“ਅੰਧੇ ਅਕਲੀ ਬਾਹਰੇ ਕਿਆ ਤਿਨ ਸਿਉ ਕਹੀਐ”॥
ਲਿਖਾਰੀ ਸ੍ਰ. ਕੁਲਵੰਤ ਸਿੰਘ ਹੁੰਦਲ, ਸ੍ਰ. ਬਰਜਿੰਦਰ ਸਿੰਘ ਬਰਾੜ ਅਤੇ
ਸ੍ਰ. ਮੁਖਤਿਆਰ ਸਿੰਘ ਦਾ ਜਵਾਬ।
ਲਿਖਾਰੀ ਵੀਰ ਜੀਓ ਕੀ ਤੁਸੀਂ ਉਪਰ ਲਿਖੀ ਪੰਗਤੀ ਦੇ ਅਰਥ ਸਮਝੇ ਹਨ? ਨਹੀ।
ਜੇ ਇਹ ਪੰਗਤੀ ਸਮਝ ਵਿੱਚ ਪੈ ਗਈ ਹੁੰਦੀ ਤਾਂ ਤੁਹਾਨੂੰ ਮੇਰੇ ਲੇਖ ਦਾ ਉਤਰ ਦੇਣ ਦੀ ਲੋੜ ਹੀ ਨਹੀ
ਸੀ ਪੈਣੀ। ਕਿਉਂਕਿ ਮੈਂ ਤਾ ਅੰਧਾ ਹਾਂ ਤੇ ਤੁਹਾਡੀ ਸਾਰੀ ਲੇਖਣੀ ਮੁਤਾਬਕ ਮੈਂ ਮੂਰਖ ਗਵਾਰ ਵੀ। ਇਸ
ਕਰਕੇ ਗੁਰੂ ਜੀ ਦਾ ਫੁਰਮਾਣ ਹੈ:
ਮੰਦਾ ਕਿਸੈ ਨ ਆਖੀਐ ਪੜਿ ਅਖਰੁ ਏਹੋ
ਬੁਝੀਐ॥ ਮੂਰਖੈ ਨਾਲਿ ਨ ਲੁਝੀਐ॥ 19॥ {ਪੰਨਾ 473}
ਪਰ ਤੁਹਾਡੀ ਲੇਖਣੀ ਦੇ ਬਿਲਕੁਲ ਉਲਟ:
ਨਾ ਕੋ ਮੂਰਖੁ ਨਾ ਕੋ ਸਿਆਣਾ॥ ਵਰਤੈ
ਸਭ ਕਿਛੁ ਤੇਰਾ ਭਾਣਾ॥ ਅਗਮ ਅਗੋਚਰ ਬੇਅੰਤ ਅਥਾਹਾ ਤੇਰੀ ਕੀਮਤਿ ਕਹਣੁ ਨ ਜਾਈ ਜੀਉ॥ 3॥ {ਪੰਨਾ 98}
ਅਸੀਂ ਤੁਹਾਨੂੰ ਅਕਲਮੰਦ ਤੇ ਸਿਆਣੇ ਸਮਝਦੇ ਹਾਂ ਜਿਨ੍ਹਾਂ ਨੇ ਹਿੰਮਤ ਕਰਕੇ ਅਖਬਾਰੀ ਚਰਚਾ ਜਾਰੀ
ਕੀਤੀ ਹੈ। ਅਸੀਂ ਤੁਹਾਡੇ ਬਹੁਤ ਬਹੁਤ ਧੰਨਵਾਦੀ ਹਾਂ।
1. ਤੁਹਾਡੇ ਹੀ ਗੁਰਦਵਾਰੇ ਵਿੱਚ ਕੀਤੀ ਕਥਾ ਦੀ ਆਡੀਓ, ਜਿਹੜੀ ਸ੍ਰ. ਸਤਨਾਮ
ਸਿੰਘ ਰਾਟੈਂਡਾ ਜੀ ਨੇ ਲੋਕਾਂ ਦੀ ਕਚਿਹਰੀ ਵਿੱਚ ਹਾਜਰ ਕੀਤੀ ਹੈ, ਵਿੱਚ ਸ੍ਰ. ਸੇਵਾ ਸਿੰਘ ਤਰਮਾਲਾ
ਜੀ ਗੁਰਬਾਣੀ ਦੀ ਵਿਆਕਰਣ ਨੂੰ ਬਿਲਕੁਲ ਰੱਦ ਕਰਦੇ ਹਨ। ਇਸਨੂੰ ਸੁਣ ਕੇ ਹੀ ਅਸੀਂ ਤੁਹਾਨੂੰ ਪਿਛਲੇ
ਲੇਖ ਵਿੱਚ ਸਵਾਲ ਕੀਤਾ ਸੀ ਕਿ ਕੀ ਗੁਰਬਾਣੀ ਦੀ ਵਿਆਕਰਣ ਬੇਲੋੜੀ ਹੈ? ਜੇ ਵਿਆਕਰਣ ਦੀ ਲੋੜ ਨਹੀ
ਤਾਂ ਤੁਸੀਂ ਆਪਣੀ ਵੈਬ-ਸਾਈਟ ਤੇ ਪ੍ਰੋ. ਸਾਹਿਬ ਸਿੰਘ ਜੀ ਦੀ ਵਿਆਖਿਆ ਕਿਉਂ ਪਾਈ ਹੋਈ ਹੈ? ਜੋ ਵੀ
ਮਨੁੱਖ ਝੂਠ ਬੋਲਦਾ ਉਹ ਆਪ ਹੀ ਕਿਤੇ ਨਾ ਕਿਤੇ ਫਸ ਜਾਂਦਾ ਹੈ ਤੇ ਓੜਕ ਨੂੰ ਸੱਚ ਹੀ ਖੜਦਾ ਹੈ।
ਮਃ 1॥ ਨਾਨਕੁ ਆਖੈ ਰੇ ਮਨਾ ਸੁਣੀਐ ਸਿਖ ਸਹੀ॥ ਲੇਖਾ ਰਬੁ ਮੰਗੇਸੀਆ ਬੈਠਾ
ਕਢਿ ਵਹੀ॥ ਤਲਬਾ ਪਉਸਨਿ ਆਕੀਆ ਬਾਕੀ ਜਿਨਾ ਰਹੀ॥ ਅਜਰਾਈਲੁ ਫਰੇਸਤਾ ਹੋਸੀ ਆਇ ਤਈ॥ ਆਵਣੁ ਜਾਣੁ ਨ
ਸੁਝਈ ਭੀੜੀ ਗਲੀ ਫਹੀ॥ ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ॥ 2॥ {ਪੰਨਾ 953}
ਹੁਣ ਤੁਸੀਂ ਇਹ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ ਕਿ ਤੁਹਾਡੇ ‘ਗੁਰਮਖਿ’
ਸ੍ਰ. ਸੇਵਾ ਸਿੰਘ ਤਰਮਾਲਾ ਜੀ ਠੀਕ ਹਨ ਜਾਂ ਤੁਸੀਂ? ਸਰਦਾਰ ਜੀ ਆਪਣੀ ਜਬਾਨ ਨਾਲ ਗੁਰਬਾਣੀ ਵਿਆਕਣ
ਨੂੰ ਰੱਦ ਕਰਦੇ ਹਨ ਤੇ ਤੁਸੀਂ ਸਾਰੇ ਲੇਖ ਵਿੱਚ ਸਾਨੂੰ ਗਲਤ ਕਰਨ ਲਈ ਵਿਆਕਰਣ ਤੇ ਪ੍ਰੋ. ਸ਼ਾਹਿਬ
ਸਿੰਘ ਜੀ ਨੂੰ ਸਲਾਹੁਊਂਦੇ ਨਹੀ ਥੱਕਦੇ। ਦੂਸਰੇ ਪਾਸੇ ਅਸੀਂ ਕਦੀ ਵੀ ਪ੍ਰੋ. ਸਾਹਿਬ ਸਿੰਘ ਜੀ ਨੂੰ
ਗਲਤ ਨਹੀ ਲਿਖਿਆ।
2. ਸ੍ਰ. ਸੇਵਾ ਸਿੰਘ ਤਰਮਾਲਾ ਜੀ ਆਪਣੇ ਕਿਤਾਬਚੇ ਨੰਬਰ 2 ਵਿੱਚ ਪੰਨਾ
ਨੰਬਰ 20 ਤੇ ਇਹ ਲਿਖਦੇ ਹਨ ਕਿ ਜਦੋਂ ਵੀ ਸੰਤਾਂ ਨੂੰ ਮਿਲੀਏ ਉਨ੍ਹਾਂ ਤੋਂ ਪੁਛਣਾ ਹੁੰਦਾ ਹੈ ਕਿ
