ਜਦ ਸੰਸਾਰ ਵਿੱਚ ਕਿਤੇ ਵੀ ਗੁਰਦੁਆਰਾ ਸਾਹਿਬ ਬਣਾਉਣ ਲਈ ਸਕੀਮ ਬਣਦੀ ਹੈ
ਤਾਂ ਉਸ ਵੇਲੇ ਜਿਹੜੇ ਸਿੱਖ ਉਸ ਕਾਰਜ ਦੇ ਆਗੂ ਹੁੰਦੇ ਹਨ, ਉਹ ਇਹ ਗੱਲ ਵਾਰ-ਵਾਰ ਕਹਿੰਦੇ ਨਹੀਂ
ਥੱਕਦੇ, “ਸਾਧ ਸੰਗਤ ਜੀ, ਇਹ ਗੁਰਦੁਆਰਾ ਸਾਹਿਬ ਸਾਰੀ ਸਿੱਖ ਕੌਮ ਦਾ ਸਾਂਝਾ ਬਣਨਾ ਹੈ”। ਇਸ ਤੋਂ
ਵੀ ਅੱਗੇ ਜਾਕੇ ਆਖਣਗੇ, “ਅਸਲ ਵਿੱਚ ਤਾਂ ਇਹ ਗੁਰੂ ਨਾਨਕ ਜੀ ਦੀ ਵਿਚਾਰਧਾਰਾ ਨੂੰ ਪ੍ਰਚਾਰਨ ਲਈ
ਹੈ, ਅਸੀਂ ਤਾਂ ਸਿਰਫ ਨਿਮਾਣੇ ਪੰਥ ਦੇ ਦਾਸ ਹਾਂ” ਅਜਿਹਾ ਬਹੁਤ ਕੁੱਝ ਨਿਮਰਤਾ ਸਹਿਤ ਕਿਹਾ ਜਾਂਦਾ
ਹੈ। ਪਰ ਹੁੰਦਾ ਕੀ ਹੈ? ਜਦੋਂ ਗੁਰਦੁਆਰਾ ਸਾਹਿਬ ਬਣ ਜਾਂਦਾ ਹੈ ਤੇ ਉਸਦੇ ਮਾਲਕ ਪ੍ਰਧਾਨ ਅਤੇ
ਕਮੇਟੀ ਬਣ ਜਾਂਦੀ ਹੈ ਤਾਂ ਫਿਰ ਉਹੀ ਗੁਰੂ ਨਾਨਕ ਜੀ ਦੀ ਵਿਚਾਰਧਾਰਾ ਨੂੰ ਕਿਸੇ ਨਿਕੇ ਜਿਹੇ ਕਮਰੇ
ਦੀ ਨੁਕਰੇ ਬੰਦ ਕਰ ਦਿਤਾ ਜਾਂਦਾ ਹੈ। ਉਥੇ ਲਾਗੂ ਹੋ ਜਾਦੀ ਹੈ ਆਪਣੀ-ਆਪਣੀ ਨਿਜ਼ੀ ਕਿਸੇ ਡੇਰੇ ਜਾਂ
ਸਾਧ ਦੀ ਵਿਚਾਰਧਾਰਾ। ਫਿਰ ਕੋਣ ਪੁੱਛਦਾ ਗੁਰੂ ਨਾਨਕ ਜੀ ਦੀ ਵਿਚਾਰਧਾਰਾ ਨੂੰ ਜਾਂ ਪੰਥਕ ਰਹਿਤ
ਮਰਯਾਦਾ ਨੂੰ। ਅੱਜ ਦੇ ਮਾਇਆ ਧਾਰੀ ਜਗਤ ਵਿੱਚ ਬਹੁਤ ਕਰਕੇ ਤਾਂ ਪ੍ਰਚਾਰਕ ਉਹੀ ਰਾਗ ਅਲਾਪਦੇ ਹਨ
ਜਿਸ ਨਾਲ ਸਿੱਖਾਂ ਨੂੰ ਭਾਵੁਕ ਕਰਕੇ ਮਾਇਆ ਬਟੋਰੀ ਜਾਵੇ ਤੇ ਪ੍ਰਬੰਧਕ ਖੁਸ਼ ਰਹਿਣ। ਗੁਰਮਤਿ ਦੀ ਗੱਲ
ਕਰਨੀ ਤਾਂ ਦੂਰ ਦੀ ਗੱਲ ਹੋ ਜਾਂਦੀ ਹੈ ਪਰ ਫਿਰ ਵੀ ਕਈ ਅਜੇ ਅਕਾਲ ਪੁਰਖ ਦੀ ਕ੍ਰਿਪਾ ਨਾਲ ਅਜਿਹੇ
