. |
|
ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨ-ਕਲਾ ਤੇ ਕਸਵੱਟੀ
ਗੁਰਬਾਣੀ ਅਤੇ ਗੁਰਇਤਿਹਾਸ ਤੋਂ ਭਲੀਭਾਂਤ ਨਿਸ਼ਚੇ ਹੁੰਦਾ ਹੈ ਕਿ ਮਾਨਵ-ਏਕਤਾ
ਦੇ ਮੁੱਦਈ ਜਗਤ-ਗੁਰ ਬਾਬਾ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਅਤੇ ਉਨ੍ਹਾਂ ਦੇ ਜੋਤਿ-ਸਰੂਪ
ਬਾਕੀ ਗੁਰੂ ਸਾਹਿਬਾਨ ਦਾ ਮੁੱਖ ਮਨੋਰਥ, ਮਾਨਵੀ ਭਾਈਚਾਰੇ ਨੂੰ ਗਿਆਨ-ਗੁਰੂ ਦੀ ਅਗਵਾਈ ਵਿੱਚ ਜੀਊਣ
ਦੇ ਜੋਗ ਬਣਾ ਕੇ ਸਚਿਆਰ ਜੀਵਨ-ਜੁਗਤਿ ਸਮਝਾਂਦਿਆਂ, ਇੱਕ ਸਰਬ ਵਿਆਪਕ, ਸਰਬਸਾਂਝੇ ਤੇ ਨਿਰਭਉ
ਨਿਰਵੈਰ ਨਿਰੰਕਾਰ ਦੇ ਲੜ ਲਗਾਣਾ ਸੀ। ਤਾਂ ਜੁ ਇਸ ਤਰੀਕੇ, ਜਿਥੇ, ਹਰ ਕਿਸਮ ਦੇ ਵਿਤਕਰਿਆਂ ਅਤੇ
ਹੀਨ-ਭਾਵਨਾ ਤੋਂ ਰਹਿਤ, ਇੱਕ ਸਮਦ੍ਰਿਸ਼ਟ, ਕਿਰਤੀ, ਗੁਣ-ਪੂਜਕ ਤੇ ਸਾਂਝੀਵਾਲਤਾ ਵਾਲੇ ਸਮਾਜ ਦੀ
ਸਿਰਜਨਾ ਹੋ ਸਕੇ। ਉਥੇ, ਅਜਿਹੇ ਸਮਾਜ ਦੀ ਬਦੌਲਤ ਹਰੇਕ ਥਾਂ ਹਲੇਮੀ-ਰਾਜ ਦੀ ਸਥਾਪਨਾ ਹੋ ਸਕੇ ਤਾਂ
ਕਿ ਭਗਤ-ਜਨਾਂ ਦੇ ਚਿਤਵੇ ਬੇਗ਼ਮਪੁਰੇ ਦੀ ਤਰ੍ਹਾਂ ਸਾਰੀ ਪਰਜਾ ਸੁਖਾਲੀ ਵੱਸੇ।
ਕਿਉਂਕਿ, ਪ੍ਰਭੂ ਕਿਰਪਾ ਦੇ ਪਾਤਰ ਬਣਦਿਆਂ ਜਦੋਂ ਕਿਸੇ ਦੇ ਅੰਤਰ-ਆਤਮੇ
ਹਉਮੈ ਦੀ ਥਾਂ ਹਲੇਮੀ ਦਾ ਰਾਜ ਕਾਇਮ ਹੋ ਜਾਂਦਾ ਹੈ ਤਾਂ ਉਹ ਆਤਮਿਕ ਤੌਰ ‘ਤੇ ਬੇਗ਼ਮਪੁਰੇ ਸ਼ਹਿਰ ਦਾ
ਵਾਸੀ ਬਣ ਕੇ ਆਪਣੇ ਆਲੇ-ਦੁਆਲੇ ਨੂੰ ਵੀ ਇਸ ਢੰਗ ਨਾਲ ਸੁਖਾਲਾ ਕਰਨ ਲਈ ਯਤਨਸ਼ੀਲ ਹੋ ਜਾਂਦਾ ਹੈ। ਇਸ
ਲਈ ਅਤਿਅੰਤ ਜ਼ਰੂਰੀ ਸੀ ਕਿ ਉਪਰੋਕਤ ਮਨੋਰਥ ਦੀ ਪੂਰਤੀ ਲਈ ਕਾਇਮ ਕੀਤੇ ਨਿਰਮਲ-ਪੰਥ (ਜੀਵਨ-ਢੰਗ) ਦੀ
ਵਿਆਖਿਆ ਲਈ ਇੱਕ ਸਰਬਸਾਂਝਾ ‘ਗ੍ਰੰਥ’ ਵੀ ਤਿਆਰ ਕੀਤਾ ਜਾਵੇ, ਜਿਹੜਾ ਸਹਿਹੋਂਦ ਤੇ ਭਾਵਕ-ਏਕਤਾ ਦਾ
ਮੁਜਸਮਾ ਹੋਵੇ ਅਤੇ ਉਸ ਤੋਂ ਨਿਰਮਲ-ਪੰਥ ਦੇ ਪਾਂਧੀਆਂ ਨੂੰ ਸਦੀਵ ਕਾਲ ਲਈ ਸਹੀ ਅਗਵਾਈ ਮਿਲਦੀ ਰਹੇ।
‘ਮਹਿਮਾ ਪ੍ਰਕਾਸ਼’ (ਸੰਨ ੧੭੭੬) ਦਾ ਲਿਖਾਰੀ ਬਾਵਾ ਸਰੂਪ ਦਾਸ ਭੱਲਾ ਸਤਿਗੁਰਾਂ ਦੀ ਇਸ ਲੰਬੀ ਨਦਰਿ
ਅਤੇ ਪਰਉਪਕਾਰੀ ਸੋਚ ਨੂੰ ਗੁਰੂ ਅਰਜਨ ਸਾਹਿਬ ਨਾਲ ਸਬੰਧਤ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ
ਮੁਢਲੇ ਸਰੂਪ (ਪੋਥੀ ਸਾਹਿਬ) ਦੀ ਸੰਪਾਦਨਾ ਦੇ ਪ੍ਰਸੰਗ ਵਿੱਚ ਇਉਂ ਅੰਕਿਤ ਕਰਦਾ ਹੈ:
‘ਏਕ ਦਿਵਸ ਪ੍ਰਭ ਪ੍ਰਾਤਹਕਾਲਾ। ਦਇਆ ਭਰੇ ਪ੍ਰਭ ਦੀਨ ਦਇਆਲਾ।
ਯਹ ਮਨ ਉਪਜੀ ਪਰਗਟਿਓ ਜਗ ਪੰਥ। ਤਹ ਕਰਨ ਕੀਜੈ ਅਬ ਗ੍ਰੰਥ।
ਇਹੀ ਕਾਰਣ ਸੀ ਕਿ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ, ਜਿਥੇ, ਆਪਣੇ
ਦੁਆਰਾ ਉਚਾਰਨ ਕੀਤੀ ‘ਧੁਰ ਕੀ ਬਾਣੀ’ ਨੂੰ ਲਿਖ ਕੇ ਪੋਥੀ ਦੇ ਰੂਪ ਵਿੱਚ ਸੰਗ੍ਰਹਿ ਕਰਨ ਦਾ ਸਫਲ
ਉਪਰਾਲਾ ਕੀਤਾ। ਉਥੇ, ਆਪਣੀਆਂ ਪ੍ਰਚਾਰ ਫੇਰੀਆਂ ਦਰਮਿਆਨ ਨਿਰੰਕਾਰ ਦੇ ਉਪਾਸ਼ਕ, ਗੁਰੂ-ਅਵਸਥਾ ਦੇ
ਅਧਿਕਾਰੀ, ਮਨੁਖਤਾ ਪ੍ਰਤੀ ਸਮਦ੍ਰਿਸ਼ਟੀ ਰਖਣ ਵਾਲੇ ਅਤੇ ਆਪਣੇ ਜੀਵਨ ਦੀ ਬਾਜ਼ੀ ਜਿੱਤ ਚੁੱਕੇ ਭਾਰਤ
ਭਰ ਦੇ ਭਗਤ-ਜਨਾਂ ਦੀ ਬਾਣੀ ਸੰਗ੍ਰਹਿ ਕਰਨ ਦਾ ਉਪਕਾਰ ਵੀ ਕੀਤਾ।
ਇਸਲਾਮ ਦੇ ਕੇਂਦਰੀ ਅਸਥਾਨ ‘ਮੱਕੇ‘ (ਕਾਅਬੇ) ਦੀ ਯਾਤ੍ਰਾ ਦਾ ਹਾਲ ਲਿਖਦਿਆਂ
ਭਾਈ ਸਹਿਬ ਭਾਈ ਗੁਰਦਾਸ ਜੀ ਨੇ ਗੁਰਦੇਵ ਜੀ ਦੇ ਲਿਬਾਸ ਦਾ ਚਿਤ੍ਰਨ ਕਰਦਿਆਂ, ਜਿਥੇ, ਉਨ੍ਹਾਂ ਦੀ
ਕੱਛ ਵਿੱਚ ‘ਕਿਤਾਬ‘ ਹੋਣ ਦਾ ਵਰਨਣ ਕੀਤਾ ਹੈ। ਉਥੇ, ਇਹ ਵੀ ਲਿਖਿਆ ਹੈ ਕਿ ਮੁਸਲਮਾਨ ਹਾਜੀਆਂ ਨੇ
‘ਗੁਰੂ-ਬਾਬੇ‘ ਦੀ ਕਿਤਾਬ ਨੂੰ ਫੋਲਦਿਆਂ ਪੁਛਿਆ ਕਿ ਤੁਹਾਡੇ ਮੱਤ ਅਨੁਸਾਰ ਹਿੰਦੂ ਵੱਡਾ ਹੈ ਜਾਂ
ਮੁਸਲਮਾਨ। ਇਹ ਦੋਵੇਂ ਗੱਲਾਂ ਉਪਰੋਕਤ ਸਚਾਈ ਦਾ ਪੱਕਾ ਸਬੂਤ ਹਨ ਕਿ ਉਹ ‘ਕਿਤਾਬ‘ (ਪੋਥੀ) ਅਸਲ
ਵਿੱਚ ਗੁਰ-ਸ਼ਬਦ ਸਰੂਪ ਰਤਨਾਂ ਦਾ ਓਹੀ ਅਮੋਲਕ ਖ਼ਜ਼ਾਨਾ ਸੀ, ਜਿਸ ਵਿੱਚ ਉਨ੍ਹਾਂ ਨੇ ਆਪਣੀ ਅਤੇ ਹੋਰ
ਕਈ ਰੱਬੀ-ਭਗਤਾਂ ਦੀ ਬਾਣੀ ਨੂੰ ਇੱਕਤਰ ਕੀਤਾ ਹੋਇਆ ਸੀ। ਜਿਸ ਨੂੰ ਉਹ ਸਦਾ ਆਪਣੇ ਅੰਗ ਸੰਗ ਸੰਭਾਲ
ਕੇ ਰਖਦੇ ਸਨ। ਭਾਈ ਸਾਹਿਬ ਜੀ ਲਿਖਤ ਹੈ:
ਆਸਾ ਹੱਥ ਕਿਤਾਬ ਕੱਛ ਕੂਜਾ ਬਾਂਗ ਮੁਸੱਲਾ ਧਾਰੀ।। {ਵਾਰ ੧-੩੨}
ਪੁਛਣ ਖੋਲ ਕਿਤਾਬ ਨੂੰ ਵਡਾ ਹਿੰਦੂ ਕੀ ਮੁਸਲਮਾਨੋਈ।। {ਵਾਰ ੧-੩੩)
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ ਅੰਕਤ ਬਾਣੀ ਵਿਚੋਂ ਵੀ ਸਾਨੂੰ ਇਸ
ਹਕੀਕਤ ਦੇ ਅਕੱਟ ਪ੍ਰਮਾਣ ਮਿਲਦੇ ਹਨ ਕਿ ਭਗਤਾਂ ਦੀ ਬਾਣੀ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ
ਪ੍ਰਚਾਰ ਦੌਰਿਆਂ (ਉਦਾਸੀਆਂ) ਵੇਲੇ ਆਪ ਇਕੱਤਰ ਕੀਤੀ ਅਤੇ ਉਨ੍ਹਾਂ ਵਲੋਂ ਆਪ ਉਚਾਰਨ ਕੀਤੀ ‘ਖਸਮ ਕੀ
ਬਾਣੀ‘ ਸਮੇਤ, ਪੋਥੀ ਦੇ ਰੂਪ ਵਿੱਚ ਸੰਭਾਲਿਆ ਹੋਇਆ ਇਹ ਸਾਰਾ ਸੰਗ੍ਰਹਿ ਸ਼੍ਰੀ ਗੁਰੂ ਅੰਗਦ ਦੇਵ ਜੀ
ਨੂੰ ਪ੍ਰਾਪਤ ਹੋਇਆ। ਉਨ੍ਹਾਂ ਪਾਸੋਂ ਇਹ ਸਾਰਾ ਖ਼ਜ਼ਾਨਾ ਸ਼੍ਰੀ ਗੁਰੂ ਅਮਰਦਾਸ, ਸ਼੍ਰੀ ਗੁਰੂ ਰਾਮਦਾਸ
ਜੀ ਰਾਹੀਂ ਸ਼੍ਰੀ ਗੁਰੂ ਅਰਜਨ ਜੀ ਮਹਾਰਾਜ ਤੱਕ ਪਹੁੰਚਾ।
ਕਿਉਂਕਿ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ, ਸ਼੍ਰੀ ਗੁਰੂ ਨਾਨਕ ਸਾਹਿਬ
ਜੀ ਦੁਆਰਾ ਉਚਾਰਨ ਕੀਤੀ ਬਾਣੀ ਦੇ ਗੁਹਜ ਭਾਵਾਂ ਨੂੰ ਵਿਸਥਾਰ ਪੂਰਵਕ ਸਪਸ਼ਟ ਕਰਨ ਦਾ ਸੰਪਾਦਕੀ
ਉਪਕਾਰ ਕਰਦਿਆਂ, ਜਿਥੇ, ਕਈ ਸ਼ਲੋਕ ਤੇ ਸੰਪੂਰਨ ਸ਼ਬਦ ਸ਼੍ਰੀ ਗੁਰੂ ਅੰਗਦ, ਸ਼੍ਰੀ ਗੁਰੂ ਅਮਰ ਦਾਸ ਅਤੇ
ਸ਼੍ਰੀ ਗੁਰੂ ਅਰਜਨ ਸਾਹਿਬ ਜੀ ਵਲੋਂ ਉਚਾਰਨ ਕੀਤੇ ਹੋਏ ਮਿਲਦੇ ਹਨ। ਉਥੇ, ਸ਼੍ਰੀ ਗੁਰੂ ਨਾਨਕ ਸਾਹਿਬ
ਜੀ ਵਲੋਂ ਸੰਭਾਲੀ ਭਗਤਾਂ ਦੀ ਬਾਣੀ ਦੇ ਕਈ ਸ਼ਬਦਾਂ ਨੂੰ ਗੁਰੂ ਨਾਨਕ-ਦ੍ਰਿਸ਼ਟੀਕੋਨ ਤੋਂ ਸਪਸ਼ਟ ਕਰਨ
ਲਈ ਵੀ ਕਈ ਸ਼ਲੋਕ ਤੇ ਸ਼ਬਦ, ਭਗਤਾਂ ਦੀ ਬਾਣੀ ਵਿੱਚ ਮਹਲਾ ੨, ਮਹਲਾ ੩, ਅਤੇ ਮਹਲਾ ੫ ਦੇ ਸਿਰਲੇਖ
ਹੇਠ ਵਿਸ਼ੇਸ਼ ਤੌਰ ‘ਤੇ ਅੰਕਤ ਕੀਤੇ ਹੋਏ ਮਿਲਦੇ ਹਨ, ਜੋ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ
ਅਪਨਾਈ ਗਈ ਗੁਰਬਾਣੀ ਦਰਜ ਕਰਨ ਦੀ ਤਰਤੀਬ ਤੋਂ ਵਖਰੇ ਹਨ।
ਗੁਰਬਾਣੀ ਦੇ ਖੋਜੀ ਵਿਦਵਾਨਾਂ ਦਾ ਮੱਤ ਹੈ ਕਿ ਇਨ੍ਹਾਂ ਸ਼ਬਦਾਂ ਵਿਚਲੀ ਬੋਲੀ
ਤੇ ਸ਼ੈਲੀ ਦੀ ਸਾਂਝ ਅਤੇ ਇਨ੍ਹਾਂ ਵਿਚਲੇ ਗੁਰਮਤੀ ਸਿਧਾਂਤਾਂ ਦੀ ਸਪਸ਼ਟਤਾ ਦਾ ਅਜਿਹਾ ਅਹਿਮ ਕਾਰਜ
ਤਾਂ ਹੀ ਹੋ ਸਕਿਆ ਹੈ, ਜੇ ਕਰ ਉਨ੍ਹਾਂ ਪਾਸ ਗੁਰੂ ਨਾਨਕ ਬਾਣੀ ਅਤੇ ਭਗਤ-ਬਾਣੀ ਦਾ ਸੰਗ੍ਰਹਿ ਮਜੂਦ
ਸੀ। ਇਸ ਸਬੰਧ ਵਿੱਚ ਵਿਸਥਾਰ ਪੂਰਵਕ ਜਾਣਕਾਰੀ ਹਾਸਲ ਕਰਨ ਲਈ ਪਾਠਕਾਂ ਨੂੰ ਅਤਿ ਸਤਿਕਾਰ-ਯੋਗ
ਪ੍ਰੋਫੈਸਰ ਸਾਹਿਬ ਸਿੰਘ ਜੀ (ਡੀ. ਲਿਟ) ਜੀ ਦੀ ਰਚਿਤ ਪੁਸਤਕ ‘ਆਦਿ ਬੀੜ ਬਾਰੇ’ ਅਤੇ ਪ੍ਰਿੰਸੀਪਲ
ਹਰਭਜਨ ਸਿੰਘ ਜੀ ਦੀ ਲਿਖਤ ‘ਗੁਰਬਾਣੀ ਸੰਪਾਦਨ ਨਿਰਣੈ’ ਪੁਸਤਕਾਂ ਪੜ੍ਹਣ ਯੋਗ ਹਨ। ਇਸ ਵਿਚਾਰਧਾਰਾ
ਦੀ ਪੁਸ਼ਟੀ ਵਿੱਚ ਵਿਸਥਾਰ ਦੇ ਡਰੋਂ, ਕੇਵਲ ਵੰਨਗੀ ਵਜੋਂ ਹੇਠਾਂ ਕੁਝ-ਕੁ ਹਵਾਲੇ ਪੇਸ਼ ਹਨ:-
(ੳ) ਮਹਲਾ ੧: ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ।। {ਗੁ. ਗ੍ਰੰ.
