. |
|
ਸੰਤਾਂ ਦੇ ਕੌਤਕ .....?
(ਭਾਗ ਤੀਜਾ, ਕਿਸ਼ਤ ਨੰ: 10)
ਭਾਈ ਸੁਖਵਿੰਦਰ ਸਿੰਘ ‘ਸਭਰਾ’
ਝੂਠ ਨਾ ਬੋਲ ਸਾਧਾ!
ਜਦੋਂ ਸਾਧਾਂ ਸੰਤਾਂ ਨੇ ਗੁਰਬਾਣੀ ਵਿਚੋਂ ਇਹ ਸਾਧ ਸੰਤ ਬ੍ਰਹਮਗਿਆਨੀ ਸ਼ਬਦ
ਪੜ੍ਹੇ ਤਾਂ ਗੁਰੂ ਹੁਕਮਾਂ ਤੋਂ ਉਲਟ ਇਹ ਆਪਣੇ ਨਾਂਵਾਂ ਨਾਲ ਜੋੜ ਲਏ ੩੭੫ ਸਾਲ ਤੋਂ ਗੁਰੂ ਘਰ ਅੰਦਰ
ਚਲੀ ਆ ਰਹੀ ਰੀਤ ਨੂੰ ਭੰਨਿਆ। ਦੇਹਧਾਰੀ ਗੁਰੂਆਂ ਨੇ ਵੀ ਗੁਰੂ ਸਤਿਗੁਰੂ ਅੱਖਰ ਗੁਰਬਾਣੀ ਵਿਚੋਂ
ਚੋਰੀ ਕਰਕੇ ਆਪਣੇ ਨਾਵਾਂ ਨਾਲ ਜੋੜ ਕੇ ਗੁਰੂ ਦੇ ਕਹੇ ਦੀਆਂ ਧੱਜੀਆਂ ਉਡਾਈਆਂ ਇਹ ਸਾਰੇ ਫਰੇਬੀ
ਲੱਗੇ ਵੰਨ ਸਵੰਨੇ ਝੂਠ ਬੋਲਣ। ਜਿਸ ਤਰ੍ਹਾਂ ਕੋਈ ਬੋਲਦਾ, ਦੇਹਧਾਰੀ ਗੁਰੂ ਦੀ ਲੋੜ ਹੈ, ਕੋਈ ਬੋਲਦਾ
ਵਿਚੋਲੇ ਦੀ ਲੋੜ ਹੈ, ਕੋਈ ਬੋਲਦਾ ਸਾਧ ਸੰਤ ਰੱਬ ਦੇ ਇਕਲੋਤੇ ਬੇਟੇ ਹਨ, ਇਹ ਪੁੱਤਰ ਹਨ, ਕੋਈ
ਬੋਲਦਾ ਔਂਤਰੇ ਰੱਬ ਨੂੰ ਇਹਨਾਂ ਸਾਧਾਂ ਸੰਤਾਂ ਨੇ ਸੌਂਤਰੇ ਬਣਾਇਆ। ਕੋਈ ਬੋਲਦਾ ਇਹਨਾਂ ਸਾਧਾਂ
ਸੰਤਾਂ ਦੀ ਬੱਧੀ ਨਹੀ ਛੁੱਟਦੀ, ਰੱਬ ਦੀ ਬੱਧੀ ਛੁੱਟ ਜਾਂਦੀ ਹੈ, ਕੋਈ ਬੋਲਦਾ ਇਹੀ ਸਾਧ ਸੰਤ ਪਾਰ
ਲਾ ਸਕਦੇ ਹਨ, ਇਹੀ ਸੇਵਾ ਕਰਵਾ ਸਕਦੇ ਹਨ, ਇਹੀ ਅੰਮ੍ਰਿਤ ਛਕਾ ਸਕਦੇ ਹਨ ਪਰ ਇਹ ਸਾਰੇ ਹੀ ਝੂਠ ਬੋਲ
ਰਹੇ ਹਨ। ਬੜੀ ਬਾਰੀਕੀ ਨਾਲ ਸੋਚੀਏ ਤਾਂ ਪਤਾ ਲੱਗਦਾ ਹੈ ਇਹਨਾਂ ਦੇ ਸਾਰੇ ਕੁੱਝ ਕਰਨ ਦਾ ਨਤੀਜਾਂ
ਆਲੇ-ਦੁਆਲੇ ਦੇਖ ਲਉ। ਇਹਨਾਂ ਦੇ ਡੇਰਿਆਂ ਵਿੱਚ ਝੂਠ, ਬੇਈਮਾਨੀ, ਛਲ ਕਪਟ ਧਰਮ ਦੇ ਨਾਂ ਤੇ ਕਰਮ
ਕਾਂਡ ਵਹਿਮ ਭਰਮ ਹਰ ਥਾਂ ਫੈਲੇ ਹੋਏ ਹਨ, ਸਰਕਾਰੀ ਦਫਤਰਾਂ ਵਿੱਚ ਝੂਠ, ਬਾਜਾਰਾਂ ਵਿੱਚ ਝੂਠ,
ਪਿੰਡਾ ਸ਼ਹਿਰਾਂ ਘਰ ਬਾਰ ਝੂਠ, ਇਥੋਂ ਤੱਕ ਕਿ ਗੁਰਦਵਾਰਿਆਂ ਵਿੱਚ ਵੀ ਬੋਲਿਆ ਜਾ ਰਿਹਾ ਝੂਠ, ਇਹਨਾਂ
