.

ਜੀਵਣ ਕੀ ਬਿਧਿ ਨਾਹਿ

ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ

ਪਹਾੜਾਂ ਦੀਆਂ ਖੁੱਡਾਂ `ਤੇ ਦਰਖੱਤਾਂ ਦੀਆਂ ਜੜ੍ਹਾਂ ਵਿੱਚ ਰਹਿਣ ਵਾਲੇ ਮਨੁੱਖ ਨੇ ਜੀਵਨ ਵਿੱਚ ਬੇ-ਓੜਕ ਵਿਕਾਸ ਕੀਤਾ ਹੈ। ਪਹੀਏ ਦੀ ਕਾਢ ਤੇ ਅੱਗ ਦੀ ਖੋਜ ਨੇ ਇਸ ਨੂੰ ਚੰਦ੍ਰਮਾ `ਤੇ ਘਰ ਪਾਉਣ ਲਈ ਮਜ਼ਬੂਰ ਕਰ ਦਿੱਤਾ ਹੈ। ਮਨੁੱਖੀ ਜੀਵਨ ਦੇ ਹਰ ਖੇਤਰ ਵਿੱਚ ਹਰ ਪਰਕਾਰ ਦੀ ਠਾਠਾਂ ਮਾਰਦੀ ਤਰੱਕੀ ਹੋਈ ਹੈ। ਪੱਤਿਆਂ ਨਾਲ ਤਨ ਢੱਕਣ ਵਾਲੇ ਇਸ ਜੀਵ ਨੇ ਹੱਥ-- ਖੱਡੀਆਂ ਤੋਂ ਲੈ ਕੇ ਗਰਮੀ ਸਰਦੀ ਦੇ ਬਚਾ ਵਾਸਤੇ ਹਰ ਕਿਸਮ ਦਾ ਕਪੜਾ ਪੈਦਾ ਕਰ ਲਿਆ ਹੈ। ਗਰਮੀਆਂ ਵਿੱਚ ਕਮਰਿਆਂ ਨੂੰ ਠੰਡੇ ਕਰਨਾ ਤੇ ਸਰਦੀਆਂ ਨੂੰ ਗਰਮ ਕਰਨ ਦੀ ਜੁਗਤੀ ਮਨੁੱਖ ਨੂੰ ਆ ਗਈ ਹੈ। ਪੱਤੇ ਜਾਂ ਦਰਖੱਤਾਂ ਦੇ ਖੱਟੇ ਮਿੱਠੇ ਫ਼ਲ਼ ਖਾ ਕੇ ਗੁਜ਼ਾਰਾ ਕਰਨ ਵਾਲੇ ਮਨੁੱਖ ਨੇ ਵੰਨ ਸੁਵੰਨੇ ਖਾਣੇ ਬਣਾ ਲਏ ਹਨ। ਰੀਂਗ ਰੀਂਗ ਕੇ ਚੱਲਣ ਵਾਲੇ ਮਨੁੱਖ ਨੇ ਦੋ ਪੈਰਾਂ `ਤੇ ਚੱਲਣਾ ਕੀ ਸਿੱਖ ਲਿਆ, ਇਸ ਨੇ ਤੇ ਜਨਵਰਾਂ ਦੀਆਂ ਪਿੱਠਾਂ `ਤੇ ਸਵਾਰੀ ਕਰਦਿਆਂ ੨ ਭਾਂਤ—ਭਾਂਤ ਦੀਆਂ ਕਾਰਾਂ ਵਿੱਚ ਬੈਠ ਕੇ ਦਿਨ--ਦੀਵੀਂ ਸੜਕਾਂ `ਤੇ ਦੌੜਨਾ ਸਿਖ ਲਿਆ ਹੈ। ਮਨੁੱਖ ਦੀ ਤਾਂਘ ਸੀ ਕਿ ਮੈਂ ਵੀ ਪੰਛੀਆਂ ਵਾਂਗ ਖੁਲ੍ਹੇ ਅਸਮਾਨ ਦੀਆਂ ਤਾਰੀਆ ਲਗਾਵਾਂ ਤੇ ਇਹ ਸੁਪਨਾ ਵੀ ਇਸ ਨੇ ਪੂਰਾ ਕਰ ਲਿਆ ਹੈ, ਸਗੋਂ ਹੁਣ ਤੇ ਇਹ ਸੋਚ ਰਿਹਾ ਹੈ, ਕਿ ਅਸਮਾਨ ਵਿੱਚ ਘਰ ਕਿਸ ਤਰ੍ਹਾਂ ਦੇ ਪਾਵਾਂ। ਆਪਣੇ ਮਨ ਪਰਚਾਵੇ ਲਈ ਜੋ ਮਨੁੱਖ ਨੇ ਸਾਧਨ ਪੈਦਾ ਕਰ ਲਏ ਹਨ ਉਹ ਦੇਖ ਕੇ ਤਾਂ ਇੱਕ ਵਾਰ ਦਿਮਾਗ ਹੀ ਚੱਕਰ ਖਾ ਜਾਂਦਾ ਹੈ। ਦੂਰ ਬੈਠੇ ਆਦਮੀ ਨਾਲ ਵੀਡੀਓ ਰਾਂਹੀ ਸਿੱਧੀ ਗੱਲਬਾਤ ਕਰਕੇ ਦੂਰੀਆਂ ਹੀ ਘਟਾ ਲਈਆਂ ਹਨ। ਇਹ ਸਾਰੇ ਸੁੱਖ ਭੋਗਦਿਆਂ ਦੇਖ ਕੇ, ਗੁਰੂ ਅਰਜਨ ਪਾਤਸ਼ਾਹ ਜੀ ਨੇ ਕਿਹਾ ਹੈ, ਕਿ, ਐ ਬੰਦੇ, ‘ਰੱਬੀ ਨਿਆਮਤਾਂ ਨੂੰ ਭੋਗਦਿਆਂ ਭੋਗਦਿਆਂ ਤੇਰਾ ਮੂੰਹ ਘਸ ਗਿਆ ਹੈ ਤੇ ਚੰਗੇ ਤੋਂ ਚੰਗਾ ਕਪੜਾ ਪਹਿਨਦਿਆਂ ਤੇਰੇ ਅੰਗ ਜੁਆਬ ਦੇ ਗਏ ਹਨ, ਪਰ ਸੱਚ ਇਹ ਈ ਕਿ ਜੇ ਤੇਰੇ ਪਾਸ ਸੱਚ ਵਰਗਾ ਜੀਵਨ ਨਹੀਂ ਆਇਆ, ਜਾਂ ਤੈਨੂੰ ਜ਼ਿੰਦਗੀ ਜਿਊਣ ਦੀ ਜਾਚ ਨਹੀਂ ਆਈ, ਤਾਂ ਤੇਰੇ ਜੀਵਨ ਨੂੰ ਲਾਹਨਤ ਹੈ’।

