ਜੇ ਇਹ ਗੁਰਮਤਿ ਹੈ ਤਾਂ ਮਨਮਤ ਕੀ ਹੈ
ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ
ਦਸ ਗੁਰੂ ਸਾਹਿਬਾਨ ਦੇ ਜੀਵਨ ਕਾਲ ਵਿੱਚ ਸਿੱਖ ਧਰਮ ਦਾ ਸਿੱਕੇ-ਬੰਦ ਭਰਪੂਰ
ਪਰਚਾਰ ਹੋਇਆ। ਨਵੀਂ ਸੂਝ, ਨਵੀਂ ਉਤੇਜਨਾ, ਜੀਵਨ ਨੂੰ ਅਧਿਆਤਮਿਕਤਾ ਦੀ ਰੰਗਣ, ਸਹਿਜ ਮਾਰਗ ਤੇ
ਅਨੰਦ ਮਈ ਬਣਾਉਣ ਦੇ ਤੌਰ-ਤਰੀਕੇ ਸੁਖੈਨ ਰੂਪ ਵਿੱਚ ਦੁਨੀਆਂ ਸਾਹਮਣੇ ਰੱਖੇ। ਸਤਿਗੁਰਾਂ ਦੇ
ਜੀਵਨ-ਕਾਲ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹਾਦਤ ਦੇ ਪਿੱਛੋਂ ਕੁੱਝ ਉਲਟ ਕਿਸਮ ਦੇ ਰਾਜਸੀ
ਵਾਤਾਵਰਨ ਕਰਕੇ ਤੇ ਸਾਡੀ ਆਪਣੀ ਪਰਚਾਰ ਸਬੰਧੀ ਅਣਗਹਿਲੀ ਕਰਕੇ ਇਸ ਧਰਮ ਦਾ ਪਰਚਾਰ ਅੱਗੇ ਵੱਧਣਾ
ਤਾਂ ਕਿਤੇ ਰਿਹਾ, ਕੌਮ ਉਸ ਥਾਂ ਤੇ ਵੀ ਨਾ ਖੜ੍ਹੀ ਹੋ ਸਕੀ ਜਿੱਥੇ ਸਤਿਗੁਰਾਂ ਨੇ ਸਾਨੂੰ ਪੁਚਾਇਆ
ਸੀ ।
‘ਪੰਥ ਦਰਦੀਓ ਕੁੱਝ ਕਰੋ’ ਛੋਟੀ ਜੇਹੀ ਪੁਸਤਕ ਦੇ ਪੰਨਾ ਨੰ: ੪ ਇੱਕ ਬੜੀ
ਪਿਆਰੀ ਟੂਕ ਦਿੱਤੀ ਹੋਈ ਹੈ। ਕਿ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਕਾਲ ਵਿੱਚ ਹੀ ਆਪਣੇ ਸੁਚੱਜੇ
ਅਤੇ ਨਰੋਏ ਧਰਮ ਨੂੰ ਆਪਣੀ ਸਰਬ ਸਰੇਸ਼ਟ ਸ਼ਖਸੀਅਤ ਨਾਲ ਹਿੰਦ ਵਿੱਚ ਹੀ ਨਹੀਂ, ਏਸ਼ੀਆ, ਯੁਰਪ ਤੇ
ਅਫ਼ਰੀਕਾ ਦੇ ਅਨੇਕਾਂ ਦੇਸ਼ਾਂ ਵਿੱਚ ਅਤੀ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਚਾਰਿਆ। ਦੂਜੇ ਮਤ ਵਾਲਿਆਂ ਦੀ
ਕਲਮ (ਮਿਰਜ਼ਾ ਗ਼ੁਲਾਮ ਅਹਿਮਦ ਕਾਦੀਆਂ) ਇਹ ਮੰਨਦੀ ਹੈ ਕਿ ਗੁਰੂ ਨਾਨਕ ਸਾਹਿਬ ਜੀ ਨੇ ਲੱਗ-ਭੱਗ ਤਿੰਨ
