.

ਸੌਦਾ ਡੇਰਾ ਤੇ ਬਾਕੀ ਡੇਰਿਆਂ ਦੀ ਪੜਚੋਲ

ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ

ਜਿੱਥੇ ਵੀ ਗੁਰਮਤਿ ਦੇ ਤੱਤ ਗਿਆਨ ਨੂੰ ਸਮਝਣ ਵਾਲੇ ਚਾਰ ਵੀਰ ਬੈਠਦੇ ਹਨ, ਓਥੇ ਅਕਸਰ ਹੀ ਇੱਕ ਆਮ ਚਰਚਾ ਹੁੰਦੀ ਹੈ, ਕਿ ਅੱਜ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਬਚਿੱਤ੍ਰ ਨਾਟਕ ਵਰਗੇ ਗ੍ਰੰਥ ਦਾ ਪ੍ਰਕਾਸ਼ ਕਰ ਦੇਣਾ, ਕਰਾਮਾਤੀ ਸਾਖੀਆਂ ਸੁਣਾ ਸੁਣਾ ਕੇ ਸਿੱਖ ਇਤਿਹਾਸ ਦੀ ਰੂਪ ਰੇਖਾ ਨੂੰ ਵਿਗਾੜ ਦੇਣਾ, ਤੇ ਸਾਉਣ ਭਾਦਰੋਂ ਦੀਆਂ ਖੁੰਬਾਂ ਵਾਂਗ ਬਾਬਿਆਂ ਦਾ ਪੈਦਾ ਹੋਣ ਕਰਕੇ, ਸਿੱਖ ਕੌਮ ਇੱਕ ਖ਼ਤਰਨਾਕ ਦੌਰ ਵਿੱਚ ਦੀ ਗ਼ੁਜ਼ਰ ਰਹੀ ਹੈ, ਜਿਸ ਕਰਕੇ ਸਿੱਖੀ ਸਿਧਾਂਤ ਨੂੰ ਚਾਰ ਚੁਫੇਰਿਉਂ ਖੋਰਾ ਲੱਗ ਰਿਹਾ ਹੈ। ਸੌਦਾ ਡੇਰੇ ਨੇ ਤੇ ਸਿਰਫ ਸਿੱਖ ਕੌਮ ਨੂੰ ਜਗਾਇਆ ਹੀ ਹੈ, ਪਰ ਬੁੱਕਲ਼ ਦੇ ਸੱਪ ਹੋਰ ਵੀ ਬਹੁਤ ਸਾਰੇ ਹਨ ਜਿਹਨਾਂ ਤੋਂ ਕੌਮ ਨੂੰ ਫੌਰੀ ਬਚਾਉਣ ਤੇ ਇਹਨਾਂ ਡੇਰਿਆਂ ਦੀ ਸਵੈ ਪੜਚੋਲ ਦੀ ਲੋੜ ਹੈ।

ਸੌਦਾ ਡੇਰੇ ਦੀਆਂ ਸਿੱਖ ਧਰਮ ਵਿਰੋਧੀ ਕਾਰਵਾਈਆਂ ਜੱਗ ਜ਼ਾਹਰ ਹੋਈਆਂ ਹਨ ਜੋ ਬਿਮਾਰ ਮਾਨਸਿਕਤਾ ਦੀ ਮੂੰਹ ਬੋਲਦੀ ਤਸਵੀਰ ਹੈ, ਹਰ ਸਿੱਖ ਦੇ ਮਨ ਵਿਚੋਂ ਸਿੱਖੀ ਦੇ ਦਰਦ ਦੀ ਚੀਸ ਉੱਠੀ ਹੈ। ਦੁਨੀਆਂ ਵਿੱਚ ਬੇ-ਅੰਤ ਧਰਮ ਹਨ ਤੇ ਸਿੱਖ ਉਹਨਾਂ ਸਾਰਿਆਂ ਧਰਮਾਂ ਦਾ ਸਤਿਕਾਰ ਕਰਦਾ ਹੈ, ਜੋ ਸੱਚ ਦੇ ਸਿਧਾਂਤ ਤੇ ਪਹਿਰਾ ਦੇਂਦੇ ਹਨ, ਪਰ ਡੇਰਾ ਸੌਦਾ ਦੇ ਪਾਸ ਆਪਣਾ ਕੁੱਝ ਵੀ ਨਹੀਂ ਹੈ ਸਿਰਫ ਝੂਠ ਦੇ ਅਧਾਰਤ ਭੋਲ਼ੇ ਲੋਕਾਂ ਨੂੰ ਆਪਣੇ ਮਕੜੀ ਜਾਲ ਵਿੱਚ ਫਸਾਇਆ ਹੋਇਆ ਹੈ। ਬੜੀ ਚਲਾਕੀ ਦੇ ਨਾਲ ਗੁਰਬਾਣੀ ਦੇ ਅਰਥ ਗਲਤ ਕਰਕੇ ਭੋਲੇ ਲੋਕਾਂ ਨੂੰ ਇਹ ਦਸਣ ਦੇ ਯਤਨ ਵਿੱਚ ਹੁੰਦੇ ਹਨ ਕਿ ਮਨੁੱਖ ਨੂੰ ਜ਼ਿੰਦਗੀ ਵਿੱਚ ਮੇਰੇ ਵਰਗੇ ਦੇਹ-ਧਾਰੀ ਗੁਰੂ ਦੀ ਲੋੜ ਹੈ। ਪਰ ਸਿੱਖ ਧਰਮ ਦਾ ਫਲਸਫ਼ਾ ਗਿਆਨ ਗੁਰੂ ਦੇ ਅਧਾਰਤ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੇ ਇਸ ਵਿਚਲਾ ਰਬੀ ਗਿਆਨ ਹੀ ਸਾਡਾ ਗੁਰੂ ਹੈ।

