.

ੴ ਸਤਿਗੁਰ ਪ੍ਰਸਾਦਿ ॥

ਸਿੱਖ: ਕੌਰ - ਸਿੰਘ ਦਾ ਪਿਛੋਕੜ

ਸਿੱਖ ਧਰਮ ਸੰਸਾਰ ਦੇ ਮੁੱਖ ਧਰਮਾਂ ਵਿਚੋਂ ਇੱਕ ਐਸਾ ਧਰਮ ਹੈ ਜਿਸ ਨੂੰ ਮੰਨਣ ਵਾਲੇ ਹਰ ਦੇਸ਼ ਵਿੱਚ ਸਿੰਘ ਨਾਮ ਨਾਲ ਜਾਣੇ ਜਾਂਦੇ ਹਨ। ਪਰ ਪਿਛਲੇ ਪੰਜਾਹ ਕੁ ਸਾਲਾਂ ਤੋਂ ਕਈ ਸਿੱਖ ਪਰਿਵਾਰ ਸਿੱਖੀ ਸਿਧਾਤਾਂ ਨੂੰ ਭੁੱਲਣ ਕਰਕੇ ਸਿੱਖ ਮਾਰਗੁ ਤੋਂ ਹੀ ਕੁਰਾਹੇ ਪੈ ਗਏ। ਇਸ ਤਰ੍ਹਾਂ ਬਹੁਤ ਸਾਰੀਆਂ ਗ਼ਲਤ-ਫਿਹਮੀਆਂ ਪੈਦਾ ਹੋਂਣ ਕਰਕੇ, ਸਿੱਖ ਦੀ ਸਹੀ ਪਹਿਚਾਨ ਕਰਨੀ ਹੀ ਕੱਠਨ ਹੋ ਗਈ ਹੈ। ਆਓ, ਇਸ ਸੰਬੰਧਿਤ ਗੁਰਮਤਿ ਜਾਣਕਾਰੀ ਸਾਂਝੀ ਕਰੀਏ।

ਹਿੰਦੋਸਤਾਨ ਜਦੋਂ ਮੁਸਲਮਾਨ ਹੁਕਮਰਾਨਾਂ ਦਾ ਗ਼ੁਲਾਮ ਸੀ, ਨਨਕਾਣਾ ਸਾਹਿਬ (ਤਲਵੰਡੀ) ਵਿਖੇ ਗੁਰੂ ਨਾਨਕ ਸਾਹਿਬ ਜੀ 1469 ਨੂੰ ਇੱਕ ਬੇਦੀ ਪਰਿਵਾਰ ਵਿੱਚ ਪੈਦਾ ਹੋਏ। ਉਹ ਬਚਪਨ ਤੋਂ ਹੀ ਅਕਾਲ ਪੁਰਖ ਦੀ ਭਗਤੀ ਕਰਦੇ ਰਹਿੰਦੇ ਅਤੇ ਸੱਭ ਮੁਸਲਮਾਨਾਂ ਤੇ ਹਿੰਦੂਆਂ ਨਾਲ ਪ੍ਰੇਮ ਕਰਦੇ। ਪਰਵਾਰਕ ਰੀਤੀ ਅਨੁਸਾਰ ਜਦੋਂ ਜਨੇਊ ਪਾਉਣ ਲਈ ਕਿਹਾ ਗਿਆ ਤਾਂ ਉਨ੍ਹਾਂ ਨੇ ਹਿੰਦੂਆ ਦਾ ਜਨੇਊ ਪਹਿਨਣ ਤੋਂ ਇਨਕਾਰ ਕਰ ਦਿੱਤਾ ਅਤੇ ਨਾਹ ਹੀ ਕੋਈ ਮੁਸਲਮਾਨ ਰੀਤੀ ਅਪਣਾਈ। ਸੱਭ ਨੂੰ ਸਾਂਝਾ ਉਪਦੇਸ਼ ਦਿੱਤਾ ਜਿਵੇਂ: -

ਸਭੁ ਕੋ ਊਚਾ ਆਖੀਐ ਨੀਚੁ ਨ ਦੀਸੈ ਕੋਇ॥ ਇਕਨੈ ਭਾਂਡੇ ਸਾਜਿਐ ਇਕੁ ਚਾਨਣੁ ਤਿਹੁ ਲੋਇ॥ ਕਰਮਿ ਮਿਲੈ ਸਚੁ ਪਾਈਐ ਧੁਰਿ ਬਖਸ ਨ ਮੇਟੈ ਕੋਇ॥ 6॥ {ਸਿਰੀ ਰਾਗੁ ਮਹਲਾ 1॥ ਗੁਰੂ ਗ੍ਰੰਥ ਸਾਹਿਬ - 62}