ਪ੍ਰਚਾਰਕ ਅਤੇ ਪ੍ਰਬੰਧਕ ਹਨ ਜੋ ਗੁਰੂ ਨਾਨਕ ਜੀ ਦੇ ਸਿਧਾਂਤ ਨੂੰ ਸਿੱਖਾਂ ਤੀਕਰ ਪਹੁੰਚਾਉਣ ਦਾ
ਉਪਰਾਲਾ ਕਰ ਰਹੇ ਹਨ। ਉਹਨਾ ਨੂੰ ਵੇਖਕੇ ਗੁਰਬਾਣੀ ਦਾ ਇਹ ਪਵਿੱਤਰ ਵਾਕ ਅੱਜ ਵੀ ਇਸ ਸੱਚ ਨੂੰ ਸਿੱਧ
ਕਰਦਾ ਹੈ: ਦਾਵਾ ਅਗਨਿ ਬਹੁਤੁ ਤ੍ਰਿਣ ਜਾਲੇ ਕੋਈ ਹਰਿਆ ਬੂਟੁ ਰਹਿਓ ਰੀ॥ (ਮ: ੫, ਪੰਨਾ
੩੮੪) ਪਰ ਅਜਿਹੇ ਵਿਰਲੇ ਗੁਰਮਤਿ ਦਾ ਪ੍ਰਚਾਰ ਕਰਨ ਵਾਲੇ ਨੂੰ ਬਹੁਤੇ ਗੁਰਦੁਆਰਿਆਂ ਸਾਹਿਬ ਦੇ
ਪ੍ਰਬੰਧਕ ਇਹ ਆਖਕੇ ਬਾਹਰੋਂ ਹੀ ਮੋੜ ਦੇਂਦੇ ਹਨ, “ਭਾਈ ਕਿਤੇ ਤੂੰ ਗੁਰਮਤਿ ਦੀ ਗੱਲ ਤਾਂ ਨਹੀਂ
ਕਰਨੀ” ? ਵੇਖ ਭਾਈ ਗੁਰਮਤਿ ਦਾ ਪ੍ਰਚਾਰ ਕਰਨ ਨਾਲ ਸੰਗਤਾਂ ਦੀ ਸ਼ਰਧਾ ਨੂੰ ਠੇਸ ਪਹੁੰਚਦੀ ਹੈ ਅਤੇ
ਅਸੀਂ ਇਹ ਵੀ ਨਹੀਂ ਚਾਹੁੰਦੇ ਕਿ ਸੰਗਤਾਂ ਨੂੰ ਗੁਰਮਤਿ ਪ੍ਰਤੀ ਗਿਆਨ ਮਿਲੇ”। ਸਿੰਘ ਜੀ, ਸਾਡੇ
ਗੁਰਦੁਆਰੇ ਸਾਹਿਬ ਦੀ ਹਦੂਦ ਅੰਦਰ ਖਾਸ ਕਰਕੇ ਗੁਰਮਤਿ ਦੀਆਂ ਏਨਾ-ਏਨਾ ਗੱਲਾਂ ਦਾ ਪ੍ਰਚਾਰ ਨਹੀਂ
ਹੋਣਾ ਚਾਹੀਦਾ ਜਿਵੇਂ ਕਿ:
ਗੁਰਬਾਣੀ ਨੂੰ ਪੜ੍ਹਨ ਸੁਣਨ ਦੇ ਨਾਲ-ਨਾਲ ਵਿਚਾਰਨਾ ਵੀ ਜ਼ਰੂਰੀ ਹੈ। ਜਾਨੀਕਿ
ਉਸ ਅਨੁਸਾਰ ਆਪਣੇ ਜੀਵਨ ਵਿੱਚ ਪ੍ਰੀਵਰਤਨ ਲਿਆਉਣ ਦੀ ਗੱਲ ਨਹੀਂ ਕਰਨੀ; ਸਿਰਫ ਤੋਤਾ ਰਟਨ ਹੀ ਕਰਨਾ
ਹੈ; ਭਾਂਵੇ ਕਿ ਗੁਰਬਾਣੀ ਸਮਝਾਂਉਂਦੀ ਹੈ: ਤਿਨ ਹੀ ਜੈਸੀ ਥੀ ਰਹਾਂ, ਜਪਿ ਜਪਿ ਰਿਦੈ ਮੁਰਾਰਿ॥
ਅਵਗੁਣੀ ਭਰਪੂਰ ਹੈ, ਗੁਣ ਭੀ ਵਸਹਿ ਨਾਲਿ॥ ਵਿਣੁ ਸਤਗੁਰ ਗੁਣ ਨ ਜਾਪਨੀ, ਜਿਚਰੁ ਸਬਦਿ ਨ ਕਰੇ
