.

ਸੁਖਮਨੀ ਦਾ ਸਿਧਾਂਤਿਕ ਪੱਖ

ਕਾਂਡ 6

ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ

ਗੁਰਬਾਣੀ ਮਨੁੱਖ ਤੇ ਪਰਮਾਤਮਾ ਵਿਚਲੇ ਓਲ੍ਹੇ ਨੂੰ ਦੂਰ ਕਰਦੀ ਹੈ ਭਾਵ ਵਿਚੋਲੇ ਦੀ ਕੋਈ ਵੀ ਲੋੜ ਨਹੀਂ ਹੈ। ਫਿਰ ਸਾਨੂੰ ਕਿਸੇ ਵੀ ਅਖੌਤੀ ਬ੍ਰਹਮ ਗਿਆਨੀ ਦੇ ਪੈਰੀ ਹੱਥ ਲਾਉਣ ਦੀ ਜ਼ਰੂਰਤ ਨਹੀਂ ਹੈ। ਇਸ ਲਈ ਸਾਨੂੰ ਸਿੱਧੀ ਪਰਮਾਤਮਾ ਨਾਲ ਹੀ ਗੱਲ ਕਰਨੀ ਚਾਹੀਦੀ ਹੈ ਤੇ ਪਰਮਾਤਮਾ ਨਾਲ ਗੱਲ ਕਰਾਉਂਦੀ ਹੈ ਗੁਰਬਾਣੀ ਦੀ ਵੀਚਾਰ।

ਨਿਰਗੁਨੀਆਰ ਇਆਨਿਆ ਸੋ ਪ੍ਰਭੁ ਸਦਾ ਸਮਾਲਿ॥

ਜਿਨਿ ਕੀਆ ਤਿਸੁ ਚੀਤਿ ਰਖੁ ਨਾਨਕ ਨਿਬਹੀ ਨਾਲਿ॥

ਬੰਦਿਆ ਤੇਰੇ ਸਰੀਰ ਨੂੰ ਸਵਾਰਿਆ ਹੈ ਪਰਮਾਤਮਾ ਨੇ, ਖਾਣ ਨੂੰ ਦਿੱਤਾ ਪ੍ਰਮਾਤਮਾ ਨੇ ਇਸ ਲਈ ਉਸ ਪ੍ਰਮਾਤਮਾ ਦੇ ਹੁਕਮ ਦੀ ਸਦਾ ਪਹਿਛਾਣ ਕਰਨ ਦਾ ਯਤਨ ਕਰ। ਪ੍ਰਭੂ ਜੀ ਦੇ ਗੁਣਾਂ ਦੀ ਸੰਭਾਲ਼ ਕਰ:-

