ਸੁਖਮਨੀ ਦਾ ਸਿਧਾਂਤਿਕ ਪੱਖ
ਕਾਂਡ 4
ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ
ਕਮਜ਼ੋਰ ਮੁਲਕਾਂ ਦੇ ਕਨੂੰਨ ਵੀ ਕਮਜ਼ੋਰ ਹੀ ਹੁੰਦੇ ਹਨ, ਭਾਵ ਵੱਢੀ ਲੈ ਦੇ ਕੇ
ਲੋਕ ਕਨੂੰਨ ਨੂੰ ਤੋੜ ਜਾਂਦੇ ਹਨ, ਪਰ ਵਿਕਸਤ ਮੁਲਕਾਂ ਦੇ ਲੋਕ, ਆਪਣੇ ਦੇਸ ਦੇ ਬਣਾਏ ਹੋਏ ਹਰ
ਕਨੂੰਨ ਦੀ ਪਾਲਣਾ ਕਰਦੇ ਹਨ। ਮੁਲਕਾਂ ਦੀ ਤਰੱਕੀ ਦਾ ਭੇਤ ਹੀ ਏਸੇ ਵਿੱਚ ਛੁਪਿਆ ਹੋਇਆ ਹੈ, ਕਿ
ਓਥੋਂ ਦੇ ਰਹਿਣ ਵਾਲੇ ਲੋਕ ਆਪਣੇ ਫ਼ਰਜ਼ਾਂ ਦੀ ਪਹਿਛਾਣ ਕਰਦੇ ਹਨ ਤਾਂ ਕਿ ਉਹਨਾਂ ਦੇ ਜੀਵਨ ਵਿੱਚ
ਰੁਕਾਵਟਾਂ ਨਾ ਆਉਣ। ਗੁਰੂ ਅਰਜਨ ਪਾਤਸ਼ਾਹ ਜੀ, ਦੂਸਰੀ ਅਸਟਪਦੀ ਵਿੱਚ ਰੱਬ ਜੀ ਦੀ ਸਰਨ ਵਿੱਚ ਆਉਣ
ਦਾ ਸੱਦਾ ਦੇ ਰਹੇ ਹਨ, ਕਿਉਂਕਿ ਰੱਬ ਜੀ ਦੀ ਸਰਣ ਵਿੱਚ ਆਇਆਂ ਆਤਮਿਕ ਦੁੱਖਾਂ ਤੋਂ ਛੁਟਕਾਰਾ ਮਿਲਦਾ
ਹੈ। ਪੂਰਾ ਸਲੋਕ ਹੇਠਾਂ ਅੰਕਤ ਹੈ।
ਦੀਨ ਦਰਦ ਦੁਖ ਭੰਜਨਾ ਘਟਿ ਘਟਿ ਨਾਥ ਅਨਾਥ॥
ਸਰਣਿ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ॥
ਪਰਮਾਤਮਾ ਸਾਡੇ ਦੁੱਖਾਂ ਦਾ ਖਾਤਮਾ ਕਰਦਾ ਹੈ, ਗੁਰੂ ਜੀ ਉਸ ਪਰਮਾਤਮਾ ਦੀ
ਸਰਣ ਵਿੱਚ ਆਉਣ ਲਈ ਕਹਿ ਰਹੇ ਹਨ। ਪਰ ਪਰਮਾਤਮਾ ਦੀ ਤੇ ਕੋਈ ਮੂਰਤ ਹੀ ਨਹੀਂ ਹੈ, ਨਾ ਹੀ ਉਸ ਦੀ
ਕੋਈ ਸ਼ਕਲ ਸੂਰਤ ਹੈ। ਫਿਰ ਸਰਣ ਕਿਸ ਪਰਮਾਤਮਾ ਦੀ ਜਾਣਾ ਹੈ? ਇਸ ਦਾ ਭਾਵ ਅਰਥ ਹੈ ਕਿ ਰੱਬੀ
