ਇਸ ਸਲੋਕ ਦੇ ਅਖ਼ਰੀਂ ਅਰਥ ਇਸ ਪ੍ਰਕਾਰ ਹਨ। ਹੇ ਕਬੀਰ! ਜਨੇਊ ਆਦਿਕ ਪਾ ਕੇ
ਹਿੰਦੂ ਸਮਝਦਾ ਹੈ ਕਿ ਮੈਂ ਫਲਾਣੇ ਬ੍ਰਾਹਮਣ ਨੂੰ ਆਪਣਾ ਗੁਰੂ ਧਾਰ ਲਿਆ ਹੈ; ਪਰ ਤਦੋਂ ਸਮਝੋ ਗੁਰੂ
ਮਿਲ ਪਿਆ ਹੈ, ਜਦੋਂ ਗੁਰੂ ਧਾਰਨ ਵਾਲੇ ਮਨੁੱਖ ਵਿਚੋਂ ਸੰਸਾਰ ਦੀ ਮੋਹ ਮਾਇਆ ਦੀ ਭਟਕਣਾ ਖ਼ਤਮ ਹੋ
ਜਾਏ। ਜਦੋਂ ਸਰੀਰ ਨੂੰ ਸਾੜਨ ਵਾਲੇ ਕਲੇਸ਼ ਮਿੱਟ ਜਾਣ, ਜਦੋਂ ਹਰਖ ਸੋਗ ਕੋਈ ਵੀ ਚਿਤ ਨੂੰ ਨਾ ਸਾੜੇ।
ਅਜੇਹੀ ਹਾਲਤ ਵਿੱਚ ਅਪੜਿਆ ਹੋਇਆ ਮਨੁੱਖ ਪਰਮਾਤਮਾ ਦਾ ਰੂਪ ਹੈ ਭਾਵ ਰੱਬ ਜੀ ਉਸ ਮਨੁੱਖ ਦੇ ਹਿਰਦੇ
ਵਿੱਚ ਵੱਸਦਾ ਹੈ ਤੇ ਉਸ ਮਨੁੱਖ ਨੂੰ ਹਰ ਥਾਂ ਤੇ ਪਰਮਾਤਮਾ ਹੀ ਪਰਮਾਤਮਾ ਦਿਸਦਾ ਹੈ।
ਸਵਾਲ ਉੱਠਦਾ ਹੈ ਕਿ ਕੀ ਇਹ ਸਲੋਕ ਕੇਵਲ ਬ੍ਰਾਮਣ ਵਾਸਤੇ ਹੀ ਉਚਾਰਨ ਕੀਤਾ
ਹੈ? ਕੀ ਗੁਰਬਾਣੀ ਸਾਡੇ ਤੇ ਲਾਗੂ ਨਹੀਂ ਹੁੰਦੀ? ਪਰ ਆਮ ਦੇਖਿਆ ਜਾਏ ਤਾਂ ਬ੍ਰਾਹਮਣ ਗੁਰਦੁਆਰੇ
ਵਿੱਚ ਬਹੁਤ ਘੱਟ ਆਉਂਦਾ ਹੈ। ਗੁਰਬਾਣੀ ਤ੍ਰੈ-ਕਾਲ ਸੱਚ ਹੈ, ਗੁਰਬਾਣੀ ਸਦਾ ਕਾਲ ਰਹਿਣ ਵਾਲੀ ਤੇ ਹਰ
ਦੇਸ਼ ਦੇ ਵਸਨੀਕਾਂ ਲਈ ਸਾਂਝੀ ਹੈ।
‘ਗੁਰੁ ਲਾਗਾ’ —ਗੁਰੂ ਮਿਲ ਗਿਆ। ਤਬ ਜਾਨੀਐ—ਤਦੋਂ ਜਾਣਿਆ ਜਾਂ ਤਦੋਂ ਹੀ
ਸਮਝੋ; ਜਦੋਂ ਦੋ ਔਗੁਣ ਆਪਣੇ ਮਨ ਦੀ ਸੋਚ ਵਿਚੋਂ ਮਿਟਾ ਦਿੱਤੇ ਜਾਣ। ਪੁਰਾਣੇ ਸਮੇਂ ਵਿੱਚ ਲੋਹੇ ਦੀ
