.

‘ਮੂੜੇ ਕਾਇਚੇ ਭਰਮਿ ਭੂਲਾ’

ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ

ਇੱਕ ਉਸਤਾਦ ਜੀ ਆਪਣੀ ਜਮਾਤ ਦੇ ਬੱਚਿਆਂ ਨੂੰ ਪੜ੍ਹਾਉਦਿਆਂ ਹੋਇਆਂ ਕਹਿ ਰਹੇ ਸਨ, ਕਿ ਬੱਚਿਓ, “ਜੇ ਕਿਸੇ ਭੇਡਾਂ ਦੇ ਵਾੜੇ ਵਿੱਚ ਇੱਕ ਸੌ ਭੇਡ ਹੋਵੇ ਤੇ ਉਹਨਾਂ ਵਿਚੋਂ ਇੱਕ ਭੇਡ ਬਾਹਰ ਚੱਲੀ ਜਾਏ, ਤਾਂ ਦੱਸੋ ਪਿੱਛੇ ਵਾੜੇ ਵਿੱਚ ਕਿੰਨੀਆਂ ਭੇਡਾਂ ਰਹਿ ਗਈਆਂ”? ਸਾਰਿਆਂ ਬੱਚਿਆਂ ਨੇ ਵਾਰੀ ਵਾਰੀ ਉੱਤਰ ਦਿੱਤਾ ਕਿ “ਉਸਤਾਦ ਜੀ ਵਾੜੇ ਵਿੱਚ ਪਿੱਛੇ ਨਿੜ੍ਹਨ੍ਹਵੇਂ ਭੇਡਾਂ ਰਹਿ ਗਈਆਂ”। ਉਸਤਾਦ ਜੀ ਕਹਿਣ ਲੱਗੇ ਕਿ, “ਬੱਚਿਓ ਮੇਰੀ ਤਸੱਲੀ ਨਹੀਂ ਹੋਈ, ਕਿਉਂਕਿ ਤੁਹਾਡਾ ਉੱਤਰ ਠੀਕ ਨਹੀਂ ਹੈ”। ਜਮਾਤ ਵਿੱਚ ਇੱਕ ਹੋਰ ਬੱਚਾ ਬੈਠਾ ਹੋਇਆ ਸੀ ਤੇ ਉਹ ਕਹਿਣ ਲੱਗਾ, ਕਿ “ਉਸਤਾਦ ਜੀ ਇਹ ਸਾਰੇ ਗਿਣਤੀ ਦੇ ਹਿਸਾਬ ਨਾਲ ਤਾਂ ਠੀਕ ਹਨ ਪਰ ਇਹਨਾਂ ਵਿਚਾਰਿਆਂ ਨੂੰ ਭੇਡਾਂ ਬਾਰੇ ਗਿਆਨ ਨਹੀਂ ਹੈ, ਕਿਉਂਕਿ ਇਹਨਾਂ ਦੇ ਘਰਾਂ ਵਿੱਚ ਭੇਡਾਂ ਹੈ ਨਹੀਂ ਤੇ ਨਾ ਹੀ ਕਦੇ ਭੇਡਾਂ ਇਹਨਾਂ ਨੇ ਚਾਰੀਆਂ ਹਨ। ਅਸੀਂ ਭੇਡਾਂ ਰੱਖੀਆਂ ਹੋਈਆਂ ਹਨ ਤੇ ਭੇਡਾਂ ਬਾਰੇ ਮੈਨੂੰ ਪੂਰੀ ਪੂਰੀ ਜਾਣਕਾਰੀ ਹੈ, ਇਸ ਲਈ ਭੇਡਾਂ ਦੇ ਸਬੰਧੀ ਮੈਂ ਸਹੀ ਉੱਤਰ ਦੇ ਸਕਦਾ ਹਾਂ”। ਬੱਚੇ ਨੇ ਆਪਣੀ ਗੱਲ ਜਾਰੀ ਰੱਖਦਿਆਂ ਕਿਹਾ, ਕਿ, “ਉਸਤਾਦ ਜੀ, ਅਸਲ ਗੱਲ ਇਹ ਹੈ ਕਿ, ਜੇ ਕਰ ਵਾੜੇ ਵਿਚੋਂ ਇੱਕ ਭੇਡ ਨਿਕਲ ਜਾਂਦੀ ਹੈ ਤਾਂ ਬਾਕੀ ਪਿੱਛੇ ਕੋਈ ਵੀ ਭੇਡ ਨਹੀਂ ਰਹਿ ਜਾਂਦੀ ਕਿਉਂਕਿ ਭੇਡਾਂ ਦਾ ਸੁਭਾਅ ਹੈ, ਇੱਕ ਭੇਡ ਜਿੱਧਰ ਗਈ ਬਾਕੀ ਸਾਰੀਆਂ ਭੇਡਾਂ ਉਸ ਦੇ ਪਿੱਛੇ ਮੈਂ ਮੈਂ ਕਰਦੀਆਂ ਤੁਰ ਪੈਂਦੀਆਂ ਹਨ”। ਬਿਨਾ ਸੋਚੇ ਸਮਝੇ ਕਿਸੇ ਦੇ ਪਿੱਛੇ ਤੁਰ ਪੈਣਾ ਇਸ ਨੂੰ ਕਿਹਾ ਜਾਂਦਾ ਹੈ ਭੇਡ ਚਾਲ ਤੇ ਜਾਪਦਾ ਹੈ ਇੱਥੋਂ ਹੀ ਇਹ ਮੁਹਾਵਰਾ ਹੋਂਦ ਵਿੱਚ ਆਇਆ ਹੋਵੇ।

ਸਿੱਖ ਕੌਮ ਦੀ ਇੱਕ ਤਰਾਸਦੀ ਹੈ ਕਿ ਇਹਨਾਂ ਨੇ ਮਹਾਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਕਦੇ ਵੀ ਧਿਆਨ ਨਾਲ ਨਹੀਂ ਸੁਣਿਆਂ ਤੇ ਨਾ ਹੀ ਵਿਚਾਰਿਆ ਹੈ। ਇੱਕ ਆਮ ਮਨੁੱਖ ਧਿਆਨ ਨਾਲ ਸਾਡੀ ਗੱਲ ਨਾ ਸੁਣੇ ਤਾਂ ਉਸ ਨੂੰ ਅਸੀਂ ਝੱਟ ਕਹਿ ਦੇਂਦੇ ਹਾਂ ਤੂੰ ਮੇਰੀ ਗੱਲ ਨੂੰ ਧਿਆਨ ਨਾਲ ਕਿਉਂ ਨਹੀਂ ਸੁਣਦਾ। ਪਰ ਕੀ ਅਸੀਂ ਗੁਰਬਾਣੀ ਤੇ ਇਸ ਵਿਚਲੇ ਸਿਧਾਂਤ ਨੂੰ ਕਦੇ ਇਮਾਨਦਾਰੀ ਤੇ ਇਕਾਗਰ ਧਿਆਨ ਨਾਲ ਸੁਣਿਆ ਹੈ? ਉੱਤਰ ਹੋਏਗਾ ਨਹੀਂ ਜੀ, ਕਿਉਂ ਕਿ ਅਸੀਂ ਰਸਮੀ ਅਖੰਡਪਾਠਾਂ ਦੀਆ ਲੜੀਆਂ ਪਿੱਛੇ ਚੱਲ ਪਏ ਹਾਂ। ਗੁਰੂ ਨਾਨਕ ਸਾਹਿਬ ਜੀ ਦਾ ਬੜਾ ਪਿਆਰਾ ਵਾਕ ਹੈ:---