ਗੁਰੂ ਸਾਹਿਬ ਜੀ ਨੇ ਆਪਣੇ ਨਾਮ ਨਾਲ ਬੇਦੀ, ਦੇਵ ਜਾਂ ਤਲਵੰਡੀ ਦੀ ਵਰਤੋਂ ਨਹੀਂ ਕੀਤੀ। 1539 ਨੂੰ ਆਪਣਾ ਸ੍ਰੀਰਕ ਜਾਮਾ ਛੱਡਣ ਸਮੇਂ ਆਪਣੇ ਲੜਕਿਆਂ ਸ੍ਰੀਚੰਦ ਤੇ ਲਖਮੀਦਾਸ ਦੇ ਬਜਾਇ ਸੇਵਕ ਭਾਈ ਲਹਿਣੇ ਨੂੰ ਆਪਣੇ ਅੰਗ ਲਗਾ ਕੇ ਅਤੇ ਆਪਣੀ ਜੋਤਿ ਟਿਕਾਅ ਕੇ, ਗੁਰਗੱਦੀ ਗੁਰੂ ਅੰਗਦ ਜੀ ਨੂੰ ਸਿੱਖੀ ਪ੍ਰਚਾਰ ਲਈ ਬਖ਼ਸ਼ੀ। ਇਵੇਂ ਹੀ ਗੁਰੂ ਨਾਨਕ ਜੀ ਦੇ ਸਰੀਰ ਦਾ ਸੰਸਕਾਰ ਹਿੰਦੂ ਜਾਂ ਮੁਸਲਮਾਨ ਰੀਤੀ ਅਨੁਸਾਰ ਨਹੀਂ ਕੀਤਾ ਸਗੋਂ ਰਾਵੀ ਦਰਿਆ ਵਿੱਚ ਜਲ-ਪ੍ਰਵਾਹ ਕਰ ਦਿੱਤਾ ਗਿਆ। ਇਸ ਤਰ੍ਹਾਂ ਹੀ ਗੁਰੂ ਅੰਗਦ ਸਾਹਿਬ ਜੀ ਨੇ ਆਪਣੇ ਕਿਸੇ ਨਿਕਟੀ ਤ੍ਰੇਹਣ ਜਾਂ ਆਪਣੇ ਲੜਕਿਆਂ ਦਾਸੂ ਤੇ ਦਾਤੂ ਨੂੰ ਗੁਰਗੱਦੀ ਦੀ ਜ਼ੁਮੇਂਵਾਰੀ ਨਹੀਂ ਸੌਂਪੀ ਪਰ ਸੇਵਾ ਦੇ ਪੁੰਜ ਆਪਣੇ ਨਿਸ਼ਕਾਮ ਸਿੱਖ, ਗੁਰੂ ਅਮਰਦਾਸ ਜੀ ਨੂੰ (1552) ਗੁਰਗੱਦੀ ਲਈ ਚੁਣਿਆ। 1574 ਨੂੰ ਗੁਰੂ ਅਮਰਦਾਸ ਸਾਹਿਬ ਜੀ ਨੇ ਵੀ ਕਿਸੇ ਭੱਲੇ ਪਰਵਾਰ ਨੂੰ ਗੁਰਗੱਦੀ ਦੇ ਲਾਇਕ ਨਾ ਸਮਝਿਆ ਪਰ ਅਗੇ ਤੋਂ ਸਿੱਖੀ ਪ੍ਰਚਾਰ ਲਈ (ਭਾਈ ਜੇਠਾ ਜੀ) ਗੁਰੂ ਰਾਮਦਾਸ ਜੀ ਨੂੰ ਗੁਰਗੱਦੀ ਬਖ਼ਸ਼ੀ। {Selection based on Spiritual and Selfless Service merit.}