ਖਾਂਦਿਆ ਖਾਂਦਿਆ ਮੁਹੁ ਘਠਾ ਪੈਨੰਦਿਆ ਸਭੁ ਅੰਗੁ॥

ਨਾਨਕ ਧ੍ਰਿਗੁ ਤਿਨਾ ਕਾ ਜੀਵਿਆ ਜਿਨ ਸਚਿ ਨ ਲਗੋ ਰੰਗੁ॥

ਸਲੋਕ ਮ: ੫ ਪੰਨਾ ੫੨੩—

ਨੰਗ-ਧੜੰਗ ਰਹਿਣ ਵਾਲੇ ਮਨੁੱਖ ਨੇ ਆਪਣੀ ਨਿੱਜਤਾ ਤੋਂ ਉੱਠਦਿਆਂ ਪਰਵਾਰਾਂ ਵਾਲਾ ਜੀਵਨ ਅਰੰਭ ਕਰਦਿਆਂ ਕਬੀਲਿਆਂ ਦਾ ਰੂਪ ਧਾਰਨ ਕਰ ਲਿਆ। ਸੂਝ ਆਉਣ ਤੇ ਕਬੀਲਿਆਂ ਨੇ ਆਪਣੀਆਂ ਹੱਦਾਂ ਬਣਾ ਲਈਆਂ ਤੇ ਦੇਸ਼ਾਂ ਦੇ ਰੂਪ ਵਿੱਚ ਪ੍ਰਗਟ ਹੋ ਗਏ। ਖ਼ੁਦਾਵੰਦ ਕਰੀਮ ਦੇ ਇਸ ਬੇਟੇ ਦੇ ਮਨ ਵਿੱਚ ਹਮੇਸ਼ਾਂ ਹੀ ਡਰ ਤੇ ਲਾਲਚ ਦੀਆਂ ਦੋ ਪਰਵਿਰਤੀਆਂ ਕੰਮ ਕਰਦੀਆਂ ਰਹੀਆਂ ਹਨ। ਲਾਲਚ ਇਸ ਗੱਲ ਦਾ ਕਿ ਮੈਨੂੰ ਸਵਰਗ ਜਾਂ ਮਨ ਵਿੱਚ ਹਰ ਚਾਹੀ ਵਸਤੂ ਮਿਲ ਜਾਏ। ਡਰ ਇਸ ਗੱਲ ਦਾ ਕਿ ਕਿਤੇ ਮੈਨੂੰ ਨਰਕ ਨਾ ਮਿਲ ਜਾਏ, ਮੇਰਾ ਕਿਤੇ ਨੁਕਸਾਨ ਹੀ ਨਾ ਹੋ ਜਾਏ। ਇਹਨਾਂ ਪ੍ਰਵਿਰਤੀਆਂ ਵਿਚੋਂ ਪੂਜਾ ਦੇ ਸਿਧਾਂਤ ਨੇ ਜਨਮ ਲੈ ਲਿਆ। ਮਨੁੱਖ ਨੇ ਜਿਸ ਕੁਦਰਤੀ ਸ਼ਕਤੀ ਵਿਚੋਂ ਕੁੱਝ ਲਾਭ ਹੋਇਆ ਉਸ ਦੀ ਪੂਜਾ ਅਰੰਭ ਕਰ ਦਿੱਤੀ ਤੇ ਜਿਸ ਕੁਦਰਤੀ ਸ਼ਕਤੀ ਵਿਚੋਂ ਇਸ ਨੂੰ ਕੁੱਝ ਨੁਕਸਾਨ ਹੋਇਆ ਉਸ ਦੀ ਇਸ ਨੇ ਡਰਦਿਆਂ ਹੋਇਆਂ ਪੂਜਾ ਅਰੰਭ ਕਰ ਦਿੱਤੀ। ਮੀਂਹ ਨਾ ਪਿਆ ਤਾਂ ਪੂਜਾ ਤੇ ਜੱਗਾਂ ਦੀ ਸ਼ੁਰੂਆਤ, ਜੇ ਮੀਂਹ ਜ਼ਿਆਦਾ ਪੈ ਪਿਆ ਫਿਰ ਵੀ ਪੂਜਾ। ਗੱਲ ਕੀ ਬੱਦਲਾਂ, ਦਰੱਖਤਾਂ, ਸੂਰਜ--ਚੰਦਰਮਾਂ, ਤਾਰਿਆਂ, ਪਿੱਪਲਾਂ, ਬੇਰੀਆਂ, ਪੱਥਰਾਂ ਤੇ ਜਨਵਰਾਂ ਤਕ ਦੀ ਪੂਜਾ ਹੋਣੀ ਸ਼ੁਰੂ ਹੋ ਗਈ। ਇੰਜ ਆਖਿਆ ਜਾਏ ਜਿਸ ਕੁਦਰਤੀ ਸ਼ਕਤੀ ਤੋਂ ਇਸ ਮਨੁੱਖ ਨੂੰ ਲਾਭ ਹੋਇਆ ਉਸ ਦੀ ਪੂਜਾ ਤੇ ਜਿਸ ਤੋਂ ਨੁਕਸਾਨ ਹੋਇਆ ਉਸ ਦੀ ਵੀ ਪੂਜਾ ਅਰੰਭ ਹੋ ਗਈ।

