ਗੁਰਬਾਣੀ ਇਸੁ ਜਗ ਮਹਿ ਚਾਨਣੁ ਕਰਮਿ ਵਸੈ ਮਨਿ ਆਏ
Gurbani is the Light to illuminate this world; by His Grace,
it comes to abide within the mind
ਮਨੁੱਖ ਆਪਣੀਆਂ ਸਾਰੀਆਂ
ਇਛਾਵਾਂ ਪੂਰੀਆਂ ਕਰਨ ਲਈ ਸਾਰੀ ਉਮਰ ਜੀਵਨ ਵਿੱਚ ਭਟਕਦਾ ਰਹਿੰਦਾ ਹੈ। ਤੀਰਥਾਂ ਤੇ ਜਾਂਦਾ ਹੈ,
ਦੇਵਤਿਆਂ ਦੀ ਪੂਜਾ ਕਰਦਾ ਹੈ, ਲਭਦਾ ਹੈ ਕਿ ਪਾਰਸ ਮਿਲੇ ਤਾਂ ਜੋ ਲੋਹੇ ਨੂੰ ਸੋਨਾ ਬਣਾ ਸਕੇ, ਮਨ
ਦੀਆਂ ਇਛਾਵਾਂ ਪੂਰੀਆਂ ਕਰਨ ਲਈ ਕੋਈ ਪਾਰਜਾਤ ਦਰੱਖਤ ਮਿਲ ਜਾਏ, ਸੁਖ ਪ੍ਰਾਪਤ ਕਰਨ ਲਈ ਪਦਾਰਥ ਮਿਲ
ਜਾਣ, ਚਿੰਤਾਵਾਂ ਦੂਰ ਹੋ ਜਾਣ, ਆਦਿ। ਪਰ ਪੂਰਤੀ ਨਹੀਂ ਹੁੰਦੀ ਹੈ ਤੇ ਸਾਰੀ ਉਮਰ ਮਾਇਆ ਤੇ ਦਵੈਤ
ਭਾਵ ਵਿੱਚ ਫਸਿਆ ਰਹਿੰਦਾ ਹੈ। ਹਾਂ ਜੇ ਕਰ ਸਤਿਗੁਰ ਦੀ ਸਰਨ ਵਿੱਚ ਆ ਜਾਈਏ ਤੇ ਸਤਿਗੁਰ ਦੀ ਮੇਹਰ
ਹੋ ਜਾਏ ਤਾਂ ਇਸ ਮਾਇਆ ਦੇ ਜੰਜਾਲ ਤੇ ਦਵੈਤ ਭਾਵ ਵਿਚੋਂ ਬਾਹਰ ਨਿਕਲਿਆ ਜਾ ਸਕਦਾ ਹੈ। ਕਿਉਕਿ
ਸਤਿਗੁਰ ਤੀਰਥ ਹੈ, ਸਤਿਗੁਰ ਤਾਰਨ ਵਾਲਾ ਹੈ, ਸਤਿਗੁਰ ਪਾਰਸ ਹੈ, ਸਤਿਗੁਰ ਪਾਰਜਾਤ ਹੈ, ਸਤਿਗੁਰ
ਸੁੱਖਾਂ ਦਾ ਸਾਗਰ ਹੈ, ਸਤਿਗੁਰ ਸਿੱਖ ਨੂੰ ਜੀਵਨ ਦੇ ਕੀਮਤੀ ਗੁਣ ਸੁਣਾਂਦਾ ਹੈ, ਸਤਿਗੁਰ ਚਿੰਤਾਮਣੀ
ਹੈ।
ਸਤਿਗੁਰ ਤੀਰਥ ਜਾਣੀਐ ਅਠਿਸਠਿ ਤੀਰਥ ਸਰਣੀ ਆਏ॥
ਸਤਿਗੁਰ ਦੇਉ ਅਭੇਉ ਹੈ ਹੋਰ ਦੇਵ ਗੁਰ ਸੇਵ ਤਰਾਏ॥
ਸਤਿਗੁਰ ਪਾਰਸ ਪਰਸਿਐ ਲਖ ਪਾਰਸ ਪਾਖਾਕ
ਸੁਹਾਏ॥ ਸਤਿਗੁਰ ਪੂਰਾ ਪਾਰਜਾਤ ਪਾਰਜਾਤ ਲਖ ਸਫਲ
ਧਿਆਏ॥ ਸੁਖਸਾਗਰ ਸਤਿਗੁਰ ਪੁਰਖ ਹੈ ਰਤਨ ਪਦਾਰਥ ਸਿਖ ਸੁਣਾਏ॥
ਚਿੰਤਾਮਣਿ ਸਤਿਗੁਰ ਚਰਣ ਚਿੰਤਾਮਣੀ
ਅਚਿੰਤ ਕਰਾਏ॥ ਵਿਣ ਸਤਿਗੁਰ ਸਭ ਦੂਜੈ ਭਾਏ॥ ੨॥
(੧੫-੨-੭)
ਆਮ ਦੁਨੀਆਂ ਵਿੱਚ ਗੁਰੂ ਚਾਰ ਕਿਸਮਾਂ ਦੇ ਹੁੰਦੇ ਹਨ: (੧) ਭ੍ਰਿਗੀ ਗੁਰੂ =
ਕੀੜੇ ਵਰਗਾ, ਜੋ ਆਪਣੇ ਸੇਵਕਾਂ ਨੂੰ ਗੁਮਰਾਹ ਕਰਦੇ ਹਨ ਤੇ ਉਨ੍ਹਾਂ ਦਾ ਖੂਨ ਚੂਸਦੇ ਹਨ (੨) ਚੰਦਨ
ਗੁਰੂ = ਅਜੇਹਾ ਗੁਰੂ ਖਾਸ ਸਮੇਂ, ਕਿਸੇ ਖਾਸ ਖਾਸ ਨੂੰ ਉਪਦੇਸ਼ ਦਿੰਦਾ ਹੈ, ਜਿਸ ਤਰ੍ਹਾਂ ਚੰਦਨ
ਬਾਂਸ ਨੂੰ ਸੁਗੰਧੀ ਨਹੀਂ ਦੇ ਸਕਦਾ ਹੈ, ਅਜੇਹਾ ਗੁਰੂ, ਹੰਕਾਰੀਆਂ ਨੂੰ ਬਦਲ ਨਹੀਂ ਸਕਦਾ ਹੈ। (੩)
ਪਾਰਸ ਗੁਰੂ = ਪਾਰਸ ਸੋਨਾ ਤਾਂ ਬਣਾ ਸਕਦਾ ਹੈ, ਪਰ ਪਾਰਸ ਨਹੀਂ। ਅਜੇਹਾ ਗੁਰੂ ਚੇਲੇ ਤਾਂ ਬਣਾ
ਸਕਦਾ ਹੈ, ਪਰ ਗੁਰੂ ਨਹੀਂ। (੪) ਦੀਪਕ ਗੁਰੂ = ਇੱਕ ਦੀਵਾ, ਦੂਸਰਾ ਦੀਵਾ ਜਲਾ ਸਕਦਾ ਹੈ। ਇੱਕ
ਦੀਪਕ ਤੋਂ ਹਜ਼ਾਰਾਂ ਦੀਪਕ, ਇੱਕ ਜੋਤ ਤੋਂ ਹਜ਼ਾਰਾਂ ਜੋਤਾਂ। ਇੱਕ ਗਿਆਨ ਦੇ ਸੋਮੇ ਤੋਂ ਅਨੇਕਾਂ ਗਿਆਨ
ਦੇ ਸੋਮੇ ਪੈਦਾ ਕੀਤੇ ਜਾ ਸਕਦੇ ਹਨ।
ਹੁਣ ਸਵਾਲ ਪੈਦਾ ਹੁੰਦਾਂ ਹੈ ਕਿ ਕੌਣ ਸਤਿਗੁਰੁ ਹੋ ਸਕਦਾ ਹੈ, ਕੀ ਕੋਈ
ਦੇਹਧਾਰੀ ਸਤਿਗੁਰੁ ਹੋ ਸਕਦਾ ਹੈ। ਦੇਹਧਾਰੀ ਮਨੁੱਖ ਦੇ ਆਪਣੇ ਸਰੀਰ ਦਾ ਕੋਈ ਭਰੋਸਾ ਨਹੀਂ, ਆਪ
ਪਦਾਰਥਾਂ ਲਈ ਭਟਕਦਾ ਹੈ, ਉਹ ਦੂਸਰਿਆਂ ਨੂੰ ਇਸ ਮਾਇਆ ਦੇ ਜੰਜਾਲ ਤੇ ਦਵੈਤ ਭਾਵ ਵਿਚੋਂ ਕਿਸ
ਤਰ੍ਹਾਂ ਬਾਹਰ ਕੱਢ ਸਕੇਗਾ। ਅੱਜਕਲ ਦੇਹਧਾਰੀ ਗੁਰੂ ਜਿਆਦਾ ਤਰ ਲੋਕਾਂ ਨੂੰ ਗੁਮਰਾਹ ਹੀ ਕਰਦੇ ਹਨ,
ਰਾਜਨੀਤਕਾਂ ਨਾਲ ਗੱਠ ਬੰਧਨ ਕਰਦੇ ਹਨ ਤੇ ਲੋਕਾਂ ਦਾ ਖੂਨ ਚੂਸਦੇ ਹਨ। ਵਿਰਲੇ ਹੀ ਹੁੰਦੇ ਹਨ, ਜੋ
