ਕੁਝ ਜਾਣਕਾਰੀ, ਗੁਰਗੱਦੀ ਕਾਲ ਬਾਰੇ- ਪੰਜਵੇਂ ਨਾਨਕ, ਗੁਰੂ ਅਰਜਨ
ਸਾਹਿਬ ਲਗਭਗ ਸਾਢੇ ਸਤਾਰਾਂ ਸਾਲ ਦੀ ਉਮਰ `ਚ ਗੁਰਗੱਦੀ ਤੇ ਬਿਰਾਜਮਾਨ ਹੋਏ। ਪਹਿਲੀ ਸਤੰਬਰ ਸੰਨ
1581 ਨੂੰ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਗੋਇੰਦਵਾਲ ਵਿਖੇ ਜੋਤੀ ਜੋਤ ਸਮਾਏ ਤਾਂ ਗੁਰਗੱਦੀ
ਦੀ ਜ਼ਿਮੇਵਾਰੀ ਆਪਣੇ ਛੋਟੇ ਅਤੇ ਤੀਜੇ ਸਪੁਤ੍ਰ, (ਗੁਰੂ) ਅਰਜਨ ਪਾਤਸ਼ਾਹ ਨੂੰ ਬਖਸ਼ੀ। ਚਲਦੇ ਆ ਰਹੇ
ਨਿਯਮ ਅਨੁਸਾਰ ਗੁਰਗੱਦੀ ਪ੍ਰਾਪਤੀ ਸਮੇਂ ਆਪ ਨੂੰ ਪਹਿਲੇ ਪਾਤਸ਼ਾਹ ਤੋਂ ਲੈ ਕੇ ਚੌਥੇ ਪਾਤਸ਼ਾਹ ਤੀਕ
ਦੀ ਬਾਣੀ ਦਾ ਖਜ਼ਾਨਾ ਪ੍ਰਾਪਤ ਹੋਇਆ। ਇਸ ਖਜ਼ਾਨੇ `ਚ 15 ਭਗਤਾਂ ਦੀ ਬਾਣੀ ਵੀ ਸੀ। ਇਹ ਭਗਤ
ਬਾਣੀ, ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਪ੍ਰਚਾਰਕ ਦੌਰਿਆਂ ਸਮੇਂ ਆਪ ਇਕਤ੍ਰ ਕੀਤੀ ਅਤੇ ਦਰਜਾ-ਬ-ਦਰਜਾ
ਹਰੇਕ ਗੁਰੂ ਵਿਅਕਤੀ ਕੋਲ ਪੁੱਜਦੀ ਆ ਰਹੀ ਸੀ।
ਗੁਰਗੱਦੀ ਪ੍ਰਾਪਤੀ ਉਪਰੰਤ ਜੋ ਆਪ ਨੇ ਗੁਰਬਾਣੀ ਰਚਨਾ ਕੀਤੀ ਉਸ `ਚ,
ਗੁਰਗੱਦੀ ਪ੍ਰਾਪਤੀ ਸਮੇਂ ਆਪ ਨੂੰ ਜੋ ਗੁਰਬਾਣੀ ਦਾ ਖਜ਼ਾਨਾ ਮਿਲਿਆ, ਉਸ ਬਾਰੇ ਆਪ ਦਾ ਫ਼ੁਰਮਾਨ ਹੈ
“ਪੀਊ ਦਾਦੇ ਕਾ ਖੋਲਿ ਡਿਠਾ ਖਜਾਨਾ॥ ਤਾ ਮੇਰੈ ਮਨਿ ਭਇਆ ਨਿਧਾਨਾ॥ ੧ ॥ ਰਤਨ ਲਾਲ ਜਾ ਕਾ ਕਛੂ ਨ
ਮੋਲੁ॥ ਭਰੇ ਭੰਡਾਰ ਅਖੂਟ ਅਤੋਲ॥ ੨ ॥ ਖਾਵਹਿ ਖਰਚਹਿ ਰਲਿ ਮਿਲਿ ਭਾਈ॥ ਤੋਟਿ ਨ ਆਵੈ ਵਧਦੋ ਜਾਈ॥
੩ ॥ ਕਹੁ ਨਾਨਕ ਜਿਸੁ ਮਸਤਕਿ ਲੇਖੁ ਲਿਖਾਇ॥ ਸੁ ਏਤੁ ਖਜਾਨੈ ਲਇਆ ਰਲਾਇ ….” (ਪੰ: 186)।
ਅੰਤ ਇਸੇ ਗੁਰਬਾਣੀ ਦੀ ਵਿਸ਼ੁੱਧਤਾ ਨੂੰ ਕਾਇਮ ਰਖਣ ਲਈ ਆਪ ਨੇ, ਅਪਣੇ ਅਜ਼ੀਮ ਪਵਿਤ੍ਰ, ਗੁਰੂ
ਸਰੀਰ ਨੂੰ ਵੀ ਕੁਰਬਾਨ ਕਰ ਦਿੱਤਾ ਪਰ ਗੁਰਬਾਣੀ `ਚ ਮਾਮੂਲੀ ਜਿਨ੍ਹਾਂ ਵੀ ਰਲਾ ਪ੍ਰਵਾਣ ਨਹੀਂ
ਕੀਤਾ। ਇਸ ਤਰ੍ਹਾਂ ਆਪ ਦੀ ਰੋਂਗਟੇ ਖੜੇ ਕਰ ਦੇਣ ਵਾਲੀ ਤਸੀਹੇ ਭਰਪੂਰ ਸ਼ਹਾਦਤ ਦਾ ਮੁਖ ਦੋਸ਼ੀ, ਮੁਗ਼ਲ
ਬਾਦਸ਼ਾਹ ਜਹਾਂਗੀਰ ਹੀ ਸੀ। ਉਸ ਨੇ ਆਪਣੀ ਜਨੂਨਿਅਤ ਦੀ ਹੱਦ ਪਾਰ ਕਰਕੇ ਆਪਣੇ ਮਕਸਦ ਲਈ, ਗੁਰੂ ਦਰ
ਦੇ ਵਿਰੋਧੀਆਂ ਦੀ ਚੰਡਾਲ ਜੁੰਡਲੀ `ਚੋਂ ਮੁਰਤਜ਼ਾਂ ਖਾਂ ਨੂੰ ਵਰਤਿਆ। ਇਸ ਤਰ੍ਹਾਂ ਉਸੇ ਮੁਰਤਜ਼ਾ ਖਾਂ
ਜਿਸਦਾ ਅਸਲ ਨਾਂ ਸ਼ੇਖ ਅਹਿਮਦ ਬੁਖਾਰੀ ਸੀ, ਉਸੇ ਚੰਡਾਲ ਚੌਂਕੜੀ ਦੇ ਇੱਕ ਹੋਰ ਦੁਸਟ ਤੇ ਜਨੂਨੀ
ਚੰਦੂ ਨੂੰ ਮੋਹਰਾ ਬਣਾ ਕੇ ਵਰਤਿਆ, ਇਸ ਲਈ ਕਿ ਜਹਾਂਗੀਰ ਦੀ ਤਰ੍ਹਾਂ ਉਹ ਖੁਦ ਵੀ ਸੰਗਤਾਂ ਦੇ
ਵਿਰੋਧ ਤੋਂ ਬਚਿਆ ਰਹਿ ਸਕੇ। ਇਹ ਸਾਰਾ ਵੇਰਵਾ ਗੁਰਮਤਿ ਪਾਠ ਨੰ: 70, ‘ਤੱਥ ਸ਼ਹੀਦੀ-ਗੁਰੂ
ਅਰਜਨ ਸਾਹਿਬ’ `ਚ ਦਿੱਤਾ ਜਾ ਚੁੱਕਾ ਹੈ। ਗੁਰਦੇਵ ਦੀ ਇਹ ਮਹਾਨ ਸ਼ਹਾਦਤ 30 ਮਈ ਸੰਨ
1606 ਨੂੰ ਹੋਈ। ਆਪ ਦੇ ਗੁਰਗੱਦੀ ਕਾਲ ਦਾ ਕੁਲ ਸਮਾਂ 25 ਸਾਲ ਹੈ, ਜਦਕਿ ਸ਼ਹੀਦੀ
ਸਮੇਂ ਆਪ ਦੀ ਸੰਸਾਰਕ ਆਯੂ ਲਗਭਗ ਤਰਤਾਲੀ (43) ਵਰੇ ਸੀ।
ਗੁਰਗੱਦੀ ਕਾਲ ਦੀਆਂ ਮੁੱਖ ਪ੍ਰਾਪਤੀਆਂ-
ਆਪ ਨੇ 25 ਸਾਲਾਂ ਦੇ ਗੁਰਗੱਦੀ ਕਾਲ ਵਾਲੇ ਇਸ ਛੋਟੇ ਜਹੇ ਸਮੇਂ `ਚ ਖਿੱੜੇ ਮੱਥੇ ਬੇਅੰਤ
ਓਕੜਾ ਦਾ ਮੁਕਾਬਲਾ ਬੜੀ ਦਲੇਰੀ ਨਾਲ ਕੀਤਾ ਅਤੇ ਜੋ ਪ੍ਰਾਪਤੀਆਂ ਕੀਤੀਆਂ, ਉਹ ਆਪਣੀ ਮਿਸਾਲ ਆਪ ਹਣ।
ਇਸ ਦੋਰਾਨ ਆਪਦੀ ਸਰਵ-ਪ੍ਰਮੁਖ ਪ੍ਰਾਪਤੀ ਅਦਿ ਬੀੜ ਦੀ ਸੰਪਾਦਨਾ ਅਤੇ
ਉਸਦਾ ਪ੍ਰਕਾਸ਼ ਕਰਨਾ ਵੀ ਸੀ। ਇਸੇ ਸਮੇਂ ਦੌਰਾਨ ਆਪ ਨੇ 30 ਰਾਗਾਂ `ਚ, ਆਪਣੀ ਬੇਅੰਤ ਬਾਣੀ
ਦੀ ਰਚਨਾ ਵੀ ਕੀਤੀ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ `ਚ ਲਗਭਗ ਅੱਧੀ ਬਾਣੀ, ਪੰਚਮ ਪਿਤਾ ਦੀ ਹੀ
ਹੈ। ਫ਼ਿਰ ਇੰਨਾ ਹੀ ਨਹੀਂ ਸਾਰੀ ਬਾਣੀ ਨੂੰ ਤਰਤੀਬ ਦੇਣਾ, ਉਸਨੂੰ ਅੰਕ ਨੰਬਰ ਦੇਣੇ, ਇਨ੍ਹਾਂ ਅੰਕਾਂ
ਦੇ ਦੇਣ `ਚ ਉਹ ਗਹਿਰਾਈ, ਕਿ ਰਹਿੰਦੀ ਦੁਨੀਆਂ ਤੀਕ ਇਸ `ਚ ਮਿਲਾਵਟ ਨਾ ਕਰ ਸਕੇ; ਇਸ ਤੋਂ ਇਲਾਵਾ
ਗੁਰਬਾਣੀ ਦੀ ਵਿਆਕਰਣਕ ਪਖੋਂ ਸੰਭਾਲ ਉਪਰੰਤ ਅਦਿ ਬੀੜ ਦੀ ਸੰਪਾਦਨਾ ਤੇ ਉਸਦਾ
ਪ੍ਰਕਾਸ਼। ਇਹ ਆਪਣੇ ਆਪ `ਚ ਇੱਕੋ ਹੀ ਇੰਨੀ ਵੱਡੀ ਪ੍ਰਾਪਤੀ ਸੀ, ਜਿਸ ਦਾ ਅੰਦਾਜ਼ਾ ਲਾਉਣਾ ਵੀ ਸੌਖਾ
ਨਹੀਂ। ਇਸ ਗੁਰਬਾਣੀ ਰਚਨਾ ਅਤੇ ਪ੍ਰਕਾਸ਼ ਵਾਲੀ ਸਚਾਈ ਬਾਰੇ ਗਹਿਰਾਈ ਦਾ, ਜੇਕਰ ਕੋਈ ਅੰਦਾਜ਼ਾ ਵੀ ਕਰ