ਕ੍ਰੋੜ ਲੋਕਾਂ ਨੂੰ ਖ਼ੁਦ ਦੀਖਿਆ ਦਿੱਤੀ। ਸਾਡੇ ਸਿੱਖ ਵਿਦਵਾਨ ਭਾਈ ਗੁਰਦਾਸ ਜੀ ਦੇ ਅੰਕੜੇ ਇਸ ਤੋਂ
ਕਿਤੇ ਜ਼ਿਆਦਾ ਹਨ। ਸਤਿਗੁਰਾਂ ਦੁਆਰਾ ਇਤਨੀ ਵੱਡੀ ਪੱਧਰ ਤੇ ਕੀਤਾ ਗਿਆ ਪ੍ਰਚਾਰ ਸਾਬਤ ਕਰਦਾ ਹੈ ਕਿ
ਸਿੱਖ ਧਰਮ ਅੰਦਰ ਸੰਸਾਰ ਵਿੱਚ ਭਰਪੂਰ ਤੌਰ ਤੇ ਫੈਲਣ ਦੀ ਸਮਰੱਥਾ ਰੱਖਦਾ ਹੈ। ਸੰਸਾਰ ਦੇ ਹਰ ਤਬਕੇ
ਨੂੰ ਆਪਣੀ ਅਪਣੱਤ ਤੇ ਪਿਆਰ ਦੀ ਭਾਵਨਾ ਨਾਲ ਆਪਣੇ ਨਾਲ ਤੋਰ ਸਕਦਾ ਹੈ।
ਸੰਸਾਰ ਵਿੱਚ ਰਹਿੰਦਿਆਂ ਸਾਡੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ ਤੇ ਨਾ ਹੀ
ਕੋਈ ਨਫ਼ਰਤ ਦੀ ਦੀਵਾਰ ਹੈ। ਸਾਡਾ ਖਾਣ-ਪਾਨ, ਇਸ਼ਟ ਉਪਾਸ਼ਨਾ, ਧਾਰਮਿਕ ਰਹੁਰੀਤਾਂ ਦੂਸਰੀਆਂ ਕੌਮਾਂ
ਨਾਲੋਂ ਅਲੱਗ ਹਨ। ਇਸ ਲਈ ਸਿੱਖ ਦੂਸਰੀਆਂ ਕੌਮਾਂ ਮੁਸਲਮਾਨ, ਈਸਾਈ, ਯਹੂਦੀ, ਬੋਧੀਆਂ ਵਾਂਗ ਇੱਕ
ਵੱਖਰੀ ਕੌਮ ਹੈ। ਗੁਰਬਾਣੀ ਗਿਆਨ ਦੇ ਪਰਚਾਰ ਦੀ ਘਾਟ ਕਰਕੇ ਅੱਜ ਸਿੱਖੀ ਦੇ ਨਿਆਰੇਪਨ ਨੂੰ ਚਾਰ
ਚੁਫੇਰਿਓਂ ਵੱਖ ਵੱਖ ਹਮਲਿਆਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਸਭ ਤੋਂ ਵੱਧ ਮਾਰੂ ਹਮਲਾ ਬ੍ਰਹਾਮਣੀ
ਵਿਚਾਰਧਰਾ ਦਾ ਸਿੱਖ ਧਰਮ `ਤੇ ਪੈ ਰਿਹਾ ਹੈ ਜੋ ਅਮਰ ਵੇਲ ਵਾਂਗ ਵੱਧ ਰਿਹਾ ਹੈ। ਅਸਾਂ ਗੁਰਬਾਣੀ ਦੇ
ਸਿਧਾਂਤ ਨੂੰ ਸਮਝ ਕੇ ਮਨਮਤ ਦਾ ਤਿਆਗ ਕਰਨਾ ਸੀ ਪਰ ਜੋ ਮਨਮਤ ਕਰ ਰਹੇ ਹਾਂ ਉਸ ਨੂੰ ਅਸੀਂ ਗੁਰਮਤ
ਦਾ ਦਰਜਾ ਦੇ ਰਹੇ ਹਾਂ, ਇਹ ਸਾਡੀ ਆਪਣੀ ਬੇ-ਸਮਝੀ ਹੈ।