ਸਲੇਟ ਜਾਂ ਲੱਕੜ ਦੀ ਤੱਖਤੀ ਉਤੇ ਵਿਦਿਆਰਥੀਆਂ ਵਲੋਂ ਕੁੱਝ ਲਿਖਿਆ ਜਾਂਦਾ ਸੀ ਤਾਂ ਦੂਸਰਾ ਕੰਮ ਕਰਨ
ਲਈ ਪਹਿਲੇ ਨੂੰ ਮਿਟਾ ਲਿਆ ਜਾਂਦਾ ਸੀ। ਅੱਜ ਵੀ ਸੜਕਾਂ ਦੇ ਕਿਨਾਰਿਆ `ਤੇ ਕਈ ਬੋਰਡ ਲੱਗੇ ਹੁੰਦੇ
ਹਨ ਉਹਨਾਂ `ਤੇ ਕੋਈ ਨਵੀਂ ਚੀਜ਼ ਲਿਖਣੀ ਹੋਵੇ ਤਾਂ ਪਹਿਲੀ ਲਿਖੀ ਹੋਈ ਨੂੰ ਮਿਟਾ ਦਿੱਤਾ ਜਾਂਦਾ ਹੈ।
ਆਮ ਕਰਕੇ ਹਰ ਬੰਦੇ ਵਿੱਚ ਦੋ ਪ੍ਰਵਿਰਤੀਆਂ ਕੰਮ ਕਰਦੀਆਂ ਹਨ ਇੱਕ ਮੋਹ ਤੇ ਦੂਜਾ ਤਾਪ। ਇਹਨਾਂ
ਦੋਨਾਂ ਨੂੰ ਅਸਾਂ ਮਿਟਾਉਣਾ ਹੈ।
ਮੋਹ ਦਾ ਭਾਵ ਅਰਥ ਹੈ ਨਿਜ ਸੁਆਰਥ ਜਾਂ ਮੇਰਾ ਪਰਵਾਰ; ਦੂਜੇ ਦਾ ਨੁਕਸਾਨ
ਕਰਕੇ ਵੀ ਆਪਣਾ ਫਾਇਦਾ ਕਰਨਾ ਮੋਹ ਦੀ ਕਿਸਮ ਵਿੱਚ ਆਉਂਦਾ ਹੈ। ਜੇ ਕਰ ਵਾਕਿਆ ਹੀ ਅਸੀਂ ਗੁਰਦੁਆਰੇ
ਆਏ ਹਾਂ ਜਾਂ ਗੁਰੂ ਜੀ ਨੂੰ ਮਿਲੇ ਹਾਂ ਤਾਂ ਘੱਟੋ ਘੱਟ ਨਿਜੀ ਸੁਆਰਥ ਤੇ ਸਰੀਰਕ ਤਾਪ ਤਾਂ ਖ਼ਤਮ
ਹੋਣਾ ਚਾਹੀਦਾ ਹੈ। ਹਾਂ ਸਰੀਰ ਨੂੰ ਉਂਝ ਤਾਪ ਚੜਿਆ ਹੋਵੇ ਤਾਂ ਪੈਰਾਸੀਟਾਮੋਲ ਇੱਕ ਦਿਨ ਵਿੱਚ ਤਿੰਨ
ਵਾਰ ਲੈ ਲਈ ਜਾਏ ਤਾਂ ਸਰੀਰ ਦਾ ਬੁਖ਼ਾਰ ਉੱਤਰ ਜਾਂਦਾ ਹੈ ਪਰ ਏਥੇ ਸਰੀਰ ਤੋਂ ਮੁਰਾਦ ਗਿਆਨ ਇੰਦਿਆਂ
ਦੀ ਹੈ। ਇਸ ਸਲੋਕ ਦੀ ਮੁੱਢਲ਼ੀ ਤੁਕ ਵਿੱਚ ਦੋ ਵਿਚਾਰ; ਮਨ ਦਾ ਮੋਹ ਤੇ ਸਰੀਰਕ ਤਾਪ ਉੱਗੜ ਕੇ
