. |
|
ਸਤਿਸੰਗਤਿ ਸਤਿਗੁਰ ਚਟਸਾਲ ਹੈ
ਬ੍ਰਹਮ-ਗਿਆਨ ਦੇ ਅੱਖੁਟ-ਭੰਡਾਰ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਮਹਾਰਾਜ ਵਿਖੇ ਸਤਿਸੰਗਤਿ ਊਤਮ ਸਤਿਗੁਰ ਕੇਰੀ, ਉਪਮਾ ਕਰਦਿਆਂ, ਜਿੱਥੇ ਸਤਿਸੰਗਤਿ ਸਤਿਗੁਰ ਧੰਨੁ
ਧਨ+ ਧੰਨ ਧੰਨ ਧਨੋ, ਦਾ ਵਿਸਮਾਦੀ-ਗੀਤ ਗਾਇਆ ਹੈ। ਉਥੇ, ਸਤਿਗੁਰੂ ਅਤੇ ਸਤਿਸੰਗੀਆਂ ਦੀ ਸਾਂਝ ਅਤੇ
ਮੱਹਤਤਾ ਦਰਸਾਉਦਿਆਂ ਗੁਰੂ ਨੂੰ ਪਾਂਧਾ (ਅਧਿਆਪਕ) ਅਤੇ ਸਾਧਸੰਗਤ ਨੂੰ ਸਤਿਗੁਰੂ ਦੀ ਚਟਸਾਲ
(ਪਾਠਸ਼ਾਲਾ) ਦਸਿਆ ਹੈ। ਨਮਰਤਾ ਦੇ ਪੁੰਜ, ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਅਕਾਲ ਪੁਰਖ
ਵਾਹਿਗੁਰੂ ਨੂੰ ਸੰਬੋਧਨ ਕਰਕੇ ਆਖਦੇ ਹਨ ਕਿ ਹੇ ਮੇਰੇ ਰਾਮ, ਹੇ ਪ੍ਰਭੁ, ਹੇ ਹਰੀ! ਅਸੀਂ ਤੇਰੇ
ਅੰਝਾਣ ਬੱਚੇ ਹਾਂ। ਸ਼ਾਬਾਸੇ ਉਪਦੇਸ਼-ਦਾਤੇ ਸਤਿਗੁਰੂ ਨੂੰ, ਜਿਸ ਨੇ ਹਰਿ-ਨਾਮ ਦਾ ੳਪਿਦੇਸ਼ ਦੇ ਕੇ
ਸਾਨੂੰ ਸਿਆਣੇ ਬਣਾ ਦਿੱਤਾ ਹੈ:
ਮੇਰੇ ਰਾਮ ਹਮ ਬਾਰਿਕ ਹਰਿ ਪ੍ਰਭ ਕੇ ਹੈ ਇਆਣੇ।। ਧੰਨੁ ਧੰਨੁ ਗੁਰੂ ਗੁਰੁ
ਸਤਿਗੁਰੁ ਪਾਧਾ, ਜਿਨਿ ਹਰਿ ਉਪਦੇਸ਼ ਦੇ ਕੀਏ ਸਿਆਣੇ।। (ਪੰਨਾ: ੧੬੮)
ਸਾਧ ਸੰਗਤ ਸਤਿਗੁਰੂ ਜੀ ਦੀ ਪਠਸ਼ਾਲਾ ਹੈ, ਜਿਸ ਵਿੱਚ ਪਰਮਾਤਮਾ ਦੇ ਗੁਣ