ਸਾਧਾਂ ਸੰਤਾਂ ਦਾ ਹੀ ਫੈਲਾਇਆ ਹੋਇਆ ਹੈ। ਗੁਰਮਤਿ ਪਿਛੇ ਕਰਕੇ ਇਹਨਾਂ ਮਨਮੱਤ ਫੈਲਾਈ ਹੈ। ਧਰਮ ਦੇ
ਨਾਂ ਤੇ ਇਹਨਾਂ ਅਧਰਮ ਫੈਲਾਇਆ ਹੈ। ਇਹਨਾਂ ਦੇ ਪ੍ਰਚਾਰ ਦਾ ਨਤੀਜਾ, ਸੇਵਾ ਦਾ ਨਤੀਜਾ, ਗੁਰਦਵਾਰਿਆਂ
ਅੰਦਰ ਵੀ ਗੋਲਕਾਂ ਨੂੰ ਜਿੰਦਰੇ ਲੱਗੇ ਹੋਏ ਹਨ। ਡੇਰਿਆਂ ਵਿੱਚ ਗੋਲਕਾਂ ਨੂੰ ਜਿੰਦਰੇ ਲੱਗੇ ਹਨ ਇਹ
ਸਾਧ ਸੰਤ ਦੂਜਿਆਂ ਨੂੰ ਕਹਿੰਦੇ ਸਾਡੇ ਤੇ ਭਰੋਸਾ ਕਰੋ, ਪਰ ਇਹਨਾਂ ਦੇ ਆਪਣੇ ਹੀ ਡੇਰਿਆਂ ਵਿੱਚ
ਇਹਨਾਂ ਨੂੰ ਇੱਕ ਦੂਜੇ ਤੇ ਭਰੋਸਾ ਨਹੀ ਹੈ।
ਲੋਕਾਂ ਦਾ ਭਲਾ ਕਰਨ ਦੇ ਦਮਗਜੇ ਮਾਰਨ ਵਾਲੇ ਸਾਧ ਸੰਤ ਬੁਰੀ ਤਰ੍ਹਾਂ ਫੇਲ੍ਹ
ਹਨ ਕਿਉਂਕਿ ਬਾਹਰਲੇ ਦੇਸ਼ਾ ਵਿੱਚ ਕਈ ਥਾਂਈ ਕੋਈ ਸਾਧ ਸੰਤ ਨਹੀ ਹੈ ਪਰ ਉਥੇ ਸਮਾਜ ਦੇ ਲੋਕਾਂ ਅੰਦਰ
ਇਮਾਨਦਾਰੀ ਕੁੱਟ ਕੁੱਟ ਕੇ ਭਰੀ ਹੋਈ ਹੈ ਸਬਰ ਸੰਤੋਖ ਉਹਨਾਂ ਕੋਲ ਹੈ, ਰੱਬੀ ਗੁਣਾਂ ਦਾ ਗਿਆਨ ਹੈ
ਉਹਨਾਂ ਕੋਲ ਪਰ ਇਥੇ ਅਗਿਆਨ, ਵਹਿਮ ਭਰਮ ਬੇਈਮਾਨੀ ਸਭ ਸਾਧਾਂ ਸੰਤਾਂ ਦਾ ਫੈਲਾਇਆ ਹੋਇਆ ਹੈ। ਸੋ
ਇਹਨਾਂ ਸਾਧਾਂ ਸੰਤਾਂ ਦੀ ਧਰਮ ਸਬੰਧੀ ਕੀਤੀ ਹਰ ਗੱਲ ਝੂਠ ਸਾਬਤ ਹੋਈ ਹੈ।
ਰੋਸ ਨਾ ਕੀਜੈ, ਉਤਰ ਦੀਜੈ॥
(ਸਿਧ ਗੋਸਟਿ)
ਹੇ ਸਾਧ ਸੰਤ ਬ੍ਰਹਮ ਗਿਆਨੀ ਕਹਾਉਣ ਵਾਲਿਉ, ਰੋਸ ਨਾ ਕਰੋ ਜਵਾਬ ਤਾਂ ਦਿਉ
ਤੁਸੀ ਕਿਹੜੀ ਯੂਨੀਵਰਸਟੀ ਤੋਂ ਸੰਤ, ਬ੍ਰਹਮਗਿਆਨੀ ਦੀ ਡਿਗਰੀ ਲੈ ਕੇ ਆਏ ਹੋ? ਗੁਰੂਆਂ ਦੇ ਵੇਲੇ
ਇਤਿਹਾਸ ਗਵਾਹ ਹੈ ਕਿਸੇ ਸਿੰਘ ਨੇ ਸੰਤ ਨਾ ਕਹਾਇਆ ਤੁਸੀਂ ਕਿਉ ਕਹਾਇਆ? ਸਿਰ ਦੇ ਕੇ ਅੰਮ੍ਰਿਤ ਦੀ
ਦਾਤ ਪ੍ਰਾਪਤ ਕਰਨ ਵਾਲੇ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਹਿੰਮਤ ਸਿੰਘ ਜੀ, ਭਾਈ
ਮੋਹਕਮ ਸਿੰਘ ਜੀ, ਭਾਈ ਸਾਹਿਬ ਸਿੰਘ ਜੀ ਪਰ ਤੁਸੀ ---- ਸੰਤ, ਪਰਮ ਸੰਤ, ਪੂਰਨ ਬ੍ਰਹਮ ਗਿਆਨੀ … …
… ਕਿਉਂ?
