸਦਕਾ ਗੁਰੂ
ਅਮਰਦਾਸ ਸਾਹਿਬ ਸਾਨੂੰ ਸੋਝੀ ਬਖ਼ਸ਼ਦੇ ਹਨ ਕਿ ਅਕਾਲ ਪੁਰਖ ਦੀ ਕ੍ਰਿਪਾ ਤੋਂ ਬਿਨਾ, ਕੋਈ ਇਨਸਾਨ
ਦੁਨਿਆਵੀਂ ਦੁੱਖਾਂ-ਤਕਲੀਫਾਂ ਤੋਂ ਛੁੱਟਕਾਰਾ ਨਹੀਂ ਪਾ ਸਕਦਾ। (੩ / ੧੪)
ਸਿਰੀਰਾਗੁ ਮਹਲਾ ੫ - ਪੰਨਾ ੭੧॥ ਭਗਉਤੀ ਰਹਤ ਜੁਗਤਾ॥ ਜੋਗੀ ਕਹਤ ਮੁਕਤਾ॥
ਤਪਸੀ ਸਪਹਿ ਰਾਤਾ॥
ਅਰਥ: ਗੁਰੂ ਸਾਹਿਬ ਬਿਆਨ ਕਰਦੇ ਹਨ ਕਿ ਭਗਉਤੀ ਆਪਣੀ ਜੁਗਤੀ ਵਿੱਚ ਰਹਿੰਦਾ
ਹੈ, ਜੋਗੀ ਆਪਣੇ ਮਤ ਅਨੁਸਾਰ ਆਪਣੇ ਆਪ ਨੂੰ ਮੁਕਤ ਹੋਇਆ ਸਮਝਦਾ ਹੈ ਅਤੇ ਤਪੱਸਵੀ, ਤਪ ਵਿੱਚ ਮਸਤ
ਰਹਿੰਦਾ ਹੈ। (੨)
ਗਉੜੀ ਸੁਖਮਨੀ ਮਹਲਾ ੫ - ਪੰਨਾ ੨੭੪॥ ਭਗਉਤੀ ਭਗਵੰਤ ਭਗਤਿ ਕਾ ਰੰਗੁ॥ ਸਗਲ
ਤਿਆਗੈ ਦੁਸਟ ਕਾ ਸੰਗੁ॥ ਮਨ ਤੇ ਬਿਨਸੈ ਸਗਲਾ ਭਰਮੁ॥ ਕਰਿ ਪੂਜੈ ਸਗਲ ਪਾਰਬ੍ਰਹਮੁ॥ ਸਾਧਸੰਗਿ ਪਾਪਾ
ਮਲੁ ਖੋਵੈ॥ ਤਿਸੁ ਭਗਉਤੀ ਕੀ ਮਤਿ ਊਤਮ ਹੋਵੈ॥ ਭਗਵੰਤ ਕੀ ਟਹਲ ਕਰੈ ਨਿਤ ਨੀਤਿ॥ ਮਨੁ ਤਨੁ ਅਰਪੈ
ਬਿਸਨ ਪਰੀਤਿ॥ ਹਰਿ ਕੇ ਚਰਨ ਹਿਰਦੈ ਬਸਾਵੈ॥ ਨਾਨਕ ਐਸਾ ਭਗਉਤੀ ਭਗਵੰਤ ਕਉ ਪਾਵੈ॥ ੩॥ ੯॥
ਅਰਥ: ਅਸਲ ਭਗਤ ਉਸ ਪ੍ਰਾਣੀ ਨੂੰ ਹੀ ਕਿਹਾ ਜਾ ਸਕਦਾ ਹੈ, ਜੇਹੜਾ ਅਕਾਲ
ਪੁਰਖ ਦੀ ਭਗਤੀ ਵਿੱਚ ਜੁੜਿਆ ਰਹਿੰਦਾ ਹੈ ਅਤੇ ਬੁਰੇ ਪ੍ਰਾਣੀਆਂ ਦੀ ਸੰਗਤ ਨਹੀਂ ਕਰਦਾ। ਐਸਾ ਭਗਤ
ਸਦਾ ਅਕਾਲ ਪੁਰਖ ਦੀ ਭਗਤੀ ਕਰਦਾ ਰਹਿੰਦਾ ਅਤੇ ਉਹ ਕਿਸੇ ਕਿਸਮ ਦੇ ਭਰਮ-ਭੁਲੇਖੇ ਵਿੱਚ ਨਹੀਂ