ਮਾਲਕ (ਠਾਕੁਰ) ਅਕਾਲ ਪੁਰਖ ਕਿਸ ਤਰ੍ਹਾਂ ਦਾ ਹੁੰਦਾ ਹੈ। ਗੁਰਬਾਣੀ ਦਾ ਫੁਰਮਾਣ ਹੈ:-
ਪੂਛਉ ਸੰਤ ਮੇਰੋ ਠਾਕੁਰੁ
ਕੈਸਾ॥ ਹੀਉ ਅਰਾਪਉਂ ਦੇਹੁ ਸਦੇਸਾ॥ ਪੰਨਾ 1237॥
ਗੁਰੂ ਕਾਲ 1469 ਤੋਂ 1708 ਤਕ ਕੋਈ ਸੰਤ ਨਹੀ ਸੀ। ਫਿਰ ਬਾਬਾ ਬੰਦਾ ਸਿੰਘ
ਬਹਾਦਰ ਦੇ ਸਮੇਂ ਤੋਂ ਲੈ ਕੇ ਰਾਜੇ ਰਣਜੀਤ ਸਿੰਘ ਤਕ ਵੀ ਕਿਸੇ ਸਿੱਖ ਦੇ ਨਾਮ ਨਾਲ ਸੰਤ ਨਹੀ
ਲੱਗਿਆ। ਫਿਰ ਵੀਹਵੀਂ ਸਦੀ ਦੇ ਸ਼ੁਰੂ ਵਿੱਚ ਅੰਗਰੇਜਾਂ ਨੇ ਪੰਜ ਸੰਤ, ਅਤਰ ਸਿੰਘ, ਮਸਤੂਆਣੇ ਵਾਲਾ,
ਰੇਰੂ ਵਾਲਾ, ਅਤਲੇ ਵਾਲਾ ਅਤੇ ਘੁਣਸਾਂ ਵਾਲਾ (ਇਕ ਦਾ ਨਾਮ ਯਾਦ ਨਹੀ) ਨਾਮ ਜਪਣ ਵਾਲੇ ਪੈਦਾ ਕੀਤੇ।
ਇਨ੍ਹਾਂ ਪੰਜਾਂ ਸੰਤਾਂ ਨੇ ਵੀ ਲੋਕਾਂ ਨੂੰ ਨਾਮ ਜਪਣ ਲਾਇਆ। ਇਨ੍ਹਾਂ ਸੰਤਾਂ ਨੇ ਲੋਕਾਂ ਵਿਚੋਂ
ਸਿੱਖੀ ਦਾ ਤੱਤ ਖਤਮ ਕਰ ਦਿਤਾ। ਚਿਟ ਕਪੜੀਏ ਸੰਤਾਂ ਨੂੰ ਪੰਜਾਬ ਵਿੱਚ ਵਸਦੇ ਸਿੱਖਾਂ ਦਾ ਚਿਤ ਚੇਤਾ
ਵੀ ਨਹੀ ਆਇਆ ਤੇ ਪੰਜਾਬ ਦੇ ਰਾਜਿਆਂ ਤੋਂ ਓਸ ਵੇਲੇ 40 ਲੱਖ ਰੁਪਿਆ ਇਕੱਠਾ ਕਰਕੇ ਸੰਤ ਅਤਰ ਸਿੰਘ
ਮਸਤੂਆਣੇ ਵਾਲੇ ਨੇ ਹਿੰਦੂ ਬਨਾਰਸ ਯੂਨੀਵਰਸਿਟੀ ਦੇ ਇੱਕ ਵਿੰਗ ਦਾ ਜਾ ਨੀਂਹ ਪੱਥਰ ਰੱਖਿਆ ਕਿਉਂਕਿ
ਮਦਨ ਮੋਹਨ ਮਾਲਵੀਆ, ਜੋ ਕੱਟੜ ਹਿੰਦੂ ਸੀ, ਨੇ ਸੰਤ ਅਤਰ ਸਿੰਘ ਦੇ ਆ ਕੇ ਪੈਰ ਫੜ ਲਏ ਸਨ। ਇਸ ਦੇ
ਬਦਲੇ ਵਿੱਚ ਸੰਤ ਅਤਰ ਸਿੰਘ ਨੂੰ ਰੇਲਵੇ ਸਟੇਸ਼ਨ ਤੋਂ ਯੂਨੀਵਰਸਿਟੀ ਤਕ ਚੜ੍ਹ ਕੇ ਜਾਣ ਲਈ ਸੋਨੇ ਦਾ
ਰੱਥ ਮਿਲਿਆ। ਇਸ ਤੋਂ ਪਹਿਲਾਂ ਡੋਗਰਿਆਂ ਨੇ ਬੀਰ ਸਿੰਘ ਨੌਰੰਗਾਬਾਦੀ ਪੈਦਾ ਕੀਤਾ। ਇਸ ਬੀਰ ਸਿੰਘ
ਨੇ 14000 ਫੌਜੀ ਨਾਮ ਜਪਣ ਲਾ ਦਿੱਤੇ, ਵਾਹਿ ਗੁਰੂ ਦਾ ਜਾਪ ਕਰੋ ਸਭ ਠੀਕ ਹੋ ਜਾਵੇਗਾ, ਜਦੋਂ ਕਿ
ਇਹ ਸਾਰੇ ਲੜ ਕੇ ਮਰ ਮਿਟਣ ਲਈ ਤਿਆਰ ਸਨ। ਇਨ੍ਹਾਂ ਵਿੱਚ ਮਹਾਂਰਾਜੇ ਰਣਜੀਤ ਸਿੰਘ ਦੇ ਆਪਣੇ ਦੋ
ਪੁਤਰ ਕਸ਼ਮੀਰਾ ਸਿੰਘ ਤੇ ਪਛੌਰਾ ਸਿੰਘ, ਹਰੀ ਸਿੰਘ ਨਲਵੇ ਦਾ ਪੁਤਰ ਜਵਾਹਰ ਸਿੰਘ ਵੀ ਸ਼ਮਲ ਸਨ।
ਇਨ੍ਹਾਂ ਨੂੰ ਨਾਮ ਜਪਣ ਦੇ ਬਹਾਨੇ ਨੌਰੰਗਾਬਾਦੀ ਨੇ ਹੱਥਿਆਰ ਚੁਕਣ ਨਹੀ ਦਿੱਤੇ ਤੇ ਇਹ 14000 ਫੋਜੀ
ਮਿੰਟਾਂ ਵਿੱਚ ਮਿੱਟੀ ਵਿੱਚ ਮਿਲਾ ਦਿੱਤੇ ਗਏ। ਇਹ ਹੈ ਨਾਮ ਜਪਾਉਣ ਵਾਲੇ ਸੰਤਾਂ ਦੇ ਕਾਰੇ। ਜਿਹੜੇ
ਵੀ ਸਰਕਾਰੀ ਨੌਕਰੀ ਤੋਂ ਬਰਖਾਸਤ ਹੋ ਕੇ ਸੰਤ ਬਣਦੇ ਹਨ ਉਹ ਸਰਕਾਰੀ ਚੱਕਰੀ ਵਿੱਚ ਫਿਟ ਹੋ ਕੇ
ਨਿਕਲਦੇ ਹਨ। ਜਿਤਨਾ ਚਿਰ ਭਾਈ ਰਣਧੀਰ ਸਿੰਘ ਗਦਰੀ ਬਾਬਿਆਂ ਨਾਲ ਮਿਲ ਕੇ ਦੇਸ਼ ਦੀ ਅਜ਼ਾਦੀ ਦੀ ਗੱਲ
ਕਰਦੇ ਹਨ ਉਤਨਾ ਚਿਰ ਉਹ ਜ੍ਹੇਲ ਵਿੱਚ ਚੱਕੀ ਪੀਸਦੇ ਹਨ ਤੇ ਭਾਰੀ ਮਸ਼ੱਕਤ ਵੀ ਕਰਨੀ ਪੈਂਦੀ ਹੈ। ਪਰ
ਜਦੋਂ ਹੀ ਉਹ ਨਾਮ ਜਪਣ ਲੱਗ ਪੈਂਦੇ ਹਨ ਤਾਂ ਉਨ੍ਹਾਂ ਨੂੰ ਜ੍ਹੇਲ ਵਿਚੋਂ ਬਾਹਰ ਜਾਣ ਆਉਣ ਤੇ ਰੋਕ
ਖਤਮ ਹੋ ਜਾਂਦੀ ਹੈ। 1905 ਤੋਂ ਲੈ ਕੇ 1967 ਤਕ ਵੀ ਪੰਜਾਬ ਵਿੱਚ ਕੋਈ ਵਿਰਲਾ ਵਿਰਲਾ ਹੀ ਸੰਤ
ਹੁੰਦਾ ਸੀ ਤੇ ਉਹ ਵੀ ਇਤਨਾ ਲੋਟੂ ਨਹੀ ਸੀ ਜਿਤਨੇ ਹੁਣ। ਹੁਣ ਤਾਂ ਲਬੜਗੱਟੇ ਸਾਧਾਂ ਦੇ ਵੱਗ ਫਿਰਦੇ