ਤੁਸੀ ਦੂਜਿਆਂ ਨੂੰ ਸਿੰਘ ਸੱਜਣ ਵਾਸਤੇ ਕਹਿ ਰਹੇ ਹੋ ਤੁਸੀ ਆਪ ਸਿੰਘ ਕਿਉਂ
ਨਹੀ ਸੱਜੇ ਤੁਸੀਂ ਸੰਤ ਕਿਉਂ ਸੱਜ ਗਏ? ਤੁਸੀਂ ਦੂਜਿਆਂ ਨੂੰ ਕਹਿੰਦੇ ਹੋ ਪਰ ਤੁਸੀਂ ਗੁਰੂ ਘਰ ਦੇ
ਸੇਵਾਦਾਰ ਕਿਉਂ ਨਹੀ ਬਣਦੇ? ਗੁਰੂ ਘਰ ਅੰਦਰ ਜਾਤ-ਪਾਤ ਨਹੀ ਹੈ ਤੁਸੀਂ ਜਾਤ-ਪਾਤ ਦੇ ਹਾਮੀ ਕਿਉਂ।
ਗੁਰੂ ਹੁਕਮ ਮੁਤਾਬਕ ਕਬਰ ਪੂਜਾ ਮੜ੍ਹੀ ਪੂਜਾ ਮਨ੍ਹਾ ਹੈ ਪਰ ਤੁਸੀ ਕਬਰਾਂ ਫੱਕਰਾਂ ਦੀ ਪੂਜਾ ਕਿਉ
ਕਰ ਕਰਵਾ ਰਹੇ ਹੋ? ਗੁਰਬਾਣੀ ਗੁਰੂ ਦੇ ਹੁਕਮ ਅਨੁਸਾਰ ਬਾਹਮਣੀ ਸੁੱਚ ਭਿੱਟ, ਛੂਤ-ਛਾਤ, ਗ੍ਰਹਿ
ਨਸ਼ੱਤਰਾਂ ਦੀ ਪੂਜਾ ਧਰਤੀ ਸੁੱਤੀ ਜਾਗਦੀ, ਰੁਤ ਕੁਰੁਤਾਂ, ਵਾਰ ਕਵਾਰ, ਸ਼ਰਾਧ, ਮਰਨ ਜਨਮ ਤੇ ਸੂਤਕ
ਪਾਤਕ ਵਿਚਾਰਨੇ ਸਭ ਵਿਅਰਥ ਹਨ ਪਰ ਤੁਸੀ ਇਹ ਸਾਰਾ ਕੁੱਝ ਕਿਉਂ ਕਰ ਕਰਵਾ ਰਹੇ ਹੋ?
“ਗੁਰੂ ਗਰੰਥ ਸਾਹਿਬ ਜੀ” ਅਤੇ ਸਿੱਖ ਦਾ ਸਿੱਧਾ ਸਬੰਧ ਹੈ ਤੁਸੀ ਵਿੱਚ
ਵਿਚੋਲੇ ਬਣਕੇ (ਤੀਜਾ ਰਲਿਆ ਝੁੱਗਾ ਗਲਿਆ) ਵਾਲੀ ਕਹਾਵਤ ਕਿਉਂ ਸਿੱਧ ਕਰ ਰਹੇ ਹੋ? ਗੁਰਬਾਣੀ ਗੁਰੂ
ਦੇ ਹੁਕਮ ਮੁਤਾਬਕ ਤੀਰਥ ਇਸ਼ਨਾਨਾਂ ਦਾ ਖੰਡਨ ਹੈ ਪਰ ਤੁਸੀ ਮਰੇ ਸਾਧਾਂ ਦੀਆਂ ਮੜ੍ਹੀਆਂ ਤੇ ਸਰੋਵਰ
ਬਣਾ ਕੇ ਤੀਰਥ ਇਸ਼ਨਾਨ ਕਰਵਾ ਕੇ ਯਾਤਰਾਵਾਂ ਚਲਾ ਕੇ ਕਿਹੜੀ ਸਿੱਖੀ ਦੀ ਸੇਵਾ ਕਰ ਰਹੇ ਹੋ? ਇੱਕ ਹੀ
ਗੁਰੂ ਹੈ। ਅਤੇ ਇੱਕ ਹੀ ਮਰਯਾਦਾ ਹੈ ਗੁਰੂ ਘਰ ਦੀ। ਪਰ ਤੁਸੀ ਹਜ਼ਾਰਾਂ ਡੇਰਿਆਂ ਦੀਆਂ ਹਜ਼ਾਰਾਂ
ਮਰਯਾਦਾ ਕਿਉਂ ਬਣਾਈਆਂ?
