ਸੁਖਮਨੀ ਦਾ ਸਿਧਾਂਤਿਕ ਪੱਖ
ਕਾਂਡ 2
ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ
ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਜ਼ਰਾ ਕੁ ਗਹੁ ਨਾਲ ਤਕਿਆਂ ਸ਼ਬਦ
ਅਸਟਪਦੀਆਂ ਆਦਿਕ ਦੀ ਬਣਤਰ ਦਾ ਪਤਾ ਲੱਗਦਾ ਹੈ ਕਿ ਆਮ ਕਰਕੇ ਸ਼ਬਦਾਂ ਵਿੱਚ ਇੱਕ ਰਹਾਉ ਆਉਂਦਾ ਹੈ
ਜਿਸ ਦੇ ਅਰਥ ਹਨ ਠਹਿਰੋ! ਰੁਕੋ ਤੇ ਵਿਚਾਰ ਕਰੋ। ਭਾਵ ਸ਼ਬਦ ਦਾ ਕੇਂਦਰੀ ਭਾਵ ਇਹਨਾਂ ਰਹਾਉ ਦੀਆਂ
ਤੁਕਾਂ ਵਿੱਚ ਹੁੰਦਾ ਹੈ ਤੇ ਬਾਕੀ ਸ਼ਬਦ ਵਿੱਚ ਵਿਸਥਾਰ ਹੁੰਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਵਿੱਚ
ਕੁੱਝ ਲੰਮੇਰੀਆਂ ਬਾਣੀਆਂ ਵੀ ਹਨ ਤੇ ਉਹਨਾਂ ਵਿੱਚ ਵੀ ਰਹਾਉ ਆਉਂਦਾ ਹੈ। ਮਿਸਾਲ ਦੇ ਤੌਰ `ਤੇ ਸਿਧ
ਗੋਸਟਿ ਦੀਆਂ ੭੩ ਪਉੜੀਆਂ ਹਨ ਤੇ ਇਹਨਾਂ ਵਿੱਚ ਰਹਾਉ ਦੀਆਂ ਦੋ ਤੁਕਾਂ ਹਨ:--
ਕਿਆ ਭਵੀਐ ਸਚਿ ਸੂਚਾ ਹੋਇ॥ ਸਾਚ ਸਬਦ ਬਿਨੁ ਮੁਕਤਿ ਨ ਕੋਇ॥ ੧॥ ਰਹਾਉ॥
ਇਸ ਸਾਰੀ ਬਾਣੀ ਦਾ ਕੇਂਦਰੀ ਭਾਵ ਹੈ ਕਿ ਐ ਜੋਗੀਓ! ਤੀਰਥਾਂ ਦੀ ਯਾਤਰਾ ਜਾਂ
ਦਿਖਾਵੇ ਦੀ ਸੁੱਚ ਰੱਖਣ ਨਾਲ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਸਕਦੀ। ਇਸ ਸਾਰੀ ਬਾਣੀ ਵਿੱਚ
ਜੋਗੀਆਂ ਨਾਲ ਚਰਚਾ ਹੈ ਤੇ ਇਹਨਾਂ ਦੋ ਤੁਕਾਂ ਵਿੱਚ ਦੋ ਹਰਫ਼ੀ ਗੱਲ ਦੱਸੀ ਗਈ ਹੈ ਕਿ ਦੇਸ ਰਟਨ ਜਾਂ
‘ਤੀਰਥ ਯਾਤਰਾ’, ‘ਸੁੱਚ’ ਤੇ ‘ਮੁਕਤੀ’ ਦਾ ਸਾਧਨ ਨਹੀਂ ਹੈ। ਗੁਰ ਸ਼ਬਦ ਹੀ ਮਨੁੱਖ ਦੇ ਮਨ ਨੂੰ