ਸਿੱਖੀ ਵਿੱਚ ਅੱਜ ਡੇਰੇ ਦੋ ਪ੍ਰਕਾਰ ਦੇ ਹਨ, ਇੱਕ ਤੇ ਉਹ ਡੇਰੇ ਹਨ ਜੋ ਗੁਰਬਾਣੀ ਦਾ ਅਧਾਰ ਬਣਾ ਕਿ, ਕੁੱਝ ਇਕੱਲੀਆਂ ਤੁਕਾਂ ਪੜ੍ਹਕੇ, ਇਹ ਦੱਸਣ ਦਾ ਯਤਨ ਕਰਦੇ ਹਨ ਕਿ ਅੱਜ ਦੇ ਯੁੱਗ ਵਿੱਚ ਕੋਈ ਗੁਰੂ ਹੈ ਜੋ ਸਾਡੇ ਅੰਦਰ ਜੋਤ ਜਗਾ ਦੇਵੇ। ਫਿਰ ਆਖਣਗੇ ਕਿ ਜੀ ਸਾਡੇ ਡੇਰੇ ਵਾਲਾ ਗੁਰੂ ਹੀ ਜੋਤ ਜਗਾ ਸਕਦਾ ਹੈ ਹੋਰ ਕੋਈ ਗੁਰੂ ਜੋਤ ਨਹੀਂ ਜਗਾ ਸਕਦਾ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜਾਂ ਸਿੱਖੀ ਦੇ ਨਿਰਮਲ ਸਿਧਾਂਤ ਨੂੰ ਤੋੜ ਮਰੋੜ ਕੇ ਪੇਸ਼ ਕਰਨਗੇ। ਅੱਜ ਤੋਂ ਤੀਹ ਕੁ ਸਾਲ ਪਹਿਲਾਂ ਨਿੰਰਕਾਰੀਆਂ ਨੇ ਸਿੱਖੀ ਸਿਧਾਂਤ ਨਾਲ ਖਿਲਵਾੜ ਕੀਤਾ ਤੇ ਅੱਜ ਸੌਦਾ ਡੇਰੇ ਵਾਲਾ ਨੇ ਸ਼ਰੇਆਮ ਸਿੱਖ ਪ੍ਰੰਪਰਾਵਾਂ ਨਾਲ ਕੋਝਾ ਮਜ਼ਾਕ ਕਰਨ ਦੀ ਹਰਕਤ ਕੀਤੀ ਹੈ। ਨੂਰ ਮਹਿਲੀਏ ਜਾਂ ਭਨਿਆੜੇ ਵਾਲੇ ਵੀ ਏਸੇ ਤਰਜ਼ `ਤੇ ਤੁਰੇ ਹੋਏ ਹਨ। ਦੂਸਰੇ ਡੇਰੇ ਉਹ ਹਨ ਜੋ ਬਾਹਰੋਂ ਦੇਖਣ ਨੂੰ ਤਾਂ ਸਿੱਖੀ ਸਰੂਪ ਵਾਲੇ ਲੱਗਦੇ ਹਨ ਪਰ ਅੰਦਰੋਂ ਬ੍ਰਹਮਣੀ ਮਤ ਦਾ ਹੀ ਪਰਚਾਰ ਕਰਦੇ ਹਨ।