ਸਤਿਗੁਰੂ ਹੈ ਬੋਹਿਥਾ ਵਿਰਲੈ ਕਿਨੈ ਵਿਚਾਰਿਆ॥

ਸਲੋਕ ਮ: ੧ ਪੰਨਾ ੪੭੦—

ਵਿਚਾਰ ਦੀ ਘਾਟ ਕਰਕੇ ਹੀ ਕਈ ਤਰ੍ਹਾਂ ਦੀ ਮਰਯਾਦਾ ਸਾਡੇ ਵਿੱਚ ਆ ਗਈ ਹੈ। ਜਿਹੜੀਆਂ ਸੜੀਆਂ ਫੂਕੀਆਂ ਤੇ ਬਹੀਆਂ ਹੋ ਚੁੱਕੀਆਂ ਸਮਾਜਿਕ, ਧਾਰਮਿਕ ਰਸਮਾਂ ਨੂੰ ਗੁਰੂ ਸਾਹਿਬ ਜੀ ਰੱਦ ਕਰਕੇ ਗਏ ਸੀ ਉਹ ਸਾਰੀਆਂ ਹੀ ਸਾਡੇ ਰੋਜ਼ਮਰਾ ਦੇ ਜੀਵਨ ਵਿਚੋਂ ਦੇਖੀਆਂ ਜਾ ਸਕਦੀਆਂ ਹਨ। ਧਰਮ ਦੀ ਦੁਨੀਆਂ ਵਿੱਚ ਜਿਸ ਕਰਮ ਤੋਂ ਇਨਸਾਨ ਨੂੰ ਕੋਈ ਲਾਭ ਨਹੀਂ ਹੁੰਦਾ ਉਹ ਰਸਮ ਜਾਂ ਕਰਮਕਾਂਡ ਹੀ ਰਹਿ ਜਾਂਦਾ ਹੈ। ਧਰਮਾਂ ਵਿੱਚ ਖੜੌਤ ਓਦੋਂ ਹੀ ਆਉਂਦੀ ਹੈ ਜਦੋਂ ਸਵੈ ਪੜਚੋਲ਼ ਦਾ ਰਾਹ ਬੰਦ ਹੋ ਜਾਂਦਾ ਹੈ। ਸਿੱਖ ਕੌਮ ਅੰਦਰ ਗੁਰਬਾਣੀ ਉਪਦੇਸ਼ ਦੇ ਵਿਪਰੀਤ ਵਿਚ, ਵੱਖ ਵੱਖ ਰਸਮਾਂ ਦਾ ਪੈਦਾ ਹੋਣਾ ਸਾਡੀ ਅਣਗਹਿਲੀ ਦਾ ਨਤੀਜਾ ਹੈ, ਕਿਉਂਕਿ ਇਹ ਸਾਰੇ ਕਰਮਕਾਂਡ ਪਹਿਲਾਂ ਪਹਿਲ ਗੁਰਦੁਆਰਿਆਂ ਵਿੱਚ ਹੀ ਸ਼ੁਰੂ ਹੋਏ ਸਨ। ਪੰਜਾਬ ਵਿੱਚ ਆਰੀਆ ਸਮਾਜੀ ਲਹਿਰ ਉਤਪੰਨ ਹੋਈ ਤਾਂ ਪਹਿਲਾਂ ਗੁਰਦੁਆਰਿਆਂ ਵਿੱਚ ਹੀ ਭਾਸ਼ਨਾ ਦੀ ਲੜੀ ਤੋਰੀ ਗਈ। ਰਾਧਾ-ਸੁਵਾਮੀਆਂ ਦਾ ਜਨਮ ਵੀ ਗੁਰਦੁਆਰਿਆਂ ਵਿਚੋਂ ਹੀ ਹੋਇਆ। ਨਕਲੀ ਨਿਰੰਕਾਰੀਏ ਵੀ ਗੁਰਦੁਆਰਿਆਂ ਵਿਚੋਂ ਆਪਣਾ ਅਧਾਰ ਬਣਾ ਕੇ ਤੁਰੇ ਸਨ। ਹਰ ਸਾਧ-ਸੰਤ ਪਹਿਲਾਂ ਸੰਗਤ ਦੇ ਗੁਰਦੁਆਰਿਆਂ ਵਿਚੋਂ ਹੀ ਲੋਕ ਬੋਲੀਆਂ ਵਾਲਾ ਕੀਰਤਨ ਸ਼ੁਰੂ ਕਰਦਿਆਂ, ਬ੍ਰਹਮਣੀ ਕਰਮ-ਕਾਂਡ ਵਾਲੀ ਨਵੀਂ ਮਰਯਾਦਾ ਬਣਾ ਕੇ ਆਪਣਾ ਵੱਖਰਾ ਡੇਰਾ ਸਥਾਪਤ ਕਰ ਲੈਂਦਾ ਹੈ। ਹੌਲ਼ੀ ਹੌਲ਼ੀ ਇਹ ਵੱਡੇ ਵੱਡੇ ਡੇਰਿਆਂ ਦਾ ਸਾਕਾਰ ਰੂਪ ਧਾਰਨ ਕਰ ਗਏ। ਗੁਰਬਾਣੀ ਵਿਚਾਰ ਦੀ ਘਾਟ ਕਰਕੇ ਕੁੱਝ ਰਸਮਾਂ ਦੇਖੋ ਦੇਖੀ ਸਾਡੇ ਵਿੱਚ ਆ ਗਈਆਂ ਹਨ, ਤੇ ਹੁਣ ਅਸੀਂ ਇਹਨਾਂ ਰਸਮਾਂ ਦੇ ਅਧਾਰ `ਤੇ ਹੀ ਵੱਖ ਵੱਖ ਜੱਥੇਬੰਦੀਆਂ ਬਣਾ ਲਈਆਂ ਹਨ। ਮੰਦਰ ਵਿੱਚ ਆਰਤੀ ਹੁੰਦੀ ਹੈ ਅਸਾਂ ਭੇਡ ਚਾਲ ਚੱਲਦਿਆਂ ਆਰਤੀ ਗੁਰਦੁਆਰੇ ਕਰਨੀ ਸ਼ੁਰੂ ਕਰ ਦਿੱਤੀ ਹੈ ਹਾਲਾਂ ਕਿ ਆਰਤੀ ਦਾ ਕੇਵਲ ਇੱਕ ਹੀ ਸ਼ਬਦ ਗੁਰਬਾਣੀ ਵਿੱਚ ਆਉਂਦਾ ਹੈ। ਮੰਦਰ ਵਿੱਚ ਜਗਰਾਤਾ ਹੁੰਦਾ ਹੈ ਤੇ ਅਸਾਂ ਵੀ ਜਗਰਾਤੇ ਵਾਂਗ ਰੈਣ ਸਬਾਈ ਸ਼ੁਰੂ ਕਰ ਦਿੱਤੀ ਹੈ। ਦੇਵੀ ਦੇਵਤਿਆਂ ਨੂੰ ਖੁਸ਼ ਕਰਨ ਲਈ ਵੱਖ ਵੱਖ ਮੰਤ੍ਰਾਂ ਦੇ ਜਾਪ ਦੀ ਜ਼ਰੂਰਤ ਪੁਜਾਰੀ ਜਮਾਤ ਨੇ ਦੱਸੀ ਤਾਂ ਅਸਾਂ ਨੇ ਵੀ ਗੁਰਬਾਣੀ ਸ਼ਬਦਾਂ ਨੂੰ ਮੰਤ੍ਰ ਬਣਾ ਕੇ ਜਾਪ ਕਰਨਾ ਸ਼ੁਰੂ ਕਰ ਦਿੱਤਾ ਹੈ। ਮੰਦਰਾਂ ਵਿੱਚ ਚਲੀਹੇ ਕਟੀਦੇ ਸੁਣੀਦੇ ਸਨ ਪਰ ਗੁਰਮਤਿ ਦੇ ਪਰਚਾਰ ਦਾ ਦਾਹਵਾ ਕਰਨ ਵਾਲੀਆਂ ਜੱਥੇਬੰਦੀਆਂ ਦੇ ਆਗੂ ਖ਼ੁਦ ਚਲੀਹੇ ਕੱਟ ਰਹੇ ਹਨ। ਇੰਜ ਮਹਿਸੂਸ ਹੁੰਦਾ ਹੈ ਕਿ ਜਿਵੇਂ ਗੁਰਬਾਣੀ ਦਾ ਪ੍ਰਭਾਵ ਘੱਟ ਕਬੂਲਿਆ ਹੈ ਤੇ ਵੱਖ ਵੱਖ ਧਰਮਾਂ ਡੇਰਿਆਂ ਦਾ ਸੁਭਾਅ ਜ਼ਿਆਦਾ ਕਬੂਲ ਲਿਆ ਹੈ।

