‘ਸਾਕਾ’ ਮਾਨਵੀ ਹਿੱਤਾਂ ਵਿੱਚ ਕੀਤੇ ਉਸ ਇਤਹਾਸਕ ਧਰਮ-ਕਰਮ ਨੂੰ ਆਖਦੇ ਹਨ,
ਜੋ ਭਵਿਖ ਵਿੱਚ ਮਾਨਵਤਾ ਲਈ ਰੋਸ਼ਨ ਮੁਨਾਰਾ ਬਣੇ। ਵੈਸੇ ਤਾਂ ਸਾਰੇ ਗੁਰੂ ਪੁਤਰ ਸਾਹਿਬਜ਼ਾਦੇ ਕਹੇ
ਜਾਂਦੇ ਹਨ, ਪਰ ਅਰਦਾਸ ਵਿੱਚ ਕੇਵਲ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਨੂੰ ਹੀ ਯਾਦ
ਕੀਤਾ ਹੈ। ਕਿਉਂਕਿ, ਉਨ੍ਹਾ ਪੰਥਕ ਆਨ-ਸ਼ਾਨ ਨੂੰ ਬਹਾਲ ਰਖਦਿਆਂ ਬੇ-ਮਿਸਾਲ ਬਹਾਦਰੀ ਨਾਲ ਸ਼ਹਾਦਤਾਂ
ਦਿਤੀਆਂ। ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ (੧੮ਸਾਲ) ਬਾਬਾ ਜੁਝਾਰ ਸਿੰਘ ਜੀ (੧੪ ਸਾਲ) ਚਮਕੌਰ
ਵਿੱਚ ਅਤੇ ਬਾਬਾ ਜ਼ੋਰਾਵਰ ਸਿੰਘ ਜੀ (੯ ਸਾਲ) ਤੇ ਬਾਬਾ ਫਤਹਿ ਸਿੰਘ ਜੀ (੭ਸਾਲ) ਸਰਹਿੰਦ ਵਿੱਚ,
ਜਿਨ੍ਹਾ ਸ਼ਹੀਦੀ ਸਾਕਾ ਵਰਤਾਇਆ। ਉਂਝ, ਉਹ ਮਾਨਵਤਾ ਦੇ ਮੁਢਲੇ ਹੱਕਾਂ ਲਈ ਧਰਮ ਹਿੱਤ ਸ਼ਹੀਦੀ ਸਾਕਾ
ਵਰਤਾਉਣ ਵਾਲੇ ਬਾਬਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪੋਤਰੇ ਹੀ ਸਨ। ਇਸੇ ਲਈ ਗੁਰ ਸੋਭਾ ਗ੍ਰੰਥ
ਦੇ ਲੇਖਕ ਸ੍ਰੀ ਸੈਨਾਪਤਿ ਜੀ ਨੇ ਲਿਖਿਆ:
ਧੰਨ ਧੰਨ ਗੁਰਦੇਵ ਸੁਤ, ਤਨ ਕੋ ਲੋਭ ਨ ਕੀਨ॥
ਧਰਮ ਰਾਖ ਕਲ ਮੋ ਗਏ, ਦਾਦੇ ਸਿਉਂ ਜਸ ਲੀਨ॥