ਨਿਯਮਾਵਲੀ, ਰੱਬੀ ਹੁਕਮ, ਕੁਦਰਤੀ ਜੀਵਨ ਨੂੰ ਆਤਮਿਕ ਤਲ `ਤੇ ਲਿਆ ਕੇ ਜਿਉਣ ਦਾ ਯਤਨ ਕਰਨਾ। ਰੱਬ
ਜੀ ਦਾ ਕਨੂੰਨ ਐਸਾ ਹੈ ਜੋ ਹਰ ਥਾਂ `ਤੇ ਸਾਡੀ ਸਹਾਇਤਾ ਕਰਦਾ ਹੈ। ਇਸ ਰੱਬੀ ਹੁਕਮ ਜਾਂ ਰੱਬੀ
ਨਿਯਮਾਵਲੀ ਨੂੰ ਨਾਮ ਜਾਂ ਸੱਚ ਦੀ ਸੰਗਿਆ ਵੀ ਦਿੱਤੀ ਗਈ ਹੈ। ਇਸ ਦੂਸਰੀ ਅਸਟਪਦੀ ਦੇ ਪਹਿਲੇ ਪਦੇ
ਨੂੰ ਹੀ ਦੇਖ ਲਈਏ ਕਿ ਜਿੱਥੇ ਮਾਤਾ, ਪਿਤਾ, ਭੈਣ ਭਰਾ, ਪੁੱਤਰ ਸਾਡੇ ਕੰਮ ਨਹੀਂ ਆ ਸਕਦੇ ਓਥੇ ਕੇਵਲ
ਪਰਮਾਮਤਮਾ ਦਾ ਨਾਮ ਹੀ ਸਾਡੇ ਕੰਮ ਆ ਸਕਦਾ ਹੈ। ਸੱਚ ਹਰ ਥਾਂ `ਤੇ ਸਾਡੀ ਸਹਾਇਤਾ ਕਰਦਾ ਹੈ, ਤੇ ਇਸ
ਸੱਚ ਨੂੰ ਵਾਹਿਗੁਰੂ ਦਾ ਨਾਮ ਕਿਹਾ ਗਿਆ ਹੈ।
ਜਹ ਮਾਤ ਪਿਤਾ ਸੁਤ ਮੀਤ ਨ ਭਾਈ॥
ਮਨ ਊਹਾ ਨਾਮੁ ਤੇਰੈ ਸੰਗਿ ਸਹਾਈ॥
ਜਹ ਮਹਾ ਭਇਆਨ ਦੂਤ ਜਮ ਦਲੈ॥
ਤਹ ਕੇਵਲ ਨਾਮੁ ਸੰਗਿ ਤੇਰੈ ਚਲੈ॥
ਏਸੇ ਅਸਟਪਦੀ ਵਿੱਚ ਨਾਮ ਦੀ ਜਾਚਨਾ ਵੀ ਕੀਤੀ ਗਈ ਹੈ ਪਰ ਇਹ ਨਾਮ ਗੁਰੂ ਜੀ
ਪਾਸੋਂ ਮਿਲਦਾ ਹੈ। ਨਾਮ ਕੋਈ ਸਥੂਲ ਵਸਤੂ ਨਹੀਂ ਹੈ ਜੋ ਗੁਰੂ ਜੀ ਪਾਸੋਂ ਫਟਾਫਟ ਮਿਲ ਜਾਏਗੀ ਜਾਂ
ਇਤਨੀ ਕੁ ਭੇਟਾ ਗੁਰੂ ਜੀ ਅੱਗੇ ਰੱਖ ਦਈਏ ਕਿ ਸਾਨੂੰ ਨਾਮ ਮਿਲ ਜਾਏ ਜਾਂ ਇਤਨੇ ਕੁ ਸੁਖਮਨੀ ਸਾਹਿਬ
ਜੀ ਦੇ ਪਾਠ ਕਰ ਲਏ ਜਾਣ ਤਾਂ ਸਾਨੂੰ ਨਾਮ ਮਿਲ ਜਾਏਗਾ। ਗੁਰੂ ਜੀ ਦਾ ਤਾਂ ਸਪੱਸ਼ਟ ਫਰਮਾਣ ਹੈ
ਕਿ:---
ਗੁਰਮੁਖਿ ਨਾਮੁ ਜਪਹੁ ਮਨ ਮੇਰੇ॥
ਨਾਨਕ ਪਾਵਹੁ ਸੂਖ ਘਨੇਰੇ॥