‘ਸੁੱਚਾ’ ਕਰ ਸਕਦਾ ਹੈ। ਬਾਕੀ ਸਾਰੀ ਬਾਣੀ ਵਿੱਚ ਏਸੇ ਖ਼ਿਆਲ ਦੀ ਵਿਆਖਿਆ ਹੈ।
ਹੁਣ ਲਓ ਬਾਣੀ ‘ਓਅੰਕਾਰ’ ਜੋ ਰਾਗ ‘ਰਾਮਕਲੀ ਦਖਣੀ’ ਵਿੱਚ ਹੈ। ਇਸ ਦੀਆਂ
ਸਾਰੀਆਂ ੫੪ ਪਉੜੀਆਂ ਹਨ, ਪਰ ਇਸ ਦੀ ਵੀ ਪਹਿਲੀ ਪਉੜੀ ਤੋਂ ਪਿਛੋਂ ਇਉਂ ਲਿਖਿਆ ਹੈ:--
ਸਣਿ ਪਾਡੇ ਕਿਆ ਲਿਖਹੁ ਜੰਜਾਲਾ॥ ਲਿਖੁ ਰਾਮ ਨਾਮ ਗੁਰਮੁਖਿ ਗੋਪਾਲਾ॥ ੧॥
ਰਹਾਉ॥
ਏਥੇ ਵੀ ਸਾਫ਼ ਪ੍ਰਗਟ ਹੈ ਕਿ ਸਾਰੀ ਬਾਣੀ ਕਿਸੇ ਪੰਡਤ ਦੇ ਪ੍ਰਥਾਏ ਹੈ, ਜੋ
ਵਿਦਿਆ `ਤੇ ਬਹੁਤ ਟੇਕ ਰੱਖਦਾ ਹੈ। ਸਤਿਗੁਰ ਜੀ ਨੇ ਇਸ ਸਾਰੀ ਬਾਣੀ ਦਾ ਸਾਰ ਅੰਸ਼ ਇਹ ਦੱਸਿਆ ਹੈ ਕਿ
ਅਕਾਲ ਪੁਰਖ ਦੀ ਸਿਫਿਤ-- ਸਾਲਾਹ ਹੀ ਸਭ ਤੋਂ ਉੱਤਮ ਵਿਦਿਆ ਹੈ।
ਇਸ ਤਰ੍ਹਾਂ ਕਈ ਹੋਰ ਵੀ ਬਾਣੀਆਂ ਹਨ, ਜਿਨ੍ਹਾਂ ਵਿਚੋਂ ਇੱਕ ‘ਸੁਖਮਨੀ’ ਭੀ
ਹੈ। ਇਸ ਦੀਆਂ ੨੪ ਅਸਟਪਦੀਆਂ ਹਨ, ਪਰ ਪਹਿਲੀ ਅਸਟਪਦੀ ਦੀ ਪਹਿਲੀ ਪਉੜੀ ਤੋਂ ਪਿਛੋਂ ਆਈ ‘ਰਹਾਉ’ ਦੀ
ਤੁਕ ਦੱਸਦੀ ਹੈ ਕਿ ਇਸ ਸਾਰੀ ਬਾਣੀ ਦਾ ਦੋ—ਹਰਫਾ ਮੁੱਖ ਭਾਵ ‘ਰਹਾਉ’ ਵਿੱਚ ਹੈ ਅਤੇ ਸਾਰੀਆਂ ੨੪
ਅਸਟਪਦੀਆਂ ਇਸ ‘ਮੁੱਖ-ਭਾਵ ਦੀ ਵਿਆਖਿਆ ਹਨ। ਸੋ ‘ਸੁਖਮਨੀ’ ਦਾ ‘ਮੁੱਖ-ਭਾਵ’ ਹੇਠ ਲਿਖੀਆਂ ਤੁਕਾਂ
ਵਿੱਚ ਹੈ।
ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮੁ॥ ਭਗਤ ਜਨਾ ਕੈ ਮਨਿ ਬਿਸ੍ਰਾਮ॥ ਰਹਾਉ॥
ਸੁਖਮਨੀ—ਸੁੱਖਾਂ ਦੀ ਮਣੀ –ਸਭ ਤੋਂ ਸ੍ਰੇਸ਼ਟ ਸੁੱਖ। ਭਗਤ ਜਨਾ ਕੈ
ਮਨਿ—ਭਗਤਾਂ ਦੇ ਮਨ ਵਿਚ। ਬਿਸ੍ਰਾਮ, ਟਿਕਾਣਾ ਹੈ।