ਗੁਰੂ ਨਾਨਕ ਸਾਹਿਬ ਜੀ ਦੀ ਨਿਰੋਈ ਵਿਚਾਰਧਾਰਾ ਕਰਕੇ, ਜੋਗ-ਮਤ ਦਾ ਲਗ-ਪਗ ਪੰਜਾਬ ਵਿਚੋਂ ਤਾਂ, ਇੱਕ ਤਰ੍ਹਾਂ ਨਾਲ ਖਾਤਮਾ ਹੀ ਹੋ ਗਿਆ ਸੀ ਪਰ ਅੱਜ ਨਵੇਂ ਦੌਰ ਵਿੱਚ ਜੋਗ-ਮਤ ਕਿਸੇ ਨਾ ਕਿਸੇ ਰੂਪ ਵਿੱਚ ਨਵੇਂ ਸਿਰੇ ਤੋਂ ਅੰਗੜਾਈ ਲੈਂਦਾ ਨਜ਼ਰ ਆ ਰਿਹਾ ਹੈ। ਭੇਡ ਚਾਲੇ ਚੱਲਦਿਆਂ ਗੁਰਬਾਣੀ ਨੂੰ ਤਾਂ ਨਹੀਂ ਸਮਝਿਆ ਪਰ ਜੋਗ-ਮਤ ਨੂੰ ਜ਼ਰੂਰ ਸਮਝ ਲਿਆ ਹੈ। ਨਾਮ ਸਿਮਰਨਾ ਰੱਬੀ ਹੁਕਮ ਵਿੱਚ ਵਿਚਰਦਿਆਂ, ਇੱਕ ਸਹਿਜ ਅਵਸਥਾ ਦਾ ਨਾਂ ਜਾਂ ਹਰ ਵੇਲੇ ਚੰਗਿਆਂ ਗੁਣਾਂ ਦੇ ਧਾਰਨੀ ਹੋ ਵਿਚਰਨਾ ਦੀ ਪ੍ਰੇਰਨਾ ਹੈ ਪਰ ਅਣਜਾਣੇ ਵਿੱਚ ਕੁੱਝ ਵੀਰਾਂ ਨੇ ਜੋਗ-ਮਤ ਦੀ ਤਰ੍ਹਾਂ ਵਹਿਗੁਰੂ ਦੇ ਅਭਿਆਸ `ਤੇ ਜ਼ੋਰ ਦੇਣਾ ਸੁਰੂ ਕੀਤਾ ਹੈ। ਸਾਹ ਅੰਦਰ ਲੈ ਕੇ ਜਾਣ ਵੇਲੇ ਵਾਹ ਕਹਿਣਾ ਤੇ ਸਾਹ ਬਾਹਰ ਨਿਕਾਲਣ ਵੇਲੇ ਗੁਰੂ ਕਹਿਣਾ, ਇੰਜ ਇਸ ਪ੍ਰਕਿਰਿਆ ਨੂੰ ਉਹ ਨਾਮ ਸਿਮਰਨ ਦਾ ਅਭਿਆਸ ਜਾਂ ਨਾਮ ਦੀ ਕਮਾਈ ਦਸ ਰਹੇ ਹਨ। ਸਵਾਲ ਪੈਦਾ ਹੁੰਦਾ ਹੈ ਕਿ ਕੀ ਗੁਰਬਾਣੀ ਸਾਨੂੰ ਅਜੇਹਾ ਕਰਨ ਦੀ ਆਗਿਆ ਦੇਂਦੀ ਹੈ? ਪਰ ਅਜੇਹਾ ਅਭਿਆਸ ਕਰਾਉਣ ਦੀਆਂ ਹੁਣ ਗੁਰਦੁਆਰਿਆਂ ਵਿੱਚ ਕਲਾਸਾਂ ਵੀ ਲੱਗ ਰਹੀਆਂ ਹਨ। ਸਾਹ ਅੰਦਰ ਲੈ ਜਾਣ ਸਮੇਂ ਵਾਹ ਕਹਿਣਾ `ਤੇ ਸਾਹ ਬਾਹਰ ਨਿਕਾਲਣ ਵੇਲੇ ਗੁਰੂ ਕਹਿਣ ਦੀ ਫ਼ਜੂਲ ਪ੍ਰਕਿਰਿਆ ਨੂੰ ਗੁਰਬਾਣੀ ਮੂਲੋਂ ਹੀ ਰੱਦ ਕਰਦੀ ਹੈ। ਇਸ ਵਿਚਾਰ ਨੂੰ ਸਮਝਣ ਲਈ ਗੁਰੂ ਨਾਨਕ ਸਾਹਿਬ ਜੀ ਦਾ ਰਾਗ ਮਾਰੂ ਵਿਚੋਂ ਇੱਕ ਸ਼ਬਦ ਦੇਖਿਆ ਜਾਏਗਾ।

ਸੂਰ ਸਰੁ ਸੋਸਿ ਲੈ ਸੋਮ ਸਰੁ ਪੋਖਿ ਲੈ ਜੁਗਤਿ ਕਰਿ ਮਰਤੁ ਸੋ ਸਨਬੰਧੁ ਕੀਜੈ॥

ਮੀਨ ਕੀ ਚਪਲ ਸਿਉ ਜੁਗਤਿ ਮਨੁ ਰਾਖੀਐ ਉਡੈ ਨਹ ਹੰਸੁ ਨਹ ਕੰਧੁ ਛੀਜੈ॥ ੧॥

ਮੂੜੇ ਕਾਇਚੇ ਭਰਮਿ ਭੁਲਾ॥

ਨਹ ਚੀਨਿਆ ਪਰਮਾਨੰਦੁ ਬੈਰਾਗੀ॥ ਰਹਾਉ॥ ੧॥

ਅਜਰ ਗਹੁ ਜਾਰਿ ਲੈ ਅਮਰ ਗਹੁ ਮਾਰਿ ਲੈ ਭਾਰਿ ਤਜਿ ਛੋਡਿ ਤਉ ਅਪਿਉ ਪੀਜੈ॥

ਮੀਨ ਕੀ ਚਪਲ ਸਿਉ ਜੁਗਤਿ ਮਨੁ ਰਾਖੀਐ ਊਡੈ ਨਹ ਹੰਸੁ ਨਹ ਕੰਧੁ ਛੀਜੈ॥ ੨॥

ਭਣਤਿ ਨਾਨਕੁ ਜਨੋ ਰਵੈ ਜੇ ਹਰਿ ਮਨੋ ਮਨ ਪਵਨ ਸਿਉ ਅੰਮ੍ਰਿਤੁ ਪੀਜੈ॥

ਮੀਨ ਕੀ ਚਪਲ ਸਿਉ ਜੁਗਤਿ ਮਨੁ ਰਾਖੀਐ ਉਡੈ ਨਹ ਹੰਸ ਨਹ ਕੰਧੁ ਛੀਜੈ॥ ੩॥

ਰਾਗ ਮਾਰੂ ਮਹਲਾ ੧॥ ਪੰਨਾ ੯੯੧---

ਜੋਗੀ ਨੂੰ ਤੱਤ ਗਿਆਨ ਦੀ ਸੋਝੀ ਦੇਂਦਿਆ ਗੁਰੂ ਨਾਨਕ ਸਾਹਿਬ ਜੀ ਦੱਸ ਰਹੇ ਹਨ ਕਿ ਐ ਜੋਗੀ “ਤੂੰ ਪ੍ਰਾਣਾਯਾਮ ਦੀ ਘੁੰਮਣ ਘੇਰੀ ਵਿੱਚ ਫਸਿਆ ਪਿਆਂ ਏਂ, ਕਿਉਂਕਿ ਤੇਰੇ ਮਨ ਨੂੰ ਪ੍ਰਮਾਤਮਾ ਦਾ ਅਨੰਦ ਤਾਂ ਆਇਆ ਹੀ ਨਹੀਂ ਹੈ। ਜੀਵਨ ਦੇ ਅਸਲੀ ਰਸਤੇ ਤੋਂ ਤੂੰ ਲਾਂਭੇ ਜਾ ਕੇ ਪ੍ਰਾਣਾਯਾਮ ਨੂੰ ਜੀਵਨ ਦਾ ਮਨੋਰਥ ਹੀ ਸਮਝੀਂ ਬੈਠਾ ਏਂ ਤੇ ਇੰਜ ਤੂੰ ਭਰਮ ਜਾਲ ਵਿੱਚ ਫਸਿਆ ਪਿਆ ਏਂ।