ਗੁਰਮੁਖਿ ਦੇ ‘ਖ’ ਨੂੰ ਸਿਹਾਰੀ ਹੈ ਇਸ ਦਾ ਅਰਥ ਹੈ ਗੁਰੂ ਜੀ ਦੇ ਸਨਮੁਖ
ਬੈਠਣਾ, ਸਨਮੁਖ ਤਾਂ ਸਿਰੀ ਚੰਦ ਤੇ ਪ੍ਰਿਥੀ ਚੰਦ ਵੀ ਬੈਠਾ ਹੋਇਆ ਸੀ ਪਰ ਉਹਨਾਂ ਗੁਰੂ ਪਿਤਾ ਦੇ
ਰੱਬੀ ਬੱਚਨਾਂ ਨੂੰ ਨਹੀਂ ਸਮਝਿਆ। ਅਸਲ ਸਨਮੁਖ ਤਾਂ ਗੁਰੂ ਅਰਜਨ ਪਾਤਸ਼ਾਹ ਹੀ ਬੈਠੇ ਹਨ ਜਿਹਨਾਂ ਨੇ
ਗੁਰੂ ਪਿਤਾ ਜੀ ਦੇ ਉਪਦੇਸ਼ ਨੂੰ ਮਨ ਕਰਕੇ ਮੰਨ ਲਿਆ। ਸੋ ਸਨਮੁਖ ਦਾ ਅਰਥ ਹੈ ਗੁਰੂ ਜੀ ਦੇ ਉਪਦੇਸ਼
ਨੂੰ ਮਨ ਵਿੱਚ ਵਸਾ ਕੇ ਇਸ ਅਨੁਸਾਰ ਆਪਣਾ ਜੀਵਨ ਬਤੀਤ ਕਰਨਾ। ਗੁਰੂ ਦੇ ਉਪਦੇਸ਼ ਵਿੱਚ ਚੱਲਿਆਂ ਹੀ
ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਇਹ ਸੁੱਖ ਸਾਧਾਂ ਦੇ ਭੋਰਿਆਂ ਜਾਂ ਉਹਨਾਂ ਦੀਆਂ ਸਮਾਧੀਆਂ ਵਿਚੋਂ
ਨਹੀਂ ਮਿਲਦਾ, ਇਹ ਤੇ ਸਗੋਂ ਤੱਤੀ ਤਵੀ, ਉਬਲ਼ਦੀ ਦੇਗ, ਆਰੇ ਦੇ ਦੰਦਿਆਂ ਤੇ ਵੀ ਮਾਣਿਆ ਜਾ ਸਕਦਾ
ਹੈ।
ਸੁਖਮਨੀ, ਨਾਮ ਦੀ ਪ੍ਰਾਪਤੀ ਬਾਰੇ, ਬਾਰ ਬਾਰ ਗੁਰੂ ਜੀ ਤੋਂ ਪ੍ਰਾਪਤ ਕਰਨ
ਦੀ ਤਾਗ਼ੀਦ ਕਰਦੀ ਹੈ।
ਐਸਾ ਨਾਮੁ ਸਦਾ ਮਨ ਧਿਆਈਐ॥
ਨਾਨਕ, ਗੁਰਮੁਖਿ ਪਰਮਗਤਿ ਪਾਈਐ॥
ਗੁਰੂ ਦੇ ਉਪਦੇਸ਼ (ਨਾਮ) ਦੀ ਪ੍ਰਾਪਤੀ ਹੁੰਦਿਆਂ ਹੀ ਆਤਮਿਕ ਤਲ `ਤੇ ਰੋਜ਼ ਦੇ
ਜੰਮਣ ਮਰਨ ਦੀ ਘੈਂਸ ਘੈਂਸ ਖਤਮ ਹੋ ਜਾਂਦੀ ਹੈ।
ਅਨਿਕ ਜੋਨਿ ਜਨਮੈ ਮਰਿ ਜਾਮ॥
ਨਾਮ ਜਪਤ ਪਾਵੈ ਬਿਸਰਾਮ॥
ਸਾਰੀ ਗਰੁਬਾਣੀ ਵਿੱਚ ਇਹ ਤਾਂ ਕਿਤੇ ਵੀ ਲਿਖਿਆ ਨਹੀਂ ਮਿਲਦਾ, ਕਿ ਇਹ ਪਾਠ