ਭਾਈ ਗੁਰਦਾਸ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਹੱਥ ਨਾਲ ਲਿਖੀ ਸੀ
ਤੇ ਆਮ ਸਿੱਖ ਗੁਰਬਾਣੀ ਦੇ ਗੁਟਕਿਆਂ ਨੂੰ ਹੱਥਾਂ ਨਾਲ ਲਿਖ ਕੇ ਸੰਗਤਾਂ ਤੀਕ ਪਹੁੰਚਾਉਣ ਨੂੰ ਵੱਡਾ
ਪੁੰਨ--ਕਰਮ (ਸੇਵਾ) ਸਮਝਦੇ ਸਨ । ਭਾਈ ਗੁਰਦਾਸ ਜੀ ਦਾ ਕਥਨ ਹੈ:---
ਗੁਰਬਾਣੀ ਲਿਖ ਪੋਥੀਆਂ ਤਾਲ ਮ੍ਰਿਦੰਗ ਰਬਾਬ ਵਜਾਵੇ॥
ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੀੜਾਂ ਹੱਥ ਨਾਲ ਲਿਖੀਆਂ ਹੋਣ ਕਰਕੇ ਅਕਸਰ
ਬੀੜਾਂ ਦੀ ਘਾਟ ਹੀ ਰਹਿੰਦੀ ਸੀ ਪਰ ਗੁਰਬਾਣੀ ਦਾ ਪਾਠ ਕਰਨ ਦੀ ਹਰੇਕ ਸਿੱਖ ਨੂੰ ਤ੍ਹਾਂਘ ਰਹਿੰਦੀ
ਸੀ। ਘੋੜਿਆਂ ਦੀਆਂ ਕਾਠੀਆਂ ਤੇ ਜੰਗਲ਼ਾਂ ਵਿੱਚ ਰਹਿਣ ਕਰਕੇ ਬੀੜਾਂ ਜ਼ਿਆਦਾ ਲਿਖੀਆਂ ਵੀ ਨਹੀਂ ਜਾ
ਸਕੀਆਂ ਸਨ। ਇਸ ਲਈ ਸਿਆਣੇ ਬਜ਼ੁਰਗਾਂ ਕਿਹਾ ਇੱਕ ਬੀੜ ਤੋਂ ਸਾਰੇ ਵਾਰੀ ਵਾਰੀ ਪਾਠ ਕਰਿਆ ਕਰਨ ਤਾਂ
ਕਿ ਸਭ ਨੂੰ ਮੌਕਾ ਮਿਲਦਾ ਰਹੇ ਗੁਰਬਾਣੀ ਪਾਠ ਕਰਨ ਦਾ। ਇੰਜ ਲਗਾਤਾਰ ਪਾਠ ਕਰਨ ਕਰਕੇ ਸਿਰੀ
ਅਖੰਡਪਾਠ ਦੀ ਹੋਂਦ ਦਾ ਮੁੱਢ ਬੱਝਾ। ਸਾਡੀ ਇੱਕ ਰਵਾਇਤ ਸੀ ਕਿ ਹਰੇਕ ਮਾਈ ਭਾਈ ਸਵੇਰੇ ਗੁਰਦੁਆਰਾ
ਸਾਹਿਬ ਜਾ ਕੇ ਹੁਕਮ ਲੈਂਦਾ ਹੁੰਦਾ ਸੀ। ਇਸ ਲਈ ਗੁਰਦੁਆਰਿਆਂ ਵਿੱਚ ਦੋ ਜਾਂ ਇਸ ਤੋਂ ਵੱਧ ਵੀ
ਪ੍ਰਕਾਸ਼ ਕੀਤੇ ਜਾਂਦੇ ਸਨ ਤਾਂ ਕਿ ਸਾਰੇ ਗੁਰੂ ਸਾਹਿਬ ਜੀ ਤੋਂ ਵਾਕ ਪੜ੍ਹ ਸਕਣ। ਮਲੇਸ਼ੀਆ ਦੇ ਬਹੁਤ
ਸਾਰੇ ਗੁਰਦੁਆਰਿਆਂ ਵਿੱਚ ਇੱਕ ਤੋਂ ਵੱਧ ਗੁਰੂ ਸਾਹਿਬਾਨ ਜੀ ਦੇ ਪ੍ਰਕਾਸ਼ ਕੀਤੇ ਜਾਂਦੇ ਸਨ। ਅੱਜ
