.

ਸੁਖਮਨੀ ਦਾ ਸਿਧਾਂਤਿਕ ਪੱਖ

ਕਾਂਡ 5

ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ

ਇੱਕ ਮਾਈ ਦਾ ਪੁੱਤਰ ਗੁੜ੍ਹ ਬਹੁਤ ਖਾਂਦਾ ਸੀ, ਉਹ ਪਿੰਡ ਦੇ ਕਿਸੇ ਸਿਆਣੇ ਮਨੁੱਖ ਪਾਸ ਲੈ ਗਈ ਕਿ ਇਸ ਨੂੰ ਕਹੋ ਕਿ ਇਹ ਬੱਚਾ ਗੁੜ੍ਹ ਨਾ ਖਾਇਆ ਕਰੇ। ਸਿਆਣਾ ਬਜ਼ੁਰਗ ਕਹਿਣ ਲੱਗਾ, “ਕਿ ਮਾਤਾ ਜੀ ਤੁਸੀਂ ਕਲ੍ਹ ਨੂੰ ਆਇਆ ਜੇ”। ਮਾਤਾ ਜੀ ਅਗਲੇ ਦਿਨ ਫਿਰ ਆ ਗਈ, ਕਿ, “ਮੇਰੇ ਬੱਚੇ ਨੂੰ ਕਹੋ ਕਿ ਇਹ ਗੁੜ੍ਹ ਨਾ ਖਾਇਆ ਕਰੇ”, ਸਿਆਣੇ ਆਦਮੀ ਨੇ ਕਿਹਾ, “ਕਿ ਕਾਕਾ ਗੁੜ੍ਹ ਨਾ ਖਾਇਆ ਕਰ ਦੰਦ ਖ਼ਰਾਬ ਹੋ ਜਾਂਦੇ ਹਨ”। ਮਾਤਾ ਜੀ ਕਹਿਣ ਲਗੀ, “ਕਿ ਭਾਈ ਜੀ ਜੇ ਇਤਨੀ ਗੱਲ ਹੀ ਕਹਿਣੀ ਸੀ ਤਾਂ ਇਹ ਕਲ੍ਹ ਕਹਿ ਦੇਂਦੇ ਸਾਨੂੰ ਅੱਜ ਫੇਰਾ ਮਾਰਨ ਦੀ ਜ਼ਰੂਰਤ ਨਾ ਰਹਿੰਦੀ”। ਸਿਆਣਾ ਆਦਮੀ ਕਹਿੰਦਾ, “ਕਿ ਕਲ੍ਹ ਮੈਂ ਆਪ ਗੁੜ੍ਹ ਖਾਧਾ ਹੋਇਆ ਸੀ, ਇਸ ਲਈ ਮੈਂ ਬੱਚੇ ਨੂੰ ਕਿਵੇਂ ਕਹਿ ਸਕਦਾ ਸੀ ਕਿ ਕਾਕਾ ਤੂੰ ਗੁੜ੍ਹ ਨਾ ਖਾਇਆ ਕਰ”। ਹੁਣ ਦੇਖਣ ਵਾਲੀ ਗੱਲ ਤਾਂ ਇਹ ਹੈ ਇਹਨਾਂ ਸਾਧਾਂ ਨੇ ਆਪ ਗੁੜ੍ਹ ਤਾਂ ਛੱਡਿਆ ਨਹੀਂ ਹੋਇਆ ਤੇ ਦੂਜਿਆਂ ਨੂੰ ਕਹਿ ਰਹੇ ਹਨ ਕਿ ਤੁਸੀਂ ਗੁੜ੍ਹ ਨਾ ਖਾਇਆ ਜੇ। ਹੁਣ ਇਹ ਸਾਰੇ ਹੀ ਕਹੀ ਜਾਂਦੇ ਹਨ ਕਿ ਭਾਈ ਭੇਖੀ ਸਾਧ ਬਹੁਤ ਪੈਦਾ ਹੋ ਗਏ ਹਨ ਇਹਨਾਂ ਤੋਂ ਬਚੋ ਆਪ ਉਹ ਸਾਰੇ ਕਰਮ-ਕਾਂਡ ਕਰ ਰਹੇ ਹਨ ਜਿੰਨ੍ਹਾਂ ਤੋਂ ਸਾਨੂੰ ਗੁਰਬਾਣੀ ਰੋਕਦੀ ਹੈ। ਇਹਨਾਂ ਸਾਧਾਂ ਦੇ ਡੇਰਿਆਂ `ਤੇ ਸਾਰੀ ਗੁਰਬਾਣੀ ਨੂੰ ਛੱਡ ਕੇ ਕੇਵਲ ਸੁਖਮਨੀ ਦਾ ਹੀ ਪਾਠ ਕੀਤਾ ਜਾਂਦਾ ਹੈ ਤੇ ਫਿਰ ਸੁਖਮਨੀ ਸਾਹਿਬ ਦੀ ਭੇਟਾ ਵੀ ਬੰਨ੍ਹੀ ਹੋਈ ਹੈ। ਓਂਜ ਇਹਨਾਂ ਦੇ ਡੇਰਿਆਂ `ਤੇ ਸੁਖਮਨੀ ਦਾ ਪਾਠ ਕਰਨ ਵਾਲੇ ਫ਼ਰੀ ਸ਼ਰਧਾਲੂ ਮਿਲ ਜਾਂਦੇ ਹਨ, ਪਰ ਭੇਟਾ ਪਰਵਾਰ ਪਾਸੋਂ ਜ਼ਰੂਰ ਲਈ ਜਾਂਦੀ ਹੈ। ਜੇ ਗੁਰਬਾਣੀ ਦੂਜਿਆਂ ਦੇ ਧਰਮਾਂ ਦਾ ਕਰਮ-ਕਾਂਡ ਦੱਸ ਰਹੀ ਹੈ ਇਸ ਦਾ ਅਰਥ ਇਹ ਨਹੀਂ ਕਿ ਇਹ ਸਾਡੇ `ਤੇ ਲਾਗੂ ਨਹੀਂ ਹੁੰਦੀ। ਗੁਰਦੁਆਰਿਆਂ ਵਿੱਚ ਪੰਡਿਤ, ਮੁੱਲਾਂ, ਕਾਜ਼ੀ ਇਤਿਆਦਿਕ ਤਾਂ ਹੁਣ ਬੈਠਦੇ ਨਹੀਂ, ਗੁਰਬਾਣੀ ਤਾਂ ਸੁਣ ਸਿੱਖ ਰਹੇ ਹਨ, ਫਿਰ ਇਸ ਦਾ ਇਕੋ ਇੱਕ ਉੱਤਰ ਹੈ ਕਿ ਇਹ ਗੁਰਬਾਣੀ ਸਾਨੂੰ ਜੀਵਨ ਜਾਚ ਦੇ ਰਹੀ ਹੈ ਜੋ ਗੱਲ ਅਨਮਤ ਵਾਲਿਆਂ ਨੂੰ ਕਹੀ ਹੈ ਉਹ ਸਾਡੇ `ਤੇ ਵੀ ਲਾਗੂ ਹੁੰਦੀ ਹੈ। ਦਿਖਾਵੇ ਦੇ ਪਾਠਾਂ ਨੂੰ ਤੀਸਰੀ ਅਸਟਪਦੀ ਕੀ ਕਹਿ ਰਹੀ ਹੈ ਧਿਆਨ ਦੇਣ ਦੀ ਲੋੜ ਹੈ:---