ਸਕਦਾ ਤਾਂ ਉਹ ਵੀ ਕੋਈ ਗੁਰਬਾਣੀ ਗਿਆਤਾ ਹੀ, ਆਮ ਇਨਸਾਨ ਨਹੀਂ ਕਰ ਸਕਦਾ। ਇਸਤੋਂ ਬਾਅਦ ਇਹ ਵਿਸ਼ਾ
ਕੇਵਲ ਅਦਿ ਬੀੜ ਦੀ ਸੰਪਾਦਨਾ ਤੀਕ ਹੀ ਸੀਮਤ ਨਹੀਂ ਰਹਿੰਦਾ, ਉਸ ਦੇ ਕੇਂਦਰੀ
ਪ੍ਰਕਾਸ਼ ਲਈ ‘ਦਰਬਾਰ ਸਾਹਿਬ’ ਅੰਮ੍ਰਿਤਸਰ ਦੀ ਵਕਤੋਂ ਪਹਿਲਾਂ ਸਥਾਪਣਾ। ਉਪਰੰਤ ਅੰਮ੍ਰਿਤਸਰ ਜਾਂ
ਸਰੋਵਰ ਤੋਂ ਇਲਾਵਾ, ਅੰਮ੍ਰਿਤਸਰ ਦੇ ਪੂਰੇ ਨਗਰ ਦਾ ਵਸਾਉਣਾ, ਭਾਵੇਂ ਕਿ ਇਹ ਕਾਰਜ ਮੂਲ ਰੂਪ `ਚ
ਚੌਥੇ ਪਾਤਸ਼ਾਹ ਸਮੇਂ ਅਰੰਭ ਹੋ ਚੁੱਕੇ ਸਨ।
ਇਨ੍ਹਾਂ ਕਰਜਾਂ ਵਿਚੋਂ ਸਭ ਤੋਂ ਪਹਿਲਾਂ ਗੁਰਦੇਵ ਨੇ ‘ਅੰਮ੍ਰਿਤਸਰ’ ਸਰੋਵਰ
ਦੀ ਖੁਦਵਾਈ ਦਾ ਕਾਰਜ ਜੋ ਚੌਥੇ ਪਾਤਸ਼ਾਹ ਨੇ ਅਰੰਭ ਕਰਵਾਇਆ ਅਤੇ ਜ਼ਮੀਨ ਤੀਜੇ ਪਾਤਸ਼ਾਹ ਨੇ ਖਰੀਦੀ
ਸੀ, ਉਸ `ਚ ਤੇਜ਼ੀ ਲਿਆਂਦੀ। ਚੌਥੇ ਪਾਤਸ਼ਾਹ ਨੇ ‘ਗੁਰੂ ਕਾ ਚੱਕ’ ਵਸਾਉਣ ਲਈ ਵੱਖੋ ਵੱਖਰੇ ਕਿੱਤਿਆਂ
ਦੇ ਲੋਕਾਂ ਨੁੰ ਸੱਦਾ ਦਿੱਤਾ ਸੀ। ਇਸ ਤਰ੍ਹਾਂ ਇਹ ਸੱਦਾ, ਕੇਵਲ ਸੱਦਾ ਹੀ ਨਹੀਂ, ਬਲਕਿ ‘ਗੁਰੂ ਕਾ
ਚੱਕ’ (ਮੋਜੂਦਾ ਅੰਮ੍ਰਿਤਸਰ) ਵਸਾਉਣ ਲਈ ਇਸ ਪਾਸੇ ਪਹਿਲਾ ਕੱਦਮ ਸੀ। ਇਸੇ ਲਈ ਉਥੇ ਸ਼ਹਰੀ ਵਸੋਂ
ਵਾਲੇ ਸਾਰੇ ਪ੍ਰਬੰਧ ਕਰਨੇ ਸਨ ਅਤੇ ਉਹ ਕੀਤੇ ਵੀ। ਇਸ ਨਗਰੀ ਦਾ ਨਾਮ ‘ਗੁਰੂ ਕਾ ਚੱਕ’ ਤੋਂ ਬਦਲ ਕੇ
`ਚੱਕ ਗੁਰੂ ਰਾਮਦਾਸ’ ਜਾਂ ‘ਗੁਰੂ ਰਾਮਦਾਸ ਪੁਰ’ ਪ੍ਰਚਲਤ ਹੋ ਗਿਆ। ਹੋਰ, ਚੌਥੇ ਪਾਤਸ਼ਾਹ ਨੇ ਮਸੰਦ
ਅਤੇ ਦਸਵੰਧ ਪ੍ਰਥਾ ਦਾ ਵੀ ਅਰੰਭ ਕੀਤਾ ਸੀ, ਇਹ ਜ਼ਿੰਮੇਵਾਰੀਆਂ ਵੀ ਆਪਣੇ ਆਪ `ਚ ਬਹੁਤ ਵੱਡੀਆਂ ਸਨ।
ਸਮੇਂ ਨਾਲ ਪੰਜਵੇਂ ਗੁਰਦੇਵ ਨੇ ਇਨ੍ਹਾਂ ਦੋਨਾਂ ਕਾਰਜਾਂ ਨੂੰ ਬਾਕਾਇਦਾ ਸੰਸਥਾਵਾਂ ਦਾ ਰੂਪ ਦਿੱਤਾ।
(ਉਪਰੰਤ ਦਸਮੇਸ਼ ਜੀ ਦੇ ਸਮੇਂ ਤੀਕ ਜਦੋਂ ਮਸੰਦ ਪ੍ਰਥਾ `ਚ ਨੁੱਕਸ ਆ ਗਏ ਤਾਂ ਉਨ੍ਹਾਂ ਨੇ ਇਸ ਪ੍ਰਥਾ
ਨੂੰ ਹੀ ਖਤਮ ਕਰ ਦਿੱਤਾ)।
ਇਧਰ ‘ਗੁਰੂ ਕਾ ਚੱਕ’ ਹੁਣ ਤੀਕ ਜਿਸ ਦਾ ਨਾਮ `ਚੱਕ ਗੁਰੂ ਰਾਮਦਾਸ’ ਹੋ
ਚੁੱਕਾ ਸੀ। ਇਸ ਇਲਾਕੇ `ਚ ਸੰਗਤਾਂ ਦੀ ਲਗਾਤਾਰ ਵੱਧ ਰਹੀ ਆਬਾਦੀ ਅਤੇ ਉਨ੍ਹਾਂ ਦੀਆਂ ਲੋੜਾਂ ਨੂੰ
ਮੁੱਖ ਰਖ ਕੇ ਗੁਰਦੇਵ ਨੇ ਕੁੱਝ ਦੂਰੀ ਤੇ ਇੱਕ ਹੋਰ ਸਰੋਵਰ ਜਿਸ ਦਾ ਨਾਮ ‘ਸੰਤੋਖਸਰ’ ਰਖਿਆ ਉਹ
ਖੁਦਵਾਇਆ। ਸੰਨ 1588 `ਚ ਇਹ ਦੋਵੇਂ ਸਰੋਵਰ ਮੁਕੰਮਲ ਹੋ ਗਏ। ਅੰਮ੍ਰਿਤਸਰ, ਸਰ ਭਾਵ ਸਰੋਵਰ
ਕਾਰਣ, `ਚੱਕ ‘ਗੁਰੂ ਰਾਮਦਾਸ’ ਵਾਲੀ ਨਗਰੀ ਦਾ ਨਾਮ ਬਦਲ ਕੇ ‘ਅੰਮ੍ਰਿਤਸਰ’ (ਸਰੋਵਰ) ਦੇ ਨਾਮ ਤੇ
ਪੂਰੇ ਸ਼ਹਿਰ ਦਾ ਨਾਮ ਹੀ ‘ਅੰਮ੍ਰਿਤਸਰ’ ਹੋ ਗਿਆ। ਅਕਤੂਬਰ ਸੰਨ 1588 ਨੂੰ ਪਾਤਸ਼ਾਹ ਨੇ
ਸਰੋਵਰ ਦੇ ਕੇਂਦਰ `ਚ, ‘ਦਰਬਾਰ ਸਾਹਿਬ’ ਵਾਲੀ ਬਿਲਡਿੰਗ ਨੂੰ ਅਰੰਭ ਕਰਵਾਇਆ। ਅਦਿ ਬੀੜ ਦਾ ਪ੍ਰਕਾਸ਼
ਕਰਣ ਤੋਂ ਪਹਿਲਾਂ ਦਰਬਾਰ ਸਾਹਿਬ ਵਾਲੀ ਬਿਲਡਿੰਗ ਦੀ ਨਿਰਮਾਨਤਾ ਅਤੇ ਸੰਪੂਰਣਤਾ ਵੀ ਪੰਜਵੇਂ
ਪਾਤਸ਼ਾਹ ਦੀ ਹੀ ਦੇਣ ਹਨ। ਵਿਚਲੇ ਸਮੇਂ `ਚ ਦਰਬਾਰ ਸਾਹਿਬ ਨੂੰ ‘ਹਰਿਮੰਦਿਰ ਸਾਹਿਬ’ ਵੀ ਕਿਹਾ ਜਾਣ
ਲਗ ਪਿਆ ਹੈ, ਪਰ ਇਸ ਨਾਮ ਉਪਰ ਬਹੁਤੇ ਵਿਦਵਾਨ ਸਹਿਮਤ ਨਹੀਂ ਹਨ। ਉਂਝ ਵੀ ਗੁਰਦੇਵ ਰਾਹੀਂ ਵੀ ਇਸ
ਨੂੰ ਨਾਮ ‘ਦਰਬਾਰ ਸਾਹਿਬ’ ਹੀ ਦਿੱਤਾ, ਮਿਲਦਾ ਹੇ, ਹਰਿਮੰਦਿਰ ਨਹੀਂ।
ਬਲਕਿ ਲਫ਼ਜ਼ ‘ਹਰਿਮੰਦਿਰ’ ਤੋਂ ਤਾਂ ਬ੍ਰਾਹਮਣੀ ਵਿਚਾਰਧਾਰਾ ਅਨੁਸਾਰ ਬਣੇ ਮੰਦਿਰਾਂ ਦਾ ਭੁਲੇਖਾ ਵੀ
ਪੈਂਦਾ ਹੈ ਜੋ ਠੀਕ ਨਹੀਂ। ਇਸ ਲਈ ਇਸਦਾ ਅਸਲ ਨਾਮ ‘ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ’ ਹੀ ਹੈ।
ਇੰਨਾ ਹੀ ਨਹੀਂ, ਸੰਨ 1590 `ਚ ਦਰਬਾਰ ਸਾਹਿਬ ਵਾਲੀ ਇਮਾਰਤ ਵੀ ਮੁਕੰਮਲ ਹੋ ਗਈ। ਇਨ੍ਹਾਂ
ਸਾਰੇ ਕਾਰਜਾਂ ਨੂੰ ਨੇਪਰੇ ਚੜ੍ਹਾਉਣ ਦੌਰਾਨ ਸਰਕਾਰ `ਚ ਬੈਠੇ ਜਨੂੰਨੀ ਅਤੇ ਹੋਰ ਗੁਰੂ ਦਰਬਾਰ
ਵਿਰੋਧੀ ਤਾਕਤਾਂ ਦੇ ਜਮਘਟੇ ਨੇ, ਆਪ ਦੇ ਵੱਡੇ ਭ੍ਰਾਤਾ ਪ੍ਰਿਥੀ ਚੰਦ ਨੂੰ ਵੀ ਆਪਣੇ ਨਾਲ ਗੰਢ ਕੇ,
ਇਨ੍ਹਾਂ ਸਾਰੇ ਕਾਰਜਾਂ ਵਿਚਕਾਰ ਅਨੇਕਾਂ ਦਿਲ ਕੰਬਾਊ ਰੁਕਾਵਟਾਂ ਖੜੀਆਂ ਕੀਤੀਆਂ, ਪਰ ਉਨ੍ਹਾਂ ਨੇ
ਹਰ ਵਾਰ ਮੂੰਹ ਦੀ ਹੀ ਖਾਧੀ।
ਇਨ੍ਹਾਂ ਸਾਰੇ ਕਾਰਜਾਂ ਲਈ ਆਪ ਦੇ ਗੁਰੂ ਕਾਲ ਦੇ ਅਰੰਭਕ, ਲਗਭਗ ਨੌ ਸਾਲਾਂ
ਦਾ ਸਮਾਂ ਲਗਾ। ਕਾਰਜ ਬਹੁਤ ਵੱਡੇ ਸਨ ਅਤੇ ਇਨ੍ਹਾਂ ਕਾਰਜਾਂ `ਚ ਰੁਕਾਵਟਾਂ ਵੀ ਬੇਅੰਤ ਪਾਈਆਂ