ਪਹਿਲੇ ਪਹਿਲ ਆਪੋ ਆਪਣੇ ਘਰਾਂ ਦੀਆਂ ਰਸਮਾਂ ਘਰ ਦਾ ਮੁੱਖੀਆ ਹੀ ਨਿਭਾ ਲੈਂਦਾ ਸੀ। ਫਿਰ ਕਬੀਲਿਆਂ ਵਿੱਚ ਇੱਕ ਅੱਧੇ ਮਨੁੱਖ ਪਾਸ ਅਧਿਕਾਰ ਆ ਗਿਆ। ਮਨੁੱਖ ਜਿੱਥੇ ਵਿਕਾਸ ਦੀਆਂ ਮੰਜ਼ਿਲਾਂ ਸਰ ਕਰ ਰਿਹਾ ਸੀ, ਓਥੇ ਨਾਲ ਹੀ ਵਹਿਮਾਂ ਤੇ ਭਰਮਾਂ ਨੇ ਵੀ ਜਨਮ ਲੈ ਲਿਆ। ਪੂਜਾ ਕਰਨ ਵਾਲੇ ਨੂੰ ਪੂਜਾਰੀ ਕਿਹਾ ਜਾਣ ਲੱਗ ਪਿਆ। ਤਿੱਖੇ ਦਿਮਾਗ ਦੇ ਪੂਜਾਰੀਆਂ ਨੇ ਮਨੁੱਖੀ ਕਮਜ਼ੋਰੀਆਂ ਦਾ ਫਾਇਦਾ ਉਠਾਉਣਾ ਸ਼ੁਰੂ ਕਰ ਦਿੱਤਾ ਤੇ ਹਰ ਉਸ ਚੀਜ਼ ਦੀ ਪੂਜਾ ਕਰਾਉਣੀ ਸ਼ੁਰੂ ਕਰਾ ਦਿੱਤੀ ਜਿਸ ਤੋਂ ਮਨੁੱਖ ਥੋੜਾ ਬਹੁਤ ਡਰਿਆ। ਮਿਸਾਲ ਦੇ ਤੌਰਤੇ ਸ਼ੈਤਾਨ ਪੁਜਾਰੀ ਨੇ ਦੇਖਿਆ ਮਨੁੱਖ ਸੱਪ ਪਾਸੋਂ ਬਹੁਤ ਡਰਦਾ ਹੈ, ਹਾਲਾਂ ਕਿ ਸਾਰੀ ਦੁਨੀਆਂ ਜਾਣਦੀ ਹੈ ਕਿ ਸੱਪ ਮਾਸਾ ਹਾਰੀ ਜੀਵ ਹੈ ਪਰ ਫਿਰ ਵੀ ਤੀਖਣ ਬੁੱਧੀ ਦੇ ਮਾਲਕ ਪੁਜਾਰੀ ਨੇ ਸੱਪਾਂ ਦੇ ਮੰਦਰ ਬਣਾ ਕਿ ਚੰਗੇ ਭਲੇ ਮਨੁੱਖਾਂ ਦੇ ਗਲ਼ ਮੜ੍ਹ ਦਿੱਤੇ ਤੇ ਕਿਹਾ ਪਿਲਾਉ ਸੱਪਾਂ ਨੂੰ ਦੁੱਧ, ਇੰਜ ਸੱਪਾਂ ਦੀ ਪੂਜਾ ਦਾ ਇਤਿਹਾਸ ਅਰੰਭ ਹੋ ਗਿਆ। ਅੱਜ ਸਿੱਖ ਕੌਮ ਦੇ ਦਾਵੇਦਾਰ ਗੁੱਗਿਆਂ ਦੀ ਪੂਜਾ ਸਿਰ-ਤੋੜ ਯਤਨ ਕਰਕੇ ਕਰ ਰਹੇ ਹਨ। ਧਰਮ ਤਾਂ ਇੱਕ ਜੀਵਨ ਜਾਚ ਸੀ ਪਰ ਧਰਮ ਦੇ ਨਾਂ `ਤੇ ਮਨੁੱਖਤਾ ਦੀਆਂ ਜਿੰਨੀਆਂ ਵੰਡੀਆਂ ਅਸੀਂ ਪਾ ਲਈਆਂ ਹਨ ਜਾਂ ਧਰਮ ਦੇ ਨਾਂ `ਤੇ ਜਿੰਨੇ ਉਪੱਦਰ ਸ਼ੈਤਾਨ ਬਿਰਤੀ ਦੇ ਪੁਜਾਰੀ ਨੇ ਕਰਾਏ ਹਨ ਉਹ ਸਾਰੇ ਮੂੰਹ ਵਿੱਚ ਉਂਗਲ਼ਾਂ ਪਾਉਣ ਵਾਲੇ ਹਨ। ਗੁਰੂ ਅਮਰਦਾਸ ਜੀ ਨੇ ਰਾਗ ਗੂਜਰੀ ਵਿੱਚ ਸੁੱਖ ਮਾਣ ਰਹੇ ਇਨਸਾਨ ਦੇ ਸਾਹਮਣੇ ਬੜੇ ਕੀਮਤੀ ਵਿਚਾਰ ਰੱਖੇ ਹਨ, ਕਿ ਐ ਇਨਸਾਨ ਇਹ ਠੀਕ ਹੈ ਤੂੰ ਪਹਾੜਾਂ ਦੀਆਂ ਟੀਸੀਆਂ ਨੂੰ ਸਰ ਕਰ ਲਿਆ ਹੈ, ਸਮੁੰਦਰਾਂ ਨੂੰ ਹੰਗ਼ਾਲ਼ ਲਿਆ ਹੈ, ਅਸਮਾਨਾਂ `ਤੇ ਵਸੀ-ਕਰਨ ਦੀਆਂ ਵਿਉਂਤਾਂ ਬਣਾ ਲਈਆਂ ਹਨ, ਧਰਤੀ ਦੀ ਹਿੱਕ ਫੋਲਦਿਆਂ ਕੀਮਤੀ ਵਸਤੂਆਂ ਨੂੰ ਪਾ ਲਿਆ ਹੈ, ਦੁਨੀਆਂ ਦੀ ਹਰ ਐਸ਼ੋ—ਇਸ਼ਰਤ ਤੇਰੇ ਪਾਸ ਮੌਜੂਦ ਹੈ ਪਰ ਜੇ ਤੇਰੇ ਪਾਸ ਕੁੱਝ ਨਹੀਂ ਹੈ ਤਾਂ ਉਹ ਇਹ ਹੈ ਕਿ ਤੈਨੂੰ ਅਜੇ ਤੀਕ ਜ਼ਿੰਦਗੀ ਜਿਉਣ ਦੀ ਜਾਚ ਨਹੀਂ ਆਈ ਹੈ।