ਪੈਂਦਾ। ਐਸੇ ਭਗਉਤੀ ਦੀ ਮਤਿ ਬਹੁਤ ਸ੍ਰੇਸ਼ਟ ਹੋ ਜਾਂਦੀ ਹੈ ਅਤੇ ਗੁਰਮੁੱਖਾਂ ਦੀ ਸੰਗਤ ਕਰਕੇ, ਉਹ
ਕਈ ਤਰ੍ਹਾਂ ਦੀਆਂ ਬੁਰਾਈਆਂ ਤੋਂ ਬਚਿਆ ਰਹਿੰਦਾ ਹੈ। ਉਹ ਹਰ ਸਮੇਂ ਅਕਾਲ ਪੁਰਖ ਦੇ ਨਾਮ ਦਾ ਸਿਮਰਨ
ਅਤੇ ਉਸ ਦੀ ਸਿਫ਼ਤਿ-ਸਾਲਾਹ ਕਰਨ ਦੀ ਤਾਂਘ ਵਿੱਚ ਰਹਿੰਦਾ ਹੈ। ਗੁਰੂ ਨਾਨਕ ਸਾਹਿਬ ਦੀ ਗਿਆਨ-ਜੋਤਿ
ਦੁਆਰਾ ਗੁਰੂ ਅਰਜਨ ਸਾਹਿਬ ਸਾਨੂੰ ਸੇਧ ਦਿੰਦੇ ਹਨ ਕਿ ਐਸਾ ਭਗਤ ਨਿਮਰਤਾ ਸਹਿਤ ਆਪਣੇ ਹਿਰਦੇ ਵਿੱਚ
ਨਾਮ ਸਿਮਰ ਕੇ, ਅਕਾਲ ਪੁਰਖ ਦੀ ਸ਼ਰਨ ਗ੍ਰਹਿਣ ਕਰ ਲੈਂਦਾ ਹੈ।
ਰਾਮਕਲੀ ਮਹਲਾ ੫ - ਪੰਨਾ ੯੧੨॥ ਕਿਨਹੀ ਗ੍ਰਿਹੁ ਤਜਿ ਵਣ ਖੰਡਿ ਪਾਇਆ॥
ਕਿਨਹੀ ਮੋਨਿ ਅਉਧੂਤੁ ਸਦਾਇਆ॥ ਕੋਈ ਕਹਤਉ ਅਨੰਨਿ ਭਗਉਤੀ॥ ਮੋਹਿ ਦੀਨ ਹਰਿ ਹਰਿ ਓਟ ਲੀਤੀ॥ ੨॥
ਅਰਥ: ਗੁਰੂ ਸਾਹਿਬ ਬਿਆਨ ਕਰਦੇ ਹਨ ਕਿ ਕਈ ਪ੍ਰਾਣੀ ਆਪਣੇ ਘਰ ਛੱਡ ਕੇ,
ਜੰਗਲਾਂ ਵਿੱਚ ਰਹਿਣ ਲਗ ਪੈਂਦੇ ਹਨ ਅਤੇ ਕਈ ਆਪਣੇ ਆਪ ਨੂੰ ਮੋਨ-ਧਾਰੀ ਸਾਧੂ ਅਖਵਾਉਣ ਲਗ ਪੈਂਦੇ
ਹਨ। ਕਈ ਕਹਿੰਦੇ ਹਨ ਕਿ ਅਸੀਂ ਤਾਂ ਅਕਾਲ ਪੁਰਖ ਦੇ ਹੀ ਭਗਤ ਹਾਂ ਅਤੇ ਹੋਰ ਕਿਸੇ ਦੀ ਓਟ ਨਹੀਂ
ਤੱਕਦੇ। ਇੰਜ, ਮੇਰੇ ਜੈਸੇ ਨਿਮਾਣੇ ਪ੍ਰਾਣੀ ਨੇ ਇੱਕ ਅਕਾਲ ਪੁਰਖ ਦੀ ਹੀ ਸ਼ਰਨ ਗ੍ਰਹਿਣ ਕਰ ਲਈ ਹੈ।
(੨)
ਪ੍ਰਭਾਤੀ ਮਹਲਾ ੫ - ਪੰਨਾ ੧੩੪੭॥ ਮਨ ਮਹਿ ਕ੍ਰੋਧੁ ਮਹਾ ਅਹੰਕਾਰਾ॥ ਪੂਜਾ
ਕਰਹਿ ਬਹੁਤੁ ਬਿਸਥਾਰਾ॥ ਕਰਿ ਇਸਨਾਨੁ ਤਨਿ ਚਕ੍ਰ ਬਣਾਏ॥ ਅੰਤਰ ਕੀ ਮਲੁ ਕਬ ਹੀ ਨ ਜਾਏ॥ ੧॥ ਇਤੁ
