ੴ ਸਤਿਗੁਰ ਪ੍ਰਸਾਦਿ॥
ਗੁਰੂ ਗ੍ਰੰਥ ਸਾਹਿਬ - ਇੱਕ ਤੋਂ ਦਸ ਗੁਰੂ ਸਾਹਿਬਾਨ ਇੱਕੋ ਗਿਆਨ-ਜੋਤਿ
ਸ਼ਾਇਦ "
Freedom of speech and expression"
ਹੋਂਣ ਕਰਕੇ, ਕੋਈ ਵੀ ਲੇਖਕ, ਐਡੀਟਰ ਜਾਂ
ਸੰਤ/ਬਾਬਾ ਕੁੱਝ ਵੀ ਲਿੱਖ ਸਕਦਾ ਹੈ ਤਾਂ ਜੋ ਸਿੱਖ ਆਪਸ ਵਿੱਚ ਝਗੜਦੇ ਰਹਿਣ ਅਤੇ "ਗੁਰਸ਼ਬਦ" ਨੂੰ
ਭੁੱਲ ਹੀ ਜਾਣ! ਵੈਸੇ ਵੀ ਅੱਜ ਕਲ ਅਸੀਂ ਸਿੱਖ ਪਰਿਵਾਰਾਂ ਨਾਲ ਸੰਬੰਧਿਤ, ਗੁਰਦੁਆਰਾ ਸਾਹਿਬ ਜਾ ਕੇ
"ਗੁਰੂ ਗ੍ਰੰਥ ਸਾਹਿਬ" ਅੱਗੇ ਰਸਮੀ ਤੌਰ ਤੇ ਹੀ ਮੱਥਾ ਟੇਕਦੇ ਹਾਂ ਪਰ ਗੁਰੂ ਦੇ ਉਪਦੇਸ਼ ਤੋਂ ਕੋਈ
ਸੇਧ ਨਹੀਂ ਲੈਂਦੇ। ਆਓ, ਗੁਰਬਾਣੀ ਤੇ ਕੁਰਬਾਨੀ ਵਾਰੇ ਇੱਕ ਝਾਤ ਮਾਰ ਲਈਏ ਤਾਂ ਜੋ ਸਾਡੀ ਰਹਿਣੀ
ਅਤੇ ਕਹਿਣੀ ਵਿੱਚ ਕੁੱਝ ਸੁਧਾਰ ਆ ਸਕੇ।
1- ਗੁਰੂ ਨਾਨਕ ਸਾਹਿਬ (੧੪੬੯-੧੫੩੯) ਨੇ "ਗੁਰਸ਼ਬਦ" ਦੁਆਰਾ ਸਾਰੀ ਲੋਕਾਈ ਨੂੰ ਇੱਕ ਅਕਾਲ
ਪੁਰਖ ਨਾਲ ਜੋੜਿਆ ਅਤੇ ਗ਼ਰੀਬਾਂ ਨੂੰ ਗਲੇ ਲਾਇਆ। ਪਰਿਵਾਰ ਜਾਂ ਮਾਇਆ ਦੇ ਮੋਹ ਵਿੱਚ ਖ਼ਚਤਿ ਨਹੀਂ
ਹੋਏ ਕਿਉਂਕਿ ਉਹ ਤਾਂ ਸਾਰੇ ਸੰਸਾਰ ਨੂੰ ਤਾਰਨ ਆਏ ਸਨ। ਇਸ ਲਈ, ਗੁਰੂ ਸਾਹਿਬ ਨੇ ਕਿਸੇ ਵੀ ਰਾਜੇ
ਜਾਂ ਮੌਲਵੀ / ਬ੍ਰਾਹਮਣ ਦੀ ਪ੍ਰਵਾਹ ਨਹੀਂ ਕੀਤੀ। ਇਸ ਪ੍ਰਥਾਇ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ
ਹੈ:
ਕਲਿ ਕਾਤੀ
ਰਾਜੇ ਕਾਸਾਈ ਧਰਮ ਪੰਖ ਕਰਿ ਉਡਰਿਆ॥ (ਗੁਰੂ ਗ੍ਰੰਥ ਸਾਹਿਬ - ਪੰਨਾ ੧੨੫)
