‘ਮਿਲੈ ਅਸੰਤੁ’
ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ
ਕਿਸੇ ਮਨੁੱਖ ਦੇ ਪਾਸ ਕੋਈ ਵੀ ਪੈਮਾਨਾ ਨਹੀਂ ਹੈ, ਜਿਸ ਨਾਲ ਇਹ ਦਾਵ੍ਹਾ ਕਰ
ਸਕੇ ਕਿ ਇਹ ਪਹੁੰਚਿਆ ਹੋਇਆ ਬ੍ਰਹਮ ਗਿਆਨੀ ਜਾਂ ਇਹ ਕਮਾਈ ਵਾਲਾ ਮਨੁੱਖ ਹੈ। ਅਸੀਂ ਤਾਂ ਆਪਣੀਆਂ
ਸ਼ੋਹਦੀਆਂ ਜੇਹੀਆਂ ਆਦਤਾਂ ਕਰਕੇ ਕਿਸੇ ਨੂੰ ਵੱਡੇ ਮਹਾਰਾਜ ਜੀ ਕਹਿ ਰਹੇ ਹੁੰਦੇ ਹਾਂ ਜਾਂ ਕਿਸੇ ਨੂੰ
੧੦੦੮ ਸੰਤ ਜੀ ਦਾ ਖ਼ਿਤਾਬ ਦੇ ਰਹੇ ਹੁੰਦੇ ਹਾਂ। ਆਪੋ ਆਪਣੀਆਂ ਗ਼ਰਜ਼ਾਂ ਪੂਰੀਆਂ ਕਰਨ ਕਰਕੇ ਅਸੀਂ ਸੰਤ
ਵੀ ਆਪੋ ਆਪਣੇ ਬਣਾ ਲਏ ਹੋਏ ਹਨ। ਜਦੋਂ ਦਾ ਸਿੱਖੀ ਵਿੱਚ ਸੰਤਪੁਣੇ ਦਾ ਜਨਮ ਹੋਇਆ ਹੈ ਓਦੋਂ ਤੋਂ ਲੈ
ਕੇ ਹੁਣ ਤੀਕ ਕਈ ਪ੍ਰਕਾਰ ਦੇ ਸੰਤ, ਬ੍ਰਹਮ ਗਿਆਨੀ ਤੇ ਕਮਾਈ ਵਾਲੇ ਬਾਬਾ ਜੀ ਥੋਕ ਰੂਪ ਵਿੱਚ ਮਿਲ
ਜਾਂਦੇ ਹਨ। ਜਿਸ ਸੰਤ ਦਾ ਭਰੋਸਾ ਸਾਡੇ ਮਨ ਵਿੱਚ ਬੱਝਾ ਪਿਆ ਹੁੰਦਾ ਹੈ ਉਸ ਦੀ ਉਪਮਾ ਕਰਦਿਆਂ
ਇਹਨਾਂ ਤੁਕਾਂ ਨੂੰ ਪੜ੍ਹ ਕੇ ਸੁਣਾ ਦੇਂਦੇ ਹਾਂ।
ਜਿਨਾ ਸਾਸਿ ਗਿਰਾਸਿ ਨ ਵਿਸਰੈ ਹਰਿ ਨਾਮਾ ਮਨਿ ਮੰਤੁ॥
ਧੰਨੁ ਸਿ ਸੇਈ ਨਾਨਕਾ ਪੂਰਨੁ ਸੋਈ ਸੰਤੁ॥
ਸਲੋਕ ਮ: ੫ ਪੰਨਾ ੩੧੯---
ਗੁਰਬਾਣੀ ਦੀਆਂ ਅਜੇਹੀਆਂ ਕੀਮਤੀ ਤੁਕਾਂ, ਅਸੀਂ ਹਰੇਕ ਜਣੇ ਖਣੇ ਸੰਤ `ਤੇ
ਢੁਕਾ ਦੇਂਦੇ ਹਾਂ। ਕਈ ਸੰਤ ਵੀ ਆਪਣੇ ਮੂੰਹੋਂ ਆਪੇ ਹੀ ਇਹਨਾਂ ਤੁਕਾਂ ਨੂੰ ਪੜ੍ਹ ਕੇ ਸੰਗਤ ਵਿੱਚ
ਆਮ ਪ੍ਰਭਾਵ ਦੇਣ ਦਾ ਯਤਨ ਕਰਦੇ ਹਨ ਕਿ ਜੀ ਸੰਤ ਤਾਂ ਸਿਰਫ ਅਸੀਂ ਹੀ ਹਾਂ। ਇਹਨਾਂ ਤੁਕਾਂ ਵਿੱਚ
ਕਿਸੇ ਖ਼ਾਸ ਸੰਤ ਦਾ ਜ਼ਿਕਰ ਨਹੀਂ ਕੀਤਾ, ਸਗੋਂ ਹਰੇਕ ਕਿਰਤੀ `ਤੇ ਇਹ ਤੁਕਾਂ ਢੁੱਕਦੀਆਂ ਹਨ। ਪ੍ਰਚਲਤ
ਅਰਥਾਂ ਨੂੰ ਸਮਝਦਿਆਂ, ਜੋ ਅਰਥ ਬਣਦੇ ਹਨ ਉਹ ਇਸ ਤਰ੍ਹਾਂ ਹਨ ਕਿ ਸਾਹ ਲੈਂਦਿਆਂ ਖਾਂਦਿਆਂ ਕਦੇ ਵੀ
ਸੱਚ ਨਾਲੋਂ ਨਹੀਂ ਟੁੱਟਦੇ, ਸੱਚ ਨੂੰ ਆਪਣੇ ਵੱਸ ਵਿੱਚ ਕੀਤਾ ਹੋਇਆ ਹੈ, ਉਹ ਧੰਨਤਾ ਦੇ ਯੋਗ ਹੈ ਤੇ