ਇਸ ਤਰ੍ਹਾਂ ਹੀ ਸਿੱਖ ਧਰਮ ਨੂੰ ਹੋਰ ਪੱਕਿਆਂ ਕਰਨ ਲਈ ਗੁਰੂ ਰਾਮਦਾਸ ਜੀ ਨੇ ਗੁਰਗੱਦੀ ਦੀ ਜ਼ੁਮੇਵਾਰੀ ਗੁਰੂ ਅਰਜਨ ਸਾਹਿਬ ਜੀ (1581) ਨੂੰ ਬਖ਼ਸ਼ੀ। ਗੁਰੂ ਸਾਹਿਬ ਜੀ ਨੇ ਸਰੋਵਰ ਨੂੰ ਮਕੁੰਮਲ ਕਰਕੇ, ਪਹਿਲੇ ਗੁਰੂ ਸਾਹਿਬਾਨ, ਹਿੰਦੂ-ਮੁਸਲਮਾਨ ਭਗਤਾਂ ਅਤੇ ਆਪਣੀ ਬਾਣੀ ਨੂੰ ਇੱਕ ਗਰੰਥ (16੦4) ਵਿੱਚ ਅੰਕਿਤ ਕਰਕੇ, ਦਰਬਾਰ ਸਾਹਿਬ ਵਿਖੇ ਸਿੱਖੀ ਪ੍ਰਚਾਰ ਲਈ ਪ੍ਰਕਾਸ਼ ਕੀਤਾ। ਕਿਸੇ ਜ਼ਾਤੀ, ਕਬੀਲੇ, ਧਰਮ ਨਾਲ ਕੋਈ ਵਿਤਕਰਾ ਨਹੀਂ ਕੀਤਾ। ਸੱਭ ਨੂੰ ਇਹ ਹੀ ਉਪਦੇਸ਼ ਦਿੱਤਾ ਕਿ ਅਕਾਲ ਪੁਰਖ ਹੀ ਸਦਾ ਰਹਿਣ ਵਾਲਾ ਅਤੇ ਸੱਭ ਤੋਂ ਉੱਤਮ ਹੈ। ਇਵੇਂ ਹੀ ਪ੍ਰਚਾਰ ਕੇਂਦਰ ਕਰਤਾਰਪੁਰ ਤੋਂ ਖਡੂਰ ਸਾਹਿਬ, ਗੋਇੰਦਵਾਲ ਤੇ ਅੰਮ੍ਰਿਤਸਰ ਸਥਾਪਿਤ ਕੀਤੇ ਗਏ ਜਿੱਥੇ ਦੂਰੋਂ ਦੂਰੋਂ ਲੋਕਾਈ ਆ ਕੇ ਸ਼ਬਦ-ਗੁਰੂ (ਗੁਰਬਾਣੀ) ਦੁਆਰਾ ਸੰਗਤ ਤੇ ਪੰਗਤ ਦਾ ਅਨੰਦ ਮਾਣਦੇ ਅਤੇ ਸਚਿਆਰ ਜੀਵਨ ਦੀ ਜਾਂਚ ਸਿੱਖ ਕੇ, ਆਪਣੇ ਪਰਿਵਾਰਾਂ ਅਤੇ ਹੋਰ ਨਿਕਟਵਰਤੀਆਂ ਨੂੰ ਵੀ ਗੁਰੂ ਘਰ ਨਾਲ ਜੋੜਦੇ ਰਹਿੰਦੇ। ਗੁਰਬਾਣੀ ਸਾਨੂੰ ਸੇਧ ਦਿੰਦੀ ਹੈ: -

ਹਮਰੀ ਜਾਤਿ ਪਤਿ ਸਚੁ ਨਾਉ॥ ਕਰਮ ਧਰਮ ਸੰਜਮੁ ਸਤ ਭਾਉ॥ ਨਾਨਕ ਬਖਸੇ ਪੂਛ ਨ ਹੋਇ॥

ਦੂਜਾ ਮੇਟੇ ਏਕੋ ਸੋਇ॥ 4॥ {ਆਸਾ ਮਹਲਾ 1॥ ਗੁਰੂ ਗ੍ਰੰਥ ਸਾਹਿਬ - ਪੰਨਾ 352}

ਭਗਤਿ ਰਤੇ ਸੇ ਊਤਮਾ ਜਤਿ ਪਤਿ ਸਬਦੇ ਹੋਇ॥ ਬਿਨੁ ਨਾਵੈ ਸਭ ਨੀਚ ਜਾਤਿ ਹੈ ਬਿਸਟਾ ਕਾ ਕੀੜਾ ਹੋਇ॥

{ਆਸਾ ਮਹਲਾ 3॥ ਗੁਰੂ ਗ੍ਰੰਥ ਸਾਹਿਬ - ਪੰਨਾ 426}

ਹਮਰੀ ਜਾਤਿ ਪਾਤਿ ਗੁਰੁ ਸਤਿਗੁਰੁ ਹਮ ਵੇਚਿਓ ਸਿਰੁ ਗੁਰ ਕੇ॥ ਜਨ ਨਾਨਕ ਨਾਮੁ ਪਰਿਓ ਗੁਰ ਚੇਲਾ

ਗੁਰ ਰਾਖਹੁ ਲਾਜ ਜਨ ਕੇ॥ {ਰਾਗੁ ਸੂਹੀ ਮਹਲਾ 4॥ ਗੁਰੂ ਗ੍ਰੰਥ ਸਾਹਿਬ - ਪੰਨਾ 731}

ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ॥ ਸੁਣਿ ਮੀਤਾ ਜੀਉ ਹਮਾਰਾ ਬਲਿ ਬਲਿ ਜਾਸੀ

ਹਰਿ ਦਰਸਨੁ ਦੇਹੁ ਦਿਖਾਈ॥ {ਸੋਰਠਿ ਮਹਲਾ 5॥ ਗੁਰੂ ਗ੍ਰੰਥ ਸਾਹਿਬ - ਪੰਨਾ 611}

ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ॥ ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ॥