ਚੰਦਨ ਦੀ ਤਰ੍ਹਾਂ ਕਿਸੇ, ਖਾਸ ਖਾਸ ਨੂੰ ਉਪਦੇਸ਼ ਦਿੰਦੇ ਹਨ। ਬਹੁਤ ਹੀ ਘੱਟ ਪਾਰਸ ਗੁਰੂ ਹੁੰਦੇ ਹਨ,
ਜੋ ਚੰਗੇ ਚੇਲੇ ਬਣਾ ਸਕਦੇ ਹਨ। ਪੂਰੀ ਦੁਨੀਆਂ ਦੇ ਇਤਿਹਾਸ ਵਿੱਚ ਸਿਰਫ ਦਸ ਗੁਰੂ ਸਾਹਿਬ ਹੀ ਹੋਏ
ਹਨ, ਜਿਨ੍ਹਾਂ ਨੇ ਦੀਪਕ ਦੀ ਤਰ੍ਹਾਂ ਇੱਕ ਜੋਤਿ ਦੂਸਰੇ ਤਕ ਪਹੁੰਚਾਈ, ਫਿਰ ਸਦੀਵੀ ਕਾਲ ਲਈ ਪੂਰੀ
ਮਨੁੱਖਤਾ ਨੂੰ ਗਿਆਨ ਦੀ ਰੌਸ਼ਨੀ ਦੇਣ ਲਈ, ਗੁਰੂ ਗਰੰਥ ਸਾਹਿਬ ਦੇ ਰੂਪ ਵਿੱਚ ਸਾਨੂੰ ਦੇ ਦਿੱਤਾ।
ਜਿਹੜਾ ਵੀ ਚਾਹੇ ਉਹ ਗੁਰੂ ਗਰੰਥ ਸਾਹਿਬ ਤੋਂ ਆਤਮਿਕ ਗਿਆਨ ਲੈ ਸਕਦਾ ਹੈ। ਗੁਰਬਾਣੀ ਅਨੁਸਾਰ ਆਪਣਾ
ਜੀਵਨ ਸਫਲ ਕਰਨ ਲਈ, ਪੰਜਾਂ ਪਿਆਰਿਆਂ ਕੋਲੋਂ ਖੰਡੇ ਕੀ ਪਾਹੁੱਲ ਲੈ ਸਕਦੇ ਹਨ। ਗੁਰਬਾਣੀ ਦੇ
ਅਨੇਕਾਂ ਹੀ ਸਬਦ ਸਪੱਸ਼ਟ ਕਰ ਦਿੰਦੇ ਹਨ, ਕਿ ਦੇਹਧਾਰੀ ਮਨੁੱਖ ਵਿੱਚ ਇਹ ਗੁਣ ਨਹੀਂ ਹੋ ਸਕਦੇ ਹਨ,
ਉਹ ਸਿਰਫ ਧੁਰ ਕੀ ਸੱਚੀ ਬਾਣੀ ਵਿੱਚ ਹੀ ਹੋ ਸਕਦੇ ਹਨ।
ਸਤਿਗੁਰੁ ਉਸ ਦਾ ਨਾਮ ਹੈ, ਜਿਸ ਨੇ ਸਦਾ-ਥਿਰ ਤੇ ਸਰਬ ਵਿਆਪਕ ਅਕਾਲ ਪੁਰਖੁ
ਨੂੰ ਜਾਣ ਲਿਆ ਹੈ। ਸਤਿਗੁਰੁ ਦੀ ਸੰਗਤਿ ਵਿੱਚ ਰਹਿ ਕੇ ਸਿੱਖ ਅਕਾਲ ਪੁਰਖ ਦੇ ਗੁਣ ਗਾਇਨ ਕਰਨ ਨਾਲ
ਵਿਕਾਰਾਂ ਤੋਂ ਬਚ ਜਾਂਦਾ ਹੈ। ਇਸ ਦੇ ਉਲਟ ਦੇਹਧਾਰੀ ਗੁਰੂ ਆਪਣੇ ਨਾਲ ਜੋੜਨ ਦਾ ਲਾਲਚ ਦਿੰਦਾਂ ਹੈ,
ਉਸ ਸਰਬ ਵਿਆਪਕ ਅਕਾਲ ਪੁਰਖ ਨਾਲ ਨਹੀਂ।
ਸਲੋਕੁ॥
ਸਤਿ ਪੁਰਖੁ ਜਿਨਿ ਜਾਨਿਆ ਸਤਿਗੁਰੁ
ਤਿਸ ਕਾ ਨਾਉ॥ ਤਿਸ ਕੈ ਸੰਗਿ ਸਿਖੁ ਉਧਰੈ ਨਾਨਕ ਹਰਿ ਗੁਨ ਗਾਉ॥
੧॥ (੨੮੬)
ਸਤਿਗੁਰੁ ਉਸ ਨੂੰ ਕਿਹਾ ਜਾ ਸਕਦਾ ਹੈ, ਜਿਸ ਦੇ ਮਿਲਣ ਨਾਲ ਮਨ ਵਿੱਚ ਆਨੰਦ
ਪੈਦਾ ਹੋ ਜਾਂਦਾ ਹੈ, ਮਨ ਦੀ ਦਵੈਤ ਭਾਵਨਾਂ ਤੇ ਡਾਵਾਂ ਡੋਲ ਹਾਲਤ ਮੁੱਕ ਜਾਂਦੀ ਹੈ, ਅਕਾਲ ਪੁਰਖੁ
ਦੇ ਮਿਲਾਪ ਦੀ ਸਭ ਤੋਂ ਉੱਚੀ ਆਤਮਕ ਅਵਸਥਾ ਪੈਦਾ ਹੋ ਜਾਂਦੀ ਹੈ।
ਜਿਸੁ ਮਿਲਿਐ ਮਨਿ ਹੋਇ ਅਨੰਦੁ ਸੋ ਸਤਿਗੁਰੁ ਕਹੀਐ॥ ਮਨ ਕੀ ਦੁਬਿਧਾ ਬਿਨਸਿ
ਜਾਇ ਹਰਿ ਪਰਮ ਪਦੁ ਲਹੀਐ
॥ (੧੬੮)
ਸਤਿਗੁਰੁ, ਮਨੁੱਖ ਦੇ ਮਾਇਆ ਦੇ ਮੋਹ ਦੇ ਬੰਧਨ ਤੋੜ ਕੇ, ਉਸ ਨੂੰ ਅਕਾਲ
ਪੁਰਖੁ ਦਾ ਨਾਮੁ ਯਾਦ ਕਰਾਂਦਾ ਹੈ। ਜਿਸ ਮਨੁੱਖ ਉਤੇ ਗੁਰੂ ਮੇਹਰ ਕਰਦਾ ਹੈ, ਉਸ ਦੇ ਮਨ ਵਿੱਚ ਅਕਾਲ
ਪੁਰਖੁ ਦਾ ਧਿਆਨ ਰਹਿੰਦਾ ਹੈ। ਗੁਰੂ ਦੀ ਸਰਨ ਪਿਆਂ, ਮਨ ਦੇ ਸਾਰੇ ਕਲੇਸ਼ ਮਿਟ ਜਾਂਦੇ ਹਨ ਤੇ ਮਨੁੱਖ
ਸੁਖੀ ਜੀਵਨ ਬਤੀਤ ਕਰਦਾ ਹੈ। ਅਜੇਹੀ ਉੱਚੀ ਦਾਤਿ ਬਖ਼ਸ਼ਣ ਵਾਲੇ ਨੂੰ ਸਤਿਗੁਰੁ ਕਿਹਾ ਜਾਂਦਾ ਹੈ।
ਗਉੜੀ ਗੁਆਰੇਰੀ ਮਹਲਾ ੫॥
ਬੰਧਨ ਤੋੜਿ ਬੋਲਾਵੈ ਰਾਮੁ॥ ਮਨ ਮਹਿ
ਲਾਗੈ ਸਾਚੁ ਧਿਆਨੁ॥ ਮਿਟਹਿ ਕਲੇਸ ਸੁਖੀ ਹੋਇ ਰਹੀਐ॥ ਐਸਾ ਦਾਤਾ ਸਤਿਗੁਰੁ ਕਹੀਐ॥
(੧੮੩)
ਗੁਰੂ ਉਸ ਨੂੰ ਆਖਿਆ ਜਾਂਦਾ ਹੈ, ਜਿਹੜਾ ਅਕਾਲ ਪੁਰਖੁ ਨਾਲ ਡੂੰਘੀ ਸਾਂਝ
ਪਾਈ ਰੱਖਦਾ ਹੈ, ਅਜੇਹਾ ਗੁਰੂ ਜਗਤ ਨੂੰ ਅਕਾਲ ਪੁਰਖੁ ਦੀ ਸਿਫ਼ਤਿ-ਸਾਲਾਹ ਦਾ ਉਪਦੇਸ਼ ਸੁਣਾਂਦਾ ਹੈ।
ਬ੍ਰਹਮੁ ਬਿੰਦੇ ਸੋ ਸਤਿਗੁਰੁ ਕਹੀਐ ਹਰਿ ਹਰਿ ਕਥਾ ਸੁਣਾਵੈ
॥
(੧੨੬੪)
ਸਭਨਾਂ ਦੀ ਪਰਖ ਕਰਨ ਵਾਲਾ ਅਕਾਲ ਪੁਰਖੁ ਆਪ ਹੀ ਹੈ। ਖਰੇ ਬੰਦਿਆਂ ਦਾ ਜੀਵਨ