ਉਹ ਪੂਰਾ ਸੰਤ ਹੈ। ਇਸ ਸਲੋਕ ਨੂੰ ਥੋੜਾ ਜੇਹਾ ਰੁੱਕ ਕੇ ਵਿਚਾਰੀਏ, ਕੀ ਮਨੁੱਖ ਬਿਲਕੁਲ਼ ਮੁਕੰਮਲ ਹੋ
ਗਿਆ ਹੈ? ਕੀ ਮਨੁੱਖ ਪੂਰਾ ਇਨਸਾਨ ਬਣ ਗਿਆ ਹੈ? ਨਹੀਂ ਮਨੁੱਖ ਵਿੱਚ ਬਹੁਤ ਸਾਰੀਆਂ ਕਮੀਆਂ ਹਨ।
ਸੰਸਾਰ ਵਿੱਚ ਪੂਰਾ ਤਾਂ ਪਰਮਾਤਮਾ ਜਾਂ ਪੂਰਾ ਗੁਰੂ ਹੀ ਹੈ ਪਰ ਜੋ ਸੱਚ ਨਾਲ ਜੁੜ ਗਏ ਹਨ ਉਹ ਧੰਨਤਾ
ਦੇ ਯੋਗ ਹਨ। ‘ਪੂਰਨੁ ਸੋਈ ਸੰਤੁ’, ਫਿਰ ਪੂਰਾ ਸੰਤ ਕੌਣ ਹੋਇਆ, ਸਵਾਲ ਉਤਪੰਨ ਹੁੰਦਾ ਹੈ। ਗੁਰਬਾਣੀ
ਨਾਲ ਪਿਆਰ ਤੇ ਵਿਚਾਰ ਕਰਨ ਵਾਲੇ ਵੀਰਾਂ ਪਾਸ ਬੈਠਿਆਂ ਮਹਿਸੂਸ ਕੀਤਾ ਕਿ ‘ਪੂਰਨ ਸੋਈ ਸੰਤੁ’
ਪਰਮਾਤਮਾ ਆਪ ਹੀ ਹੈ ਨਾ ਕਿ ਕੋਈ ਮਨੁੱਖ।
ਇਸ ਸਲੋਕ ਨੂੰ ਇੰਜ ਸਮਝਿਆ ਜਾਏ ਤਾ ਅਖੌਤੀ ਸੰਤ-ਲਾਣੇ ਤੋਂ ਬਚਿਆ ਜਾ ਸਕਦਾ
ਹੈ, ਕਿ ਜਿਨ੍ਹਾਂ ਮਨੁੱਖਾਂ ਨੂੰ ਸਾਹ ਲੈਂਦਿਆਂ ਖਾਂਦਿਆਂ ਕਦੇ ਰਬ ਨਹੀਂ ਭੁੱਲਦਾ, ਜਿਹਨਾਂ ਦੇ ਮਨ
ਵਿੱਚ ਸੱਚ ਰੂਪੀ ਪਰਮਾਤਮਾ ਵੱਸ ਰਿਹਾ ਹੈ; ਹੇ ਨਾਨਕ ਉਹਨਾਂ ਬੰਦਿਆਂ ਨੂੰ ਮੁਬਾਰਿਕ ਹੈ ਉਹ ਧੰਨਤਾ
ਦੇ ਪਾਤਰ ਹਨ ਪਰ ਪੂਰਨ ਸੰਤ ਤੇ, ਸੱਚ ਰੂਪੀ ਪਰਮਾਤਮਾ ਆਪ ਹੀ ਹੈ ਭਾਵ ਉਸ ਦੀ ਨਿਯਮਾਵਲੀ ਪੂਰੀ ਹੈ
ਪਰ ਇਸ ਨਿਯਮਾਵਲੀ ਵਿੱਚ ਰਹਿਣ ਵਾਲੇ ਮਨੁੱਖ ਪੂਰੇ ਨਹੀਂ ਹਨ। ਜੋ ਰੱਬ ਜੀ ਦੀ ਨਿਯਮਾਵਲੀ ਨੂੰ
ਸਮਝਦੇ ਹਨ ਉਹਨਾਂ ਨੂੰ ਮੁਬਾਰਿਕ ਹੈ। ਅਸੀਂ ਭੇਖ ਦਾ ਨਾਂ ਸੰਤ ਰੱਖ ਲਿਆ ਹੈ ਜਦ ਕਿ ਸੰਤ ਇੱਕ
ਕਿਰਦਾਰ ਦੇ ਨਾਂ ਵਾਸਤੇ ਆਉਂਦਾ ਹੈ। ਜੋ ਮਨੁੱਖ ਆਪਣੇ ਕੰਮ ਪ੍ਰਤੀ ਸੁਚੇਤ ਹਨ ਆਪਣੇ ਫ਼ਰਜ਼ ਪ੍ਰਤੀ
ਜੁਆਬ ਦੇਹ ਹਨ, ਦਰ-ਅਸਲ ਉਹ ਹੀ ਸੰਤ ਹਨ। ਦੈਵੀ ਗੁਣਾਂ ਨਾਲ ਭਰਪੂਰ ਮਨੁੱਖ ਨੂੰ ਸੰਤ ਆਖਿਆ ਹੈ ਤੇ
ਉਸ ਦੇ ਨਾਲ ਹੀ ਵਿਚਾਰ ਕਰਨ ਨੂੰ ਕਬੀਰ ਜੀ ਕਹਿ ਰਹੇ ਹਨ।
ਸਕੂਲਾਂ ਕਾਲਜਾਂ ਵਿੱਚ ਬੱਚਿਆਂ ਦੀ ਪੜ੍ਹਾਈ ਲਈ ਵੱਖ ੨ ਵਿਸ਼ਿਆਂ ਵਿੱਚ