ਸਾਹਮਣੇ ਆਉਂਦੇ ਹਨ। ਮਨ ਦੇ ਮੋਹ ਦਾ ਭਾਵ ਜਿੱਥੇ ਨਿਜੀ ਸੁਆਰਥ ਆਉਂਦਾ ਹੈ ਉਥੇ ਸਰੀਰ ਦੇ ਤਾਪ ਦਾ
ਭਾਵ ਗਿਆਨ ਇੰਦਰਿਆਂ ਨੂੰ ਵਿਕਾਰਾਂ ਦੀ ਪਾਣ ਚੜ੍ਹੀ ਹੋਈ ਦੇ ਰੂਪ ਵਿੱਚ ਆਉਂਦਾ ਹੈ। ਜੇ ਕਰ ਅਸੀਂ
ਗੁਰੂ ਜੀ ਨੂੰ ਮਿਲੇ ਹਾਂ ਤਾਂ ਘੱਟੋ ਘੱਟ ਇਹ ਦੋ ਬਿਮਾਰੀਆਂ ਤਾ ਜ਼ਰੂਰ ਠੀਕ ਹੋਣੀਆਂ ਚਾਹੀਦੀਆਂ ਹਨ।
ਤਨ ਤਾਪ—ਸਰੀਰ ਨੂੰ ਬੁਖ਼ਾਰ ਭਾਵ ਗਿਆਨ ਇੰਦ੍ਰਿਆਂ ਨੂੰ ਵੱਖ ਵੱਖ ਪਰਕਾਰ ਦਾ ਤਾਪ ਚੜ੍ਹਿਆ ਹੋਣਾ।
ਅੱਖਾਂ ਨੂੰ ਪਰਾਇਆ ਰੂਪ ਤੱਕਣ ਦਾ ਤਾਪ ਕੰਨਾ ਨੂੰ ਪਰਾਈ ਨਿੰਦਿਆ ਜਾਂ ਆਪਣੀ ਉਸਤਿਤ ਸੁਣਨ ਦੀ ਪੱਕੀ
ਆਦਤ ਦਾ ਤਾਪ ਹੋਣਾ। ਗੁਰੂ ਜੀ ਨੂੰ ਮਿਲਣ ਤੋਂ ਪਹਿਲਾਂ ਇਹ ਦੋਨਾਂ ਗੱਲਾਂ ਮੇਰੇ ਮਨ ਵਿੱਚ ਪੱਕੀਆਂ
ਹੋਈਆਂ ਪਈਆਂ ਸਨ ਪਰ ਹੁਣ ਜਦੋਂ ਅਸੀਂ ਗੁਰੂ ਸਾਹਿਬ ਜੀ ਨੂੰ ਮਿਲ ਲਿਆ ਹੈ ਤਾਂ ਇਹਨਾਂ ਦੋਨਾਂ
ਗੱਲਾਂ ਤੋਂ ਛੱਟਕਾਰਾ ਹੋ ਜਾਣਾ ਚਾਹੀਦਾ ਸੀ ਪਰ ਹੋਇਆ ਨਹੀਂ ਕਿਉਂਕਿ ਅਸਾਂ ਨੇ ਮੱਥਾ ਜ਼ਰੂਰ ਟੇਕਿਆ
ਹੈ ਪਰ ਗੁਰੂ ਜੀ ਦੇ ਗੁਰ ਨੂੰ ਨਹੀਂ ਪਕੜਿਆ ਜਾ ਸਮਝਿਆ ਹੀ ਨਹੀਂ ਹੈ। ਗੁਰੂ ਜੀ ਨੂੰ ਮਿਲਿਆ,
ਗੁਰਦੁਆਰੇ ਆਇਆ ਤਦ ਹੀ ਜਾਣਿਆ ਜਾ ਸਕਦਾ ਹੈ ਜਦੋਂ ਤੋਂ ਇਹ ਦੋਨਾਂ ਆਦਤਾਂ ਦਾ ਛੁਟਕਾਰਾ ਹੋ ਗਿਆ
ਹੈ।