ਪ੍ਰਵਾਨ ਹੁੰਦਾ ਹੈ, ਤੇ ਖੋਟੇ ਬਾਹਰਲੇ ਪਾਸੇ ਸੁੱਟੇ ਜਾਂਦੇ ਹਨ, ਸੱਚੀ ਦਰਗਾਹ ਵਿੱਚ ਇਨ੍ਹਾਂ ਨੂੰ
ਧੱਕੇ ਮਿਲਦੇ ਹਨ। ਕੋਈ ਹੋਰ ਐਸਾ ਥਾਂ ਨਹੀਂ, ਜਿਥੇ ਇਹ ਸਹਾਇਤਾ ਲਈ ਫ਼ਰਿਆਦ ਕਰ ਸਕਣ, ਸਿਰਫ ਸਬਦ
ਗੁਰੂ ਰਾਹੀਂ ਹੀ ਇਹ ਖੋਟਿਆਂ ਤੋਂ ਖਰੇ ਬਣ ਸਕਦੇ ਹਨ।
ਸਤਿਗੁਰੁ ਖੋਟਿਅਹੁ ਖਰੇ ਕਰੇ ਸਬਦਿ ਸਵਾਰਣਹਾਰੁ
॥
(੧੪੩)
ਵਿਕਾਰ ਮਨੁੱਖ ਨੂੰ ਦੁਖਾਂ ਵੱਲ ਲੈ ਕੇ ਜਾਂਦੇ ਹਨ, ਧਨ ਅਤੇ ਰੂਪ ਮਨੁੱਖ
ਨੂੰ ਗੁਰੂ ਤੋਂ ਦੂਰ ਕਰਦੇ ਹਨ। ਜਿਸ ਤਰ੍ਹਾਂ ਮਾਂ ਬੱਚੇ ਨੂੰ ਅੱਗ ਅਤੇ ਸੱਪ ਦੋਹਾਂ ਤੋਂ ਬਚਾਉਦੀ
ਹੈ, ਇਸੇ ਤਰ੍ਹਾਂ ਗੁਰੂ, ਮਾਇਆ ਰੂਪੀ ਸੱਪ ਤੇ ਤ੍ਰਿਸ਼ਨਾਂ ਦੀ ਅੱਗ ਤੋਂ ਸੇਵਕ ਨੂੰ ਬਚਾਉਂਦਾ ਹੈ।
ਗੁਰਬਾਣੀ ਦੇ ਸਾਂਝੇ ਕੀਤੇ, ਇਹ ਸਬਦ ਸਪੱਸ਼ਟ ਕਰਦੇ ਹਨ, ਕਿ ਜੇ ਕੋਈ ਇਸ ਮਾਇਆ ਦੇ ਜੰਜਾਲ ਵਿਚੋਂ
ਬਾਹਰ ਕੱਢ ਸਕਦਾ ਹੈ, ਤਾਂ ਉਹ ਹੈ ਸਬਦ ਗੁਰੂ, ਜਿਸ ਦੇ ਨਾਲ ਆਪਣੀ ਸੁਰਤ ਜੋੜਨ ਨਾਲ ਮੁਕਤੀ ਪ੍ਰਾਪਤ
ਹੋ ਸਕਦੀ ਹੈ।
ਮਨੁੱਖਾ ਜੀਵਨ ਦਾ ਆਰੰਭ ਸਵਾਸਾਂ ਤੋ ਹੁੰਦਾਂ ਹੈ। ਜਿਸ ਤਰ੍ਹਾਂ ਹਵਾ
ਮਨੁੱਖਾ ਸਰੀਰ ਨੂੰ ਕਾਇਮ ਰੱਖਣ ਲਈ ਜਰੂਰੀ ਹੈ, ਉਸੇ ਤਰ੍ਹਾਂ ਮਨੁੱਖ ਨੂੰ ਆਤਮਿਕ ਤੌਰ ਤੇ ਜਿੰਦਾ
ਰਹਿਣ ਲਈ ਗੁਰਮਤਿ ਜਰੂਰੀ ਹੈ। ਇਸ ਲਈ ਇਹ ਮਨੁੱਖਾ ਜਨਮ ਸਤਿਗੁਰੁ ਦੀ ਸਿਖਿਆ ਲੈਣ ਦਾ ਸਮਾਂ ਹੈ। ਇਹ
ਸਬਦ ਹੀ ਗੁਰੂ ਹੈ, ਤੇ ਉਸ ਸਬਦ ਵਿੱਚ ਸੁਰਤ ਦਾ ਟਿਕਾਓ, ਗੁਰੂ ਦਾ ਸਿੱਖ ਹੈ। ਗੁਰਮਤਿ ਅਨੁਸਾਰ
ਸਰੀਰ ਨਾ ਤਾਂ ਗੁਰੂ ਹੋ ਸਕਦਾ ਹੈ ਤੇ ਨਾ ਹੀ ਚੇਲਾ ਹੋ ਸਕਦਾ ਹੈ।
ਪਵਨ ਅਰੰਭੁ ਸਤਿਗੁਰ ਮਤਿ ਵੇਲਾ॥ ਸਬਦੁ ਗੁਰੂ ਸੁਰਤਿ ਧੁਨਿ ਚੇਲਾ
॥
(੯੪੨-੯੪੩)
ਗੁਰੂ ਨਾਨਕ ਸਾਹਿਬ ਨੇ ਸਾਨੂੰ ਸਾਰਿਆਂ ਨੂੰ ਸਬਦ ਗੁਰੂ ਦੇ ਲੜ ਲਾਇਆ ਹੈ।
ਸਿੱਖ ਲਈ ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਬਾਣੀ ਹੀ ਗੁਰੂ ਹੈ ਤੇ ਉਸ ਵਿਚੋਂ ਮਨੁੱਖ ਜੀਵਨ ਦੇ
ਸਾਰੇ ਸੁਖ (ਅੰਮ੍ਰਿਤੁ) ਪ੍ਰਾਪਤ ਕਰ ਸਕਦਾ ਹੈ। ਗੁਰੂ ਬਾਣੀ ਉਚਾਰਦਾ ਹੈ, ਗੁਰੂ ਦਾ ਸੇਵਕ ਉਸ ਬਾਣੀ
ਉਤੇ ਸ਼ਰਧਾ ਧਾਰਦਾ ਹੈ। ਗੁਰਬਾਣੀ ਅਨੁਸਾਰ ਚਲਣ ਵਾਲੇ ਸੇਵਕ ਨੂੰ ਗੁਰੂ ਯਕੀਨੀ ਤੌਰ ਤੇ
ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦਿੰਦਾ ਹੈ।
ਨਟ ਮਹਲਾ ੪॥
ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ
ਬਾਣੀ ਅੰਮ੍ਰਿਤੁ ਸਾਰੇ॥ ਗੁਰੁ ਬਾਣੀ ਕਹੈ ਸੇਵਕੁ
ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ॥ ੫॥ (੯੮੨)
ਜਦੋਂ ਭਾਈ ਜੋਧ ਜੀ ਗੁਰਬਾਣੀ ਪੜ੍ਹ ਰਹੇ ਸਨ, ਤੇ ਭਾਈ ਲਹਿਣਾ ਜੀ, ਇਸ ਬਾਣੀ
ਨੂੰ ਸੁਣ ਰਹੇ ਸਨ, ਤਾਂ ਜੀਵਨ ਵਿੱਚ ਪਲਟਾ ਆ ਗਿਆ, ਫਿਰ ਸਭ ਤਰ੍ਹਾਂ ਦੇ ਕਰਮ ਕਾਂਡ ਛੱਡ ਕੇ ਸਦਾ
ਲਈ ਸਬਦ ਗੁਰੂ ਦੇ ਲੜ ਲਗ ਗਏ।
ਪਉੜੀ॥
ਜਿਤੁ ਸੇਵਿਐ ਸੁਖੁ ਪਾਈਐ ਸੋ ਸਾਹਿਬੁ ਸਦਾ ਸਮ੍ਹ੍ਹਾਲੀਐ॥ ਜਿਤੁ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ
ਕਿਉ ਘਾਲੀਐ॥ ਮੰਦਾ ਮੂਲਿ ਨ ਕੀਚਈ ਦੇ ਲੰਮੀ ਨਦਰਿ
ਨਿਹਾਲੀਐ॥ ਜਿਉ ਸਾਹਿਬ ਨਾਲਿ ਨ ਹਾਰੀਐ ਤੇਵੇਹਾ ਪਾਸਾ ਢਾਲੀਐ॥ ਕਿਛੁ ਲਾਹੇ ਉਪਰਿ ਘਾਲੀਐ॥ ੨੧॥
(੪੭੪)