ਬੀਚਾਰੁ॥ (ਮ: ੧, ਪੰਨਾ ੯੩੬)
ਹਰਿ ਨਿਰਮਲੁ ਅਤਿ ਊਜਲਾ ਬਿਨੁ ਗੁਰ ਪਾਇਆ ਨ ਜਾਇ॥ ਪਾਠੁ ਪੜੈ ਨ ਬੂਝਈ,
ਭੇਖੀ ਭਰਮਿ ਭੁਲਾਇ॥ ਗੁਰਮਤੀ ਹਰਿ ਸਦਾ ਪਾਇਆ ਰਸਨਾ ਹਰਿ ਰਸੁ ਸਮਾਇ॥ (ਮ: 3, ਪੰਨਾ 66)
ਦੂਜੀ ਗੱਲ, ਗੁਰਬਾਣੀ ਭਾਂਵੇ ਤੀਰਥਾਂ ਦਾ ਰਟਨ ਕਰਨ ਦਾ ਖੰਡਣ ਕਰਦੀ ਹੈ ਪਰ
ਤੁਸੀਂ ਕਦੀ ਵੀ ਇਹ ਪ੍ਰਚਾਰ ਨਹੀਂ ਕਰਨਾ, ਸਗੋਂ ਗੁਰਬਾਣੀ ਦੇ ਅਜਿਹੇ ਸ਼ਬਦਾਂ ਦੀ ਗਲਤ ਵਿਆਖਿਆ ਕਰਨੀ
ਹੈ: ਤੀਰਥਿ ਨਾਵਣ ਜਾਉ ਤੀਰਥੁ ਨਾਮੁ ਹੈ॥ ਤੀਰਥੁ ਸਬਦ ਬੀਚਾਰੁ ਅੰਤਰਿ ਗਿਆਨੁ ਹੈ॥ ਗੁਰ ਗਿਆਨੁ
ਸਾਚਾ ਥਾਨੁ ਤੀਰਥੁ ਦਸ ਪੁਰਬ ਸਦਾ ਦਸਾਹਰਾ॥ (ਮ: 1, ਪੰਨਾ 687)
ਇਸ ਦੇ ਨਾਲ ਹੀ ਮੂਰਤੀ ਪੂਜਾ ਦਾ ਸਾਡੇ ਗੁਰਦੁਆਰੇ ਸਾਹਿਬ ਵਿੱਚ ਵਿਰੋਧ
ਨਹੀਂ ਕਰਨਾ; ਭਾਂਵੇ ਗੁਰਬਾਣੀ ਤਾਂ ਬਹੁਤ ਵਾਰ ਅਜਿਹੇ ਸ਼ਬਦਾਂ ਰਾਹੀਂ ਸਾਨੂੰ ਸੁਚੇਤ ਕਰਦੀ ਹੈ:
ਹਿੰਦੂ ਮੂਲੇ ਭੂਲੇ ਅਖੁਟੀ ਜਾਂਹੀ॥ ਨਾਰਦਿ ਕਹਿਆ ਸਿ ਪੂਜ ਕਰਾਂਹੀ॥ ਅੰਧੇ ਗੁੰਗੇ ਅੰਧ
ਅੰਧਾਰੁ॥ ਪਾਥਰੁ ਲੇ ਪੂਜਹਿ ਮੁਗਧ ਗਵਾਰ॥ ਓਹਿ ਜਾ ਆਪਿ ਡੁਬੇ ਤੁਮ ਕਹਾ ਤਰਣਹਾਰੁ॥ (ਮ: 1, ਪੰਨਾ
੫੫੬)
ਸਿੱਘ ਜੀ, ਹੋਰ ਵੀ ਸੁਣੋ! ਮੜੀਆਂ, ਮਸਾਂਣਾ, ਸਮਾਧਾਂ, ਰੁੱਖਾਂ, ਥੱੜਿਆਂ
ਨੂੰ ਮੱਥੇ ਨਾਂ ਟੇਕਣ ਬਾਰੇ ਗੱਲ ਨਹੀਂ ਕਰਨੀ ਭਾਂਵੇਂ ਗੁਰਬਾਣੀ ਵਿੱਚ ਇਸ ਬਾਰੇ ਬਹੁਤ ਪ੍ਰਮਾਣ ਹਨ
ਜਿਵੇਂ: ੴ ਸਤਿਗੁਰ ਪ੍ਰਸਾਦਿ॥ ਦੁਬਿਧਾ ਨ ਪੜਉ ਹਰਿ ਬਿਨੁ ਹੋਰੁ ਨ ਪੂਜਉ ਮੜੈ ਮਸਾਣਿ ਨ ਜਾਈ॥
