ਪਰਮ ਸਤਿਕਾਰਯੋਗ ਗੁਰਦੁਆਰਾ ਕਮੇਟੀਆਂ ਦੇ ਪ੍ਰਬੰਧਕ, ਭਾਈ ਗ੍ਰੰਥੀ ਸਿੰਘ,
ਰਾਗੀ ਸਿੰਘ, ਕਥਾਕਾਰ ਗਿਆਨੀ, ਪ੍ਰਚਾਰਿਕ ਪ੍ਰੋਫੈਸਰਜ਼ ਅਤੇ ਹੋਰ ਨਿਸ਼ਕਾਮ ਸੇਵਾਦਾਰ ਸਾਰੇ ਸੰਸਾਰ
ਵਿਖੇ “ਗੁਰਬਾਣੀ ਅਤੇ ਗੁਰਮਤਿ” ਅਨੁਸਾਰ ਸੰਗਤਾਂ ਦੀ ਸੇਵਾ ਕਰ ਰਹੇ ਹਨ ਪਰ, ਆਮ ਦੇਖਣ ਵਿਚ ਇੰਜ
ਪ੍ਰਤੀਤ ਹੋ ਰਿਹਾ ਹੈ ਜਿਵੇਂ ਸੰਗਤਾਂ ਵਿਚ ਸਿੱਖੀ ਵਿਰਸੇ ਦੀ ਅਣਖ ਅਤੇ ਜਾਗ੍ਰਿਤੀ ਗ਼ਾਇਬ ਹੰੁਦੀ
ਜਾ ਰਹੀ ਹੈ । ਇਸ ਲਈ, ਸਾਨੂੰ ਸੱਭ ਨੂੰ ਆਪਣੀ ਆਪ ਹੀ ਪੜਚੋਲ ਕਰਨੀ ਚਾਹੀਦੀ ਹੈ ਤਾਂਜੋ ਅਸੀਂ ਫਿਰ
ਗੁਰੂ ਸਾਹਿਬਾਨ ਦੀ ਰਹਿਮਤ ਦੇ ਪਾਤਰ ਬਣ ਸਕੀਏ ।
ਗੁਰੂ ਨਾਨਕ ਸਾਹਿਬ, ਜਪੁ ਜੀ ਸਾਹਿਬ ਦੀ ਪਹਿਲੀ ਪਉੜੀ ਦੁਆਰਾ ਹੀ ਸਾਨੂੰ
ਸੋਝੀ ਬਖ਼ਸ਼ਦੇ ਹਨ:
“ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ ॥ ਹੁਕਮਿ ਰਜਾਈ ਚਲਣਾ ਨਾਨਕ
ਲਿਖਿਆ ਨਾਲਿ ॥”
ਪਰ, ਸਾਡੀ ਇਹ ਕਮਜ਼ੋਰੀ ਹੈ ਕਿ ਆਪਣੀ ਹਉਮੈ ਕਰਕੇ, ਅਸੀਂ ਪਹਿਲੀ ਪਉੜੀ ਤੋਂ
ਹੀ ਖ਼ਿਸਕ ਜਾਂਦੇ ਹਾਂ । ਇਸ ਲਈ, ਸਾਨੂੰ ਗੁਰਬਾਣੀ ਆਪ ਹੀ ਸੋਚ-ਸਮਝ ਕੇ ਪੜ੍ਹਣੀ ਚਾਹੀਦੀ ਹੈ ਅਤੇ
ਫਿਰ ਗੁਰ-ਉਪਦੇਸ਼ ਨੂੰ ਆਪਣੇ ਹਿਰਦੇ ਵਿਚ ਗ੍ਰਹਿਣ ਕਰਕੇ, ਆਪਣਾ ਸਚਿਆਰ ਜੀਵਨ ਬਤੀਤ ਕਰਨ ਦਾ
ਓਪਰਾਲਾ ਕਰਨਾ ਚਾਹੀਦਾ ਹੈ ।
(੧) ਸਾਰੇ ਗੁਰਸਿੱਖ ਪਰਵਾਰਾਂ ਨੂੰ ਸਦਾ ਹੀ ਗੁਰੂ ਨਾਨਕ ਸਾਹਿਬ ਤੋਂ ਗੁਰੂ