ਕਰਨ ਨਾਲ ਸਾਨੂੰ ਅਹਿ ਕੁੱਝ ਪਰਾਪਤ ਹੋ ਜਾਏਗਾ ਤੇ ਉਹ ਪਾਠ ਕੀਤਿਆਂ ਇਹ ਸੁੱਖ ਪ੍ਰਾਪਤ ਹੋ ਜਾਏਗਾ।
ਏੱਥੇ ਤਾਂ ਸਗੋਂ ਇਹ ਕਿਹਾ ਗਿਆ ਹੈ ਕਿ ਗੁਰੂ ਉਪਦੇਸ਼ (ਨਾਮ) ਲੈਣ ਨਾਲ ਤੈਨੂੰ ਬਿਬੇਕ ਬੁੱਧੀ ਦੀ
ਪ੍ਰਾਪਤੀ ਹੋਏਗੀ। ਜਿਸ ਨਾਲ ਲੋਕ ਭਲਾਈ ਤੇ ਸਰਬਤ ਦੇ ਭਲੇ ਦੀ ਗੱਲ ਤੇਰੇ ਪਾਸੋਂ ਹੋਣ ਦੀ ਉਮੀਦ
ਕੀਤੀ ਜਾ ਸਕਦੀ ਹੈ।
ਮਨ ਤਨ ਰੰਗਿ ਰਤੇ ਰੰਗ ਏਕੈ॥
ਨਾਨਕ ਜਨ ਕੈ ਬਿਰਤਿ ਬਿਬੇਕੈ॥
ਇਹ ਨਾਮ ਜੋ ਗੁਰੂ ਜੀ ਦਾ ਉਪਦੇਸ਼ ਹੈ ਸਾਨੂੰ ਇਸ ਜੀਵਨ ਦੇ ਵਿੱਚ ਹੀ ਮੁਕਤੀ
ਦੀ ਜੁਗਤੀ ਦੱਸਦਾ ਹੈ।
ਹਰਿ ਕਾ ਨਾਮੁ ਜਨ ਕਉ ਮੁਕਤਿ ਜੁਗਤਿ॥
ਇਸ ਅਸਟਪਦੀ ਵਿੱਚ ਸਭ ਤੋਂ ਉੱਚੀ ‘ਹਰਿ ਦੀ ਕਥਾ’ ਦਾ ਲੱਕਸ਼ ਰੱਖਿਆ ਗਿਆ ਹੈ।
‘ਹਰਿ ਕੀ ਕਥਾ’ ਦਾ ਅਰਥ ਸੰਤ ਬਾਬਿਆਂ ਨੇ ਆਪਣੀ ਮਰਜ਼ੀ ਨਾਲ ਕਰ ਲਿਆ ਹੈ। ਜਿਹੜਾ ਬਾਬਾ ਗੁਰੂ ਗ੍ਰੰਥ
ਸਾਹਿਬ ਜੀ ਦੀ ਹਜ਼ੂਰੀ ਵਿੱਚ ਸਭ ਤੋਂ ਵੱਧ ਗੈਰ ਕੁਦਰਤੀ ਤੇ ਗਪੌੜਿਆਂ ਦੀ ਛਹਿਬਰ ਲਾਵੇ, ਉਸ ਨੂੰ ਇਹ
ਹਰਿ ਕੀ ਕਥਾ ਕਹਿੰਦੇ ਹਨ। ਪਰ ਗੁਰੂ ਜੀ ਤਾਂ ਕਹਿ ਰਹੇ ਹਨ ਕਿ ਭਾਈ ਨਾਮ (ਸੱਚ) ਨੂੰ ਸੁਣ ਤਾਂ ਕਿ
ਤੈਨੂੰ ਰੱਬੀ ਕਨੂੰਨ ਦਾ ਪਤਾ ਲੱਗ ਸਕੇ। ਰੱਬ ਜੀ ਦੇ ਹੁਕਮ ਵਿੱਚ ਚੱਲਿਆਂ ਹੀ ਸਾਡੇ ਅੰਦਰਲੇ ਭੈੜੇ
ਵਿਕਾਰ ਸਾਥੋਂ ਦੂਰ ਹੋ ਜਾਣਗੇ।
ਸਭ ਤੇ ਊਤਮ ਹਰਿ ਕੀ ਕਥਾ॥
ਨਾਮੁ ਸੁਨਤ ਦਰਦ ਦੱਖ ਲਥਾ॥
ਅਖੀਰਲੇ ਬੰਦ ਵਿੱਚ ਗੁਰਦੇਵ ਪਿਤਾ ਜੀ ਕਹਿ ਰਹੇ ਹਨ ਕਿ ਨਾਮੁ (ਸੱਚ) ਦੇ