ਸਿੱਖੇ ਜਾ ਸਕਦੇ ਹਨ। ਧੰਨ ਹੈ ਉਹ ਜੀਭ, ਜਿਹੜੀ ਪਰਮਾਤਮਾ ਦਾ ਨਾਮ ਜਪਦੀ ਹੈ, ਧੰਨ ਹਨ ਉਹ ਹੱਥ
ਜਿਹੜੇ ਸਾਧ ਸੰਗਤ ਦੀ ਸੇਵ ਕਮਾਉਦੇ ਹਨ, ਧੰਨ ਹੈ ਉਹ ਪਾਂਧਾ ਗੁਰੂ ਜਿਸ ਦੀ ਰਾਹੀਂ ਪਰਮਾਤਮਾ ਨੂੰ
ਮਿਲ ਕੇ ਉਸ ਦੀ ਸਿਫਤ ਸਲਾਹ ਦੀਆਂ ਗਲਾਂ ਕਰੀਦੀਆਂ ਹਨ:
ਸਤਸੰਗਤਿ ਸਤਿਗੁਰ ਚਟਸਾਲ ਹੈ, ਜਿਤੁ
ਹਰਿ ਗੁਣ ਸਿਖਾ।। ਧੰਨ ਧੰਨ ਸੁ ਰਸਨਾ, ਧੰਨ ਕਰ, ਧੰਨ ਸੁ ਪਾਧਾ ਸਤਿਗੁਰੂ, ਜਿਤੁ ਮਿਲਿ ਹਰਿ ਲੇਖਾ
ਲਿਖਾ।। (ਪੰਨਾ: ੧੩੧੬)
ਸੋ ਉਪਰੋਕਤ ਬਚਨਾ ਤੋਂ ਸਪਸ਼ਟ ਹੈ ਕਿ ਗੁਰਸਿਖਾਂ ਨੇ ਗੁਰਮਤਿ ਦੁਆਰਾ ਹਿਰਦੇ
ਅੰਦਰ ਨਾਮ ਦੇ ਪਰਗਾਸ ਵਾਸਤੇ ਹਰਿ-ਗੁਣ ਸਿੱਖਣ ਲਈ ਸਤਸੰਗਤਿ ਵਿਖੇ ਸ਼ਰਧਾ ਸਹਿਤ ਨਿਤਨੇਮ ਨਾਲ ਇਉਂ
ਜਾਣਾ ਹੈ, ਜਿਵੇਂ ਇੱਕ ਵਿਦਿਆਰਥੀ ਵਿਦਿਆ ਪ੍ਰਾਪਤੀ ਲਈ ਸਕੂਲ ਜਾਂ ਪਾਠਸ਼ਾਲਾ ਜਾਂਦਾ ਹੈ। ਜੇਕਰ ਕੋਈ
ਵਿਦਿਆਰਥੀ ਸਕੂਲ ਜਾਣ ਉਪਰੰਤ ਅਧਿਆਪਕ ਨੂੰ ਨਮਸ਼ਕਾਰ ਕਰਕੇ, ਜਾਂ ਉਸ ਦੀ ਕੁਰਸੀ ਦੀ ਪਰਕਰਮਾ ਕਰਕੇ
ਵਾਪਸ ਪਰਤ ਆਏ। ਪ੍ਰੰਤੂ, ਕਲਾਸ ਵਿੱਚ ਬੈਠ ਕੇ ਧਿਆਨ ਪੂਰਵਕ ਸੰਥਿਆ ਨਾ ਲਵੇ ਜਾਂ ਨਾ ਸੁਣੇ ਤਾਂ ਉਹ
ਵਿਦਿਅਕ ਖੇਤਰ ਵਿੱਚ ਸਫਲਤਾ ਦੀਆਂ ਸ਼ਿਖਰਾਂ ਨੂੰ ਨਹੀ ਛੋਹ ਸਕਦਾ। ਬਿਲਕੁਲ ਇਸੇ ਤਰਾਂ ਜੇਕਰ ਕੋਈ
ਸ਼ਰਧਾਲੂ ਸ਼ਰਧਾ ਨਾਲ ਗੁਰਦੁਆਰੇ ਜਾਵੇ, ਸਤਿਗੁਰੂ ਜੀ ਨੂੰ ਅਦਬ ਸਹਤ ਮੱਥਾ ਟੇਕ ਕੇ ਭੇਟਾ ਅਰਪਣ ਕਰੇ,