ਇਹੁ ਜਗਤੁ ਮਮਤਾ ਮੁਆ ਜੀਵਣ ਕੀ ਬਿਧਿ ਨਾਹਿ॥

ਗੁਰ ਕੈ ਭਾਣੈ ਜੋ ਚਲੈ ਜੀਵਣ ਪਦਵੀ ਪਾਹਿ॥

ਓਇ ਸਦਾ ਸਦਾ ਜਨ ਜੀਵਤੇ ਜੋ ਹਰ ਚਰਨੀ ਚਿਤੁ ਲਾਹਿ॥

ਨਾਨਕ ਨਦਰੀ ਮਨ ਵਸੈ ਗੁਰਮੁਖਿ ਸਹਜਿ ਸਮਾਹਿ॥

ਗੂਜਰੀ ਕੀ ਵਾਰ ਸਲੋਕ ਮ: ੩ ਪੰਨਾ ੫੦੮—

ਇਸ ਸਲੋਕ ਵਿੱਚ ਕੁੱਝ ਨੁਕਤਿਆਂ ਨੂੰ ਉਭਾਰਿਆ ਹੈ:-- ਪਹਿਲਾ ਨੁਕਤਾ ਸਾਰਾ ਸੰਸਾਰ ਮਮਤਾ ਵਿੱਚ ਮਰਿਆ ਪਿਆ ਹੈ। ਦੂਜਾ ਜੀਵਨ ਜਿਉਣ ਦੀ ਜੁੱਗਤੀ ਨਹੀਂ ਹੈ। ਤੀਜਾ ਨੁਕਤਾ ਗੁਰੂ ਨੂੰ ਸਮਝਿਆਂ ਜਾਂ ਗੁਰੂ ਦੇ ਰਸਤੇ `ਤੇ ਚੱਲਿਆਂ ਜੀਵਨ ਜਾਚ ਆ ਸਕਦੀ ਹੈ। ਚੌਥਾ ਨੁਕਤਾ ਜੀਵਨ ਵਿੱਚ ਸਹਿਜ ਅਵਸਥਾ ਆ ਸਕਦੀ ਹੈ। ਮਮਤਾ ਦਾ ਅਰਥ ਹੈ ਮੇਰੀ ਮੇਰੀ ----ਕੀ ਰਾਜਨੀਤਿਕ, ਕੀ ਧਾਰਮਿਕ, ਕੀ ਸਮਾਜਿਕ, ਕੀ ਸਾਡਾ ਪਰਵਾਰਕ ਜੀਵਨ, ਗੱਲ ਕੀ ਹਰ ਥਾ `ਤੇ ਮਮਤਾ ਹੀ ਭਾਰੂ ਨਜ਼ਰ ਆਉਂਦੀ ਹੈ। ਜਿਹੜੀ ਬਿਮਾਰੀ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਸੀ ਉਹ ਬਿਮਾਰੀ ਅੱਜ ਵੀ ਓਸੇ ਤਰ੍ਹਾਂ ਹੈ। ਜੇ ਓਦੋਂ ਰਾਜਿਆ ਵਿਚੋਂ ਧਰਮ ਉੱਡ ਗਿਆ ਸੀ, ਅੱਜ ਲੀਡਰਾਂ ਵਿਚੋਂ ਧਰਮ ਉੱਡ ਗਿਆ ਹੈ, ਦੁਨੀਆਂ ਹਉਮੇ ਦੇ ਵਿੱਚ ਗੁਆਚੀ ਫਿਰਦੀ ਰਹੀ ਹੈ। ਫ਼ਰਜ਼ਾਂ ਤੋਂ ਕੁਤਾਹੀ ਕਰ ਰਹੇ ਰਾਜਿਆਂ ਦੀ ਗੱਲ ਕਰਦਿਆਂ ਗੁਰੂ ਨਾਨਕ ਸਾਹਿਬ ਜੀ ਜੀਵਨ ਦੀ ਅਸਲੀਅਤ ਸਾਡੇ ਸਾਹਮਣੇ ਰੱਖ ਰਹੇ ਹਨ।

ਕਲਿ ਕਾਤੀ ਰਾਜੇ ਕਾਸਾਈ, ਧਰਮੁ ਪੰਖ ਕਰਿ ਉਡਰਿਆ॥

ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ॥

ਹਉ ਭਾਲਿ ਵਿਕੁੰਨੀ ਹੋਈ॥ ਆਧੇਰੈ ਰਾਹੁ ਨ ਕੋਈ॥

ਵਿਚਿ ਹਉਮੈ ਕਰਿ ਦੁਖੁ ਰੋਈ॥ ਕਹੁ ਨਾਨਕ ਕਿਨਿ ਬਿਧਿ ਗਤਿ ਹੋਈ॥

ਸਲੋਕੁ ਮ: ੧ ਪੰਨਾ ੧੪੫—

ਰਾਜਾ ਬਣਿਆ ਤਾਂ ਹੈ, ਪਰ ਰਾਜ ਕਰਨਾ ਨਹੀਂ ਆਉਂਦਾ, ਲੁਕਾਈ `ਤੇ ਜ਼ੁਲਮ ਕਰਨ ਦੀਆਂ ਤਰਕੀਬਾਂ ਸੋਚ ਰਿਹਾ ਹੈ। ਦੈਵੀ ਗੁਣ ਤਾਂ ਖੰਭ ਲਾ ਕੇ ਕਿਤੇ ਉੱਡ ਗਏ ਹਨ। ਮਨੁੱਖਤਾ ਦੇ ਜੀਵਨ ਵਿੱਚ ਮੱਸਿਆ ਦੀ ਰਾਤ ਵਰਗਾ ਹਨੇਰਾ ਪਸਰਿਆ ਪਿਆ ਹੈ। ਸੱਚ ਤਾਂ ਭਾਲਿਆ ਵੀ ਨਹੀਂ ਮਿਲਦਾ। ਜੇ ਰਾਜਾ ਇਸ ਤਰ੍ਹਾਂ ਦਾ ਹੈ ਤਾਂ ਸਾਰੀ ਪਰਜਾ ਵੀ ਏਸੇ ਹਨੇਰੇ ਵਿੱਚ ਟੱਕਰਾਂ ਮਾਰਦੀ ਦਿਸ ਰਹੀ ਹੈ। ਗੁਰੂ ਨਾਨਕ ਜੀ ਨੇ ਸਵਾਲ ਉਠਾਇਆ ਹੈ ਕੀ ਇਹਨਾਂ ਨੂੰ ਜ਼ਿੰਦਗੀ ਜਿਉਣ ਦੀ ਜਾਚ ਆ ਗਈ ਹੈ?