ਗਈਆਂ। ਇਸ ਸਾਰੇ ਦੇ ਬਾਵਜੂਦ ਸ਼ਾਂਤੀ ਦੇ ਪੁੰਜ, ਸਹਿਨਸ਼ੀਲਤਾ ਦੀ ਮੂਰਤ, ਗੁਰਦੇਵ ਪਾਤਸ਼ਾਹ ਅਡੋਲ
ਰਹੇ। ਇਨ੍ਹਾਂ ਪ੍ਰਾਪਤੀਆਂ ਲਈ ਮਾਤਾ ਗੰਗਾ ਜੀ ਤੋਂ ਇਲਾਵਾ; ਭਾਈ ਗੁਰਦਾਸ, ਬਾਬਾ ਬੁੱਢਾ ਜੀ ਆਦਿ
ਸਿਰਕੱਢ ਪਤਵੰਤੇ ਸਿੱਖਾਂ ਦਾ ਵੀ ਗੁਰਦੇਵ ਨੂੰ ਭਰਵਾਂ ਸਹਿਯੋਗ ਪ੍ਰਾਪਤ ਰਿਹਾ। ਆਪ ਨੇ ਸਿੱਖਾਂ ਨੂੰ
ਘੋੜਿਆਂ ਦੇ ਵਪਾਰ ਵਲ ਵੀ ਲਾਇਆ ਅਤੇ ਇਸ ਕਾਰਜ ਲਈ ਉਨ੍ਹਾਂ ਨੂੰ ਕਾਬੁਲ ਤੀਕ ਭੇਜਿਆ। ਗੁਰਮਤਿ ਪਾਠ
ਨੰਬਰ 37 “ਜੀਵਨ ਝੱਲਕ, ਪੰਜਵੇਂ ਪਾਤਸ਼ਾਹ, ਗੁਰੂ
ਅਰਜਨ ਸਾਹਿਬ” `ਚ ਅਜਿਹੇ ਸਾਰੇ ਵਿਸ਼ੇ ਸਪਸ਼ਟ ਕਰ ਚੁੱਕੇ ਹਾਂ। ਅਸਲ ਗੱਲ ਕਿ
ਪੰਜਵੇ ਪਾਤਸ਼ਾਹ ਰਾਹੀਂ, ਗੁਰਗਦੀ ਪ੍ਰਾਪਤੀ ਤੋਂ ਲੈਕੇ ਅੰਤ ਤਸੀਹੇ ਭਰਪੂਰ ਸ਼ਹਾਦਤ ਤੀਕ- ਸਾਰਾ
ਜੀਵਨ, ਮਹਾਨ ਘਾਲਣਾਵਾਂ ਨਾਲ ਭਰਿਆ ਅਤੇ ਇੱਕ ਮਹਾਨ ‘ਨੇਸ਼ਨ ਬਿਲਡਰ’ ਦੇ ਤੌਰ ਤੇ ਵੀ ਉਭਰਦਾ ਹੈ।
ਇਸੇ ਹੀ ਜੀਵਨ ਲੀਲਾ ਵਿਚੋਂ ਅਸਾਂ ਦਰਸ਼ਨ ਕਰਨੇ ਹਨ ਗੁਰਦੇਵ ਦੇ ਪ੍ਰਚਾਰ ਦੌਰਿਆਂ ਅਤੇ ਉਨ੍ਹਾਂ
ਦੌਰਿਆਂ ਪਿਛੇ ਵਰਤੀ ਗਈ ਆਪ ਰਾਹੀਂ ਦੂਰਦਰਸ਼ਤਾ ਦੇ। ਫ਼ਿਰ ਵੀ ਇੱਕ ਨਜ਼ਰ ਗੁਰਦੇਵ ਇੱਕ ‘ਮਹਾਨ ਨੇਸ਼ਨ
ਬਿਲਡਰ’ ਦੇ ਰੂਪ `ਚ ਕਿਵੇਂ? ਕੁੱਝ ਇਹ ਝਲਕ ਵੀ ਲੈਂਦੇ ਹਾਂ:
ਮਹਾਨ ‘ਨੇਸ਼ਨ ਬਿਲਡਰ’ ਕਿਵੇਂ? -
ਸਭ ਤੋਂ ਪਹਿਲਾਂ ‘ਅੰਮ੍ਰਿਤਸਰ ਸਰੋਵਰ’ ਦੀ ਸੰਪੂਰਣਤਾ, ਉਸਦੇ ਨਾਲ ਸੰਤੋਖ ਸਰ ਨੂੰ ਵੀ ਬਨਾਉਣਾ।
ਉਪਰੰਤ ‘ਅੰਮ੍ਰਿਤਸਰ ਸਰੋਵਰ’ ਦੇ ਦਰਮਿਆਨ ‘ਦਰਬਾਰ ਸਾਹਿਬ’ ਦੀ ਬਿਲਡਿੰਗ, ਜਿਸ ਦੇ ਲਈ ਵੱਡੇ ਵੱਡੇ
ਇਮਾਰਤੀ ਕਲਾਕਾਰ ਵੀ ਅੱਜ ਤੀਕ ਦੰਦਾ ਥਲੇ ਉਂਗਲੀਆਂ ਦੇਣੋ ਨਹੀਂ ਰਹਿ ਸਕਦੇ, ਪੰਜਵੇਂ ਪਾਤਸ਼ਾਹ ਦੀ
ਹੀ ਦੇਣ ਹਨ। ਉਪਰੰਤ ਗੁਰਦੇਵ ਰਾਹੀਂ ਸਖੀ ਸਰਵੜੀਆਂ ਦੇ ਗੜ੍ਹ `ਚ ਪੁੱਜ ਕੇ ਤਰਨਤਾਰਨ ਵਸਾਉਣਾ ਅਤੇ
ਉਥੇ ਵੀ ਸਰੋਵਰ ਅਤੇ ਦਰਬਾਰ ਸਾਹਿਬ ਦੀ ਕਾਇਮੀ। ਇਥੇ ਤਰਨਤਾਰਨ `ਚ ਹੀ ਗੁਰਦੇਵ ਨੇ ਕੋੜ੍ਹੀਆਂ ਲਈ
ਇੱਕ ਹਸਪਤਾਲ ਵੀ ਬਣਵਾਇਆ, ਜਿਸ ਨੂੰ ਸਿੱਖਾਂ ਨੇ ਨਹੀਂ ਸੰਭਾਲਿਆ, ਇਸਨੂੰ ਅੱਜ ਕਲ ਇਸਾਈ ਮਿਸ਼ਨਰੀ
ਚਲਾ ਰਹੇ ਹਨ। ਸੰਨ 1593 `ਚ ਗੁਰੂਦਰ ਦੇ ਅਨਿੰਨ ਸੇਵਕ ਅਤੇ ਜਲੰਧਰ ਦੇ ਗਵਰਨਰ ਅਜ਼ੀਮ ਖਾਂ
ਦੀ ਬੇਨਤੀ ਅਤੇ ਇਸ ਦੇ ਨਾਲ ਹੀ ਉਸ ਰਾਹੀਂ ਜਗ੍ਹਾ ਭੇਟ ਕਰਨ `ਤੇ ਪਾਤਸ਼ਾਹ ਨੇ ਦੂਜਾ ਕਰਤਾਰਪੁਰ
ਸਾਹਿਬ (ਜਲੰਧਰ) ਵੀ ਵਸਾ ਦਿੱਤਾ। ਇਸ ਤੋਂ ਇਲਾਵਾ, ਜਰਨੈਲੀ ਰੋਡ ਉਪਰ, ਛੇਹਰਟਾ ਸਾਹਿਬ,
ਅੰਮ੍ਰਿਤਸਰ ਵਸਾਇਆ। ਉਪਰੰਤ ਲਾਹੌਰ ਚੂਨਾ ਮੰਡੀ ਵਿਖੇ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਦਾ ਜਨਮ
ਸਥਾਨ ਅਤੇ ਉਥੇ ਹੀ ਡੱਬੀ ਬਾਜ਼ਾਰ `ਚ ਧਰਮਸਾਲਾ ਬਾਉਲੀ ਸਾਹਿਬ (ਗੁਰਦੁਆਰਾ) ਵੀ ਆਪ ਨੇ ਹੀ ਬਣਵਾਈ।
ਥੋੜੇ ਜਹੇ ਸਮੇਂ `ਚ ਇੰਨੀਆਂ ਵੱਧ ਉਸਾਰੀਆਂ ਇੱਕ ਆਮ ਮਨੁੱਖ ਨਹੀਂ ਕਰ ਸਕਦਾ। ਇਹ ਸਭ ਪੰਜਵੇਂ
ਗੁਰਦੇਵ ਦੀ ਦੂਰ-ਦਰਸ਼ਿਤਾ ਅਤੇ ਦਲੇਰੀ ਦੀ ਹੀ ਆਪਣੀ ਨਿਵੇਕਲੀ ਮਿਸਾਲ ਹਨ। ਇਹ ਸਾਰੇ ਕਾਰਜ ਜਿੱਥੇ
ਮਹਾਨ ਕਾਰਜ ਸਨ, ਇਹ ਸਾਰੇ ਸਿੱਖੀ ਪ੍ਰਚਾਰ ਦਾ ਆਧਾਰ ਤਾਂ ਹੈਣ ਹੀ ਇਸ ਤੋਂ ਇਲਾਵਾ ਇੰਨ੍ਹਾ ਵਿਚੋਂ
ਬਹੁਤੇ ਆਪ ਦੇ ਪ੍ਰਚਾਰ ਦੌਰਿਆਂ ਦਾ ਵੀ ਹਿੱਸਾ ਸਨ।
ਪ੍ਰਚਾਰ ਦੌਰਿਆਂ ਬਾਰੇ ਕੁੱਝ ਹੋਰ- ਦਰ ਅਸਲ ਹੁਣ ਤੀਕ ਜੋ ਜ਼ਿਕਰ ਚਲ
ਰਿਹਾ ਹੈ ਇਸ ਦੇ ਅੰਦਰ ਬਹੁਤਾ ਗੁਰਦੇਵ ਦੇ ਪ੍ਰਚਾਰ ਦੌਰਿਆਂ ਨਾਲ ਹੀ ਸੰਬੰਧਤ ਹੈ। ਆਦਿ ਬੀੜ ਦੀ
ਸੰਪਾਦਨਾ, ਅੰਮ੍ਰਿਤਸਰ ਸ਼ਹਿਰ ਨੂੰ ਵਸਾਉਣਾ, ਦਰਬਾਰ ਸਾਹਿਬ ਅੰਮ੍ਰਿਤਸਰ ਦੀ ਕਾਇਮੀ, ਸੰਤੋਖ ਸਰ ਤੋਂ
ਬਾਅਦ ਜੋ ਕੁੱਝ ਵੀ ਗੁਰਦੇਵ ਨੇ ਇੱਕ ਨੇਸ਼ਨ ਬਿਲਡਰ ਦੇ ਤੌਰ ਤੇ ਕੀਤਾ ਜਾਂ ਬਣਵਾਇਆ ਉਸ ਸਾਰੇ ਦਾ
ਸੰਬੰਧ ਪਾਤਸ਼ਾਹ ਦੇ ਪ੍ਰਚਾਰ ਦੌਰਿਆਂ ਨਾਲ ਹੀ ਹੈ। ਇਹ ਸਾਰੇ ਕਾਰਜ ਗੁਰਦੇਵ ਦੇ ਪ੍ਰਚਾਰ ਦੌਰਿਆਂ
ਦੌਰਾਨ ਹੀ ਹੋਏ। ਇਥੋਂ ਤੀਕ ਕਿ ਬਾਲ (ਗੁਰੂ) ਹਰਿਗੋਬਿੰਦ ਜੀ ਦਾ ਆਗਮਨ ਵੀ ਗੁਰਦੇਵ ਦੇ ਪ੍ਰਚਾਰ
ਦੌਰਿਆਂ ਦੌਰਾਨ ਹੀ ਹੋਇਆ, ਕਿਸੇ ਟਿਕਾਅ ਦੇ ਸਮੇਂ ਨਹੀਂ। ਇਸ ਤੋਂ ਵੀ ਵੱਡੀ ਗਲ ਇਹ ਕਿ ਇਹ ਸਭ ਅਤੇ
ਪ੍ਰਚਾਰ ਦੌਰੇ ਆਪ ਦੇ ਜੀਵਨ ਦੇ ਕਿਸੇ ਸ਼ਾਤੀ ਕਾਲ `ਚ ਨਹੀਂ, ਇਹ ਸਭ ਉਦੋਂ ਹੁੰਦਾ ਰਿਹਾ ਜਦੋਂ ਕਿ
ਗੁਰੂ ਦਰ ਦੇ ਵਿਰੋਧੀਆਂ ਦੇ ਵਾਰ ਵੀ ਅਰੁਕ ਅਤੇ ਦਿਨ-ਰਾਤ ਚਲ ਰਹੇ ਸਨ।