ਹਨ। ਗਿਆਨੀ ਦਿੱਤ ਸਿੰਘ ਆਪਣੀ ਕਿਤਾਬ ਵਿੱਚ ਲਿਖਦੇ ਹਨ “ਹੁਣ ਤਾਂ ਪੰਜਾਬ ਵਿੱਚ ਸਾਧਾਂ ਦੇ ਵੱਗ
ਫਿਰਦੇ ਹਨ ਮੈਂ ਕੀਹਦੇ ਕੀਹਦੇ ਪੈਰੀਂ ਹੱਥ ਲਾਵਾਂ” ਅੰਦਾਜ਼ਨ ਗੁਰੂ ਕਾਲ ਤੋਂ 300 ਸਾਲ ਤਕ ਕੋਈ
ਸਾਧ/ਸੰਤ ਨਹੀ ਪੈਦਾ ਹੋਇਆ ਫਿਰ ਇਹ ‘ਸੰਤ’ ਲਫਜ਼ ਕਿਸ ਲਈ ਵਰਤਿਆ ਗਿਆ? ਗੁਰਬਾਣੀ ਭਵਿਖ ਬਾਣੀ ਦੇ
ਬਿਲਕੁਲ ਉਲਟ ਹੈ।
ਬੀਓ ਪੂਛਿ
ਨ ਮਸਲਤਿ ਧਰੈ॥ ਜੋ ਕਿਛੁ ਕਰੈ ਸੁ ਆਪਹਿ ਕਰੈ॥ 2॥ ਜਾ ਕਾ ਅੰਤੁ ਨ ਜਾਨਸਿ ਕੋਇ॥ ਆਪੇ ਆਪਿ ਨਿਰੰਜਨੁ
ਸੋਇ॥ ਆਪਿ ਅਕਾਰੁ ਆਪਿ ਨਿਰੰਕਾਰੁ॥ ਘਟ ਘਟ ਘਟਿ ਸਭ ਘਟ ਆਧਾਰੁ॥ 3॥ {ਪੰਨਾ 863}
ਇਸ ਪੰਗਤੀ ਵਿੱਚ ‘ਸੰਤ’ ਸੱਚੇ ਗਿਆਨ ਲਈ ਵਰਤਿਆ ਗਿਆ ਹੈ ਤੇ ਉਹ ਗਿਆਨ ਗੁਰੂ ਗ੍ਰੰਥ ਵਿੱਚ ਦਰਜ਼ ਹੈ।
ਕਿਸੇ ਵੀ ਦੇਹਧਾਰੀ ਲਈ ਨਹੀ ਵਰਤਿਆ ਗਿਆ।
ਅਨਹਦ ਬਾਣੀ ਪੂੰਜੀ॥ ਸੰਤਨ ਹਥਿ ਰਾਖੀ
ਕੂੰਜੀ॥ 2॥ {ਪੰਨਾ 893-894} ਕਿਤਾਬਚਾ ਨੰਬਰ 2
ਦੇ ਪੰਨਾ 19 ਤੇ ਇਹ ਦਰਜ਼ ਹੈ। ਇੱਕ ਵਚਨ ‘ਸੰਤ’ ਨੂੰ ਬਹੁ-ਵਚਨ ਬਣਾਉਣ ਲਈ ਲਫਜ਼ ‘ਸੰਤ’ ਦੇ ਨਾਲ
ਨੰਨਾ ਲਾਇਆ ਗਿਆ ਹੈ ਜਿਵੇਂ ‘ਸਿਖ’ ਦੇ ਨਾਲ ‘ਨ’ ਲਾਕੇ ਬਹੁ-ਵਚਨ ਸਿਖਨ ਹੋ ਜਾਦਾ ਹੈ। ਜੇ ਇਸ
ਪੰਗਤੀ ਦਾ ਮਤਲਬ ਦੇਹਧਾਰੀ ਸੰਤਾਂ ਤੋਂ ਹੈ ਤਾਂ ਅੱਜ ਪੰਜਾਬ ਵਿੱਚ 13000 ਲਬੜਗੱਟੇ ਸਾਧ/ਸੰਤ
ਫਿਰਦੇ ਹਨ ਅਤੇ ਇਸ ਪੰਗਤੀ ਵਿੱਚ ਲਫਜ਼ ਕੁੰਜੀ ਇੱਕ ਵਚਨ ਹੈ। ਸ੍ਰ. ਕੁਲਵੰਤ ਸਿੰਘ ਹੁੰਦਲ ਜੀ ਅਤੇ
ਸ੍ਰ. ਬਰਜਿੰਦਰ ਸਿੰਘ ਬਰਾੜ ਜੀ ਇਹ ਦੱਸਣ ਦੀ ਕ੍ਰਿਪਾਲਤਾ ਕਰਨੀ ਕਿ ਕਿਹੜੇ ਸੰਤ ਕੋਲ ਅਸਲੀ ਕੁੰਜੀ
ਹੈ ਤੇ ਕਿਹੜੇ ਕਿਹੜੇ ਪਾਸ ਬਣਾਉਟੀ (ਡੁਪਲੀਕੇਟ)?
ਆਓ ਹੁਣ ਤੁਹਾਨੂੰ ਅਸੀਂ ਦੱਸੀਏ ਕਿ ਗੁਰਬਾਣੀ ਦੇ ਅਸੂਲਾਂ ਮੁਤਾਬਕ ਸੰਤਨ ਦਾ
ਮਤਲਬ ਕੀ ਹੈ। ਕਿਉਂਕਿ ਪ੍ਰਮਾਤਮਾਂ ਦੇ ਗੁਣ ਅਥਾਹ ਹਨ ਇਸ ਕਰਕੇ ਲਈ ਲਫਜ਼ ਸੰਤਨ ਬਹੁਵਚਨ ਵਰਤਿਆ ਹੈ।
ਕੁੰਜੀ ਗੁਣਾਂ/ਗਿਆਨ ਦੇ ਹੱਥ ਵਿੱਚ ਹੈ ਤੇ ਗਿਆਨ ਨੂੰ ਹੀ ਗੁਰੂਬਾਣੀ ਵਿੱਚ ਗੁਰੂ ਕਿਹਾ ਗਿਆ ਹੈ:
ਸਤਿਗੁਰੁ ਹੈ ਗਿਆਨੁ ਸਤਿਗੁਰੁ
ਹੈ ਪੂਜਾ॥ ਸਤਿਗੁਰੁ ਸੇਵੀ ਅਵਰੁ ਨ ਦੂਜਾ॥ ਸਤਿਗੁਰ ਤੇ ਨਾਮੁ ਰਤਨ ਧਨੁ ਪਾਇਆ ਸਤਿਗੁਰ ਕੀ ਸੇਵਾ
ਭਾਈ ਹੇ॥ 3॥ ਬਿਨੁ ਸਤਿਗੁਰ ਜੋ ਦੂਜੈ ਲਾਗੇ॥ ਆਵਹਿ ਜਾਹਿ ਭ੍ਰਮਿ ਮਰਹਿ ਅਭਾਗੇ॥ ਨਾਨਕ ਤਿਨ ਕੀ
ਫਿਰਿ ਗਤਿ ਹੋਵੈ ਜਿ ਗੁਰਮੁਖਿ ਰਹਹਿ ਸਰਣਾਈ ਹੇ॥ 4॥ {ਪੰਨਾ 1069}
ਇਨ੍ਹਾਂ ਹੀ ਪੰਗਤੀਆਂ ਵਿੱਚ ਕਿਸੇ ਦੇਹਧਾਰੀ ਦੇ ਪਿਛੇ ਲੱਗਣ ਦਾ ਵੀ ਖੰਡਨ ਕੀਤਾ ਗਿਆ ਹੈ। ਇਹ
ਕੁੰਜੀ ਸਿਰਫ ਤੇ ਸਿਰਫ ਗਿਆਨ ਗੁਰੂ ਕੋਲ ਹੈ ਕਿਸੇ ਵਿਹਲੜ ਤੇ ਲੋਕਾਂ ਦੀਆਂ ਰੋਟੀਆਂ ਤੇ ਪਲਣ ਵਾਲੇ
ਸਾਧ ਦੇ ਹੱਥ ਵਿੱਚ ਕੋਈ ਕੁੰਜੀ ਨਹੀ। ਇਹ ਵੀ ਦੱਸਣ ਦੀ ਕ੍ਰਿਪਾਲਤਾ ਕਰਨੀ ਜੀ ਕਿ ਸ੍ਰ. ਸੇਵਾ ਸਿੰਘ
ਆਪਣੀਆਂ ਰੋਟੀਆਂ ਆਪ ਕਮਾਉਂਦੇ ਹਨ ਜਾਂ ਲੋਕਾਂ, ਸ਼ਰਧਾਲੂਆਂ, ਸੇਵਕਾਂ ਦੀਆ ਰੋਟੀਆਂ/ਤਿਲ-ਫੁਲ ਤੇ
ਨਿਰਭਰ ਹਨ?