ਪਹਿਲੀ ਪਰਕਾਰ ਦੇ ਡੇਰੇ ਵਾਲਿਆਂ ਨੇ ਆਪਣੇ ਕੁੱਝ ਸ਼ਰਧਾਲੂਆਂ ਨੂੰ ਗੁਰਬਾਣੀ ਦੀਆਂ ਤੁਕਾਂ ਯਾਦ ਕਰਾਈਆਂ ਹੁੰਦੀਆਂ ਹਨ, ਜੋ ਇਹ ਪ੍ਰਭਾਵ ਦੇਣ ਦੇ ਯਤਨ ਵਿੱਚ ਹੁੰਦੇ ਹਨ ਕਿ ਗੁਰਬਾਣੀ ਵਿੱਚ ਦੇਹਧਾਰੀ-ਗੁਰੂ ਦੀ ਲੋੜ `ਤੇ ਜ਼ੋਰ ਦਿੱਤਾ ਗਿਆ ਹੈ, ਭੋਲੇ ਲੋਕ ਉਹਨਾਂ ਦੇ ਝਾਂਸੇ ਵਿੱਚ ਆ ਜਾਂਦੇ ਹਨ ਕਿ ਇਹ ਵੀ ਤਾਂ ਗੁਰੂ ਦੀ ਹੀ ਗੱਲ ਕਰ ਰਹੇ ਹਨ। ---ਮਈ ੨੦੦੭ ਨੂੰ ਡਬਈ ਦੀ ਵਾਪਸੀ ਤੋਂ ਦੋ ਹਫਤਿਆਂ ਲਈ ਮਸਕਟ ਰੁਕਿਆ, ਏੱਥੇ ਇੱਕ ਡੇਰੇ ਦਾ ਸ਼ਰਧਾਲੂ ਜਿਸ ਨੂੰ ਗਰੁਬਾਣੀ ਦੀਆਂ ਕੁੱਝ ਤੁਕਾਂ ਯਾਦ ਸਨ ਤੇ ਇਸ ਗੱਲ `ਤੇ ਜ਼ੋਰ ਦੇ ਰਿਹਾ ਸੀ ਕਿ ਦੇਖੋ ਜੀ ਕੋਈ ਗੁਰੂ ਹੈ ਜੋ ਸਾਡੇ ਅੰਦਰ ਜੋਤ ਜਗਾ ਦੇਵੇ। ਉਸ ਨੇ ਸ਼ਬਦ ਪੜ੍ਹਿਆ “ਇਹੁ ਸਰੀਰੁ ਸਭੁ ਧਰਮੁ ਹੈ ਜਿਸੁ ਅੰਦਰਿ ਸਚੇ ਕੀ ਵਿਚਿ ਜੋਤਿ॥ ਗੋਹਜ ਰਤਨ ਵਿਚਿ ਲੁਕਿ ਰਹੇ ਕੋਈ ਗੁਰਮੁਖਿ ਸੇਵਕੁ ਕਢੈ ਖੋਤਿ”॥ ਤੇ ਅਰਥ ਕਰਕੇ ਦੱਸ ਰਿਹਾ ਸੀ ਕਿ ਕੋਈ ਦੇਹ ਧਾਰੀ ਗੁਰੂ ਹੀ ਸਾਡੇ ਸਰੀਰ ਵਿਚੋਂ ਰਤਨ ਲੱਭ ਕੇ ਦੇ ਸਕਦਾ ਹੈ, ਦੇਹ ਧਾਰੀ ਗੁਰੂ ਹੀ ਸਾਡੇ ਸਰੀਰ ਵਿੱਚ ਜੋਤ ਜਗਾ ਸਕਦਾ ਹੈ। ਜਦੋਂ ਉਸ ਭਟਕੇ ਸ਼ਰਧਾਲੂ ਨੂੰ ਇਹ ਕਿਹਾ ਗਿਆ ਕਿ ਸਾਰੇ ਸ਼ਬਦ ਦੇ ਅਰਥ ਕਰਕੇ ਸੁਣਾਉਂ ਤਾਂ ਉਹ ਵਿਚਾਰਾ ਇਹ ਕਹਿਣ ਲਈ ਮਜ਼ਬੂਰ ਹੋ ਗਿਆ ਕਿ ਜੀ ਮੈਨੂੰ ਤਾਂ ਅਰਥ ਨਹੀਂ ਆਉਂਦੇ, ਮੈਂ ਤਾਂ ਸਿਰਫ ਜੋਤ ਜਗਾਉਣ ਵਾਲੇ ਹੀ ਅਰਥ ਕਰਦਾ ਹਾਂ। ਇਹਨਾਂ ਡੇਰੇ ਵਾਲਿਆਂ ਪਾਸ ਆਪਣਾ ਤਾਂ ਕੁੱਝ ਵੀ ਨਹੀਂ ਹੈ ਸਿਰਫ ਗੁਰਬਾਣੀ ਦਾ ਓਟ ਆਸਰਾ ਲੈ ਕੇ ਹੀ ਆਪਣੀ ਦੁਕਾਨ ਚਲਾ ਰਹੇ ਹਨ। ਕਈ ਡੇਰੇ ਵਾਲਿਆਂ ਨੇ ਹੋਰ ਵੀ ਬਹੁਤ ਸਾਰਾ ਮਸਾਲਾ ਇਕੱਠਾ ਕਰਕੇ ਆਪਣੀ ਥਾਲੀ ਵਿੱਚ ਪਾ ਕੇ ਸ਼ਰਧਾਲੂਆਂ ਨੂੰ ਪਰੋਸ ੨ ਕੇ ਦੇ ਰਹੇ ਹਨ। ਸਿੱਖ ਧਰਮ ਦਾ ਸਭ ਤੋਂ ਵੱਡਾ ਦੁਖਾਂਤ ਜਾਂ ਖ਼ਤਰਨਾਕ ਮੋੜ ਚੰਦ ਵੋਟਾਂ ਹੀ ਹਨ, ਏਸੇ ਲਈ ਸਾਡੇ ਸਿੱਖ ਲੀਡਰ ਇਹਨਾਂ ਦੇ ਚਰਨਾਂ ਵਿੱਚ ਨਿੰਮ੍ਰਤਾ ਪੂਰਵਕ ਚਰਨ ਬੰਦਨਾ ਹੀ ਨਹੀਂ ਕਰ ਰਹੇ ਹੁੰਦੇ, ਸਗੋਂ ਨਿਮਾਣੇ ਜੇਹੇ ਸੇਵਕ ਬਣ ਕੇ, ਚੰਦ ਵੋਟਾਂ ਦੀ ਖ਼ਾਤਰ ਸਿਰ ਨੀਵਾਂ ਕਰ, ਦੋਨੋਂ ਹੱਥ ਜੋੜ ਕੇ ਗਿੜਗਿੜਾ ਵੀ ਰਹੇ ਹੁੰਦੇ ਹਨ ਕਿ ਜੀ ਇਸ ਵਾਰੀ ਵੋਟ ਸਾਨੂੰ ਪਾਇਆ ਜੇ। ਕਈ ਡੇਰੇ ਵਾਲਿਆਂ ਨੇ ਚੰਗੀਆਂ ਚੰਗੀਆਂ ਨੌਕਰੀਆਂ ਤੋਂ ਸੇਵਾ ਮੁਕਤ ਹੋਏ ਜਾਂ ਵਿਸ਼ਾ ਮਾਹਰ ਵਿਦਵਾਨਾਂ ਦੀਆਂ ਸੇਵਾਵਾਂ ਪੱਕੇ ਤੌਰ ਤੇ ਆਪਣੇ ਡੇਰੇ ਲਈ ਉੱਪਲਬਧ ਕਰਵਾ ਲਈਆਂ ਹਨ। ਇਹ ਡੇਰੇ ਯੋਜਨਾਬਧ ਤਰੀਕੇ ਨਾਲ ਚੱਲ ਰਹੇ ਹਨ ਤੇ ਇਹਨਾਂ ਨੇ ਪੰਜਾਬ ਨੂੰ ਅਧਾਰ ਬਣਾ ਕੇ ਹੋਰ ਵਿਸਥਾਰ ਵੀ ਕਰ ਲਿਆ ਹੈ। ਕਈਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਤਰਜ਼ `ਤੇ ਆਪਣੇ ਗ੍ਰੰਥ ਵੀ ਰਚ ਲਏ ਹਨ ਤੇ ਕਈਆਂ ਨੇ ਇਸ ਤੋਂ ਵੀ ਅਗਾਂਹ ਲੰਘ ਕੇ ਗਿਆਰਵੇਂ ਬਾਹਰਵੇਂ ਗੁਰੂ ਬਣਾ ਲਏ ਹਨ।