ਤੋਂ ਚਾਲੀ ਕੁ ਸਾਲ ਪਹਿਲਾਂ ਮੇਰੇ ਪਿੰਡ ਵਿੱਚ ਵੀ ਦੋ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕੀਤੇ
ਜਾਂਦੇ ਰਹੇ ਸਨ। ਜਿਵੇਂ ਜਿਵੇਂ ਜ਼ਮਾਨਾ ਬਦਲਿਆ ਮੁੱਖਵਾਕ ਆਪ ਪੜ੍ਹਨ ਦੀ ਥਾਂ `ਤੇ ਬੋਰਡ ਤੋਂ ਪੜ੍ਹਨ
ਦੀ ਆਦਤ ਪੈ ਗਈ। ਹੌਲ਼ੀ ਹੌਲ਼ੀ ਪੜ੍ਹਨ ਦੀ ਥਾਂ `ਤੇ ਸੁਣਨ ਦੀ ਪ੍ਰਥਾ ਚੱਲ ਪਈ ਤੇ ਕੁੱਝ ਸਾਧਾਂ ਨੇ
ਇਹ ਵੀ ਕਹਿਣਾ ਸ਼ੁਰੂ ਕਰ ਦਿੱਤਾ ਕਿ ਤੁਸੀਂ ਗੁਰੂ ਗ੍ਰੰਥ ਨੂੰ ਨਾ ਪੜ੍ਹਿਆ ਜਾਏ ਜੇ ਗ਼ਲਤੀ ਹੋ ਗਈ
ਤਾਂ ਤੁਹਾਨੂੰ ਬਹੁਤ ਪਾਪ ਲੱਗੇਗਾ।
ਪੰਥ ਪ੍ਰਵਾਨਤ ਰਹਿਤ ਮਰਯਾਦਾ ਹੋਂਦ ਵਿੱਚ ਆਉਣ ਨਾਲ ਸਿਰੀ ਅਖੰਡਪਾਠ ਦੀ
ਹੋਂਦ ਵੀ ਰੱਖੀ ਗਈ ਸੀ ਤਾਂ ਸਿੱਖ ਸਾਰੇ ਗੁਰਬਾਣੀ ਨਾਲ ਜੁੜੇ ਰਹਿਣ, ਉਸ ਵਿੱਚ ਲਿਖਿਆ ਹੈ ਸਾਰੇ
ਪਰਵਾਰ ਦੇ ਜੀਅ, ਦੋਸਤ- ਰਸ਼ਤੇਦਾਰ ਰਲ਼ ਕੇ ਲਗਾਤਾਰ ਗੁਰਬਾਣੀ ਦਾ ਪਾਠ ਕਰਨ ਦਾ ਯਤਨ ਕਰਨ, ਜਾਂ
ਸਿਆਣੇ ਪਾਠੀਆਂ ਪਾਸੋਂ ਪਾਠ ਸੁਣਿਆ ਜਾਏ ਪਰ ਅੱਜ ਹਾਲਾਤ ਬਿਲਕੁਲ ਵੱਖਰੇ ਹੋ ਗਏ ਹਨ। ਕੀ ਇਤਿਹਾਸਕ
ਗੁਰਦੁਆਰੇ, ਕੀ ਡੇਰੇ ਕੀ ਸਾਧ- ਸੰਤ ਏਸੇ ਗੱਲ `ਤੇ ਜ਼ੋਰ ਦੇ ਰਹੇ ਹਨ ਕਿ ਸਿਰੀ ਅਖੰਡ-ਪਾਠ ਏਥੋਂ
ਕਰਾਉਣ ਨਾਲ ਤੁਹਾਡੇ ਸਾਰੇ ਹੀ ਕਾਰਜ ਰਾਸ ਹੋ ਜਾਣਗੇ। ਗੁਰਬਾਣੀ ਪਾਠਾਂ ਦੀਆਂ ਕਿਸਮਾਂ ਤੇ ਇਹਨਾਂ
ਦੇ ਫ਼ਲ਼ਾਂ ਦੀਆਂ ਵੀ ਕਈ ਕਿਸਮਾਂ ਹੋ ਗਈਆਂ ਹਨ। ਡਾਕ ਰਾਂਹੀ ਮੁੱਖ ਵਾਕ ਭੇਜਣ ਦਾ ਖ਼ਾਸ ਪ੍ਰਬੰਧ ਕੀਤਾ
ਜਾਂਦਾ ਹੈ। ਕਈ ਥਾਂਵਾਂ ਤੇ ਤਾਂ ਅਖੰਡਪਾਠ ਕਰਾਉਣ ਲਈ ਆਪਣੀ ਵਾਰੀ ਦੀ ਉਡੀਕ ਕਰਦਿਆਂ ਦਸ ਸਾਲ ਦਾ