ਬਹੁ ਸਾਸਤ੍ਰ ਬਹੁ ਸਿਮ੍ਰਿਤੀ ਪੇਖੇ ਸਰਬ ਢਡੋਲਿ॥

ਪੂਜਸਿ ਨਾਹੀ ਹਰਿ ਰਹੇ ਨਾਨਕ ਨਾਮ ਅਮੋਲ॥

ਬਹੁਤ ਸਾਸ਼ਤ੍ਰ ਤੇ ਬਹੁ ਸਿਮ੍ਰਿਤੀਆਂ, ਅਸਾਂ ਸਾਰੇ ਖੋਜ ਕੇ ਦੇਖ ਲਏ ਹਨ; ਇਹ ਸਾਰੀਆਂ ਧਾਰਮਿਕ ਪੁਸਤਕਾਂ ਕਰਮ-ਕਾਂਡ ਨਿਬਾਹੁੰਣ ਦਾ ਹੀ ਸੱਦਾ ਦੇਂਦੇ ਹਨ। ਇਹ ਧਾਰਮਿਕ ਗ੍ਰੰਥ ਪਰਮਾਤਮਾ ਦੇ ਨਾਮ ਦਾ ਕੋਈ ਵੀ ਮੁਕਾਬਲਾ ਨਹੀਂ ਕਰ ਸਕਦੇ।