ਗੋਬਿੰਦ ਸਿੰਘ ਸਾਹਿਬ ਦੇ ੨੩੯ ਸਾਲਾਂ (੧੪੬੯ ਤੋਂ ੧੭੦੮) ਜੀਵਨ ਬਿਤ੍ਰਾਂਤ / ਉਪਦੇਸ਼, ਗੁਰੂ
ਗ੍ਰੰਥ ਸਾਹਿਬ ਵਿਚ ਅੰਕਿਤ ਗੁਰਬਾਣੀ, ਸਾਰਿਆਂ ਸ਼ਹੀਦਾਂ ਦੀਆਂ ਕੁਰਬਾਨੀਆਂ (੩੦ ਮਈ ੧੬੦੬ ਤੋਂ ਹੁਣ
ਤੱਕ), ਨਿੱਤਨੇਮ ਦਾ ਪਾਠ, ਕੇਸਾਂ/ਰੋਮਾਂ ਅਤੇ ਦਸਤਾਰ ਦੀ ਸੰਭਾਲ, ਪੰਜਾਬੀ ਬੋਲੀ ਅਤੇ ਗੁਰੂ ਪੰਥ
ਪ੍ਰਵਾਣਿਤ ਸਿੱਖ ਰਹਿਤ ਮਰਯਾਦਾ (੧੯੪੫, ਸ਼੍ਰੋਮਣੀ ਗੁਰਦਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ)
ਅਨੁਸਾਰ ਹੀ ਰਹਿਣੀ ਰੱਖਣੀ ਚਾਹੀਦੀ ਹੈ । ਗੁਰਬਾਣੀ ਸਾਨੂੰ ਸੋਝੀ ਬਖ਼ਸ਼ਿਸ਼ ਕਰਦੀ ਹੈ :
“ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ ॥” (ਗੁਰੂ ਗ੍ਰੰਥ ਸਾਹਿਬ -
ਪੰਨਾ ੬੪੬)
(੨) ਜੇ ਕਿਸੇ ਸਿੱਖ ਪਰਵਾਰ ਦੇ ਮੈਂਬਰ ਪਾਸੋਂ ਕੋਈ ਭੁੱਲ ਜਾਂ ਕੁਰਹਿਤ ਹੋ
ਗਈ ਹੋਵੇ ਤਾਂ ਉਸ ਦੀ ਆਪਣੇ ਨੇੜੇ ਦੇ ਗੁਰਦੁਆਰਾ ਸਾਹਿਬ ਵਿਖੇ ਜਾ ਕੇ, ਪੰਜਾਂ ਪਿਆਰਿਆਂ ਤੋਂ
ਖ਼ਿਮਾ ਬਖ਼ਸ਼ਾਅ ਕੇ ੩੦੦ ਸਾਲਾ ਗੁਰ-ਗੱਦੀ ਦਿਵਸ (੭ ਅਕਤੂਬਰ ੨੦੦੮) ਤੋਂ ਪਹਿਲਾਂ ਅੰਮ੍ਰਿਤ ਦੀ
ਦਾਤਿ ਪ੍ਰਾਪਤ ਕਰ ਲੈਣੀ ਚਾਹੀਦੀ ਹੈ ਕਿਉਂਕਿ ਤਾਂ ਹੀ ਸਮੁੱਚੇ ਗੁਰੂ ਖ਼ਾਲਸਾ ਪੰਥ ਦੀ ਸਾਰੇ ਸੰਸਾਰ
ਵਿਖੇ ਏਕਤਾ ਅਤੇ ਚੜ੍ਹਦੀ ਕਲਾ ਹੋ ਸਕਦੀ ਹੈ ।
(੩) ਗੁਰਦੁਆਰਾ ਸਾਹਿਬ ਦੇ ਮੇਨ ਦੀਵਾਨ ਹਾਲ ਵਿਖੇ ਜਿਥੇ ਗੁਰੂ ਗ੍ਰੰਥ
ਸਾਹਿਬ ਦਾ ਪ੍ਰਕਾਸ਼ ਕੀਤਾ ਜਾਂਦਾ ਹੈ, ਕਿਸੇ ਭੀ ਕਿਸਮ ਦਾ ਚਿੱਤਰ/ਫੋਟੋ ਜਾਂ ਹੋਰ ਕੋਈ ਬਿੱਪਰ ਦਾ