ਸਮਾਂ ਵੀ ਲੱਗ ਜਾਂਦਾ ਹੈ। ਭੇਟਾਂ ਵੱਧ ਦਿੱਤਿਆਂ ਪਹਿਲਾਂ ਵਾਰੀ ਵੀ ਆ ਸਕਦੀ ਹੈ। ਇਸ ਤੋਂ ਅਗਾਂਹ
ਚੱਲਦਿਆਂ ਸੰਪਟ-ਪਾਠ ਦਾ ਵਿਧਾਨ ਵੀ ਆ ਗਿਆ ਹੈ ਤੇ ਸਮੱਗਰੀ ਵੱਖਰੀ ਲਿਖੀ ਜਾਂਦੀ ਹੈ। ਗੁਰਬਾਣੀ
ਪੜ੍ਹਨ, ਸੁਣਨ ਤੇ ਵਿਚਾਰਨ ਦਾ ਵਿਸ਼ਾ ਸੀ ਪਰ ਅਸੀਂ ਕੀਤੇ ਪਾਠਾਂ ਤੋਂ ਫ਼ਲ਼ਾਂ ਦੀ ਪ੍ਰਾਪਤੀ ਤੇ ਅਟਕ
ਗਏ ਹਾਂ।
ਥਾਲ ਵਿਚਿ ਤਿੰਨਿ ਵਸਤੂ ਪਈਓ ਸਤੁ ਸੰਤੋਖੁ ਵੀਚਾਰੋ॥---
ਜੇ ਕੋ ਖਾਵੈ ਜੇ ਕੋ ਭੁੰਚੈ ਤਿਸ ਕਾ ਹੋਇ ਉਧਾਰੋ॥
ਮੁੰਦਾਵਣੀ ਮਹਲਾ ੫ ਪੰਨਾ ੧੪੨੯—
ਪੈਸੇ ਖਰਚ ਕੇ ਸੰਪਟ-ਪਾਠ ਜਾਂ ਅਖੰਡ-ਪਾਠ ਕਰਾਕੇ ਕਿਸੇ ਫ਼ਲ਼ ਦੀ ਆਸ ਰੱਖਣੀ
ਹੈ ਤਾਂ ਇਸ ਤੋਂ ਵੱਡੀ ਮਨਮਤ ਹੋਰ ਕਿਹੜੀ ਹੋ ਸਕਦੀ ਹੈ। ਇੰਗਲੈਂਡ ਦੇ ਇੱਕ ਗੁਰਦੁਆਰਾ ਸਾਹਿਬ ਵਿਖੇ
ਸੰਪਟਪਾਠ ਤੋਂ ਉਪਰੰਤ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਸ਼ਾਨ ਸਾਹਿਬ ਦੁਆਲੇ ਗੇੜਾ ਇਸ ਲਈ ਕੱਢਵਾਇਆ
ਗਇਆ ਕੇ ਗੁਰੂ ਜੀ ਥੱਕ ਗਏ ਹਨ ਥੋੜਾ ਸੈਰ ਕਰ ਲੈਣ। ਇੱਕ ਗੁਰਦੁਆਰਾ ਸਾਹਿਬ ਵਿਖੇ ਸਿਰੀ ਅਖੰਡਪਾਠ
ਤੋਂ ੳਪਰੰਤ ਇਸ ਲਈ ਸੇਵਾ ਕਰ ਦਿੱਤੀ ਗਈ ਕੇ ਗੁਰੂ ਗ੍ਰੰਥ ਸਾਹਿਬ ਜੀ ਲੱਗਾਤਾਰ ਅਠੱਤਾਲ਼ੀ ਘੰਟੇ
ਜਾਗਦੇ ਰਹੇ ਹਨ ਹੁਣ ਦਿਵਾਨ ਸਜਣਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਦੂਸਰੀ ਬੀੜ ਲਿਆਂਦੀ ਜਾਏ ਤੇ ਇਹ
ਗੁਰੂ ਮਹਾਂਰਾਜ ਜੀ ਅਰਾਮ ਕਰ ਲੈਣ। ਸਵਾਲ ਪੈਦਾ ਹੁੰਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਗਾਇਆ
ਕਿਸ ਨੇ ਸੀ, ਦੋਸ਼ੀ ਤਾਂ ਫਿਰ ਉਹ ਹੋਇਆ ਜਿਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਅਰਾਮ ਨਹੀਂ ਕਰਨ
ਦਿੱਤਾ। ਸਿਰੀ ਅਖੰਡ-ਪਾਠ ਦੀ ਅਰੰਭਤਾ ਵੇਲੇ ਅਰਦਾਸ ਕਰ ਲਈ ਜਾਂਦੀ ਹੈ ਪਰ ਗੁਰਮਤਿ ਅੱਖਰਾਂ ਤੋਂ
ਸੱਖਣੇ ਪਾਠੀ ਫਿਰ ਸੰਗਤ ਪਾਸੋਂ ਆਗਿਆ ਲੈਣਗੇ ਸਾਧ ਸੰਗਤ ਜੀ ਆਗਿਆ ਹੈ ਪਾਠ ਅਰੰਭ ਕਰਨ ਦੀ।
ਆਇਓ ਸੁਨਣ ਪੜਨ ਕਉ ਬਾਣੀ॥
ਨਾਮੁ ਵਿਸਾਰਿ ਲਗਹਿ ਅਨ ਲਾਲਚਿ ਬਿਰਥਾ ਜਨਮੁ ਪਰਾਣੀ॥
ਸਾਰੰਗ ਮਹਲਾ ੫ ਪੰਨਾ ੧੨੧੯—
ਤੁਪਕਾ ਤੁਪਕਾ ਪਾਣੀ ਛਿਕੜਨ ਨਾਲ ਕਦੇ ਰਾਹ ਨਹੀਂ ਸਾਫ਼ ਹੁੰਦੇ, ਅਮਰੀਕਾ ਦੇ
ਇੱਕ ਗੁਰਦੁਆਰਾ ਸਾਹਿਬ ਤੋਂ ਪਾਵਨ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲੈ ਚੱਲਣ ਲੱਗੇ ਤਾਂ ਪਰਵਾਰ
ਵਾਲੇ ਘਰ ਤੋਂ ਲਿਆਂਦੀ ਹੋਈ ਕੱਚੀ ਲੱਚੀ ਦਾ ਛਿੜਕਾਅ ਇਸ ਲਈ ਕਰ ਰਹੇ ਸਨ ਕੇ ਸਾਡੇ ਬਾਬਾ ਜੀ ਦਾ
ਹੁਕਮ ਸੀ ਕਿ ਪਵਿੱਤਰਤਾ ਘਰ ਵਿੱਚ ਤਾਂ ਹੀ ਆ ਸਕਦੀ ਹੈ ਜੇ ਕਰ ਕੱਚੀ ਲੱਸੀ ਦਾ ਛਿੜਕਾਅ ਕੀਤਾ ਜਾਏ।
ਕੜਾਹ ਪਰਸਾਦ ਅੱਗੇ ਵੀ ਤੁਪਕਾ ਤੁਪਕਾ ਪਾਣੀ ਛਿੜਕਿਆ ਜਾ ਰਿਹਾ ਹੈ। ਮਨਮਤ ਦੀ ਸਿਖਰ ਓਦੋਂ ਹੋ
ਨਿਬੜਦੀ ਹੈ ਜਦੋਂ ਮੀਂਹ ਵਰ੍ਹਦੇ ਵਿੱਚ ਤੇ ਗੁਰਦੁਆਰਾ ਸਾਹਿਬ ਦੇ ਅੰਦਰ ਵਿੱਛੇ ਹੋਏ ਕਾਰਪਿਟ ਤੇ ਵੀ
ਤੁਪਕਾ ਤੁਪਕਾ ਪਾਣੀ ਛਿੜਕਿਆ ਜਾਂਦਾ ਹੈ। ਕੀ ਇਹ ਗੁਰਮਤ ਹੈ? ਜੇ ਇਹ ਗੁਰਮਤ ਹੈ ਤਾਂ ਫਿਰ ਮਨਮਤ ਦੀ
ਵਿਆਖਿਆ ਨਵੇਂ ਸਿਰੇ ਤੋਂ ਕਰਨੀ ਪਏਗੀ। ਗੁਰੂ ਗ੍ਰੰਥ ਸਾਹਿਬ ਜੀ ਨਾਲ ਬਹੁਤ ਸਾਰੀਆਂ ਰਸਮਾਂ ਜੋੜੀਆਂ