ਕਾਲ, ਚੇਚਕ ਅਤੇ ਓਕੜਾਂ ਦਾ ਵਿਸ਼ਾ- ਦੇਖਣ ਦੀ ਗਲ ਹੈ ਕਿ ਉਸ ਜ਼ਮਾਨੇ
`ਚ ਖੇਤੀ ਦਾ ਵਸੀਲਾ ਨਹਿਰਾਂ ਨਹੀਂ ਸਨ ਹੁੰਦੀਆਂ। ਖੇਤੀ ਦਾ ਸਾਰਾ ਕੰਮ ਬਾਰਸ਼ਾਂ ਅਤੇ ਖੂਹਾਂ ਆਸਰੇ
ਹੀ ਚਲਦਾ ਸੀ। ਦੂਜੇ ਪਾਸੇ ਕਾਦਿਰ ਦੀ ਕਰਣੀ ਕਿ ਪੰਚਮ ਪਿਤਾ ਦੇ ਸਮੇਂ `ਚ ਇੱਕ ਵਾਰੀ ਲਗਾਤਾਰ ਤਿੰਨ
ਸਾਲ ਤੀਕ ਬਾਰਸ਼ਾਂ ਨਾ ਹੋਈਆਂ, ਖੇਤ ਬੰਜਰ ਹੋ ਗਏ ਜਿਸਤੋਂ ਲੋਕਾਈ ਬੇਹਾਲ ਸੀ। ਇਸ ਤਰ੍ਹਾਂ ਇਹ
ਬਿਨਾਂ ਬਾਰਿਸ਼ਾਂ-ਕਾਲ ਬਹੁਤ ਲੰਮੇ ਸਮੇਂ ਲਈ ਰਿਹਾ। ਉਸ ਸਮੇਂ ਆਪ ਦਾ ਪ੍ਰਚਾਰ ਦੌਰਾ ਵੀ ਚਲ ਰਿਹਾ
ਸੀ। ਇਸੇ ਕਾਰਨ, ਇਸ ਦੌਰਾਨ ਗੁਰਦੇਵ ਨੇ ਅਮ੍ਰਿਤਸਰ ਛੱਡ ਕੇ ਆਪਣਾ ਪੱਕਾ ਡੇਰਾ ਵਡਾਲੀ (ਸਾਹਿਬ) ਹੀ
ਬਣਾ ਲਿਆ ਸੀ। ਆਪ ਨੇ ਲੋਕਾਈ ਦੀ ਮਦਦ ਲਈ ਅਨੇਕਾਂ ਇੱਕ ਹਰਟੇ ਤੋਂ ਵਧਾ ਕੇ ਦੋ ਹਰਟੇ, ਤਿੰਨ ਤੇ
ਚਾਰ ਹਰਟੇ ਖੂਹ ਵੀ ਖੁਦਵਾਏ। ਇਸੇ ਦੌਰਾਨ, ਜਦੋਂ ਕਿ ਲੋਕਾਈ ਦੀ ਮਦਦ ਲਈ ਆਪ ਦਿਨ-ਰਾਤ ਇੱਕ ਕਰ ਰਹੇ
ਸਨ ਤਾਂ ਇਨ੍ਹਾਂ ਦਿਨਾਂ `ਚ ਹੀ 19 ਜੂਨ ਸੰਨ 1595 `ਚ ਆਪ ਦੇ ਗ੍ਰਿਹ ਵਿਖੇ ਬਾਲ
(ਗੁਰੂ) ਹਰਿਗੋਬਿੰਦ ਜੀ ਦਾ ਆਗਮਨ ਹੋਇਆ ਤਾਂ ਆ ਦਾ ਡੇਹਰਾ ਵਡਾਲੀ (ਸਾਹਿਬ) ਵਿਖੇ ਹੀ ਸੀ। ਉਦੋਂ
ਆਪ ਰਾਹੀਂ ਪ੍ਰਚਾਰ ਦੌਰਿਆਂ ਦੌਰਾਨ, ਸਾਰਾ ਕਾਰਜ ਹੀ ਕਾਲ ਪੀੜਤਾਂ ਦੀ ਸੰਭਾਲ ਦਾ ਚਲ ਰਿਹਾ ਸੀ।
ਕਾਲ ਦੀ ਮਾਰ ਤੋਂ ਬੇਹਾਲ ਲੋਕਾਈ ਦੇਖ ਰਹੀ ਸੀ ਕਿ ਕਿਸ ਤਰ੍ਹਾਂ ਪੰਚਮ ਪਿਤਾ, ਪੂਰੀ ਤਰ੍ਹਾਂ
ਬੇ-ਆਰਾਮ ਹੋ ਕੇ ਉਨ੍ਹਾਂ ਮਜਬੂਰਾਂ ਬੇਸਹਾਰਾ ਹੋਏ ਲੋਕਾਂ ਦਾ ਦਰਦ ਵੰਡਾਉਣ `ਚ ਇਕ-ਜੁਟ ਸਨ। ਅਜੇਹੇ
ਹਾਲਾਤ `ਚ ਗੁਰੂ ਕੀਆਂ ਸੰਗਤਾਂ ਤੋਂ ਇਲਾਵਾ ਆਮ ਲੋਕਾਈ ਦੇ ਮਨ `ਤੇ ਵੀ ਇਸ ਗਲ ਦਾ ਬਹੁਤ ਪ੍ਰਭਾਵ
ਸੀ। ਉਂਝ ਤਾਂ ਗੁਰੂ ਦਰ `ਤੇ ਹਰਖ-ਸੋਗ ਬਰਾਬਰ ਹਨ ਅਤੇ ਪ੍ਰਭੂ ਰਚਨਾ `ਚ ਉਸਦੇ ਸੰਸਾਰ ਚਕਰ ਦਾ
ਹਿੱਸਾ ਹਨ ਪਰ ਅਜੇਹੇ ਹਾਲਾਤ `ਚ ਬਾਲ ਗੁਰੂ ਦੇ ਆਗਮਨ ਤੇ ਲੋਕਾਈ ਦੀ ਮੰਗ ਸੀ ਕਿ ਗੁਰਦੇਵ,
ਬਾਲ-ਗੁਰੂ ਦੇ ਆਗਮਨ ਦੀ ਖੁਸ਼ੀ `ਚ ਕੋਈ ਪੱਕੀ ਯਾਦਗਾਰ ਕਾਇਮ ਕਰਣ। ਇਸ ਤੇ ਆਪ ਨੇ ਲੋਕਾਈ ਦੇ ਜਜ਼ਬਾਤ
ਦੀ ਕੱਦਰ ਕਰਦੇ ਹੋਏ ਉਨ੍ਹਾਂ ਦੀ ਮੰਗ `ਤੇ ਨਾਲ ਹੀ ਉਨ੍ਹਾਂ ਦੀਆਂ ਉਸ ਸਮੇਂ ਦੀਆਂ ਲੋੜਾਂ ਨੂੰ ਮੁਖ
ਰਖਕੇ, ਬਾਲ ਗੁਰੂ ਦੇ ਆਗਮਨ ਦੀ ਯਾਦ `ਚ ਛੇ-ਹਰਟਾ ਖੂਹ ਵੀ ਬਣਵਾਇਆ। ਬਾਅਦ `ਚ ਇਸੇ ਕਾਰਨ, ਇਸ
ਸਾਰੇ ਇਲਾਕੇ ਦਾ ਹੀ ਨਾਮ ਛੇਹਰਟਾ ਸਾਹਿਬ ਕਰਕੇ ਮਸ਼ਹੂਰ ਹੋ ਗਿਆ ਤੇ ਅੱਜ ਇਥੇ ਉਸ ਯਾਦ `ਚ
ਗੁਰਦੁਆਰਾ ਛੇਹਰਟਾ ਸਾਹਿਬ’ ਕਾਇਮ ਹੈ। ਇਹ ਸਥਾਨ ਅੰਮ੍ਰਿਤਸਰ ਤੋਂ ਲਹਿੰਦੇ ਪਾਸੇ ਚਾਰ ਕੁ ਮੀਲ ਦੀ
ਵਿੱਥ `ਤੇ, ਜਰਨੈਲੀ ਸੜਕ ਅਥਵਾ ਅਜੋਕੀ ਸ਼ੇਰ ਸ਼ਾਹ ਸੂਰੀ ਰੋਡ ਅੰਮ੍ਰਿਤਸਰ ਦੇ ਕਿਨਾਰੇ ਤੇ ਹੈ ਅਤੇ
ਅੱਜ ਜ਼ਿਲਾ ਅੰਮ੍ਰਿਤਸਰ `ਚ ਹੀ ਆਉਂਦਾ ਹੈ।
ਪ੍ਰਚਾਰ ਦੌਰਿਆਂ ਦੌਰਾਨ ਕਾਲ ਪੀੜਤ-
ਉਪਰੰਤ ਇਸ ਔੜ ਕਾਲ ਕਾਰਨ ਫੈਲਣ ਵਾਲੀਆ ਬਿਮਾਰੀਆਂ ਵਿਚੋਂ ਚੇਚਕ ਨਾਲ ਹੋਈ ਮਹਾਮਾਰੀ ਵਿਸ਼ੇਸ਼
ਹੈ। ਚੇਚਕ ਦੀ ਇਸ ਮਹਾਮਾਰੀ ਦੌਰਾਨ ਆਪ ਉਚੇਚੇ ਲਾਹੌਰ ਪੁੱਜੇ ਕਿਉਂਕਿ ਬਿਮਾਰੀ ਕਾਰਨ ਉਥੇ ਬਹੁਤ
ਜ਼ਿਆਦਾ ਤੱਬਾਹੀ ਮਚੀ ਹੋਈ ਸੀ। ਆਪ ਦਾ ਇਹ ਸਮਾਂ ਪ੍ਰਚਾਰ ਦੌਰਿਆਂ ਦਾ ਹੀ ਚਲ ਰਿਹਾ ਸੀ ਅਤੇ ਇਹ
ਜ਼ਿਕਰ ਸੰਨ ੧੫੯੭ ਦਾ ਹੈ। ਉਸ ਸਮੇਂ ਮਹਾਮਾਰੀ ਦਾ ਕਹਿਰ ਸ਼ਿਖਰਾਂ ਤੇ ਸੀ। ਚੂੰਕਿ ਇਹ ਔੜ ਸਾਲਾਂ
ਬੱਧੀ ਰਹੀ ਤਾਂ ਪਾਤਸ਼ਾਹ ਨੇ ਲੋਕਾਈ ਦੀ ਅਜੇਹੀ ਭਿਅੰਕਰ ਓਕੜ ਸਮੇਂ, ਸੰਗਤਾਂ ਨੂੰ ਨਾਲ ਲੈ ਕੇ ਅਤੇ
ਸਾਰੀ ਦਸਵੰਧ ਦੀ ਰਕਮ ਵੀ ਇਸੇ ਸੇਵਾ ਕੰਮ ਲਈ ਵਰਤ ਕੇ, ਲੋਕਾਈ ਦੀ ਸੇਵਾ `ਚ ਦਿਨ-ਰਾਤ ਇੱਕ ਕਰ
ਦਿੱਤਾ। ਚੂੰਕਿ ਇਸ ਤੋਂ ਪਹਿਲਾਂ ਅੰਮ੍ਰਿਤਸਰ ਦੀਆਂ ਉਸਾਰੀਆਂ ਦਾ ਕੰਮ ਵੀ ਸਮਾਪਤ ਹੋ ਚੁੱਕਾ ਸੀ
ਜਿਸਦਾ ਨਤੀਜਾ ਦਸਵੰਧ ਦੀ ਸਾਰੀ ਕਮਾਈ ਅਤੇ ਹੋਰ ਵੀ ਜਿੰਨੀ ਮਾਇਆ ਵੱਧ ਆਉਂਦੀ, ਇਨ੍ਹਾਂ ਕਾਲ
ਪੀੜਤਾਂ ਦੀ ਸੰਭਾਲ `ਚ ਲਾ ਦਿੱਤੀ ਜਾਂਦੀ। ਲਾਹੌਰ `ਚ ਹੀ ਗੁਰਦੇਵ ਨੇ ਅਨੇਕਾਂ ਲੰਗਰ ਵੀ ਚਲਾਏ, ਉਸ
ਸਮੇਂ ਦੇ ਮੁਸਲਮਾਨ ਲਿਖਾਰੀ ਨੁਰੁਲ-ਹੱਕ ਅਨੁਸਾਰ ਹਾਲਤ ਇੰਨੀ ਖ਼ਰਾਬ ਹੋ ਚੁਕੀ ਸੀ ਕਿ ਲਾਹੌਰ ਦੇ