ਆਓ ਹੁਣ ਦੇਖੀਏ ਕਿ ਗੁਰੂ ਗ੍ਰੰਥ ਸਾਹਿਬ ਮੁਤਾਬਕ ਕੁੰਜੀ ਕਿਸਦੇ ਹੱਥ ਵਿੱਚ
ਹੈ?
ਬਿਨੁ ਸਬਦੈ ਅੰਤਰਿ ਆਨੇਰਾ॥ ਨ ਵਸਤੁ ਲਹੈ ਨ ਚੂਕੈ ਫੇਰਾ॥ ਸਤਿਗੁਰ ਹਥਿ
ਕੁੰਜੀ, ਹੋਰਤੁ ਦਰੁ ਖੁਲੈ ਨਾਹੀ, ਗੁਰੁ ਪੂਰੈ ਭਾਗਿ ਮਿਲਾਵਣਿਆ॥ 7॥ ਗੁਪਤੁ ਪਰਗਟੁ ਤੂੰ ਸਭਨੀ
ਥਾਈ॥ ਗੁਰ ਪਰਸਾਦੀ ਮਿਲਿ ਸੋਝੀ ਪਾਈ॥ ਨਾਨਕ ਨਾਮੁ ਸਲਾਹਿ ਸਦਾ ਤੂੰ, ਗੁਰਮੁਖਿ ਮੰਨਿ ਵਸਾਵਣਿਆ॥॥
{ਪੰਨਾ 124}
ਜਿਸ ਕਾ ਗ੍ਰਿਹੁ ਤਿਨਿ ਦੀਆ ਤਾਲਾ ਕੁੰਜੀ ਗੁਰ ਸਉਪਾਈ॥ ਅਨਿਕ ਉਪਾਵ ਕਰੇ
ਨਹੀ ਪਾਵੈ ਬਿਨੁ ਸਤਿਗੁਰ ਸਰਣਾਈ॥ 3॥॥ {ਪੰਨਾ 205}
ਗਉੜੀ॥ ਖਟ ਨੇਮ ਕਰਿ ਕੋਠੜੀ ਬਾਂਧੀ, ਬਸਤੁ ਅਨੂਪੁ ਬੀਚ ਪਾਈ॥ ਕੁੰਜੀ ਕੁਲਫੁ
ਪ੍ਰਾਨ ਕਰਿ ਰਾਖੇ, ਕਰਤੇ ਬਾਰ ਨ ਲਾਈ॥ {ਪੰਨਾ 339}
ਸਲੋਕ ਮਹਲਾ 2॥ ਗੁਰੁ ਕੁੰਜੀ, ਪਾਹੂ ਨਿਵਲੁ, ਮਨੁ ਕੋਠਾ, ਤਨੁ ਛਤਿ॥ ਨਾਨਕ,
ਗੁਰ ਬਿਨੁ ਮਨ ਕਾ ਤਾਕੁ ਨ ਉਘੜੈ, ਅਵਰ ਨ ਕੁੰਜੀ ਹਥਿ॥ (ਪੰਨਾ 1237)॥
ਉਪਰ ਲਿਖੇ ਗੁਰੂ ਸਹਿਬਾਨ ਦੇ ਹੁਕਮ ਇਹ ਦੱਸਦੇ ਹਨ ਕਿ ਕਿਸੇ ਦੇਹਧਾਰੀ
ਵਿਆਕਤੀ, ਜੋ ਲੋਕਾਂ ਦੀਆਂ ਜੇਬਾਂ ਖਾਲੀ ਕਰਕੇ ਆਪਣੀ ਗੋਗੜ ਵਧਾਉਂਦਾ ਹੈ, ਕੋਲ ਗੁਰੂ ਦਾ ਸਿਧਾਂਤ
ਸਮਝਣ ਲਈ ਜਾਣ ਦੀ ਲੋੜ ਨਹੀ।
ਜਿਸ ਸਲੋਕ ਦਾ ਆਸਰਾ ਲੈ ਕੇ ਤੁਸੀਂ ਇਹ ਲਿਖਦੇ ਹੋ ਕਿ ਕਿਸੇ ਸੰਤ ਕੋਲੋ
ਪੁਛੋ ਕਿ ਪ੍ਰਮਾਤਮਾ ਕੈਸਾ ਹੈ ਦੇ ਅਖੀਰਲੇ ਹਿਸੇ ਵਿੱਚ ਤਾਂ ਜਵਾਬ ਵੀ ਦਿੱਤਾ ਗਿਆਂ ਹੈ। ਇਸੇ ਹੀ
ਸਲੋਕ ਦੀਆ ਅਗਲੀਆਂ ਦੋ ਪੰਗਤੀਆਂ ਵੀ ਨਾਲ ਹੀ ਲਿਖ ਦਿਤੀਆਂ ਜਾਂਦੀਆਂ ਤਾਂ ਤੁਹਾਡੇ ‘ਗੁਰਮੁਖਿ’ ਦੀ
ਲੋੜ ਮੁੱਕ ਜਾਣੀ ਸੀ। ਇਸ ਤਰੀਕੇ ਨਾਲ ਸੰਗਤਾਂ ਸੌਖੀਆਂ ਗੁਮਰਾਹ ਕੀਤੀਆਂ ਜਾ ਸਕਦੀਆ ਹਨ।
ਪੂਛਉ ਸੰਤ ਮੇਰੋ ਠਾਕੁਰੁ ਕੈਸਾ॥ ਹੀਉ ਅਰਾਪਉਂ ਦੇਹੁ ਸਦੇਸਾ॥ ਦੇਹੁ ਸਦੇਸਾ
ਪ੍ਰਭ ਜੀਉ ਕੈਸਾ ਕਹ ਮੋਹਨ ਪਰਵੇਸਾ॥ ਅੰਗ ਅੰਗ ਸੁਖਦਾਈ ਪੂਰਨ ਬ੍ਰਹਮਾਈ ਥਾਨ ਥਾਨੰਤਰ ਦੇਸਾ॥ ਬੰਧਨ
ਤੇ ਮੁਕਤਾ ਘਟਿ ਘਟਿ ਜੁਗਤਾ ਕਹਿ ਨ ਸਕਉ ਹਰਿ ਜੈਸਾ॥ ਦੇਖਿ ਚਰਿਤ ਨਾਨਕ ਮਨੁ ਮੋਹਿਓ ਪੂਛੈ ਦੀਨੁ
ਮੇਰੋ ਠਾਕੁਰੁ ਕੈਸਾ॥ 3॥ (ਪੰਨਾ 1237)
ਅਰਥ
ਪ੍ਰੋ. ਸਾਹਿਬ ਸਿੰਘ।
(ਅੱਗੋਂ ਉੱਤਰ ਮਿਲਦਾ ਹੈ—) ਉਹ ਪੂਰਨ ਪ੍ਰਭੂ ਸਭ ਥਾਵਾਂ ਵਿੱਚ ਸਭ ਦੇਸਾਂ
ਵਿੱਚ ਸੁਖ ਦੇਣ ਵਾਲਾ ਹੈ ਅਤੇ (ਹਰੇਕ ਜੀਵ ਦੇ) ਅੰਗ ਅੰਗ ਨਾਲ ਵੱਸਦਾ ਹੈ। ਪ੍ਰਭੂ ਹਰੇਕ ਸਰੀਰ
ਵਿੱਚ ਮਿਲਿਆ ਹੋਇਆ ਹੈ (ਫਿਰ ਭੀ ਮੋਹ ਦੇ) ਬੰਧਨਾਂ ਤੋਂ ਆਜ਼ਾਦ ਹੈ। ਪਰ ਜਿਹੋ ਜਿਹਾ ਉਹ ਪ੍ਰਭੂ ਹੈ
ਮੈਂ ਦੱਸ ਨਹੀਂ ਸਕਦਾ। ਹੇ ਨਾਨਕ! (ਆਖ—) ਉਸ ਦੇ ਚੋਜ-ਤਮਾਸ਼ੇ ਵੇਖ ਕੇ ਮੇਰਾ ਮਨ (ਉਸ ਦੇ ਪਿਆਰ
ਵਿਚ) ਮੋਹਿਆ ਗਿਆ ਹੈ।
ਹੇ ਭਾਈ! ਗਰੀਬ ਦਾਸ ਪੁੱਛਦਾ ਹੈ—ਹੇ ਗੁਰੂ! ਦੱਸ, ਮੇਰਾ ਮਾਲਕ-ਪ੍ਰਭੂ ਕਿਹੋ
ਜਿਹਾ ਹੈ। 3.