ਪਰਕਰਮਾ ਕਰਨ ਉਪਰੰਤ ਵਾਪਸ ਪਰਤੇ। ਪਰ ਸਾਧ ਸੰਗਤਿ ਵਿੱਚ ਬੈਠ ਕੇ ਗੁਰਬਾਣੀ ਪਾਠ, ਕਥਾ–ਕੀਰਤਨ ਨਾ
ਸੁਣੇ, ਨਾ ਗਾਵੈ, ਨਾ ਵੀਚਾਰੈ ਤਾਂ ਉਹ ਕਦੇ ਵੀ ਵਿਕਾਰਾਂ ਤੋ ਮੁਕਤ ਹੋ ਕੇ ਆਤਮਿਕ ਅਨੰਦ ਨਹੀ ਮਾਣ
ਸਕਦਾ।
ਸਤਿਗੁਰੂ ਜੀ ਦਾ ਫੈਸਲਾ ਬੜਾ ਸ਼ਪਸ਼ਟ ਹੈ ਕਿ ਜਿਤਨਾ ਵੀ ਸੰਸਾਰ ਹੈ, ਇਸ ਵਿੱਚ
ਹਰੇਕ ਜੀਵ ਸਤਿਗੁਰੂ ਜੀ ਦੇ ਦਰਸ਼ਨ ਕਰਦਾ ਹੈ। ਪਰ, ਨਿਰਾ ਦਰਸ਼ਨ ਕੀਤਿਆਂ ਮੁਕਤੀ ਨਹੀਂ ਮਿਲਦੀ, ਜਦ
ਤਾਈਂ ਜੀਵ ਸਤਿਗੁਰੂ ਦੇ ਸ਼ਬਦ ਨੂੰ ਨਹੀ ਵਿਚਾਰਦਾ। ਕਿਉਂਕਿ ਵਿਚਾਰ ਕਰਨ ਤੋਂ ਬਿਨਾ ਅੰਹਕਾਰ-ਰੂਪ ਮਨ
ਦੀ ਮੈਲ ਨਹੀ ਉਤਰਦੀ ਤੇ ਨਾਮ ਵਿੱਚ ਪਿਆਰ ਨਹੀ ਬਣਦਾ।
ਸਤਿਗੁਰ ਨੋ ਸਭੁ ਕੋ ਵੇਖਦਾ, ਜੇਤਾ ਜਗਤੁ ਸੰਸਾਰ।।
ਡਿੱਠੈ ਮੁਕਤਿ ਨਾ ਹੋਵਈ, ਜਿਚਰੁ ਸਬਦਿ ਨ ਕਰੇ ਵੀਚਾਰ।।
ਹਉਮੈ ਮੈਲੁ ਨ ਚੁਕਈ, ਨਾਮ ਨ ਲਗੈ ਪਿਆਰੁ।। (ਮ: ੩, ਪੰਨਾ: ੫੯੪)
ਜਿਹੜਾ ਜਿਹੜਾ ਮਨੁੱਖ ਪਰਮਾਤਮਾ ਦੀ ਸਿਫਤਿ ਸਾਲਾਹ ਉਚਾਰਦਾ ਹੈ ਸੁਣਦਾ ਹੈ,
ਉਸਦੀ ਖੋਟੀ ਮਤ ਦਾ ਨਾਸ ਹੋ ਜਾਂਦਾ ਹੈ, ਉਸ ਦੇ ਸਾਰੇ ਮਨੋਰਥ ਪੂਰੇ ਹੋ ਜਾਂਦੇ ਹਨ:
ਜੋ ਜੋ ਕਥੈ ਸੁਨੈ ਹਰਿ ਕੀਰਤਨ, ਤਾ ਕੀ ਦੁਰਮਤਿ ਨਾਸ।।
ਸਗਲ ਮਨੋਰਥ ਪਾਵੈ ਨਾਨਕ ਪੂਰਨ ਹੋਵੈ ਆਸ।। (ਮ: ੫ ਪੰਨਾ ੧੩੦੦)