੩੦੦ ਸਾਲ ਸਿੱਖ ਗੁਰੂ ਦੇ ਸਿੱਖ ਸਿੰਘ ਬਣੇ ਰਹੇ ਪਰ ਸਾਧਾਂ ਸੰਤਾਂ ਦੇ
ਡੇਰਿਆਂ ਤੇ ਜਾਣ ਵਾਲੇ ਆਪਣੇ ਆਪ ਨੂੰ ਸਾਧਾਂ ਦੇ ਸਿੱਖ ਦੱਸਦੇ ਹਨ ਕਿਉ? ਵੱਖ ਵੱਖ ਥਾਂਵਾਂ ਤੇ
ਛਕਾਏ ਜਾ ਰਹੇ ਅੰਮ੍ਰਿਤ ਦੀ ਰਹਿਤ ਵੱਖ ਵੱਖ ਕਿਉਂ? ਡੇਰੇ ਸੰਪਰਦਾਵਾਂ ਵੱਲੋਂ ਛਪਾਏ ਗੁਟਕਿਆਂ ਵਿੱਚ
ਵਖਰੇਵਾਂ ਕਿਉਂ ਅਤੇ ਝੂਠੀਆਂ ਕਹਾਣੀਆਂ ਕਿਉਂ ਪਾਈਆਂ? ਪੁਰਾਤਨ ਸਿੰਘਾਂ ਨੇ ਨਵਾਬੀਆਂ ਨੂੰ ਜੁੱਤੀ
ਦੀ ਨੋਕ ਨਾਲ ਠੁਕਰਾਇਆ ਪਰ ਤੁਸੀਂ ਇੱਕ ਦੂਜੇ ਦੀਆਂ ਪੱਗਾਂ ਲੈਣ ਤੇ ਗੋਲੀਆਂ ਕਿਉਂ ਚਲਾ ਰਹੇ ਹੋ?
ਏਕਾ ਨਾਰੀ ਜਤੀ ਦੇ ਸਿਧਾਂਤ ਨੂੰ ਭੰਨ ਕੇ ਕਈ ਸਾਧ ਸੰਤ ਬਲਾਤਕਾਰ ਦੇ ਕੇਸਾਂ ਵਿੱਚ ਜੇਲ੍ਹਾਂ ਵਿੱਚ
ਕਿਉ?
ਗੁਰੂ ਸਾਹਿਬ ਵੀ ਗ੍ਰਹਿਸਤੀ, ਕਿਰਤੀ ਸਨ ਪਰ ਅਜੋਕੇ ਸਾਧ ਸੰਤ ਫੋਕੇ
ਜਤਦੇ-ਜਤ ਦੇ ਚੱਕਰ ਵਿੱਚ ਵਿਹਲੜ ਕਿਉਂ? ਗੁਰੂ ਦਾ ਪਹਿਲਾ ਹੁਕਮ ਕਿਰਤ ਕਰੋ, ਅਤੇ ਆਖਰੀ ਹੁਕਮ ਗੁਰੂ
ਗਰੰਥ ਸਾਹਿਬ ਨੂੰ ਗੁਰੂ ਮੰਨਿਉ ਗੁਰੂ ਪੰਥ ਦੇ ਅੰਗ ਬਣ ਕੇ ਰਿਹੋ, ਕਿਉ ਨਹੀਂ ਮੰਨੇ? ਗੁਰੂ ਦਾ
ਸਿਧਾਂਤ ਗੁਰੂ ਕੀ ਗੋਲਕ ਗਰੀਬ ਦਾ ਮੂੰਹ, ਇਹ ਸਿਧਾਂਤ ਕਿਉਂ ਤੋੜਿਆਂ? ਤੁਹਾਡੇ ਵਿਚੋਂ ਕੋਈ ਕੋਈ
ਸਿੱਖ ਕੌਮ ਦੀ ਏਕਤਾ ਦੀ ਗੱਲ ਕਰਦਾ ਹੈ ਪਰ ਏਕਤਾ ਵਾਸਤੇ ਇੱਕ ਵੀ ਜਤਨ ਕਿਉਂ ਨਹੀ ਕੀਤਾ? ਰਾਜਨੀਤਕ
ਦੀ ਮੰਜਲ ਹੈ ਕੁਰਸੀ ਪਰ ਸਿੱਖ ਦੀ ਮੰਜਲ ਹੈ ਪਰਮ ਪਦਵੀ ਤੁਹਾਡਾ ਇਹਨਾਂ ਨਾਲ ਤਾਲ ਮੇਲ ਕਿਵੇਂ ਬੈਠ
ਗਿਆ। ਤੁਹਾਡੇ ਚੇਲੇ ਬਲੈਕ ਦੇ ਮਾਲ ਵਿਚੋਂ ਕਾਲਾ ਧਨ ਤੁਹਾਨੂੰ ਦਿੰਦੇ ਹਨ ਉਹ ਕਾਲਾ ਧਨ
ਗੁਰਦਵਾਰਿਆਂ ਤੇ ਲਾਇਆਂ ਇਹ ਕਿਹੜੀ ਸਿੱਖੀ ਦੀ ਕਾਰ ਸੇਵਾ ਕਰ ਰਹੇ ਹੋ? ਗੁਰਬਾਣੀ ਗੁਰੂ ਤੋਂ