ਹੈਰਾਨਗੀ ਇਸ ਗੱਲ ਦੀ ਹੈ ਕਿ ਅਖੌਤੀ ਸਾਧ ਲਾਣੇ ਨੇ ਭੋਲ਼ੀ ਤੇ ਰੱਬ `ਤੇ ਭਰੋਸਾ ਰੱਖਣ ਵਾਲੀ ਸੰਗਤ ਪਾਸੋਂ ਉਹ ਹੀ ਕੰਮ ਕਰਵਾਏ ਜਾ ਰਹੇ ਹਨ, ਜਿੰਨ੍ਹਾਂ ਦੀ ਗੁਰਬਾਣੀ ਨੇ ਪੁਰਜ਼ੋਰ ਸ਼ਬਦਾਂ ਵਿੱਚ ਨਿਖੇਧ ਕੀਤਾ ਹੈ। ਹਰ ਡੇਰੇਦਾਰ ਸਾਧ ਹੱਥ ਵਿੱਚ ਮਾਲ਼ਾ ਘੁਮਾ ਰਿਹਾ ਹੈ, ਤੇ ਨਾਲ ਇੱਕ ਦੋ ਗਲ਼ ਵਿੱਚ ਵੀ ਪਾਈਆਂ ਹੋਈਆਂ ਹਨ, ਅਗਾਂਹ ਉਸ ਦੇ ਸ਼ਰਧਾਲੂ ਮਾਲ਼ਾ ਵੰਡੀ ਵੀ ਜਾਣਗੇ, ਨਾਲ ਵਿੱਧੀ ਪੂਰਵਕ ਸੁਖਮਨੀ ਸਾਹਿਬ ਜੀ ਦੇ ਪਾਠ ਕਰਨ ਦੀ ਜੁਗਤੀ ਵੀ ਸਮਝਾਈ ਜਾਣਗੇ ਕਿਉਂਕਿ ਸੰਤ ਦੀ ਨਿੰਦਿਆ ਤੇ ਸਾਧ ਦੀ ਮਹਿਮਾਂ ਇਹਨਾਂ ਆਪਣੇ ਵਾਸਤੇ ਰਾਖਵੀਂ ਰੱਖ ਲਈ ਹੈ। ਸੰਸਾਰ ਨੂੰ ਇਹਨਾਂ ਨੇ ਇੱਕ ਨਵੇਕਲੀ ਜੁਗਤੀ ਦੱਸੀ ਹੈ ਕਿ ਬਿਹੰਗਮ ਰਹਿਣਾ ਹੈ ਭਾਵ ਵਿਆਹ ਨਹੀਂ ਕਰਾਉਣਾ ਪਰ ਇਹ ਆਪਣਾ ਜਤ ਕਾਇਮ ਰੱਖ ਹੀ ਨਹੀਂ ਸਕੇ ਨਿੱਤ ਇਹਨਾਂ ਦੇ ਘਟੀਆ ਕਿਰਦਾਰ ਦੀਆਂ ਖ਼ਬਰਾਂ ਛੱਪਦੀਆਂ ਹੀ ਰਹਿੰਦੀਆਂ ਹਨ। ਤੇ ਕਈ ਟੁੱਚਲ਼ ਮਹਾਂ-ਪੁਰਖਾਂ ਨੇ ਲੋਕਾਂ ਦੀ ਨਿਮੋਸ਼ੀ ਤੋਂ ਡਰਦਿਆਂ ਆਤਮਹੱਤਿਆਂ ਵੀ ਕੀਤੀਆਂ ਹਨ। ਗੁਰੂ ਸਾਹਿਬ ਜੀ ਨੇ ਜਾਪ, ਤਾਪ, ਦਿਖਾਵੇ ਦਾ ਧਿਆਨ ਧਰਨਾ ਗੱਲ ਕੀ ਜਿੰਨੀਆਂ ਵੀ ਇਹਨਾਂ ਪਾਖੰਡੀ ਬ੍ਰਹਮ ਗਿਆਨੀਆਂ ਨੇ ਵਿੱਧੀਆਂ ਸਮਝਾਈਆਂ ਹਨ ਤੀਸਰੀ ਅਸਟਪਦੀ ਦੇ ਪਹਿਲੇ ਬੰਦ ਵਿੱਚ ਉਹ ਸਾਰੀਆਂ ਵਿਧੀਆਂ ਤੇ ਕਰਮ-ਕਾਂਡਾਂ ਨੂੰ ਮੁੱਢੋਂ ਰੱਦ ਕਰਦਿਆਂ ‘ਗੁਰਮੁਖਿ ਨਾਮੁ’ ਭਾਵ ਗੁਰੂ ਜੀ ਦੇ ਉਪਦੇਸ਼ ਨੂੰ ਸਮਝਣ ਲਈ ਕਿਹਾ ਹੈ:---