ਤ੍ਰਿਸਨਾ ਰਾਚਿ ਨ ਪਰ ਘਰਿ ਜਾਵਾ ਤ੍ਰਿਸਨਾ ਨਾਮਿ ਬੁਝਾਈ॥ (ਮ: ੧, ਪੰਨਾ ੬੩੪)
ਮੂਰਖਿ ਅੰਧੈ ਪਤਿ ਗਵਾਈ॥ ਵਿਣੁ ਨਾਵੈ ਕਿਛੁ ਥਾਇ ਨ ਪਾਈ॥ ਰਹੈ ਬੇਬਾਣੀ ਮੜੀ
ਮਸਾਣੀ॥ ਅੰਧੁ ਨ ਜਾਣੈ ਫਿਰਿ ਪਛੁਤਾਣੀ॥ ਸਤਿਗੁਰੁ ਭੇਟੇ ਸੋ ਸੁਖੁ ਪਾਏ॥ (ਪੰਨਾ ੪੬੭) ਅਤੇ
ਨਾਂ ਹੀ ਕਦੀ ਗੁਰਦੁਆਰੇ ਸਾਹਿਬ ਦੀ ਸਟੇਜ਼ ਤੋਂ ਸਿੱਖਾਂ ਨੂੰ ਸਿਰਫ ਇੱਕ ਅਕਾਲ ਪਰਖ ਦੇ ਉਪਾਸ਼ਕ ਬਣਨ
ਦੀ ਗੱਲ ਕਰਨੀ ਹੈ, ਜੇ ਸਿੱਖਾਂ ਨੂੰ ਏਨੀ ਸੋਝੀ ਆ ਗਈ ਫਿਰ ਤਾਂ ਉਹ ਅੰਧਵਿਸ਼ਵਾਸਾਂ, ਵਹਿਮਾਂ-ਭਰਮਾਂ
ਅਤੇ ਕਰਮਕਾਂਡਾਂ ਤੋਂ ਛੁਟਕਾਰਾ ਪਾ ਲੈਣਗੇ। ਆਪਾਂ ਤਾਂ ਸਗੋ ਸਿੱਖਾਂ ਨੂੰ ਇਹਨਾ ਚੱਕਰਾਂ ਵਿੱਚ ਪਾਈ
ਰੱਖਣਾ ਹੈ ਅਤੇ ਨਾਲ ਲੱਗਦੇ ਇੰਜ਼ ਹੀ ਤਾਂ ਸਿੱਖਾਂ ਨੂੰ ਹਿੰਦੂਆਂ ਦੇ ਦੇਵਤਿਆਂ ਸੂਰਜ, ਚੰਦ ਦੇ
ਪੂਜਾਰੀ ਬਣਾਉਣਾ ਹੈ; ਜਾਨੀਕਿ ਸੰਗਰਾਂਦ, ਮੱਸਿਆ, ਪੰਚਮੀ ਆਦਿਕ ਦੇ। ਖ਼ਾਸ ਤੌਰ ਤੇ ਇਹਨਾ ਦਿਨਾਂ
ਨੂੰ ਹੋਰਨਾ ਦਿਨਾਂ ਨਾਲੋਂ ਪਵਿੱਤਰ ਦੱਸਣਾ ਹੈ। ਇਸ ਨਾਲ ਜਿਥੇ ਸਿੱਖ ਹਿੰਦੂ ਕੌਮ ਦਾ ਅੰਗ ਬਣਨਗੇ,
ਉਥੇ ਗੁਰਦੁਆਰਿਆਂ ਦੀ ਕਮਾਈ ਦਾ ਵੀ ਤਾਂ ਸਾਧਨ ਬਣਦੇ ਹਨ। ਇਹ ਤਾਂ ਉਹ ਪੁਰਣੀ ਕਹਾਵਤ ਵਾਲੀ ਗੱਲ
ਹੈ, “ਨਾਲੇ ਚੋਪੜੀਆਂ ਨਾਲੇ ਦੋ-ਦੋ”। ਉਂਝ ਇਹ ਤਾਂ ਸਾਨੂੰ ਵੀ ਪਤਾ ਹੈ ਕਿ ਗੁਰਬਾਣੀ ਤਿੱਥੀ ਵਾਰ
ਮੰਨਣ ਵਾਲਿਆਂ ਨੂੰ ਮੂਰਖ ਗਵਾਰ ਆਖਦੀ ਹੈ:
ਆਪੇ ਪੂਰਾ ਕਰੇ ਸੁ ਹੋਇ॥ ਏਹਿ ਥਿਤੀ ਵਾਰ ਦੂਜਾ ਦੋਇ॥ ਸਤਿਗੁਰ ਬਾਝਹੁ ਅੰਧੁ
