.

ਸੁੱਕੇ ਹੋਏ ਟਿੱਬੇ

ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ

ਪੰਜਾਬ ਵਿੱਚ ਤਾਂ ਟਿੱਬਾ ਹੁਣ ਕੋਈ ਰਿਹਾ ਨਹੀਂ ਹੈ ਸਿਰਫ ਇਹ ਸ਼ਬਦ ਕਿਤਾਬਾਂ ਵਿਚੋਂ ਹੀ ਮਿਲੇਗਾ। ਸਮੇਂ ਦੇ ਗੇੜ ਨਾਲ਼ ਟਿੱਬਿਆਂ ਦੀ ਮਿੱਟੀ ਚੁੱਕ ਕੇ ਨੀਵਿਆਂ ਥਾਂਵਾਂ `ਤੇ ਪਾ ਕੇ ਆਲੀਸ਼ਾਨ ਇਮਾਰਤਾਂ ਖੜੀਆਂ ਕਰ ਲਈਆਂ ਹਨ। ਰੇਤ ਦੇ ਉਚੇ ਢੇਰ ਨੂੰ ਟਿੱਬਾ ਕਿਹਾ ਜਾਂਦਾ ਸੀ। ਜਿੰਨੀ ਮਰਜ਼ੀ ਏ ਬਰਸਾਤ ਆ ਜਾਏ ਇਹ ਵਿਚਾਰਾ ਖ਼ਾਲੀ ਦਾ ਖ਼ਾਲੀ ਹੀ ਰਹਿੰਦਾ ਹੈ। ਸ਼ੇਖ਼ ਫ਼ਰੀਦ ਜੀ ਦੇ ਸਲੋਕਾਂ ਵਿੱਚ ਗੁਰੂ ਆਰਜਨ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਇਹ ਸਲੋਕ ਵਿਚਾਰਨ ਦਾ ਯਤਨ ਕੀਤਾ ਜਾਏਗਾ ਕਿ ਅਸੀਂ ਆਪਣਾ ਮਨ ਤਾਂ ਨਹੀਂ ਕਿਤੇ ਟਿੱਬਾ ਬਣਾਇਆ ਹੋਇਆ?

ਫਰੀਦਾ ਗਰਬੁ ਜਿਨਾ ਵਡਿਆਈਆ, ਧਨਿ ਜੋਬਨਿ ਆਗਾਹ॥

ਖਾਲੀ ਚਲੇ ਧਣੀ ਸਿਉ, ਟਿਬੇ ਜਿਉ ਮੀਹਾਹੁ॥

ਸਲੋਕ ਮ: ੫ ਪੰਨਾ ੧੩੮੩—

ਪੱਧਰੀ ਜ਼ਮੀਨ ਉੱਤੇ ਥੋੜ੍ਹਾ ਮੀਂਹ ਵੀ ਕਿਰਸਾਨ ਲਈ ਲਾਭਦਾਇਕ ਹੋ ਜਾਂਦਾ ਹੈ ਪਰ ਕਿਸੇ ਰੇਤਲੇ ਉਚੇ ਟਿੱਬੇ `ਤੇ ਲਗਾਤਾਰ ਕਈ ਦਿਨ ਵੀ ਮੀਂਹ ਪੈਂਦਾ ਰਹੇ ਉਹ ਸੁੱਕੇ ਦਾ ਸੁੱਕਾ ਹੀ ਰਹਿੰਦਾ ਹੈ। ਗੁਰੂ ਜੀ ਨੇ ਰੇਤ ਦੇ ਉਚੇ ਟਿੱਬੇ ਤੇ ਪੈ ਰਹੀ ਬਰਸਾਤ ਦੀ ਉਦਾਹਣ ਦੇ ਕੇ ਸਾਡੇ ਮਨ ਦੀ ਅਵਸਥਾ ਦਾ ਜ਼ਿਕਰ ਕੀਤਾ ਹੈ। ਸਲੋਕ ਦੇ ਅਖ਼ਰੀਂ ਅਰਥ ਹਨ:--