ਪਰਮਾਤਮਾ ਦਾ ਨਾਮ ਅਮਰ ਕਰਨ ਵਾਲਾ ਤੇ ਸੁਖਦਾਈ ਨਾਮ ਸਭ ਸੁੱਖਾਂ ਦੀ ਮਣੀ
ਹੈ। ਇਸ ਦਾ ਟਿਕਾਣਾ ਭਗਤਾਂ ਦੇ ਮਨ ਵਿੱਚ ਹੁੰਦਾ ਹੈ। ਇਹਨਾਂ ਤੁਕਾਂ ਵਿੱਚ ਪਰਮਾਤਮਾ ਦੇ ਨਾਮ ਦੀ
ਗੱਲ ਕੀਤੀ ਗਈ ਹੈ। ਮਹਾਨ ਕੋਸ਼ ਵਿੱਚ ਨਾਮ ਦੇ ਅਰਥ ਹਨ –ਸੰਗਯਾ—ਕਿਸੇ ਵਸਤੂ ਦਾ ਬੋਧ ਕਰਾਉਣ ਵਾਲਾ
ਸ਼ਬਦ—ਜਿਸ ਕਰਕੇ ਅਰਥ ਜਾਣਿਆ ਜਾਵੇ, ਸੋ ਨਾਮ ਹੈ। ਨਾਮ ਦੇ ਮੁੱਖ ਭੇਦ ਦੋ ਹਨ –ਇਕ ਵਸਤੂ ਵਾਚਕ,
ਜੈਸੈ ਮਨੁੱਖ, ਬੈਲ, ਪਹਾੜ ਆਦਿ। ਦੂਸਰਾ ਭਾਵ ਵਾਚਕ ਹੈ ---ਸੁੰਦਰਤਾ, ਕਠੋਰਤਾ, ਭਲਮਨਸਊ, ਭਰੱਪਣ
ਆਦਿ। ਗੁਰਬਾਣੀ ਵਿੱਚ ‘ਨਾਮ’ ਕਰਤਾਰ ਅਤੇ ਉਸਦਾ ਹੁਕਮ ਬੋਧਕ ਸ਼ਬਦ ਭੀ ਹੈ। ਯਥਾ
‘ਜੇਤਾ ਕੀਤਾ ਤੇਤਾ ਨਾਉ’ — ‘ਨਾਮ ਕੇ
ਧਾਰੇ ਸਗਲੇ ਜੰਤ’।
ਗੁਰਬਾਣੀ ਵਿੱਚ ‘ਨਾਮ’ ਪਰਮਾਤਮਾ ਦੀ ਹੋਂਦ ਲਈ ਆਇਆ ਹੈ। ਕਿਉਂ ਕਿ ਜੋ ਵੀ
ਸੰਸਾਰ ਸਾਨੂੰ ਦਿਸਦਾ ਜਾਂ ਨਹੀਂ ਦਿਸਦਾ, ਉਸ ਸਾਰੇ ਵਿੱਚ ਪਰਮਾਤਮਾ ਦੀ ਹੋਂਦ ਹੈ। ਇਸ ਹੋਂਦ ਨੂੰ
ਰੱਬੀ ਹੁਕਮ ਜਾਂ ਰੱਬੀ ਨਿਯਮਾਵਲੀ ਵੀ ਕਿਹਾ ਗਿਆ ਹੈ। ਨਿਰਾ ਨਾਮ ਲੈਣ ਨਾਲ ਸੁੱਖੀ ਜੀਵਨ ਨਹੀਂ ਮਿਲ
ਸਕਦਾ ਜਿੰਨਾ ਚਿਰ ਅਸੀਂ ਰੱਬੀ ਹੁਕਮ ਜਾਂ ਉਸ ਦੀ ਬਣਾਈ ਹੋਈ ਨਿਯਮਾਵਲੀ ਨੂੰ ਨਹੀਂ ਸਮਝਦੇ। ਇਸ ਦੀ
ਸਮਝ ਆਉਂਦਿਆਂ ਹੀ ਆਦਮੀ ਆਤਮਿਕ ਸੁੱਖ ਵਲ ਨੂੰ ਵੱਧਦਾ ਹੈ।
ਹੁਣ ਜਿਹੜੀ ਡੇਰਾਵਾਦੀ ਸਾਧਾਂ ਨੇ ਧਾਰਨਾ ਬਣਾਈ ਹੋਈ ਹੈ ਕਿ ਸਾਰੇ ਗੁਰੂ
ਗ੍ਰੰਥ ਸਾਹਿਬ ਜੀ ਦਾ ਪਾਠ ਤੇ ਉਸ ਦੀ ਵਿਚਾਰ ਕਰਨ ਦੀ ਲੋੜ ਨਹੀਂ ਹੈ ਸਿਰਫ ਸੁਖਮਨੀ ਸਾਹਿਬ ਦਾ ਪਾਠ