ਸੱਚੀ ਬਾਣੀ ਨੂੰ ਜਦੋਂ ਬੀਬੀ ਅਮਰੋ ਜੀ ਪੜ੍ਹ ਰਹੇ ਸਨ, ਤੇ ਬਾਬਾ ਅਮਰ ਦਾਸ
ਜੀ ਸੁਣ ਰਹੇ ਸਨ। ਤਾਂ ਉਨ੍ਹਾਂ ਨੇ ਸਬਦ ਗੁਰੂ ਨੂੰ ਸਦਾ ਲਈ ਆਪਣਾ ਅਸਲੀ ਤੀਰਥ ਬਣਾ ਲਿਆ।
ਮਾਰੂ ਮਹਲਾ ੧ ਘਰੁ ੧॥
ਕਰਣੀ ਕਾਗਦੁ ਮਨੁ ਮਸਵਾਣੀ ਬੁਰਾ ਭਲਾ
ਦੁਇ ਲੇਖ ਪਏ॥ ਜਿਉ ਜਿਉ ਕਿਰਤੁ ਚਲਾਏ ਤਿਉ ਚਲੀਐ ਤਉ ਗੁਣ ਨਾਹੀ ਅੰਤੁ ਹਰੇ॥
੧॥ ਚਿਤ ਚੇਤਸਿ ਕੀ ਨਹੀ
ਬਾਵਰਿਆ॥ ਹਰਿ ਬਿਸਰਤ ਤੇਰੇ ਗੁਣ ਗਲਿਆ॥ ੧॥ ਰਹਾਉ॥
(੯੯੦)
ਜੀਵਨ ਵਿੱਚ ਸੁਖ ਪਾਉਣ ਲਈ ਗੁਰੂ ਦੇ ਦਰ ਤੇ ਆਉਣਾਂ ਹੀ ਪੈਂਦਾ ਹੈ। ਬਾਬਾ
ਅਮਰ ਦਾਸ ਜੀ ੨੦ ਸਾਲ ਗੰਗਾ ਦੀ ਯਾਤਰਾ ਕਰਦੇ ਰਹੇ। ੬੨ ਸਾਲ ਦੀ ਉਮਰ ਵਿੱਚ ਗੁਰੂ ਅੰਗਦ ਸਾਹਿਬ ਦੀ
ਸਰਨ ਵਿੱਚ ਆਏ ਤੇ ਇਸ ਵਡੇਰੀ ਉਮਰ ਵਿੱਚ ਗੁਰਬਾਣੀ ਰਾਹੀਂ ਅਕਾਲ ਪੁਰਖੁ ਦੀ ਉਸਤਤ ਵਿੱਚ ਜੁੜ ਗਏ ਤੇ
੭੩ ਸਾਲ ਦੀ ਉਮਰ ਵਿੱਚ ਗੁਰਗੱਦੀ ਪ੍ਰਾਪਤ ਕੀਤੀ। ਗੁਰਬਾਣੀ ਨਿਰੰਕਾਰ ਦਾ ਰੂਪ ਹੈ, ਜਿਸ ਦੁਆਰਾ
ਅਕਾਲ ਪੁਰਖੁ ਦੀ ਉਸਤਤ ਕਰਨ ਨਾਲ ਉਸ ਸੱਚੇ ਨੂੰ ਪਾਇਆ ਜਾ ਸਕਦਾ ਹੈ।
ਸਲੋਕੁ ਮਃ ੩॥
ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸੁ
ਜੇਵਡੁ ਅਵਰੁ ਨ ਕੋਇ॥ (੫੧੫, ੫੧੬)
ਗੁਰੂ ਰਾਮਦਾਸ ਜੀ ਨੂੰ ਬਚਪਨ ਵਿੱਚ ਮਾਤਾ ਛੱਡ ਗਈ, ਪਿਤਾ ਛੱਡ ਗਿਆ, ਇਕੱਲੇ
ਰਹਿ ਗਏ ਤੇ ਨਾਨੀ ਨੇ ਪਾਲਿਆ। ਗੁਰੂ ਅਮਰ ਦਾਸ ਜੀ ਦੀ ਸਰਨ ਵਿੱਚ ਆ ਗਏ। ਗੁਰੂ ਰਾਮਦਾਸ ਜੀ ਨੇ ਦੁਖ
ਅਤੇ ਭੁੱਖ ਦੋਵੇਂ ਸਹਿਣ ਕੀਤੇ। ਇਸੇ ਨਿਰੰਕਾਰ ਰੂਪ ਬਾਣੀ ਦੇ ਲੜ ਲਗ ਕੇ ਗੁਰੂ ਰਾਮਦਾਸ ਜੀ ਨੇ
ਆਪਣੇ ਜੀਵਨ ਦਾ ਓਟ ਆਸਰਾ ਲਭ ਲਿਆ।
ਜੋ ਹਮਰੀ ਬਿਧਿ ਹੋਤੀ ਮੇਰੇ ਸਤਿਗੁਰਾ ਸਾ ਬਿਧਿ ਤੁਮ ਹਰਿ ਜਾਣਹੁ ਆਪੇ॥
ਹਮ ਰੁਲਤੇ ਫਿਰਤੇ ਕੋਈ ਬਾਤ ਨ
ਪੂਛਤਾ ਗੁਰ ਸਤਿਗੁਰ ਸੰਗਿ ਕੀਰੇ ਹਮ ਥਾਪੇ॥ ਧੰਨੁ
ਧੰਨੁ ਗੁਰੂ ਨਾਨਕ ਜਨ ਕੇਰਾ ਜਿਤੁ ਮਿਲਿਐ ਚੂਕੇ ਸਭਿ ਸੋਗ ਸੰਤਾਪੇ॥ ੪॥ ੫॥ ੧੧॥ ੪੯॥ (੧੬੭)
ਬਿਧੀ ਚੰਦ ਭਾਈ ਅਦਲੀ ਕੋਲੋ ਗੁਰਬਾਣੀ ਸੁਣ ਕੇ ਇੱਕ ਚੋਰ ਤੋਂ ਸਾਧ ਬਣ ਗਿਆ।
ਬਿਧੀ ਚੰਦ ਚੋਰੀ ਕਰਕੇ ਭਾਈ ਅਦਲੀ ਦੇ ਘਰ ਲੁਕ ਗਿਆ, ਭਾਈ ਅਦਲੀ ਜੀ ਗੁਰਬਾਣੀ ਸਬਦ ਪੜ ਰਹੇ ਸੀ।
ਸੱਚੀ ਬਾਣੀ ਸੁਣ ਕੇ ਭਾਈ ਬਿਧੀ ਚੰਦ ਜੀਵਨ ਬਦਲ ਗਿਆ, ਤੇ ਇੱਕ ਚੋਰ ਤੋਂ “ਬਿਧੀ ਚੰਦ ਛੀਨਾ ਗੁਰੂ
ਕਾ ਸੀਨਾ” ਬਣ ਗਿਆ।
ਅਸੰਖ ਮੂਰਖ ਅੰਧ ਘੋਰ॥ ਅਸੰਖ ਚੋਰ ਹਰਾਮਖੋਰ॥ ਅਸੰਖ ਅਮਰ ਕਰਿ ਜਾਹਿ ਜੋਰ
॥
ਅਸੰਖ ਗਲਵਢ ਹਤਿਆ ਕਮਾਹਿ॥ ਅਸੰਖ ਪਾਪੀ ਪਾਪੁ ਕਰਿ ਜਾਹਿ॥ ਅਸੰਖ ਕੂੜਿਆਰ ਕੂੜੇ ਫਿਰਾਹਿ॥ ਅਸੰਖ
ਮਲੇਛ ਮਲੁ ਭਖਿ ਖਾਹਿ॥ ਅਸੰਖ ਨਿੰਦਕ ਸਿਰਿ ਕਰਹਿ ਭਾਰੁ॥ ਨਾਨਕੁ ਨੀਚੁ ਕਹੈ ਵਿਚਾਰੁ॥ ਵਾਰਿਆ ਨ
ਜਾਵਾ ਏਕ ਵਾਰ॥ ਜੋ ਤੁਧੁ ਭਾਵੈ ਸਾਈ ਭਲੀ ਕਾਰ॥ ਤੂ ਸਦਾ ਸਲਾਮਤਿ ਨਿਰੰਕਾਰ॥ ੧੮॥ (੪)
ਸਿੱਖ ਧਰਮ ਵਿੱਚ ਅਕਾਲ ਪੁਰਖੁ ਦੀ ਉਸਤਤ ਤੇ ਉਸ ਦੇ ਹੁਕਮੁ ਅਤੇ ਰਜ਼ਾ ਵਿੱਚ
ਚਲਣ ਦੀ ਪ੍ਰੇਰਨਾ ਦਿੱਤੀ ਗਈ ਹੈ। ਇਸ ਲਈ ਹਰੇਕ ਸਿੱਖ ਨੂੰ ਗੁਰਬਾਣੀ ਪੜ੍ਹਨ, ਸੁਣਨ ਅਤੇ ਉਸ ਤੇ
ਅਮਲ ਕਰਨ ਦੀ ਸਿਖਿਆ ਦਿੱਤੀ ਜਾਂਦੀ ਹੈ। ਗੁਰਬਾਣੀ ਦੀ ਮਹਾਨਤਾ ਨੂੰ ਵੇਖ ਕੇ ਪ੍ਰਿਥੀਚੰਦ ਵਰਗਿਆਂ