ਪੰ. ੧}
ਮਹਲਾ ੨: ਭੁਖਿਆ ਭੁਖ ਨ ਉਤਰੈ ਗਲੀ ਭੁਖ ਨ ਜਾਇ।।
ਨਾਨਕ ਭੁਖਾ ਤਾ ਰਜੈ ਜਾ ਗੁਣ ਕਹਿ ਗੁਣੀ ਸਮਾਇ।। - {ਗੁ. ਗ੍ਰੰ. ਪੰ. ੧੪੭}
(ਅ) ਮਹਲਾ ੧: ਚਾਕਰੁ ਲਗੈ ਚਾਕਰੀ ਜੇ ਚਲੈ ਖਸਮੈ ਭਾਇ।।
ਹੁਰਮਤਿ ਤਿਸ ਨੋ ਅਗਲੀ ਓਹੁ ਵਜਹੁ ਭਿ ਦੂਣਾ ਖਾਇ।। {ਗੁ. ਗ੍ਰੰ. ਪੰ.
੪੭੪}
ਮਹਲਾ ੨: ਚਾਕਰੁ ਲਗੈ ਚਾਕਰੀ ਨਾਲੇ ਗਾਰਬੁ ਵਾਦੁ।।
ਗਲਾ ਕਰੇ ਘਣੇਰੀਆ ਖਸਮ ਨ ਪਾਏ ਸਾਦੁ।। {ਗੁ. ਗ੍ਰੰ. ਪੰ. ੪੭੪}
(ੲ) ਭਗਤ ਬੇਣੀ ਜੀ ਨੇ ਕਿਹਾ ਸੀ-
ਕਹੁ ਬੇਣੀ ਗੁਰਮੁਖਿ ਧਿਆਵੈ।। ਬਿਨੁ ਸਤਿਗੁਰ ਬਾਟ ਨ ਪਾਵੈ।। {ਗੁ.
ਗ੍ਰੰ. ਪੰ. ੧੩੫੧}
ਗੁਰਦੇਵ ਜੀ ਆਖਿਆ ਕਿ ਭਗਤ ਜੀ ਦਾ ਕਥਨ ਬਿਲਕੁਲ ਠੀਕ ਕਿ ਹੈ, ਸਤਿਗੁਰੂ ਤੋਂ
ਬਿਨਾਂ ਮੰਜ਼ਲ ਤੇ ਨਹੀ ਪਹੁੰਚਿਆ ਜਾ ਸਕਦਾ। ਪਰ, ਇਸ ਦੇ ਨਾਲ ਦ੍ਰਿੜ ਵਿਸ਼ਵਾਸ਼ ਅਥਵਾ ਨਿਸ਼ਚੈ ਦੀ
ਅਤਿਅੰਤ ਲੋੜ ਹੈ:
ਕਹੁ ਨਾਨਕ ਨਿਹਚਉ ਧਿਆਵੈ।। ਵਿਣੁ ਸਤਿਗੁਰ ਵਾਟ ਨ ਪਾਵੈ।। {ਗੁ. ਗ੍ਰੰ.
ਪੰ. ੪੭੪}
(ਸ) ਫਰੀਦ ਜੀ: ਸੂਹੀ ਲਲਿਤ।। ਬੇੜਾ ਬੰਧਿ ਨ ਸਕਿਓ ਬੰਧਨ ਕੀ ਵੇਲਾ।।
ਭਰਿ ਸਰਵਰੁ ਜਬ ਊਛਲੈ ਤਬ ਤਰਣੁ ਦੁਹੇਲਾ।। {ਗੁ. ਗ੍ਰੰ. ਪੰ. ੭੯੪}
ਸੂਹੀ ਮਹਲਾ ੧।। ਜਪ ਤਪ ਕਾ ਬੰਧੁ ਬੇੜੁਲਾ ਜਿਤੁ ਲੰਘਹਿ ਵਹੇਲਾ।।
ਨਾ ਸਰਵਰੁ ਨਾ ਊਛਲੈ ਐਸਾ ਪੰਥੁ ਸੁਹੇਲਾ।। {ਗੁ. ਗ੍ਰੰ. ਪੰ. ੭੨੯}
(ਹ) -ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ ਭਗਤ ਬਾਬਾ ਫਰੀਦ ਜੀ ਦੇ ਨਾਮ
ਹੇਠ ਅੰਕਤ ਹੋਈ ਬਾਣੀ ਵਿੱਚ ਕੁਲ ੪ ਸ਼ਬਦ ਅਤੇ ੧੩੦ ਸਲੋਕ ਹਨ। ਇਨ੍ਹਾਂ ੧੩੦ ਸਲੋਕਾਂ ਵਿਚੋਂ ੧੧੨
ਬਾਬਾ ਫਰੀਦ ਜੀ ਦੇ ਅਤੇ ੧੮ ਸਲੋਕ ਗੁਰੂ ਸਾਹਿਬਾਨ ਦੇ ਹਨ।
ਜਿਨ੍ਹਾਂ ਵਿੱਚ ਤਰਤੀਬਵਾਰ ਮਹਲਾ ੧ ਦੇ ੫ ਸਲੋਕ, ਮਹਲਾ ੩ ਦੇ ੪ ਸਲੋਕ,
ਮਹਲਾ ੪ ਦਾ ੧ ਸਲੋਕ ਅਤੇ ਮਹਲਾ ੫ ਦੇ ੮ ਸਲੋਕ ਹਨ। ਜਿਵੇਂ:
ਫਰੀਦਾ ਰਤੀ ਰਤੁ ਨ ਨਿਕਲੈ ਜੇ ਤਨੁ ਚੀਰੈ ਕੋਇ।।
ਜੋ ਤਨ ਰਤੇ ਰਬ ਸਿਉ ਤਿਨ ਤਨਿ ਰਤੁ ਨ ਹੋਇ।। ੫੧।।
ਮਃ ੩।। ਇਹੁ ਤਨੁ ਸਭੋ ਰਤੁ ਹੈ ਰਤੁ ਬਿਨੁ ਤੰਨੁ ਨ ਹੋਇ।।
ਜੋ ਸਹ ਰਤੇ ਆਪਣੇ ਤਿਤੁ ਤਨਿ ਲੋਭੁ ਰਤੁ ਨ ਹੋਇ।। …।। ੫੨।। {ਗੁ. ਗ੍ਰੰ.
ਪੰ. ੧੩੮੦}
ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਆਪਣੇ ਹੱਥੀਂ ਲਿਖਿਆ ਹੈ ਕਿ ਉਨ੍ਹਾਂ ਨੂੰ
ਪਹਿਲੇ ਚਾਰ ਗੁਰੂ ਸਾਹਿਬਾਨ ਵਲੋਂ ਜਾਨ ਨਾਲੋਂ ਵਧ ਸੰਭਾਲਿਆ ਹੋਇਆ ਗੁਰਬਾਣੀ ਰੂਪ ਖ਼ਜ਼ਾਨਾ ਪਿਤਾ
ਗੁਰਦੇਵ ਸ਼੍ਰੀ ਗੁਰੂ ਰਾਮਦਾਸ ਜੀ ਪਾਸੋਂ ਸੰਪੂਰਨ-ਰੂਪ ਵਿੱਚ ਪ੍ਰਾਪਤ ਹੋਇਆ ਸੀ। ਕਿਉਂਕਿ, ਸਾਖੀ
ਰੂਪ ਹੇਠਲੇ ਸ਼ਬਦ ਦੀ ਪਹਿਲੀ ਪੰਕਤੀ ‘ਪੀਊ ਦਾਦੇ ਕਾ ਖੋਲਿ ਡਿਠਾ ਖਜਾਨਾ’ ਦੁਆਰਾ ਉਨ੍ਹਾਂ ਨੇ ਸਪਸ਼ਟ
ਰੂਪ ਵਿੱਚ ਇਹੀ ਆਖਿਆ ਹੈ ਕਿ ਪਿਉ-ਦਾਦੇ ਦਾ ਖ਼ਜ਼ਾਨਾ ਖੋਲ ਕੇ “ਵੇਖਿਆ”, ਇਹ ਨਹੀ ਆਖਿਆ ਕਿ ਖ਼ਜ਼ਾਨਾ
“ਇਕੱਠਾ” ਕੀਤਾ। ਪਾਠਕਾਂ ਨੂੰ ਇਹ ਪੰਕਤੀ ਬੜੇ ਧਿਆਨ ਨਾਲ ਪੜ੍ਹਣੀ ਚਾਹੀਦੀ ਹੈ। ਸ਼ਬਦ ਦੇ ਪਹਿਲੇ ਦੋ
ਪਦੇ ਅਤੇ ਉਨ੍ਹਾਂ ਦੇ ਅਰਥ ਇਸ ਪ੍ਰਕਾਰ ਹਨ:
ਪੀਊ ਦਾਦੇ ਕਾ ਖੋਲਿ ਡਿਠਾ ਖਜਾਨਾ।। ਤਾ ਮੇਰੈ ਮਨਿ ਭਇਆ ਨਿਧਾਨਾ।। ੧।।
ਰਤਨ ਲਾਲ ਜਾ ਕਾ ਕਛੂ ਨ ਮੋਲੁ।। ਭਰੇ ਭੰਡਾਰ ਅਖੂਟ ਅਤੋਲ।। ੨।। {ਗੁ. ਗ੍ਰੰ. ਪੰ. ੧੮੬}
{ਅਰਥ: — ਜਦੋਂ ਮੈਂ ਗੁਰੂ ਨਾਨਕ ਦੇਵ ਤੋਂ ਲੈ ਕੇ ਸਾਰੇ ਗੁਰੂ ਸਾਹਿਬਾਨ ਦਾ
ਬਾਣੀ ਦਾ ਖ਼ਜ਼ਾਨਾ ਖੋਲ੍ਹ ਕੇ ਵੇਖਿਆ, ਤਦੋਂ ਮੇਰੇ ਮਨ ਵਿੱਚ ਆਤਮਕ ਆਨੰਦ ਦਾ ਭੰਡਾਰ ਭਰਿਆ ਗਿਆ। ੧।
ਇਸ ਖ਼ਜ਼ਾਨੇ ਵਿੱਚ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਅਮੋਲਕ ਰਤਨਾਂ ਲਾਲਾਂ ਦੇ ਭੰਡਾਰੇ ਭਰੇ ਹੋਏ (ਮੈਂ
ਵੇਖੇ), ਜੇਹੜੇ ਕਦੇ ਮੁੱਕ ਨਹੀਂ ਸਕਦੇ, ਜੇਹੜੇ, ਤੋਲੇ ਨਹੀਂ ਜਾ ਸਕਦੇ। ੨।}
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਖੇ ਗੁਰੂ ਨਾਨਕ-ਵਿਚਾਰਧਾਰਾ ਦੇ
ਸ਼ਰਧਾਲੂ ਗਿਆਰਾਂ ਭੱਟਾਂ ਦੀ ਗੁਰੂ-ਉਸਤਤੀ ਵਿੱਚ ਉਚਾਰੀ ਬਾਣੀ ਵੀ ਅੰਕਤ ਹੈ। ਇਨ੍ਹਾਂ ਦੇ ਜਥੇਦਾਰ
ਭੱਟ ‘ਕਲਸਹਾਰ‘ ਜੀ ਦੇ ਰਚਿਤ ਹੇਠ ਲਿਖੇ ਸਵਈਏ ਵਿਚੋਂ ਅਖੀਂ ਡਿੱਠੇ ਬਾਣੀ ਰੂਪ ਖਜ਼ਾਨੇ ਦਾ ਉਪਰੋਕਤ
ਸੱਚ ਪ੍ਰੱਤਖ ਰੂਪ ਵਿੱਚ ਝਲਕਾਰੇ ਮਾਰ ਰਿਹਾ ਹੈ। ਕਰੋ ਦਰਸ਼ਨ:-
ਗੁਰੁ ਨਾਨਕੁ, ਨਿਕਟਿ ਬਸੈ ਬਨਵਾਰੀ।। ਤਿਨਿ ਲਹਣਾ ਥਾਪਿ, ਜੋਤਿ ਜਗਿ
ਧਾਰੀ।।
ਲਹਣੈ, ਪੰਥੁ ਧਰਮ ਕਾ ਕੀਆ।। ਅਮਰਦਾਸ ਭਲੇ ਕਉ ਦੀਆ।।
ਤਿਨਿ, ਸ੍ਰੀ ਰਾਮਦਾਸੁ ਸੋਢੀ ਥਿਰੁ ਥਪBਉ।। ਹਰਿ ਕਾ ਨਾਮੁ ਅਖੈ ਨਿਧਿ
ਅਪBਉ।। {ਗੁ. ਗ੍ਰੰ. ਪੰ. ੧੪੦੧}
{ਅਰਥ: — ਸ਼੍ਰੀ ਗੁਰੂ ਨਾਨਕ ਅਕਾਲ ਪੁਰਖ ਦੇ ਨੇੜੇ ਵੱਸਦਾ ਹੈ। ਉਸ (ਗੁਰੂ
ਨਾਨਕ) ਨੇ ਲਹਣੇ ਨੂੰ ਨਿਵਾਜ ਕੇ ਜਗਤ ਵਿੱਚ (ਰੱਬੀ) ਜੋਤਿ ਪ੍ਰਕਾਸ਼ ਕੀਤੀ। ਭਾਵ, ਨਿਰੰਕਾਰ ਨਾਲ
ਇੱਕਸੁਰਤਾ ਦੀ ਅਵਸਥਾ ਵਿੱਚ ਗੁਰਬਾਣੀ ਦੁਆਰਾ ਜਿਹੜੀ-ਗੁਰਮਤਿ ਵਿਚਾਰਧਾਰਾ ਦਾ ਪ੍ਰਕਾਸ਼ ਕਰਨ ਦੀ
ਕ੍ਰਿਪਾਲਤਾ ਸ਼੍ਰੀ ਗੁਰੂ ਨਾਨਕ ਜੀ ਆਪ ਕਰ ਰਹੇ ਸਨ, ਆਪਣੇ ਜੋਤੀ –ਜੋਤਿ ਸਮਾਵਣ ਤੋਂ ਪਹਿਲਾਂ
ਉਨ੍ਹਾਂ ਨੇ ਉਹ ਸੇਵਾ ਭਾਈ ‘ਲਹਣੇ‘ (ਸ਼੍ਰੀ ਗੁਰੂ ਅੰਗਦ) ਨੂੰ ਸਉਂਪੀ।