ਗਈਆਂ ਹਨ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਤੋਂ ਉਲਟ ਦਿਸ਼ਾ ਵਿੱਚ ਚੱਲ ਰਹੀਆਂ ਹਨ। ਰਾਤ ਨੂੰ
ਗੂਰੂ ਗ੍ਰੰਥ ਸਾਹਿਬ ਜੀ ਦੇ ਪਾਸ ਪਾਣੀ ਰੱਖਣਾ, ਦਾਤਣਾਂ ਰੱਖਣੀਆਂ, ਤੌਲੀਆ ਰੱਖਣਾ ਜਾਂ ਚੌਵੀ ਘੰਟੇ
ਦੇਸੀ ਘਿਉ ਦੀ ਜੋਤ ਜਗਾਉਣੀ, ਇਹਨਾਂ ਬੇਲੋੜੀਆਂ ਰਸਮਾਂ ਨੂੰ ਹੀ ਅਸੀਂ ਗੁਰੂ ਜੀ ਦਾ ਸਤਿਕਾਰ ਤੇ
ਧਰਮ ਸਮਝੀਂ ਬੈਠੇ ਹਾਂ ਜੋ ਕਿ ਮਨਮਤ ਦੀ ਮੂੰਹ ਬੋਲਦੀ ਤਸਵੀਰ ਹੈ।
ਅਣਜਾਣੇ ਵਿੱਚ ਜਾਂ ਨਾ ਸਮਝੀ ਕਰਕੇ ਅਸੀਂ ਅਰਦਾਸ ਦੇ ਸਰੂਪ ਨੂੰ ਵੀ ਵਿਗਾੜ
ਦਿੱਤਾ ਹੈ ਜਿਥੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਵੀਚਾਰ ਵਲ ਨੂੰ ਨਹੀਂ ਗਏ, ਸਗੋਂ ਪੂਜਾ ਵਲ ਨੂੰ ਵੱਧ
ਗਏ ਹਾਂ। ਮਿਸਾਲ ਦੇ ਤੌਰ ਤੇ ਪੰਥ ਪ੍ਰਵਾਨਤ ਰਹਿਤ ਮਰਯਾਦਾ ਵਿਚਲੀ ਅਰਦਾਸ ਦੇ ਬੋਲ ਹਨ, ਹੇ
ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਦੇ
ਹਜ਼ੂਰ ਇਸ ਸਬੰਧ ਵਿੱਚ ਅਰਦਾਸ ਕੀਤੀ ਜਾਂਦੀ ਹੈ ਪਰ ਹੁਣ ਆਮ ਹੀ ਅਰਦਾਸ ਦੇ ਬੋਲ ਅਸਾਂ ਆਪਣੇ ਆਪ ਹੀ
ਬਦਲ ਲਏ ਹਨ। ਵਾਹਿਗੁਰੂ ਜੀ ਦੀ ਜਗ੍ਹਾ `ਤੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਬੋਧਨ ਕਰਕੇ
ਤੇ ਵੱਧ ਤੋਂ ਵੱਧ ਵਿਸ਼ੇਸ਼ਣ ਲਗਾ ਕੇ ਅਰਦਾਸ ਕਰ ਰਹੇ ਹਾਂ। ਏੱਥੇ ਹੀ ਬੱਸ ਨਹੀਂ ਜਿਸ ਇਲਾਕੇ ਵਿੱਚ
ਜਿਸ ਗੁਰੂ ਪਾਤਸ਼ਾਹ ਜੀ ਦਾ ਗੁਰਦੁਆਰਾ ਹੈ ਉਸ ਗੁਰੂ ਸਾਹਿਬ ਜੀ ਦਾ ਹੀ ਨਾਂ ਲਿਆ ਜਾ ਰਿਹਾ ਹੈ।
ਵਾਹਿਗੁਰੂ ਸ਼ਬਦ ਦੀ ਥਾਂ `ਤੇ ਬਾਬਾ ਬਕਾਲਾ ਦੀ ਧਰਤੀ ਵਾਲੇ ਧੰਨ ਧੰਨ ਗੁਰੂ ਤੇਗ ਬਹਾਦਰ ਜੀ, ਦਿੱਲੀ