ਚਿੰਨ੍ਹ ਨਹੀਂ ਹੋਣਾ ਚਾਹੀਦਾ । ਗੁਰਬਾਣੀ ਦੇ ਆਧਾਰ ਤੇ ਮੋਟੋ / ਬੈਨਰਜ਼, ਸ਼ਹੀਦਾਂ ਦੇ ਕੁਰਬਾਨੀਆਂ
ਦੇ ਚਿੱਤਰ/ਫੋਟੋ, ਇਤਿਹਾਸਿਕ ਗੁਰਦੁਆਰਿਆਂ ਅਤੇ ਹੋਰ ਅਸਥਾਨਾਂ ਦੇ ਫੋਟੋ, ਗੁਰਮਤਿ ਸੰਬੰਧਿਤ
ਜਾਣਕਾਰੀ, ਆਦਿਕ ਗੁਰੂ ਦੇ ਲੰਗਰ ਹਾਲ ਵਿਚ ਅਤੇ ਲਾਇਬ੍ਰੇਰੀ ਵਿਖੇ ਰੱਖੇ ਜਾ ਸਕਦੇ ਹਨ ।
(੪) ਕੜਾਹ ਪ੍ਰਸ਼ਾਦਿ, ਸਿੱਖ ਰਹਿਤ ਮਰਯਾਦਾ ਅਨੁਸਾਰ ਹੀ ਤਿਆਰ ਕੀਤਾ ਜਾਣਾ
ਚਾਹੀਦਾ ਹੈ । ਅਰਦਾਸ ਦੀ ਸਮਾਪਤੀ ਤੋਂ ਬਾਅਦ ਹੀ ਪਰਵਾਨਗੀ ਲਈ ਕਿਰਪਾਨ ਭੇਟ ਕੀਤੀ ਜਾਏ, ਪਹਿਲਾਂ
ਅਰਦਾਸ ਕਰਦੇ ਸਮੇਂ ਨਹੀਂ ।
(੫) ਗੁਰੂ ਕਾ ਲੰਗਰ, ਗੁਰਦੁਆਰਾ ਸਾਹਿਬ ਵਿਖੇ ਸਿੱਖ ਸੰਗਤ ਵਲੋਂ ਆਈ ਰੱਸਦ
ਨਾਲ ਹੀ ਨਿਸ਼ਕਾਮ ਸੇਵਾ ਰਾਹੀਂ ਤਿਆਰ ਕੀਤਾ ਜਾਣਾ ਚਾਹੀਦਾ ਹੈ । ਗੁਰੂ ਕੇ ਲੰਗਰ ਦਾ ਥਾਲ ਅਤੇ
ਪਾਣੀ ਦਾ ਗਲਾਸ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਲਿਆ ਕੇ ਕਿਰਪਾਨ ਭੇਟਾ ਕਰਨੀ ਬਿਪਰਨ ਦੀ
ਰੀਤ (ਮਨਮਤਿ) ਹੈ । ਪੰਗਤ ਵਿਚ ਬੈਠੀ ਸੰਗਤ ਨੂੰ ਵਰਤਾਉਣ ਤੋਂ ਪਹਿਲਾਂ ਲੰਗਰ ਅਸਥਾਨ ਵਿਖੇ ਹੀ
ਅਰਦਾਸ ਕਰ ਲੈਣੀ ਚਾਹੀਦੀ ਹੈ ।
(੬) ਜਿਨ੍ਹਾਂ ਗੁਰਦੁਆਰਿਆਂ ਵਿਖੇ ਪਹਿਲਾਂ ਹੀ ਬਿਅੰਤ ਰੁਮਾਲੇ ਭੇਟਾ ਹੋ
ਚੁਕੇ ਹੋਣ ਤਾਂ ਫਿਰ ਇਹ ਜ਼ਰੂਰੀ ਨਹੀਂ ਕਿ ਹਰ ਅਖੰਡ ਪਾਠ ਜਾਂ ਸਾਧਾਰਨ/ਸਹਿਜ ਪਾਠ ਦੇ ਭੋਗ ਸਮੇਂ