ਰਾਜੇ ਸੀਹ ਮੁਕਦਮ ਕੁਤੇ॥ ਜਾਇ ਜਗਾਇਨਿ ਬੈਠੇ ਸੁਤੇ॥ (ਗੁਰੂ ਗ੍ਰੰਥ ਸਾਹਿਬ
- ਪੰਨਾ ੧੨੮੮)
ਉਸ ਸਮੇਂ ਦੇ ਹਾਲਾਤ ਵਾਰੇ ਗੁਰੂ ਸਾਹਿਬ ਨੇ "ਬਾਬਰਬਾਣੀ" ਦੁਆਰਾ ਹੋਰ ਵੀ
ਚਾਨਣਾ ਪਾਇਆ - ਦੇਖੋ ਗੁਰੂ ਗ੍ਰੰਥ ਸਾਹਿਬ ਦੇ ਪੰਨੇ ੩੬੦, ੪੧੭-੧੮, ੭੨੨)। ਏਮਨਾਬਾਦ ਜੇਲ ਵਿਖੇ
ਬਾਬਰ ਨੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਅਤੇ ਵੀਚਾਰ ਵਟਾਂਦਰਾ ਕਰਕੇ ਬਹੁਤ ਪ੍ਰਭਾਵਤਿ ਹੋਏ। ਉਸ
ਵੇਲੇ ਹੀ ਗੁਰੂ ਸਾਹਿਬ ਅਤੇ ਹੋਰ ਪਰਜਾ ਨੂੰ ਰਿਹਾਅ ਕਰ ਦਿੱਤਾ ਅਤੇ ਬਹੁਤ ਸਾਰੇ ਸ਼ਾਹੀ ਤੋਹਫੇ ਭੇਟ
ਕੀਤੇ। ਪਰ, ਗੁਰੂ ਸਾਹਿਬ ਨੇ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਉਨ੍ਹਾਂ ਨੂੰ ਤਾਂ ਪਹਿਲਾਂ ਹੀ
ਅਕਾਲ ਪੁਰਖ ਦੇ ਨਾਮ ਦੀ ਮੇਹਰ ਪ੍ਰਾਪਤ ਹੈ। ਬਾਬਰ ਬਾਦਸ਼ਾਹ ਨਾਲ ਰੂਹਾਨੀ ਜਾਂ ਦੁਨਿਆਵੀਂ ਕੋਈ
ਸਮਝੌਤਾ ਨਹੀਂ ਕੀਤਾ ਸਗੋਂ ਬਾਬਰ ਨੂੰ ਨੇਕ-ਦਿਲੀ ਨਾਲ ਰਾਜ ਕਰਨ ਲਈ ਉਪਦੇਸ਼ ਦਿੱਤਾ। ਲੋਕਾਈ ਨੂੰ ਭੀ
ਸੋਝੀ ਬਖਸ਼ੀ ਕਿ ਇੱਜ਼ਤ ਨਾਲ ਰਹਿਣ ਲਈ, ਅਕਾਲ ਪੁਰਖ ਦੀ ਭਗਤੀ ਅਤੇ ਸ਼ਕਤੀ ਦੋਵੇਂ ਹੀ ਬਹੁਤ ਜ਼ਰੂਰੀ
ਹਨ:
ਜੇ ਜੀਵੈ ਪਤਿ ਲਥੀ ਜਾਇ॥ ਸਭੁ ਹਰਾਮੁ ਜੇਤਾ ਕਿਛੁ ਖਾਇ॥ {ਸਲੋਕੁ ਮਹਲਾ ੧॥
- ਪੰਨਾ ੧੪੨}
ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰੁ ਧਰਿ ਤਲੀ ਗਲੀ ਮੇਰੀ ਆਉ॥ ਇਤੁ ਮਾਰਗਿ