ਮੁਹਾਰਤ ਹਾਸਲ ਕਰਨ ਵਾਲੇ ਅਧਿਆਪਕਾਂ ਦੀ ਚੋਣ ਕਰਕੇ ਉਹਨਾਂ ਨੂੰ ਪੜ੍ਹਾਈ ਦਾ ਜ਼ਿੰਮਾਂ ਸੌਂਪਿਆ
ਜਾਂਦਾ ਹੈ। ਇਹ ਨਹੀਂ ਹੈ ਕਿ ਪੰਜਾਬੀ ਵਾਲਾ ਅਧਿਆਪਕ ਕੈਮਿਸਟਰੀ ਪੜ੍ਹਾਏ ਤੇ ਕੈਮਿਸਟਰੀ ਵਾਲਾ
ਸਮਾਜਿਕ ਸਿੱਖਿਆ ਪੜ੍ਹਾਏ। ਪਰ ਸਮਾਜ ਵਿੱਚ ਹੋ ਇੰਜ ਹੀ ਰਿਹਾ ਹੈ। ਕਬੀਰ ਜੀ ਨੇ ਇੱਕ ਸ਼ਬਦ ਵਿੱਚ
ਵਿਸ਼ਾ ਮਾਹਰ ਬੰਦਿਆਂ ਨਾਲ ਗੱਲ ਕਰਨ ਨੂੰ ਕਿਹਾ ਹੈ ਤਾਂ ਕਿ ਜੀਵਨ ਦੀਆਂ ਉਚਾਈਆਂ ਨੂੰ ਛੋਹ ਸਕੇਂ।
ਵਿਸ਼ਾ ਮਾਹਰ ਬੰਦਿਆਂ ਦੇ ਬੋਲਾਂ ਵਿੱਚ ਪ੍ਰਪੱਕਤਾ ਹੁੰਦੀ ਹੈ, ਉਹ ਕਿਸੇ ਦਲੀਲ ਦੇ ਅਧਾਰ `ਤੇ ਗੱਲ
ਕਰ ਰਹੇ ਹੁੰਦੇ ਹਨ ਪਰ ਜਿਨਾਂ ਦੇ ਪਾਸ ਮੁਹਾਰਤ ਨਹੀਂ ਹੈ, ਉਂਜ ਹੀ ਦਲੀਲਾਂ ਦਈ ਜਾਣ ਜਿਨ੍ਹਾਂ ਦਾ
ਕੋਈ ਸਿਰ ਪੈਰ ਨਾ ਹੋਵੇ, ਕਬੀਰ ਜੀ ਉਹਨਾਂ ਤੋਂ ਬਚਣ ਲਈ ਕਹਿ ਰਹੇ ਹਨ।
ਸੰਤੁ ਮਿਲੈ, ਕਿਛੁ ਸੁਨੀਐ ਕਹੀਐ॥
ਮਿਲੈ ਅਸੰਤੁ, ਮਸਟਿ ਕਰਿ ਰਹੀਐ॥ ੧॥
ਬਾਬਾ, ਬੋਲਨਾ ਕਿਆ ਕਹੀਐ॥
ਜੈਸੇ ਰਾਮ ਨਾਮ ਰਵਿ ਰਹੀਐ॥ ੧॥ ਰਹਾਉ॥
ਸੰਤਨ ਸਿਉ ਬੋਲੇ ਉਪਕਾਰੀ॥
ਮੂਰਖ ਸਿਉ ਬੋਲੇ ਝਖ ਮਾਰੀ॥ ੨॥
ਬੋਲਤ ਬੋਲਤ ਬਢਹਿ ਬਿਕਾਰਾ॥
ਬਿਨੁ ਬੋਲੇ, ਕਿਆ ਕਰਹਿ ਬਿਚਾਰਾ॥ ੩॥
ਕਹੁ ਕਬੀਰ ਛੂਛਾ ਘਟੁ ਬੋਲੈ॥
ਭਰਿਆ ਹੋਇ ਸੁ ਕਬਹੁ ਨ ਡੋਲੈ॥ ੪॥
ਰਾਗੁ ਗੋਂਡ ਬਾਣੀ ਭਗਤ ਕਬੀਰ ਜੀ ਕੀ॥ ਪੰਨਾ ੮੭੦ –
ਸ਼ਬਦ ਦੇ ਰਹਾਉ ਦੀਆਂ ਤੁਕਾਂ ਵਿੱਚ ਕਬੀਰ ਜੀ ਦੱਸ ਰਹੇ ਹਨ ਕਿ ਸੰਸਾਰ ਵਿੱਚ
ਰਹਿੰਦਿਆਂ ਕਿਹੋ ਜੇਹੇ ਬੋਲ ਬੋਲੇ ਜਾਣ ਜਿੰਨਾ ਦੀ ਬਾ-ਦੌਲਤ ਸਾਡੀ ਰੱਬ ਜੀ ਨਾਲ ਸੁਰਤ ਜੁੜੀ ਰਹੇ।
ਸਿਆਣੇ ਕਹਿੰਦੇ ਹਨ ਜਿੰਨਾ ਚਿਰ ਗੱਲ ਸਾਡੇ ਮੂੰਹ ਵਿੱਚ ਹੈ ਉਹ ਗੱਲ ਸਾਡੇ ਅਧੀਨ ਹੁੰਦੀ ਹੈ ਪਰ
ਜਦੋਂ ਅਸੀਂ ਗੱਲ ਨੂੰ ਬੋਲ ਕੇ ਬਾਹਰ ਕੱਢਦੇ ਹਾਂ ਓਦੋਂ ਅਸੀਂ ਗੱਲ ਦੇ ਅਧੀਨ ਹੋ ਜਾਂਦੇ ਹਾਂ।
ਇਹਨਾਂ ਤੁਕਾਂ ਵਿੱਚ ਇੱਕ ਸੁਆਲ ਉਠਾਇਆ ਹੈ ਕਿਸ ਤਰ੍ਹਾਂ ਦੇ ਬੋਲ ਬੋਲਣੇ ਚਾਹੀਦੇ ਹਨ?