ਮੂੜੇ ਕਾਇਚੇ ਭਰਮਿ ਭੁਲਾ॥

ਨਹ ਚੀਨਿਆ ਪਰਮਾਨੰਦੁ ਬੈਰਾਗੀ॥ ਰਹਾਉ॥

ਜੋਗੀਆਂ ਦਾ ਪ੍ਰਾਣਾਯਾਮ ਭਾਈ ਕਾਨ੍ਹ ਸਿੰਘ ਜੀ ਨਾਭਾ ਅਨੁਸਾਰ (ਜੋਗ ਦਾ ਚੌਥਾ ਅੰਗ – ਯੋਗਸੂਤ੍ਰ ਵਿੱਚ ਸਵਾਸ ਦੇ ਅੰਦਰ ਬਾਹਰ ਆਉਣ ਦੀ ਚਾਲ ਨੂੰ ਆਪਣੇ ਵੱਸ ਕਰਨਾ ਪ੍ਰਾਣਾਯਾਮ ਹੈ, ਅਤ੍ਰ ਰਿਖੀ ਲਿਖਦਾ ਹੈ ਕਿ ਪ੍ਰਾਣ ਰੋਕ ਕੇ—-ਓਅੰ ਭੁਰ ਭੁਵ ਸ: ਸਹਿਤ ਤਿੰਨ ਵਾਰ ਗਾਇਤ੍ਰੀ ਦਾ ਜਾਪ ਕਰਨਾ ਪ੍ਰਾਣਾਯਾਮ ਹੈ) ਜੋਗੀਆਂ ਨੇ ਕਈ ਪਰਕਾਰ ਦੇ ਭਰਮ ਪਾਲ਼ੇ ਹੋਏ ਹਨ ਜਿਹਨਾਂ ਵਿਚੋਂ ਇੱਕ ਸੁਖਮਨਾ ਦਾ ਵੀ ਬੜਾ ਤਗੜਾ ਭਰਮ ਹੈ। ਸੁਖਮਨਾ ਕੀ ਹੈ? ਜੋਗੀਆਂ ਦੀ ਕਲਪੀ ਹੋਈ ਇੱਕ ਨਾੜੀ ਹੈ, ਜੋ ਨੱਕ ਦੇ ਮੂਲ ਤੋਂ ਲੈ ਕੇ ਕੰਗਰੋੜ ਦੇ ਨਾਲ਼ ਦੀ ਹੁੰਦੀ ਹੋਈ ਦਿਮਾਗ ਤੀਕ ਪੁਜਦੀ ਹੈ। ਇਸ ਦੇ ਸੱਜੇ ਪਾਸੇ ਪਿੰਗਲਾ ਅਤੇ ਖੱਬੇ ਪਾਸੇ ਇੜਾ ਹੈ, ਇਹ ਚੰਦ੍ਰਮਾ, ਸੂਰਜ ਅਤੇ ਅਗਨਿ ਰੂਪਾ ਹੈ। ਜੋਗੀਆਂ ਦੇ ਕਹਿਣ ਮੁਤਾਬਿਕ ਜਦ ਅਭਿਆਸ ਨਾਲ ਇਸ ਵਿੱਚ ਪ੍ਰਾਣ ਚਲਾਈਦੇ ਹਨ ਤਦ ਅਨਹਦ ਸ਼ਬਦ ਸੁਣੀਦਾ ਹੈ ਅਤੇ ਅਨੰਦ ਦੀ ਪ੍ਰਾਪਤੀ ਹੁੰਦੀ ਹੈ। ਇਸ ਦਾ ਨਾਉਂ ਬ੍ਰਹਮ-ਮਾਰਗ ਅਤੇ ਮਹਾਂ-ਪੱਥ ਵੀ ਹੈ। ਮਹਾਨ ਕੋਸ਼ ਦੇ ਕਰਤਾ ਭਾਈ ਕਾਨ੍ਹ ਸਿੰਘ ਜੀ ਨਾਭਾ ਇਸ ਪ੍ਰਕਿਰਿਆ ਨੂੰ ਜੋਗੀਆਂ ਦੇ ਮਨੋਕਲਪਤ ਖ਼ਿਆਲ ਦੱਸਦੇ ਹਨ। ਪਰ ਸਿੱਖ ਵੀ ਇਸ ਭਰਮ ਜਾਲ ਵਿੱਚ ਫਸ ਗਏ ਹਨ, ਜੋਗੀਆਂ ਦੀ ਤਰਜ਼ ਉੱਤੇ ਇੜਾ--ਪਿੰਗਲਾ ਤੇ ਸੁਖਮਨਾ ਦੇ ਗੁਰਦੁਆਰਿਆਂ ਵਿੱਚ ਅਜੇਹੇ ਅਭਿਆਸ ਕਰਾਏ ਜਾ ਰਹੇ ਹਨ। ਸਿਤਮਗ਼ੀਰੀ ਦੀ ਬਾਤ ਇਹ ਹੈ ਜਿਸ ਸਿਧਾਂਤ ਦੀ ਗੁਰੂ ਗ੍ਰੰਥ ਸਾਹਿਬ ਜੀ ਅਗਿਆ ਹੀ ਨਹੀਂ ਦੇਂਦੇ ਉਹ ਸਿਧਾਂਤ ਹੀ ਅਸੀਂ ਅਪਨਾ ਰਹੇ ਹਾਂ। ਇਸ ਸ਼ਬਦ ਦੀਆਂ ਪਹਿਲੀਆਂ ਤੁਕਾਂ ਵਿੱਚ ਜੋਗੀਆਂ ਦੀ ਚਿਰਾਂ ਦੀ ਬਣੀ ਹੋਈ ਖੋਖਲੀ ਵਿਚਾਰਧਾਰਾ ਨੂੰ ਮੂਲੋਂ ਹੀ ਰੱਦ ਕਰਦਿਆਂ ਕਿਹਾ ਹੈ ਕਿ:--

ਸੂਰ ਸਰੁ ਸੋਸਿ ਲੈ ਸੋਮ ਸਰੁ ਪੋਖਿ ਲੈ ਜੁਗਤਿ ਕਰਿ ਮਰਤੁ ਸੁ ਸਨਬੰਧੁ ਕੀਜੈ॥

ਮੀਨ ਕੀ ਚਪਲ ਸਿਉ ਜੁਗਤਿ ਮਨੁ ਰਾਖੀਐ ਉਡੈ ਨਹ ਹੰਸੁ ਨਹ ਕੰਧੁ ਛੀਜੈ॥

ਸੂਰ ਸਰੁ—ਸੂਰਜ ਦਾ ਤਲਾਬ, ਸੂਰਜ ਦੀ ਤੱਪਸ਼ ਦਾ ਸੋਮਾ ਭਾਵ ਤਮੋ-ਗੁਣੀ ਸੁਭਾਅ। ਸੋਸਿ ਲੈ—ਮੁਕਾ ਦੇ, ਸਕਾ ਦੇ। ਸੂਰ-- ਪਿੰਗਲਾ ਨਾੜੀ, ਸੱਜੀ ਸੁਰ, ਸੱਜੀ ਨਾਸ। ਸੋਸਿ ਲੈ--ਸੁਕਾ ਦੇ ਭਾਵ ਪ੍ਰਾਣ ਉਤਾਰ ਦੇ, ਸੁਆਸ ਬਾਹਰ ਕੱਢ। ਸੋਮ- ਚੰਦਰਮਾ। ਸੋਮ ਸਰੁ –ਚੰਦ੍ਰਮਾ ਦਾ ਤਲਾਬ, ਠੰਡ—ਸਾਂਤੀ ਦਾ ਸੋਮਾ, ਸਤੋ-ਗੁਣੀ ਦਾ ਸੁਭਾਅ ਭਾਵ ਸਾਂਤੀ ਸੁਭਾਅ। ਪੋਖਿ ਲੈ—ਭਰ ਲੈ, ਪਾਲ ਲੈ, ਤਕੜਾ ਕਰ। ਸੋਮ—ਖਬੀ ਨਾਸ, ਇੜਾ ਨਾੜੀ। ਪੋਖਿ ਲੈ—ਉਤਾਂਹ ਚਾੜ੍ਹ ਲੈ ਭਾਵ ਸੁਆਸਾਂ ਨੂੰ ਅੰਦਰ-ਵਲ ਨੂੰ ਖਿੱਚ ਲੈ। ਜੁਗਤਿ—ਮਰਯਾਦਾ, ਸੁਚੱਜਾ ਜੀਵਨ। ਜੁਗਤਿ ਕਰਿ—ਜ਼ਿੰਦਗੀ ਜਿਉਣ ਦਾ ਸੁਚੱਜਾ ਢੰਗ ਸਿੱਖਣਾ ਹੈ। ਮਰਤ—ਹਵਾ, ਪੁਰਾਣ, ਸੁਆਸ। ਸੁਆਸ ਸੁਖਮਨਾ ਵਿੱਚ ਟਿਕਾਣੇ ਬਣਾ। ਮੀਨ ਕੀ ਚਪਲ—ਮੱਛੀ ਦੀ ਚੰਚਲਤਾ ਦਾ ਸੁਭਾਅ। ਰਾਖੀਐ—ਸਾਂਭ ਰੱਖਣਾ ਚਾਹੀਦਾ ਹੈ। ਹੰਸੁ- ਮਨ। ਉਡੈ ਨਹ – ਭਟਕਦਾ ਨਹੀਂ ਹੈ। ਕੰਧ--ਸਰੀਰ। ਨਹ ਛੀਜੈ—ਛਿੱਜਦਾ ਨਹੀਂ ਭਾਵ ਵਿਕਾਰਾਂ ਵਿੱਚ ਗਰਕ ਨਹੀਂ ਹੁੰਦਾ।