ਔਰੰਗਜ਼ੇਬ, ਪਹਾੜੀ ਰਾਜੇ, ਵਜ਼ੀਰ ਖਾਂ, ਗੰਗੂ ਬ੍ਰਹਮਣ, ਦੀਵਾਨ ਸੁਚਾ ਨੰਦ,
ਸ਼ਾਹੀ ਕਾਜੀ ਤੇ ਜਲਾਦ ਆਦਿਕ ਉਹ ਲੋਕ ਹਨ, ਜੋ ਦੁਨੀਆਂ ਦੇ ਮਾਇਕ ਪ੍ਰਭਾਵ ਹੇਠ ਧਰਮ ਹਾਰ ਗਏ। ਦੁਨੀਆ
ਪਿਛੇ ਦੀਨ ਗਵਾਉਣ ਦਾ ਕਲੰਕ ਲਗਵਾ ਗਏ। ਭਗਤ ਕਬੀਰ ਜੀ ਦਾ ਸਲੋਕ ਹੈ:
ਗੁਰਦੇਵ ਜੀ ਦਾ ਆਦਰਸ਼, ਭਾਵੇਂ ਧਰਮ ਪ੍ਰਚਾਰਨ ਅਤੇ ਗ਼ਾਫਲ ਲੁਕਾਈ ਨੂੰ
ਜਾਗਰੁਕ ਕਰਨਾ ਸੀ। ਪਰ ਕਥਿਤ ਧਾਰਮਕ ਆਗੂਆਂ ਤੇ ਰਾਜਨੀਤਕ ਜਰਵਾਣਿਆਂ ਨੂੰ ਆਪਣੇ ਸਿੰਘਾਸਣ ਡੋਲਦੇ
ਨਜਰੀ ਪੈ ਰਹੇ ਸਨ। ਮਜ੍ਹਬੀ ਤੁਅਸਬ ਤੇ ਬਿਪਰਨ-ਜਾਲ ਵਿੱਚੋ ਲੋਕ ਨਿਕਲ ਰਹੇ ਸਨ, ਜਿਸ ਕਾਰਨ
ਔਰੰਗਜੇਬ ਹਕੂਮਤ ਤੇ ਪਹਾੜੀ ਰਾਜੇ ਬਾਰ ਬਾਰ ਗੁਰੂ ਸਾਹਿਬਾਂ ਤੇ ਹਮਲਾਵਰ ਹੁੰਦੇ ਰਹੇ। ਸ੍ਰੀ
ਅੰਨਦਪੁਰ ਦੀ ਚੌਥੀ ਜੰਗ ਵਿੱਚ, ਜਦੋ ਕਈ ਮਹੀਨਿਆਂ ਦੇ ਘੇਰੇ ਪਿਛੋਂ ਵੀ ਸ਼ਾਹੀ ਸੈਨਾ ਤੇ ਪਹਾੜੀ
ਰਾਜਿਆਂ ਨੂੰ ਆਪਣੀ ਅਸਫਲਤਾ ਦਿਸੀ ਤਾਂ ਉਨਾ ਨੇ ਧਰਮ ਦਾ ਸਹਾਰਾ ਲੈਂਦਿਆਂ ਕੁਰਾਨ ਤੇ ਗਊ ਦੀ ਕਸਮ
ਖਾ ਕੇ ਗੁਰੂ ਜੀ ਨੂੰ ਸ੍ਰੀ ਅਨੰਦਪੁਰ ਛੱਡਣ ਦਾ ਵਾਸਤਾ ਪਾਇਆ। ਪਰ ਸਤਿਗੁਰੂ ਜੀ ਜਿਉਂ ਹੀ ੧੯
ਦਸੰਬਰ ੧੭੦੪ ਦੀ ਰਾਤ ਨੂੰ ਅਨੰਦਪੁਰੀ ਨੂੰ ਛਡਿਆ, ਇਹ ਸਾਰੇ ਧਰਮ ਤੋਂ ਹਾਰ ਕੇ ਗੁਰੂ ਜੀ ਤੇ
ਹਮਲਾਵਰ ਹੋ ਗਏ। ਕਵੀ ਅਲ੍ਹਾ ਯਾਰ ਖਾਂ ਲਿਖਦਾ ਹੈ:
ਬਖ ਬਖਤੋਂ ਨੇ ਜੋ ਵਾਅਦਾ ਕੀਆ ਬਿਸਰ ਗਏ।
ਨ-ਮਰਦ ਕੌਲ ਕਰਕੇ, ਜ਼ਬਾਂ ਸੇ ਮੁਕਰ ਗਏ।
ਸਰਸਾ ਕਿਨਾਰੇ ਹੋਏ ਘਮਸਾਨ ਯੁੱਧ ਵਿੱਚ ਗੁਰੁ ਜੀ ਦਾ ਸਾਰਾ ਪਰਿਵਾਰ ਵਿਛੜ
ਗਿਆ, ਖੇੜੀ ਦਾ ਵਸਨੀਕ, ਗੁਰੂ ਘਰ ਦਾ ਇੱਕ ਕਪਟੀ ਨੋਕਰ ਗੰਗੂ, ਮਾਤਾ ਗੁਜਰੀ ਤੇ ਛੋਟੇ
ਸਾਹਿਬਜ਼ਾਦਿਆਂ ਨੂੰ ਆਪਣੇ ਨਗਰ ਲੈ ਗਿਆ। ਗੰਗੂ ਵਿਸ਼ਵਾਸ਼ ਘਾਤ ਕਰਕੇ ਧਰਮ ਤੋਂ ਡੋਲਿਆ, ਜਦੋਂ ਚੰਦ
ਮੋਹਰਾਂ ਤੇ ਹਕੂਮਤ ਪਾਸੋਂ ਇਨਾਮ ਹਾਸਲ ਕਰਨ ਦੇ ਲਾਲਚ ਵਿੱਚ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੂਜਰੀ
ਜੀ ਨੂੰ ਮੁਰਿੰਡੇ ਦੇ ਥਾਣੇਦਾਰ ਰਾਹੀਂ ਗ੍ਰਿਫਤਾਰ ਕਰਾ ਕੇ ਸਰਹਿੰਦ ਭੇਜਿਆ। ਦਾਦੀ ਮਾਂ ਠੰਡੇ ਬੁਰਜ
ਵਿੱਚ ਆਪਣੇ ਪੋਤਿਆ ਨੂੰ ਛਾਤੀ ਦਾ ਨਿੱਘ ਦੇ ਕੇ ਰਖਿਆ ਤੇ ਸਾਰੀ ਰਾਤ ਪੜਦਾਦਾ ਗੁਰੂ ਅਰਜਨ ਦੇਵ ਤੇ
ਦਾਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸਾਕਿਆਂ ਦੀਆਂ ਕਥਾਵਾਂ ਸੁਣਾਂਦੀ ਰਹੀ। ੨੫ ਦਸੰਬਰ
ਸਵੇਰੇ ਸੂਬੇ ਵਜ਼ੀਰ ਖਾਂ ਨੇ ਸਾਹਿਬਜ਼ਾਦਿਆਂ ਨੂੰ ਕਚਿਹਰੀ ਵਿੱਚ ਬੁਲਾਇਆ। ਇਸਲਾਮ ਕਬੂਲ ਕਰਨ ਲਈ
ਲਾਲਚ ਤੇ ਧਮਕੀਆਂ ਵੀ ਦਿਤੀਆਂ ਪਰ ਸਾਹਿਬਜ਼ਾਦੇ ਅਡੋਲ ਰਹੇ। ਗੁਰੂ ਕੇ ਲਾਲਾਂ ਨੇ ਨਿਰਭੈਤਾ ਸਹਤ
ਆਖਿਆ:
ਸੀਸ ਜੁ ਦੇਨੇ ਹੇ ਸਹੀ, ਏਹ ਨ ਮਾਨੋ ਬਾਤ॥
ਧਰਮ ਜਾਇ ਤਬ ਕਉਨ ਗਤਿ, ਇਹ ਪ੍ਰਗਟ ਬਿਖਆਤ॥
ਹੁਣ ਜਦ ਨਵਾਬ ਨੇ ਕਾਜ਼ੀ ਨੂੰ ਫਤਵਾ ਦੇਣ ਲਈ ਆਖਿਆ ਤਾਂ ਅਗੋਂ ਕਾਜ਼ੀ ਨੇ
ਕਿਹਾ ਕਿ ਇਸਲਾਮੀ ਸ਼ਰਾ ਮੁਤਾਬਿਕ ਮਸੂਮਾ ਨੂੰ ਸਜਾਇ-ਮੌਤ ਨਹੀ ਦਿੱਤੀ ਜਾ ਸਕਦੀ। ਕਹਿੰਦੇ ਹਨ, ਨਵਾਬ
ਬੱਚਿਆਂ ਨੂੰ ਛਡਣ ਬਾਰੇ ਸੋਚ ਰਿਹਾ ਸੀ।
ਇਤਨੇ ਨੂੰ ਦੀਵਾਨ ਸੁੱਚਾ ਨੰਦ ਸੂਬੇ ਦੀ ਖੁਸ਼ਾਮਦੀ ਕਰਦਿਆਂ ਆਪਣੀ ਵਫਾਦਾਰੀ
ਦਾ ਸਬੂਤ ਦੇਣ ਲਈ ਬੋਲ ਉਠਿਆ ਕਿ ਨਵਾਬ ਸਾਹਿਬ ਸੱਪ ਨੂੰ ਮਾਰਨਾ ਅਤੇ ਉਸਦੇ ਬਚਿਆਂ ਨੂੰ ਪਾਲਣਾ
ਤੁਹਾਡੇ ਹਿਤ ਦੀ ਗੱਲ ਨਹੀ ਹੈ। ਉਸ ਦੇ ਸੜੇ ਹੋਏ ਬੋਲ ਸਨ:
ਨੀਕੇ ਬਾਲਕ ਮਤ ਤੁਮ ਜਾਣਹੁ। ਨਾਗਹੁਂ ਕੇ ਇਹ ਪੂਤ ਪਛਾਣਹੁ।
ਤੁਮਰੇ ਹਾਥਿ ਆਜ ਯਹ ਆਏ। ਕਰਹੁ ਅਭੈ ਅਪਨੇ ਮਨ ਭਾਏ।
ਦੀਵਾਨ ਨੂੰ ਰਾਜ਼ਕ ਪ੍ਰਭੂ ਤੇ ਵਿਸ਼ਵਾਸ਼ ਨ ਰਿਹਾ ਤੇ ਰੋਜ਼ੀ ਦੀ ਖਾਤਿਰ ਇਹ
ਜ਼ੁਲਮ ਢਾਹਿਆ। ਆਖਿਰ ਕਾਜ਼ੀ ਵੀ ਧਰਮ ਤੋਂ ਡੋਲਿਆ ਅਤੇ ਸ਼ਰਾ ਦੇ ਉਲਟ, ਸਾਹਿਬਜ਼ਾਦਿਆਂ ਨੂੰ ਨੀਹਾਂ
ਵਿੱਚ ਚਿਣ ਕੇ ਕਤਲ ਕਰਨ ਦਾ ਫਤਵਾ ਸੁਣਾਇਆ। ਅਜੀਬ ਖੇਡ ਬਣ ਗਈ ਜਦੋਂ ਕੋਈ ਐਸਾ ਨੀਚ ਕਰਮ ਕਰਨ ਲਈ
ਤਿਆਰ ਨ ਹੋਇਆ। ਦਿੱਲੀ ਦੇ ਸਰਕਾਰੀ ਜਲਾਦ ਸ਼ਿਸਾਲ ਬੇਗ ਤੇ ਵਿਸ਼ਾਲ ਬੇਗ, ਜੋ ਇੱਕ ਮੁਕਦਮੇ ਦੀ ਪੇਸ਼ੀ