ਸਕੂਲ ਵਿੱਚ ਵਿਦਿਆਰਥੀ ਨੂੰ ਕਲਾਸ ਵਿਚਲੇ ਕੰਮ
(class work)
ਤੋਂ ਇਲਾਵਾ ਘਰ ਦਾ ਕੰਮ (Home work)
ਵੀ ਮਿਲਦਾ ਹੈ। ਜਿਹੜਾ ਵਿਦਿਆਰਥੀ ਕਲਾਸ ਲਗਣ ਸਮੇ, ਜਦੋਂ ਅਧਿਆਪਕ ਸਮਝਾ ਰਿਹਾ ਹੋਵੇ, ਘਰ ਦਾ ਕੰਮ
ਕਰਨਾ ਸ਼ੁਰੂ ਕਰ ਦੇਵੇ, ਉਸ ਨੂੰ ਅਧਿਆਪਕ ਕਦੇ ਵੀ ਪਰਵਾਨ ਨਹੀ ਕਰਦਾ। ਘਰ ਦਾ ਕੰਮ
(Home work)
ਨਾ ਕਰ ਕੇ ਆਉਣਾ, ਵਿਦਿਆਰਥੀ ਦੇ ਆਲਸੀ ਅਤੇ ਲਾ-ਪ੍ਰਵਾਹ ਹੋਣ ਦੀ ਨਿਸ਼ਾਨੀ ਹੈ। ਇਸੇ ਤਰਾਂ ਜੇ ਕੋਈ
ਗੁਰਸਿੱਖ ਮਾਈ ਭਾਈ ਗੁਰਦੁਆਰੇ ਆ ਕੇ ਕਥਾ ਕੀਰਤਨ ਵੇਲੇ ਗੁਟਕਾ ਲੈ ਕੇ ਨਿਤਨੇਮ ਦਾ ਪਾਠ ਸ਼ਰੂ ਕਰ
ਦੇਵੈ, ਉਹ ਸਤਿਗੁਰੂ ਪਾਂਧੇ ਦੀ ਦ੍ਰਿਸ਼ਟੀ ਵਿੱਚ ਪਰਵਾਨ ਨਹੀ ਚੜ ਸਕਦਾ। ਉਸ ਨੂੰ ਸਤਿਗੁਰ ਦੀ ਖੁਸ਼ੀ
ਨਸੀਬ ਨਹੀ ਹੋ ਸਕਦੀ। ਕਿਉਕਿਂ ਨਿਤਨੇਮ ਗੁਰਸਿਖ ਸਿਖਿਆਰਥੀ ਲਈ ਘਰ ਦਾ ਕੰਮ ਹੈ। ਅਜਿਹਾ ਕਰਨਾ
ਜਿੱਥੇ ਸਤਿਗੁਰ ਜੀ ਦੇ ਹੁਕਮ ਦੀ ਉਲੰਘਣਾ ਹੈ। ਉਥੇ ਸ਼ਰਧਾਲੂ ਸਿਖ ਦੇ ਆਲਸੀ ਅਤੇ ਲਾ-ਪ੍ਰਵਾਹ ਹੋਣ
ਦਾ ਪ੍ਰਤੀਕ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ, ਗੁਰਸਿਖ ਦੀ ਨਿਤ ਦੀ ਕਿਰਿਆ ਦਾ ਬਿਉਰਾ ਦਿੰਦਿਆਂ
ਲਿਖਿਆ ਹੈ ਕਿ ਗੁਰੂ ਦਾ ਸਿਖ ਹਰ ਰੋਜ਼ ਸਵੇਰੇ ਸਮੇਂ ਸਿਰ ਉਠ ਕੇ ਅੰਮ੍ਰਿਤ ਵੇਲੇ ਇਸ਼ਨਾਨ ਕਰਦਾ ਹੈ।