ਪੈਰੁ ਧਰੀਜੈ॥
ਸਿਰੁ ਦੀਜੈ ਕਾਣਿ ਨ ਕੀਜੈ॥ {ਮਹਲਾ ੧॥ ਗੁਰੂ ਗ੍ਰੰਥ ਸਾਹਿਬ - ਪੰਨਾ ੧੪੧੨}
2- ਬਾਬਰ ਤੋਂ ਬਾਅਦ ਉਸ ਦਾ ਸ਼ਹਿਜ਼ਾਦਾ ਹਮਾਯੂੰ ਜਦੋਂ ਸ਼ੇਰਸ਼ਾਹ ਸੂਰੀ ਤੋਂ ਹਾਰ ਕੇ ਪੰਜਾਬ ਰਾਹੀਂ
ਪਰਤ ਰਿਹਾ ਸੀ ਤਾਂ ਗੁਰੂ ਅੰਗਦ ਸਾਹਿਬ ਦੇ ਦਰਸ਼ਨਾਂ ਲਈ ਖ਼ਡੂਰ ਸਾਹਿਬ ਆਇਆ। ਉਸ ਸਮੇਂ ਗੁਰੂ
ਸਾਹਿਬ ‘ਮੱਲ-ਅਖਾੜਾ’ ਵਿਖੇ ਬੱਚਿਆਂ ਅਤੇ ਨੌਜੁਆਨਾਂ ਨੂੰ ਕੁੱਸ਼ਤੀਆਂ ਲਈ ਹੱਲਾਸ਼ੇਰੀ ਦੇ ਰਹੇ ਸਨ ਪਰ
ਹਮਾਯੂੰ ਵਲ ਕੋਈ ਧਿਆਨ ਨਾਹ ਦਿੱਤਾ। ਹਮਾਯੂੰ ਨੇ ਆਪਣੀ ਨਿਰਾਦਰੀ ਸਮਝੀ ਤੇ ਗੁੱਸੇ ਨਾਲ ਤਲਵਾਰ
ਕੱਢੀ। ਪਰ, ਗੁਰੂ ਸਾਹਿਬ ਘਬਰਾਏ ਨਹੀਂ ਸਗੋਂ ਮੁਸਕਰਾ ਕੇ ਬੋਲੇ: "ਸ਼ੇਰਸ਼ਾਹ ਅੱਗੇ ਤਾਂ ਤਲਵਾਰ ਚਲੀ
ਨਹੀਂ ਅਤੇ ਹੁਣ ਫ਼ਕੀਰਾਂ ਉੱਪਰ ਚਲਾਉਂਣ ਦੀ ਕੀ ਤੁੱਕ" ! ਇਹ ਸੁਣ ਕੇ ਹਮਾਯੂੰ ਨਿਮ੍ਰਤਾ ਵਿੱਚ ਆਇਆ
ਅਤੇ ਗੁਰੂ ਸਾਹਿਬ ਦੇ ਚਰਨੀ ਪੈ ਕੇ ਆਪਣੀ ਭੁੱਲ ਬਖਸ਼ਾਈ। ਇਹ ਸ਼ਕਤੀ ਕਿਥੋਂ ਆਈ? ਗੁਰੂ ਨਾਨਕ ਸਾਹਿਬ
ਦੇ "ਗੁਰਸ਼ਬਦ" ਸਦਕਾ।
3- ਗੋਇੰਦਵਾਲ ਦੇ ਸਨਾਤਨੀ ਹਿੰਦੂਆਂ ਨੇ ਈਰਖਾ ਕਰਕੇ ਗੁਰੂ ਅਮਰਦਾਸ ਸਾਹਿਬ ਦੇ ਖ਼ਿਲਾਫ
ਬਾਦਸ਼ਾਹ ਅਕਬਰ ਪਾਸ ਸ਼ਕਾਇਤ ਕੀਤੀ। ਅਕਬਰ ਨੇ ਗੁਰੂ ਸਾਹਿਬ ਨੂੰ ਲਾਹੌਰ ਆਉਣ ਲਈ ਕਿਹਾ। ਗੁਰੂ ਜੀ ਆਪ
ਨਹੀਂ ਗਏ ਪਰ ਆਪਣੇ ਸੇਵਕ ਭਾਈ ਜੇਠਾ ਜੀ (ਗੁਰੂ ਰਾਮਦਾਸ ਸਾਹਿਬ) ਨੂੰ ਭੇਜਿਆ ਕਿ ਬਾਦਸ਼ਾਹ ਦੀ