ਦੂਜੀ ਪਰਕਾਰ ਦੇ ਉਹ ਡੇਰੇ ਹਨ ਜਿਹਨਾਂ ਨੇ ਸਿੱਖੀ ਸਰੂਪ ਤਾਂ ਰੱਖਿਆ ਹੋਇਆ ਹੈ ਪਰ ਅੰਦਰ ਖਾਤੇ ਆਪਣੀ ਪੂਜਾ ਕਰਵਾ ਰਹੇ ਹਨ ਤੇ ਗੁਰੂ ਨਾਨਕ ਸਾਹਿਬ ਜੀ ਦੇ ਨਿਰਮਲ ਸਿਧਾਂਤ ਨੂੰ ਪੁਜਾਰੀ ਦੇ ਕਰਮ-ਕਾਂਡ ਵਿੱਚ ਤਬਦੀਲ ਕਰ ਰਹੇ ਹਨ। ਇਹਨਾਂ ਦਾ ਵਿਸਥਾਰ ਦੇਖਣਾ ਹੋਵੇ ਤਾਂ ਸਰਦਾਰ ਜਸਵੰਤ ਸਿੰਘ ਜੀ ‘ਕੰਵਲ’ ਦੀ ਪੁਸਤਕ ‘ਕੌਮੀ ਵਸੀਅਤ’ ਵਿੱਚ ਦੇਖਿਆ ਜਾ ਸਕਦਾ ਹੈ। ਵੀਹਵੀਂ ਸਦੀ ਦੇ ਸ਼ੁਰੂ ਹੁੰਦਿਆਂ ਹੀ ਇਹਨਾਂ ਨੇ ਆਪਣੇ ਨਾਲ ਸੰਤ ਸ਼ਬਦ ਜੋੜ ਲਿਆ ਤੇ ਪੰਥ ਵਿੱਚ ਆਪਣੀ ਵੱਖਰੀ ਪਹਿਛਾਣ ਬਣਾ ਲਈ ਹੈ। ਇਹ ਡੇਰੇ ਬਾਹਰੋਂ ਦੇਖਣ ਨੂੰ ਤਾਂ ਪੱਕੇ ਸਿੱਖ ਲੱਗਦੇ ਹਨ ਪਰ ਅੰਦਰੋਂ ਪੂਰੀ ਤਰ੍ਹਾਂ ਬ੍ਰਹਮਣੀ ਕਰਮ-ਕਾਂਡ ਦਾ ਹੀ ਪਰਚਾਰ ਕਰਦੇ ਦਿੱਸਦੇ ਹਨ। ਜਿਹੜੀਆਂ ਗੱਲਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਸਿਧਾਂਤ ਰੱਦ ਕਰਦਾ ਹੈ ਉਹ ਸਾਰੀਆਂ ਕਰਮ-ਕਾਂਡੀ ਰਸਮਾਂ ਇਹਨਾਂ ਦੇ ਡੇਰਿਆਂ `ਤੇ ਦੇਖੀਆਂ ਜਾ ਸਕਦੀਆਂ ਹਨ। ਮਿਸਾਲ ਦੇ ਤੌਰਤੇ ਸਿੱਖ ਸਿਧਾਂਤ ਵਿੱਚ ਮਾਲ਼ਾ ਤੇ ਤਸਵੀਰ ਦਾ ਕੋਈ ਵੀ ਥਾਂ ਨਹੀਂ ਹੈ ਪਰ ਇਹ ਨਾਮ ਧਰੀਕ ਡੇਰੇ ਮਾਲ਼ਾ ਤੇ ਤਸਵੀਰਾਂ ਦਾ ਹੀ ਪਰਚਾਰ ਕਰ ਰਹੇ ਹਨ। ਕੁੱਝ ਡੇਰੇ ਤਾਂ ਇਸ ਕਦਰ ਸਿੱਖੀ ਵਿੱਚ ਘੁੱਸਪੈਠ ਕਰ ਚੁੱਕੇ ਹਨ ਜੋ ਇੰਜ ਲੱਗਦਾ ਹੈ ਸ਼ਾਇਦ ਸਿੱਖ-ਪੰਥ ਹੈ ਹੀ ਏਹੋ ਜੇਹਾ ਹੈ। ਪੂਰੀ ਦਿਖ ਵਿੱਚ ਦਿਸ ਰਹੇ ਇਹ ਸਿੱਖੀ ਸਰੂਪ ਵਾਲੇ ਡੇਰਿਆਂ ਵਿੱਚ ਸਿੱਖ ਰਹਿਤ ਮਰਯਾਦਾ ਦੀ ਇੱਕ ਵੀ ਮਦ ਲਾਗੂ ਨਹੀਂ ਹੈ। ਇਹਨਾਂ ਦੀ ਅਰਦਾਸ ਵੱਖਰੀ ਕਿਸਮ ਦੀ ਹੈ, ਸਵੇਰੇ ਸ਼ਾਮ ਵਾਕ ਲੈਣ ਦਾ ਢੰਗ ਤਰੀਕਾ ਵੱਖਰਾ ਹੈ। ਇਹ ਆਪਣੇ ਵੱਡੇ ਮਹਾਂਰਾਜ ਜੀ ਦੀਆਂ ਵੱਡੀਆਂ ਵੱਡੀਆਂ ਤਸਵੀਰਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਰੱਖ ਕੇ ਸੰਗਤ ਪਾਸੋਂ ਮੱਥੇ ਟਿਕਾ ਰਹੇ ਹਨ। ਕਈ ਡੇਰੇ ਤਾਂ ਆਪਣੇ ਵੱਡੇ ਮਹਾਂਰਾਜ ਦੀਆਂ ਜੁੱਤੀਆਂ ਵੀ ਸਾਂਭੀ ਬੈਠੇ ਹਨ।