ਰੁਮਾਲਾ ਸਾਹਿਬ ਭੇਟਾ ਕੀਤਾ ਜਾਵੇ । ਗੁਰਦੁਆਰਾ ਸਾਹਿਬ ਦੀ ਲਾਇਬ੍ਰੇਰੀ ਲਈ ਧਾਰਮਿਕ ਕਿਤਾਬਾਂ ਜਾਂ
ਗੁਰਦੁਆਰਾ ਸਾਹਿਬ ਲਈ ਹੋਰ ਲੋੜ ਅਨੁਸਾਰ ਸੇਵਾ ਕੀਤੀ ਜਾ ਸਕਦੀ ਹੈ ।
(੭) ਗੁਰਪੁਰਬ ਮਨਾਉਣ ਸਮੇਂ ਅਖੰਡ ਪਾਠ, ਗੁਰਦੁਆਰਾ ਸਾਹਿਬ ਦੇ ਮੇਨ ਹਾਲ
ਵਿਚ ਹੀ ਰਖਿਆ ਜਾਣਾ ਚਾਹੀਦਾ ਹੈ ਨਾ ਕਿ ਕਿਸੇ ਨਾਲ ਦੇ ਛੋਟੇ ਕਮਰੇ ਵਿਚ ਅਤੇ ਅਖੰਡ ਪਾਠ ਸਮੇਂ
ਕੀਰਤਨ ਜਾਂ ਕਥਾ ਨਾਹ ਕੀਤੀ ਜਾਵੇ ਜਿਵੇਂ ਸਿੱਖ ਰਹਿਤ ਮਰਯਾਦਾ ਵਿਚ ਜਾਣਕਾਰੀ ਦਿੱਤੀ ਹੋਈ ਹੈ ।
(੮) ਗੁਰਦੁਆਰਾ ਸਾਹਿਬ ਵਿਖੇ ਕੀਰਤਨ/ਕਥਾ ਸਿੱਖ ਰਹਿਤ ਮਰਯਾਦਾ ਅਨੁਸਾਰ ਹੀ
ਕੀਤੀ ਜਾਵੇ ਅਤੇ ਇਸ ਤੋਂ ਇਲਾਵਾ, ਜਪੁ ਜੀ ਸਾਹਿਬ (ਪੰਨੇ ੧ ਤੋਂ ੮), ਰਹਿਰਾਸਿ (ਪੰਨੇ ੮ ਤੋਂ
੧੨), ਸੋਹਿਲਾ (ਪੰਨੇ ੧੨ ਤੇ ੧੩), ਅਸਾ ਕੀ ਵਾਰ (ਪੰਨੇ ੪੬੨ ਤੋਂ ੪੭੫), ਬਾਰਹ ਮਾਹਾਂ (ਪੰਨੇ ੧੩੩
ਤੋਂ ੧੩੬ ਅਤੇ ੧੧੦੭ ਤੋਂ ੧੧੧੦) ਅਤੇ ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ਬਾਣੀ ਦੀ ਵੀਚਾਰ ਜ਼ਰੂਰੀ
ਕਰਨੀ ਚਾਹੀਦੀ ਹੈ ਤਾਂ ਜੋ ਸੰਗਤ ਨੂੰ ਗੁਰਮਤਿ ਸੋਝੀ ਮਿਲਦੀ ਰਹੇ । ਸੰਗ੍ਰਾਂਦ, ਪੂਰਨਮਾਸ਼ੀ ਜਾਂ
ਹੋਰ ਐਸੀਆਂ ਬਿਪਰ ਰੀਤਾਂ ਨਾਲ ਸੰਬੰਧਿਤ ਦਿਵਸ ਨਹੀਂ ਮਨਾਉਣੇ ਚਾਹੀਦੇ ।
(੯) ਕੀਰਤਨ ਦੀ ਸਮਾਪਤੀ ਸਮੇਂ ਅਨੰਦ ਸਾਹਿਬ ਦੀਆਂ ਪਹਿਲੀਆਂ ਪੰਜ ਪਉੜੀਆ ਤੇ
ਇਕ ਅੰਤਲੀ ਪਉੜੀ ਦੇ ਬਾਅਦ ਜਪੁ ਜੀ ਸਾਹਿਬ ਦਾ ਆਖ਼ੀਰਲਾ ਸਲੋਕ ਗਾਇਨ ਕਰਨ ਦਾ ਕੋਈ ਵਿਧਾਨ ਨਹੀਂ ।