ਸ਼ਬਦ ਦੀ ਦੂਸਰੀ ਤੁਕ ਵਿੱਚ “ਹਰਖ ਸੋਗ ਦਾਝੇ ਨਹੀ” ਹਰਖ-ਖੁਸ਼ੀ, ਸੋਗ-ਚਿੰਤਾ,
ਦਾਝੇ ਨਹੀਂ—ਅੱਗ ਵਿੱਚ ਸੜਦਾ ਨਹੀਂ ਹੈ। ਮਨੁੱਖ ਦਾ ਬੇਟਾ ਚੰਗੇ ਨੰਬਰ ਲੈ ਕੇ ਪਾਸ ਹੁੰਦਾ ਕੀ
ਮਨੁੱਖ ਨੂੰ ਖੁਸ਼ੀ ਨਹੀਂ ਹੋਣੀ ਚਾਹੀਦੀ। ਬੇਟੀ ਕਾਲਜ ਵਿੱਚ ਪੜ੍ਹਨ ਗਈ ਲੇਟ ਹੋ ਗਈ ਹੈ ਕੀ ਮਾਪਿਆਂ
ਨੂੰ ਚਿੰਤਾ ਨਹੀਂ ਹੋਣੀ ਚਾਹੀਦੀ। ਕਬੀਰ ਸਾਹਿਬ ਜੀ ਤਾਂ ਕਹਿ ਰਹੇ ਹਨ ਕਿ ਆਦਮੀ ਖੁਸ਼ੀ ਤੇ ਗ਼ਮੀ
ਵਿੱਚ ਸੜਦਾ ਨਹੀਂ ਹੈ। ਗ਼ਮੀ ਵਿੱਚ ਸੜਨਾ ਤਾਂ ਮੰਨਿਆ ਜਾ ਸਕਦਾ ਹੈ ਪਰ ਕੀ ਖ਼ੁਸ਼ੀ ਵਿੱਚ ਵੀ ਬੰਦਾ
ਸੜਦਾ ਹੈ। ਕਬੀਰ ਸਾਹਿਬ ਜੀ ਆਖ ਰਹੇ ਹਨ ਜੇ ਵਾਕਿਆ ਹੀ ਗੁਰੂ ਨੂੰ ਮਿਲਿਆ ਜਾਏ ਤਾਂ ਬੰਦਾ ਖੁਸ਼ੀ ਤੇ
ਗ਼ਮੀ ਵਿੱਚ ਸੜਦਾ ਨਹੀਂ ਹੈ। ਫਿਰ ਇਹ ਖੁਸ਼ੀ ਤੇ ਗ਼ਮੀ ਕੀ ਹੈ?
ਇਹ ਖੁਸ਼ੀ ਤੇ ਗ਼ਮੀ ਵੀ ਨਿਜੀ ਸੁਆਰਥ ਤੇ ਟਿਕੀ ਹੋਈ ਹੈ। ਮਿਸਾਲ ਦੇ ਤੌਰ ਤੇ
ਮੇਰੀ ਬੱਚੀ ਦੇ ਇਮਤਿਹਾਨ ਵਿਚੋਂ ਨੰਬਰ ਘੱਟ ਆਏ ਹਨ; ਇਸ ਦੀ ਮੈਨੂੰ ਬਹੁਤੀ ਚਿੰਤਾ ਨਹੀਂ ਹੈ ਹਾਂ
ਮੈਨੂੰ ਤਾਂ ਇਹ ਚਿੰਤਾ ਵੱਢ ਵੱਢ ਖਾ ਰਹੀ ਹੈ ਕਿ ਮੇਰੇ ਗੁਆਂਢ ਰਹਿੰਦੀ ਬੱਚੀ ਦੇ ਨੰਬਰ ਵੱਧ ਕਿਉਂ
ਆ ਗਏ ਹਨ। ਜੇ ਕਰ ਮੇਰੀ ਬੱਚੀ ਦੇ ਨੰਬਰ ਵੱਧ ਆ ਗਏ ਨੇ ਤਾਂ ਮੈਨੂੰ ਕੁਦਰਤੀ ਖੁਸ਼ੀ ਹੋਣੀ ਚਾਹੀਦੀ