ਮਹਾਨ ਕੋਸ਼ ਵਿੱਚ ਇਹ ਸ਼ਬਦ ਆਉਂਦੇ ਹਨ ਕਿ ਜਨੇਊ ਤਿਆਰ ਕਰਨ ਲਈ ਬ੍ਰਹਮਣ ਕਪਾਹ ਤੋਂ ਲੈ ਕੇ ਸੂਤਰ ਤਿਆਰ ਹੋਣ ਤੀਕ ਮੰਤਰਾਂ `ਤੇ ਮੰਤਰ ਪੜ੍ਹੀ ਜਾਂਦਾ ਹੈ ਫਿਰ ਕਿਤੇ ਜਾ ਕੇ ਜਨੇਊ ਤਿਆਰ ਹੁੰਦਾ ਹੈ। ਏਸੇ ਬ੍ਰਹਮਣੀ ਕਰਮ-ਕਾਂਡ ਦੀ ਤਰਜ਼ `ਤੇ ਚਲਦਿਆਂ ਡੇਰਾਵਾਦੀ ਬਿਰਤੀ ਨੇ ਗੰਨਿਆ ਦੇ ਖੇਤ ਨੂੰ ਗੁਰਬਾਣੀ ਸੁਣਾ ਕੇ ਪਤਾਸੇ ਤਿਆਰ ਕਰਨ ਦੀਆਂ ਵਿਉਂਤਾ ਬਣਾ ਲਈਆਂ ਹਨ। ਜੇ ਸਾਡੇ ਜੱਥੇਦਾਰ ਹੀ ਇਹ ਗੱਲ ਆਖਣ ਕੇ ਗੰਨਿਆਂ ਨੂੰ ਪਾਠ ਸਣਾਉਂਣਾ ਬਹੁਤ ਹੀ ਸ਼ੁਭ ਕਰਮ ਹੈ ਤੇ ਇਹ ਪਤਾਸੇ ਤੱਖਤਾਂ `ਤੇ ਜਾਣੇ ਚਾਹੀਦੇ ਹਨ, ਅਗਾਂਹ ਅੰਮ੍ਰਿਤ ਵੀ ਇਹਨਾਂ ਪਤਾਸਿਆਂ ਦਾ ਹੀ ਤਿਆਰ ਹੋਏਗਾ ਜ਼ਰਾ ਸੋਚਣਾ ਪਏਗਾ ਜੋ ਹੁਣ ਤਕ ਅੰਮ੍ਰਿਤ ਛਕਾਇਆ ਗਿਆ ਹੈ ਉਸ ਦਾ ਕੀ ਬਣੇਗਾ?

ਦੂਜੀ ਕਿਸਮ ਦੇ ਡੇਰੇ ਬਾਹਰੋਂ ਸਿੱਖੀ ਸਰੂਪ ਵਿੱਚ ਤਾਂ ਦਿਸਦੇ ਹਨ ਪਰ ਅੰਦਰ-ਖਾਤੇ ਸਾਰਾ ਕੁੱਝ ਬ੍ਰਹਾਮਣੀ ਸੋਚ ਦੇ ਅਧੀਨ ਹੀ ਚੱਲਦਾ ਹੈ। ਇਹਨਾਂ ਡੇਰਿਆਂ `ਤੇ ਬੜੇ ਮਹਾਂਰਾਜ ਜੀ ਦੀਆਂ ਬਰਸੀਆਂ ਮਨਾਈਆਂ ਜਾਂਦੀਆਂ ਹਨ। ਇਹਨਾਂ ਦੇ ਨਿਰਧਾਤਰ ਰਾਗੀ ਵੀ ਇਹਨਾਂ ਵੱਡੇ ਮਹਾਂਰਾਜ ਦੀਆਂ ਮਨ ਘੜਤ ਕਰਾਮਾਤੀ ਸਾਖੀਆਂ ਸੁਣਾ ਸੁਣਾ ਕੇ ਸਿੱਖ ਪੰਥ ਨੂੰ ਗੁਰੂ ਸਿਧਾਂਤ ਨਾਲੋਂ ਤੋੜ੍ਹਨ ਦਾ ਪੂਰਾ ਯਤਨ ਕਰ ਰਹੇ ਹੁੰਦੇ ਹਨ। ਇਸ ਸਭ ਦੀ ਜ਼ਿਮੇਵਾਰੀ ਬਣਦੀ ਕਿਸ ਦੀ ਬਣਦੀ ਹੈ? ਕੌਮ ਦੇ ਸਾਹਮਣੇ ਮੂੰਹ ਚਿੜਾਅ ਰਿਹਾ ਸਵਾਲ ਹੈ?