ਜਾਪ ਤਾਪ ਗਿਆਨ ਸਭਿ ਧਿਆਨ॥

ਖਟ ਸਾਸਤ ਸਿਮ੍ਰਿਤਿ ਵਖਿਆਨ॥

ਜੋਗ ਅਭਿਆਸ ਕਰਮ ਧ੍ਰਮ ਕਿਰਿਆ॥

ਸਗਲ ਤਿਆਗਿ ਬਨ ਮਧੇ ਫਿਰਿਆ॥

ਅਨਿਕ ਪ੍ਰਕਾਰ ਕੀਏ ਬਹੁ ਜਤਨਾ॥

ਪੁੰਨ ਦਾਨ ਹੋਮੇ ਬਹੁ ਰਤਨਾ॥

ਸਰੀਰੁ ਕਟਾਇ ਹੋਮੇ ਕਰਿ ਰਾਤੀ॥

ਵਰਤ ਨੇਮ ਕਰੈ ਬਹੁ ਭਾਤੀ॥

ਨਹੀ ਤੁਲਿ ਰਾਮ ਨਾਮ ਬਿਚਾਰ॥

ਨਾਨਕ ਗੁਰਮੁਖਿ ਜਪੀਐ ਇੱਕ ਬਾਰ॥

ਹੋਰ ਵਿਸਥਾਰ ਨਾਲ ਸਮਝਣ ਲਈ –ਜੇ ਕੋਈ ਵੇਦ ਮੰਤ੍ਰਾਂ ਦੇ ਜਾਪ ਕਰੇ, ਸਰੀਰ ਨੂੰ ਧੂਣੀਆਂ ਨਾਲ ਤਪਾ ਲਏ, ਹੋਰ ਕਈ ਗਿਆਨ ਦੀਆਂ ਗੱਲਾਂ ਕਰੇ, ਦੇਵਤਿਆਂ ਦਾ ਧਿਆਨ ਧਰੇ ਤੇ ਛੇ ਸ਼ਾਸਤ੍ਰਾਂ, ਸਿਮ੍ਰਿਤੀਆਂ ਦਾ ਉਪਦੇਸ਼ ਕਰੇ। ਜੋਗ ਸਾਧਨਾਂ ਕਰੇ, ਕਰਮ-ਕਾਂਡੀ ਧਰਮ ਦੀ ਕਿਰਿਆ ਕਰੇ ਜਾਂ ਸਾਰੇ ਕੰਮ ਛੱਡ ਕੇ ਜੰਗਲ਼ਾਂ ਵਿੱਚ ਭਉਂਦਾ ਫਿਰੇ। ਅਨੇਕਾਂ ਕਿਸਮਾਂ ਦੇ ਪੁੰਨ ਦਾਨ ਕਰੇ, ਬਹੁਤ ਸਾਰਾ ਘਿਉ ਹਵਨ ਕਰੇ, ਆਪਣੇ ਸਰੀਰ ਨੂੰ ਰਤੀ ਰਤੀ ਕਰਕੇ ਕਟਾ ਕੇ ਅੱਗ ਵਿੱਚ ਸਾੜ ਦੇਵੇ ਤੇ ਕਈ ਪ੍ਰਕਾਰ ਦੇ ਵਰਤਾਂ ਦਾ ਬੰਧੇਜ ਕਰੇ; ਇਹ ਸਾਰੇ ਪ੍ਰਭੂ ਜੀ ਦੇ ਨਾਮ ਦੇ ਤੁਲ ਨਹੀਂ ਹਨ। ਇੱਕ ਵੱਡੇ ਡੇਰੇ ਦੇ, ਇੱਕ ਕਮਰੇ ਦੇ ਬਾਹਰ ਲਿਖਿਆ ਹੋਇਆ ਹੈ ਕਿ ਸੱਚ ਖੰਡ ਦੇ ਦਰਸ਼ਨ ਕਰਨ ਲਈ ਇਤਨੇ ਸੁਖਮਨੀ ਜਾਂ ਜਪੁ ਜੀ ਦੇ ਪਾਠ ਕਰਨੇ ਪੈਣਗੇ ਫਿਰ ਸੱਚ ਖੰਡ ਦੇ ਦਰਸ਼ਨ ਹੋਣਗੇ, ਜੋ ਕਿ ਪਾਖੰਡਾਂ ਦਾ ਸਿਖਰ ਹੈ। ਇਸ ਲਈ ਸਿੱਖ ਨੂੰ ਐਡਾ ਔਖਿਆਂ ਹੋਣ ਦੀ ਲੋੜ ਨਹੀਂ ਸਿਰਫ ‘ਗੁਰਮੁਖਿ ਨਾਮੁ’ ਦੇ ਅਭਿਆਸ ਦੀ ਲੋੜ ਹੈ ਭਾਵ ਗੁਰੂ ਜੀ ਦੇ ਉਪਦੇਸ਼ ਨੂੰ ਸਮਝਣ ਦੀ ਜ਼ਰੂਰਤ ਹੈ।