ਇਹਨਾਂ ਤੁਕਾਂ ਦੇ ਅਰਥ--ਹੇ ਜੋਗੀ! ਤੂੰ ਤਾਮਸੀ ਸੁਭਾਅ ਨੂੰ ਦੂਰ ਕਰ, ਇਹ ਸੱਜੀ ਨਾਸ ਦੇ ਰਸਤੇ ਪ੍ਰਾਣ ਉਤਾਰਨੇ ਹਨ। ਸਾਂਤੀ ਸੁਭਾਅ ਨੂੰ ਆਪਣੇ ਅੰਦਰ ਲੈ ਕੇ ਜਾ, ਖੱਬੀ ਨਾਸ ਦੁਆਰਾ ਪ੍ਰਾਣ ਉੱਪਰ ਚੜ੍ਹਾਉਣੇ ਹਨ। ਸੁਆਸ ਸੁਆਸ ਨਾਮ ਜੱਪਣ ਵਾਲਾ ਜ਼ਿੰਦਗੀ ਦਾ ਸੁਚੱਜਾ ਢੰਗ ਬਣਾ ਲੈ ਭਾਵ ਹਰ ਵੇਲੇ ਰੱਬੀ ਨਿਯਮਾਵਲੀ ਵਿੱਚ ਵਿਚਰਨ ਦਾ ਯਤਨ ਕਰ, ਤੇ ਇਹ ਹੈ ਪ੍ਰਾਣਾਂ ਨੂੰ ਸੁਖਮਨਾ ਨਾੜੀ ਵਿੱਚ ਟਿਕਾਉਣਾ। ਹੇ ਜੋਗੀ! ਪਰਮਾਤਮਾ ਨਾਲ ਜੁੜਨ ਦਾ ਅਜੇਹਾ ਮੇਲ ਬਣਾਉ ਤਾਂ ਕਿ ਮੱਛੀ ਵਰਗਾ ਚੰਚਲ ਮਨ ਆਪਣੇ ਵੱਸ ਵਿੱਚ ਆ ਜਾਏ। ਫਿਰ ਮਨ ਵਿਕਾਰਾਂ ਵਲ ਨਹੀਂ ਦੌੜਦਾ ਤੇ ਨਾ ਹੀ ਸਰੀਰ ਵਿਕਾਰਾਂ ਵਿੱਚ ਪੈ ਕੇ ਖ਼ੁਆਰ ਹੁੰਦਾ ਹੈ।

ਭੇਡ ਚਾਲ ਚੱਲਦਿਆਂ ਅਸੀਂ ਵੀ ਜੋਗੀਆਂ ਦੀ ਰੀਸੇ ਸਵਾਸ ਬਾਹਰ ਨਿਕਾਲਣ `ਤੇ ਸਵਾਸ ਅੰਦਰ ਲੈ ਜਾਣ ਦੀ ਪ੍ਰਕਿਰਿਆ ਨੂੰ ਸਿਮਰਨ ਦੱਸਦਿਆਂ ਹੋਇਆਂ ਅਨਹਦ ਸ਼ਬਦ ਸੁਣਨ ਦੇ ਚੱਕਰ ਵਿੱਚ ਪਏ ਹੋਏ ਹਾਂ। ਇੱਕ ਗੁਰਦੁਆਰੇ ਵਿੱਚ ਜੋਗੀਆਂ ਦੀ ਤਰਜ਼ `ਤੇ ਨਾਮ ਦਾ ਅਭਿਆਸ ਕਰਾਂਦਿਆਂ ਅਭਿਆਸੀ ਵੀਰ ਕਹਿ ਰਿਹਾ ਸੀ ਕਿ ਭਾਈ ਜਦੋਂ ਅਸੀਂ ਅੰਦਰ ਸਾਹ ਲੈ ਕੇ ਜਾਣਾ ਹੈ ਓਦੋਂ ਵਾਹ ਸ਼ਬਦ ਕਿਹਾ ਜਾਏ ਤੇ ਜਦੋਂ ਸਾਹ ਨੂੰ ਬਾਹਰ ਨਿਕਾਲਣਾ ਹੈ ਓਦੋਂ ਗੁਰ ਕਿਹਾ ਜਾਏ। ਇੰਜ ਹਰੇਕ ਸਵਾਸ ਨੂੰ ਅੰਦਰ ਬਾਹਰ ਕਰਨ ਸਮੇਂ ਬਾਰ ਬਾਰ ਵਾਹ--ਗੁਰ, ਵਾਹ—ਗੁਰ ਕਹਿਣ ਨਾਲ ਸਾਡੀ ਬੰਦ ਪਈ ਕੁੰਡਲਨੀ ਖੁਲ੍ਹਦੀ ਹੈ `ਤੇ ਅਨਹਤ ਸ਼ਬਦ ਦੀਆਂ ਅਵਾਜ਼ਾਂ ਸੁਣਾਈ ਦੇਣ ਲੱਗ ਪੈਂਦੀਆਂ ਹਨ। ਕਈ ਥਾਂਵਾਂ `ਤੇ ਅਭਿਆਸੀਆਂ ਦੀਆਂ ਬੜੀਆਂ ਭਿਆਨਕ ਅਵਾਜ਼ਾਂ ਨਿਕਲਦੀਆਂ ਹਨ ਤੇ ਸਾਹੋ ਸਾਹੀ ਹੋਏ ਹਾਲੋ ਬੇ-ਹਾਲ ਹੋਏ ਹੁੰਦੇ ਹਨ। ਇਹ ਸਾਧਨਾ ਕਰਦਿਆਂ ਕਰਦਿਆਂ ਅਖੀਰ `ਤੇ ਆ ਕੇ ਗੁਰਰ-ਗੁਰਰ ਹੀ ਰਹਿ ਜਾਂਦਾ ਹੈ। ਫਿਰ ਇਹ ਵੀ ਕਿਹਾ ਜਾਂਦਾ ਹੈ ਕਿ ਜਿੰਨੀ ਜਲਦੀ ਕਿਹਾ ਜਾਏ ਉਤਨੀ ਜਲਦੀ ਹੀ ਕੁੰਡਲਨੀ ਖੁਲ੍ਹਦੀ ਤੇ ਅਨਹਦ ਸ਼ਬਦ ਸੁਣਾਈ ਦੇਂਦਾ ਹੈ। ਉੱਪਰੋਕਤ ਸ਼ਬਦ ਵਿੱਚ ਗੁਰੂ ਸਾਹਿਬ ਜੀ ਨੇ ਇਸ ਮਨੋ ਕਲਪਤ ਗਪੋੜਿਆਂ ਨੂੰ ਮੂਲੋਂ ਹੀ ਰੱਦ ਕਰਦਿਆਂ ਹੋਇਆਂ ਜੋਗੀਆਂ ਨੂੰ ਤਥਾ ਸਾਰੀ ਲੁਕਾਈ ਨੂੰ ਨਵਾਂ ਸੁਨੇਹਾਂ ਦਿੱਤਾ ਹੈ, ਜੋ ਕੇਵਲ ਜੋਗੀਆਂ ਲਈ ਹੀ ਨਹੀਂ ਹੈ ਇਹ ਸਾਡੇ ਲਈ ਵੀ ਉਤਨਾ ਹੀ ਜ਼ਰੂਰੀ ਹੈ। ਹੁਣ ਦੇਖਣਾ ਇਹ ਹੈ ਕਿ ਅਸੀਂ ਜੋਗੀਆਂ ਵਾਂਗ ਇਹ ਅਭਿਆਸ ਤਾਂ ਨਹੀਂ ਕਰ ਰਹੇ।