ਗਲੀਆਂ-ਬਾਜ਼ਾਰ ਮੁਰਦਿਆਂ ਨਾਲ ਭਰੇ ਪਏ ਸਨ। ਇਥੋਂ ਤੀਕ ਕਿ ਉਨ੍ਹਾਂ ਲਾਸ਼ਾਂ ਦਾ ਸੰਸਕਾਰ ਕਰਣ ਵਾਲਾ
ਜਾਂ ਉਨ੍ਹਾਂ ਨੂੰ ਦਫ਼ਨਾਉਣ ਵਾਲਾ ਕੋਈ ਨਹੀਂ ਸੀ। ਇਥੋਂ ਤੀਕ ਵੀ ਹੋਇਆ ਕਿ ਕੇਵਲ ਇਸੇ ਕਾਰਨ ਉਸ
ਸਮੇਂ ਅਕਬਰ ਬਾਦਸ਼ਾਹ ਵੀ ਆਗਰੇ ਤੋਂ ਆਪਣਾ ਦੌਰਾ ਵਿੱਚੇ ਛੱਡ ਕੇ ਉਚੇਚਾ ਲਾਹੌਰ ਪੁੱਜਾ। ਉਹ
ਗੁਰੂ-ਦਰਬਾਰ ਵਲੋਂ ਹੋ ਰਹੀ ਇਸ ਲੋਕਾਈ ਦੀ ਸੇਵਾ ਤੋਂ ਬਹੁਤ ਪ੍ਰਭਾਵਤ ਹੋਇਆ।
ਅਜੇਹੇ ਬਿਪਤਾ ਭਰੇ ਸਮੇਂ ਲੋੜਵੰਦਾ ਨੂੰ ਰੁਜ਼ਗਾਰ `ਚ ਲਗਾਉਣ ਦੇ ਪੱਜ ਹੀ,
ਪੰਚਮ ਪਿਤਾ ਨੇ ਚੌਥੇ ਪਾਤਸ਼ਾਹ ਦੇ ਜਨਮ ਸਥਾਨ ਦੇ ਨਾਲ ਨਾਲ ਡੱਬੀ ਬਾਜ਼ਾਰ ਲਾਹੌਰ `ਚ ਅਜੋਕੀ ਬਾਉਲੀ
ਸਾਹਿਬ ਵਾਲੀ ਧਰਮਸਾਲ (ਗੁਰਦੁਆਰਾ) ਵੀ ਬਣਵਾਈ। ਇਸ ਤਰ੍ਹਾਂ ਇੱਕ ਪਾਸੇ ਮਹਾਮਾਰੀ ਦਾ ਸ਼ਿਕਾਰ ਲੋਕਾਂ
ਦੀ ਸੰਭਾਲ-ਸੇਵਾ, ਮੁਰਦਿਆਂ ਨੂੰ ਸਾੜਣਾ-ਦਫ਼ਨਾਉਣਾ, ਇਸ ਤੋਂ ਬਾਅਦ ਯਤੀਮ ਹੁੰਦੀ ਜਾ ਰਹੀ, ਉਨ੍ਹਾਂ
ਦੀ ਬੇਆਸਰਾ ਹੁੰਦੀ ਜਾਰਹੀ ਔਲਾਦ ਨੂੰ ਕੰਮ-ਕਾਰ-ਰੁਜ਼ਗਾਰ `ਤੇ ਲਾਉਣਾ, ਇੰਨੇ ਵੱਡੇ ਕਾਰਜ ਸਨ,
ਜਿੰਨ੍ਹਾਂ ਦਾ ਅੰਦਾਜ਼ਾ ਲਾਉਣਾ ਵੀ ਸੌਖਾ ਨਹੀਂ ਪਰ ਗੁਰਦੇਵ ਇਹੀ ਸਭ ਕਰ ਅਤੇ ਕਰਵਾ ਰਹੇ ਸਨ।
ਇਕ ਵਾਰੀ ਫ਼ਿਰ ਇਥੇ ਧਿਆਨ ਦੁਆਉਣਾ ਜ਼ਰੂਰੀ ਸਮਝਦੇ ਹਾਂ ਕਿ ਇਹ ਸਾਰਾ ਕਾਰਜ
ਗੁਰਦੇਵ ਦੇ ਪ੍ਰਚਾਰ ਦੌਰਿਆ ਦੌਰਾਨ ਹੀ ਹੋ ਰਿਹਾ ਸੀ, ਇਸ `ਚ ਗੁਰਦੇਵ ਨੂੰ ਇੱਕ ਘੜੀ ਦਾ ਵੀ ਟਿਕਾਅ
ਜਾਂ ਆਰਾਮ ਨਹੀਂ ਸੀ। ਇਥੋਂ ਤੀਕ ਕਿ ਜਦੋਂ ਵੱਡਾਲੀ ਵਿਖੇ ਬਾਲ (ਗੁਰੂ) ਹਰਿਗੋਬਿੰਦ ਜੀ ਦਾ ਆਗਮਨ
ਵੀ ਹੋਇਆ ਤਾਂ ਉਹ ਵੀ ਇਨ੍ਹਾਂ ਪ੍ਰਚਾਰ ਦੌਰਿਆ ਦੌਰਾਨ ਹੀ। ਇਥੋਂ ਤੀਕ ਗੁਰੂ ਜੀ ਦਾ ਭਾਵੇਂ ਸਾਰਾ
ਅਰੰਭਕ ਬਚਪਨ ਹੀ ਇਨ੍ਹਾਂ ਦੌਰਿਆਂ `ਚ ਬੀਤ ਰਿਹਾ ਸੀ। ਇਸ ਦੇ ਨਾਲ ਕਿ ਜਦੋਂ ਲਾਹੌਰ `ਚ ਚੇਚਕ ਆਦਿ
ਭਿਅੰਕਰ ਮਹਾਮਾਰੀ ਫੁੱਟਣ `ਤੇ ਸੰਗਤਾਂ ਨੂੰ ਨਾਲ ਲੈ ਕੇ ਪਾਤਸ਼ਾਹ ਲਗਾਤਾਰ ਅੱਠ ਮਹੀਨੇ, ਲੋਕਾਈ ਦੀ
ਅਣਥਕ ਸੇਵਾ `ਚ ਜੁੱਟੇ ਰਹੇ ਤਾਂ ਵੀ ਬਾਲ ਗੁਰੂ ਜੀ ਦੀ ਉਮਾਰ ਕੇਵਲ ਦੋ ਤੋਂ ਤਿੰਨ ਸਾਲ ਦੇ ਦਰਮਿਆਨ
ਸੀ। ਜਦ ਕਿ ਇਹ ਉਹ ਇਹੀ ਉਮਰ ਹੈ ਜਦੋਂ ਕਿ ਚੇਚਕ ਵਰਗੀ ਛੂਤ ਦੀ ਬਿਮਾਰੀ ਦਾ ਛੋਟੇ ਬੱਚਿਆਂ `ਤੇ
ਇਸਦਾ ਬਹੁਤ ਜਲਦੀ ਹਮਲਾ ਹੁੰਦਾ ਹੈ। ਸਪਸ਼ਟ ਹੈ ਕਿ ਦੁਖੀਆਂ ਦੇ ਦਰਦੀ ਪੰਜਵੇਂ ਪਾਤਸ਼ਾਹ ਨੇ ਆਪਣੇ
ਇਕਲੌਤੇ ਸਹਿਕਵੇਂ ਸਪੁਤ੍ਰ ਦੀ ਜ਼ਿੰਦਗੀ ਨਾਲੋਂ ਵੀ ਵੱਧ ਦੁਖੀਆਂ-ਦਰਦਮੰਦਾ-ਨਿਆਸਰਿਆਂ ਦੀ ਸੰਭਾਲ
ਨੂੰ ਹੀ ਪਹਿਲ ਦਿੱਤੀ। ਇਸੇ ਦਾ ਨਤੀਜਾ ਸੀ, ਜਦੋਂ ਮਹਾਮਾਰੀ ਅਤੇ ਪ੍ਰਚਾਰ ਦੌਰੇ ਤੋਂ ਬਾਅਦ ਗੁਰਦੇਵ
ਅੰਮ੍ਰਿਤਸਰ ਪਰਤੇ ਤਾਂ ਉਸ ਵੇਲੇ ਬਾਲ ਗੁਰੂ ਜੀ ਉਪਰ ਵੀ ਚੇਚਕ ਦਾ ਭਾਰੀ ਹਮਲਾ ਹੋ ਗਿਆ। ਸ਼ੁਕਰ ਹੈ
ਅਕਾਲਪੁਰਖ ਦਾ ਕਿ ਇਸ ਨਾਲ ਬਾਲ ਗੁਰੂ ਦੇ ਕੋਈ ਸਰੀਰਕ ਅੰਗ ਨੂੰ ਕੋਈ ਨੁਕਸਾਨ ਨਹੀਂ ਪੁੱਜਾ ਅਤੇ
ਬਾਲ ਗੁਰੂ ਜੀ ਵੀ ਉਸ ਤੋਂ ਬਾਲ-ਬਾਲ ਬੱਚ ਗਏ। ਇਸੇ ਸ਼ੁਕਰਾਨੇ ਵਜੋਂ ਪੰਜਵੇਂ ਪਾਤਸ਼ਾਹ ਦੇ ਗੁਰਬਾਣੀ
ਵਿੱਚ ਕੁੱਝ ਸ਼ਬਦ ਵੀ ਦਰਜ ਹਨ।
ਖੂਬੀ ਇਹ ਕਿ ਇੰਨਾ ਹੋ ਜਾਣ ਦੇ ਬਾਅਦ ਵੀ ਗੁਰਦੇਵ ਨੇ ਇਸ ਸੰਬੰਧ `ਚ ਬਾਲ
ਗੁਰੂ ਦੇ ਬਚਾਅ ਲਈ ਅਕਾਲਪੁਰਖ ਅੱਗੇ ਅਰਦਾਸ ਨਹੀਂ ਕੀਤੀ, ਕਿਉਂਕਿ ਉਹ ਆਪ ਹੀ ਤਾਂ ਸਾਨੂੰ ਵੀ
ਇਨ੍ਹਾਂ ਸੰਸਾਰਕ ਮੰਗਾਂ ਵਿਚੋਂ ਉਚਾ ਉਠਣ ਦੀ ਜਾਚ ਸਿਖਾਅ ਰਹੇ ਸਨ। ਇਸ ਦੇ ਉਲਟ ਇਹ ਗਲ ਵੱਖਰੀ ਹੈ
ਕਿ ਬਾਲ ਗੁਰੂ ਤੋਂ ਚੇਚਕ ਦੇ ਇਸ ਭਿਅੰਕਰ ਹਮਲੇ ਦੇ ਟੱਲ ਜਾਣ ਤੋਂ ਬਾਅਦ, ਸ਼ੁਕਰਾਨੇ ਵਜੋਂ ਗੁਰਦੇਵ
ਦੇ ਸ਼ਬਦ ਸਾਹਿਬ ਸ੍ਰੀ ਗ੍ਰੰਥ ਸਾਹਿਬ ਜੀ ਅੰਦਰ ਵੀ ਮੌਜੂਦ ਹਨ। ਜਿਸਤੋਂ ਗੁਰਦੇਵ ਨੇ ਸਾਨੂੰ ਸਿਖਾਇਆ
ਕਿ ਕਰਤੇ ਦੇ ਦਰ ਤੋਂ ਦੁਨਿਆਵੀ ਮੰਗਾਂ ਮੰਗਣੀਆਂ ਜਾਂ ਕਿਸੇ ਓਕੜ ਨੂੰ ਟਾਲਣ ਲਈ ਅਰਦਾਸਾਂ ਕਰਣੀਆਂ,
ਗੁਰਸਿੱਖੀ ਜੀਵਨ ਦਾ ਹਿੱਸਾ ਨਹੀਂ। ਇਸ ਦੇ ਉਲਟ ਉਸ ਕਰਤਾਰ ਦੀ ਰਜ਼ਾ `ਚ ਕਿਸੇ ਓਕੜ ਦੇ ਟੱਲ ਜਾਣ
`ਤੇ ਉਸ ਕਰਤੇ ਦਾ ਸ਼ੁਕਰਾਨਾ ਕਰਣਾ, ਇਹੀ ਸਿੱਖੀ ਦਾ ਨਿਯਮ ਹੈ। ਆਖਿਰ ਇਹੀ ਗਲ ਅਸੀਂ ਪਾਤਸ਼ਾਹ ਦੀ
ਜੀਵਨੀ ਵਿਚੋਂ ਇਸ ਤੋਂ ਪਹਿਲਾਂ ਵੀ ਸੁਲਹੀ ਖਾਂ ਦੇ ਹਮਲੇ ਸਮੇਂ ਗੁਰਦੇਵ ਦੀ ਬਾਣੀ `ਚ ਅਕਾਲਪੁਰਖ
ਦੇ ਸ਼ੁਕਰਾਨੇ ਵਜੋਂ ਦੇਖ ਸਕਦੇ ਹਾਂ। ਓਦੋਂ ਜਦਕਿ ਦੂਜਿਆਂ ਵਲੋਂ ਸਲਾਹਵਾਂ ਤਾਂ ਦਿਤੀਆਂ ਜਾ ਰਹੀਆਂ