‘ਬਾਬਾ, ਬੋਲਨਾ ਕਿਆ ਕਹੀਐ॥ ਜੈਸੇ ਰਾਮ
ਨਾਮ ਰਵਿ ਰਹੀਐ’॥ ਸਾਡੇ ਬੋਲਾਂ ਵਿੱਚ ਰੱਬ ਜੀ ਦੇ
ਗੁਣਾਂ ਦਾ ਪ੍ਰਗਟਾਵਾ ਹੋਣਾ ਚਾਹੀਦਾ ਹੈ, ਭਾਵ ਜੋ ਵੀ ਬੋਲ ਬੋਲਦੇ ਹਾਂ ਉਹਨਾਂ ਵਿੱਚ ਸੱਚ ਦੀ
ਪ੍ਰਪੱਕਤਾ ਤੇ ਮਿਠਾਸ ਭਰੀ ਮੁਸਕਰਾਹਟ ਹੋਵੇ। ਬਾਕੀ ਸਾਰੇ ਸ਼ਬਦ ਵਿੱਚ ਇਹਨਾਂ ਤੁਕਾਂ ਦਾ ਉੱਤਰ
ਦਿੱਤਾ ਗਿਆ ਹੈ।
‘ਸੰਤੁ ਮਿਲੈ, ਕਿਛੁ ਸਨੀਐ ਕਹੀਐ। ਮਿਲੈ ਅਸੰਤੁ, ਮਸਟਿ ਕਰਿ ਰਹੀਐ’।
ਜਿਉਂ ਹੀ ਗੁਰਬਾਣੀ ਵਿੱਚ ਸੰਤ ਸ਼ਬਦ ਆ ਜਾਂਦਾ ਹੈ,
ਵੀਚਾਰ ਦੀ ਘਾਟ ਕਰਕੇ ਉਸੇ ਵੇਲੇ ਹੀ ਇੰਜ ਮਹਿਸੂਸ ਹੋਣ ਲੱਗ ਜਾਂਦਾ ਹੈ ਕਿ ਕਿਸੇ ਚੋਲ਼ੇ ਵਾਲੇ ਸੰਤ
ਦੀ ਗੱਲ ਕੀਤੀ ਗਈ ਹੈ। ਸੰਤੁ ਸ਼ਬਦ ਇੱਕ ਪਵਿੱਤਰ ਕਿਰਦਾਰ ਦਾ ਨਾਂ ਹੈ ਨਾ ਕਿ ਕਿਸੇ ਭੇਸਧਾਰੀ ਦਾ
ਨਾਂ ਹੈ। “ਸੰਤੁ ਮਿਲੈ” ਦਾ ਅਰਥ ਭੇਖ ਧਾਰੀ ਮਨੁੱਖ ਤੋਂ ਨਹੀਂ ਹੈ ਸਗੋਂ ਵਿਸ਼ਾ ਮਾਹਰ ਇਨਸਾਨ ਦੀ
ਅਵਸਥਾ ਦਾ ਜ਼ਿਕਰ ਕੀਤਾ ਗਿਆ ਹੈ। ‘ਕਿਛੁ ਸੁਨੀਐ ਕਹੀਐ’ ਉਸ ਦੀ ਵਿਦਵੱਤਾ ਦੇ ਤਜਰਬੇ ਦਾ ਫਾਇਦਾ ਲੈ
ਕੇ ਬਰੀਕੀਆਂ ਨੂੰ ਸਮਝਣਾ ਹੈ। ਮਿਸਾਲ ਦੇ ਤੌਰਤੇ ਅੱਖਾਂ ਵਾਲੇ ਡਾਕਟਰ ਪਾਸ ਜਾ ਕੇ ਉਸ ਨੂੰ ਆਪਣੀਆਂ
ਅੱਖਾਂ ਦੀ ਬਿਮਾਰੀ ਸਬੰਧੀ ਦੱਸਦੇ ਹਾਂ। ਉਹ ਸਾਡੀ ਗੱਲ ਨੂੰ ਧਿਆਨ ਨਾਲ ਸੁਣਦਾ ਹੈ ਤੇ ਫਿਰ ਉਹ
ਡਾਕਟਰ ਆਪਣੀ ਰਾਏ ਦੇਂਦਾ ਹੈ ਕਿ ਅੱਖ ਦਾ ਅਪਰੇਸ਼ਨ ਕਰਾਉਣਾ ਬੜਾ ਜ਼ਰੂਰੀ, ਏੱਥੇ ਬੋਲਣਾ ਤੇ ਸੁਣਨਾ
ਬਹੁਤ ਲਾਭਦਾਇਕ ਹੈ। ਅੱਖਾਂ ਵਾਲਾ ਡਾਕਟਰ ਸਹੀ ਅਰਥਾਂ ਵਿੱਚ ਸੰਤ ਹੈ ਜੋ ਸਾਡੀ ਬਿਮਾਰੀ ਦੇ ਮਸਲੇ
ਦਾ ਹੱਲ ਹੈ ਤੇ ਇਸ ਨਾਲ ਵਿਚਾਰ ਵਟਾਂਦਰਾ ਕਰਨਾ ਸਾਡੇ ਲਈ ਲਾਭਦਾਇਕ ਹੈ। ਇਸ ਨੂੰ ਕਿਹਾ ਹੈ ‘ਸੁੰਤ