ਗੁਰਬਾਣੀ ਦੇ ਆਧਾਰ ਤੇ ਤਸੱਲੀ ਕਰਵਾਅ ਆਓ। ਉਸ ਉਪ੍ਰੰਤਿ ਜਦੋਂ ਅਕਬਰ ਬਾਦਸ਼ਾਹ ਗੋਇੰਦਵਾਲ ਵਿਖੇ
ਗੁਰੂ ਅਮਰਦਾਸ ਸਾਹਿਬ ਦੇ ਦਰਸ਼ਨਾਂ ਲਈ ਆਇਆ ਤਾਂ ਪੰਗਤ ਵਿੱਚ ਬੈਠ ਕੇ ਗੁਰੂ ਕਾ ਲੰਗਰ ਛਕਿਆ ਅਤੇ
ਫਿਰ ਗੁਰੂ ਸਾਹਿਬ ਦੀ ਸੰਗਤ ਕਰਨ ਸਮੇਂ ਲੰਗਰ ਲਈ ਜ਼ਮੀਨ ਦੇਣੀ ਚਾਹੀ ਤਾਂ ਜੋ ਲੰਗਰ ਲਈ ਕੋਈ ਤੋਟਿ
ਨਾ ਆਵੇ। ਗੁਰੂ ਜੀ ਨੇ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਇਹ ਲੰਗਰ ਸੰਗਤ ਦੀ ਸੇਵਾ ਨਾਲ ਹੀ ਚਲਦੇ
ਰਹਿਣ ਨਾਂ ਕਿ ਕਿਸੇ ਬਾਦਸ਼ਾਹ ਦੇ ਉਪਕਾਰ ਵਜੋਂ! ਗੋਇੰਦਵਾਲ ਸਾਹਿਬ ਵਿਖੇ ਬਉਲੀ ਲਈ ਭੀ ਕਿਸੇ ਰਾਜੇ
ਪਾਸੋਂ ਕੋਈ ਮਦਦ ਨਹੀਂ ਲਈ।
4- ਇਵੇਂ ਹੀ, ਗੁਰੂ ਰਾਮਦਾਸ ਸਾਹਿਬ ਨੇ ਅੰਮ੍ਰਿਤਸਰ ਸ਼ਹਿਰ ਆਪਣੇ ਸੇਵਕਾਂ ਦੇ ਯੋਗਦਾਨ
ਨਾਲ ਹੀ ਵਸਾਇਆ ਅਤੇ ਅਕਬਰ ਬਾਦਸ਼ਾਹ ਤੋਂ ਕੋਈ ਸਹਾਇਤਾ ਨਾ ਲਈ ਕਿਉਂਕਿ ਗੁਰੂ ਸਾਹਿਬ ਗੁਰੂ ਘਰ ਨੂੰ
ਕਿਸੇ ਦੀ ਜਾਗੀਰ ਨਹੀਂ ਸੀ ਬਨਾਉਣਾ ਚਾਹੁੰਦੇ। ਉਸ ਸਮੇਂ ਤੋਂ ਹੀ "ਅੰਮ੍ਰਿਤਸਰ" ਸਿੱਖਾਂ ਦਾ ਕੇਂਦਰ
ਸਸ਼ੋਭਤਿ ਹੈ।
5- ਗੁਰੂ ਅਰਜਨ ਸਾਹਿਬ ਨੇ ਦਰਬਾਰ ਸਾਹਿਬ ਦੀ ਉਸਾਰੀ ਕਰਨ ਉਪ੍ਰੰਤਿ ਸਰਬ ਸਾਂਝੀਵਾਲਤਾ ਦਾ
ਗੁਰੂ ਗ੍ਰੰਥ ਸਾਹਿਬ ਤਿਆਰ ਕੀਤਾ। ਸਿੱਖੀ ਦੀ ਚੜ੍ਹਦੀ ਕਲਾ ਲਈ ਗੁਰੂ ਸਾਹਿਬ ਨੇ ਕੁਰਬਾਨੀ ਤਾਂ ਦੇ
ਦਿੱਤੀ ਪਰ ਜਹਾਂਗੀਰ ਅਤੇ ਉਸ ਦੇ ਕਰਿੰਦਿਆਂ ਦੀ ਕੋਈ ਪ੍ਰਵਾਹ ਨਾ ਕੀਤੀ ਕਿਉਂਕਿ ਉਨ੍ਹਾਂ ਦਾ ਭੀ ਇਹ
ਹੀ ਉਪਦੇਸ਼ ਸੀ:
ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ ਆਸ॥ ਹੋਹੁ ਸਭਨਾ ਕੀ ਰੇਣੁਕਾ ਤਉ ਆਉ
ਹਮਾਰੈ ਪਾਸਿ॥
{ਮਾਰੂ ਸਲੋਕ ਮਹਲਾ ੫॥ ਗੁਰੂ ਗ੍ਰਂਥ ਸਾਹਿਬ - ਪੰਨਾ ੧੧੦੨}
6- ਗੁਰੂ ਹਰਿਗੋਬਿੰਦ ਸਾਹਿਬ
ਨੇ ਪੀਰੀ
ਤੇ ਮੀਰੀ ਦੀਆਂ ਦੋ ਕਿਰਪਾਨਾਂ ਪਹਿਨੀਆਂ ਅਤੇ ਦਰਬਾਰ ਸਾਹਿਬ ਦੇ ਸਾਹਮਣੇ ਹੀ ਅਕਾਲ ਤੱਖ਼ਤ ਸਾਹਿਬ ਦੀ
ਸਾਜਣਾ ਕੀਤੀ। ਸਿੱਖੀ ਦੀ ਆਨ-ਸ਼ਾਨ ਹੋਰ ਭੀ ਮਜ਼ਬੂਤ ਕਰਨ ਲਈ ਫੌਜ਼ ਕਾਇਮ ਕੀਤੀ ਅਤੇ ਜਹਾਂਗੀਰ ਦੀ ਈਨ
ਨਾ ਮੰਨੀ ਸਗੋਂ ਚਾਰ ਲੜਾਈਆਂ ਵਿੱਚ ਫ਼ਤਿਹ ਪ੍ਰਾਪਤ ਕੀਤੀ। ਇੰਜ ਸਿੱਖਾਂ ਨੇ ਕਿਸੇ ਹਿੰਦੂ ਰਾਜੇ ਤੋਂ
ਬਹਾਦਰੀ ਨਹੀਂ ਸਿੱਖੀ। ਸੱਭ ਨੂੰ "ਗੁਰਸ਼ਬਦ" ਦੁਆਰਾ ਹੀ ਉਪਦੇਸ਼ ਦਿੱਤਾ।
7- ਗੁਰੂ ਹਰਿ ਰਾਏ ਸਾਹਿਬ ਨੇ ਵੀ ੨੨੦੦ ਘੋੜ ਸਵਾਰ ਰੱਖੇ। ਭਾਵੇਂ ਮੁਗਲ ਰਾਜ਼ ਦਾ ਵਤੀਰਾ
ਵਿਰੋਧ ਭਰਿਆ ਹੀ ਰਿਹਾ ਪਰ ਜਦੋਂ ਸ਼ਾਹਜਹਾਨ ਦਾ ਵੱਡਾ ਪੁੱਤਰ ਦਾਰਾ ਬੀਮਾਰ ਸੀ ਤਾਂ ਗੁਰੂ ਸਾਹਿਬ ਨੇ
ਆਪਣੇ ਕੀਰਤਪੁਰ ਤੋਸ਼ੇਖਾਨੇ ਵਿੱਚੋਂ ਉਪਲੱਬਧ ਦੁਆਈ ਭੇਜੀ ਜਿਸ ਸਦਕਾ ਉਹ ਠੀਕ ਹੋ ਗਿਆ। ਬਾਅਦ ਵਿੱਚ
ਜਦੋਂ ਬਾਦਸ਼ਾਹ ਔਰੰਗਜ਼ੇਬ ਨੇ ਗੁਰੂ ਸਾਹਿਬ ਨੂੰ ਦਿੱਲੀ ਬੁਲਾਇਆ ਤਾਂ ਉਹ ਆਪ ਨਹੀਂ ਗਏ ਪਰ ਆਪਣੇ
ਵੱਡੇ ਸਾਹਿਬਜ਼ਾਦੇ ਬਾਬਾ ਰਾਮਰਾਏ ਨੂੰ ਭੇਜਿਆ ਕਿਉਂਕਿ ਦੀਨ ਦੁੱਨੀਆ ਦਾ "ਪਾਤਸ਼ਾਹ" ਇੱਕ ਝੂਠੇ
‘ਬਾਦਸ਼ਾਹ’ ਦੀ ਕਿਉਂ ਪ੍ਰਵਾਹ ਕਰੇ!