ਸੰਜਮਿ ਪ੍ਰਭੁ ਕਿਨ ਹੀ ਨ ਪਾਇਆ॥ ਭਗਉਤੀ ਮੁਦ੍ਰਾ ਮਨੁ ਮੋਹਿਆ ਮਾਇਆ॥ ੧॥ ਰਹਾਉ॥
ਅਰਥ: ਗੁਰੂ ਸਾਹਿਬ ਉਪਦੇਸ਼ ਕਰਦੇ ਹਨ ਕਿ ਐਹ ਪ੍ਰਾਣੀ, ਜੇ ਤੇਰੇ ਦਿਲ ਵਿੱਚ
ਐਨਾ ਕ੍ਰੋਧ ਅਤੇ ਅਹੰਕਾਰ ਭਰਿਆ ਹੋਇਆ ਹੈ ਤਾਂ ਤੇਰੇ ਪੂਜਾ ਕਰਨ ਦੇ ਅਡੰਬਰ ਕਿਸੇ ਕੰਮ ਨਹੀਂ।
ਇਸ਼ਨਾਨ ਕਰਕੇ ਤੂੰ ਆਪਣੀ ਭਗਤੀ ਕਰਨ ਦੇ ਦਿਖਾਵੇ ਲਈ, ਕਈ ਪ੍ਰਕਾਰ ਦੇ ਬਾਹਰਲੇ ਧਾਰਮਿਕ ਚਿਹਨ
ਬਣਾਉਂਦਾ ਹੈਂ ਪਰ ਫਿਰ ਭੀ ਤੇਰੇ ਅੰਦਰੋਂ ਵਿਕਾਰਾਂ ਦੀ ਮੈਲ ਦੂਰ ਨਹੀਂ ਹੁੰਦੀ (੧)। ਐਸੇ ਅਡੰਬਰ
ਕਰਕੇ, ਕੋਈ ਪ੍ਰਾਣੀ ਅਕਾਲ ਪੁਰਖ ਦੀ ਬਖਸ਼ਿਸ਼ ਪ੍ਰਾਪਤ ਨਹੀਂ ਕਰ ਸਕਿਆ ਜੇ ਐਸੇ ਭਗਤ ਦਾ ਮਨ
ਦੁਨਿਆਵੀਂ ਮੋਹ-ਮਾਇਆ ਦੇ ਜਾਲ ਵਿੱਚ ਹੀ ਫਸਿਆ ਰਿਹਾ। (੧ - ਰਹਾਉ)
“ਗੁਰਸ਼ਬਦ” ਵਿਚਾਰ ਦੁਆਰਾ ਸਾਨੂੰ ਸੋਝੀ ਪ੍ਰਾਪਤ ਹੁੰਦੀ ਹੈ ਕਿ “ਭਗਉਤੀ”
ਤੋਂ ਭਾਵ ਹੈ, ਭਗਤੀ ਕਰਨ ਵਾਲਾ ਅਤੇ ਐਸਾ ਭਗਤ, ਅਕਾਲ ਪੁਰਖ / ਵਾਹਿਗੁਰੂ / ਪ੍ਰਮਾਤਮਾ ਦੇ ਬਰਾਬਰ
ਨਹੀਂ ਹੋ ਸਕਦਾ। ਇੰਜ ਪ੍ਰਤੀਤ ਹੋ ਰਿਹਾ ਹੈ ਕਿ ਗੁਰੂ ਦੇ ਸਿੱਖਾਂ ਨੂੰ ਕਿਵੇਂ ੧੯੪੫ ਤੋਂ ਹੀ ਖੰਡ
ਵਿੱਚ ਲਿਪੇਟ ਕੇ ਜ਼ਹਿਰ ਦਿੱਤੀ ਜਾ ਰਹੀ ਹੈ। ਜੇ ਕੋਈ ਗੁਰਸਿੱਖ ਆਵਾਜ਼ ਉਠਾਉਂਦਾ ਹੈ ਤਾਂ ਉਸ ਨੂੰ
ਚੁੱਪ ਕਰਾ ਦਿੱਤਾ ਜਾਂਦਾ ਹੈ ਜਾਂ ਫਿਰ ਗੁਰੂ ਪੰਥ ਵਿਚੋਂ ਛੇਕ ਹੀ ਦਿੱਤਾ ਜਾਂਦਾ ਹੈ ਤਾਂ ਜੋ ਸਾਰੇ
ਸਿੱਖ ਤੋਤਾ-ਰਟਨ ਕਰਦੇ ਰਹਿਣ!