ਕਿ ਇਸਦਾ ਕੁੱਝ ਉਪਾਅ ਕਰਨਾ ਚਾਹੀਦਾ ਹੈ ਪਰ ਗੁਰਦੇਵ ਅਡਿੱਗ ਰਹੇ। ਅੰਤ ਜਦੋਂ ਉਹੀ ਸੁਲਹੀ ਖਾਂ
ਕਰਤਾਰ ਦੀ ਰਜ਼ਾ `ਚ, ਗੁਰਦੇਵ ਉਪਰ ਹਮਲਾ ਕਰਣ ਤੋਂ ਪਹਿਲਾਂ ਹੀ ਭਖਦੇ ਆਵੇ `ਚ ਡਿੱਗ ਕੇ ਸੜ-ਮਰ ਗਿਆ
ਤਾਂ ਅਕਾਲਪੁਰਖ ਦੀ ਇਸ ਕਰਣੀ ਦਾ ਜਿਵੇਂ “ਸੁਲਹੀ ਤੇ ਨਾਰਾਇਣ
ਰਾਖੁ॥ ਸੁਲਹੀ ਕਾ ਹਾਥੁ ਕਹੀ ਨ ਪਹੁਚੈ
ਸੁਲਹੀ ਹੋਇ ਮੂਆ ਨਾਪਾਕੁ” (ਪੰ: 825) ਅਨੁਸਾਰ
ਗੁਰਬਾਣੀ `ਚ ਜ਼ਿਕਰ ਕੀਤਾ ਹੈ।
ਸੰਨ 1590 ਤੀਕ ਚੱਕ ਗੁਰੂ ਰਾਮਦਾਸ, ਦਰਬਾਰ ਸਾਹਿਬ ਸ੍ਰੀ
ਅੰਮ੍ਰਿਸਰ, ਸੰਤੋਖਸਰ ਆਦਿ ਕਾਰਜਾਂ ਦੀ ਸਮਾਪਤੀ ਤੋਂ ਬਾਅਦ ਅਰੰਭ ਹੋਇਆ ਸੀ ਪੰਜਵੇਂ ਪਾਤਸ਼ਾਹ ਦਾ ਇਹ
ਪ੍ਰਚਾਰ ਦੌਰਾ ਜਿਸ ਬਾਰੇ ਅਸੀਂ ਭਲੀ-ਭਾਂਤ ਦੇਖ ਰਹੇ ਹਾਂ ਕਿ ਆਪਣੇ ਆਪ `ਚ ਹੀ ਅੱਤ ਦਰਜੇ ਦੀ ਕਠਿਨ
ਘਾਲਣਾ ਸੀ। ਸਹੀ ਅਰਥਾਂ `ਚ ਦੇਖਿਆ ਜਾਵੇ ਤਾਂ ਪੰਜਵੇਂ ਪਾਤਸ਼ਾਹ ਦਾ ਸੰਪੂਰਣ ਗੁਰੂ ਕਾਲ ਹੀ, ਭਾਰੀ
ਰੁਝੇਵਿਆਂ ਅਤੇ ਓਕੜਾਂ ਭਰਿਆ ਸਮਾਂ ਸੀ ਪਰ ਨਾਲ ਹੀ ਇਹੀ ‘ਸਿੱਖ ਧਰਮ’ ਦੀ ਪ੍ਰਫੁਲਤਾ ਲਈ, ਮਾਨੋ
ਰੀੜ੍ਹ ਦੀ ਹੱਡੀ ਸਾਬਤ ਹੋਇਆ। ਇਸੇ ਕਾਲ `ਚ ਹੋਰ ਕਾਰਜਾਂ ਤੋਂ ਇਲਾਵਾ ਅਰੰਭਕ ਸਮੇਂ `ਚ ਹੀ ‘ਆਦਿ
ਬੀੜ ਦੀ ਸੰਪਾਦਨਾ’ ਇੰਨਾ ਮਹਾਨ ਕਾਰਜ ਸੀ ਕਿ ਜਿਸਦੀ ਤੁਲਣਾ ਨਹੀਂ ਕੀਤੀ ਜਾ ਸਕਦੀ। ਦੂਜੇ ਨੰਬਰ ਤੇ
ਆਉਂਦੀ ਹੈ, ਦਰਬਾਰ ਸਾਹਿਬ ਅਥਵਾ ਸੰਸਾਰ ਪੱਧਰ `ਤੇ ਸਿੱਖੀ ਦੇ ਕੇਂਦਰ ਦੀ ਸਥਾਪਨਾ, ਉਪਰੰਤ
ਅੰਮ੍ਰਿਤਸਰ ਨਗਰੀ ਦੀ ਸਥਾਪਨਾ, ਤਰਨਤਾਰਨ ਸਾਹਿਬ ਦੀ ਸਥਾਪਨਾ, ਬਾਉਲੀ ਸਾਹਿਬ ਲਾਹੌਰ, ਕਰਤਾਰ ਪੁਰ
ਸਾਹਿਬ ਦੂਜਾ (ਜਲ਼ੰਧਰ) ਆਦਿ ਅਜੇਹੇ ਵੱਡੇ ਕਾਰਜ ਹਨ, ਜਿਨਾਂ ਉਪਰ ਸਿੱਖ ਧਰਮ ਦਾ ਮੌਜੂਦਾ ਸਾਰਾ
ਫੈਲਾਅ ਤੇ ਹੋਂਦ ਕੇਂਦ੍ਰਤ ਹੈ। ਯਕੀਨਣ ਉਸ ਸਮੇਂ ਗੁਰਦੇਵ ਵਲੋਂ ਇਨ੍ਹਾਂ ਚੋਂ ਕਿਸੇ ਵੀ ਪੱਖ `ਤੇ
ਮਾੜੀ ਜਹੀ ਢਿੱਲ ਵੀ ਸੰਪੂਰਣ ਸਿੱਖ ਲਹਿਰ ਦਾ ਭਾਰੀ ਨੁਕਸਾਨ ਕਰ ਸਕਦੀ ਸੀ।
ਪ੍ਰਚਾਰ ਦੌਰੇ ਇੰਨੇ ਕੱਠਨ ਕਿਉਂ
ਸਨ, ਕੁੱਝ ਹੋਰ? - ਇਹ ਵਿਸ਼ਾ ਵਿਸ਼ੇਸ਼ ਅਤੇ ਵੱਡਾ ਧਿਆਨ ਮੰਗਦਾ ਹੈ, ਇਹ
ਸਚਾਈ ਹੈ ਕਿ ਗੁਰੂ ਕਾ ਪੰਥ ਜੋ ਅੱਜ ਮੁੜ-ਤੁੜ ਕੇ ਸੰਸਾਰ ਪੱਧਰ `ਤੇ ਅੱਜ ਵੀ ਕੇਂਦ੍ਰਤ ਹੈ ਤਾਂ
ਦਰਬਾਰ ਸਾਹਿਬ ਅੰਮ੍ਰਿਤਸਰ ਉਪਰ, ਜੋ ਕਿ ਸਮੂਚੇ ਸਿੱਖ ਪੰਥ ਦਾ ਕੇਂਦਰ ਹੋਣ ਦਾ ਲਾਭ ਲੈ ਰਿਹਾ ਹੈ,
ਉਸਦਾ ਮੁੱਖ ਕਾਰਣ ਗੁਰਦੇਵ ਦੀ ਦੂਰਅੰਦੇਸ਼ੀ ਹੀ ਸੀ। ਜੇ ਥੋੜਾ ਹੋਰ ਗਹਿਰਾਈ ਵਿੱਚ ਜਾਈਏ ਤਾਂ ਸਾਫ਼
ਹੁੰਦੇ ਦੇਰ ਨਹੀਂ ਲਗਦੀ ਕਿ ਅਸਲ `ਚ ਇਹ ਸਾਰਾ ਇਲਾਹੀ ਪ੍ਰੋਗਰਾਮ ਪਹਿਲੇ ਜਾਮੇ `ਚ ਹੀ ਉਲਿਕਿਆ ਜਾ
ਚੁੱਕਾ ਸੀ, ਹੁਣ ਤਾਂ ਕੱਦਮ-ਕੱਦਮ ਉਹ ਪ੍ਰੋਗਰਾਮ ਆਪਣੀਆਂ ਮੰਜ਼ਿਲਾਂ ਤੈਅ ਕਰ ਰਹੇ ਅਤੇ ਆਪਣੇ
ਨਿਸ਼ਾਨੇ ਵਲ ਵੱਧ ਰਹੇ ਸਨ। ਇਹੀ ਕਾਰਨ ਹੈ ਕਿ ਗੁਰਬਾਣੀ ਰਚਨਾ, ਜਿਸਦਾ ਸਰੂਪ ਪੰਜਵੇਂ ਜਾਮੇ ਸਮੇਂ
ਆਦਿ ਬੀੜ ਦੇ ਰੂਪ `ਚ ਬੱਝਾ, ਗੁਰਦੇਵ ਨੇ ਪਹਿਲੇ ਜਾਮੇ ਤੋਂ ਹੀ ਭਗਤ ਬਾਣੀ ਸਮੇਤ, ਆਪਣੀਆਂ
ਰਚਨਾਵਾਂ ਦੀ ਆਪ ਸੰਭਾਲ ਕੀਤੀ। ਕਿਉਂਕਿ ਗੁਰਬਾਣੀ ਖਜ਼ਾਨੇ `ਚ ਪ੍ਰਵਾਣ, ਪੰਦਰਾਂ ਭਗਤਾਂ ਦੀ ਬਾਣੀ
ਗੁਰੂ ਨਾਨਕ ਪਾਤਸ਼ਾਹ ਨੇ ਆਪ, ਆਪਣੇ ਪ੍ਰਚਾਰ ਦੌਰਿਆਂ ਸਮੇਂ ਹੀ ਇਕਤ੍ਰ ਕੀਤੀ ਸੀ। ਉਪਰੰਤ ਇਹੀ
ਗੁਰਬਾਣੀ ਰਚਨਾ ਦਾ ਖਜ਼ਾਨਾ, ਦਰਜਾ-ਬ-ਦਰਜਾ ਹਰੇਕ ਗੁਰੂ ਵਿਅਕਤੀ ਤੀਕ ਪੁੱਜਦਾ ਅਤੇ ਸਮੇਂ-ਸਮੇਂ ਨਾਲ
ਹੋਰ ਜੋੜੀ ਜਾਂਦੀ ਰਹੀ। ਇਸ ਤਰ੍ਹਾਂ ਗੁਰਬਾਣੀ ਦੀ ਰਚਨਾ ਜੋ ਹਰੇਕ ਗੁਰੂ ਸਰੂਪ ਸਮੇਂ ਨਾਲ ਨਾਲ ਇਸੇ
`ਚ ਹੋਰ ਬਾਣੀ ਜੁੜਦੀ, ਅੰਤ ਪੰਜਵੇਂ ਪਾਤਸ਼ਾਹ ਤੀਕ ਪੁੱਜੀ। ਉਸਤੋਂ ਬਾਦ ਅੱਜ ਜੋ ਸਿੱਖ ਧਰਮ ਦਾ
ਕੇਂਦਰ ਭਾਵ ਦਰਬਾਰ ਸਾਹਿਬ ਅਤੇ ਅੰਮ੍ਰਿਤਸਰ ਦੀ ਧਰਤੀ ਕਾਇਮ ਹੈ, ਭਵਿਖ ਦੇ ਪ੍ਰੋਗਰਾਮ ਨੂੰ ਮੁੱਖ
ਰਖ ਕੇ, ਇਹ ਜ਼ਮੀਨ ਵੀ ਤੀਜੇ ਜਾਮੇ ਸਮੇਂ ਹੀ ਖਰੀਦੀ ਜਾ ਚੁਕੀ ਸੀ। ਵਕਤ ਦੇ ਵਾਧੇ ਨਾਲ ਧਰਤੀ ਨੂੰ
ਘੱਟ ਜਾਣਕੇ ਚੌਥੇ ਜਾਮੇ ਸਮੇਂ, ਅਕਬਰ ਬਾਦਸ਼ਾਹ ਤੋਂ ਹੋਰ ਜ਼ਮੀਨ ਖਰੀਦ ਕੇ ਇਸ `ਚ ਵਾਧਾ ਕੀਤਾ ਸੀ।
ਇਸ ਤਰ੍ਹਾਂ ਪੰਜਵੇਂ ਜਾਮੇ ਸਮੇਂ ਅੱਜ ਜੋ ਪ੍ਰਚਾਰ ਦੌਰੇ ਹੋਏ ਉਹ ਵੀ ਉਸੇ ਇਲਾਹੀ ਪ੍ਰੋਗਰਾਮ ਵਾਲੀ
ਕੜੀ ਦਾ ਹੀ ਵੱਡਾ ਅਤੇ ਇੱਕ ਤੋਂ ਬਾਦ ਦੂਜਾ ਬਲਕਿ ਅਗਲਾ ਪੜਾਅ ਸਨ। ਇਥੋਂ ਇਹ ਵੀ ਸਾਫ਼ ਹੋ ਜਾਂਦਾ