ਮਿਲੈ ਕਿਛੁ ਸੁਨੀਐ ਕਹੀਐ’ ਹੁਣ ਇਸ ਵਿਚਾਰ ਨੂੰ ਸਮਾਜਿਕ, ਧਾਰਮਿਕ ਤੇ ਰਾਜਨੀਤੀ ਖੇਤਰ ਵਿੱਚ ਲਾਗੂ
ਕਰਕੇ ਦੇਖੀਏ ਤਾਂ ਇਹ ਹੀ ਮਹਿਸੂਸ ਹੁੰਦਾ ਹੈ ਕਿ ਗੁੜ੍ਹੇ ਹੋਏ ਆਦਮੀ ਪਾਸੋਂ ਹੀ ਸੰਸਾਰ ਨੂੰ ਕੁੱਝ
ਲਾਭ ਹੋ ਸਕਦਾ ਹੈ।
ਪੰਜਾਬੀ ਦਾ ਇੱਕ ਮੁਹਾਵਰਾ ਹੈ “ਅੰਨ੍ਹੇ ਅੱਗੇ ਰੋਣਾ ਅੱਖੀਆਂ ਦਾ ਖੋਹ”
ਸੰਸਾਰ ਵਿੱਚ ਕਈ ਵਾਰੀ ਮਨੁੱਖ ਲੋਕ ਵਿਖਾਵੇ ਲਈ ਹੀ ਰੋਂਦਾ ਹੈ ਤਾਂ ਕਿ ਪਰਵਾਰ ਵਾਲਿਆਂ ਨੂੰ ਪਤਾ
ਲੱਗ ਜਾਏ ਇਸ ਦੀ ਸਾਡੇ ਨਾਲ ਕਿੰਨੀ ਹਮਦਰਦੀ ਹੈ। ਪਰ ਅੰਨ੍ਹੇ ਆਦਮੀ ਅੱਗੇ ਇਸ ਲਈ ਰੋਇਆ ਜਾਏ ਕਿ ਇਸ
ਨੂੰ ਵੀ ਪਤਾ ਲੱਗ ਜਾਏ, ਇਹ ਤੇ ਆਪਣੀਆਂ ਅੱਖਾਂ ਖਰਾਬ ਕਰਨ ਵਾਲੀ ਹੀ ਗੱਲ ਹੈ ਉਸ ਵਿਚਾਰੇ ਨੂੰ
ਕਿਹੜਾ ਦਿੱਸਦਾ ਹੈ। ਜਿਸ ਅਦਮੀ ਨੂੰ ਕਿਸੇ ਵਿਸ਼ੇ ਦਾ ਗਿਆਨ ਹੀ ਨਹੀਂ ਹੈ ਉਸ ਨਾਲ ਵਿਚਾਰ ਕਰਨ ਦਾ
ਕੀ ਲਾਭ ਹੈ। ਕਬੀਰ ਸਾਹਿਬ ਜੀ ਆਖਦੇ ਹਨ ਕਿ ਓੁਥੇ ਚੁੱਪ ਰਹਿਣਾ ਹੀ ਬੇਹਤਰ ਹੈ। ਚੌਂਹ ਬੰਦਿਆਂ
ਵਿੱਚ ਬੈਠਿਆਂ ਕਈ ਅਜੇਹੇ ਬੰਦੇ ਵੀ ਮਿਲ ਜਾਣਗੇ ਜੋ ਇਹ ਪ੍ਰਭਾਵ ਬਣਾਉਂਣ ਦਾ ਯਤਨ ਕਰਦੇ ਹਨ ਕਿ
ਸਾਨੂੰ ਸਾਰੀ ਦੁਨੀਆਂ ਬਾਰੇ ਬਹੁਤ ਗਿਆਨ ਹੈ। ਗੱਲ ਚੱਲ ਰਹੀ ਸੀ ਵੱਖ ਵੱਖ ਦੇਸ਼ਾਂ ਦੀ, ਇੱਕ ਭੱਦਰ
ਪੁਰਸ਼ ਬੈਠਾ ਕਹਿ ਰਿਹਾ ਸੀ, “ਮੈਨੂੰ ਇਹਨਾਂ ਮੁਲਕਾਂ ਦਾ ਪੂਰਾ ਗਿਆਨ ਹੀ ਨਹੀਂ ਹੈ ਮੈਂ ਇਹਨਾਂ
ਮੁਲਕਾਂ ਵਿੱਚ ਕਈ ਵਾਰੀ ਗਿਆਂ ਵੀ ਹਾਂ”। ਕੋਲ ਬੈਠੇ ਇੱਕ ਵੀਰ ਨੇ ਕਿਹਾ, “ਤਾਂ ਤੇ ਤੈਨੂੰ ਫਿਰ
ਜੌਗਰਫ਼ੀ ਦਾ ਵੀ ਬਹੁਤ ਗਿਆਨ ਹੈ”, ਉਹ ਅੱਗੋਂ ਬਿਨਾ ਸੋਚੇ ਸਮਝੇ ਉੱਤਰ ਦੇਂਦਾ ਹੈ, “ਕਿ ਮੈਂ ਓਥੇ
ਵੀ ਦੋ ਵਾਰੀ ਜਾ ਆਇਆਂ ਹਾਂ”। ਫਿਰ ਕੀ ਅਜੇਹੇ ਬੰਦੇ ਨਾਲ ਤਾਂ ਵਿਚਾਰ ਕਰਨ ਦਾ ਕੋਈ ਵੀ ਲਾਭ ਹੈ?