ਨੇ ਆਪਣੀਆਂ ਰਚਨਾਂਵਾਂ ਰਲਾ ਕੇ ਸਿੱਖਾਂ ਵਿੱਚ ਪ੍ਰਚੱਲਤ ਕਰਨੀ ਸ਼ੁਰੂ ਕਰ ਦਿਤੀਆਂ। ਇਸ ਨੂੰ ਰੋਕਣ
ਲਈ ਗੁਰੂ ਅਰਜਨ ਸਾਹਿਬ ਨੇ ਸੱਚੀ ਅਤੇ ਸੁਚੀ ਬਾਣੀ ਨੂੰ ਇਕੱਠਾ ਕਰਕੇ, ਤਰਤੀਬ ਨਾਲ ਆਦਿ ਬੀੜ ਦੀ
ਤਿਆਰੀ ਆਰੰਭ ਕਰ ਦਿਤੀ। ਗੁਰੂ ਸਾਹਿਬ ਨੇ ਊਚ-ਨੀਚ ਅਤੇ ਜਾਤ-ਪਾਤ ਤੋਂ ਉਪਰ ਉਠ ਕੇ ਭਗਤਾਂ ਅਤੇ
ਭੱਟਾਂ ਨੂੰ ਵੀ ਬਰਾਬਰ ਦਾ ਦਰਜਾ ਦਿਤਾ। ਇਹ ਕਾਰਜ ਸੰਮਤ ੧੬੬੦ ਵਿੱਚ ਆਰੰਭਿਆ ਗਿਆ ਅਤੇ ਸੰਮਤ ੧੬੬੧
ਨੂੰ ਸੰਪੂਰਨ ਕੀਤਾ ਗਿਆ। ਗੁਰੂ ਅਰਜਨ ਸਾਹਿਬ ਬਾਣੀ ਲਿਖਵਾ ਰਹੇ ਸਨ ਅਤੇ ਭਾਈ ਗੁਰਦਾਸ ਜੀ ਨੇ ਲਿਖਣ
ਦਾ ਕਾਰਜ ਕੀਤਾ। ਭਾਦੋ ਸੁਦੀ ੧ ਸੰਮਤ ੧੬੬੧ ਨੂੰ ਪੋਥੀ ਸਾਹਿਬ ਦਾ ਪਹਿਲਾ ਪ੍ਰਕਾਸ਼ ਹਰਿਮੰਦਰ ਸਾਹਿਬ
ਵਿੱਚ ਕੀਤਾ ਗਿਆ। ਬਾਬਾ ਬੁਢਾ ਜੀ ਨੂੰ ਪਹਿਲੇ ਗਰੰਥੀ ਥਾਪਿਆ ਗਿਆ। ਪਹਿਲਾ ਮੁਖਵਾਕ ਇਹ ਆਇਆ।
ਸੂਹੀ ਮਹਲਾ ੫
॥
ਸੰਤਾ ਕੇ ਕਾਰਜਿ ਆਪਿ ਖਲੋਇਆ ਹਰਿ
ਕੰਮੁ ਕਰਾਵਣਿ ਆਇਆ ਰਾਮ॥
ਧਰਤਿ ਸੁਹਾਵੀ ਤਾਲੁ ਸੁਹਾਵਾ ਵਿਚਿ ਅੰਮ੍ਰਿਤ ਜਲੁ ਛਾਇਆ ਰਾਮ॥ ਅੰਮ੍ਰਿਤ ਜਲੁ ਛਾਇਆ ਪੂਰਨ ਸਾਜੁ
ਕਰਾਇਆ ਸਗਲ ਮਨੋਰਥ ਪੂਰੇ॥ ਜੈ ਜੈ ਕਾਰੁ ਭਇਆ ਜਗ ਅੰਤਰਿ ਲਾਥੇ ਸਗਲ ਵਿਸੂਰੇ॥ ਪੂਰਨ ਪੁਰਖ ਅਚੁਤ
ਅਬਿਨਾਸੀ ਜਸੁ ਵੇਦ ਪੁਰਾਣੀ ਗਾਇਆ॥ ਅਪਨਾ ਬਿਰਦੁ ਰਖਿਆ ਪਰਮੇਸਰਿ ਨਾਨਕ ਨਾਮੁ ਧਿਆਇਆ॥ ੧॥
(੭੮੩)
ਕੁਦਰਤੀ ਤੌਰ ਤੇ ਪੋਥੀ ਸਾਹਿਬ ਦਾ ਪਹਿਲਾ ਪ੍ਰਕਾਸ਼ ਜਦੋਂ ਹਰਿਮੰਦਰ ਸਾਹਿਬ
ਵਿੱਚ ਕੀਤਾ ਗਿਆ ਤਾਂ ਭਾਦੋ ਸੁਦੀ ੧ ਸੰਮਤ ੧੬੬੧ ਸੀ, ਭਾਦਰੋਂ ਦੀ ਮੱਸਿਆ ਤੋ ਬਾਅਦ ਏਕਮ ਦੀ ਤਾਰੀਖ
ਸੀ। ਹੁਣ ਅੰਧੇਰਾ (ਮੱਸਿਆ) ਖਤਮ ਹੋ ਜਾਵੇਗਾ ਤੇ ਗੁਰਬਾਣੀ ਦੁਆਰਾ ਹਿਰਦੇ ਵਿੱਚ ਚਾਨਣ ਵਸ ਜਾਵੇਗਾ।
ਸੇ ਭਾਦੁਇ ਨਰਕਿ ਨ ਪਾਈਅਹਿ ਗੁਰੁ ਰਖਣ ਵਾਲਾ ਹੇਤੁ
॥
੭॥ (੧੩੪)
ਗੁਰੂ ਅਮਰ ਦਾਸ ਸਾਹਿਬ ਨੇ
ਗੁਰੂ ਅਰਜਨ ਸਾਹਿਬ ਨੂੰ
“ਬਾਣੀ ਦਾ ਬੋਹਿਥਾ” ਹੋਣ ਦਾ ਵਰ ਦਿੱਤਾ ਸੀ।
ਉਨ੍ਹਾਂ ਨੇ ਗੁਰੂ ਗਰੰਥ ਸਾਹਿਬ ਦੀ ਇਹ ਪਹਿਲੀ ਬੀੜ ਜਿਸ ਨੂੰ ਪੋਥੀ ਸਾਹਿਬ ਕਿਹਾ ਜਾਂਦਾ ਸੀ, ਤਿਆਰ
ਕਰਕੇ ਇਸ ਨੂੰ ਸੱਚ ਸਾਬਤ ਕਰ ਦਿੱਤਾ।
ਸਾਰਗ ਮਹਲਾ ੫॥
ਪੋਥੀ ਪਰਮੇਸਰ ਕਾ ਥਾਨੁ॥ ਸਾਧਸੰਗਿ
ਗਾਵਹਿ ਗੁਣ ਗੋਬਿੰਦ ਪੂਰਨ ਬ੍ਰਹਮ ਗਿਆਨੁ॥ ੧॥ ਰਹਾਉ॥
(੧੨੨੬)
ਹਰਿਮੰਦਰ ਸਾਹਿਬ ਵਿੱਚ ਪਹਿਲਾ ਪ੍ਰਕਾਸ਼ ਕਰਨ ਤੋਂ ਪਹਿਲਾਂ ਗੁਰੂ ਅਰਜਨ
ਸਾਹਿਬ ਨੇ ਪੋਥੀ ਸਾਹਿਬ ਬਾਬਾ ਬੁਢਾ ਜੀ ਦੇ ਸੀਸ ਤੇ ਰੱਖਿਆ ਤੇ ਆਪ ਨਾਲ ਚੌਰ ਕਰਦੇ ਹੋਏ ਲੈ ਕੇ
ਆਏ। ਜਿਸ ਦੇ ਸੀਸ ਤੇ ਸਬਦ ਗੁਰੂ ਸਾਹਿਬ ਹੋਣ ਉਸ ਦਾ ਗੁਰੂ ਵੀ ਸਤਿਕਾਰ ਕਰਦਾ ਹੈ। ਪੋਥੀ ਸਾਹਿਬ
ਪਲੰਗ ਤੇ ਹੋਇਆ ਕਰਦੇ ਅਤੇ ਗੁਰੂ ਅਰਜਨ ਸਾਹਿਬ ਆਪ ਥੱਲੇ ਸੌਂਇਆਂ ਕਰਦੇ ਸਨ।
ਗੁਰੂ ਹਰਿਗੋਬਿੰਦ ਸਾਹਿਬ ਨੇ ਸੁਧ ਗੁਰਬਾਣੀ ਪੜ੍ਹਨ ਤੇ ਉਸ ਨਾਲ ਪ੍ਰੇਮ
ਕਰਨਾ ਸਿਖਾਇਆ। ਜਦੋਂ ਭਾਈ ਗੋਪਾਲਾ ਬੜੇ ਪ੍ਰੇਮ ਨਾਲ ਬਾਣੀ ਪੜ੍ਹ ਕੇ ਸੁਣਾ ਰਹੇ ਸੀ, ਤਾਂ ਗੁਰੂ
ਸਾਹਿਬ ਉਸ ਨੂੰ ਜੋ ਮੰਗੇਗਾ, ਉਹ ਦੇਣ ਲਈ ਤਿਆਰ ਹੋ ਗਏ ਸਨ।
ਜਦੋਂ ਸੰਗਤਾਂ ਗੁਰਬਾਣੀ ਪੜ੍ਹਦੀਆਂ ਲੰਘ ਰਹੀਆਂ ਸਨ ਤਾਂ ਗੁਰੂ ਹਰਿਰਾਏ
ਸਾਹਿਬ ਬਾਣੀ ਦੇ ਸਤਿਕਾਰ ਲਈ ਉਠ ਪਏ ਤੇ ਜਲਦੀ ਵਿੱਚ ਆਪਣੇ ਗੋਡੇ ਤੇ ਸੱਟ ਲਗਵਾ ਲਈ। ਜੇ ਕਰ ਸਾਰੇ