ਹੈ ਕਿ ਇਸੇ ਚਲਦੇ ਆ ਰਹੇ ਪ੍ਰੋਗਰਾਮ ਅਧੀਨ ਦਰਬਾਰ ਸਾਹਿਬ, ਸੰਤੋਖ ਸਰ ਅਤੇ ਅੰਮ੍ਰਿਤਸਰ ਨਗਰੀ ਦੀ
ਕਾਇਮੀ ਤੋਂ ਬਾਦ ਅਗਲਾ ਪੜਾਅ ਰਾਵੀ-ਬਿਆਸ ਦੇ ਵਿਚਕਾਰ ਮਾਝੇ ਦੀ ਧਰਤੀ ਤੇ ਵਸਦੇ ਪਿੰਡਾਂ `ਚ ਸਿੱਖ
ਧਰਮ ਦਾ ਵੱਡੀ ਪੱਧਰ ਤੇ ਪ੍ਰਚਾਰ ਕਰਨਾ ਸੀ ਤਾ ਕਿ ਅੰੰਿਮ੍ਰਤਸਰ ਦਾ ਚੋਗਿਰਦਾ ਵੀ ਪੂਰੀ ਤਰ੍ਹਾਂ
ਮਜ਼ਬੂਤ ਹੋ ਸਕੇ।
ਦੇਖਿਆ ਜਾਵੇ ਤਾਂ ਇਹ ਕਾਰਜ ਕੇਵਲ ਕਹਿਣ ਮਾਤ੍ਰ ਨਹੀਂ ਬਲਕਿ ਬੜੇ ਜ਼ੋਖਮ ਅਤੇ
ਭਾਰੀ ਮੇਹਨਤ ਦੇ ਸਨ ਅਤੇ ਅੱਜ ਸਾਰਾ ਸਿੱਖ ਪੰਥ ਇਸੇ ਦਾ ਹੀ ਭਰਪੂਰ ਲਾਭ ਲੈ ਰਿਹਾ ਹੈ। ਦਰਅਸਲ ਇਸ
ਤੋਂ ਬਾਅਦ ਪੰਜਵੇਂ ਪਾਤਸ਼ਾਹ ਦੇ ਜੀਵਨ ਕਾਲ ਦਾ ਕੁਲ ਮਿਲਾ ਕੇ ਅਗਲਾ 12-13 ਸਾਲ ਦਾ ਉਹ
ਸਮਾਂ ਹੈ ਜੋ ਗੁਰਦੇਵ ਨੇ ਆਪਣੇ ਮਹਿਲਾਂ ਸਮੇਤ ਉਪਰੰਤ ਆਗਮਨ ਬਾਅਦ ਅਤਿ ਮਾਸੂਮ ਉਮਰ ਦੇ ਬਾਲ ਗੁਰੂ
(ਹਰਿਗੋਬਿੰਦ) ਜੀ ਨੂੰ ਵੀ ਨਾਲ ਲੈ ਕੇ, ਨਿਰੋਲ ਪ੍ਰਚਰ ਦੌਰੇ ਤੇ ਰਹੇ। ਇਥੋਂ ਤੀਕ ਦੇਖ ਚੁਕੇ ਹਾਂ
ਕਿ ਜਦੋਂ (ਗੁਰੂ) ਹਰਿਗੋਬਿੰਦ ਪਾਤਸ਼ਾਹ ਜੀ ਦਾ ਆਗਮਨ ਹੋਇਆ ਤਾਂ ਉਸ ਸਮੇਂ ਵੀ ਪਾਤਸ਼ਾਹ ਆਪਣੇ ਨਿਵਾਸ
ਸਥਾਨ ਸ੍ਰੀ ਅਮ੍ਰਿਤਸਰ ਨਹੀਂ ਸਨ। ਉਸ ਸਮੇਂ ਅਜੇਹੇ ਸਖ਼ਤ ਹਾਲਾਤ `ਚ ਹੁੰਦੇ ਹੋਏ ਵੀ, ਆਪ ਆਪਣੇ
ਇਨ੍ਹਾਂ ਪ੍ਰਚਾਰ ਦੌਰਿਆਂ ਦੌਰਾਨ, ਆਪਣੇ ਮਹਿਲ ਮਾਤਾ ਗੰਗਾ ਜੀ ਨਾਲ ਪ੍ਰਚਾਰ ਦੌਰਿਆਂ ਤੇ ਹੀ ਸਨ।
ਠੀਕ ਉਸੇ ਤਰ੍ਹਾਂ ਜਿਵੇਂ ਅੱਗੇ ਜਾ ਕੇ ਦਸਮੇਸ਼ ਜੀ ਦੇ ਆਗਮਨ ਸਮੇਂ ਨੌਵੇਂ ਪਾਤਸ਼ਾਹ ਵੀ, ਨਾ ਬਕਾਲੇ
ਤੇ ਨਾ ਹੀ ਆਪਣੇ ਨਵੇਂ ਵਸਾਏ ਅਨੰਦਪੁਰ ਸਾਹਿਬ ਵਿਖੇ ਆਰਾਮ ਕਰ ਰਹੇ ਸਨ, ਬਲਕਿ ਪੂਰਵ ਵੱਲ ਜਾਂਦੇ
ਆਪਣੇ ਪ੍ਰਚਾਰ ਦੌਰਾਨ ਪਟਨੇ ਦੀ ਧਰਤੀ `ਤੇ ਸਨ। ਸੰਸਾਰ ਦਾ ਰਿਕਾਰਡ ਹੈ ਕਿ ਆਪਣੇ ਅਨੰਦ ਕਾਰਜ ਦੇ
੩੨ (ਬੱਤੀ) ਸਾਲਾਂ ਬਾਅਦ ਵੀ ਜਦੋ ਪਹਿਲਾ ਚਿਰਾਗ਼ (ਗੁਰੂ ਗੋਬਿੰਦ ਸਿੰਘ ਜੀ) ਰੋਸ਼ਨ `ਚ ਕੇਵਲ ਦੋ
ਮਹੀਨੇ ਹੀ ਰਹਿ ਗਏ ਸਨ ਤਾਂ ਵੀ ਮਾਤਾ ਗੂਜਰੀ ਕੋਲ ਨਹੀਂ ਰੁਕੇ ਅਤੇ ਢਾਕੇ ਵਲ ਨੂੰ ਚਲੇ ਗਏ। ਇਸਤੋਂ
ਬਾਅਦ ਵੀ ਜਦੋਂ ਪਿਤਾ-ਪੁੱਤਰ ਪਹਿਲਾ ਮਿਲਾਪ ਹੋਇਆ ਤਦ ਤੀਕ ਬਾਲ ਗੁਰੂ (ਦਸਮ ਪਿਤਾ) ਸਾਢੇ ਤਿੰਨ
ਸਾਲ ਦੇ ਹੋ ਚੁਕੇ ਸਨ। ਦੁਨੀਆਂ ਦੇ ਇਤਿਹਾਸ `ਚ ਦਰਦੀਆਂ ਦਾ ਦੁਖ ਵੰਡਾਉਣ ਦੀਆਂ ਇਹੋ ਜਹੀਆਂ
ਮਿਸਾਲਾਂ ਗੁਰੂ ਦਰ ਤੋਂ ਕਿਧਰੋਂ ਨਹੀਂ ਮਿਕਣਗੀਆਂ।
ਇਸ ਤਰ੍ਹਾਂ ਪੰਜਵੇਂ ਪਾਤਸ਼ਾਹ ਆਪਣੇ ਪ੍ਰਚਾਰ ਦੌਰੇ ਦੌਰਾਨ ਜਦੋਂ ਵੱਡਾਲੀ
ਜਾਂ ਅਜੋਕੇ ‘ਗੁਰੂ ਕੀ ਵਡਾਲੀ’ ਵਾਲੇ ਸਥਾਨ ਤੇ ਪੁੱਜੇ ਹੋਏ ਸਨ ਜਦੋਂ ਸਾਹਿਬਜ਼ਾਦੇ (ਬਾਲਕ)
ਹਰਿਗੋਬਿੰਦ ਜੀ ਦਾ ਆਗਮਨ ਹੋਇਆ। ਇਹੀ ਕਾਰਣ ਸੀ ਉਸ ਸਮੇਂ (ਗੁਰੂ) ਹਰਗੋਬਿੰਦ ਜੀ ਦਾ ਆਗਮਨ
ਅੰਮ੍ਰਿਤਸਰ ਦੀ ਧਰਤੀ ਤੇ ਨਹੀਂ, ਬਲਕਿ ਮਾਝੇ ਦੇ ਪਿੰਡਾਂ `ਚ, ਸਿੱਖ ਧਰਮ ਦੇ ਪ੍ਰਚਾਰ ਦੌਰੇ
ਦੌਰਾਨ, ਵਡਾਲੀ ਦੇ ਸਥਾਨ ਤੇ ਹੋਇਆ।
ਪ੍ਰਚਾਰ ਦੌਰਾ ਅਤੇ ਵੱਕਤ ਦੇ
ਹਾਲਾਤ ਬਾਰੇ ਇੱਕ ਹੋਰ ਝਾਤ- ਉਨ੍ਹਾਂ ਦਿਨਾਂ `ਚ ਪੰਜਾਬ
ਦੀ ਧਰਤੀ ਤੇ ਸਖੀ ਸਰਵਰੜੀਆਂ ਦਾ ਬੜਾ ਜ਼ੋਰ ਸੀ। ਇਥੋਂ ਤੀਕ ਕਿ ਤੀਜੇ ਪਾਤਸ਼ਾਹ ਦੇ ਸਮੇਂ ਖੋਜਿਆਂ
ਰਾਹੀਂ, ਗੁਰੂ ਕੇ ਲੰਗਰਾਂ `ਚ ਵਿਘਣ ਪਾਉਣ ਦੇ ਜੱਤਨ ਕੀਤੇ ਗਏ ਉਨ੍ਹਾਂ ਪਿੱਛੇ ਬਹੁਤਾ ਹੱਥ ਇਨ੍ਹਾਂ
ਸਖੀ ਸਵੜੀਆਂ ਦੇ ਪੀਰਾਂ-ਫ਼ਕੀਰਾਂ ਦਾ ਹੀ ਸੀ। ਕਾਰਨ ਇਹ ਕਿ ਸਖੀ ਸਰਵੜੀਆ ਕੋਈ ਵਿਸ਼ੇਸ਼ ਮੱਤ ਨਹੀਂ ਸੀ
ਬਲਕਿ ਇੱਕ ਮੁਸਲਾਮਾਨ ਫ਼ਕੀਰ ਦੀ ਗੱਦੀ ਸੀ ਜਿਸਦੀ ਅਸਲ ਕੱਬਰ ਨਿਗਾਹੇ `ਚ ਹੈ। ਜਿਵੇਂ ਕਿ ਦੇਵੀ
ਦਰਸ਼ਨ ਨੂੰ ਦੇਵੀ ਭਗਤਾਂ ਦੇ ਜੱਥੇ ਜਾਂਦੇ ਹਨ, ਇਸੇ ਤਰ੍ਹਾਂ ਇਸਦੇ ਮਨਣ ਵਾਲਿਆਂ ਦੇ ਜੱਥੇ ਵੀ ਹਰ
ਸਾਲ ਨਿਗਾਹੇ ਜਾਂਦੇ ਹਨ। ਇਨ੍ਹਾਂ ਲੋਕਾਂ ਦੇ ਅਪਣੇ ਘਰਾਂ `ਚ ਪੀਰ ਦੀ ਕੱਬਰ ਬਣਾਈ ਹੁੰਦੀ ਹੈ ਅਤੇ
ਹਰੇਕ ਵੀਰ ਵਾਰ ਉਸ `ਚ ਰੋਟ ਚੜ੍ਹਾ ਕੇ ਉਸ ਦਾ ਪ੍ਰਸ਼ਾਦਿ ਵੰਡਦੇ ਅਤੇ ਭੁੰਜੇ ਸੌਂਦੇ ਹਨ। ਹੋਰ ਤਾਂ
ਹੋਰ ਜਦੋਂ ਗੁਰਦੇਵ ਨੇ ਇਨ੍ਹਾਂ ਦੇ ਪ੍ਰਚਾਰ ਗੜ੍ਹ `ਚ ਪੁੱਜ ਕੇ ਤਰਨਤਾਰਨ ਸਾਹਿਬ ਦੇ ਸਰੋਵਰ ਦੀ
ਨੀਂਹ ਰਖੀ ਤਾਂ ਇਨ੍ਹਾਂ ਦੇ ਹੀ ਜ਼ੋਰ ਉਸ ਇਲਾਕੇ ਦੇ ਮੁਸਲਮਾਨ ਹਾਕਮ ਨੂਰਦੀਨ ਦੇ ਪੁੱਤਰ ਅਮੀਰ ਦੀਨ