ਗੁਬਾਰੁ॥ ਥਿਤੀ ਵਾਰ ਸੇਵਹਿ ਮੁਗਧ ਗਵਾਰ॥ (ਮ: ੫, ਪੰਨਾ ੮੪੩) ਅਜੇ ਹੋਰ ਵੀ ਅੱਗੇ ਸੁਣੋ ਸਿੰਘ
ਜੀ, ਹਿੰਦੂ ਧਰਮ ਅਨੁਸਾਰ ਔਰਤਾਂ ਵੱਲੋਂ ਮੰਨਾਏ ਜਾਂਦੇ ਕਰਵਾ ਚੌਥ ਦੇ ਵਰਤ ਰੱਖਣ ਤੋਂ ਸਿੱਖ
ਬੀਬੀਆਂ ਨੂੰ ਮਨਾ ਨਹੀਂ ਕਰਨਾ। ਇਹ ਠੀਕ ਹੈ ਕਿ ਗੁਰਬਾਣੀ ਤਾਂ ਇਸ ਦਾ ਖੰਡਣ ਕਰਦੀ ਹੈ: ਛੋਡਹਿ
ਅੰਨੁ ਕਰਹਿ ਪਾਖੰਡ॥ ਨਾ ਸੋਹਾਗਨਿ ਨਾ ਓਹਿ ਰੰਡ॥ (ਭਗਤ ਕਬੀਰ ਜੀ, ਪੰਨਾ 873)
ਜੇਕਰ ਤੂੰ ਗੁਰਮਤਿ ਦੀ ਸੋਝੀ ਦੇਣ ਦੀ ਕੋਸ਼ਿਸ਼ ਕੀਤੀ ਤਾਂ ਫਿਰ ਅਸੀਂ ਸਿੱਖਾਂ
ਦੀ ਸ਼ਰਧਾ ਨੂੰ ਠੇਸ ਪਹੁੰਚਾਉਣ ਦਾ ਇਲਜ਼ਾਮ ਲਾਕੇ ਗੁਰਮਤਿ ਤੋਂ ਅਨਜਾਣ ਸਿੱਖਾਂ ਤੋਂ ਤੇਰਾ ਘਰਾਓ
ਕਰਵਾਂਗੇ। ਹੋ ਸਕਦਾ ਹੈ ਕਿ ਅਸੀਂ ਕੁੱਝ ਆਪਣੇ ਵਿਚਾਰਾਂ ਵਾਲੇ ਗੁਰਦੁਆਰਿਆਂ ਦੀਆਂ ਕਮੇਟੀਆਂ ਦੇ
ਮੈਂਬਰ ਇਕੱਠੇ ਕਰਕੇ ਸ੍ਰੀ ਅਕਾਲ ਤਖਤ ਤੋਂ ਹੁਕਮਨਾਮਾ ਹੀ ਜਾਰੀ ਕਰਵਾ ਦਈਏ ਅਤੇ ਤੈਨੂੰ ਪੰਥ
ਵਿੱਚੋਂ ਹੀ “ਛੇਕ” ਦੇਈਏ।
ਪਰ ਜੇ ਗੁਰਮਤਿ ਦੇ ਉਲਟ ਪ੍ਰਚਾਰ ਕਰਨਾ ਹੈ ਤਾਂ ਫਿਰ ਕਮੇਟੀ ਨੂੰ ਵੀ ਕੋਈ
ਇਤਰਾਜ਼ ਨਹੀਂ ਅਤੇ ਨਾਂ ਹੀ ਸੰਗਤਾਂ ਦੀ ਸ਼ਰਧਾ ਨੂੰ ਕੋਈ ਸੱਟ ਵਜਦੀ ਹੈ। ਫਿਰ ਤਾਂ ਆਖਣਗੇ, “ਸਿੰਘ
ਜੀ, ਇਹ ਗੁਰਦੁਆਰਾ ਵੀ ਤੁਹਾਡਾ ਤੇ ਇਸ ਦੀ ਸਟੇਜ ਵੀ ਤੁਹਾਡੀ। ਸਿੰਘ ਜੀ, ਜਿੰਨਾ ਮਰਜੀ ਟਾਇਮ
ਲਵੋਂ। ਚਿੱਮਟੇ, ਛੈਣੇ ਖੂਬ ਖੜਕਾਵੋਂ, ਫਿਲਮੀ ਧੂਨਾ ਤੇ ਕੱਚੀ ਬਾਣੀ ਪੜ੍ਹੋ। ਗੁਰਮਤਿ ਦੇ ਵਿਰੁਧ