ਲੀਹ ਤੋਂ ਲੱਥੇ ਹੋਏ ਰਾਜੇ ਵਜ਼ੀਰਾਂ ਦੀ ਤਸਵੀਰ ਦਾ ਮੁੱਖੜਾ ਵਿਸਥਾਰ ਨਾਲ ਪੇਸ਼ ਕਰ ਰਹੇ ਹਨ, ਕਿ ਜ਼ਿੰਮੇਵਾਰੀਆਂ ਵਾਲੀ ਜਗ੍ਹਾ `ਤੇ ਬੈਠ ਕੇ ਵੀ ਇਹਨਾਂ ਨੂੰ ਜ਼ਿੰਦਗੀ ਜਿਉਣ ਦੀ ਜਾਚ ਨਹੀਂ ਆ ਰਹੀ। ਇਹ ਤੇ ਸਗੋਂ ਆਪਣੇ ਜਾਤ ਭਰਾਵਾਂ ਨੂੰ ਹੀ ਤੰਗ ਕਰ ਰਹੇ ਹਨ। ਸ਼ਿਕਾਰੀ ਦੇ ਸਿਖਾਏ ਹੋਏ ਹਿਰਨ ਤੇ ਬਾਜ਼ ਆਪਣੇ ਭਰਾਵਾਂ ਨੂੰ ਹੀ ਸ਼ਿਕਾਰੀ ਦੇ ਜਾਲ ਵਿੱਚ ਫਸਾਉਂਦੇ ਹਨ। ਜੇ ਇਹਨਾਂ ਵਿਚਾਰਿਆਂ ਨੂੰ ਜੀਵਨ ਜਾਚ ਹੋਵੇ ਤਾਂ ਇਹ ਕਦੇ ਵੀ ਆਪਣੇ ਭਰਾਵਾਂ ਨੂੰ ਸ਼ਿਕਾਰੀ ਦੇ ਜਾਲ ਵਿੱਚ ਨਾ ਫਸਾਉਣ। ਸਿਅਣਾ ਪੰਡਿਤ ਤੇ ਉਸ ਨੂੰ ਹੀ ਕਿਹਾ ਜਾ ਸਕਦਾ ਹੈ ਜਿਸ ਦੇ ਪਾਸ ਸੱਚ ਵਰਗੀ ਸਚਾਈ ਹੈ। ਜੇ ਰਾਜੇ ਸ਼ੇਰ ਹਨ ਤਾਂ ਇਹਨਾਂ ਦੇ ਪੜ੍ਹਾਏ ਹੋਏ ਇਹਨਾਂ ਦੇ ਚਾਕਰ ਇਸ ਸ਼ੇਰ ਦੀਆਂ ਨਹੁੰਦਰਾਂ ਹਨ ਜੋ ਪਰਜਾ ਨੂੰ ਦਿਨੇ ਰਾਤ ਪਾੜ ਰਹੀਆਂ ਹਨ। ਜੀਵਨ ਦੇ ਸਹੀ ਮਾਰਗ ਤੋਂ ਖੁੰਝੇ ਹੋਏ ਬੇ—ਤਾਲਿਆਂ ਵਾਂਗ ਫਿਰ ਰਹੇ ਹਨ। ਦਰ ਅਸਲ ਇਹ ਪੜ੍ਹੇ ਹੋਏ ਵੀ ਬੇ ਇਤਬਾਰੇ ਨੱਕ ਵੱਢੇ ਵਾਲੇ ਮਨੁੱਖ ਹਨ।