{ਪ੍ਰਭਾਤੀ ਬਾਣੀ ਭਗਤ ਕਬੀਰ ਜੀ ਕੀ॥ ਗੁਰੂ ਗ੍ਰੰਥ ਸਾਹਿਬ - ਪੰਨਾ 1349}

ਇਸ ਤੋ ਉਪ੍ਰੰਤ 16੦6 ਤੋਂ ਗੁਰਗੱਦੀ ਦੀ ਜ਼ੁਮੇਵਾਰੀ ਗੁਰੂ ਹਰਿਗੋਬਿੰਦ ਸਾਹਿਬ, ਗੁਰੂ ਹਰਿਰਾਇ ਸਾਹਿਬ, ਗੁਰੂ ਹਰਿਕਿਸ਼ਨ ਸਾਹਿਬ, ਗੁਰੂ ਤੇਗ਼ ਬਹਾਦਰ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਨਿਭਾਈ। ਪਰ ਕਿਸੇ ਗੁਰੂ ਸਾਹਿਬਾਨ ਜੀ ਨੇ ਆਪਣੇ ਨਾਮ ਨਾਲ ਸੋਢੀ ਨਾਹ ਲਾਇਆ ਅਤੇ ਨਾਹ ਹੀ ਪਰਿਵਾਰਕ ਜਾਂ ਰਿਸ਼ਤੇਦਾਰੀ ਹੋਂਣ ਕਰਕੇ, ਕਿਸੇ ਪਰਾਣੀ ਨੂੰ ਕੋਈ ਖ਼ਾਸ ਮਹਤੱਤਾ ਦਿੱਤੀ ਕਿਉਂਕਿ ਗੁਰੂ ਸਾਹਿਬ ਜੀ ਦਾ ਉਪਦੇਸ਼ ਸੱਭ ਦੇ ਭਲੇ ਲਈ ਸੀ। 3੦ ਮਾਰਚ 1699 ਨੂੰ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਖ਼ਾਲਸਾ ਪੰਥ ਨੂੰ ਸਦੀਵੀ ਰੂਪ ਦੇਣ ਸਮੇਂ, ਪੰਜ ਪਿਆਰਿਆਂ ਦੀ ਚੋਣ ਕੀਤੀ ਤਾਂ ਕਿਸੇ ਦੀ ਜ਼ਾਤਿ ਜਾਂ ਇਲਾਕੇ ਦਾ ਕੋਈ ਖ਼ਿਆਲ ਨਹੀਂ ਕੀਤਾ। ਪੰਜਾਂ ਪਿਆਰਿਆਂ ਨੇ ਆਪਣੇ ਸਰੀਰ ਤੇ ਆਪਣੀ ਮਤਿ ਗੁਰੂ ਦੇ ਅਗੇ ਭੇਟਾ ਕਰਕੇ, ਗੁਰੂ ਦੀ ਮਤਿ ਗ੍ਰਹਿਣ ਕਰਨ ਦਾ pledge ਲਿਆ। ਉਹ ਅੰਮ੍ਰਿਤ ਦੀ ਦਾਤਿ ਪ੍ਰਾਪਿਤ ਕਰਕੇ, ਭਾਈ ਸਾਹਿਬ ਸਿੰਘ, ਭਾਈ ਹਿੰਮਤ ਸਿੰਘ, ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਅਤੇ ਭਾਈ ਮੋਹਕਮ ਸਿੰਘ ਬਣ ਗਏ। ਗੁਰੂ ਸਾਹਿਬ ਜੀ ਨੇ ਫੁਰਮਾਨ ਕੀਤਾ ਕਿ ਤੁਸੀਂ ਇੱਕ ਪਿਤਾ ਦੇ ਪੁੱਤਰ ਹੋਂਣ ਕਰਕੇ ਆਪਸ ਵਿੱਚ ਤੇ ਹੋਰ ਸਾਰੇ ਅੰਮ੍ਰਿਤੀ-ਸਿੰਘਾਂ ਦੇ ਧਾਰਮਿਕ ਭਾਈ ਹੋ। ਤੁਸੀਂ ਪਿਛਲੀ ਕੁੱਲ, ਕਿਰਤ, ਧਰਮ ਦਾ ਤਿਆਗ ਕਰਕੇ, ਭਾਵ ਪਿਛਲੀ ਜ਼ਾਤਿ-ਪਾਤਿ, ਜਨਮ, ਦੇਸ਼, ਮਜ਼੍ਹਬ ਦਾ ਖਿਆਲ ਤੱਕ ਛੱਡ ਕੇ, ਨਿਰੋਲ ਖ਼ਾਲਸਾ ਬਣ ਗਏ ਹੋ। ਇੱਕ ਅਕਾਲ ਪੁਰਖ ਤੋਂ ਛੁੱਟ ਕਿਸੇ ਦੇਵੀ, ਦੇਵਤੇ, ਅਵਤਾਰ, ਪੈਗੰਬਰ ਦੀ ਉਪਾਸ਼ਨਾ ਨਹੀਂ ਕਰਨੀ। ਇਹ ਵੀ ਉਪਦੇਸ਼ ਦਿੱਤਾ ਕਿ ਪੰਜਾਂ ਕੱਕਾਰਾਂ ਨੂੰ ਹਰ ਵੇਲੇ ਅੰਗ-ਸੰਗ ਰੱਖਣਾ ਅਤੇ ਚਾਰ ਕੁਰਹਿਤਾਂ ਨਹੀਂ ਕਰਨੀਆਂ ਅਤੇ ਤਾੜ੍ਹਣਾ ਕੀਤੀ ਕਿ ਮੀਣੇ, ਮਸੰਦ, ਧੀਰਮੱਲਈਏ, ਰਾਮਰਾਈਏ, ਆਦਿਕ ਪੰਥ ਵਿਰੋਧੀਆਂ ਨਾਲ ਜਾਂ ਨੜੀ ਮਾਰ, ਕੁੜੀ ਮਾਰ, ਸਿਰਗੁੰਮ ਨਾਲ ਨਹੀਂ ਵਰਤਣਾ। (ਵਿਸਥਾਰ ਨਾਲ ਦੇਖੋ - ਸਿੱਖ ਰਹਿਤ ਮਰਯਾਦਾ, ਜਿਸ ਦੀ ਕਾਪੀ ਨੇੜੇ ਦੇ ਗੁਰਦੁਆਰਾ ਸਾਹਿਬ ਤੋਂ ਪ੍ਰਾਪਤ ਕਰਕੇ, ਆਪ ਅਮਲ ਕਰੋ ਅਤੇ ਹੋਰਨਾਂ ਨਾਲ ਸਾਂਝੀ ਕਰੋ। ਕੋਈ ਸ਼ੰਕਾ ਹੋਵੇ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸੋਂ ਵਧੇਰੇ ਜਾਣਕਾਰੀ ਲਓ ਜੀ)।