ਜਿਸ ਲਹਣੇ (ਗੁਰੂ ਅੰਗਦ) ਨੇ (ਗੁਰੂ ਨਾਨਕ ਦਰਸਾਇਆ) ਧਰਮ ਦਾ ਰਾਹ ਚਲਾਇਆ,
ਅਤੇ ਉਨ੍ਹਾਂ ਨੇ ਅੱਗੇ ਇਹ ਦਾਤ ਭੱਲੇ (ਗੁਰੂ) ਅਮਰਦਾਸ ਜੀ ਨੂੰ ਦਿੱਤੀ। ਉਸ (ਗੁਰੂ ਅਮਰਦਾਸ ਜੀ)
ਨੇ ਸੋਢੀ ਗੁਰੂ ਰਾਮਦਾਸ ਜੀ ਨੂੰ ਗੁਰਬਾਣੀ ਰੂਪ ਹਰੀ ਦਾ ਨਾਮ-ਰੂਪ ਨਾ ਮੁੱਕਣ ਵਾਲਾ ਖ਼ਜ਼ਾਨਾ ਬਖ਼ਸ਼ਿਆ
ਤੇ (ਉਹਨਾਂ ਨੂੰ ਸਦਾ ਲਈ) ਅਟੱਲ ਕਰ ਦਿੱਤਾ।}
ਸਪਸ਼ਟ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਦੇ ਪਰਉਕਾਰੀ ਤੇ
ਮਹਾਨ ਕਾਰਜ ਦੀ ਅਰੰਭਤਾ ਗੁਰੂ ਨਾਨਕ ਸਾਹਿਬ ਜੀ ਆਪ ਹੀ ਕਰ ਗਏ ਸਨ। ਉਨ੍ਹਾਂ ਦੇ ਜੋਤਿ-ਸਰੂਪ ਬਾਕੀ
ਗੁਰੂ ਸਾਹਿਬਾਨ ਨੇ ਤਾਂ ਆਪਣੇ ਨੌਂ ਜਾਮਿਆਂ ਵਿੱਚ ਗੁਰੂ ਨਾਨਕ-ਜੁਗਤਿ ਅਨੁਸਾਰ ਇਸ ਕਾਰਜ ਨੂੰ
ਨੇਪਰੇ ਚਾੜ੍ਹਿਆ। ਭਾਵ, ਸੰਪੂਰਨਤਾ ਦੀ ਸਿਖਰ ਤਕ ਪਹੁੰਚਾਇਆ। ਗੁਰੂ ਅਮਰਦਾਸ ਜੀ ਮਹਾਰਾਜ ਨੇ ਆਪਣੇ
ਤੱਕ ਪਹੁੰਚੀ ਬਾਣੀ ਨੂੰ ਇੱਕ ਥਾਂ ਕਰਨ ਲਈ ਆਪਣੇ ਪੋਤਰੇ (ਬਾਬਾ ਮੋਹਨ ਜੀ ਦੇ ਸਪੁਤਰ) ਬਾਬਾ ਸਹੰਸਰ
ਰਾਮ ਜੀ ਦੀ ਸੇਵਾ ਲਈ, ਜਿਨ੍ਹਾਂ ਨੇ ਗੋਇੰਦਵਾਲ ਵਿਖੇ ਸੰਮਤ ੧੫੭੦ ਤੋਂ ੧੫੭੨ ਤਕ ਦੋ ਸਾਲ ਲਾ ਕੇ
ਦੋ ਪੋਥੀਆਂ ਵਿੱਚ ਸਾਰੀ ਬਾਣੀ ਇਕੱਤਰ ਕੀਤੀ।
ਬਾਣੀ ਸੰਪਾਦਨ ਦੀ ਇਸ ਘਾਲ ਵਿੱਚ ਸਭ ਤੋਂ ਉਭਰਵਾਂ ਯੋਗਦਾਨ ਹੈ ਪੰਚਮ
ਪਾਤਸ਼ਾਹ ਸ੍ਰੀ ਗੁਰੂ ਅਰਜਨ ਸਾਹਿਬ ਜੀ ਦਾ। ਜਿਨ੍ਹਾਂ ਨੇ ਆਪਣੀ ਅਤੇ ਵਿਰਾਸਤ ਵਿੱਚ ਮਿਲੀਆਂ ਬਾਣੀ
ਦੀਆਂ ਪੋਥੀਆਂ ਦੇ ਅਮੁੱਲ ਖਜ਼ਾਨੇ ਨੂੰ ਸ੍ਰੀ ਅੰਮ੍ਰਿਤਸਰ ਵਿਖੇ ਸ੍ਰੀ ਰਾਮਸਰ ਦੇ ਸਥਾਨ ‘ਤੇ ਭਾਈ
ਗੁਰਦਾਸ ਜੀ ਅਤੇ ਉੇਨ੍ਹਾਂ ਦੇ ਸਹਾਇਕ ਲਿਖਾਰੀ ਭਾਈ ਬੰਨੋ ਜੀ ਦੀ ਰਾਹੀਂ ਬਹੁਤ ਹੀ ਵਿਗਿਆਨਕ ਤੇ
ਸੁਰਖਿਅਤ ਢੰਗ ਦੁਆਰਾ ਰਾਗ ਅਤੇ ਪ੍ਰਕਰਣ ਅਨੁਸਾਰ ਤਰਤੀਬ-ਬੱਧ ਕਰਕੇ ਇੱਕ ਪੋਥੀ ਦੇ ਰੂਪ ਵਿੱਚ
ਸੁਰਖਿਅਤ ਕਰਵਾਇਆ।
ਮੰਨਿਆਂ ਜਾਂਦਾ ਹੈ ਕਿ ‘ਕਰਤਾਰਪੁਰੀ ਬੀੜ‘ ਅਸਲ ਵਿੱਚ ਉਸ ਪੋਥੀ ਦਾ ਹੀ ਇੱਕ
ਪ੍ਰਮਾਣਿਕ ਸਰੂਪ ਹੈ, ਜਿਸ ਦੇ ਤਤਕਰੇ ਦੇ ਅਰੰਭ ਵਿੱਚ ਹੇਠ ਲਿਖੀ ਵਿਸ਼ੇਸ਼ ਸੂਚਨਾ ਪੋਥੀ ਦੀ
ਸੰਪੂਰਨਤਾ ਦੇ ਸੰਮਤ ਨੂੰ ਇਉਂ ਪ੍ਰਗਟ ਕਰਦੀ ਹੈ:
‘ਸੂਚੀ ਪਤਰ ਪੋਥੀ ਕਾ, ਤਤਕਰਾ ਰਾਗਾਂ ਕਾ, ਸੰਮਤ ੧੬੬੧ ਮਿਤੀ ਭਾਦੋਉ ਵਦੀ
ਏਕਮ ੧ ਪੋਥੀ ਲਿਖਿ ਪਹੁੰਚੇ‘।
ਇਸ ਪੋਥੀ ਵਿੱਚ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਅਰਜਨ ਸਾਹਿਬ ਜੀ
ਤਕ ਪੰਜ ਗੁਰੂ ਸਾਹਿਬਾਨਾਂ, ਗੁਰੂ ਨਾਨਕ ਦਿਸ਼੍ਰਟੀ ਵਿੱਚ ਪ੍ਰਵਾਨ ਚੜ੍ਹੇ ੧੫ ਭਗਤਾਂ, ੧੧ ਸ਼ਰਧਾਲੂ
ਭੱਟਾਂ ਤੇ ਤਿੰਨ ਸੇਵਕ ਸਿੱਖਾਂ (ਭਾਈ ਸੱਤਾ, ਬਲਵੰਡ ਤੇ ਬਾਬਾ ਸੁੰਦਰ ਜੀ) ਦੀ ਬਾਣੀ ਅੰਕਤ ਹੈ।
ਇਹੀ ਕਾਰਣ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪਾਦਕ ਦੇ ਰੂਪ ਵਿੱਚ ਹੁਣ ਤੱਕ ਸ੍ਰੀ ਗੁਰੂ
ਅਰਜਨ ਸਾਹਿਬ ਜੀ ਨੂੰ ਦੇਖਿਆ ਜਾ ਰਿਹਾ ਹੈ। ਭਾਵੇਂ ਕਿ ਇਸ ਪਾਵਨ ਗ੍ਰੰਥ ਦੀ ਸੰਪਾਦਨਾ ਦਾ ਕਾਰਜ
ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਪ ਸ਼ੁਰੂ ਕਰ ਗਏ ਸਨ ਅਤੇ ਇਸ ਦੀ ਸੰਪੂਰਨਤਾ ਦੇ ਸਫਰ ਵਿੱਚ
‘ਸੋ ਪੁਰਖ‘ ਸੰਗ੍ਰਹਿ ਦੇ ਪੰਜ ਸ਼ਬਦ ਲਗਭਗ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੇ ਸਮੇਂ ਸੰਮਿਲਤ ਹੋਏ।
ਨੌਵੇਂ ਗੁਰੂ ਜੀ ਦੀ ਬਾਣੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਲੋਂ ਆਪਣੀ ਗੁਰਿਆਈ ਦੇ ਮੁਢਲੇ
ਸਾਲਾਂ ਵਿੱਚ ਆਦਿ ਸਿੰਘਾਸਣ ਸ੍ਰੀ ਦਮਦਮਾ ਸਾਹਿਬ (ਸ੍ਰੀ ਅਨੰਦਪੁਰ) ਵਿਖੇ ਅੰਕਤ ਕੀਤੀ ਗਈ,
ਜਿਨ੍ਹਾਂ ਨੇ ਜੋਤੀ-ਜੋਤਿ ਸਮਾਉਣ ਵੇਲੇ ਸ੍ਰੀ ਹਜ਼ੂਰ ਸਾਹਿਬ (ਨਦੇੜ) ਵਿਖੇ ਕਤਕ ਸੁਦੀ ਤੀਜ ਸੰਮਤ
੧੬੬੫ ਮੁਤਾਬਕ ਅਕਤੂਬਰ ਸੰਨ ੧੭੦੮ ਨੂੰ ਇਸ ਬੀੜ (ਪੋਥੀ, ਗ੍ਰੰਥ) ਨੂੰ ਗੁਰਿਆਈ ਬਖਸ਼ਦਿਆਂ ਸ੍ਰੀ
ਗੁਰੂ ਗ੍ਰੰਥ ਸਾਹਿਬ ਜੀ ਦੇ ਅਜੋਕੇ ਸਰੂਪ ਵਿੱਚ ਸੰਪੂਰਨਤਾ ਦੀ ਮੋਹਰ ਲਗਾਈ। ਸੋ ਇਸ ਵਿੱਚ ਕੋਈ ਸ਼ੱਕ
ਨਹੀ ਕਿ ਗੁਰਬਾਣੀ ਸੰਪਾਦਨ ਹਿੱਤ ਗੁਰੂ ਅਰਜਨ ਸਾਹਿਬ ਜੀ ਵੇਲੇ ਕੇਵਲ ਦੋ ਤਿੰਨ ਸਾਲ ਹੀ ਨਹੀ ਲੱਗੇ,
ਸਗੋਂ ੨੦੦ ਸਾਲ ਤੋਂ ਵਧੇਰੇ ਸਮਾਂ ਲਗ ਗਿਆ। ਪਰ ਇਸ ਦੀ ਸੰਪਾਦਨਾ ਵਿੱਚ ਦੂਰਦਰਸ਼ੀ ਸਤਿਗੁਰਾਂ ਨੇ
ਸੰਪਾਦਕੀ ਹੱਕਾਂ ਦੀ ਸੁਵਰਤੋਂ ਕਰਦਿਆਂ ਬਾਣੀ ਨੂੰ ਤਰਤੀਬਣ, ਰਾਗਾਂ ਵਿੱਚ ਬੀੜਣ, ਭਗਤ-ਬਾਣੀ ਦੀ
ਕਾਵਿਕ-ਸ਼ੈਲੀ ਨੂੰ ਸਵਾਰਦਿਆਂ ਗੁਰਮਤੀ-ਰੰਗ ਵਿੱਚ ਰੰਗਣ, ਉਕਾਈਆਂ ਸੁਧਾਰਨ, ਭੁਲੇਖੇ ਨਿਵਾਰਨ ਅਤੇ
ਗੁਰਬਾਣੀ ਨੂੰ ਮਿਲਗੋਭਾ ਹੋਣ ਤੋਂ ਬਚਾਵਣ ਲਈ ‘ਸੱਚ ਕਸਵੱਟੀ‘ ‘ਤੇ ਪਰਖਦਿਆਂ, ਚੇਤੰਨਤਾ ਤੇ
ਨਿਰਭੈਤਾ ਸਹਿਤ ਜੋ ਵਿਗਿਆਨਕ ਵਿਧੀ ਅਪਣਾਈ, ਉਸ ਨੂੰ ਜਾਣ ਬੁੱਝ ਕੇ ਤਾਂ ਸੰਸਾਰ ਭਰ ਦੇ ਸੁਘੜ
ਸੰਪਾਦਕਾਂ ਦੇ ਸਿਰ ਝੁਕ ਜਾਂਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ ਬਾਣੀ ਨੂੰ ਗੁਰੂ ਅਰਜਨ
ਸਾਹਿਬ ਜੀ ਮਹਾਰਾਜ ਵਲੋਂ ਤਿੰਨ ਭਾਗਾਂ ਵਿੱਚ ਵੰਡਿਆ ਗਿਆ ਹੈ। ਪਹਿਲਾ ਹਿੱਸਾ ਹੈ ਪੰਨਾ ੧ ਤੋਂ
ਪੰਨਾ ੧੩ ਤੀਕ ਪ੍ਰਸਤਾਵਨਾ ਦਾ। ਇਸ ਵਿੱਚ ਬਾਣੀਆਂ ਹਨ; ‘ਜਪ’, ‘ਸੋ ਦਰ’, ‘ਸੋ ਪੁਰਖ’ ਤੇ