ਗੁਰੂ ਸਾਹਿਬਾਂ ਨੇ ਗੁਰਬਾਣੀ ਦਾ ਇਤਨਾਂ ਸਤਿਕਾਰ ਕੀਤਾ ਸੀ ਤਾਂ ਹਰੇਕ ਸਿੱਖ ਲਈ ਵੀ ਜਰੂਰੀ ਹੋ
ਜਾਂਦਾ ਹੈ ਕਿ ਉਹ ਗੁਰਬਾਣੀ ਅਨੁਸਾਰ ਚਲ ਕੇ ਸੱਚੀ ਤੇ ਸੁਚੀ ਬਾਣੀ ਦਾ ਸਤਿਕਾਰ ਕਰਨਾ ਸਿੱਖੇ।
ਸਰੀਰ ਖਤਮ ਹੋ ਸਕਦਾ ਹੈ ਪਰ ਵਿਚਾਰ ਨਹੀਂ, ਕਾਗਜ ਸਾੜਿਆ ਸਕਦਾ ਹੈ ਪਰ ਸਬਦ
ਨਹੀਂ। ਗੁਰੂ ਨਾਨਕ ਸਾਹਿਬ ਤੋਂ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਜੋਤਿ ਤੇ ਜੁਗਤਿ ਉਹੀ ਰਹੀ, ਸਿਰਫ
ਸਰੀਰ ਬਦਲੇ ਸਨ।
ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ
॥
(੯੬੬-੯੬੭)
ਪੂਰੇ ਗੁਰੂ ਗਰੰਥ ਸਾਹਿਬ ਵਿਚ,
“ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ
ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ”
ਤੋਂ ਲੈ ਕੇ “ਮੁੰਦਾਵਣੀ ਮਹਲਾ
੫” ਤੱਕ ਵਿਚਾਰ ਧਾਰਾ ਇੱਕ ਹੀ ਹੈ।
ਮਃ ੩॥
ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ॥ (੬੪੬)
ਹਰੇਕ ਮਜ਼ਬ ਨੇ ਦੂਸਰੇ ਦੀ ਕੁੱਝ ਨਾ ਕੁੱਝ ਆਲੋਚਨਾਂ ਕੀਤੀ ਹੈ। ਪਰ ਗੁਰੂ
ਗਰੰਥ ਸਾਹਿਬ ਨੇ ਕਿਸੇ ਦੀ ਆਲੋਚਨਾਂ ਨਹੀਂ ਕੀਤੀ ਹੈ। ਸਾਰਿਆਂ ਨੂੰ ਇਕੋ ਉਪਦੇਸ ਦਿਤਾ ਗਿਆ ਹੈ।
ਪ੍ਰੇਮ ਦੀ ਬਰਕਤ ਨਾਲ ਗੁਰੂ ਆਪਣੇ ਸਿੱਖ ਨਾਲ ਇਕ-ਰੂਪ ਹੋ ਜਾਂਦਾ ਹੈ ਅਤੇ ਸਿੱਖ ਗੁਰੂ ਵਿੱਚ ਲੀਨ
ਹੋ ਜਾਂਦਾ ਹੈ, ਸਿੱਖ ਵੀ ਗੁਰੂ ਵਾਲੇ ਉਪਦੇਸ਼ ਦੀ ਲੜੀ ਨੂੰ ਅਗਾਂਹ ਤੋਰਦਾ ਰਹਿੰਦਾ ਹੈ। ਜਿਸ ਮਨੁੱਖ
ਨੂੰ ਗੁਰੂ, ਅਕਾਲ ਪੁਰਖੁ ਦੀ ਸਿਫਤ ਸਾਲਾਹ ਦਾ ਮੰਤਰ ਹਿਰਦੇ ਵਿੱਚ ਵਸਾਣ ਲਈ ਦਿੰਦਾ ਹੈ, ਪ੍ਰੇਮ
ਸਦਕਾ ਉਸ ਦਾ ਮਿਲਾਪ ਅਕਾਲ ਪੁਰਖੁ ਨਾਲ ਹੋ ਜਾਂਦਾ ਹੈ।
ਗੁਰੂ ਸਿਖੁ ਸਿਖੁ ਗੁਰੂ ਹੈ ਏਕੋ ਗੁਰ ਉਪਦੇਸੁ ਚਲਾਏ॥ ਰਾਮ ਨਾਮ ਮੰਤੁ ਹਿਰਦੈ
ਦੇਵੈ ਨਾਨਕ ਮਿਲਣੁ ਸੁਭਾਏ
॥ ੮॥ ੨॥ ੯॥ (੪੪੪)
ਗੁਰੂ ਗੋਬਿੰਦ ਸਿੰਘ ਜੀ ਨੇ ਆਦਿ ਬੀੜ (ਪੋਥੀ ਸਾਹਿਬ) ਵਿੱਚ ਗੁਰੂ ਤੇਗ
ਬਹਾਦਰ ਸਾਹਿਬ ਦੀ ਬਾਣੀ ਅੰਕਿਤ ਕਰਕੇ ਹੁਣ ਦੀ ਪ੍ਰਮਾਣਿਤ ਬੀੜ ਸੰਪੂਰਣ ਕੀਤੀ।
ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖੀ ਵਿੱਚ ਦਾਖਲਾ ਦੇਣ ਲਈ, ਗੁਰੂ ਸਾਹਿਬ ਦੀ
ਜੁਮੇਵਾਰੀ (ਖੰਡੇ ਦੀ ਪਾਹੁਲ) ੧੬੯੯ ਨੂੰ ਵਿਸਾਖੀ ਵਾਲੇ ਦਿਨ ਖਾਲਸਾ ਪੰਥ ਨੂੰ ਦੇ ਦਿੱਤੀ। ਗੁਰੂ
ਸਾਹਿਬ ਨੇ ਨੰਦੇੜ ਵਿੱਚ ਸੱਚ-ਖੰਡ ਦੀ ਵਾਪਸੀ ਤੋਂ ਪਹਿਲਾਂ ਪੂਰਣ ਤੌਰ ਤੇ ਗੁਰਤਾ ਗੁਰੂ ਗਰੰਥ
ਸਾਹਿਬ ਨੂੰ ਦੇ ਦਿਤੀ ਤੇ ਐਲਾਨ ਕਰ ਦਿਤਾ ਕਿ ਅੱਗੇ ਤੋਂ ਹੋਰ ਕੋਈ ਦੇਹਧਾਰੀ ਗੁਰੂ ਨਹੀਂ ਹੋਵੇਗਾ।
“ਸਰੀਰ ਪੰਥ ਵਿੱਚ ਅਤੇ ਆਤਮਾਂ
ਗ੍ਰੰਥ ਵਿਚ”। ਗੁਰੂ ਸਾਹਿਬ ਨੇ ਹੁਕਮਨਾਮਾਂ ਜਾਰੀ
ਕੀਤਾ।
ਦੋਹਰਾ:
ਆਗਿਆ ਭਈ ਅਕਾਲ ਕੀ ਤਬੈ ਚਲਾਯੋ ਪੰਥ।
ਸਬ ਸਿਖਨ ਕੋ ਹੁਕਮ ਹੈ ਗੁਰੂ ਮਾਨੀਓ ਗ੍ਰੰਥ।
ਗੁਰੂ ਗ੍ਰੰਥ ਕੋ ਮਾਨੀਓ ਪ੍ਰਗਟ ਗੁਰਾ ਕੀ ਦੇਹ।
ਜੋ ਪ੍ਰਭ ਕੋ ਮਿਲਬੋ ਚਹੇ ਖੋਜ ਸਬਦ ਮੈ
ਲੇਹ।
ਦੁਨੀਆਂ ਅੰਧੇਰੇ ਵਿੱਚ ਹੈ, ਇਸ ਲਈ ਚਾਨਣ ਦੇਣ ਲਈ ਗੁਰ ਗਰੰਥ ਸਾਹਿਬ ਵਿੱਚ
ਪਹਿਲਾ ਰਾਗ ਸਿਰੀਰਾਗੁ ਹੈ। ਆਖਰੀ ਰਾਗੁ ਪਰਭਾਤੀ ਹੈ ਅਤੇ ਫਿਰ ਰਾਗੁ ਜੈਜਾਵੰਤੀ ਅੰਤ ਵਿੱਚ ਹੈ।