ਸਿੱਖਿਆ ਪ੍ਰਾਪਤ ਕਰਕੇ ਹਿਰਦੇ ਅੰਦਰ ਵਸਾ ਕੇ ਜੀਵਨ ਸਵਾਰਨ ਦਾ ਹੁਕਮ ਹੈ ਪਰ ਤੁਸੀ ਪੰਡਤਾਂ ਵਾਗੂੰ
ਗੁਰਬਾਣੀ ਪੜ੍ਹਨ ਨੂੰ ਕੇਵਲ ਤੋਤਾ ਰਟਨ ਕਿਉਂ ਬਣਾਇਆਂ, ਪ੍ਰਚਾਰਿਆਂ? ਆਪਣੇ ਕੀਰਤਨ ਵਖਿਆਨਾਂ ਵਿੱਚ
ਤੁਸੀ ਮਰੇ ਸਾਧਾਂ ਦੇ ਰੋਣੇ ਕਿਉਂ ਰੋਂਦੇ ਹੋ ਜਦੋ ਕਿ ਕਥਾਵਾਚਕ ਦਾ ਕੰਮ ਗੁਰਮਤਿ ਦ੍ਰਿੜ ਕਰਨਾ,
ਕਰਵਾਉਣਾ (ਪ੍ਰਚਾਰਨਾ) ਹੁੰਦਾ ਹੈ। ਤੁਸੀ ਗੁਰੂ ਦੀ ਕਿਰਪਾ ਦੀ ਬਜਾਏ ਸੰਤ ਬਾਬੇ ਦੀ ਕਿਰਪਾ ਕਿਉਂ
ਕਹਿੰਦੇ ਹੋ? ਤੁਸੀਂ ਸੰਗਤ ਦੇ ਸਾਹਮਣੇ ਸੱਚ ਬੋਲਣ ਦੀ ਬਜਾਏ ਝੂਠ (ਮਨਮਤਿ) ਨੂੰ ਤਰਜੀਹ ਕਿਉਂ
ਦਿੰਦੇ ਹੋ? ਗੁਰਬਾਣੀ ਸਿਧਾਂਤ ਹੈ ਕਿ ਇਹ ਦੇਹੀ ਅੰਨ ਪਾਣੀ ਤੋਂ ਬਗੈਰ ਨਹੀ ਚੱਲ ਸਕਦੀ ਪਰ ਤੁਸੀ
ਅੰਨ ਛੱਡ ਕੇ ਵਿਹਲੜ ਭਗਤੀ (ਹਨੂੰਮਾਨ ਚਾਲੀਸੇ) ਕਰਨ ਦੇ ਢੌਂਗ ਕਿਉਂ ਰਚ ਰਹੇ ਹੋ? ਸਿੱਖੀ ਅੰਦਰ
ਮੂਰਤੀ ਪੂਜਾ ਦਾ ਕੋਈ ਵਿਧਾਨ ਨਹੀਂ ਹੈ, ਬੁੱਤ ਪੂਜਣ ਦਾ ਕੋਈ ਵਿਧਾਨ ਨਹੀਂ ਹੈ ਤੁਸੀ ਬੁੱਤ ਕਿਉਂ
ਬਣਵਾ ਰਹੇ ਹੋ ਮੂਰਤੀ ਪੂਜਾ ਕਿਉਂ ਕਰਵਾ ਰਹੇ ਹੋ? ਧੰਨ ਗੁਰੂ ਗਰੰਥ ਸਾਹਿਬ ਜੀ ਨੂੰ ਸਦਾ ਵਾਸਤੇ
ਗੁਰਤਾ ਗੱਦੀ ਦੇ ਕੇ ਸ਼ਖਸ਼ੀ ਪੂਜਾ ਬੰਦ ਕਰ ਦਿੱਤੀ ਪਰ ਤੁਸੀ ਸ਼ਖਸ਼ੀ ਪੂਜਾ ਕਿਉਂ ਕਰ ਰਹੇ ਹੋ ਕਿਉਂ
ਕਰਵਾ ਰਹੇ ਹੋ? ਤੁਸੀਂ ਮਲ ਮੂਤਰ ਦੇ ਥੈਲੇ, ਅੱਖਾਂ ਵਿੱਚ ਗਿੱਡ, ਨੱਕ ਵਿੱਚ ਸ੍ਹੀਂਡ, ਇਹਨਾਂ
ਮਨੁੱਖਾਂ ਨੂੰ ਗੁਰੂ ਨਾਲੋਂ ਵੱਡੇ ਦੱਸ ਕੇ ਗੁਰੂ ਦੀ ਮਹਾਨਤਾ ਕਿਉ ਘਟਾਈ? ਗੁਰੂ ਦੇ ਸਰੂਪ ਦੁਕਾਨਾਂ
ਉਤੇ ਵਿਕ ਰਹੇ ਹਨ ਤੁਸੀਂ ਕੀ ਕੀਤਾ? ਅਖੰਡ ਪਾਠਾਂ, ਸੰਪਟ ਪਾਠਾਂ ਦੀ ਖਰੀਦੋ ਫਰੋਖ਼ਤ ਕਰਕੇ ਧਰਮ ਨੂੰ
ਵਿਕਾਊ ਕਿਉਂ ਲਾਇਆ ਕੀ ਤੁਹਾਨੂੰ ਗੁਰੂ ਦੀ ਹਜੂਰੀ ਵਿੱਚ ਸਿੱਖ ਸੰਗਤ ਤੋਂ ਮੱਥੇ ਟਿਕਾਉਦਿਆਂ ਸ਼ਰਮ
ਨਹੀ ਆਈ?