ਗੁਰਬਾਣੀ ਅਨੁਸਾਰ ਸਾਨੂੰ ਅਕਾਲ ਪੁਰਖ ਅਗੇ ਹੀ ਅਰਦਾਸ ਕਰਨੀ ਚਾਹੀਦੀ ਹੈ
ਨਾਹ ਕਿ ਕਿਸੇ ਭਗਤ ਜਾਂ ਹੋਰ ਕੋਈ ਵਸਤੂ ਅਗੇ। ਇਸ ਪ੍ਰਥਾਏ ਹੇਠ ਲਿਖੇ ਸ਼ਬਦ ਭੀ ਸੇਧ ਦਿੰਦੇ ਹਨ:
ਸੂਹੀ ਮਹਲਾ ੧, ਪੰਨਾ ੭੬੨॥ ਕਿਆ ਮਾਗਉ ਕਿਆ ਕਹਿ ਸੁਣੀ ਮੈ ਦਰਸਨ ਭੂਖ
ਪਿਆਸਿ ਜੀਉ॥
ਕਾਰ ਸਬਦੀ ਸਹੁ ਪਾਈਆ ਸਚੁ ਨਾਨਕ ਕੀ ਅਰਦਾਸਿ ਜੀਉ॥
ਪ੍ਰਭਾਤੀ ਮਹਲਾ ੧, ਪੰਨਾ ੧੩੪੫॥ ਮਨੁ ਤਨੁ ਆਗੈ ਜੀਅੜਾ ਤੁਝ ਪਾਸਿ॥
ਜਿਉ ਭਾਵੈ ਤਿਉ ਰਖਹੁ ਅਰਦਾਸਿ॥
ਸਲੋਕ ਮਹਲਾ ੨, ਪੰਨਾ ੧੦੯੩॥ ਆਪੇ ਜਾਣੈ ਕਰੇ ਆਪਿ ਆਪੇ ਆਣੈ ਰਾਸਿ॥
ਤਿਸੁ ਅਗੈ ਨਾਨਕਾ ਖਲਿਇ ਕੀਚੈ ਅਰਦਾਸਿ॥
ਵਡਹੰਸੁ ਮਹਲਾ ੩, ਪੰਨਾ ੫੭੧॥ ਏਹੁ ਜਗੁ ਜਲਤਾ ਦੇਖਿ ਕੈ ਭਜਿ ਪਏ ਹਰਿ
ਸਰਣਾਈ ਰਾਮ॥
ਅਰਦਾਸਿ ਕਰਂੀ ਗੁਰ ਪੂਰੇ ਆਗੈ ਰਖਿ ਲੇਵਹੁ ਦੇਹੁ ਵਡਾਈ ਰਾਮ॥
ਸੂਹੀ ਮਹਲਾ ੪, ਪੰਨਾ ੭੩੫॥ ਮੈ ਤਾਣੁ ਦੀਬਾਣੁ ਤੂਹੇ ਮੇਰੇ ਸੁਆਮੀ ਮੈ ਤੁਧੁ
ਆਗੈ ਅਰਦਾਸਿ॥
ਮੈ ਹੋਰ ਥਾਉ ਨਾਹੀ ਜਿਸੁ ਪਹਿ ਕਰਉ ਬੇਨੰਤੀ ਮੇਰਾ ਦੁਖੁ ਸੁਖੁ ਤੁਝ ਹੀ
ਪਾਸਿ॥
ਗੁੳੜੀ ਸੁਖਮਨੀ ਮਹਲਾ ੫, ਪੰਨਾ ੨੬੮॥ ਤੂ ਠਾਕਰ ਤੁਮ ਪਹਿ ਅਰਦਾਸਿ॥ ਜੀਉ
ਪਿੰਡ ਸਭੁ ਤੇਰੀ ਰਾਸਿ॥ ਤੁਮ ਮਾਤ ਪਿਤਾ ਹਮ ਬਾਰਿਕ ਤੇਰੇ॥ ਤੁਮਰੀ ਕ੍ਰਿਪਾ ਮਹਿ ਸੂਖ ਘਨੇਰੇ॥ ਕੋਇ