ਪ੍ਰਚਾਰ ਕਰਨ ਵਾਲੇ ਆਪੇ ਬਣੇ ਅਜੋਕੇ ਸੰਤਾਂ ਦੀ ਵਾਹ-ਵਾਹ ਕਰੋ? ਉਹ ਭਾਂਵੇ ਖੇਸੀਵਾਲੇ, ਬੁਕਲਵਾਲੇ,
ਚੁੰਨੀਵਾਲੇ, ਉਚੇ ਟਿਬੇਵਾਲੇ, ਨੀਵੇਂ ਟਿਬੇਵਾਲੇ, ਸੰਗਲੀਵਾਲੇ ਆਦਿਕ ਨਾਵਾਂ ਵਾਲੇ ਅਜਿਹੇ ਆਪੇ ਬਣੇ
ਸੰਤ ਹੋਣ ਉਹਨਾਂ ਦੀਆਂ ਅਖੌਤੀ ਕਰਾਮਾਤਾਂ ਦਾ ਪ੍ਰਚਾਰ ਕਰੋਂ। ਅਜਿਹੇ ਆਪੇ ਬਣੇ ਸੰਤਾਂ ਵੱਲੋਂ
ਸਿੱਖਾਂ ਵਿੱਚ ਵੰਡੀਆਂ ਪਾਉਣ ਵਾਲੀਆਂ ਇਹਨਾਂ ਚੀਜ਼ਾਂ ਦਾ ਪ੍ਰਚਾਰ ਕਰੋ, ਜਿਵੇਂ ਆਖਦੇ ਹਨ ਸਾਡੇ
ਸਿੱਖਾਂ ਨੇ ਆਹ ਰੰਗ ਨਹੀਂ ਪਾਉਣਾ, . . ਉਹ ਰੰਗ ਨਹੀਂ ਪਾਉਣਾ, ਪੱਗ ਦਾ ਪਿਛਲਾ ਪੂੰਜੇ ਵਾਲਾ ਪੱਲਾ
ਨਹੀਂ ਰੱਖਣਾ, ਇਸ ਬਰਤਨ ਵਿੱਚ ਖਾਣਾ, ਉਸ ਵਿੱਚ ਨਹੀਂ ਖਾਣਾ, ਕਿਸੇ ਦਾ ਹੱਥ ਲੱਗਣ ਨਾਲ ਭਿੱਟੇ
ਜਾਣਾ ਆਦਿਕ ਅਖੌਤੀ ਸੰਤਾਂ ਵੱਲੋਂ ਸਿੱਖਾਂ ਨੂੰ ਅਜਿਹੇ ਵਹਿਮਾ-ਭਰਮਾਂ ਵਿੱਚ ਪਾਉਣ ਵਾਲੀਆਂ ਗੱਲਾਂ
ਦਾ ਰੱਜਕੇ ਪ੍ਰਚਾਰ ਕਰੋ? ਤੁਹਾਡੇ ਸਾਹਮਣੇ ਕੋਈ ਚੂੰ … ਪੈਂ. . ਨਹੀਂ ਕਰੇਗਾ। ਫਿਰ ਚਾਹੋ ਤਾ ਅਸੀਂ
ਅਗਲੀ ਵਾਰੀ ਦੀ ਰਾਹਦਾਰੀ ਵੀ ਹੁਣੇ ਹੀ ਬਣਾ ਦਿੰਦੇ ਹਾ। ਪਰ ਆਪਣੇ ਲੈਕਚਰ ਦੀ ਤਿਆਰੀ ਵਿੱਚ ਇਹ ਗੱਲ
ਚੰਗੀ ਤਰ੍ਹਾਂ ਚੈਕ ਕਰ ਲੈਣੀ ਕਿ ਕਿਤੇ ਇਸ ਵਿੱਚ ਸਿੱਖਾਂ ਨੂੰ ਗੁਰਮਤਿ ਪ੍ਰਤੀ ਗਿਆਨ ਮਿਲਣ ਵਾਲੀ
ਨਿਕੀ ਜਿਹੀ ਵੀ ਝਲਕ ਨਜ਼ਰ ਨਾ ਆਵੇ। ਭਾਈ ਸਾਹਿਬ ਜੀ, ਕਰੋ ਇਹਨਾਂ ਗੱਲਾਂ ਦਾ ਪ੍ਰਚਾਰ ਭਾਂਵੇਂ
ਬਾਹਵਾਂ ਮਾਰ-ਮਾਰ ਕੇ ਜਾਂ ਭਾਂਵੇ ਰੋਣ ਵਾਲਾਂ ਮੂੰਹ ਬਣਾ-ਬਣਾ ਕੇ; ਕਿਸੇ ਦੀ ਕੀ ਮਜ਼ਾਲ ਤੁਹਾਨੂੰ