ਸਾਰੀ ਗੁਰਬਾਣੀ ਵਿੱਚ ਇਕਸਾਰਤਾ ਦੀ ਸਾਂਝ ਹੈ ਤੇ ਸੁਖਮਨੀ ਬਾਣੀ ਵੀ ਸਾਰੀ ਬਾਣੀ ਵਾਂਗ ਗੁਰਬਾਣੀ ਦਾ ਹਿੱਸਾ ਹੈ। ਜੋ ਉਪਦੇਸ਼ ਬਾਕੀ ਬਾਣੀ ਵਿੱਚ ਹਨ, ਉਹ ਉਪਦੇਸ਼ ਹੀ ਏਸੇ ਬਾਣੀ ਵਿੱਚ ਹਨ। ਤਿੰਨ ਸ਼ਬਦ ਸੰਤ, ਸਾਧ, ਬ੍ਰਹਮ-ਗਿਆਨੀ ਆਉਣ ਕਰਕੇ ਪੰਜਾਬ ਦੇ ਸੌਲ਼ਾਂ ਹਜ਼ਾਰ ਸਾਧ-ਲਾਣੇ ਨੇ ਇਹ ਮਿੱਥ ਬਣਾ ਲਈ ਹੈ ਸੁਖਮਨੀ ਸਿਰਫ ਸਾਡੀ ਮਹਾਨਤਾ ਲਈ ਹੀ ਉਚਾਰਨ ਕੀਤੀ ਗਈ ਹੈ। ਜਿਸ ਸੰਤ ਦੀ ਸੁਖਮਨੀ ਵਿੱਚ ਗੱਲ਼ ਕੀਤੀ ਗਈ ਹੈ ਉਹ ਅਸੀਂ ਹੀ ਹਾਂ। ਇਸ ਲਈ ਇਹਨਾਂ ਨੇ ਆਪਣੇ ਮਨਸੂਬਿਆਂ ਕਰਕੇ ਕੇਵਲ ਸੁਖਮਨੀ ਸਾਹਿਬ ਦੀ ਇੱਕ ਬਾਣੀ ਪੜ੍ਹਨ `ਤੇ ਹੀ ਜ਼ੋਰ ਦਿੱਤਾ ਹੈ, ਉਹ ਵੀ ਵਿਚਾਰਨ ਲਈ ਨਹੀਂ ਸਗੋਂ ਵਿੱਧੀ-ਪੂਰਵਕ ਪਾਠ ਕਰਨ ਲਈ ਹੀ ਕਿਹਾ ਹੈ।

ਜਿਸ ਜਾਪ, ਤਾਪ, ਮਾਲ਼ਾ ਘਮਾਉਣੀਆਂ, ਚਲੀਹੇ ਕੱਟਣੇ, ਤੀਰਥਾਂ `ਤੇ ਜਾ ਕੇ ਇਸ਼ਨਾਨ ਕਰਨ ਨੂੰ ਸੁਖਮਨੀ ਖੁਲ੍ਹੇ ਸ਼ਬਦਾਂ ਵਿੱਚ ਰੱਦ ਕਰਦੀ ਹੈ, ਪਰ ਇਹ ਅਖੌਤੀ ਬ੍ਰਹਮ ਗਿਆਨੀ ਸਾਰੇ ਵਹਿਮ ਭਰਮ ਸਿੱਖਾਂ ਵਿੱਚ ਲੈ ਕੇ ਆ ਰਹੇ ਹਨ। ਥੋੜ੍ਹੇ ਚਿਰ ਤੋਂ ਜੋਗ ਮਤ ਵਰਗਾ ਸਿਮਰਨ ਵੀ ਸਿੱਖ ਧਰਮ ਵਿੱਚ ਘਰ ਕਰ ਬੈਠਾ ਹੈ। ਨਿਉਲੀ ਕਰਮ ਜਾਂ ਹੋਰ ਕਈ ਪ੍ਰਕਾਰ ਦੇ ਸੰਜਮ ਇਹ ਸਾਧ ਆਪ ਵੀ ਕਰ ਰਹੇ ਹਨ ਤੇ ਭੋਲ਼ੀ ਸੰਗਤ ਪਾਸੋਂ ਵੀ ਕਰਵਾ ਰਹੇ ਹਨ।