ਵਿਧੀ-ਪੂਰਵਕ ਕੀਤਿਆਂ ਹੀ ਮਨੁੱਖ ਨੂੰ ਸਾਰੇ ਸੁੱਖ, ਧੰਨ-ਦੌਲਤ, ਧੀਆਂ- ਪੁੱਤਰ, ਮਕਾਨ, ਨੌਕਰੀ
ਆਦਿਕ ਸਭ ਕੁੱਝ ਹੀ ਪ੍ਰਾਪਤ ਹੋ ਜਾਣਗੇ। ਇਹਨਾਂ ਸਾਧਾਂ ਦੇ ਸਾਹਮਣੇ ਇੱਕ ਸਵਾਲ ਖੜਾ ਹੁੰਦਾ ਹੈ ਕਿ
ਸੁਖਮਨੀ ਸਾਹਿਬ ਜੀ ਦੀ ਬਾਣੀ ਤਾਂ ਗੁਰੂ ਅਰਜਨ ਸਾਹਿਬ ਜੀ ਨੇ ਉਚਾਰਨ ਕੀਤੀ ਹੈ, ਪਰ ਗੁਰੂ ਅਰਜਨ
ਪਾਤਸ਼ਾਹ ਜੀ ਤੋਂ ਪਹਿਲਾਂ ਚਾਰ ਗੁਰੂ ਸਾਹਿਬਾਨ ਜੀ ਭਾਵ ਗੁਰੂ ਨਾਨਕ ਸਾਹਿਬ ਜੀ, ਗੁਰੂ ਅੰਗਦ
ਪਾਤਸ਼ਾਹ ਜੀ, ਗੁਰੂ ਅਮਰਦਾਸ ਜੀ ਅਤੇ ਗੁਰੂ ਰਾਮਦਾਸ ਜੀ ਹੋਏ ਹਨ। ਕੀ ਉਹਨਾਂ ਦੀ ਉਚਾਰਨ ਕੀਤੀ ਬਾਣੀ
ਨਾਲ ਕਿਸੇ ਮਨੁੱਖ ਨੂੰ ਕੋਈ ਸੁੱਖ ਨਹੀਂ ਪ੍ਰਾਪਤ ਹੋਇਆ ਹੋਏਗਾ? ਜਾਂ ਗੁਰੂ ਅਰਜਨ ਪਾਤਸ਼ਾਹ ਜੀ ਤੋਂ
ਪਹਿਲਾਂ ਸੰਗਤਾਂ ਪਹਿਲੇ ਗੁਰੂ ਸਾਹਿਬਾਨ ਦੀ ਬਾਣੀ ਦਾ ਪਾਠ--ਵਿਚਾਰ ਨਹੀਂ ਕਰਦੀਆਂ ਸਨ? ਨਹੀਂ ਭਾਈ
ਸਾਰੀ ਗੁਰਬਾਣੀ ਇਕਸਾਰ ਹੈ ਜੋ ਸਾਰੇ ਸੰਸਾਰ ਨੂੰ ਸੁੱਖ-ਸ਼ਾਤੀ ਦੇਂਦੀ ਹੈ। ਸੁਖਮਨੀ ਸਾਹਿਬ ਜੀ ਦੀ
ਬਾਣੀ ਉਚਾਰਨ ਤੋਂ ਪਹਿਲਾਂ ਵੀ ਸੰਗਤਾਂ ਬਾਣੀ ਪੜ੍ਹਦੀਆਂ ਸਨ।
ਦੁਸ਼ਮਣ ਬਾਤ ਕਰੇ ਅਨਹੋਣੀ--- ਪਿੱਛੇ ਜੇਹੇ ਕੁੱਝ ਡੇਰਾ ਵਾਦੀ ਸਾਧੜਿਆਂ
ਨੂੰ ਨਵੀਂ ਘੁੜੁੱਤ ਸੁੱਝੀ ਕਿ ਗੰਨਿਆਂ ਵਾਲੇ ਖੇਤਾਂ ਨੂੰ ਲਗਾਤਾਰ ਗੁਰਬਾਣੀ ਦਾ ਅਖੰਡਪਾਠ ਸੁਣਾਇਆ
ਜਾਏ। ਫਿਰ ਇਹਨਾਂ ਗੰਨਿਆਂ ਤੋਂ ਵਿਧੀ ਪੂਰਵਕ ਪਤਾਸੇ ਤਿਆਰ ਕਰਕੇ ਸਾਰੇ ਤੱਖਤਾਂ `ਤੇ ਭੇਜੇ ਜਾਣ,