ਸੀ ਪਰ ਮੈਨੂੰ ਏਦ੍ਹੀ ਖੁਸ਼ੀ ਕੋਈ ਜ਼ਿਆਦਾ ਨਹੀਂ ਮੈਨੂੰ ਤਾਂ ਇਹ ਖੁਸ਼ੀ ਵੱਧ ਅਨੰਦ ਦੇ ਰਹੀ ਹੈ ਕਿ
ਮੇਰੇ ਗੁਆਂਢ ਰਹਿੰਦੀ ਬੱਚੀ ਦੇ ਨੰਬਰ ਮੇਰੀ ਬੱਚੀ ਨਾਲੋਂ ਘੱਟ ਆਏ ਹਨ। ਜੇ ਅਸੀਂ ਗੁਰੂ ਜੀ ਨੂੰ
ਮਿਲ ਲਈਏ, ਉਹਨਾਂ ਦਾ ਉਪਦੇਸ਼ ਲੈ ਲਈਏ ਤਾਂ ਇਹ ਬੇਲੋੜੀਆਂ ਖੁਸ਼ੀਆਂ ਗ਼ਮੀਆਂ ਵਿੱਚ ਮਨੁੱਖ ਸੜਦਾ ਨਹੀਂ
ਹੈ। ਗੁਆਂਢੀ ਦੀ ਬੇਟੀ ਨੂੰ ਵੀ ਆਪਣੀ ਹੀ ਬੇਟੀ ਸਮਝੇਗਾ।
ਚਾਰ ਗੱਲਾਂ ਦੀ ਸਮਝ ਆਉਣ ਉਪਰੰਤ ਨਤੀਜਾ ਰੱਬ ਜੀ ਦੀ ਪਰਾਪਤੀ ਦਾ ਹੈ ਜੋ
ਜੀਵਨ ਜਾਚ ਦੇ ਰੂਪ ਵਿੱਚ ਪ੍ਰਗਟ ਹੁੰਦੀ ਹੈ। “ਤਬ ਹਰਿ ਆਪਹਿ ਆਪ” ਫਿਰ ਮਨੁੱਖ ਦੇ ਹਿਰਦੇ ਵਿੱਚ
ਰੱਬ ਜੀ ਦਾ ਨਿਵਾਸ ਹੈ। ਰੱਬ ਦਾ ਰੂਪ ਬਣਨਾ ਬਹੁਤਾ ਔਖਾ ਕੰਮ ਨਹੀਂ ਹੈ ਸਿਰਫ ਕਬੀਰ ਸਾਹਿਬ ਜੀ ਦੇ
ਸੁਝਾਏ ਹੋਏ ਰਸਤੇ `ਤੇ ਤੁਰਨ ਦੀ ਲੋੜ ਹੈ।
1 ਗੁਰੂ ਜੀ ਨੂੰ ਮਿਲਿਆ ਤਦ ਹੀ ਸਫਲ ਹੋ ਸਕਦਾ ਹੈ ਜਦੋਂ ਨਿਜ
ਸੁਆਰਥ ਰੂਪੀ ਮੋਹ ਤੋਂ ਮੁਕਤੀ ਤੇ ਗਿਆਨ ਇੰਦਰਿਆਂ ਦੇ ਵਿਕਾਰਾਂ ਦਾ ਤਾਪ ਲਹਿ ਜਾਏ। ਜੇ
ਇਹ ਸਭ ਕੁੱਝ ਬਰਕਰਾਰ ਹੈ ਤਾਂ ਮੱਥਾ ਟੇਕਣ ਦਾ, ਮੱਸਿਆ ਨਹਾਉਣ ਦਾ, ਸਿਰੀ ਅਖੰਡਪਾਠ
ਕਰਾਉਣ ਦਾ, ਚਲੀਹੇ ਕੱਟਣ ਦਾ ਫਿਰ ਕੋਈ ਬਹੁਤਾ ਲਾਭ ਨਹੀਂ ਹੈ। ਸਿਰਫ ਧਰਮ ਦੇ ਨਾਂ `ਤੇ
ਇੱਕ ਭਰਮ ਹੀ ਇਕੱਠਾ ਕੀਤਾ ਹੇ।