ਫਿਰ ਉਹ ਗੁਰੂ ਦੇ ਬਚਨ (ਗੁਰਬਾਣੀ) ਪੜ੍ਹ ਕੇ, ਭਾਵ ਗੁਰਬਾਣੀ ਦਾ ਵਿਚਾਰ ਸਹਿਤ ਪਾਠ ਕਰਕੇ ਧਰਮਸ਼ਾਲ
(ਗੁਰਦੁਆਰੇ) ਜਾਣ ਦਾ ਉਪਰਾਲਾ ਕਰਦਾ। ਸਾਧ ਸੰਗਤ ਵਿੱਚ ਜਾ ਕੇ ਉਹ ਗੁਰਬਾਣੀ ਬੜੇ ਪ੍ਰੇਮ ਨਾਲ
ਸੁਣਦਾ ਹੈ:
ਗੁਰ ਸਿੱਖ ਭਲਕੇ ਉਠ ਕਰ, ਅੰਮ੍ਰਿਤ ਵੇਲੇ ਸਰ ਨਾਵ੍ਹੰਦਾ।।
ਗੁਰ ਕੇ ਬਚਨ ਉਚਾਰਿ ਕੈ, ਧਰਮਸਾਲ ਦੀ ਸੁਰਤ ਕਰੰਦਾ।।
ਸਾਧ ਸੰਗਤਿ ਵਿੱਚ ਜਾਏ ਕੈ, ਗੁਰਬਾਣੀ ਦੇ ਪ੍ਰੀਤ ਸੁਣੰਦਾ।। (ਵਾਰ ੪੦ ਪਉੜੀ
੧੨)
‘ਗੁਰਬਾਣੀ ਦੇ ਪ੍ਰੀਤ ਸੁਣੰਦਾ` ਤੋਂ ਸਪਸ਼ਟ ਹੈ ਕਿ ਗੁਰਸਿੱਖ ਸਾਧ ਸੰਗਤ
ਵਿੱਚ ਗੁਰਬਾਣੀ ਪਾਠ ਜਾਂ ਕਥਾ ਧਿਆਨ-ਪੂਰਵਕ ਸੁਣਦਾ ਹੈ, ਨਾਕਿ ਅਪਣਾ ਗੁਟਕਾ ਲੈ ਕੇ ਕੋਈ ਵਖਰਾ ਪਾਠ
ਕਰਨਾ ਸ਼ੁਰੂ ਕਰ ਦਿੰਦਾ ਹੈ।
ਮੰਨ ਲਉ ਕਿ ਇੱਕ ਧਾਰਮਕ ਟੀਚਰ ਵਿਦਿਆਰਥੀਆਂ ਨੂੰ ‘ਜਪੁ ਜੀ ਸਾਹਿਬ` ਦੀ
ਸੰਥਿਆ ਦੇ ਰਿਹਾ ਹੋਵੇ ਅਤੇ ਕੋਈ ਵਿਦਿਆਰਥੀ ਇਸ ਗਲ ਦੀ ਪ੍ਰਵਾਹ ਨ ਕਰਦਾ ਹੋਇਆ ‘ਸੁਖਮਨੀ` ਪੜ ਰਿਹਾ
ਹੋਵੇ ਤਾਂ ਇਹ ਅਧਿਆਪਕ ਦਾ ਅਦਬ ਨਹੀ, ਸਗੋਂ ਬੇ-ਅਦਬੀ ਹੈ। ਇਸੇ ਤਰਾਂ ਗੁਰੂ ਦੀ ਪਾਠਸ਼ਾਲਾ ਸਾਧ
ਸੰਗਤ ਵਿੱਚ ਕਥਾ-ਕੀਰਤਨ ਸਮੇ, ਜਦੋਂ ਕਿ ਭਾਈ ਨੰਦ ਲਾਲ ਜੀ ਦੇ ਬਚਨਾ ਮੁਤਾਬਿਕ ‘ਅਦਬ ਸਿਉ ਬੈਠ