ਹਰਣਾਂ ਬਾਜਾਂ ਤੈ ਸਿਕਦਾਰਾਂ, ਏਨ੍ਹਾਂ ਪੜਿਆ ਨਾਉ॥

ਫਾਂਧੀ ਲਗੀ ਜਾਤਿ ਫਹਾਇਨਿ ਅਗੈ ਨਾਹੀ ਥਾਉਂ॥

ਸੋ ਪੜਿਆ ਸੋ ਪੰਡਿਤੁ ਬੀਨਾ ਜਿਨੀ ਕਮਾਣਾ॥

ਪਹਿਲੋ ਦੇ ਜੜ ਅੰਦਰਿ ਜੰਮੈ ਤਾ ਉਪਰਿ ਹੋਵੈ ਛਾਉ॥

ਰਾਜੇ ਸ਼ੀਂਹ ਮੱਕਦਮ ਕੁਤੇ॥ ਜਾਇ ਜਗਾਇਨਿ ਬੈਠੇ ਸੁਤੇ॥

ਚਾਕਰ ਨਹਦਾ ਪਾਇਨਿ ਘਾਉ॥ ਰਤੁ ਪਿਤੁ ਕਤਿਹੋ ਚਟਿ ਜਾਹੁ॥

ਜਿਥੈ ਜੀਆਂ ਹੋਸੀ ਸਾਰ ਨਕੀਂ ਵਢੀਂ ਲਾਇਤਬਾਰ॥

ਸਲੋਕ ਮ: ੧ ੧੨੮੮—

ਵੱਡੇ ਅਹੁਦਿਆਂ `ਤੇ ਬੈਠੇ ਇਹਨਾਂ ਇਨਸਾਨਾਂ ਨੂੰ ਅਜੇ ਤਾਂਈ ਜੀਵਨ ਦਾ ਚੱਜ ਅਚਾਰ ਨਹੀਂ ਆਇਆ। ਕੀ ਸਾਡੇ ਵਜ਼ੀਰਾਂ, ਅਫ਼ਸਰਾਂ ਵਿਚੋਂ ਰਿਸ਼ਵਤ ਵਰਗੀਆਂ ਭੈੜੀਆਂ ਬਿਮਾਰੀਆਂ ਖ਼ਤਮ ਹੋ ਗਈਆਂ ਹਨ? ਇਸ ਮਨੁੱਖ ਪਾਸ ਸਾਰੇ ਸੁੱਖ ਅਰਾਮ ਹੋਣ ਦੇ ਨਾਤੇ ਵੀ ਅੰਦਰੋਂ ਸੜਿਆ ਭੁੱਜਿਆ ਤੇ ਦੁੱਖਾਂ ਦੇ ਭਾਂਬੜ ਵਿੱਚ ਭੜਥਾ ਬਣਿਆ ਬੈਠਾ ਹੈ, ਕਿਉਂਕਿ ਇਸ ਨੇ ਰੱਬੀ ਹੁਕਮ ਨੂੰ ਨਹੀਂ ਸਮਝਿਆ। ਗੁਰਮਤਿ ਵਿੱਚ ਅਜੇਹੇ ਲੋਕਾਂ ਨੂੰ ਯਥਾਰਥ ਫਿਟਕਾਰਾਂ ਪਾਈਆਂ ਗਈਆਂ ਹਨ। ਉਹਨਾਂ ਦਾ ਜੀਵਨ, ਅਚਾਰਹੀਣ ਹੋਣ ਕਰਕੇ ਸਾਰੀ ਮਨੁੱਖ ਜਾਤੀ ਦੇ ਭਾਈਚਾਰੇ ਲਈ ਦੁਖਦਾਇਕ ਬਣ ਜਾਂਦਾ ਹੈ। ਉਹ ਵਲ਼-ਛੱਲ਼, ਠੱਗੀ, ਫਰੇਬ, ਨਿੰਦਾ ਚੁਗ਼ਲ਼ੀ ਕਰਕੇ, ਭਾਈਚਾਰੇ ਨੂੰ ਦੁੱਖ ਦੇ ਕੇ ਮਾਇਆ ਇਕੱਠੀ ਕਰਦੇ ਹਨ। ਭ੍ਰਿਸ਼ਟਾਚਾਰ ਤੇ ਕੁਕਰਮ ਉਹਨਾਂ ਦਾ ਧਰਮ ਬਣ ਜਾਂਦਾ ਹੈ। ਜੋਕਾਂ ਵਾਂਗ ਖ਼ੂਨ ਚੂਸ ਕੇ ਮੌਜਾਂ ਮਾਣਦੇ ਹਨ। ਗੁਰਮਤਿ ਵਿਚ, ਇਹਨਾਂ ਪਾਪੀਆਂ, ਅਚਾਰਹੀਣਾਂ ਤੇ ਕੁਕਰਮੀਆਂ ਦਾ ਅੱਜ ਤੇ ਆਉਣ ਵਾਲੇ ਜੀਵਨ ਵਿੱਚ ਹਮੇਸ਼ਾਂ ਮੂੰਹ ਕਾਲ਼ਾ ਹੀ ਦੱਸਿਆ ਗਿਆ ਹੈ। ਸੋ ਸਿੱਖ ਨੇ ਪਰਮਾਤਮਾ ਦੇ ਗੁਣਾਂ ਨੂੰ ਆਪਣੇ ਜੀਵਨ ਦਾ ਮਨੋਰਥ ਬਣਾਉਣਾ ਹੈ, ਇਹਨਾਂ ਗੁਣਾਂ ਰਾਂਹੀ ਪਰਮਾਤਮਾ ਵਿੱਚ ਅਭੇਦ ਹੋਣਾ ਹੈ। ਸਫਲ ਜੀਵਨ ਦੀ ਜਾਚ ਦਾ ਇੱਕ ਅਦਰਸ਼ ਸਾਡੇ ਸਾਹਮਣੇ ਹੈ:---