ਗੁਰੂ ਨਾਨਕ ਸਾਹਿਬ ਜੀ ਦੀ ਮੱਕੇ ਵਿਖੇ ਕਾਜ਼ੀਆਂ ਨਾਲ ਹੋਈ ਚਰਚਾ ਨੂੰ ਭਾਈ ਗੁਰਦਾਸ ਜੀ ਦਰਸਾਉਂਦੇ ਹਨ: -

ਪੁਛਨਿ ਫੋਲਿ ਕਿਤਾਬ ਨੋ ਹਿੰਦੂ ਵਡਾ ਕਿ ਮੁਸਲਮਾਨੋਈ? ਬਾਬਾ ਆਖੇ ਹਾਜੀਆਂ ਸ਼ੁਭਿ ਅਮਲਾ ਬਾਝਹੁ ਦੋਨੋਂ ਰੋਈ।

{ਭਾਈ ਗੁਰਦਾਸ: ਵਾਰ 1, ਪਉੜੀ 33}

ਇਸ ਤੋਂ ਸਾਨੂੰ ਇਹ ਹੀ ਸੇਧ ਮਿਲਦੀ ਹੈ ਕਿ ਸਿੱਖ ਦਾ ਕਿਸੇ ਹਿੰਦੂ ਅਵਤਾਰ, ਮੁਸਲਮਾਨ ਕਬੀਲੇ ਜਾਂ ਗੁਰੂ ਸਾਹਿਬਾਨ ਜੀ ਦੇ ਕਿਸੇ ਹੋਰ ਪਰਵਾਰ ਨਾਲ ਕੋਈ ਸੰਬੰਧ ਨਹੀਂ। ਜਿਵੇਂ ਨਦੀ-ਨਾਲੇ ਸਮੁੰਦਰ ਵਿੱਚ ਪੈਣ ਤੇ ਉਨ੍ਹਾਂ ਦੀ ਆਪਣੀ ਹੋਂਦ ਮਿੱਟ ਜਾਂਦੀ ਹੈ ਇਵੇਂ ਹੀ ਜਦੋਂ ਕੋਈ ਪਰਾਣੀ ਪਹਿਲਾਂ ਕਿਸੇ ਪਰਵਾਰ, ਜ਼ਾਤਿ, ਨਸਲ, ਦੇਸ਼ ਦਾ ਵੀ ਹੋਵੇ, ਕੇਸਾਂ ਤੇ ਦਸਤਾਰ ਦੀ ਸੰਭਾਲ ਕਰਕੇ, ਗੁਰਬਾਣੀ ਤੇ ਸਿੱਖ ਇਤਿਹਾਸ ਤੋਂ ਜਾਣੂੰ ਹੋ ਕੇ, ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਦੀ ਦਾਤਿ ਪ੍ਰਾਪਤ ਕਰਕੇ, ਗੁਰੂ ਦਾ ਖ਼ਾਲਸਾ ਸਿੰਘ-ਕੌਰ ਸੱਜ ਜਾਂਦਾ ਹੈ ਤਾਂ ਉਸ ਦੀ ਆਪਣੀ ਪਹਿਲੀ ਹੋਂਦ ਸਮਾਪਿਤ ਹੋ ਜਾਂਦੀ ਹੈ ਅਤੇ ਉਹ ਗੁਰੂ ਪੰਥ ਦੇ ਪਰਵਾਰ ਦਾ ਇੱਕ ਉਚੇਚਾ ਅੰਗ ਬਣ ਜਾਂਦਾ ਹੈ। ਫਿਰ, ਐਸੇ ਗੁਰਮੁੱਖ / ਪਰਵਾਰ ਨੂੰ ਕਿਸੇ ਗੋਤਿ, ਜ਼ਾਤਿ, ਡੇਰੇ, ਟਕਸਾਲ, ਪਿੰਡ, ਸ਼ਹਿਰ, ਦੇਸ਼ ਨਾਲ ਜੋੜਣਾ ਜਾਂ ਜੱਟ, ਭਾਪਾ, ਰਾਮਗੜ੍ਹੀਆ, ਰਾਜਪੂਤ, ਕਬੀਰ-ਪੰਥੀਆ, ਰਵਦਾਸੀਆ, ਰੰਘਰੇਟਾ, ਮਜ਼੍ਹਬੀ, ਬੰਜਾਰਾ, ਲੋਭਾਣਾ, ਗੋਰਾ ਜਾਂ ਅਮ੍ਰੀਕਨ ਸਿੱਖ, ਆਦਿਕ ਕਹਿਣਾ ਮਨਮਤਿ ਹੀ ਨਹੀਂ ਬਲਕਿ ਮਹਾਂ ਮੂਰਖ਼ਤਾ ਹੈ। ਇਸ ਲਈ ਹੀ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਦੇ ਸਾਬਕਾ ਪ੍ਰਿੰਸੀਪਲ ਭਾਈ ਹਰਿਭਜਨ ਸਿੰਘ ਜੀ ਕਿਹਾ ਕਰਦੇ ਸਨ:-