‘ਸੋਹਿਲਾ’, ਜੋ ਹੁਣ ਸਿੱਖ ਰਹਿਤ ਮਰਯਾਦਾ ਮੁਤਾਬਿਕ ਗੁਰਸਿੱਖਾਂ ਦੇ ਨਿਤਨੇਮ ਦਾ ਮੁਖ ਅੰਗ ਹਨ।
ਇਨ੍ਹਾਂ ਵਿੱਚ ਸਪਸ਼ਟ ਕਰ ਦਿੱਤਾ ਗਿਆ ਹੈ ਕਿ ਸਮੁੱਚਾ ਗੁਰੂ ਗ੍ਰੰਥ ਸਾਹਿਬ ਰੱਬੀ-ਯਾਦ ਤੇ ਰੱਬੀ-ਰਜ਼ਾ
ਵਿੱਚ ਜੀਊਂਦਿਆਂ ਸਚਿਆਰ ਹੋ ਕੇ ਸਰਬ ਵਿਆਪਕ ਰੱਬੀ ਦਰ-ਘਰ ਦੇ ਦਰਸ਼ਨ-ਦੀਦਾਰੇ ਕਰਦਿਆਂ ਉਸ ਵਿੱਚ
ਟਿਕਣ ਦਾ ਸਹਿਜ-ਸੁਹੇਲਾ ਮਾਰਗ ਹੈ। ਦੂਜਾ ਹਿੱਸਾ ਹੈ ਪੰਨਾ ੧੪ ਤੋਂ ੧੩੫੩ ਤੀਕ ਰਾਗ-ਬੱਧ ਬਾਣੀ ਦਾ।
ਇਸ ਭਾਗ ਵਿੱਚ ਮੁਖ ਰਾਗ ਹਨ ੩੧। ਜਿਨ੍ਹਾਂ ਦੇ ਨਾਮ ਤਰਤੀਬ-ਵਾਰ ਇਸ ਪ੍ਰਕਾਰ ਹਨ: ਸਿਰੀ ਰਾਗ, ਮਾਝ,
ਗਉੜੀ, ਆਸਾ, ਗੂਜਰੀ, ਦੇਵ ਗੰਧਾਰੀ, ਬਿਹਾਗੜਾ, ਵਡਹੰਸ, ਸੋਰਠਿ, ਧਨਾਸਰੀ, ਜੈਤਸਰੀ, ਟੋਡੀ,
ਬੈਰਾੜੀ, ਤਿਲੰਗ, ਸੂਹੀ, ਬਿਲਾਵਲ, ਗੋਂਡ, ਰਾਮਕਲੀ, ਨਟ ਨਾਰਾਇਣ, ਮਾਲੀ ਗਉੜਾ, ਮਾਰੂ, ਤੁਖਾਰੀ,
ਕੇਦਾਰਾ, ਭੈਰਉ, ਬਸੰਤ, ਸਾਰੰਗ, ਮਲਾਰ, ਕਾਨੜਾ, ਕਲਿਆਣ ਅਤੇ ਪ੍ਰਭਾਤੀ। ਅਖੀਰ ਵਿੱਚ ਇਕੱਤੀਵਾਂ
ਰਾਗ ਹੈ ‘ਜੈਜਾਵੰਤੀ‘, ਜਿਸ ਵਿੱਚ ਨਿਰੋਲ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਹੈ। ਰਾਗ
ਪ੍ਰਬੰਧ: ਗੁਰਮਤੀ ਰੰਗ ਵਿੱਚ ਰੱਤੇ ਧਰਮ-ਵੇਤਾ ਸਾਹਿਤਕਾਰ ਤੇ ਵਿਆਕਰਣ ਅਚਾਰੀਆ ਪ੍ਰਿੰਸੀਪਲ ਤੇਜਾ
ਸਿੰਘ ਜੀ (ਕਰਤਾ ਸ਼ਬਦਾਰਥ) ਦਾ ਮੱਤ ਹੈ ਕਿ ਸਤਿਗੁਰਾਂ ਵਲੋਂ ਬਾਣੀ ਲਈ ਰਾਗਾਂ ਦੀ ਚੋਣ ਕਰਨ ਵੇਲੇ
ਸ਼ਬਦਾਂ ਦੇ ਮਜ਼ਮੂਨਾਂ ਨੂੰ ਧਿਆਨ ਵਿੱਚ ਰਖਿਆ ਗਿਆ ਹੈ। ਜੋ ਬਿਲਕੁਲ ਸਹੀ ਹੈ। ਹੁਣ ਤਕ ਦੇ ਲਗਭਗ
ਸਾਰੇ ਹੀ ਵਿਦਵਾਨ ਇਸ ਵਿਚਾਰ ਨਾਲ ਸਹਿਮਤ ਹਨ। ਕਿਉਂਕਿ, ਜਿਵੇਂ ‘ਸੂਹੀ‘ ਤੇ ‘ਬਿਲਾਵਲ‘ ਵਿਆਹ ਆਦਿਕ
ਦੀ ਖੁਸ਼ੀ ਦੇ ਮੌਕਿਆਂ ਦੇ ਰਾਗ ਹਨ। ਅਸੀਂ ਦੇਖਦੇ ਹਾਂ ਕਿ ਇਨ੍ਹਾਂ ਵਿੱਚ ਪ੍ਰਭੂ-ਮਿਲਾਪ ਦੀ ਖੁਸ਼ੀਆਂ
ਦੇ ਮਜ਼ਮੂਨ ਹਨ। ਹਰੇਕ ਸ਼ਬਦ ਵਿੱਚ
‘ਸਖੀ ਮਿਲਹੁ ਰਸਿ ਮੰਗਲੁ ਗਾਵਹੁ ਹਮ
ਘਰਿ ਸਾਜਨੁ ਆਇਆ’।। (ਸੂਹੀ ਮ: ੧) ਦੀ ਮੰਗਲਮਈ
ਸੱਦ ਹੀ ਸੁਣਾਈ ਦਿੰਦੀ ਹੈ।
ਕਈ ਵਾਰ ਕੁਦਰਤੀ ਸ਼ਕਤੀਆਂ ਵੇਖ ਕੇ ਮਾਨਵੀ ਤਬੀਅਤ ਵਿੱਚ ਡਰ ਜਿਹਾ ਪੈਦਾ ਹੋਣ
ਲਗਦਾ ਹੈ। ‘ਡਰਪੈ ਧਰਤਿ
ਅਕਾਸੁ ਨਖBਤ੍ਰਾ ਸਿਰ ਊਪਰਿ ਅਮਰੁ ਕਰਾਰਾ’।। (ਮਾਰੂ ਮ: ੫)
ਕਦੀ ਕਦੀ ਆਪਣੀਆਂ ਕਮਜ਼ੋਰੀਆਂ ਵੇਖ ਕੇ ਮਨੁੱਖੀ ਮਨ ਵਿੱਚ
ਨਿਰਾਸਤਾ ਜਿਹੀ ਛਾ ਜਾਂਦੀ ਹੈ। ‘ਨਾਨਕੁ ਭਇਆ ਉਦਾਸੀ’ (ਮਾਰੂ ਮ: ੧) ਵਾਲੀ ਹਲਤ ਬਣ ਜਾਂਦੀ ਹੈ।
ਪਰ, ‘ਸਮਰਥੁ ਸਰਬ ਗੁਣ ਨਾਇਕੁ’ ਅਤੇ
ਪੁਰਖੁ ਪੂਰਨ ਸੁਖਹ ਦਾਤਾ ਸੰਗਿ ਬਸਤੋ
ਨੀਤ।। (ਮਾਰੂ ਮ: ੫) ਵੇਖ ਕੇ ਮੁੜ ਹੌਸਲਾ ਪੈਦਾ
ਹੋਣ ਤੇ ਆਸ ਬਝਣ ਕਾਰਨ ਉਪਰਾਮਤਾ ਦੂਰ ਹੋ ਜਾਂਦੀ ਹੈ।
ਸਿੱਖੀ ਸਹਿਜ ਦਾ ਮਾਰਗ ਹੈ। ਇਥੇ ਸੁਖ ਵਿੱਚ ਉਤੇਜਿਤ ਹੋ ਕੇ ਹੋਸ਼ ਗਵਾਉਣ
ਅਤੇ ਦੁੱਖ ਵਿੱਚ ਘਬਰਾਅ ਕੇ ਡੋਲਣ ਤਕ ਦੀ ਨੌਬਤ ਤੱਕ ਪੁਜਣ ਦੀ ਆਗਿਆ ਨਹੀ ਹੈ। ਇਸ ਲਈ ਬਾਣੀ ਦੇ
ਸੰਪਾਦਕ ਗੁਰੂ ਜੀ ਨੇ ਦੁਖ ਦੇ ਕੀਰਨੇ ਪਾਉਣ ਵਾਲੇ ‘ਦੀਪਕ’ ਰਾਗ ਨੂੰ ਨਹੀ ਲਿਆ। ਇਸ ਪੱਖੋਂ ਜਿਥੇ
ਉਹ ਮਾਰੂ ਤੇ ਬਿਹਾਗੜੇ ਤਕ ਹੀ ਸੀਮਤ ਰਹੇ ਹਨ। ਉਥੇ, ਖੁਸ਼ੀ ਦੇ ਰਾਗ ਲੈਣ ਲਗਿਆਂ ਬਸੰਤ ਤੇ ਸੂਹੀ ਤਕ
ਹੀ ਗਏ ਹਨ। ‘ਮੇਘ ਹਿੰਡੋਲ ਤੇ ਦੀਪਕ’ ਵਰਗੇ ਗਰਮ ਸੁਭਾਈ ਤੇ ਖਰੂਦ ਮਚਾਉਣ ਵਾਲੇ ਰਾਗ ਨਹੀ ਲਏ।
ਹਾਂ! ‘ਬਸੰਤ ਦੀ ਸੁਸਤ ਚਾਲ ਨੂੰ ਤੇਜ਼ ਕਰਨ ਲਈ ਕਿਤੇ ਕਿਤੇ ਬਸੰਤ ਨਾਲ ਹਿੰਡੋਲ ਰਲਾ ਕੇ ‘ਬਸੰਤ
ਹਿੰਡੋਲ’ ਬਣਾ ਲਿਆ ਹੈ ਅਤੇ ‘ਗਉੜੀ’ ਵਰਗੇ ਗਹਿਰ ਗੰਭੀਰ ਸੁਭਾ ਦੇ ਰਾਗ ਨੂੰ ਹੋਰ ਤੀਖਣ ਤੇ ਡੂੰਘਾ
ਕਰਨ ਲਈ ‘ਗਉੜੀ’ ਨਾਲ ‘ਦੀਪਕੀ’ ਮਿਲਾ ਕੇ ‘ਗਉੜੀ ਦੀਪਕੀ’ ਕਰ ਦਿੱਤਾ ਹੈ। ਤੀਜਾ ਭਾਗ ਹੈ ਪੰਨਾ
੧੩੫੩ ਤੋਂ ੧੪੩੦ ਤਕ, ਰਾਗ ਮੁਕਤ ਬਾਣੀ ਦਾ। ਸਲੋਕ ਸਹਸਕ੍ਰਿਤੀ, ਗਾਥਾ, ਫੁਨਹੇ, ਚਉਬੋਲੇ, ਭੱਟਾਂ
ਦੇ ਸਵਯੇ ਅਤੇ ਅਖ਼ੀਰ ਵਿੱਚ ਸਲੋਕ ਵਾਰਾਂ ਤੇ ਵਧੀਕ ਤੇ ਮੁੰਦਾਵਣੀ। ਪਰ ਕਮਾਲ ਦੀ ਗੱਲ ਇਹ ਹੈ ਕਿ ‘ੴ
ਤੋਂ ਗੁਰਪ੍ਰਸਾਦਿ’ ਤਕ ਦੇ ਆਦਿ ਮੰਗਲਾਚਰਨ ਤੋਂ ਲੈ ਕੇ ‘ਸਲੋਕ ਮਹਲਾ ੫।। ਤੇਰਾ ਕੀਤਾ ਜਾਤੋ ਨਾਹੀ‘
ਤਕ ਸਾਰੀ ਬਾਣੀ ਦੇ ਸ਼ਬਦਾਂ ਨੂੰ ਮਜ਼ਮੂਨਾਂ ਦੀ ਲੜੀ ਵਿੱਚ ਪ੍ਰੋਇਆ ਗਿਆ ਹੈ। ਬਾਣੀ ਨੂੰ ਗਹੁ ਨਾਲ
ਵਚਾਰਿਆਂ ਤਾਂ ਇਉਂ ਪ੍ਰਤੀਤ ਹੁੰਦਾ ਹੈ, ਜਿਵੇਂ ਇਹ ਮਜ਼ਮੂਨ-ਵਾਰ ਪਹਿਰੇ ਹੋਣ। ਵੇਖੋ! ‘ਰਾਮਕਲੀ
ਅਨੰਦ’ ਅਤੇ ‘ਸੱਦ’ ਇਕੱਠੇ ਆਏ ਹਨ। ਕਿਉਂਕਿ, ਮਜ਼ਮੂਨ ਦੀ ਸਾਂਝ ਹੈ। ਦੋਹਾਂ ਵਿੱਚ ਗੁਰਬਾਣੀ ਦਾ
ਮਹਤਵ ਦ੍ਰਿੜ੍ਹਾਂਦਿਆਂ ਸਿੱਖਾਂ ਨੂੰ ਖੁਸ਼ੀ ਗਮੀ ਵੇਲੇ ਗੁਰਬਾਣੀ ਦਾ ਸਹਾਰਾ ਤੇ ਸੇਧ ਲੈਣ ਦੀ
ਪ੍ਰੇਰਨਾ ਕੀਤੀ ਗਈ ਹੈ।
ਭਗਤ ਬਾਣੀ ਦੀ ਸੰਪਾਦਨਾ: ਭਗਤ ਬਾਣੀ ਦੀ ਸੰਪਾਦਨਾ ਕਰਨ ਵੇਲੇ ਗੁਰੂ
ਅਰਜਨ ਸਾਹਿਬ ਜੀ ਨੇ ਸੰਪਾਦਕੀ ਹੱਕਾਂ ਦੀ ਖੁਲ੍ਹ ਕੇ ਵਰਤੋਂ ਕੀਤੀ ਹੈ। ਕਿਉਂਕਿ, ਉਹ ਜਾਣਦੇ ਸਨ ਕਿ
ਜਿਹੜੀ ਦੈਵੀ-ਕਿਰਤ ਅਸੀਂ ਸੰਪਾਦਿਤ ਕਰ ਰਹੇ ਹਾਂ, ਉਸ ਦੇ ਕਰਤੇ ਰਾਂਖਵੇ ਹੱਕ ਰਖਣ ਵਾਲੇ ਸੁਆਰਥੀ
ਸੰਸਾਰੀ ਨਹੀ, ਸਗੋਂ ਸਭ ਕੁੱਝ ਮਾਨਵਤਾ ਦੀ ਝੋਲ੍ਹੀ ਪਾਉਣ ਵਾਲੇ ਪਰਉਕਾਰੀ ਉਤਮ ਸੰਤ-ਜਨ ਹਨ। ਉਹ ਆਮ
ਦੁਨਿਆਵੀ ਕਵੀਆਂ ਵਾਂਗ ਪਦਾਰਥ ਤੇ ਲੋਕਾਂ ਦੀ ਵਾਹ-ਵਾਹ ਕਮਾਉਣ ਲਈ ਨਹੀ ਬੋਲਦੇ, ਪਰਉਪਕਾਰ ਹਿੱਤ