ਮੇਰੇ ਸਾਹਮਣੇ ਦੋ ਘਟਨਾਵਾਂ ਹਨ, ਇੱਕ ਤਾਂ ਦੋ ਸਾਲ ਪਹਿਲਾਂ ਦੀ ਹੈ ਜਦੋਂ ਮੇਰੇ ਫੁੱਫੜ ਜੀ ਚੜ੍ਹਾਈ ਕਰ ਗਏ ਤਾਂ ਉਹਨਾਂ ਦੇ ਭੋਗ `ਤੇ ਜਾਣਾ ਪਿਆ। ਓਥੇ ਛੋਟੀ ਛੋਟੀ ਉਮਰ ਦੇ ਪਾਠੀ ਜੋ ਗੁਰਬਾਣੀ ਸੂਝ ਤੇ ਸਿੱਖੀ ਸਿਧਾਂਤ ਤੋਂ ਬਿਲਕੁਲ ਕੋਰੇ ਸਨ, ਉਹਨਾਂ ਨੇ ਅਖੰਡਪਾਠ ਦੀ ਸਮਾਪਤੀ ਵੇਲੇ ਅਰਦਾਸ ਕੀਤੀ ਹੇ ਧੰਨ ਧੰਨ ਬਾਬਾ ਹਜ਼ਾਰਾ ਸਿੰਘ ਜੀਉ ਇਸ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਥਾਂ ਦੇਣੀ, ਧੰਨ ਧੰਨ ਬਾਬਾ ਹਜ਼ਾਰਾ ਸਿੰਘ ਜੀਉ ਪਿੱਛੇ ਪਰਵਾਰ ਨੂੰ ਭਾਣਾ ਮੰਨਣ ਦਾ ਬਲ ਦੇਣਾ। ਉਹਨਾਂ ਪਾਠੀ ਸਿੰਘਾਂ ਨੂੰ ਕਿਹਾ ਕਿ ਭਲਿਓ ਜੇ ਵਾਕਿਆ ਹੀ ਤੁਸਾਂ ਪਾਠ ਕਰਨਾ ਹੈ ਤਾਂ ਗੁਰਬਾਣੀ ਪੜ੍ਹਨੀ ਜ਼ਰੂਰ ਸਿੱਖੋ। ਉਹਨਾਂ ਵਿਚੋਂ ਇੱਕ ਕਹਿਣ ਲੱਗਾ ਕਿ ਅਸੀਂ ਕਿਹੜਾ ਪੈਸੇ ਲੈਂਦੇ ਹਾਂ, ਅਸੀਂ ਤਾਂ ਸਿਰਫ ਚਾਲ਼ੀ ਰੁਪਏ ਹੀ ਲੈਂਦੇ ਹਾਂ, ਅਸੀਂ ਤਾਂ ਮਰਯਾਦਾ ਵੀ ਆਪਣੇ ਡੇਰੇ ਦੀ ਚਲਾਉਣੀ ਹੈ। ਦੂਜੀ ਘਟਨਾ ਵੀ ਏਸੇ ਪਿੰਡ ਦੇ ਦੂਸਰੇ ਘਰ ਦੀ ਹੈ ਜਦ ੨੭ ਅਗਸਤ ੨੦੦੬ ਨੂੰ ਮੇਰੇ ਭੂਆ ਜੀ ਦੇ ਬੇਟੇ ਨੇ ਆਪਣੇ ਘਰ ਸਿਰੀ ਅਖੰਡ-ਪਾਠ ਰਖਾਇਆ ਤਦ ਵੀ ਪਾਠੀ ਉਸੇ ਡੇਰੇ ਨਾਲ ਸੰਬੰਧ ਸਨ, ਜਿਹੜਾ ਰੋਗ ਬੱਕਰੀ ਨੂੰ ਉਹ ਰੋਗ ਬਠੋਰੇ ਨੂੰ ਦੀ ਕਹਾਵਤ ਅਨੁਸਾਰ ਪਾਠੀ ਸਿੰਘਾ ਵਿਚੋਂ ਇੱਕ ਨੇ ਅਰਦਾਸ ਕੀਤੀ ਸਿਰਫ ਦਸ ਗੁਰੂ ਸਹਿਬਾਨ ਜੀ ਤੀਕ ਬਾਕੀ ਦੀ ਅਰਦਾਸ ਉਹਨਾਂ ਨੇ ਨਹੀਂ ਕੀਤੀ, ਤੇ ਅਗਾਂਹ ਫਿਰ ਉਹਨਾਂ ਨੇ ਇਹ ਸ਼ਬਦ ਪੜ੍ਹੇ ਧੰਨ ਧੰਨ ਬਾਬਾ ਹਜ਼ਾਰਾ ਸਿੰਘ ਜੀਉ ਇਸ ਪਰਵਾਰ ਨੂੰ ਤੁਸਾਂ ਖੁਸ਼ੀਆਂ ਬਖਸ਼ਿਸ਼ ਕੀਤੀਆਂ ਹਨ, ਪਾਠ ਦੀਆਂ ਭੁਲਾਂ ਤੁਸਾਂ ਮੁਆਫ਼ ਕਰ ਦੇਣੀਆਂ ਇਤ ਆਦਿਕ। ਫਿਰ ਜਿਹੜੀ ਕਥਾ ਕੀਤੀ ਉਸਦਾ ਹਾਲ ਇਸ ਤਰ੍ਹਾਂ ਦਾ ਸੀ ਜਿਸ ਤਰ੍ਹਾਂ ਕਿਸੇ ਆਭਗਣ ਮਾਂ ਨੇ ਬਿਨਾਂ ਅੰਗਾਂ ਦੇ ਬੱਚੇ ਨੂੰ ਜਨਮ ਦਿੱਤਾ ਹੋਵੇ। ਮੈਂ ਤੇ ਸਿਰਫ ਏਨਾ ਹੀ ਕਿਹਾ ਸੀ ਕਿ ਤੇਰੀ ਕਥਾ ਤਾਂ ਇਸ ਮੁਹਵਰੇ `ਤੇ ਠੀਕ ਢੁੱਕਦੀ ਹੈ:-- ‘ਕਹੀਂ ਕੀ ਈਟ ਕਹੀਂ ਕਾ ਰੋੜਾ, ਭਾਨਵਤੀ ਨੇ ਕੁੰਨਬਾ ਜੋੜਾ। ਉਹਨਾਂ ਸਾਰਿਆਂ ਪਾਠੀ ਵੀਰਾਂ ਨੂੰ ਪੁੱਛਿਆ ਕਿ ਕੀ ਤੁਸੀਂ ਅਕਾਲ ਤੱਖਤ ਵਲੋਂ ਪੰਥ ਪਰਵਾਨਤ ਰਹਿਤ ਮਰਯਾਦਾ ਨੂੰ ਮੰਨਦੇ ਹੋ ਤਾਂ ਉਹਨੇ ਨੇ ਕਿਹਾ ਕਿ ਇਸ ਬਾਰੇ ਸਾਨੂੰ ਗਿਆਨ ਨਹੀਂ ਹੈ, ਅਸੀਂ ਤਾ ਜੀ ਆਪਣੇ ਡੇਰੇ ਦੀ ਮਰਯਾਦਾ ਹੀ ਨਿਬਾਹੁੰਦੇ ਹਾਂ ਸਾਡੇ ਵਾਸਤੇ ਤਾਂ ਸਾਰਾ ਕੁੱਝ ਸਾਡਾ ਡੇਰਾ ਹੀ ਹੈ। ਫਿਰ ਉਹਨਾਂ ਨੂੰ ਗੁਰਬਾਣੀ ਦੀ ਮਹਾਨਤਾ ਬਾਰੇ ਦੱਸਿਆ ਤਾਂ ਉਹਨਾਂ ਨੇ ਗਰੁਬਾਣੀ ਤੇ ਸਿੱਖੀ ਸਿਧਾਂਤ ਨੂੰ ਅੱਗੋਂ ਤੋਂ ਸਮਝਣ ਵਾਅਦਾ ਕੀਤਾ। ਪਿੰਡ ਵਾਲਿਆਂ ਦੱਸਿਆ ਕਿ ਸਾਡੇ ਪਿੰਡ ਸੰਨ ਸੰਤਾਲ਼ੀ ਤੋਂ ਲੈ ਕੇ ਕਮੇਟੀ ਵਲੋਂ ਅੱਜ ਤੀਕ ਕਦੇ ਕੋਈ ਪਰਚਾਰਕ ਆਇਆ ਹੀ ਨਹੀਂ ਹੈ, ਸਾਨੂੰ ਜਿਹੜੇ ਪਾਠੀ ਮਿਲ ਗਏ ਉਹ ਅਸੀਂ ਲੈ ਆਉਂਦੇ ਹਾਂ।