ਰੋਕ ਜਾਵੇ”।
ਤੁਸੀਂ ਇਹ ਵੀ ਪ੍ਰਚਾਰ ਕਰੋ ਕਿ ਗੁਰਬਾਣੀ ਤਾਂ ਵੇਦਾ ਦਾ ਹੀ ਸਾਰ ਹੈ। ਸਿੱਖ
ਤਾਂ ਕੇਸਾ ਧਾਰੀ ਹਿੰਦੂ ਹਨ, ਬਲਕਿ ਲਵ-ਕੁਸ਼ ਦੀ ਹੀ ਉਲਾਦ ਹਨ ਇਹ ਗੱਲ ਸੰਗਤ ਵਿੱਚ ਪ੍ਰਚਾਰੋ ਕਿ
ਇਹੋ ਹੀ ਤਾਂ ਦਸਮ ਗ੍ਰੰਥ ਆਖਦਾ ਹੈ। ਸਿੱਖਾਂ ਵਿੱਚ ਜ਼ੋਰ-ਸ਼ੋਰ ਨਾਲ ਇਹ ਵੀ ਪ੍ਰਚਾਰ ਕਰੋ ਕਿ ਗੁਰੂ
ਗੋਬਿੰਦ ਸਿੰਘ ਜੀ ਹਿੰਦੂ ਦੇਵੀ ਦੇਵਤਿਆਂ ਦੇ ਪੁਜਾਰੀ ਸਨ। ਉਹਨਾਂ ਤਾਂ ਦਸਮ ਗ੍ਰੰਥ ਵਿੱਚ ਤਕਰੀਬਨ
500 ਸਫ਼ੇ ਅਸ਼ਲੀਲ ਲਿਖਤਾਂ ਇਸ ਤਰ੍ਹਾਂ ਦੀਆਂ ਲਿਖੀਆਂ ਹੋਈਆਂ ਹਨ; ਜਿਵੇਂ ਕਿ: ਇੱਕ ਦਿਨ ਭਾਂਗ
ਮਿਤ੍ਰ ਤੇ ਲਈ॥ ਪੋਸਤ ਸਹਿਤ ਅਫੀਮ ਚੜ੍ਹਈ॥ ਬਹੁ ਰਤ ਕਰੀ, ਨਾ ਬੀਰਜ ਗਿਰਾਈ॥ ਆਠ ਪਹਿਰ ਲਗ ਕੁਆਰ
ਬਜਾਈ॥ (ਦਸਮ ਗਰੰਥ ਪੰਨਾ 1280) ਅਤੇ ਇਸ ਗ੍ਰੰਥ ਵਿੱਚ ਹੀ ਸਿੱਖ ਧਰਮ ਦਾ ਮੌਜੂ ਉਡਾਉਣ
ਵਾਲੀਆਂ ਹੋਰ ਲਿਖਤ ਦਾ ਵੀ ਪ੍ਰਚਾਰ ਕਰੋ; ਜਿਸ ਵਿੱਚ ਲਿਖਿਆ ਹੈ ਕਿ ਧਰਤੀ ਕੰਨ ਦੀ ਮੈਲ ਤੋਂ ਬਣੀ
ਹੈ: ਏਕ ਸ੍ਰਵਣ ਤੇ ਮੈਲ ਨਿਕਾਰਾ॥ ਤਾ ਤੇ ਮਧੂ ਕੀਟਭ ਤਨ ਧਾਰਾ॥ ਦੁਤੀਆਂ ਕਾਨ ਤੇ ਮੈਲ ਨਿਕਾਰੀ॥
ਤਾ ਤੇ ਭਈ ਸ੍ਰਿਸਟਿ ਇਹ ਸਾਰੀ। ॥ 13॥ (ਦਸਮ ਗਰੰਥ ਪੰਨਾ 47)
ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਅਸ਼ਲੀਲ ਲਿਖਤਾਂ ਵਾਲੇ ਅਤੇ ਹਿੰਦੂ ਧਰਮ ਦੇ
ਦੇਵੀ ਦੇਵਤਿਆਂ ਦੀ ਉਪਾਸ਼ਨਾ ਕਰਨ ਦਾ ਪ੍ਰਚਾਰ ਕਰਨ ਵਾਲੇ ਦਸਮ ਗ੍ਰੰਥ ਦਾ ਪ੍ਰਕਾਸ਼ ਕਰਨ ਦਾ ਪ੍ਰਚਾਰ