ਬੋਲਦੇ ਹਨ। ਰੱਬੀ ਉਸਤਤਿ ਤੇ ਮਾਨਵਤਾ ਦੇ ਭਲੇ ਲਈ ਬਚਨ ਕਰਦੇ ਹਨ। ਸਤਿਗੁਰਾਂ ਨੂੰ ਪੱਕਾ ਯਕੀਨ ਸੀ:
ਹਰਿ ਜਨ ਊਤਮ, ਊਤਮ ਬਾਣੀ,
ਮੁਖਿ ਬੋਲਹਿ ਪਰਉਪਕਾਰੇ।। ਜੋ ਜਨੁ ਸੁਣੈ ਸਰਧਾ ਭਗਤਿ ਸੇਤੀ, ਕਰਿ ਕਿਰਪਾ ਹਰਿ ਨਿਸਤਾਰੇ।। (ਪੰਨਾ
੪੯੩) ਇਸ ਲਈ ਉਨ੍ਹਾਂ ਨੇ ਭਗਤ-ਜਨਾਂ ਦੀਆਂ
ਰਚਨਾਵਾਂ ਨੂੰ ਕਾਵਿਕ ਤੇ ਸੰਗੀਤਕ ਦਿਸ਼੍ਰਟੀਕੋਨ ਤੋਂ ਸੰਵਾਰਦਿਆਂ, ਸ਼ੰਗਾਰਦਿਆਂ, ਸੁਧਾਰਦਿਆਂ ਤੇ
ਖ਼ਿਆਲਾਂ ਦੀ ਸਪਸ਼ਟਤਾ ਹਿੱਤ ਸੰਪਾਦਕੀ ਨੋਟ ਵਜੋਂ ਆਪਣਾ ਵਖਰਾ ਸ਼ਲੋਕ ਲਿਖਣ ਦੀ ਥਾਂ, ਆਪਣੇ ਵਿਚਾਰਾਂ
ਨੂੰ ਭਗਤਾਂ ਦੀ ਰਚਨਾ ਵਿੱਚ ਸੰਮਿਲਤ ਕਰਕੇ ਉਨ੍ਹਾਂ ਦੇ ਨਾਮ ਹੇਠ ਬਾਣੀ ਰਚਨ ਤੋਂ ਵੀ ਸੰਕੋਚ ਨਹੀ
ਕੀਤਾ। ਕਿਉਂਕਿ, ਭਾਈ ਮਰਦਾਨਾ ਜੀ ਨੂੰ ਸਮਰਪਤ ਸ਼ਲੋਕ ਰਚ ਕੇ ਗੁਰੂ ਨਾਨਕ ਸਾਹਿਬ ਜੀ ਆਪ ਹੀ ਅਜਿਹੀ
ਸੇਧ ਬਖਸ਼ ਗਏ ਸਨ। ਮੇਰਾ ਵਿਸ਼ਵਾਸ਼ ਹੈ ਕਿ ਹਜ਼ੂਰ ਨੇ ਭਾਈ ਮਰਦਾਨਾ ਜੀ ਦੀ ਕਿਸੇ ਰਚਨਾ ਦੇ ਖ਼ਿਆਲ ਦੀ
ਪ੍ਰਧਾਨਤਾ ਕਾਇਮ ਰਖਦਿਆਂ ਉਸ ਨੂੰ ਆਪਣਾ ਰੰਗ ਬਖਸ਼ਿਆ ਹੈ। ਪਰ, ਗੁਰੂ ਸਾਹਿਬਾਨ ਦੀ ਈਮਾਨਦਾਰੀ ਦਾ
ਕਮਾਲ ਇਹ ਹੈ ਕਿ ਕੁੱਝ ਥਾਵਾਂ ਤੇ ਸਿਰਲੇਖਾਂ ਦੁਆਰਾ ਕਾਵਿ-ਪ੍ਰੀਵਰਤਨ ਦੀ ਅਜਿਹੀ ਸਚਾਈ ਨੂੰ ਪ੍ਰਗਟ
ਵੀ ਕਰ ਦਿੱਤਾ ਗਿਆ ਹੈ। ਕਿਧਰੇ ਤਾਂ ‘ਨਾਲਿ ਰਲਾਇ ਲਿਖਿਆ’ ਦਾ ਵੇਰਵਾ ਸਪਸ਼ਟ ਹੈ ਅਤੇ ਕਿਧਰੇ ਕੇਵਲ
ਬਾਣੀਕਾਰ ਦਾ ਨਾਮ ਹੀ ਦਿੱਤਾ ਹੈ। ਦੇਖੋ! ਗੁਰੂ ਗ੍ਰੰਥ ਸਾਹਿਬ ਜੀ ਦੇ ਅਤੇ ‘ਤੇ ਸਿਰਲੇਖ:
(੧) ਗਉੜੀ ਕਬੀਰ ਜੀ ਕੀ ਨਾਲਿ ਰਲਾਇ
ਲਿਖਿਆ ਮਹਲਾ ੫।। ਐਸੋ ਅਚਰਜੁ ਦੇਖਿਓ ਕਬੀਰ।। {ਪੰਨਾ ੩੨੬} (੨) ਸਾਰੰਗ ਮਹਲਾ ੫ ਸੂਰਦਾਸ।। ੴ
ਸਤਿਗੁਰ ਪ੍ਰਸਾਦਿ।। ਹਰਿ ਕੇ ਸੰਗ ਬਸੇ ਹਰਿ ਲੋਕ।। {ਪੰਨਾ: ੧੨੫੩}
ਪਿਛਲੀ ਸਦੀ ਵਿੱਚ ਭਾਰਤ ਤੇ ਪਾਕਿਸਤਾਨ ਦੀ ਵੰਡ ਪਿਛੋਂ ਬਾਬਾ ਮੋਹਨ ਜੀ ਦੇ
ਖ਼ਾਨਦਾਨ ਵਿੱਚ ਪੀੜ੍ਹੀ ਦਰ ਪੀੜ੍ਹੀ ਸੰਭਾਲੀਆਂ ਆ ਰਹੀਆਂ ਗੋਇੰਦਵਾਲ ਵਾਲੀਆਂ ਪੋਥੀਆਂ (ਜੋ ਗੁਰੂ
ਅਮਰਦਾਸ ਜੀ ਵੇਲੇ ਬਾਬਾ ਸਹੰਸਰ ਰਾਮ ਦੁਆਰਾ ਲਿਖੀਆਂ ਗਈਆਂ ਸਨ) ਜਦੋਂ ਬੜੇ ਯਤਨਾਂ ਉਪਰੰਤ ਪਬਲਿਕ
ਸਾਹਮਣੇ ਆਈਆਂ ਤਾਂ ਭਗਤ ਬਾਣੀ ਦੀ ਸੰਪਾਦਨਾਂ ਦੇ ਹੋਰ ਵੀ ਕਈ ਰਹਸ ਖੁਲ੍ਹੇ। ਸਤਿਕਾਰ ਯੋਗ
ਪ੍ਰਿ੍ਰੰਸੀਪਲ ਤੇਜਾ ਸਿੰਘ ਅਤੇ ਗਿਆਨੀ ਗੁਰਦਿੱਤ ਸਿੰਘ ਜੀ ਦੀਆਂ ਲਿਖਤਾਂ ਤੋਂ ਨਿਸ਼ਚੇ ਹੁੰਦਾ ਹੈ
ਕਿ ਗੁਰੂ ਅਰਜਨ ਸਾਹਿਬ ਜੀ ਨੇ ਬੀੜ ਦੀ ਸੰਪਾਦਨਾ ਵੇਲੇ ਗੁਰੂ ਅਮਰਦਾਸ ਜੀ ਦੇ ਸਮੇਂ ਦੀ ਬਾਬਾ
ਸਹੰਸਰ ਰਾਮ ਦੀ ਲਿਖਤ ਵਿੱਚ ਕਈ ਯੋਗ ਤਬਦੀਲੀਆਂ ਕੀਤੀਆਂ ਅਤੇ ਉਨ੍ਹਾਂ ਪੋਥੀਆਂ ਵਿਚਲੇ ਕਈ ਸ਼ਬਦ ਲਏ
ਹੀ ਨਹੀ। ਜਿਵੇਂ, ਕਬੀਰ ਜੀ ਦਾ ਸ਼ਬਦ ‘ਜੀਵਤ ਪਿਤਰ ਨ ਮਾਨੈ ਕੋਊ ਮੂਏਂ ਸਿਰਾਧ ਕਰਾਹੀ।। ਸੂਹੀ ਰਾਗ
ਵਿਚੋਂ ਚੁੱਕ ਕੇ ‘ਗਉੜੀ ਬੈਰਾਗਣਿ’ (ਸ਼ਬਦ ਨੰ: ੪੫) ਤੇ ਰੱਖ ਦਿੱਤਾ ਹੈ। ‘ਅੰਤਰਿ ਮੈਲੁ ਜਿ ਤੀਰਥ
ਨਾਵੈ’ ਵਾਲਾ ਸ਼ਬਦ ਰਾਮਕਲੀ ਤੋਂ ਲੈ ਕੇ ਆਸਾ (ਸ਼ਬਦ ਨੰ: ੩੭) ਵਿੱਚ ਜਾ ਰਖਿਆ ਹੈ। ਭਗਤ ਨਾਮਦੇਵ ਜੀ
ਦਾ ਰਾਮਕਲੀ ਰਾਗ ਵਿੱਚ ਇੱਕ ਸ਼ਬਦ ਇਉਂ ਸ਼ੁਰੂ ਹੁੰਦਾ ਹੈ: ‘ਬਨਾਰਸੀ ਤਪ ਕਰੇ‘ ਇਸ ਵਿੱਚ ਕਈ ਲਫ਼ਜ਼ ਜੋ
ਔਖੇ ਸਨ, ਗੁਰੂ ਜੀ ਨੇ ਬਦਲਾ ਦਿਤੇ। ਜਿਵੇਂ, ਸ਼ਬਦ ਦੀ ਰਵਾਨਗੀ ਲਈ ‘ਅਸਵਮੇਧ’ ਦੀ ਥਾਂ ‘ਅਸੁਮੇਧ’
ਅਤੇ ‘ਹਰਨ ਗਰਭ ਦਾਨ’ ਦੀ ਥਾਂ, ਗੁਰੂ ਜੀ ਨੇ ‘ਸੋਨਾ ਗਰਭ ਦਾਨੁ ਦੀਜੈ’ ਕਰ ਦਿੱਤਾ। ਕਿਉਂਕਿ, ਹਰਨ
ਦਾ ਅਰਥ ਸੋਨਾ ਹੈ ਅਤੇ ਸੁਖਾਲੇ ਸਮਝ ਪੈਂਦਾ ਹੈ। ਸਹੰਸਰ ਰਾਮ ਨੇ ਕਬੀਰ ਜੀ ਦਾ ‘ਧੰਦਾ ਕਰਤ ਚਰਨ ਕਰ
ਥਾਕੇ’ ਵਾਲਾ ਸ਼ਬਦ ਰਾਮਕਲੀ ਵਿੱਚ ਦਿੱਤਾ ਸੀ। ਪਰ, ਗੁਰੂ ਜੀ ਨੇ ਇਸ ਨੂੰ ਸੂਹੀ ਲਲਿਤ ਵਿੱਚ ਅੰਕਤ
ਕੀਤਾ ਹੈ ਅਤੇ ਇਸ ਦੀ ਬਹੁਤ ਸਾਰੀ ਸ਼ਬਦਾਵਲੀ ਵੀ ਬਦਲੀ ਹੈ। ਸ਼ਬਦ ਸਰੂਪ ਹੁਣ ਇਸ ਪ੍ਰਕਾਰ ਹੈ: ਸੂਹੀ
ਕਬੀਰ ਜੀਉ ਲਲਿਤ।। ਥਾਕੇ ਨੈਨ ਸ੍ਰਵਨ ਸੁਨਿ ਥਾਕੇ ਥਾਕੀ ਸੁੰਦਰਿ ਕਾਇਆ।। ਜਰਾ ਹਾਕ ਦੀ ਸਭ ਮਤਿ
ਥਾਕੀ ਏਕ ਨ ਥਾਕਸਿ ਮਾਇਆ।। ੧।। ਬਾਣੀਕਾਰਾਂ ਦੇ ਸਿਰਲੇਖਾਂ ਵਿੱਚ ਵੀ ਸਪਸ਼ਟਤਾ ਲਿਆਂਦੀ ਹੈ। ਜਿਵੇਂ
ਰਾਗ ਸਾਰੰਗ ਦਾ ਅੰਤਲਾ ਸ਼ਬਦ ਪੋਥੀਆਂ ਵਿੱਚ ‘ਕਬੀਰ ਨਾਮਾ’ ਦੇ ਸਿਰਨਾਵੇਂ ਨਾਲ ਦਿੱਤਾ ਹੋਇਆ ਸੀ।
ਪਰ, ਗੁਰੂ ਜੀ ਦੇ ਸੰਗ੍ਰਹਿ ਵਿੱਚ ਨਾਮਦੇਵ ਦੇ ਨਾਂ ਹੇਠ ਹੀ ਆਉਂਦਾ ਹੈ। ਦਾਸ ਨੂੰ ਤਾਂ ਇਉਂ ਜਾਪਦਾ
ਹੈ ਕਿ ਸਤਿਗੁਰਾਂ ਨੇ ਭਗਤ ਬਾਣੀ ਦਾ ਕੇਵਲ ਲਿਪੀਅੰਤਰ ਹੀ ਨਹੀ ਕੀਤਾ। ਸਗੋਂ ਭਗਤਾਂ ਦੀ ਵਿਚਾਰਧਾਰਾ
ਨੂੰ ਕਾਇਮ ਰਖਦਿਆਂ ਉਸ ਦੀ ਸਮੁੱਚੀ ਸ਼ਬਦਾਦਿਕ ਸ਼ੈਲੀ, ਕਾਵਿਕ-ਰਸ, ਸੰਗੀਤਕ-ਲੈਅ ਨੂੰ ਗੁਰਮਤੀ ਰੰਗ
ਵਿੱਚ ਰੰਗ ਦਿੱਤਾ ਹੈ। ਗੁਰਬਾਣੀ ਵਾਂਗ ਹਰੇਕ ਸ਼ਬਦ ਦੀ ਅਸਥਾਈ (ਰਹਾਉ ਦੀ ਪੰਕਤੀ) ਕਾਇਮ ਕਰਕੇ ਭਗਤ
ਬਾਣੀ ਨੂੰ ਰਾਗ-ਬੱਧ ਤੇ ਇੱਕ ਸਾਰ ਵੀ ਸਤਿਗੁਰਾਂ ਨੇ ਹੀ ਕੀਤਾ ਹੈ। ਇਹੀ ਕਾਰਣ ਹੈ ਕਿ ਸਾਨੂੰ ਗੁਰੂ
ਗ੍ਰੰਥ ਸਾਹਿਬ ਅਤੇ ਬਾਹਰ ਮਿਲਦੀ ਭਗਤ ਬਾਣੀ ਵਿੱਚ ਜ਼ਿਮੀ ਅਸਮਾਨ ਦਾ ਅੰਤਰ ਦ੍ਰਿਸ਼ਟੀ ਪੈਂਦਾ ਹੈ।
ਜਿਵੇਂ: ਕਬੀਰ ਗ੍ਰੰਥਾਵਲੀ: ਦੁਲਹਨੀ ਗਾਵਹੁ ਮੰਗਲਚਾਰ। ਹਮ ਘਰਿ ਆਏ ਹੌ ਰਾਜਾ ਰਾਮ ਭਰਤਾਰ।। ਤਨ