ਗੁਰਬਾਣੀ ਦੀਆਂ ਇਹਨਾਂ ਤੁਕਾਂ ਦਾ ਭਾਵ ਅਰਥ ਲਿਆ ਜਾਏਗਾ, ਸਵਾਸ ਅੰਦਰ ਲਿਜਾਂਦਿਆਂ ਵਾਹ ਸ਼ਬਦ ਕਹਿਣ ਦੀ ਥਾਂ `ਤੇ “ਸੋਮ ਸਰੁ” -- ਚੰਦ੍ਰਮਾ ਦਾ ਸਰੋਵਰ ਭਾਵ ਸ਼ਾਂਤੀ ਸੁਭਾਅ, ਠੰਡੇ, ਹਲੀਮੀ ਵਾਲੇ ਗੁਣ ਨੂੰ ਅੰਦਰ ਲੈ ਕੇ ਜਾਣ ਦਾ ਅਭਿਆਸ ਕਰ। ਚੰਦ੍ਰਮਾ ਠੰਡ ਦੇ ਪ੍ਰਤੀਕ ਵਜੋਂ ਆਇਆ ਹੈ। “ਪੋਖਿ ਲੈ” -- ਭਰ ਲੈ, ਤਗੜਾ ਕਰ ਲੈ ਭਾਵ ਅੰਦਰ ਰੱਖ ਲੈ, ਸੁਭਾਅ ਵਿੱਚ ਲੈ ਆ। ਚੰਦ੍ਰਮਾ ਦੇ ਸੁਭਾਅ ਨੂੰ ਅੰਦਰ ਖਿੱਚ ਕੇ ਲੈ ਜਾਹ। ਸਵਾਸ ਬਾਹਰ ਨਿਕਾਲਣ ਸਮੇਂ ਜਦੋਂ ਗੁਰ ਕਹਿਣਾ ਹੈ ਇਸ ਦੀ ਥਾਂ `ਤੇ ਮਨ ਵਿਚਲੀ ਗਰਮੀ ਭਾਵ ਈਰਖਾ ਦਵੈਸ਼ ਵਰਗੀਆਂ ਭਿਆਨਕ ਬਿਮਾਰੀਆਂ ਨੂੰ ਸਦਾ ਲਈ ਤਿਆਗਣ ਦਾ ਅਭਿਆਸ ਕਰਨ ਦਾ ਯਤਨ ਕਰ। “ਸੂਰ ਸਰੁ” ---ਸੂਰਜ ਦਾ ਤਲਾਬ, ਤਪਸ਼ ਦਾ ਸੋਮਾ ਤਮੋਗੁਣੀ ਸੁਭਾਅ। “ਸੋਸਿ ਲੈ” ---ਸੁਕਾ ਲੈ, ਮੁਕਾ ਦੇ ਭਾਵ ਸੂਰਜ ਵਰਗੇ ਸੁਭਾਅ ਨੂੰ ਬਾਹਰ ਧੱਕ ਦੇ, ਹਰ ਰੋਜ਼ ਦੀ ਘੈਂ ਘੈਂ ਤੇ ਕ੍ਰੋਧਤ ਬਿਰਤੀ ਨੂੰ ਖਤਮ ਕਰ ਦੇ। ਇੱਡਾ ਸਪੱਸ਼ਟ ਤੇ ਕੀਮਤੀ ਖ਼ਿਆਲ ਹੋਣ ਦੇ ਬਾਵਜੂਦ ਵੀ ਸਿੱਖ ਅਜੇਹੇ ਫੋਕਟ ਕਰਮ-ਕਾਂਡ ਵਿੱਚ ਪਿਆ ਹੋਇਆ ਹੈ ਤੇ ਇਸ ਨੂੰ ਨਾਮ ਅਭਿਆਸ ਜਾਂ ਕਮਾਈ ਕਰਨੀ ਦੱਸੀ ਜਾ ਰਿਹਾ ਹੈ। ਹਰੇਕ ਸਵਾਸ ਨਾਲ ਗਰਮ ਸੁਭਾਅ ਨੂੰ ਦੂਰ ਕਰਨਾ ਤੇ ਠੰਡੇ ਸੁਭਾਅ ਨੂੰ ਅਪਨੳਣੁ ਨਾਲ ਆਪਣੇ ਆਪ ਹੀ ਚੰਚਲ ਮਨ ਟਿਕੇਗਾ। ਹਰੇਕ ਸੁਆਸ ਸਮੇਂ ਕ੍ਰੋਧ ਰੂਪੀ ਗਰਮੀ ਦੂਰ ਕਰਨੀ, ਮਿਠਾਸ ਵਰਗੇ ਕੀਮਤੀ ਗੁਣਾਂ ਨੂੰ ਅਪਨਾਈ ਰੱਖਣਾ ਹੀ ਜ਼ਿੰਦਗੀ ਜਿਉਣ ਦਾ ਸੁਚੱਜਾ ਢੰਗ ਹੈ। ਹਰ ਵੇਲੇ ਕਲ਼ਪੇ ਰਹਿਣ ਦੇ ਭਿਆਨਕ ਔਗੁਣਾਂ ਨੂੰ ਤਿਆਗਣਾ ਤੇ ਹਰ ਵੇਲੇ ਮਿੱਠੜੇ, ਸਹਿਜ ਅਵਸਥਾ ਦੇ ਕੀਮਤੀ ਗੁਣਾਂ ਨੂੰ ਗ੍ਰਹਿਣ ਕਰਨ ਨਾਲ ਸਾਡੀ ਜਿੰਦ ਵਿਕਾਰਾਂ ਵਿੱਚ ਨਹੀਂ ਪਏਗੀ ਤੇ ਖ਼ੁਆਰ ਨਹੀਂ ਹੋਏਗੀ। ਇਹ ਜ਼ਿੰਦਗੀ ਜਿਉਣ ਦਾ ਸੁਚੱਜਾ ਢੰਗ ਹੈ ਤੇ ਮੱਛੀ ਵਰਗਾ ਚੰਚਲ ਮਨ ਆਪਣੇ ਆਪ ਹੀ ਟਿਕੇਗਾ, ਫਿਰ ਸਰੀਰ ਨੂੰ ਬਹੁਤਾ ਕਸ਼ਟ ਦੇਣ ਦੀ ਲੋੜ ਨਹੀਂ ਪਏਗੀ। ਇਸ ਸਬੰਧੀ ਕਬੀਰ ਜੀ ਦਾ ਸਿਰੀ ਰਾਗ ਵਿੱਚ ਇੱਕ ਵਾਕ ਵੀ ਵਿਚਾਰਨ ਯੋਗ ਹੈ।

ਭਾਠੀ ਗਗਨੁ ਸਿੰਙਿਆ ਅਰੁ ਚੁੰਙਿਆ ਕਨਕ ਕਲਸੁ ਇਕੁ ਪਾਇਆ॥

ਤਿਸੁ ਮਹਿ ਧਾਰ ਚੂਐ ਅਤਿ ਨਿਰਮਲ ਰਸ ਮਹਿ ਰਸਨ ਚੁਆਇਆ॥

ਬਾਣੀ ਕਬੀਰ ਜੀ ਕੀ ਸਿਰੀ ਰਾਗ ਪੰਨਾ ੯੨---

ਮੇਰਾ ਦਿਮਾਗ਼ ਭੱਠੀ ਬਣਿਆ ਪਿਆ ਹੈ, ਭਾਵ ਸੁਰਤ ਪ੍ਰਭੂ ਚਰਨਾ ਵਿੱਚ ਜੁੜੀ ਹੋਈ ਹੈ। ਮੰਦੇ ਕੰਮਾਂ ਵਲੋਂ ਸੰਕੋਚ ਕਰਨਾ, ਮਾਨੋ ਵਾਧੂ ਪਾਣੀ ਰੱਦ ਕਰਨ ਵਾਲੀ ਨਾਲ ਹੈ; ਗੁਣਾਂ ਨੂੰ ਗ੍ਰਹਿਣ ਕਰਨਾ ਮਾਨੋ ਸ਼ਰਾਬ ਕੱਢਣਾ ਵਾਲੀ ਨਾਲ ਹੈ। ਤੇ ਸ਼ੁਧ ਹਿਰਦਾ, ਮਾਨੋ ਸੋਨੇ ਦਾ ਮੱਟ ਹੈ; ਹੁਣ ਮੈਂ ਇੱਕ ਪ੍ਰਭੂ ਨੂੰ ਪ੍ਰਾਪਤ ਕਰ ਲਿਆ ਹੈ। ਮੇਰੇ ਹਿਰਦੇ ਵਿੱਚ ਅੰਮ੍ਰਿਤ ਦੀ ਧਾਰ ਚੋ ਰਹੀ ਹੈ। ਗੱਲ ਕੀ ਸੁਭ ਗੁਣਾਂ ਨੂੰ ਇਕੱਠਾ ਕਰਨਾ ਤੇ ਭੈੜਿਆਂ ਔਗੁਣਾਂ ਨੂੰ ਬਾਹਰ ਦਾ ਰਸਤਾ ਦਿਖਾਲਣਾ ਜ਼ਿੰਦਗੀ ਦੀ ਉੱਚਮਤਾ ਹੈ। ਇਹ ਸਾਰਾ ਕੁੱਝ ਗੁਰਬਾਣੀ ਗਿਆਨ ਤੋਂ ਹੀ ਪਰਾਪਤ ਹੁੰਦਾ ਹੈ।

ਸ਼ਬਦ ਦੇ ਦੂਸਰੇ ਬੰਦ ਵਿੱਚ ਜ਼ਿੰਦਗੀ ਦਾ ਨਵਾਂ ਅਧਿਆਏ ਸ਼ੁਰੂ ਕਰਦਿਆਂ ਗਰੁ ਸਾਹਿਬ ਜੀ ਕਹਿ ਰਹੇ ਹਨ ਕਿ ਜਿਸ ਪ੍ਰਮਾਤਮਾ `ਤੇ ਬੁਢੇਪਾ ਨਹੀਂ ਆਉਂਦਾ ਉਸ ਨੂੰ ਪਕੜ ਕੇ ਰੱਖ ਪਰ ਪਰਮਾਤਮਾ ਨੂੰ ਪਕੜਨ ਸਮੇਂ ਰਸਤੇ ਵਿੱਚ ਜੋ ਮੋਹ ਆਉਂਦਾ ਹੈ ਉਸ ਨੂੰ ਆਪਣੇ ਅੰਦਰੋਂ ਸਾੜ ਦੇ। ਮੌਤ ਤੋਂ ਰਹਿਤ ਵਾਲੇ ਪ੍ਰਭੂ ਦੇ ਰਾਹ ਵਿੱਚ ਰੋੜਾ ਬਣ ਰਹੇ ਮਨ ਦੀ ਭਟਕਣਾ ਮਾਰ ਦੇ।