ਰਮਈਆ ਕੇ ਗੁਨ ਚੇਤ ਪਰਾਨੀ॥ ਕਵਨ ਮੂਲ ਤੇ ਕਵਨ ਦ੍ਰਿਸਟਾਨੀ॥

ਜਿਨਿ ਤੂੰ ਸਾਜਿ ਸਵਾਰਿ ਸੀਗਾਰਿਆ॥ ਗਰਭ ਅਗਨਿ ਮਹਿ ਜਿਨਹਿ ਉਬਾਰਿਆ॥

ਮਨੁੱਖ ਪਰਮਾਤਮਾ ਦੇ ਗੁਣਾਂ ਨੂੰ ਨਹੀਂ ਸਮਝ ਰਿਹਾ:--

ਇਹੁ ਨਿਰਗੁਨੁ ਗੁਨੁ ਕਛੂ ਨ ਬੂਝੈ॥

ਮਨੁੱਖ ਨੂੰ ਜਿਉਂਦਾ ਰੱਖਣ ਲਈ ਰੱਬ ਜੀ ਨੇ ਪਾਣੀ ਹਵਾ ਦਾ ਪੂਰਾ ਇੰਤਜ਼ਾਮ ਕੀਤਾ ਹੋਇਆ ਹੈ, ਪਰ ਨਾ ਤਾਂ ਅਸੀਂ ਪਾਣੀ ਦੇ ਮਹੱਤਵ ਨੂੰ ਸਮਝਿਆ ਹੈ ਤੇ ਨਾ ਹੀ ਹਵਾ ਦੇ ਮਹੱਤਵ ਨੂੰ ਸਮਝਿਆ ਹੈ। ਪਾਣੀ ਤੇ ਹਵਾ ਦੇ ਸੰਕੇਤਕ ਨਿਰਮਲਤਾ ਤੇ ਸਾਂਝੀਵਾਲਤਾ ਦੇ ਗੁਣਾਂ ਨੂੰ ਆਪਣੀ ਸੋਚ ਦਾ ਹਿੱਸਾ ਬਣਾਉਂਣਾ ਹੈ। ਪਾਣੀ ਦੀ ਇਤਨੀ ਦੁਰ ਵਰਤੋਂ ਕਰ ਰਹੇ ਹਾਂ ਕਿ ਪਾਣੀ ਦੂਰ ਚਲਾ ਗਿਆ ਹੈ ਤੇ ਖੇਤਾਂ ਦੀ ਪਰਾਲ਼ੀ ਨੂੰ ਬਾਲ਼ ਬਾਲ਼ ਕੇ ਇਤਨਾ ਧੂੰਆਂ ਪੈਦਾ ਕਰ ਦਿੱਤਾ ਹੈ ਕੁਦਰਤੀ ਹਵਾ ਦੀ ਰੂਪ ਰੇਖਾ ਰਹਿਣ ਹੀ ਨਹੀਂ ਦਿੱਤੀ। ਕੁਦਰਤੀ ਵਾਤਾ-ਵਰਨ ਨੂੰ ਪਰਵਾਨ ਕਰਦਿਆਂ ਗੁਰੂ ਜੀ ਕਹਿ ਰਹੇ ਹਨ ਕਿ:--

ਜਿਹ ਪ੍ਰਸਾਦਿ ਪੀਵਹਿ ਸੀਤਲ ਜਲਾ॥ ਸੁਖਦਾਈ ਪਵਨੁ ਪਾਵਕੁ ਅਮੁਲਾ॥

ਸਮਾਜ ਵਿੱਚ ਰਹਿ ਰਹੇ ਮਨੁੱਖ ਦੀਆਂ ਕਈ ਕਮਜ਼ੋਰੀਆਂ ਹਨ ਕਿ ਇਸ ਲਈ ਪਰਮਾਤਮਾ ਦੇ ਕੁਦਰਤੀ ਗੁਣਾਂ ਰੂਪੀ ਰਤਨਾਂ ਦੀ ਪਹਿਛਾਣ ਇਸ ਨੂੰ ਨਾ ਆ ਸਕੀ। ਸੱਚ ਨੂੰ ਛੱਡ ਦਿੱਤਾ ਹੈ ਝੂਠ ਨੂੰ ਜੱਫਾ ਮਾਰੀ ਬੈਠਾ ਹੈ। ਸੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਉਪਦੇਸ਼ ਹੈ ਜੋ ਰੱਬ ਜੀ ਨਾਲ ਜੋੜਦਾ ਹੈ ਤੇ ਝੂਠ ਇਹ ਸਾਧ ਲਾਣਾ ਹੈ ਜੋ ਆਪਣੇ ਨਾਲ ਜੋੜਦਾ ਹੈ।