ਰਤਿ ਕਰਿ ਮੈਂ ਮਨ ਰਤਿ ਕਰਿਹੁੰ ਪੰਚਤਤ ਬਰਾਤੀ। ਰਾਮਦੇਵ ਮੋਰੇ ਪਾਹੁਨੈ ਆਏ ਮੈਂ ਜੋਬਨ ਮੇਂ ਮਾਤੀ।।
ਗੁਰੂ ਗ੍ਰੰਥ ਸਾਹਿਬ: ਆਸਾ।। ਤਨੁ ਰੈਨੀ ਮਨੁ ਪੁਨ ਰਪਿ ਕਰਿ ਹਉ ਪਾਚਉ ਤਤ ਬਰਾਤੀ।। ਰਾਮ ਰਾਇ ਸਿਉ
ਭਾਵਰਿ ਲੈਹਉ ਆਤਮ ਤਿਹ ਰੰਗਿ ਰਾਤੀ।। ੧।। ਗਾਉ ਗਾਉ ਰੀ ਦੁਲਹਨੀ ਮੰਗਲਚਾਰਾ।। ਮੇਰੇ ਗ੍ਰਿਹ ਆਏ
ਰਾਜਾ ਰਾਮ ਭਤਾਰਾ।। ੧।। ਰਹਾਉ।। {ਪੰਨਾ ੪੮੨}
ਕਵੀ-ਸੰਕੇਤ ਅਥਵਾ ਬਾਣੀਕਾਰਾਂ ਦੇ ਨਾਮ: ਗੁਰੂ ਅਰਜਨ ਸਾਹਿਬ ਜੀ ਨੇ
ਬਾਣੀਕਾਰਾਂ ਦੇ ਨਾਮ ਸਪਸ਼ਟ ਕਰਨ ਲਈ ਸਿਰਲੇਖਾਂ ਵਿੱਚ ਵੀ ਇਕਸਾਰਤਾ ਲਿਆਂਦੀ। ਪਾਵਨ ਬੀੜ ਵਿੱਚ ਗੁਰੂ
ਸਾਹਿਬਾਨ ਦੇ ਨਾਮ ਦੇਣ ਦੀ ਥਾਂ ਸਾਰੀ ਬਾਣੀ ਵਿੱਚ ‘ਮਹਲਾ’ ਲਫ਼ਜ਼ ਸੰਕੇਤ ਵਜੋਂ ਵਰਤਿਆ ਗਿਆ ਹੈ।
ਜਿਵੇਂ ਪਹਿਲੇ ਗੁਰੂ ਨਾਨਕ ਸਾਹਿਬ ਜੀ ਲਈ ‘ਮਹਲਾ ੧’ ਜਾਂ ਮ: ੧ (ਪਹਿਲਾ), ਦੂਜੇ ਗੁਰੂ ਅੰਗਦ
ਸਾਹਿਬ ਜੀ ਲਈ ‘ਮਹਲਾ ੨’ ਜਾਂ ਮ: ੨ (ਦੂਜਾ) ਅਤੇ ਇਵੇਂ ਹੀ ਤੀਜੇ, ਚੌਥੇ, ਪੰਜਵੇਂ ਤੇ ਨੌਵੇਂ
ਗੁਰਦੇਵ ਲਈ। ਜਦ ਕਿ ਗੋਇੰਦਵਾਲ ਵਾਲੀਆਂ ਪੋਥੀਆਂ ਵਿੱਚ ‘ਮਹਲਾ‘ ਦੀ ਥਾਂ ‘ਮਹਲ’ ਪਦ ਸੀ ਅਤੇ ਕਈ
ਥਾਈਂ ਅਜਿਹੇ ਸਿਰਲੇਖ ਵੀ ਸਨ: ‘ਮਲਾਰ ਗੁਰੂ ਬਾਬੇ-ਦਾ; ਬੋਲਣਾ ਬਾਬੇ ਪਾਤਸ਼ਾਹ ਕਾ‘। ਭਗਤ-ਜਨਾਂ ਦੇ
ਨਾਮ ਉਨ੍ਹਾਂ ਦੀਆਂ ਬਾਣੀ ਰੂਪ ਰਚਨਾਵਾਂ ਦੇ ਆਰੰਭ ਵਿੱਚ ਸਪਸ਼ਟ ਤੌਰ ‘ਤੇ ਵਖਰੇ ਵਖਰੇ ਦਿੱਤੇ ਹਨ।
ਕੇਵਲ ਭਗਤ ਸੂਰਦਾਸ ਜੀ ਦੀ ਪੰਕਤੀ ਦੇਣ ਵੇਲੇ ਉਪਰੋਕਤ ਨਿਯਮ ਦੀ ਵਰਤੋਂ ਨਹੀਂ ਹੋਈ। ਇਹ ਪੰਕਤੀ
ਪੰਨਾ ਪੰ: ੧੨੫੩ ‘ਤੇ ਇਉਂ ਹੈ: ਛਾਡਿ ਮਨ ਹਰਿ ਬਿਮੁਖਨ ਕੋ ਸੰਗੁ।। ਜਦ ਕਿ ਸੰਪਾਦਨਾ ਤੋਂ ਪਹਿਲਾਂ
ਦੀਆਂ ਪੋਥੀਆਂ ਵਿੱਚ ਬਹੁਤੇ ਸਿਰਲੇਖ ਇਉਂ ਹਨ: ‘ਬਾਣੀ ਕਬੀਰ ਨਾਮਾ ਭਗਤ ਕੀ’। ਪਰ ਰਵਿਦਾਸ ਜੀ ਆਦਿ
ਹੋਰ ਭਗਤਾਂ ਦੀ ਬਾਣੀ ਵੀ ਏਸੇ ਸਿਰਲੇਖ ਹੇਠ ਹੀ ਅੰਕਤ ਹੈ। ਇਨ੍ਹਾਂ ਪੋਥੀਆਂ ਵਿੱਚ ਜਿਨ੍ਹਾਂ ਭਗਤਾਂ
ਦੀ ਬਾਣੀ ਨਹੀ, ਉਨ੍ਹਾਂ ਦੇ ਨਾਮ ਹਨ: ਭਗਤ ਪੀਪਾ ਜੀ, ਸਧਨਾ ਜੀ, ਪਰਮਾਨੰਦ ਅਤੇ ਸੂਰਦਾਸ ਜੀ।
ਇਨ੍ਹਾਂ ਵਿਚੋਂ ਪੀਪਾ ਤੇ ਸਧਨਾ ਜੀ ਪਹਿਲੇ ਜੁੱਟ ਦੇ ਭਗਤ ਸਨ ਅਤੇ ਪਰਮਾਨੰਦ ਤੇ ਸੂਰਦਾਸ ਜੀ ਗੁਰੂ
ਅਮਰਦਾਸ ਤੇ ਗੁਰੂ ਅਰਜਨ ਸਾਹਿਬ ਜੀ ਵੇਲੇ ਪ੍ਰਵਾਨ ਚੜ੍ਹੇ। ਪਾਵਨ ਬੀੜ ਵਿੱਚ ਕੁੱਲ ਪੰਦਰਾਂ ਭਗਤਾਂ
ਦੀ ਬਾਣੀ ਹੈ, ਜਿਨ੍ਹਾਂ ਦੇ ਨਾਮ ਬਾਣੀ ਦੀ ਤਰਤੀਬ ਮੁਤਾਬਿਕ ਇਉਂ ਹਨ: ਸ੍ਰੀ ਕਬੀਰ ਜੀ, ਸ਼ੇਖ਼ ਫਰੀਦ
ਜੀ, ਨਾਮਦੇਵ ਜੀ, ਰਵਿਦਾਸ ਜੀ, ਤ੍ਰਿਲੋਚਨ ਜੀ, ਧੰਨਾ ਜੀ, ਬੇਣੀ ਜੀ, ਜੈਦੇਵ ਜੀ, ਭੀਖਨ ਜੀ,
ਸੈਣਜੀ, ਪੀਪਾ ਜੀ, ਸਧਨਾ ਜੀ, ਰਾਮਨੰਦ ਜੀ, ਪਰਮਾਨੰਦ ਜੀ, ਅਤੇ ਸੂਰਦਾਸ ਜੀ। ਰਾਮਕਲੀ ਰਾਗ ਵਿੱਚਲੀ
ਭਾਈ ਸਤਾ ਤੇ ਬਲਵੰਡ ਦੀ ਵਾਰ ਦੇ ਅਰੰਭ ਵਿੱਚ ਉਨ੍ਹਾਂ ਦੇ ਨਾਮ ਸਪਸ਼ਟ ਹਨ ਅਤੇ ਬਾਬਾ ਸੁੰਦਰ ਜੀ ਦੀ
ਸੱਦ ਵਿੱਚ ਵਰਤੇ ਕਵੀ-ਸੰਕੇਤ ਤੋਂ ਸਪਸ਼ਟ ਹੁੰਦਾ ਹੈ ਕਿ ਇਹ ਉਨ੍ਹਾਂ ਦੀ ਕਿਰਤ ਹੈ। ਭੱਟਾਂ ਦੇ ਨਾਮ
ਵੀ ‘ਸੁੰਦਰ‘ ਜੀ ਵਾਂਗ ਰਚਨਾਵਾਂ ਦੇ ਅਖ਼ੀਰ ਵਿੱਚ ਹਨ। ਭੱਟਾਂ ਦੀ ਕੁਲ ਗਿਣਤੀ ਗਿਆਰਾਂ ਹੈ,
ਜਿਨ੍ਹਾਂ ਦੇ ਨਾਮ ਇਸ ਪ੍ਰਕਾਰ ਹਨ: ਕਲਸਹਾਰ, ਜਾਲਪ, ਕੀਰਤ, ਸਲ, ਭਲ, ਨਲ, ਭਿਖਾ, ਗਯੰਦ, ਹਰਬੰਸ,
ਬਲ ਤੇ ਮਥਰਾ ਜੀ।
ਸ਼ਬਦ ਜੋੜਾਂ ਦੀ ਇੱਕਸਾਰਤਾ ਤੇ ਅੰਕ ਵਿਧਾਨ: ਬਾਣੀ ਦੇ ਸ਼ਬਦ-ਜੋੜ ਵੀ
ਵਿਆਕਰਣਿਕ ਨੇਮਾਂ ਅਨੁਸਾਰ ਇੱਕਸਾਰ ਕੀਤੇ ਗਏ ਹਨ। ਬਾਣੀਕਾਰਾਂ ਦੀਆਂ ਰਚਨਾਵਾਂ ਦੇ ਰਾਗਾਂ ਤੇ
ਸੰਗ੍ਰਹਿਆਂ ਅਨੁਸਾਰ ਵਖਰੇ ਵਖਰੇ ਸ਼ਬਦਾਂ, ਅਸ਼ਟਪਦੀਆਂ, ਛੰਤਾ ਆਦਿਕ ਦੇ ਜੋੜ ਅਤੇ ਫਿਰ ਸੰਪੂਰਨ
ਸ਼ਬਦਾਂ ਦੀ ਗਿਣਤੀ ਦੇ ਜੋੜ-ਅੰਕ (ਜੁਮਲਾ) ਅਜਿਹੇ ਅਦੁੱਤੀ ਢੰਗ ਢੰਗ ਨਾਲ ਲਿਖੇ ਗਏ ਹਨ ਕਿ ਗੁਰੂ
ਗ੍ਰੰਥ ਸਾਹਿਬ ਜੀ ਵਿਖੇ ਹੁਣ ਕੋਈ ਰਲਾ ਨਹੀ ਪਾ ਸਕਦਾ। ਅੰਕ-ਵਿਧਾਨ ਦੀ ਇਹ ਵਿਗਿਆਨਕ ਵਿਧੀ ਜਾਨਣ
ਲਈ ਪੰਨਾਂ ੨੪੨ ਦੇ ਅੰਕ-ਜੋੜ ਦੀ ਵਿਆਖਿਆ ਪੇਸ਼ ਹੈ: ।। ੮।। ੩।। ੧੫।। ੪੪।। ਜੁਮਲਾ। ਜੁਮਲਾ ਦਾ
ਅਰਥ ਕੁੱਲ ਜੋੜ। ਅੰਕ ੮, ਦਸਦਾ ਹੈ ਕਿ ਅੱਠਾਂ ਪਦਿਆਂ ਵਾਲੇ ਸ਼ਬਦ (ਅਸਟਪਦੀ) ਦਾ ਇਹ ਅਖੀਰਲਾ ਪਦਾ
ਹੈ। ਅੰਕ ੩ ਦਸਦਾ ਹੈ ਕਿ ਅਸਟਪਦੀਆਂ ਦੇ ਅਖੀਰਲੇ ਸੰਗ੍ਰਹਿ ਵਿੱਚ ਤਿੰਨ ਅਸਟਪਦੀਆਂ ਹਨ। ਅੰਕ ੧੫
ਦਸਦਾ ਹੈ ਕਿ ਅਖੀਰਲੀਆਂ ਤਿੰਨ ਅਸਟਪਦੀਆਂ ਸਮੇਤ ਮਹਲਾ ਪੰਜਵਾਂ ਦੀਆਂ ਕੁੱਲ ਅਸਟਪਦੀਆਂ ਪੰਦਰਾਂ ਹਨ।
ਅੰਕ ੪੪ ਦਸਦਾ ਹੈ ਗਉੜੀ ਰਾਗ ਦੀਆਂ ਕੁੱਲ ਅਸ਼ਟਪਦੀਆਂ ਚੁਤਾਲੀ ਹਨ। ਜਿਨ੍ਹਾਂ ਦਾ ਵੇਰਵਾ ਇਸ ਪ੍ਰਕਾਰ
ਹੈ: ਅਸਟਪਦੀਆਂ ਮਹਲਾ ੧ - ੧੮, ਮਹਲਾ ੩ - ੯, ਮਹਲਾ ੪ - ੨, ਮਹਲਾ ੫ - ੧੫, ਕੁਲ ਜੋੜ = ੪੪।।
ਪ੍ਰਿੰਸੀਪਲ ਤੇਜਾ ਸਿੰਘ ਜੀ ਲਿਖਦੇ ਹਨ ਕਿ “ਇਹ ਗੱਲ ਗੁਰੂ ਅਰਜਨ ਜੀ ਦੀ
ਅਦੁੱਤੀ ਵਿਦਵਤਾ ਤੇ ਦਿਮਾਗੀ ਸੂਝ ਦੀ ਵਖਾਲਿਕ ਹੈ। ਚੌਦਾਂ ਸੌ ਤੀਹ ਪੰਨਿਆ ਦੀ ਵੱਡੀ ਲਿਖਤ ਵਿੱਚ
ਕਿਧਰੇ ਵੀ ਆਪਾ-ਵਿਰੋਧ ਜਾਂ ਤਰੁਟੀ ਨਹੀ ਮਿਲਦੀ। ਇਹ ਇਕਸਾਰਤਾ ਉਸ ਵਕਤ ਤਕ ਕਿਸੇ ਯੌਰਪੀਨ ਲਿਖਤ
ਵਿੱਚ ਵੀ ਨਹੀਂ ਸੀ ਆਈ”। ਇਹੀ ਕਾਰਨ ਸੀ ਕਿ ਪ੍ਰੋ ਪਿਆਰਾ ਸਿੰਘ ‘ਪਦਮ‘ ਨੇ ਆਖਿਆ ਕਿ “ਜੇ ਇਸ ਬਾਣੀ