ਤੁਮ ਸਾਹਨੀ ਭੀ ਹੋ, ਸੋਢੀ ਭੀ ਹੋ, ਸਿੱਧੂ ਭੀ ਹੋ। ਤੁਮ ਸਭੀ ਕੁਛ ਹੋ, ਬਤਾਓ ਤੋ ਗੁਰਸਿੱਖ ਭੀ ਹੋ?

ਐਸੀ ਬਿੱਪਰ-ਵਾਦੀ ਨੂੰ ਰੋਕਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਕਈ ਓਪਰਾਲੇ ਕੀਤੇ ਜਿਵੇਂ: -

{14 ਮਾਰਚ 1927} ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਰਲ ਸਮਾਗਮ ਸਮੂੰਹ ਸਿੱਖ ਸੰਗਤਾਂ ਦੀ ਸੇਵਾ ਵਿੱਚ ਪ੍ਰਾਰਥਨਾ ਕਰਦਾ ਹੈ ਕਿ ਸਿੱਖਾਂ ਵਿੱਚ ਜ਼ਾਤਿ-ਪਾਤਿ ਦੇ ਖ਼ਿਆਲ ਨਾਲ ਕਿਸੇ ਵਿਅਕਤੀ ਨੂੰ ਊਚਾ ਜਾਂ ਨੀਵਾਂ ਨਹੀਂ ਮੰਨਿਆ ਜਾਂਦਾ। ਇਸ ਲਈ, ਹਰ ਇੱਕ ਜ਼ਾਤਿ ਵਿਚੋਂ ਸੱਜ ਕੇ ਆਏ ਸਿੱਖ ਨਾਲ ਸੰਗਤ - ਪੰਗਤ ਦੁਆਰਾ ਅਭੇਦ ਵਰਤਿਆ ਜਾਵੇ। ਖ਼ਾਸ ਕਰਕੇ ਜਤਨ ਕੀਤਾ ਜਾਵੇ ਕਿ ਜਿਥੇ ਸਿੱਖਾਂ ਨੂੰ ਖ਼ੂਹ ਉੱਪਰ ਇਸ ਲਈ ਨਹੀਂ ਚੜ੍ਹਨ ਦਿੱਤਾ ਜਾਂਦਾ, ਕਿ ਉਹ ਕਿਸੇ ਛੋਟੀ ਜ਼ਾਤਿ ਵਿੱਚੋਂ ਸਿੱਖ ਬਣੇ ਹਨ, ਉੱਥੇ ਪੂਰੀ ਹਿੰਮਤ ਤੇ ਯੋਗ ਯੱਤਨ ਕਰਕੇ, ਉਨ੍ਹਾਂ ਨੂੰ ਖ਼ੂਹਾਂ ਉੱਪਰ ਚੜ੍ਹਾਇਆ ਜਾਵੇ, ਕਿਉਂਕਿ ਮੌਜੂਦਾ ਹਾਲਤ ਵਿੱਚ ਉਨ੍ਹਾਂ ਦੀ ਇਹ ਬੇਇਜ਼ਤੀ ਸਿੱਖ ਧਰਮ ਦੀ ਬੇ-ਅਦਬੀ ਹੈ। {15 ਮਾਰਚ 1927} ਸ਼੍ਰਮੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਹ ਜਨਰਲ ਇੱਕਤ੍ਰਤਾ ਪੰਜਾਬ ਸਰਕਾਰ ਪਾਸ ਸਿਫ਼ਾਰਸ਼ ਕਰਦੀ ਹੈ ਕਿ ਚੂੰਕਿ ਸਿੱਖ ਮਜ਼ਹਬ ਜ਼ਾਤਿ-ਪਾਤਿ ਦੀ ਵੰਡ ਦੀ ਆਗਿਆ ਨਹੀਂ ਦਿੰਦਾ, ਇਸ ਵਾਸਤੇ ਸਰਕਾਰੀ ਕਾਗਜ਼ਾਂ ਵਿੱਚ ਸਿੱਖਾਂ ਦੀ ਕੋਈ ਜ਼ਾਤਿ-ਪਾਤਿ ਨਾ ਲਿਖੀ ਜਾਵੇ। {28 ਅਪ੍ਰੈਲ 1985} ਨੂੰ ਅਕਾਲ ਤਖ਼ਤ ਸਾਹਿਬ ਦੀ ਰਹਿਨਮਾਈ ਕਰਦਿਆਂ ਹੋਇਆਂ ਸਿੰਘ ਸਾਹਿਬਾਨ ਜੀ ਨੇ ਫਿਰ ਇਨ੍ਹਾਂ ਮੱਤਿਆਂ ਦੀ ਪ੍ਰੜੋਤਾ ਕੀਤੀ ਅਤੇ ਸਿੱਖ ਜਗਤ ਨੂੰ ਅਪੀਲ ਕੀਤੀ ਕਿ ਉਹ ਆਪਣੇ ਨਾਮ ਨਾਲ ਜਾਤ, ਗੋਤ ਦੀ ਵਰਤੋ ਕਰਨੀ ਮਨਮਤ ਹੈ!