ਨ ਜਾਨੈ ਤੁਮਰਾ ਅੰਤੁ॥ ਊਚੇ ਤੇ ਊਚਾ ਭਗਵੰਤ॥ ਸਗਲ ਸਮਗ੍ਰੀ ਤੁਮਰੈ ਸੂਤ੍ਰਿ ਧਾਰੀ॥ ਤੁਮ ਤੇ ਹੋਇ ਸੁ
ਆਗਿਆਕਾਰੀ॥ ਤੁਮਰੀ ਗਤਿ ਮਿਤਿ ਤੁਮ ਹੀ ਜਾਨੀ॥ ਨਾਨਕ ਦਾਸ ਸਦਾ ਕੁਰਬਾਨੀ॥ ੮॥ ੪॥
ਆਸਾ ਮਹਲਾ ੫, ਪੰਨਾ ੩੮੩॥ ਤੁਧ ਆਗੈ ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ॥
ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੈ ਮੇਰਾ॥
ਸੋਰਠਿ ਮਹਲਾ ੫, ਪੰਨਾ ੬੧੧॥ ਸੁਣੀ ਅਰਦਾਸਿ ਸੁਆਮੀ ਮੇਰੈ ਸਰਬ ਕਲਾ ਬਣਿ
ਆਈ॥
ਪ੍ਰਗਟ ਭਈ ਸਗਲੇ ਜੁਗ ਅੰਤਰਿ ਗੁਰ ਨਾਨਕ ਕੀ ਵਡਿਆਈ॥ ੪॥ ੧੧॥
ਭਗਤ ਨਾਮਦੇਵ ਜੀ, ਪੰਨਾ ੭੨੭॥ ਮੈ ਅੰਧੁਲੇ ਕੀ ਟੇਕ ਤੇਰਾ ਨਾਮ ਖੁੰਦਕਾਰਾ॥
ਮੈ ਗਰੀਬ ਮੈ ਮਸਕੀਨ ਤੇਰਾ ਨਾਮੁ ਹੈ ਅਧਾਰਾ॥ ੧॥ ਰਹਾਉ॥
ਸਵਈਏ ਮਹਲੇ ਤੀਜੇ ਕੇ, ਪੰਨਾ ੧੩੯੫॥ ਚਿਤਿ ਚਿਤਵਉ ਅਰਦਾਸ ਕਹਉ ਪਰੁ ਕਹਿ ਭਿ
ਨ ਸਕਉ॥ ਸਰਬ ਚਿੰਤ ਤੁਝੁ ਪਾਸਿ ਸਾਧਸੰਗਤ ਹਉ ਤਕਉ॥ ਤੇਰੈ ਹੁਕਮਿ ਪਵੈ ਨੀਸਾਣੁ ਤਉ ਕਰਉ ਸਾਹਿਬ ਕੀ
ਸੇਵਾ॥ ਜਬ ਗੁਰੁ ਦੇਖੈ ਸੁਭ ਦਿਸਟਿ ਨਾਮੁ ਕਰਤਾ ਮੁਖਿ ਮੇਵਾ॥ ਅਗਮ ਅਲਖ ਕਾਰਣ ਪੁਰਖ ਜੋ ਫੁਰਮਾਵਹਿ
ਸੋ ਕਹਉ॥ ਗੁਰ ਅਮਰਦਾਸ ਕਾਰਣ ਕਰਣ ਜਿਵ ਤੂ ਰਖਹਿ ਤਿਵ ਰਹਉ॥ ੪॥ ੧੮॥
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
ਖਿਮਾ ਦਾ ਜਾਚਕ, ਗੁਰਮੀਤ ਸਿੰਘ (ਅਸਟ੍ਰੇਲੀਆ)