ਸਦਾ ਯਾਦ ਰੱਖੋ, ਲੋਭੀ ਕਾ ਵੇਸਾਹੁ ਨ ਕੀਜੈ: ਦੇਹਧਾਰੀ ਗੁਰੂ ਡੰਮੀਆਂ ਨੂੰ
ਪਛਾੜਨ ਵਾਸਤੇ ਤਿਆਰ ਹੋਈ ਐ ਸੰਤਾਂ ਬ੍ਰਹਮਗਿਆਨੀਆਂ ਨੂੰ ਸਿੱਖ ਬਣਨ ਦੀ ਜਾਚ ਸਿਖਾਈ ਐ ਕੋਈ ਸਮਾਂ
ਸੀ ਸਿੱਖਾਂ ਨੂੰ ਗੈਰ ਸਿੱਖਾਂ ਅੰਦਰ ਸਿੱਖ ਸਿਧਾਂਤਾਂ ਦਾ ਪ੍ਰਚਾਰ ਕਰਨਾ ਪੈਂਦਾ ਸੀ ਪਰ ਹੈਰਾਨਗੀ
ਕਿ ਅੱਜ ਸੰਤਾਂ ਬ੍ਰਹਮਗਿਆਨੀ ਕਹਾਉਣ ਵਾਲਿਆਂ ਨੂੰ ਗੁਰਮਤਿ ਸਿਧਾਂਤ ਸਿਖਾਉਣੇ ਪੈ ਰਹੇ ਹਨ।
ਭੋਲੇ ਭਾਲੇ ਸਿੱਖ ਸ਼ਰਧਾਲੂਆਂ ਦੀ ਸ਼ਰਧਾ ਦਾ ਨਾਜਾਇਜ ਫਾਇਦਾ ਨਕਲੀ ਗੁਰੂ ਅਤੇ
ਸਾਧਾਂ ਸੰਤਾਂ ਨੇ ਉਠਾਇਆ ਨਕਲੀ ਸੋਨਾਂ ਕਈ ਵਾਰ ਅਸਲੀ ਸੋਨੇ ਨਾਲੋ ਵੱਧ ਚਮਕਦਾ ਵੇਖਿਆ ਹੋਵੇਗਾ।
ਦੁਹਾਗਣ ਦਾ ਸ਼ਿੰਗਾਰ ਸੁਹਾਗਣ ਨਾਲੋਂ ਵੀ ਵੱਧ ਵੇਖਿਆ ਹੋਵੇਗਾ। ਝੂਠੇ ਗੁਰੂ (ਸੰਤ) ਤੁਹਾਨੂੰ ਆਸਾਨੀ
ਨਾਲ ਆਪਣੇ ਵੱਲ ਖਿੱਚ ਲੈਂਦੇ ਹਨ, ਕਈ ਵਾਰੀ ਸੱਚੇ ਅਸਲੀ ਗੁਰੂ ਨਾਲੋਂ ਵੀ ਜਲਦੀ ਖਿੱਚ ਲੈਂਦੇ ਹਨ
ਕਿਉਂਕਿ ਸੱਚੇ ਗੁਰੂ ਦੀ ਭਾਸ਼ਾ ਹੋਰ ਹੈ ਝੂਠੇ ਦੀ ਬੋਲੀ ਹੋਰ ਹੈ। ਝੂਠਾ ਗੁਰੂ ਤੁਹਾਡੀ ਹੀ ਬੋਲੀ
ਬੋਲਦਾ ਹੈ ਤੁਸੀ ਜੋ ਚਾਹੁੰਦੇ ਹੋ ਝੂਠਾ ਗੁਰੂ ਉਸੇ ਤਰ੍ਹਾਂ ਕਰਦਾ ਹੈ। ਜੇ ਤੁਸੀ ਚਾਹੁੰਦੇ ਹੋ ਕਿ
ਹੱਥਾਂ ਵਿੱਚ ਸਵਾਹ ਆ ਜਾਵੇ ਤਾਂ ਉਹ ਵੀ ਕਰ ਦਿੰਦਾ ਹੈ। ਇਹੀ ਕੰਮ ਸੜਕ ਤੇ ਬੈਠਾ ਮਦਾਰੀ ਖੇਲ
ਤਮਾਸ਼ਾ ਦਿਖਾਉਣ ਵਾਲਾ ਕਰ ਰਿਹਾ ਹੈ ਪਰ ਤੁਸੀ ਪ੍ਰਭਾਵਤ ਨਹੀ ਹੁੰਦੇ। ਇਹੀ ਕੰਮ ਜਦੋ ਕੋਈ ਨਕਲੀ