ਹੇ ਫਰੀਦ! ਜਿਨ੍ਹਾਂ ਲੋਕਾਂ ਨੂੰ ਦੁਨਿਆਵੀ ਇੱਜ਼ਤ ਦਾ ਹੰਕਾਰ ਰਿਹਾ ਹੈ, ਬੇਅੰਤ ਧਨ ਦੇ ਕਾਰਨ ਜਾਂ ਜੁਆਨੀ ਦੇ ਕਾਰਨ ਹੰਕਾਰ ਰਿਹਾ ਹੈ ਉਹ ਜਗਤ ਵਿਚੋਂ ਮਾਲਕ ਦੀ ਮਿਹਰ ਕਰਕੇ ਸੱਖਣੇ ਹੀ ਚੱਲੇ ਗਏ; ਜਿਵੇਂ ਟਿੱਬੇ ਮੀਂਹ ਦੇ ਵੱਸਣ ਪਿਛੋਂ ਸੁੱਕੇ ਰਹਿ ਜਾਂਦੇ ਹਨ।

ਰੇਤ ਆਪਸ ਵਿੱਚ ਜੁੜੀ ਹੋਈ ਨਹੀਂ ਹੈ, ਰੇਤ ਦੇ ਇਕੱਲੇ ਇਕੱਲੇ ਦਾਣੇ ਹੋਣ ਕਰਕੇ ਮੀਂਹ ਦੇ ਪਾਣੀ ਨੂੰ ਰੋਕ ਹੀ ਨਹੀਂ ਸਕਦੇ। ਬਰਸਾਤ ਅਉਂਦੀ ਹੈ ਪਰ ਰੇਤ ਦਾ ਉੱਚਾ ਟਿੱਬਾ ਖ਼ਾਲੀ ਰਹਿ ਜਾਂਦਾ ਹੈ। ਇੰਜ ਹੀ ਸਾਡੇ ਮਨ ਵਿੱਚ ਗਰਬ, ਵਡਿਆਈ, ਧੰਨ ਤੇ ਜੁਆਨੀ ਦੇ ਉਚੇ ਉੱਚੇ ਟਿੱਬੇ ਬਣੇ ਹੋਏ ਹਨ। ਗੁਰਬਾਣੀ ਉਪਦੇਸ਼ ਦਾ ਮੀਂਹ ਪੈ ਰਿਹਾ ਹੈ ਪਰ ਅਸੀਂ ਖ਼ਾਲੀ ਦੇ ਖ਼ਾਲੀ ਹੀ ਹਾਂ।