ਗੁਰੂ ਚਿੱਤ ਲਾਏ` ਦੀ ਰੌਸਨੀ ਵਿੱਚ ਗੁਰ ਸ਼ਬਦ ਵਿੱਚ ਚਿੱਤ ਜੋੜ ਕੇ ਸੁਣਨਾ ਹੁੰਦਾ ਹੈ। ਕੋਈ ਸ਼ਰਧਾਲੁ
ਅਪਣੀ ਮਰਜੀ ਦਾ ਪਾਠ ਕਰਨਾ ਸ਼ੁਰੂ ਕਰ ਦੇਵੇ, ਇਸ ਵਿੱਚ ਸਤਿਗੁਰੂ ਜੀ ਦਾ ਅਦਬ ਨਹੀ ਹੈ। ਕਿਉਂਕਿ, ਜੇ
ਹਿਰਦੇ ਵਿੱਚ ਅਦਬ ਨਹੀ ਹੈ ਤਾਂ ਪਿਆਰ ਵੀ ਨਹੀ ਹੈ। ਜਿਥੇ ਅਦਬ (ਭਉ) ਹੈ, ਉਥੇ ਹੀ ਪ੍ਰੇਮ ਦਾ
ਨਿਵਾਸ ਮੰਨਿਆ ਗਿਆ ਹੈ। ਹਜ਼ੂਰ ਦਾ ਬਚਨ ਹੈ:
ਨਾਨਕ ਜਿਨ੍ਹ ਮਨਿ ਭਉ ਤਿਨਾ ਮਨਿ ਭਾਉ।। (ਮ: ਪੰਨਾ-੪੬੫)
ਸਤਿਸੰਗ ਸਮੇਂ ਸ਼ਰਧਾਲੂਆਂ ਵਲੋਂ ਨਿਤਨੇਮ ਜਾਂ ਸੁਖਮਨੀ ਸਾਹਿਬ ਆਦਿਕ ਬਾਣੀਆਂ
ਦਾ ਪਾਠ ਕਰਨ ਦਾ ਰੁਝਾਨ ਪਹਿਲਾਂ ਤਾਂ ਵਧੇਰੇ ਕਰਕੇ ਇਤਹਾਸਕ ਗੁਰ-ਅਸਥਾਨਾਂ ਤੇ ਹੀ ਦਿਸਦਾ ਸੀ। ਪਰ,
ਹੁਣ ਇਹ ਪਰਪਾਟੀ ਦੇਖੋ-ਦੇਖੀ ਹੋਰ ਵੀ ਕਈ ਗੁਰਦਵਾਰਿਆਂ ਵਿਖੇ ਫੈਲ ਰਹੀ ਹੈ। ਸਤਿਸੰਗ ਸਮੇਂ ਅਜਿਹਾ
ਵਿਹਾਰ ਸ਼੍ਰੋਮਣੀ ਗੁਰਦੁਵਾਰਾ ਪ੍ਰਬੰਧਕ ਕਮੇਟੀ ਵਲੋਂ ਪ੍ਰਕਾਸ਼ਿਤ ਪੰਥ ਪ੍ਰਵਾਣਿਤ ਸਿੱਖ ਰਹਿਤ
ਮਰਯਾਦਾ ਦੇ ਪੰਨਾ ੧੩ ਉਪਰ ਅੰਕਤ ਇਸ ਧਾਰਾ ਦੀ ਉਲੰਘਣਾ ਵੀ ਹੈ ਕਿ ‘ਸੰਗਤ ਵਿੱਚ ਇੱਕ ਵਕਤ ਇੱਕੋ ਗਲ
ਹੋਣੀ ਚਾਹੀਏ- ਕੀਰਤਨ ਜਾਂ ਕਥਾ, ਵਖਿਆਨ ਜਾਂ ਪਾਠ`। ਹਾਂ! ਜੇ ਕਰ ਗੁਰਦਵਾਰੇ ਵਿੱਚ ਕਥਾ- ਕੀਰਤਨ