ਬਰਾਬਰ ਦੀ ਕੋਈ ਵੀ ਵਸਤੂ ਨਹੀਂ ਹੈ। ਪਰ ਜਿਹਨਾਂ ਨੂੰ ਸਮਝ ਆ ਜਾਂਦੀ ਹੈ ਉਹ ਹੀ ਗੁਰੂ ਜੀ ਦੇ ਪਾਸ
ਬੈਠ ਕੇ ਗੁਰੂ ਜੀ ਨਾਲ ਵਿਚਾਰਾਂ ਕਰਕੇ ਇਸ ਦੀ ਪ੍ਰਾਪਤੀ ਕਰ ਲੈਂਦੇ ਹਨ।
ਨਾਮ ਤੁਲਿ ਕਛੁ ਅਵਰੁ ਨ ਹੋਇ॥
ਨਾਨਕ, ਗੁਰਮੁਖਿ ਨਾਮੁ ਪਾਵੈ ਜਨੁ ਕੋਇ॥
ਇਸ ਅਸਟਪਦੀ ਵਿੱਚ ਪ੍ਰਮਾਤਮਾ ਦੇ ਨਾਮ ਨੂੰ ਗੁਰੂ ਜੀ ਦਾ ਉਪਦੇਸ਼ ਹੀ ਦੱਸਿਆ
ਗਿਆ ਹੈ ਤੇ ਇਹ ਉਪਦੇਸ਼ ਸੱਚ ਦਾ ਮਾਰਗ ਹੈ। ਨਿਤਾ ਪ੍ਰਤੀ ਸੱਚ ਦਾ ਅਭਿਆਸ ਕਰਨ ਨੂੰ ਹੀ ਨਾਮ ਸਿਮਰਨਾ
ਕਿਹਾ ਗਿਆ ਹੈ। ਗੁਰਬਾਣੀ ਦੀਆਂ ਮਹਾਨ ਬਰੀਕੀਆਂ ਗੁਰਬਾਣੀ ਵਿਚੋਂ ਹੀ ਖੁਲ੍ਹ ਜਾਂਦੀਆਂ ਹਨ।
‘ਗੁਰਮੁਖਿ’ ਦੇ ‘ਖ’ ਨੂੰ ਸਿਹਾਰੀ ਆਉਣ ਨਾਲ ਸਾਰੀ ਗੱਲ ਸਹਿਜ ਨਾਲ ਹੀ ਸਮਝ ਵਿੱਚ ਆ ਜਾਂਦੀ ਹੈ, ਕਿ
ਨਾਮ ਕਿਸੇ ਖਾਸ ‘ਸਾਧੜੇ’ ਪਾਸੋਂ ਲੈਣ ਦੀ ਜ਼ਰੂਰਤ ਨਹੀਂ ਹੈ, ਇਹ ਤੇ ਸਗੋਂ ਗੁਰੂ ਜੀ ਦਾ ਉਪਦੇਸ਼ ਹੀ
ਹੈ। ਗੁਰਬਾਣੀ ਦੀ ਇਹ ਵਿਆਕਰਣ ਹੈ ਕਿ ਨਾਮ ਦੇ ਮਗਰਲੇ ਅਖੱਰ ਨੂੰ ਜਦੋਂ ਸਿਹਾਰੀ ਆ ਜਾਂਦੀ ਹੈ ਤਾਂ
ਉਸ ਦਾ ਅਰਥ ਬਣ ਜਾਂਦਾ ਹੈ ਦੁਆਰਾ, ਰਾਂਹੀ, ਵਿੱਚ , ਨਾਲ ਤਾਂ ਫਿਰ
“ਗੁਰਮੁਖਿ ਨਾਮੁ ਪਾਵੈ ਜਨੁ ਕੋਇ”
ਗੁਰੂ ਜੀ ਦੁਆਰਾ ਹੀ ਨਾਮ ਦੀ ਪਰਾਪਤੀ ਹੁੰਦੀ ਹੈ। ਨਾਮ ਦਾ ਭਾਵ ਗੁਰ-ਗਿਆਨ, ਗੁਰ-ਉਪਦੇਸ਼ ਤੋਂ ਹੈ
ਜੋ ਰੱਬੀ ਨਿਯਮਾਵਲੀ ਦੇ ਰੂਪ ਵਿੱਚ ਪ੍ਰਗਟ ਹੁੰਦਾ ਹੈ।