ਗਰਬ—ਹੰਕਾਰ ਇਹ ਇੱਕ ਐਸੀ ਵਸਤੂ ਹੈ ਜੋ ਬਹੁਤ ਹੀ ਸੂਖ਼ਸ਼ਮ ਰੂਪ ਵਿੱਚ ਵਰਤਦੀ ਹੈ ਜੋ ਦਿਸਦੀ ਨਹੀਂ ਹੈ। ਆਮ ਕਿਹਾ ਜਾਂਦਾ ਹੈ ਜੋ ਹੰਕਾਰਿਆ ਸੋ ਮਾਰਿਆ ਪਰ ਇਸ ਤੋਂ ਬਚਿਆ ਕੋਈ ਨਹੀਂ ਹੈ। ਹੰਕਾਰ ਵਿਚੋਂ ਹੀ ਈਰਖਾ ਜਨਮ ਲੈਂਦੀ ਹੈ। ਅੱਜ ਅਸੀਂ ਸਾਖੀਆਂ ਤਾਂ ਸਣਾਉਂਦੇ ਹਾਂ ਵੱਲੀ ਕੰਧਾਰੀ, ਪ੍ਰਿਥੀਚੰਦ, ਧੀਰਮਲ, ਔਰੰਗਜ਼ੇਬ ਆਦਿ ਦੇ ਹੰਕਾਰ ਦੀ ਪਰ ਗਹੁ ਕਰਕੇ ਦੇਖਿਆ ਜਾਏ ਤਾਂ ਇਸ ਤੋਂ ਕੋਈ ਵੀ ਨਹੀਂ ਬਚਿਆ ਹੋਇਆ। ਰਾਜਨੀਤਿਕ ਆਗੂ, ਧਰਮ-ਅਚਾਰੀਆ, ਪਰਵਾਰਾਂ ਦੇ ਪਰਵਾਰ ਹੰਕਾਰ ਦੀ ਪਕੜ ਵਿੱਚ ਬੈਠੇ ਹੋਏ ਹਨ। ਇਸ ਸਲੋਕ ਵਿੱਚ ਨਿਜੀ ਹੋਂਦ ਨੂੰ ਬਰਕਰਾਰ ਰੱਖਣ ਦਾ ਜਾਂ ਲੋਕਾਂ ਸਹਮਣੇ ਪ੍ਰਗਟ ਕਰਨ ਦਾ ਉੱਚਾ ਟਿੱਬਾ ਬਣਿਆ ਹੋਇਆ ਹੈ। ਗੁਰਦੁਆਰੇ ਦੇ ਦਰਵਾਜ਼ੇ ਤੋਂ ਬਾਹਰ ਆਉਂਦਿਆ ਹੀ ਭਾਈ ਜੀ ਨੂੰ ਖੜਿਆਂ ਕਰਕੇ ਪੁੱਛ ਰਹੇ ਹੁੰਦੇ ਹਾਂ, ਤੁਸੀਂ ਸਾਡਾ ਨਾਮ ਅਰਦਾਸ ਵਿੱਚ ਕਿਉਂ ਨਹੀਂ ਬੋਲਿਆ, ਅਸੀਂ ਇੰਨੇ ਰੁਪਏ ਦਿੱਤੇ ਹਨ। ਓਦੋਂ ਅਸੀਂ ਨਹੀਂ ਬੋਲ ਰਹੇ ਹੁੰਦੇ ਸਾਡਾ ਹੰਕਾਰ ਬੋਲ ਰਿਹਾ ਹੁੰਦਾ ਹੈ ਪਰ ਗੁਰਬਾਣੀ ਦਾ ਤਾਂ ਮੀਂਹ ਪੈ ਕੇ ਹੁਣੇ ਹੀ ਹੱਟਿਆ ਹੈ “ਵਿਣ ਬੋਲਿਆ ਸਭ ਕਿਛ ਜਾਣਦਾ ਕਿਸ ਕੀਚੇ ਆਗੈ ਆਰਦਾਸ”। ਸੜਕ `ਤੇ ਚਲਦਿਆਂ ਸਾਡੇ ਪਾਸੋਂ ਕਿਸੇ ਨੇ ਰਾਹ ਮੰਗਿਆ ਹੈ। ਅਸੀਂ ਤਾਂ ਉਸ ਦਾ ਬਣਦਾ ਹੱਕ ਰਾਹ ਦਾ ਉਹ ਵੀ ਦੇਣ ਲਈ ਤਿਆਰ ਨਹੀਂ ਹੁੰਦੇ। ਗੱਲ ਕੀ ਹਰ ਥਾਂ `ਤੇ ਸਾਡੇ ਹੰਕਾਰ ਦੀ ਤੂਤੀ ਬੋਲਦੀ ਹੈ। ਕਈ ਦਫ਼ਾ ਬੜਿਆਂ ਔਖਿਆਂ ਹੋ ਕੇ ਵੀ ਅਸੀਂ ਦੂਜੇ ਦੇ ਮੂਹੋਂ ਆਪਣੇ ਹੰਕਾਰ ਦੀ ਗੱਲ ਸੁਣਨੀ ਚਾਹੁੰਦੇ ਹਾਂ। ਕਹਾਂਗੇ ਜੀ ਅਸੀਂ ਬਹੁਤ ਹੀ ਨਿਮਾਣੇ ਜੇਹੇ ਹਾਂ ਤੁਹਾਡੀ ਕੋਈ ਵੀ ਸੇਵਾ ਨਹੀਂ ਕਰ ਸਕੇ। ਫਿਰ ਸੁਣਨ ਵਾਲਾ ਵੀ ਨਾ ਚਾਹੁੰਦਿਆਂ ਹੋਇਆਂ, ਉਸ ਦੇ ਹੰਕਾਰ ਨੂੰ ਕਾਇਮ ਰੱਖਣ ਲਈ ਕਹੇਗਾ, ਜੀ ਤੁਸੀਂ ਤੇ ਬਹੁਤ ਹੀ ਕਮਾਲ ਕਰ ਦਿੱਤੀ ਤੇ ਚਟਨੀ ਨੂੰ ਵੀ ਸ਼ਾਹੀ ਪਨੀਰ ਹੀ ਕਹੀ ਜਾਏਗਾ। ਸੁਣਨ ਵਾਲਾ ਘਰੋਂ ਬਾਹਰ ਆਉਂਦਿਆਂ ਹੀ ਕਹੇਗਾ ਕਿਸੇ ਕੰਮ ਦੀ ਸਬਜ਼ੀ ਨਹੀਂ ਬਣਾਈ ਸੀ। ਹੰਕਾਰ ਦਾ ਐਸਾ ਟਿੱਬਾ ਹੈ ਜਿੱਥੇ ਗੁਰ ਉਪਦੇਸ਼ ਦਾ ਮੀਂਹ ਪੈਂਦਾ ਤਾਂ ਹੈ ਪਰ ਆਦਮੀ ਖਾਲੀ ਦਾ ਖਾਲੀ ਹੀ ਰਹਿ ਜਾਂਦਾ ਹੈ, ਸਿਰਫ ਆਪਣੇ ਹੰਕਾਰ `ਤੇ ਹੀ ਜ਼ਿਉਂਦਾ ਹੈ।