ਸਿੱਖੀ ਪਹਿਰਾਵੇ ਵਿੱਚ ਦਿਸ ਰਹੇ ਡੇਰੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਭੋਗ ਲਗਾ ਰਹੇ ਹਨ ਤੇ ਕਈਆਂ ਨੇ ਮਨੁੱਖਾਂ ਦੀ ਤਰਜ਼ `ਤੇ ਗਰਮੀ ਸਰਦੀ ਦੇ ਬਚਾ ਵਾਲੇ ਰੁਮਾਲਿਆਂ ਵੀ ਰੱਖੇ ਹੋਏ ਹਨ। ਕੁੱਝ ਕੁ ਡੇਰਿਆਂ ਨੇ ਮਰ ਚੁੱਕੇ ਮਨੁੱਖਾਂ ਨੂੰ ਵੱਡੇ ਮਹਾਂਰਾਜ ਜੀ ਦੱਸ ਕੇ ਉਹਨਾਂ ਦੀਆਂ ਆਦਮ ਕੱਦ ਦੀਆਂ ਤਸਵੀਰਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਲਗਾਈਆਂ ਹੋਈਆਂ ਹਨ ਭੋਲੇ ਸਿੱਖਾਂ ਪਾਸੋਂ ੳਹਨਾਂ ਤਸਵੀਰਾਂ ਨੂੰ ਮੱਥੇ ਟਿਕਾਏ ਜਾਂਦੇ ਹਨ। ਸਿੱਖ ਰਹਿਤ ਮਰਯਾਦਾ ਵਿੱਚ ਸਾਫ ਲਿਖਿਆ ਹੋਇਆ ਹੈ ਬਾਹਰਲੀਆਂ ਧਾਰਨਾਂ ਲਗਾ ਕੇ ਕੀਰਤਨ ਨਹੀਂ ਕਰਨਾ ਪਰ ਇਹ ਡੇਰਾਵਾਦੀ ਆਪਣੇ ਕੀਰਤਨ ਦੀ ਸ਼ੂਰਆਤ ਹੀ ਬਾਹਰਲੀ ਧਾਰਨਾ ਤੋਂ ਸ਼ੁਰੂ ਕਰਦੇ ਹਨ।

ਸਿੱਖ ਕੌਮ ਦੇ ਸੂਝਵਾਨ ਆਗੂਆਂ ਨੇ ਇਹ ਪੜਚੋਲ਼ ਕਰਨੀ ਹੈ ਕਿ ਗੁਰੂ ਨਾਨਕ ਸਾਹਿਬ ਜੀ ਨੇ ਨਿਰਮਲ ਪੰਥ ਦੀ ਸਿਰਜਣਾ ਕੀਤੀ ਸੀ ਕਿ ਜਾਂ ਸੰਤ ਸਮਾਜ ਦੀ ਸਿਰਜਣਾ ਕੀਤੀ ਸੀ ਕਿ ਜਾਂ ਕਿਸੇ ਡੇਰਾਵਾਦ ਦੀ ਸਿਰਜਣਾ ਕੀਤੀ ਸੀ। ਸਾਧਾਂ ਦੇ ਰੂਪ ਵਿੱਚ ਵਿਹਲੜਾਂ ਦੀਆਂ ਡਾਰਾਂ ਦੀਆਂ ਡਾਰਾਂ ਪੈਦਾ ਹੋ ਗਈਆਂ ਹਨ। ਗਿਆਨੀ ਗੁਰਦਿੱਤ ਸਿੰਘ ਜੀ ਆਪਣੀ ਪੁਸਤਕ ‘ਮੇਰਾ ਪਿੰਡ’ ਵਿੱਚ ਲਿਖਦੇ ਹਨ ਕਿ ‘ਕਿ ਏਥੇ ਸੰਤਾਂ ਦੇ ਵੱਗਾਂ ਦੇ ਵੱਗ ਫਿਰਦੇ ਮੈਂ ਕਿਹਦੇ ਕਿਹਦੇ ਪੈਰੀਂ ਹੱਥ ਲਾਵਾਂ।