ਰਤਨੁ ਤਿਆਗਿ ਕਉਡੀ ਸੰਗਿ ਰਚੈ॥ ਸਾਚੁ ਛੋਡਿ ਝੂਠ ਸੰਗਿ ਮਚੈ॥

ਜੋ ਛਡਨਾ ਸੁ ਅਸਥਿਰੁ ਕਰਿ ਮਾਨੈ॥ ਜੋ ਹੋਵਨੁ ਸੋ ਦੂਰਿ ਪਰਾਨੈ॥

ਗੱਧੇ ਨੂੰ ਬੇਸ਼ੱਕ ਚੰਦਨ ਦਾ ਲੇਪ ਕਰ ਦਈਏ ਉਹ ਫਿਰ ਵੀ ਸੁਆਹ ਵਿੱਚ ਹੀ ਲੇਟੇਗਾ। ਏਹੀ ਹਾਲਤ ਉਹਨਾਂ ਮਨੁੱਖਾਂ ਦੀ ਹੈ ਜੋ ਗੁਰਬਾਣੀ ਉਪਦੇਸ਼ ਨੂੰ ਛੱਡ ਕੇ ਨਾਮ ਧਰੀਕ ਬਾਬਿਆਂ ਦੇ ਪਿੱਛੇ ਤੁਰੇ ਫਿਰਦੇ ਹਨ। ਉਹਨਾਂ ਨੂੰ ਗੁਰਬਾਣੀ ਦੀ ਸਾਰ ਨਹੀਂ ਆਈ ਹੈ। ਗੁਰਬਾਣੀ ਸੂਝ ਨਾ ਲੈਣ ਕਰਕੇ ਅਸੀਂ ਅਕਲ ਦੇ ਅੰਧੇ ਖੂਹ ਵਿੱਚ ਡਿੱਗੇ ਹੋਏ ਹਾਂ।