ਸਾਡੇ ਮਨ ਵਿੱਚ ਦੂਜਾ ਵੱਡਾ ਟਿੱਬਾ ਹੈ ਦੂਜਿਆਂ ਤੋਂ ਆਪਣੀ ਵਡਿਆਈ ਸੁਣਨ ਦਾ, ਸਿਆਣੇ ਆਖਦੇ ਹਨ ਕਿ ਆਦਮੀ ਆਪਣੀ ਤਾਰੀਫ਼ ਸੁਣਕੇ ਬੇ ਹੱਦ ਖੁਸ਼ ਹੁੰਦਾ ਹੈ ਪਰ ਜਦੋਂ ਗੁਆਂਢੀਆਂ ਦੀ ਨਿੰਦਿਆ ਸੁਣਦਾ ਹੈ ਤਾਂ ਵੀ ਇਸ ਨੂੰ ਰਸ ਆਉਂਦਾ ਹੈ। ਵੱਡਾ ਅਫਸਰ ਛੋਟੇ ਪਾਸੋਂ ਆਪਣੀ ਵਡਿਆਈ ਸੁਣ ਰਿਹਾ ਹੈ ਤੇ ਛੋਟਾ ਅਫਸਰ ਸੇਵਾਦਾਰ ਪਾਸੋਂ ਆਪਣੀ ਤਾਰੀਫ਼ ਸੁਣ ਰਿਹਾ ਹੈ। ਸ੍ਰ. ਚੰਨਣ ਸਿੰਘ ਜੀ `ਚਮਨ’ ਹਾਸ-ਰਸ ਦੇ ਬਹੁਤ ਵਧੀਆ ਕਵੀ ਹਨ ਇੱਕ ਥਾਂ ਉਹਨਾਂ ਨੇ ਕਵਿਤਾ ਸੁਣਾਈ ਇੱਕ ਮੁਲਾਜ਼ਮ ਨੇ ਆਪਣੇ ਵੱਡੇ ਅਫਸਰ ਪਾਸੋਂ ਛੁੱਟੀ ਲੈਣੀ ਸੀ ਪਰ ਵੱਡਾ ਅਫਸਰ ਟੱਸ ਤੋਂ ਮਸ ਨਾ ਹੋਏ ਅਖ਼ੀਰ ਮੁਲਾਜ਼ਮ ਨੇ ਵੱਡੇ ਅਫਸਰ ਦੀ ਤਾਰੀਫ਼ ਕਰਦਿਆਂ ਕਿਹਾ ‘ਸੜੇ ਸੁੱਕੇ ਗੋਭੀ ਦੇ ਫੁੱਲ ਵਰਗੇ ਨੂੰ, ਉਹਨੇ ਰਾਝਣਾ ਹੀਰ ਦਾ ਕਿਹਾ ਉਹਨੂੰ’ ਅਫਸਰ ਨੇ ਆਪਣੀ ਵਡਿਆਈ ਸੁਣ ਕੇ ਛੁੱਟੀ ਮੰਜ਼ੂਰ ਕਰ ਦਿੱਤੀ। ਹਰ ਮਨੁੱਖ ਆਪਣੀ ਵਡਿਆਈ ਸੁਣਨ ਦਾ ਪੱਕਾ ਆਦੀ ਹੋ ਚੁੱਕਾ ਹੈ ਤਾਂ ਫਿਰ ਗੁਰੂ ਗਿਆਨ ਦੀ ਗੱਲ ਇਸ ਦੇ ਕਿਥੋਂ ਪੱਲੇ ਪਏਗੀ।