ਜਾਂ ਵਖਿਆਨ ਨਾ ਹੋ ਰਿਹਾ ਹੋਵੇ ਤਾਂ ਕੋਈ ਵੀ ਸ਼ਰਧਾਲੂ ਨਿਤਨੇਮ ਦੀ ਬਾਣੀ ਜਾਂ ਸੁਖਮਨੀ ਆਦਿਕ ਕਿਸੇ
ਵੀ ਬਾਣੀ ਦਾ ਪਾਠ ਕਰ ਸਕਦਾ ਹੈ। ਕਈ ਸਜਣਾਂ ਦਾ ਵਿਚਾਰ ਹੈ ਕਿ ਗੁਰਦਵਾਰਾ ਕਮੇਟੀਆਂ ਨੂੰ ਐਸੇ
ਨਿਤ-ਨੇਮੀਆਂ ਲਈ ਵਖਰੇ ਕਮਰੇ ਬਣਾ ਦਿੱਤੇ ਜਾਣੇ ਚਾਹੀਦੇ ਹਨ ਤਾਂ ਜੋ ਕਥਾ-ਕੀਰਤਨ ਵਿੱਚ ਵਿਘਨ ਨ
ਪਵੇ। ਪਰ, ਅਜਿਹੀ ਢਿੱਲ ਦੇਣ ਨਾਲ ਨੁਕਸਾਨ ਇਹ ਹੋਵੈਗਾ ਕਿ ਸ਼ਰਧਾਲੂ-ਜਨ ਦੇਖੋ ਦੇਖੀ ਗੁਟਕੇ ਲੈ ਕੇ
ਕਮਰਿਆਂ ਵਿੱਚ ਬੈਠ ਜਾਣਗੇ ਅਤੇ ਦੀਵਾਨ ਹਾਲ ਖਾਲੀ ਹੋਣ ਲੱਗ ਜਾਣਗੇ। ਸਾਨੂੰ ਭੁਲਣਾ ਨਹੀ ਚਾਹੀਦਾ
ਕਿ ਗੁਰਦੁਆਰੇ ਦਾ ਮੁੱਖ ਮਕਸਦ ਗੁਰਬਾਣੀ ਵਿਚਾਰ ਤੇ ਗੁਰਇਤਿਹਾਸ ਦੁਆਰਾ ਗੁਰਮਤਿ ਵਿਚਾਰਧਾਰਾ ਨੂੰ
ਪ੍ਰਚਾਰਨਾ ਤੇ ਪ੍ਰਸਾਰਨਾ ਹੈ। ਇਸ ਲਈ ਸਮੂਹ ਸਿੱਖ ਸੰਸਥਾਂਵਾਂ, ਗ੍ਰੰਥੀ, ਪ੍ਰਚਾਰਕਾਂ ਅਤੇ
ਕੀਰਤਨੀਏ ਸਿੰਘਾਂ ਦਾ ਫਰਜ਼ ਬਣਦਾ ਹੈ ਕਿ ਉਹ ਸਿੱਖ ਸੰਗਤਾਂ ਨੂੰ ਸਤਿਸੰਗ ਦੀ ਮਰਯਾਦਾ ਪ੍ਰਤੀ
ਜਾਗਰੁਕ ਕਰਦੇ ਰਹਿਣ ਤਾਂ ਜੋ ਗੁਰਦੁਆਰਿਆਂ ਵਿੱਚੋ ਅਗਿਆਨਤਾ ਤੇ ਅੰਧ ਵਿਸਵਾਸ਼ ਅਧੀਨ ਹੋਣ ਵਾਲੀਆਂ
ਅਜਿਹੀਆਂ ਬਿਪਰਵਾਦੀ ਰੀਤਾਂ ਦਾ ਅਭਾਵ ਹੋ ਸਕੇ।
ਭੁਲ ਚੁਕ ਮੁਆਫ।
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ
ਗੁਰੂ ਪੰਥ ਦਾ ਦਾਸ:-
ਜਗਤਾਰ ਸਿੰਘ ਜਾਚਕ, ਨਿਊਯਾਰਕ
|
. |