ਇਤਿਹਾਸਕ ਗੁਰਦੁਆਰਿਆਂ ਦੇ ਨੇੜੇ ਕਾਰ ਸੇਵਾ ਵਾਲੇ ਬਾਬਿਆਂ ਨੇ ਪੱਕੇ ਤੌਰ ਤੇ ਡੇਰੇ ਬਣਾ ਲਏ ਹਨ ਤਾਂ ਕਿ ਇਤਿਹਾਸ ਦੀਆਂ ਰਹਿੰਦੀਆਂ ਨਿਸ਼ਾਨੀਆਂ ਵੀ ਮਿਟਾਈਆਂ ਜਾਣ। ਸ਼ਰਧਾਵਾਨ ਸਿੱਖਾਂ ਦੀ ਕਿਰਤ ਕਮਾਈ ਵਿਚੋਂ ਜ਼ਮੀਨਾਂ ਖਰੀਦਣ ਦੇ ਕਿੱਸੇ ਸਾਰੀ ਦੁਨੀਆਂ ਦੇ ਸਾਹਮਣੇ ਆਏ ਹਨ। ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਦੋਂ ਕਦੇ ਸਿੱਖੀ ਸਿਧਾਂਤ ਦੀ ਗੱਲ ਕਰਨੀ ਹੁੰਦੀ ਹੈ ਤਾਂ ਉਹਨਾਂ ਸਾਰੇ ਸਾਧਾਂ ਨੂੰ ਸੱਦਿਆ ਜਾਂਦਾ ਹੈ ਜੋ ਜਿਹਨਾਂ ਦੇ ਡੇਰਿਆਂ ਵਿੱਚ ਪੰਥ ਪਰਵਾਨਤ ਰਹਿਤ ਮਰਯਾਦਾ ਦੀ ਇੱਕ ਵੀ ਮਦ ਲਾਗੂ ਨਹੀਂ ਹੈ। ਇੱਕ ਡੇਰੇ ਦਾ ਮਾਲਕ ਧਰਮ ਪਰਚਾਰ ਕਮੇਟੀ ਦਾ ਵੀ ਮੈਂਬਰ ਰਿਹਾ ਹੈ ਜੋ ਹਰ ਕਥਾ ਵਿੱਚ ਇਹ ਗੱਲ ਕਹਿੰਦਾ ਹੈ ਕਿ ਜੀ ਕਿ ਰਹਿਤ ਮਰਯਾਦਾ ਤਾਂ ਪ੍ਰਵਾਨ ਹੀ ਨਹੀਂ ਹੋਈ।

ਸ਼ਰਮੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪੰਥ ਪਰਵਾਨਤ ਸਿੱਖ ਵਿਦਵਾਨਾਂ ਦਾ ਗਠਨ ਕਰਕੇ, ਉਹਨਾਂ ਪਾਸੋਂ ਇਹਨਾਂ ਸਾਰਿਆਂ ਦੀ ਡੇਰਿਆਂ ਦੀ ਸਵੈ-ਪੜਚੋਲ ਕਰਾਉਣੀ ਚਾਹੀਦੀ ਹੈ ਕਿ ਕੀ ਇਹਨਾਂ ਡੇਰਿਆਂ ਦੀ ਮਰਯਾਦਾ ਗੁਰੂ ਸਿਧਾਂਤ ਅਨੁਸਾਰ ਹੈ ਕਿ ਜਾਂ ਨਹੀਂ ਹੈ। ਸਿੱਖ ਰਹਿਤ ਮਰਯਾਦਾ ਵਿੱਚ ਸਾਫ਼ ਲਿਖਿਆ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਤੁੱਲ ਕਿਸੇ ਵੀ ਹੋਰ ਗ੍ਰੰਥ ਦਾ ਪ੍ਰਕਾਸ਼ ਨਹੀਂ ਹੋ ਸਕਦਾ ਪਰ ਡੇਰਿਆਂ ਵਾਲਿਆਂ ਦਾ ਇਸ ਗੱਲ `ਤੇ ਜ਼ੋਰ ਦਿੱਤਾ ਹੋਇਆ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਅਸਾਂ ਸ਼ਰੀਕਾ ਬਣਾਉਂਣਾ ਹੀ ਬਣਾਉਂਣਾ ਹੈ। ਕਿਸੇ ਡੇਰੇ ਵਿੱਚ ਲੰਗਰ ਨਹੀਂ ਬਣਦਾ, ਕਿਸੇ ਡੇਰੇ ਵਿੱਚ ਨਿਸ਼ਾਂਨ ਸਾਹਿਬ ਨਹੀਂ ਹੈ, ਕਿਸੇ ਡੇਰੇ ਵਿੱਚ ਚੌਥੇ ਪੌੜੇ ਦੀਆਂ ਪੰਗਤਾਂ ਵੱਖਰੀਆਂ ਲੱਗ ਰਹੀਆਂ ਹਨ। ਪਿਛੱਲੇ ਚਾਲੀ ਕੁ ਸਾਲਾਂ ਤੋਂ ਜੋ ਇਹਨਾਂ ਡੇਰੇ ਵਾਲਿਆਂ ਨੇ ਸਿੱਖੀ ਦਾ ਜੋ ਪਰਚਾਰ ਕੀਤਾ ਹੈ, ਸ਼ਰੋਮਣੀ ਕਮੇਟੀ ਨੂੰ ਉਸ ਦੀ ਪੜਚੋਲ ਕਰਨੀ ਚਾਹੀਦੀ ਹੈ। ਇਹਨਾਂ ਦੇ ਪਰਚਾਰ ਦੀਆਂ ਵੰਨਗੀਆਂ ਵੱਖਰਾ ਵਿਸਥਾਰ ਮੰਗਦੀਆਂ ਹਨ। ਸੌਦਾ ਡੇਰਾ ਨੇ ਜਦੋਂ ਆਪਣੇ ਡੇਰੇ ਦਾ ਨਾਂ ਸੱਚਾ ਸੌਦਾ ਰੱਖਿਆ ਸੀ ਤਾਂ ਓਦੋਂ ਹੀ ਕੌਮ ਨੂੰ ਵਿਚਾਰ ਕਰਨੀ ਚਾਹੀਦੀ ਸੀ ਕਿ ਸੱਚਾ ਸੌਦਾ ਸਾਡੀ ਕੌਮ ਦਾ ਰਾਖਵਾਂ ਨਾਂ ਹੈ, ਜੋ ਕਿ ਗੁਰੂ ਨਾਨਕ ਸਾਹਿਬ ਜੀ ਦੇ ਸੱਚਾ ਸੌਦਾ ਨਾਲ ਜੁੜਿਆ ਹੋਇਆ ਹੈ। ਅੱਜ ਸਮੇਂ ਦੀ ਲੋੜ ਹੈ ਸਿੱਖੀ ਦੇ ਨਿਆਰੇਪਨ ਨੂੰ ਕਇਮ ਰੱਖਣ ਦੀ।




.