ਇਵੇਂ ਹੀ ਅਰਦਾਸ ਦੀ ਸਮਾਪਤੀ ਸਮੇਂ ਦੋਹਰਾ:
“ਆਗਿਆ ਭਈ ਅਕਾਲ ਕੀ ਤਬੈ ਚਾਲਾਯੋ ਪੰਥ ਤੋਂ ਲੈ ਕੇ ਖੁਆਰ ਹੋਇ ਸਭ ਮਿਲੇਂਗੇ
ਬਚੇ ਸ਼ਰਨ ਜੋ ਹੋਇ”
ਤੱਕ ਹੀ ਪੜ੍ਹਣ ਨਾਲ ਸਾਰੇ ਗੁਰਦੁਆਰਿਆਂ ਵਿਖੇ ਇਕ-ਸਾਰਤਾ ਰੱਖਣ ਦੀ ਲੋੜ ਹੈ
।
(੧੦) ਵਾਕ ਲੈਣ ਸਮੇਂ ਗ੍ਰੰਥੀ ਜੀ ਨੂੰ ਭੀ ਬੇਨਤੀ ਕੀਤੀ ਜਾਵੇ ਕਿ ਸ਼ੁਰੂ
ਵਿਚ ਇਕ ਜਾਂ ਦੋ ਹੀ ਬੇਨਤੀ ਸਲੋਕ ਉਚਾਰਨ ਕਰਨੇ ਚਾਹੀਦੇ ਹਨ ਨਾ ਕਿ ਪੰਜ/ਛੇਅ ਜਿੰਨੇ ਭੀ ਯਾਦ ਹੋਣ
! ਵਾਕ ਤੋਂ ਬਾਅਦ ਸ਼ਬਦ ਦੇ ਰਹਾਉ ਦਾ ਸਾਰਾਂਸ਼ / ਤੱਤ ਸੰਗਤ ਨਾਲ ਸਾਂਝਾ ਕਰਨਾ ਚਾਹੀਦਾ ਹੈ ।
(੧੧) ਗੁਰਦੁਆਰਿਆਂ ਦੇ ਪ੍ਰਬੰਧਕਾਂ ਨੂੰ ਬੇਨਤੀ ਹੈ ਕਿ ਨਿੱਤਨੇਮ ਬਾਣੀਆਂ
ਦੇ ਗੁੱਟਕੇ ਜਾਂ ਸੁੰਦਰ ਗੁੱਟਕੇ, ਆਸਾ ਕੀ ਵਾਰ ਦਾ ਸਟੀਕ, ਆਦਿਕ ਅਤੇ ਸਿੱਖ ਰਹਿਤ ਮਰਯਾਦਾ ਹਰੇਕ
ਗੁਰਸਿੱਖ ਪਰਵਾਰ ਨੂੰ ਮੁੱਫਤ ਦੇਣ ਦਾ ਉਪਰਾਲਾ ਕਰਨਾ ਚਾਹੀਦਾ ਹੈ । ਇਵੇਂ ਹੀ ਪ੍ਰਬੰਧਕਾਂ ਨੂੰ ਭੀ
ਗੁਰਬਾਣੀ ਤੇ ਗੁਰਮਤਿ ਦੀ ਪੂਰੀ ਜਾਣਕਾਰੀ ਹੋਣੀਂ ਚਾਹੀਦੀ ਹੈ ਤਾਂ ਜੋ ਗੁਰਦੁਆਰਾ ਸਾਹਿਬ ਦਾ
ਪ੍ਰਬੰਧ ਸਿੱਖ ਰਹਿਤ ਮਰਯਾਦਾ (੧੯੪੫, ਸ਼੍ਰੋਮਣੀ ਗੁਰਦੁਆਰਾ ਪ੍ਰਬੰਦਕ ਕਮੇਟੀ) ਅਨੁਸਾਰ ਹੀ ਕੀਤਾ
ਜਾਵੇ । ਪੰਜਾਬ ਵਿਖੇ ਭੀ ਪਿੰਡਾਂ ਵਿਚ ਗੁਰਮਤਿ ਲਾਇਬ੍ਰੇਰੀਆਂ ਅਤੇ ਗਰੀਬ ਪਰਵਾਰਾਂ ਦੀ ਸਹਾਇਤਾ ਲਈ
ਸੇਵਾ ਕਰਨੀ ਚਾਹੀਦੀ ਹੈ ਤਾਂ ਜੋ ਉਹ ਭੀ ਗੁਰਬਾਣੀ ਤੇ ਗੁਰਮਤਿ ਅਨੁਸਾਰ ਆਪਣੀ ਰਹਿਣੀ ਰੱਖਦੇ ਰਹਿਣ