ਗੁਰੂ ਸਾਧ ਸੰਤ ਕਰ ਰਿਹਾ ਹੋਵੇ ਤਾਂ ਤੁਸੀਂ ਸ਼ੁਦਾਈ ਹੋ ਜਾਂਦੇ ਹੋ ਕਿ ਮਿਲ ਗਿਆ ਅਸਲੀ ਗੁਰੂ, ਮਿਲ
ਗਿਆ ਅਸਲੀ ਸੰਤ। ਤੁਸੀ ਚਾਹੁੰਦੇ ਹੋ ਬਿਮਾਰੀ ਹਟ ਜਾਵੇ ਉਹ ਅਸ਼ੀਰਵਾਦ ਦਿੰਦਾ ਹੈ ਕਿ ਹਾਂ ਹੱਟ
ਜਾਵੇਗੀ। ਤੁਸੀ ਪੁੱਤਰ ਚਾਹੁੰਦੇ ਹੋ ਉਹ ਕਹਿੰਦਾ ਹੋ ਜਾਵੇਗਾ, ਤੁਸੀ ਕਹਿੰਦੇ ਮੁਕੱਦਮਾ ਜਿੱਤਿਆ
ਜਾਵੇ ਉਹ ਕਹਿੰਦਾ ਜਿੱਤਿਆ ਜਾਵੇਗਾ। ਉਹ ਝੂਠਾ ਗੁਰੂ (ਸੰਤ) ਆਪ ਵੀ ਕੇਵਲ ਕਾਮਨਾ ਦੇ ਤਲ ਤੇ ਜੀਅ
ਰਿਹਾ ਹੈ। ਇਹ ਝੂਠੇ ਗੁਰੂ ਤੁਹਾਡੀਆਂ ਵਾਸ਼ਨਾਵਾਂ ਨੂੰ ਤ੍ਰਿਪਤ ਕਰਨ ਦੀ ਕੋਸ਼ਿਸ਼ ਕਰਦੇ ਹਨ। ਇਸ ਲਈ
ਤੁਸੀ ਝੂਠੇ ਸੰਤਾਂ, ਝੂਠੇ ਗੁਰੂਆਂ ਦੁਆਲੇ ਲੱਖਾਂ ਦੀ ਗਿਣਤੀ ਵਿੱਚ ਇਕੱਠੇ ਹੋ ਜਾਂਦੇ ਹੋ ਕਿਉਂਕਿ
ਤੁਹਾਡੀ ਸੋਚਣੀ ਉਹਨਾਂ ਝੂਠਿਆਂ ਨਾਲ ਰਲ ਜਾਂਦੀ ਹੈ ਫਿਰ ਤੁਹਾਡੇ ਵਾਸਤੇ ਸੱਚ ਝੂਠ ਨੂੰ ਪਛਾਨਣਾ
ਔਖਾ ਹੋ ਜਾਂਦਾ ਹੈ ਝੂਠੇ ਗੁਰੂ, ਤੁਹਾਨੂੰ ਨੌਕਰੀਆਂ, ਮੁੰਡੇ ਮਹਿਲ ਮਾੜੀਆਂ, ਸਵਰਗਾਂ ਦੀਆਂ
ਹੂਰਾਂ, ਪਰੀਆਂ ਦੇ ਲਾਲਚ ਦੇਵੇਗਾ ਪਰ ਗੁਰਬਾਣੀ ਗੁਰੂ ਜੀ ਕਹਿ ਰਹੇ ਹਨ
“ਤਨ ਮਨ ਧਨ ਸਭਿ ਸਉਪ ਗੁਰ ਕਉ ਹੁਕਮ ਮਨਿਐ ਪਾਈਐ॥”
ਆਪੁ ਛੋਡਿ ਸਦਾ ਰਹੈ ਪਰਣੈ॥
ਗੁਰ ਬਿਨੁ ਅਵਰੁ ਨ ਜਾਣੈ ਕੋਇ॥
(ਅਨੰਦ)
“ਜਿਹ ਘਰੁ ਮਹਿ ਤੁਮ ਰਹਨਾ ਬਸਨਾ ਸੋ ਘਰੁ ਚੀਤ ਨ ਆਇਉ॥”
ਭਾਵ ਕਿ ਸੱਚ ਘਰ ਦਾ ਕਦੇ ਤੈਨੂੰ ਚੇਤਾ ਹੀ ਨਹੀ ਆਇਆ, ਤੂੰ ਝੂਠ ਨੂੰ ਹੀ
ਸਾਰਾ ਕੁੱਝ ਕਿਉ ਸਮਝ ਲਿਆ? ਕਿਉਂ ਕਿ ਇਸ ਦਾ ਦੇਹਧਾਰੀ ਗੁਰੂ ਝੂਠਾ ਹੈ, ਇਸ ਦਾ ਸੰਤ ਝੂਠਾ ਹੈ। ਇਹ