ਚੰਦਨ ਲੇਪੁ ਉਤਾਰੈ ਧੋਇ॥ ਗਰਧਪ ਪ੍ਰੀਤਿ ਭਸਮ ਸੰਗਿ ਹੋਇ॥

ਅੰਧ ਕੂਪ ਮਹਿ ਪਤਿਤ ਬਿਕਰਾਲ॥ ਨਾਨਕ ਕਾਢਿ ਲੇਹੁ ਪ੍ਰਭੁ ਦਇਆਲ॥

ਸੂਰਜ ਦੀ ਰੋਸ਼ਨੀ ਸਭ ਲਈ ਸਾਂਝੀ ਹੈ ਤੇ ਗੁਰਬਾਣੀ ਉਪਦੇਸ਼ ਸਭ ਲਈ ਸਾਂਝਾ ਹੈ ਸਾਰੀ ਮਨੁੱਖਤਾ ਅੱਗੇ ਸਵਾਲ ਰੱਖਿਆ ਹੈ ਕਿ ਬਾਹਰਲੇ ਭੇਖ ਨਾਲ ਕਦੇ ਵੀ ਅੰਦਰ ਦੀ ਤ੍ਰਿਪਤੀ ਨਹੀਂ ਹੁੰਦੀ। ਆਦਮੀ ਮੂੰਹ ਦੇ ਤਲ `ਤੇ ਗਿਆਨ ਧਿਆਨ ਦੀਆਂ ਗੱਲਾਂ ਬਹੁਤ ਕਰ ਰਿਹਾ ਹੈ ਪਰ ਤੇਰੇ ਸੁਭਾਅ ਵਿੱਚ ਕੁਤੇ ਦੀ ਲਾਲਚ ਬਿਰਤੀ ਪ੍ਰਧਾਨ ਹੈ। ਤੇਰੇ ਅੰਦਰ ਤਾਂ ਅਗਨੀ ਭਰੀ ਪਈ ਹੈ, ਕੱਖਾਂ `ਤੇ ਤਾਂ ਮਾੜੀ ਜੇਹੀ ਤੀਲੀ ਲੱਗਣੀ ਚਾਹੀਦੀ ਹੈ ਅੱਗ ਆਪੇ ਹੀ ਬਲ਼ ਪੈਂਦੀ ਹੈ। ਕੀ ਪ੍ਰਾਈਵੇਟ ਲਿਮਟਿਡ ਕੰਪਨੀਆਂ ਰੂਪੀ ਸਾਧੜਿਆਂ ਦੇ ਡੇਰੇ, ਕੀ ਇਤਿਹਾਸਕ ਗੁਰਦੁਆਰੇ, ਕੀ ਗਲ਼ੀ ਮਹੱਲੇ ਵਾਲੇ ਗੁਰਦੁਆਰੇ ਹਰ ਥਾਂ `ਤੇ ਲੜਾਈ ਝਗੜੇ ਈਰਖਾ ਗ਼ਾਲ਼ੀ-ਗ਼ਲੋਚ ਆਮ ਦੇਖਣ ਨੂੰ ਮਿਲ ਜਾਂਦੀ ਹੈ। ਇੱਥੋਂ ਤੱਕ ਕੇ ਸੁਖਮਨੀ ਸਾਹਿਬ ਦੀ ਬਾਣੀ ਪੜ੍ਹਨ ਦਾ ਉਪਦੇਸ਼ ਦੇਣ ਵਾਲੇ ਵੀ ਏਸੇ ਈਰਖਾ ਦੇ ਸ਼ਿਕਾਰ ਹਨ। ਘਰਾਂ ਦੀਆਂ ਬਜ਼ੁਰਗ ਮਾਈਆਂ ਵੀਰਾਂ ਦੇ ਗੁਟਕਿਆਂ ਤੇ ਹੱਥਾਂ ਦੇ ਨਿਸ਼ਾਨ ਪੂਰੇ ਪੂਰੇ ਲੱਗੇ ਹੁੰਦੇ ਹਨ ਭਾਵ ਇਤਨੀ ਵਾਰੀ ਪਾਠ ਕੀਤਾ ਕਿ ਗੁਟਕੇ ਦੇ ਪੰਨੇ ਵੀ ਘੱਸ ਗਏ, ਪਰ ਪਾਠ ਖਤਮ ਹੁੰਦਿਆਂ ਹੀ ਦੁਰ- ਲਾਹਨਤ ਸ਼ੁਰੂ ਹੋ ਜਾਂਦੀ ਹੈ। ਮੇਰੇ ਮਹਲੇ ਦੇ ਬਾਹਰ ਇੱਕ ਗੁਰਦੁਆਰਾ ਹੈ ਏਥੇ ਮਾਈਆਂ ਬੀਬੀਆਂ ਘਰਾਂ ਵਿੱਚ ਜਾ ਕੇ ਸੁਖਮਨੀ ਸਾਹਿਬ ਦੀ ਬਾਣੀ ਦਾ ਪਾਠ ਕਰਦੀਆਂ ਹਨ ਪਰ ਜਿਸ ਦਿਨ ਉਹਨਾਂ ਦਾ ਝਗੜਾ ਹੋਇਆ ਤੇ ਉਹਨਾਂ ਦੀ ਜ਼ਬਾਨ ਵਿਚੋਂ ਜੋ ਸ਼ਬਦ ਨਿਕਲ ਰਹੇ ਸਨ ਉਹ ਇੱਕ ਜਨ ਸਧਾਰਨ ਆਦਮੀ ਵੀ ਨਹੀਂ ਬੋਲ ਸਕਦਾ ਉਸ ਨੂੰ ਵੀ ਅਜੇਹੇ ਸ਼ਬਦ ਬੋਲਣ ਲੱਗਿਆਂ ਸ਼ਰਮ ਆਏਗੀ। ਮੈਨੂੰ ਇੰਜ ਮਹਿਸੂਸ ਹੋਇਆ ਇਹਨਾਂ ਨੇ ਸੁਖਮਨੀ ਨਹੀਂ ਪੜ੍ਹੀ ਸਗੋਂ ਕਿਤੇ ਬਚਿੱਤਰ ਨਾਟਕ ਵਿਚੋਂ ਤ੍ਰਿਆ-ਚਰਿਤ੍ਰ ਪੜ੍ਹ ਲਿਆ ਲੱਗਦਾ ਹੈ। ਸੁਖਮਨੀ ਦੀ ਬਾਣੀ ਨੇ ਅਜੇਹੇ ਲੋਕਾਂ ਦਾ ਦਿਖਾਵੇ ਵਾਲਾ ਜੀਵਨ ਸਭ ਦੇ ਸਾਹਮਣੇ ਰੱਖਿਆ ਹੈ:---