ਨਿਉਲੀ ਕਰਮ ਕਰੈ ਬਹੁ ਆਸਨ॥ ਜੈਨ ਮਾਰਗ ਸੰਜਮ ਅਤਿ ਸਾਧਨ॥

ਆਪਣੇ ਆਪ ਨੂੰ ਸਿਰਮੋਰ ਅਖਵਾਉਣ ਵਾਲੀਆਂ ਸਾਡੀਆਂ ਪੰਥਕ ਜੱਥੇਬੰਦੀਆਂ ਮਿੱਟੀ ਨਾਲ ਹੱਥ ਸਾਫ਼ ਕਰਨ ਉਤੇ ਹੀ ਅਟਕ ਗਈਆਂ ਹਨ, ਪਰ ਮਨ ਦੀ ਮੈਲ ਦੂਰ ਹੋਈ ਕੋਈ ਨਹੀਂ ਹੈ। ਜੇ ਕਿਤੇ ਪਤਾ ਲੱਗ ਜਾਏ ਇਹ ਮਿਸ਼ਨਰੀ ਹੈ ਤਾਂ ਇਹਨਾਂ ਦੇ ਅੰਦਰਲ਼ੀ ਨਫ਼ਰਤ ਦੀ ਮੈਲ ਜ਼ਬਾਨ ਰਾਂਹੀ ਪ੍ਰਗਟ ਹੋਣ ਲੱਗ ਪੈਂਦੀ ਹੈ। ਕਈ ਸਾਧਾਂ ਨੇ `ਤੇ ਏੱਥੋਂ ਤਕ ਵੀ ਕਿਹਾ ਹੈ ਜਦੋਂ ਵੀ ਬਾਥ ਰੂਮ ਜਾਓ ਓਦੋਂ ਹੀ ਆਣ ਕੇ ਸਣੇ ਕੇਸਾਂ ਦੇ ਇਸ਼ਨਾਨ ਕੀਤਾ ਜਾਏ, ਤਾਂ ਹੀ ਸੁੱਚ ਰਹਿ ਸਕਦੀ ਹੈ। ਮੇਰੇ ਪਰਮ ਮਿੱਤਰ ਗਿਆਨੀ ਮਹਿੰਦਰ ਸਿੰਘ ਜੀ ਕਹਿਣ ਲੱਗੇ, ਕਿ ਮੈਨੂੰ ਇੱਕ ਵਾਰੀ ਇੱਕ ਵੀਰ ਦਾ ਰਾਤ ਦੇ ਦਸ ਵਜੇ ਟੈਲੀ ਫੂਨ ਆਇਆ ਕਿ ਭਾਈ ਸਾਹਿਬ ਜੀ ਮੈਨੂੰ ਬਾਥ ਰੂਮ ਜਾਣਾ ਪੈ ਗਿਆ ਹੈ ਕਿਰਪਾ ਕਰਕੇ ਤੁਸੀਂ ਆਣ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਕਰ ਦਿਓ। ਭਾਈ ਜੀ ਨੇ ਕਿਹਾ ਏਨਾ ਵਹਿਮ ਨਹੀਂ ਕਰੀਦਾ ਹੱਥ ਪੈਰ ਧੋ ਕੇ ਸਾਫ਼ ਕਰੋ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਕਰ ਦਿਓ। ਵਾਲ਼ ਤੋਂ ਛਿੱਲ ਲਾਹਿਆਂ ਕੁੱਝ ਵੀ ਨਹੀਂ ਬਣਨਾ। ਕਈ ਸਾਧਾਂ ਨੇ ਸੁੱਚ ਦੇ ਨਾਂ `ਤੇ ਲਾਂਗਰੀ ਆਪਣੇ ਪਹਿਲਾਂ ਹੀ ਘੱਲੇ ਹੁੰਦੇ ਹਨ। ਜਿੱਥੇ ਇਹਨਾਂ ਦਾ ਲੰਗਰ ਬਣਦਾ ਹੈ ਕੀ ਮਜਾਲ ਹੈ ਜੇ ਕਿਸੇ ਨਿਆਣੇ ਨੂੰ ਦੁੱਧ ਦਾ ਘੁੱਟ ਹੀ ਮਿਲ ਜਾਏ। ਜਿਹੜੇ ਸਾਧਾਂ ਨੇ ਸੁਖਮਨੀ ਵਰਗੀ ਮਹਾਨ ਬਾਣੀ ਦਾ ਸੰਗਤ ਪਾਸੋਂ ਪਾਠ ਕਰ ਕੇ ਆਪਣੀ ਪੂਜਾ ਕਰਾਈ ਹੈ ਉਸ ਮਹਾਨ ਬਾਣੀ ਦੇ ਇੱਕ ਵੀ ਉਪਦੇਸ਼ ਨੂੰ ਇਹਨਾਂ ਨੇ ਨਹੀਂ ਮੰਨਿਆਂ। ਗੁਰੂ ਸਾਹਿਬ ਜੀ ਨੇ ਸੁਖਮਨੀ ਸਾਹਿਬ ਵਿੱਚ ਇਹਨਾਂ ਨੂੰ ਭੇਖੀਆਂ, ਦੰਭੀਆਂ, ਪਾਖੰਡੀਆਂ ਨੂੰ ਸਾਰੇ ਸੰਸਾਰ ਦੇ ਸਾਹਮਣੇ ਖੜਾ ਕਰ ਰਹੇ ਹਨ। ਪਰ ਜੇ ਅਸੀਂ ਅਜੇ ਵੀ ਇਹਨਾਂ ਦੇ ਮੱਕੜੀ ਜਾਲ਼ ਨੂੰ ਨਾ ਸਮਝੀਏ ਤਾਂ ਕਸੂਰ ਆਪੇ ਬਣੇ ਸਾਧ-ਲਾਣੇ ਦਾ ਨਹੀਂ, ਸਾਡਾ ਵੀ ਹੈ। ਬਾਹਰ ਦੀ ਸੁੱਚ ਰੱਖਣ ਵਾਲਿਆਂ ਨੂੰ ਗੁਰੂ ਜੀ ਕੀ ਕਹਿਣਾ ਚਾਹੁੰਦੇ ਹਨ, ਲਓ ਕਰੋ ਦਰਸ਼ਨ ਇਹਨਾਂ ਤੁਕਾਂ ਦੇ।