ਕਰੋ।
ਹੋਰ ਸੁਣੋ, ਭਾਵੇ ਆਪਾਂ ਜਾਣਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਜੋ ਗਿਆਨ ਦਾ
ਅਥਾਹ ਸਮੁੰਦਰ ਹੈ, ਉਸਨੂੰ ਮੂਰਤੀਆਂ ਵਾਂਗੂ ਕੜਾਹ ਪ੍ਰਸਾਦਿ ਦਾ ਭੋਗ ਲਾਉਣ ਦਾ ਪ੍ਰਚਾਰ ਕਰੋਂ।
ਭਾਂਵੇ ਕਿ ਇਹ ਸ਼ਬਦ ਇਨਸਾਨ ਦੇ ਹਿਰਦੇ ਅੰਦਰ ਅਕਾਲ ਪੁਰਖ ਨੂੰ ਪ੍ਰਵੇਸ਼ ਕਰਨ ਜਾਨੀਕਿ ਸੋਝੀ ਦੇਣ ਦੀ
ਗੱਲ ਕਰਦਾ ਹੈ ਪਰ ਇਸ ਪਾਸੇ ਸੰਗਤਾ ਦਾ ਧਿਆਨ ਨਾਂ ਆਊਣ ਦੇਣਾ: ਬਰਸੈ ਮੇਘੁ ਸਖੀ ਘਰਿ ਪਾਹੁਨ
ਆਏ॥ ਮੋਹਿ ਦੀਨ ਕ੍ਰਿਪਾ ਨਿਧਿ ਠਾਕੁਰ ਨਵ ਨਿਧਿ ਨਾਮਿ ਸਮਾਏ॥ ਰਹਾਉ॥ ਅਨਿਕ ਪ੍ਰਕਾਰ ਭੋਜਨ ਬਹੁ ਕੀਏ
ਬਹੁ ਬਿੰਜਨ ਮਿਸਟਾਏ॥ ਕਰੀ ਪਾਕਸਾਲ ਸੋਚ ਪਵਿਤ੍ਰਾ ਹੁਣਿ ਲਾਵਹੁ ਭੋਗੁ ਹਰਿ ਰਾਏ॥ (ਮ: ੫,
੧੨੬੬)
ਆਪਾਂ ਕਿਉਂਕਿ ਸਿੱਖ ਨੂੰ ਕੇਸਾਧਾਰੀ ਹਿੰਦੂ ਹੀ ਬਣਾਉਣਾ ਹੈ ਇਸ ਕਰਕੇ ਗੁਰੂ
ਗ੍ਰੰਥ ਸਾਹਿਬ ਜੀ ਦੇ ਲਾਗੇ ਸਧਾਰਨ ਪਾਠ ਜਾਂ ਅਖੰਡ ਪਾਠ ਅਰੰਭ ਕਰਦੇ ਸਮੇਂ ਹਿੰਦੂ ਧਰਮ ਦੇ ਮੰਨੇ
ਜਾਂਦੇ ਦੇਵਤੇ ਜਿਵੇਂ, ਜੋਤ, ਕੁੰਭ, ਨਰੀਅਲ, ਮੌਲੀ ਲਾਲ ਜਾਂ ਚਿੱਟਾ ਕਪੜਾ ਆਦਿਕ ਲਾਗੇ ਰੱਖਣਾ
ਨਹੀਂ ਭੁੱਲਣ ਦਾ ਪ੍ਰਚਾਰ ਜਰੂਰ ਕਰਨਾ। ਭਾਂਵੇ ਕਿ ਪੰਥਕ ਰਹਿਤ ਮਰਯਾਦਾ ਅਨੁਸਾਰ ਅਜਿਹੇ ਕਰਮਕਾਂਡ
ਕਰਨ ਦੀ ਮਨਾਹੀ ਹੈ।
ਹਿੰਦੂ ਧਰਮ ਦੇ ਦੇਵੀ ਦੇਵਤਿਆਂ ਦੀਆਂ ਪ੍ਰਚਲਤ ਸੁਣਾਈਆਂ ਜਾ ਰਹੀਆਂ
ਕਰਾਮਾਤੀ ਕਹਾਣੀਆਂ, ਗੁਰਬਾਣੀ ਦੇ ਸ਼ਬਦਾਂ ਨਾਲ ਸੁਣਾਉਣੀਆਂ ਨਹੀਂ ਭੁਲਣੀਆਂ ਚਾਹੀਦੀਆਂ।