ਕਰਤੂਤਿ ਪਸੂ ਕੀ ਮਾਨਸ ਜਾਤਿ॥ ਲੋਕ ਪਚਾਰਾ ਕਰੈ ਦਿਨੁ ਰਾਤਿ॥

ਬਾਹਰਿ ਭੇਖ ਅੰਤਰਿ ਮਲੁ ਮਾਇਆ॥ ਛਪਸਿ ਨਾਹਿ ਕਛੁ ਕਰੈ ਛਪਾਇਆ॥

ਬਾਹਰ ਗਿਆਨ ਧਿਆਨ ਇਸਨਾਨ॥ ਅੰਤਰਿ ਬਿਆਪੈ ਲੋਭੁ ਸੁਆਨੁ॥

ਅੰਤਰਿ ਅਗਨਿ ਬਾਹਰਿ ਤਨੁ ਸੁਆਹ॥ ਗਲਿ ਪਾਥਰ ਕੈਸੇ ਤਰੈ ਅਥਾਹ॥

ਜਿਸ ਮਨੁੱਖ ਨੂੰ ਆਪਣੀ ਪੁਸ਼ੂ ਬਿਰਤੀ ਦਾ ਪਤਾ ਲੱਗ ਜਾਏ ਜਾਂ ਜੋ ਕਰਮ ਕਰ ਰਿਹਾ ਹੈ ਉਸ ਸਬੰਧੀ ਸਮਝ ਆ ਜਾਏ ਤਾਂ ਉਹ ਪੁਰਾਣਾ ਸੁਭਾਅ ਤਿਆਗ ਕੇ ਅੰਦਰ ਵੱਸੇ ਰੱਬੀ ਗੁਣਾਂ ਨਾਲ ਸਾਂਝ ਪਾ ਲੈਂਦਾ ਹੈ:--

ਜਾ ਕੈ ਅੰਤਰਿ ਬਸੈ ਪ੍ਰਭੁ ਆਪਿ॥ ਨਾਨਕ ਤੇ ਜਨ ਸਹਜਿ ਸਮਾਤਿ॥

ਮਨੁੱਖ ਦੇ ਹਿਰਦੇ ਵਿੱਚ ਹਰ ਵੇਲੇ ਗੁਣ ਤੇ ਅਵਗੁਣ ਦੋ ਸੁਭਾਅ ਮੌਜੂਦ ਰਹਿੰਦੇ ਹਨ, ਜਿਹੜੀ ਵੀ ਸੰਗਤ ਮਿਲ ਗਈ ਉਹ ਹੀ ਸੁਭਾਅ ਪਰਗਟ ਹੋ ਜਾਣਾ ਹੈ। ਪਰ ਮਾੜੀ ਸੰਗਤ ਦਾ ਇਸ `ਤੇ ਛੇਤੀ ਪ੍ਰਭਾਵ ਪੈਂਦਾ ਹੈ ਪਰ ਚੰਗੀ ਸੰਗਤ ਵਿੱਚ ਇਸ ਨੂੰ ਨੀਂਦ ਆ ਜਾਂਦੀ ਹੈ। ਜੋ ਸ਼ੁਭ ਗੁਣਾਂ ਰੂਪੀ ਪਰਮਾਤਮਾ ਇਸ ਦੇ ਨਾਲ ਰਹਿੰਦਾ ਹੈ ਉਸ ਨੂੰ ਇਹ ਯਾਦ ਨਹੀਂ ਕਰਦਾ ਪਰ ਜੋ ਵੈਰੀ ਹਨ ਉਹਨਾਂ ਨੂੰ ਇਹ ਨਿਤਾ ਪ੍ਰਤੀ ਯਾਦ ਕਰਦਾ ਰਹਿੰਦਾ ਹੈ। ਰੇਤ ਦੀ ਦੀਵਾਰ ਕਦੇ ਨਹੀਂ ਬਣ ਸਕਦੀ ਜੇ ਥੋੜੀ ਬਹੁਤ ਬਣ ਵੀ ਜਾਏ ਤਾਂ ਉਹ ਉਸੇ ਵੇਲੇ ਹੀ ਕਿਰ ਜਾਏਗੀ ਇਸ ਤਰ੍ਹਾਂ ਹੀ ਇਸ ਮਨੁੱਖ ਦੀ ਜ਼ਿੰਦਗੀ ਹੈ। ਮਨੁੱਖ ਦੇ ਭੈੜੇ ਸੰਗੀਆਂ ਦੀ ਗਿਣਤੀ ਕਰਦਿਆਂ ਗੁਰਦੇਵ ਪਿਤਾ ਜੀ ਫਰਮਾਉਂਦੇ ਹਨ ਕਿ ਇੱਕ ਦੂਜੇ ਨਾਲ ਵੈਰ ਦੀ ਭਾਵਨਾ ਰੱਖਣੀ, ਬਿਨਾ ਮਤਲਵ ਤੋਂ ਵਿਰੋਧ ਜਾਰੀ ਰੱਖਣਾ, ਕਾਮਿਕ ਬਿਰਤੀਆਂ ਦਾ ਭਾਰੀ ਹੋਣਾ, ਕ੍ਰੋਧ ਦੀ ਅਗਨੀ ਵਿੱਚ ਸੜ੍ਹਦੇ ਰਹਿਣਾ, ਪਰਵਾਰਕ ਮੋਹ ਦੀਆਂ ਤੰਦਾਂ ਵਿੱਚ ਫਸੇ ਰਹਿਣਾ, ਝੂਠ ਬੋਲਣ ਨੂੰ ਪਹਿਲ ਦੇਣੀ, ਮਹਾਂ ਵਿਕਾਰਾਂ ਦੀ ਛਾਂ ਥੱਲੇ ਵਿਚਰਨ ਦਾ ਯਤਨ ਕਰਦੇ ਰਹਿਣਾ, ਲੋਭ ਦੀ ਖ਼ਾਤਰ ਆਪਣੇ ਭਰਾਵਾਂ ਨਾਲ ਹੀ ਧ੍ਰੋਅ ਕਮਾਉਣਾ ਏਸੇ ਜੀਵਨ ਦੇ ਵਿੱਚ ਹੀ ਇਹਨਾਂ ਵੱਖੋ- ਵੱਖਰੇ ਸੁਭਾਆਂ ਦੀ ਵੱਖਰੀ ਵੱਖਰੀ ਜੂਨ ਭੋਗ ਰਿਹਾ ਹੈ। ਮੈਂ ਅਰਦਾਸ ਕਰਦਾ ਹਾਂ ਕਿ ਹੇ ਪ੍ਰਭੂ ਜੀ ਮੈਨੂੰ ਹੁਣ ਸੋਝੀ ਦਿਓ ਕਿ ਮੈਂ ਅਜੇਹੀਆਂ ਮੰਦ-ਭਾਗੀਆਂ ਜੂਨਾਂ ਵਿਚੋਂ ਬਾਹਰ ਆ ਸਕਾਂ।