ਅਜਰ ਗਹੁ ਜਾਰਿ ਲੈ ਅਮਰ ਗਹੁ ਮਾਰਿ ਲੈ ਭ੍ਰਾਤਿ ਤਜਿ ਛੋਡਿ ਤਉ ਅਪਿਉ ਪੀਜੈ॥

ਮੀਨ ਕੀ ਚਪਲ ਸਿਉ ਜੁਗਤਿ ਮਨੁ ਰਾਖੀਐ ਉਡੈ ਨਹ ਹੰਸੁ ਨਹ ਕੰਧੁ ਛੀਜੈ॥

ਇਹਨਾਂ ਤੁਕਾਂ ਵਿੱਚ ਮੋਹ ਤੇ ਮਨ ਦੀ ਭਟਕਣਾ ਨੂੰ ਮਾਰ ਕੇ ਨਵੇਂ ਜੀਵਨ ਦੀ ਸ਼ੁਰੂਆਤ ਕਰਨ ਨੂੰ ਕਿਹਾ ਹੈ। ਜੋਗੀ ਅਭਿਆਸ ਤਾਂ ਜ਼ਰੂਰ ਕਰ ਰਹੇ ਹਨ ਪਰ ਉਹਨਾਂ ਦੇ ਮਨ ਦੀ ਭਟਕਣਾ ਦੂਰ ਨਹੀਂ ਹੋਈ। ਹਾਂ ਇਹ ਭਟਕਣਾ ਤਦ ਹੀ ਦੂਰ ਹੋ ਸਕਦੀ ਹੈ ਜਦੋਂ ਆਤਮਿਕ ਜੀਵਨ ਦੇਣ ਵਾਲੇ ਸ਼ੁਭ ਗੁਣਾਂ ਦਾ ਸਿਮਰਨ ਕਰਕੇ ਨਾਮ ਰਸ ਪੀਤਾ ਜਾਏ। ਇੰਜ ਮੱਛੀ ਵਰਗੇ ਚੰਚਲ ਮਨ ਨੂੰ ਵਿਕਾਰਾਂ ਦੀ ਦਲ਼ਦਲ਼ ਤੋਂ ਬਚਾਇਆ ਜਾ ਸਕਦਾ ਹੈ। ਜੋਗੀ ਸਵਾਸ ਬਾਹਰ ਅੰਦਰ (ਇੜਾ ਪਿੰਗਲਾ) ਕਰਨ ਦੀ ਪ੍ਰਕਿਰਿਆ ਤਾਂ ਜ਼ਰੂਰ ਕਰ ਰਹੇ ਹਨ ਪਰ ਮਨ ਵਿਚਲੇ ਮੋਹ ਤੋਂ ਮੁਕਤ ਬਿਲਕੁਲ ਨਹੀਂ ਹੋ ਸਕੇ। “ਅਜਰ ਗਹੁ ਜਾਰਿ ਲੈ” ਪ੍ਰਭੂ ਜੀ ਦੇ ਰਾਹ ਦੀ ਰੁਕਾਵਟ ਭਾਵ ਸ਼ੁਭ ਗੁਣਾਂ ਦੇ ਰਸਤੇ ਵਿਚਲੀ ਮੋਹ ਦੀ ਚਾਦਰ ਨੂੰ ਸਾੜ ਦੇ। ਦੂਸਰਾ ਮਨ ਦੀ ਭਟਕਣਾ ਨੂੰ ਮਾਰਨ ਲਈ ਕਿਹਾ ਹੈ। ਭਟਕਣਾ ਹੀ ਇਸ ਮਨ ਨੂੰ ਵਿਕਾਰਾਂ ਵਲ ਦੜਾਉਂਦੀ ਹੈ।

ਜੇ ਜੋਗੀ ਨੇ ਭਰਮ ਪਾਲਿਆ ਹੋਇਆ ਹੈ ਤਾਂ ਅਸਾਂ ਵੀ ਉਹ ਹੀ ਭਰਮ ਪਾਲ ਲਿਆ ਹੈ ਕੋਈ ਨਾਭੀ ਵਿਚੋਂ ਅਵਾਜ਼ ਸੁਣਨ ਦੇ ਯਤਨ ਕਰ ਰਿਹਾ ਹੈ, ਕੋਈ ਕੁੰਡਲਨੀ ਨੂੰ ਸਿੱਧੇ ਕਰਨ ਦੇ ਚੱਕਰ ਵਿੱਚ ਪਿਆ ਹੋਇਆ ਹੈ ਤੇ ਕੋਈ ਦਸਮ ਦੁਆਰ ਖੋਹਣ ਦੇ ਰਾਹ ਤੁਰਿਆ ਹੋਇਆ ਹੈ। ਸ਼ਬਦ ਦੇ ਤੀਸਰੇ ਤੇ ਆਖ਼ਰੀ ਬੰਦ ਵਿੱਚ ਹਰੇਕ ਸਵਾਸ ਨਾਲ ਪ੍ਰਮਾਤਮਾ ਦਾ ਨਾਮ ਜੱਪ ਕੇ ਭਾਵ ਰੱਬੀ ਨਿਯਮਾਵਲੀ ਨੂੰ ਅਪਨਾ ਕੇ, ਉਸ ਦੇ ਹੁਕਮ ਵਿੱਚ ਚੱਲਿਆ ਜਾਏ ਤਾਂ ਆਤਮਿਕ ਜੀਵਨ ਦੇਣ ਵਾਲਾ ਨਾਮ ਰਸ ਮਿਲਦਾ ਹੈ।

ਭਣਤਿ ਨਾਨਕੁ ਜਨੋ ਰਵੈ ਜੇ ਹਰਿ ਮਨੋ ਮਨ ਪਵਨ ਸਿਉ ਅੰਮ੍ਰਿਤੁ ਪੀਜੈ॥

ਮੀਨ ਕੀ ਚਪਲ ਸਿਉ ਜੁਗਤਿ ਮਨੁ ਰਾਖੀਐ ਉਡੈ ਨਹ ਹੰਸੁ ਨਹ ਕੰਧੁ ਛੀਜੈ॥

ਅਖਰੀਂ ਅਰਥ ਦਾਸ ਨਾਨਕ ਆਖਦਾ ਹੈ ਜੇ ਮਨੁੱਖ ਦਾ ਮਨ ਪਰਮਾਤਮਾ ਦਾ ਸਿਮਰਨ ਕਰੇ ਤਾਂ ਮਨੁੱਖ ਮਨ ਦੀ ਇਕਾਗਰਤਾ ਨਾਲ ਸੁਆਸ ਸੁਆਸ ਨਾਮ ਜਪ ਕੇ ਆਤਮਿਕ ਜੀਵਨ ਦੇਣ ਵਾਲਾ ਨਾਮ ਰਸ ਪੀਂਦਾ ਹੈ। ਸਿਮਰਨ ਦਾ ਭਾਵ ਗੁਰੂ ਉਪਦੇਸ਼ ਦੁਆਰਾ ਰੱਬੀ ਸਿਧਾਂਤ ਨੂੰ ਆਪਣੇ ਮਨ ਵਿੱਚ ਰੱਖਣਾ ਤੇ ਹਰ ਸਮੇਂ ਰੱਬੀ ਹੁਕਮ ਵਿੱਚ ਚੱਲਦਿਆ ਹੀ ਮੱਛੀ ਵਰਗੀ ਚੰਚਲਤਾ ਵਾਲਾ ਮਨ ਵੱਸ ਵਿੱਚ ਆ ਸਕਦਾ ਹੈ, ਮਨ ਵਿਕਾਰਾਂ ਵਲ ਨਹੀਂ ਦੌੜਦਾ ਤੇ ਸਰੀਰ ਵੀ ਵਿਕਾਰਾਂ ਵਿੱਚ ਨਹੀਂ ਗ਼ਲ਼ਦਾ।