ਜੇ ਗੁਰੂ ਨਾਨਕ ਸਾਹਿਬ ਇਹ ਲਿਖਦੇ ਹਨ ਕਿ ਅਸੀਂ ਦੱਸ ਨਹੀ ਸਕਦੇ ਕਿ ਉਹ
ਮਾਲਕ ਪ੍ਰਭੂ ਕੈਸਾ ਹੈ ਤਾਂ ਤੁਸੀਂ ਇਹ ਦੱਸੋ ਕਿ ਸ੍ਰ. ਸੇਵਾ ਸਿੰਘ ਤਰਮਾਲਾ ਜੀ ਦਾ ਦਸਮ ਦਵਾਰ
ਗੁਰੂ ਨਾਨਕ ਸਾਹਿਬ ਨਾਲੋਂ ਵੀ ਵੱਡਾ ਹੈ ਕਿ ਜਿਸ ਨੂੰ ਗੁਰੂ ਨਾਨਕ ਸਾਹਿਬ ਬਿਆਨ ਨਹੀ ਕਰਦੇ, ਉਸ
ਨੂੰ ਸ੍ਰ. ਸੇਵਾ ਸਿੰਘ ਤਰਮਾਲਾ ਜੀ ਬਿਆਨ ਕਰ ਸਕਣਗੇ?
ਇਨ੍ਹਾਂ ਗੋਗੜਧਾਰੀ ਵਿਆਕਤੀਆਂ ਨੂੰ ਗੁਰਬਾਣੀ ਵਿੱਚ ਬਨਾਰਸ ਦੇ ਠੱਗ ਕਿਹਾ
ਹੈ।
ਆਸਾ॥ ਗਜ ਸਾਢੇ ਤੈ ਤੈ ਧੋਤੀਆ, ਤਿਹਰੇ ਪਾਇਨਿ ਤਗ॥ ਗਲੀ ਜਿਨ੍ਹ੍ਹਾ
ਜਪਮਾਲੀਆ, ਲੋਟੇ ਹਥਿ ਨਿਬਗ॥ ਓਇ ਹਰਿ ਕੇ ਸੰਤ ਨ ਆਖੀਅਹਿ, ਬਾਨਾਰਸਿ ਕੇ ਠਗ॥ 1॥ ਐਸੇ ਸੰਤ, ਨ ਮੋ
ਕਉ ਭਾਵਹਿ॥ ਡਾਲਾ ਸਿਉ ਪੇਡਾ ਗਟਕਾਵਹਿ॥ 1॥ ਰਹਾਉ॥ {ਪੰਨਾ 476}
ਕਿਤਾਬਚਾ ਨੰਬਰ 1 ਦੇ ਪੰਨਾ 11 ਤੇ ਸ੍ਰ. ਤਰਮਾਲਾ ਜੀ ਇੰਝ ਲਿਖਦੇ ਹਨ:-
“ਇਸੇ ਤਰ੍ਹਾਂ ਚਾਰੇ ਖਾਣੀਆਂ ਰਾਹੀਂ ਧਰਤੀ ਤੇ ਜੀਵ ਵੀ ਤਿਆਰ ਕੀਤੇ ਗਏ ਤੇ ਜੂਨਾਂ ਦੀ ਉਤਪਤੀ
ਕੀਤੀ”। ਸਰਦਾਰ ਤਰਮਾਲਾ ਜੀ ਨੇ ਬਾਣੀ ‘ਜਪੁ’ ਨੂੰ ਵੀ ਨਹੀ ਸਮਝਿਆ। ਕਿਉਂਕਿ ‘ਜਪੁ’ ਬਾਣੀ ਵਿੱਚ
ਚਾਰਾਂ ਖਾਣੀਆਂ ਵਾਲੀ ਗੱਲ ਨੂੰ ਰੱਦ ਕੀਤਾ ਗਿਆ ਹੈ।
ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ
ਨਰਿੰਦ॥ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤੁ ਨ ਅੰਤੁ॥ 35॥
ਸ੍ਰ. ਹੁੰਦਲ ਜੀਓ ਇਹ ਦੱਸਣ ਦੀ ਕ੍ਰਿਪਾਲਤਾ ਕਰਨੀ ਕਿ ਪ੍ਰੋ. ਸਾਹਿਬ ਸਿੰਘ ਮੁਤਾਬਕ ਚਾਰਾਂ ਖਾਣੀਆਂ
ਨੂੰ ਗੁਰੂ ਗ੍ਰੰਥ ਵਿੱਚ ਸਵੀਕਾਰ ਕੀਤਾ ਗਿਆ ਹੈ ਜਾਂ ਨਹੀ?
ਸ੍ਰ. ਖੈਰਾ ਜੀ ਨੇ ਕਿਹਾ, “ਪ੍ਰਮਾਤਮਾ ਨੂੰ ਮਿਲਣ ਦਾ ਰਸਤਾ ਤਾਂ ਇਹੀ
ਦੱਸਦੇ ਹਨ”। ਜਵਾਬ ਦਿੱਤਾ ਗਿਆ ਕਿ ਭਾਈ ਜੀ ਪ੍ਰਮਾਤਮਾ ਨੂੰ ਤਾਂ ਤਾਂ ਹੀ ਮਿਲਣ ਦਾ ਉਪਰਾਲਾ ਕਰਨਾ
ਚਾਹੀਦਾ ਹੈ ਜੇ ਕਰ ਉਹ ਸਾਥੋਂ ਦੂਰ ਹੋਵੇ। ਗੁਰਬਾਣੀ ਦਾ ਫੁਰਮਾਣ ਹੈ:
ਗਉੜੀ ਮਹਲਾ 5॥ ਅਗਮ ਰੂਪ ਕਾ ਮਨ ਮਹਿ ਥਾਨਾ॥ ਗੁਰ ਪ੍ਰਸਾਦਿ ਕਿਨੈ ਵਿਰਲੈ
ਜਾਨਾ॥ 1॥ ਸ {ਪੰਨਾ 186}
ਗਉੜੀ ਮਹਲਾ 5॥ ਡਰਿ ਡਰਿ ਮਰਤੇ ਜਬ ਜਾਨੀਐ ਦੂਰਿ॥ ਡਰੁ ਚੂਕਾ ਦੇਖਿਆ
ਭਰਪੂਰਿ॥ 1॥ ਸਤਿਗੁਰ ਅਪੁਨੇ ਕਉ ਬਲਿਹਾਰੈ॥ ਛੋਡਿ ਨ ਜਾਈ ਸਰਪਰ ਤਾਰੈ॥ 1॥ ਰਹਾਉ॥ {ਪੰਨਾ 186}
ਮੈ ਕਿਹਾ ਵੀਰ ਜੀਓ! ਰੱਬ ਜੀ ਕੋਈ ਐਸੀ ਪਾਉਣ ਵਾਲੀ ਚੀਜ਼ ਨਹੀ। ਉਸ ਨਾਲੋਂ
ਤਾਂ ਅਸੀਂ ਸਿਰਫ ਆਪਣੇ ਕੰਮਾਂ ਕਰਕੇ ਵਿਛੜੇ ਹੋਏ ਹਾਂ। ਗੁਰਬਾਣੀ ਦਾ ਫੁਰਮਾਣ ਹੈ:
ਕਿਰਤਿ ਕਰਮ ਕੇ ਵੀਛੁੜੇ, ਕਰਿ ਕਿਰਪਾ ਮੇਲਹੁ ਰਾਮ॥ ਚਾਰਿ ਕੁੰਟ ਦਹਦਿਸ
ਭ੍ਰਮੇ, ਥਕਿ ਆਏ ਪ੍ਰਭੂ ਕੀ ਸਾਮ॥ {ਪੰਨਾ 133}
ਚੰਗੇ ਗੁਣਾਂ ਦੇ ਧਾਰਨੀ ਹੋਣਾ ਹੀ ਰੱਬ ਨੂੰ ਪਾਉਣਾ ਹੈ ਤੇ ਮਾੜੇ ਕੰਮਾਂ ਨੂੰ ਅਪਣਾ ਕੇ ਅਸੀਂ ਰੱਬ
ਜੀ ਨਾਲੋਂ ਵਿਛੜ ਜਾਂਦੇ ਹਨ। ਰੱਬ ਜੀ ਫਿਰ ਵੀ ਸਾਡੇ ਸ਼ਰੀਰ ਵਿੱਚ ਮੌਜੂਦ ਹੁੰਦੇ ਹਨ ਕਿਉਂਕਿ ਕੋਈ
ਵੀ ਉਸਦੀ ਹੋਂਦ ਤੋਂ ਬਗੈਰ ਨਹੀ ਹੋ ਸਕਦਾ। ਇਸ ਕਰਕੇ ਸ੍ਰ. ਹੁੰਦਲ ਜੀਓ ਤੁਹਾਨੂੰ ਗੁਰਬਾਣੀ ਦੇ
ਪ੍ਰਮਾਤਮਾ ਦਾ ਪਤਾ ਹੀ ਨਹੀ ਲੱਗਾ ਕਿ ਉਹ ਕਿਸ ਤਰ੍ਹਾਂ ਦਾ ਹੈ?