ਕਰਤਾ ਮਨਿ ਵਸਾਇਆ॥ ਜਨਮੈ ਕਾ, ਫਲੁ ਪਾਇਆ॥

ਮਨਿ ਭਵੰਤਾ ਕੰਤੁ ਹਰਿ, ਤੇਰਾ ਥਿਰੁ ਹੋਆ ਸੋਹਾਗ ਜੀਉ॥

ਅਟਲ ਪਦਾਰਥੁ ਪਾਇਆ॥ ਭੈ ਭੰਜਨ ਕੀ ਸਰਣਾਇਆ॥

ਲ਼ਾਇ ਅੰਚਲਿ ਨਾਨਕ, ਤਾਰਿਅਨੁ ਜਿਤਾ ਜਨਮੁ ਅਪਾਰ ਜੀਉ॥

ਮਾਝ ਅਸਟਪਦੀਆ ਮਹਲਾ ੫ ਪੰਨਾ ੧੩੨---

ਗੁਰੂ ਕੇ ਸਿੱਖ ਨੇ ਆਪਣੀ ਰੋਜ਼ਾਨਾ ਜ਼ਿੰਦਗੀ ਕਿਸੇ ਗ਼ੁਫ਼ਾ ਵਿੱਚ ਜਾਂ ਜੰਗਲ਼ ਵਿੱਚ ਜਾ ਕੇ ਜਾਂ ਮੋਨ ਧਾਰ ਕੇ ਨਹੀਂ ਗ਼ੁਜ਼ਾਰਨੀ। ਇਸ ਨੇ ਹੱਸਦਿਆਂ ਖੇਡਦਿਆਂ, ਤੇ ਚੰਗਾ ਖਾਦਿਆਂ ਪਹਿਨਦਿਆਂ ਜੀਵਨ ਗ਼ੁਜ਼ਰਾਨਾ ਹੈ। ਚੰਗੇ ਜੀਵਨ ਦੀ ਜਾਚ ਸਿੱਖਣ ਲਈ ਵਿਦਿਆ ਪੜ੍ਹਨੀ ਤੇ ਹੋਰ ਹੁਨਰਾਂ ਵਿੱਚ ਪ੍ਰਬੀਨਤਾ ਪ੍ਰਾਪਤ ਕਰਨਾ ਜ਼ਰੂਰੀ ਹੈ। ਤਾਹੀਂ ਤਾਂ ਮਨੁੱਖ ਆਪਣੇ ਜੀਵਨ ਦਾ ਪੱਧਰ ਉੱਚਾ ਚੁੱਕ ਸਕਦਾ ਹੈ। ਗੁਰਬਾਣੀ ਕਥਾ ਕੀਰਤਨ ਦੇ ਪ੍ਰਵਾਹ, ਲੰਗਰਾਂ ਦੀ ਸੇਵਾਵਾਂ ਦਾ ਬੇ--ਓੜਕ ਵਾਧਾ, ਨਗਰ ਕੀਰਤਨ ਦੀਆਂ ਧੂੜਾਂ ਦੂਰੋਂ ਦਿਸਦੀਆਂ, ਕੀਰਤਨ ਦਰਬਾਰਾਂ ਦੀ ਚਮਕ, ਅਖੰਡ-ਪਾਠਾਂ ਦੀਆਂ ਲੜੀਆਂ ਦੇ ਪ੍ਰਵਾਹ ਨਿਰਵਿਘਨ ਚੱਲ ਰਹੇ ਹਨ। ਕੀ ਧਾਰਮਿਕ ਆਗੂਆਂ, ਰਾਜਨੀਤਿਕ ਨੇਤਾਵਾਂ, ਗੁਰਦੁਆਰਿਆਂ ਦੇ ਪ੍ਰਬੰਧਕ ਪਰਚਾਰ ਵਿੱਚ ਲੱਗੀ ਸਾਰੀ ਸ਼ਰੇਣੀ ਵਿਚੋਂ ਈਰਖਾ-ਦਵੈਸ਼ ਭਾਵਨਾ ਬੀਜ ਖ਼ਤਮ ਹੋ ਗਿਆ ਹੈ? ਅਸਲ ਵਿੱਚ ਗੁਰੂ ਗ੍ਰੰਥ ਸ਼ਾਹਿਬ ਜੀ ਸਿੱਖਿਆ ਨੂੰ ਅਜੇ ਤਾਂਈ ਅਸੀਂ ਸਮਝਿਆ ਹੀ ਨਹੀਂ ਹੈ। ਬਾਹਰੋਂ ਅਸੀਂ ਧਰਮੀ ਜ਼ਰੂਰ ਲੱਗਦੇ ਹਾਂ ਪਰ ਅਜੇ ਤਾਂਈ ਸਾਨੂੰ ਜ਼ਿੰਦਗੀ ਜਿਉਣ ਦੀ ਜਾਚ ਨਹੀਂ ਆਈ, ਕਿਉਂਕਿ ਸਿੱਖੀ ਵਿੱਚ ਨਿੱਜੀ ਸੁਆਰਥ ਦੀ ਭਾਵਨਾ ਨੇ ਜਨਮ ਲੈ ਲਿਆ ਹੈ। ਇਮਾਰਤਾ ਬਣਾ ਲਈਆਂ, ਸੋਫ਼ੇ ਖ਼ਰੀਦ ਲਏ, ਚੰਗੇ ਆਹੁਦੇ ਲੈ ਲਏ ਪਰ ਅਜੇ ਤਾਂਈ ਇਸ ਮਨੁੱਖ ਨੂੰ ਜ਼ਿੰਦਗੀ ਜਿਊਣ ਦੀ ਜਾਚ ਨਹੀਂ ਆਈ।

ਗਲੀਂ ਅਸੀਂ ਚੰਗੀਆਂ ਆਚਾਰੀ ਬੁਰੀਆਹ॥

ਮਨਹੁ ਕਸੁਧਾ ਕਾਲੀਆਂ, ਬਾਹਰ ਚਿਟਵੀਆਹ॥

ਸਲੋਕ ਮ: ੧ ਪੰਨਾ ੮੫---




.