ਸਾਧ ਸੰਤ ਫੋਕੇ ਕਰਮ ਕਾਂਡ ਨੂੰ ਮਰਯਾਦਾਂ ਦੱਸਦੇ ਹਨ, ਫੋਕੇ ਤੋਤਾ ਰਟਨ ਨੂੰ ਨਾਮ ਸਿਮਰਨ ਦੱਸਦੇ
ਹਨ, ਮਨੁੱਖਾਂ, ਮਾਇਆ ਦੀ ਪੂਜਾ ਨੂੰ ਸ਼ਰਧਾ (ਸੇਵਾ) ਦੱਸਦੇ ਹਨ।
ਭੇਖ ਸਾਧਾ ਸੰਤਾਂ ਵਾਲਾ ਹੈ ਪਰ ਮੰਗ ਰਿਹਾ ਹੈ, ਕਹਿੰਦਾ --- ਬੋਰੀਆਂ
ਭਰਨੀਆਂ ਹਨ ਸਤਿਗੁਰ ਕਹਿੰਦੇ “ਲੈਣਾ ਦੁਖ ਮਨਾਇ”॥ ਅਗਲਾ ਦੁੱਖ ਮਨਾਏਗਾ ਕਿ --- ਰੁਪਏ ਦੇ ਸਕਦੇ ਸੀ
ਇਹ --- ਲੈ ਗਏ ਫਿਰ ਵੀ ਸੋਚਦੇ ਹਨ ਕਿ ਕਿਤੇ ਸਰਾਪ ਨਾ ਦੇ ਦੇਣ, ਦੇਣ ਵਾਲੇ ਰੋਂਦੇ ਹਨ ਕਿ ਬੱਚੇ
ਕਿਵੇਂ ਪਾਲਾਂਗੇ? ਇਹ ਕਾਸਾਈ ਪੁਣਾਂ ਹੈ ਕਿ ਸੰਤ ਪੁਣਾ? ਅਜਿਹੇ ਸੰਤ ਪੁਣੇ ਤੇ ਲਾਹਨਤ ਹੈ। ਬਹੁਤੇ
ਡੇਰਿਆਂ ਵਿੱਚ ਲੋਕਾਂ ਨੂੰ ਨਸ਼ਈ ਕੀਤਾ ਜਾ ਰਿਹਾ ਹੈ ਸੰਤਾਂ ਦੇ ਡੇਰੇ ਦੇ ਬੰਦੇ, ਇੱਕ ਪੋਸਤ ਦਾ
ਵਰਤਾਵਾ, ਇੱਕ ਨਸ਼ੇ ਵਾਲੀਆਂ ਗੋਲੀਆਂ ਦਾ ਵਰਤਾਵਾ, ਇੱਕ ਅਫੀਮ ਦਾ ਵਰਤਾਵਾ, ਰਗੜੇ ਲਾਉਣ ਵਾਲੇ ਵੱਖ
ਵੱਖ ਹਨ। ਕੁੱਝ ਇੱਕ ਸਾਧਾਂ ਸੰਤਾਂ ਨੇ ਸ਼ਰਧਾਲੂਆਂ ਦੀਆਂ ਬੱਚੀਆਂ ਨਾਲ ਬਦ ਸਲੂਕੀ ਕੀਤੀ ਇਹ ਪੁਸਤਕ
ਦੇ ਪਹਿਲੇ ਭਾਗਾਂ ਵਿੱਚ ਆ ਚੁੱਕਾ ਹੈ। ਸ਼ਰਧਾਲੂਆਂ ਦੇ ਲੜਕੇ ਲੜਕੀਆਂ ਦੇ ਰਿਸ਼ਤੇ ਕਰਵਾਉਣ ਅਤੇ
ਬਾਹਰਲੇ ਦੇਸ਼ਾਂ ਨੂੰ ਭੇਜਣ ਦੇ ਮਾਮਲੇ ਵਿੱਚ ਇਹਨਾਂ ਸੰਤਾਂ ਨੇ ਛਲ ਕਪਟ ਕੀਤੇ। ਬੜੇ ਜੋਜਨਾਬਧ
ਤਰੀਕੇ ਨਾਲ ਇਹ ਧਰਮ ਦੇ ਨਾਂ ਤੇ ਲੋਕਾਂ ਦਾ ਸ਼ੋਸ਼ਨ ਕਰ ਰਹੇ ਹਨ। ਸਮਝਣ ਦੀ ਲੋੜ ਹੈ।
|
. |