ਨੇ ਇਹ ਸਾਰੀਆਂ ਇੱਟਾ ਚੁੱਕਵਾ ਕੇ ਆਪਣੀ ਹਵੇਲੀ `ਚ ਲੁਆ ਲਈਆਂ। ਫ਼ਿਰ ਵੀ ਸਰੋਵਰ ਦਾ ਕੰਮ ਰੁਕਿਆ
ਨਹੀਂ ਅਤੇ ਮੁਕੰਮਲ ਹੋਇਆ।
ਇਸ ਸਾਰੇ ਪੁਆੜੇ ਦਾ ਕਾਰਨ ਇਹ ਸੀ, ਜਦੋਂ ਉੜ ਕਾਲ ਆਦਿ ਦਾ ਸਮਾਂ ਆ ਜਾਵੇ
ਤਾਂ ਪ੍ਰਮਾਤਮਾ ਤੋਂ ਅਣਜਾਣ ਘਬਰਾਏ ਲੋਕ ਪੀਰਾਂ-ਫ਼ਕੀਰਾਂ ਅਤੇ ਧਾਗੇ-ਤਬੀਤਾਂ ਦੇ ਚੱਕਰਾਂ `ਚ ਵੀ
ਜਲਦੀ ਫ਼ਸਦੇ ਹਨ। ਦੂਜੇ ਪਾਸੇ ਬ੍ਰਾਹਮਣਾਂ ਵਲੋਂ ਫ਼ੈਲਾਈ ਜਾਂਦੇ ਅਖੌਤੀ ਸ਼ੂਦਰ ਤੋਂ ਦੁਖੀ ਹਿੰਦੂ ਵੀ
ਮੁਸਲਮਾਨੀ ਹਕੂਮਤ ਦੇ ਅਸਰ ਅਤੇ ਲਾਲਚ-ਦੱਬ ਕਾਰਨ ਆਪਣੇ ਆਪ ਹੀ ਮੁਸਲਮਾਨ ਹੁੰਦੇ ਜਾ ਰਹੇ ਸਨ।
ਨਾਈ-ਛੀਂਬੇ ਤਾਂ ਪਹਿਲਾਂ ਹੀ ਮੁਸਲਮਾਨ ਮੱਤ `ਚ ਜਾ ਚੁੱਕੇ ਸਨ। ਖਾਸਤੌਰ `ਤੇ ਦਰਿਆ ਝਣਾ ਦੇ ਪਾਰਲੇ
ਬੰਨੇ ਦੇ ਹਿੰਦੂ ਜੱਟ ਜਿਨ੍ਹਾਂ ਨੂੰ ਬ੍ਰਾਹਮਣ ਮੰਨਦਾ ਹੀ ਸ਼ੂਦਰ ਸੀ, ਬਹੁਤੇ ਮੁਸਲਮਾਨ ਮੱਤ `ਚ ਜਾ
ਵੀ ਚੁੱਕੇ ਦੇ ਸਨ। ਉਂਝ ਵੀ ਬਹੁਤੇ ਹਿੰਦੂ ਵੀ ਇਨ੍ਹਾਂ ਪੀਰਾਂ-ਫ਼ਕੀਰਾਂ ਦੇ ਚਕਰ `ਚ ਫ਼ਸ ਕੇ ਥੋੜ
ਦਿਲੇ ਹੋਏ ਹਿੰਦੂ ਦਿਨ ਤਿਉਹਾਰ ਵੀ ਮਨਾਅ ਲੈਂਦੇ ਸਨ ਅਤੇ ਹਰ ਵੀਰਵਾਰ ਸਖੀ ਸਰਵੜੀਏ ਕੱਬਰ `ਤੇ ਰੋਟ
ਵੀ ਚੜ੍ਹਾ ਦੇਂਦੇ ਸਨ। ਇਸ ਤਰ੍ਹਾਂ ਹਿੰਦੂਆਂ ਨੂੰ ਮੁਸਲਾਮਾਨ ਬਨਾਉਣ ਲਈ ਸਖੀ ਸਰਵੜੀਏ ਪਹਿਲੀ ਪਉੜੀ
ਸੀ ਅਤੇ ਆਪਣੇ ਪ੍ਰਚਾਰ ਦੇ ਰਸਤੇ `ਚ ਉਹ ਸਿੱਖ ਧਰਮ ਨੂੰ ਹੀ ਸਭ ਤੋਂ ਵੱਡਾ ਅਟਕਾ ਸਮਝਦੇ ਤੇ ਇਸ `ਚ
ਰੁਕਾਵਟਾਂ ਪਾਂਦੇ ਰਹਿੰਦੇ ਸਨ। ਇਨ੍ਹਾਂ ਸਖੀ ਸਰਵੜੀਆਂ ਦੇ ਹੀ ਬਣੇ ਹੋਈ ਸਰਪੰਚ ਵੱਡੇ ਆਗੂ ਭਾਈ
ਮੰਝ ਰਾਹੀਂ ਉਨ੍ਹਾਂ ਵਲੋਂ ਹਰੇਕ ਵਿਰੋਧ ਅਤੇ ਰੁਕਾਵਟ ਦਾ ਟਾਕਰਾ ਕਰਕੇ ਵੀ ਸਿੱਖ ਸੱਜ ਜਾਣਾ ਇੱਕ
ਉਘੜਵੀਂ ਮਿਸਾਲ ਹੈ।
ਪੰਜਵੇਂ ਪਾਤਸ਼ਾਹ ਦੇ ਪ੍ਰਚਾਰ ਦੌਰਿਆਂ
ਦੌਰਾਨ- ਆਪਣੇ ਪ੍ਰਚਾਰ ਦੌਰਾਨ ਹੀ ਗੁਰਦੇਵ ਨੇ ਰਾਵੀ-ਬਿਆਸ ਵਿਚਲੇ ਸਾਰੇ ਪਿੰਡਾਂ ਦਾ
ਦੌਰਾ ਕੀਤਾ। ਫ਼ਿਰ ਇਸਤੋਂ ਬਾਹਰਲੇ ਚੋਗਿਰਦੇ ਦੇ ਵੀ ਇਕ-ਇਕ ਪਿੰਡ-ਕਸਬੇ `ਚ ਵੀ ਪੁੱਜੇ। ਗੁਰਦੇਵ ਨੇ
ਆਪਣੇ ਪ੍ਰਚਾਰ ਦੋਰਿਆਂ ਦਾ ਅਰੰਭ ਚੌਥੇ ਪਾਤਸ਼ਾਹ ਦੇ ਸਿੱਖ ਭਾਈ ਹਿੰਦਾਲ ਦੇ ਨਗਰ ਜੰਡਿਆਲੇ ਤੋਂ
ਅਰੰਭ ਕੀਤਾ। ਆਪ ਪਹਿਲੇ ਪਿੰਡ ਖਾਰੇ ਪੁੱਜੇ ਅਤੇ ਉਥੋਂ ਕੁੱਝ ਪਿੰਡਾ ਦੀ ਜ਼ਮੀਨ ਲੈ ਕੇ ਤਰਨ ਤਾਰਨ
ਦੇ ਸਰੋਵਰ ਦਾ ਅਰੰਭ ਕੀਤਾ ਅਤੇ ਇਹ ਨਗਰ ਵੀ ਵਸਾਇਆ। ਇਹ ਜਗ੍ਹਾ ਸਖੀ ਸਰਵਰ ਦੀ ਗੱਦੀ ਤੋਂ ਕੇਵਲ
4-5 ਮੀਲ ਦੀ ਵਿੱਥ `ਤੇ ਅਤੇ ਸਖੀ ਸਰਵੜੀਆਂ ਦੀ ਹਿੱਕ `ਤੇ ਸੀ। ਇਹ ਘਟਨਾ ਸੰਨ 1590
ਦੀ ਹੈ। ਤਰਨਤਾਰਨ ਤੋਂ ਬਾਅਦ ਗੁਰਦੇਵ ਨੇ ਖਡੂਰ ਸਾਹਿਬ ਅਤੇ ਗੋਇੰਦਵਾਲ ਸਾਹਿਬ ਦੁਆਲੇ ਪਿੰਡਾ ਦਾ
ਦੌਰਾ ਕੀਤੀ। ਇਥੇ ਪਿੰਡ ਖਾਨ ਪੁਰ `ਚ ਗੁਰਦੁਆਰ ਚੋਲਾ ਸਾਹਿਬ ਉਨ੍ਹਾਂ ਦੀ ਦਿਨਾਂ ਦੀ ਯਾਦ `ਚ
ਮੌਜੂਦ ਹੈ ਕਿਉਂਕਿ ਇਥੇ ਦੀ ਇੱਕ ਮਾਈ ਨੇ ਬੜੀ ਰੀਝ ਨਾਲ ਗੁਰਦੇਵ ਦੀ ਸੇਵਾ ਚੋਲੇ ਸੁਆਦਲੇ ਭੋਜਨਾਂ
ਰਾਹੀਂ ਕੀਤੀ ਸੀ। ਉਪਰੰਤ 1593 `ਚ ਆਪ ਨੇ ਕਰਤਾਰ ਪੁਰ (ਦੂਜੇ) ਦੀ ਨੀਂਹ ਰਖੀ। ਇਸ ਤੋਂ
ਬਾਅਦ ਗੁਰਦੇਵ ਨੇ ਕੁੱਝ ਸਮਾਂ ਅੰਮ੍ਰਿਤਸਰ ਮੁੜ ਕੇ ਫ਼ਿਰ 1594 `ਚ ਜਾ ਪੱਕਾ ਡੇਰਾ ਵਡਾਲੀ
ਸਾਹਿਬ ਕੀਤਾ ਇਹ ਸਾਰਾ ਜ਼ਿਕਰ ਕਰ ਚੁਕੇ ਹਾਂ। ਤਿੰਨ ਸਾਲਾ ਦੇ ਲੰਮੇਂ ਕਾਲ ਦੇ ਸਮੇਂ ਦੋਰਾਨ ਹੀ ਆਪ
ਮਦਰ, ਜੰਬਰ, ਜੂਨੀਆਂ, ਬਹਿੜਵਾਲ ਕਸਬੇਆਂ `ਚ ਵੀ ਰੁਕੇ ਅਤੇ ਕਾਲ ਪੀੜਤਾਂ ਦੀ ਦੁਆ-ਦਾਰੀ ਆਦਿ
ਸਹਇਤਾ ਕੀਤੀ। ਉਪਰੰਤ ਆਪ ਗੋਇੰਦਵਾਲ ਤੋਂ ਹੋ ਕੇ 1598 `ਚ ਅੰਮ੍ਰਿਸਰ ਫ਼ਿਰ ਪਹਾੜ ਪਾਸੇ
ਗੁਰਦਾਸਪੁਰ ਵਲ ਚਲੇ ਗਏ। ਰਾਵੀ ਤੀਕ ਦੇ ਸਾਰੇ ਪਿੰਡਾਂ ਦਾ ਦੌਰਾ ਕੀਤਾ। ਆਪ ਸਹਸਰੇ ਕਾਫ਼ੀ ਸਮਾਂ
ਟਿਕੇ। ਉਥੇ ਨੇੜੇ ਹੀ ਆਪ ਦੀ ਅਤੇ ਗੁਰੂ ਤੇਗ਼ ਬਹਾਦੁਰ ਜੀ ਦੀ ਯਾਦ `ਚ ‘ਗੁਰੂ ਕਾ ਬਾਗ਼’ ਨਾਂ ਦੇ ਦੋ
ਵੱਖ ਵੱਖ ਗੁਰਦੁਆਰੇ ਹਨ। ਇਸਤੋਂ ਬਾਅਦ ਰਾਵੀ ਦੇ ਕੰਡੇ ਪਿੰਡ-ਪਿੰਡ `ਚ ਸਿੱਖ ਧਰਮ ਦਾ ਪ੍ਰਚਾਰ
ਕਰਦੇ ਹੋਏ ਅਤੇ ਲੋਕਾਂ ਨੂੰ ਮੁਸਲਮਾਨ ਪੀਰਾਂ-ਫ਼ਕੀਰਾਂ ਦੇ ਦਿਨ-ਰਾਤ ਪਾਏ ਜਾ ਰਹੇ ਭਰਮਾਂ-ਵਹਿਮਾਂ
ਤੋਂ ਬਚਾਉਂਦੇ ਹੋਏ, ਕਰਤਾਰ ਪੁਰ ਸਾਹਿਬ ਦੇ ਦਰਸ਼ਨ ਕਰਕੇ, ਕਲਾਨੌਰ ਆਦਿ ਹੁੰਦੇ ਹੋਏ ਆਪ ਸੰਨ
1601 ਨੂੰ ਵਾਪਿਸ ਅੰਮ੍ਰਿਤਸਰ ਪੁੱਜੇ। ਉਸ ਸਮੇਂ ਤੀਕ ਡੇਰਾ ਬਾਬਾ ਨਾਨ ਵੱਸ ਚੁਕਾ ਦਾ ਸੀ।