।
(੧੨) ਸੰਗਤ ਦਾ ਭੀ ਫ਼ਰਜ਼ ਬਣਦਾ ਹੈ ਕਿ ਉਨ੍ਹਾਂ ਦੀ ਭੀ ਆਪਣੀ
ਰਹਿਣੀ-ਬਹਿਣੀ ਸਿੱਖ ਰਹਿਤ ਮਰਯਾਦਾ ਅਨੁਸਾਰ ਹੀ ਹੋਣੀ ਚਾਹੀਦੀ ਹੈ । ਗੁਰਸਿੱਖ ਪਰਵਾਰਾਂ ਨੂੰ ਹਰ
ਵੇਲੇ ਦਸਤਾਰ/ਕੇਸਕੀ/ਦੁਪੱਟਾ/ਚੁੰਨੀ ਨਾਲ ਸਿਰ ਢੱਕ ਕੇ ਰੱਖਣਾ ਚਾਹੀਦਾ ਹੈ । ੯-੧੦ ਸਾਲ ਤੋਂ ਛੋਟੇ
ਬੱਚੇ ਲਈ ਪਟਕਾ ਜਾਂ ਰੁਮਾਲ ਦੀ ਵਰਤੋਂ ਕੀਤੀ ਜਾ ਸਕਦੀ ਹੈ । ਸਿੱਖ ਪਰਵਾਰਾਂ ਨੂੰ ਟੋਪੀ, ਕੈਪ ਜਾਂ
ਛੋਟੇ ਪਟਕਿਆਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ ।
(੧੩) ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਵਿਚ ਗੁਸਸਿੱਖ ਬੀਬੀਆਂ
ਅਤੇ ਨੌਜੁਵਾਨਾਂ ਨੂੰ ਭੀ ਭਾਗ ਲੈਣਾ ਚਾਹੀਦਾ ਹੈ ਪਰ, ਕੋਈ ਭੀ ਕੇਸਾਂ/ਰੋਮਾਂ ਦੀ ਬੇਅਦਬੀ ਨਾ ਕਰਦਾ
ਹੋਵੇ । ਇਵੇਂ ਹੀ ਪੰਜਾਂ ਪਿਆਰਿਆਂ ਵਿਚ ਬੀਬੀਆਂ ਨੂੰ ਭੀ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ ।
ਸੱਭ ਤੋਂ ਚੰਗਾ ਤਾਂ ਇਹ ਹੈ ਕਿ ਸਾਨੂੰ ਆਪ ਗੁਰਬਾਣੀ ਸਮਝ ਕੇ, ਸਚਿਆਰ ਜੀਵਨ
ਬਤੀਤ ਕਰਨਾ ਚਾਹੀਦਾ ਹੈ ।
ਜਪੁ ਜੀ ਸਾਹਿਬ ਦੇ ਆਰੰਭ ਵਿਚ ਹੀ ਗੁਰੂ ਨਾਨਕ ਸਾਹਿਬ ਸਾਨੂੰ ਸੋਝੀ
ਬਖ਼ਸ਼ਦੇ ਹਨ:
ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ ॥ ਹੁਕਮਿ ਰਜਾਈ ਚਲਣਾ ਨਾਨਕ