ਤੁਹਡੇ ਕਰਮ ਕਾਂਡਾਂ ਵਾਲੇ ਜੋਗ-ਮਤੀ ਸਿਧਾਤਾਂ ਦਾ ਭਗਤ ਨਾਮਦੇਉ ਜੀ ਗੁਰੁ
ਗ੍ਰੰਥ ਸਾਹਿਬ ਦੇ ਪੰਨਾ 972 ਤੇ ਇਸ ਤਰ੍ਹਾਂ ਖੰਡਨ ਕਰਦੇ ਹਨ:
ਇੜਾ ਪਿੰਗੁਲਾ ਅਉਰੁ ਸੁਖਮਨਾ ਪਉਨੈ ਬੰਧਿ ਰਹਾਉਗੋ॥ ਚੰਦੁ ਸੂਰਜ ਦੁਇ ਸਮ ਕਰ
ਰਾਖਉ ਬ੍ਰਹਮ ਜੋਤਿ ਮਿਲਿ ਜਾਉਗੋ॥ 2॥ ਭਗਤ ਨਾਮਦੇਉ, ਪੰਨਾ 972॥
ਇਸ ਸ਼ਬਦ ਦੇ ਰਹਾਉ ਵਾਲੇ ਬੰਦ ਵੱਲ ਨਜ਼ਰ ਮਾਰੀਏ ਤਾਂ ਬਿਲਕੁਲ ਸਾਫ ਨਜ਼ਰ
ਆਉਂਦਾ ਹੈ ਕਿ ਭਗਤ ਜੀ ਇਸ ਸਲੋਕ ਵਿੱਚ ਪ੍ਰਾਣਾਯਮ ਵਾਲੇ ਬੇਲੋੜੇ ਕਰਮ ਕਾਂਡਾਂ ਦੀ ਨਿਖੇਦੀ ਕਰਦੇ
ਹਨ।
ਬੈਰਾਗੀ ਰਾਮਹਿ ਗਾਵਉਗੋ॥ ਸਬਦਿ ਅਤੀਤ ਅਨਾਹਦਿ ਰਾਤਾ ਆਕੁਲ ਕੈ ਘਰਿ ਜਾਉਗੋ॥
ਭਗਤ ਨਾਮਦੇਉ, ਪੰਨਾ 972॥
ਇੜਾ- ਪਿਗਲਾ- ਸੁਖਮਨਾ ਵਾਲੀਆਂ ਪੰਗਤੀਆਂ ਦਾ ਭਾਵ ਅਰਥ ਇਸ ਤਰ੍ਹਾਂ ਹੈ:
(ਪ੍ਰਭੂ ਦੀ ਸਿਫਤ-ਸਾਲਾਹ ਦੀ ਬਰਕਤਿ ਨਾਲ) ਚੰਚਲ ਮਨ ਨੂੰ ਰੋਕ ਕੇ (ਮੈਂ
ਪ੍ਰਭੂ ਚਰਨਾਂ ਵਿਚ) ਟਿਕਿਆ ਹੋਇਆ ਹਾਂ- ਇਹੀ ਮੇਰਾ ਇੜਾ- ਪਿਗੰਲਾ ਅਤੇ ਸੁਖਮਨਾ (ਦਾ ਸਾਧਨ) ਹੈ;
ਮੇਰੇ ਲਈ ਖੱਬੀ ਤੇ ਸੱਜੀ ਨਾਸ ਇਕੋ ਜਿਹੀਆਂ ਹਨ (ਭਾਵ ਪ੍ਰਾਣ ਚਾੜ੍ਹਨੇ ਉਤਾਰਨੇ ਮੇਰੇ ਵਾਸਤੇ
ਬੇ-ਲੋੜਵੇਂ ਹਨ) ਕਿਉਂਕਿ ਮੈਂ ਪਰਮਾਤਮਾ ਦੀ ਜੋਤ ਵਿੱਚ ਟਿਕਿਆ ਬੈਠਾ ਹਾਂ। ਜਿਸ ਤਰਮਾਲਾ ਜੀ ਨੂੰ
ਇਹ ਨਹੀ ਪਤਾ ਕਿ ਚੰਦ ਤੇ ਸੂਰਜ ਮਤਲਬ ਖੱਬੀ ਤੇ ਸੱਜੀ ਕਹੀ ਜਾਣ ਵਾਲੀਆਂ ਨਾਸਾਂ ਅਸਲ ਵਿੱਚ ਤਕਰੀਬਨ
ਦੋ ਕੁ ਇੰਚ ਤੋਂ ਬਾਅਦ ਗਲ ਵਿੱਚ ਇੱਕ ਹੀ ਹੋ ਜਾਦੀਆਂ ਹਨ ਤਾਂ ਕੋਈ ਖੱਬੀ ਨਹੀ ਤੇ ਕੋਈ ਸੱਜੀ ਨਹੀ।
ਸਾਹ ਜਿਦਰ ਦੀ ਮਰਜੀ ਲਓ ਤੇ ਇਸੇ ਬਿਮਾਰੀ ਤੋਂ ਛੁਟਕਾਰਾ ਕਰਵਾਉਣ ਲਈ ਭਗਤ ਨਾਮਦੇਉ ਜੀ ਦਾ 972
ਪੰਨੇ ਤੇ ਇਹ ਸਬਦ ਦਰਜ ਹੈ: ਚੰਦੁ ਸੂਰਜ ਦੁਇ ਸਮ ਕਰ ਰਾਖਉ ਬ੍ਰਹਮ ਜੋਤਿ ਮਿਲਿ ਜਾਉਗੋ॥ 2॥
ਜੇ ਕਰ ਸ੍ਰ. ਸੇਵਾ ਸਿੰਘ ਜੀ ਨੇ ਸਾਇੰਸ ਪੜ੍ਹੀ ਹੁੰਦੀ ਤਾ ਇਨ੍ਹਾਂ ਨੂੰ ਇਸ ਗੱਲ ਦਾ ਜਰੂਰ ਪਤਾ
ਲੱਗ ਜਾਂਦਾ ਕਿ ਖੱਬੀ ਤੇ ਸੱਜੀ ਨਾਸ ਦੋ ਕੁ ਇੰਚਾਂ ਬਾਅਦ ਗਲ ਵਿੱਚ ਇੱਕ ਹੀ ਹੋ ਜਾਂਦੀਆਂ ਹਨ। ਜਿਸ
ਮਨੁੱਖ ਨੂੰ ਨੱਕ ਦੇ ਬਾਰੇ ਗਿਆਨ ਨਹੀ ਉਹ ਸਾਡੇ ਅਣਜਾਣ ਲੋਕਾਂ ਦਾ ਦਸਮ ਦਵਾਰ ਖ੍ਹੋਲ ਕੇ ਬ੍ਰਹਮ ਦਾ
ਗਿਆਨ ਦੇਵੇਗਾ?