ਸੰਗਿ ਸਹਾਈ ਸੁ ਆਵੈ ਨ ਚੀਤਿ॥ ਜੋ ਬੈਰਾਈ ਤਾ ਸਿਉ ਪ੍ਰੀਤਿ॥

ਬਲੂਆ ਕੇ ਗ੍ਰਿਹ ਭਤਿਰਿ ਬਸੈ॥ ਅਨਦ ਕੇਲ ਮਾਇਆ ਰੰਗਿ ਬਸੈ॥

ਦ੍ਰਿੜੁ ਕਰਿ ਮਾਨੈ ਮਨਹਿ ਪ੍ਰਤੀਤਿ॥ ਕਾਲੁ ਨ ਆਵੈ ਮੂੜੇ ਚੀਤਿ॥

ਬੈਰ ਬਿਰੋਧ ਕਾਮ ਕ੍ਰੋਧ ਮੋਹ॥ ਝੂਠ ਬਿਕਾਰ ਮਹਾ ਲੋਭ ਧਰੋਹ॥

ਇਆਹੂ ਜੁਗਤਿ ਬਿਹਾਨੇ ਕਈ ਜਨਮ॥ ਨਾਨਕ ਰਾਖਿ ਲੇਹੁ ਆਪਨ ਕਰਿ ਕਰਮ॥

ਪਰਮਾਤਮਾ ਨੂੰ ਮਾਤਾ ਪਿਤਾ ਕਿਹਾ ਗਿਆ ਹੈ, ਗੁਰਬਾਣੀ ਮਾਤਾ ਗੁਰੂ ਦੀ ਮਤ ਨੂੰ ਕਹਿੰਦੀ ਹੈ ਤੇ ਪਿਤਾ ਸੰਤੋਖ ਨੂੰ ਕਿਹਾ ਗਿਆ ਹੈ। ‘ਤੁਮ ਮਾਤ ਪਿਤਾ ਹਮ ਬਾਰਿਕ ਤੇਰੇ’॥




.