8- ਗੁਰੂ ਹਰਿਕਿਸ਼ਨ ਸਾਹਿਬ ਭਾਵੇਂ ਦਿੱਲੀ ਗਏ ਪਰ ਗੁਰੂ ਸਾਹਿਬ ਨੇ ਬਾਦਸ਼ਾਹ ਔਰੰਗਜ਼ੇਬ ਨੂੰ
ਮੱਥੇ ਨਹੀਂ ਲਾਇਆ।
9- ਗੁਰੂ ਤੇਗ਼ ਬਹਾਦਰ ਸਾਹਿਬ ਨੇ ਵੀ ਔਰੰਗਜ਼ੇਬ ਦੀ ਈਨ ਨਾ ਮੰਨੀ ਪਰ ਸ਼ਹਾਦਤ ਦੇ ਦਿੱਤੀ।
ਭਾਈ ਮਤੀਦਾਸ ਜੀ, ਭਾਈ ਦਿਆਲਾ ਜੀ, ਭਾਈ ਸਤੀਦਾਸ ਜੀ ਵੀ ਨਾ ਡੋਲੇ। ਗੁਰੂ ਸਾਹਿਬ ਭੀ ਗੁਰਬਾਣੀ ਦੇ
ਆਧਾਰ ਤੇ ਚਲ ਰਹੇ ਸਨ:
ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ॥ ਕਹੁ ਨਾਨਕ ਸੁਨਿ ਰੇ ਮਨਾ ਗਿਆਨੀ
ਤਾਹਿ ਬਖਾਨਿ॥
{ਸਲੋਕ ਮਹਲਾ ੯॥ ਗੁਰੂ ਗ੍ਰੰਥ ਸਾਹਿਬ - ਪੰਨਾ ੧੪੨੭}
10- ਗੁਰੂ ਗੋਬਿੰਦ ਸਿੰਘ ਸਾਹਿਬ ਨੇ ਭੀ ਔਰੰਗਜ਼ੇਬ ਅਤੇ ਗ਼ੁਲਾਮ
ਹਿੰਦੂ ਪਹਾੜੀ ਰਾਜ਼ਿਆ ਨਾਲ ਕੋਈ ਸਮਝੌਤਾ ਨਹੀਂ ਕੀਤਾ। ਗੁਰੂ ਸਾਹਿਬ ਨੇ ਸੱਭ ਸਿੱਖਾਂ ਨੂੰ ਗੁਰਬਾਣੀ
ਨਾਲ ਹੀ ਜੋੜਿਆ:
ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ॥ {ਮਹਲਾ ੩॥ ਪੰਨਾ ੬੪੬}
ਖੰਡੇ ਦੀ ਪਾਹੁਲ ਦੁਆਰਾ ਅੰਮ੍ਰਿਤ ਦੀ ਦਾਤਿ ਬਖ਼ਸ਼ ਕੇ, ਸਿੱਖਾਂ ਨੂੰ ਸਦੀਵੀ
ਅਕਾਲ ਪੁਰਖ ਦੀ ਆਜ਼ਾਦ ਖ਼ਾਲਸਾ ਫੌਜ ਬਣਾ ਦਿੱਤਾ। ਗੁਰੂ ਸਾਹਿਬ ਨੇ ਸਾਰਾ ਸਰਬੰਸ ਕੁਰਬਾਨ ਕਰ ਦਿੱਤਾ
ਪਰ ਸਿੱਖੀ ਦੇ ਅਸੂਲਾਂ ਨੂੰ ਕੋਈ ਆਂਚ ਨਹੀਂ ਆਉਣ ਦਿੱਤੀ। ਇਸ ਪ੍ਰਥਾਇ ਭਗਤ ਕਬੀਰ ਜੀ ਦਾ ਸਲੋਕ
(ਪੰਨਾ ੧੧੦੫) ਹੈ:
ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ॥ ਪੁਰਜਾ ਪੁਰਜਾ ਕਟਿ ਮਰੈ ਕਬਹੂ
ਨ ਛਾਡੈ ਖੇਤੁ॥
ਅੰਤ ਵਿੱਚ ੭ ਅਕਤੂਬਰ ੧੭੦੮ ਨੂੰ ਆਪਣਾ ਸਰੀਰਕ-ਜਾਮਾ ਛੱਡਣ ਸਮੇਂ ਗੁਰੂ