ਤੀਸਰਾ ਟਿੱਬਾ ਧਨ ਦਾ ਹੈ, ਧਨ ਮਾੜਾ ਨਹੀਂ ਹੈ ਪਰ ਧਨ ਦਾ ਦਿਖਾਵਾ ਕਰਨਾ ਮਾੜਾ ਗਿਣਿਆ ਗਿਆ ਹੈ। ਮਲਕ ਭਾਗੋ ਨੇ ਧਨ ਦਾ ਟਿੱਬਾ ਬਣਾਇਆ ਹੋਇਆ ਸੀ, ਦੁਨੀ ਚੰਦ ਨੇ ਧਨ ਦਾ ਟਿੱਬਾ ਖੜਾ ਕੀਤਾ ਹਇਆ ਸੀ ਪਰ ਗੁਰੂ ਨਾਨਕ ਸਾਹਿਬ ਜੀ ਨੇ ਇਹਨਾਂ ਦੇ ਬਣੇ ਹੋਏ ਟਿੱਬਿਆ ਨੂੰ ਮੱਢੋਂ ਹੀ ਢਾਹ ਦਿੱਤਾ। ਮਨ ਮੈਦਾਨ ਬਣਾ ਕੇ ਗੁਰ ਸ਼ਬਦ ਦੀ ਵੀਚਾਰ ਇਹਨਾਂ ਦੇ ਮਨ ਵਿੱਚ ਪਾ ਦਿੱਤੀ। ਧਨ ਕਮਾਉਂਣਾ ਮਾੜਾ ਨਹੀਂ ਹੈ, ਪਰ ਅੱਜ ਦੀ ਸਥਿੱਤੀ ਵਿੱਚ ਹਰ ਆਦਮੀ ਦੀ ਦੌੜ ਲੱਗੀ ਹੋਈ ਹੈ ਕਿ ਸਾਡਾ ਧਨ ਦਾ ਟਿੱਬਾ ਅੱਗੇ ਨਾਲੋਂ ਵੀ ਵੱਡਾ ਹੋ ਜਾਏ। ਇਸ ਨੂੰ ਗੁਰਬਾਣੀ ਆਖਦੀ ਹੈ ਕਿ ‘ਪਾਪਾਂ ਬਾਝੋਂ ਹੋਵੇ ਨਾਹੀਂ ਮੁਇਆਂ ਸਾਥ ਨ ਜਾਈ’ ਤਾਂ ਫਿਰ ਅਜੇਹੇ ਟਿੱਬੇ `ਤੇ ਲੱਗਾਤਾਰ ਵੀ ਗੁਰਬਾਣੀ ਦਾ ਮੀਂਹ ਪੈਂਦਾ ਰਹੇ ਫਿਰ ਵੀ ਇਹ ਟਿੱਬੇ ਖਾਲੀ ਦੇ ਖਾਲੀ ਹੀ ਰਹਿ ਜਾਦੇ ਹਨ।