ਦੁਨੀਆਂ ਵਿੱਚ ਪਰਭਾਤੀ ਰਾਗੁ, ਸ਼ਾਮ ਦਾ ਰਾਗ ਹੈ। ਕਿਉਕਿ ਸਿੱਖ ਕਿਰਤੀ ਹੈ ਇਸ ਲਈ ਦੁਪਹਿਰ ਦੇ ਰਾਗ
ਦੇ ਸਬਦ ਬਹੁਤ ਘਟ ਹਨ।
ਗੁਰੂ ਗਰੰਥ ਸਾਹਿਬ ਦਾ ਪ੍ਰਕਾਸ਼ ਦਿਵਸ ਮਨਾਇਆ ਜਾਂਦਾ ਹੈ, ਜੋਤੀ ਜੋਤਿ ਦਿਵਸ ਨਹੀਂ। ਇਸੇ ਲਈ
ਜੁਗੋ ਜੁਗ ਅਟੱਲ ਕਿਹਾ ਜਾਂਦਾ ਹੈ।
ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਬਾਣੀ ਇੱਕ ਅਜੇਹਾ ਅੰਮ੍ਰਿਤ ਹੈ, ਜਿਸ ਨਾਲ
ਉਸ ਅਕਾਲ ਪੁਰਖੁ ਦਾ ਹੁਕਮੁ ਸਮਝ ਕੇ ਸਭ ਕੁੱਝ ਪਾਇਆ ਜਾ ਸਕਦਾ ਹੈ।
ਸਚੁ ਮੰਤ੍ਰ
ü
ਤੁਮਾਰਾ ਅੰਮ੍ਰਿਤ ਬਾਣੀ॥ ਸੀਤਲ ਪੁਰਖ ਦ੍ਰਿਸਟਿ ਸੁਜਾਣੀ॥
(੫੬੨)
ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਬਾਣੀ ਵਿਚ, ਅਕਾਲ ਪੁਰਖੁ ਆਪ ਵਸਦਾ ਹੈ,
ਇਸ ਲਈ ਜਿਸ ਨੇ ਗੁਰਬਾਣੀ ਨੂੰ ਆਪਣੇ ਹਿਰਦੇ ਵਿੱਚ ਵਸਾ ਲਿਆ ਤੇ ਅਕਾਲ ਪੁਰਖੁ ਦਾ ਓਟ ਆਸਰਾ ਲਿਆ,
ਤਾਂ ਉਸ ਦਾ ਕਦੇ ਵਾਲ ਵੀ ਵਿੰਗਾ ਨਹੀਂ ਹੁੰਦਾ ਹੈ।
ਸੋਰਠਿ ਮਹਲਾ ੫॥
ਵਿਚਿ ਕਰਤਾ ਪੁਰਖੁ ਖਲੋਆ॥ ਵਾਲੁ ਨ
ਵਿੰਗਾ ਹੋਆ॥ (੬੨੩)
ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਬਾਣੀ ਗਿਆਨ ਦਾ ਖਜਾਨਾ ਹੈ, ਜਿਸ ਨਾਲ ਮਨ,
ਵਸ ਵਿੱਚ ਆ ਜਾਂਦਾ ਹੈ ਤੇ ਅੰਦਰਲੇ ਸਾਰੇ ਵਿਕਾਰ ਦੂਰ ਹੋ ਜਾਂਦੇ ਹਨ। ਇਸ ਲਈ ਹਰੇਕ ਸਿੱਖ ਲਈ
ਜਰੂਰੀ ਹੈ ਕਿ ਆਪਣੇ ਅੰਦਰ, ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਬਾਣੀ ਦਾ ਪ੍ਰਕਾਸ਼ ਕਰੇ, ਤਾਂ ਜੋ
ਅਕਾਲ ਪੁਰਖੁ ਦੀ ਮੇਹਰ ਸਦਕਾ ਮਨ ਵਸ ਵਿੱਚ ਆ ਸਕੇ।
ਗੁਰਬਾਣੀ ਇਸੁ ਜਗ ਮਹਿ ਚਾਨਣੁ ਕਰਮਿ ਵਸੈ ਮਨਿ ਆਏ
॥
੧॥ (੬੭)
ਗੁਰਬਾਣੀ ਵਿੱਚ ਬੇਅੰਤ ਗਿਆਨ ਦਾ ਖਜ਼ਾਨਾ ਹੈ, ਪਰ ਇਹ ਖਜ਼ਾਨਾ ਖੋਜ ਕਰਨ ਨਾਲ ਹੀ ਪ੍ਰਾਪਤ ਹੋ
ਸਕਦਾ ਹੈ।
ਤੈਸੇ ਗੁਰਬਾਨੀ ਬਿਖੈ ਸਕਲ ਪਦਾਰਥ ਹੈ। ਜੋਈ ਜੋਈ ਖੋਜੈ ਸੋਈ ਸੋਈ ਨਿਪਜਾਵਹੀ
॥
੫੪੬॥
ਇਸ ਲਈ ਆਪਣੀਆਂ ਮਨੋਕਾਮਨਾਂ ਪੂਰੀਆਂ ਕਰਨ ਲਈ ਕਿਸੇ ਹੋਰ ਦਾ ਓਟ ਆਸਰਾ ਨਹੀਂ
ਲੈਣਾ ਹੈ, ਸਿਰਫ ਗੁਰਬਾਣੀ ਦਾ ਹੀ ਆਸਰਾ ਲੈਣਾ ਹੈ। ਗੁਰਬਾਣੀ ਸਦਕਾ ਸਾਡੇ ਹਿਰਦੇ ਅੰਦਰ ਚਾਨਣ ਪੈਦਾ
ਹੋ ਸਕਦਾ ਹੈ ਤੇ ਅਸੀਂ ਸਦੀਵੀ ਕਾਲ ਲਈ ਆਤਮਿਕ ਸੁਖ ਮਾਣ ਸਕਦੇ ਹਾਂ।
ਜੇ ਕਰ ਉਪਰ ਲਿਖੀਆਂ, ਗੁਰਬਾਣੀ ਦੀਆਂ ਸਿਖਿਆਵਾਂ, ਨੂੰ ਇਕੱਠਾ ਕਰੀਏ ਤਾਂ
ਅਸੀਂ ਸੰਖੇਪ ਵਿੱਚ ਕਹਿ ਸਕਦੇ ਹਾਂ ਕਿ
·
ਮਨੁੱਖ ਆਪਣੀਆਂ
ਸਾਰੀਆਂ ਇਛਾਵਾਂ ਪੂਰੀਆਂ ਕਰਨ ਲਈ ਸਾਰੀ ਉਮਰ ਜੀਵਨ ਵਿੱਚ ਭਟਕਦਾ ਰਹਿੰਦਾ ਹੈ। ਪਰ ਪੂਰਤੀ
ਨਹੀਂ ਹੁੰਦੀ ਹੈ। ਹਾਂ ਜੇ ਕਰ ਸਤਿਗੁਰ ਦੀ ਸਰਨ ਵਿੱਚ ਆ ਜਾਈਏ ਤੇ ਸਤਿਗੁਰ ਦੀ ਮੇਹਰ ਹੋ ਜਾਏ
ਤਾਂ ਇਸ ਮਾਇਆ ਦੇ ਜੰਜਾਲ ਤੇ ਦਵੈਤ ਭਾਵ ਵਿਚੋਂ ਬਾਹਰ ਨਿਕਲਿਆ ਜਾ ਸਕਦਾ ਹੈ।
·
ਦੇਹਧਾਰੀ ਮਨੁੱਖ
ਦੇ ਆਪਣੇ ਸਰੀਰ ਦਾ ਕੋਈ ਭਰੋਸਾ ਨਹੀਂ, ਜਿਹੜਾ ਆਪ ਪਦਾਰਥਾਂ ਲਈ ਭਟਕਦਾ ਹੈ, ਉਹ ਦੂਸਰਿਆਂ ਨੂੰ
ਇਸ ਮਾਇਆ ਦੇ ਜੰਜਾਲ ਤੇ ਦਵੈਤ ਭਾਵ ਵਿਚੋਂ ਕਿਸ ਤਰ੍ਹਾਂ ਬਾਹਰ ਕੱਢ ਸਕੇਗਾ।
·
ਪੂਰੀ ਦੁਨੀਆਂ ਦੇ
ਇਤਿਹਾਸ ਵਿੱਚ ਸਿਰਫ ਦਸ ਗੁਰੂ ਸਾਹਿਬ ਹੀ ਹੋਏ ਹਨ, ਜਿਨ੍ਹਾਂ ਨੇ ਦੀਪਕ ਦੀ ਤਰ੍ਹਾਂ ਇੱਕ ਜੋਤਿ