ਲਈ ਉਸੇ ਦਿਨ ਕਚਿਹਰੀ ਵਿੱਚ ਆਏ ਸਨ, ਇਸ ਸ਼ਰਤ ਉਪਰ ਸਾਹਿਬਜ਼ਾਦਿਆਂ ਨੂੰ ਦੀਵਾਰਾਂ ਵਿੱਚ ਚਿਣਨ ਲਈ
ਤਿਆਰ ਹੋ ਗਏ ਕਿ ਉਹਨਾਂ ਨੂੰ ਮੁਕਦਮੇ ਵਿਚੋਂ ਬਰੀ ਕੀਤਾ ਜਾਵੇਗਾ। ਅਲ੍ਹਾ ਯਾਰ ਖਾਂ ਲਿਖਦਾ ਹੈ ਕਿ
ਦੀਵਾਰਾਂ ਵਿੱਚ ਚਿਣੇ ਜਾ ਰਹੇ ਸਤਿਗੁਰੂ ਜੀ ਦੇ ਬੀਰ ਸਪੁਤਰ ਬੜੀ ਖੁਸ਼ੀ-ਖੁਸ਼ੀ ਕਹਿ ਰਹੇ ਸਨ:
ਹਮ ਜਾਨ ਦੇ ਕੇ ਔਰੋਂ ਕੀ ਜਾਨ ਬਚਾ ਚਲੇ। ਸਿਖੀ ਕੀ ਨੀਂਵ ਹੈ, ਸਰੋਂ ਪਰ
ਉਠਾ ਚਲੇ।
ਗੱਦੀ ਸੇ ਤਾਜ਼ੋ-ਤਖਤ ਬਸ ਅਬ ਕੌਮ ਪਾਏਗੀ। ਦੁਨੀਆਂ ਮੇਂ ਜ਼ਾਲਮੋਂ ਕਾ ਨਿਸ਼ਾ
ਤਕ ਮਿਟਾਏਗੀ।
ਆਖਰ ੨੭ ਦਸੰਬਰ ੧੭੦੪ ਨੂੰ ਸਾਹਿਬਜ਼ਾਦੇ ਕਤਲ ਕੀਤੇ ਗਏ। ਦਾਦੀ ਮਾਂ ਗੁਜ਼ਰੀ
ਜੀ ਨੇ ਇਹ ਖਬਰ ਸੁਣ ਕੇ ਪ੍ਰਾਣ ਤਿਆਗ ਦਿਤੇ। ੨੮ ਦਸੰਬਰ ਨੂੰ ਟੋਡਰ ਮੱਲ ਖਤਰੀ ਨੇ ਜ਼ਮੀਨ ਖਰੀਦ ਕੇ
ਮਾਤਾ ਜੀ ਤੇ ਸਾਹਿਬਜ਼ਾਦਿਆਂ ਦੇ ਸਸਕਾਰ ਕੀਤੇ। ਜਿਥੇ ਗੁਰਦੁਆਰਾ ਜੋਤੀ ਸਰੂਪ ਸਥਿਤ ਹੈ। ਮੈਥਲੀ ਸ਼ਰਨ
ਗੁਪਤਾ ਨੇ ਆਪਣੇ ਮਹਾਂਕਾਵਿ ਭਾਰਤ-ਭਾਰਤੀ ਵਿੱਚ ਬੜਾ ਸੁੰਦਰ ਲਿਖਿਆ ਹੈ:
ਜਿਸ ਕੁਨ ਜਾਤ ਕੌਮ ਕੇ ਬੱਚੇ, ਦੇ ਸਕਤੇ ਹੈਂ ਯੂੰ ਬਲੀਦਾਨ।
ਉਸਕਾ ਵਰਤਮਾਨ ਕੁਛ ਭੀ ਹੋ, ਭਵਿਸ਼ ਹੈ ਮਹਾਂ ਮਹਾਨ।
ਗੁਰੂ ਪੰਥ ਦਾ ਦਾਸ,
ਜਗਤਾਰ ਸਿੰਘ ਜਾਚਕ, ਨਿਊਯਾਰਕ