ਵਾਲੇ ਧੰਨ ਧੰਨ ਬਾਲਾ ਹਰਿ ਕ੍ਰਿਸ਼ਨ ਸਾਹਿਬ ਜੀ, ਅੰਮ੍ਰਿਤਸਰ ਦੀ ਧਰਤੀ ਤੇ ਧੰਨ ਧੰਨ ਗੁਰੂ ਰਾਮਦਾਸ
ਜੀ ਤੇ ਰਾਮਦਾਸ ਦੀ ਧਰਤੀ ਧੰਨ ਧੰਨ ਬਾਬਾ ਬੁੱਢਾ ਜੀ ਆਪ ਜੀ ਦੇ ਅੱਗੇ ਅਰਦਾਸ ਕੀਤੀ ਜਾਂਦੀ ਹੈ। ਇਸ
ਗੱਲ ਦੀ ਖੁਲ੍ਹ ਲੈਂਦਿਆਂ ਡੇਰਿਆਂ ਵਾਲਿਆਂ ਵੀ ਇੰਜ ਹੀ ਅਰਦਾਸ ਕਰਨੀ ਸ਼ੁਰੂ ਕਰ ਦਿੱਤੀ ਹੈ। ਇਹ
ਡੇਰੇ ਸਿੱਖੀ ਸਿਧਾਂਤ ਦੀਆਂ ਧੱਜੀਆਂ ਉਡਾਦਿਆਂ ਹੋਇਆਂ ਮਰ ਚੁੱਕੇ ਮਨੁੱਖਾਂ ਨੂੰ ਬ੍ਰਹਮ ਗਿਆਨੀਆਂ
ਦਾ ਦਰਜਾ ਦੇਕੇ ਧੰਨ ਧੰਨ ਬਾਬਾ--- ਜੀਓ ਤੁਹਾਡੇ ਅੱਗੇ ਅਰਦਾਸ ਕੀਤੀ ਜਾਂਦੀ ਹੈ ਸੱਚ ਖੰਡ ਵਿੱਚ ਇਹ
ਅਰਦਾਸ ਤੁਸਾਂ ਪ੍ਰਵਾਨ ਕਰਨੀ ਜੀ। ਪੰਥ ਪ੍ਰਵਾਨਤ ਰਹਿਤ ਮਰਯਾਦਾ ਅਨੁਸਾਰ ਇਹ ਅਰਦਾਸ ਵਹਿਗੁਰੂ ਜੀ
ਦੇ ਅੱਗੇ ਕਰਨ ਦਾ ਵਿਧਾਨ ਹੈ ਪਰ ਜੇ ਅਸੀਂ ਇੰਜ ਨਹੀਂ ਕਰ ਰਹੇ ਤਾਂ ਫਿਰ ਸਾਡੀ ਆਪਣੀ ਮਨਮਤ ਹੈ ਨਾ
ਕਿ ਗੁਰਮਤਿ।
ਪੰਥ ਪਰਵਾਨਤ ਰਹਿਤ ਮਰਯਾਦਾ ਅਨੁਸਾਰ ਨਿਸ਼ਾਨ ਸਾਹਿਬ ਜੀ ਦੇ ਚੋਲ਼ੇ ਦਾ ਰੰਗ
ਬਸੰਤੀ ਜਾਂ ਸੁਰਮਈ ਹੈ। ਭਾਈ ਕਾਨ੍ਹ ਸਿੰਘ ਜੀ ਨੇ ਮਹਾਨ ਕੋਸ਼ ਵਿੱਚ ਵੀ ਇਹ ਹੀ ਰੰਗ ਲਿਖੇ ਹਨ ਪਰ
ਸਾਡੀ ਆਪਣੀ ਅਣਗਹਿਲੀ ਕਰਕੇ ਕੇਸਰੀ ਜਾਂ ਜੋਗੀਆ ਰੰਗ ਦੀ ਭਰਮਾਰ ਹੋ ਗਈ ਹੈ। ਨਿਸ਼ਾਨ ਸਾਹਿਬ ਜੀ ਦਾ
ਫ਼ਰਹਰਾ ਲਹਿਰਾਉਣ ਸਮੇਂ ਦਹੀਂ ਤੇ ਕੱਚੀ ਲੱਸੀ ਦੁਆਰਾ ਇਸ਼ਨਾਨ ਕਰਾ ਕੇ ਆਉਣ ਵਾਲੀ ਪੀਹੜੀ ਨੂੰ ਅਸੀਂ
ਕੀ ਸੁਨੇਹਾਂ ਦੇ ਰਹੇ ਹਾਂ? ਨਿਸ਼ਾਨ ਸਾਹਿਬ ਨੂੰ ਕੱਚੀ ਲੱਸੀ ਜਾਂ ਦਹੀਂ ਨਾਲ ਇਸ਼ਨਾਨ ਕਰਾਉਣਾ ਘੋਰ
ਮਨਮਤ ਹੈ।