ਦੂਸਰੇ ਤਕ ਪਹੁੰਚਾਈ, ਫਿਰ ਸਦੀਵੀ ਕਾਲ ਲਈ ਪੂਰੀ ਮਨੁੱਖਤਾ ਨੂੰ ਗਿਆਨ ਦੀ ਰੌਸ਼ਨੀ ਦੇਣ ਲਈ,
ਗੁਰੂ ਗਰੰਥ ਸਾਹਿਬ ਦੇ ਰੂਪ ਵਿੱਚ ਸਾਨੂੰ ਦੇ ਦਿੱਤੀ।
·
ਗੁਰੂ ਗਰੰਥ ਸਾਹਿਬ
ਦੀ ਸੰਗਤਿ ਵਿੱਚ ਰਹਿ ਕੇ ਸਿੱਖ ਅਕਾਲ ਪੁਰਖ ਦੇ ਗੁਣ ਗਾਇਨ ਕਰਨ ਨਾਲ ਵਿਕਾਰਾਂ ਤੋਂ ਬਚ ਜਾਂਦਾ
ਹੈ। ਇਸ ਦੇ ਉਲਟ ਦੇਹਧਾਰੀ ਗੁਰੂ ਆਪਣੇ ਨਾਲ ਜੋੜਨ ਦਾ ਲਾਲਚ ਦਿੰਦਾਂ ਹੈ, ਸਰਬ ਵਿਆਪਕ ਅਕਾਲ
ਪੁਰਖ ਨਾਲ ਨਹੀਂ।
·
ਸਤਿਗੁਰੁ ਦੇ ਮਿਲਣ
ਨਾਲ ਮਨ ਵਿੱਚ ਆਨੰਦ ਪੈਦਾ ਹੋ ਜਾਂਦਾ ਹੈ, ਮਨ ਦੀ ਦਵੈਤ ਭਾਵਨਾਂ ਤੇ ਡਾਵਾਂ ਡੋਲ ਹਾਲਤ ਮੁੱਕ
ਜਾਂਦੀ ਹੈ, ਸਭ ਤੋਂ ਉੱਚੀ ਆਤਮਕ ਅਵਸਥਾ ਪੈਦਾ ਹੋ ਜਾਂਦੀ ਹੈ।
·
ਸਬਦ ਗੁਰੂ ਨਾਲ
ਆਪਣੀ ਸੁਰਤ ਜੋੜਨ ਨਾਲ ਮੁਕਤੀ ਪ੍ਰਾਪਤ ਹੋ ਸਕਦੀ ਹੈ, ਖੋਟਿਆਂ ਤੋਂ ਖਰੇ ਬਣ ਸਕਦੇ ਹਾਂ।
·
ਸਿੱਖ ਲਈ ਗੁਰੂ
ਗਰੰਥ ਸਾਹਿਬ ਵਿੱਚ ਅੰਕਿਤ ਬਾਣੀ ਹੀ ਗੁਰੂ ਹੈ ਤੇ ਉਸ ਵਿਚੋਂ ਉਹ ਜੀਵਨ ਦੇ ਸਾਰੇ ਅੰਮ੍ਰਿਤੁ
ਪ੍ਰਾਪਤ ਕਰਦਾ ਹੈ।
·
ਸੱਚੀ ਬਾਣੀ ਸੁਣ
ਕੇ, ਭਾਈ ਲਹਿਣਾ ਜੀ, ਬਾਬਾ ਅਮਰ ਦਾਸ ਜੀ, ਗੁਰੂ ਰਾਮਦਾਸ ਜੀ, ਭਾਈ ਬਿਧੀ ਚੰਦ ਜੀ, ਆਦਿ ਕਈਆਂ
ਦੇ ਜੀਵਨ ਵਿੱਚ ਪਲਟਾ ਆ ਗਿਆ, ਤੇ ਸਦਾ ਲਈ ਸਬਦ ਗੁਰੂ ਦੇ ਲੜ ਲਗ ਗਏ।
·
ਗੁਰਬਾਣੀ ਵਿੱਚ
ਮਿਲਾਵਟ ਰੋਕਣ ਲਈ ਗੁਰੂ ਅਰਜਨ ਸਾਹਿਬ ਨੇ ਗੁਰੂ ਗਰੰਥ ਸਾਹਿਬ ਦੀ ਆਦਿ ਬੀੜ (ਪੋਥੀ ਸਾਹਿਬ)
ਤਿਆਰ ਕੀਤੀ।
·
ਗੁਰੂ ਹਰਿਗੋਬਿੰਦ
ਸਾਹਿਬ ਨੇ ਸ਼ੁਧ ਗੁਰਬਾਣੀ ਪੜ੍ਹਨ ਤੇ ਉਸ ਨਾਲ ਪ੍ਰੇਮ ਕਰਨਾ ਸਿਖਾਇਆ, ਗੁਰੂ ਹਰਿਰਾਏ ਸਾਹਿਬ ਨੇ
ਬਾਣੀ ਦਾ ਸਤਿਕਾਰ ਕਰਨਾ ਸਿਖਾਇਆ।
·
ਗੁਰੂ ਨਾਨਕ ਸਾਹਿਬ
ਤੋਂ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਜੋਤਿ ਤੇ ਜੁਗਤਿ ਉਹੀ ਰਹੀ, ਸਿਰਫ ਸਰੀਰ ਬਦਲੇ ਸਨ।
ਪੂਰੇ ਗੁਰੂ ਗਰੰਥ ਸਾਹਿਬ ਵਿੱਚ ਵਿਚਾਰ ਧਾਰਾ ਇੱਕ ਹੀ ਹੈ।
·
ਗੁਰੂ ਗੋਬਿੰਦ
ਸਿੰਘ ਜੀ ਨੇ ਪੋਥੀ ਸਾਹਿਬ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਅੰਕਿਤ ਕਰਕੇ ਹੁਣ ਦੀ
ਪ੍ਰਮਾਣਿਤ ਬੀੜ ਸੰਪੂਰਣ ਕੀਤੀ ਤੇ ਪੂਰਣ ਤੌਰ ਤੇ ਗੁਰਤਾਂ ਗੁਰੂ ਗਰੰਥ ਸਾਹਿਬ ਨੂੰ ਦੇ ਦਿਤੀ।
·
ਗੁਰੂ ਗਰੰਥ ਸਾਹਿਬ
ਵਿੱਚ ਅੰਕਿਤ ਬਾਣੀ ਇੱਕ ਅਜੇਹਾ ਅੰਮ੍ਰਿਤ ਹੈ, ਜਿਸ ਨਾਲ ਅਕਾਲ ਪੁਰਖੁ ਦਾ ਹੁਕਮੁ ਸਮਝ ਕੇ ਸਭ
ਕੁੱਝ ਪਾਇਆ ਜਾ ਸਕਦਾ ਹੈ।
·
ਗੁਰਬਾਣੀ ਗਿਆਨ ਦਾ
ਖ਼ਜਾਨਾ ਹੈ, ਜਿਸ ਨਾਲ ਮਨ ਵਸ ਵਿੱਚ ਆ ਜਾਂਦਾ ਹੈ ਤੇ ਅੰਦਰਲੇ ਸਾਰੇ ਵਿਕਾਰ ਦੂਰ ਹੋ ਜਾਂਦੇ
ਹਨ।
·
ਗੁਰਬਾਣੀ ਸਦਕਾ
ਸਾਡੇ ਹਿਰਦੇ ਅੰਦਰ ਚਾਨਣ ਪੈਦਾ ਹੋ ਸਕਦਾ ਹੈ ਤੇ ਅਸੀਂ ਸਦੀਵੀ ਕਾਲ ਲਈ ਆਤਮਿਕ ਸੁਖ ਮਾਣ ਸਕਦੇ
ਹਾਂ।
“ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ”
|
(ਡਾ: ਸਰਬਜੀਤ ਸਿੰਘ) |
(Dr. Sarbjit Singh) |
|
|
ਆਰ
ਐਚ
੧
/ ਈ
- ੮,
ਸੈਕਟਰ
- ੮,
|
RH1 / E-8, Sector-8, |
|
|
ਵਾਸ਼ੀ, ਨਵੀਂ ਮੁੰਬਈ - ੪੦੦੭੦੩. |
Vashi, Navi Mumbai - 400703. |
|
|
|
Web = http://www.geocities.com/sarbjitsingh/ |
|
|
|
Web = http://www.gurbani.us |
|