ਮਨ ਕਾਮਨਾ ਤੀਰਥ ਦੇਹ ਛੁਟੈ॥ ਗਰਬੁ ਗੁਮਾਨੁ ਨ ਮਨ ਤੇ ਹੁਟੈ॥

ਸੋਚ ਕਰੈ ਦਿਨਸੁ ਅਰੁ ਰਾਤਿ॥ ਮਨ ਕੀ ਮੈਲੁ ਨ ਤਨ ਤੇ ਜਾਤਿ॥

ਇਸ ਦੇਹੀ ਕਉ ਬਹੁ ਸਾਧਨਾ ਕਰੈ॥ ਮਨ ਤੇ ਕਬਹੂ ਨ ਬਿਖਿਆ ਟਰੈ॥

ਜਲਿ ਧੋਵੈ ਬਹੁ ਦੇਹੁ ਅਨੀਤਿ॥ ਸੁਧ ਕਹਾ ਹੋਇ ਕਾਚੀ ਭੀਤਿ॥

ਕਈ ਵੀਰ ਤਾਲੋਂ ਬੇ ਤਾਲ ਹੋਏ ਲੋਹੇ ਦੇ ਬਰਤਨ ਆਪਣੇ ਝੋਲ਼ੇ ਵਿੱਚ ਹੀ ਰੱਖਦੇ ਹਨ, ਕਈ ਨਵੇਂ ਜੰਮੇ ਸਿੱਖੀ ਰੂਪ ਦੇ ਬ੍ਰਹਮਣਾਂ ਨੇ ਲਿਸ਼ਕਦੀਆਂ ਗੜਵੀਆਂ ਦਿਖਾਵੇ ਲਈ ਆਪਣੇ ਪਾਸ ਰੱਖੀਆਂ ਹੁੰਦੀਆਂ ਹਨ। ਗੁਰੂ ਸਾਹਿਬ ਜੀ ਨੇ ਇਹਨਾਂ ਨੂੰ ਲੰਬੇ ਹੱਥੀਂ ਉਪਦੇਸ਼ ਦੇਂਦਿਆਂ ਕਿਹਾ ਹੈ ਕਿ:---

ਬਹੁਤੁ ਸਿਆਣਪ ਜਮ ਕਾ ਭਉ ਬਿਆਪੈ॥ ਅਨਿਕ ਜਤਨ ਕਰਿ ਤ੍ਰਿਸਨ ਨਾ ਧ੍ਰਾਪੈ॥

ਭੇਖ ਅਨੇਕ ਅਗਨਿ ਨਹੀ ਬੁਝੈ॥ ਕੋਟਿ ਉਪਾਵ ਦਰਗਹ ਨਹੀ ਸਿਝੈ॥

ਸਾਧਾਂ--ਸੰਤਾਂ ਨੇ ਇਹ ਤੁਕਾਂ ਜ਼ਰੂਰ ਸੁਣਾਈਆਂ ਹਨ ਜਿਹਨਾਂ ਨਾਲ ਜਨ ਸਧਾਰਨ ਮਨੁੱਖ ਨੇ ਭੁਲੇਖਾ ਖਾਧਾ ਹੈ ਤੇ ਇੰਜ ਮਹਿਸੂਸ ਹੋਇਆ ਕਿ ਇਹਨਾਂ ਦੀ ਸੇਵਾ ਕੀਤਿਆਂ ਹੀ ਚਾਰ ਪਦਾਰਥ ਸਾਨੂੰ ਮਿਲ ਜਾਣਗੇ। ਬਹੁਤੇ ਭੈਣਾਂ ਵੀਰਾਂ ਨੇ ਇਹ ਹੀ ਸਮਝਿਆਂ ਕਿ ਇਹ ਬਾਬਾ ਜੀ ਹੀ ਹਨ ਜਿਹਨਾਂ ਦੀ ਸੇਵਾ ਕੀਤਿਆਂ ਸਾਨੂੰ ਸਾਰੇ ਪਦਾਰਥ ਮਿਲ ਜਾਣਗੇ:---