ਨਹੀਂ ਏੱਥੇ ਚੱਪ ਰਹਿਣਾ ਹੀ ਬੇਹਤਰ ਹੈ। ਮੁੱਕਦੀ ਗੱਲ ਜਿਸ ਕਿਸੇ ਸਿਆਣੇ ਮਨੁੱਖ ਪਾਸੋਂ ਜ਼ਿੰਦਗੀ
ਦੀਆਂ ਗੁੰਝਲ਼ਾਂ ਦੀ ਸਮਝ ਆਉਂਦੀ ਹੈ ਉਸ ਨਾਲ ਹੀ ਵਿਚਾਰ ਕਰਨ ਦਾ ਲਾਭ ਹੈ। ਜਿਸ ਮਨੁੱਖ ਨੂੰ ਆਪ ਕੋਈ
ਗਿਆਨ ਨਹੀਂ ਉਸ ਨਾਲ ਵਿਚਾਰ ਕਰਨ ਦਾ ਕੋਈ ਫਇਦਾ ਨਹੀਂ ਹੈ। ਸੰਤ ਆਪਣੇ ਵਿਸ਼ੇ ਵਿੱਚ ਪਰਪੱਕਤਾ ਤੇ
ਵਿਚਾਰਵਾਨ ਦਾ ਨਾਂ ਹੈ ਤੇ ਅਸੰਤ ਜਿਸ ਨੂੰ ਵਿਸ਼ਾ ਵਸਤੂ ਬਾਰੇ ਕੋਈ ਗਿਆਨ ਨਹੀਂ ਹੈ ਪਰ ਸਿੰਗ ਜ਼ਰੂਰ
ਫਸਾ ਰਿਹਾ ਹੈ।
ਸ਼ਬਦ ਦੇ ਦੂਸਰੇ ਬੰਦ ਵਿੱਚ ਸਮਾਜ ਦੀ ਉਸਾਰੀ ਵਿੱਚ ਲੱਗੇ ਮਨੁੱਖ ਦੇ ਰੋਲ ਦੀ
ਗੱਲ ਕੀਤੀ ਹੈ। ਜਿਸ ਦੇ ਬੋਲਾਂ ਵਿੱਚ ਪਰਉਪਕਾਰ ਦੀ ਮਹਿਕ ਹੈ। ‘ਸੰਤਨ ਸਿਉ ਬੋਲੇ ਉਪਕਾਰੀ’ ਨਿਜੀ
ਸੁਆਰਥ ਤੋਂ ਮੁਕਤ ਹੋ ਕਿ ਲੋਕ ਭਲਾਈ ਦੇ ਕੰਮਾਂ ਵਿੱਚ ਜੁੜਨਾ ਤੇ ਹੋਰਨਾਂ ਨੂੰ ਲਈ ਅਦਰਸ਼ ਬਣਨਾ। ਪਰ
ਮੂਰਖ ਮਨੁੱਖ ਨੇ ਹਮੇਸ਼ਾਂ ਝੱਖ ਹੀ ਮਾਰੀ ਹੈ। ਮੇਰੇ ਦੇਖਣ ਦੀ ਗੱਲ ਹੈ ਕਿ ਇੱਕ ਸਰਪੰਚ ਨੇ ਉਦਮ
ਕਰਕੇ ਆਪਣੇ ਪਿੰਡ ਵਿੱਚ ਹਸਪਤਾਲ ਖੋਹਣ ਦਾ ਯਤਨ ਕੀਤਾ ਪਰ ਸਰਪੰਚ ਦਾ ਵਿਰੋਧੀ ਕਹੇ ਕਿ ਅਸੀਂ
ਹਸਪਤਾਲ ਨਹੀਂ ਬਣਨ ਦੇਣਾ ਕਿਉਂਕਿ ਇਸ ਹਸਪਤਾਲ ਨੂੰ ਸਰਪੰਚ ਬਣਾਉਣ ਦਾ ਯਤਨ ਕਰ ਰਿਹਾ ਹੈ। ਈਰਖਾ
ਏਨੀ ਕਿ ਹਾਂ ਹਾਂ ਇਹ ਮਾਣ ਸਰਪੰਚ ਨੂੰ ਕਿਉਂ ਮਿਲ ਰਿਹਾ ਹੈ। ਜਦ ਸਾਡੀ ਸਰਪੰਚੀ ਆਏਗੀ ਅਸੀਂ ਉਦੋਂ
ਹੀ ਹਸਪਤਾਲ ਬਣਾਵਾਂਗੇ। ਗੱਲ ਕੀ ਮੂਰਖ ਨੇ ਝੱਖ ਮਾਰਨੀ ਹੀ ਹੁੰਦੀ ਹੈ। ‘ਮੂਰਖ ਸਿਉਂ ਬੋਲੇ ਝਖ
ਮਾਰੀ’ ਜਿਸ ਨੂੰ ਸਬੰਧਿਤ ਵਿਸ਼ੇ ਦਾ ਗਿਆਨ ਨਹੀਂ ਤੇ ਆਪਣੀਆਂ ਢੁੱਚਰਾਂ ਹੀ ਡਾੲ੍ਹੀ ਜਾਏ ਝੱਖ ਮਾਰਨ
ਵਾਲੀ ਅਵਸਥਾ ਹੈ। ਸਮਾਜ ਵਿੱਚ ਅਜੇਹੇ ਆਦਮੀ ਆਮ ਮਿਲ ਜਾਣਗੇ।
ਸਾਡਿਆਂ ਘਰਾਂ ਵਿੱਚ ਅਕਸਰ ਨਿੱਕੀ ਨਿੱਕੀ ਗੱਲ `ਤੇ ਕਲੇਸ਼ ਰਹਿੰਦਾ ਹੈ, ਕਦੇ
ਸੋਚਿਆ ਹੈ ਕਿ ਇਹਨਾਂ ਕਲੇਸ਼ਾਂ ਦਾ ਕੀ ਕਾਰਨ ਹੈ? ਜ਼ਰਾ ਕੁ ਡੂੰਘਾਈ ਵਿੱਚ ਜਾਇਆ ਜਾਏ ਤਾਂ ਹਰ ਇਨਸਾਨ
ਨਿਜੀ ਹੋਂਦ ਦੇ ਪ੍ਰਗਟਾਵੇ ਲਈ ਹਰ ਵੇਲੇ ਉਤਾਵਲਾ ਜਾਂ ਆਪਣੀ ਗੱਲ ਨੂੰ ਮਨਾਉਣ ਦੇ ਯਤਨ ਵਿੱਚ