2 ਨਿਜ ਸੁਆਰਥ ਦੀਆਂ ਖੁਸ਼ੀਆਂ ਵਿੱਚ ਆਦਮੀ ਸੜਦਾ ਨਹੀਂ ਹੈ ਭਾਵ
ਈਰਖਾ ਤੋਂ ਰਹਿਤ ਵਾਲਾ ਜੀਵਨ ਹੋ ਜਾਂਦਾ ਹੈ।
3 ਮੋਹ, ਤਾਪ, ਹਰਖ-ਸੋਗ ਦੀ ਗੁਰੂ ਪਾਸੋਂ ਸਮਝ ਆਉਣ `ਤੇ ਇਹਨਾਂ
ਚੀਜ਼ਾਂ ਨੂੰ ਮਨ ਵਿਚੋਂ ਮਿਟਾਉਣ ਨਾਲ ਰੱਬ ਜੀ ਹਿਰਦੇ ਵਿੱਚ ਵੱਸ ਪੈਂਦੇ ਹਨ।
4 ਗੁਰ-ੳਪਦੇਸ਼ ਨਾਲ ਹੀ ਜੀਵਨ ਜਾਚ ਮਿਲਦੀ ਹੈ ਜੋ ਕਿ ਰਬ ਦੀ
ਪ੍ਰਾਪਤੀ ਮੰਨਿਆ ਗਿਆ ਹੈ।
ਕੀ ਕਾਰਨ ਹੈ ਅਸੀਂ ਧਰਮ ਦਾ ਕੰਮ ਵੀ ਕਰੀ ਜਾ ਰਹੇ ਹਾਂ ਪਰ ਸਾਡੇ ਸੁਭਾਅ
ਵਿੱਚ ਕੋਈ ਤਬਦੀਲੀ ਨਹੀਂ ਆਈ। ਇਸ ਦਾ ਉੱਤਰ ਹੈ ਕਿ ਅਸੀਂ ਗੁਰੂ ਜੀ ਨੂੰ ਪੜ੍ਹਦੇ ਸੁਣਦੇ ਤਾਂ ਜ਼ਰੂਰ
ਹਾਂ ਪਰ ਵਿਚਾਰਦੇ ਨਹੀਂ ਹਾਂ। ਦੇਖੋ ਦੇਖੀ ਵੱਧ ਤੋਂ ਵੱਧ ਮੱਥੇ ਜ਼ਰੂਰ ਟੇਕ ਰਹੇ ਹਾਂ। ਹੁਣ ਤੇ ਇੱਕ
ਮੁਹਾਵਰਾ ਹੀ ਬਣ ਗਿਆ ਹੈ ਕਿ ਭੱਜ ਕੇ ਗੁਰਦੁਆਰਿਉਂ ਹੋ ਆਵਾਂ ਜਾਂ ਮੱਥਾ ਟੇਕ ਆਵਾਂ। ਇਹ ਕੋਈ ਮਾੜੀ
ਗੱਲ ਨਹੀਂ ਹੈ ਪਰ ਜੇ ਅਸੀਂ ਗੁਰੂ ਜੀ ਦੇ ਉਪਦੇਸ਼ ਨੂੰ ਲਿਆ ਹੀ ਨਹੀਂ ਹੈ ਤਾਂ ਫਿਰ ਇਸ ਉਤੇ ਤੁਰੇ
ਹੀ ਨਹੀਂ ਹਾਂ ਤਾਂ ਫਿਰ ਇੱਕ ਧਰਮ ਦੀ ਰਸਮ ਹੀ ਪੂਰੀ ਕਰ ਰਹੇ ਹਾਂ। ਧਰਮ ਦੇ ਰਸਤੇ ਤੁਰੇ ਕੋਈ ਨਹੀਂ
ਹਾਂ ਪਰ ਧਰਮ ਦੀਆਂ ਰਸਮਾਂ ਨਿਭਾਅ ਕੇ ਹੀ ਕਹਿ ਰਹੇ ਹਾਂ ਜੀ ਅਸੀਂ ਤਾਂ ਮੰਜ਼ਿਲ `ਤੇ ਪਾਹੁੰਚ ਗਏ
ਹਾਂ।