ਨੂੰ ਕੋਈ ਗੁਰੂ ਮੰਨ ਕੇ ਨਾ ਵੀ ਪੜਦਾ ਹੋਵੇ, ਉਸ ਨੂੰ ਇਸ ਦੇ ਸਾਹਿਤਕ ਸੁਆਦਾ ਅੱਗੇ ਸਿਰ ਝਕਾਉਣਾ
ਹੀ ਪਵੇਗਾ”।
ਪਰਖ ਕਸਵੱਟੀ: ਸੰਪਾਦਨ-ਕਲਾ ਦੇ ਉਪਰੋਕਤ ਪੱਖ ਤਾਂ ਪ੍ਰਤੱਖ ਸਨ,
ਜਿਨ੍ਹਾਂ ਨੂੰ ਜਾਣ ਕੇ ਦੇਸ਼ ਵਿਦੇਸ਼ ਦੇ ਵਿਦਵਾਨ ਸਜਣ ਵਿਸਮਾਦਤ ਹੁੰਦੇ ਰਹੇ। ਪਰ, ਸੰਪਾਦਨਾ ਦਾ
ਜਿਹੜਾ ਪੱਖ ਸਭ ਤੋਂ ਵਿਸਮਾਦ-ਜਨਕ ਸੀ, ਉਸ ਦਾ ਰਹਸ ਹੁਣ ਤੱਕ ਛੁਪਿਆ ਹੀ ਰਿਹਾ ਹੈ। ਉਹ ਪੱਖ ਹੈ
ਬਾਣੀ ਦੀ ਪਰਖ ਪੜਚੋਲ ਵਾਲੀ ਕਸਵੱਟੀ ਦਾ, ਜਿਸ ਦੀ ਬਦੌਲਤ ਗੁਰੂ ਅਰਜਨ ਸਾਹਿਬ ਜੀ ‘ਸਚ ਕੀ ਬਾਣੀ’
ਵਿੱਚ ‘ਕਚ-ਪਿਚ‘ ਰਲਣੋ ਰੋਕ ਸਕੇ। ਗੁਰਬਾਣੀ ਚੋਂ ਹੀ ਪਤਾ ਚਲਦਾ ਹੈ ਕਿ ਗੁਰੂ ਅੰਗਦ ਸਾਹਿਬ ਜੀ ਦੇ
ਸਮੇਂ ਤੋਂ ਗੁਰਸਿਖਾਂ ਨੂੰ ਗੁਰਮਤਿ ਮਾਰਗ ਤੋਂ ਭਟਕਾਉਣ ਤੇ ਪੂਜਾ ਦੀ ਲਾਲਸਾ ਕਰਨ ‘ਸਤਿਗੁਰ ਕੀ
ਰੀਸੈ ਕਚ ਪਿਚ’ ਬੋਲਣ ਵਾਲੇ ਅਜਿਹੇ ਲੋਕ ਪੈਦਾ ਹੋ ਗਏ ਸਨ, ਜਿਹੜੇ ਗੁਰਬਾਣੀ ਨੂੰ ਮਿਲਗੋਭਾ ਕਰਨ ਲਈ
ਯਤਨਸ਼ੀਲ ਰਹਿੰਦੇ ਸਨ। ਗੁਰੂ ਅਮਰਦਾਸ ਜੀ ਤੇ ਗੁਰੂ ਰਾਮਦਾਸ ਜੀ ਵਲੋਂ ਗੁਰਸਿੱਖਾਂ ਨੂੰ ਸੁਚੇਤ ਕਰਨ
ਲਈ ਕਹੇ ਹੋਏ ਹੇਠ ਲਿਖੇ ਬਚਨ ਇਸ ਹਕੀਕਤ ਦਾ ਅਕੱਟ ਪ੍ਰਮਾਣ ਹਨ। ਜਿਵੇਂ:
ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ।।
ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ।। {ਪੰਨਾ ੯੨੦} ਸਤਿਗੁਰ ਕੀ ਰੀਸੈ ਹੋਰਿ ਕਚੁ ਪਿਚੁ
ਬੋਲਦੇ, ਸੇ ਕੂੜਿਆਰ ਕੂੜੇ ਝੜਿ ਪੜੀਐ।। {ਪੰਨਾ ੩੦੪}
ਭਾਈ ਕੇਸਰ ਸਿੰਘ ਛਿਬਰ ਦੇ ਰਚਿਤ ਬੰਸਾਵਲੀ-ਨਾਮੇ ਮੁਤਾਬਿਕ
ਤਾਂ ਪੰਚਮ ਗੁਰਦੇਵ ਵਲੋਂ ਗੁਰਬਾਣੀ ਸੰਪਾਦਨ ਕਰਨ ਦਾ ਤਤਕਾਲੀ ਕਾਰਨ ‘ਸਚ ਕੀ ਬਾਣੀ‘ ਨੂੰ ਕੱਚੀ
ਬਾਣੀ ਦੇ ਰਲੇ ਤੋਂ ਬਚਾਉਣਾ ਸੀ। ਲਿਖਿਆ ਹੈ ਕਿ ਇੱਕ ਦਿਹਾੜੇ ਇੱਕ ਸਿੱਖ ਨੇ ਕਰਤਨ ਕਰਦਿਆਂ ਭੁਲੇਖੇ
ਨਾਲ ਬਾਬਾ ਪ੍ਰਿਥੀਚੰਦ ਦੇ ਬੇਟੇ ਮਿਹਰਵਾਨ ਦੀ ਰਚਨਾ ਪੜ੍ਹ ਦਿੱਤੀ। ਕਿਉਂਕਿ, ਉਹ ਵੀ ਆਪਣਾ
ਕਵੀ-ਸੰਕੇਤ ‘ਨਾਨਕ’ ਹੀ ਲਿਖਦਾ ਸੀ। ਅਜਿਹਾ ਸੁਣ ਕੇ ਗੁਰੂ ਅਰਜਨ ਸਾਹਿਬ ਜੀ ਨੇ ਭਾਈ ਗੁਰਦਾਸ ਜੀ
ਨੂੰ ਆਖਿਆ: ਭਾਈ ਗੁਰਦਾਸ! ਗੁਰੂ ਦੀ ਬਾਣੀ ਜੁਦਾ ਕਰੀਏ। ਮੀਨੇ ਪਾਂਦੇ ਨੇ ਰਲਾ, ਸੋ ਵਿਚਿ ਰਲਾ ਨ
ਧਰੀਏ। {ਬ੍ਰਿਤਾਂਤ ਗੁਰੂ ਅਰਜਨ, ਚਰਨ ੫} ਸੋ ਬਾਣੀ ਦੇ ਰਲੇਵੇਂ ਵਾਲੀ ਅਜਿਹੀ ਹਾਲਤ ਨੂੰ ਧਿਆਨ
ਵਿੱਚ ਰਖ ਕੇ ਜਦੋਂ ਇਸ ਪੱਖੋਂ ਵਿਚਾਰਦੇ ਹਾਂ ਕਿ ਸੰਪਾਦਨਾਂ ਵੇਲੇ ਪਰਖ ਪੜਚੋਲ ਦੀ ਉਹ ਕਿਹੜੀ
ਕਸਵੱਟੀ ਸੀ, ਜਿਸ ਸਦਕਾ ਗੁਰੂ ਜੀ ਸੱਚੀ ਬਾਣੀ ਤੇ ਕੱਚੀ ਬਾਣੀ ਦਾ ਨਿਰਣਾ ਕਰਨ ਵਿੱਚ ਸਫਲ ਹੋਏ?
ਤਾਂ ਅਸੀਂ ਇਸ ਨਤੀਜੇ ਤੇ ਪਹੁੰਚਦੇ ਹਾਂ ਕਿ ਸਭ ਤੋਂ ਵੱਡੀ ਕਸਵੱਟੀ ਸੀ ਸਤਿਗੁਰੂ ਜੀ ਉਨ੍ਹਾਂ ਤੋਂ
ਵਰੋਸਾਏ ਭਾਈ ਗੁਰਦਾਸ ਜੀ ਵਰਗੇ ਗੁਰਸਿਖਾਂ ਅੰਦਰ ਗੁਰਬਾਣੀ ਪੜ੍ਹਦਿਆਂ ਤੇ ਵਿਚਾਰਦਿਆਂ ਪੈਦਾ ਹੋਈ
ਪਾਰਖੂ ਸੂਝ, ਜਿਸ ਦੀ ਬਦੌਲਤ ਉਹ ਕੋਈ ਰਚਨਾ ਪੜ੍ਹਨ ਸੁਣਨ ਸਾਰ ਹੀ ਪਹਿਚਾਨ ਲੈਂਦੇ ਸਨ ਕਿ ਇਹ ਸੱਚੀ
ਗੁਰਬਾਣੀ ਨਹੀ ਹੈ, ਕੱਚੀ ਹੈ। ਇਹ ਗੱਲ ਬਿਲਕੁਲ ਇਉਂ ਹੀ ਸੀ ਜਿਵੇਂ ਕਿਸੇ ਜਵਾਹਰੀ ਜਾਂ ਸੁਨਾਰ
ਹੀਰੇ ਜੜਤ ਸੋਨੇ ਦਾ ਕੋਈ ਗਹਿਣਾ ਦਿਖਾਓ ਤਾਂ ਉਹ ਪਰਖ ਕਸਵੱਟੀ ਤੇ ਲਾਏ ਬਗੈਰ ਪਹਿਲੀ ਦ੍ਰਿਸ਼ਟੀ ਨਾਲ
ਹੀ ਪਛਾਣ ਲੈਂਦਾ ਹੈ ਕਿ ਇਸ ਵਿੱਚ ਖੋਟ ਹੈ ਜਾਂ ਨਹੀ। ਕਿਉਂਕਿ, ਜਿਹੜਾਂ ਵੀ ਕੋਈ ਕੰਮ ਅਸੀਂ ਸੁਰਤ
ਲਗਾ ਕੇ ਨਿਰੰਤਰ ਕਰਦੇ ਰਹਿੰਦੇ ਹਾਂ, ਸਹਿਜੇ ਸਹਿਜੇ ਸਾਡੀ ਸੁਰਤੀ ਅੰਦਰ ਅਜਿਹੀ ਸ਼ਕਤੀ ਸੁਭਾਵਿਕ ਹੀ
ਪੈਦਾ ਹੋ ਜਾਂਦੀ ਹੈ। ਗੁਰਵਾਕ ਵੀ ਹੈ:
ਜੇਹੀ ਸੁਰਤਿ ਤੇਹਾ ਤਿਨ ਰਾਹੁ।।
{ਪੰਨਾ ੨੫} ਗੁਰਇਤਿਹਾਸ ਵਿੱਚ ਅਜਿਹਾ ਵਰਨਣ ਵੀ
ਹੈ ਕਿ ਇੱਕ ਦਿਹਾੜੇ ਗੁਰੂ ਅਰਜਨ ਸਾਹਿਬ ਜੀ ਨੇ ਮਸਕ੍ਰਾਂਦਿਆਂ ਹੋਇਆ ਭਾਈ ਗੁਰਦਾਸ ਜੀ ਨੂੰ ਜਦੋਂ
ਇਹ ਪੁੱਛਿਆ ਕਿ ਤੁਸੀਂ ਕਿਵੇਂ ਪਹਿਚਾਣ ਲੈਂਦੇ ਹੋ ਕਿ ਇਹ ਬਾਣੀ ਗੁਰੂ ਪਾਤਸ਼ਾਹ ਜੀ ਦੀ ਹੈ, ਇਸ
ਵਿੱਚ ਕੋਈ ਰਲਾ ਹੈ? ਭਾਈ ਜੀ ਹੁਰਾਂ ਅਤਿ ਨਿਮਰਤਾ ਸਹਿਤ ਉਤਰ ਦਿੱਤਾ ਸੀ ਕਿ ਮਹਾਰਾਜ! ਐਸੀ ਕੌਣ
ਅਭਾਗੀ ਇਸਤ੍ਰੀ ਹੋ ਸਕਦੀ ਹੈ ਕਿ, ਜੋ ਆਪਣੇ ਭਰਤਾ ਦੀ ਅਵਾਜ਼ ਨਾ ਪਹਿਚਾਣੇ। ਜੇ ਕਿਧਰੇ ਨਾਲ ਲਗਦੇ
ਕਮਰੇ ਵਿੱਚ ਕੁੱਝ ਮਰਦ ਗੱਲਾਂ ਕਰਦੇ ਹੋਣ ਤਾਂ ਪਤੀਬਰਤਾ ਸੁਹਾਗਣ ਨੂੰ ਆਪਣੇ ਖਸਮ ਦੀ ਅਵਾਜ਼ ਸਿੱਧੀ
ਹਿਰਦੇ ਲੱਗੇਗੀ। ਇਸ ਲਈ ਮਹਾਰਾਜ! ਜਿਵੇਂ ਤੁਸੀਂ ਰੱਬ ਰੂਪ ਹੋਏ ਭਗਤ-ਜਨਾਂ ਦੀ ਬਾਣੀ ਸੁਣਦਿਆਂ ਹੀ
ਪਹਿਚਾਣ ਜਾਂਦੇ ਹੋ ਕਿ ਇਹ ਪ੍ਰਭੂ ‘ਖਸਮ ਕੀ ਬਾਣੀ’ ਹੈ। ਤਿਵੇਂ ਹੀ ਸੇਵਕ ਸਿੱਖ ਹੋਣ ਨਾਤੇ ਦਾਸ
ਪਹਿਚਾਣ ਲੈਂਦਾ ਹੈ ਕਿ ਇਹ ਗੁਰੂ ‘ਖਸਮ ਕੀ ਬਾਣੀ’ ਹੈ। ਮਹਿਮਾ ਪ੍ਰਕਾਸ਼ ਦੇ ਲੇਖਕ ਨੇ ਭਾਈ ਸਾਹਿਬ
ਜੀ ਦੇ ਉੱਤਰ ਨੂੰ ਇਉਂ ਕਾਵਿ ਰੂਪ ਦਿੱਤਾ ਹੈ: ਬਹੁਤ ਪੁਰਖ ਮਿਲ ਬਾਤ ਬਖਾਨੇ। ਨਿਜ ਭਰਤਾ ਬੋਲ
ਤਿਰੀਆ ਪਹਿਚਾਨੇ। ੧੭। ਅਵਰ ਕੋ ਵਾਕ ਤਿਸ ਮਨ ਨਹੀ ਆਵੈ। ਸੁਨ ਭਰਤਾ ਬੋਲ ਹੀਏ ਮੋ ਭਾਵੈ। ੧੮।
ਭਾਈ ਗੁਰਦਾਸ ਜੀ ਦੀ ਆਪਣੀ ਰਚਨਾ ਚੋਂ ਵੀ ਇਹ ਸਚਾਈ ਪ੍ਰਗਟ ਹੁੰਦੀ ਹੈ।
ਕਿਉਂਕਿ, ਹੇਠ ਲੇਖ ਕਬਿਤ ਵਿੱਚ ਉਹ ਕਹਿੰਦੇ ਹਨ ਕਿ ਜਿਵੇਂ ਹਰ ਵੇਲੇ ਰਾਜੇ ਦੇ ਪਿਛੇ ਤੁਰਨ ਵਾਲਾ