ਚਾਰਿ ਪਦਾਰਥ ਜੇ ਕੋ ਮਾਗੈ॥ ਸਾਧ ਜਨਾ ਕੀ ਸੇਵਾ ਲਾਗੈ॥

ਮਹਾਂਰਾਜ ਸ਼ਬਦ ਆਮ ਕਰਕੇ ਪ੍ਰਮਾਤਮਾ ਲਈ ਜਾਂ ਸ਼ਰਧਾ ਭਾਵਨਾ ਨਾਲ ਗੁਰੂ ਮਹਾਂਰਾਜ ਜੀ ਲਈ ਵਰਤਿਆ ਜਾਂਦਾ ਹੈ ਪਰ ਇਹਨਾਂ ਸਾਧਾਂ ਨੇ ਮਕਾਰੀ ਕਰਦਿਆਂ ਆਪਣੇ ਟੁੱਕੜ-ਬੋਚਾਂ ਪਾਸੋਂ ਇਸ ਸ਼ਬਦ ਨੂੰ ਆਪਣੇ ਨਾਮ ਨਾਲ ਵਰਤਣ ਲਈ ਹਮੇਸ਼ਾਂ ਜ਼ੋਰ ਦਿਵਾਇਆ ਹੈ। ਕਈ ਕਈ ਡਿਗਰੀਆਂ ਧਰਮ ਦੀਆਂ ਇਹਨਾਂ ਨੇ ਆਪਣੇ ਨਾਵਾਂ ਨਾਲ ਲਗਾਈਆਂ ਹੋਈਆਂ ਹਨ। ਫਿਰ ਕਹਿਣਗੇ ਜੀ ਅਸੀਂ ਤਾਂ ਸਭ ਤੋਂ ਨੀਵੇਂ ਹਾਂ ਪਰ ਹੰਕਾਰ ਸੱਤੀ ਅਸਮਾਨੀ ਚੜ੍ਹਿਆ ਹੋਇਆ ਦਿਸਦਾ ਨਜ਼ਰੀਂ ਆਏਗਾ। ਇਹਨਾਂ ਦੀ ਨਿੰਮ੍ਰਤਾ ਦੀ ਹੱਦ ਤਾਂ ਉਸ ਦਿਨ ਦੇਖਣ ਵਾਲੀ ਹੁੰਦੀ ਹੈ ਜਿਸ ਦਿਨ ਇਹਨਾਂ ਦਾ ਵੱਡਾ ਮਹਾਂਰਾਜ ਮਰ ਜਾਏ ਤੇ ਉਸ ਦੀ ਸੇਲੀ ਟੋਪੀ ਲੈਣ ਲਈ ਗਾਲ਼ੀ ਗਲੋਚ ਝਗੜਾ, ਤੇ ਹਰ ਪ੍ਰਕਾਰ ਦਾ ਹਰਬਾ ਵਰਤਿਆ ਜਾਂਦਾ ਹੈ। ਸੁਖਮਨੀ ਵਰਗੀ ਮਹਾਨ ਬਾਣੀ ਇਹਨਾਂ ਨੂੰ ਕਹਿ ਰਹੀ ਹੈ ਕਿ:----

ਆਪਸ ਕਉ ਜੋ ਜਾਣੈ ਨੀਚਾ॥ ਸਊ ਗਨੀਐ ਸਭ ਤੇ ਊਚਾ॥

ਜਾ ਕਾ ਮਨੁ ਹੋਇ ਸਗਲ ਕੀ ਰੀਨਾ॥ ਹਰਿ ਹਰਿ ਨਾਮੁ ਤਿਨਿ ਘਟਿ ਘਟਿ ਚੀਨਾ॥

ਮਨ ਆਪੁਨੇ ਤੇ ਬੁਰਾ ਮਿਟਾਨਾ॥ ਪੇਖੈ ਸਗਲ ਸ੍ਰਿਸਟਿ ਸਾਜਨਾ॥

ਗੁਰੂ ਸਾਹਿਬ ਜੀ ਸੁਖਮਨੀ ਸਾਹਿਬ ਜੀ ਦੀ ਇਸ ਅਸਟਪਦੀ ਵਿੱਚ ਬਾਹਰਲੇ ਪਾਖੰਡ ਦੀ ਵਿਆਖਿਆ ਕਰਦਿਆਂ ਅਸਲੀ ਜੀਵਨ ਜੁਗਤੀ ਸਾਡੇ ਸਾਹਮਣੇ ਰੱਖੀ ਹੈ। ਐ ਇਨਸਾਨ ਤੂੰ ਪਹਿਲੇ ਆਪਣੇ ਫ਼ਰਜ਼ ਦੀ ਪਹਿਛਾਣ ਕਰ ਜਿਸ ਨੂੰ ਗੁਰਬਾਣੀ ਨੇ ‘ਨਾਮ’ ਕਿਹਾ ਹੈ। ਧਰਮ, ਕਰਮ ਤੇ ਫ਼ਰਜ਼ ਦੀ ਪਹਿਛਾਣ ਕਰਨੀ ਨਾਮ ਜਪਣਾ ਦੀ ਅਵਸਥਾ ਹੈ ਜੋ ਕਿ ਜੀਵਨ ਦਾ ਸਭ ਤੋਂ ਸ੍ਰਿਸੇਟ ਤੇ ਨਿਰਮਲ ਕਰਮ ਹੈ:--

ਸਰਬ ਧਰਮ ਮਹਿ ਸੇਸ੍ਰਟ ਧਰਮੁ॥ ਹਰਿ ਕੋ ਨਾਮ ਜਪਿ ਨਿਰਮਲ ਕਰਮੁ॥

ਗੁਰੂ ਸਾਹਿਬ ਜੀ ਕਹਿ ਰਹੇ ਹਨ ਕਿ ਸਾਰੀ ਬਾਣੀ ਹੀ ਆਤਮਿਕ ਜੀਵਨ ਦੇਣ ਵਾਲੀ ਹੈ

ਸਗਲ ਬਾਨੀ ਮਹਿ ਅੰਮ੍ਰਿਤ ਬਾਨੀ॥ ਹਰਿ ਕੋ ਜਸੁ ਸੁਨਿ ਰਸਨ ਬਖਾਨੀ॥




.