ਇਹਨਾਂ ਤੁਕਾਂ ਵਿੱਚ ਵਿਚਾਰਨ ਵਾਲਾ ਨੁਕਤਾ ‘ਹਰਿ ਮਨੋ ਮਨ’ ਭਾਵ ਮਨ ਦੀ ਇਕਾਗਰਤਾ “ਪਵਨ ਸਿਉ” ਦਾ ਭਾਵ ਹਰੇਕ ਸਵਾਸ ਨਾਲ ਨਾਮ ਸਿਮਰਨਾ ਹੈ। ਹੁਣ ਸੁਆਲ ਉੱਠਦਾ ਹੈ ਕਿ ਕੀ ਆਦਮੀ ਸੌਂਦਾ ਨਹੀਂ ਹੈ? ਕੀ ਆਦਮੀ ਆਪਣੀ ਡਿਊਟੀ ਨਹੀਂ ਕਰਦਾ? ਕੀ ਕੋਈ ਅਧਿਆਪਕ ਬੱਚਿਆਂ ਨੂੰ ਬੋਲ ਕੇ ਨਹੀਂ ਪੜ੍ਹਾ ਰਿਹਾ? ਕੀ ਇਨਸਾਨ ਰੋਟੀ ਨਹੀਂ ਖਾਂਦਾ? ਇੰਜ ਕਰਦਿਆਂ ਤਾਂ ਕਿੰਨਾ ਕਿੰਨਾ ਸਮਾਂ ਅਸੀਂ ਪਰਮਾਤਮਾ ਦੇ ਸਿਮਰਨ ਤੋਂ ਬਿਨਾਂ ਹੀ ਗ਼ੁਜ਼ਾਰ ਦਿਆਂਗੇ। ਗੁਰੂ ਸਾਹਿਬ ਜੀ ਤਾਂ ਸਾਨੂੰ “ਹਰਿ ਮਨੋ ਮਨ ਪਵਨ ਸਿਉ” ਦੀ ਗੱਲ ਸਮਝਾ ਰਹੇ ਹਨ। ਫਿਰ ਇਹਨਾਂ ਤੁਕਾਂ ਦਾ ਭਾਵ ਅਰਥ ਲਿਆ ਜਾਏਗਾ ਕਿ ਹਰੇਕ ਸਵਾਸ ਉਸ ਰੱਬ ਦੀ ਰਜ਼ਾ ਵਿੱਚ ਲਿਆ ਜਾਏਗਾ ਭਾਵ ਉਸ ਦੇ ਹੁਕਮ ਵਿੱਚ ਚੱਲਿਆ ਜਾਏ ਸ਼ੁਭ ਗੁਣਾਂ ਦੇ ਧਾਰਨੀ ਹੋ ਕੇ ਚੰਗੇ ਤੋਂ ਚੰਗਾ ਇਨਸਾਨ ਬਣਨ ਦਾ ਯਤਨ ਕੀਤਾ ਜਾਏ। ਗੁਰਬਾਣੀ ਨੇ ਤੇ ਸਿੱਧਾ ਸਾਧਾ ਜੀਵਨ ਜਿਉਣ ਦੀ ਜੁੱਗਤੀ ਦੱਸਦਿਆਂ ਖੁਬਸੂਰਤ ਖ਼ਿਆਲ ਰੱਖਿਆ ਹੈ:---

ਉਠੰਦਿਆ ਬਹੰਦਿਆ ਸੁਵੰਦਿਆ ਸੁਖੁ ਸੋਇ॥

ਨਾਨਕ ਨਾਮਿ ਸਲਾਹਿਐ ਤਨੁ ਮਨੁ ਸੀਤਲੁ ਹੋਇ॥

ਸਲੋਕ ਮ: ੫ ਪੰਨਾ ੩੨੧---

ਨਾਨਕ ਸਤਿਗੁਰਿ ਭੇਟਿਐ ਪੂਰੀ ਹੋਵੈ ਜੁਗਤਿ॥

ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੈ ਮੁਕਤਿ॥

ਸਲੋਕ ਮ: ੫ ਪੰਨਾ ੫੨੨ --

ਕਿਸੇ ਨੀਤੀ ਵਾਨ ਨੇ ਇੱਕ ਦ੍ਰਿਸ਼ਟਾਂਤ ਦਿੱਤਾ ਹੈ ਕਿ ਇੱਕ ਮਲਾਹ ਲੋੜ ਅਨੁਸਾਰ ਦਰਿਆ ਵਿਚੋਂ ਮੱਛੀਆਂ ਫੜ ਕੇ ਮੰਡੀ ਵਿੱਚ ਵੇਚ ਆਉਂਦਾ ਸੀ ਤੇ ਰੋਜ਼ ਵਾਂਗ ਧੁੱਪ ਵਿੱਚ ਬੈਠ ਕੇ ਸਿਆਲੀ ਧੁੱਪ ਦਾ ਅਨੰਦ ਲੈ ਰਿਹਾ ਸੀ। ਉਸ ਪਾਸ ਦੂਸਰਾ ਮਲਾਹ ਆਇਆ ਤੇ ਕਹਿੰਦਾ, “ਦੋਸਤਾ ਸੁਣਿਆ ਅੱਜ ਦਰਿਆ ਵਿੱਚ ਮੱਛੀਆਂ ਬਹੁਤ ਬਾਹਰ ਆਈਆਂ ਹੋਈਆਂ ਨੇ ਇਸ ਲਈ ਮੇਰੇ ਨਾਲ ਚੱਲ `ਤੇ ਜ਼ਿਆਦਾ ਤੋਂ ਜ਼ਿਆਦਾ ਮੱਛੀਆਂ ਫੜ ਕੇ ਵੇਚੀਏ ਤਾਂ ਕਿ ਆਪਾਂ ਮਾਲਾ ਮਾਲ ਹੋ ਸਕੀਏ, ਸੱਚੀ ਗੱਲ ਇਹ ਹੈ ਕਿ ਦੁਬਾਰਾ ਮੁੜ ਮੌਕਾ ਨਹੀਂ ਮਿਲਣਾ”। ਧੁੱਪ ਸੇਕ ਰਿਹਾ ਮਲਾਹ ਪੁੱਛਦਾ, “ਜ਼ਿਆਦਾ ਮੱਛੀਆਂ ਫੜ ਕੇ ਮਾਲਾ ਮਾਲ ਹੋ ਕੇ ਫਿਰ ਕੀ ਕਰਾਂਗੇ”, ਤਾਂ ਦੂਸਰਾ ਮਲਾਹ ਕਹਿੰਦਾ, “ਦੋਸਤਾ ਫਿਰ ਆਪਾਂ ਅਰਾਮ ਕਰਾਂਗੇ” ਤਾਂ ਪਹਿਲਾ ਮਲਾਹ “ਕਹਿੰਦਾ ਫਿਰ ਹੁਣ ਮੈਂ ਕੀ ਕਰ ਰਿਹਾਂ ਹਾਂ? ਇੰਨਾਂ ਵੱਡਾ ਅਡੰਬਰ ਕਰਕੇ ਜੇ ਅਰਾਮ ਕਰਨਾ ਹੈ ਤਾਂ ਮੈਂ ਹੁਣ ਹੀ ਅਰਾਮ ਕਰ ਰਿਹਾ ਹਾਂ”। ਇੰਜ ਹੀ ਜੇ ਔਖਿਆਂ ਹੋ ਕੇ ਸਵਾਸ ਬਾਹਰ ਅੰਦਰ ਕਰਕੇ ਅਨੰਦ ਪ੍ਰਾਪਤ ਕਰਨਾ ਹੈ ਤਾਂ ਗੁਰੂ ਨਾਨਕ ਸਾਹਿਬ ਜੀ ਦੇ ਸਹਿਜ ਮਾਰਗ `ਤੇ ਚੱਲਦਿਆਂ ਕ੍ਰਿਤ ਵਿਹਾਰ ਕਰਦਿਆਂ ਹੀ ਕਿਉਂ ਨਹੀਂ ਅਨੰਦ ਮਾਣਿਆ ਜਾ ਸਕਦਾ। ਸਰਲਤਾ ਵਾਲੇ ਜੀਵਨ ਦਾ ਪੱਖ ਰੱਖਦਿਆਂ ਦੋ ਸਲੋਕ ਬਹੁਤ ਹੀ ਭਾਵ ਪੂਰਤ ਹਨ ਜੋ ਹਰ ਪ੍ਰਾਣੀ ਦੀ ਸਮਝ ਵਿੱਚ ਆ ਸਕਣ ਵਾਲੇ ਹਨ।

ਨਾਮਾ ਮਾਇਆ ਮੋਹਿਆ, ਕਹੈ ਤਿਲੋਚਨੁ ਮੀਤ॥

ਕਾਹੇ ਛੀਪਹੁ ਛਾਇ ਲੈ, ਰਾਮ ਨਾ ਲਾਵਹੁ ਚੀਤੁ॥

ਨਾਮਾ ਕਹੈ ਤਿਲੋਚਨਾ, ਮੁਖ ਤੇ ਰਾਮੁ ਸਮਾਲਿ॥

ਹਾਥ ਪਾਉ ਕਰਿ ਕਾਮੁ ਸਭੁ, ਚੀਤੁ ਨਿਰੰਜਨ ਨਾਲਿ॥

ਸਲੋਕ ਕਬੀਰ ਜੀ ਕੇ ਪੰਨਾ ੧੩੭੫--

ਸੁ ਜੋਗੀਆਂ ਵਾਲੇ ਰੱਦ ਕੀਤੇ ਹੋਏ ਰਸਤੇ `ਤੇ ਸਿੱਖ ਨੂੰ ਚੱਲਣ ਦੀ ਲੋੜ ਨਹੀਂ ਹੈ, ਲੋੜ ਤਾਂ ਸਗੋਂ ਗੁਰੂ ਨਾਨਕ ਸਾਹਿਬ ਜੀ ਦੇ ਦਰਸਾਏ ਹੋਏ ਮਾਰਗ ਨੂੰ ਸਮਝਣ ਦੀ ਹੈ। ਇਹ ਤਾਂ ਹੀ ਸੰਭਵ ਹੋ ਸਕੇਗਾ ਜਦੋਂ ਅਸੀਂ ਖ਼ੁਦ ਗੁਰਬਾਣੀ ਦੀ ਵਿਚਾਰ ਦਾ ਅਭਿਆਸ ਕਰਨ ਲੱਗ ਪਵਾਂਗੇ।




.