ਨੌਕਰ, ਰਾਜੇ ਨੂੰ ਦੇਖੇ ਬਿਨਾਂ ਹੀ ਉਸ ਦੇ ਬੋਲੇ ਬਚਨਾਂ ਨੂੰ ਝੱਟ ਪਛਾਣ ਲੈਂਦਾ ਹੈ। ਜਿਵੇਂ ਰਤਨਾਂ
ਦਾ ਪਾਰਖੂ ਜੌਹਰੀ ਰਤਨਾਂ ਦੀ ਰੂਪ-ਰੇਖਾ ਵੇਖਦਿਆਂ ਹੀ ਦੱਸ ਦਿੰਦਾ ਹੈ ਕਿ ਰਤਨ ਖਰਾ ਹੈ ਜਾਂ ਖੋਟਾ
ਹੈ। ਜਿਵੇਂ ਹੰਸ ਸਾਹਮਣੇ ਦੁਧ ਪਾਣੀ ਰਲਾ ਕੇ ਰੱਖ ਦੇਈਏ ਤਾਂ ਉਹ ਦੁਧ ਨੂੰ ਪਾਣੀ ਤੋਂ ਵਖਰਾ ਕਰਕੇ
ਨਿਤਾਰ ਲੈਂਦਾ ਹੈ। ਤਿਵੇਂ ਹੀ ਸਤਿਗੁਰੂ ਜੀ ਦਾ ਸੱਚਾ ਸਿੱਖ ਗੁਰਬਾਣੀ ਸੁਣ ਕੇ ਪਛਾਣ ਲੈਂਦਾ ਹੈ ਕਿ
ਇਹ ਖ਼ਾਲਿਸ ਗੁਰਬਾਣੀ ਹੈ ਜਾਂ ਨਹੀ। ਇਹੀ ਕਾਰਣ ਹੈ ਕਿ ਉਹ ਕਿਸੇ ਹੋਰ ਦੀ ਰਚੀ ਹੋਈ ਬਾਣੀ ਨੂੰ ਕੋਈ
ਥਾਂ ਨਹੀ ਦਿੰਦਾ:
ਜੈਸੇ ਅਨਚਰ ਨਰਪਤ ਕੀ ਪਛਾਨੈਂ ਭਾਖਾ, ਬੋਲਤ ਬਚਨ ਖਿਨ ਬੂਝ ਬਿਨ ਦੇਖ ਹੀ।
ਜੈਸੇ ਜੌਹਰੀ ਪਰਖ ਜਾਨਤ ਹੈ ਰਤਨ ਕੀ, ਦੇਖਤ ਹੀ ਕਹੈ ਖਰੌ ਖੋਟੋ ਰੂਪ ਰੇਖ
ਹੀ।
ਜੈਸੇ ਖੀਰ ਨੀਰ ਕੋ ਨਿਬੇਰੋ ਕਰਿ ਜਾਨੈ ਹੰਸ, ਰਾਖੀਐ ਮਿਲਾਇ ਭਿੰਨ ਭਿੰਨ ਕੈ
ਸਰੇਖ ਹੀ।
ਤੈਸੇ ਗੁਰਸਬਦ ਸੁਨਤ ਪਹਿਚਾਨੈ ਸਿਖ, ਆਨ ਬਾਨੀ ਕ੍ਰਿਤਮੀ ਨ ਗਨਤ ਹੈ ਲੇਖ
ਹੀ।। ੫੭੦।।
ਦੂਜੀ ਸਫਲ ਕੱਸਵੱਟੀ ਸੀ ਗੁਰਬਾਣੀ ਵਿੱਚ ਕਾਇਮ ਕੀਤੀ ਹੋਈ ਸੱਚੀ ਤੇ ਕੱਚੀ
ਬਾਣੀ ਦੀ ਪ੍ਰੀਭਾਸ਼ਾ। ਜਿਸ ਦੀ ਰੌਸ਼ਨੀ ਵਿੱਚ ਨਿਰਣਾ ਕਰ ਲਿਆ ਜਾਂਦਾ ਸੀ ਕਿ ਇਹ ‘ਧੁਰ ਕੀ ਬਾਣੀ‘ ਹੈ
ਜਾਂ ‘ਪਉਣ ਕੀ ਬਾਣੀ‘। ਜਿਵੇਂ: (੧)
ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ।। ਬਾਣੀ ਤ ਕਚੀ ਸਤਿਗੁਰੂ ਬਾਝਹੁ, ਹੋਰ
ਕਚੀ ਬਾਣੀ।। ਕਹਦੇ ਕਚੇ, ਸੁਣਦੇ ਕਚੇ, ਕਚਂ Øੀ
ਆਖਿ ਵਖਾਣੀ।। {ਪੰਨਾ ੯੨੦} ਅਰਥਾਤ, ਗੁਰੂ-ਆਸ਼ੇ
ਤੋਂ ਉਲਟ ਬਾਣੀ ਕੱਚੀ ਹੁੰਦੀ ਹੈ। ਅਜੇਹੀ ਬਾਣੀ ਪੜ੍ਹਨ ਸੁਣਨ ਵਾਲਿਆਂ ਦੇ ਮਨ ਮਾਇਆ ਦੇ ਟਾਕਰੇ ਤੇ
ਕਮਜ਼ੋਰ ਹੋ ਜਾਂਦੇ ਹਨ। ਇਹੀ ਕਾਰਨ ਸੀ ਕਿ ਸਤਿਗੁਰੂ ਜੀ ਸਮਕਾਲੀ ਭਗਤ ਕਾਨ੍ਹਾਂ, ਛਜੂ, ਪੀਲੋ ਤੇ
ਸ਼ਾਹ ਹੁਸੈਨ ਦੀ ਦੀਆਂ ਰਚਨਾਵਾਂ ਪ੍ਰਵਾਨ ਨਾ ਹੋਈਆਂ।
(੨)
ਸਫਲ ਸੁ ਬਾਣੀ ਜਿਤੁ ਨਾਮੁ ਵਖਾਣੀ।। {ਪੰਨਾ ੧੦੩}
ਅ੍ਰਥਾਤ, ਉਹ ਬਾਣੀ ਸਫਲ ਹੈ, ਜਿਸ ਵਿੱਚ ਕੇਵਲ ਰੱਬ ਦਾ
ਵਖਿਆਨ ਹੋਵੇ।
(੩)
ਨਾਨਕ ਤਿਨ ਕੀ ਬਾਣੀ ਸਦਾ ਸਚੁ ਹੈ ਜਿ ਨਾਮਿ ਰਹੇ ਲਿਵ ਲਾਇ।। {ਪੰਨਾ ੨੮}
ਅਰਥਾਤ, ਉਨ੍ਹਾਂ ਦੀ ਬਾਣੀ ਸਦਾ ਸਚੀ ਮੰਨੀ ਜਾਂਦੀ ਹੈ,
ਜਿਹੜੇ ਨਾਮ ਵਿੱਚ ਲਿਵ ਲਾਈ ਰਖਦੇ ਹਨ।
(੪ )
ਸਤਿਗੁਰੁ ਸੇਵਹਿ ਤਿਨ ਕੀ ਸਚੀ ਬਾਣੀ।। ਜੁਗੁ ਜੁਗੁ ਭਗਤੀ ਆਖਿ ਵਖਾਣੀ।। {ਪੰਨਾ ੧੬੧}
ਅਰਥਾਤ, ਜੇਹੜੇ ਮਨੁੱਖ ਗੁਰੂ ਦੀ ਸਰਨ ਪੈਂਦੇ ਹਨ, ਉਨ੍ਹਾਂ
ਦੀ ਪਰਮਾਤਮਾ ਦੀ ਸਿਫ਼ਤਿ-ਸਾਲਾਹ ਵਿੱਚ ਉਚਾਰੀ ਹੋਈ ਬਾਣੀ ਸਦਾ ਲਈ ਅਟੱਲ ਹੋ ਜਾਂਦੀ ਹੈ, ਹਰੇਕ ਜੁਗ
ਵਿੱਚ (ਸਦਾ ਹੀ) ਭਗਤ ਜਨ ਉਹ ਬਾਣੀ ਉਚਾਰ ਕੇ ਹੋਰਨਾਂ ਨੂੰ ਵੀ ਸੁਣਾਂਦੇ ਹਨ।
(੫)
ਹਰਿ ਜਨ ਊਤਮ, ਊਤਮ ਬਾਣੀ, ਮੁਖਿ ਬੋਲਹਿ ਪਰਉਪਕਾਰੇ।। {ਪੰਨਾ ੪੯੩}
ਅਰਥਾਤ, ਉਨ੍ਹਾਂ ਹਰੀ-ਜਨਾਂ ਦੀ ਬਾਣੀ ਸ੍ਰੇਸ਼ਟ ਹੈ, ਜੋ
ਲੋਕ ਭਲਾਈ ਲਈ ਬੋਲੀ ਜਾਂਦੀ ਹੈ।
(੬)
ਸਹਜੇ ਵਖਾਣੀ ਅਮਿਉ ਬਾਣੀ ਚਰਣ ਕਮਲ ਰੰਗੁ ਲਾਇਆ।। {ਪੰਨਾ ੪੫੩}
ਅਰਥਾਤ, ਸਹਜਿ ਅਵਸਥਾ (ਚੌਦੇ ਪਦ) ਵਿੱਚ ਬੋਲੀ ਬਾਣੀ
ਆਤਮਿਕ ਜੀਵਣ ਦੇਣ ਵਾਲੀ ਹੁੰਦੀ ਹੈ। ਪਰ, ਇਸ ਦੇ ਉਲਟ ਜਿਨ੍ਹਾਂ ਦਾ ਮਨ ਮਾਇਆ ਵਿੱਚ ਰੱਤਾ ਹੋਵੇ,
ਉਨ੍ਹਾ ਦੀ ਬਾਣੀ ਬੇਅਸਰ ਹੁੰਦੀ ਹੈ। ਉਹ ‘ਧੁਰ ਕੀ ਬਾਣੀ‘ ਬਾਣੀ ਨਹੀ, ‘ਪਉਣ ਕੀ ਬਾਣੀ‘ (ਹਵਾ ਦਾ
ਬੁੱਲੇ ਵਾਂਗ) ਹੁੰਦੀ ਹੈ।
(੭)
ਨਾਮਾ ਛੀਬਾ ਕਬੀਰੁ ਜ+ਲਾਹਾ ਪੂਰੇ ਗੁਰ ਤੇ ਗਤਿ ਪਾਈ।। ਬ੍ਰਹਮ ਕੇ ਬੇਤੇ ਸਬਦੁ ਪਛਾਣਹਿ, ਹਉਮੈ
ਜਾਤਿ ਗਵਾਈ।। ਸੁਰਿ ਨਰ ਤਿਨ ਕੀ ਬਾਣੀ ਗਾਵਹਿ, ਕੋਇ ਨ ਮੇਟੈ ਭਾਈ।। ੩।। {ਪੰਨਾ ੬੭}
ਅਰਥਾਤ, ਭਗਤ ਕਬੀਰ ਜੀ ਤੇ ਨਾਮਦੇਵ ਜੀ ਵਾਂਗ ਜਿਹੜੇ
ਮਨੁੱਖ ਪਰਮਾਤਮਾ ਦੇ ਨਾਲ ਸਾਂਝ ਪਾ ਕੇ ਆਪਣੇ ਅੰਦਰੋਂ ਹਉਮੈ ਦਾ ਬੀ ਨਾਸ ਕਰ ਲੈਦੇ ਹਨ। ਉਹਨਾਂ ਦੀ
ਉਚਾਰੀ ਹੋਈ ਬਾਣੀ ਮਨੁਖ ਤਾਂ ਕੀ, ਦੇਵਤੇ ਵੀ ਗਾਂਦੇ ਹਨ। ਕੋਈ ਬੰਦਾ ਉਹਨਾਂ ਨੂੰ ਮਿਲੀ ਹੋਈ ਇਸ
ਇੱਜ਼ਤ ਨੂੰ ਮਿਟਾ ਨਹੀਂ ਸਕਦਾ।
ਸੋ ਸਾਰੀ ਵਿਚਾਰ ਦਾ ਸਾਰੰਸ਼ ਇਹੀ ਹੈ ਸ੍ਰੀ ਗੁਰੂ ਗ੍ਰੰਤ ਸਾਹਿਬ ਜੀ ਦੇ
ਮੁੱਖ ਸੰਪਾਦਕ ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾਂ
ਦੇ ਮਹਾਨ ਪਰਉਪਕਾਰ ਪ੍ਰਤੀ ਮਾਨਵਤਾ ਹਮੇਸ਼ਾ ਲਈ ਰਿਣੀ ਰਹੇਗੀ। ਕਿਉਂਕਿ, ਮਾਨਵ ਉਧਾਰ ਲਈ ਤਿਆਰ ਕੀਤੇ
ਅੰਮ੍ਰਿਤ ਭੋਜਨ ਵਿੱਚ ਕਿਸੇ ਤਰ੍ਹਾਂ ਵੀ ਹੁਣ ਕੋਈ ਬਿੱਖ ਨਹੀ ਰਲਾ ਸਕੇਗਾ। ਬਸ, ਲੋੜ ਤਾਂ ਹੁਣ
ਕੇਵਲ ਇਹੀ ਹੈ ਕਿ ਸਿੱਖ ਖੇਤਰ ਵਿੱਚ ਕੋਈ ਹੋਰ ਪੋਥੀ ਜਾਂ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ
ਸ਼ਰੀਕ ਵਜੋਂ ਉਨ੍ਹਾ ਦੇ ਬਰਾਬਰ ਪ੍ਰਕਾਸ਼ਮਾਨ ਨਾ ਹੋ ਸਕੇ। ਕਿਉਂਕਿ, ਕੁੱਝ ਲੋਕ ਯਤਨਸ਼ੀਲ ਹਨ ਕਿ
ਸਿੱਖੀ ਸੁਰਤ ਅੰਦਰ ਗੁਰੂ ਪ੍ਰਤੀ ਦੁਬਿਧਾ ਪੈਦਾ ਕਰਕੇ ਗੁਰਸਿੱਖਾਂ ਨੂੰ ਗੁਰਮਤਿ ਮਾਰਗ ਤੋਂ ਭਟਕਾਇਆ
ਜਾ ਸਕੇ।
ਭੁੱਲ-ਚੁੱਕ ਮੁਆਫ਼।
ਗੁਰੂ-ਪੰਥ ਦਾ ਦਾਸ, ਜਗਤਾਰ ਸਿੰਘ ਜਾਚਕ, ਨਿਊਯਾਰਕ।
ਮੋਬਾਈਲ: ੫੧੬-੭੬੧-੧੮੫੩
੧੦ ਜਨਵਰੀ ੨੦੦੮
|
. |