ਪਰ, ਸਿੱਖ ਧਰਮ ਸੰਬੰਧਿਤ ਕਈ ਮੈਂਗਜ਼ੀਨ, ਲੇਖਕ, ਕਥਾਕਾਰ, ਭਾਈ, ਗੁਰਦੁਆਰਿਆਂ ਦੇ ਪ੍ਰਬੰਧਕ, ਬੁੱਧੀਜੀਵ ਅਤੇ ਹੋਰ ਜਥੇਬੰਦੀਆਂ, ਆਦਿਕ ਇਨ੍ਹਾਂ ਮੱਤਿਆਂ ਉੱਪਰ ਅਮਲ ਨਹੀਂ ਕਰ ਰਹੇ। ਅਸੀਂ ਸੱਭ ਭੁਲਣਹਾਰ ਹਾਂ। ਪਰ, ਜੇ ਅਸੀਂ ਆਪਣੀ ਮਨਮਤਿ ਤਿਆਗ਼ ਕੇ, ਗੁਰੂ ਦੀ ਮਤਿ ਗ੍ਰਹਿਣ ਕਰ ਲਈਏ ਤਾਂ ਗੁਰੂ ਬਖ਼ਸ਼ਣਹਾਰ ਹੈ। ਇਸ ਲਈ ਬੇਨਤੀ ਹੈ ਕਿ ਅਸੀਂ ਆਪਣੇ ਨਾਮ ਨਾਲ ਸਿੰਘ - ਕੌਰ ਹੀ ਲਿਖੀਏ ਤੇ ਬੋਲੀਏ। ਹਾਂ, ਜੇ ਕਿਸੇ ਪਰਾਣੀ ਨੇ ਪਹਿਲਾਂ ਹੀ ਸਰਨੇਮਜ਼ ਲਗਾ ਰੱਖਿਆ ਹੋਇਆ ਹੈ ਤਾਂ ਉਹ ਵੀ ਆਪਣੇ ਨਾਮ ਦੀ ਸੁਧਾਈ ਕਰਨ ਦਾ ਓਪਰਾਲਾ ਕਰੇ ਜਿਵੇਂ: (to lodge application form for the change of name with the Registry of Births, Marriages and Deaths within the jurisdiction of their residence). ਇਸ ਤਰ੍ਹਾਂ ਗੁਰੂ ਦੇ ਸਿੱਖਾਂ ਵਿੱਚ ਕੋਈ ਵਿਤਕਰਾ ਨਹੀਂ ਰਹੇਗਾ। ਗੁਰਬਾਣੀ ਹਰ ਸਮੇਂ ਸੇਧ ਦਿੰਦੀ ਹੈ ਕਿ: -

ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ॥ {ਰਾਗੁ ਮਾਝ ਮਹਲਾ 5॥ ਪੰਨਾ 97}

ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ॥ {ਬਸੰਤੁ ਮਹਲਾ 5॥ ਪੰਨਾ 1185}

ਹੋਰ ਦੇਖੋ! ਪ੍ਰੋਫੈਸਰ ਗੁਰਮੁਖਿ ਸਿੰਘ, ਗਿਆਨੀ ਦਿੱਤ ਸਿੰਘ, ਭਾਈ ਵੀਰ ਸਿੰਘ, ਪ੍ਰਿੰਸੀਪਲ ਤੇਜ਼ਾ ਸਿੰਘ, ਪ੍ਰੋਫੈਸਰ ਪੂਰਨ ਸਿੰਘ, ਭਾਈ ਰਣਧੀਰ ਸਿੰਘ, ਬਾਬਾ ਖ਼ੜਕ ਸਿੰਘ, ਮਾਸਟਰ ਤਾਰਾ ਸਿੰਘ, ਪ੍ਰੋਫੈਸਰ ਸਾਹਿਬ ਸਿੰਘ, ਸਿਰਦਾਰ ਕਪੂਰ ਸਿੰਘ, ਭਗਤ ਪੂਰਨ ਸਿੰਘ, ਸਿਰਦਾਰ ਇੰਦਰਜੀਤ ਸਿੰਘ ਜੀ ਨੇ ਕਿਵੇਂ ਸ਼ਲਾਘਾ ਯੋਗ ਸੇਵਾ ਕਰਕੇ, ਸਿੱਖ ਜਗਤ ਵਿੱਚ ਪ੍ਰਸਿੱਧ ਹੋਏ ਪਰ ਇਨ੍ਹਾਂ ਨੇ ਆਪਣੇ ਪਰਵਾਰਾਂ ਦੇ ਗੋਤਿ ਜਾਂ ਪਿੰਡ ਨਾਮ ਦੀ ਵਰਤੋਂ ਨਹੀਂ ਕੀਤੀ ਕਿਉਂਕਿ ਗੁਰਬਾਣੀ ਦੇ ਆਧਾਰ ਤੇ ਉਹ ਗੁਰੂ ਦੇ ਸੱਚੇ-ਸੁੱਚੇ ਸਿੱਖ ਹੀ ਰਹੇ। ਆਓ, ਇਸ ਪਿਛੋਕੜ ਕੋਹੜ ਦੀ ਬਿੱਪਰ-ਬਿਮਾਰੀ ਤੋਂ ਛੁੱਟਕਾਰਾ ਪਾਈਏ ਅਤੇ ਸਰਨੇਮਜ਼ ਦੇ ਬਜਾਏ ਸਿੰਘ ਤੇ ਕੌਰ ਲਗਾ ਕੇ, ਚੜ੍ਹਦੀ ਕਲਾ ਵਿੱਚ ਰਹੀਏ। ਸਿੱਖ ਧਰਮ ਸੱਭ ਦਾ ਸਾਂਝਾ ਧਰਮ ਹੈ ਅਤੇ ਉਹ ਪ੍ਰਾਣੀ ਹੀ ਪੂਰਨ ਸਿੱਖ ਹੈ ਜੇਹੜਾ ਗੁਰਬਾਣੀ ਤੇ ਸਿੱਖ ਰਹਿਤ ਮਰਯਾਦਾ ਅਨੁਸਾਰ ਆਪਣਾ ਜੀਵਨ ਸਫਲਾ ਕਰਦਾ ਹੈ। ਭਾਵ, ਕੇਸਾਂ ਅਤੇ ਦਸਤਾਰ ਦੀ ਸੰਭਾਲ ਕਰਕੇ, ਸੱਭ ਨੂੰ ਬਰਾਬਰ ਸਮਝਦਾ ਹੈ।

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ॥

ਖਿਮਾ ਦਾ ਜਾਚਕ, ਗੁਰੂ ਪੰਥ ਦਾ ਸੇਵਕ,

ਗੁਰਮੀਤ ਸਿੰਘ, (AUSTRALIA)

(ਨੋਟ:- ਪਾਠਕਾਂ ਨੂੰ ਬੇਨਤੀ ਹੈ ਕਿ ਉਹ ਇਸ ਵਿਸ਼ੇ ਨਾਲ ਸੰਬੰਧਤ ‘ਗਿਆਨੀ ਸੰਤੋਖ ਸਿੰਘ’ ਜੋ ਕਿ ਆਸਟ੍ਰੇਲੀਆ ਦਾ ਹੀ ਵਾਸੀ ਹੈ, ਦਾ ਲੇਖ ਵੀ ਪੜ੍ਹਨ ਦੀ ਖੇਚਲ ਕਰਨ। ਉਸ ਨੂੰ ਪੜ੍ਹਨ ਲਈ ਇੱਥੇ ਕਲਿਕ ਕਰੋ ਜੀ-ਸੰਪਾਦਕ)




.