ਰਹਿੰਦਾ ਹੈ। ਬਹਿਸ ਸ਼ੁਰੂ ਹੋ ਜਾਂਦੀ ਹੈ ਜਿਵੇਂ ਜਿਵੇਂ ਅਸੀਂ ਆਪਣੇ ਆਪ ਨੂੰ ਸੱਚਿਆਂ ਹੋਣ ਦਾ
ਦਾਹਵਾ ਕਰਦੇ ਹਾਂ ਤਿਵੇਂ ਤਿਵੇਂ ਝਗੜਾ ਜਨਮ ਲੈਂਦਾ ਹੈ। ‘ਬੋਲਤ ਬੋਲਤ ਬਡਹਿ ਬਿਕਾਰਾ’ ਬਹੁਤਾ ਬੋਲਣ
ਨਾਲ ਝਗੜਾ ਵੱਧਦਾ ਹੈ, ਘਟਦਾ ਨਹੀਂ ਹੈ। ਸਿਆਣੇ ਕਹਿੰਦੇ ਹਨ ਕਿ ਭਲ਼ਿਆਂ ਲੋਕਾਂ ਪਾਸ ਬੈਠਾਂਗੇ ਤਾਂ
ਭਲੀ ਮਤ ਆਉਂਦੀ ਹੈ ਪਰ ਬੁਰਿਆਂ ਮਨੁੱਖਾਂ ਪਾਸ ਬੈਠਾਂਗੇ ਤਾਂ ਬੁਰੀ ਮਤ ਆਉਂਦੀ ਹੈ। ਇਸ ਲਈ
ਵਿਚਾਰਵਾਨ ਆਦਮੀ ਪਾਸ ਬੈਠ ਕਿ ਜ਼ਿੰਦਗੀ ਜਿਉਣ ਦੇ ਤੱਤ ਸਮਝਣੇ ਚਾਹੀਦੇ ਹਨ। ‘ਬਿਨੁ ਬੋਲੇ, ਕਿਆ
ਕਰਹਿ ਬੀਚਾਰਾ’ ਤੇ ਵਿਚਾਰ ਤਾਂ ਉਸਦੇ ਨਾਲ ਹੀ ਕੀਤੀ ਜਾ ਸਕਦੀ ਹੈ ਜੋ ਵਿਚਾਰਵਾਨ ਹੋਵੇ। ਜਿੱਥੇ
ਵਿਚਾਰਵਾਨ ਨਹੀਂ ਹਨ ਓਥੇ ਮੁਫਤ ਦੀ ਬਹਿਸ ਸ਼ੁਰੂ ਹੋ ਜਾਂਦੀ ਹੈ।
ਮਨੁੱਖੀ ਜ਼ਿੰਦਗੀ ਦਾ ਇੱਕ ਹੋਰ ਸੱਚ ਸਾਡੇ ਸਾਹਮਣੇ ਕਬੀਰ ਜੀ ਰੱਖ ਰਹੇ ਹਨ
ਪਰ ਮਿਸਾਲ ਦੇ ਰਹੇ ਹਨ ਪਾਣੀ ਵਾਲੇ ਘੜੇ ਦੀ। ਅੱਜ ਤੋਂ ਚਾਲੀ ਕੁ ਸਾਲ ਪਹਿਲੇ ਪਾਣੀ ਖੂਹਾਂ ਤੋਂ
ਘੜਿਆਂ ਵਿੱਚ ਭਰ ਕੇ ਲਿਆਂਦਾ ਜਾਂਦਾ ਸੀ। ਦੇਖਿਆ ਜਾਂਦਾ ਸੀ ਕਿ ਜਿਸ ਘੜੇ ਵਿੱਚ ਪਾਣੀ ਘੱਟ ਹੈ ਉਹ
ਛੁਲ਼ਕ ਛੁਲ਼ਕ ਕਰਦਾ ਸੀ ਪਰ ਜੋ ਘੜਾ ਭਰਿਆ ਹੁੰਦਾ ਸੀ ਉਹ ਛੁਲ਼ਕ ਛੁਲਕ ਨਹੀਂ ਕਰਦਾ ਸੀ। ਘੜੇ ਦੀ
ਉਦਾਹਰਣ ਮਨੁੱਖ ਦੇ ਜੀਵਨ ਲਈ ਵਰਤੀ ਗਈ ਹੈ। ਘੜਾ ਮਨੁੱਖ ਹੈ ਜਦੋਂ ਕਿ ਪਾਣੀ ਉਸ ਵਿਚਲੇ ਗੁਣ ਹਨ।
ਜੋ ਆਦਮੀ ਗੁਣਾਂ ਨਾਲ ਭਰਪੂਰ ਹੈ ਉਹ ਲੱਗਦੇ-ਚਾਰੇ ਕਿਸੇ ਨਾਲ ਕਦੇ ਵੀ ਬਹਿਸ ਨਹੀਂ ਕਰਦਾ ਸਗੋਂ
ਬਾ-ਦਲੀਲ ਗੱਲ ਕਰੇਗਾ। ਪਰ ਜਿਸ ਵਿੱਚ ਕੋਈ ਗੁਣ ਨਹੀਂ ਹਨ ਜਾਂ ਵਿਸ਼ਾ ਵਸਤੂ ਦੀ ਪਰਪੱਕਤਾ ਨਹੀਂ ਹੈ
ਉਹ ਛੁਲ਼ਕ ਛੁਲ਼ਕ ਹੀ ਕਰੇਗਾ। ਇਸ ਵਿਸ਼ੇ ਨੂੰ ਮੁਕੰਮਲ ਕਰਦਿਆਂ ਕਬੀਰ ਜੀ ਬਾ-ਕਮਲਾ ਫਰਮਾ ਰਹੇ ਹਨ:---
ਕਹੁ ਕਬੀਰ ਛੂਛਾ ਘਟੁ ਬੋਲੈ॥
ਭਰਿਆ ਹੋਇ ਸੁ ਕਬਹੁ ਨ ਡੋਲੈ॥
ਸਿੱਖ ਧਰਮ ਵਿੱਚ ਸੰਤਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ ਤੇ ਪਤਿਤਪੁਣੇ ਦੀ