ਅੱਗੋਂ ਬਾਹਰਲੇ ਮੁਲਕਾਂ ਨੂੰ ਇਹ ਪਤਾਸੇ ਭੇਜੇ ਜਾਣ ਤੇ ਫਿਰ ਇਹਨਾਂ ਪਤਾਸਿਆਂ ਦੁਆਰਾ ਹੀ ਖੰਡੇ ਦੀ
ਪਾਹੁਲ ਤਿਆਰ ਕੀਤੀ ਜਾਏ। ਕੀ ਜੋ ਹੁਣ ਤੀਕ ਅੰਮ੍ਰਿਤ ਤਿਆਰ ਕਰਕੇ, ਸੰਗਤ ਨੂੰ ਛਕਾਇਆ ਗਿਆ ਹੈ, ਉਹ
ਫਿਰ ਮਖੌਲ ਸੀ। ਜਿਸ ਤਰ੍ਹਾਂ ਬ੍ਰਹਮਣ ਨੇ ਜਨੇਊ ਤਿਆਰ ਕਰਨ ਦੀ ਵਿਧੀ `ਤੇ ਇਹ ਸਾਰਾ ਕੁੱਝ ਕਰਦਾ
ਹੈ, ਉਸੇ ਤਰ੍ਹਾਂ ਜੀ ਇਹ ਕੱਚੇ ਸਾਧੜੇ ਗੁਰਬਾਣੀ ਨਾਲ ਕਰ ਰਹੇ ਹਨ। ਜਨੇਊ ਤਿਆਰ ਕਰਨ ਲਈ ਬ੍ਰਹਮਣ
ਕਪਾਹ ਦੇ ਬੂਟੇ `ਤੇ ਮੰਤ੍ਰ ਪੜ੍ਹਦਾ ਹੈ ਖੰਡੇ ਦੀ ਪਾਹੁਲ ਤਿਆਰ ਕਰਨ ਲਈ ਗੁਰਬਾਣੀ ਸਿਧਾਂਤ ਤੋਂ
ਕੋਰੇ ਸਾਧਾਂ ਵਲੋਂ ਗੰਨ੍ਹਿਆਂ ਵਾਲੇ ਖੇਤ `ਤੇ ਪਾਠ ਕੀਤਾ ਜਾ ਰਿਹਾ ਹੈ। ਬ੍ਰਹਾਮਣੀ ਵਿਚਾਰਧਾਰਾ ਤੇ
ਸਿੱਖੀ ਦੇ ਨਿਆਰੇਪਨ ਵਿੱਚ ਅੰਤਰ ਕੀ ਹੋਇਆ? ਦੁੱਖ ਇਸ ਗੱਲ ਦਾ ਹੈ ਕਿ ਅਜੇਹੇ ਬ੍ਰਹਮਣੀ ਕਰਮ-ਕਾਂਡ
ਨੂੰ ਸਾਡੇ ਜੱਥੇਦਾਰ ਜੀ ਮਾਨਤਾ ਹੀ ਨਹੀਂ ਦੇ ਰਹੇ ਸਗੋਂ ਕਹਿ ਰਹੇ ਹਨ ਕਿ ਇਹ ਬਹੁਤ ਵਧੀਆ ਉਦਮ ਹੈ
ਜੋ ਕਿ ਬਹੁਤ ਸਮਾਂ ਪਹਿਲਾਂ ਹੋ ਜਾਣਾ ਚਾਹੀਦਾ ਸੀ।
ਖ਼ੈਰ ਅਸੀਂ ਅਸਲੀ ਮੁੱਦੇ ਵਲ ਵੱਧਦੇ ਹਾਂ ਕਿ ਸੁਖਮਨੀ ਸਾਹਿਬ ਜੀ ਦਾ
ਸਿਧਾਂਤਿਕ ਪੱਖ ਕੀ ਹੈ? ਇਸ ਵਿਚਲਾ ਰੱਬੀ ਉਪਦੇਸ਼ ਕੀ ਹੈ ਜਿਸ ਨੂੰ ਪੜ੍ਹ ਕੇ ਵਿਚਾਰ ਕੇ ਮਨੁੱਖ
ਆਪਣੀ ਵਿਗੜੀ ਹੋਈ ਤਕਦੀਰ ਨੂੰ ਸੰਵਾਰ ਸਕੇ। ਸਾਰੀ ਗੁਰਬਾਣੀ ਵਾਂਗ ਸੁਖਮਨੀ ਬਾਣੀ ਵਿੱਚ ਵੀ ਮਨੁੱਖੀ
ਜ਼ਿੰਦਗੀ ਦੇ ਅਹਿਮ ਨੁਕਤਿਆਂ `ਤੇ ਵਿਚਾਰ ਚਰਚਾ ਕੀਤੀ ਗਈ ਹੈ।