ਨਾਮ ਕੇ ਧਾਰੇ ਸਗਲੇ ਜੰਤ॥ ਨਾਮ ਕੇ ਧਾਰੇ ਖੰਡ ਬ੍ਰਹਮੰਡ॥ ਨਾਮ ਕੇ ਧਾਰੇ
ਸਿਮ੍ਰਿਤਿ ਬੇਦ ਪੁਰਾਨ॥ ਨਾਮ ਕੇ ਧਾਰੇ ਸੁਨਨ ਗਿਆਨ ਧਿਆਨ॥ ਨਾਮ ਕੇ ਧਾਰੇ ਆਗਾਸ ਪਾਤਾਲ॥ {ਪੰਨਾ
284}
ਪਦ ਅਰਥ—ਨਾਮ—ਅਕਾਲ ਪੁਰਖ। ਧਾਰੇ—ਟਿਕਾਏ ਹੋਏ, ਆਸਰੇ।
ਅਰਥ
:
—ਸਾਰੇ ਜੀਆ ਜੰਤ ਅਕਾਲ ਪੁਰਖ ਦੇ ਆਸਰੇ ਹਨ, ਜਗਤ ਦੇ ਸਾਰੇ ਭਾਗ (ਹਿੱਸੇ) ਭੀ ਪ੍ਰਭੂ ਦੇ ਟਿਕਾਏ
ਹੋਏ ਹਨ।
ਵੇਦ, ਪੁਰਾਣ ਸਿਮ੍ਰਿਤੀਆਂ ਪ੍ਰਭੂ ਦੇ ਅਧਾਰ ਤੇ ਹਨ, ਗਿਆਨ ਦੀਆਂ ਗੱਲਾਂ
ਸੁਣਨਾ ਤੇ ਸੁਰਤਿ ਜੋੜਨੀ ਭੀ ਅਕਾਲ ਪੁਰਖ ਦੇ ਆਸਰੇ ਹੀ ਹੈ।
ਸਾਰੇ ਅਕਾਸ਼ ਪਤਾਲ ਪ੍ਰਭੂ-ਆਸਰੇ ਹਨ, ਸਾਰੇ ਸਰੀਰ ਹੀ ਪ੍ਰਭੂ ਦੇ ਆਧਾਰ ਤੇ
ਹਨ।
ਇਸਦਾ ਮਤਲਬ ਇਹ ਹੈ ਕਿ ਸਾਰੀ ਕਾਇਨਾਤ ਕਿਸੇ ਨਿਯਮ ਵਿੱਚ ਟਿਕੀ ਹੋਈ ਹੈ ਤੇ
ਤੁਸੀਂ ਨਾਮ ਦਾ ਮਤਲਬ ਵਾਹਿ ਗੁਰੂ ਕਰਦੇ ਹੋ। ਇਸਦਾ ਖੱਬੀ ਨਾਸ ਰਾਹੀਂ ਸਾਹ ਉਪਰ ਨੂੰ ਤੇ ਸੱਜੀ ਨਾਸ
ਰਾਹੀਂ ਹੇਠਾਂ ਨੂੰ ਕੱਢਦੇ ਹੋਏ, ਜਾਂ ਇਸਦੇ ਉਲਟ, ਮਸਤਕ ਦੇ ਵਿਚਾਲੇ ਜਾਂ ਕਿਧਰੇ ਹੋਰ ਜਾਪ ਕਰਨਾ
ਤੇ ਇਸ ਨਾਲ ਕਿਸੇ ਹੋਰ ਪਦ ਦੀ ਪ੍ਰਾਪਤੀ ਕਰਨੀ ਆਦਿ। ਨੱਕ ਦੀ ਲੰਬਾਈ. ਦੋ ਇੰਚ ਤੋਂ ਬਾਅਦ, ਕੋਈ
ਖੱਬੀ ਜਾ ਸੱਜੀ ਨਾਸ ਨਹੀ ਹੁੰਦੀ। ਸਾਹ ਚਾਹੇ ਮੂੰਹ ਰਾਹੀਂ ਲਓ ਜਾਂ ਨੱਕ ਰਾਹੀਂ ਸਾਹ ਸਾਹ-ਰਗ/ਨਾਲੀ
ਵਿੱਚ ਹੀ ਜਾਂਦਾ ਹੈ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਸਨੂੰ ਰੱਦ ਕਰਦੀ ਹੈ। ਚੰਦੁ
ਸੂਰਜ ਦੁਇ ਸਮ ਕਰ ਰਾਖਉ ਬ੍ਰਹਮ ਜੋਤਿ ਮਿਲਿ ਜਾਉਗੋ॥ 2॥ । ਬਾਕੀ ਰਹੀ ਗੱਲ ਨਾਮ ਦਾ ਰਟਨ ਕਰਨ
ਦੀ। ਇਸ ਨਾਲ ਵਾਹਿ ਗੁਰੂ ਜੀ ਖੁਸ਼ ਨਹੀ ਹੁੰਦੇ। ਗੁਰਬਾਣੀ ਦਾ ਫੁਰਮਾਣ ਹੈ:
ਪਉੜੀ॥ ਨਾ ਤੂ ਆਵਹਿ ਵਸਿ ਬਹੁਤੁ ਘਿਣਾਵਣੇ॥ ਨਾ ਤੂ ਆਵਹਿ ਵਸਿ ਬੇਦ
ਪੜਾਵਣੇ॥ ਨਾ ਤੂ ਆਵਹਿ ਵਸਿ ਤੀਰਥਿ ਨਾਈਐ॥ ਨਾ ਤੂ ਆਵਹਿ ਵਸਿ ਧਰਤੀ ਧਾਈਐ॥ ਨਾ ਤੂ ਆਵਹਿ ਵਸਿ ਕਿਤੈ
ਸਿਆਣਪੈ॥ ਨਾ ਤੂ ਆਵਹਿ ਵਸਿ ਬਹੁਤਾ ਦਾਨੁ ਦੇ॥ ਸਭੁ ਕੋ ਤੇਰੈ ਵਸਿ ਅਗਮ ਅਗੋਚਰਾ॥ ਤੂ ਭਗਤਾ ਕੈ ਵਸਿ
ਭਗਤਾ ਤਾਣੁ ਤੇਰਾ॥ 10॥ {ਪੰਨਾ 962}।
ਹੁਣ ਇਹ
ਦੱਸਣ ਦੀ ਕ੍ਰਿਪਾਲਤਾ ਵੀ ਕਰਨੀ ਕਿ ਵਾਹਿ ਗੁਰੂ ਵਾਹਿ ਗੁਰੂ ਕਰਨ ਨਾਲ ਇਸ ਕਾਇਨਾਤ ਦਾ ਕਿਹੜਾ ਭਲਾ
ਹੂਮਦਾ ਹੈ?
ਸਿੱਖ ਸੰਗਤਾਂ ਦੀ ਵਾਕਫੀਅਤ ਵਾਸਤੇ।
1.
ਅਕਤੂਬਰ 2007 ਨੂੰ
ਸ੍ਰ. ਸੇਵਾ ਸਿੰਘ ਜੀ ਨੇ ਜਲੰਧਰ ਟੀ. ਵੀ. ਤੋਂ ਪੂਰਾ ਇੱਕ ਘੰਟਾ ਆਪਣੀ ਸੰਸ਼ਥਾ ਦੀ ਇਸ਼ਤਿਹਾਰਬਾਜੀ
ਕੀਤੀ। ਇਸਦਾ ਖਰਚਾ ਕਈ ਲੱਖਾਂ ਹੈ ਤੇ ਇਹ ਸਾਰਾ ਪੈਸਾ ਕਿਸਨੇ ਦਿੱਤਾ?
2.
ਪਹਿਲੀ ਅਪ੍ਰੈਲ 2007
ਨੂੰ ਤੁਸੀਂ ਅਜੀਤ, ਜੱਗਬਾਣੀ ਅਤੇ ਸਪੋਕਸਮੈਨ ਵਿੱਚ ਪੂਰੇ ਪੂਰੇ ਪੰਨਾ ਦੀ ਆਪਣੀ ਸੰਸਥਾ ਦੀ
ਇਸ਼ਤਿਹਾਰਬਾਜੀ ਕੀਤੀ। ਖਰਚਾ ਤਿੰਨ ਲੱਖ ਕਿਸਨੇ ਦਿੱਤਾ?
3.
ਪਿੰਡ ਰੌਲੀ ਕੋਲ
ਤੁਹਾਡੀ 40 ਏਕੜ ਜਮੀਨ, ਜਿਹੜੀ ਯੁਨੀਵਰਸਿਟੀ ਲਈ ਖਰੀਦੀ ਗਈ ਹੈ, ਜਿਸਦੀ ਕੀਮਤ 10-20 ਕਰੋੜ ਹੈ ਤੇ
ਯੁਨੀਵਰਸਿਟੀ ਦੀ ਉਸਾਰੀ ਤੇ ਵੀ ਕਈ ਕਰੋੜ ਹੋਰ ਖਰਚ ਆਉਣਗੇ। ਪੈਸਾ ਕਿਥੋ ਆਇਆ? ਸ੍ਰ. ਹੁੰਦਲ ਜੀਓ
ਇਹ ਕੰਮ ਲੋਕਾਂ ਦੇ ਦਿੱਤੇ ਤਿਲ-ਫੁਲ ਨਾਲ ਨਹੀ ਹੋ ਸਕਦਾ? ਇਹ ਸਾਰਾ ਕੁੱਝ ਸੰਗਤਾਂ ਦੇ ਦਿੱਤੇ
ਤਿਲ-ਫੁਲ ਨਾਲ ਨਹੀ ਹੁੰਦਾ? (ਨੋਟ:- ਇਹ ਜਾਣਕਾਰੀ ੨੦ ਜਨਵਰੀ ੨੦੦੮ ਨੂੰ ਇੰਡੀਆ ਤੋਂ ਫੂਨ ਕਰ ਕੇ ਲਈ ਸੀ)
4.
ਪੰਜ ਪਿਆਰੇ ਗੁਰੂ ਰੂਪ
ਹੋਕੇ ਨਾਮ ਨੂੰ ਅੰਦਰ ਪ੍ਰਵੇਸ਼ ਕਰਨਗੇ ਤੇ ਫਿਰ ਨਾਮ ਬਾਹਰ ਨਹੀ ਆਵੇਗਾ? ਨਾਮ ਕੀ ਚੀਜ ਹੈ? ਕੀ ਨਾਮ
ਕੋਈ ਠੋਸ ਚੀਜ ਹੈ? ਕੀ ਨਾਮ ਕੋਈ ਪੱਥਰ ਹੈ, ਰੇਤ ਹੈ, ਖਾਣ ਵਾਲਾ ਪਦਾਰਥ ਹੈ, ਜਿਹੜਾ ਪੰਜਾਂ
ਪਿਆਰਿਆ ਨੇ ਕਿਸੇ ਮਨੁੱਖ ਨੂੰ ਨਾਲ਼ ਨਾਲ ਦੇਣਾ ਹੈ ਤੇ ਫਿਰ ‘ਨਾਮ’ ਬਾਹਰ ਨਹੀ ਆਵੇਗਾ?
5.