ਲਹਿਰ ਵੀ ਜ਼ੋਰ ਸ਼ੋਰ ਨਾਲ ਵੱਧਦੀ ਜਾ ਰਹੀ ਹੈ। ਆਮ ਸੰਤਾਂ ਦੀ ਜਾਇਦਾਦਾਂ ਦੇ ਕੇਸ ਥਾਣਿਆਂ ਕਚਿਹਰੀਆਂ
ਵਿੱਚ ਦਿਨ ਦੀਵੀਂ ਚੱਲ ਰਹੇ ਹਨ ਤੇ ਕਿਰਦਾਰ ਦੇ ਕਿੱਸੇ ਅਕਸਰ ਹੀ ਅਖਬਾਰਾਂ ਦਾ ਸ਼ਿੰਗਾਰ ਹੁੰਦੇ ਹਨ।
ਇਸ ਤੋਂ ਪ੍ਰਗਟ ਹੁੰਦਾ ਹੈ ਕਿ ਸੰਤ ਕਿਸੇ ਲਿਬਾਸ ਦਾ ਨਾਂ ਨਹੀਂ ਸਗੋਂ ਉਚੇ ਸੁੱਚੇ ਕਿਰਦਾਰ ਤੇ
ਕਿਰਤੀ ਮਨੁੱਖ ਲਈ ਵਰਤਿਆ ਹੈ। ਇਸ ਸ਼ਬਦ ਵਿੱਚ ਅਸੀਂ ਇਹ ਭੁਲੇਖਾ ਖਾਦੇ ਹਾਂ ਕਿ ਜੇ ਸਾਡੇ ਪਿੰਡ
ਵਾਲਾ ਜੇ ਕਰ ਸੰਤ ਮਿਲ ਜਾਏ ਤਾਂ ਉਸ ਨਾਲ ਵਿਚਾਰ ਕਰਨੀ ਚਾਹੀਦੀ ਹੈ ਜੇ ਕਰ ਦੂਸਰੇ ਪਿੰਡ ਵਾਲਾ ਸੰਤ
ਮਿਲ ਜਾਏ ਤਾਂ ਉਸ ਨਾਲ ਕੋਈ ਵੀ ਵਿਚਾਰ ਨਹੀਂ ਕਰਨੀ ਚਾਹੀਦੀ ਕਿਉਂਕਿ ਉਹ ਅਧੂਰਾ ਸੰਤ ਹੈ। ਗੁਰਬਾਣੀ
ਦਾ ਤਾਂ ਹਰ ਅੱਖਰ ਸ਼ਬਦ ਮਨੁੱਖ ਨੂੰ ਜੀਵਨ ਸੇਧ ਦੇ ਰਿਹਾ ਹੈ।
ਇਸ ਸ਼ਬਦ ਵਿੱਚ ਕਿਸੇ ਭੇਸਧਾਰੀ ਸੰਤ ਦੀ ਗੱਲ ਨਹੀਂ ਕੀਤੀ ਗਈ ਸਗੋਂ
ਵਿਸ਼ਾ-ਮਾਹਰ, ਵਿਚਾਰਵਾਨ ਤੇ ਸੂਝਵਾਨ ਇਨਸਾਨ ਦੀ ਗੱਲ ਕਰਦਿਆਂ ਉਸ ਪਾਸੋਂ ਜ਼ਿੰਦਗੀ ਦੀਆਂ ਰਮਜ਼ਾਂ
ਸਮਝਣੀਆਂ ਹਨ।
ਅਧੂਰਾ ਗਿਆਨ ਮਨੁੱਖਤਾ ਤੇ ਸਮਾਜ ਲਈ ਖ਼ਤਰਨਾਕ ਹੈ, ਇਸ ਲਈ ਅਧੂਰੇ ਇਨਸਾਨ
ਪਾਸ ਬੈਠਿਆਂ ਅਕਲ ਨੂੰ ਤਾਲਾ ਵੱਜਦਾ ਹੈ।
ਜੀਵਨ ਵਿੱਚ ਉਹਨਾਂ ਹੀ ਬੋਲਾਂ ਨੂੰ ਸਮਝਣਾ ਤੇ ਅਪਨਾਉਣਾ ਚਾਹੀਦਾ ਹੈ
ਜਿਨ੍ਹਾਂ ਦੁਆਰਾ ਸਾਡੀ ਰਬ ਜੀ ਨਾਲ ਸਾਂਝ ਬਣੀ ਰਹੇ।
ਵਿਚਾਰਵਾਨ ਸਮਾਜ ਦੇ ਭਲੇ ਲਈ ਸੋਚਦਾ ਹੈ ਤੇ ਮੂਰਖ ਬਣਿਆ ਹੋਇਆ ਕੰਮ ਵੀ
ਵਿਗਾੜ ਦੇਂਦਾ ਹੈ।
ਜ਼ਿਆਦਾ ਬੋਲਣ ਨਾਲ ਝੱਗੜੇ ਵੱਧਦੇ ਹੀ ਹਨ ਪਰ ਵਿਚਾਰ ਕਰਨ ਨਾਲ ਝੱਗੜੇ ਖ਼ਤਮ
ਹੋ ਜਾਂਦੇ ਹਨ।
ਰੱਬੀ ਗੁਣਾਂ ਨਾਲ ਭਰਪੂਰ ਮਨੁੱਖ ਸਾਂਤ ਸੁਭਾ ਤੇ ਸਹਿਜ ਅਵਸਥਾ ਵਿੱਚ
ਵਿਚਰਦਾ ਹੈ ਜਦ ਕਿ ਗੁਣਾਂ ਤੋਂ ਖ਼ਾਲੀ ਬੇ--ਲੋੜਾ ਰੌਲ਼ਾ ਖੜਾ ਹੀ ਰੱਖਦਾ ਹੈ।
ਜਿਨਾ ਅੰਦਰਿ ਸਚੇ ਕਾ ਭਉ ਨਹੀ ਨਾਮਿ ਨ ਕਰਹਿ ਪਿਆਰੁ॥
ਨਾਨਕ ਤਿਨ ਸਿਉ ਕਿਆ ਕੀਚੈ ਦੋਸਤੀ ਜਿ ਆਪਿ ਭੁਲਾਇ ਕਰਤਾਰਿ॥
ਸਲੋਕ ਮ: ੩ ਪੰਨਾ ੫੮੭---