ਗੋਬਿੰਦ ਸਿੰਘ ਸਾਹਿਬ ਨੇ ਸਿੱਖਾਂ ਨੂੰ ਹੁਕਮ ਕੀਤਾ ਕਿ ਅੱਜ ਤੋਂ ਤੁਸੀਂ "ਗੁਰੂ ਗ੍ਰੰਥ ਸਾਹਿਬ"
ਨੂੰ ਗੁਰੂ ਮੰਨਣਾ ਹੈ ਅਤੇ ਐਲਾਨ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਗੁਰੂ ਖ਼ਾਲਸਾ ਪੰਥ
ਹੋਵੇਗਾ। ਸਿੱਖ ਰਹਿਤ ਮਰਯਾਦਾ ਅਨੁਸਾਰ ਅਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਸਮੇਂ ਭੀ ਅਸੀਂ ਅਰਦਾਸ
ਕਰਦੇ ਹਾਂ: "ਦਸਾਂ ਪਾਤਸ਼ਾਹੀਆਂ ਦੀ ਜੋਤਿ ਗੁਰੂ ਗ੍ਰੰਥ ਸਾਹਿਬ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ
ਬੋਲੋ ਜੀ, ਵਾਹਿਗੁਰੂ"। ਸਾਰੇ ਸੰਸਾਰ ਵਿਖੇ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਦੇ ਹੀ ਪਾਠ ਅਤੇ
ਕੀਰਤਨ ਹੁੰਦੇ ਹਨ।
ਇਵੇਂ ਹੀ, ਗੁਰਬਾਣੀ ਦੇ ਆਧਾਰ ਤੇ ਹੀ ਬਹਾਦਰ ਬੰਦਾ ਸਿੰਘ ਜੀ, ਭਾਈ ਮਨੀ
ਸਿੰਘ ਜੀ, ਸ਼ਹੀਦ ਤਾਰੂ ਸਿੰਘ ਜੀ ਅਤੇ ਹੋਰ ਬੇਅੰਤ ਗੁਰਸਿੱਖਾਂ ਨੇ ਕੁਰਬਾਨੀਆਂ ਦਿੱਤੀਆਂ ਅਤੇ ਹੁਣ
ਵੀ ਸਿੱਖ ਕੌਮ ਲਈ ਮਰਜੀਵੜੇ ਕੁਰਬਾਨ ਹੋ ਰਹੇ ਹਨ!
ਇਸ ਲਈ, ਦਾਸ ਵਲੋਂ ਸਨਿਮਰ ਬੇਨਤੀ ਹੈ ਕਿ ਸਾਨੂੰ ਸੱਭ ਨੂੰ ਅੰਮ੍ਰਿਤ ਦੀ
ਦਾਤਿ ਪ੍ਰਾਪਤ ਕਰਕੇ, ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਨਾਲ ਹੀ ਜੁੜੇ ਰਹਿਣਾ ਚਾਹੀਦਾ ਹੈ ਕਿਉਂਕਿ
ਸਿੱਖਾਂ ਦਾ ਕਿਸੇ ਡੇਰੇ ਦੇ ਸੰਤ/ਬਾਬੇ ਜਾਂ ਹੋਰ ਕੋਈ ਧਾਰਮਿਕ ਕਿਤਾਬ "ਗੁਰੂ" ਨਹੀਂ ਹੋ ਸਕਦਾ।
ਜਦੋਂ ਗੁਰੂ ਸਾਹਿਬਾਨ (੧੪੬੯-੧੭੦੮) ਨੇ ਕਿਸੇ ਵੀ ਕਰਾਮਾਤ, ਬਿੱਪਰ ਰੀਤਾਂ, ਹਿੰਦੂ ਮਿਥਿਹਾਸ ਜਾਂ
ਅਖੌਤੀ ਚਲਿਤ੍ਰਾਂ ਦਾ ਖੰਡਣ ਕੀਤਾ ਤਾਂ ਫਿਰ ਅਸੀਂ ਕਿਉਂ ਬਾਦ-ਬਿਵਾਦ ਵਿੱਚ ਪਈਏ?