ਲਿਖਿਆ ਨਾਲਿ ॥ ੧ ॥ ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨਾ ਕੋਇ ॥ ਨਾਨਕ ਹੁਕਮੈ ਜੇ ਬੁਝੈ ਤ
ਹਉਮੈ ਕਹੈ ਨ ਕੋਇ ॥ ੨ ॥
ਆਸਾ ਕੀ ਵਾਰ ਮਹਲਾ ੨, ਪੰਨਾ ੪੭੪ ॥
ਸਲਾਮੁ ਜਬਾਬੁ ਦੋਵੈ ਕਰੇ ਮੁੰਢਹੁ ਘੁਥਾ ਜਾਇ ॥ ਨਾਨਕ ਦੋਵੈ ਕੂੜੀਆ ਥਾਇ ਨ
ਕਾਈ ਪਾਇ ॥ ੨ ॥
ਸੋਰਠਿ ਮਹਲਾ ੩, ਪੰਨਾ ੬੦੧ ॥
ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ ॥ ਆਪਣੈ ਭਾਣੈ
ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ ॥ ਬਿਨੁ ਸਤਿਗੁਰ ਸੁਖੁ ਕਦੇ ਨ ਪਾਵੈ ਭਾਈ ਫਿਰਿ ਫਿਰਿ ਪਛੋਤਾਵੈ
॥ ੧ ॥
ਧਨਾਸਰੀ ਮਹਲਾ ੪, ਪੰਨਾ ੬੬੭ ॥
ਗੁਰਸਿਖ ਮੀਤ ਚਲਹੁ ਗੁਰ ਚਾਲੀ ॥ ਜੋ ਗੁਰੁ ਕਹੈ ਸੋਈ ਭਲ ਮਾਨਹੁ ਹਰਿ ਹਰਿ
ਕਥਾ ਨਿਰਾਲੀ ॥੧॥ ਰਹਾਉ ॥
ਸਿਰੀਰਾਗੁ ਮਹਲਾ ੫, ਪੰਨਾ ੪੩ ॥
ਮਨ ਮੇਰੇ ਕਰਤੇ ਨੋ ਸਾਲਾਹਿ ॥ ਸਭੇ ਛਡਿ ਸਿਆਣਪਾ ਗੁਰ ਕੀ ਪੈਰੀ ਪਾਹਿ ॥ ੧
॥ ਰਹਾਉ ॥
ਪ੍ਰਭਾਤੀ ਮਹਲਾ ੫, ਪੰਨਾ ੧੩੪੮ ॥
ਪੂੰਅਰ ਤਾਪ ਗੇਰੀ ਕੇ ਬਸਤ੍ਰਾ ॥ ਅਪਦਾ ਕਾ ਮਾਰਿਆ ਗ੍ਰਿਹ ਤੇ ਨਸਤਾ ॥
ਦੇਸੁ ਛੋਡਿ ਪਰਦੇਸਹਿ ਧਾਇਆ ॥ ਪੰਚ ਚੰਡਾਲ ਨਾਲੇ ਲੈ ਆਇਆ ॥ ੪ ॥
ਸਲੋਕ ਮਹਲਾ ੯, ਪੰਨਾ ੧੪੨੭ ॥
ਹਰਖ ਸੋਗ ਜਾਕੈ ਨਹੀ ਬੈਰੀ ਮੀਤ ਸਮਾਨ ॥ ਕਹੁ ਨਾਨਕ ਸੁਨਿ ਰੇ ਮਨਾ ਮੁਕਤਿ
ਤਾਹਿ ਤੈ ਜਾਨ ॥ ੧੫ ॥
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
ਖਿਮਾ ਦਾ ਜਾਚਕ,
ਗੁਰਮੀਤ ਸਿੰਘ (ਆਸਟ੍ਰੇਲੀਆ)