ਸ੍ਰ. ਸੇਵਾ ਸਿੰਘ
ਪ੍ਰੋ ਸਾਹਿਬ ਸਿੰਘ ਦੇ ਅਰਥਾਂ ਤੇ ਵਿਆਕਰਣ ਨੂੰ ਨਕਾਰਦੇ ਹਨ ਪਰ ਆਪ ਉਨ੍ਹਾਂ ਦੇ ਅਰਥਾਂ ਵਾਲਾ ਟੀਕਾ
ਆਪਣੀ ਵੈਬ ਸਾਈਟ
www.simran.info
ਤੇ ਪਾਈ ਵੀ ਬੈਠੇ ਹਨ। ਜਦੋਂ ਇਨ੍ਹਾਂ ਨੂੰ ਪੁਛਿਆ ਗਿਆ ਕਿ ਕੀ ਗੁਰਬਾਣੀ ਅਟੇ-ਸਟੇ ਨਾਲ ਲਿਖੀ ਗਈ
ਹੈ ਤਾਂ ਇਨ੍ਹਾਂ ਕੋਲ ਕੋਈ ਜਵਾਬ ਨਹੀ ਸੀ। ਕਿਉਂਕਿ ਗੁਰੂ ਨਾਨਕ ਸਾਹਿਬ ਅੱਖਰ ‘ਸਚ’ ਅਗਲੀ ਇਕੋ
ਪੰਗਤੀ ਵਿੱਚ ਤਿੰਨ ਵਾਰੀ ਵਰਤਦੇ ਹਨ ਤੇ ਦੋ ਵਾਰੀ ਸੱਚ ਦਾ ਵੱਖਰਾ ਰੂਪ ਵਰਤਦੇ ਹਨ। ਸਚ ਕੀ ਬਾਣੀ
ਨਾਨਕੁ ਆਖੈ ਸਚੁ ਸੁਣਾਇਸੀ ਸਚ ਕੀ ਬੇਲਾ॥ {ਪੰਨਾ 723} ਅਸਲ ਵਿੱਚ ਗੱਲ ਇਹ ਹੈ ਕਿ ਸਾਰੇ ਬਾਬਿਆਂ
ਅਤੇ ਨਵੇਂ ਪੁਰਾਣੇ ਸੰਤਾਂ ਨੂੰ ਪ੍ਰੋ. ਸਾਹਿਬ ਸਿੰਘ ਮਾਫਕ ਨਹੀ। ਜੇ ਅੱਜ ਸਿੱਖ ਜਗਤ ਸੰਤਾਂ
ਬਾਬਿਆਂ ਨੂੰ ਨਕਾਰ ਕੇ ਚੰਗੇ ਰਾਹ ਪੈਣ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਪ੍ਰੋ. ਸਾਹਿਬ ਸਿੰਘ ਦੀ
ਬਦੌਲਤ ਹੈ।
ਸਰਦਾਰ ਜੀ ਆਪਣੇ ਕਿਤਾਬਚਿਆਂ ਦੇ ਪਿਛਲੇ ਪਾਸੇ ਆਪਣੀ ਜਾਣਕਾਰੀ ਦਿੰਦੇ
ਲਿਖਦੇ ਹਨ ਕਿ ਫਲਾਣੇ ਪਿੰਡ ਤੋਂ ਮੈਟ੍ਰਿਕ ਪਾਸ ਕੀਤੀ ਤੇ ਫਿਰ ਗਿਆਨੀ। ਕੋਈ ਹੋਰ ਡਿਗਰੀ ਹੁੰਦੀ
ਤਾਂ ਇਨ੍ਹਾਂ ਉਹ ਵੀ ਜਰੂਰ ਨਾਲ ਲਿਖ ਦੇਣੀ ਸੀ। ਪਰ ਇਨ੍ਹਾਂ ਆਪਣੇ ਬਾਰੇ ਪੂਰੀ ਜਾਣਕਾਰੀ ਨਹੀ
ਦਿਤੀ। ਇਹ ਪੰਜਾਬ ਪੁਲੀਸ ਵਿੱਚ ਬਤੌਰ ਹੋਲਦਾਰ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਥੱਲੇ ਕੰਮ ਕਰਦੇ
ਰਹੇ ਹਨ ਜਦੋਂ ਉਹ ਫਰੀਦਕੋਟ ਐਸ. ਪੀ. ਸਨ। ਇਨ੍ਹਾਂ ਨੂੰ ਤਿਹਾੜ ਜ੍ਹੇਲ ਦਾ ਜਿਕਰ ਵੀ ਕਰਨਾ ਚਾਹੀਦਾ
ਹੈ, ਪੰਜਾਬ `ਚ ਝੁੱਲੀ ਹਨੇਰੀ ਸਮੇਂ ਇਨ੍ਹਾਂ ਤੇ ਪਾਏ ਗਏ ਕੇਸਾਂ ਦਾ ਵੇਰਵਾ ਵੀ ਲਿਖਣਾ ਚਾਹੀਦਾ
ਹੈ। ਡਿਪਟੀ ਸੁਪਰਡਿੰਟ ਸ਼ਰਮਾ, ਜਿਨ੍ਹਾਂ ਦੀ ਮਰਜੀ ਨਾਲ ਤਰਮਾਲਾ ਜੀ ਲੋਕਾਂ ਵਿੱਚ ਨਾਮ ਚਰਚਾ ਕਰ
ਰਹੇ ਹਨ ਦਾ ਵੀ ਜਿਕਰ ਕਰਨਾ ਬਣਦਾ ਹੈ।
6. ਬਾਕੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਮਿਤੀ 13. 10. 06 ਨੂੰ ਪੰਜ ਸਿੰਘ
ਸਹਿਬਾਨ ਦੀ ਇਕੱਤ੍ਰਤਾ ਹੋਈ। ਜਿਸ ਵਿੱਚ ਮਤਾ ਨੰਬਰ ਤਿੰਨ: ਭਾਈ ਸੇਵਾ ਸਿੰਘ ਤਰਮਾਲਾ ਵਲੋਂ
ਵਾਹਿਗੁਰੂ ਗੁਰਮੰਤ੍ਰ ਦਾ ਜਾਪ ਕਰਾਉਣ ਦੀ ਨਵੀਨ ਵਿਧੀ ਗੁਰਮਤਿ ਅਨਕੂਲ ਨਹੀ ਹੈ। ਇਸ ਕਰਕੇ ਸਿੱਖ
ਸੰਗਤਾਂ ਸੁਚੇਤ ਰਹਿਣ।
ਸਾਡੀ ਰਾਇ ਇਹ ਹੈ ਕਿ ਜਦੋਂ ਵੀ ਸ੍ਰ. ਸੇਵਾ ਸਿੰਘ ਤਰਮਾਲਾ ਜੀ ਫਿਰ ਯੂ.
ਐਸ. ਏ. ਆਉਣ ਤਾਂ ਸਾਨੂੰ ਦੱਸ ਦਿਤਾ ਜਾਵੇ। ਨਾਮ ਦੀ ਇਸ ਬਰਕਤ ਨੂੰ ਆਪਾਂ ਪਰਖ ਲਵਾਂਗੇ। ਸ਼ਰਤ ਇੱਕ
ਲੱਖ ਯੂ. ਐਸ. ਡਾਲਰ ਦੀ ਹੋਵੇਗੀ। ਸਰਦਾਰ ਜੀ ਨੂੰ ਕਿਸੇ ਕਮਰੇ ਵਿੱਚ ਬੰਦ ਕਰਕੇ ਬਾਹਰੋ ਤਾਲਾ ਲਾ
ਦਿੱਤਾ ਜਵੇਗਾ। ਇੱਕ ਸਾਡਾ ਆਦਮੀ ਬਕਾਇਦਾ ਇਨ੍ਹਾਂ ਕੋਲ ਬੈਠੇਗਾ ਤੇ ਕਲੋਜ਼ ਸਰਕਟ ਕੈਮਰੇ ਲਾ ਕੇ
ਉਨ੍ਹਾਂ ਦੀ ਲਗਾਤਾਰ ਨਿਗਰਾਨੀ ਵੀ ਕੀਤੀ ਜਾਵੇਗੀ। ਨਾਮ ਦੀ ਇਸ ਬਰਕਤ ਨੂੰ ਦੇਖਣ ਲਾਈ ਜਨਤਾ ਬਹੁਤ
ਕਾਹਲੀ ਹੈ। ਛੇਤੀ ਕਰੋ ਤੇ ਇਨਾਮ ਪਾਵੋ। ਨਹੀ ਤਾਂ ਇਹ ਸਮਝ ਲਿਆ ਜਾਵੇਗਾ ਕਿ ਤੁਸੀਂ ਐਵੇਂ ਝੂਠ ਦਾ
ਪ੍ਰਚਾਰ ਹੀ ਕਰ ਰਹੇ ਸੀ।
ਗੁਰੂ ਪੰਥ ਦੇ ਦਾਸ,
ਸਿੰਘ ਸਭਾ ਇੰਟਰਨੈਸ਼ਨਲ ਕੈਨੇਡਾ,
ਗੁਰਚਰਨ ਸਿੰਘ (ਜਿਉਣ ਵਾਲਾ) ਬਰੈਪਟਨ।