.

ਸ਼ਹੀਦੀ ਸਾਕਾ ਚਮਕੌਰ

ਮਰਦ-ਅਗੰਮੜੇ ਤੇ ਵਰਿਆਮ-ਜੋਧੇ ਸਾਹਿਬ ਸ਼ੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਸਤਿ-ਧਰਮ ਦੇ ਪ੍ਰਚਾਰਨ ਅਤੇ ਅਗਿਆਨਤਾ ਵੱਸ ਵਿਰੋਧ ਕਰਨ ਵਾਲਿਆਂ ਨੂੰ ਪਛਾੜਨ ਤੇ ਸੁਧਾਰਨ ਲਈ ਸੰਘਰਸ਼ ਕਰਦਿਆਂ, ਭਾਂਵੇਂ ਕਈ ਜੰਗਾਂ ਲੜਨੀਆਂ ਪਈਆਂ। ਪ੍ਰਤੂੰ, ਚਮਕੌਰ ਗੜੀ ਦਾ ਯੁੱਧ ਸੰਸਾਰ ਦਾ ਅਨੋਖਾ ਯੁਧ ਹੋ ਨਿਬੜਿਆ, ਜਿਥੇ ੪੦ ਕੁ ਭੁਖਣ ਭਾਣੇ ਸਿੰਘਾਂ ਦੁਆਰਾ ਲੱਖਾਂ ਦੀ ਗਿਣਤੀ ਵਿੱਚ ਘੇਰਾ ਪਾਈ ਦੁਸ਼ਮਣਾਂ ਨਾਲ ਜੂਝਦਿਆਂ, ਗੁਰਦੇਵ ਜੀ ਸੂਰਬੀਰਤਾ, ਸ਼ਹਨਸ਼ੀਲਤਾ ਅਤੇ ਸਹਜ-ਮਈ ਜੀਵਨ ਦਾ ਸ਼ਿਖਰ ਕਰ ਵਖਾਇਆ। ਜ਼ਫਰਨਾਮੇ ਵਿੱਚ ਗੁਰਦੇਵ ਜੀ ਆਪਣੀ ਕਲਮ ਦੁਆਰਾ ਲਿਖਿਆ:

ਗੁਰਸ਼ਨਾਹ ਚਿ ਕਾਰੇ ਕੁਨੰਦ ਚਿਹਲ ਨਰ।।

ਕਿ ਦਹ ਲਕ ਬਰ-ਅਇਦ ਬਰੋ ਬੇ-ਖਬਰ।।

ਹਜ਼ੂਰ ਸੱਚੇ ਪਾਤਸ਼ਾਹ ਦੇ ਧਰਮਯੁੱਧ ਦੇ ਚਾਉ ਨੂੰ ਦੇਖ ਕੇ ਪੰਜਾਬ ਦੇ ਲੋਕਾਂ ਵਿੱਚ ਕਿਤਨੀ ਜ਼ੁਰਅਤ ਭਰ ਗਈ ਸੀ ਅਤੇ ਉਹ ਗੁਰਦੇਵ ਜੀ ਤੋਂ ਆਪਾ ਨੁਛਾਵਰ ਕਰਨ ਲਈ ਕਿਵੇਂ ਤਿਆਰ ਸਨ, ਇਸ ਦੀ ਵੀ ਇੱਕ ਅਨੋਖੀ ਮਿਸਾਲ ਮਿਲਦੀ ਹੈ। ੨੧ ਦਿਸੰਬਰ ੧੭੦੪ ਦੀ ਸ਼ਾਮ ਨੂੰ ਸਤਿਗੁਰੂ ਜੀ ਵੱਡੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ, ਪੰਜ ਪਿਆਰਿਆਂ ਅਤੇ ਥੱਕੇ ਟੁਟੇ ਤੇ ਲਹੂ-ਲੁਹਾਨ ਹੋਏ ਸਿੰਘਾਂ ਸਮੇਤ ਜਦ ਚਮਕੌਰ ਦੀ ਜੂਹ ਵਿੱਚ ਪਹੁੰਚੇ, ਤਾਂ ਇੱਕ ਜ਼ਿਮੀਦਾਰ ਚੋਧਰੀ ਬੁਧੀਚੰਦ ਖਬਰ ਮਿਲਣ ਤੇ ਦੋੜਦਾ ਆਇਆ। ਉਸ ਨੇ ਗੁਰਦੇਵ ਜੀ ਨੂੰ ਬੇਨਤੀ ਕੀਤੀ ਕਿ ਤੁਸੀ ਮੇਰੀ ਹਵੇਲੀ ਵਿੱਚ ਆਉ। ਥਾਂ ਵੀ ਉੱਚੀ ਹੈ, ਖੁੱਲ੍ਹੇ ਮਦਾਨ ਨਾਲੋਂ ਉੱਥੇ ਕੁੱਝ ਬਚਾ ਵੀ ਹੋਏਗਾ। ਮਹਾਰਾਜ! ਤੁਸੀ ਸਾਡੇ ਲਈ ਇਤਨੇ ਕਸ਼ਟ ਝੱਲ ਰਹੇ ਹੋ, ਅਸੀਂ ਜਿਤਨੇ ਜੋਗੇ ਹਾਂ, ਹਾਜ਼ਰ ਹਾਂ। ਹਜ਼ੂਰੀ ਕਵੀ ਸੈਨਾਪਤਿ ਲਿਖਦਾ ਹੈ:

ਖਬਰ ਸੁਨੀ ਜ਼ਿਮੀਦਾਰ ਨੇ, ਮਧੇ ਬਸੇ ਚਮਕੌਰ।

ਸ਼ੁਨਤ ਬਚਨ ਤਤਕਾਲ ਹੀ, ਉਹ ਆਯੋ ਉਠਿ ਦੌਰ।।

ਹਾਥ ਜੋਰਿ ਐਸੇ ਕਹਯੋ, ਬਿਨਤੀ ਸੁਨਹੋ ਕਰਤਾਰ।

ਬਸੋ ਮਧਿ ਚਮਕੌਰ ਕੇ, ਅਪਨੀ ਕਿਰਪਾ ਧਾਰਿ।।

ਸਤਿਗੁਰੂ ਜੀ ਗੜੀ-ਨੁਮਾ ਇਸ ਹਵੇਲੀ ਦੀ ਨਾਕਾ-ਬੰਦੀ ਕੀਤੀ ਅਤੇ ਪੰਜ ਪੰਜ ਸਿੰਘਾਂ ਦੇ ਜੱਥੇ ਬਣਾਂ ਕੇ ਬਾਹਰ ਨਿਕਲ ਕੇ ਜੂਝਣ ਦੀ ਯੋਜਨਾ ਬਣਾਈ। ੨੨ ਦਸੰਬਰ ਦੀ ਸਵੇਰ ਹੋਣ ਸਾਰ ਸੂਬਾ ਸਰਹੰਦ ਵਜ਼ੀਰ ਖਾਂ ਨੇ ਢੰਢੋਰਾ ਦਿਲਵਾਇਆ ਕਿ ਜੇਕਰ ਗੁਰੂ ਜੀ ਆਤਮ-ਸਮਰਪਣ ਕਰ ਦੇਣ ਤਾਂ ਹਮਲਾ ਨਹੀ ਕੀਤਾ ਜਾਵੇਗਾ। ਮਹਾਂਬਲੀ-ਸਤਿਗੁਰੂ ਇਸ ਦਾ ਜਵਾਬ ਤੀਰਾਂ ਦੀ ਬੁਛਾੜ ਵਿੱਚ ਦਿੱਤਾ। ਬੱਸ ਫਿਰ ਕੀ ਸੀ! ਚਹੁਂ ਤਰਫੋਂ ਹੀ ਦੁਸ਼ਮਣਾਂ ਨੇ ਜੱਥੇ ਬਣਾ ਕੇ ਹਮਲੇ ਅਰੰਭੇ ਪਰ ਉਨ੍ਹਾਂ ਦੀ ਗੜ੍ਹੀ ਦੇ ਨੇੜੇ ਢੁਕਣ ਦੀ ਜ਼ੁਰਅਤ ਨਹੀ ਸੀ ਪੈਂਦੀ। ਜਰਨੈਲ ਨਾਹਰ ਖਾਂ ਪੌੜੀ ਦੁਆਰਾ ਛੁਪ ਕੇ ਚੜ੍ਹਿਆ, ਪਰ ਅਜੇ ਦਿਵਾਰ ਤੋਂ ਜ਼ਰਾ ਕੁ ਸਿਰ ਚੁਕਿਆ ਹੀ ਸੀ ਕਿ ਉਹ ਸਤਿਗੁਰਾਂ ਦੇ ਤੀਰ ਦਾ ਨਿਸ਼ਾਨਾ ਬਣ ਗਿਆ। ਗਨੀ ਖਾਂ ਨੂੰ ਗੁਰਜ ਦੇ ਇੱਕ ਵਾਰ ਨਾਲ ਹੀ ਚੂਰ ਕਰ ਦਿੱਤਾ ਅਤੇ ਖਵਾਜਾ-ਮਰਦੂਦ ਕੰਧ ਉਲ੍ਹੇ ਛੁਪ ਕੇ ਬਚਿਆ। ਸਤਿਗੁਰੂ ਜੀ ਲਿਖਿਆ ਹੈ ਕਿ ਅਫਸੋਸ! ਜੇ ਕਰ ਉਹ ਸਾਹਮਣੇ ਆ ਜਾਦਾਂ ਤਾਂ ਇੱਕ ਤੀਰ ਉਸ ਨੂੰ ਵੀ ਬਖਸ਼ ਦਿੰਦਾ:

ਕਿ ਆਂ ਖਵਾਜਾ ਮਰਦੂਦ ਸਾਯਹ ਦਿਵਾਰ।।

ਬ-ਮੈਦਾਂ ਨਿਆਮਦ ਬ-ਮਰਦਾਨਹ ਵਾਰ।। ੩੪।।

ਦਰੇਗਾ! ਅਗਰ ਰੂਏ ਓ ਦੀਦਮੇ।।

ਬਯਕ ਤੀਰ ਲਾਚਾਰ ਬਖਸ਼ੀਦਮੈ ।। ਬ ੩੫।।

ਜਿੱਥੇ ਗੁਰੂ ਜੀ ਉੱਚੀ ਅਟਾਰੀ ਵਿਚੋਂ ਤੁਰਕਾਂ ਦੇ ਚੋਣਵੇਂ ਜਰਨੈਲਾਂ ਨੂੰ ਫੁੰਡ ਰਹੇ ਸਨ, ਉਥੇ ਪੰਜ ਪੰਜ ਸਿੰਘ ਜੱਥਿਆਂ ਦੇ ਰੂਪ ਵਿੱਚ ਗੜ੍ਹੀ ਤੋਂ ਬਾਹਰ ਨਿਕਲ ਕੇ ਪੁਰਜ਼ਾ ਪੁਰਜ਼ਾ ਕਟ ਕੇ ਸ਼ਹੀਦ ਹੋ ਰਹੇ ਸਨ। ਐਸਾ ਦੇਖਦਿਆਂ ਜਦੋਂ ਗੁਰੂ ਜੀ ਦੇ ਬੀਰ ਸਪੁਤਰਾਂ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਜੀ ਗੁਰਸਿਖ ਵੀਰਾਂ ਦੀ ਤਰਾਂ ਜੰਗ ਵਿੱਚ ਜੁਝਣ ਦੀ ਬੇਨਤੀ ਕੀਤੀ ਤਾਂ ਪਿਤਾ ਗੁਰਦੇਵ ਜੀ ਬਹੁਤ ਖੁਸ਼ ਹੋਏ ਤੇ ਕਿਹਾ ਕਿ ਪੁਤਰੋ! ਇਸ ਸਮੇਂ ਪੰਥਕ ਬੇੜੇ ਦੇ ਮਲਾਹ ਤੁਸੀਂ ਹੀ ਨਜ਼ਰੀ ਪੈ ਰਹੇ ਹੋ। ਜਾਉ ਆਪਣੇ ਖੁਨ ਦੀ ਨਦੀ ਵਹਾ ਦਿੳ ਤਾਂ ਕਿ ਜ਼ੁਲਮ ਦੇ ਬਰੇਤੇ ਚ ਅਟਕਿਆ ਸਿੱਖੀ ਦਾ ਬੇੜਾ ਕਿਨਾਰੇ ਲਗ ਜਾਵੇ:

ਕਵੀ ਅਲ੍ਹਾ ਯਾਰ ਖਾਂ ਨੇ ਲਿਖਿਆ ਹੈ

ਬੇਟਾ, ਹੋ ਤੁਮ੍ਹੀ ਪੰਥ ਕੇ ਬੇੜੇ ਕੇ ਖਿਵੱਯਾ।

ਸਰ ਭੇਟ ਕਰੋ ਤਾਂ ਕਿ ਚਲੇ ਧਰਮ ਕੀ ਨਯਾ।

--------------------------

ਖਾਜਸ਼ ਹੈ, ਤੁਮ੍ਹੇ ਤੇਗ ਚਲਾਤੇ ਹੂਏ ਦੇਖੇਂ ।।

ਹਮ ਆਂਖ ਸੇ ਬਰਛੀ, ਤੂਮ੍ਹੇ ਖਾਤੇ ਹੂਏ ਦੇਖੇਂ।।

ਕਹਿੰਦੇ ਹਨ, ਸਿੰਘਾ ਨੇ ਬੇਨਤੀ ਕੀਤੀ ਕਿ ਗੁਰਦੇਵ ਜੀ ਆਪ ਸਾਹਿਬਜ਼ਾਦਿਆਂ ਨੂੰ ਲੈ ਕਿ ਗੜ੍ਹੀ ਚੌਂ ਨਿਕਲ ਜਾੳ ਤਾਂ ਜੁ ਪੰਥ ਦੀ ਸਫਲ ਅਗਵਾਈ ਕਰਦੇ ਰਹੋ। ਉਤਰ ਵਿੱਚ ਗੁਰਦੇਵ ਜੀ ਬੋਲੇ, ਸਿੰਘੋ ਬਲਿਹਾਰ! ਬਲਿਹਾਰ! ਤੁਸੀਂ ਕਿਹੜੇ ਸਾਹਿਬਜ਼ਾਦਿਆਂ ਦੀ ਗਲ ਕਰਦੇ ਹੋ। ਤੁਸੀਂ ਸਾਰੇ ਹੀ ਸਾਹਿਬਜ਼ਾਦੇ ਹੋ, ਮੇਰੇ ਪੁਤਰ ਹੋ। ਖਾਲਸਾ ਜੀ ਸਭ ਕੁੱਝ ਤੁਹਾਡੀ ਬਦੌਲਤ ਹੀ ਹੈ:

ਖਾਲਸੇ ਕੇ ਪ੍ਰਸਾਦ ਕਰ, ਸੁਤ ਬਿਤ ਕੋਸ਼ ਭੰਡਾਰ।।

ਰਾਜ ਮਾਲ ਸਾਦਨ ਸਗਲ, ਪੁਤ੍ਰ ਕਲਿਤ੍ਰ ਬਿਵਹਾਰ।।

ਕਮਾਲ ਦੀ ਗਲ, ਜੋ ਕਲਗੀਧਰ ਪਾਤਸ਼ਾਹ ਨੂੰ ਸੰਸਾਰ ਭਰ ਦੇ ਰਹਿਬਰਾਂ ਚੋਂ ਸਿਰਮੌਰ ਕਰਦੀ ਹੈ, ਉਹ ਇਹ ਹੈ ਕਿ ਬੇਟੇ ਅੱਖਾਂ ਸਾਹਵੇਂ ਪੁਰਜ਼ਾ–ਪੁਰਜ਼ਾ ਕਟ ਕੇ ਸ਼ਹੀਦ ਹੁੰਦੇ ਹਨ ਅਤੇ ਪਿਤਾ ਗੁਰਦੇਵ ਜੀ ਖੁਸ਼ੀ ਵਿੱਚ ਜੈਕਾਰੇ ਛੱਡਦੇ ਹਨ। ਅਕਾਲ ਪੁਰਖ ਦਾ ਸ਼ੁਕਰਾਨਾ ਕਰਦੇ ਹਨ। ਇੱਕ ਕਵੀ ਨੇ ਬੜਾ ਸੁੰਦਰ ਲਿਖਿਆ ਹੈ:

ਕਰੀ ਅਰਦਾਸ ਸਤਿਗੁਰੂ ਨੇ, ਅਮਾਨਤ ਪੁਜਾਈ ਤੇਰੀ।।

ਕਰਜ਼ਾ ਅਦਾ ਹੁਆ ਹੈ, ਕੁਛ ਰਹਿਮਤ ਹੂਈ ਹੈ ਤੇਰੀ।।

ਦੋ ਰਹਿ ਗਏ ਹੈਂ ਬਾਕੀ, ਵੋ ਭੀ ਫਿਦਾ ਕਰੂੰਗਾ ।।

ਰਹਿਮਤ ਤੇਰੀ ਕਾ ਮਾਲਿਕ, ਤਬ ਸ਼ੁਕਰ ਅਦਾ ਕਰੂੰਗਾ।।

ਜਗਤਾਰ ਸਿੰਘ ਜਾਚਕ, ਨਿਊਯਾਰਕ




.