ਕਿੰਨਾ ਚੰਗਾ ਹੋਵੇ ਜੇ ਸਿੱਖ ਰਸਾਲਿਆਂ ਦੇ ਐਡੀਟਰਾਂ, ਲੇਖਕ,
ਭਾਈ/ਰਾਗੀ/ਕਥਾਕਾਰ ਅਤੇ ਗੁਰਦੁਆਰਿਆਂ ਦੇ ਪ੍ਰਬੰਧਕ ਗੁਰੂ ਗ੍ਰੰਥ ਸਾਹਿਬ ਅਤੇ ਸਿੱਖ ਰਹਿਤ ਮਰਯਾਦਾ
ਅਨੁਸਾਰ ਹੀ ਪ੍ਰਚਾਰ ਕਰਨ ਤਾਂ ਜੋ ਸਿੱਖ "ਗੁਰਸ਼ਬਦ" ਦੁਆਰਾ ਅਕਾਲ ਪੁਰਖ ਦਾ ਓਟ-ਆਸਰਾ ਲੈ ਕੇ, ਆਪਣਾ
ਆਪਣਾ ਜੀਵਨ ਸਫਲਾ ਕਰਨ ਅਤੇ ਸਰਬੱਤ ਦੇ ਭਲੇ ਲਈ ਤਨੁ, ਮਨੁ ਅਤੇ ਧਨੁ ਨਾਲ ਸਾਂਝ ਪਾਉਣ। ਸਾਨੂੰ ਇਹ
ਭੀ ਸੋਝੀ ਹੋਣੀ ਚਾਹੀਦੀ ਹੈ ਕਿ "ਸਿੱਖ ਧਰਮ" ਕਿਸੇ ਇੱਕ ਪ੍ਰਾਣੀ, ਘਰਾਣੇ ਜਾਂ
ਜਥੇਬੰਦੀ/ਪਾਰਟੀ/ਲੀਡਰ/ਪ੍ਰਧਾਨ, ਆਦਿਕ ਦੀ ਨਿੱਜ਼ੀ ਜਾਇਦਾਦ ਨਹੀਂ। ਇਸ ਲਈ, ਸਾਰੀ ਸਿੱਖ ਕੌਮ ਦਾ
ਫਰਜ਼ ਬਣਦਾ ਹੈ ਕਿ ਅਸੀਂ ਗੁਰੂ ਦੇ ਸੱਚੇ ਸਿੱਖ ਬਣ ਕੇ, ਸਿੱਖੀ ਵਿਰਸੇ ਦੀ ਸੰਭਾਲ ਕਰਦੇ ਰਹੀਏ ਅਤੇ
ਗੁਰੂ ਗ੍ਰੰਥ ਸਾਹਿਬ ਵਿੱਚ ਅੰਕਤਿ ਗੁਰਬਾਣੀ ਗਿਆਨ ਨੂੰ ਗ੍ਰਹਿਣ ਕਰਕੇ, ਆਪਣਾ ਅਤੇ ਦੂਸਰਿਆਂ ਦਾ
ਸਚਿਆਰ ਜੀਵਨ ਬਣਾਈਏ।
ਗੁਰਬਾਣੀ ਇਸੁ ਜਗ ਮਹਿ ਚਾਨਣੁ ਕਰਮਿ ਵਸੈ ਮਨਿ ਆਏ॥ (ਸਿਰੀਰਾਗੁ ਮਹਲਾ ੩,
ਪੰਨਾ ੬੭)
ਪੀਊ ਦਾਦੇ ਕਾ ਖੋਲਿ ਡਿਠਾ ਖਜਾਨਾ॥ ਤਾ ਮੇਰੈ ਮਨਿ ਭਇਆ ਨਿਧਾਨਾ॥ (ਗਉੜੀ
ਗੁਆਰੇਰੀ ਮਹਲਾ ੫, ੧੮੬)
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
ਖਿਮਾ ਦਾ ਜਾਚਕ, ਗੁਰਮੀਤ ਸਿੰਘ, (ਅਸਟ੍ਰੇਲੀਆ)