ਜਵਾਨੀ ਵਿੱਚ ਜੋਸ਼ ਬਹੁਤ ਹੁੰਦਾ ਹੈ ਪਰ ਜੇ ਨਾਲ਼ ਹੋਸ਼ ਲੈ ਲਈ ਜਾਏ ਤਾਂ ਜਵਾਨੀ ਮੰਜ਼ਿਲਾਂ ਤੇ ਮੰਜ਼ਿਲਾਂ ਸਰ ਕਰ ਸਕਦੀ ਹੈ। ਸਕੂਲਾਂ ਕਾਲਜਾਂ ਦੇ ਵਿਦਿਆਰਥੀ ਜਵਾਨੀ ਦੇ ਜੋਸ਼ ਵਿੱਚ ਹੀ ਲੜਾਈ ਝਗੜੇ ਖੜੇ ਰੱਖਦੇ ਹਨ। ਜਵਾਨੀ ਦੇ ਮਾਣ ਵਿੱਚ ਹੀ ਕਈ ਦਫਾ ਸਿੱਖਿਆ ਦਾਤਾ ਨਾਲ ਝਗੜੇ ਹੋ ਜਾਂਦੇ ਹਨ। ਮੈਨੂੰ ਯਾਦ ਹੈ ੧੯੬੭ ਵਿੱਚ ਸਕੂਲ ਪੜ੍ਹਦਿਆਂ ਕੁੱਝ ਨੌਜਵਾਨਾਂ ਨੇ ਸਕੂਲ ਦੇ ਸ਼ੀਸ਼ੇ ਇਸ ਲਈ ਭੰਨ ਦਿੱਤੇ ਸਨ ਕਿ ਸਾਡਾ ਕੋਈ ਕੀ ਵਿਗਾੜ ਸਕਦਾ ਹੈ। ਸਵੇਰ ਦੀ ਸਭਾ ਵਿੱਚ ਅਧਿਆਪਕਾਂ ਵਲੋਂ ਦਿੱਤੇ ਜਾਂਦੇ ਭਾਸ਼ਨਾਂ ਦਾ ਅਸਰ ਘੱਟ ਹੀ ਕਬੂਲਿਆ ਜਾਂਦਾ ਸੀ।

ਚਾਰ ਮੁੱਖ ਟਿੱਬੇ ਜਿਸ ਮਨੁੱਖ ਦੇ ਮਨ ਵਿੱਚ ਬਣੇ ਹੋਣ ਕੀ ਉਥੇ ਗੁਰੂ ਜੀ ਦੇ ਉਪਦੇਸ਼ ਦਾ ਨਿਵਾਸ ਹੋ ਸਕਦਾ ਹੈ? ‘ਖਾਲੀ ਚਲੇ ਧਣੀ ਸਿਉ’ ਖਾਲ਼ੀ ਦੇ ਖਾਲੀ ਹੀ ਰਹਿ ਜਾਂਦੇ ਹਨ। ਧਣੀ-- ਰੱਬ ਜੀ ਭਾਵ ਰੱਬੀ ਗੁਣਾਂ ਤੋਂ ਖਾਲੀ ਹਨ। ਸਿਰੀ ਚੰਦ, ਪ੍ਰਿਥੀ ਚੰਦ, ਧੀਰਮਲ ਗੁਰੂ ਸਾਹਿਬ ਜੀ ਕੋਲ ਰਹਿੰਦੇ ਹੋਏ ਵੀ ਖਾਲੀ ਦੇ ਖਾਲੀ ਹਨ ਤੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਰਹਿੰਦੇ ਹੋਏ ਵੀ ਉਚੇ ਉਚੇ ਟਿਬਿਆਂ ਦੇ ਮਾਲਕ ਬਣੀ ਬੈਠੇ ਹਾਂ।

1 ਹੰਕਾਰ, ਆਪਣੀ ਵਡਿਆਈ ਸੁਣਨੀ, ਧਨ ਤੇ ਜੁਆਨੀ ਦੇ ਟੀਸੀਆਂ ਵਾਲੇ ਟਿੱਬੇ ਬਣੇ ਹੋਏ ਹਨ।

2 ਗੁਰੂ ਗ੍ਰੰਥ ਸਾਹਿਬ ਜੀ ਦਾ ਉਪਦੇਸ਼ ਦਾ ਮੋਹਲ਼ੇਧਾਰ ਮੀਂਹ ਪੈ ਰਿਹਾ ਹੈ ਪਰ ਅਸੀਂ ਖਾਲੀ ਦੇ ਖਾਲੀ ਹਾਂ।




.